Manukh—Jihra Piar Bare Nahin Si Bolda (Punjabi Story) : Navtej Singh

ਮਨੁੱਖ—ਜਿਹੜਾ ਪਿਆਰ ਬਾਰੇ ਨਹੀਂ ਸੀ ਬੋਲਦਾ (ਕਹਾਣੀ) : ਨਵਤੇਜ ਸਿੰਘ

ਓਸ ਮਨੁੱਖ ਨੇ ਬੋਲਣ ਨੂੰ ਆਪਣੀ ਰੋਜ਼ੀ ਬਣਾ ਲਿਆ ਹੋਇਆ ਹੈ। ਉਹ ਸਭ ਕਾਸੇ ਬਾਰੇ ਬੋਲਦਾ ਹੈ—ਇਸ ਨੀਲੇ ਅਸਮਾਨ ਥੱਲੇ ਜਿੰਨੀਆਂ ਵੀ ਚੀਜ਼ਾਂ ਹਨ, ਖਾਸ ਕਰ ਜਿਹੜੀਆਂ ਵਿਕਾਊ ਹਨ, ਉਨ੍ਹਾਂ ਸਭਨਾਂ ਬਾਰੇ; ਪਰ ਪਿਆਰ ਬਾਰੇ ਕਦੇ ਨਹੀਂ।

ਹੁਣੇ ਦਫ਼ਤਰ ਬੰਦ ਹੋਏ ਹਨ। ਕੁਝ ਚਿਰ ਲਈ ਏਸ ਸੜਕ ਉਤੇ ਆਵਾਜਾਈ ਬੜੀ ਵਧ ਜਾਏਗੀ। ਉਹ ਮਨੁੱਖ ਵੀ ਆਣ ਪੁੱਜਾ ਹੈ, ਤੇ ਨੇਮ ਨਾਲ ਉਹ ਨਿੰਮ ਥੱਲੇ ਖੜੋ ਗਿਆ ਹੈ—ਲੰਮਾ ਉੱਚਾ ਮਨੁੱਖ, ਰੰਗੀਨ ਫ਼ਿਲਮਾਂ ਵਿਚਲੇ ਬਾਦਸ਼ਾਹਾਂ ਨਾਲ ਰਲਦੀ-ਮਿਲਦੀ ਲਾਲ ਤੇ ਕਾਲੀ ਸਾਟਿਨ ਦੀ ਪੁਸ਼ਾਕ, ਤੇ ਦੋਹਾਂ ਹੱਥਾਂ ਵਿਚ ਦੋ ਵੱਡੇ-ਵੱਡੇ ਛਣਕਣੇ। ਉਹਦੇ ਪਿਛੇ ਕੁਝ ਮਧਰੇ-ਮਧਰੇ ਮੁੰਡੇ ਸ਼ਹਿਨਾਈ, ਬੰਸਰੀ, ਢੋਲ, ਛੈਣੇ ਤੇ ਇਕ ਟੱਲੀ ਜਿਹੀ ਵਜਾ ਰਹੇ ਹਨ: ਵਿਚ ਵਿਚ ਕਦੇ ਉਹ ਮਨੁੱਖ ਵੱਡੇ-ਵੱਡੇ ਛਣਕਣੇ ਛਣਕਾਣ ਲਗ ਪੈਂਦਾ ਹੈ। ਕੁਝ ਚਿਰ ਪਿਛੋਂ ਉਹ ਇਹ ਛਣਕਣੇ ਇਕ ਖ਼ਾਸ ਅਦਾ ਨਾਲ ਆਪਣੀ ਪਿਠ ਪਿੱਛੇ ਲੈ ਜਾਂਦਾ ਹੈ, ਤੇ ਇਕਦਮ ਸਾਰੇ ਸਾਜ਼ ਚੁੱਪ ਹੋ ਜਾਂਦੇ ਹਨ।

ਸਾਜ਼ਾਂ ਦੇ ਚੁੱਪ ਹੋਣ ਮਗਰੋਂ ਉਹ ਮਨੁੱਖ ਬੋਲਣਾ ਸ਼ੁਰੂ ਕਰਦਾ ਹੈ। ਭਾਵੇਂ ਸਭਨਾਂ ਨੂੰ ਘਰ ਪਰਤਣ ਦੀ ਭਾਜੜ ਹੈ, ਪਰ ਉਹ ਕੁਝ ਇੰਝ ਬੋਲਦਾ ਹੈ ਕਿ ਬੜੇ ਲੋਕ ਅਟਕ ਜਾਂਦੇ ਹਨ। ਗਰਮ ਗਰਮ ਖ਼ਬਰ ਮੁਤਾਬਕ ਬੋਲਦਾ ਹੈ—ਕਿਸੇ ਦਿਨ ਕਸ਼ਮੀਰ ਬਾਰੇ, ਕਿਸੇ ਦਿਨ ਬਨਾਉਟੀ ਚੰਨ ਬਾਰੇ, ਕਿਸੇ ਦਿਨ ਅੰਨ-ਸੰਕਟ ਬਾਰੇ ਤੇ ਕਿਸੇ ਦਿਨ ਹਾਈਡਰੋਜਨ ਬੰਬ ਬਾਰੇ। ਤੇ ਜਿਸ ਦਿਨ ਕੋਈ ਖ਼ਬਰ ਗਰਮ ਨਹੀਂ ਹੁੰਦੀ ਉਸ ਦਿਨ ਕਦੇ ਉਹ ਦਫ਼ਤਰਾਂ ਵਿਚ ਲਈ ਜਾਂਦੀ ਰਿਸ਼ਵਤ ਜਾਂ ਕੌਮਾਂ ਦੀ ਚਮਕ ਰਹੀ ਕਿਸਮਤ ਬਾਰੇ ਬੋਲਦਾ ਹੈ, ਕਦੇ ਬਜ਼ਾਰਾਂ ਵਿਚ ਵਧਦੇ ਨਿਰਖ਼ਾਂ ਜਾਂ ਅਖ਼ਲਾਕ ਦੀਆਂ ਡਿਗਦੀਆਂ ਕੀਮਤਾਂ ਬਾਰੇ ਬੋਲਦਾ ਹੈ।

ਅਜਿਹੀ ਭੂਮਿਕਾ ਨਾਲ ਜਦੋਂ ਉਹਦੇ ਦੁਆਲੇ ਇਕ ਠੱਠ ਬਝ ਜਾਂਦਾ ਹੈ—ਤਾਂ ਫੇਰ ਉਹ ਆਪਣੇ ਮੂਲ ਮੁੱਦੇ ਵਲ ਆਉਂਦਾ ਹੈ। ਜਿਸ ਜਿਸ ਵਪਾਰੀ ਨੇ ਉਸ ਦਿਨ ਉਹਨੂੰ ਏਸ ਨਵੇਂ ਢੰਗ ਦੀ ਇਸ਼ਤਿਹਾਰੀ ਡੌਂਡੀ ਲਈ ਸਾਈ ਦਿੱਤੀ ਹੁੰਦੀ ਹੈ, ਏਸ ਭੂਮਿਕਾ ਤੋਂ ਪਿਛੋਂ ਉਹ ਉਨ੍ਹਾਂ ਉਨ੍ਹਾਂ ਦੇ ਮਾਲ ਬਾਰੇ ਬੋਲਦਾ ਹੈ। ਉਹ ਦੱਸਦਾ ਹੈ ਕਿਸ ਦੁਕਾਨ ਉਤੇ ਤੁਸੀਂ ਆਪਣੇ ਸਾਹਮਣੇ ਦੋ ਘੰਟਿਆਂ ਵਿਚ ਵਧੀਆ ਡਰਾਈਕਲੀਨ ਕਰਾ ਕੇ ‘ਭਾਵੇਂ ਤੁਹਾਡੇ ਕੋਲ ਦੋ ਹੀ ਜੋੜੇ ਹੋਣ, ਫੇਰ ਵੀ ਰਈਸਾਂ ਵਾਂਗ ਰਹਿ ਸਕਦੇ ਹੋ...’, ਉਹ ਸਰਕਾਰੀ ਮੁਲਾਜ਼ਮਾਂ ਨੂੰ ਬਿਨਾਂ ਕਿਸੇ ਜ਼ਮਾਨਤ, ਸਿਰਫ਼ ਆਪਣੇ ਦਸਖ਼ਤ ਦੇ ਕੇ ਕਰਜ਼ਾ ਲੈਣ ਦੀ ਜਾਚ ਦੱਸਦਾ ਹੈ— ‘ਧੀਆਂ ਦੇ ਵਿਆਹ ਉਤੇ, ਲੰਮੀ ਨਹਿਸ਼ ਬਿਮਾਰੀ ਦੀ ਹਾਲਤ ਵਿਚ, ਜਦੋਂ ਕਦੇ ਵੀ ਅਚਾਨਕ ਪੈਸੇ ਦੀ ਲੋੜ ਆਣ ਪਏ...’, ਉਹ ਸੌਖੀਆਂ ਕਿਸ਼ਤਾਂ ਉਤੇ ਮਜ਼ਬੂਤ ਸਲਾਈ ਦੀਆਂ ਮਸ਼ੀਨਾਂ ਖਰੀਦਣ ਦਾ ਪਤਾ ਦੱਸਦਾ ਹੈ— ‘ਮਸ਼ੀਨਾਂ ਜਿਹੜੀਆਂ ਵਿਧਵਾ ਇਸਤ੍ਰੀਆਂ ਨਾਲ ਜੀਵਨ ਭਰ ਦਾ ਸਾਥ ਨਿਭਾ ਸਕਦੀਆਂ ਨੇ...’, ਤੇ ਉਹ ਲਾਟਰੀ ਦੀਆਂ ਟਿਕਟਾਂ, ਸਿਨਮੇ ਦੀਆਂ ਫ਼ਿਲਮਾਂ, ਕਿਸੇ ਧਾਰਮਿਕ ਸੰਸਥਾ ਦੀ ਉਗਰਾਹੀ, ਕਿਸੇ ਸਿਧ ਜੋਤਸ਼ੀ ਤੇ ਹੋਰ ਕਿੰਨੇ ਕੁਝ ਬਾਰੇ ਬੋਲਦਾ ਹੈ।

ਜਿਸ ਦਿਨ ਕੋਈ ਵਪਾਰੀ ਉਹਨੂੰ ਉਚੇਚੇ ਵੱਧ ਪੈਸੇ ਦੇ ਦੇਵੇ, ਓਸ ਦਿਨ ਉਹ ਉਹਦੇ ਮਾਲ ਬਾਰੇ ਲਿਖੀ ਆਪਣੀ ਨਜ਼ਮ ਵੀ ਤਰੱਨਮ ਨਾਲ ਪੜ੍ਹ ਕੇ ਸੁਣਾ ਦੇਂਦਾ ਹੈ।

ਜਦੋਂ ਇਹ ਸਭ ਕੁਝ ਮੁਕ ਜਾਂਦਾ ਹੈ, ਓਦੋਂ ਅਛੋਪਲੇ ਹੀ ਉਹ ਇਕ ਖ਼ਾਸ ਅਦਾ ਨਾਲ ਆਪਣੇ ਛਣਕਣੇ ਸਾਹਮਣੇ ਵੱਲ ਖਿੱਚ ਲਿਆਂਦਾ ਹੈ, ਤੇ ਉਹਦੇ ਨਾਲ ਮਧਰੇ ਮੁੰਡੇ ਸਾਜ਼ ਵਜਾਣ ਲੱਗ ਪੈਂਦੇ ਹਨ। ਫੇਰ ਛਣਕਣਿਆਂ ਨਾਲ ਤਾਲ ਦੇਂਦਾ, ਬੇ-ਮਲੂਮਾ ਜਿਹਾ ਨਚਦਾ ਉਹ ਮਨੁੱਖ ਉਹਨਾਂ ਮੁੰਡਿਆਂ ਸਣੇ ਓਥੋਂ ਤੁਰ ਪੈਂਦਾ ਹੈ, ਹੋਰ ਕਿਸੇ ਲਾਂਘੇ ਉਤੇ ਜਾ ਕੇ ਬੋਲਣ ਲਈ—ਇਸ ਨੀਲੇ ਅਸਮਾਨ ਥੱਲੇ ਜਿੰਨੀਆਂ ਵੀ ਚੀਜ਼ਾਂ ਹਨ, ਖਾਸਕਰ ਜਿਹੜੀਆਂ ਵਿਕਾਊ ਹਨ, ਉਨ੍ਹਾਂ ਸਭਨਾਂ ਬਾਰੇ ਬੋਲਣ ਲਈ; ਪਰ ਪਿਆਰ ਬਾਰੇ ਕਦੇ ਨਹੀਂ...

ਰਾਤ ਨੂੰ ਕਾਫ਼ੀ ਚਿਰਾਕਾ ਉਹ ਮਨੁੱਖ ਆਪਣੇ ਮਕਾਨ ਉਤੇ ਪੁਜਦਾ ਹੈ। ਉਹ ਇਹਨੂੰ ਵਸ ਲਗਿਆਂ ਕਦੇ ਘਰ ਨਹੀਂ ਆਖਦਾ। (ਥਾਂ ਕਹਿੰਦਾ ਹੈ, ਕਮਰਾ ਕਹਿੰਦਾ ਹੈ, ਬਸੇਰਾ ਕਹਿੰਦਾ ਹੈ, ਸਿਰ ਲੁਕਾਣ ਜਾਂ ਸੌਣ ਦਾ ਅੱਡਾ ਦੱਸਦਾ ਹੈ, ਕਦੇ ਕਦੇ ਜਦੋਂ ਉਹਨੇ ਕੰਮ ਦੇ ਸਿਲਸਿਲੇ ਵਿਚ ਕਿਸੇ ਨੂੰ ਆਪਣਾ ਪਤਾ ਦਸਣਾ ਹੋਵੇ ਤਾਂ ਉਹਨੂੰ ‘ਗ਼ਰੀਬ-ਖ਼ਾਨਾ’ ਭਾਵੇਂ ਕਹਿ ਲਏ, ਕਿਸੇ ਦਿਨ ਜਦੋਂ ਕੋਈ ਵੱਡੀ ਅਸਾਮੀ ਉਹਦੇ ਘਰ ਤੁਰ ਕੇ ਆ ਜਾਏ ਤਾਂ ਫ਼ਿਕਰਾ ਚੁਸਤ ਕਰਨ ਲਈ ‘ਕੀੜੀ ਦੇ ਘਰ ਭਗਵਾਨ ਆਏ’ ਭਾਵੇਂ ਕਹਿ ਲਏ—ਪਰ ਨਿਰਾ ਇਕੋ ਲਫ਼ਜ਼ ‘ਘਰ’ ਉਹ ਏਸ ਮਕਾਨ ਬਾਰੇ ਕਦੇ ਵੀ ਨਹੀਂ ਵਰਤਦਾ!)...

ਉਹ ਮਨੁੱਖ ਆਪਣੇ ਕਮਰੇ ਵਿਚ ਰਾਤ ਵੇਲੇ ਲੇਟਿਆਂ ਲੇਟਿਆਂ ਕਦੀ ਕਦੀ ਸੋਚਦਾ ਹੈ:

“ਘਰ ਇੰਜ ਖਾਲੀ ਥੋੜੇ ਹੁੰਦੇ ਨੇ!”

ਉਹਦੇ ਸੌਣ-ਕਮਰੇ ਵਿਚ ਚੀਜ਼ਾਂ ਬਹੁਤ ਹਨ, ਤੇ ਨਾਲ ਹੀ ਭਰਿਆ ਭਕੁੰਨਾ ਉਹਦਾ ਦੂਜਾ ਕਮਰਾ ਹੈ। (ਕਦੀ-ਕਦੀ ਉਹਦੀਆਂ ਕੁਝ ਅਸਾਮੀਆਂ ਤਰਦੀਆਂ ਨਹੀਂ। ਬੜੀ ਬੜੀ ਦੇਰ ਉਨ੍ਹਾਂ ਦਾ ਇਸ਼ਤਿਹਾਰ ਬੋਲਦੇ ਰਹਿਣ ਮਗਰੋਂ ਵੀ ਜਦੋਂ ਉਹ ਨਕਦ ਪੈਸੇ ਦੇਣੋਂ ਆਲੇ ਟੋਲੇ ਕਰਦੀਆਂ ਹਨ ਤਾਂ ਹਾਰ ਕੇ ਉਨ੍ਹਾਂ ਕੋਲੋਂ ਉਹਨੂੰ ਕਈ ਚੀਜ਼ਾਂ ਲੈਣੀਆਂ ਪੈਂਦੀਆਂ ਹਨ, ਭਾਵੇਂ ਇਨ੍ਹਾਂ ਦੀ ਲੋੜ ਹੋਵੇ ਜਾਂ ਨਾ। ਅਜਿਹੀਆਂ ਚੀਜ਼ਾਂ ਨਾਲ ਉਹਦੇ ਦੋਵੇਂ ਕਮਰੇ ਤੂੜੇ ਪਏ ਹਨ)...

ਉਹਦੇ ਕਿਸੇ ਕਮਰੇ ਵਿਚ ਕੋਈ ’ਵਾਜ ਨਹੀਂ। ਰੇਡੀਓ ਹੈ, ਗਰਾਮੋਫ਼ੋਨ ਹੈ, ਹਾਰਮੋਨੀਅਮ ਹੈ—ਪਰ ਕੋਈ ਮਨ-ਚਿੰਦੀ ਵਾਜ ਨਹੀਂ।

ਪਰ ਸਦਾ ਇੰਜੇ ਹੀ ਨਹੀਂ ਰਿਹਾ। ਏਸ ਮਨੁੱਖ ਦਾ ਵੀ ਘਰ ਹੁੰਦਾ ਸੀ, ਬਾਰ੍ਹਾਂ ਵਰ੍ਹੇ ਪਹਿਲਾਂ। ਓਦੋਂ ਉਹ ਏਥੋਂ ਬੜੀ ਦੂਰ ਕਿਸੇ ਹੋਰ ਸ਼ਹਿਰ ਵਿਚ ਰਹਿੰਦਾ ਹੁੰਦਾ ਸੀ। ਉਹ ਸ਼ਹਿਰ ਹੁਣ ਦੇਸ਼ ਦੀ ਵੰਡ ਪਿਛੋਂ ਪ੍ਰਦੇਸ ਹੋ ਗਿਆ।

ਅੱਜ ਤੋਂ ਬਾਰ੍ਹਾਂ ਵਰ੍ਹੇ ਪਹਿਲਾਂ ਉਹਦੇ ਕੋਲ ਇਕੋ ਇਕ ਕਮਰਾ ਹੁੰਦਾ ਸੀ—ਚੀਜ਼ਾਂ ਤੋਂ ਉਕਾ ਸਖਣਾ, ਭੁੰਜੇ ਵਿਛਾਇਆ ਇਕ ਛੋਟਾ ਜਿਹਾ ਬਿਸਤਰਾ, ਕੁਝ ਕਿਤਾਬਾਂ—ਬਹੁਤੀਆਂ ਕਵਿਤਾ ਦੀਆਂ, ਇਕ ਮਿੱਟੀ ਦਾ ਗੁਲਦਾਨ, ਕੁਝ ਜੰਗਲੀ ਜਿਹੇ ਫੁਲ, ਇਕ ਬੈਂਜੋ, ਤੇ ਕਦੇ ਖਿੰਡੇ, ਕਦੇ ਸਾਂਭੇ ਕੁਝ ਕਾਗਜ਼ ਜਿਨ੍ਹਾਂ ਉਤੇ ਉਹ ਆਪ ਕਵਿਤਾਵਾਂ ਲਿਖਦਾ ਹੁੰਦਾ ਸੀ ਜਾਂ ਦੂਜੀਆਂ ਬੋਲੀਆਂ ਦੀਆਂ ਕਵਿਤਾਵਾਂ ਤਰਜਮਾ ਕਰਦਾ ਹੁੰਦਾ ਸੀ, ਤੇ ਬਸ।

ਓਦੋਂ ਕਈ ਵਾਰ ਪਿੰਡ ਰਹਿੰਦੇ ਉਹਦੇ ਮਾਪਿਆਂ ਨਾਲ ਲੋਕ ਹਮਦਰਦੀ ਜਤਾਂਦੇ ਹੁੰਦੇ ਸਨ—ਕਿਉਂਕਿ ਉਨ੍ਹਾਂ ਦਾ ਇਕੋ ਇਕ ਪੁੱਤਰ ਪੜ੍ਹ ਲਿਖ ਕੇ ਵੀ ਕੋਈ ਕੰਮ ਨਹੀਂ ਸੀ ਕਰਦਾ, ਸਿਰਫ਼ ਕਵਿਤਾ ਹੀ ਲਿਖਦਾ ਸੀ।

ਓਸ ਸ਼ਹਿਰ ਵਿਚ—ਉਹ ਸ਼ਹਿਰ ਜਿਹੜਾ ਦੇਸ ਦੀ ਵੰਡ ਪਿਛੋਂ ਦੇਸ਼ ਹੋ ਗਿਆ ਹੈ— ਅੱਜ ਤੋਂ ਬਾਰ੍ਹਾਂ ਵਰ੍ਹੇ ਪਹਿਲਾਂ ਉਹਦੇ ਹਾਣ ਦੀ ਇਕ ਕੁੜੀ ਰਹਿੰਦੀ ਸੀ; ਉਮਰੋਂ ਹਾਣ ਦੀ, ਅਮੀਰੀਓਂ ਹਾਣ ਦੀ ਨਹੀਂ। ਉਸ ਕੁੜੀ ਨੂੰ ਉਹ ਤੇ ਉਹਦੀ ਕਵਿਤਾ ਬੜੀ ਹੀ ਚੰਗੀ ਲਗਦੀ ਸੀ।

ਉਹ ਇੰਜ ਚੰਗਾ ਲੱਗ ਜਾਏ ਕਿਸੇ ਨੂੰ, ਕਿਸੇ ਨੂੰ ਜਿਦ੍ਹੀਆਂ ਅੱਖਾਂ ਉਸ ਕੁੜੀ ਵਰਗੀਆਂ ਹੋਣ, ਜਿਦ੍ਹੀ ਵਾਜ ਉਸ ਕੁੜੀ ਵਰਗੀ ਹੋਵੇ, ਉਹ ਕੁੜੀ ਜਿਹੜੀ ਕਵਿਤਾ ਦਾ ਸੋਮਾ ਸੀ।— ਬਾਰ੍ਹਾਂ ਵਰ੍ਹੇ ਹੋਏ, ਇਹ ਉਹਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਕਰਾਮਾਤ ਜਾਪੀ ਸੀ।

ਇਕ ਵਾਰ ਘੁਸਮੁਸੇ ਦੀ ਓਟ ਵਿਚ ਉਹ ਕੁੜੀ ਉਹਦੇ ਸਖਮ-ਸਖਣੇ ਕਮਰੇ ਵਿਚ ਆਈ ਸੀ। (“ਮੇਰਾ ਚਿਤ ਕਰਦਾ ਏ ਮੈਂ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੁਲਾਇਆ ਕਰਾਂ। ਜਦੋਂ ਤੁਸੀਂ ਮੇਰੇ ਘਰ ਆਉਂਦੇ ਹੋ, ਤਾਂ ਬੜੇ ਸਾਰੇ ਲੋਕੀ ਹੁੰਦੇ ਨੇ, ਤੇ ਮੈਨੂੰ ਤੁਹਾਨੂੰ ‘ਭਰਾ ਜੀ’ ਕਹਿਣਾ ਪੈਂਦਾ ਏ। ਮੈਂ ਇਥੇ ਤੁਹਾਡੇ ਕੋਲ ਆਈ ਹਾਂ, ਤਾਂ ਜੋ ਤੁਹਾਡਾ ਨਾਂ ਲੈ ਸਕਾਂ।”)…

ਤੇ ਓਸ ਪਲ ਤੋਂ ਉਹ ਸਖਮ-ਸਖਣਾ ਕਮਰਾ ਉਹਨੂੰ ਘਰ ਜਾਪਣ ਲੱਗ ਪਿਆ ਸੀ।

ਇਕ ਵਾਰ ਫੇਰ ਉਹ ਕੁੜੀ ਉਹਦੇ ਘਰ ਆਈ ਸੀ। (“ਮੇਰਾ ਵੀਰ ਬੰਬਈਓਂ ਆਇਆ ਏ। ਉਹ ਮੇਰੇ ਲਈ ਸੋਨੇ ਦੇ ਕਾਂਟੇ ਲਿਆਇਆ ਏ। ਸਾਰੇ ਕਹਿੰਦੇ ਸਨ ਮੈਂ ਉਹ ਕਾਂਟੇ ਅੱਜ ਪਾਵਾਂ, ਪਰ ਮੈਂ ਨਹੀਂ ਪਾਏ—ਮੈਂ ਤੁਹਾਨੂੰ ਮਿਲਣ ਜੁ ਆਣਾ ਸੀ, ਤੇ ਮੈਨੂੰ ਪੱਕਾ ਪਤਾ ਨਹੀਂ ਸੀ ਤੁਹਾਨੂੰ ਮੇਰੇ ਕੰਨਾਂ ਵਿਚ ਕਾਂਟੇ ਚੰਗੇ ਲੱਗਣ ਕਿ ਨਾ।”)...

ਤੇ ਓਸ ਪਲ ਤੋਂ ਉਹਦਾ ਘਰ ਉਹਨੂੰ ਬ੍ਰਹਿਮੰਡ ਜਾਪਣ ਲਗ ਪਿਆ ਸੀ।

ਫੇਰ ਨਿੱਕੇ ਜਿਹੇ ਸ਼ਹਿਰ ਵਿਚ ਅਵਾਈਆਂ ਉਡਣ ਲਗ ਪਈਆਂ।

ਇਕ ਦਿਨ ਜਦੋਂ ਉਹ ਕਿਸੇ ਇਕੱਠ ਵਿਚ ਕਵਿਤਾ ਪੜ੍ਹ ਕੇ ਸੁਣਾ ਰਿਹਾ ਸੀ (ਉਹਦੇ ਇਕ ਬੰਦ ਦਾ ਕੁਝ ਇੰਜ ਦਾ ਮਤਲਬ ਸੀ—ਤੂੰ ਮੇਰੇ ਕੋਲ ਆਪਣੇ ਸਾਰੇ ਗਹਿਣੇ ਲਾਹ ਕੇ ਆ, ਤੇਰੀ ਤੇ ਮੇਰੀ ਮਿਲਣੀ ਵਿਚਾਲੇ ਗਹਿਣਿਆਂ ਦਾ ਅਟਕਾ ਵੀ ਮੈਨੂੰ ਨਹੀਂ ਭਾਂਦਾ।’), ਓਦੋਂ ਕੁੜੀ ਦੇ ਭਰਾਵਾਂ ਨੇ ਹੋਰਨਾਂ ਨਾਲ ਰਲ ਕੇ ਉਹਨੂੰ ਵੱਟੇ ਮਾਰੇ ਸਨ।

ਅਗਲੇ ਦਿਨ ਉਹ ਕੁੜੀ ਫੇਰ ਉਹਦੇ ਘਰ ਆਈ ਸੀ, ਤੇ ਉਹਦੀਆਂ ਸੱਟਾਂ ਨੂੰ ਚੁੰਮਦੀ ਉਹਦੇ ਸਾਹਮਣੇ ਰੋਂਦੀ ਰਹੀ। (“ਮੇਰੀਆਂ ਸੱਟਾਂ ਤੇਰੇ ਚੁੰਮਣਾਂ ਨੇ ਤਾਰਿਆਂ ਵਿਚ ਵਟਾ ਦਿੱਤੀਆਂ ਨੇ; ਕਸਕ ਹਾਲੀ ਵੀ ਹੈ, ਪਰ ਇੰਜ ਜਿਵੇਂ ਰਾਤ ਦੇ ਸੀਨੇ ਵਿਚ ਤਾਰਿਆਂ ਦਾ ਕਾਂਬਾ।”)...

ਅਗਲੇ ਦਿਨ ਕੁੜੀ ਦੇ ਪਿਓ ਨੇ ਉਹਨੂੰ ਬੁਲਾ ਕੇ ਕਿਹਾ ਸੀ, “ਵੱਡਾ ਰਾਂਝਾ ਬਣੀਂ ਫਿਰਦਾ ਏਂ! ਬਾਜ਼ ਆ ਜਾ, ਨਹੀਂ ਤੇ ਉਹ ਫੈਂਟਾ ਚੜਵਾਊਂ ਕਿ ਤੇਰੇ ਫ਼ਰਿਸ਼ਤੇ ਵੀ ਆਸ਼ਕੀ ਭੁੱਲ ਜਾਣਗੇ। ਤੇ ਜੇ ਫ਼ਰਜ਼ ਕਰ ਲਈਏ ਕਿ ਤੂੰ ਏਡੇ ਚੰਗੇ ਘਰ ਦੀ ਧੀ ਭਰਮਾ ਕੇ ਵਿਆਹ ਵੀ ਲਏਂ, ਤਾਂ ਉਹਨੂੰ ਕੀ ਖੁਆਏਂਗਾ? ਉਹਨੂੰ ਪੁਆਏਂਗਾ ਕੀ? ਕਵਿਤਾ ਨਾਲ ਕਿਹੜੇ ਕਿਹੜੇ ਚੁਲ੍ਹੇ ਤਾਏਂਗਾ? ਤੇ ਕਵਿਤਾ ਦੇ ਛੁਟ ਤੈਨੂੰ ਹੋਰ ਆਉਂਦਾ ਵੀ ਕੀ ਏ?”

ਏਸ ਤੋਂ ਪਿਛੋਂ ਵੀ ਉਹ ਕੁੜੀ ਬੜਾ ਚਿਰ ਓਸੇ ਸ਼ਹਿਰ ਰਹੀ ਸੀ, ਪਰ ਉਹਨੂੰ ਕਦੇ ਨਹੀਂ ਸੀ ਮਿਲੀ। ਉਹਨੇ ਕਈ ਕਵਿਤਾਵਾਂ ਉਸ ਕੁੜੀ ਲਈ ਲਿਖੀਆਂ ਸਨ, ਇਕ ਕਵਿਤਾ ਉਚੇਚੀ ਉਹਦੇ ਲਈ ਤਰਜਮਾ ਵੀ ਕੀਤੀ ਸੀ, ਪਰ ਉਹ ਕੁੜੀ ਇਨ੍ਹਾਂ ਵਿਚੋਂ ਕੁਝ ਵੀ ਸੁਣਨ ਨਹੀਂ ਸੀ ਆਈ।

ਤੇ ਹੁਣ ਉਹ ਸਭ ਕੁਝ ਭੁੱਲ ਚੁਕਿਆ ਸੀ—ਉਹ ਸ਼ਹਿਰ, ਉਹ ਕੁੜੀ ਤੇ ਉਹਦੇ ਲਈ ਲਿਖੀਆਂ ਕਵਿਤਾਵਾਂ, ਉਸ ਵੇਲੇ ਦੇ ਆਪਣੇ ਜਜ਼ਬਿਆਂ ਦਾ ਮੁਹਾਂਦਰਾ ਤੇ ਓਸ ਕਵੀ ਦਾ ਨਾਂ ਜਿਦ੍ਹੀ ਕਵਿਤਾ ਉਹਨੇ ਉਚੇਚੀ ਓਸ ਕੁੜੀ ਲਈ ਤਰਜਮਾ ਕੀਤੀ ਸੀ—ਉਹ ਇਹ ਸਭ ਕੁਝ ਭੁਲਾ ਚੁਕਿਆ ਸੀ। ਸਿਰਫ਼ ਉਸ ਉਚੇਚੀ ਤਰਜਮਾ ਕੀਤੀ ਕਵਿਤਾ ਦਾ ਭਾਵ ਉਹਨੂੰ ਹੁਣ ਤਕ ਚੇਤੇ ਸੀ, ਕਿਉਂਕਿ ਉਹ ਇਕ ਉਮਰ ਇਹ ਉਡੀਕਦਾ ਰਿਹਾ ਸੀ ਕਿ ਕਦੇ ਇਕ ਬਿੰਦ ਦੀ ਬਿੰਦ ਉਹ ਕੁੜੀ ਉਹਨੂੰ ਮਿਲ ਪਏ, ਤੇ ਉਹ ਓਸ ਕੁੜੀ ਨਾਲ ਇਸ ਪ੍ਰਦੇਸੀ ਕਵਿਤਾ ਦੇ ਲਫ਼ਜ਼ਾਂ ਵਿਚ ਬੋਲ ਸਕੇ :

ਮੈਂ ਤੈਨੂੰ ਪਿਆਰ ਕਰਦਾ ਸਾਂ।
ਸ਼ੈਦ ਪਿਆਰ ਦੀ ਭੁਬਲ ਵਿਚ
ਹੁਣ ਵੀ ਕਿਤੇ ਕੁਝ ਚੰਗਿਆੜੇ ਹੋਣ
ਜਿਹੜੇ ਹਾਲੀ ਤਕ ਪੂਰੀ ਤਰ੍ਹਾਂ ਬੁਝੇ ਨਹੀਂ।
ਜੇ ਤੇਰੇ ਦਿਲ ਨੂੰ ਕੁਝ ਯਾਦ ਆਉਂਦਾ ਏ,
ਤਾਂ ਰਤਾ ਵੀ ਸੰਸਾ ਨਾ ਲਾ।
ਮੈਂ ਤੇਰੇ ਲਈ ਕਦੇ ਵੀ ਕਿਸੇ ਦੁਖ ਦਾ ਕਾਰਨ ਨਹੀਂ ਬਣਾਂਗਾ,
ਮੈਂ ਤੈਨੂੰ ਕਦੇ ਵੀ ਕੋਈ ਪੀੜ ਨਹੀਂ ਦਿਆਂਗਾ।
ਮੈਂ ਤੈਨੂੰ ਇੰਜ ਬੇ-ਥਵ੍ਹਾ ਪਿਆਰ ਕਰਦਾ ਸਾਂ–
ਆਸਾਂ ਤੇ ਬਿਆਨ ਦੇ ਮੇਚੇ ਤੋਂ ਪਰੇ,
ਕਦੇ ਹਦੋਂ ਵਧ ਸੰਗਦਾ,
ਕਦੇ ਹਦੋਂ ਵਧ ਸਾੜੇ ਖ਼ੋਰਾ।
ਮੈਂ ਆਪਣੇ ਸਾਰੇ ਦਿਲ ਨਾਲ,
ਆਪਣੀ ਸਾਰੀ ਹੋਂਦ ਨਾਲ ਤੈਨੂੰ ਪਿਆਰ ਕਰਦਾ ਸਾਂ।
ਰੱਬ ਕਰੇ, ਹੋਰ ਕੋਈ ਤੈਨੂੰ
ਮੇਰੇ ਤੋਂ ਅੱਧਾ ਵੀ ਪਿਆਰ ਕਰ ਸਕੇ।… …

ਏਸ ਨਵੇਂ ਸ਼ਹਿਰ ਵਿਚ ਆ ਕੇ ਉਹਨੇ ਇਸ਼ਤਿਹਾਰਬਾਜ਼ੀ ਦਾ ਕੰਮ ਸ਼ੁਰੂ ਕੀਤਾ ਸੀ—ਤੇ ਵਰ੍ਹਿਆਂ ਤੋਂ ਉਹਦਾ ਕੰਮ ਬਹੁਤ ਚਮਕ ਪਿਆ ਸੀ। ਪਹਿਲਾਂ ਪਹਿਲਾਂ ਉਹਦੇ ਗਾਹਕ ਵਪਾਰੀ ਉਹਨੂੰ ਉਹਦੀ ਪਿੱਠ ਪਿੱਛੇ ਲਫ਼ਜ਼ਾਂ ਦਾ ਜਾਦੂਗਰ ਆਖਦੇ ਹੁੰਦੇ ਸਨ (ਸਾਹਮਣੇ ਕਿਹਾਂ ਮਤੇ ਉਹ ਆਪਣੇ ਕੰਮ ਦੇ ਨਿਰਖ਼ ਨਾ ਵਧਾ ਲਏ)। ਫੇਰ ਜਦੋਂ ਉਹਨੇ ਨਿਰਖ਼ ਵਧਾ ਹੀ ਲਏ ਤਾਂ ਕੁਝ ਵਪਾਰੀ ਉਹਦੇ ਮੂੰਹ ਉਤੇ ਵੀ ਉਹਦੇ ਬੋਲਣ ਦੇ ਜਾਦੂ ਤੇ ਵਿਕਾਊ ਮਾਲ ਦੀ ਤਾਰੀਫ਼ ਨੂੰ ਕਵਿਤਾ ਵਿਚ ਪਰੋ ਸਕਣ ਦੇ ਢੰਗ ਦੀ ਸਿਫ਼ਤ ਕਰਨ ਲਗ ਪਏ ਸਨ।

ਹਜ਼ਾਰਾਂ ਲਫ਼ਜ਼ ਉਹ ਰੋਜ਼ ਬੋਲਦਾ ਸੀ, ਤੇ ਇਹ ਹਜ਼ਾਰਾਂ ਹੀ ਲਫ਼ਜ਼ ਰੋਜ਼ ਗੁਆਚ ਜਾਂਦੇ ਸਨ; ਪਰ ਬੋਲੇ ਗਏ ਇਨ੍ਹਾਂ ਲਫ਼ਜ਼ਾਂ ਦੀ ਨਿਤ ਬਦਲਦੀ ਭੀੜ ਦੇ ਉਹਲੇ ਉਸ ਅਣਬੋਲੀ ਕਵਿਤਾ ਦੇ ਲਫ਼ਜ਼ ਸਦਾ ਉਹਦੇ ਅੰਗ ਸੰਗ ਰਹਿੰਦੇ ਸਨ :

ਸ਼ੈਦ ਪਿਆਰ ਦੀ ਭੁਬਲ ਵਿਚ
ਹੁਣ ਵੀ ਕਿਤੇ ਕੁਝ ਚੰਗਿਆੜੇ ਹੋਣ...

ਕਲ ਦੁਪਹਿਰ ਦੀ ਗੱਲ ਹੈ। ਇਸ ਸ਼ਹਿਰ ਦੇ ਬੜੇ ਵੱਡੇ ਵਪਾਰੀ ਨੇ ਉਹਨੂੰ ਆਪਣੇ ਦਫ਼ਤਰ ਬੁਲਾਇਆ ਸੀ। ਇਹ ਵਪਾਰੀ ਇਕ ਮਸ਼ਹੂਰ ਸਾਈਕਲ ਦਾ ਤਿੰਨਾਂ-ਚਵ੍ਹਾਂ ਸੂਬਿਆਂ ਲਈ ਵੱਡਾ ਏਜੰਟ ਸੀ। ਸਾਈਕਲਾਂ ਦੀ ਵਿਕਰੀ ਵਿਚ ਕੁਝ ਮੰਦਾ ਤਕ ਕੇ ਅੱਜਕਲ ਉਹ ਫ਼ਿਕਰਮੰਦ ਸੀ ਤੇ ਇਸ ਲਫ਼ਜ਼ਾਂ ਦੇ ਜਾਦੂਗਰ ਦੀ ਮਦਦ ਚਾਂਹਦਾ ਸੀ।

ਉਸ ਮਨੁੱਖ ਨੇ ਇਸ ਵੱਡੇ ਏਜੰਟ ਨੂੰ ਇਕ ਬੜੇ ਪਤੇ ਦੀ ਤਜਵੀਜ਼ ਦਿੱਤੀ,
“ਤੁਸੀਂ ਐਲਾਨ ਕਰ ਦਿਓ ਕਿ ਤੁਹਾਡੇ ਸਾਈਕਲ ਦੇ ਹਰ ਖ਼ਰੀਦਦਾਰ ਦਾ, ਸੜਕ ਉਤੇ ਹੋਣ ਵਾਲੇ ਹਾਦਸੇ ਦੇ ਖ਼ਿਲਾਫ਼, ਡੇੜ੍ਹ ਹਜ਼ਾਰ ਰੁਪਏ ਦਾ ਬੀਮਾ ਤੁਹਾਡੀ ਕੰਪਨੀ ਆਪਣੇ ਵਲੋਂ ਕਰਾ ਦਏਗੀ—ਇੰਜ ਤੁਹਾਡੇ ਸਾਈਕਲਾਂ ਦੀ ਵਿਕਰੀ ਬੜੀ ਵਧ ਜਾਏਗੀ, ਤੇ ਹਾਦਸੇ ਏਨੇ ਹੁੰਦੇ ਨਹੀਂ, ਸੋ ਬੀਮੇ ਦਾ ਰੁਪਿਆ ਬਹੁਤ ਥੋੜ੍ਹਾ ਦੇਣਾ ਪਏਗਾ”

“ਤੁਸੀਂ ਸਿਰਫ਼ ਲਫ਼ਜ਼ਾਂ ਦੇ ਹੀ ਨਹੀਂ, ਵੇਚਣ ਸਬੰਧੀ ਹਰ ਹੁਨਰ ਦੇ ਜਾਦੂਗਰ ਹੋ। ਮੈਨੂੰ ਯਕੀਨ ਹੈ ਕਿ ਤੁਹਾਡੀ ਮਿਲਵਰਤਣ ਨਾਲ ਮੇਰਾ ਕੰਮ ਏਸ ਮੰਦੇ ਵੇਲੇ ਵੀ ਓਨਾ ਚਮਕ ਪਏਗਾ ਜਿੰਨਾ ਤੇਜ਼ੀ ਵਿਚ ਵੀ ਕਦੇ ਨਹੀਂ ਸੀ ਚਮਕਿਆ”

ਚਪੜਾਸੀ ਨੇ ਅੰਦਰ ਆ ਕੇ ਵੱਡੇ ਏਜੰਟ ਨੂੰ ਕਿਹਾ, “ਮੇਮ ਸਾਹਿਬ ਬਾਹਰ ਕਾਰ ਮੇਂ ਆਪ ਕਾ ਇੰਤਜ਼ਾਰ ਕਰ ਰਹੇ ਹੈਂ—ਵੁਹ ਕਹਿਤੇ ਹੈਂ ਸਿਨੇਮਾ ਕਾ ਵਕਤ ਹੋ ਰਹਾ ਹੈ।”

ਵੱਡੇ ਏਜੰਟ ਨੇ ਜਲਦੀ ਜਾਣ ਦੀ ਮਜਬੂਰੀ ਲਈ ਮਾਫ਼ੀ ਮੰਗਦਿਆਂ ਕਿਹਾ, “ਕਲ ਤੁਸੀਂ ਦਸ ਕੁ ਵਜੇ ਆ ਜਾਓ, ਜ਼ਰਾ ਆਰਾਮ ਨਾਲ ਸਾਰੀ ਸਕੀਮ ਬਣਾ ਲਵਾਂਗੇ”

“ਮੈਂ ਕੋਸ਼ਿਸ਼ ਕਰਾਂਗਾ ਕਿ ਕੱਲ੍ਹ ਤੱਕ ਤੁਹਾਡੇ ਹਰ ਸਾਈਕਲ ਦੇ ਖਰੀਦਦਾਰ ਦੇ ਬੀਮੇ ਬਾਰੇ ਇਕ ਬੜੀ ਪੁਰਅਸਰ ਕਵਿਤਾ ਵੀ ਲਿਖ ਲਿਆਵਾਂ।”

ਏਜੰਟ ਤੇ ਉਹ ਮਨੁੱਖ ਇਕੱਠੇ ਹੀ ਬਾਹਰ ਨਿਕਲੇ।

“ਮੈਂ ਤੁਹਾਨੂੰ ਕਾਰ ਉਤੇ ਹੀ ਬੱਸ ਦੇ ਅੱਡੇ ਤਕ ਛੱਡ ਆਉਂਦਾ ਹਾਂ।... ਨਹੀਂ ਖੇਚਲ ਕਾਹਦੀ, ਅੱਡਾ ਸਿਨਮੇ ਦੇ ਰਾਹ ਵਿੱਚ ਹੀ ਤਾਂ ਏ।”

ਏਜੰਟ ਅਗੇ ਕਾਰ ਚਲਾਣ ਵਾਲੀ ਥਾਂ ਉਤੇ ਆਪਣੀ ਪਤਨੀ ਨਾਲ ਬਹਿ ਗਿਆ, ਉਹ ਮਨੁੱਖ ਪਿਛਲੀ ਸੀਟ ਉਤੇ ਇਕੱਲਾ।

“ਡਾਰਲਿੰਗ, ਇਨ੍ਹਾਂ ਨੂੰ ਮਿਲੋ—ਇਹ ਵੇਚਣ ਦੇ ਹੁਨਰ ਦੇ ਜਾਦੂਗਰ ਨੇ। ਮੇਰੇ ਕੰਮ ਦੇ ਵਾਧੇ ਲਈ ਅਜਿਹੀ ਤਜਵੀਜ਼ ਦੱਸੀ ਨੇ ਕਿ ਤੇਰਾ ਮੇਰਾ ਐਤਕੀ ਛੁੱਟੀ ਲਈ ਵਲਾਇਤ ਜਾਣਾ ਯਕੀਨੀ ਹੋ ਗਿਆ ਏ।”

ਏਜੰਟ ਦੀ ਪਤਨੀ ਨੇ ਬੇਮਲੂਮਾ ਜਿਹਾ ਮੁੜ ਕੇ ਉਸ ਮਨੁੱਖ ਨੂੰ ਨਮਸਤੇ ਕੀਤੀ, ਤੇ ਫੇਰ ਉਹ ਮੋਟਰ ਦੇ ਸ਼ੀਸ਼ੇ ਵਿਚ ਨੀਝ ਲਾਈ ਦੂਰ ਤਕਦੀ ਰਹੀ। …ਪਰ ਸ਼ੀਸ਼ੇ ਵਿਚ ਵੀ ਉਹੀ ਮਨੁੱਖ ਉਹਨੂੰ ਦਿਸੀ ਗਿਆ।

ਓਸ ਮਨੁੱਖ ਨੇ ਤੱਕਿਆ, ਉਸ ਇਸਤ੍ਰੀ ਦੇ ਕੰਨਾਂ ਵਿਚ ਸੋਨੇ ਦੇ ਕਾਂਟੇ ਸਨ। (“ਤੂੰ ਮੇਰੇ ਕੋਲ ਆਪਣੇ ਸਾਰੇ ਗਹਿਣੇ ਲਾਹ ਕੇ ਆ। ਤੇਰੀ ਮੇਰੀ ਮਿਲਣੀ ਵਿਚਾਲੇ ਗਹਿਣਿਆਂ ਦਾ ਅਟਕਾ ਵੀ ਮੈਨੂੰ ਨਹੀਂ ਭਾਂਦਾ।...”)

“ਡਾਰਲਿੰਗ, ਕਿਹੜੀ ਫ਼ਿਲਮ ਤਕ ਰਹੇ ਹਾਂ ਅਸੀਂ ਅੱਜ?” ਏਜੰਟ ਨੇ ਪੁੱਛਿਆ।

ਚਾਨਚਕੇ ਚੌਂਕ ਪਈ ਉਹਦੀ ਪਤਨੀ ਨੇ ਦੱਸਿਆ, “ਲੱਵ ਇਜ਼ ਏ ਮੈੱਨੀ ਸਪਲੈਂਡਰਡ ਥਿੰਗ।”

“ਕਿਹਾ ਸੁਹਣਾ ਨਾਂ ਏਂ”—ਏਜੰਟ ਕਾਰ ਚਲਾਂਦਿਆਂ ਆਪਣੇ ਧਿਆਨ ਬੋਲੀ ਗਿਆ। ਫੇਰ ਏਜੰਟ ਨੇ ਉਸ ਮਨੁੱਖ ਨੂੰ ਕਿਹਾ, “ਤੁਹਾਡਾ ਹੁਨਰ ਕਿਦ੍ਹਾ ਕੰਮ ਨਹੀਂ ਚਮਕਾ ਸਕਦਾ! ਚੰਗਾ ਹੋਇਆ, ਤੁਸੀਂ ਨਿਰੋਲ ਕਵਿਤਾ ਲਿਖਣ ਵਾਲੇ ਭੁੱਖੜ ਲਾਣੇ ਵਿਚ ਰਲ ਕੇ ਉਮਰ ਨਹੀਂ ਗਾਲੀ—ਤੇ ਇੰਜ ਵਪਾਰ ਚਮਕਾਣ ਲਈ ਆਪਣਾ ਹੁਨਰ ਵਰਤ ਕੇ ਆਪਣੀ ਤੇ ਕੌਮ ਦੀ ਦੋਵਾਂ ਦੀ, ਸੇਵਾ ਕਰ ਰਹੇ ਹੋ।”

ਜਦੋਂ ਉਹ ਮਨੁੱਖ ਬਸ ਦੇ ਅੱਡੇ ਉਤੇ ਕਾਰ ਵਿਚੋਂ ਉਤਰਿਆ, ਤਾਂ ਵੱਡੇ ਏਜੰਟ ਨੇ ਉਹਨੂੰ ਪੱਕੀ ਕੀਤੀ, “ਕਲ ਬੀਮੇ ਵਾਲੀ ਤਜਵੀਜ਼ ਦੀ ਪਬਲਿਸਿਟੀ ਵਾਸਤੇ ਕਵਿਤਾ ਜ਼ਰੂਰ ਲਿਖ ਕੇ ਲਿਆਣੀ। ਸਾਡੀ ਕੰਪਨੀ ਇਹ ਕਵਿਤਾ ਸ਼ੈਦ ਲੱਖਾਂ ਦੀ ਗਿਣਤੀ ਵਿਚ ਛਪਵਾਏ ਤੇ ਸੀਲੋਨ ਰੇਡੀਓ ਤੋਂ ਇਹਦੇ ਰੀਕਾਰਡ ਵੀ ਸੁਣਵਾਏ। ਤੁਹਾਡਾ ਨਾਂ ਵੀ ਹੋ ਜਾਏਗਾ, ਨਾਲੇ ਵਧ ਤੋਂ ਵਧ ਮਿਹਨਤਾਨਾ ਅਸੀਂ ਏਸ ਕਵਿਤਾ ਦਾ ਤੁਹਾਨੂੰ ਦੇ ਸਕਾਂਗੇ। ਚੰਗਾ, ਨਮਸਤੇ, ਕਲ ਦਸ ਵਜੇ ਮੈਂ ਤੁਹਾਡੀ ਇੰਤਜ਼ਾਰ ਕਰਾਂਗਾ।”

“ਨਮਸਤੇ,” ਏਜੰਟ ਦੀ ਪਤਨੀ ਨੇ ਉਸ ਮਨੁੱਖ ਵਲ ਪੂਰੀ ਤਰ੍ਹਾਂ ਤਕ ਕੇ ਮਧਮ ਜਿਹੀ ਵਾਜ ਵਿਚ ਕਿਹਾ।

ਉਹ ਮਨੁੱਖ ਇਕ ਪਲ ਲਈ ਠਿਠਕ ਗਿਆ—ਉਹ ਇਕ ਉਮਰ ਤੋਂ ਏਸੇ ਮਿਲਣੀ ਨੂੰ ਡੀਕ ਰਿਹਾ ਸੀ।... ਜਦੋਂ ਤੇਰੇ ਭਰਾਵਾਂ ਨੇ ਇਕ ਵਾਰ ਕਵਿਤਾ ਸੁਣਾਂਦਿਆਂ ਮੈਨੂੰ ਵੱਟੇ ਮਾਰੇ ਸਨ, ਤੂੰ ਹੀ ਮੇਰੇ ਘਰ ਆਈ ਮੈਂ, ਮੇਰੇ ਪਿੰਡੇ ਉਤੇ ਦਿਸਦੀਆਂ ਸੱਟਾਂ ਨੂੰ ਚੁੰਮਦਿਆਂ ਤੂੰ ਹੀ ਰੋਂਦੀ ਰਹੀ ਸੈਂ। ਹੁਣ ਕੱਲ੍ਹ ਮੇਰੀ ਕਵਿਤਾ ਸੁਣ ਕੇ ਜਦੋਂ ਤੇਰਾ ਪਤੀ ਮੈਨੂੰ ਬਹੁਤ ਸਾਰੇ ਰੁਪਏ ਦਏਗਾ, ਕੀ ਓਦੋਂ ਵੀ ਤੂੰ ਮੇਰੇ ਕੋਲ ਆਏਂਗੀ, ਕੀ ਮੈਨੂੰ ਵਜੀਆਂ ਅਣ-ਦਿਸਦੀਆਂ ਸੱਟਾਂ ਨੂੰ…

ਉਹ ਮਨੁੱਖ ਚੁੱਪ ਸੀ,—ਸੁਆਲੀ ਚੁੱਪ, ਧੁਖਦੀ ਚੁੱਪ।

“ਨਮਸਤੇ,” ਵਡੇ ਏਜੰਟ ਤੇ ਉਹਦੀ ਪਤਨੀ ਨੇ ਦੂਜੀ ਵਾਰ ਕਿਹਾ—ਤੇ ਕਾਰ ਚਲੀ ਗਈ। ਉਹ ਮਨੁੱਖ ਜਾਣਦਾ ਸੀ ਕਿ ਉਹ ਕਦੇ ਵੀ ਨਹੀਂ ਆਏਗੀ, ਉਹ ਹੁਣ ਕਦੇ ਵੀ ਨਹੀਂ ਰੋਏਗੀ; ਪਰ ਸਾਰੀ ਰਾਤ ਉਹਦੇ ਕਮਰੇ ਵਿਚ ਇਹ ਸੁਆਲੀ ਚੁੱਪ ਧੁਖਦੀ ਰਹੀ ਤੇ ਸਾਰੀ ਰਾਤ ਏਸ ਚੁੱਪ ਦੇ ਧੂਏਂ ਵਿਚ ਦੂਰ ਛੱਤ ਨਾਲ ਚਾਮਚੜਿਕਾਂ ਵਾਂਗ ਕੁਝ ਅਣਬੋਲੇ ਲਫ਼ਜ਼ ਲਟਕਦੇ ਰਹੇ: ਰੱਬ ਕਰੇ! ਹੋਰ ਕੋਈ ਤੈਨੂੰ ਮੇਰੇ ਤੋਂ ਅੱਧਾ ਵੀ ਪਿਆਰ ਕਰ ਸਕੇ...

[1958]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •