Mangde Haan Roti, Dende Ne Golian (Punjabi Story) : Navtej Singh
ਮੰਗਦੇ ਹਾਂ ਰੋਟੀ, ਦੇਂਦੇ ਨੇ ਗੋਲੀਆਂ (ਕਹਾਣੀ) : ਨਵਤੇਜ ਸਿੰਘ
ਵਿਸਾਖ ਦੇ ਪੂਰੇ ਦਸ ਦਿਨ ਲੰਘ ਚੁੱਕੇ ਸਨ। ਕਣਕਾਂ ਨੂੰ ਦਾਤ੍ਰੀ ਹੁਣੇ ਹੁਣੇ ਪਈ ਸੀ। ਸਾਹਮਣੇ ਦੂਰ-ਦੂਰ ਤੱਕ ਸਿਟਿਆਂ ਦਾ ਇਕ ਸੁਨਹਿਰਾ ਜਿਹਾ ਹੜ੍ਹ ਸੀ, ਤੇ ਵਿਚ ਵਿਚ ਸੁਰਖ਼ਰੂ ਹੋਈਆਂ ਪੈਲੀਆਂ ਦਾ ਸਖਣਾ-ਪਣ ਭਰੀਆਂ ਨਾਲ ਵਸਿਆ ਹੋਇਆ। ਬਾਗ਼ਾਂ ਵਿਚੋਂ ਉੱਡ ਕੇ ਅੰਬਾਂ ਦੇ ਬੂਰ ਦੀ ਮਹਿਕ ਆ ਰਹੀ ਸੀ, ਤੇ ਇਸ ਮਹਿਕ ਵਿਚ ਸ਼ਰੀਹਾਂ ਦੀ ਸੁਗੰਧ ਵੀ ਰਲੀ ਹੋਈ ਸੀ।
ਮੇਰੀ ਬਾਰੀ ਨਾਲ ਲੱਗੀ ਵੇਲ, ਇੰਜ ਜਾਪਦਾ ਸੀ, ਜਿਵੇਂ ਮੇਰੇ ਤਕਦਿਆਂ ਤਕਦਿਆਂ ਹੀ ਸੂਹੇ ਸੰਧੂਰੀ ਫੁੱਲਾਂ ਨਾਲ ਚਾਨਚਕ ਭਖ ਪਈ ਸੀ। ਇਹ ਫਲ ਅਣਗਿਣਤ ਕੰਨਾਂ ਵਾਂਗ ਖੜੋਤੇ, ਨਵੀਂ ਰੁੱਤ ਦੀਆਂ ਸੋਆਂ ਲੈ ਰਹੇ ਸਨ।
ਦੂਰੋਂ ਕਿਸੇ ਭਾਗਾਂ-ਭਰੇ ਅੰਬਾਂ ਤੋਂ ਇਸ ਰੁੱਤੇ ਕੋਇਲ ਦੀ ਪਹਿਲੀ ਕੂਕ ਮੈਨੂੰ ਸੁਣਾਈ ਦਿੱਤੀ।
ਅਛੋਪਲੇ ਹੀ ਮੇਰੀ ਵਹੁਟੀ ਮੇਰੇ ਕੋਲ ਆ ਗਈ, ਤੇ ਜਿਵੇਂ ਕੋਇਲ ਦੀ ਪਹਿਲੀ ਕੂਕ ਨੇ, ਜਾਂ ਅੰਬਾਂ ਦੇ ਬੂਰ ਤੇ ਸ਼ਰੀਹਾਂ ਦੀ ਰਲੀ ਮਿਲੀ ਸੁਗੰਧ ਨੇ ਉਹਦੇ ਅੰਦਰ ਕੁਝ ਜਗਾ ਦਿੱਤਾ, ਉਹ ਆਪਣੇ ਔਣ ਵਾਲੇ ਬਾਲ ਦੀਆਂ ਗੱਲਾਂ ਕਰਨ ਲੱਗ ਪਈ।
“ਤੁਹਾਨੂੰ ਕਿਹੜਾ ਵੱਧ ਚੰਗਾ ਲੱਗੇਗਾ—ਕੁੜੀ ਜਾਂ ਮੁੰਡਾ? ਨਾਂ ਕੀ ਰੱਖਾਂਗੇ? ਕੂਕੂ ਕਿਹੋ ਜਿਹਾ ਨਾਂ ਏਂ?”
ਨਾਲ ਨਾਲ ਉਹ ਇਕ ਬੜਾ ਨਿੱਕਾ ਜਿਹਾ ਗਲਾਫ਼ ਕੱਢ ਰਹੀ ਸੀ, “ਗਲਾਫ਼ ਦਾ ਕੱਪੜਾ ਠੀਕ ਨਰਮ ਏ ਨਾ? ਇਹਦੇ ਉੱਤੇ ਫੁੱਲ ਕਿਹੜੇ ਰੰਗ ਨਾਲ ਕੱਢਾਂ?”
ਮੈਨੂੰ ਜਾਪਿਆ ਜਿਵੇਂ ਵੇਲ ਨੇ ਵੀ ਮੇਰੇ ਉਹਦੇ ਇਸ ਭੇਤ ਨੂੰ ਸੁਣ ਲਿਆ ਸੀ। ਮੈਨੂੰ ਆਪਣੀ ਵਹੁਟੀ ਕੋਲੋਂ ਇਕ ਅਨੋਖੀ ਜਿਹੀ ਖੁਸ਼ਬੂ ਆਈ, ਅਜਿਹੀ ਪਹਿਲਾਂ ਕਦੇ ਨਹੀਂ ਸੀ ਆਈ। ਹਰ ਰਚਨਾ ਦੀ ਆਪਣੀ ਇਕ ਉਚੇਚੀ ਖੁਸ਼ਬੋ ਹੁੰਦੀ ਹੈ—ਅੰਬਾਂ ਤੋਂ ਪਹਿਲਾਂ ਬੂਰ ਦੀ ਖੁਸ਼ਬੋ, ਪਕਣ ਤੋਂ ਪਹਿਲਾਂ ਕਣਕ ਦੇ ਸਿਟਿਆਂ ਦੀ ਖੁਸ਼ਬੋ, ਹਰ ਫਲ ਤੋਂ ਪਹਿਲਾਂ ਫੁੱਲਾਂ ਦੀ ਖੁਸ਼ਬੋ,...ਤੇ ਰਚਨਾ ਦੀ ਸੋਅ ਦੇਂਦੀ ਅਜਿਹੀ ਇਕ ਖੁਸ਼ਬੋ ਮੈਨੂੰ ਓਹਦੇ ਕੋਲੋਂ ਆਉਂਦੀ ਰਹੀ।
ਏਸ ਭਿੰਨੀ ਖੁਸ਼ਬੋ ਉੱਤੇ ਜਿਵੇਂ ਇਕ ਭਿਆਨਕ ਸੜਿਹਾਨ ਧਾਵਾਂ ਬੋਲ ਦਏ— ਕੋਈ ਅਖ਼ਬਾਰ ਮੈਨੂੰ ਦੇ ਗਿਆ। ਕੂਚ ਬਿਹਾਰ ਤੋਂ ਖ਼ਬਰ ਸੀ:
ਰੋਟੀ ਮੰਗਦੇ ਜਲੂਸ ਉੱਤੇ ਗੋਲੀ। ਕੂਚ ਬਿਹਾਰ ਵਿਚ ਚੌਲ ਸੱਤਰ ਰੁਪਏ ਮਣ ਹੋ ਗਏ ਸਨ, ਲੋਕਾਂ ਕੱਠੇ ਹੋ ਕੇ ਕੰਟਰੋਲ ਦੇ ਭਾ ਉੱਤੇ ਚੌਲ ਮੰਗੇ ਸਨ, ਤੇ ਹਾਕਮਾਂ ਗੋਲੀ ਚਲਾ ਦਿੱਤੀ ਸੀ।
ਏਸੇ ਖ਼ਬਰ ਦੇ ਨਾਲ ਹੀ ਇਕ ਹੋਰ ਖ਼ਬਰ ਛਪੀ ਸੀ:
ਜਲ੍ਹਿਆਂਵਾਲੇ ਬਾਗ ਵਿਚ ਸ਼ਾਨਦਾਰ ਯਾਦਗਾਰ ਬਣਾਨ ਲਈ ਟਰੱਸਟ।
ਜਿਸ ਮਹੀਨੇ ਡਾਇਰ ਨੇ ਗੋਲੀਆਂ ਚਲਾਈਆਂ ਸਨ, ਓਸੇ ਮਹੀਨੇ ਗੋਲੀਆਂ ਚਲਾ ਕੇ ਕੂਚ ਬਿਹਾਰ ਵਿਚ ਜਲ੍ਹਿਆਂਵਾਲੇ ਦੀ ਯਾਦ ਮਨਾਈ ਜਾ ਰਹੀ ਸੀ!
ਕੂਚ ਬਿਹਾਰ ਵਿਚ ਇਕ ਸੱਤਾਂ ਵਰ੍ਹਿਆਂ ਦੇ ਬਾਲ ਨੂੰ ਗੋਲੀ ਵੱਜੀ ਸੀ, ਪੰਦਰਾਂ ਤੇ ਸੋਲ੍ਹਾਂ ਵਰ੍ਹਿਆਂ ਦੀਆਂ ਦੋ ਕੁੜੀਆਂ ਨੂੰ ਗੋਲੀ ਵੱਜੀ ਸੀ, ਪੰਦਰਾਂ ਵਰ੍ਹਿਆਂ ਦੇ ਇਕ ਮੁੰਡੇ ਨੂੰ ਗੋਲੀ ਵੱਜੀ ਸੀ, ਵੀਹ ਤੇ ਬਾਈ ਵਰ੍ਹਿਆਂ ਦੇ ਦੋ ਗਭਰੂਆਂ ਨੂੰ ਗੋਲੀ ਵੱਜੀ ਸੀ।
ਮੇਰੀ ਬਾਰੀ ਨਾਲ ਪਲਮੀ ਵੇਲ ਦੇ ਅਣਗਿਣਤ ਕੰਨਾਂ ਨੇ ਇਹ ਸੁਣ ਲਿਆ, ਤੇ ਮੇਰੇ ਗਲ ਨਾਲ ਕੰਬਦੀ ਮੇਰੀ ਵਹੁਟੀ ਨੇ ਇਹ ਸੁਣ ਲਿਆ, ਤੇ ਸ਼ਰੀਹਾਂ ਦੀ ਸੁਗੰਧ ਵਿਚ ਬਰੂਦ ਦੀ ਸੜਿਹਾਂਦ ਗਡ-ਮਡ ਹੋ ਗਈ, ਭੁੱਖਿਆਂ ਦਾ ਲਹੂ ਸਾਹਮਣੀਆਂ ਕਣਕਾਂ ਦੇ ਸੁਨਹਿਰੇ ਹੜ੍ਹ ਦਾ ਰੰਗ ਵਟਾ ਗਿਆ।
ਸੁਰੇਸ਼ ਤਾਲੁਕਦਾਰ! ਮਸੂਮ ਜ਼ਿੰਦਗੀ ਦੀਆਂ ਭੁੱਖ-ਸਤਾਈਆਂ ਸਤ ਬਹਾਰਾਂ ਤੂੰ ਹਾਲੀ ਤਕੀਆਂ ਨਹੀਂ ਸਨ! ਚੀਂਝੋ, ਬੰਟੇ, ਗੁਲੀ ਡੰਡਾ—ਜਦੋਂ ਖੁਸ਼ੀ ਦੇ ਇਨ੍ਹਾਂ ਖਜ਼ਾਨਿਆਂ ਦੇ ਦਰ ਭੁੱਖ ਨੇ ਏਡੀ ਕਾਹਲੀ ਤੇਰੇ ਲਈ ਭੀੜ ਦਿੱਤੇ, ਤਾਂ ਤੂੰ ਆਪਣੇ ਸ਼ਹਿਰ ਦੀ ਵੱਡੀ ਸੜਕ ਉੱਤੇ ਲੋਕਾਂ ਦੀ ਭੀੜ ਨਾਲ ਚੌਲ ਮੰਗਣ ਨਿਕਲ ਆਇਓਂ। ਤੇ ਉਨ੍ਹਾਂ ਤੇਰੀ ਹਿੱਕ ਵਿਚ ਗੋਲੀ ਦਾਗ ਦਿੱਤੀ। ਤੇਰੀ ਮਾਂ ਲਾਡ ਨਾਲ ਤੇਰਾ ਕੀ ਨਾਂ ਬੁਲਾਂਦੀ ਹੁੰਦੀ ਸੀ? ਕੀ ਤੇਰੇ ਸਿਰ ਲਈ ਇਹ ਸੜਕ ਠੀਕ ਸਰਹਾਣਾ ਏਂ, ਜਿਦ੍ਹਾ ਸਲੇਟੀ ਗਲਾਫ਼ ਅੱਜ ਇਨ੍ਹਾਂ ਨੇ ਮੁੰਡਿਆਂ ਕੁੜੀਆਂ ਦੇ ਲਹੂ ਦੇ ਰੰਗ ਨਾਲ ਕੱਢਿਆ ਹੈ?
ਕਬੀਤਾ ਬਾਸੂ! ਮੈਂ ਤੈਨੂੰ ਕਦੇ ਨਹੀਂ ਤਕਿਆ, ਪਰ ਤੂੰ ਮੇਰੀ ਸਭ ਤੋਂ ਛੋਟੀ ਭੈਣ ਅਨੂੰ ਜਿੱਡੀ ਏਂ! ਤੇਰੇ ਵਾਲ ਜ਼ਰੂਰ ਉਹਦੇ ਵਾਲਾਂ ਵਾਂਗ ਹੀ ਡੂੰਘੇ ਕਾਲੇ ਤੇ ਲੰਮੇ ਹੋਣਗੇ। ਤੂੰ ਵੀ ਉਹਦੇ ਵਾਂਗ ਆਪਣੀਆਂ ਮੋਟੀਆਂ ਕਾਲੀਆਂ ਅੱਖਾਂ ਵਿਚ ਕੱਜਲ ਪਾਂਦੀ ਹੋਵੇਗੀ। ਕੁਝ ਵਰ੍ਹੇ ਪਹਿਲਾਂ ਤੂੰ ਵੀ ਕਿਸੇ ਸਹੇਲੀ ਦੇ ਗੁੱਡੇ ਨਾਲ ਆਪਣੀ ਗੁੱਡੀ ਦਾ ਵਿਆਹ ਰਚਾਇਆ ਹੋਣਾ ਏਂ। ਕੁਝ ਚਿਰ ਤੋਂ ਤੈਨੂੰ ਵੀ ਉਹਦੇ ਵਾਂਗ ਵਿਆਹ ਦੇ ਲਫ਼ਜ਼ ਤੋਂ ਲਾਜ ਆਣ ਲੱਗ ਪਈ ਹੋਏਗੀ। ਕਬੀਤਾ! ਤੂੰ ਭੁੱਖ ਲੱਗਣ ਤੇ ਆਪਣੀ ਮਾਂ ਕੋਲੋਂ ਕੁਝ ਖਾਣ ਲਈ ਮੰਗਿਆ, ਜਿਵੇਂ ਅਨੂੰ ਸਾਡੀ ਮਾਂ ਕੋਲੋਂ ਮੰਗਦੀ ਹੁੰਦੀ ਏ, ਤੇ ਤੇਰੀ ਮਾਂ ਦੀਆਂ ਅੱਖਾਂ ਵਿਚੋਂ ਗਲੇਡੂ ਡਿਗ ਪਏ। ਬਾਹਰ ਸੜਕ ਉੱਤੇ ਤੁਸਾਂ ਲੋਕਾਂ ਦੇ ਨਾਹਰੇ ਸੁਣੇ: “ਚੌਲ ਕੱਢੋ, ਗੱਦੀ ਛੱਡੋ”। ਤੇ ਤੂੰ ਤੇ ਤੇਰੀ ਮਾਂ ਲੋਕਾਂ ਨਾਲ ਜਾ ਰਲੇ। ਤੇ ਉਨ੍ਹਾਂ ਤੈਨੂੰ ਗੋਲੀ ਮਾਰ ਦਿੱਤੀ। ਮੇਰੀ ਭੈਣ ਵਰਗੇ ਤੇਰੇ ਕਾਲੇ ਤੇ ਲੰਮੇ ਵਾਲਾਂ ਵਿਚ ਲਹੂ ਦੀ ਤਤੀਰੀ ਛੁਟ ਪਈ, ਪਰ ਫੇਰ ਵੀ ਜਿੰਦ ਦਾ ਫੁੱਲ ਤੇਰੇ ਅੰਦਰ ਪੂਰੀ ਤਰ੍ਹਾਂ ਮਰੁੰਡਿਆ ਨਾ ਗਿਆ, ਤੇ ਉਨ੍ਹਾਂ ਤੈਨੂੰ ਸੰਗੀਨਾਂ ਨਾਲ ਕੋਹਿਆ। ਕਬੀਤਾ! ਤੂੰ ਉਹ ਸੰਗੀਨ ਆਪਣੇ ਪਿੰਡੇ ਉੱਤੇ ਅੱਗੋਂ-ਵਾਲੀ ਬੋਚੀ ਹੈ, ਜਿਹੜੀ ਅਨੂੰ ਉੱਤੇ, ਸਾਡੀਆਂ ਸਭਨਾਂ ਦੀਆਂ ਭੈਣਾਂ ਉੱਤੇ ਉਲਰ ਰਹੀ ਹੈ। ਜੇ ਅਸਾਂ ਸਭਨਾਂ ਰਲ ਕੇ ਇਨ੍ਹਾਂ ਦੇ ਹੱਥ ਨਾ ਰੋਕੇ ਤਾਂ ਸਭਨਾਂ ਦੀਆਂ ਭੈਣਾਂ ਨੂੰ ਭੁੱਖ, ਗੁੱਡੀ ਗੁੱਡਿਆਂ ਦੇ ਵਿਆਹ ਤੋਂ ਝੰਜੋੜ ਕੇ, ਸੜਕਾਂ ਉੱਤੇ ਲੈ ਆਏਗੀ, ਤੇ ਸਾਡੀਆਂ ਮਾਵਾਂ, ਜਿਨ੍ਹਾਂ ਨੂੰ ਸਾਡੀਆਂ ਭੈਣਾਂ ਦੇ ਵਿਆਹ ਦੀ ਸਿਕ ਏ, ਸਿਰਫ਼ ਧੀਆਂ ਦੇ ਕਾਲੇ ਲੰਮੇ ਵਾਲ ਲਹੂ ਵਿਚ ਲਥ-ਪਥ ਹੀ ਤਕ ਸਕਣਗੀਆਂ।
ਮਿਠੇ ਸੋਲ੍ਹਾਂ ਵਰ੍ਹਿਆਂ ਦੀ ਬੰਦਨਾ ਤਾਲੁਕਦਾਰ! ਤੂੰ ਹੁਣੇ ਜਵਾਨੀ ਦੀਆਂ ਬਰੂਹਾਂ ਤੇ ਪੁੱਜੀ ਸੈਂ, ਤੇ ਇਨ੍ਹਾਂ ਬਰੂਹਾਂ ਅੰਦਰ ਮਨੁੱਖੀ ਜ਼ਿੰਦਗੀ ਦੇ ਸਭ ਤੋਂ ਸੁਹਾਨੇ ਪਲ ਤੇਰੀ ਜੱਫੀ ਵਿਚ ਆਣ ਵਾਲੇ ਸਨ। ਤੇ ਇਨ੍ਹਾਂ ਪਲਾਂ ਨੂੰ ਗੋਲੀ ਮਾਰ ਦਿੱਤੀ ਗਈ! ਕਵੀ ਟੈਗੋਰ ਦੀਆਂ ਗੰਵੀਆਂ ਹੱਥ-ਘੁਟਣੀਆਂ ਨੂੰ ਗੋਲੀ ਮਾਰ ਦਿੱਤੀ ਗਈ, ਅੱਖ-ਤਕਣੀਆਂ ਤੇ ਪੀਆ-ਮਿਲਣੀਆਂ ਨੂੰ ਗੋਲੀ ਮਾਰ ਦਿੱਤੀ ਗਈ!
ਸਤੀਸ਼ ਦੇਬਨਾਥ! ਤੇਰਾ ਸੋਲ੍ਹਵਾਂ ਜਨਮ-ਦਿਨ ਔਣ ਵਾਲਾ ਸੀ, ਤੇ ਤੇਰੇ ਮੁਲਕ ਦੇ ਮਾਲਕਾਂ ਨੇ ਤੈਨੂੰ ਭੁੱਖ ਦੀ ਸੁਗਾਤ ਦਿੱਤੀ, ਬੰਦੂਕ ਦੀ ਇਕ ਗੋਲੀ ਭੇਟ ਕੀਤੀ। ਬਾਦਲ ਬਿਸਵਾਸ, ਮਹਾਂਬੀਰ ਕਾਂਜੀਲਾਲ—ਵੀਹ ਤੇ ਬਾਈ ਵਰ੍ਹਿਆਂ ਦੇ ਸਾਥੀਓ ਤੁਸੀਂ ਇਹ ਸਭ ਕੁਝ ਸਮਝਦੇ ਸੌ, ਤੁਸੀਂ ਇਨ੍ਹਾਂ ਕਾਤਲਾਂ ਦੇ ਨੈਣ ਨਕਸ਼ਾਂ ਤੋਂ ਵਾਕਫ਼ ਸੌ। ਤੇ ਇਨ੍ਹਾਂ ਤੁਹਾਨੂੰ ਰਾਤ ਦੇ ਹਨੇਰੇ ਵਿਚ ਨਹੀਂ, ਕਿਸੇ ਜੰਗਲ ਬੀਆਬਾਨ ਵਿਚ ਨਹੀਂ, ਸਗੋਂ ਚਿੱਟੇ ਦਿਹਾੜੇ ਤੁਹਾਡੇ ਸ਼ਹਿਰ ਦੀ ਸਭ ਤੋਂ ਵੱਡੀ ਸੜਕ ਉੱਤੇ ਮਰਵਾਇਆ ਹੈ। ਅਖ਼ਬਾਰਾਂ ਦੇ ਪੱਤ੍ਰ-ਪ੍ਰੇਰਕਾਂ, ਤੇ ਫ਼ੋਟੋਗਰਾਫ਼ਰਾਂ ਦੇ ਸਾਹਮਣੇ ਮਰਵਾਇਆ ਹੈ! ਤੁਹਾਨੂੰ ਛੇਆਂ ਨੂੰ ਮਾਰ ਕੇ ਇਨ੍ਹਾਂ ਵਿਚੋਂ ਕੋਈ ਨੱਠਿਆ ਨਹੀਂ, ਲੁਕਿਆ ਨਹੀਂ, ਮਫ਼ਰੂਰ ਨਹੀਂ ਹੋਇਆ, ਸਗੋਂ ਇਹ ਕਾਰਨਾਮਾ ਮੁਲਕ ਦੀ ਸਭ ਤੋਂ ਵੱਡੀ ਪਾਰਲੀਮੈਂਟ ਵਿਚ ਸੁਣਾਇਆ ਗਿਆ ਹੈ।
ਦੱਸਿਆ ਗਿਆ ਹੈ: ਜਿਥੇ ਤੁਸੀਂ ਛੇ ਮਾਰੇ ਗਏ, ਓਥੇ ਕੁਝ ਪੁਲਸੀਆਂ ਤੇ ਸਰਕਾਰੀ ਅਫ਼ਸਰਾਂ ਨੂੰ ਵੀ ਸੱਟ ਫੇਟ ਆਈ ਹੈ। ਤੁਸੀਂ ‘ਚੌਲ ਕੱਢੋ ਜਾਂ ਗੱਦੀ ਛਡੋ’ ਵਰਗੇ ਬਾਗ਼ੀ ਨਾਹਰੇ ਲਾਏ ਸਨ, ਤੁਸਾਂ ਤੇ ਡੂੰਘੇ ਕਾਲੇ ਲੰਮੇ ਵਾਲਾਂ ਵਾਲੀ ਕਬੀਤਾ ਤੇ ਸੱਤਾਂ ਸਾਲਾਂ ਦੇ ਸੁਰੇਸ਼ ਨੇ ਰਲ ਕੇ ਸੈਆਂ ਬੰਦੂਕਾਂ ਵਾਲਿਆਂ ਉੱਤੇ ਹਮਲਾ ਕਰ ਦਿੱਤਾ ਸੀ। ਸੋ ਅਮਨ ਦੀ ਰਾਖੀ ਲਈ ਮਜਬੂਰ ਹੋ ਕੇ ਤੁਹਾਡੇ ਉੱਤੇ ਗੋਲੀ ਚਲਾਣੀ ਪਈ ਸੀ। ਤੇ ਏਨਾ ਕੁ ਦੱਸ ਕੇ ਤੁਹਾਡੇ ਦੇਸ਼ ਦੇ ਇਕ ਮੰਤਰੀ ਜੀ ਤੁਹਾਨੂੰ ਭੁੱਲ ਜਾਣਾ ਚਾਂਹਦੇ ਹਨ। ਚੋਣਾਂ ਆ ਰਹੀਆਂ ਹਨ, ਉਹਦੇ ਲਈ ਉਨ੍ਹਾਂ ਕੋਈ ਜੋੜ ਤੋੜ ਕਰਨ ਜਾਣਾ ਹੈ। ਉਨ੍ਹਾਂ ਅਛੂਤ-ਸੁਧਾਰ ਜਾਂ ਵਿਧਵਾ-ਵਿਆਹ ਉੱਤੇ ਕਹਾਣੀ ਲਿਖਣੀ ਹੈ—ਉਹ ਸਿਰਫ਼ ਜੇਲ੍ਹਾਂ ਵਿਚ ਹੀ ਨਹੀਂ ਡਕਦੇ, ਤੇ ਗੋਲੀਆਂ ਹੀ ਨਹੀਂ ਚਲਵਾਂਦੇ, ਕਹਾਣੀਆਂ ਵੀ ਲਿਖਦੇ ਹੁੰਦੇ ਹਨ!
ਤੇ ਇਹ ਦੂਜੇ ਮੰਤ੍ਰੀ ਵੀ ਤੁਹਾਨੂੰ ਭੁੱਲ ਜਾਣਾ ਚਾਂਹਦੇ ਹਨ। ਉਨ੍ਹਾਂ ਅਮਰੀਕੀ ਸਫ਼ੀਰ ਦੀ ਪਾਰਟੀ ਉੱਤੇ ਜਾਣਾ ਹੈ। ਤੇ ਸੋਮਨਾਥ ਦੇ ਮੰਦਰ ਦੀ ਉਸਾਰੀ ਲਈ ਅੱਜ ਦੇ ਗਜ਼ਨੀਆਂ ਕੋਲੋਂ ਰੁਪਏ ਇਕੱਠੇ ਕਰਨੇ ਹਨ ਤੇ ਫੇਰ ਘਰ ਆ ਕੇ ਰਾਤ ਨੂੰ ਪੁਰਾਤਨ ਭਾਰਤ ਦੀ ਮਹਾਨ ਪਰਮਪਰਾ ਦਰਸਾਣ ਲਈ ਕੋਈ ਨਾਵਲ ਲਿਖਣਾ ਹੈ—ਇਹ ਵੀ ਬੜੇ ਪ੍ਰਸਿੱਧ ਲੇਖਕ ਹਨ!
ਪਰ ਸਾਡਾ ਦੇਸ ਇਨ੍ਹਾਂ ਦੋ ਲੇਖਕਾਂ—ਜਿਨ੍ਹਾਂ ਕਲਮ ਛੱਡ ਕੇ ਬੰਦੂਕਾਂ ਨਾਲ ਲਿਖਣਾ ਸ਼ੁਰੂ ਕਰ ਦਿੱਤਾ ਹੈ—ਤੇ ਉਨ੍ਹਾਂ ਦੇ ਲਾਣੇ ਨਾਲ ਹੀ ਨਹੀਂ ਮੁੱਕ ਜਾਂਦਾ। ਸਾਡੇ ਦੇਸ ਵਿਚ ਮਹਾਨ ਲੋਕ ਵਸਦੇ ਹਨ, ਮਨੁੱਖੀ ਕਲਮਾਂ ਨਾਲ ਲਿਖਣ ਵਾਲੇ ਨਿੱਕੇ ਵੱਡੇ ਲਿਖਾਰੀ ਵਸਦੇ ਹਨ, ਮਾਂ ਪਿਓ, ਭੈਣ ਭਰਾ, ਪ੍ਰੇਮਕਾਵਾਂ ਤੇ ਪ੍ਰੇਮੀ ਵਸਦੇ ਹਨ, ਖੇਤਾਂ, ਕਾਰਖਾਨਿਆਂ ਵਿਚੋਂ ਔਂਦੀ ਰਚਨਾ ਦੀ ਖੁਸ਼ਬੋ ਵਸਦੀ ਹੈ, ਗਰਭਵਤੀਆਂ ਮਾਵਾਂ ਦੀ ਮਹਿਕ ਵਸਦੀ ਹੈ, ਅੰਬਾਂ ਦਾ ਬੂਰ ਤੇ ਕੋਇਲਾਂ ਦੀ ਕੂਕ ਵਸਦੀ ਹੈ। ਤੇ ਅਸੀਂ ਸਾਰੇ ਤੁਹਾਨੂੰ ਛੇਆਂ ਨੂੰ ਅੱਜ ਗਲ ਨਾਲ ਲਾਂਦੇ ਹਾਂ, ਤੁਹਾਡੇ ਮਸੂਮ ਤੇ ਨੇਕ ਜਿਸਮਾਂ ਨੂੰ ਮੌਤ ਵੀ ਸਖ਼ਤ ਨਹੀਂ ਕਰ ਸਕੀ।
ਅਸੀਂ ਸਾਰੇ ਉਨ੍ਹਾਂ ਸਭਨਾਂ ਨੂੰ ਨਸ਼ਰ ਕਰਾਂਗੇ ਜਿਨ੍ਹਾਂ ਸਾਡੇ ਦੇਸ ਦੀ ਸਮੁੱਚੀ ਰਚਨਾ ਉਜਾੜਨ ਲਈ ਵਰ੍ਹਿਆਂ ਤੋਂ ਕਈ ਤਰ੍ਹਾਂ ਦੇ ‘ਟਿੱਡੀ ਦਲ’ ਪਾਲ ਰੱਖੇ ਹਨ। ਅਸੀਂ ਸਾਰੇ ਰਲ ਕੇ ਕਾਤਲ ਹੱਥਾਂ ਉੱਤੇ ਤੁਹਾਡਾ ਲਹੂ ਉਘਾੜਾਂਗੇ।
ਸੁਰੇਸ਼, ਕਬੀਤਾ ਤੇ ਬੰਦਨਾ, ਸਤੀਸ਼, ਬਾਦਲ ਤੇ ਮਹਾਂਬੀਰ! ਕੂਚ ਬਿਹਾਰ ਦੀਆਂ ਸੜਕਾਂ ਉੱਤੇ ਡੁੱਲ੍ਹੇ ਤੁਹਾਡੇ ਲਹੂ ਨੂੰ ਲੱਖਾਂ ਕਰੋੜਾਂ ਪੈਰਾਂ ਦੀ ਆਵਾਜਾਈ ਵੀ ਨਹੀਂ ਮੇਸ ਸਕੇਗੀ, ਤੇ ਜਦੋਂ ਤੱਕ ਤੁਹਾਡੇ ਲਹੂ ਨਾਲ ਸਿੰਜੀ ਭੌਂ ਵਿਚੋਂ ਰਜੇਂਵੇ, ਆਜ਼ਾਦੀ ਤੇ ਅਮਨ ਦੇ ਫੁੱਲ ਨਹੀਂ ਉੱਗ ਪੈਂਦੇ, ਓਦੋਂ ਤੱਕ ਅਸੀਂ ਤੁਹਾਡੀ ਯਾਦ ਨੂੰ ਇਕ ਸਦੀਵੀ ਪਹਿਰੇਦਾਰ ਵਾਂਗ ਹਰ ਥਾਂ ਲਿਆ ਕੇ ਖੜਿਆਂ ਕਰ ਦਿਆ ਕਰਾਂਗੇ।...
[1951]