Manukh Te Pio (Punjabi Story) : Navtej Singh

ਮਨੁੱਖ ਤੇ ਪਿਓ (ਕਹਾਣੀ) : ਨਵਤੇਜ ਸਿੰਘ

ਗੀਤ ਹੁਣੇ ਮੁੱਕਿਆ ਸੀ, ਤੇ ਗੀਤ ਦੀ ਮਹਿਕ ਰਾਤ-ਰਾਣੀ ਵਾਂਗ ਕਮਰੇ ਵਿਚ ਵਸੀ ਹੋਈ ਸੀ। ਅਸੀਂ ਸਾਰੇ ਇੰਦਰਾ ਵੱਲ ਇਕ ਅਨੋਖੇ ਸਰੂਰ ਵਿਚ ਤਕ ਰਹੇ ਸਾਂ—ਕਿਹੋ ਜਿਹੀ ਵਾਜ!

ਇਕ ਹਾਸੇ ਦੀ ਨਿੰਮ੍ਹੀ ਛਣਕਾਰ ਸੁਣਾਈ ਦਿੱਤੀ, ਹਾਸਾ ਜਿਵੇਂ ਚਾਂਦੀ ਦੇ ਨਿੱਕੇ ਨਿੱਕੇ ਕਈ ਘੁੰਗਰੂ ਵਜ ਪਏ ਹੋਣ।

ਇੰਦਰਾ ਨੇ ਅੰਦਰਵਾਰ ਤਕ ਕੇ ਕਿਹਾ, “ਡਾਲੀ ਮੇਰਾ ਸਭ ਤੋਂ ਚੰਗਾ ਗੀਤ ਏ” ਤੇ ਉਹ ਆਪਣੀ ਧੀ ਨੂੰ ਚੁੱਕ ਲਿਆਈ, “ਮੇਰਾ ਗੀਤ… ਗੀਤਾਂ, ਓ ਡਾਲੀ” “ਸੱਚੀ-ਮੁੱਚੀ ਇਹ ਗੀਤਾਂ ਦਾ ਗੀਤ ਏ”, ਪ੍ਰੋਫ਼ੈਸਰ ਦੇਵ ਨੇ ਇੰਦਰਾ ਕੋਲੋਂ ਬੇਬੀ ਚੁੱਕਦਿਆਂ ਬੜੇ ਗਹਿਰ-ਗੰਭੀਰ ਹੋ ਕੇ ਕਿਹਾ, “ਸਾਡੇ ਬਾਲਪਨ ਵਿਚ ਸਵਰਗ ਸਾਡੇ ਆਲੇ-ਦੁਆਲੇ ਹੁੰਦਾ ਏ”

ਫੇਰ ਸਭਿਆਚਾਰ ਦੀ ਇਕ ਨੁਮਾਇਸ਼ ਜਿਹੀ ਸ਼ੁਰੂ ਹੋ ਗਈ। ਇਕ ਪ੍ਰੋਫ਼ੈਸਰ, ਇਕ ਫ਼ੌਜੀ ਅਫ਼ਸਰ ਤੇ ਇਕ ਵਪਾਰੀ, ਕਿਤਾਬਾਂ ਵਿਚੋਂ ਪੜ੍ਹੇ ਫ਼ਿਕਰੇ ਆਪਣੇ ਬਣਾ-ਬਣਾ ਬੋਲਣ ਲੱਗੇ।

ਇਕ ਨੇ ਕਿਹਾ, “ਬਾਲਪਨ ਆਦਮੀ ਤੇ ਅੱਗੋਂ ਵਾਲੀ ਝਾਤ ਪੁਆ ਦੇਂਦਾ ਏ, ਜਿਵੇਂ ਪਹ-ਫੁਟਾਲੇ ਤੋਂ ਪਤਾ ਲੱਗ ਜਾਂਦਾ ਏ ਕਿ ਦਿਨ ਕਿਹੋ ਜਿਹਾ ਲੱਗੇਗਾ।”

ਤੇ ਕਿਸੇ, “ਕਹਿੰਦੇ ਨੇ ਰੱਬ ਮੰਦਰ ਕੋਲ ਖੇਡਦੇ ਬੱਚਿਆਂ ਨੂੰ ਤੱਕ ਕੇ ਪੁਜਾਰੀ ਨੂੰ ਵਿਸਰ ਗਿਆ ਸੀ। ਇੰਦਰਾ ਜੀ—ਉਨ੍ਹਾਂ ਬੱਚਿਆਂ ਵਿਚ ਤੁਹਾਡੀ ਬੇਬੀ ਜ਼ਰੂਰ ਹੋਣੀ ਏਂ...”

ਤੇ ਵਪਾਰੀ ਨੇ ਕਿਹਾ, “ਲਓ ਜੀ, ਅਖੌਤ ਮਸ਼ਹੂਰ ਏ ਨਾ—ਬੱਚਾ ਮਨੁੱਖ ਦਾ ਪਿਊ ਏ। ਸੁਣਾ ਨੀ ਮੁੰਨੀਏਂ, ਤੂੰ ਆਪਣੇ ਪਿਊ ਦੀ ਧੀ ਏਂ—ਕਿ ਉਹਦੀ ਪਿਊ—ਨਾ ਮਾਂ...”

ਏਨੇ ਨੂੰ ਇਕ ਨਿੱਕੀ ਜਿਹੀ ਕੁੜੀ ਅੰਦਰ ਆਈ—ਸਭ ਤੋਂ ਚੰਗੇ ਗੀਤ ਦੀ ਖਿਡਾਵੀ, “ਬੀਬੀ ਜੀ, ਬੇਬੀ ਦੇ ਫ਼ੀਡ ਦਾ ਵਕਤ ਹੋ ਗਿਆ ਏ...”

ਚੌਦਾਂ ਵਰ੍ਹਿਆਂ ਦੀ ਕਾਲੀ, ਸੁੱਕੀ ਟਾਂਡਾ ਕੁੜੀ ਨੂੰ ਪ੍ਰੋਫ਼ੈਸਰ, ਫ਼ੌਜੀ ਅਫ਼ਸਰ, ਤੇ ਵਪਾਰੀ ਤਿੰਨੋਂ ਤੱਕਣ ਲੱਗ ਪਏ।

ਮੈਂ ਵੀ ਤਕ ਰਿਹਾ ਸਾਂ। ਉਹਦੀਆਂ ਸ਼ਾਹ ਕਾਲੀਆਂ ਸੁੱਕੀਆਂ ਬਾਹਵਾਂ ਬੇਬੀ ਦੇ ਗੁਲਾਬੀ ਫ਼ਰਾਕ ਉਤੇ ਦੋ ਲਾਸਾਂ ਪਾਂਦੀਆਂ ਜਾਪਦੀਆਂ ਸਨ, ਉਹਦਾ ਮੁਟਿਆਰ ਹੁੰਦੀ ਉਮਰ ਦਾ ਮੂੰਹ ਅੱਠ ਮਹੀਨਿਆਂ ਦੀ ਗੋਭਲੀ ਬੇਬੀ ਦੇ ਮੂੰਹ ਨਾਲੋਂ ਨਿੱਕਾ-ਨਿੱਕਾ ਲੱਗਦਾ ਸੀ। ਜਾਪਦਾ ਸੀ ਕਿ ਬੇਬੀ ਤੇ ਉਹਦੀ ਖਿਡਾਵੀ ਦੋ ਵੱਖ-ਵੱਖ ਕਿਸਮ ਦੇ ਜੀਵ ਸਨ। ਇੰਦਰਾ ਕੋਲੋਂ ਬੇਬੀ ਲੈ ਕੇ ਉਹ ਚਲੀ ਗਈ।

ਵਪਾਰੀ ਨੇ ਕਿਹਾ, “ਅਹਿ ਤੇ ਖ਼ੂਬ ਨਜ਼ਰ-ਪੱਟੂ ਰਖੀ ਹੋਈ ਜੇ!”

ਪ੍ਰੋਫ਼ੈਸਰ ਨੇ ਕਿਹਾ, “ਵਾਤਾਵਰਨ ਦਾ ਬਾਲ-ਜ਼ਿੰਦਗੀ ’ਤੇ ਬੜਾ ਅਸਰ ਹੁੰਦਾ ਏ। ਖ਼ਿਆਲ ਰੱਖਣਾ, ਤੁਹਾਡੀ ਬੇਬੀ ਦਾ ਏਡਾ ਚੰਗਾ ਰੰਗ ਕਿਤੇ ਧੁਆਂਖ ਨਾ ਜਾਏ।”

ਮੈਨੂੰ ਜਾਪਿਆ ਜਿਵੇਂ ਉਹ ਖਿਡਾਵੀ ਆਪਣੇ ਮੂੰਹ ਨਾਲੋਂ ਵੱਡੇ ਫੁੱਲਾਂ ਨਾਲ ਚਿਤ੍ਰੇ ਪਰਦਿਆਂ ਉਹਲਿਓਂ ਇਹ ਸਭ ਕੁਝ ਸੁਣ ਰਹੀ ਸੀ।

ਤੇ ਫੇਰ ਪ੍ਰੋਫ਼ੈਸਰ ਨੇ ਕਿਹਾ, “ਯਕੀਨਨ—ਜੇ ਤੁਹਾਡੀ ਆਯਾ ਵਰਗੇ ਬੱਚੇ ਮੰਦਰ ਦੇ ਬਾਹਰ ਖੇਡਦੇ ਹੁੰਦੇ ਤਾਂ ਰੱਬ ਨੂੰ ਪੁਜਾਰੀ ਕਦੇ ਨਾ ਭੁੱਲਦਾ।”

ਕਮਰੇ ਵਿਚੋਂ ਗੀਤ ਦੀ ਮਹਿਕ ਉੱਡ-ਪੁੱਡ ਚੁਕੀ ਸੀ, ਤੇ ਇਕ ਬੂ ਜਿਹੀ ਸੀ ਚਵ੍ਹੀਂ ਪਾਸੀਂ।

ਮੈਂ ਕੋਈ ਪਜ ਪਾ ਕੇ ਛੁੱਟੀ ਲਈ ਤੇ ਬਾਹਰ ਨਿਕੱਲ੍ਹ ਆਇਆ। ਪਰ ਉਹ ਖਿਡਾਵੀ ਕੁੜੀ ਵੀ ਜਿਵੇਂ ਮੇਰੇ ਨਾਲ ਨਾਲ ਆ ਰਹੀ ਸੀ। ਤੇ ਸਿਰਫ਼ ਉਹੀ ਕੁੜੀ ਹੀ ਨਹੀਂ, ਉਸ ਵਰਗੇ ਕਈ ਬੱਚੇ ਮੇਰੇ ਮਗਰ ਮਗਰ ਆ ਰਹੇ ਸਨ।

ਇੰਜ ਨਹੀਂ ਜਿਵੇਂ ਚਾਂਦੀ ਦੇ ਘੁੰਗਰੂ ਵਜਦੇ ਹੋਣ,—ਇੰਜ ਜਿਵੇਂ ਅਣਘੜ, ਨਿੱਕੇ ਵੱਡੇ ਪੱਥਰ, ਕਿਸੇ ਪਹਾੜੀਓਂ ਰੁੜ੍ਹਦੇ ਹੋਣ।

ਇਨ੍ਹਾਂ ਵਿਚੋਂ ਕਈਆਂ ਨੂੰ ਮੈਂ ਪਛਾਣਦਾ ਸਾਂ—ਜ਼ਿੰਦਗੀ ਦੇ ਰਾਹਾਂ ’ਤੇ ਵੱਖ-ਵੱਖ ਥਾਂ ਮੈਨੂੰ ਇਹ ਕਦੇ ਨਾ ਕਦੇ ਮਿਲੇ ਸਨ। ...ਉਹ ਪ੍ਰੀਤੋ ਸੀ। ਇਕ ਫ਼ੌਜੀ ਅਫ਼ਸਰ ਦੇ ਘਰ ਉਹਦੇ ਪਿਓ ਨੇ ਉਹਨੂੰ ਖਿਡਾਵੀ ਰਖਾ ਦਿੱਤਾ ਸੀ, “ਸਰਦਾਰ ਜੀ, ਰੁਲ-ਖੁਲ ਕੇ ਤੁਹਾਡੇ ਟੁਕੜਿਆਂ ’ਤੇ ਪਲ ਜਾਏਗੀ।”

ਪ੍ਰੀਤੋ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਉਹ ਕਿੱਡੀ ਕੁ ਸੀ ਜਦੋਂ ਤੋਂ ਆਪਣੇ ਘਰ ਲਈ ਕਮਾਣ ਲਗ ਪਈ ਸੀ!

ਉਹਦੇ ਸਰਦਾਰ ਤੇ ਬੀਬੀ ਬੜੇ ਚੰਗੇ ਸਨ, ਹਰ ਮਹੀਨੇ ਆਪ ਹੀ ਉਹਦੇ ਪਿਓ ਨੂੰ ਡਾਕਖਾਨੇ ਰਾਹੀਂ ਪੈਸੇ ਘਲਾ ਦੇਂਦੇ ਸਨ। ਉਹਦੇ ਸਰਦਾਰ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਸਨ : ਜਲੰਧਰ, ਪੂਨਾ, ਮਦਰਾਸ, ਬੰਬਈ, ਸ੍ਰੀਨਗਰ। ਉਹ ਵੀ ਨਾਲ ਇਨ੍ਹਾਂ ਥਾਵਾਂ ’ਤੇ ਹੋ ਆਈ ਸੀ। ਇਨ੍ਹਾਂ ਸ਼ਹਿਰਾਂ ਦਾ ਭਾਵੇਂ ਉਹਨੂੰ ਕੁਝ ਚੇਤੇ ਹੋਵੇ—ਪਰ ਆਪਣੇ ਪਿੰਡ ਦਾ ਸਭ ਕੁਝ ਵਿਸਰਦਾ ਜਾਂਦਾ ਸੀ। ਹੁਣ ਉਹਨੂੰ ਆਪਣੇ ਪਿੰਡ ਦਾ ਏਨਾ ਕੁ ਹੀ ਚੇਤਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਬਾਹਰਵਾਰ ਇਕ ਵੱਡਾ ਸਾਰਾ ਛੱਪੜ ਸੀ, ਤੇ ਇਸ ਛੱਪੜ ਕੋਲ ਇਕ ਟੁੱਟੀ ਹੋਈ ਗੱਡ ਪਈ ਹੁੰਦੀ ਸੀ।

ਛੱਪੜ ਤੇ ਟੁੱਟੀ ਹੋਈ ਗੱਡ, ਤੇ ਬੱਸ, ਹੋਰ ਕੋਈ ਚੇਤਾ ਨਾ: ਸਹੇਲੀਆਂ ਨਾਲ ਘਰ ਘਰ ਪਾਣਾ, ਗੁੱਡੀ-ਗੁੱਡੇ ਦਾ ਵਿਆਹ, ਮਿੱਟੀ ਖਿਡੌਣੇ, ਲੁਕਣ-ਮੀਟੀ, ਆਲ ਮਾਲ ਪੂਰੇ ਹੋਏ ਥਾਲ—ਕੋਈ ਵੀ ਨਾ।

ਆਪਣੀ ਮਾਂ ਦਾ ਵੀ ਉਹਨੂੰ ਬੜਾ ਧੁੰਦਲਾ ਜਿਹਾ ਚੇਤਾ ਸੀ। ਹਾਂ, ਮਾਂ ਦੀ ਉਹਨੂੰ ਇਕ ਗੱਲ ਪੱਕੀ ਤਰ੍ਹਾਂ ਚੇਤੇ ਸੀ। ਉਹਦਾ ਬਾਪੂ ਕੁਝ ਦਿਨਾਂ ਤੋਂ ਢਿੱਲਾ ਸੀ, ਮਾਂ ਨੇ ਉਹਦੇ ਲਈ ਦੁੱਧ ਤੱਤਾ ਰੱਖਿਆ ਹੋਇਆ ਸੀ। ਪ੍ਰੀਤੋ ਦੁੱਧ ਲਈ ਖਹਿੜੇ ਪੈ ਗਈ, ਤਾਂ ਮਾਂ ਨੇ ਕਿਹਾ ਸੀ, “ਕੁੜੀਆਂ ਦੁੱਧ ਨਹੀਂ ਪੀਂਦੀਆਂ—ਖ਼ਬਰਦਾਰ ਜੇ ਤੂੰ ਦੁੱਧ ਨੂੰ ਮੂੰਹ ਲਾਇਆ, ਤੇਰੇ ਢਿੱਡ ਵਿਚ ਸੋਜ ਪੈ ਜਾਏਗੀ ਤੇ ਤੂੰ...” ਤੇ ਹੁਣ ਤੱਕ ਉਹ ਕਦੇ ਦੁੱਧ ਪੀਣ ਦੀ ਹਿੰਮਤ ਨਹੀਂ ਸੀ ਕਰ ਸਕੀ। ਉਹਦੀ ਬੀਬੀ ਉਹਨੂੰ ਕਦੇ ਕਦੇ ਦੁੱਧ ਦੇਂਦੀ ਸੀ, ਪਰ ਉਹ ਨਾ ਪੀ ਸਕਦੀ; ਭਾਵੇਂ ਉਹਨੂੰ ਪਤਾ ਸੀ ਕਿ ਉਹ ਆਪ ਰੋਜ਼ ਬੇਬੀ ਨੂੰ ਦੁੱਧ ਪਿਆਂਦੀ ਹੈ—ਬੇਬੀ ਨੂੰ ਕਦੇ ਕੋਈ ਸੋਜ ਨਹੀਂ ਪਈ।

ਇਕ ਵਾਰੀ ਪ੍ਰੀਤੋ ਦੇ ਸਰਦਾਰ ਦੀ ਬਦਲੀ ਉਨ੍ਹਾਂ ਦੇ ਪਿੰਡ ਦੇ ਨੇੜੇ ਦੇ ਸ਼ਹਿਰ ਵਿਚ ਹੋ ਗਈ। ਪ੍ਰੀਤੋ ਨੂੰ ਬੜਾ ਚਾਅ ਚੜ੍ਹਿਆ। ਉਹਦੀ ਬੀਬੀ ਨੇ ਕਈ ਵਾਰ ਉਹਨੂੰ ਕਈ ਚੀਜ਼ਾਂ ਦਿੱਤੀਆਂ ਸਨ: ਪੁਰਾਣੇ ਕੱਪੜੇ, ਪੁਰਾਣੇ ਖਿਡੌਣੇ, ਰਿਬਨ ਤੇ ਹੋਰ ਕਈ ਨਿੱਕ-ਸੁੱਕ। ਉਹ ਸਭ ਚੀਜ਼ਾਂ ਉਹਨੇ ਚਾਈਂ ਚਾਈਂ ਆਪਣੀ ਟਰੰਕੜੀ ਵਿਚ ਨਵੇਂ ਸਿਰਿਓਂ ਜੋੜੀਆਂ— ਆਪਣੀ ਮਾਂ ਲਈ, ਤੇ ਆਪਣੇ ਨਿੱਕੇ ਭੈਣ ਭਰਾਵਾਂ ਲਈ—ਜਿਨ੍ਹਾਂ ਨੂੰ ਉਹਨੇ ਤੱਕਿਆ ਵੀ ਨਹੀਂ ਸੀ ਹੋਇਆ।

ਜਦੋਂ ਟਰੰਕੜੀ ਚੁੱਕੀ ਉਹ ਫ਼ੌਜੀ ਟਰੱਕ ਵਿਚੋਂ ਆਪਣੇ ਪਿੰਡ ਉਤਰੀ, ਚਾਅ ਨਾਲ ਉਹਨੂੰ ਖੰਭ ਲੱਗੇ ਹੋਏ ਸਨ।

ਸਾਹਮਣੇ ਉਹਦੇ ਪਿੰਡ ਦਾ ਛੱਪੜ ਸੁੱਕਿਆ ਹੋਇਆ ਸੀ—ਤੇ ਉਥੇ ਟੁੱਟੀ ਗੱਡ ਵੀ ਕੋਈ ਨਹੀਂ ਸੀ। ਉਹਦੇ ਘਰ ਨੂੰ ਮੁੜਦੀ ਗਲੀ ਦੀ ਇਕੋ ਇਕ ਨਿਸ਼ਾਨੀ! ਚਾਅ ਦੇ ਖੰਭਾਂ ਉਤੇ ਕੋਈ ਪੱਥਰ ਪੈ ਗਏ: ਉਹ ਆਪਣਾ ਘਰ ਭੁੱਲ ਗਈ ਸੀ—ਆਪਣਾ ਘਰ, ਮਿੱਠਾ ਘਰ, ਘਰ ਜਿਦ੍ਹੇ ਬਾਰੇ ਲੋਕ ਗੀਤ ਗੌਂਦੇ ਹਨ, ਜਿਦ੍ਹੇ ਸੁੱਖਾਂ ਨੂੰ ਬਲਖ਼ ਬੁਖ਼ਾਰਿਓਂ ਵੱਧ ਦੱਸਦੇ ਹਨ।

ਪਿੰਡ ਦੀਆਂ ਕੁੜੀਆਂ ਖਿੜ ਖਿੜ ਹੱਸ ਰਹੀਆਂ ਸਨ, ਜਦੋਂ ਉਹਨੇ ਭੋਲੇ ਭਾਅ ਉਨ੍ਹਾਂ ਕੋਲੋਂ ਪੁੱਛਿਆ, “ਨੀ ਕੁੜੀਓ—ਮੇਰਾ ਘਰ ਕਿਥੇ? ਮੈਂ ਨ੍ਹਾਮੋਂ ਦੀ ਧੀ...”

ਰੱਬ ਅਜਿਹੇ ਬੱਚੇ ਨੂੰ ਤੱਕ ਕੇ ਆਪਣੇ ਪੁਜਾਰੀ ਨੂੰ ਕਦੇ ਨਾ ਭੁੱਲਦਾ—ਪਰ ਪ੍ਰੀਤੋ ਆਪਣਾ ਘਰ ਭੁੱਲ ਗਈ ਸੀ! …ਤੇ ਉਹ ਪਿਛਾਂਹ ਸੀ, ਮੇਰੇ ਨਿੱਕੇ ਹੁੰਦਿਆਂ ਦਾ ਜਮਾਤੀ ਬਸ਼ੀਰਾ। ਬੜੇ ਸੁਹਣੇ ਗੀਤ ਗੌਂਦਾ ਹੁੰਦਾ ਸੀ—‘ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ...।’ ਜਦੋਂ ਸਕੂਲੇ ਕੋਈ ਅਫ਼ਸਰ ਔਣ ਵਾਲਾ ਹੁੰਦਾ ਤਾਂ ਮਾਸਟਰ ਉਹਨੂੰ ‘ਲਬ ਪੇ ਆਈ ਹੈ ਤਮੱਨਾ’ ਜਾਂ ਹੋਰ ਕੋਈ ਰੱਬ ਦੀ ਜਾਂ ਕਿਸੇ ਅੜੇ ਅਫ਼ਸਰ ਦੀ ਹਜ਼ੂਰੀ ਦਾ ਗੀਤ ਰਟਾ ਦੇਂਦੇ ਸਨ। ਪਰ ਇਹ ਗੀਤ ਗੌਣ ਵੇਲੇ ਉਹ ਉੱਕਾ ਖੁਸ਼ ਨਹੀਂ ਸੀ ਹੁੰਦਾ—ਕਿਉਂਕਿ ਜਦੋਂ ਵੀ ਉਹਨੂੰ ਅਜਿਹਾ ਗੀਤ ਗੌਣਾ ਪੈਂਦਾ, ਉਹਨੂੰ ਨਵੇਂ ਕਪੜੇ ਸੁਆਣੇ ਪੈਂਦੇ ਤੇ ਆਪਣੇ ਮੀਏਂ ਦੀ ਪੱਗ ਨਵੇਂ ਸਿਰਿਓਂ ਰੰਗਵਾ ਕੇ ਬੰਨ੍ਹਣੀ ਪੈਂਦੀ—ਕਦੇ ਗੁਲਾਬੀ, ਕਦੇ ਬਸੰਤੀ; ਹਰ ਵਾਰ ਨਵਾਂ ਰੰਗ। ਓਦੋਂ ਮੈਨੂੰ ਇਹ ਨਹੀਂ ਸੀ ਪਤਾ ਕਿ ਬਸ਼ੀਰਾ ਨਵੇਂ ਕਪੜੇ ਸੁਆਣ ਲਈ ਸਾਡੇ ਵਾਂਗ ਚਾਅ ਕਿਉਂ ਨਹੀਂ ਕਰਦਾ।

ਬਸ਼ੀਰਾ ਮੇਰਾ ਬੜਾ ਬੇਲੀ ਸੀ—ਤੇ ਉਹਨੂੰ ਮੈਂ ਇਕ ਰੰਗ ਬਰੰਗਾ ਗੇਂਦ ਨਿਸ਼ਾਨੀ ਵਜੋਂ ਦਿੱਤਾ ਸੀ।

ਇਕ ਦਿਨ ਉਹ ਸਕੂਲੇ ਨਾ ਆਇਆ, ਫੇਰ ਦੂਜੇ ਦਿਨ ਵੀ ਨਾ, ਤੇ ਫੇਰ ਕਦੇ ਵੀ ਨਾ ਆਇਆ। ਮੈਂ ਓਦਰ ਜਿਹਾ ਗਿਆ। ਉਹਦੇ ਪਿੰਡ ਗਿਆ। ਬਾਹਰਵਾਰ ਚਰਾਂਦ ਵਿਚ ਉਹ ਮੱਝ ਚਰਾ ਰਿਹਾ ਸੀ।

ਮੈਂ ਉਹਨੂੰ ਪੁੱਛਿਆ, “ਬਸ਼ੀਰਿਆ, ਤੂੰ ਹੁਣ ਸਕੂਲੇ ਕਿਉਂ ਨਹੀਂ ਔਂਦਾ?”

ਉਹਨੇ ਜਵਾਬ ਦਿੱਤਾ, “ਮੇਰੇ ਮੀਏਂ ਨੇ ਮੱਝ ਖ਼ਰੀਦ ਲਈ ਏ।”

ਮੈਨੂੰ ਓਦੋਂ ਉਹਦੀ ਗੱਲ ਸਮਝ ਨਹੀਂ ਸੀ ਆਈ। ਮੀਏਂ ਨੇ ਮੱਝ ਖਰੀਦੀ ਹੈ।

ਮੱਝ ਦਾ ਜੋੜ ਮੇਰੀ ਦੁਨੀਆਂ ਵਿਚ ਦੁੱਧ ਲੱਸੀ ਨਾਲ ਸੀ। ਪਰ ਬਸ਼ੀਰੇ ਦੀ ਮੱਝ ਦਾ ਸਕੂਲੋਂ ਹੱਟ ਤੇ ਬੇਲੀਆਂ ਤੋਂ ਵਿਛੜਨ ਨਾਲ ਸੀ, ਇਹ ਮੱਝ ਜਿਦ੍ਹਾ ਉਹਨੇ ਦੁੱਧ ਨਹੀਂ ਸੀ ਪੀਣਾ— ਉਹਦੇ ਮੀਏਂ ਨੂੰ ਘਰ ਦੇ ਨਿਰਬਾਹ ਲਈ ਸਾਰਾ ਦੁੱਧ ਦੋਧੀ ਕੋਲ ਵੇਚਣਾ ਪੈਂਦਾ ਸੀ।

ਬਸ਼ੀਰਾ ਮੇਰੇ ਮਗਰ ਇਨ੍ਹਾਂ ਬੱਚਿਆਂ ਵਿਚ ਆ ਰਿਹਾ ਸੀ। ਬਸ਼ੀਰਾ, ਜਿਸ ਨੂੰ ਮੈਂ ਸੁਹਣੇ ਰੰਗਾਂ ਵਾਲਾ ਗੇਂਦ ਦਿੱਤਾ ਸੀ—ਪਰ ਗੇਂਦ ਵਾਂਗ ਗੇਂਦ ਨਾਲ ਖੇਡਣ ਦੀ ਵਿਹਲ ਨਹੀਂ ਸਾਂ ਦੇ ਸਕਦਾ। …ਤੇ ਉਹ ਸੀ, ਸੋਲ੍ਹਾਂ ਕੁ ਵਰ੍ਹਿਆਂ ਦਾ ਮੁੰਡਾ, ਜਿਹੜਾ ਸਾਡੇ ਛੋਟੇ ਜਿਹੇ ਸ਼ਹਿਰ ਵਿੱਚ ਆਲੂ ਛੋਲਿਆਂ ਦੀ ਛਾਬੜੀ ਲਾਂਦਾ ਹੈ, ਤੇ ਇਹਦੀ ਵਟਕ ਤੋਂ ਆਪਣੀ ਅੰਨ੍ਹੀਂ ਮਾਂ ਤੇ ਇਕ ਛੋਟੇ ਭਰਾ ਦਾ ਨਿਰਬਾਹ ਕਰਦਾ ਹੈ। ਪਤਾ ਨਹੀਂ ਉਹਦੀ ਮਾਂ ਆਪਣੀ ਹਨੇਰੀ ਜ਼ਿੰਦਗੀ ਦੇ ਇਕੋ ਇਕ ਚਾਨਣ ਨੂੰ ਲਾਡ ਨਾਲ ਕੀ ਬੁਲਾਂਦੀ ਹੈ, ਪਰ ਸਾਡੇ ਸ਼ਹਿਰ ਵਿਚ ਉਹਨੂੰ ਸਾਰੇ ਕਾਲੂ ਸੱਦਦੇ ਹਨ।

ਕਾਲੂ ਸਕੂਲ ਦੇ ਬਾਹਰ ਛੋਲੇ ਵੇਚਣ ਲਈ ਬਹਿੰਦਾ ਹੈ। ਜਦੋਂ ਅੱਧੀ ਛੁੱਟੀ ਵੇਲੇ ਮੁੰਡੇ ਉਹਦੇ ਕੋਲੋਂ ਛੋਲੇ ਲੈਣ ਔਂਦੇ ਹਨ—ਮੁੰਡੇ ਜਿਨ੍ਹਾਂ ਦੀਆਂ ਅੱਖਾਂ ਵਿਚ ਖੇਡ ਦਾ ਖ਼ੁਮਾਰ ਹੁੰਦਾ ਹੈ—ਤਾਂ ਕਾਲੂ ਕੋਸ਼ਿਸ਼ ਕਰਨ ’ਤੇ ਵੀ ਚੇਤਾ ਨਹੀਂ ਕਰ ਸਕਦਾ ਕਿ ਕਦੇ ਉਹ ਰੱਜ ਖੇਡਿਆ ਹੋਏ, ਕਦੇ ਉਹਦੀ ਬਾਂਹ ਨੇ ਗੁੱਲੀ ਨੂੰ ਸੁਆਦਲਾ ਟੁਲ ਲਾਇਆ ਹੋਏ, ਕਦੇ ਮੁਲਾਇਮ ਲਿਸ਼ਕਦੇ ਬੰਟੇ ਉਹਨੇ ਹੱਥ ਫੜ ਤਕੇ ਹੋਣ, ਕਦੇ ਉਹਨੇ ਖਿੱਧੋ ਬੁੜ੍ਹਕਾਇਆ ਹੋਵੇ...

ਕਿੰਨੇ ਹੀ ਵਰ੍ਹਿਆਂ ਤੋਂ ਕਾਲੂ ਛੋਲੇ ਵੇਚ ਰਿਹਾ ਹੈ। ਰੱਜ ਕੇ ਨੀਂਦਰ ਮਾਣਿਆਂ ਵੀ ਉਹਨੂੰ ਮੁੱਦਤਾਂ ਲੰਘ ਗਈਆਂ ਹਨ। ਮੂੰਹ-ਹਨੇਰੇ ਹੀ ਉੱਠ ਕੇ ਉਹਨੂੰ ਆਪਣੀ ਅੰਨ੍ਹੀਂ ਮਾਂ ਦੀ ਮੱਦਦ ਨਾਲ ਛੋਲੇ ਬਣਾਨੇ ਪੈਂਦੇ ਹਨ, ਛਾਬੜੀ ਤਿਆਰ ਕਰਨੀ ਪੈਂਦੀ ਹੈ ਤੇ ਫੇਰ ਸਾਰਾ ਦਿਨ ਵਿਕਰੀ ਲਈ ਮਾਰਿਆਂ-ਮਾਰਿਆਂ ਫਿਰਨਾ ਪੈਂਦਾ ਹੈ, ਤੇ ਸ਼ਾਮ ਨੂੰ ਵਟਕ ਗਿਣ ਕੇ ਅਗਲੇ ਦਿਨ ਲਈ ਸੌਦਾ ਖਰੀਦਣਾ ਪੈਂਦਾ ਹੈ।

ਜਦੋਂ ਕਾਲੂ ਹੋਰਨਾਂ ਬੱਚਿਆਂ ਨੂੰ ਗੌਂਦਿਆਂ ਸੁਣਦਾ ਹੈ—ਤਾਂ ਉਹਦੇ ਕੰਨਾਂ ਨੂੰ ਨਿੰਮ੍ਹਾ ਨਿੰਮ੍ਹਾ ਭਰਮ ਹੁੰਦਾ ਹੈ, ਸ਼ਾਇਦ ਉਹ ਵੀ ਕਦੇ ਗੰਵਿਆਂ ਹੋਏ! ਪਰ ਉਹਦੇ ਕੰਨਾਂ ਨੇ ਸਿਰਫ਼ ਆਲੂ ਛੋਲਿਆਂ ਦੇ ਗਰਮ ਹੋਣ ਦੀਆਂ ਵਾਜਾਂ ਹੀ ਉਹਦੇ ਕੋਲੋਂ ਸੁਣੀਆਂ ਹਨ!

ਜਦੋਂ ਸਕੂਲ ਦੇ ਬੱਚੇ ਉਹਦੇ ਕੋਲੋਂ ਛੋਲੇ ਲੈਂਦਿਆਂ ਆਪਸ ਵਿਚ ਪੜ੍ਹਾਈ ਦੀਆਂ, ਹਿਸਾਬ ਤੇ ਸਾਇੰਸ ਦੀਆਂ, ਤਾਰੀਖ ਤੇ ਜੁਗਰਾਫ਼ੀਏ ਦੀਆਂ ਗੱਲਾਂ ਕਰਦੇ ਹਨ, ਤਾਂ ਉਹਨੂੰ ਇਕ ਪਲ ਇੰਜ ਜਾਪਦਾ ਹੈ ਕਿ ਉਹ ਕਿਸੇ ਅਣਜਾਣੇ ਦੇਸ ਦੀਆਂ ਪਰੀ-ਕਹਾਣੀਆਂ ਪਾ ਰਹੇ ਹਨ! …ਤੇ ਉਹ ਕੁੜੀ—ਮੈਂ ਆਪਣੇ ਦੇਸ਼ ਦੀ ਰਾਜਧਾਨੀ ਦੇ ਸਭ ਤੋਂ ਵੱਡੇ ਬਜ਼ਾਰ ਵਿਚ ਕਈ ਵਾਰ ਤੱਕੀ ਹੈ। ਹੁਨਾਲ ਤੇ ਸਿਆਲ—ਬਾਰਾਂ ਮਹੀਨੇ ਉਹਨੇ ਇਕੋ ਜਿਹੇ ਕਪੜੇ ਪਾਏ ਹੁੰਦੇ ਹਨ। ਇਹ ਯਾਰਾਂ ਵਰ੍ਹਿਆਂ ਦੀ ਬੱਚੀ ਸਿਆਲੇ ਵਿਚ ਗਰਮ ਕੋਟਾਂ ਨਾਲ ਸੱਜੀਆਂ ਦੁਕਾਨਾਂ ਸਾਹਮਣੇ ਅਖ਼ਬਾਰਾਂ ਵੇਚਦੀ ਹੈ। ਇਹਦੇ ਮੂੰਹ ਉਤੇ ਭੁੱਖ ਨੇ ਖੁਰਚ ਖੁਰਚ ਕੇ ਆਪਣੇ ਲਈ ਆਲ੍ਹਣਾ ਪਾ ਲਿਆ ਹੈ। ਰੌਣਕੀਲੇ ਹੋਟਲਾਂ ਦੇ ਸਾਹਮਣੇ ਇਹਦੇ ਬਾਲ-ਗਲੇ ਵਿਚੋਂ ਅਖ਼ਬਾਰਾਂ ਵੇਚਣ ਦਾ ਹੋਕਾ ਕਈਆਂ ਸੁਣਿਆ ਹੈ।

ਇਹ ਅਖ਼ਬਾਰਾਂ ਵੇਚਣ ਵਾਲੀ ਕੁੜੀ ਆਪ ਅਖ਼ਬਾਰ ਨਹੀਂ ਪੜ੍ਹ ਸਕਦੀ, ਆਪ ਇਹ ਕਾਇਦਾ ਵੀ ਨਹੀਂ ਪੜ੍ਹ ਸਕਦੀ। ਇਹਦਾ ਦਿਮਾਗ਼ ਅੱਖਰਾਂ ਦੇ ਚਾਨਣ ਤੋਂ ਵਿਰਵਾ ਹੈ, ਕਦੇ ਗੀਤ ਤੇ ਕਹਾਣੀਆਂ ਪੜ੍ਹ ਕੇ ਖੁਸ਼ੀਆਂ ਨਾਲ ਖੀਵਾ ਨਹੀਂ ਹੋਇਆ। ਰੋਜ਼ ਅਖ਼ਬਾਰਾਂ ਵੇਚਣ ਲਈ ਉੱਚੀਆਂ ਵਾਜਾਂ ਮਾਰ ਮਾਰ ਕੇ ਉਹਦੀ ਵਾਜ ਉਹਦੀ ਉਮਰ ਨਾਲੋਂ ਕਿਤੇ ਭਾਰੀ ਤੇ ਖਰ੍ਹਵੀ ਹੋ ਗਈ ਹੈ। ਉਹਦੇ ਮੂੰਹ ਉਤੇ ਬਚਪਨ ਨਹੀਂ ਰਿਹਾ—ਪਰ ਉਹਦਾ ਕੱਦ-ਕਾਠ ਸਦਾ ਬੱਚਿਆਂ ਵਰਗਾ ਹੀ ਰਹੇਗਾ, ਤੇ ਤੀਵੀਂਪਨ ਦਾ ਨਿਖਾਰ ਉਹਨੂੰ ਕਦੇ ਨਸੀਬ ਨਹੀਂ ਹੋਣ ਲੱਗਾ। ਤੇ ਉਹ ਸੀ ਇਕ ਬਿਹਾਰੀ ਮੁੰਡਾ— ਰਾਮੂ। ਕੱਲ੍ਹਕੱਤੇ ਦੇ ਇੱਕ ਚੌਰਾਹੇ ’ਤੇ ਉਹਨੇ ਮੇਰੇ ਬੂਟ ਪਾਲਸ਼ ਕੀਤੇ ਸਨ। ਅਜਿਹੇ ਮੁੰਡਿਆਂ ਦੀ ਓਥੇ ਹਰ ਚੌਰਾਹੇ ’ਤੇ ਇਕ ਭੀੜ ਜਿਹੀ ਲੱਗੀ ਹੁੰਦੀ ਸੀ, ਤੇ ਕਿੰਨੇ ਹੀ ਚੌਰਾਹੇ ਸਨ ਓਸ ਸ਼ਹਿਰ ਵਿਚ!

ਇਨ੍ਹਾਂ ਸਭ ਮੁੰਡਿਆਂ ਲਈ ਜ਼ਿੰਦਗੀ ਮੈਲੇ ਬੂਟ ਤਕ ਸੁੰਗੜ ਕੇ ਰਹਿ ਗਈ ਸੀ। ਇਨ੍ਹਾਂ ਦੀ ਜ਼ਿੰਦਗੀ ਵਿਚ ਫੁੱਲ ਕੋਈ ਨਹੀਂ ਸੀ, ਖੇਡ ਤੇ ਖਿਡੌਣਾ ਕੋਈ ਨਹੀਂ ਸੀ, ਮਾਂ ਦੀ ਹਿੱਕ ਕੋਈ ਨਹੀਂ, ਭੈਣ ਦਾ ਪਿਆਰ ਤੇ ਵੀਰ ਦੀ ਯਾਰੀ ਕੋਈ ਨਹੀਂ। ਭੀੜਾਂ ਲੰਘ ਲੰਘ ਜਾਂਦੀਆਂ ਸਨ—ਤੇ ਇਹ ਕੁਝ ਵੀ ਲੱਤਾਂ ਤੋਂ ਉਤਾਂਹ ਨਾ ਤਕਦੇ, ਸਿਰਫ਼ ਬੂਟ ਤਕਦੇ, ਮੈਲਾ ਤਕ ਕੇ ਵਾਜਾਂ ਮਾਰਦੇ, ਤੇ ਆਪਣੀ ਕਿਸਮਤ ਉਡੀਕਦੇ।

ਬੂਟ ਪਾਲਸ਼ ਕਰਦਿਆਂ ਜਿਵੇਂ ਰਾਮੂ ਟੁੱਟੇ ਹੋਏ ਦੰਦ-ਬੁਰਸ਼ ਨਾਲ ਪਾਲਸ਼ ਦੇ ਡੋਬੇ ਲਾਂਦਾ ਸੀ, ਜਿਵੇਂ ਲਿਸ਼ਕਾਣ ਲਈ ਕੱਪੜਾ ਰਗੜਦਾ ਸੀ, ਓਸ ਤੋਂ ਵੱਡੇ ਸ਼ਹਿਰ ਦੀ ਜ਼ਿੰਦਗੀ ਦੀ ਮਸ਼ੀਨੀ ਤੇਜ਼ੀ ਉਘੜਦੀ ਸੀ। ਪਰ ਫੇਰ ਵੀ ਉਹਦੀ ਅਦਾ ਵਿਚ ਇਕ ਹੁਨਰ ਸੀ, ਕੈਦ ਕੀਤੀ ਖੇਡ ਸੀ, ਇਕ ਬੰਦੀ ਨਾਚ ਦੀ ਤਾਲ ਸੀ; ਜਿਵੇਂ ਹੁਨਰ, ਖੇਡ, ਨਾਚ, ਸਭ ਕਾਸੇ ਨੂੰ ਪੈਸੇ ਦੀ ਬਾਦਸ਼ਾਹੀ ਨੇ ਇਕ ਬੂਟ ਵਿਚ ਕੀਲ ਛੱਡਿਆ ਸੀ ਤੇ ਉਤੇ ਕਾਨੂੰਨ ਦੇ ਤਸਮੇ ਬੰਨ੍ਹ ਦਿੱਤੇ ਸਨ। ਅਜਿਹੇ ਬੱਚਿਆਂ ਦੀ ਇਕ ਫ਼ੌਜ ਮੇਰੇ ਮਗਰ ਆ ਰਹੀ ਸੀ।

ਉਹ ਜਿਹੜਾ ਲੁਧਿਆਣੇ ਰਾਤ ਦੋ ਵਜੇ ਮੈਨੂੰ ਰਿਕਸ਼ਾ ਚਲਾਂਦਾ ਮਿਲਿਆ ਸੀ। ਉਹਦੇ ਪੈਰ ਪੈਡਲਾਂ ਤੱਕ ਨਹੀਂ ਸਨ ਅਪੜ੍ਹਦੇ, ਤੇ ਉਹਨੂੰ ਵਾਰੀ-ਵਾਰੀ ਨਿਊਣਾ ਪੈਂਦਾ ਸੀ। ਉਹਨੇ ਹੱਸ ਕੇ ਓਦੋਂ ਕਿਹਾ ਸੀ, “ਪਤਾ ਨਹੀਂ ਕਿਸ ਨੂੰ ਸੁਝੀ ਏ—ਸ਼ੂ-ਮੰਤਰ ਕਰ ਕੇ ਬੰਦਿਆਂ ਨੂੰ ਖੋਤੇ ਬਣਾ ਉਹਨੇ ਸੜਕਾਂ ’ਤੇ ਖਿੱਲ੍ਹਾਰ ਦਿੱਤਾ ਏ—ਜਾਓ ਬੱਚੂ, ਰਿਕਸ਼ਾ ਅੱਗੇ ਜੁਪੋ!”

ਤੇ ਹੋਰ ਕਈ ਸਨ—ਸਿਲ੍ਹੀਆਂ ਹਨੇਰੀਆਂ ਕੋਠੜੀਆਂ ਵਿਚ ਚਿੜੀਆਂ ਗੇਂਦ ਬਣਾਂਦੇ, ਬਟਨ ਬਣਾਂਦੇ, ਬੀੜੀਆਂ ਬਣਾਂਦੇ; ਮੂੰਹ ਤੇ ਸ਼ਾਹੀ, ਹੱਥ ਵਿਚ ਫੜੀ ਰੋਟੀ ਦੀ ਡੱਬੀ ਉਤੇ ਸ਼ਾਹੀ, ਛਾਪੇਖਾਨੇ ਵਿਚੋਂ ਟਾਈਪ ਫੈਂਕਦੇ ਨਿਕੱਲ੍ਹਦੇ... ਪਰ ਇਹ ਤਾਂ ਮੇਰਾ ਖਹਿੜਾ ਨਹੀਂ ਸੀ ਛੱਡ ਰਿਹਾ—ਅਗਾਂਹ ਵਧਦਾ ਹੀ ਆ ਰਿਹਾ ਸੀ। ਤੇ ਮੈਂ ਹੁਣ ਵੀ ਤ੍ਰਭਕ ਗਿਆ ਸਾਂ, ਕਿਤੇ ਇਹਦੇ ਨਾਲ ਗੱਲਾਂ ਕਰਦਿਆਂ ਮੈਨੂੰ ਕੋਈ ਵੇਖ ਨਾ ਲਏ, ਇਨਬਿਨ ਉਹੋ ਜਿਹਾ ਡਰ, ਜਿਹੋ ਜਿਹਾ ਮੈਨੂੰ ਓਦੋਂ ਕਾਂਬਾ ਛੇੜ ਰਿਹਾ ਸੀ ਜਦੋਂ ਉਹ ਮੈਨੂੰ ਰਾਤੀਂ ਦਸ ਵਜੇ ਕੱਲਕੱਤੇ ਚੌਰੰਗੀ ਵਿਚ ਮਿਲਿਆ ਸੀ।

“ਸਾਹਿਬ…” ਉਹਨੇ ਪਿੱਛੋਂ ਵਾਜ ਮਾਰੀ ਸੀ।

ਮੈਂ ਹੈਰਾਨ ਸਾਂ, ਚੌਦਾਂ ਵਰ੍ਹਿਆਂ ਦਾ ਇਕ ਮੁੰਡਾ, ਲਿਸ਼ਕਦੇ ਸੁਆਰੇ ਪਟਿਆਂ ਵਾਲਾ, ਕਿਉਂ ਬੁਲਾ ਰਿਹਾ ਸੀ!

“ਸਾਹਿਬ...”

ਮੈਂ ਉਹਨੂੰ ਨਹੀਂ ਸਾਂ ਜਾਣਦਾ, ਪਰ ਮੇਰੇ ਖੜੋ ਜਾਣ ਤੇ ਉਹ ਮੇਰੇ ਨੇੜੇ ਆ ਗਿਆ।

“ਸਾਹਬ, ਸੈਰ ਕੋ ਚਲੋਗੇ? ਬਹੁਤ ਬੜੀਆ—ਹਰ ਕਿਸਮ”, ਚੌਦਾਂ ਵਰ੍ਹਿਆਂ ਦਾ ਅਣਜਾਣ ਮੁੰਡਾ ਮੈਨੂੰ ਕਹਿ ਰਿਹਾ ਸੀ। ਉਹਦੇ ਪਾਨ-ਰੰਗੇ ਬੁਲ੍ਹਾਂ ਤੇ ਇਕ ਭੇਤੀ ਜਿਹਾ ਪ੍ਰਭਾਵ ਸੀ।

ਚੌਰੰਗੀ ਦੀਆਂ ਨਿਊਨ-ਬੱਤੀਆਂ ਵਿਚ ਰੰਗ-ਬਰੰਗੇ ਵਪਾਰੀ-ਸੁਨੇਹੇ ਬਲ ਬੁਝ ਰਹੇ ਸਨ: “ਆਓ ਅਸੀਂ ਫ਼ਰਪੋ ਵਿਚ ਰੋਟੀ ਖਾਈਏ”

“ਹਰ ਵਕਤ ਚਾਹ ਦਾ ਵਕਤ ਹੈ”

“ਪਲੇਅਰਜ਼ ਸਿਗਰਟ ਸਭ ਤੋਂ ਚੰਗੇ ਹੁੰਦੇ ਹਨ”

ਤੇ ਇਨ੍ਹਾਂ ਨਿਓਨ-ਬੱਤੀਆਂ ਦੇ ਬਲਣ ਬੁਝਣ ਵਾਂਗ ਕੱਲ੍ਹਕੱਤੇ ਦੇ ਬਹੁ-ਕੌਮੀ ਸ਼ਹਿਰ ਵਿਚ ਉਹ ਮੁੰਡਾ ਮੈਨੂੰ ਕਹੀ ਜਾ ਰਿਹਾ ਸੀ, “ਬੰਗਾਲੀ, ਪੰਜਾਬੀ, ਯੂਰਪੀਨ, ਐਂਗਲੋ ਇੰਡੀਅਨ, ਚੀਨੀ, ਬਰਮੀ, ਸਟੂਡੰਟ, ਪ੍ਰਾਈਵੇਟ—ਹਰ ਕਿਸਮ ਹੈ। ਸਾਹਿਬ ਚਲੀਏ, ਬਗਲ ਮੇ ਬਿਠਾ ਕੇ ਦੇਖੀਏ—ਏਕ ਦਮ ਜਵਾਨ ਮਸ਼ੂਕ...”

ਤੇ ਮੇਰੇ ਕਾਂਬਾ ਛਿੜ ਗਿਆ ਸੀ। ਇਹ ਮੁੰਡਾ ਜਿਹੜਾ ਮੇਰੇ ਛੋਟੇ ਭਰਾ ਜਿੱਡਾ ਸੀ, ਜ਼ਿੰਦਗੀ ਵਿਚ ਇਹ ਆਪਣੀ ਮਾਂ, ਆਪਣੀ ਭੈਣ ਦੀਆਂ ਅੱਖਾਂ ਵਿਚ ਕਿਵੇਂ ਤੱਕਦਾ ਹੋਏਗਾ? ਕਿਵੇਂ ਮਨੁੱਖ ਤੇ ਤੀਵੀਂ ਦੇ ਪੂਰਨ ਪਿਆਰ ਦੀ ਨੁਹਾਰ ਇਹਦੇ ਦਿਲ ਵਿਚ ਕਦੇ ਪੁੰਗਰ ਸਕੇਗੀ? ਕਿਵੇਂ ਕਿਸੇ ਦੀਆਂ ਅੱਖਾਂ ਇਹਨੂੰ ਆਪਣਾ ਆਲ੍ਹਣਾ ਤੇ ਆਕਾਸ਼ ਦੋਵੇਂ ਜਾਪ ਸਕਣਗੀਆਂ? ਕਿਵੇਂ ਕਿਸੇ ਦੇ ਬੁਲ੍ਹਾਂ ਤੋਂ ਮੋਹ-ਮਾਖਿਓਂ ਚਖ ਕੇ ਇਹਨੂੰ ਜਾਪੇਗਾ ਕਿ ਇਹ ਆਪ ਹੀ ਮਹਾਨ ਰੱਬ ਹੈ…ਤੇ ਨਿਮਾਣਾ ਮਹਿਕਦਾ ਫੁੱਲ ਕਿਸੇ ਦੇ ਵਾਲਾਂ ਵਿਚ ਟੁੰਗੀਣ ਲਈ...ਤੇ ਉਹਦੀ ਸਾਰੀ ਹੋਂਦ ਇਕ ਗੀਤ ਬਣ ਗਈ ਹੈ ਕਿਸੇ ਦੇ ਕੰਨਾਂ ਲਈ...ਤੇ ਉਹ ਗੜ੍ਹਕਦਾ ਸਮੁੰਦਰ ਹੈ...

ਉਹਨੇ ਮੈਨੂੰ ਦੱਸਿਆ, ਉਹਦਾ ਪਿਓ ਜਹਾਜ਼ਾਂ ਵਿਚ ਨੌਕਰ ਸੀ, ਪਿਛਲੀ ਵੱਡੀ ਲੜਾਈ ਵੇਲੇ ਬੰਬ ਡਿਗਾ, ਤੇ ਉਹ ਡੁੱਬ ਕੇ ਮਰ ਗਿਆ। ਉਹਦੀ ਬੁੱਢੀ ਮਾਂ ਹੈ, ਇਕ ਬਾਲ-ਭਰਾ—ਤੇ ਘਰ ਦਾ ਗੁਜ਼ਾਰਾ ਉਹਦੇ ਸਿਰ ਹੈ। “ਸਾਹਬ, ਚੋਰੀ ਕਰੇਂ ਤੋਂ ਕੈਦ ਕਾ ਡਰ ਹੈ— ਇਸ ਧੰਦੇ ਮੇਂ ਤੋ ਸਿਰਫ਼ ਕਭੀ ਕਭੀ ਕੋਈ ਸੰਤਰੀ ਪੀਟ ਕਰ ਹੀ ਖ਼ਲਾਸ ਕਰ ਦੇਤਾ ਹੈ। ਮੈਂਨੇ ਮਾਂ ਕੋ ਬਤਾਇਆ ਹੂਆ ਹੈ—ਮੈਂ ਬਿਜ਼ਨਸ ਕਰਤਾ ਹੂੰ—ਏਕ ਦੋਸਤ ਕੀ ਦੁਕਾਨ ਪੇ ਸ਼ਾਮ ਸੇ ਰਾਤ ਤੱਕ ਬੈਠਤਾ ਹੂੰ” ਤੇ ਮੇਰੇ ਛੋਟੇ ਭਰਾ ਜਿੱਡੇ ਮੁੰਡੇ ਦੇ ਮੂੰਹ ਉਤੇ ਇਕ ਅਜਿਹੀ ਆਪਾ-ਗਿਲਾਨੀ ਆ ਗਈ, ਜਿਹੜੀ ਬੜੀ ਵੱਡੀ ਉਮਰ ਵਿਚ ਹੀ ਆ ਸਕਦੀ ਹੈ, “ਮੈਂਨੇ ਅਪਨੇ ਛੋਟੇ ਭਾਈ ਕੋ ਪੜ੍ਹਨੇ ਡਾਲਾ ਹੂਆ ਹੈ। ਉਸ ਕੋ ਕਿਸੀ ਸਾਫ਼ ਧੰਦੇ ਪੇ ਲਗਾਊਂਗਾ। ਸਾਹਬ, ਦਰਜ਼ੀ ਕਾ ਕਾਮ ਕੈਸਾ ਹੈ?”

ਤੇ ਉਹ ਚਲਾ ਗਿਆ। ਗੋਰੇ ਜਹਾਜ਼ੀਆਂ ਦਾ ਇਕ ਟੋਲਾ ਉਹਨੂੰ ਦੂਰ ਦਿਸ ਪਿਆ ਸੀ।

ਨਿਊਨ-ਬੱਤੀਆਂ ਉਸੇ ਤਰ੍ਹਾਂ ਬਲ-ਬੁਝ ਰਹੀਆਂ ਸਨ।

ਕੱਲ੍ਹ ਚੌਰੰਗੀ ਦੇ ਮੈਦਾਨ ਵਿਚ ਇਕ ਬੜਾ ਵੱਡਾ ਜਲਸਾ ਹੋਇਆ ਸੀ। ਓਥੇ ਇਕ ਮਜ਼ਦੂਰ ਨੇ ਕਿਹਾ ਸੀ, “ਉਹ ਵੇਖੋ ਮਜ਼ਦੂਰਾਂ ਦਾ ਖੂਨ ਬਲ ਰਿਹਾ ਏ” ਤੇ ਜਲਸੇ ਵਿਚ ਬੈਠੇ ਇਕ ਲੱਖ ਲੋਕ ਜਿਵੇਂ ਕੀਲੇ ਹੋਏ, ਇਨ੍ਹਾਂ ਬੱਤੀਆਂ ਵੱਲ ਤੱਕਣ ਲੱਗ ਪਏ ਸਨ। ਰੋਜ਼ ਇਹ ਉਨ੍ਹਾਂ ਨੂੰ ਛਲਦੀਆਂ ਰਹੀਆਂ ਸਨ, ਇਕ ਮਿਕਨਾਤੀਸ ਵਾਂਗ ਉਨ੍ਹਾਂ ਦੇ ਬੋਝਿਆਂ ਵਿਚੋਂ ਪੈਸੇ ਖਿੱਚਦੀਆਂ ਰਹੀਆਂ ਸਨ, ਪਰ ਅੱਜ ਉਨ੍ਹਾਂ ਨੇ ਇਕ ਨਵੀਂ ਨਕੋਰ ਚੀਜ਼ ਵਾਂਗ ਇਹਨਾਂ ਵੱਲ ਤੱਕਿਆ।

ਕਿਵੇਂ ਸਹਿਜ ਸੁਭਾਅ ਕਿਹਾ ਸੀ ਉਸ ਮਜ਼ਦੂਰ ਨੇ—ਕੋਈ ਲਫ਼ਜ਼ੀ ਕੱਲ੍ਹਾਬਾਜ਼ੀ ਨਹੀਂ, ਕੋਈ ਤਰਸ ਨਹੀਂ ਲਿਲ੍ਹਕਣੀ ਨਹੀਂ—ਇਕ ਵੰਗਾਰ ਸੀ, ਜ਼ਿੰਦਗੀ ਆਪਣੇ ਹੱਕ ਖੋਹਣ ਉੱਠੀ ਸੀ। ਦੋ ਲੱਖ ਅੱਖਾਂ ਦੇ ਅੰਗਿਆਰੇ ਇਸ ਵੰਗਾਰ ਪਿੱਛੇ ਸਨ। ਇਨ੍ਹਾਂ ਦੀ ਅੱਗ ਵਿਚ ਜ਼ਿੰਦਗੀ ਪੰਘਰਾਈ ਜਾ ਰਹੀ ਸੀ। ਇਹ ਅੱਖਾਂ ਸਾਰੇ ਹਿੰਦੁਸਤਾਨ ਦੀਆਂ ਅੱਖਾਂ ਸਨ। ਸਾਰੀ ਦੁਨੀਆਂ ਵਿਚ ਕਰੋੜਾਂ ਅੱਖਾਂ ਇਨ੍ਹਾਂ ਨਾਲ ਸਨ। ਇਨ੍ਹਾਂ ਅੱਖਾਂ ਦੇ ਪਿਛੇ ਸੁਪਨੇ ਲਟਕ ਰਹੇ ਸਨ—ਇਨ੍ਹਾਂ ਕਰੋੜਾਂ ਸੁਪਨਿਆਂ ਨੂੰ ਜੋੜ ਕੇ ਨਵੀਂ ਪੰਘਰੀ ਦੁਨੀਆਂ ਲਈ ਇਕ ਮਹਾਨ ਸੱਚਾ ਬਣਾਇਆ ਜਾ ਰਿਹਾ ਸੀ। …ਆ ਜਾ ਨੀ ਖਿਡਾਵੀ ਕੁੜੀਏ, ਪਰਦੇ ਉਤੇ ਚਿਤ੍ਰੇ ਫੁੱਲਾਂ ਨਾਲੋਂ ਨਿੱਕੇ ਮੂੰਹ ਵਾਲੀਏ!

ਆ ਪ੍ਰੀਤੋ, ਦੁੱਧ ਪੀਣੋਂ ਤ੍ਰਹਿੰਦੀ ਤੂੰ ਜਿਹੜੀ ਆਪਣਾ ਘਰ ਵਿਸਰ ਗਈ ਏਂ!

ਆ ਮੇਰੇ ਜਮਾਤੀ ਬਸ਼ੀਰੇ, ਤੇਰੇ ਦਿਲ ਦੀ ਕਿਸੇ ਨੁੱਕਰ ਹਾਲੀ ਵੀ ਉਹ ਬਹੁ-ਰੰਗਾ ਗੇਂਦ ਪਿਆ ਹੋਣਾ ਏਂ।

ਆ ਕਾਲੂ, ਆਪਣੀ ਅੰਨ੍ਹੀਂ ਮਾਂ ਦੀਆਂ ਅੱਖਾਂ ਦੀ ਲੋਅ!

ਆ ਅਖ਼ਬਾਰਾਂ ਵੇਚਦੀਏ ਕੁੜੀਏ, ਅੱਖਰਾਂ ਦੇ ਚਾਨਣ ਤੋਂ ਵਿਰਵੀ, ਤੂੰ ਜਿਦ੍ਹੇ ਮੂੰਹ ਉਤੇ ਭੁੱਖ ਨੇ ਆਲ੍ਹਣਾ ਪਾ ਲਿਆ ਏ।

ਤੇ ਰਾਮੂ, ਜਿਦ੍ਹੀ ਖੇਡ, ਹੁਨਰ, ਤੇ ਨਾਚ ਨੂੰ ਇਕ ਮੈਲੇ ਬੂਟ ਨੇ ਕੀਲ ਲਿਆ ਏ!

ਤੇ ਤੂੰ, ਉਹ ਪਾਨ-ਰੰਗੇ ਬੁਲ੍ਹਾਂ ਵਾਲੇ, ਚੌਰੰਗੀ ਵਿਚ ਸਾਫ਼ ਧੰਦੇ ਦੀ ਹਸਰਤ ਲਈ ਬੰਗਾਲੀ, ਪੰਜਾਬੀ, ਯੂਰਪੀਅਨ, ਇਕ ਦਮ ਜਵਾਨ ਦੇ ਵਣਜ ਦੇ ਮਾਸੂਮ ਇਸ਼ਤਿਹਾਰ!

ਤੇ ਤੁਸੀਂ ਹੋਰ ਸਾਰੇ, ਜਿਹੜੇ ਅਣ-ਘੜ ਪੱਥਰਾਂ ਵਾਂਗ ਇਸ ਜ਼ਿੰਦਗੀ ਦੇ ਪਹਾੜ ਤੋਂ ਰੁੜ੍ਹ ਰਹੇ ਹੋ, ਆਓ, ਸਭ ਆਓ!

ਆਓ, ਏਸ ਜ਼ਿੰਦਗੀ ਨੂੰ ਪੰਘਰਾ ਕੇ ਸੁਪਨਿਆਂ ਦੇ ਸੱਚੇ ਵਿਚ ਢਾਲਣ ਵਾਲਿਆਂ ਨਾਲ ਰਲ ਜਾਈਏ!

ਆਓ, ਆਪਣੀਆਂ ਅੱਖਾਂ ਦੇ ਅੰਗਿਆਰੇ ਇਨ੍ਹਾਂ ਨਾਲ ਸਾਂਝੇ ਕਰ ਲਈਏ, ਤੇ ਸੁਪਨੇ ਸਾਂਝੇ ਕਰ ਲਈਏ—ਤਾਂ ਜੋ ਤੁਹਾਡਾ ਵੀ ਘਰ ਹੋ ਸਕੇ, ਕੋਈ ਚੇਤਿਆਂ ਦਾ ਪਿੜ ਹੋ ਸਕੇ, ਆਲ ਮਾਲ ਪੂਰੇ ਥਾਲ ਹੋ ਸਕਣ, ਰੰਗ ਬਰੰਗੇ ਅਨੇਕਾਂ ਗੇਂਦ ਖੇਡੇ ਜਾ ਸਕਣ, ਮੱਝਾਂ ਦੇ ਥਣ ਤੁਹਾਨੂੰ ਦੁੱਧ ਪਿਆ ਸਕਣ, ਤੁਸੀਂ ਵੀ ਤਾਰੀਖ਼ ਜੁਗਰਾਫ਼ੀਏ ਤੇ ਸਾਇੰਸ ਹਿਸਾਬ ਦੇ ਪਰੀ-ਦੇਸਾਂ ਵਿਚ ਪੈਰ ਪਾ ਸਕੋ, ਕਿਸੇ ਦੀਆਂ ਅੱਖਾਂ ਵਿਚ ਆਲ੍ਹਣਾ ਤੇ ਅਕਾਸ਼ ਦੋਵੇਂ ਲੱਭ ਸਕੋ ...

[1950]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •