Mainu Sher Bana Dio (Punjabi Story) : Navtej Singh

ਮੈਨੂੰ ਸ਼ੇਰ ਬਣਾ ਦਿਓ (ਕਹਾਣੀ) : ਨਵਤੇਜ ਸਿੰਘ

“ਕਿਉਂ, ਓਇ ਬਦਮਾਸ਼ਾ ਤੈਨੂੰ ਨੌਂ ਦਾ ਪਹਾੜਾ ਵੀ ਨਹੀਂ ਆਂਦਾ...ਹੂੰ”, ਮਾਸਟਰ ਕਲਿਆਨ ਦਾਸ ਨੇ ਰਮੇਸ਼ ਦੇ ਮੂੰਹ ’ਤੇ ਨੌਂ ਚਪੇੜਾਂ ਮਾਰ ਕੇ ਕੁਝ ਤਸੱਲੀ ਨਾਲ ਆਖਿਆ।

ਨਿੱਕੇ ਰਮੇਸ਼ ਦੀਆਂ ਗੱਲ੍ਹਾਂ ’ਤੇ ਮਾਸਟਰ ਦੀਆਂ ਉਂਗਲਾਂ ਉੱਭਰ ਆਈਆਂ ਸਨ, ਤੇ ਉਹਦੀ ਗੱਲ੍ਹ ਉਤਲੇ ਕਿਸੇ ਪੁਰਾਣੇ ਜ਼ਖ਼ਮ ਦੇ ਦਾਗ਼ ਵਿਚਕਾਰ ਇਕ ਅੱਥਰੂ ਕੰਬ ਰਿਹਾ ਸੀ। ਜਦੋਂ ਇਹ ਡਿੱਗ ਪੈਂਦਾ, ਇਹਦੀ ਥਾਂ ਤੇ ਨਵਾਂ ਹੋਰ ਆ ਜਾਂਦਾ।

ਕਹਿੰਦੇ ਨੇ ਰੱਬ ਜਦੋਂ ਦੇਣ ’ਤੇ ਆਉਂਦਾ ਹੈ, ਤਾਂ ਉਹ ਕੋਈ ਨਾ ਕੋਈ ਹੀਲਾ ਬਹਾਨਾ ਲੱਭ ਈ ਲੈਂਦਾ ਹੈ। ਰੱਬ ਬਾਰੇ ਭਾਵੇਂ ਇਹ ਸੱਚ ਨਾ ਹੋਵੇ, ਪਰ ਮਾਸਟਰ ਕਲਿਆਨ ਦਾਸ ਬਾਰੇ ਇਹ ਜ਼ਰੂਰ ਸੱਚ ਸੀ। ਜਦੋਂ ਮਾਰਨ ਤੇ ਆਉਂਦਾ ਤਾਂ ਉਹਨੂੰ ਕੋਈ ਨਾ ਕੋਈ ਹੀਲਾ ਬਹਾਨਾ ਜ਼ਰੂਰ ਮਿਲ ਜਾਂਦਾ, ਕਦੇ ਕਾਪੀ ਦਾ ਘਰ ਰਹਿ ਜਾਣਾ, ਕਦੇ ਘਰ ਦਾ ਕੰਮ ਨਾ ਕੀਤਾ ਹੋਣਾ, ਕਦੇ ਦੇਰ ਨਾਲ ਆਣਾ, ਕਦੇ ਭਰ ਗਰਮੀਆਂ ਵਿਚ ਜਮਾਤ ਵਿਚ ਊਂਘਣਾ; ਤੇ ਸਭਨਾਂ ਤੋਂ ਵੱਧ ਓਦੋਂ ਜਦੋਂ ਜੁਗਰਾਫ਼ੀਆ ਪੜ੍ਹਦਿਆਂ ‘ਖੁਸ਼ਕੀ ਦੇ ਮੈਦਾਨ’ ਦਾ ਹਾਲ ਆਣ ਤੇ ਮੁੰਡੇ ਮਾਸਟਰ ਦੀ ਸਫ਼ਾ-ਚੱਟ ਟਿੰਡ ਨੂੰ ਵੇਖ ਕੇ ਹੱਸ ਪੈਂਦੇ। ਬੱਸ ਫੇਰ ਤਾਂ ਗੰਜੇ ਤੇ ਡੋਰੇ ਮਾਸਟਰ ਦੇ ਗੁੱਸੇ ਦਾ ਕੋਈ ਅੰਤ ਨਾ ਰਹਿੰਦਾ। ਸਭਨਾਂ ਤੋਂ ਵੱਧ ਕ੍ਰੋਪੀ ਰਮੇਸ਼ ’ਤੇ ਈ ਆਉਂਦੀ ਸੀ। ਭਾਵੇਂ ਕੋਈ ਹੱਸੇ, ਪਹਿਲਾਂ ਰਮੇਸ਼ ਦੀਆਂ ਗੱਲ੍ਹਾਂ ਈ ਸੇਕੀਆਂ ਜਾਂਦੀਆਂ ਸਨ।

ਰਮੇਸ਼ ਨੇ ਆਪਣੀ ਮਾਂ ਕੋਲੋਂ ਸੁਣਿਆ ਹੋਇਆ ਸੀ, ‘ਕਈ ਦਿਨ ਉਚੇਚੇ ਹੁੰਦੇ ਨੇ, ਵਰ੍ਹੇ ਦਿਨ ਦੇ ਦਿਨ’। ਇਨ੍ਹਾਂ ਉਚੇਚੇ ਦਿਨੀਂ ਉਹਦੀ ਮਾਂ ਉਹਨੂੰ ਮਠਿਆਈਆਂ ਦੇਂਦੀ, ਨਵੇਂ ਕੱਪੜੇ ਤੇ ਖਿਡੌਣੇ ਦੇਂਦੀ। ਉਹ ਬੜਾ ਖ਼ੁਸ਼ ਹੁੰਦਾ। ਪਰ ਉਹ ਇਕ ਉਚੇਚੇ ‘ਵਰ੍ਹੇ ਦਿਨ ਦੇ ਦਿਨ’ ਨੂੰ ਨਿੱਤ ਉਡੀਕਦਾ ਰਹਿੰਦਾ, ਜਿਸ ਦਿਨ ਸਕੂਲ ਵੀ ਲੱਗੇ ਤੇ ਮਾਸਟਰ ਵੀ ਨਾ ਮਾਰੇ! ਪਰ ਇੰਜ ਕਦੇ ਵੀ ਨਾ ਹੋਇਆ। ਵਿਹਲੇ ਵੇਲੇ ਜਦੋਂ ਮੁੰਡੇ ਅਣਹੋਣੀਆਂ ਜੋੜ ਕੇ ਮਸਖ਼ਰੀਆਂ ਕਰਦੇ—ਪਾਣੀ ਸੁੱਕਾ ਏ, ਦਰਿਆ ਨੂੰ ਅੱਗ ਲੱਗ ਗਈ, ਮੱਛੀਆਂ ਦਰੱਖਤਾਂ ’ਤੇ ਚੜ੍ਹ ਗਈਆਂ—ਤਾਂ ਰਮੇਸ਼ ਦਾ ਜੀ ਕਰਦਾ ਕਿ ਉਹ ਆਖੇ, ‘ਸਕੂਲ ਲੱਗਾ ਏ, ਤੇ ਮਾਸਟਰ ਕਲਿਆਨ ਦਾਸ ਨੇ ਮਾਰਿਆ ਨਹੀਂ।’

ਅਖੀਰਲੀ ਟੱਲੀ ਵੱਜਣ ਈ ਵਾਲੀ ਸੀ, ਕਿ ਕਿਸੇ ਪਿੱਛੇ ਬੈਠੇ ਮੁੰਡੇ ਨੇ ਗੰਵਿਆਂ:-

‘ਜੇ ਹੁਕਮ ਹੋਵੇ ਗੰਜੀ ਸਰਕਾਰ ਦਾ,
ਤਾਂ ਖੁਰਕ ਖੁਰਕ ਕੇ ਢੇਰ ਲਾ ਦਈਏ’

ਗੰਜੇ ਤੇ ਡੋਰੇ ਮਾਸਟਰ ਦੀ ਜਮਾਤ ਵਿਚ ਮੁੰਡੇ ਨੇ ਨਿਝੱਕ ਹੋ ਕੇ ਕਾਫ਼ੀ ਉੱਚੀ ਸਾਰੀ ਗੰਵਿਆਂ। ਰਮੇਸ਼ ਨੇ ਬਥੇਰਾ ਹਾਸਾ ਘੁੱਟਣ ਦਾ ਯਤਨ ਕੀਤਾ, ਵੱਜਣ ਵਾਲੀਆਂ ਚਪੇੜਾਂ ਦੇ ਖਿਆਲ ਨੇ ਵਰਜਿਆ, ਪਰ ਕਿੱਥੇ ਰੁਕਦਾ ਸੀ ਹਾਸਾ।

“ਸੂਰ, ਦੰਦ ਕੱਢੀ ਜਾਂਦਾ ਏ। ਮਾਰ ਮਾਰ ਕੇ ਬੱਤੀ ਦੇ ਬੱਤੀ ਦੰਦ ਮੁੱਠ ਵਿਚ ਫੜਾ ਦਊਂ। ਦੱਸੀਂ ਫੇਰ ਮਾਂ ਆਪਣੀ ਨੂੰ ਜਾ ਕੇ,” ਮਾਸਟਰ ਨੇ ਆਪਣੇ ਮਸ਼ਹੂਰ ਰੂਲ ਨੂੰ ਬੜੀ ਅਦਾ ਨਾਲ ਚੁੱਕਦਿਆਂ ਆਖਿਆ। ਮਾਸਟਰ ਕਲਿਆਨ ਦਾਸ ਦਾ ਰੂਲ ਏਸ ਪਿੰਡ ਦੀਆਂ ਉਨ੍ਹਾਂ ਚੀਜ਼ਾਂ ਵਿਚੋਂ ਸੀ ਜਿਹੜੀਆਂ ਆਲੇ ਦੁਆਲੇ ਦੇ ਸਾਰੇ ਇਲਾਕੇ ਵਿਚ ਮਸ਼ਹੂਰ ਸਨ। ਰੂਲ ਮਾਰਨ ਵਿਚ ਤੇਜ਼ੀ ਆਉਂਦੀ ਗਈ, ਤੇ ਨਾਲ ਹੀ ਜ਼ਬਾਨ ਵਿਚ ਵੀ। ਰੂਲ ਰਮੇਸ਼ ਦੇ ਜਿਸਮ ਤੇ ਲਾਸਾਂ ਪਾਈ ਜਾਂਦਾ, ਤੇ ਜ਼ਬਾਨ ਰਮੇਸ਼ ਦੇ ਦਿਲ ’ਤੇ ਲਾਸਾਂ ਪਾਈ ਜਾਂਦੀ।

ਛੁੱਟੀ ਹੋਣ ਤੇ ਰਮੇਸ਼ ਜਦੋਂ ਬਾਹਰ ਨਿਕਲਿਆ ਤਾਂ ਉਹਦੇ ਸਾਰੇ ਅੰਗਾਂ ਵਿਚ ਪੀੜ ਹੋ ਰਹੀ ਸੀ, ਪਿੰਡੇ ਤੇ ਨੀਲ ਪੈ ਚੁੱਕੇ ਸਨ। ਉਹ ਮਸਾਂ ਈ ਤੁਰ ਸਕਦਾ ਸੀ। ਉਹਨੂੰ ਸਾਹਮਣੇ ਮਾਸਟਰ ਕਲਿਆਨ ਦਾਸ ਦਾ ਪੁੱਤਰ ਨੱਥੂ ਦਿਸਿਆ। ਅੱਗੇ ਨੱਥੂ ਨੂੰ ਤੱਕਦਿਆਂ ਸਾਰ ਈ ਉਹਨੂੰ ਆਪਣੀ ਪੀੜ ਭੁੱਲ ਜਾਂਦੀ ਹੁੰਦੀ ਸੀ, ਤੇ ਉਹ ਮਾਸਟਰ ਦੇ ਪੁੱਤਰ ਨੂੰ ਮਾਰ ਕੇ, ਬਿਨਾਂ ਕਿਸੇ ਗੱਲੋਂ ਮਾਰ ਕੇ, ਬਦਲਾ ਜਿਹਾ ਲੈ ਲੈਂਦਾ ਹੁੰਦਾ ਸੀ। ਪਰ ਅੱਜ ਉਹਦੀ ਕੁੱਟਣ ਨੂੰ ਰੂਹ ਨਹੀਂ ਸੀ ਕਰਦੀ, ਉਹ ਐਵੇਂ ਈ ਉਹਦੇ ਕੋਲੋਂ ਲੰਘ ਗਿਆ।

ਰਾਹ ਵਿਚ ਉਹ ਚੁੱਪ ਚਾਪ ਰਿਹਾ। ਇਕ ਮੁੰਡਾ ਬਾਤ ਪਾ ਰਿਹਾ ਸੀ, “ਇਕ ਵਾਰੀ ਦੀ ਗੱਲ ਏ, ਇਕ ਜਾਦੂਗਰ ਨੇ ਇਕ ਮੁੰਡੇ ਨੂੰ ਸ਼ੇਰ ਬਣਾ ਦਿੱਤਾ...।”

ਪਰ ਰਮੇਸ਼ ਰੋਜ਼ ਵਾਂਗ ਚਤੰਨ ਹੋ ਕੇ ਨਹੀਂ ਸੀ ਸੁਣ ਰਿਹਾ, ਤੇ ਨਾ ਈ ਹੁੰਗਾਰਾ ਦੇ ਰਿਹਾ ਸੀ।

ਕਿਸੇ ਨੇ ਰਮੇਸ਼ ਨੂੰ ਇੰਜ ਤੱਕ ਕੇ ਆਖਿਆ, “ਬੱਸ ਓਇ, ਏਨੀ ਕੁ ਕੁੱਟ ਨਾਲ ਈ ਢੇਰੀ ਢਹਿ ਗਈ ਏ, ਬੱਚੂ ਜੀ।”

ਉਹਦੇ ਇੰਝ ਆਖਣ ਦੀ ਦੇਰ ਸੀ ਕਿ ਰਮੇਸ਼ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਇਸ ਤਰ੍ਹਾਂ ਉਹ ਕਦੇ ਵੀ ਆਪਣੇ ਸਾਥੀਆਂ ਸਾਹਮਣੇ ਨਹੀਂ ਸੀ ਰੋਇਆ।

ਸਾਰੇ ਉਹਨੂੰ ਛੇੜਨ ਲੱਗੇ, “ਓਇ, ਓਇ, ਭਾਈ ਜੀ ਨੂੰ ਰੁਆ ਦਿੱਤਾ।” ਕਿਸੇ ਆਖਿਆ, “ਰਮੇਸ਼, ਰੋਂਦੂ ਓਇ। ਰਮੇਸ਼ ਕੁੜੀ ਓਇ।”

ਸਾਰੇ ਮੁੰਡੇ ਘਰੀਂ ਜਾ ਕੇ ਦੁਪਹਿਰ ਨੂੰ ਸੌਂ ਗਏ। ਪਰ ਰਮੇਸ਼ ਨੂੰ ਨੀਂਦਰ ਨਹੀਂ ਸੀ ਆ ਰਹੀ। ਉਹ ਮੰਜੀ ’ਤੇ ਉੱਸਲਵੱਟੇ ਨਹੀਂ ਸੀ ਲੈ ਸਕਦਾ, ਉਹਦੇ ਸਾਰੇ ਪਾਸੇ ਦੁਖ ਰਹੇ ਸਨ।

ਉਹ ਪਰੀਆਂ ਤੇ ਮਠਿਆਈਆਂ ਦੇ ਉੱਚੇ ਪਹਾੜਾਂ ਬਾਰੇ ਸੋਚ ਨਹੀਂ ਸੀ ਸਕਦਾ, ਉਹਨੂੰ ਰਹਿ ਰਹਿ ਕੇ ਮਾਸਟਰ ਦੀਆਂ ਗਾਲ੍ਹਾਂ ਤੇ ਮੁੰਡਿਆਂ ਦੀਆਂ ਛੇੜਾਂ ਚੇਤੇ ਆ ਰਹੀਆਂ ਸਨ। ਉਹਨੇ ਇਨ੍ਹਾਂ ਤੋਂ ਬਚਣ ਲਈ ਰਾਹ ਵਿਚ ਸੁਣੀ ਕਹਾਣੀ ਵੱਲ ਆਪਣਾ ਧਿਆਨ ਲਾਣਾ ਸ਼ੁਰੂ ਕੀਤਾ। ਕਹਾਣੀ ਕੁਝ ਇੰਝ ਸੀ, ਇਕ ਵੇਰ ਦੀ ਗੱਲ ਏ, ਇਕ ਜਾਦੂਗਰ ਨੇ ਇਕ ਮੁੰਡੇ ਨੂੰ ਸ਼ੇਰ ਬਣਾ ਦਿੱਤਾ। ਇਹ ਸੋਚਦਿਆਂ ਸੋਚਦਿਆਂ ਉਹਨੂੰ ਇੰਜ ਜਾਪਣ ਲੱਗ ਪਿਆ ਕਿ ਉਹਦੇ ਪਿੰਡੇ ਤੇ ਜੱਤ ਉੱਗ ਰਹੀ ਹੈ, ਉਹ ਸ਼ੇਰ ਬਣਦਾ ਜਾ ਰਿਹਾ ਹੈ, ਬੱਬਰ ਸ਼ੇਰ, ਜੰਗਲ ਵਿਚ ਇਧਰ ਉਧਰ ਦੌੜ ਰਿਹਾ ਹੈ। ਸਭ ਛੋਟੇ ਵੱਡੇ ਜਾਨਵਰ ਉਹਦੇ ਕੋਲੋਂ ਡਰਦੇ ਹਨ। ਇਕ ਸ਼ਿਕਾਰੀ ਉਥੇ ਆ ਜਾਂਦਾ ਹੈ। ਇਕ ਦਿਨ ਉਹ ਆਪਣੀਆਂ ਸ਼ੇਰ-ਅੱਖਾਂ ਨਾਲ ਉਹਨੂੰ ਤੱਕ ਲੈਂਦਾ ਹੈ। ਦੂਰੋਂ ਦੌੜ ਕੇ ਦਹਾੜ ਕੇ ਉਸ ਸ਼ਿਕਾਰੀ ’ਤੇ ਝਪਟ ਪੈਂਦਾ ਹੈ, ਉਹਦੀ ਛਾਤੀ ਵਿਚ ਆਪਣੀਆਂ ਨਹੁੰਦਰਾਂ ਖੋਭ ਦੇਂਦਾ ਹੈ। ਉਹਨੂੰ ਆਪਣੇ ਦੌੜਨ ਤੇ ਦਹਾੜਨ ਦੀ ਅਵਾਜ਼ ਸੁਣਨ ਲੱਗ ਪਈ, ਸ਼ਿਕਾਰੀ ਦੀ ਛਾਤੀ ਵਿਚੋਂ ਵਗਦਾ ਲਹੂ ਦਿੱਸਣ ਲੱਗ ਪਿਆ। ਉਹਨੇ ਸ਼ਿਕਾਰੀ ਨੂੰ ਗਹੁ ਨਾਲ ਤੱਕਿਆ ਤਾਂ ਉਹ ਮਾਸਟਰ ਕਲਿਆਨ ਦਾਸ ਸੀ। …ਝੱਟ ਉਹ ਆਪਣੇ ਖਿਆਲਾਂ ਦੀ ਦੁਨੀਆਂ ਵਿਚੋਂ ਝੰਜੋੜਿਆ ਗਿਆ। ਪਰ ਉਹਦਾ ਜੀਅ ਕਰਦਾ ਸੀ, ਇਕ ਵਾਰ ਉਹਨੂੰ ਕੋਈ ਸ਼ੇਰ ਬਣਾ ਦਏ, ਬਸ ਫੇਰ ਬਸ...।

ਉਹ ਬੜਾ ਸੋਚਣ ਲੱਗ ਪਿਆ, ਕੌਣ ਹੋ ਸਕਦਾ ਹੈ ਇਹੋ ਜਿਹਾ, ਜਿਹੜਾ ਉਹਨੂੰ ਸ਼ੇਰ ਬਣਾ ਦਏ? ਜਾਦੂਗਰ ਉਹਨੇ ਆਪ ਕਦੇ ਨਹੀਂ ਸਨ ਤੱਕੇ, ਸਿਰਫ਼ ਹੋਰਨਾਂ ਕੋਲੋਂ ਕਹਾਣੀਆਂ ਵਿਚ ਹੀ ਸੁਣੇ ਸਨ। ਅਖ਼ੀਰ ਉਹਨੂੰ ਆਪਣੀ ਮਾਂ ਦੀ ਗੱਲ ਯਾਦ ਆਈ, ਉਹਨੇ ਉਹਨੂੰ ਪਰਸੋਂ ਕਿਹਾ ਸੀ, “ਪੁੱਤ, ਜਾ ਖੂਹੀ ਕੋਲ ਜਿਹੜੇ ਸੰਤ ਉਤਰੇ ਹੋਏ ਨੇ, ਉਨ੍ਹਾਂ ਨੂੰ ਫਲ ਫੁੱਲ ਭੇਟ ਕਰ ਆ। ਜਾ ਕੇ ਪਹਿਲਾਂ ਮੱਥਾ ਟੇਕੀਂ। ਬੜੀ ਕਰਨੀ ਵਾਲੇ ਨੀ। ਜੋ ਕਿਸੇ ਦੀ ਇੱਛਾ ਹੋਵੇ, ਪੂਰੀ ਕਰ ਦੇਂਦੇ ਨੇ।” ਓਸ ਦਿਨ ਉਹਨੇ ਸੰਤਾਂ ਕੋਲ ਪਿਆ ਥੈਲਾ ਤੱਕਿਆ ਸੀ। ਉਹਨੇ ਸੋਚਿਆ, ਜ਼ਰੂਰ ਉਹਦੇ ਵਿਚ ਜਾਦੂ ਦਾ ਡੰਡਾ ਹੋਣਾ ਹੈ। ਜਦੋਂ ਉਹ ਉਨ੍ਹਾਂ ਕੋਲ ਗਿਆ ਸੀ, ਤਾਂ ਸੰਤਾਂ ਦਾ ਮੋਟਾ, ਨੰਗਾ, ਸੁਆਹ-ਮਲਿਆ ਢਿੱਡ ਤੱਕ ਕੇ ਉਹਨੂੰ ਹਾਸਾ ਆ ਗਿਆ ਸੀ। ਪਰ ਏਸ ਵੇਲੇ ਉਹਨੂੰ ਸੰਤਾਂ ਦੇ ਏਸ ਤਰ੍ਹਾਂ ਦੇ ਅਪਮਾਨ ਦਾ ਨਿੰਮ੍ਹਾ ਜਿਹਾ ਖ਼ਿਆਲ ਵੀ ਨਹੀਂ ਸੀ ਆ ਸਕਦਾ।

ਉਹ ਮਲਕੜੇ ਈ ਆਪਣੀ ਮੰਜੀ ਤੋਂ ਉੱਠ ਸੰਤਾਂ ਦੀ ਕੁਟੀਆ ਵੱਲ ਦੌੜ ਪਿਆ। ਸੰਤਾਂ ਨੇ ਪਹਿਲਾਂ ਪੁੱਛਿਆ, “ਕਿਉਂ ਬੇਟਾ?” ਤੇ ਨਾਲੇ ਤੱਕਣ ਲੱਗ ਪਏ, ਅੱਜ ਇਹਦੀ ਮਾਂ ਨੇ ਕੀ ਭੇਜਿਆ ਹੈ? ਪਰ ਉਹਦੇ ਹੱਥ ਖਾਲੀ ਤੱਕ ਕੇ, ਉਨ੍ਹਾਂ ਦੇ ਬੋਲ ਕੁਝ ਖਰ੍ਹਵੇ ਹੋ ਗਏ, “ਕਿਉਂ ਬੇ, ਕਿਆ ਹੈ?”

ਰਮੇਸ਼ ਨੇ ਸੰਤਾਂ ਦੇ ਥੈਲੇ ਵੱਲ ਤੱਕਦਿਆਂ ਡਰਦਿਆਂ ਡਰਦਿਆਂ ਆਖਿਆ,
“ਮਹਾਰਾਜ, ਮੈਨੂੰ ਸ਼ੇਰ ਬਣਾ ਦਿਓ।”

ਸੰਤ ਪਹਿਲਾਂ ਤਾਂ ਕੁਝ ਹੈਰਾਨ ਜਿਹੇ ਹੋ ਗਏ, ਪਰ ਫੇਰ ਉਨ੍ਹਾਂ ਰਮੇਸ਼ ਅੱਗੇ ਆਪਣੀਆਂ ਲੱਤਾਂ ਕਰ ਕੇ ਅੱਖਾਂ ਮੀਟ ਕੇ ਕਿਹਾ, “ਸੰਤੋਂ ਕੀ ਸੇਵਾ ਕਰੋ, ਬੇਟਾ।”

ਰਮੇਸ਼ ਬੜੀ ਸ਼ਰਧਾ ਨਾਲ ਮੁੱਠੀਆਂ ਭਰਨ ਲੱਗ ਪਿਆ। ਉਹ ਸੋਚ ਰਿਹਾ ਸੀ, ਸੰਤਾਂ ਨੇ ਸਮਾਧੀ ਲਾਈ ਹੈ, ਹੁਣੇ ਸਮਾਧੀ ਖੁੱਲ੍ਹੇਗੀ, ਸੰਤ ਉਠਣਗੇ, ਉੱਠ ਕੇ ਥੈਲਾ ਖੋਲ੍ਹਣਗੇ, ਤੇ ਉਹਦੇ ਵਿਚੋਂ ਜਾਦੂ ਦਾ ਡੰਡਾ ਕੱਢਣਗੇ, ਤੇ ਬੱਸ, ਬੱਸ ਫੇਰ ਉਹਨੂੰ ਆਪਣੇ ਪਿੰਡੇ ਤੇ ਜੱਤ ਉੱਗਦੀ ਮਹਿਸੂਸ ਹੋਈ।

ਪਰ ਸਮਾਧੀ ਨਾ ਖੁੱਲ੍ਹੀ ਤੇ ਕੁਝ ਅਜੀਬ ਜਿਹੀਆਂ ਵਾਜਾਂ ਆਉਣ ਲੱਗ ਪਈਆਂ, ਸੀਟੀਆਂ ਜਿਹੀਆਂ, ਲੜਦੀਆਂ ਬਿੱਲੀਆਂ ਦੀ ਘੁਰ ਘੁਰ ਜਹੀ। ਰਮੇਸ਼ ਨੇ ਬੜੀ ਆਸ ਨਾਲ ਥੈਲੇ ਵੱਲ ਤੱਕਿਆ, ਪਰ ਉਹ ਅਡੋਲ ਟਿਕਿਆ ਹੋਇਆ ਸੀ। ਅਖੀਰ ਉਹਨੂੰ ਪਤਾ ਲੱਗਾ ਕਿ ਸੰਤ ਜੀ ਘੁਰਾੜੇ ਮਾਰ ਰਹੇ ਹਨ। ਰਮੇਸ਼ ਦੇ ਦਿਲ ਵਿਚ ਹੱਸਣ ਦਾ ਖ਼ਿਆਲ ਤੱਕ ਵੀ ਨਾ ਆਇਆ, ਡਰ ਸੀ, ਸੰਤਾਂ ਦਾ ਅਪਮਾਨ ਹੋ ਗਿਆ ਤਾਂ ਉਹ ਜਾਦੂ ਦਾ ਡੰਡਾ ਨਹੀਂ ਕੱਢਣਗੇ।

ਬਾਹਰ ਸ਼ਾਮ ਪੈਂਦੀ ਜਾ ਰਹੀ ਸੀ, ਤੇ ਮੁੱਠੀਆਂ ਭਰਦਿਆਂ ਉਹਦੇ ਹੱਥ ਵੀ ਹੰਭ ਗਏ ਸਨ। ਸਵੇਰ ਦੀ ਕੁੱਟ ਦੀ ਪੀੜ ਹੁਣ ਫੇਰ ਜਾਗ ਉੱਠੀ ਸੀ। ਉਹ ਬਹੁਤ ਉਤਾਵਲਾ ਸੀ, ਕਦੋਂ ਉਹ ਸ਼ੇਰ ਬਣਦਾ ਹੈ, ਤੇ ਕਦੋਂ ਮਾਸਟਰ ਕਲਿਆਨ ਦਾਸ ਕੋਲੋਂ ਉਹ ਬਦਲਾ ਲੈਂਦਾ ਹੈ! ਅਖੀਰ ਉਹਨੇ ਹੀਆ ਕਰ ਈ ਲਿਆ ਤੇ ਸੰਤਾਂ ਨੂੰ ਪੋਲੇ ਪੋਲੇ ਹੱਥਾਂ ਨਾਲ ਝੂਣ ਕੇ ਜਗਾਇਆ।

ਲੜਦੀਆਂ ਬਿੱਲੀਆਂ ਦੀ ਘੁਰ ਘੁਰ ਤੇ ਸੀਟੀਆਂ ਦੀ ਵਾਜ ਮੱਠੀ ਹੋ ਕੇ ਬੰਦ ਹੋ ਗਈ। ਸੰਤਾਂ ਨੇ ਅੱਖਾਂ ਖੋਲ੍ਹ ਕੇ ਰਮੇਸ਼ ਵੱਲ ਤੱਕਿਆ। ਉਨ੍ਹਾਂ ਦੀਆਂ ਨੀਂਦਰ ਨਾਲ ਲਾਲ ਅੱਖਾਂ ਤੋਂ ਰਮੇਸ਼ ਨੂੰ ਸ਼ੇਰ ਦੀਆਂ ਅੱਖਾਂ ਦਾ ਭੁਲੇਖਾ ਪੈ ਰਿਹਾ ਸੀ। ਉਹਨੇ ਸਹਿਮੀ ਜਿਹੀ ਵਾਜ ਵਿਚ ਪੁੱਛਿਆ, “ਸੰਤ ਜੀ, ਮੈਨੂੰ ਸ਼ੇਰ ਕਦੋਂ ਬਣਾਓਗੇ?”

ਸੰਤ ਨੇ ਪੰਜ ਸੱਤ ਚਪੇੜਾਂ ਉਹਦੀਆਂ ਗੱਲ੍ਹਾਂ ਤੇ ਜੜਦਿਆਂ ਆਖਿਆ, “ਪਾਂਚ ਸਾਤ ਮਿੰਟ ਚੈਨ ਸੇ ਸੋਨੇ ਭੀ ਨਹੀਂ ਦੀਆ।”

ਨਿੱਕੇ ਰਮੇਸ਼ ਦੀਆਂ ਗੱਲ੍ਹਾਂ ਤੇ ਸੰਤਾਂ ਦੀਆਂ ਉਂਗਲਾਂ ਉੱਭਰ ਆਈਆਂ ਸਨ, ਤੇ ਉਹਦੀ ਗੱਲ੍ਹ ਉਤਲੇ ਕਿਸੇ ਪੁਰਾਣੇ ਜ਼ਖ਼ਮ ਦੇ ਦਾਗ ਵਿਚਕਾਰ ਇਕ ਅੱਥਰੂ ਕੰਬ ਰਿਹਾ ਸੀ, ਜਦੋਂ ਇਹ ਡਿੱਗ ਪੈਂਦਾ, ਇਹਦੀ ਥਾਂ ਤੇ ਨਵਾਂ ਹੋਰ ਆ ਜਾਂਦਾ।

[1944]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •