Mangtu Safai Wala (Hindi Story in Punjabi): Mangru Bansphor
ਮੰਗਤੂ ਸਫਾਈ ਵਾਲਾ (ਹਿੰਦੀ ਕਹਾਣੀ) : ਮੰਗਰੂ ਬਾਂਸਫੋਰ
ਸੁਣਿਆ ਹੈ, ਸਾਡਾ ਦੇਸ਼ ਹਰ ਪਾਸੇ ਬੜੀ ਤਰੱਕੀ ਕਰ ਰਿਹਾ ਹੈ। ਸਾਡਾ ਜਿਉਣ ਢੰਗ ਬਦਲ ਰਿਹਾ ਹੈ। ਇਸ ਤਰੱਕੀ ਪਸੰਦ ਦੇਸ਼ ਵਿਚ ਇੱਕ ਨੌਜਵਾਨ ਰਹਿੰਦਾ ਹੈ - ਮੰਗਤੂ ਸਫਾਈ ਵਾਲਾ। ਸਫਾਈ ਕਰਮਚਾਰੀ ਮੰਗਤੂ ਨਗਰਪਾਲਿਕਾ ਵਿੱਚ ਕੰਮ ਕਰਦਾ ਹੈ। ਸਵੇਰੇ ਸਾਢੇ ਸੱਤ ਵਜੇ ਉਹ ਭੱਜਿਆ-ਨੱਸਿਆ ਨਗਰਪਾਲਿਕਾ ਦਫਤਰ ਪਹੁੰਚਦਾ ਹੈ । ਉਥੇ ਦੱਸਿਆ ਜਾਂਦਾ ਹੈ ਕਿ ਸ਼ਹਿਰ ਦੀਆਂ ਕਿਹੜੀਆਂ-ਕਿਹੜੀਆਂ ਥਾਵਾਂ ਦਾ ਕੂੜਾ ਉਸ ਨੇ ਸਾਫ ਕਰਨਾ ਹੈ । ਉਹ ਆਪਣੇ ਕੰਮ ਕਰਨ ਵਾਲੇ ਸਾਥੀਆਂ ਨਾਲ ਤੁਰ ਪੈਂਦਾ ਹੈ ।
ਮੰਗਤੂ ਅਤੇ ਉਸ ਦੇ ਤਿੰਨ ਦੋਸਤ ਸ਼ਾਨ ਨਾਲ ਟ੍ਰੈਕਟਰ ਸਵਾਰ ਹੋ ਕੇ ਨਿਕਲਦੇ ਹਨ । ਉਹ ਸ਼ਹਿਰ ਦੇ ਮੁੱਖ ਬਜ਼ਾਰ ਵਿੱਚ ਪਹੁੰਚਦੇ ਹਨ । ਉਥੇ ਕੂੜੇ ਦਾ ਢੇਰ ਉਹਨਾਂ ਨੂੰ ਉਡੀਕ ਰਿਹਾ ਹੈ। ਕੂੜੇ-ਕਚਰੇ ਨੂੰ ਟ੍ਰੈਕਟਰ ਤੇ ਲੱਦਣ ਲਈ ਉਹਨਾਂ ਕੋਲ ਇੱਕ ਕਹੀ, ਇੱਕ ਖੌਂਚਾ, ਦੰਦਿਆਂ ਵਾਲੀ ਕਹੀ ਅਤੇ ਦੋ ਬੱਠਲ ਹਨ। ਜਦੋਂ ਮੰਗਤੂ ਕਹੀ ਨਾਲ ਕੂੜੇ ਨੂੰ ਹਿਲਾਉਂਦਾ ਹੈ ਤਾਂ ਅਜਿਹੀ ਬਦਬੂ ਉਠਦੀ ਹੈ ਕਿ ਨੇੜਲੇ ਦੁਕਾਨਦਾਰ ਅਤੇ ਗਾਹਕ ਆਪਣਾ ਨੱਕ ਘੁੱਟ ਲੈਂਦੇ ਹਨ। ਉਥੇ ਸਾਹ ਲੈਣਾ ਦੁੱਭਰ ਹੋ ਜਾਂਦਾ ਹੈ । ਪਰ ਮੰਗਤੂ ਅਤੇ ਉਸ ਦੇ ਸਾਥੀਆਂ ਨੇ ਤਾਂ ਕੂੜਾ ਹੀ ਚੁੱਕਣਾ ਹੈ।
ਵਕਤ ਥੋੜ੍ਹਾ ਹੈ ਪਰ ਕੰਮ ਬਹੁਤ ਹੈ। ਬਿਨਾਂ ਰੁਕਿਆਂ ਉਹ ਗੰਦਗੀ ਨੂੰ ਟ੍ਰੈਕਟਰ ਉੱਤੇ ਲੱਦਦੇ ਹਨ। ਅਚਾਨਕ ਇਕ ਪੁਰਾਣੀ ਮੇਖ ਮੰਗਤੂ ਦੀ ਤਲੀ ਦੇ ਆਰ-ਪਾਰ ਹੋ ਜਾਂਦੀ ਹੈ । ਮੰਗਤੂ ਕਿਸੇ ਤਰ੍ਹਾਂ ਆਪਣੀ ਚੀਕ ਨੂੰ ਦੱਬ ਕੇ ਮੇਖ ਖਿੱਚ ਲੈਂਦਾ ਹੈ ਅਤੇ ਕੋਲ ਪਏ ਪੁਰਾਣੇ ਲੀੜੇ ਨੂੰ ਆਪਣੇ ਲਹੂ-ਲੁਹਾਣ ਪੈਰ ਤੇ ਬੰਨ੍ਹ ਕੇ ਫਿਰ ਤੋਂ ਕੰਮ ਤੇ ਲੱਗ ਜਾਂਦਾ ਹੈ ।
ਦੁਪਹਿਰ ਤਾਈਂ ਕਈ ਥਾਵਾਂ ਤੋਂ ਕੂੜਾ ਚੁੱਕਣ ਤੋਂ ਬਾਅਦ ਉਹ ਥੱਕਿਆ-ਟੁੱਟਿਆ ਘਰੇ ਪਹੁੰਚਦਾ ਹੈ ਅਤੇ ਕੁਝ ਖਾ ਪੀ ਕੇ ਦੋ ਵਜੇ ਫਿਰ ਕੰਮ ਲਈ ਵਾਪਸ ਮੁੜ ਪੈਂਦਾ ਹੈ ।
ਆਥਣੇ ਘਰ ਮੁੜਦਿਆਂ ਉਹ ਕਰਿਆਨੇ ਦੀ ਦੁਕਾਨ ਤੇ ਜਾਂਦਾ ਹੈ । ਦੁਕਾਨਦਾਰ ਦੇ ਉਲਾਂਭੇ ਸੁਣਦਿਆਂ, ਮੁਸਕਰਾਉਂਦਿਆਂ ਹੋਇਆਂ ਹੱਥ-ਪੈਰ ਜੋੜ ਕੇ ਉਸ ਤੋਂ ਲੋੜ ਜੋਗਾ ਲੂਣ-ਤੇਲ ਮੰਗਦਾ ਹੈ । ਉਸ ਦੀ ਘਰਵਾਲੀ ਵੀ ਕੰਮ ਨਿਬੇੜ ਕੇ ਹੁਣੇ ਘਰੇ ਆਈ ਹੈ। ਘਰਵਾਲੀ ਨੂੰ ਸੌਦਾ-ਪੱਤਾ ਫੜਾ ਕੇ ਉਹ ਪੈਰ ਘੜੀਸਦਾ ਹੋਇਆ ਘਰੋਂ ਬਾਹਰ ਨਿਕਲਦਾ ਹੈ। ਕੀ ਪਤਾ ਉਹ ਸ਼ਰਾਬ ਪੀਣ ਹੀ ਨਾ ਜਾ ਰਿਹਾ ਹੋਏ । ਰਾਹ 'ਚ ਕੁਝ ਸੰਗੀ-ਸਾਥੀ ਵੀ ਮਿਲ ਜਾਂਦੇ ਹਨ। ਹੁਣ ਉਹ ਸ਼ਾਇਦ ਅੱਧੀ ਰਾਤੀਂ ਘਰ ਮੁੜੇ। ਟੁੰਨ ਹੋ ਕੇ।
ਕੁਝ ਇਸ ਤਰ੍ਹਾਂ ਬੀਤਦਾ ਹੈ ਮੰਗਤੂ ਦਾ ਇੱਕ ਦਿਨ । ਪਰ ਇਹ ਇਕੱਲੇ ਮੰਗਤੂ ਦਾ ਇੱਕ ਦਿਨ ਨਹੀਂ ਹੈ। ਬਹੁਤੇ ਸਫਾਈ ਕਰਮੀਆਂ ਦਾ ਇਹੀ ਜੀਵਨ ਹੈ। ਸਾਰਾ ਦਿਨ ਗੰਦਗੀ ਵਿੱਚ ਵੜਕੇ , ਉਸ ਨੂੰ ਸਾਫ ਕਰਦਿਆਂ ਬਦਬੂ ਉਹਨਾਂ ਦੇ ਸਾਹਾਂ ਵਿੱਚ ਰਚ ਜਾਂਦੀ ਹੈ । ਹੱਥ-ਪੈਰ ਜ਼ਖਮੀ ਹੁੰਦੇ ਰਹਿੰਦੇ ਹਨ। ਸਰੀਰ ਦਰਦ ਨਾਲ ਟੁੱਟਦਾ ਰਹਿੰਦਾ ਹੈ । ਸ਼ਾਇਦ ਕਿਸੇ ਅਜਿਹੀ ਘੜੀ ਉਹਨਾਂ ਨੂੰ ਸ਼ਰਾਬ ਦੀ ਲੋੜ ਪੈਂਦੀ ਹੋਏ । ਨਸ਼ੇ ਵਿੱਚ ਥੋੜ੍ਹੇ ਚਿਰ ਲਈ ਸਾਰੀ ਬਦਬੂ ਅਤੇ ਤਕਲੀਫ਼ ਤੋਂ ਮੁਕਤੀ ਮਿਲ ਜਾਂਦੀ ਹੋਵੇਗੀ ।
ਨਗਰਪਾਲਿਕਾ ਤੋਂ ਮਿਲੀ ਨਿਗੁਣੀ ਤਨਖਾਹ ਕੁਝ ਹੀ ਦਿਨਾਂ ਵਿੱਚ ਮੁੱਕ ਜਾਂਦੀ ਹੈ। ਰਹਿੰਦਾ ਸਾਰਾ ਮਹੀਨਾ ਉਧਾਰ ਖਾਤੇ ਨਿਕਲਣਾ ਹੈ। ਇਸ ਨੌਕਰੀ ਆਸਰੇ ਉਹ ਆਪਣੇ ਬੱਚਿਆਂ ਨੂੰ ਕਿੰਝ ਪੜ੍ਹਾ-ਲਿਖਾ ਪਾਉਂਦੇ ਹੋਣਗੇ ? ਦੂਜਿਆਂ ਦੇ ਬੱਚੇ ਸਕੂਲ ਜਾਂਦੇ ਹਨ। ਪੜ੍ਹਦੇ ਹਨ। ਸੁਪਨੇ ਬੁਣਦੇ ਹਨ। ਬਾਕੀ ਸਾਰੀਆਂ ਨੌਕਰੀਆਂ ਕਰਦੇ ਹਨ। ਅਤੇ ਮੰਗਤੂ ਦੇ ਜੁਆਕ? ਉਹ ਉਸੇ ਵਾਂਗ ਪੱਛੜ ਜਾਂਦੇ ਹਨ।
ਮੰਗਤੂ ਜਿਹੇ ਸਫਾਈ ਕਰਮੀ ਸਮੇਂ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਹਨ। ਟੀਬੀ, ਕੈਂਸਰ ਜਹੀਆਂ ਬਿਮਾਰੀਆਂ ਦੀ ਮਾਰ ਵਿੱਚ ਆ ਜਾਂਦੇ ਹਨ । ਫਿਰ ਇਕ ਦਿਨ ਉਨ੍ਹਾਂ ਦੇ ਬੱਚੇ ਉਹਨਾਂ ਦੀ ਥਾਂ ਲੈਣ ਕਿਸੇ ਨਗਰਪਾਲਿਕਾ ਦਫਤਰ ਪਹੁੰਚ ਜਾਂਦੇ ਹਨ। ਜਿਨ੍ਹਾਂ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਹਨਾਂ ਵਿੱਚ ਕਹੀ ਆ ਜਾਂਦੀ ਹੈ । ਮੰਗਤੂ ਜਿਵੇਂ ਵਾਰ-ਵਾਰ ਪੈਦਾ ਹੁੰਦਾ ਹੈ। ਠੀਕ ਉਸੇ ਤਰ੍ਹਾਂ ਵਾਰ-ਵਾਰ ਮਰ ਜਾਂਦਾ ਹੈ। ਇੱਕ ਹੀ ਜ਼ਿੰਦਗੀ, ਮੁੜ-ਮੁੜ।
(ਅਨੁਵਾਦ : ਮੁਲਖ ਸਿੰਘ)