Manovigiaanak Jiha Asar (Punjabi Story) : Navtej Singh

ਮਨੋਵਿਗਿਆਨਕ ਜਿਹਾ ਅਸਰ (ਕਹਾਣੀ) : ਨਵਤੇਜ ਸਿੰਘ

ਉਹਦੇ ਕਮਰੇ ਦੀ ਇੰਚ ਇੰਚ ਕਿਸੇ ਅਨੋਖੇ ਸੁਹਜ-ਸਵਾਦ ਦੀ ਗਵਾਹੀ ਦੇ ਰਹੀ ਸੀ। ਕੋਈ ਸ਼ੈ ਘੱਟ ਨਹੀਂ, ਕੋਈ ਵੱਧ ਨਹੀਂ, ਕਲਾ-ਪੂਰਣ ਛੋਟੀ-ਕਹਾਣੀ ਵਾਂਗ। ਉਹ ਮੇਰੇ ਨਾਲ ਆਪਣੀ ਨਵੀਂ ਕਵਿਤਾ ਬਾਰੇ ਗੱਲਾਂ ਕਰ ਰਿਹਾ ਸੀ:

“ਏਸ ਵਿਚ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਕਈ ਲੋਕ ਸਾਰੀ ਉਮਰ ਭਾਰਤ ਮਾਤਾ ਜਾਂ ਕੌਮਾਂਤਰੀ ਮਜ਼ਦੂਰ-ਜਮਾਤ ਦੀ ਆਜ਼ਾਦੀ ਲਈ ਲੜਦੇ ਰਹਿੰਦੇ ਨੇ, ਬੜੀਆਂ ਕੁਰਬਾਨੀਆਂ ਵੀ ਦੇਂਦੇ ਨੇ, ਪਰ ਆਮ ਆਦਮੀ ਦੀ ਖ਼ੁਸ਼ੀ ਵਿਚ ਉਹ ਕੋਈ ਵਾਧਾ ਨਹੀਂ ਕਰਦੇ। ਆਪਣੀ ਲਗਨ—ਮੈਂ ਇਹਨੂੰ ਸ਼ੁਦਾ ਆਖਾਂਗਾ—ਆਪਣੀ ਲਗਨ ਨੂੰ ਬਜਾ ਸਾਬਤ ਕਰਨ ਲਈ, ਇਹ ਕੌਮਾਂਤਰੀ ਮਜ਼ਦੂਰ-ਜਮਾਤ ਲਈ ਲੜਨ ਵਾਲੇ, ਸਾਨੂੰ ਵਧਾ-ਚੜ੍ਹਾ ਕੇ ਦਸਦੇ ਰਹਿੰਦੇ ਨੇ ਕਿ ਸਮਾਜ ਦਾ ਸਾਰਾ ਇਤਿਹਾਸ ਆਰਥਕ-ਜਮਾਤਾਂ ਦੇ ਘੋਲ ਦਾ ਇਤਿਹਾਸ ਏ, ਕਿ ਸਾਡੇ ਵਰਤਮਾਨ ਸਮਾਜ ਦੀ ਬੁਨਿਆਦੀ ਅਹੁਰ ਆਰਥਕ ਨਜ਼ਾਮ ਦਾ ਉਲਾਰ ਹੋਣਾ ਏ। ਮੈਂ ਕਹਾਂਗਾ, ਇਹ ਇਕ ਅਤਿ-ਕਥਨੀ ਏ। ਇਹਦਾ ਠੀਕ ਲੱਗਣਾ ਐਨ ਉਸੇ ਤਰ੍ਹਾਂ ਏਂ ਜਿਵੇਂ ਕਿਸੇ ਨੂੰ ਰੋਜ਼ ਆਖੀ ਜਾਓ ਕਿ ਉਹਦੀਆਂ ਅੱਖਾਂ ਪੀਲੀਆਂ ਹੋ ਰਹੀਆਂ ਨੇ, ਉਹਨੂੰ ਕੋਈ ਬੀਮਾਰੀ ਏ; ਤੇ ਕੁਝ ਦੇਰ ਬਾਅਦ ਉਹਨੂੰ ਸੱਚੀ-ਮੁੱਚੀ ਏਸੇ ਤਰ੍ਹਾਂ ਜਾਪਣ ਲੱਗ ਪੈਂਦਾ ਏ। ਇਹ ਇਕ ਮਨੋਵਿਗਿਆਨਕ ਜਿਹਾ ਅਸਰ ਏ...” ਏਥੇ ਕਵੀ ਦੀ ਸੱਤ ਕੁ ਸਾਲਾਂ ਦੀ ਧੀ ਆ ਗਈ।

“ਕਿੰਨਵੀਂ ’ਚ ਪੜ੍ਹਨੀ ਏਂ?”

“ਦੂਜੀ ਵਿਚ,” ਉਹਨੇ ਹੱਸ ਕੇ ਜਵਾਬ ਦਿੱਤਾ।

“ਕੀ ਕੀ ਪੜ੍ਹਨੀ ਏਂ?”

“ਏਨੇ ਵੱਡੇ ਹੋ ਕੇ ਤੁਹਾਨੂੰ ਇਹ ਵੀ ਨਹੀਂ ਪਤਾ, ਦੂਜੀ ਵਿਚ ਕੀ ਪੜ੍ਹੀਦਾ ਏ!” ਮੇਰੀਆਂ ਲੱਤਾਂ ਨਾਲ ਲਿਪਟਦਿਆਂ ਉਹਨੇ ਇੰਜ ਆਖਿਆ ਜੀਕਰ ਕੋਈ ਬਾਲ ਹੀ ਆਖ ਸਕਦਾ ਹੈ।

ਮੈਂ ਤੇ ਉਹਦਾ ਪਿਤਾ, ਦੋਵੇਂ ਹੱਸ ਪਏ।

ਏਨੇ ਨੂੰ ਸੁਨੈਨਾ ਨੂੰ ਇਕ ਕੁੜੀ ਬੁਲਾਣ ਆਈ। ਮੈਂ ਨਵੀਂ ਆਈ ਕੁੜੀ ਨੂੰ ਵੀ ਪੁੱਛ ਬੈਠਾ, “ਕਿੰਨਵੀਂ ’ਚ ਪੜ੍ਹਨੀ ਏਂ?”

ਉਹਦੇ ਬੁੱਲ੍ਹਾਂ ’ਤੇ ਕੋਈ ਜਵਾਬ ਨਹੀਂ ਸੀ, ਉਹਦੇ ਚਿਹਰੇ ਤੇ ਕੋਈ ਜਵਾਬ ਨਹੀਂ ਸੀ। ਸੁਨੈਨਾ ਇਕਦਮ ਹੱਸ ਪਈ, ਜਿਵੇਂ ਬੱਚੇ ਵੱਡਿਆਂ ਦੇ ਡਿੱਗਣ ’ਤੇ ਹੱਸ ਪੈਂਦੇ ਹਨ, ਤੇ ਹਾਸੇ-ਰੁਕੀ ਆਵਾਜ਼ ਵਿਚ ਬੋਲੀ, “ਇਹ ਤਾਂ ਨੌਕਰ ਏ!”

ਦੋਵੇਂ ਚਲੀਆਂ ਗਈਆਂ—ਇਕ ਹੱਸਦੀ, ਇਕ ਚੁੱਪ।

“ਮੈਂ ਆਖ ਰਿਹਾ ਸਾਂ, ਇਕ ਮਨੋਵਿਗਿਆਨਕ ਜਿਹਾ ਅਸਰ ਹੁੰਦਾ ਏ,” ਕਵੀ ਨੇ ਆਪਣੀ ਗੱਲ ਜਾਰੀ ਰੱਖੀ…

[1949]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •