Manukh Te Uhda Jhanda (Punjabi Story) : Navtej Singh
ਮਨੁੱਖ ਤੇ ਉਹਦਾ ਝੰਡਾ (ਕਹਾਣੀ) : ਨਵਤੇਜ ਸਿੰਘ
ਆਲੇ-ਦੁਆਲੇ ਉਸਾਰੀ ਦੀ ਗਹਿਮਾ-ਗਹਿਮੀ ਸੀ। ਗ਼ਦਰੀ ਦੇਸ਼-ਭਗਤਾਂ ਦੀ ਯਾਦਗਾਰ ਬਣ ਰਹੀ ਸੀ।
ਇਕ ਪਾਸੇ ਅੱਧ-ਢਕਿਆ ਸੰਗਮਰਮਰ ਦਾ ਬੁੱਤ ਪਿਆ ਸੀ। ਇਹ ਬੁੱਤ ਯਾਦਗਾਰ-ਭਵਨ ਮੁਕੰਮਲ ਹੋਣ ਉਤੇ ਵੱਡੇ ਹਾਲ ਵਿਚ ਲਾਇਆ ਜਾਣਾ ਸੀ।
ਬਾਬਾ ਜੀ ਬੁੱਤ ਕੋਲ ਬਿੰਦ ਦੀ ਬਿੰਦ ਰੁਕੇ।
ਉਨ੍ਹਾਂ ਦੇ ਪਿੱਛੇ ਥਾਣੇਦਾਰ ਨੀਵੀਂ ਪਾਈ ਖੜੋਤਾ ਰਿਹਾ।
ਬੁੱਤ ਵਿਚ, ਇਕ ਇਸਤਰੀ ਸੀ, ਉਦਾਸ ਪਰ ਇਰਾਦਿਆਂ-ਦੱਗਦਾ ਮੁਖੜਾ, ਜ਼ੰਜੀਰਾਂ, ਪਿੰਡੇ ਦੁਆਲੇ ਜ਼ੰਜੀਰਾਂ, ਤੇ ਕੁਝ ਜਵਾਨ ਛੈਣੀਆਂ ਹਥੌੜਿਆਂ ਨਾਲ ਇਹ ਜ਼ੰਜੀਰਾਂ ਕੱਟ ਰਹੇ ਸਨ।
ਰਾਜਾਂ ਤੇ ਮਜ਼ਦੂਰਾਂ ਨੇ ਬਾਬਾ ਜੀ ਨੂੰ ਹੱਥ ਜੋੜੇ।
ਬਾਬਾ ਜੀ ਤਿੱਖੇ ਕਦਮਾਂ ਨਾਲ ਆਪਣੇ ਕਮਰੇ ਵਿਚ ਗਏ।
ਥਾਣੇਦਾਰ ਬੂਹੇ ਦੇ ਕੋਲ ਨੀਵੀਂ ਪਾਈ ਖੜੋਤਾ ਰਿਹਾ।
ਅੰਦਰੋਂ ਬਾਬਾ ਜੀ ਆਪਣੇ ਥੈਲੇ ਵਿਚ ਦੋ ਤਿੰਨ ਕਿਤਾਬਾਂ, ਦੰਦਾਂ ਦਾ ਬੁਰਸ਼, ਪੇਸਟ ਤੇ ਕੁਝ ਦਵਾਈਆਂ ਪਾ ਕੇ ਬਾਹਰ ਨਿਕਲੇ।
“ਮੈਂ ਤਿਆਰ ਹਾਂ”
ਥਾਣੇਦਾਰ ਬੜੇ ਅਦਬ ਨਾਲ ਉਨ੍ਹਾਂ ਦੇ ਪਿੱਛੇ-ਪਿੱਛੇ ਹੋ ਪਿਆ, ਤੇ ਉਹ ਦੋਵੇਂ ਸੜਕ ਉਤੇ ਖੜੋਤੀ ਪੁਲਸ ਦੀ ਲਾਰੀ ਵਿਚ ਬਹਿ ਗਏ।
ਪੁਲਸ ਦੀ ਲਾਰੀ ਵਿਚ ਬਹਿੰਦਿਆਂ ਬਾਬਾ ਜੀ ਨੂੰ ਚੇਤੇ ਆਇਆ, ਅੱਜ ਸ਼ਾਮ ਨੂੰ ਉਨ੍ਹਾਂ ਕੌਮੀ ਰੱਖਿਆ ਕਮੇਟੀ ਦੇ ਜਲਸੇ ਵਿਚ ਚੀਨੀ ਹਮਲੇ ਵਿਰੁੱਧ ਬੋਲਣ ਜਾਣਾ ਸੀ, ਤੇ ਹੁਣ ਚੀਨੀ ਹਮਲੇ ਵਿਰੁੱਧ ਜਲਸੇ ਵਿਚ ਨਹੀਂ, ਉਹ ਜੇਲ੍ਹ ਜਾ ਰਹੇ ਸਨ!
…ਗੱਦਾਰ!
ਕੱਲ੍ਹ ਕੌਮੀ ਰੱਖਿਆ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਸੁਝਾਅ ਰਖਿਆ ਸੀ, “ਜਵਾਨਾਂ ਲਈ ਮੋਰਚੇ ਉਤੇ ਮਸਾਲੇ ਵਾਲਾ ਗੁੜ ਭੇਜਿਆ ਜਾਏ। ਮੈਂ ਪਿੰਡੋ ਪਿੰਡ ਜਾ ਕੇ ਕਿਸਾਨਾਂ ਕੋਲੋਂ ਗੁੜ ਇਕੱਠਾ ਕਰਾਂਗਾ।”
ਝਟ-ਪਟ ਜਨਸੰਘੀ ਤੇ ਸੁਤੰਤ੍ਰੀਏ ਪ੍ਰਤੀਨਿਧਾਂ ਨੇ ਬੜੇ ਜ਼ੋਰ ਨਾਲ ਵਿਰੋਧ ਕੀਤਾ ਸੀ, “ਇਸ ਵਿਚ ਖ਼ਤਰਾ ਏ!”
“ਗੁੜ ਵਿਚ ਕੋਈ ਜ਼ਹਿਰ ਰਲਾ ਸਕਦਾ ਏ।”
ਤੇ ਬਾਬਾ ਜੀ ਨੂੰ ਓਦੋਂ ਉਕਾ ਸਮਝ ਨਹੀਂ ਸੀ ਆਈ—ਆਪਣੇ ਪੁੱਤਰਾਂ, ਆਪਣੇ ਦੇਸ਼ ਦੇ ਰਾਖਿਆਂ ਨੂੰ ਕੌਣ ਜ਼ਹਿਰ ਦਏਗਾ?
...ਗੱਦਾਰ।
ਜੇਲ੍ਹ ਦਾ ਫਾਟਕ ਖੁਲ੍ਹਿਆ। ਅੱਧੇ ਕੁ ਘੰਟੇ ਦੀ ਕਾਰਵਾਈ ਪਿਛੋਂ ਉਨ੍ਹਾਂ ਨੂੰ ਇਕ ਕੋਠੜੀ ਵਿਚ ਪੁਚਾ ਦਿੱਤਾ ਗਿਆ।
ਇਹ ਕਾਰਵਾਈ, ਇਹ ਕੋਠੜੀ, ਇਹ ਉੱਚੜੀਆਂ ਕੰਧਾਂ, ਇਹ ਚਟਾਈ, ਇਹ ਕੰਬਲ, ਇਹ ਠੂਠਾ—ਸਭ ਉਨ੍ਹਾਂ ਦੇ ਜਾਣੇ ਪਛਾਣੇ ਸਨ। ਉਨ੍ਹਾਂ ਆਪਣੀ ਅੱਧੀ ਉਮਰ, ਪੂਰੇ ਪੈਂਤੀ ਵਰ੍ਹੇ, ਅੰਗਰੇਜ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਹੀ ਬਿਤਾਏ ਸਨ।
ਪਰਸੋਂ ਉਨ੍ਹਾਂ ਪੀਕਿੰਗ ਰੇਡੀਓ ਸੁਣਿਆ ਸੀ। ਨਹਿਰੂ ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ, ਹਿੰਦੁਸਤਾਨੀ ਕਮਿਊਨਿਸਟ ਪਾਰਟੀ, ਨੂੰ ਵੀ ਚੀਨੀ ਬੁਲਾਰੇ ਨੇ ਪਾਣੀ ਪੀ ਪੀ ਕੇ ਕੋਸਿਆ ਸੀ।
ਪੀਕਿੰਗ ਰੇਡੀਓ ਨੇ ਬਾਬਾ ਜੀ ਦੇ ਇਕ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਸੀ:
“ਬਾਬਾ ਜੀ ਵਰਗੇ ਪੁਰਾਣੇ ਇਨਕਲਾਬੀਆਂ ਦੇ ਸਿਰਾਂ ਉਤੇ ਵੀ ਅੰਨ੍ਹੀ ਕੌਮਪ੍ਰਸਤੀ ਦਾ ਭੂਤ ਸਵਾਰ ਹੋ ਗਿਆ ਹੈ, ਤੇ ਉਹ ਵੀ ਸੱਚਾ ਇਨਕਲਾਬੀ ਰਾਹ ਛੱਡ ਕੇ ਆਪਣੇ ਦੇਸ਼ ਦੇ ਸਰਮਾਏਦਾਰ ਹਾਕਮਾਂ ਨਾਲ ਜਾ ਰਲੇ ਹਨ”
ਤੇ ਬਾਬਾ ਜੀ ਹਾਕਮਾਂ ਦੀ ਇਸ ਜੇਲ੍ਹ ਵਿਚ ਇਕੱਲੇ ਬੈਠੇ ਸਨ।
ਦੋ ਹਫ਼ਤੇ ਹੋਏ, ਬਾਬਾ ਜੀ ਨੇ ਇਹ ਬਿਆਨ ਦਿੱਤਾ ਸੀ:
“ਜਿਸ ਆਜ਼ਾਦੀ ਲਈ ਮੇਰੇ ਸਾਥੀਆਂ ਨੇ ਤੇ ਮੈਂ ਆਪਣੀ ਜਵਾਨੀ ਦੀ ਅਹੂਤੀ ਦਿੱਤੀ ਸੀ, ਅੱਜ ਓਸੇ ਆਜ਼ਾਦੀ ਨੂੰ ਉੱਤਰ ਵਲੋਂ ਆਣ ਪਏ ਧਾੜਵੀਆਂ ਵਲੋਂ ਖ਼ਤਰਾ ਹੈ”
“ਇਨ੍ਹਾਂ ਨੂੰ ਅਸੀਂ ਆਪਣੇ ਮਿੱਤਰ ਤੇ ਇਨਕਲਾਬੀ ਜਾਣਦੇ ਰਹੇ ਹਾਂ, ਪਰ ਅੱਜ ਇਨ੍ਹਾਂ ਨੂੰ ਦੋਸਤ ਦੁਸ਼ਮਣ ਵਿਚ ਕੋਈ ਤਮੀਜ਼ ਨਹੀਂ ਰਹੀ”
“ਜਿਸ ਉਤਸ਼ਾਹ ਨਾਲ ਅਸੀਂ ਕਦੇ ਆਪਣੀ ਜਵਾਨੀ ਇਸ ਆਜ਼ਾਦੀ ਨੂੰ ਜਿੱਤਣ ਲਈ ਭੇਟ ਕੀਤੀ ਸੀ, ਉਸੇ ਉਤਸ਼ਾਹ ਨਾਲ ਅੱਜ ਸਾਡਾ ਬੁਢੇਪਾ ਇਹਦੀ ਰੱਖਿਆ ਲਈ ਹਾਜ਼ਰ ਹੈ।”
ਤੇ ਬਾਬਾ ਜੀ ਦੇ ਬੁੱਢੇ ਅੰਗਾਂ ਨੂੰ ਜੇਲ੍ਹ ਦੀ ਚਟਾਈ ਤੇ ਕੰਬਲ ਸੂਲਾਂ ਵਾਂਗ ਚੁਭ ਰਹੇ ਸਨ।
ਬੂਹਾ ਖੁੱਲ੍ਹਿਆ। ਜੇਲ੍ਹ-ਵਾਰਡਰ ਅੰਦਰ ਆਇਆ, “ਕੁਝ ਚਿਰ ਲਈ ਜੇ ਅਹਾਤੇ ਤੋਂ ਬਾਹਰ ਫਿਰਨਾ ਚਾਹੋ, ਤੁਸੀਂ ਬਾਹਰ ਨਿਕਲ ਸਕਦੇ ਹੋ”
ਬਾਬਾ ਜੀ ਉੱਠੇ ਤੇ ਅਣਮੰਨੇ ਜਿਹੇ ਬਾਹਰ ਵਲ ਤੁਰ ਪਏ। ਵਾਰਡਰ ਉਨ੍ਹਾਂ ਦੇ ਪਿੱਛੇ-ਪਿੱਛੇ ਹੋ ਪਿਆ।
ਉਨ੍ਹਾਂ ਦੇ ਅਹਾਤੇ ਦੇ ਬਾਹਰਵਾਰ ਹੀ ਇਕ ਆਡ ਪਈ ਵਗਦੀ ਸੀ। ਕੈਦੀਆਂ ਦੀ ਲਾਈ ਖੇਤੀ ਨੂੰ ਇਹ ਆਡ ਸਿੰਜਦੀ ਸੀ।
ਆਡ ਵਿਚ ਪਾਣੀ ਵਹਿ ਰਿਹਾ ਸੀ। ਬਾਬਾ ਜੀ ਨੂੰ ਉਸ ਵਿਚੋਂ ਚਾਂਦੀ-ਵੰਨੀ ਚਿਲਕੋਰ ਪਈ।
ਆਡ ਦੇ ਥੱਲੇ ਪਾਣੀ ਵਿਚ ਦੋਧਕ ਬੂਟੀ ਅੰਤਾਂ ਦੀ ਉੱਗੀ ਹੋਈ ਸੀ, ਦੋਧਕ ਦੀ ਤਹਿ ਉਤੇ ਪਾਣੀ ਵਿਚੋਂ ਸੂਰਜ ਦੀਆਂ ਕਿਰਨਾਂ ਪੈ ਕੇ ਚਾਂਦੀ ਹੀ ਚਾਂਦੀ ਬਣਾ ਰਹੀਆਂ ਸਨ।
ਅੱਜ ਪੂਰੇ ਪੰਜਾਹ ਵਰ੍ਹਿਆਂ ਪਿਛੋਂ ਉਨ੍ਹਾਂ ਨੂੰ ਉਹ ਚਾਂਦੀ ਮੁੜ ਲੱਭੀ ਸੀ। ਬਾਲਾਂ ਵਾਂਗ ਉਨ੍ਹਾਂ ਦੋਧਕ ਦੀਆਂ ਕੁਝ ਬੂਟੀਆਂ ਤੋੜ ਲਈਆਂ।
ਆਪਣੀ ਕੋਠੜੀ ਵਿਚ ਪਰਤ ਕੇ ਉਨ੍ਹਾਂ ਪਾਣੀ ਦੇ ਗਲਾਸ ਵਿਚ ਇਹ ਬੂਟੀਆਂ ਰੱਖੀਆਂ, ਪਰ ਗਲਾਸ ਵਿਚ ਉਹ ਚਾਂਦੀ ਨਾ ਚਮਕੀ।
ਪੰਜਾਹ ਵਰ੍ਹੇ ਹੋਏ ਐਲਿਜ਼ੀ ਨਾਲ ਅਮਰੀਕਾ ਦੇ ਇਕ ਬਾਗ਼ ਦੀ ਆਡ ਵਿਚ ਉਹਨੇ ਅਜਿਹੀ ਚਾਂਦੀ ਵੇਖੀ ਸੀ।
ਉਹ ਘਰ ਦੀ ਗ਼ਰੀਬੀ ਤੋਂ ਤੰਗ ਕੇ ਵੀਹ ਵਰ੍ਹਿਆਂ ਦੀ ਉਮਰ ਵਿਚ ਪੈਸੇ ਕਮਾਣ ਅਮਰੀਕਾ ਚਲਾ ਗਿਆ ਸੀ। ਓਥੇ ਕੈਲੀਫ਼ੋਰਨੀਆ ਦੇ ਇਕ ਜ਼ਿਮੀਂਦਾਰ ਕੋਲ ਉਹ ਨੌਕਰ ਹੋ ਗਿਆ ਸੀ। ਉਹਦੇ ਫਲਾਂ ਦੇ ਬਾਗ਼ ਵਿਚ ਉਹਨੂੰ ਕੰਮ ਕਰਨਾ ਪੈਂਦਾ ਸੀ।
ਜ਼ਿਮੀਂਦਾਰ ਦੀ ਅੱਠਾਂ ਵਰ੍ਹਿਆਂ ਦੀ ਧੀ ਐਲਿਜ਼ੀ ਸਕੂਲ ਪਿਛੋਂ ਉਹਦੇ ਕੋਲ ਆ ਜਾਂਦੀ। ਉਹ ਇਕ ਕਾਇਦਾ ਨਾਲ ਲੈ ਆਂਦੀ, ਤੇ ਉਹਨੂੰ ਅੰਗ੍ਰੇਜ਼ੀ ਸਿਖਾਣ ਦਾ ਜਤਨ ਕਰਦੀ, ਤੇ ਫੇਰ ਉਹਦੇ ਕੋਲੋਂ ‘ਹਿੰਦੂਆਂ’ ਦੀ ਬੋਲੀ ਸਿਖਦੀ।
“ਮੈਂ ਆਪਣੇ ਸਕੂਲ ਜਾ ਕੇ ਹਿੰਦੂ ਲਫ਼ਜ਼ ਬੋਲਾਂਗੀ, ਤੇ ਆਹਾ ਜੀ, ਮੇਰੀਆਂ ਉਸਤਾਨੀਆਂ ਨੂੰ ਕੁਝ ਵੀ ਸਮਝ ਨਹੀਂ ਪਏਗਾ!”
ਕੁਝ ਦਿਨਾਂ ਵਿਚ ਹੀ ਐਲਿਜ਼ੀ ਨੇ ਉਸ ਕੋਲੋਂ ਕਈ ਲਫ਼ਜ਼ ਸਿਖ ਲਏ:
ਮਾਂ...ਦੁੱਧ...ਪਾਣੀ...ਰੋਟੀ...ਦੇਸ...
ਤੇ ਐਲਿਜ਼ੀ ਨੇ ਖ਼ੁਸ਼ ਹੋ ਕੇ ਕਿਹਾ, “ਆਓ, ਮੈਂ ਤੁਹਾਨੂੰ ਚਾਂਦੀ ਦੀ ਬਹੁਕਰ ਬਣਾ ਕੇ ਦਿਆਂ”
ਐਲਿਜ਼ੀ ਉਹਦਾ ਹੱਥ ਫੜ ਕੇ ਉਹਨੂੰ ਮਾਲਟਿਆਂ ਦੇ ਰੁੱਖਾਂ ਦੇ ਪਿੱਛੇ ਵੱਗਦੀ ਆਡ ਕੋਲ ਲੈ ਗਈ।
ਮਾਲਟਿਆਂ ਦੇ ਰੁੱਖਾਂ ਪਿੱਛੇ ਵੱਗਦੀ ਆਡ ਵਿਚ ਪਾਣੀ ਵਹਿ ਰਿਹਾ ਸੀ। ਉਹਨੂੰ ਉਸ ਵਿਚੋਂ ਚਾਂਦੀ-ਵੰਨੀ ਚਿਲਕੋਰ ਪਈ ਸੀ। ਆਡ ਦੇ ਥੱਲੇ ਪਾਣੀ ਵਿਚ ਕੋਈ ਬੂਟੀ ਅੰਤਾਂ ਦੀ ਉਗੀ ਹੋਈ ਸੀ। ਬੂਟੀ ਦੀ ਤਹਿ ਉੱਤੇ ਪਾਣੀ ਵਿਚੋਂ ਸੂਰਜ ਦੀਆਂ ਕਿਰਨਾਂ ਪੈ ਕੇ ਚਾਂਦੀ ਹੀ ਚਾਂਦੀ ਬਣਾ ਰਹੀਆਂ ਸਨ।
ਐਲਿਜ਼ੀ ਇਸ ਬੂਟੀ ਨੂੰ ਛਤਰੀ ਵਾਲੀ ਬੂਟੀ ਕਹਿੰਦੀ ਸੀ। ਐਲਿਜ਼ੀ ਬੂਟ-ਜੁਰਾਬਾਂ ਲਾਹ ਕੇ ਆਪਣੇ ਗੁਲਾਬੀ ਪੈਰਾਂ ਨਾਲ ਇਸ ਚਾਂਦੀ ਵਿਚ ਉਤਰ ਗਈ, ਤੇ ਚਾਂਦੀ ਦੀ ਬਹੁਕਰ ਜੋੜ ਕੇ ਬਾਹਰ ਆਈ।
ਤੇ ਇਕ ਦਿਨ ਐਲਿਜ਼ੀ ਮੂਰਤਾਂ ਵਾਲੀ ਵੱਡੀ ਸਾਰੀ ਕਿਤਾਬ ਉਹਦੇ ਕੋਲ ਲਿਆਈ। ਉਹਦੇ ਵਿਚ ਵੱਖ-ਵੱਖ ਦੇਸ਼ਾਂ ਦੇ ਝੰਡੇ ਸਨ।
ਐਲਿਜ਼ੀ ਨੇ ਉਹਨੂੰ ਆਪਣੇ ਦੇਸ਼ ਦਾ ਤਾਰਿਆਂ ਤੇ ਫਾਂਟਾਂ ਵਾਲਾ ਝੰਡਾ ਵਿਖਾ ਕੇ ਪੁੱਛਿਆ ਸੀ, “ਤੁਹਾਡੇ ਦੇਸ਼ ਦਾ ਝੰਡਾ ਕਿਹੜਾ ਏ?”
ਉਹਨੇ ਢੂੰਡ-ਢੂੰਡ ਕੇ ਯੂਨੀਅਨ ਜੈਕ ਲੱਭਿਆ ਤੇ ਉਸ ਉੱਤੇ ਆਪਣੀ ਉਂਗਲੀ ਧਰੀ ਸੀ।
ਐਲਿਜ਼ੀ ਨੇ ਪੜ੍ਹ ਕੇ ਸਿਰ ਹਿਲਾਇਆ ਸੀ, “ਨਹੀਂ, ਇਹ ਤੇ ਅੰਗਰੇਜ਼ਾਂ ਦਾ ਝੰਡਾ ਏ!”
ਤੇ ਉਹਨੂੰ ਕੋਈ ਜਵਾਬ ਨਹੀਂ ਸੀ ਅਹੁੜਿਆ।
“ਕੀ ਤੁਹਾਡੇ ਦੇਸ਼ ਦਾ ਆਪਣਾ ਝੰਡਾ ਨਹੀਂ?”
“ਕੋਈ ਨਹੀਂ!”
“ਭਲਾ ਕਦੇ ਇੰਜ ਵੀ ਹੋਇਆ ਏ ਕਿ ਕੋਈ ਦੇਸ਼ ਹੋਵੇ ਤੇ ਉਹਦਾ ਝੰਡਾ ਨਾ ਹੋਵੇ?”
ਤੇ ਉਹਨੂੰ ਫੇਰ ਕੋਈ ਜਵਾਬ ਨਹੀਂ ਸੀ ਅਹੁੜਿਆ।
ਐਲਿਜ਼ੀ ਹੈਰਾਨ ਹੋ ਕੇ ਘਰ ਭੱਜ ਗਈ ਸੀ।
ਤੇ ਫੇਰ ਦੂਜੇ ਦਿਨ ਬਸਤੀ ਦੇ ਸਾਰੇ ਮੁੰਡੇ ਕੁੜੀਆਂ ਉਹਦੇ ਪਿਛੇ ‘ਹੋ ਹੋ’ ਕਰਦੇ ਰਹੇ ਸਨ। ਜਿਹੜੇ ਕੁਝ ਵੱਡੇ ਸਨ, ਉਹ ਆਵਾਜ਼ੇ ਕੱਸਦੇ ਰਹੇ ਸਨ :
“ਉਹ ਮਨੁੱਖ ਜਿਦ੍ਹਾ ਝੰਡਾ ਕੋਈ ਨਹੀਂ!”
ਉਹ ਮਨੁੱਖ ਜਿਦ੍ਹਾ ਝੰਡਾ ਕੋਈ ਨਹੀਂ...
ਐਲਿਜ਼ੀ ਤੇ ਉਹਦੇ ਹਾਣੀਆਂ ਨੇ ਉਹਨੂੰ ਦੇਸ਼-ਭਗਤੀ ਦਾ ਪਹਿਲਾ ਅੱਖਰ ਸਿਖਾਇਆ ਸੀ।
ਉਹ ਪੈਸੇ ਕਮਾਣ ਅਮਰੀਕਾ ਗਿਆ ਸੀ, ਤੇ ਪੈਸਿਆਂ ਨੂੰ ਧਿਕਾਰ, ਇਕ ਵੱਡੀ ਕਮਾਈ ਕਰ ਕੇ ਦੇਸ਼ ਪਰਤਿਆ ਸੀ।
ਤੇ ਫੇਰ ਇਨਕਲਾਬ ਦੇ ਸੁਪਨੇ...
ਬਗ਼ਾਵਤਾਂ ਦੀ ਅੱਗ...
ਦੇਸ ਦੀ ਮਿੱਟੀ ਉਤੇ ਪੈਰ ਧਰਦਿਆਂ ਗੋਲੀਆਂ ...
ਕੈਦਾਂ ਦੇ ਡੰਡੇ-ਬੇੜੀਆਂ...
ਕਾਲੇ-ਪਾਣੀ...
ਸਿਪਾਹੀਆਂ ਦੀ ਅੱਖ ਬਚਾ ਕੇ ਗੱਡੀ ਵਿਚੋਂ ਹੱਥਕੜੀਆਂ-ਬੇੜੀਆਂ ਸਣੇ ਛਾਲ...
ਰੂਪੋਸ਼ ਜ਼ਿੰਦਗੀ—ਵੱਖ-ਵੱਖ ਭੇਸ ਪਰ ਦਿਲ ਵਿਚ ਇਕੋ ਤਾਂਘ ਬਲਦੀ: ਅੰਗਰੇਜ਼ ਦਾ ਝੰਡਾ ਮੈਂ ਆਪਣੀ ਧਰਤੀ ਉਤੇ ਨਹੀਂ ਰਹਿਣ ਦੇਣਾ...
…ਐਲਿਜ਼ੀ, ਇਹ ਵੇਖ ਮੇਰਾ ਝੰਡਾ, ਇਹ ਮੇਰਾ ਤਿਰੰਗਾ। ਦੇਸ਼ ਵਿਚ ਹਰ ਥਾਂ ਮੈਂ ਆਪਣਾ ਤਿਰੰਗਾ ਉੱਚਾ ਕਰਨਾ ਏ, ਹਰ ਥਾਂ, ਹਿਮਾਲੀਆ ਦੀ ਚੋਟੀ ਉਤੇ ਵੀ...
ਤੇ ਅੱਜ ਹਿਮਾਲਿਆ ਉਤੇ ਝੂਲਦੇ ਇਸ ਝੰਡੇ ਉਤੇ ਕਿਸੇ ਵਾਰ ਕੀਤਾ ਸੀ। ਤੇ ਉਹਨੂੰ ਆਪਣੇ ਝੰਡੇ ਦੀ ਰਾਖੀ ਤੋਂ ਝੰਜੋੜ ਕੇ ਉਹ ਫੜ ਲਿਆਏ ਸਨ ਤੇ ਇਸ ਕੋਠੜੀ ਵਿਚ ਡੱਕ ਗਏ ਸਨ...
ਅੱਜ ਫੇਰ ਉਹਦੇ ਮਗਰ ਆਵਾਜ਼ੇ ਕੱਸੇ ਜਾ ਰਹੇ ਸਨ:
“ਉਹ ਮਨੁੱਖ ਜਿਦ੍ਹਾ ਝੰਡਾ ਕੋਈ ਨਹੀਂ।”
“…ਝੰਡਾ ਕੋਈ ਨਹੀਂ।”
ਪਰ ਇਹ ਐਲਿਜ਼ੀ ਵਰਗੇ ਸੁਚੇ, ਭੋਲੇ ਬਾਲਾਂ ਦੇ ਆਵਾਜ਼ੇ ਨਹੀਂ ਸਨ। ਇਹ ਤਾਂ ਉਹ ਸਨ ਜਿਨ੍ਹਾਂ ਗੁਲਾਮੀ ਦੀ ਕਾਲੀ ਬੋਲੀ ਰਾਤ ਵਿਚ ਤਿਰੰਗੇ ਨੂੰ ਕਦੇ ਆਪਣਾ ਨਹੀਂ ਜਾਣਿਆ।
ਇਹ ਤਾਂ ਉਹ ਸਨ ਜਿਨ੍ਹਾਂ ਯੂਨੀਅਨ ਜੈਕ ਨੂੰ ਅਨੇਕਾਂ ਸਲਾਮੀਆਂ ਦਿੱਤੀਆਂ ਸਨ।
ਤੇ ਅੱਜ ਇਹ ਉਹਦੇ ਦੇਸ਼ ਦੀਆਂ ਪਵਿੱਤਰ ਸੜਕਾਂ ਉਤੇ ਕੁਰਬਲ-ਕੁਰਬਲ, ਦਗੜ ਦਗੜ ਕਰ ਰਹੇ ਸਨ, ਤੇ ਉਹਦੇ ਉਤੇ ਆਵਾਜ਼ੇ ਕੱਸ ਰਹੇ ਸਨ:
“ਉਹ ਮਨੁੱਖ ਜਿਦਾ ਝੰਡਾ ਕੋਈ ਨਹੀਂ!”
ਇਨ੍ਹਾਂ ਵਿਚ ਉਹ ਫ਼ੌਜੀ ਜਰਨੈਲ ਸਨ, ਜਿਹੜੇ ਫ਼ਰੰਗੀ ਦੇ ਨਿਮਕ-ਹਲਾਲ ਅਫ਼ਸਰ ਰਹੇ ਸਨ।
ਇਨ੍ਹਾਂ ਵਿਚ ਉਹ ਰਾਜੇ ਤੇ ਵੱਡੀਆਂ ਮਿਲਖਾਂ, ਜਗੀਰਾਂ ਦੇ ਵਾਲੀ ਸਨ, ਜਿਨ੍ਹਾਂ ਦੀਆਂ ਕਈ ਪੀੜ੍ਹੀਆਂ ਫ਼ਰੰਗੀਆਂ ਦੇ ਖ਼ਿਤਾਬਾਂ ਨਾਲ ਨਿਵਾਜ਼ੀਆਂ ਜਾਂਦੀਆਂ ਰਹੀਆਂ ਸਨ।
ਇਨ੍ਹਾਂ ਵਿਚ ਉਹ ਸਭ ਵੱਡੀਆਂ ਵੱਡੀਆਂ ਅਖ਼ਬਾਰਾਂ ਵਾਲੇ ਸਨ, ਜਿਹੜ ਆਜ਼ਾਦੀ ਦੇ ਸੰਗਰਾਮੀਆਂ ਦੇ ਖਿਲਾਫ਼ ਸਫ਼ਿਆਂ ਦੇ ਸਫ਼ੇ ਕਾਲੇ ਕਰ ਕੇ ਗ਼ੁਲਾਮੀ ਦੀਆਂ ਰਾਤਾਂ ਹੋਰ ਕਾਲੀਆਂ ਕਰਦੇ ਰਹੇ ਸਨ।
ਇਨ੍ਹਾਂ ਵਿਚ ਉਹ ਪੱਤਰਕਾਰ ਸੀ ਜਿਹੜਾ ਭਗਤ ਸਿੰਘ ਦੇ ਖ਼ਿਲਾਫ਼ ਵਾਅਦਾ-ਮੁਆਫ਼ ਗਵਾਹ ਭੁਗਤਿਆ ਸੀ।
ਇਨ੍ਹਾਂ ਦੇ ਵਿਚ ਉਹ ਭਾਰਤ-ਰਤਨ ਨੇਤਾ ਜੀ ਸਨ, ਜਿਨ੍ਹਾਂ ਉਹਨੂੰ ਫ਼ਰੰਗੀ ਦੀ ਜੇਲ੍ਹ ਵਿਚੋਂ ਭੱਜਣ ਪਿਛੋਂ ਆਪਣੇ ਘਰ ਕੁਝ ਘੰਟੇ ਪਨਾਹ ਨਹੀਂ ਸੀ ਲੈਣ ਦਿੱਤੀ।
ਤੇ ਇਹ ਸਾਰੇ ਅੱਜ ਅਸਮਾਨ ਸਿਰ ਉਤੇ ਚੁੱਕ ਰਹੇ ਸਨ: “…ਝੰਡਾ ਹੀ ਕੋਈ ਨਹੀਂ!”
ਕੋਠੜੀ ਦਾ ਬੂਹਾ ਖੁੱਲ੍ਹਿਆ।
ਉਨ੍ਹਾਂ ਲਈ ਰੋਟੀ ਆਈ ਸੀ।
ਉਨ੍ਹਾਂ ਰੋਟੀ ਲੈਣ ਤੋਂ ਇਨਕਾਰ ਕਰ ਦਿੱਤਾ।
ਡਿਪਟੀ ਤੇ ਸੁਪਰਡੈਂਟ ਆਏ। ਦੋਵਾਂ ਨੇ ਬੇਨਤੀ ਕੀਤੀ, “ਬਾਬਾ ਜੀ, ਰੋਟੀ ਖਾ ਲਓ।”
ਬਾਬਾ ਜੀ ਦੀ ਨਾਂਹ ਅਟੱਲ ਸੀ। ਉਨ੍ਹਾਂ ਨੂੰ ਜਬਰੀ ਰੋਟੀ ਖੁਆਣ ਦਾ ਕਿਸੇ ਨੂੰ ਹੀਆ ਨਾ ਪਿਆ। ਟੈਲੀਫ਼ੋਨਾਂ ਖੜਕ ਗਈਆਂ, ਉਪਰ ਤਾਰਾਂ ਦਿੱਤੀਆਂ ਗਈਆਂ।
ਕੋਠੜੀ ਦਾ ਬੂਹਾ ਬੰਦ ਹੋ ਗਿਆ।
ਉਹ ਚੌਥੀ ਵਿਚ ਪੜ੍ਹਦਾ ਸੀ। ਸਕੂਲੇ ਕਿਸੇ ਦਾ ਬਟੂਆ ਚੋਰੀ ਹੋਇਆ ਸੀ, ਕਿਸੇ ਉਸ ਉਤੇ ਊਜ ਲਾ ਦਿੱਤੀ ਸੀ।
ਘਰ ਆ ਕੇ ਉਹਨੇ ਰੋਟੀ ਨਹੀਂ ਸੀ ਖਾਧੀ। ਤੇ ਉਹ ਉਡੀਕਦਾ ਰਿਹਾ ਸੀ— ਚੌਂਕਾ ਭਾਂਡਾ ਸਾਂਭ ਕੇ ਉਹਦੀ ਮਾਂ ਉਸ ਕੋਲ ਆਵੇਗੀ, ਤੇ ਉਹ ਉਹਦੀ ਹਿਕ ਨਾਲ ਚੰਬੜ ਕੇ ਉਹਨੂੰ ਸਭ ਦੱਸ ਦਏਗਾ—ਇਹ ਸਭ ਝੂਠ ਸੀ, ਉਕਾ ਝੂਠ।
…ਅੱਧੀ ਰਾਤ ਨੂੰ ਜੇਲ੍ਹ ਦੀ ਕੋਠੜੀ ਵਿਚ ਉਹਦੇ ਕੋਲ ਇਕ ਇਸਤ੍ਰੀ ਆਈ। ਇਸਤ੍ਰੀ ਦਾ ਮੁਹਾਂਦਰਾ ਯਾਦਗਾਰ-ਭਵਨ ਵਿਚ ਲੱਗਣ ਵਾਲੇ ਬੁੱਤ ਵਿਚਲੀ ਇਸਤਰੀ ਨਾਲ ਰਲਦਾ ਸੀ, ਉਹਦੇ ਵਰਗਾ ਹੀ ਉਦਾਸ ਪਰ ਇਰਾਦਿਆਂ ਦੱਗਦਾ ਮੁਖੜਾ।
ਇਹ ਇਸਤ੍ਰੀ ਜੇਲ੍ਹ ਦਾ ਫਾਟਕ, ਵਾਰਡਰ, ਪਹਿਰੇਦਾਰ ਤੇ ਕੋਠੜੀ ਦਾ ਬੂਹਾ ਉਲੰਘ ਅਛੋਪਲੇ ਹੀ ਉਸ ਕੋਲ ਪੁਜ ਗਈ ਸੀ!
ਇਸਤਰੀ ਦੀਆਂ ਅੱਖਾਂ ਉਦਾਸ ਨਹੀਂ ਸਨ, ਉਨ੍ਹਾਂ ਵਿਚ ਆਡ ਦੇ ਜਿੰਦ-ਬਖ਼ਸ਼ਦੇ ਪਾਣੀ ਵਿਚਲੀ ਚਾਂਦੀ-ਵੰਨੀ ਲਿਸ਼ਕ ਸੀ।
ਇਸਤਰੀ ਦੇ ਇਕ ਹੱਥ ਵਿਚ ਚਾਂਦੀ-ਬਹੁਕਰ ਸੀ, ਤੇ ਦੂਜੇ ਹੱਥ ਵਿਚ ਇਕ ਵਲ੍ਹੇਟਿਆ ਹੋਇਆ ਕੱਪੜਾ। ਇਹ ਕੱਪੜਾ ਉਹਨੇ ਉਹਦੇ ਪੈਰਾਂ ਵੱਲ ਰੱਖ ਦਿੱਤਾ, ਤੇ ਚਾਂਦੀ-ਬਹੁਕਰ ਨਾਲ ਉਹਦੀ ਕੋਠੜੀ ਨੂੰ ਸੰਬਰਨ ਲਗ ਪਈ।
ਉਹ ਜੇਲ੍ਹ ਦੀ ਚਟਾਈ ਤੇ ਕੰਬਲ ਉਤੇ ਲੇਟਿਆ ਇਹ ਸਭ ਵੇਖ ਸਕਦਾ ਸੀ, ਪਰ ਹਿੱਲ ਨਹੀਂ ਸੀ ਸਕਦਾ, ਤੇ ਉਹਨੂੰ ਜੇਲ੍ਹ ਦੀ ਚਟਾਈ ਤੇ ਕੰਬਲ ਸੂਲਾਂ ਵਾਂਗ ਚੁੱਭੀ ਜਾ ਰਹੇ ਸਨ, ਤੇ ਉਹ ਅੰਤਾਂ ਦੇ ਪਾਲੇ ਨਾਲ ਕੰਬੀ ਜਾ ਰਿਹਾ ਸੀ।
ਫੇਰ ਇਸਤਰੀ ਨੇ ਚਾਂਦੀ-ਬਹੁਕਰ ਭੁੰਜੇ ਰੱਖ ਕੇ, ਵਲ੍ਹੇਟਿਆ ਹੋਇਆ ਕਪੜਾ ਖੋਲ੍ਹਿਆ।
ਇਹ ਕੱਪੜਾ ਨਹੀਂ, ਇਹ ਤਾਂ ਉਹਦੇ ਦੇਸ਼ ਦਾ ਝੰਡਾ ਸੀ!
ਇਸਤਰੀ ਨੇ ਖੋਲ੍ਹ ਕੇ ਇਹ ਝੰਡਾ ਉਹਦੇ ਉਤੇ ਪਾ ਦਿੱਤਾ, ਜਿਵੇਂ ਛੋਟੇ ਹੁੰਦਿਆਂ ਸਿਆਲੇ ਵਿਚ ਮਾਂ ਉਸ ਉਤੇ ਰਜ਼ਾਈ ਪਾਂਦੀ ਹੁੰਦੀ ਸੀ।
ਇਕਦਮ ਉਹਦਾ ਕਾਂਬਾ ਮੁੱਕ ਗਿਆ, ਝੰਡੇ ਦੇ ਉਪਰਲੇ ਹਿੱਸੇ ਵਿਚ ਜਿਵੇਂ ਉਹਦੇ ਦੇਸ਼ ਦੀਆਂ ਧੁੱਪਾਂ ਸਨ।
ਇਕਦਮ ਸੂਲਾਂ ਚੁੱਭਣੀਆਂ ਬੰਦ ਹੋ ਗਈਆਂ, ਝੰਡੇ ਦੇ ਹੇਠਲੇ ਹਿੱਸੇ ਵਿਚ ਜਿਵੇਂ ਉਹਦੇ ਦੇਸ਼ ਦੀਆਂ ਸਭਨਾਂ ਹਰਿਆਈਆਂ ਦਾ ਕੂਲਾਪਣ ਸੀ!
ਇਸਤਰੀ ਨੇ ਉਹਦਾ ਮੱਥਾ ਚੁੰਮਿਆ, ਤੇ ਝੰਡੇ ਦੇ ਵਿਚਲੇ ਹਿੱਸੇ ਨੂੰ ਪੋਲੀ ਜਿਹੀ ਆਪਣੀ ਚਾਂਦੀ ਬਹੁਕਰ ਛੁਹਾ, ਉਹ ਅਛੋਪਲੇ ਹੀ ਚਲੀ ਗਈ...
[1963]