Malaya Di Ik Kuri De Naan (Punjabi Story) : Navtej Singh
ਮਲਾਇਆ ਦੀ ਇਕ ਕੁੜੀ ਦੇ ਨਾਂ (ਕਹਾਣੀ) : ਨਵਤੇਜ ਸਿੰਘ
ਕੁਝ ਵਰ੍ਹੇ ਹੋਏ, ਮਲਾਇਆ ਦੀ ਰਾਜਧਾਨੀ ਕੁਆਲਾ ਲੰਪੁਰ ਵਿਚ ਅਸੀਂ ਮਿਲੇ ਸਾਂ—ਤੇ ਅੱਜ ਤੂੰ ਮੈਨੂੰ ਬੜੀ ਯਾਦ ਆ ਰਹੀ ਏਂ, ਮਿਨ ਯਿੰਗ।
ਜਵਾਨ ਮੁੰਡੇ ਤੇ ਕੁੜੀਆਂ ਇਕ ਦੂਜੇ ਨੂੰ ਯਾਦ ਕਰਦੇ ਹੀ ਹੁੰਦੇ ਨੇ। ਕਈ ਯਾਦ ਕਰਦੇ ਨੇ ਜਦੋਂ ਉਹ ਮਹਿਕ-ਭਿੰਨੇ ਫੁੱਲ ਤੋੜ ਰਹੇ ਹੋਣ, ਜਾਂ ਸੁਹਣੀ ਸ਼ਾਮ ਨੂੰ ਦਰਿਆ ਦੇ ਕੰਢੇ ਦੀ ਇਕਾਂਤ ਨੂੰ ਕਿਸੇ ਪਿਆਰੇ ਮੁਖ ਨਾਲ ਆਬਾਦ ਕਰਨਾ ਚਾਹੁਣ, ਜਾਂ ਜਦੋਂ ਸਿਆਲੇ ਦੀ ਚੰਨ ਚਾਨਣੀ ਰਾਤੇ ਕਿਸੇ ਦੀਆਂ ਬਾਹਾਂ ਦਾ ਨਿੱਘ ਚੇਤੇ ਆਏ ਤੇ ਅਸਮਾਨ ਵਿਚ ਤਾਰੇ ਟੁਟਦੇ ਜਾਪਣ।
ਪਰ ਮੈਂ ਤੈਨੂੰ ਯਾਦ ਕਰ ਰਿਹਾ ਹਾਂ, ਜਦੋਂ ਮੈਂ ਅਖ਼ਬਾਰ ਵਿਚ ਇਕ ਕਟੇ ਹੋਏ ਸਿਰ ਦੀ ਤਸਵੀਰ ਤਕੀ ਹੈ—ਇਕ ਕਟਿਆ ਹੋਇਆ ਸਿਰ ਗੋਰਖੇ ਸਿਪਾਹੀ ਦੇ ਹੱਥ ਵਿਚ ਫੜਿਆ, ਤੇ ਕੋਲ ਇਕ ਗੋਰਾ ਸਿਪਾਹੀ ਬੰਦੂਕ ਲਈ ਖੜੋਤਾ।
ਤੇ ਮੈਂ ਇਸ ਤਸਵੀਰ ਨੂੰ ਬੜੀ ਦੇਰ ਤਕਦਾ ਰਿਹਾ ਹਾਂ—ਕੱਟਿਆ ਹੋਇਆ ਸਿਰ ਪਤਾ ਨਹੀਂ ਕਿਉਂ ਮੈਨੂੰ ਜਿਉਂਦਾ ਜਾਪਣ ਲੱਗ ਪਿਆ ਹੈ, ਜਿਉਂਦਾ ਮੇਰੀ ਆਪਣੀ ਜਿੰਦ ਦੇ ਟੋਟੇ ਮੇਰੇ ਬੱਚੇ ਵਾਂਗ, ਜਿਉਂਦਾ ਵਿਦਾਇਗੀ ਵੇਲੇ ਮੇਰੇ ਹੱਥ ਵਿਚ ਘੁਟੇ ਤੇਰੇ ਹੱਥ ਵਾਂਗ, ਜਿਉਂਦਾ ਤੇਰੀ ਕਵਿਤਾ ਵਾਂਗ...
ਜਦੋਂ ਮੈਂ ਤੈਨੂੰ ਪਹਿਲੀ ਵਾਰ ਤੱਕਿਆ ਸੀ, ਤੂੰ ਕੁਆਲਾ ਲੰਪੁਰ ਵਿਚ ਮਈ ਦਿਨ ਦੇ ਜਲਸੇ ਵਿਚ ਆਪਣੀ ਕਵਿਤਾ ਸੁਣਾ ਰਹੀ ਸੈਂ। ਮੈਂ ਤੇਰੀ ਬੋਲੀ ਨਹੀਂ ਸਾਂ ਜਾਣਦਾ, ਪਰ ਸਿਰਫ਼ ਲਫ਼ਜ਼ ਹੀ ਤੇ ਨਹੀਂ ਸੈਂ ਬੋਲ ਰਹੀ ਤੂੰ! ਤੇਰੇ ਚਿਹਰੇ ਦਾ ਪ੍ਰਭਾਵ, ਤੇਰੇ ਜਿਸਮ ਦੀ ਬਿਜਲੀ, ਤੇਰੀ ਵਾਜ—ਇਹ ਸਭ ਮੈਨੂੰ ਆਪਣੀ ਭੈਣ ਦੀ ਬੋਲੀ ਵਾਂਗ ਸਮਝ ਆ ਰਹੇ ਸਨ, ਤੇ ਮੈਨੂੰ ਜਾਪਿਆ ਸੀ ਮੈਂ ਅਗੇ ਕਦੇ ਅਜਿਹੀ ਕਵਿਤਾ ਨਹੀਂ ਸੁਣੀ।
ਜਲਸੇ ਦੇ ਪਿਛੋਂ ਅਸੀਂ ਬੜੀ ਲੰਮੀ ਸੈਰ ਲਈ ਗਏ ਸਾਂ। ਉਹ ਸੈਰ ਮਲਾਇਆ ਦੇ ਸੁਹੱਪਣ ਨਾਲ ਮੇਰੀ ਪਹਿਲੀ ਡੂੰਘੀ ਪਛਾਣ ਸੀ। ਮਲਾਇਆ ਦੀ ਬਨਸਪਤੀ, ਉਹਦੇ ਫੁੱਲ ਤੇ ਫਲ, ਉਹਦਾ ਟੀਨ, ਉਹਦਾ ਰਬੜ, ਉਹਦੇ ਅਨਾਨਾਸ, ਤੇ ਧਾੜਵੀਆਂ ਵਿਰੁੱਧ ਉਹਦੇ ਲੋਕਾਂ ਦੇ ਸੰਗਰਾਮ ਦਾ ਸੁਹੱਪਣ—ਇਕ ਚਿੱਤ੍ਰਕਾਰ ਵਾਂਗ ਤੂੰ ਮੇਰੇ ਦਿਲ ਵਿਚ ਇਹ ਸਭ ਕੁਝ ਰਚਾ ਦਿੱਤਾ ਸੀ। ਆਲੇ-ਦੁਆਲੇ ਜਿਹੜੇ ਬ੍ਰਿਛ ਸਨ ਤੇ ਫੁੱਲ ਤੇ ਫਲ, ਸਭ ਦੇ ਚੀਨੀ ਜਾਂ ਮਲਾਈ ਨਾਂ ਤੂੰ ਮੈਨੂੰ ਦੱਸੇ ਸਨ। ਇਨ੍ਹਾਂ ਵਿਚੋਂ ਕਈਆਂ ਬਾਰੇ ਲੋਕ-ਗੀਤ ਤੂੰ ਮੈਨੂੰ ਸੁਣਾਏ ਸਨ, ਤੇ ਰਬੜ-ਦਰੱਖਤ ਦੇ ਦੁਧ ਕੱਢਣ ਦੀ ਜਾਚ, ਤੇ ਟੀਨ ਵਾਲੀ ਮਿੱਟੀ ਦਾ ਭਾਰ—ਤੇ ਉਨ੍ਹਾਂ ਅੰਗ੍ਰੇਜ਼ਾਂ, ਅਮੀਕਨਾਂ ਤੇ ਡੱਚਾਂ ਬਾਰੇ ਜਿਹੜੇ ਇਸ ਰਬੜ ਤੇ ਇਸ ਟੀਨ ਨੂੰ ਇਥੋਂ ਮਿੱਟੀ ਦੇ ਭਾ ਲੈ ਜਾਂਦੇ ਸਨ...
ਤੇ ਫੇਰ ਤੂੰ ਮੈਨੂੰ ਆਪਣੀ ਉਸ ਕਵਿਤਾ ਦਾ ਤਰਜਮਾ ਸੁਣਾਇਆ ਜਿਹੜੀ ਤੂੰ ਓਸ ਜਲਸੇ ਵਿਚ ਪੜ੍ਹੀ ਸੀ। ਮੁੜ ਮੁੜ ਕੇ ਇਹ ਸਤਰ ਤੇਰੀ ਕਵਿਤਾ ਵਿਚ ਔਂਦੀ ਸੀ:
ਜਿਹੜਾ ਵੀ ਕੋਈ ਆਜ਼ਾਦੀ ਲਈ ਲੜਦਾ ਏ,
ਹੁਣ ਤੋਂ ਉਹ ਮੇਰਾ ਪ੍ਰੇਮੀ ਏ।
“ਇਹ ਕਵਿਤਾ ਮੇਰੇ ਜੀਵਨ ਦੀ ਕਹਾਣੀ ਏ”, ਤੂੰ ਮੈਨੂੰ ਦਸਿਆ ਸੀ।
ਸਾਹਮਣੇ ਉਹ ਜੰਗਲ ਸੀ ਜਿਦ੍ਹੇ ਵਿਚ ਲੁਕ ਕੇ ਤੂੰ ਤੇ ਅਨੇਕਾਂ ਹੋਰ ਸਾਥੀ ਜਾਪਾਨੀ ਹਮਲਾਆਵਰਾਂ ਦੇ ਖਿਲਾਫ਼ ਗੁਰੀਲਾ ਲੜਾਈ ਲੜਦੇ ਰਹੇ ਸਓ। ਇਨ੍ਹਾਂ ਸਾਥੀਆਂ ਵਿਚੋਂ ਇਕ ਪਿੰਗ ਚੈਨ ਸੀ। ਪਿੰਗ ਚੈਨ, ਤੇਰੇ ਗੁਰੀਲਾ ਦਸਤੇ ਦਾ ਆਗੂ। ਪਿੰਗ ਚੈਨ, ਜਿਹੜਾ ਜਾਪਾਨੀਆਂ ਤੋਂ ਪਹਿਲਾਂ ਇਕ ਲੋਕ-ਅਖ਼ਬਾਰ ਦਾ ਐਡੀਟਰ ਹੁੰਦਾ ਸੀ, ਤੇ ਜਿਦ੍ਹੇ ਬਾਰੇ ਓਦੋਂ ਮਸ਼ਹੂਰ ਸੀ ਕਿ ਉਹਦੇ ਗੀਤ ਸੁਣ ਕੇ ਰਬੜ ਦੇ ਦਰੱਖਤ ਵੀ ਧਾੜਵੀਆਂ ਨੂੰ ਆਪਣਾ ਅਮੁਲਾ ਰਸ ਦੇਣੋਂ ਇਨਕਾਰ ਕਰ ਦੇਂਦੇ ਨੇ।
ਪਿੰਗ ਚੈਨ ਦੇ ਗੀਤਾਂ ਵਿਚ ਹੌਲੀ ਹੌਲੀ ਤੂੰ ਵੀ ਰਚ ਗਈਓਂ ਤੇ ਤੇਰੀ ਕਵਿਤਾ ਵਿਚੋਂ ਉਹਦੀ ਮੁਹੱਬਤ ਦੀ ਮਹਿਕ ਕਈਆਂ ਨੂੰ ਔਣ ਲਗ ਪਈ ਸੀ।
ਤੇ ਉੱਨੀ ਵਰ੍ਹਿਆਂ ਦੀ ਮਿਨ ਯਿੰਗ ਤੇ ਪੰਝੀ ਵਰ੍ਹਿਆਂ ਦਾ ਪਿੰਗ ਚੈਨ, ਤੇ ਹੋਰ ਕਿੰਨੇ ਸਾਥੀ ਓਸ ਸਾਹਮਣੇ ਜੰਗਲ ਵਿਚ ਜਾਪਾਨੀਆਂ ਦੇ ਖਿਲਾਫ਼ ਗੁਰੀਲਾ ਲੜਾਈ ਲੜਦੇ ਰਹੇ ਸਨ, ਜਦੋਂ ਮਲਾਇਆ ਦੇ ਅੰਗ੍ਰੇਜ਼ ਹਾਕਮ ਆਪਣੇ ਲਾਮ ਲਸ਼ਕਰ, ਆਪਣੇ ਬੇੜੇ ਤੇ ਹਵਾਈ ਜਹਾਜ਼, ਆਪਣਾ ਸੋਨਾ ਤੇ ਬੈਂਕਾਂ ਦੇ ਹਿਸਾਬ ਸਮੇਟ ਕੇ ਨਠ ਗਏ ਸਨ।
ਸ਼ਾਮ ਡੂੰਘੀ ਹੁੰਦੀ ਜਾ ਰਹੀ ਸੀ, ਅਸੀਂ ਪਰਤ ਆਏ। ਜਦੋਂ ਅਸੀਂ ਕੁਆਲਾ ਲੰਪੁਰ ਦੀ ਉਸ ਸੜਕ 'ਤੇ ਪੁਜੇ—ਜਿਦ੍ਹਾ ਨਾਂ ਤੂੰ ਦੱਸਿਆ ਸੀ ਹੁਣ ਮਾਊਂਟਬੈਟਨ ਐਵੇਨਯੂ ਰਖ ਦਿੱਤਾ ਗਿਆ ਹੈ—ਤਾਂ ਤੂੰ ਚੌਂਕ ਵਿਚ ਇਕ ਦਮ ਖੜੋ ਗਈ ਸੈਂ।
ਮਲਾਇਆ ਦੀ ਰਾਜਧਾਨੀ ਦੀ ਰਾਤ-ਜ਼ਿੰਦਗੀ ਸ਼ੁਰੂ ਹੋ ਰਹੀ ਸੀ। ਫੁਲਾਂ ਨਾਲ ਸ਼ਿੰਗਾਰੀਆਂ ਸੈਂਟ-ਮਹਿਕੀਆਂ ਜਵਾਨ ਕੁੜੀਆਂ ਆਪਣੇ ਆਪਣੇ ਮਿਤ੍ਰਾਂ ਨਾਲ ਮਾਊਂਟਬੈਟਨ ਐਵੇਨਯੂ ਤੋਂ ਲੰਘ ਰਹੀਆਂ ਸਨ। ਅੰਗ੍ਰੇਜ਼ ਜੋੜੀਆਂ ਸ਼ਾਨਦਾਰ ਕਾਰਾਂ ਵਿਚ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਹੋਟਲਾਂ ਤੇ ਨਾਚ-ਘਰਾਂ ਵਿਚੋਂ ਸੰਗੀਤ ਦੀਆਂ ਲਹਿਰਾਂ ਬਾਹਰ ਆ ਰਹੀਆਂ ਸਨ। ਨਦੀ ਦੇ ਕੰਢੇ ਵਾਲੀ ਮਸਜਿਦ ਦਾ ਦੂਧੀਆ ਨੀਲਾ ਗੁੰਬਦ ਸਾਰੀ ਝਾਤੀ ਨੂੰ ਸੁਪਨਿਆਂ ਵਰਗੀ ਬਣਾ ਰਿਹਾ ਸੀ।
ਪਰ ਤੂੰ ਸਭ ਕਾਸੇ ਤੋਂ ਬੇਧਿਆਨ ਸਾਹਮਣੇ ਇਕ ਟੱਕ ਦੇਖੀ ਜਾ ਰਹੀ ਸੈਂ, ਇਕ ਚਾਰ-ਮੰਜ਼ਲੀ ਸ਼ਾਨਦਾਰ ਇਮਾਰਤ ਵੱਲ, ਜਿਸ ਉਤੇ ਯੂਨੀਅਨ ਜੈਕ ਦਾ ਝੰਡਾ ਲਹਿਰਾ ਰਿਹਾ ਸੀ...
“ਜਿਥੇ ਇਹ ਝੰਡਾ ਏ ਨਾ, ਓਥੇ ਓਦੋਂ ‘ਚੜ੍ਹਦੇ ਸੂਰਜ’ ਵਾਲਾ ਝੰਡਾ ਸੀ। ਤੇ ਜਾਪਾਨੀਆਂ ਨੇ ਮੇਰੇ ਪਿੰਗ ਚੈਨ ਦਾ ਸਿਰ ਕਟ ਕੇ ਓਥੇ—ਉਹ ਝੰਡੇ ਦੇ ਡੰਡੇ ਥੱਲੇ ਦੇ ਸਿਰੇ ਕੋਲ—ਟੰਗ ਦਿੱਤਾ ਸੀ। ਚਾਰ ਦਿਨ ਤੇ ਚਾਰ ਰਾਤਾਂ ਉਨ੍ਹਾਂ ਉਹਦਾ ਸਿਰ ਓਥੇ ਟੰਗੀ ਰੱਖਿਆ, ਤੇ ਜਬਰਨ ਸ਼ਹਿਰ ਦੀ ਸਾਰੀ ਵਸੋਂ ਨੂੰ ਟੰਗੇ ਸਿਰ ਥਲਿਓਂ ਲੰਘਾਇਆ”
ਤੇ ਤੂੰ ਓਥੇ ਖੜੋਤੀ ਰਹੀ, ਮਾਊਂਟਬੈਟਨ ਐਵੇਨਯੂ ਦੇ ਉਸ ਮਹਿਕਦੇ ਚਹਿਚਹਾਂਦੇ ਚਾਨਣੇ ਚੌਂਕ ਵਿਚ! ਉਸ ਯੂਨੀਅਨ ਜੈਕ ਦੇ ਝੰਡੇ ਦੇ ਥੱਲੇ ਇਕ ਨੁਕਤੇ ਉਤੇ ਤੂੰ ਇਕ ਟੱਕ ਤਕਦੀ ਰਹੀ!…
ਤੇ ਮੈਂ ਤੇਰੀਆਂ ਅੱਖਾਂ ਵਿਚ ਤਕਦਾ ਰਿਹਾ, ਮੈਂ ਤੈਨੂੰ ਤਕਦਾ ਰਿਹਾ। ਉੱਨੀ ਵਰ੍ਹਿਆਂ ਦੀ ਮਿੰਨ ਯਿੰਗ ਜਿਹੜੀ ਹੁਣ ਚਵ੍ਹੀ ਵਰ੍ਹਿਆਂ ਦੀ ਹੋ ਚੁੱਕੀ ਸੀ; ਏਨੇ ਸਾਲ ਬੰਦੂਕ ਚੁਕ ਚੁਕ ਕੇ ਜਿਦ੍ਹੇ ਮੋਢੇ ਮਜ਼ਬੂਤ ਹੋ ਗਏ ਸਨ; ਜਿਦ੍ਹੀ ਕਵਿਤਾ ਪਿੰਗ ਚੈਨ ਦੀ ਹੋਂਦ ਪਹਿਲੀਆਂ ਨਾਲੋਂ ਕਿਤੇ ਵੱਧ ਡੂੰਘੀ ਰਚ ਗਈ ਸੀ। ਤੇਰੀ ਤੇ ਉਹਦੀ ਮੁਹੱਬਤ ਨੇ ਹੁਣ ਇਕ ਮਨੁੱਖਤਾ ਆਪਣੀ ਜੱਫੀ ਵਿਚ ਲੈ ਲਈ ਸੀ, ਮੁਹੱਬਤ ਜਿਹੜੀ ਹੁਣ ਗੌਂਦੀ ਸੀ:
ਜਿਹੜਾ ਵੀ ਕੋਈ ਆਜ਼ਾਦੀ ਲਈ ਲੜਦਾ ਏ,
ਹੁਣ ਤੋਂ ਉਹ ਮੇਰਾ ਪ੍ਰੇਮੀ ਏ।
...ਤੇ ਸਾਹਮਣੀ ਕੰਧ ਉਤੇ ਟੰਗਿਆ ਪਿੰਗ ਚੈਨ ਦਾ ਸਿਰ, ਜਿਹੜਾ ਹੁਣ ਵੀ ਪੰਝੀ ਵਰ੍ਹਿਆਂ ਦਾ ਹੀ ਸੀ, ਮੁਸਕਰਾ ਰਿਹਾ ਸੀ। ਝੰਡਾ ਬਦਲ ਗਿਆ ਸੀ, ਪਰ ਮੁਸਕਰਾਹਟ ਨਹੀਂ ਸੀ ਬਦਲੀ। ਪਿੰਗ ਚੈਨ, ਜਿਦ੍ਹੇ ਬਾਰੇ ਪਹਿਲਾਂ ਲੋਕੀ ਕਹਿੰਦੇ ਹੁੰਦੇ ਸਨ ਕਿ ਉਹਦੇ ਗੀਤ ਸੁਣ ਕੇ ਰਬੜ ਦੇ ਦਰੱਖਤ ਵੀ ਧਾੜਵੀਆਂ ਨੂੰ ਆਪਣਾ ਅਮੁਲਾ ਰਸ ਦੇਣੋਂ ਇਨਕਾਰ ਕਰ ਦਿੰਦੇ ਨੇ, ਉਹ ਮੁਸਕਰਾ ਰਿਹਾ ਸੀ।
ਪਿੰਗ ਚੇਨ ਜਿਦ੍ਹੇ ਬਾਰੇ ਲੋਕੀਂ ਹੁਣ ਕਹਿਣ ਲੱਗ ਪਏ ਸਨ ਕਿ ਚਾਰ ਦਿਨ ਤੇ ਚਾਰ ਰਾਤਾਂ ਬਾਅਦ ਅਚਾਨਕ ਜਾਪਾਨੀ ਸੰਤਰੀਆਂ ਨੇ ਜਦੋਂ ਤੱਕਿਆ ਕਿ ਪਿੰਗ ਚੈਨ ਦੇ ਕਟੇ ਹੋਏ ਸਿਰ ਦੁਆਲੇ ਮਲਾਇਆ ਦੇ ਸਭ ਤੋਂ ਸੁਹਣੇ ਫੁੱਲਾਂ ਦਾ ਹਾਰ ਪਿਆ ਹੋਇਆ ਸੀ, ਤਾਂ ਸੰਤਰੀ ਨਠ ਗਏ ਸਨ—ਉਹ ਪਿੰਗ ਚੇਨ ਮੁਸਕਰਾਈ ਜਾ ਰਿਹਾ ਸੀ।
ਮਿਨ ਯਿੰਗ… ਪਿੰਗ ਚੈਨ...
ਜਿਹੜਾ ਵੀ ਕੋਈ ਆਜ਼ਾਦੀ ਲਈ ਲੜਦਾ ਏ,
ਹੁਣ ਤੋਂ ਉਹ ਮੇਰਾ ਪ੍ਰੇਮੀ ਏ।
ਮੈਂ ਅਜਿਹੀ ਕਵਿਤਾ ਅਗੇ ਕਦੇ ਨਹੀਂ ਸੀ ਸੁਣੀ, ਮੈਂ ਅਜਿਹੇ ਲੋਕ ਅੱਗੇ ਕਦੇ ਨਹੀਂ ਸਨ ਤਕੇ।
ਅਜ ਮੈਂ ਅਖ਼ਬਾਰ ਵਿਚ ਕਟੇ ਹੋਏ ਸਿਰ ਦੀ ਤਸਵੀਰ ਤਕੀ ਹੈ—ਇਕ ਕਟਿਆ ਹੋਇਆ ਸਿਰ ਗੋਰਖੇ ਸਿਪਾਹੀ ਦੇ ਹੱਥ ਵਿਚ ਫੜਿਆ, ਤੇ ਕੋਲ ਇਕ ਗੋਰਾ ਸਿਪਾਹੀ ਬੰਦੂਕ ਲਈ ਖੜੋਤਾ।
ਇਹ ਸਿਰ ਜਿਹੜਾ ਮੈਨੂੰ ਆਪਣੇ ਬੱਚੇ ਵਾਂਗ ਜਿਊਂਦਾ ਜਾਪਦਾ ਹੈ, ਤੇ ਤੇਰੀ ਹੱਥ-ਘੁਟਣੀ ਵਾਂਗ ਨਿਘਾ,—ਮੈਂ ਪਛਾਣ ਲਿਆ ਏ, ਮਿੰਨ ਯਿੰਗ, ਇਹ ਤੇਰੇ ਪ੍ਰੇਮੀ ਦਾ ਸਿਰ ਏ।
ਜਿਹੜਾ ਵੀ ਕੋਈ ਆਜ਼ਾਦੀ ਲਈ ਲੜਦਾ ਏ,
ਹੁਣ ਤੋਂ ਉਹ ਮੇਰਾ ਪ੍ਰੇਮੀ ਏ।
ਮੈਂ ਪਛਾਣ ਲਈ ਏ ਇਹਦੀ ਮੁਸਕਰਾਹਟ ਜਿਹੜੀ ਪਿੰਗ ਚੈਨ ਦੀ ਮੁਸਕਰਾਹਟ ਵਰਗੀ ਹੈ। ਅੱਜ ਫੇਰ ਨਵੇਂ ਸਿਰਿਓਂ ਕਿੰਨੀ ਵਾਰ ਤੇਰੀ ਮੁਹੱਬਤ ਦਾ ਸਿਰ ਕਟਿਆ ਜਾ ਰਿਹਾ ਹੈ!
ਮਿੰਨ ਯਿੰਗ, ਆਪਣੇ ਵਤਨ ਮੁੜਨ ਲਈ ਜਦੋਂ ਮੈਂ ਤੇਰੇ ਕੋਲੋਂ ਵਿਛੜਿਆ ਸਾਂ, ਤਾਂ ਤੂੰ ਆਪਣੀ ਨੀਝ ਜਿਡੀ ਲੰਮੀ ਹਥ-ਘੁਟਣੀ ਵਿਚ ਮੈਨੂੰ ਕਿਹਾ ਸੀ, “ਅਸੀਂ ਫੇਰ ਮਿਲਾਂਗੇ, ਆਜ਼ਾਦ ਹਿੰਦੁਸਤਾਨ ਵਿਚ ਮੈਂ ਤੇਰੇ ਕੋਲ ਆਵਾਂਗੀ।”
ਜਦੋਂ ਮੈਂ ਤੇ ਤੂੰ ਹਥ ਘੁਟ ਰਹੇ ਸਾਂ, ਓਦੋਂ ਸਾਡੇ ਦੇਸ ਵਿਚ ਨਹਿਰੂ ਤੇ ਮਾਊਂਟਬੈਟਨ ਹੱਥ ਘੁਟ ਰਹੇ ਸਨ...
ਤੇ ਮੇਰੇ ਘਰ ਪਰਤਣ ਤੱਕ ਮੇਰਾ ਦੇਸ਼ ਆਜ਼ਾਦ ਹੋ ਚੁਕਿਆ ਸੀ।
ਪਰ ਮਿਨ ਯਿੰਗ, ਤੂੰ ਹਾਲੀ ਮੇਰੇ ਦੇਸ ਵਿਚ ਨਹੀਂ ਆ ਸਕਦੀ। ਤੂੰ ਮਿਨ ਯਿੰਗ, ਤੂੰ ਆਜ਼ਾਦੀ ਦੇ ਸੰਗਰਾਮੀਆਂ ਦੀ ਪ੍ਰੀਤਮਾ, ਤੂੰ ਮਲਾਇਆ ਦੀ ਰੂਹ, ਤੂੰ ਇਥੇ ਨਹੀਂ ਆ ਸਕਦੀ।
ਤੇਰੇ ਪ੍ਰੇਮੀਆਂ ਦੇ ਸਿਰ ਕੱਟਣ ਲਈ ਸਾਡੀ ਧਰਤੀ ਉਤੋਂ ਲੰਘ ਕੇ ਹਜ਼ਾਰਾਂ ਗੋਰਖੇ ਤੇਰੇ ਵਤਨ ਵਿਚ ਜਾ ਸਕਦੇ ਨੇ, ਤੇਰੇ ਵਤਨ ਦੀਆਂ ਫ਼ਸਲਾਂ ਉਤੇ ਜ਼ਹਿਰ ਛਿੜਕਣ ਵਾਲੇ ਹਵਾਈ ਜਹਾਜ਼ ਸਾਡੇ ਨੀਲੇ ਅਸਮਾਨ ਵਿਚੋਂ ਉਡ ਸਕਦੇ ਨੇ; ਪਰ ਤੂੰ ਮਿਨ ਯਿੰਗ, ਤੂੰ ਹਾਲੀ ਏਥੇ ਨਹੀਂ ਆ ਸਕਦੀ।
ਤੂੰ ਨਹੀਂ ਆ ਸਕਦੀ ਪਰ ਤੇਰੀ ਕਵਿਤਾ ਦੇ ਬੋਲ ਤੇ ਪਿੰਗ ਚੈਨ ਦੇ ਗੀਤਾਂ ਦੇ ਸੁਰ ਜਲ੍ਹਿਆਂਵਾਲੇ ਦੀ ਧਰਤੀ ਦੇ ਕਵੀਆਂ ਤੇ ਗਵੱਈਆਂ ਕੋਲ ਆ ਗਏ ਹਨ। ਤੂੰ ਨਹੀਂ ਆ ਸਕਦੀ, ਪਰ ਗਨਪਤੀ ਦੇ ਦੇਸ ਦੇ ਲੋਕਾਂ ਨੇ ਤੇਰੇ ਪ੍ਰੇਮੀਆਂ ਦੇ ਕੱਟੇ ਹੋਏ ਸਿਰ ਤਕ ਲਏ ਨੇ। ਮੇਰੇ ਦੇਸ ਦੀਆਂ ਹੀਰਾਂ ਨੇ ਇਨ੍ਹਾਂ ਵਿਚ ਆਪਣੇ ਰਾਂਝੇ ਪਛਾਣ ਲਏ ਨੇ। ਮੇਰੇ ਦੇਸ਼ ਦੇ ਗਭਰੂਆਂ ਨੇ ਇਨ੍ਹਾਂ ਕੱਟੇ ਹੋਏ ਸਿਰਾਂ ਵਿਚ ਆਪਣੇ ਯਾਰ ਤੇ ਬਿਰਧਾਂ ਨੇ ਇਨ੍ਹਾਂ ਵਿਚ ਆਪਣੇ ਪੁੱਤਰ ਲਭ ਲਏ ਨੇ। ਮੇਰੇ ਦੁਧ ਪੀਂਦੇ ਬੱਚੇ ਨੇ ਤੇਰੇ ਪਿੰਗ ਚੈਨ ਦਾ ਕਟਿਆ ਹੋਇਆ ਸਿਰ ਤਕਿਆ ਏ ਤੇ ਉਹ ਦੁਧ ਦਾ ਗਲਾਸ ਭੁਲ ਗਿਆ ਏ।
ਤੇਰੇ ਪ੍ਰੇਮੀਆਂ ਦੇ ਕਟੇ ਹੋਏ ਸਿਰਾਂ ਦੀ ਕਹਾਣੀ ਸੁਣ ਕੇ ਮੇਰੇ ਬੋਲ ਲਲਕਾਰ ਉਠੇ ਨੇ:
“ਪਿੰਗ ਚੈਨ ਦਾ ਸਿਰ ਕੱਟਣ ਲਈ ਗਨਪਤੀ ਦੇ ਦੇਸ ਵਿਚੋਂ ਗੋਰਖੇ ਨਹੀਂ ਜਾਣ ਦਿਆਂਗੇ। ਜ਼ਹਿਰ ਦੀਆਂ ਪਿਚਕਾਰੀਆਂ ਲੱਦੇ ਜਹਾਜ਼ ਨਹੀਂ, ਹੁਣ ਤੋਂ ਸਾਡੇ ਨੀਲੇ ਅਸਮਾਨਾਂ ਵਿਚ ਅਮਨ ਦੀਆਂ ਘੁਗੀਆਂ ਉਡਿਆ ਕਰਨਗੀਆਂ।”
...ਤੇ ਇਕ ਦਿਨ ਤੂੰ ਮੇਰੇ ਕੋਲ ਆਵੇਂਗੀ, ਇਕ ਦਿਨ ਤੂੰ ਆਜ਼ਾਦ ਹਿੰਦੁਸਤਾਨ ਵਿਚ ਜ਼ਰੂਰ ਆਵੇਂਗੀ, ਮਿਨ ਯਿੰਗ!
[1952]