March-April (Russian Story in Punjabi) : Vadim Kozhevnikov

ਮਾਰਚ-ਅਪ੍ਰੈਲ (ਰੂਸੀ ਕਹਾਣੀ) : ਵਾਦੀਮ ਕੋਜ਼੍ਹੇਵਨੀਕੋਵ

ਕਪਤਾਨ ਪਿਓਤਰ ਫਿਓਦਰੋਵਿਚ ਜ਼੍ਹਾਵੋਰੋਨਕੋਵ ਨੇ ਜਿਹੜਾ ਝਕਲਾ ਜਿਹਾ ਉਤਲਾ ਜੋੜਾ ਪਾਇਆ ਹੋਇਆ ਸੀ ਉਸ ਦੀਆਂ ਲੀਰਾਂ ਲਮਕ ਰਹੀਆਂ ਸਨ ਤੇ ਧੂਣੀ ਕੋਲ ਬਹਿ ਕੇ ਬਿਤਾਈਆਂ ਰਾਤਾਂ ਸਮੇਂ ਕਈ ਥਾਵਾਂ ਤੋਂ ਝੁਲਸ ਗਿਆ ਹੋਇਆ ਸੀ। ਉਸ ਦੀ ਲਾਖੀ ਦਾੜ੍ਹੀ ਤੇ ਜੰਮ ਗਈ ਮਿੱਟੀ ਨਾਲ਼ ਕਾਲ਼ੀਆਂ ਹੋਈਆਂ ਝੁਰੜੀਆਂ ਸਦਕਾ ਕਪਤਾਨ ਦਾ ਚਿਹਰਾ ਵੇਖਣ ਨੂੰ ਬੁੱਢਿਆਂ ਵਰਗਾ ਲੱਗਦਾ ਸੀ।

ਮਾਰਚ ਮਹੀਨੇ ਉਹ ਇਕ ਖਾਸ ਕਾਰਜ ਦੀ ਪੂਰਤੀ ਲਈ ਦੁਸ਼ਮਣ ਦੀਆਂ ਸਫਾਂ ਦੇ ਪਿਛਵਾੜੇ ਪੈਰਾਸ਼ੂਟ ਨਾਲ਼ ਉਤਰਿਆ ਸੀ ਅਤੇ ਹੁਣ, ਜਦੋਂ ਬਰਫ ਪਿਘਲ ਗਈ ਸੀ ਅਤੇ ਹਰ ਪਾਸੇ ਨਦੀਆਂ ਤੇ ਨਾਲ਼ੇ ਪੂਰੇ ਜ਼ੋਰ ਨਾਲ਼ ਵਹਿ ਰਹੇ ਸਨ, ਉਸ ਨੂੰ ਆਪਣੇ ਪਾਣੀ ਨਾਲ਼ ਗੜੁੱਚ ਨਮਦੇ ਦੇ ਬੂਟਾਂ ਨਾਲ਼ ਜੰਗਲ ਦੇ ਰਸਤੇ ਵਾਪਸ ਆਉਣ ਵਿਚ ਬੜੀ ਔਖ ਹੋ ਰਹੀ ਸੀ।

ਪਹਿਲਾਂ ਤਾਂ ਉਹ ਸਿਰਫ ਰਾਤ ਵੇਲੇ ਹੀ ਪੈਂਡਾ ਕਰਦਾ ਸੀ ਅਤੇ ਦਿਨ ਵੇਲੇ ਟੋਇਆਂ- ਖੱਡਾਂ ਵਿਚ ਲੰਮਾ ਪਿਆ ਆਰਾਮ ਕਰਦਾ ਸੀ। ਪਰ ਹੁਣ, ਇਸ ਗੱਲੋਂ ਡਰਦਿਆਂ ਕਿ ਭੁੱਖ ਨਾਲ਼ ਉਹਦੀ ਸੱਤਿਆ ਬਹੁਤੀ ਹੀ ਨਾ ਨੁੱਚੜ ਜਾਵੇ, ਉਹ ਦਿਨ ਵੇਲੇ ਵੀ ਤੁਰਦਾ ਰਹਿੰਦਾ ਸੀ।

ਕਪਤਾਨ ਨੇ ਜਿਹੜਾ ਕਾਰਜ ਨੇਪਰੇ ਚਾੜ੍ਹਨਾ ਸੀ ਉਹ ਚਾੜ੍ਹ ਲਿਆ ਹੋਇਆ ਸੀ।ਉਸ ਦਾ ਅਗਲਾ ਕੰਮ ਸੀ ਰੇਡਿਓ-ਮੌਸਮ-ਵਿਗਿਆਨੀ ਨੂੰ ਲੱਭਣਾ ਜਿਸ ਨੂੰ ਦੋ ਮਹੀਨੇ ਹੋਏ ਇੱਥੇ ਉਤਾਰਿਆ ਗਿਆ ਸੀ।

ਪਿਛਲੇ ਚਾਰ ਦਿਨਾਂ ਤੋਂ ਉਸ ਨੇ ਲਗਭਗ ਕੁਝ ਨਹੀਂ ਸੀ ਖਾਧਾ। ਪਿਘਲੀ ਹੋਈ ਬਰਫ਼ ਵਿਚ ਪੈਰ ਟਿਕਾਉਂਦਾ ਤੁਰਿਆ ਜਾਂਦਾ ਉਹ ਆਪਣੇ ਸੱਜੇ-ਖੱਬੇ ਬਰਚੇ ਦੇ ਰੁੱਖਾਂ ਦੇ ਚਿੱਟੇ ਤਣਿਆਂ ਵੱਲ ਭੁੱਖੀਆਂ ਨਜ਼ਰਾਂ ਨਾਲ਼ ਵੇਖਦਾ ਜਾ ਰਿਹਾ ਸੀ।ਉਸ ਨੂੰ ਪਤਾ ਸੀ ਕਿ ਇਹਨਾਂ ਰੁੱਖਾਂ ਦਾ ਛਿਲਕਾ ਲਾਹਿਆ ਜਾ ਸਕਦਾ ਹੈ, ਕੁੱਟ ਕੇ ਚੂਰਾ ਕੀਤਾ ਜਾ ਸਕਦਾ ਹੈ, ਉਬਾਲਿਆ ਜਾ ਸਕਦਾ ਹੈ ਅਤੇ ਫੇਰ, ਲੱਕੜ ਦੀ ਹਵਾੜ ਛੱਡਦਾ ਤੇ ਲੱਕੜ ਦਾ ਸਵਾਦ ਦੇਂਦਾ ਕੌੜਾ ਜਿਹਾ ਦਲੀਆ ਖਾਧਾ ਜਾ ਸਕਦਾ ਹੈ।

ਔਖ ਦੀਆਂ ਘੜੀਆਂ ਵਿਚ ਸੋਚੀਂ ਪਿਆ, ਕਪਤਾਨ ਆਪਣੇ-ਆਪ ਨਾਲ਼ ਇਉਂ ਗੱਲਾਂ ਕਰਨ ਗਿੱਝਾ ਹੋਇਆ ਸੀ ਜਿਵੇਂ ਕੋਈ ਸਿਆਣੇ ਤੇ ਦਲੇਰ ਹਮਰਾਹੀ ਨਾਲ਼ ਗੱਲਾਂ ਕਰਦਾ ਹੈ। “ਖਾਸ ਹਾਲਤਾਂ ਨੂੰ ਧਿਆਨ ਵਿਚ ਰੱਖਦਿਆਂ,” ਕਪਤਾਨ ਨੇ ਸੋਚਿਆ।“ਜਰਨੈਲੀ ਸੜਕ ਉੱਤੇ ਪਿਆ ਜਾ ਸਕਦਾ ਹੈ। ਤੇ ਨਾਲ਼ੇ ਹਾਂ, ਫੇਰ ਬੂਟ ਵੀ ਬਦਲੇ ਜਾ ਸਕਦੇ ਹਨ। ਪਰ, ਆਮ ਤੌਰ 'ਤੇ ਗੱਲ ਕਰਦਿਆਂ, ਕਿਉਂਕਿ ਇੱਕਾ-ਦੁੱਕਾ ਜਰਮਨ ਗੱਡੀਆਂ ਉੱਤੇ ਧਾਵਾ ਬੋਲਣਾ ਹੈ, ਇਸ ਲਈ ਹਾਲਤ ਬਹੁਤੀ ਚੰਗੀ ਨਹੀਂ। ਤੇ, ਜਿਵੇਂ ਲੋਕ ਕਹਿੰਦੇ ਨੇ, ਦਿਮਾਗ਼ ਦੀ ਅਵਾਜ਼ ਢਿੱਡ ਦੀ ਗੁੜਗੁੜ ਵਿਚ ਦੱਬ ਜਾਂਦੀ ਹੈ।”

ਕਪਤਾਨ ਨੂੰ ਲੰਮੇ ਸਮੇਂ ਤੱਕ ਇਕੱਲਿਆਂ ਰਹਿਣ ਦੀ ਆਦਤ ਹੋ ਗਈ ਸੀ ਤੇ ਉਹ ਓਨਾ ਚਿਰ ਆਪਣੇ-ਆਪ ਨਾਲ਼ ਗੱਲਾਂ ਕਰ ਸਕਦਾ ਸੀ ਜਿੰਨਾ ਚਿਰ ਥੱਕ ਨਾ ਜਾਵੇ ਜਾਂ, ਜਿਵੇਂ ਉਹ ਆਪ ਹੀ ਮੰਨਦਾ ਸੀ, ਬੇਹੂਦਾ ਗੱਲਾਂ ਨਾ ਕਰਨ ਲੱਗ ਪਵੇ।

ਕਪਤਾਨ ਨੂੰ ਜਾਪਿਆ ਕਿ ਦੂਜੀ ਧਿਰ, ਜਿਸ ਨਾਲ਼ ਉਹ ਗੱਲਬਾਤ ਕਰ ਰਿਹਾ ਸੀ, ਬਹੁਤਾ ਮਾੜਾ ਗੱਭਰੂ ਨਹੀਂ ਸੀ। ਉਹ ਸਭ ਕੁਝ ਸਮਝਦਾ ਸੀ, ਸੁਹਿਰਦ ਸੀ ਤੇ ਖੁਲ੍ਹੇ ਦਿਲ ਵਾਲਾ ਸੀ। ਵਿਚ-ਵਿਚ ਕਪਤਾਨ ਉਸ ਨੂੰ ਰੁੱਖਾ ਹੋ ਕੇ ਟੋਕਦਾ । ਇਹ ਭੜਾਕਾ ਓਦੋਂ ਪੈਂਦਾ ਜਦੋਂ ਮਾਮੂਲੀ ਜਿਹੀ ਵੀ ਕਿਤੇ ਸਰਸਰ ਹੁੰਦੀ ਜਾਂ ਸਕੀਅ ਟਰੈਕ ਖੁਰਦੇ ਭੁਰਦੇ ਨਜ਼ਰ ਆਉਂਦੇ।

ਪਰ ਆਪਣੇ ਦੂਜੇ ਆਪੇ ਬਾਰੇ, ਖੁੱਲ੍ਹੇ ਦਿਲ ਤੇ ਸਭ ਕੁਝ ਸਮਝਣ ਵਾਲੇ ਗੱਭਰੂ ਬਾਰੇ, ਕਪਤਾਨ ਦੀ ਰਾਏ ਉਸ ਦੇ ਸਾਥੀਆਂ ਦੀ ਰਾਏ ਨਾਲ਼ੋਂ ਕੁਝ ਵੱਖਰੀ ਸੀ।ਆਪਣੇ ਯੂਨਿਟ ਵਿਚ ਕਪਤਾਨ ਬਹੁਤਾ ਦਿਲ ਖਿੱਚਵਾਂ ਬੰਦਾ ਨਹੀਂ ਸੀ ਸਮਝਿਆ ਜਾਂਦਾ। ਉਹ ਚੁੱਪ-ਰਹਿਣਾ ਤੇ ਸੰਕੋਚਵੇਂ ਸੁਭਾ ਵਾਲਾ ਬੰਦਾ ਸੀ ਅਤੇ ਦੂਜਿਆਂ ਦੀ ਦੋਸਤੀ ਤੇ ਖੁਲਾਸੇਪਨ ਨੂੰ ਉਤਸ਼ਾਹ ਨਹੀਂ ਸੀ ਦੇਂਦਾ। ਨਵਿਆਂ ਵਾਸਤੇ, ਜਦੋਂ ਉਹ ਪਹਿਲੀ ਵਾਰ ਧਾਵਾ ਬੋਲਣ ਤੁਰਨ ਲੱਗਦੇ, ਉਹਦੇ ਕੋਲ ਖੁਸ਼ ਕਰਨ ਜਾਂ ਹਲਾਸ਼ੇਰੀ ਦੇਣ ਵਾਲਾ ਕੋਈ ਲਫਜ਼ ਨਹੀਂ ਸੀ ਹੁੰਦਾ।

ਜਦੋਂ ਉਹ ਆਪਣਾ ਕਾਰਜ ਨੇਪਰੇ ਚਾੜ੍ਹ ਕੇ ਪਰਤਦਾ, ਤਾਂ ਕਪਤਾਨ ਜੇਤੂ ਮਿਲਣੀਆਂ ਤੋਂ ਕਤਰਾਉਣ ਦੀ ਕੋਸ਼ਿਸ਼ ਕਰਦਾ ਸੀ। ਗਲਵੱਕੜੀਆਂ ਤੋਂ ਬਚਦਾ ਹੋਇਆ, ਉਹ ਬੁੜਬੁੜ ਕਰਦਾ: “ਮੈਨੂੰ ਜਾ ਕੇ ਹਜਾਮਤ ਕਰਨੀ ਚਾਹੀਦੀ ਹੈ।ਗੱਲ੍ਹਾਂ ਕੰਡੇਰਨੇ ਵਰਗੀਆਂ ਹੋ ਗਈਆਂ ਨੇ," ਤੇ ਉਹ ਵਾਹੋਵਾਹੀ ਆਪਣੇ ਕੁਆਟਰ ਵੱਲ ਤੁਰ ਪੈਂਦਾ।

ਉਸ ਨੂੰ ਜਰਮਨ ਸਫਾਂ ਦੇ ਪਿਛਵਾੜੇ ਕੀਤੇ ਆਪਣੇ ਕੰਮ ਦੀ ਗੱਲ ਕਰਨਾ ਵੀ ਚੰਗਾ ਨਹੀਂ ਸੀ ਲੱਗਦਾ ਤੇ ਆਪਣੇ ਅਫਸਰ ਨੂੰ ਰਿਪੋਰਟ ਕਰਨ ਦੀ ਹੱਦ ਤੋਂ ਅਗਾਂਹ ਨਹੀਂ ਸੀ ਜਾਂਦਾ। ਆਪਣੇ ਕਾਰਜ ਨੂੰ ਨੇਪਰੇ ਚਾੜ੍ਹਨ ਮਗਰੋਂ ਉਹ ਬਿਸਤਰੇ ਵਿਚ ਲੰਮਾ ਪਿਆ ਅਰਾਮ ਕਰਦਾ, ਤੇ ਸੁੱਤ-ਉਨੀਂਦਾ ਤੇ ਅਲਸਾਇਆ ਜਿਹਾ ਖਾਣਾ-ਖਾਣ ਵਾਸਤੇ ਆਉਂਦਾ।

“ਬੇਸੁਆਦਾ ਆਦਮੀ,” ਉਹਦੇ ਬਾਰੇ ਆਖਿਆ ਜਾਂਦਾ ਸੀ, “ਤੇ ਅਕਾ ਮਾਰਨਾ ਵਾਲਾ।”

ਇਕ ਵਾਰੀ ਉਹਦੇ ਵਿਹਾਰ-ਸਲੀਕੇ ਨੂੰ ਮੁਨਾਸਿਬ ਸਿਧ ਕਰਨ ਵਾਲੀ ਇਕ ਅਫਵਾਹ ਫੈਲ ਗਈ। ਲੜਾਈ ਦੇ ਪਹਿਲੇ ਦਿਨਾਂ ਵਿਚ ਹੀ ਨਾਜ਼ੀਆਂ ਨੇ ਉਹਦੇ ਟੱਬਰ ਦਾ ਇਕ-ਇਕ ਜੀਅ ਮਾਰ ਸੁਟਿਆ ਸੀ।

ਉਹਦੇ ਕੰਨਾਂ ਤੱਕ ਇਹ ਅਫਵਾਹ ਪਹੁੰਚੀ ਤਾਂ ਕਪਤਾਨ ਜਦੋਂ ਖਾਣਾ ਖਾਣ ਆਇਆ ਉਹਦੇ ਹੱਥ ਵਿਚ ਇਕ ਚਿੱਠੀ ਸੀ।ਸੂਪ ਖਾਂਦਿਆਂ ਤੇ ਸਾਮ੍ਹਣੇ ਰੱਖੀ ਚਿੱਠੀ ਪੜ੍ਹਦਿਆਂ, ਉਸ ਨੇ ਦੱਸਿਆ:

“ਬੀਵੀ ਦੀ ਹੈ।”

ਸਭ ਦੀਆਂ ਇਕ ਦੂਜੇ ਨਾਲ਼ ਨਜ਼ਰਾਂ ਮਿਲੀਆਂ। ਕਈਆਂ ਦਾ ਖਿਆਲ ਸੀ ਕਿ ਕਪਤਾਨ ਮਿਲਣਸਾਰ ਇਸ ਕਰਕੇ ਹੀ ਨਹੀਂ ਕਿ ਉਹਦੇ ਨਾਲ਼ ਅਜਿਹਾ ਦੁਖਾਂਤ ਵਾਪਰਿਆ ਹੈ।ਪਰ ਇਸ ਤਰ੍ਹਾਂ ਦਾ ਦੁਖਾਂਤ ਕਦੇ ਕੋਈ ਨਹੀਂ ਸੀ ਵਾਪਰਿਆ। ਤੇ ਕਪਤਾਨ ਨੂੰ ਵਾਇਲਨ ਵੀ ਬਿਲਕੁਲ ਚੰਗੀ ਨਹੀਂ ਸੀ ਲਗਦੀ, ਉਹਦੀ ਆਵਾਜ਼ ਤੋਂ ਹੀ ਉਸ ਨੂੰ ਚਿੜ੍ਹ ਸੀ।

.. ਰੁੰਡ-ਮਰੁੰਡ ਤੇ ਗਿੱਲਾ ਜੰਗਲ। ਪੈਰਾਂ ਹੇਠਾਂ ਸਿੱਲ੍ਹੀ ਭੋਂ। ਗੰਦੇ ਪਾਣੀ ਨਾਲ਼ ਭਰੇ ਚਲ੍ਹੇ, ਪੰਘਰਦੀ ਤੇ ਗਾਰੇ ਨਾਲ਼ ਭਰੀ ਬਰਫ। ਅਜਿਹੀਆਂ ਕਰਮਾਂ-ਮਾਰੀਆਂ ਥਾਵਾਂ ਤੋਂ ਪੈਰ ਘੜੀਸਦਾ ਜਾਂਦਾ, ਉਦਾਸ, ਥੱਕਿਆ-ਹਾਰਿਆ, ਇਕੱਲਾ ਆਦਮੀ।

ਪਰ ਕਪਤਾਨ ਨੇ ਇਹ ਜੰਗਲ ਦਾ ਰਸਤਾ ਜਾਣ-ਬੁੱਝ ਕੇ ਚੁਣਿਆ ਸੀ ਕਿਉਂਕਿ ਇੱਥੇ ਜਰਮਨਾਂ ਨਾਲ਼ ਟਾਕਰਾ ਹੋ ਜਾਣ ਦੀ ਸੰਭਾਵਨਾ ਘੱਟ ਸੀ। ਅਤੇ ਉਸ ਨੂੰ ਧਰਤੀ ਜਿੰਨੀ ਵਧੇਰੇ ਅਣਗੌਲੀ ਤੇ ਸੁੰਨ-ਮਸਾਣ ਜਾਪਦੀ, ਓਨਾ ਹੀ ਬਹੁਤਾ ਉਹ ਸੁਰੱਖਿਅਤ ਮਹਿਸੂਸ ਕਰਦਾ।

ਭੁੱਖ ਨਾਲ਼ ਢਿੱਡ ਵਿਚ ਕੜਵੱਲ ਪੈਣੇ ਅਜੇ ਸ਼ੁਰੂ ਹੋਏ ਹੀ ਸਨ। ਕਿਸੇ-ਕਿਸੇ ਵੇਲੇ ਕਪਤਾਨ ਚੰਗੀ ਤਰ੍ਹਾਂ ਵੇਖ ਵੀ ਨਹੀਂ ਸੀ ਸਕਦਾ। ਉਹ ਖਲੋ ਜਾਂਦਾ, ਆਪਣੀਆਂ ਅੱਖਾਂ ਮਲਦਾ, ਤੇ ਇਸ ਤਰ੍ਹਾਂ ਵੀ ਕੁਝ ਫਾਇਦਾ ਨਾ ਹੁੰਦਾ, ਤਾਂ ਬੇਉਂਗਲੇ ਗਰਮ ਦਸਤਾਨਿਆਂ ਸਮੇਤ ਮੁੱਕੀਆਂ ਵੱਟ ਕੇ ਆਪਣੇ ਜਬਾੜਿਆਂ ਉੱਤੇ ਮਾਰਦਾ ਤਾਂ ਜੋ ਖੂਨ ਦਾ ਦੌਰਾ ਮੁੜ ਸ਼ੁਰੂ ਹੋ ਜਾਵੇ ।

ਇਕ ਖੱਡ ਵਿਚ ਉੱਤਰ ਕੇ, ਕਪਤਾਨ ਢਲਾਣ ਦੀ ਸਿਖ਼ਰ ਉੱਤੇ ਅਗਾਂਹ ਨੂੰ ਵਧੀ ਹੋਈ ਬਰਫ ਵਿਚੋਂ ਡਿਗਦੀ ਪਾਣੀ ਦੀ ਨਿੱਕੀ ਜਿਹੀ ਧਾਰ ਹੇਠ ਝੁਕਿਆ ਤੇ ਪਾਣੀ ਪੀਣ ਲੱਗ ਪਿਆ। ਢਲਦੀ ਬਰਫ ਦਾ ਸੱਜਰਾ ਪਾਣੀ ਮਾੜੀ ਜਿਹੀ ਕਚਿਆਣ ਮਾਰਦਾ ਸੀ। ਪਰ ਉਹ ਪੀਂਦਾ ਗਿਆ, ਭਾਵੇਂ ਉਹਦਾ ਜੀਅ ਨਹੀਂ ਸੀ ਕਰਦਾ। ਪੀਂਦਾ ਇਸ ਵਾਸਤੇ ਗਿਆ ਕਿ ਖਾਲੀ ਢਿੱਡ ਤਾਂ ਭਰ ਜਾਵੇ।

ਤਰਕਾਲ਼ਾਂ ਪੈਣ ਵਾਲੀਆਂ ਸਨ। ਢਿੱਲੀ-ਢਿੱਲੀ ਬਰਫ ਉੱਤੇ ਸੰਘਣੇ ਪਰਛਾਵੇਂ ਲੱਥ ਆਏ ਸਨ। ਪਾਲ਼ਾ ਹੋ ਗਿਆ ਸੀ। ਚਲ੍ਹੇ ਜੰਮਣ ਲੱਗ ਪਏ ਸਨ, ਤੇ ਪੱਕੀ ਬਰਫ ਪੈਰਾਂ ਹੇਠਾਂ ਕਰਚ-ਕਰਚ ਕਰਦੀ ਸੀ।ਗਿੱਲੀਆਂ ਟਾਹਣੀਆਂ ਉੱਤੇ ਬਰਫ ਲਿਸ਼ਕਣ ਲੱਗ ਪਈ ਸੀ। ਜਦੋਂ ਉਹ ਆਪਣੇ ਹੱਥ ਨਾਲ਼ ਟਾਹਣੀਆਂ ਨੂੰ ਇਕ ਪਾਸੇ ਕਰਦਾ ਤਾਂ ਉਹ ਖੜ-ਖੜ ਕਰਦੀਆਂ। ਤੇ ਕਪਤਾਨ ਭਾਵੇਂ ਚੁੱਪ-ਚਾਪ ਅੱਗੇ ਵਧਣ ਦੀ ਕਿੰਨੀ ਵੀ ਕੋਸ਼ਿਸ਼ ਕਰਦਾ, ਕਦਮ-ਕਦਮ ਉੱਤੇ ਤਿੜਤਿੜ ਛਣ-ਛਣ ਦੀ ਅਵਾਜ਼ ਪੈਦਾ ਹੁੰਦੀ ਸੀ।

ਚੰਦਰਮਾਂ ਚੜ੍ਹ ਪਿਆ ਸੀ।ਜੰਗਲ ਵਿਚ ਚਾਨਣ ਹੋ ਗਿਆ।

ਰੇਡੀਓ ਅਪਰੇਟਰ ਏਥੇ ਨੇੜੇ ਹੀ ਕਿਧਰੇ ਹੋਣਾ ਚਾਹੀਦਾ ਸੀ। ਪਰ ਜੇ ਵਰਗ-ਖੇਤਰ ਹੀ ਚਾਰ ਕਿਲੋਮੀਟਰ ਦਾ ਹੈ ਤਾਂ ਉਸ ਨੂੰ ਤੁਰੰਤ ਹੀ ਕਿਵੇਂ ਲੱਭਿਆ ਜਾਏ ? ਇਸ ਵਿਚ ਕੋਈ ਸ਼ੱਕ ਨਹੀਂ ਕਿ ਰੇਡੀਓ ਅਪਰੇਟਰ ਨੇ ਆਪਣੇ ਵਾਸਤੇ ਕੋਈ ਟੋਇਆ ਪੁੱਟ ਲਿਆ ਹੋਵੇਗਾ ਜਿਹੜਾ ਕਿਸੇ ਜਾਨਵਰ ਦੇ ਘੁਰਨੇ ਨਾਲ਼ੋਂ ਘੱਟ ਲੁਕਵਾਂ ਨਹੀਂ ਹੋਣਾ।

ਉਹ ਜੰਗਲ ਵਿਚ ਥਾਂ-ਥਾਂ ਟਾਹਰਾਂ ਤਾਂ ਮਾਰ ਨਹੀਂ ਸੀ ਸਕਦਾ “ਏ ਕਾਮਰੇਡ ! ਕਿੱਥੇ ਆਂ ਤੂੰ ?!”

ਕਪਤਾਨ ਇਕ ਝਿੜੀ ਵਿਚੋਂ ਲੰਘ ਰਿਹਾ ਸੀ ਜਿਹੜੀ ਚੰਨ-ਚਾਨਣੀ ਨਾਲ਼ ਜਗਮਗਾਈ ਹੋਈ ਸੀ। ਰਾਤ ਦੇ ਪਾਲ਼ੇ ਨਾਲ਼ ਉਸ ਦੇ ਨਮਦੇ ਦੇ ਬੂਟ ਏਨੇ ਭਾਰੇ ਤੇ ਸਖ਼ਤ ਹੋ ਗਏ ਸਨ ਜਿਵੇਂ ਕਿਤੇ ਪੱਥਰ ਹੋਣ।

ਉਸ ਨੂੰ ਰੇਡੀਓ ਅਪਰੇਟਰ ਉੱਤੇ ਗੁੱਸਾ ਆ ਰਿਹਾ ਸੀ ਜਿਸ ਨੂੰ ਲੱਭਣਾ ਔਖਾ ਹੋ ਗਿਆ ਸੀ ਪਰ ਜੇ ਉਸ ਨੇ ਉਸ ਨੂੰ ਝਟਪਟ ਲੱਭ ਲਿਆ ਹੁੰਦਾ ਤਾਂ ਉਹਨੂੰ ਹੋਰ ਵੀ ਬਹੁਤਾ ਗੁੱਸਾ ਆਉਣਾ ਸੀ।

ਇਕ ਰੁੱਖ ਦਾ ਤਣਾ ਜੰਮੀ ਹੋਈ ਬਰਫ ਵਿਚ ਦੱਬਿਆ ਪਿਆ ਸੀ। ਕਪਤਾਨ ਦਾ ਉਹਦੇ ਨਾਲ਼ ਠੇਡਾ ਲੱਗਾ ਤੇ ਉਹ ਡਿੱਗ ਪਿਆ।ਤੇ ਜਿਸ ਵੇਲੇ ਉਹ ਬਰਫ ਉੱਤੇ ਆਪਣੇ ਹੱਥ ਟਿਕਾ ਕੇ ਮੁਸ਼ਕਿਲ ਨਾਲ਼ ਉੱਠ ਰਿਹਾ ਸੀ, ਉਸ ਵੇਲੇ ਉਹਨੇ ਆਪਣੇ ਮਗਰੋਂ ਪਿਸਤੌਲ ਦੀ ਟੁਣਕਵੀਂ ਕਲਿਕ ਦੀ ਅਵਾਜ਼ ਸੁਣੀ।

“ਹਾਲਟ!” ਕਿਸੇ ਨੇ ਹੌਲੀ ਜਿਹੀ ਆਖਿਆ। “ਹਾਲਟ!”

ਪਰ ਕਪਤਾਨ ਦਾ ਵਿਹਾਰ ਬੜਾ ਅਜੀਬ ਸੀ।ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਸਗੋਂ ਆਪਣੇ ਸੱਟ ਲੱਗੇ ਗੋਡੇ ਨੂੰ ਮਲਦਾ ਰਿਹਾ। ਪਰ, ਜਦੋਂ ਓਸੇ ਤਰ੍ਹਾਂ ਹੀ ਫੁਸਰ-ਫੁਸਰ ਕਰ ਕੇ ਉਸ ਨੂੰ ਆਪਣੇ ਹੱਥ ਉੱਪਰ ਕਰਨ ਦਾ ਹੁਕਮ ਦਿੱਤਾ ਗਿਆ, ਤਾਂ ਕਪਤਾਨ ਨੇ ਭੌਂ ਕੇ ਵੇਖਿਆ ਤੇ ਮਜ਼ਾਕੀਆ ਅੰਦਾਜ਼ ਨਾਲ਼ ਆਖਿਆ:

“ਜੇ ਬੰਦਾ ਲੰਮਾ ਪਿਆ ਹੋਵੇ ਤਾਂ ਉਹਨੂੰ ਇਹ ਕਿਉਂ ਆਖਣਾ ਹੋਇਆ‘ਹਾਲਟ ।" ਤੂੰ ਮੇਰੇ ਉੱਤੇ ਝਪਟ ਪੈਣਾ ਸੀ ਤੇ ਪਿਸਤੌਲ ਨੂੰ ਟੋਪੀ ਵਿਚ ਲਪੇਟ ਕੇ ਗੋਲੀ ਮਾਰ ਦੇਣੀ ਸੀ। ਇਸ ਤਰ੍ਹਾਂ ਗੋਲੀ ਚੱਲਣ ਦੀ ਅਵਾਜ਼ ਦਬ ਜਾਂਦੀ ਹੈ। ਨਾਲ਼ੇ, ਜਰਮਨ ਤਾਂ ਆਪਣੀ ਪੂਰੀ ਅਵਾਜ਼ ਨਾਲ਼ ਉੱਚੀ ਬੋਲ ਕੇ “ਹਾਲਟ” ਕਹਿੰਦਾ ਹੈ, ਤਾਂ ਜੋ ਉਹਦੇ ਨਾਲ਼ ਵਾਲਾ ਵੀ ਸੁਣ ਸਕੇ ਤੇ ਜੇ ਲੋੜ ਹੋਵੇ ਤਾਂ ਮਦਦ ਕਰ ਸਕੇ। ਪਰ ਤੁਹਾਨੂੰ ਸਿਖਲਾਈ ਦੇਈ ਜਾਂਦੇ, ਦੇਈ ਜਾਂਦੇ ਨੇ, ਤੇ ਕੁਝ ਵੀ ਸੌਰਦਾ ਨਹੀ..'' ਤੇ ਕਪਤਾਨ ਉੱਠ ਕੇ ਖੜਾ ਹੋ ਗਿਆ...

ਉਸ ਨੇ ਹੌਲੀ ਜਿਹੀ ਆਪਣਾ ਸ਼ਨਾਖਤੀ-ਲਫਜ਼ ਬੋਲਿਆ। ਜਦੋਂ ਜਵਾਬ ਮਿਲਿਆ ਤਾਂ ਉਹਨੇ ਆਪਣਾ ਸਿਰ ਹਿਲਾਇਆ ਅਤੇ ਸੇਫਟੀ ਕੈਚ ਚੜ੍ਹਾ ਕੇ, ਨੀਲਾ ਰਿਵਾਲਵਰ ਆਪਣੀ ਜੇਬ ਵਿਚ ਸਰਕਾ ਲਿਆ।

“ਤੁਸੀਂ ਪਿਸਤੌਲ ਹਰ ਵੇਲੇ ਹੱਥ ਵਿਚ ਫੜੀ ਰੱਖਦੇ ਓ !”

ਕਪਤਾਨ ਨੇ ਘੂਰੀ ਵੱਟ ਕੇ ਰੇਡੀਓ-ਅਪਰੇਟਰ ਵੱਲ ਵੇਖਿਆ।

“ਤੂੰ ਕੀ ਸੋਚਦਾ ਏਂ ? ਸਿਰਫ ਤੇਰੀ ਸਿਆਣਪ ਉੱਤੇ ਹੀ ਟੇਕ ਰੱਖਾਂ ?” ਤੇ ਫੇਰ ਉਸ ਨੇ ਬੇਸਬਰੀ ਨਾਲ਼ ਆਖਿਆ, “ਚੱਲ ਵੇਖੀਏ, ਤੇਰਾ ਅੱਡਾ ਕਿੱਥੇ ਹੈ!"

“ਮੇਰੇ ਮਗਰ-ਮਗਰ ਆਓ,” ਗੈਰ-ਕੁਦਰਤੀ ਪੁਜ਼ੀਸ਼ਨ ਵਿਚ ਝੁਕ ਕੇ ਰੇਡੀਓ ਅਪਰੇਟਰ ਨੇ ਆਖਿਆ।“ਮੈਂ ਰੀਂਗ ਰੀਂਗ ਚਲਾਂਗਾ।”

“ਰੀਂਗ ਕੇ ਕਿਉਂ ? ਜੰਗਲ ਵਿਚ ਤਾਂ ਕੋਈ ਹੈ ਨਹੀਂ।"

“ਮੇਰੇ ਪੈਰ ਜੰਮੇ ਪਏ ਨੇ,” ਰੇਡੀਓ-ਅਪਰੇਟਰ ਨੇ ਹੌਲੀ ਜਿਹੀ ਆਖਿਆ।“ਸਖ਼ਤ ਦਰਦ ਹੁੰਦੀ ਏ।”

ਕਪਤਾਨ ਨੇ ਖਿੱਝ ਕੇ ਮੂੰਹ ਜਿਹਾ ਬਣਾਇਆ ਤੇ ਅਗਾਂਹ ਤੁਰ ਪਿਆ।ਉਸ ਦੇ ਅੱਗੇ- ਅੱਗੇ ਰੇਡੀਓ ਅਪਰੇਟਰ ਰੀਂਗਦਾ ਜਾਂਦਾ ਸੀ। ਫੇਰ ਉਸ ਨੇ ਤਨਜ਼ ਨਾਲ਼ ਪੁੱਛਿਆ:

“ਕੀ ਕਰਦਾ ਰਿਹਾ ਤੂੰ ? ਨੰਗੇ ਪੈਰੀਂ ਭੱਜਾ ਫਿਰਦਾ ਰਿਹਾ ?”

“ਹੇਠਾਂ ਆਉਂਦਿਆਂ ਝਟਕੇ ਲਗਦੇ ਰਹੇ। ਇਕ ਬੂਟ ਅੱਧ-ਅਸਮਾਨੇ ਹੀ ਲੱਥ ਕੇ ਡਿੱਗ ਪਿਆ ਸੀ।

“ਸ਼ਾਬਾਸ਼ੇ ! ਚਲੋ, ਪਤਲੂਣ ਤਾਂ ਬਚੀ ਰਹੀ ਤੇਰੀ ?'' ਤੇ ਫੇਰ ਉਸ ਨੇ ਆਖਿਆ, “ਤੇਰੀ ਇਸ ਹਾਲਤ ਵਿਚ ਮੈਂ ਏਥੋਂ ਨਿਕਲਾਂਗਾ ਕਿਵੇਂ ?”

ਰੇਡੀਓ ਅਪਰੇਟਰ ਬਰਫ ’ਤੇ ਹੱਥ ਟੇਕ ਕੇ ਬਹਿ ਗਿਆ ਤੇ ਦੁਖੀ ਅਵਾਜ਼ ਵਿਚ ਬੋਲਿਆ: “ਕਾਮਰੇਡ ਕਪਤਾਨ, ਮੈਂ ਹੁਣ ਏਥੋਂ ਕਿਤੇ ਜਾਣਾ ਨਹੀਂ ਚਾਹੁੰਦਾ । ਥੋੜ੍ਹਾ ਬਹੁਤ ਰਾਸ਼ਨ ਮੈਨੂੰ ਦੇ ਜਾਓ ਤੇ ਅਗਾਂਹ ਨਿਕਲ ਜਾਓ। ਜਦੋਂ ਮੇਰਾ ਪੈਰ ਕੁਝ ਠੀਕ ਹੋਇਆ, ਮੈਂ ਆਪੇ ਵਾਪਸ ਆ ਜਾਵਾਂਗੀ।”

“ਕੀ ਮਤਲਬ, ਏਥੇ ਹੀ ਸੈਨੀਟੋਰੀਅਮ ਦਾ ਇੰਤਜ਼ਾਮ ਕੀਤਾ ਜਾਵੇ। ਫਾਸਿਸ਼ਟਾਂ ਨੂੰ ਰੇਡੀਓ ਦਾ ਪਤਾ ਲੱਗ ਜਾਣੈ, ਆਈ ਸਮਝ !” ਅਤੇ ਅਚਨਚੇਤ ਹੇਠਾਂ ਝੁਕ ਕੇ ਕਪਤਾਨ ਨੇ ਉਤਸੁਕਤਾ ਨਾਲ਼ ਪੁੱਛਿਆ, “ਠਹਿਰ ਜ਼ਰਾ, ਨਾਂ ਕੀ ਏ ਤੇਰਾ ? ਚਿਹਰਾ ਜਾਣਿਆ- ਪਛਾਣਿਆ ਜਾਪਦੈ।”

"ਮਿਖਾਇਲੋਵਾ!”

“ਹੱਛਾ!” ਕਪਤਾਨ ਇਸ ਤਰ੍ਹਾਂ ਬੋਲਿਆ ਜਿਵੇਂ ਹੈਰਾਨ ਰਹਿ ਗਿਆ ਹੋਵੇ ਜਾਂ ਉਹਦੇ ਦਿਲ ਨੂੰ ਕੋਈ ਠੇਸ ਲੱਗੀ ਹੋਵੇ।“ਠੀਕ ਏ, ਕੋਈ ਨਹੀਂ, ਕਰ ਲਵਾਂਗੇ ਕਿਸੇ ਨਾ ਕਿਸੇ ਤਰ੍ਹਾਂ ਇੰਤਜ਼ਾਮ।” ਫੇਰ ਉਸ ਨੇ ਤਪਾਕ ਜਿਹੇ ਨਾਲ਼ ਪੁੱਛਿਆ, “ਸ਼ਾਇਦ ਮੈਂ ਤੁਹਾਡੀ ਮਦਦ ਕਰ ਸਕਾਂ ?”

ਕੁੜੀ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਮੋਢਿਆਂ ਤੱਕ ਬਰਫ ਵਿਚ ਧਸਦੀ ਹੋਈ, ਰੀਂਗਦੀ ਗਈ।

ਕਪਤਾਨ ਦੇ ਮਨ ਵਿਚ ਖਿਝ ਦੀ ਥਾਂ ਕੋਈ ਹੋਰ ਭਾਵਨਾ ਜਾਗ ਪਈ ਜਿਹੜੀ ਸਪਸ਼ਟ ਘੱਟ ਸੀ ਪਰ ਬੇਚੈਨ ਜ਼ਿਆਦਾ ਕਰਦੀ ਸੀ। ਉਸ ਨੂੰ ਛਾਉਣੀ ਵਿਚ ਸਿਖਲਾਈ ਲੈਂਦੀ ਇਸ ਮਿਖਾਇਲੋਵਾ ਦਾ ਚੇਤਾ ਆ ਗਿਆ ਸੀ।ਮੁੱਢ ਤੋਂ ਹੀ ਕਪਤਾਨ ਦੇ ਦਿਲ ਵਿਚ ਇਹਦੇ ਬਾਰੇ ਇਕ ਖੁਣਸ, ਸਗੋਂ ਇਕ ਨਫ਼ਰਤ ਜਿਹੀ ਪੈਦਾ ਹੋ ਗਈ ਸੀ। ਉਹ ਇਸ ਗੱਲ ਨੂੰ ਉੱਕਾ ਹੀ ਸਮਝ ਨਹੀਂ ਸੀ ਸਕਿਆ ਕਿ ਇਹ ਛਾਉਣੀ ਵਿਚ ਕਿਉਂ ਆਈ ਸੀ। ਉਹ ਉੱਚੀ ਲੰਮੀ, ਖੂਬਸੂਰਤ। ਬਹੁਤ ਹੀ ਖੂਬਸੂਰਤ ਸੀ, ਫਖ਼ਰ ਨਾਲ਼ ਉੱਚਾ ਸਿਰ ਤੇ ਚੌੜਾ, ਲਾਲ ਸੁਰਖ, ਸੁਡੌਲ ਨਕਸ਼ਾਂ ਵਾਲਾ ਮੂੰਹ ਮੱਥਾ ਜਿਸ ਤੋਂ ਬੰਦਾ ਨਜ਼ਰ ਨਾ ਹਟਾ ਸਕੇ।

ਉਸ ਨੂੰ ਸਿੱਧਾ ਦੂਜੇ ਦੀਆਂ ਅੱਖਾਂ ਵਿਚ ਵੇਖਣ ਦੀ ਭੈੜੀ ਆਦਤ ਸੀ। ਇਹ ਆਦਤ ਇਸ ਕਰਕੇ ਭੈੜੀ ਨਹੀਂ ਸੀ ਕਿ ਏਹੋ ਜਿਹੀਆਂ ਅੱਖਾਂ ਵੱਲ ਵੇਖਣਾ ਬਦ-ਮਜ਼ਗੀ ਵਾਲੀ ਗੱਲ ਸੀ। ਇਸ ਦੇ ਉਲਟ ਉਹਦੀਆਂ ਅੱਖਾਂ ਮੋਟੀਆਂ, ਦਿਲਕਸ਼ ਸਨ, ਇਹਨਾਂ ਵਿਚ ਠਰੰਮਾ ਸੀ, ਪੁਤਲੀਆਂ ਦੇ ਦੁਆਲੇ ਇਕ ਸੁਨਹਿਰੀ ਝਲਕ ਸੀ। ਇਹ ਬਹੁਤ ਖੂਬਸੂਰਤ ਅੱਖਾਂ ਸਨ। ਪਰ ਮੁਸ਼ਕਿਲ ਇਹ ਸੀ ਕਿ ਕਪਤਾਨ ਤੋਂ ਉਹਨਾਂ ਦੀ ਇਕਟਕ ਨਜ਼ਰ ਝੱਲੀ ਨਹੀਂ ਸੀ ਜਾਂਦੀ।ਤੇ ਕੁੜੀ ਇਸ ਬਾਰੇ ਸੁਚੇਤ ਸੀ।

ਤੇ ਫੇਰ ਉਸ ਨੂੰ ਇਕ ਇਹ ਆਦਤ ਸੀ ਕਿ ਉਹ ਆਪਣੀਆਂ ਚਮਕੀਲੀਆਂ, ਲਿਸ਼ਕਦੀਆਂ ਸੁਨਹਿਰੀ ਜ਼ੁਲਫਾਂ ਆਪਣੇ ਵੱਡੇ ਕੋਟ ਦੇ ਕਾਲ਼ਰ ਉੱਤੇ ਖਿਲਾਰ ਰੱਖਦੀ ਸੀ। ਕਪਤਾਨ ਨੇ ਕਿੰਨੀ ਵਾਰੀ ਆਖਿਆ ਸੀ:

“ਆਪਣੇ ਵਾਲ ਸਮੇਟ ਕੇ ਰੱਖ।ਫੌਜ ਦੀ ਵਰਦੀ ਫੈਂਸੀ ਡ੍ਰੈਸ ਨਹੀਂ ਹੁੰਦੀ।”

ਇਹ ਠੀਕ ਹੈ ਕਿ ਮਿਖਾਇਲੋਵਾ ਬਹੁਤ ਹੀ ਮਿਹਨਤ ਕਰਨ ਵਾਲੀ ਕੁੜੀ ਸੀ। ਉਹ ਸਿਖਾਈ-ਪੜ੍ਹਾਈ ਤੋਂ ਬਾਅਦ ਰੁੱਕ ਜਾਂਦੀ ਤੇ ਅਕਸਰ ਕਪਤਾਨ ਨੂੰ ਬੜੇ ਡੂੰਘੇ ਸਵਾਲ ਪੁੱਛਦੀ ਰਹਿੰਦੀ।ਪਰ ਕਪਤਾਨ ਦਾ ਇਸ ਬਾਰੇ ਪੱਕਾ ਯਕੀਨ ਸੀ ਕਿ ਗਿਆਨ ਇਸ ਦੇ ਕਿਸੇ ਕੰਮ ਨਹੀਂ ਤੇ ਉਹ ਬਹੁਤ ਸੰਖੇਪ ਤੇ ਰੁੱਖਾ ਜਿਹਾ ਜਵਾਬ ਦੇਂਦਾ ਤੇ ਲਗਾਤਾਰ ਆਪਣੀ ਘੜੀ ਵੱਲ ਵੇਖੀ ਜਾਂਦਾ।

ਕੋਰਸ ਦੇ ਸੰਚਾਲਕ ਅਫਸਰ ਕਪਤਾਨ ਨੂੰ ਝਾੜਿਆ ਸੀ ਕਿ ਉਹ ਮਿਖਾਇਲੋਵਾ ਵੱਲ ਬਹੁਤ ਥੋੜਾ ਧਿਆਨ ਦੇਂਦਾ ਸੀ।

“ਪਰ ਉਹ ਚੰਗੀ ਕੁੜੀ ਹੈ।”

“ਘਰੋਗੀ ਜ਼ਿੰਦਗੀ ਵਾਸਤੇ ਚੰਗੀ ਹੈ।” ਅਤੇ ਅਚਨਚੇਤ ਤਾਅ ਤੇ ਜ਼ੋਸ ਵਿਚ ਆ ਕੇ ਕਪਤਾਨ ਨੇ ਆਖਿਆ: “ਇਹ ਗੱਲ ਸਮਝ ਲਓ, ਕਾਮਰੇਡ ਕਰਨਲ, ਕਿ ਸਾਡੇ ਲੋਕਾਂ ਨੂੰ ਸਖ਼ਤ ਹੋਣਾ ਹੀ ਪੈਂਦਾ ਹੈ।ਆਪਣੇ ਹੱਥੀਂ ਆਪਣੇ-ਆਪ ਨੂੰ ਤਬਾਹ ਕਰਨਾ ਹੰਗਾਮੀ ਹਾਲਤ ਵਿਚ ਲਾਜ਼ਮੀ ਹੋ ਸਕਦਾ ਹੈ। ਤੇ ਇਹ ਕੁੜੀ ? ਇਹ ਕਰ ਸਕਦੀ ਹੈ ? ਇਸ ਨੂੰ ਆਪਣੇ-ਆਪ ਉੱਤੇ ਤਰਸ ਆ ਜਾਏਗਾ ! ਖਿਆਲ ਕਰ ਸਕਦੇ ਹੋ ਕਿ ਇਸ ਤਰ੍ਹਾਂ ਦੀ ਕੁੜੀ..." ਕਪਤਾਨ ਨੇ ਗੱਲ ਵਿੱਚੇ ਛੱਡ ਦਿੱਤੀ।

ਇਸ ਖਿਆਲ ਨਾਲ਼ ਕਿ ਮਿਖਾਇਲੋਵਾ ਨਾਲ਼ ਉਹਦਾ ਕੋਈ ਸਰੋਕਾਰ ਨਾ ਰਹੇ, ਉਸ ਨੇ ਉਹਦੀ ਰੇਡੀਓ ਅਪਰੇਟਰਾਂ ਦੇ ਗਰੁੱਪ ਵਿਚ ਬਦਲੀ ਕਰਵਾ ਦਿੱਤੀ ਸੀ।

ਛਾਤਾ-ਬਰਦਾਰਾਂ ਦੀ ਸਿਖਲਾਈ ਦਾ ਕੋਰਸ ਮਾਸਕੋ ਦੇ ਨੇੜੇ ਹੀ ਇਕ ਆਰਮਗਾਹ ਵਿਚ ਚੱਲ ਰਿਹਾ ਸੀ। ਲਿਸ਼-ਲਿਸ਼ ਕਰਦੇ ਬਰਾਂਡੇ, ਅੰਦਰ ਲਾਲ ਗਲੀਚੇ, ਤੇ ਝਮ-ਝਮ ਕਰਦਾ ਪਾਲ਼ਸ਼ ਕੀਤਾ ਫਰਨੀਚਰ-ਹਰ ਇਕ ਚੀਜ਼ ਵਿਚ ਅਮਨ ਵੇਲਿਆਂ ਦੀ ਖਿੱਚ ਅਜੇ ਵੀ ਕਾਇਮ ਸੀ ਜਿਸ ਕਰਕੇ ਤਰਕਾਲ਼ਾਂ ਵੇਲੇ ਲੋਕਾਂ ਦਾ ਖੇਡਣ ਮੱਲਣ ਨੂੰ ਜੀਅ ਕਰ ਆਉਂਦਾ। ਕੋਈ ਪਿਆਨੋ ਅੱਗੇ ਜਾ ਬਹਿੰਦਾ ਤਾਂ ਨਾਚ ਸ਼ੁਰੂ ਹੋ ਜਾਂਦਾ।ਜੇ ਫੌਜੀ ਵਰਦੀ ਨਾ ਪਾਈ ਹੋਵੇ, ਤਾਂ ਸਮਝਿਆ ਜਾ ਸਕਦਾ ਹੈ ਕਿ ਇਹ ਅਮਨ ਵੇਲਿਆਂ ਦੀ ਇਕ ਆਮ ਵਰਗੀ ਸ਼ਾਮ ਹੈ।

ਹਵਾ ਮਾਰ ਤੋਪਾਂ ਪਈਆਂ ਗੜ-ਗੜ ਕਰਦੀਆਂ ਰਹਿਣ, ਖੋਜਬੱਤੀਆਂ ਦੀਆਂ ਚਿੱਟੀਆਂ ਰਿਸ਼ਮਾਂ ਆਪਣੀਆਂ ਸਖ਼ਤ ਟੋਹਣੀਆਂ ਨਾਲ਼ ਅਸਮਾਨ ਫਰੋਲਦੀਆਂ ਰਹਿਣ – ਇਹਨਾਂ ਬਾਰੇ ਸੋਚਣ ਦੀ ਕੋਈ ਲੋੜ ਨਹੀਂ।

ਸਿਖਾਈ-ਪੜ੍ਹਾਈ ਤੋਂ ਮਗਰੋਂ ਮਿਖਾਇਲੋਵਾ ਆਮ ਕਰਕੇ ਦੀਵਾਨਖਾਨੇ ਵਿਚ ਚਲੀ ਜਾਂਦੀ ਅਤੇ ਹੱਥ ਵਿਚ ਕਿਤਾਬ ਲਈ ਲੱਤਾਂ ਕੱਠੀਆਂ ਕਰਕੇ ਸੋਫੇ ਉੱਤੇ ਬਹਿ ਜਾਂਦੀ।ਉਹ ਲਾਲ ਲੱਕੜ ਦੇ ਬਣੇ ਇਕ ਉੱਚੇ-ਲੰਮੇ ਵੱਡੇ ਸਾਰੇ ਥੰਮ੍ਹ ਉੱਤੇ ਧਰੀ ਕੈਂਪ ਦੇ ਚਾਨਣ ਵਿਚ, ਜਿਸ ਉੱਤੇ ਇਕ ਬਹੁਤ ਵੱਡੀ ਸ਼ੇਡ ਲੱਗੀ ਹੋਈ ਸੀ, ਪੜ੍ਹਦੀ ਰਹਿੰਦੀ। ਇਸ ਕੁੜੀ ਦੀਆਂ ਖੂਬਸੂਰਤ ਅੱਖਾਂ, ਸ਼ਾਂਤ ਅਡੋਲ ਚਿਹਰਾ, ਉਸ ਦਾ ਬੇਤਕੱਲੁਫ ਅੰਦਾਜ਼, ਉਸ ਦੀ ਪਿੱਠ ਉੱਤੇ ਡਿੱਗਦੀਆਂ ਉਸ ਦੀਆਂ ਜ਼ੁਲਫਾਂ ਤੇ ਉਸ ਦੀਆਂ ਪਤਲੀਆਂ-ਪਤਲੀਆਂ ਗੋਰੀਆਂ-ਚਿੱਟੀਆਂ ਉਂਗਲਾਂ – ਇਹਨਾਂ ਵਿਚੋਂ ਕੁਝ ਵੀ ਢਾਹ-ਉਜਾੜ ਦੇ ਧਮਾਕਿਆਂ ਜਾਂ ਚੁੱਪ-ਚਾਪ ਉਸ ਚਾਕੂ ਨਾਲ਼ ਧੌਣ ਲਾਹੁਣ ਦੀਆਂ ਤਕਨੀਕਾਂ ਨਾਲ਼ ਢੁੱਕਦਾ ਨਹੀਂ ਸੀ ਜਾਪਦਾ ਜਿਸ ਦੇ ਦਸਤੇ ਉੱਤੇ ਰੱਬੜ ਚਾੜ੍ਹੀ ਹੋਵੇ। ਜਦੋਂ ਮਿਖਾਇਲੋਵਾ ਕਪਤਾਨ ਨੂੰ ਆਉਂਦਿਆਂ ਵੇਖਦੀ ਤਾਂ ਉਹ ਉੱਛਲ ਕੇ ਸਾਵਧਾਨ ਖੜੀ ਹੋ ਜਾਂਦੀ ਜਿਵੇਂ ਕਮਾਂਡਰ ਅਫਸਰ ਦੇ ਨੇੜੇ ਆ ਜਾਣ ਸਮੇਂ ਕਿਸੇ ਨੂੰ ਕਰਨਾ ਚਾਹੀਦਾ ਹੈ।

ਜ਼੍ਹਾਵੋਰੋਨਕੋਵ ਸਰਸਰੀ ਜਿਹਾ ਸਿਰ ਹਿਲਾਉਂਦਾ ਤੇ ਅਗਾਂਹ ਨਿਕਲ ਜਾਂਦਾ। ਇਹ ਰੁੱਖੇ ਤੇ ਖਿਡਾਰੀਆਂ ਵਰਗੇ ਲਾਲ ਸੁਰਖ ਚਿਹਰੇ ਤੇ ਮਜ਼ਬੂਤ ਜੁੱਸੇ ਵਾਲਾ ਆਦਮੀ, ਸੱਚਮੁੱਚ ਹੀ ਕੁਝ-ਕੁਝ ਥੱਕਿਆ ਤੇ ਉਦਾਸ, ਦੂਜਿਆਂ ਨਾਲ਼ ਹੀ ਨਹੀਂ, ਸਗੋਂ ਆਪਣੇ-ਆਪ ਨਾਲ਼ ਵੀ ਬੜਾ ਕਠੋਰ ਤੇ ਤਕਾਜ਼ਾ ਕਰਨ ਵਾਲਾ ਸੀ।

ਕਪਤਾਨ ਆਪਣੇ-ਆਪ ਕੰਮ ਕਰਨ ਨੂੰ ਤਰਜੀਹ ਦੇਂਦਾ ਸੀ।ਉਸ ਨੂੰ ਅਜਿਹਾ ਕਰਨ ਦਾ ਹੱਕ ਸੀ।ਉਸ ਦੇ ਬੀਵੀ ਬੱਚੇ ਦੀ ਮੌਤ ਦੀ ਪੀੜ ਇਕ ਬਰਫ ਦਾ ਗੋਲਾ ਬਣ ਕੇ ਉਹਦੇ ਦਿਲ ਵਿਚ ਬਹਿ ਗਈ ਸੀ। ਬਾਈ ਜੂਨ ਵਾਲੇ ਦਿਨ ਇਕ ਸਰਹੱਦੀ ਪਿੰਡ ਵਿਚ ਜਰਮਨ ਟੈਕਾਂ ਨੇ ਉਹਨਾਂ ਨੂੰ ਲੋਹੇ ਪੈਰਾਂ ਹੇਠ ਦਰੜ ਕੇ ਰੱਖ ਦਿੱਤਾ ਸੀ।

ਕਪਤਾਨ ਨੇ ਆਪਣੇ ਦੁੱਖ ਦੀ ਕਦੇ ਕੋਈ ਗੱਲ ਨਹੀਂ ਸੀ ਕੀਤੀ।ਉਹ ਨਹੀਂ ਸੀ ਚਾਹੁੰਦਾ ਕਿ ਉਸ ਦੀ ਬਦਕਿਸਮਤੀ ਨੂੰ ਉਸ ਦੀ ਨਿੱਡਰਤਾ ਦਾ ਕਾਰਨ ਸਮਝਿਆ ਜਾਏ। ਇਸੇ ਕਰਕੇ ਹੀ ਉਸ ਨੇ ਆਪਣੇ ਸਾਥੀਆਂ ਨੂੰ ਹਨੇਰੇ ਵਿਚ ਰੱਖਿਆ ਸੀ। ਉਹਨੇ ਆਪਣੇ ਆਪ ਨੂੰ ਆਖਿਆ ਸੀ: “ਮੇਰੇ ਬੀਵੀ ਬੱਚੇ ਮਰੇ ਨਹੀਂ। ਉਹ ਜਿਊਂਦੇ ਨੇ।ਮੈਂ ਹੋਛਾ ਬੰਦਾ ਨਹੀਂ। ਮੈਂ ਵੀ ਓਸੇ ਤਰ੍ਹਾਂ ਦਾ ਆਂ, ਜਿਸ ਤਰ੍ਹਾਂ ਦੇ ਦੂਜੇ ਨੇ। ਮੈਨੂੰ ਠੰਡੇ ਦਿਲ ਨਾਲ਼ ਲੜਦੇ ਰਹਿਣਾ ਚਾਹੀਦਾ ਏ।” ਉਸ ਨੇ ਆਪਣੇ ਤਨ ਮਨ ਦੀ ਪੂਰੀ ਤਾਕਤ ਦੁਸ਼ਮਣ ਨਾਲ਼ ਲੜਨ ਵਿਚ ਲਾਈ ਹੋਈ ਸੀ। ਇਸ ਲੜਾਈ ਵਿਚ ਉਹਦੇ ਵਰਗੇ, ਲਹੂ ਵੀਟਦੇ ਦਿਲ ਵਾਲੇ, ਫਖ਼ਰ ਵਾਲੇ, ਦੁਖ ਦੇ ਮਾਰੇ ਤੇ ਤਕੜੇ ਬੰਦੇ ਹੋਰ ਵੀ ਬਹੁਤ ਹਨ।

ਮੇਰੇ ਸੁਹਿਰਦ, ਖੁਸ਼ਦਿਲ ਤੇ ਨੇਕ ਲੋਕੋ ! ਕਿਵੇਂ ਦੁਸ਼ਮਣ ਦੀ ਨਿਰਦੈਤਾ ਨੇ ਤੁਹਾਡੇ ਦਿਲਾਂ ਨੂੰ ਪੱਥਰ ਕਰ ਦਿੱਤਾ ਹੈ।

ਅਤੇ ਹੁਣ, ਅੱਗੇ-ਅੱਗੇ ਰੀਂਗਦੀ ਜਾਂਦੀ ਰੇਡੀਓ ਅਪਰੇਟਰ ਦੇ ਪਿੱਛੇ ਹੌਲੀ-ਹੌਲੀ ਤੁਰੇ ਜਾਂਦੇ ਕਪਤਾਨ ਦੀ ਕੋਸ਼ਿਸ਼ ਸੀ ਕਿ ਉਹ ਕਿਸੇ ਐਸੀ ਗੱਲ ਬਾਰੇ ਨਾ ਸੋਚੇ ਜਿਹੜੀ ਉਸ ਨੂੰ ਆਪਣੀ ਅਗਲੀ ਚਾਲ ਉੱਤੇ ਵਿਚਾਰ ਕਰਨੋ ਰੋਕ ਸਕਦੀ ਹੋਵੇ। ਉਹ ਭੁੱਖਾ ਸੀ, ਕਮਜ਼ੋਰ ਸੀ, ਤੇ ਲੰਮੇ ਪੈਂਡੇ ਨੇ ਉਹਦੀ ਸੱਤਿਆ ਨਚੋੜ ਲਈ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਿਖਾਇਲੋਵਾ ਉਸ ਦੀ ਸਹਾਇਤਾ ਉੱਤੇ ਨਿਰਭਰ ਕਰਦੀ ਸੀ। ਪਰ ਉਹ ਸ਼ਾਇਦ ਇਹ ਨਹੀਂ ਸੀ ਜਾਣਦੀ ਕਿ ਕਪਤਾਨ ਉਹਦੀ ਮਦਦ ਕਰਨ ਦੀ ਹਾਲਤ ਵਿਚ ਨਹੀਂ।

ਸਭ ਕੁਝ ਦੱਸ ਦੇਵੇ ? ਨਹੀਂ, ਬਿਲਕੁਲ ਨਹੀਂ ! ਚੰਗਾ ਹੋਵੇਗਾ ਕਿ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਉੱਦਮ ਕਰਨ ਲਈ ਮਜ਼ਬੂਰ ਕੀਤਾ ਜਾਏ। ਫੇਰ ਉਹਦੇ ਵਿਚ ਵੀ ਹਿੰਮਤ ਆ ਜਾਏਗੀ, ਤੇ ਹੋ ਸਕਦਾ ਹੈ ਇਸ ਤਰ੍ਹਾਂ ਕੁਝ ਬਣ ਜਾਏ...

ਬਹਾਰ ਦੇ ਵਹਿਣਾਂ ਨਾਲ਼ ਖੱਡ ਦੀ ਸਿੱਧੀ ਢਲਾਣ ਵਿਚ ਇਕ ਕਿਸਮ ਦੀ ਗੁਫਾ ਬਣ ਗਈ ਸੀ।ਦਰੱਖਤਾਂ ਦੀਆਂ ਸਖ਼ਤ ਜੜ੍ਹਾਂ ਸਿਰ ਉੱਤੇ ਪਲਮੀਆਂ ਹੋਈਆਂ ਸਨ। ਕੁਝ ਤਾਂ ਸੇਬੇ ਵਾਂਗ ਪਤਲੀਆਂ ਸਨ ਤੇ ਕੁਝ ਵੱਟ ਚੜ੍ਹੀਆਂ ਤੇ ਪੀਡੀਆਂ ਜਿਵੇਂ ਜਹਾਜ਼ਾਂ ਦੇ ਜੰਗਾਲ ਲੱਗੇ, ਉਲਝੇ ਹੋਏ ਲੋਹ-ਰੱਸੇ ਹੋਣ। ਅੱਡਾ ਅਗਾਂਹ ਨੂੰ ਵਧੀ ਹੋਈ ਬਰਫ ਹੇਠ ਲੁਕਿਆ ਹੋਇਆ ਸੀ। ਦਿਨ ਵੇਲੇ ਇਸ ਥਾਂ ਚਾਨਣ ਆ ਜਾਂਦਾ ਸੀ ਜਿਵੇਂ ਗਰਮਖਾਨੇ ਵਿਚ ਆਉਂਦਾ ਹੈ।ਥਾਂ ਸਾਫ- ਸੁਥਰੀ ਤੇ ਸੁੱਕੀ ਸੀ ਤੇ ਫਰ ਦੀਆਂ ਟਾਹਣੀਆਂ ਦਾ ਇਕ ਬਿਸਤਰਾ ਬਣਾਇਆ ਹੋਇਆ ਸੀ। ਅੰਦਰ ਇਕ ਚੌਰਸ ਰੇਡੀਓ-ਟਰਾਂਸਮੀਟਰ, ਇਕ ਸੌਣ ਵਾਲਾ ਬੈਗ ਤੇ ਕੰਧ ਦੇ ਨਾਲ਼ ਖੜੀਆਂ ਸਕੀਜ਼ ਸਨ।

“ਕੇਡੀ ਆਰਾਮਦਿਹ ਗੁਫਾ ਹੈ,” ਕਪਤਾਨ ਬੋਲਿਆ। ਅਤੇ ਬਿਸਤਰੇ ਨੂੰ ਆਪਣੇ ਹੱਥ ਨਾਲ਼ ਟੋਹ ਕੇ, ਆਖਿਆ, “ਬਹਿ ਜਾ ਤੇ ਆਪਣੇ ਬੂਟ ਲਾਹ ਦੇ।”

“ਕੀ ?” ਕੁੜੀ ਨੇ ਗੁੱਸੇ ਤੇ ਹੈਰਾਨੀ ਨਾਲ਼ ਪੁੱਛਿਆ।

“ਆਪਣੇ ਬੂਟ ਲਾਹ ਦੇ। ਵੇਖਾਂ ਭਲਾ, ਇਸ ਪੈਰ ਦਾ ਕੀ ਹੋ ਸਕਦਾ ਹੈ। “ਤੁਸੀਂ ਡਾਕਟਰ ਨਹੀਂ। ਤੇ ਨਾਲ਼ੇ ..”

“ਗੱਲ ਸੁਣੋ,” ਕਪਤਾਨ ਨੇ ਆਖਿਆ, “ਬਿਹਤਰ ਹੋਵੇਗਾ ਕਿ ਕੰਮ ਕੀਤਾ ਜਾਏ। ਤੇ ਗੱਲਾਂ ਜਿੰਨੀਆਂ ਘੱਟ ਕਰੀਏ ਓਨਾ ਹੀ ਚੰਗਾ।”

“ਹਾਏ, ਪੀੜ ਹੁੰਦੀ ਏ !”

“ਚੀਕਾਂ ਨਾ ਮਾਰੋ,” ਕਪਤਾਨ ਨੇ ਪੈਰ ਦੀ ਛੱਤ ਨੂੰ ਟੋਹਦਿਆਂ ਆਖਿਆ। ਸੋਜ ਪਈ ਹੋਈ ਸੀ ਤੇ ਚਮੜੀ ਆਕੜੀ ਹੋਈ ਅਤੇ ਚਮਕਦਾਰ ਨੀਲੀ ਹੋ ਗਈ।

“ਪਰ ਮੈਂ ਹੋਰ ਨਹੀਂ ਬਰਦਾਸ਼ਤ ਕਰ ਸਕਦੀ।”

“ਖੈਰ, ਬਰਦਾਸ਼ਤ ਤਾਂ ਕਰਨੀ ਪਏਗੀ,” ਕਪਤਾਨ ਨੇ ਆਪਣਾ ਗਰਮ ਮਫਲਰ ਲਾਹੁੰਦਿਆਂ ਆਖਿਆ।

“ਮੈਨੂੰ ਤੁਹਾਡਾ ਮਫਲਰ ਨਹੀਂ ਚਾਹੀਦਾ।”

“ਮੈਲੀ ਜੁਰਾਬ ਚੰਗੀ ਹੈ ?”

“ਇਹ ਸਾਫ ਏ।”

“ਗੱਲ ਸੁਣੋ,” ਕਪਤਾਨ ਨੇ ਆਖਿਆ।‘ਐਵੇਂ ਤੰਗ ਨਾ ਕਰੋ। ਕੋਈ ਰੱਸੀ ਹੈ ਤੁਹਾਡੇ ਕੋਲ ?”

“ਨਹੀਂ।”

ਕਪਤਾਨ ਨੇ ਉੱਪਰ ਹੱਥ ਵਧਾਇਆ, ਇਕ ਪਤਲੀ ਜੜ੍ਹ ਤੋੜੀ ਅਤੇ ਪੈਰ ਉੱਤੇ ਮਫਲਰ ਲਪੇਟ ਕੇ ਉਸ ਨੂੰ ਬੰਨ੍ਹ ਦਿੱਤਾ,ਤੇ ਆਖਿਆ:

“ਚੰਗੀ ਤਰ੍ਹਾਂ ਬੱਝਾ ਰਹੇਗਾ!”

ਫੇਰ ਉਸ ਨੇ ਸਕੀਜ਼ ਬਾਹਰ ਲਿਆਂਦੀਆਂ ਅਤੇ ਆਪਣੇ ਚਾਕੂ ਤੋਂ ਔਜ਼ਾਰ ਦਾ ਕੰਮ ਲੈਂਦਿਆਂ ਚੋਖਾ ਚਿਰ ਕੋਈ ਚੀਜ਼ ਉਹਨਾਂ ਨਾਲ਼ ਜੋੜਦਾ ਰਿਹਾ। ਉਹ ਵਾਪਸ ਆਇਆ, ਟਰਾਂਸਮੀਟਰ ਚੁੱਕਿਆ ਤੇ ਕਹਿਣ ਲੱਗਾ:

“ਚਲੋ ਚਲੀਏ।”

“ਤੁਸੀਂ ਮੈਨੂੰ ਸਕੀਜ਼ ਤੇ ਚਾੜ੍ਹ ਕੇ ਧੂਹਣਾ ਚਾਹੁੰਦੇ ਓ ?”

“ਯਕੀਨ ਜਾਣੋ ਕਿ ਮੈਂ ਚਾਹੁੰਦਾ ਨਹੀਂ, ਪਰ ਕਰਨਾ ਪਵੇਗਾ।”

“ਕੀ ਕਰਾਂ, ਮੇਰੇ ਵਾਸਤੇ ਕੋਈ ਰਾਹ ਨਹੀਂ।”

“ਇਹ ਤਾਂ ਠੀਕ ਹੈ,” ਕਪਤਾਨ ਸਹਿਮਤ ਸੀ।“ਗੱਲ ਸੁਣੋ, ਕੁਝ ਖਾਣ ਨੂੰ ਹੈ ਤੁਹਾਡੇ ਕੋਲ ?”

“ਆਹ ਜੇ,” ਉਸ ਨੇ ਆਖਿਆ ਤੇ ਆਪਣੀ ਜੇਬ ਵਿਚੋਂ ਰਸ ਦਾ ਇਕ ਟੁਕੜਾ ਕੱਢਿਆ। “ਇਹ ਤਾਂ ਕੁਝ ਵੀ ਨਹੀਂ।”

“ਬਸ ਏਨਾ ਹੀ ਬਚਿਆ ਰਹਿ ਗਿਆ। ਕਈਆਂ ਦਿਨਾਂ ਤੋਂ .."

“ਸਮਝ ਗਿਆ,” ਕਪਤਾਨ ਨੇ ਆਖਿਆ।“ਸਮਝਦਾਰ ਲੋਕ ਰਸ ਪਹਿਲਾਂ ਖਾਂਦੇ ਨੇ, ਤੇ ਚਾਕਲੇਟ ਔਖੇ ਦਿਨਾਂ ਵਾਸਤੇ ਬਚਾ ਰਖਦੇ ਨੇ।”

“ਤੁਸੀਂ ਆਪਣੇ ਚਾਕਲੇਟ ਸਾਂਭ ਰੱਖੋ।”

“ਤੇ ਮੈਂ ਦੇਣਾ ਤਾਂ ਨਹੀਂ ਸੀ ਚਾਹੁੰਦਾ।” ਅਤੇ ਕਪਤਾਨ ਟਰਾਂਸਮੀਟਰ ਦੇ ਭਾਰ ਹੇਠ ਝੁਕਿਆ ਬਾਹਰ ਨਿਕਲ ਗਿਆ।

ਇਕ ਘੰਟਾ ਤੁਰਨ ਮਗਰੋਂ, ਕਪਤਾਨ ਨੇ ਮਹਿਸੂਸ ਕੀਤਾ ਕਿ ਉਹਦੀ ਹਾਲਤ ਮਾੜੀ ਹੈ। ਕੁੜੀ ਸਕੀਜ਼ ਉੱਤੇ (ਸੱਚ ਤਾਂ ਇਹ ਹੈ ਕਿ ਸਕੀਜ਼ ਤੋਂ ਬਣਾਈ ਸਲੈਜ ਉੱਤੇ) ਲੇਟੀ ਹੋਈ ਸੀ ਅਤੇ ਆਪਣੇ ਹੱਥਾਂ ਨਾਲ਼ ਇਹਨਾਂ ਨੂੰ ਅਗਾਂਹ ਧੱਕਦੀ ਉਹਦੀ ਮਦਦ ਕਰ ਰਹੀ ਸੀ ਪਰ ਕਪਤਾਨ ਦੀ ਹਿੰਮਤ ਜਵਾਬ ਦੇ ਗਈ ਸੀ। ਉਸ ਦੀਆਂ ਲੱਤਾਂ ਡੋਲ ਰਹੀਆਂ ਸਨ ਤੇ ਦਿਲ ਇਉਂ ਧੌਕਣੀ ਵਾਂਗ ਚਲ ਰਿਹਾ ਸੀ ਕਿ ਚੰਗੀ ਤਰ੍ਹਾਂ ਸਾਹ ਵੀ ਨਹੀਂ ਸੀ ਆਉਂਦਾ।

“ਜੇ ਮੈਂ ਇਹਨੂੰ ਦੱਸ ਦਿੱਤਾ ਕਿ ਮੇਰੀ ਹਾਲਤ ਚੰਗੀ ਨਹੀਂ, ਤਾਂ ਇਹਦਾ ਤ੍ਰਾਹ ਨਿਕਲ ਜਾਏਗਾ।ਜੇ ਮੈਂ ਤੁਰਿਆ ਗਿਆ, ਤਾਂ ਖੇਡ ਹੋਰ ਵੀ ਮਾੜੇ ਢੰਗ ਨਾਲ਼ ਖ਼ਤਮ ਹੋਵੇਗੀ।” ਕਪਤਾਨ ਨੇ ਆਪਣੀ ਘੜੀ ਉੱਤੇ ਨਜ਼ਰ ਮਾਰੀ ਤੇ ਆਖਿਆ:

“ਕੁਝ ਗਰਮ ਪੀਤਾ ਜਾਏ ਤਾਂ ਮਾੜੀ ਗੱਲ ਨਹੀਂ।”

ਉਸ ਨੇ ਬਰਫ ਵਿਚ ਇਕ ਟੋਇਆ ਪੁੱਟਿਆ, ਇਕ ਸੋਟੀ ਨਾਲ਼ ਧੂੰਕਸ਼ ਬਣਾਇਆ ਤੇ ਮੋਰੀ ਵਿਚ ਹਰੀਆਂ ਟਾਹਣੀਆਂ ਤੇ ਬਰਫ ਭਰ ਦਿੱਤੀ। ਟਾਹਣੀਆਂ ਤੇ ਬਰਫ ਨੇ ਧੂਏਂ ਵਾਸਤੇ ਫਿਲਟਰ ਦਾ ਕੰਮ ਕਰਨਾ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਕੁਝ ਸੁੱਕੀਆਂ ਟਾਹਣੀਆਂ ਤੋੜ ਕੇ, ਕਪਤਾਨ ਨੇ ਟੋਏ ਵਿਚ ਰੱਖੀਆਂ। ਫੇਰ ਉਸ ਨੇ ਆਪਣੀ ਜੇਬ ਵਿਚੋਂ ਛੋਟੀ ਜਿਹੀ ਰੇਸ਼ਮੀ ਗੁੱਥਲੀ ਕੱਢੀ ਜਿਸ ਵਿਚ ਬਾਰੂਦ ਸੀ ਅਤੇ ਟਾਹਣੀਆਂ ਉੱਤੇ ਮੁੱਠ ਕੁ ਬਾਰੂਦ ਧੂੜ ਕੇ ਤੀਲੀ ਲਾ ਦਿੱਤੀ।

ਲਾਟਾਂ ਸੂੰ-ਸੂੰ ਕਰਦੀਆਂ ਸਾਰੀਆਂ ਟਾਹਣੀਆਂ ਵਿਚ ਫੈਲ ਗਈਆਂ। ਕਪਤਾਨ ਨੇ ਇਕ ਡੱਬਾ ਅੱਗ ਉੱਤੇ ਰੱਖਿਆ ਅਤੇ ਬਰਫ਼ ਦੇ ਟੇਪੇ ਤੇ ਬਰਫ ਇਸ ਵਿਚ ਪਾ ਦਿੱਤੀ। ਫੇਰ ਉਸ ਨੇ ਰਸ ਕੱਢਿਆ, ਇਕ ਰੁਮਾਲ ਵਿਚ ਲਪੇਟਿਆ ਤੇ ਇਕ ਰੁੱਖ ਦੇ ਮੁੱਢ ਉੱਤੇ ਰੱਖ ਕੇ ਚਾਕੂ ਦੀ ਮੁੱਠ ਨਾਲ਼ ਇਸ ਨੂੰ ਕੁੱਟਿਆ।ਇਹ ਚੂਰਾ ਉਸ ਨੇ ਉਬਲਦੇ ਪਾਣੀ ਵਿਚ ਪਾ ਦਿੱਤਾ ਤੇ ਇਸ ਨੂੰ ਹਿਲਾਉਣ ਲੱਗ ਪਿਆ। ਫੇਰ ਉਸ ਨੇ ਡੱਬੇ ਨੂੰ ਅੱਗ ਤੋਂ ਲਾਹ ਕੇ ਠੰਡਾ ਹੋਣ ਵਾਸਤੇ ਬਰਫ ਉੱਤੇ ਰੱਖ ਦਿੱਤਾ।

“ਸਵਾਦ ਏ ?” ਕੁੜੀ ਨੇ ਪੁੱਛਿਆ।

“ਜਿਵੇਂ ‘ਨਰੋਈ ਸਿਹਤ’ ਕਾਫੀ ਹੁੰਦੀ ਹੈ,” ਕਪਤਾਨ ਨੇ ਆਖਿਆ।ਅਤੇ ਭੂਰੇ-ਭੂਰੇ ਦਾਗਾਂ ਵਾਲਾ ਡੱਬਾ ਉਸ ਨੂੰ ਫੜਾ ਦਿੱਤਾ।

“ਮੈਂ ਸਾਰ ਲਵਾਂਗੀ, ਨਹੀਂ ਲੋੜ ਮੈਨੂੰ,” ਕੁੜੀ ਨੇ ਕਿਹਾ ।

“ਤੁਹਾਨੂੰ ਬੜਾ ਕੁਝ ਸਾਰਨਾ ਪਵੇਗਾ," ਕਪਤਾਨ ਨੇ ਆਖਿਆ।‘ਤੇ ਹੁਣ ਬੋਲੋ ਨਾ, ਪੀ ਲਓ ਇਹਨੂੰ।”

ਤਰਕਾਲ਼ਾਂ ਵੇਲੇ ਉਸ ਨੇ ਇਕ ਬੁੱਢਾ ਢੋਡਰ ਕਾਂ ਮਾਰ ਲਿਆ।

“ਤੁਸੀਂ ਹੁਣ ਕਾਂ ਖਾਓਗੇ ?” ਕੁੜੀ ਨੇ ਪੁੱਛਿਆ।

“ਇਹ ਕਾਂ ਨਹੀਂ, ਢੋਡਰ ਹੈ,” ਕਪਤਾਨ ਨੇ ਆਖਿਆ।

ਉਸ ਨੇ ਪੰਛੀ ਨੂੰ ਅੱਗ ਉੱਤੇ ਭੁੰਨ ਲਿਆ।

“ਖਾਓਗੇ ?” ਤੇ ਉਸ ਨੇ ਅੱਧਾ ਕੁੜੀ ਨੂੰ ਪੇਸ਼ ਕੀਤਾ।

“ਬਿਲਕੁਲ ਨਹੀਂ!” ਉਸ ਨੇ ਘਿਣ ਨਾਲ਼ ਆਖਿਆ।

ਕਪਤਾਨ ਪਹਿਲਾਂ ਝਕਦਾ ਰਿਹਾ ਤੇ ਫੇਰ ਉਸ ਨੇ ਸੋਚੀਂ ਡੁੱਬ ਕੇ ਆਖਿਆ:

“ਸ਼ਾਇਦ, ਇਨਸਾਫ ਦੀ ਗੱਲ ਏਹੋ ਹੀ ਹੋਵੇ।” ਤੇ ਉਸ ਸਾਰਾ ਪੰਛੀ ਖਾ ਲਿਆ।ਉਸ ਨੇ ਸਿਗਰਟ ਸੁਲਘਾਈ ਤੇ ਖੁਸ਼ ਹੁੰਦਿਆਂ ਆਖਿਆ:

“ਕਿਉਂ, ਪੈਰ ਦਾ ਕੀ ਹਾਲ ਹੈ ?”

“ਮੈਨੂੰ ਲਗਦਾ ਏ ਕਿ ਰਤਾ ਮਾਸਾ ਤੁਰ ਸਕਦੀ ਆਂ,” ਕੁੜੀ ਨੇ ਜਵਾਬ ਦਿੱਤਾ।

“ਝੱਲਿਆਂ ਵਾਲੀ ਗੱਲ।”

ਉਸ ਪੂਰੀ ਰਾਤ ਕਪਤਾਨ ਸਕੀਜ਼ ਨੂੰ ਖਿੱਚਦਾ ਗਿਆ। ਤੇ ਕੁੜੀ, ਜਾਪਦਾ ਸੀ, ਊਂਘ ਰਹੀ ਹੈ।

ਲੋਅ ਲੱਗਦੇ ਨਾਲ਼ ਕਪਤਾਨ ਇਕ ਖੱਡ ਵਿਚ ਜਾ ਰੁਕਿਆ।

ਦਿਆਰ ਦਾ ਇਕ ਬਹੁਤ ਵੱਡਾ ਰੁੱਖ, ਜਿਸ ਨੂੰ ਝੱਖੜ ਨੇ ਜੜ੍ਹੋਂ ਉਖੇੜ ਦਿੱਤਾ ਸੀ, ਡਿੱਗਾ ਪਿਆ ਸੀ।ਓੜਕਾਂ ਦੀਆਂ ਜੜ੍ਹਾਂ ਦੇ ਹੇਠ ਇਕ ਟੋਇਆ ਸੀ। ਕਪਤਾਨ ਨੇ ਬਰਫ ਨੂੰ ਖੁਰਚ ਕੇ ਟੋਏ ਵਿਚੋਂ ਬਾਹਰ ਕੱਢਿਆ, ਕੁਝ ਟਾਹਣੀਆਂ ਤੋੜੀਆਂ ਤੇ ਉਹਨਾਂ ਦੇ ਉੱਪਰ ਆਪਣੀ ਬਰਸਾਤੀ ਵਿਛਾ ਦਿੱਤੀ।

“ਸੌਣਾ ਚਾਹੁੰਦੇ ਓ ?” ਨੀਂਦ ਤੋਂ ਜਾਗਦੀ ਕੁੜੀ ਨੇ ਪੁੱਛਿਆ।

“ਇਕ ਘੰਟਾ, ਬਹੁਤਾ ਨਹੀਂ,” ਕਪਤਾਨ ਨੇ ਕਿਹਾ।“ਨਹੀਂ ਤਾਂ ਮੈਂ ਭੁੱਲ ਹੀ ਜਾਵਾਂਗਾ ਕਿ ਇਹ ਕੰਮ ਕਿਵੇਂ ਕਰਨਾ ਹੈ।”

ਕੁੜੀ ਆਪਣੇ ਸੌਣ ਵਾਲੇ ਬੈਗ ਵਿਚੋਂ ਬਾਹਰ ਆਉਣ ਲਈ ਹੱਥ ਪੈਰ ਮਾਰਨ ਲੱਗੀ। “ਤੁਸੀਂ ਹੁਣ ਕੀ ਕਰਨ ਲੱਗੇ ਹੋ ?” ਕਪਤਾਨ ਨੇ ਉੱਠਦਿਆਂ ਪੁੱਛਿਆ। ਕੁੜੀ ਉਹਦੇ ਕੋਲ ਆਈ ਤੇ ਬੋਲੀ:

“ਮੈਂ ਤੁਹਾਡੇ ਨਾਲ਼ ਲੰਮੀ ਪੈ ਜਾਵਾਂਗੀ। ਇਸ ਤਰ੍ਹਾਂ ਨਿੱਘ ਆ ਜਾਵੇਗਾ। ਬੈਗ ਅਸੀਂ ਉੱਪਰ ਲੈ ਲਵਾਂਗੇ।”

“ਨਹੀਂ, ਗੱਲ ਸੁਣੋ..” ਕਪਤਾਨ ਨੇ ਆਖਿਆ।

“ਪਰੇ ਹੋ ਜਾਓ,” ਕੁੜੀ ਨੇ ਆਖਿਆ।“ਤੁਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਮੈਂ ਬਰਫ ਉੱਤੇ ਲੰਮੀ ਪਵਾਂ.. ਤੁਹਾਨੂੰ ਬੇਅਰਾਮੀ ਤਾਂ ਨਹੀਂ ?”

“ਆਪਣੇ ਵਾਲ ਬੰਨ੍ਹ ਲਓ, ਮੇਰੇ ਨੱਕ ਵਿਚ ਚੁੱਭਦੇ ਨੇ।ਨਿੱਛ ਮਾਰਨ ਨੂੰ ਜੀਅ ਕਰਦਾ ਹੈ, ਤੇ ਅਸਲੋਂ ਹੀ ..”

“ਤੁਸੀਂ ਸੌਣਾ ਚਾਹੁੰਦੇ ਹੋ। ਠੀਕ ਹੈ, ਸੌਂ ਜਾਓ।ਮੇਰੇ ਵਾਲ ਨਹੀਂ ਤੁਹਾਡੇ ਰਾਹ ਵਿਚ ਆਉਂਦੇ !”

“ਆਉਂਦੇ ਨੇ,” ਕਪਤਾਨ ਨੇ ਮੱਧਮ ਜਿਹੀ ਅਵਾਜ਼ ਵਿਚ ਆਖਿਆ ਤੇ ਸੌਂ ਗਿਆ।

ਢਲਦੀ ਬਰਫ ਤੇ ਤ੍ਰਿਪ-ਤ੍ਰਿਪ ਚੋਂਦੇ ਪਾਣੀ ਦੀ ਸਰਸਰ ਹੋ ਰਹੀ ਸੀ। ਬਰਫ ਉੱਤੇ ਬਦਲਾਂ ਦੇ ਪਰਛਾਵੇਂ ਧੂੰਏਂ ਵਾਂਗ ਤਿਲਕਦੇ ਫਿਰਦੇ ਸਨ।

ਕਪਤਾਨ ਸੁੱਤਾ ਪਿਆ ਸੀ, ਹੱਥ ਦੀ ਮੁੱਕੀ ਵੱਟ ਕੇ ਬੁਲ੍ਹਾਂ ਉੱਤੇ ਟਿਕਾਈ ਹੋਈ ਸੀ ਅਤੇ ਚਿਹਰੇ ਤੋਂ ਥੱਕਿਆ ਹੋਇਆ ਤੇ ਦੁਖੀ ਜਾਪਦਾ ਸੀ। ਕੁੜੀ ਉਹਦੇ ਉੱਤੇ ਝੁਕੀ ਹੋਈ ਸੀ ਤੇ ਆਪਣਾ ਹੱਥ ਮਲਕੜੇ ਜਿਹੇ ਉਹਦੇ ਸਿਰ ਹੇਠਾਂ ਸਰਕਾਇਆ ਹੋਇਆ ਸੀ।

ਟੋਏ ਉੱਤੇ ਉੱਲਰੀਆਂ ਹੋਈਆਂ ਰੁੱਖਾਂ ਦੀਆਂ ਟਾਹਣੀਆਂ ਵਿਚੋਂ ਪਾਣੀ ਦੀਆਂ ਮੋਟੀਆਂ- ਮੋਟੀਆਂ ਬੂੰਦਾ ਸੁੱਤੇ ਪਏ ਆਦਮੀ ਦੇ ਚਿਹਰੇ ਵੱਲ ਡਿੱਗ ਰਹੀਆਂ ਸਨ। ਕੁੜੀ ਨੇ ਉਹਦੇ ਸਿਰ ਹੇਠੋਂ ਆਪਣਾ ਹੱਥ ਕੱਢਿਆ ਤੇ ਚਿਹਰੇ ਉੱਤੇ ਲੱਪ ਕਰ ਦਿੱਤੀ ਤਾਂ ਜੋ ਪਾਣੀ ਦੀ ਬੂੰਦ ਮੂੰਹ ਉੱਤੇ ਨਾ ਡਿੱਗੇ। ਜਦੋਂ ਉਹਦੀ ਲੱਪ ਭਰ ਜਾਂਦੀ, ਉਹ ਸੰਭਲ ਕੇ ਪਾਣੀ ਪਰੇ ਡੋਲ੍ਹ ਦੇਂਦੀ।

ਕਪਤਾਨ ਦੀ ਅੱਖ ਖੁੱਲ੍ਹੀ।ਉਹ ਉੱਠ ਕੇ ਬਹਿ ਗਿਆ ਤੇ ਹੱਥਾਂ ਨਾਲ਼ ਆਪਣਾ ਮੂੰਹ ਮਲਿਆ।

“ਤੁਹਾਡੇ ਐਥੇ ਕਰਕੇ ਧੌਲੇ ਆ ਗਏ ਨੇ,” ਕੁੜੀ ਨੇ ਆਖਿਆ।‘ਉਸ ਘਟਨਾ ਤੋਂ ਮਗਰੋਂ ?”

“ਕਿਹੜੀ ਘਟਨਾ ?” ਕਪਤਾਨ ਨੇ ਆਕੜ ਭੰਨਦਿਆਂ ਪੁੱਛਿਆ।

“ਜਦੋਂ ਤੁਹਾਨੂੰ ਗੋਲੀਮਾਰ ਦਸਤੇ ਅੱਗੇ ਖੜਾ ਕੀਤਾ ਗਿਆ ਸੀ।”

“ਯਾਦ ਨਹੀਂ,” ਕਪਤਾਨ ਨੇ ਆਖਿਆ ਤੇ ਉਬਾਸੀ ਲਈ।ਉਹ ਉਸ ਘਟਨਾ ਨੂੰ ਯਾਦ ਨਹੀਂ ਸੀ ਕਰਨਾ ਚਾਹੁੰਦਾ।

ਗੱਲ ਇਸ ਤਰ੍ਹਾਂ ਹੋਈ ਸੀ। ਅਗਸਤ ਵਿਚ ਕਪਤਾਨ ਨੇ ਜਰਮਨਾਂ ਦੇ ਅਸਲੇ ਦਾ ਇਕ ਬਹੁਤ ਵੱਡਾ ਭੰਡਾਰ ਉਡਾ ਦਿੱਤਾ ਸੀ।ਧਮਾਕੇ ਦਾ ਉਸ ਨੂੰ ਬੜਾ ਝਟਕਾ ਲੱਗਾ ਸੀ ਤੇ ਉਹ ਏਨਾ ਸੜ ਗਿਆ ਸੀ ਕਿ ਪਛਾਣਿਆ ਹੀ ਨਹੀਂ ਸੀ ਜਾਂਦਾ।ਉਹ ਧੁਖਦੇ ਤੇ ਕਾਲ਼ੇ ਹੋ ਗਏ ਕੱਪੜਿਆਂ ਵਿਚ ਪਿਆ ਸੀ ਜਦੋਂ ਜਰਮਨ ਸਟ੍ਰੈਚਰ ਚੁੱਕਣ ਵਾਲਿਆਂ ਨੇ ਉਹਨੂੰ ਧਮਾਕੇ ਨਾਲ਼ ਜ਼ਖ਼ਮੀ ਹੋ ਗਏ ਜਰਮਨ ਸੈਨਿਕਾਂ ਦੇ ਨਾਲ਼ ਹੀ ਚੁੱਕ ਲਿਆ ਤੇ ਹਸਪਤਾਲ ਲੈ ਗਏ।ਉਹ ਗੁੰਗਾ ਬੋਲਾ ਹੋਣ ਦਾ ਪਖੰਡ ਰਚ ਕੇ ਤਿੰਨ ਹਫਤੇ ਓਥੇ ਪਿਆ ਰਿਹਾ। ਫੇਰ ਡਾਕਟਰ ਨੂੰ ਸਾਬਤ ਹੋ ਗਿਆ ਕਿ ਉਹ ਅਸਲ ਵਿਚ ਬੋਲਾ ਨਹੀਂ। ਗੈਸਟਾਪੋ ਨੇ ਬੀਮਾਰੀ ਦਾ ਪਖੰਡ ਕਰਨ ਵਾਲੇ ਤਿੰਨ ਜਰਮਨਾਂ ਦੇ ਨਾਲ਼ ਹੀ ਜ਼੍ਹਾਵੋਰੋਨਕੋਵ ਨੂੰ ਗੋਲੀ ਮਰਵਾਈ। ਰਾਤ ਵੇਲੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਕਪਤਾਨ ਰਿੜ੍ਹ ਖੁੜ ਕੇ ਖੰਦਕ ਵਿਚੋਂ ਬਾਹਰ ਆ ਗਿਆ ਅਤੇ ਰੀਂਗਦਾ ਹੋਇਆ ਵੀਹ ਕਿਲੋਮੀਟਰ ਦੂਰ ਇਕ ਗੁਪਤ ਅੱਡੇ ਪਹੁੰਚ ਗਿਆ।

ਗੱਲ ਬਦਲਣ ਦੇ ਮਨੋਰਥ ਨਾਲ਼ ਉਸ ਨੇ ਪੁੱਛਿਆ:

“ਪੈਰ ਹਾਲੇ ਵੀ ਪੀੜ ਕਰਦਾ ਹੈ ?”

“ਮੈਂ ਦੱਸਿਆ ਸੀ ਕਿ ਮੈਂ ਤੁਰ ਸਕਦੀ ਆਂ,” ਕੁੜੀ ਨੇ ਖਿੱਝ ਕੇ ਜਵਾਬ ਦਿੱਤਾ।

“ਠੀਕ ਹੈ, ਬਹਿ ਜਾਓ। ਜਦੋਂ ਵਕਤ ਆਇਆ, ਤੁਸੀਂ ਦੌੜ ਵੀ ਲਓਗੇ।”

ਕਪਤਾਨ ਨੇ ਫੇਰ ਸਕੀਜ਼ ਨੂੰ ਆਪਣੇ ਨਾਲ਼ ਬੰਨ੍ਹਿਆ ਤੇ ਢਲਦੀ ਬਰਫ ਉੱਤੇ ਪੈਰ ਘਸੀਟਦਾ ਤੁਰਨ ਲੱਗਾ।

ਮੀਂਹ ਪੈ ਰਿਹਾ ਸੀ ਨਾਲ਼ ਹੀ ਬਰਫ ਵੀ ਪੈ ਰਹੀ ਸੀ।ਪੈਰ ਤਿਲਕ-ਤਿਲਕ ਜਾਂਦੇ ਸਨ। ਕਪਤਾਨ ਠੇਡਾ ਖਾ ਕੇ ਬਾਰ ਬਾਰ ਬਰਫੀਲੇ ਚਿੱਕੜ ਵਾਲੇ ਚਲ੍ਹਿਆਂ ਵਿਚ ਜਾ ਪੈਂਦਾ। ਹਨੇਰਾ ਸੀ ਤੇ ਘੁਸਮੁਸਾ ਸੀ। ਕਪਤਾਨ ਬੜਾ ਦਿਲਗੀਰ ਹੋਇਆ ਇਹ ਸੋਚ ਰਿਹਾ ਸੀ ਕਿ ਉਹ ਅੱਧੀ ਢਲ ਚੁੱਕੀ ਬਰਫ ਉੱਤੋਂ ਦੀ ਦਰਿਆ ਪਾਰ ਵੀ ਕਰ ਸਕਣਗੇ ਜਾਂ ਨਹੀਂ।

ਉਹਨਾਂ ਦੇ ਸਾਮ੍ਹਣੇ ਇਕ ਮਰਿਆ ਹੋਇਆ ਘੋੜਾ ਪਿਆ ਸੀ।

ਕਪਤਾਨ ਉਹਦੇ ਕੋਲ ਨਿੱਠ ਕੇ ਬਹਿ ਗਿਆ ਤੇ ਆਪਣਾ ਚਾਕੂ ਕੱਢ ਲਿਆ। “ਪਤਾ ਜੇ,” ਕੁੜੀ ਨੇ ਬੈਠਦਿਆਂ ਆਖਿਆ। “ਤੁਸੀਂ ਸਾਰੇ ਕੰਮ ਏਡੇ ਸਲੀਕੇ ਨਾਲ਼ ਕਰਦੇ ਓ, ਕਿ ਮੈਨੂੰ ਵੇਖਣਾ ਬੁਰਾ ਨਹੀਂ ਲਗਦਾ।”

“ਸਿਰਫ ਇਸ ਲਈ ਕਿ ਤੁਸੀਂ ਭੁੱਖੇ ਹੋ,” ਕਪਤਾਨ ਨੇ ਧੀਰਜ ਨਾਲ਼ ਜਵਾਬ ਦਿੱਤਾ।

ਰੇਡੀਓ ਦੇ ਏਰੀਅਲ ਨੂੰ ਕਬਾਬ ਬਨਾਉਣ ਵਾਲੀ ਆਰਜ਼ੀ ਸੀਖ ਬਣਾ ਕੇ, ਉਸ ਨੇ ਗੋਸ਼ਤ ਦੀਆਂ ਨਿੱਕੀਆਂ-ਨਿੱਕੀਆਂ ਬੋਟੀਆਂ ਉਸ ਵਿਚ ਟੰਗੀਆਂ।

“ਸਵਾਦ ਹੁੰਦਾ ਏ !” ਕੁੜੀ ਨੇ ਹੈਰਾਨੀ ਨਾਲ਼ ਆਖਿਆ।

"ਹੈਰਾਨੀ ਦੀ ਕੋਈ ਗੱਲ ਨਹੀਂ !” ਕਪਤਾਨ ਮੁਸਕਾਇਆ।“ਭੁੰਨਿਆ ਹੋਇਆ ਘੋੜੇ ਦਾ ਗੋਸ਼ਤ ਗਊ ਦੇ ਗੋਸ਼ਤ ਨਾਲ਼ੋਂ ਵਧੇਰੇ ਸਵਾਦ ਹੁੰਦਾ ਹੈ।”

ਫੇਰ ਉਸ ਨੇ ਉੱਠ ਕੇ ਖੜੇ ਹੁੰਦਿਆਂ ਆਖਿਆ:

“ਮੈਂ ਰਤਾ ਆਸੇ-ਪਾਸੇ ਨਜ਼ਰ ਮਾਰ ਆਵਾਂ।ਤੁਸੀਂ ਏਥੇ ਹੀ ਠਹਿਰੋ।”

“ਠੀਕ ਏ।” ਕੁੜੀ ਸਹਿਮਤ ਹੋ ਗਈ। "ਹੋ ਸਕਦਾ ਏ, ਤੁਹਾਨੂੰ ਇਹ ਗੱਲ ਹਸਾਉਣੀ ਲੱਗੇ, ਪਰ ਮੇਰੇ ਲਈ ਹੁਣ ਇਕੱਲਿਆਂ ਰਹਿਣਾ ਬੜਾ ਔਖਾ ਏ। ਮੈਂ ਤੁਹਾਡੇ ਨਾਲ਼ ਰਹਿਣਾ ਗਿੱਝ ਗਈ ਆਂ।"

“ਚੰਗਾ, ਚੰਗਾ ! ਮੂਰਖਾਂ ਵਾਲੀ ਗੱਲ ਨਾ ਕਰੋ।” ਕਪਤਾਨ ਨੇ ਬੁੜਬੁੜ ਕੀਤਾ।

ਪਰ ਉਹ ਅਸਲ ਵਿਚ ਆਪਣੇ-ਆਪ ਨਾਲ਼ ਗੱਲਾਂ ਕਰ ਰਿਹਾ ਸੀ ਕਿਉਂਕਿ ਉਹ ਹੱਕਾ-ਬੱਕਾ ਰਹਿ ਗਿਆ ਸੀ।

ਉਹ ਰਾਤ ਨੂੰ ਵਾਪਸ ਆਇਆ।

ਕੁੜੀ ਪਿਸਤੌਲ ਹੱਥ ਵਿਚ ਲੈ ਕੇ, ਸਕੀਜ਼ ਉੱਤੇ ਬੈਠੀ ਹੋਈ ਸੀ। ਕਪਤਾਨ ਨੂੰ ਵੇਖ ਕੇ ਉਹ ਮੁਸਕ੍ਰਾਈ ਤੇ ਖੜੀ ਹੋ ਗਈ।

“ਬਹਿ ਜਾਓ, ਬਹਿ ਜਾਓ !” ਕਪਤਾਨ ਨੇ ਉਸ ਅੰਦਾਜ਼ ਵਿਚ ਆਖਿਆ ਜਿਸ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਆਖਿਆ ਕਰਦਾ ਸੀ ਜਦੋਂ ਉਹ ਉਹਦੇ ਆਦਰ ਵਿਚ ਖੜ੍ਹੇ ਹੋ ਜਾਂਦੇ ਸਨ।

ਉਸ ਨੇ ਸਿਗਰਟ ਸੁਲਘਾਈ ਤੇ ਸ਼ੱਕੀ ਨਜ਼ਰ ਨਾਲ਼ ਕੁੜੀ ਵੱਲ ਵੇਖਦਿਆਂ ਕਿਹਾ: “ਗੱਲ ਸੁਣੋ ! ਜਰਮਨਾਂ ਨੇ ਏਥੋਂ ਨੇੜੇ ਹੀ ਇਕ ਹਵਾਈ ਅੱਡਾ ਬਣਾ ਲਿਆ ਹੈ।”

“ਫੇਰ ?” ਕੁੜੀ ਨੇ ਪੁੱਛਿਆ।

“ਕੁਝ ਨਹੀਂ,” ਕਪਤਾਨ ਨੇ ਜਵਾਬ ਦਿੱਤਾ।“ਬਸ, ਬੜਾ ਵਧੀਆ ਬਣਾਇਆ ਹੈ।” ਤੇ ਫੇਰ ਉਸ ਨੇ ਗੰਭੀਰ ਹੋ ਕੇ ਪੁੱਛਿਆ, “ਤੁਹਾਡਾ ਟਰਾਂਸਮੀਟਰ ਕੰਮ ਕਰਦਾ ਹੈ ?”

“ਤੁਸੀਂ ਸੁਨੇਹੇ ਭੇਜਣਾ ਚਾਹੁੰਦੇ ਓ ?” ਕੁੜੀ ਨੇ ਖਿੜ ਕੇ ਪੁੱਛਿਆ।

“ਬਹੁਤ ਜ਼ਰੂਰੀ,” ਕਪਤਾਨ ਨੇ ਆਖਿਆ।

ਮਿਖਾਇਲੋਵਾ ਨੇ ਆਪਣੀ ਟੋਪੀ ਲਾਹ ਲਈ ਤੇ ਕੰਨਾਂ ਨੂੰ ਫੋਨ ਲਾ ਲਏ। ਕੁਝ ਮਿੰਟਾਂ ਵਿਚ ਹੀ ਉਸ ਨੇ ਪੁੱਛਿਆ ਕਿ ਕੀ ਸੁਨੇਹਾ ਦੇਣਾ ਹੈ। ਕਪਤਾਨ ਉਹਦੇ ਕੋਲ ਹੀ ਬਹਿ ਗਿਆ।ਉਸ ਨੇ ਆਪਣੇ ਹੱਥ ਦੀ ਤਲੀ ਉੱਤੇ ਮੁੱਕੀ ਮਾਰੀ ਤੇ ਆਖਿਆ:

“ਸੰਖੇਪ ਵਿਚ, ਇਹ: ‘ਨਕਸ਼ਾ ਪਾਣੀ ਨਾਲ਼ ਗਿਜ-ਗਿਜਾ ਹੋ ਗਿਆ ਹੈ, ਇਸ ਵਾਸਤੇ ਹਵਾਈ ਅੱਡੇ ਦੀ ਸਥਿਤੀ ਬਾਰੇ ਨਕਸ਼ੇ ਤੋਂ ਆਦੇਸ਼ ਨਹੀਂ ਦੇ ਸਕਦਾ। ਪਰ ਕੰਪਾਸ ਤੋਂ ਦਿਸ਼ਾ ਕੋਣ ਦੇ ਸਕਦਾ ਹਾਂ। ਬੱਦਲ ਨੀਵੇਂ ਹੋਣ ਕਾਰਨ, ਰੇਖਾਵੀ ਨਿਸ਼ਾਨੀਆਂ ਵਿਖਾਈ ਨਹੀਂ ਦੇਂਦੀਆਂ। ਇਸ ਲਈ ਅਸੀਂ ਟਰਾਂਸਮੀਟਰ ਨੂੰ ਹੀ ਸਿਗਨਲ ਸਟੇਸ਼ਨ ਦੇ ਤੌਰ 'ਤੇ ਵਰਤਾਂਗੇ.. ਉਹਨਾਂ ਨੂੰ ਆਪਣੀ ਵੇਵਲੈਂਥ ਦੱਸ ਦਿਓ।”

ਕੁੜੀ ਨੇ ਕੰਨਾਂ ਤੋਂ ਫੋਨ ਲਾਹ ਲਏ ਤੇ ਲਿਸ਼ਕਦੇ ਚਿਹਰੇ ਨਾਲ਼ ਕਪਤਾਨ ਵੱਲ ਵੇਖਿਆ। ਪਰ ਕਪਤਾਨ ਇਕ ਹੋਰ ਸਿਗਰਟ ਬਣਾ ਰਿਹਾ ਸੀ ਤੇ ਉਸ ਨੇ ਨਜ਼ਰ ਚੁੱਕ ਕੇ ਨਹੀਂ ਵੇਖਿਆ।

“ਅਗਲੀ ਗੱਲ ਇਹ ਹੈ,” ਉਸ ਨੇ ਦੱਬੀ-ਘੁੱਟੀ ਅਵਾਜ਼ ਵਿਚ ਕਿਹਾ, “ਕਿ ਮੈਂ ਟਰਾਂਸਮੀਟਰ ਲੈ ਕੇ ਓਧਰ ਚੱਲਿਆ ਹਾਂ।” ਉਸ ਨੇ ਹੱਥ ਹਿਲਾ ਕੇ ਥਾਂ ਦਾ ਸੰਕੇਤ ਦਿੱਤਾ।“ਤਾਂ ਜੋ ਮੈਂ ਨਿਸ਼ਾਨੇ ਦੇ ਹੋਰ ਨੇੜੇ ਹੋਵਾਂ। ਤੇ ਤੁਸੀਂ ਆਪਣਾ ਕੰਮ ਚਲਾਇਓ ਵੱਧ ਤੋਂ ਵੱਧ ਚੰਗੀ ਤਰ੍ਹਾਂ ਜਦੋਂ ਹਨੇਰਾ ਹੋ ਜਾਏ, ਹੇਠਾਂ ਦਰਿਆ ਵੱਲ ਚਲੇ ਜਾਣਾ। ਬਰਫ ਪਤਲੀ ਹੈ, ਵੰਝ ਕੋਲ ਰੱਖਣਾ ਠੀਕ ਰਹੇਗਾ।ਜੇ ਡਿੱਗ ਪਏ ਤਾਂ ਕੰਮ ਦੇਵੇਗਾ। ਫੇਰ ਰੀਂਗ ਕੇ ਮਾਲੀਨੋਵਕਾ ਚਲੇ ਜਾਣਾ, ਕੋਈ ਤਿੰਨ ਕਿਲੋਮੀਟਰ ਹੈ ਏਥੋਂ, ਤੇ ਓਥੇ ਤੁਸੀਂ ਮਿਲ ਪਓਗੇ।”

“ਬਹੁਤ ਹੱਛਾ। ਮਿਖਾਇਲੋਵਾ ਨੇ ਆਖਿਆ।“ਪਰ ਟਰਾਂਸਮੀਟਰ ਤੁਹਾਨੂੰ ਨਹੀਂ ਮਿਲਣਾ।”

“ਚੰਗਾ, ਚੰਗਾ,” ਕਪਤਾਨ ਨੇ ਕਿਹਾ, “ਚੁੱਪ ਕਰੋ ਤੁਸੀਂ।”

“ਟਰਾਂਸਮੀਟਰ ਦੀ ਜ਼ਿੰਮੇਵਾਰ ਮੈਂ ਹਾਂ ਤੇ ਮੈਂ ਇਹਦੇ ਕੋਲ ਹੀ ਰਹਾਂਗੀ।”

“ਬਿਨਾਂ ਤਨਖਾਹ ਦੇ ਵਾਧੂ ਵਾਂਗ,” ਕਪਤਾਨ ਨੇ ਫੁਰਕੜਾ ਮਾਰਿਆ। ਫੇਰ ਉਸ ਨੂੰ ਗੁੱਸਾ ਚੜ੍ਹ ਗਿਆ ਤੇ ਉਹਨੇ ਉੱਚੀ ਅਵਾਜ਼ ਵਿਚ ਆਖਿਆ।“ਮੈਂ ਤੁਹਾਨੂੰ ਹੁਕਮ ਦੇਂਦਾ ਹਾਂ।”

“ਪਤਾ ਜੇ, ਕਪਤਾਨ, ਮੈਂ ਤੁਹਾਡਾ ਕੋਈ ਵੀ ਹੁਕਮ ਮੰਨਾਂਗੀ। ਪਰ ਤੁਹਾਨੂੰ ਮੇਰੇ ਕੋਲੋਂ ਟਰਾਂਸਮੀਟਰ ਲੈਣ ਦਾ ਕੋਈ ਹੱਕ ਨਹੀਂ।”

“ਪਰ ਤੁਸੀਂ ਸਮਝਦੇ ਹੋ ਨਾ,” ਕਪਤਾਨ ਜੋਸ਼ ਵਿਚ ਬੋਲਿਆ।

“ਮੈਂ ਸਮਝਦੀ ਆਂ,” ਮਿਖਾਇਲੋਵਾ ਨੇ ਧੀਰਜ ਨਾਲ਼ ਆਖਿਆ।“ਇਹ ਸਿਰਫ ਮੇਰਾ ਕੰਮ ਏ।” ਅਤੇ ਗੁੱਸੇ ਨਾਲ਼ ਸਿੱਧਾ ਕਪਤਾਨ ਦੀਆਂ ਅੱਖਾਂ ਵਿਚ ਵੇਖਦਿਆਂ, ਉਸ ਨੇ ਨਾਲ਼ ਹੀ ਕਿਹਾ, “ਤੁਸੀਂ ਗੁੱਸੇ ਵਿਚ ਆ ਰਹੇ ਹੋ ਤੇ ਉਸ ਕੰਮ ਵਿਚ ਦਖਲ ਦੇ ਰਹੇ ਹੋ ਜਿਸ ਨਾਲ਼ ਤੁਹਾਡਾ ਕੋਈ ਸਰੋਕਾਰ ਨਹੀਂ।”

ਕਪਤਾਨ ਨੇ ਬੜੀ ਛੋਹਲੀ ਨਾਲ਼ ਮਿਖਾਇਲੋਵਾ ਵੱਲ ਮੂੰਹ ਭੁਆਇਆ। ਉਹ ਕੋਈ ਬੜੀ ਗੰਦੀ ਗੱਲ ਕਰਨੀ ਚਾਹੁੰਦਾ ਸੀ, ਪਰ ਉਸ ਨੇ ਆਪਣੀ ਜ਼ਬਾਨ ਰੋਕ ਲਈ ਤੇ ਹਿੰਮਤ ਕਰਕੇ ਏਨਾ ਹੀ ਆਖਿਆ:

“ਠੀਕ ਹੈ, ਕਰੀ ਚੱਲੋ ਕੰਮ,” ਅਤੇ ਪ੍ਰਤੱਖ ਤੌਰ 'ਤੇ ਆਪਣਾ ਗੁੱਸਾ ਕੱਢਣ ਲਈ, ਏਨਾ ਹੋਰ ਆਖ ਦਿੱਤਾ, “ਤੁਹਾਨੂੰ ਆਪ ਨੂੰ ਤਾਂ ਇਹ ਖਿਆਲ ਨਾ ਆਇਆ, ਤੇ ਹੁਣ ...”

ਮਿਖਾਇਲੋਵਾ ਨੇ ਹੱਸ ਕੇ ਆਖਿਆ:

“ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਆਂ, ਕਪਤਾਨ, ਇਸ ਵਿਚਾਰ ਵਾਸਤੇ।”

ਕਪਤਾਨ ਨੇ ਕਮੀਜ਼ ਦੀ ਬਾਂਹ ਉੱਪਰ ਕੀਤੀ ਤੇ ਆਪਣੀ ਘੜੀ ਉੱਤੇ ਨਜ਼ਰ ਮਾਰੀ। “ਬੈਠੇ ਕਿਉਂ ਜੇ, ਵਕਤ ਬਹੁਤ ਥੋੜ੍ਹਾ ਹੈ।”

ਮਿਖਾਇਲੋਵਾ ਨੇ ਤਣੀਆਂ ਫੜੀਆਂ, ਕੁਝ ਕਦਮ ਅੱਗੇ ਵਧੀ ਤੇ ਫੇਰ ਪਿੱਛੇ ਮੁੜ ਕੇ ਵੇਖਿਆ।

“ਅਲਵਿਦਾ, ਕਪਤਾਨ।”

“ਤੁਰੇ ਜਾਓ, ਤੁਰੇ ਜਾਓ,” ਉਸ ਨੇ ਫੁਰਕੜਾ ਮਾਰਿਆ ਤੇ ਦਰਿਆ ਵੱਲ ਤੁਰ ਪਿਆ..

ਧੁੰਦਲਾ ਹਨੇਰਾ ਹੁੰਦਾ ਜਾ ਰਿਹਾ ਸੀ ਅਤੇ ਵਾਤਾਵਰਣ ਵਿਚ ਸਿੱਲ੍ਹ ਦੀ ਮਹਿਕ ਸੀ ਅਤੇ ਹਰ ਪਾਸੇ ਤੋਂ ਵਹਿੰਦੇ ਪਾਣੀ ਦਾ ਸ਼ੋਰ ਸੁਣਾਈ ਦੇ ਰਿਹਾ ਸੀ ਜਿਹੜਾ ਰਾਤ ਵੇਲੇ ਵੀ ਜੰਮਦਾ ਨਹੀਂ ਸੀ। ਅਜਿਹੇ ਮੌਸਮ ਵਿਚ ਮੌਤ ਖਾਸ ਕਰਕੇ ਨਾ-ਖੁਸ਼ਗਵਾਰ ਲੱਗਦੀ ਹੈ। ਭਾਵੇਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਰਨਾ ਕਿਸੇ ਵੀ ਮੌਸਮ ਵਿਚ ਖੁਸ਼ਗਵਾਰ ਨਹੀਂ ਹੁੰਦਾ।

ਜੇ ਮਿਖਾਇਲੋਵਾ ਨੇ ਉਹ ਕਹਾਣੀ ਤਿੰਨ ਮਹੀਨੇ ਪਹਿਲਾਂ ਪੜ੍ਹੀ ਹੁੰਦੀ ਜਿਸ ਦੇ ਮੁੱਖ ਪਾਤਰ ਅਜਿਹੀਆਂ ਮਾਅਰਕੇਬਾਜ਼ੀਆਂ ਕਰਦੇ ਹਨ, ਤੇ ਸ਼ਾਇਦ ਉਹਦੀਆਂ ਖੂਬਸੂਰਤ ਅੱਖਾਂ ਵਿਚੋਂ ਇਕ ਸੁਪਨਾ ਝਲਕਦਾ ਹੁੰਦਾ। ਫਲਾਲੈਣ ਦੇ ਕੰਬਲ ਦੀ ਬੁੱਕਲ ਮਾਰ ਕੇ ਗੁੱਛਾ-ਮੁੱਛਾ ਹੋਈ, ਉਹ ਆਪਣੇ ਆਪਨੂੰ ਕਹਾਣੀ ਦੀ ਨਾਇਕਾ ਸਮਝਦੀ। ਪਰ ਸਿਰਫ ਅਖ਼ੀਰ ਉੱਤੇ, ਹਰ ਗੱਲ ਦੇ ਬਦਲੇ ਵਿਚ, ਉਹ ਲਾਜ਼ਮੀ ਹੀ ਇਸ ਹੈਕੜਬਾਜ਼ ਨਾਇਕ ਦੀ ਜਾਨ ਬਚਾ ਲੈਂਦੀ।ਤੇ ਫੇਰ ਉਸ ਨੂੰ ਉਹਦੇ ਨਾਲ਼ ਪਿਆਰ ਹੋ ਜਾਂਦਾ ਅਤੇ ਉਹ ਉਸ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਛੱਡਦੀ।

ਉਹਨਾਂ ਤਰਕਾਲ਼ਾਂ ਨੂੰ, ਜਦੋਂ ਉਹਨੇ ਆਪਣੇ ਫੈਸਲੇ ਬਾਰੇ ਆਪਣੇ ਪਿਤਾ ਨੂੰ ਦੱਸਿਆ ਸੀ, ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਕੰਮ ਪਰਾ-ਮਨੁੱਖੀ ਮਨੋਬਲ ਦੀ ਮੰਗ ਕਰੇਗਾ, ਕਿ ਉਸ ਨੂੰ ਚਿੱਕੜ ਵਿਚ ਸੌਣਾ ਪਵੇਗਾ, ਭੁੱਖੀ ਰਹਿਣਾ ਪਵੇਗਾ, ਪਾਲ਼ੇ ਵਿਚ ਸੁੰਨ ਹੋਣਾ ਪਵੇਗਾ, ਤੇ ਇਕੱਲ ਦੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ। ਤੇ ਜੇ ਕਿਸੇ ਨੇ ਉਸ ਨੂੰ ਇਸ ਕੰਮ ਦੇ ਸਭ ਵੇਰਵੇ ਦੱਸ ਦਿੱਤੇ ਹੁੰਦੇ ਤੇ ਇਹ ਦੱਸਿਆ ਹੁੰਦਾ ਕਿ ਇਹ ਕੇਡਾ ਮੁਸ਼ਕਿਲ ਕੰਮ ਹੈ, ਤਾਂ ਉਸ ਨੇ ਸਿਰਫ ਏਨਾ ਹੀ ਜਵਾਬ ਦੇਣਾ ਸੀ:

“ਪਰ ਹੋਰ ਲੋਕ ਵੀ ਤਾਂ ਕਰ ਸਕਦੇ ਨੇ।”

“ਤੇ ਜੇ ਤੁਹਾਡੀ ਮੌਤ ਹੋ ਗਈ ?”

“ਸਾਰੇ ਹੀ ਨਹੀਂ ਮਾਰੇ ਜਾਂਦੇ।”

“ਤੇ ਜੇ ਤੁਹਾਨੂੰ ਤਸੀਹੇ ਦਿੱਤੇ ਗਏ ?”

ਉਹ ਥੋੜ੍ਹਾ ਚਿਰ ਸੋਚਦੀ ਤੇ ਬੜੇ ਆਰਾਮ ਨਾਲ਼ ਕਹਿੰਦੀ:

“ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂਗੀ। ਪਰ ਕੁਝ ਵੀ ਹੋ ਜਾਏ, ਮੈਂ ਦੱਸਾਂਗੀ ਕੁਝ ਨਹੀਂ। ਇਹ ਤਾਂ ਤੁਸੀਂ ਜਾਣਦੇ ਹੋ।”

ਤੇ ਜਦੋਂ ਉਹਦੇ ਪਿਓ ਨੂੰ ਇਹ ਪਤਾ ਲੱਗ ਗਿਆ, ਉਸ ਨੇ ਆਪਣਾ ਸਿਰ ਝੁਕਾਇਆ ਤੇ ਘੋਗੀ ਅਵਾਜ਼ ਵਿਚ ਜੋ ਕੁਝ ਆਖਿਆ ਉਹ ਉਸ ਨੇ ਪਹਿਲਾਂ ਕਦੇ ਨਹੀਂ ਸੀ ਸੁਣਿਆ:

“ਤੇਰੀ ਮਾਂ ਵਾਸਤੇ ਅਸਹਿ ਹੋਵੇਗਾ ਤੇ ਮੇਰੇ ਵਾਸਤੇ ਵੀ-ਬਹੁਤ ਹੀ ਅਸਹਿ।”

“ਪਾਪਾ,” ਉਸ ਨੇ ਟੁਣਕਦੀ ਅਵਾਜ਼ ਵਿਚ ਆਖਿਆ।ਸਮਝਣ ਦੀ ਕੋਸ਼ਿਸ਼ ਕਰੋ, ਪਾਪਾ, ਮੈਂ ਨਹੀਂ ਰੁਕ ਸਕਦੀ!”

ਉਹਦੇ ਪਿਓ ਨੇ ਨਜ਼ਰਾਂ ਚੁੱਕੀਆਂ ਤੇ ਮਿਖਾਇਲੋਵਾ ਦਾ ਤ੍ਰਾਹ ਨਿਕਲ ਗਿਆ। ਉਹ ਬੜਾ ਦੁਖੀ ਤੇ ਬੁੱਢਾ ਲੱਗ ਰਿਹਾ ਸੀ।

“ਮੈਂ ਸਮਝਦਾ ਹਾਂ,” ਉਸ ਦੇ ਪਿਓ ਨੇ ਆਖਿਆ ਸੀ, “ਸੱਚਮੁਚ ਹੀ, ਇਹ ਬੜੀ ਮਾੜੀ ਗੱਲ ਹੁੰਦੀ, ਜੇ ਮੇਰੀ ਧੀ ਇਸ ਤਰ੍ਹਾਂ ਦੀ ਨਾ ਹੁੰਦੀ।”

“ਪਾਪਾ,” ਉਸ ਵੇਲੇ ਉਹ ਕੁਰਲਾ ਉੱਠੀ ਸੀ, “ਪਾਪਾ, ਤੂੰ ਕੇਡਾ ਚੰਗਾ ਏਂ, ਮੇਰਾ ਤਾਂ ਰੋਣ ਨਿਕਲ ਚੱਲਿਆ ਸੀ।”

ਸਵੇਰੇ ਉਹਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਫੌਜ ਵਿਚ ਰੇਡੀਓ ਅਪਰੇਟਰ ਦੀ ਸਿਖਲਾਈ ਲੈਣ ਚੱਲੀ ਹੈ..

ਮਾਂ ਦਾ ਰੰਗ ਫਿੱਕ ਹੋ ਗਿਆ ਪਰ ਉਹ ਸੰਭਲ ਗਈ ਤੇ ਸਿਰਫ ਏਨਾ ਹੀ ਆਖ ਸਕੀ:

“ਧਿਆਨ ਨਾਲ਼ ਰਹੀਂ, ਧੀਏ।”

ਮਿਖਾਇਲੋਵਾ ਨੇ ਸਿਖਲਾਈ ਲੈਂਦਿਆਂ ਸਖ਼ਤ ਮਿਹਨਤ ਕੀਤੀ ਅਤੇ ਇਮਤਿਹਾਨਾਂ ਤੋਂ ਪਹਿਲਾਂ ਉਹ ਹਰ ਵਕਤ ਡਰਦੀ ਰਹਿੰਦੀ ਸੀ ਜਿਵੇਂ ਉਹ ਸਕੂਲ ਵਿਚ ਆਪਣੇ ਇਮਤਿਹਾਨ ਵੇਲ਼ੇ ਕਰਦੀ ਹੁੰਦੀ ਸੀ। ਅਤੇ ਜਦੋਂ ਉਹਦੇ ਸਰਟੀਫਿਕੇਟ ਉੱਤੇ ਉਸ ਦੇ ਸੰਦੇਸ਼-ਸੰਚਾਰ ਦੀ ਸਮਝ ਰੱਖਣ ਦਾ ਹੀ ਨਹੀਂ ਸਗੋਂ ਆਮ ਗਿਆਨ ਦਾ ਖਾਸ ਜ਼ਿਕਰ ਕੀਤਾ ਗਿਆ ਤਾਂ ਉਸ ਨੂੰ ਅੰਤਾਂ ਦੀ ਖੁਸ਼ੀ ਹੋਈ ਸੀ।

ਜਦੋਂ ਜਨੂੰਨ ਤੇ ਪਾਲ਼ੇ ਦੀਆਂ ਇਹਨਾਂ ਹਨੇਰੀਆਂ ਰਾਤਾਂ ਵਿਚ ਉਹ ਇਕੱਲੀ ਸੀ ਤਾਂ ਪਹਿਲਾਂ ਪਹਿਲ ਉਹ ਹਰ ਵੇਲੇ ਰੋਂਦੀ ਰਹਿੰਦੀ ਸੀ ਤੇ ਉਸ ਨੇ ਆਪਣੇ ਸਾਰੇ ਚਾਕਲੇਟ ਖਾ ਲਏ ਸਨ। ਪਰ ਉਹ ਸੰਦੇਸ਼ ਬਾਕਾਇਦਾ ਭੇਜਦੀ ਰਹੀ, ਅਤੇ ਭਾਵੇਂ ਕਈ ਵਾਰੀ ਉਹਦਾ ਬੜਾ ਜੀਅ ਕਰਦਾ ਕਿ ਕੋਈ ਜ਼ਾਤੀ ਗੱਲ ਵੀ ਕਹਿ ਦੇਵੇ, ਸਿਰਫ ਆਪਣਾ ਹੌਂਸਲਾ ਬੁਲੰਦ ਕਰਨ ਲਈ ਹੀ, ਪਰ ਉਸ ਨੇ ਬੈਟਰੀ ਦੀ ਬੱਚਤ ਕਰਨ ਵਾਸਤੇ ਇਸ ਤਰ੍ਹਾਂ ਨਾ ਕੀਤਾ।

ਅਤੇ ਹੁਣ, ਜਦੋਂ ਉਹ ਹਵਾਈ ਅੱਡੇ ਵੱਲ ਜਾ ਰਹੀ ਸੀ ਉਸ ਨੂੰ ਇਸ ਗੱਲ ਦੀ ਹੈਰਾਨੀ ਸੀ ਕਿ ਇਹ ਸਭ ਕੁਝ ਕਿੰਨਾ ਸਿੱਧਾ-ਸਾਦਾ ਸੀ। ਉਹ ਗੜੁੱਚ ਹੋਈ, ਕੱਕਰ ਨਾਲ਼ ਸੁੰਨ ਹੋਏ ਪੈਰ ਲਈ, ਢਿੱਲੀ-ਢਿੱਲੀ ਬਰਫ ਵਿਚੋਂ ਦੀ ਰੀਂਗਦੀ ਜਾ ਰਹੀ ਸੀ। ਕਦੇ ਇਕ ਵੇਲਾ ਹੁੰਦਾ ਸੀ ਜਦੋਂ ਉਸ ਨੂੰ ਫਲੂ ਹੋ ਜਾਂਦਾ ਤਾਂ ਉਹਦਾ ਪਿਓ ਉਸ ਦੇ ਮੰਜੇ ਕੋਲ ਬੈਠ ਕੇ ਉੱਚੀ ਕੁਝ ਪੜ੍ਹ ਕੇ ਸੁਣਾਉਂਦਾ ਰਹਿੰਦਾ ਸੀ ਤਾਂ ਜੋ ਉਹ ਆਪਣੀਆਂ ਅੱਖਾਂ ਨਾ ਥਕਾ ਲਵੇ।ਅਤੇ ਉਹਦੀ ਮਾਂ, ਜਿਸ ਦੇ ਚਿਹਰੇ ਉੱਤੇ ਫਿਕਰਾਂ ਦੇ ਪਰਛਾਵੇਂ ਛਾਏ ਹੁੰਦੇ, ਆਪਣੇ ਹੱਥਾਂ ਨਾਲ਼ ਆਪਣੀ ਧੀ ਵਾਸਤੇ ਥਰਮਾਮੀਟਰ ਨਿੱਘਾ ਕਰਿਆ ਕਰਦੀ ਸੀ ਕਿਉਂਕਿ ਧੀ ਨੂੰ ਠੰਡਾ ਥਰਮਾਮੀਟਰ ਆਪਣੀ ਬਗਲ ਵਿਚ ਰੱਖਣਾ ਚੰਗਾ ਨਹੀਂ ਸੀ ਲੱਗਦਾ। ਅਤੇ ਕਈ ਵਾਰੀ ਜਦੋਂ ਟੈਲੀਫੋਨ ਦੀ ਘੰਟੀ ਵੱਜਦੀ ਤਾਂ ਉਹਦੀ ਮਾਂ ਤੌਖਲੇ ਭਰੀ ਅਵਾਜ਼ ਵਿਚ ਹੌਲੀ ਜਿਹੀ ਆਖ ਦੇਂਦੀ: “ਉਹ ਬੀਮਾਰ ਹੈ,” ਅਤੇ ਉਹਦਾ ਪਿਓ ਟੈਲੀਫੋਨ ਵਿਚ ਕਾਗਜ਼ ਤੁੰਨ ਦੇਂਦਾ ਹੁੰਦਾ ਸੀ ਤਾਂ ਜੋ ਉਸ ਦੀ ਟਰਨ-ਟਰਨ ਦੀ ਅਵਾਜ਼ ਉਹਦੀ ਧੀ ਨੂੰ ਪ੍ਰੇਸ਼ਾਨ ਨਾ ਕਰੇ। ਤੇ ਹੁਣ ਜੇ ਜਰਮਨਾਂ ਨੇ ਟਰਾਂਸਮੀਟਰ ਦੀ ਨਿਸ਼ਾਨਦੇਹੀ ਕਰ ਲਈ, ਤਾਂ ਮਿਖਾਇਲੋਵਾ ਦੀ ਜਾਨ ਗਈ।

ਉਹ ਏਡੀ ਚੰਗੀ, ਖੂਬਸੂਰਤ ਅਤੇ ਸੁਹਿਰਦ, ਤੇ ਸ਼ਾਇਦ ਪ੍ਰਤਿਭਾਵਾਨ ਵੀ, ਕੁੜੀ ਨੂੰ ਮਾਰ ਦੇਣਗੇ। ਅਤੇ ਉਹ ਏਥੇ ਢਿੱਲੀ ਢਿੱਲੀ ਘਿਣਾਉਣੀ ਬਰਫ ਵਿਚ ਪਈ ਰਹੇਗੀ। ਉਸ ਨੇ ਫਰ ਦੀ ਜੈਕਟ ਪਾਈ ਹੋਈ ਸੀ।ਉਹ ਜ਼ਰੂਰ ਉਹਦੀ ਜੈਕਟ ਲਾਹ ਲੈਣਗੇ। ਅਤੇ ਕਲਪਨਾ ਵਿਚ ਹੀ ਆਪਣੇ ਆਪ ਨੂੰ ਨੰਗੀ ਪਈ ਵੇਖ ਕੇ ਉਹਦੇ ਲੂੰ ਕੰਡੇ ਖੜੇ ਹੋ ਗਏ। ਘਿਣਾਉਣੇ ਨਾਜ਼ੀ ਅੱਖਾਂ ਟੱਡ-ਟੱਡ ਕੇ ਉਸ ਦੇ ਨੰਗੇ ਬਦਨ ਵੱਲ ਝਾਕਣਗੇ।

ਅਤੇ ਇਹ ਜੰਗਲ ਕਰਾਸਕੋਵੋ ਦੇ ਉਸ ਬੇਲੇ ਨਾਲ਼ ਕਿੰਨਾ ਮਿਲਦਾ ਜੁਲਦਾ ਸੀ ਜਿੱਥੇ ਉਹ ਇਕ ਬੰਗਲੇ ਵਿਚ ਗਰਮੀਆਂ ਬਿਤਾਇਆ ਕਰਦੀ ਸੀ।ਓਥੇ ਵੀ ਏਹੋ ਰੁੱਖ ਸਨ।ਤੇ ਜਦੋਂ ਉਹ ਪਾਇਨੀਅਰ ਕੈਂਪ ਗਈ ਸੀ ਓਥੇ ਵੀ ਏਹੋ ਹੀ ਰੁੱਖ ਸਨ।ਓਥੇ ਵੀ ਦਿਆਰ ਦੇ ਦੋ ਜੌੜੇ ਰੁੱਖਾਂ ਵਿਚਕਾਰ ਇਕ ਝੂਲਾ ਲਟਕ ਰਿਹਾ ਸੀ ਜਿਵੇਂ ਇਸ ਥਾਂ ਨੇੜੇ ਹੀ ਸੀ।

ਤੇ ਜਦੋਂ ਦੀਮਕਾ ਨੇ ਬਿਲਕੁਲ ਇਸ ਤਰ੍ਹਾਂ ਦੇ ਬਰਚੇ ਦੇ ਰੁੱਖ ਦੇ ਤਣੇ ਉੱਤੇ ਉਹਦਾ ਨਾਂ ਖੁਣ ਦਿੱਤਾ ਸੀ ਤਾਂ ਉਹ ਉਹਦੇ ਨਾਲ਼ ਬੋਲਦੀ ਨਹੀਂ ਸੀ।ਅਤੇ ਉਹ ਉਸ ਦੇ ਮਗਰ-ਮਗਰ ਫਿਰਦਾ ਰਹਿੰਦਾ ਸੀ ਤੇ ਉਦਾਸ, ਤੇ ਇਸ ਕਰਕੇ ਖੂਬਸੂਰਤ ਅੱਖਾਂ ਨਾਲ਼ ਉਹਦੇ ਵੱਲ ਵੇਖਦਾ ਰਹਿੰਦਾ ਸੀ।ਅਤੇ ਮਗਰੋਂ ਜਦੋਂ ਉਹਨਾਂ ਦੀ ਸੁਲਾਹ ਹੋ ਗਈ ਤਾਂ ਦੀਮਕਾ ਨੇ ਆਖਿਆ ਸੀ ਕਿ ਉਹ ਉਸ ਨੂੰ ਚੁੰਮਣਾ ਚਾਹੁੰਦਾ ਹੈ। ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ ਤੇ ਤਰਲਾ ਲੈ ਕੇ ਆਖਿਆ ਸੀ: “ਬੁੱਲ੍ਹਾਂ ਤੋਂ ਨਾ ਚੁੰਮੀ।” ਅਤੇ ਉਹ ਏਨਾ ਘਬਰਾ ਗਿਆ ਕਿ ਉਸ ਨੇ ਉਹਦੀ ਠੋਡੀ ਚੁੰਮ ਲਈ ਸੀ।

ਉਹਨੂੰ ਖੂਬਸੂਰਤ ਕੱਪੜਿਆਂ ਦਾ ਬੜਾ ਸ਼ੌਂਕ ਸੀ। ਤੇ ਜਦੋਂ ਇਕ ਵਾਰੀ ਉਹਨੂੰ ਲੈਕਚਰ ਦੇਣ ਵਾਸਤੇ ਭੇਜਿਆ ਗਿਆ ਤਾਂ ਉਸ ਨੇ ਆਪਣੀ ਸਭ ਤੋਂ ਵਧੀਆ ਫਰਾਕ ਪਾਈ ਸੀ। ਮੁੰਡਿਆਂ ਨੇ ਪੁੱਛਿਆ:

“ਤੂੰ ਏਡੀ ਬਣੀ-ਠਣੀ ਕਿਉਂ ਏ ?”

“ਸੋਚੋ ਤਾਂ ਸਹੀ,” ਉਸ ਨੇ ਆਖਿਆ, “ਮੈਂ ਇਕ ਖੂਬਸੂਰਤ ਲੈਕਚਰਾਰ ਕਿਉਂ ਨਾ ਬਣਾ ?”

ਤੇ ਹੁਣ ਉਹ ਏਥੇ ਜ਼ਮੀਨ ਉੱਤੇ, ਚਿੱਕੜ ਲਿਬੜੀ, ਗੜੁੱਚ ਹੋਈ, ਚੁਫੇਰੇ ਝਾਕਦੀ, ਬਿੜਕਾਂ ਲੈਂਦੀ, ਤੇ ਕੱਕਰ ਨਾਲ਼ ਸੁੰਨ, ਸੁੱਜੇ ਹੋਏ ਪੈਰ ਘਸੀਟਦੀ ਰੀਂਗਦੀ ਜਾ ਰਹੀ ਸੀ। “ਜੇ ਮਾਰ ਦੇਣਗੇ ਤਾਂ ਫੇਰ ਕੀ ਫਰਕ ਏ ! ਉਹਨਾਂ ਨੇ ਦੀਮਕਾ ਨੂੰ ਮਾਰ ਦਿੱਤਾ, ਹੋਰ ਕਈ ਚੰਗੇ ਲੋਕ ਮਾਰ ਦਿੱਤੇ।ਮੈਨੂੰ ਵੀ ਮਾਰ ਦੇਣਗੇ। ਕਿਉਂ ਨਹੀਂ ? ਮੈਂ ਉਹਨਾਂ ਨਾਲ਼ੋਂ ਚੰਗੀ ਤਾਂ ਨਹੀਂ!”

ਬਰਫ ਪੈ ਰਹੀ ਸੀ, ਚਲ੍ਹਿਆਂ ਵਿਚ ਟਿਪ ਟਿਪ ਹੋ ਰਹੀ ਸੀ।ਖੰਡਾਂ ਵਿਚ ਮਿੱਟੀ ਰੰਗੀ ਬਰਫ ਪਈ ਹੋਈ ਸੀ।ਅਤੇ ਉਹ ਰੀਂਗਦੀ ਜਾਂਦੀ ਸੀ, ਰੀਂਗਦੀ ਜਾਂਦੀ ਸੀ। ਜਦੋਂ ਉਹ ਅਰਾਮ ਕਰਦੀ, ਉਹ ਗਿੱਲੀ ਜ਼ਮੀਨ ਉਤੇ ਲੰਮੀ ਪੈ ਜਾਂਦੀ।ਆਪਣੀ ਬਾਂਹ ਕੱਠੀ ਕਰਕੇ ਸਿਰ ਹੇਠਾਂ ਦੇ ਲੈਂਦੀ।

ਸਿੱਲ੍ਹੀ ਧੁੰਦ ਕਾਲ਼ੀ ਹੋ ਗਈ ਕਿਉਂਕਿ ਰਾਤ ਵੀ ਕਾਲ਼ੀ ਸੀ।ਅਤੇ ਅਸਮਾਨ ਵਿਚ ਕਿਧਰੇ ਵੱਡੇ ਵੱਡੇ ਬੰਬਰ ਹਵਾਈ ਜਹਾਜ਼ ਉੱਡ ਰਹੇ ਸਨ। ਸੁਕਐਡਰਨ ਲੀਡਰ ਦੇ ਬੰਬਰ ਦਾ ਮਾਰਗ-ਨਿਰਦੇਸ਼ਕ ਕੁਰਸੀ ਨਾਲ਼ ਢੋ ਲਾਈ ਬੈਠਾ ਸੀ। ਉਸ ਦੀਆਂ ਅੱਖਾਂ ਅੱਧ-ਖੁੱਲ੍ਹੀਆਂ ਸਨ ਅਤੇ ਉਹ ਲਾਊਡਸਪੀਕਰ ਦੀਆਂ ਸੀਟੀਆਂ ਤੇ ਸਰ ਸਰ ਕੜ ਕੜ ਦੀ ਅਵਾਜ਼ ਸੁਣ ਰਹੀ ਸੀ, ਪਰ ਟਰਾਂਸਮੀਟਰ ਕੋਈ ਸਿਗਨਲ ਨਹੀਂ ਸੀ ਦੇ ਰਿਹਾ।

ਆਪਣੀਆਂ ਥਾਵਾਂ 'ਤੇ ਬੈਠੇ ਪਾਇਲਟਾਂ ਤੇ ਨਿਸ਼ਾਨੇਬਾਜ਼ ਨੇ ਵੀ ਲਾਊਡਸਪੀਕਰ ਦੀ ਕਿੜ ਕਿੜ ਦੀ ਅਵਾਜ਼ ਸੁਣੀ ਸੀ ਪਰ ਹਾਲੇ ਤੱਕ ਸਿਗਨਲ ਕੋਈ ਨਹੀਂ ਸੀ ਮਿਲਿਆ। ਹਵਾਈ ਜਹਾਜ਼ਾਂ ਦੇ ਅਮਲੇ ਨੇ ਕਾਲ਼ਾ ਅਸਮਾਨ ਗਾਹ ਮਾਰਿਆ। ਰਾਤ ਦੇ ਹਨੇਰੇ ਵਿਚ ਬੰਬਰ ਹੋਰ ਅੱਗੇ ਵਧਦੇ ਜਾ ਰਹੇ ਸਨ, ਪਰ ਅਜੇ ਤੱਕ ਸਿਗਨਲ ਦਾ ਕੋਈ ਨਾਂ-ਨਿਸ਼ਾਨ ਨਹੀਂ ਸੀ।

ਤੇ ਫੇਰ ਅਚਾਨਕ ਹੀ ਬਹੁਤ ਹੌਲੀ ਤੇ ਸਾਵਧਾਨੀ ਨਾਲ਼ ਪਹਿਲੇ ਸਿਗਨਲ ਦੀ ਅਵਾਜ਼ ਆਈ।ਵੱਡੇ-ਵੱਡੇ ਬੰਬਰਾਂ ਨੇ ਇਸ ਅਵਾਜ਼ ਦੀ ਮਹੀਨ ਤੰਦ ਫੜ ਲਈ ਅਤੇ ਆਪਣਾ ਰੁਖ ਬਦਲ ਲਿਆ।ਗੂੰਜਦੇ ਗੜ੍ਹਕਦੇ ਉਹ ਬਦਲਾਂ ਵਿਚ ਉੱਡਦੇ ਜਾ ਰਹੇ ਸਨ। ਵੱਡੇ-ਵੱਡੇ ਅਸਪਾਤੀ ਹਵਾਈ ਜਹਾਜ਼ ਇਸ ਅਵਾਜ਼ ਦਾ ਪਿੱਛਾ ਕਰ ਰਹੇ ਸਨ ਜਿਹੜੀ ਏਡੀ ਪਿਆਰੀ ਤੇ ਜਾਣੀ-ਪਛਾਣੀ ਹੋਈ ਸੀ ਜਿਵੇਂ ਬੀਂਡੇ ਦਾ ਗੀਤ ਹੋਵੇ, ਜਾਂ ਸਤੇਪੀ ਦੀ ਹਵਾ ਵਿਚ ਸੁੱਕੇ ਸਿੱਟੇ ਦੀ ਸਰ ਸਰ, ਜਾਂ ਪਤਝੜ ਦੇ ਪੱਤਿਆਂ ਦੀ ਖੜ-ਖੜ।

ਸਕੁਐਡਰਨ ਲੀਡਰ, ਪਾਇਲਟ ਤੇ ਸੈਕਿੰਡ ਪਾਇਲਟ, ਗੰਨਰ, ਫਲਾਈਟ ਇੰਜੀਨੀਅਰ – ਅਤੇ ਖੁਦ ਮਿਖਾਇਲੋਵਾ ਨੂੰ ਪਤਾ ਸੀ ਕਿ ਬੰਬ ਉਸ ਥਾਂ ਸੁੱਟੇ ਜਾਣਗੇ ਜਿੱਥੋਂ ਇਹ ਪਿਆਰੀ ਆਵਾਜ਼, ਰੇਡੀਓ ਦਾ ਇਹ ਕਾਲ਼ ਸਿਗਨਲ ਆ ਰਿਹਾ ਸੀ। ਕਿਉਂਕਿ ਦੁਸ਼ਮਣ ਦੇ ਹਵਾਈ ਜਹਾਜ਼ ਏਥੇ ਹੀ ਪਏ ਸਨ।

ਲੇਸਲੇ ਕਾਲ਼ੇ ਪਾਣੀ ਨਾਲ਼ ਭਰੇ ਹੋਏ ਟੋਏ ਵਿਚ ਗੋਡਿਆਂ ਭਾਰ ਹੋ ਕੇ, ਮਿਖਾਇਲੋਵਾ ਟਰਾਂਸਮੀਟਰ ਉੱਤੇ ਝੁਕੀ ਹੋਈ ਸੀ ਤੇ ਆਪਣੀ ਕੁੰਜੀ ਨਾਲ਼ ਠਕ-ਠਕ ਕਰ ਰਹੀ ਸੀ। ਅਸਮਾਨ ਉੱਤੇ ਗੂੜ੍ਹੇ ਬੱਦਲ ਛਾਏ ਹੋਏ ਸਨ, ਪਰ ਉਹ ਸੱਖਣਾ ਤੇ ਖਾਮੋਸ਼ ਸੀ। ਕੱਕਰ- ਮਾਰਿਆ ਪੈਰ ਪਤਲੇ ਚਿੱਕੜ ਵਿਚ ਸੁੰਨ ਹੋ ਗਿਆ ਸੀ ਤੇ ਉਸ ਦੀਆਂ ਪੁੜਪੁੜੀਆਂ ਵਿਚ ਏਡੀ ਸਖ਼ਤ ਪੀੜ ਹੋ ਰਹੀ ਸੀ ਮਾਣੋ ਉਹਦਾ ਸਿਰ ਅੱਗ ਵਾਂਗ ਭੱਖਦੇ ਸ਼ਿਕੰਜੇ ਵਿਚ ਫਸਿਆ ਹੋਵੇ। ਮਿਖਾਇਲੋਵਾ ਨੂੰ ਬੁਖਾਰ ਜਿਹਾ ਲੱਗਦਾ ਸੀ।ਉਸ ਨੇ ਆਪਣੇ ਬੁੱਲ੍ਹਾਂ ਉੱਤੇ ਹੱਥ ਰੱਖ ਕੇ ਵੇਖਿਆ – ਬੁੱਲ੍ਹ ਤਪਦੇ ਸਨ ਤੇ ਸੁੱਕੇ ਹੋਏ ਸਨ।“ਮੈਨੂੰ ਠੰਡ ਲੱਗ ਗਈ ਏ,” ਉਦਾਸ ਹੋ ਕੇ ਉਹਨੇ ਸੋਚਿਆ।ਪਰ ਹੁਣ ਕੀ ਫਰਕ ਪੈਂਦਾ ਏ।”

ਕਿਸੇ ਕਿਸੇ ਵੇਲੇ ਉਹਨੂੰ ਜਾਪਦਾ ਕਿ ਉਹ ਬੇਸੁਰਤ ਹੁੰਦੀ ਜਾਂਦੀ ਹੈ।ਉਹ ਅੱਖਾਂ ਖੋਲ੍ਹਦੀ ਤੇ ਡਰੀ ਸਹਿਮੀ ਬਿੜਕਾਂ ਲੈਂਦੀ। ਉਸ ਦੇ ਹੈੱਡਫੋਨ ਵਿਚ ਸਿਗਨਲਾਂ ਦੀ ਅਵਾਜ਼ ਉੱਚੀ ਤੇ ਸਾਫ ਸੀ।ਇਸ ਦਾ ਮਤਲਬ ਸੀ ਕਿ ਉਸ ਦਾ ਹੱਥ ਆਪਮੁਹਾਰਾ ਹੀ ਬਟਨ ਦੱਬੀ ਗਿਆ ਸੀ। “ਕਮਾਲ ਦਾ ਜ਼ਾਬਤਾ ਹੈ ! ਚੰਗਾ ਹੋਇਆ ਕਿ ਮੈਂ ਆ ਗਈ ਤੇ ਕਪਤਾਨ ਨਹੀਂ ਆਇਆ। ਉਸ ਦਾ ਹੱਥ ਆਪਣੇ ਆਪ ਨਹੀਂ ਸੀ ਕੰਮ ਕਰ ਸਕਦਾ ! ਤੇ ਜੇ ਮੈਂ ਨਾ ਆਉਂਦੀ, ਮੈਂ ਹੁਣ ਤੱਕ ਮਾਲੀਨੋਵਕਾ ਵਿਚ ਹੋਣਾ ਸੀ, ਤੇ ਹੋ ਸਕਦਾ ਹੈ, ਉਹ ਮੈਨੂੰ ਭੇਡ ਦੀ ਖੱਲ ਦਾ ਕੋਟ ਦੇ ਦੇਂਦੇ ... ਓਥੇ ਉਹ ਅੰਗੀਠੀ ਭਖਾਈ ਰੱਖਦੇ ਨੇ .. ਤੇ ਸਭ ਕੁਝ ਹੋਰ ਹੀ ਹੋਣਾ ਸੀ। ਤੇ ਹੁਣ ਕੋਈ ਵੀ ਤੇ ਕੁਝ ਵੀ ਨਹੀਂ ਰਹੇਗਾ। ਅਜੀਬ ਗੱਲ ਏ ... ਮੈਂ ਏਥੇ ਲੰਮੀ ਪਈ ਆਂ ਤੇ ਸੋਚੀ ਜਾਂਦੀ ਆਂ। ਤੇ ਓਧਰ ਕਿਧਰੇ ਮਾਸਕੋ ਹੈ। ਓਥੇ ਲੋਕ ਨੇ, ਬਹੁਤ ਸਾਰੇ ਲੋਕ। ਤੇ ਕਿਸੇ ਨੂੰ ਪਤਾ ਨਹੀਂ ਕਿ ਮੈਂ ਏਥੇ ਆਂ। ਫੇਰ ਵੀ, ਮੈਂ ਬਹੁਤ ਚੰਗਾ ਕੀਤਾ ਏ।ਹੋ ਸਕਦਾ ਏ, ਮੈਂ ਬਹਾਦਰ ਹੋਵਾਂ ? ਮੈਂ ਡਰਦੀ ਨਹੀਂ... ਨਹੀਂ, ਕਾਰਨ ਇਹ ਹੈ ਕਿ ਮੈਨੂੰ ਪੀੜ ਹੁੰਦੀ ਏ, ਇਸ ਲਈ ਮੈਂ ਡਰਦੀ ਨਹੀਂ... ਕਾਸ਼ ਉਹ ਜਲਦੀ ਆ ਜਾਣ ! ਉਹ ਕੀ ਕਰਦੇ ਪਏ ਨੇ ? ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਹੋਰ ਬਹੁਤਾ ਚਿਰ ਬੈਠੀ ਨਹੀਂ ਰਹਿ ਸਕਦੀ ?”

ਹਟਕੋਰੇ ਭਰਦੀ, ਉਹ ਟੋਏ ਦੀ ਢਲਾਣ ਉੱਤੇ ਵੱਖੀ ਪਰਨੇ ਲੰਮੀ ਪੈ ਗਈ ਤੇ ਠੱਕ ਠੱਕ ਕਰਦੀ ਗਈ। ਹੁਣ ਉਸ ਨੂੰ ਧੁੰਦਲੇ ਅਸਮਾਨ ਦਾ ਇਕ ਵੱਡਾ ਹਿੱਸਾ ਨਜ਼ਰ ਆ ਰਿਹਾ ਸੀ। ਫੇਰ ਸਰਚਲਾਈਟਾਂ ਨੇ ਅਸਮਾਨ ਰੁਸ਼ਨਾ ਦਿੱਤਾ ਤੇ ਉਸ ਨੂੰ ਦੂਰੋਂ ਆਉਂਦੇ ਹਵਾਈ ਜਹਾਜ਼ਾਂ ਦੀ ਗੜਗੜਾਹਟ ਸੁਣਾਈ ਦਿੱਤੀ।ਆਪਣੇ ਅੱਥਰੂਆਂ ਨੂੰ ਡੀਕ ਕੇ ਮਿਖਾਇਲੋਵਾ ਨੇ ਫੁਸਰ ਫੁਸਰ ਕੀਤਾ:

“ਭਲਾ ਹੋਵੇ ਤੁਹਾਡਾ, ਸੁਹਣਿਓ ! ਆਖਰ, ਤੁਸੀਂ ਆ ਬਹੁੜੇ ! ਮੇਰੀ ਬੁਰੀ ਹਾਲਤ ਏ ਏਥੇ।” ਅਚਾਨਕ ਉਹਦਾ ਤ੍ਰਾਹ ਨਿਕਲ ਗਿਆ।“ਜੇ ਭਲਾ ਸਿਗਨਲ ਦੀ ਥਾਂ ਮੈਂ ਇਹਨਾਂ ਲਫਜ਼ਾਂ ਦਾ ਸੰਚਾਰ ਕਰ ਬਹਿੰਦੀ ? ਕੀ ਸੋਚਦੇ ਉਹ ਮੇਰੇ ਬਾਰੇ ?”

ਉਹ ਉੱਠ ਕੇ ਬਹਿ ਗਈ ਤੇ ਇਕ ਇਕ ਚਿੰਨ੍ਹ ਨਿਖੇੜ ਕੇ ਠਕੋਰਨ ਤੇ ਉੱਚੀ ਦੁਹਰਾਉਣ ਲੱਗੀ ਤਾਂ ਜੋ ਫੇਰ ਗਲਤੀ ਨਾ ਜਾਵੇ।

ਹਵਾਈ ਜਹਾਜ਼ਾਂ ਦੀ ਗੂੰਜ ਨੇੜੇ ਆਉਂਦੀ ਜਾ ਰਹੀ ਸੀ। ਹਵਾਮਾਰ ਤੋਪਾਂ ਨੇ ਗੋਲੇ ਦਾਗੇ। “ਹਾਏ, ਮਾੜਾ ਨਹੀਂ ਹੋਇਆ ?”

ਉਹ ਖੜੀ ਹੋ ਗਈ। ਕੋਈ ਦਰਦ ਨਹੀਂ ਸੀ, ਕੁਝ ਨਹੀਂ ਸੀ। ਪੂਰਾ ਜ਼ੋਰ ਲਾ ਕੇ ਉਹ ਠੱਕ ਠੱਕ ਕਰਨ ਲੱਗੀ। ਇਹ ਸਿਗਨਲ ਨਹੀਂ ਸਗੋਂ ਚੀਖ ਸੀ “ਕੁਚਲ ਦਿਓ, ਕੁਚਲ ਦਿਓ!” ਜਿਹੜੀ ਬਟਨ ਦਬਾਇਆਂ ਨਿਕਲੀ ਸੀ।

ਪਹਿਲੇ ਬੰਬ ਦੀ ਗੂੰਜਦੀ ਘੂਕਦੀ ਆਵਾਜ਼ ਕਾਲ਼ੇ ਵਾਤਾਵਰਣ ਨੂੰ ਲੀਰ-ਲੀਰ ਕਰ ਕੇ ਰੱਖ ਗਈ। ਧਮਾਕੇ ਨਾਲ਼ ਮਿਖਾਇਲੋਵਾ ਪਿੱਠ ਦੇ ਭਾਰ ਡਿੱਗ ਪਈ। ਲਾਟਾਂ ਦੇ ਨੱਚਦੇ ਪਰਛਾਵਿਆਂ ਨਾਲ਼ ਚਲ੍ਹੇ ਸੰਤਰੇ ਰੰਗੇ ਹੋ ਗਏ। ਠਾਹ ਦੀ ਅਵਾਜ਼ ਨਾਲ਼ ਧਰਤੀ ਕੰਬ ਉੱਠੀ। ਰੇਡੀਓ ਟਰਾਂਸਮੀਟਰ ਪਾਣੀ ਵਿਚ ਡਿੱਗ ਪਿਆ। ਮਿਖਾਇਲੋਵਾ ਨੇ ਇਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ।ਟੀਂਟੀ ਕਰਦੇ ਬੰਬ, ਜਾਪਦਾ ਸੀ, ਸਿੱਧੇ ਟੋਏ ਵਿਚ ਉਹਦੇ ਵੱਲ ਹੀ ਉੱਡਦੇ ਆ ਰਹੇ ਸਨ।

ਉਸ ਨੇ ਆਪਣਾ ਸਿਰ ਮੋਢਿਆਂ ਵਿਚ ਦੇ ਲਿਆ ਤੇ ਅੱਖਾਂ ਭੀਚ ਕੇ ਬਹਿ ਗਈ।ਅੱਗ ਦੀਆਂ ਲਾਟਾਂ ਦਾ ਚਾਨਣ ਉਹਦੀਆਂ ਝਿੰਮਣੀਆਂ ਵਿਚ ਆ ਧੱਸਿਆ। ਧਮਾਕੇ ਦੇ ਭੰਬੂਕੇ ਨਾਲ਼ ਟੋਏ ਵਿਚ ਕੁਝ ਕਿੱਲ ਮੇਖਾਂ ਆ ਡਿੱਗੀਆਂ ਜਿਨ੍ਹਾਂ ਉੱਤੇ ਕੰਡੇਦਾਰ ਤਾਰਾਂ ਵਲੀਆਂ ਹੋਈਆਂ ਸਨ।ਬੰਬਾਂ ਦੇ ਧਮਾਕਿਆਂ ਵਿਚਲੇ ਵਕਫਿਆਂ ਅੰਦਰ ਕੋਈ ਚੀਜ਼ ਪਾਟਦੀ ਤੇ ਤਿੜ-ਤਿੜ ਕਰਦੀ ਖਿੰਡ ਜਾਂਦੀ। ਕਾਲ਼ੇ ਧੂੰਏਂ ਵਿਚੋਂ ਪੈਟਰੋਲ ਦੀ ਮੁਸ਼ਕ ਆਉਂਦੀ ਸੀ।

ਫੇਰ ਚੁੱਪ-ਚਾਂ ਹੋ ਗਈ ਤੇ ਹਵਾਮਾਰ ਤੋਪਾਂ ਨੇ ਗੋਲੇ ਦਾਗਣੇ ਬੰਦ ਕਰ ਦਿੱਤੇ।

“ਖ਼ਤਮ,” ਉਦਾਸ ਹੋ ਕੇ ਉਸ ਨੇ ਸੋਚਿਆ।“ਮੈਂ ਫੇਰ ਇਕੱਲੀ ਦੀ ਇਕੱਲੀ।”

ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਪੈਰ ...

ਪੈਰ ਤਾਂ ਜਿਵੇਂ ਨਾਲ਼ ਹੀ ਨਹੀਂ ਸਨ। ਕੀ ਹੋ ਗਿਆ ਸੀ ? ਫੇਰ ਉਸ ਨੂੰ ਯਾਦ ਆ ਗਿਆ। ਇਸ ਤਰ੍ਹਾਂ ਹੁੰਦਾ ਹੈ। ਪੈਰਾਂ ਵਿਚ ਜਾਨ ਨਹੀਂ ਰਹਿੰਦੀ। ਉਸ ਨੂੰ ਝਟਕਾ ਲੱਗਾ ਸੀ। ਬਸ ਏਨੀ ਗੱਲ ਸੀ। ਉਹ ਗਿੱਲੇ ਚਿੱਕੜ ਉੱਤੇ ਆਪਣੀ ਗੱਲ੍ਹ ਰੱਖ ਕੇ ਲੰਮੀ ਪਈ ਹੋਈ ਸੀ। ਕਾਸ਼ ਇਕ ਬੰਬ ਐਨ ਓਥੇ ਆ ਡਿੱਗਦਾ ! ਇਹ ਕੇਡੀ ਸਿੱਧੀ ਸਾਦੀ ਗੱਲ ਹੁੰਦੀ ... ਅਤੇ ਸਭ ਤੋਂ ਭੈੜੀ ਗੱਲ ਉਹ ਨਹੀਂ ਸੀ ਜਾਣਦੀ।

“ਨਹੀਂ” ਅਚਾਨਕ ਉਸ ਨੇ ਆਪਣੇ ਆਪ ਨੂੰ ਆਖਿਆ, “ਦੂਜਿਆਂ ਨਾਲ਼ ਇਸ ਤੋਂ ਮਾੜਾ ਹੋਇਆ ਸੀ, ਤੇ ਤਾਂ ਵੀ ਉਹ ਬਚ ਗਏ ਸਨ।ਮੇਰੇ ਨਾਲ਼ ਕੁਝ ਵੀ ਖੌਫਨਾਕ ਨਹੀਂ ਹੋਣਾ ਚਾਹੀਦਾ। ਮੈਂ ਇਹ ਨਹੀਂ ਚਾਹੁੰਦੀ।”

ਉਸ ਨੂੰ ਕਿਸੇ ਪਾਸੇ ਤੋਂ ਮੋਟਰ ਦੇ ਇੰਜਨ ਦੀ ਗੁਰਰ ਗੁਰਰ ਦੀ ਅਵਾਜ਼ ਆਈ ਅਤੇ ਕਾਲ਼ੀਆਂ ਝਾੜੀਆਂ ਉੱਤੋਂ ਕਈ ਗੁਣਾਂ ਠੰਡੀਆਂ ਚਿੱਟੀਆਂ ਰਿਸ਼ਮਾਂ ਲੰਘ ਗਈਆਂ। ਫੇਰ ਇਕ ਧਮਾਕਾ ਹੋਇਆ ਜਿਹੜਾ ਬੰਬ ਦੇ ਧਮਾਕੇ ਵਾਂਗ ਜ਼ੋਰਦਾਰ ਨਹੀਂ ਸੀ ਤੇ ਫੇਰ ਕਿਤੇ ਨੇੜੇ ਹੀ ਗੋਲੀਆਂ ਚੱਲੀਆਂ।

“ਮੈਨੂੰ ਲੱਭਦੇ ਨੇ।ਏਥੇ ਪਏ ਰਹਿਣਾ ਚੰਗੀ ਗੱਲ ਏ। ਇਹ ਸਭ ਕੁਝ ਬਹੁਤਾ ਚਿਰ ਨਹੀਂ ਚੱਲਣਾ।”

ਉਹ ਪਿੱਠ ਪਰਨੇ ਹੋਣਾ ਚਾਹੁੰਦੀ ਸੀ ਪਰ ਉਹਦੇ ਪੈਰ ਵਲੋਂ ਪੀੜ ਦੀ ਇਕ ਭਖਵੀਂ ਲਹਿਰ ਉੱਠੀ ਤੇ ਉਹਦੇ ਦਿਲ ਨਾਲ਼ ਜਾ ਟਕਰਾਈ।ਉਸ ਦੀ ਚੀਕ ਨਿਕਲ ਗਈ। ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਡਿੱਗ ਪਈ।

ਠੰਡੀਆਂ ਤੇ ਸਖ਼ਤ ਉਂਗਲਾਂ ਉਸ ਦੇ ਗਲਮੇ ਦੀਆਂ ਹੁੱਕਾਂ ਨੂੰ ਖਿੱਚ ਰਹੀਆਂ ਸਨ। ਉਸ ਨੇ ਅੱਖਾਂ ਖੋਹਲੀਆਂ।

“ਤੁਸੀਂ ਓ ? ਤੁਸੀਂ ਮੇਰੀ ਖਾਤਰ ਆਏ ਓ ?” ਮਿਖਾਇਲੋਵਾ ਨੇ ਆਖਿਆ ਤੇ ਫੁਟ ਫੁਟ ਕੇ ਰੋਣ ਲੱਗ ਪਈ।

ਕਪਤਾਨ ਨੇ ਆਪਣੇ ਹੱਥ ਨਾਲ਼ ਉਹਦਾ ਮੂੰਹ ਪੂੰਝਿਆ ਤੇ ਉਸ ਨੇ ਆਪਣੀਆਂ ਅੱਖਾਂ ਫੇਰ ਬੰਦ ਕਰ ਲਈਆਂ।ਉਹ ਤੁਰ ਨਹੀਂ ਸੀ ਸਕਦੀ। ਕਪਤਾਨ ਨੇ ਉਸ ਦੀ ਵਰਦੀ ਦੀ ਪੇਟੀ ਨੂੰ ਹੱਥ ਪਾਇਆ ਤੇ ਖਿੱਚ ਕੇ ਟੋਏ ਵਿਚੋਂ ਬਾਹਰ ਕੱਢਿਆ। ਕਪਤਾਨ ਦਾ ਦੂਜਾ ਹੱਥ ਇਉਂ ਝੂਲ ਰਿਹਾ ਸੀ ਜਿਵੇਂ ਕੋਈ ਚੀਥੜਾ ਹੋਵੇ।

ਉਸ ਨੇ ਚਿੱਕੜ ਵਿਚ ਸਲੈਜ ਦੀਆਂ ਪੱਟੀਆਂ ਦੇ ਸੂ ਸੂ ਕਰਨ ਦੀ ਅਵਾਜ਼ ਸੁਣੀ।

ਫੇਰ ਉਸ ਨੇ ਕਪਤਾਨ ਵੱਲ ਵੇਖਿਆ। ਉਹ ਇਕ ਰੁੱਖ ਦੇ ਮੁੱਢ ਉਤੇ ਬੈਠਾ ਹੋਇਆ ਸੀ ਅਤੇ ਰੱਸੀ ਦੇ ਇਕ ਸਿਰੇ ਨੂੰ ਦੰਦਾਂ ਵਿਚ ਫੜ ਕੇ, ਆਪਣੀ ਨੰਗੀ ਬਾਂਹ ਬੰਨ੍ਹ ਰਿਹਾ ਸੀ।ਪੱਟੀ ਦੇ ਹੇਠੋਂ ਲਹੂ ਸਿੰਮ ਰਿਹਾ ਸੀ। ਮਿਖਾਇਲੋਵਾ ਦੀਆਂ ਅੱਖਾਂ ਵੱਲ ਵੇਖਦਿਆਂ, ਕਪਤਾਨ ਨੇ ਪੁੱਛਿਆ:

“ਕਿਉਂ, ਕੀ ਹਾਲ ਹੈ ?”

“ਐਸਾ ਹੀ ਏ।” ਉਸ ਨੇ ਫੁਸਰ ਫੁਸਰ ਕੀਤਾ।

“ਕੋਈ ਫਰਕ ਨਹੀਂ ਪੈਦਾ,” ਕਪਤਾਨ ਨੇ ਦੰਦਾਂ ਵਿਚੋਂ ਦੀ ਆਖਿਆ।“ਮੈਂ ਨਹੀਂ ਕਿਤੇ ਜਾ ਸਕਦਾ। ਹਿੰਮਤ ਨਹੀਂ ਰਹੀ। ਕੋਸ਼ਿਸ਼ ਕਰੋ ਤੇ ਤੁਰੇ ਜਾਓ। ਏਥੋਂ ਬਹੁਤੀ ਦੂਰ ਨਹੀਂ।”

“ਤੇ ਤੁਸੀਂ ?”

“ਮੈਂ ਥੋੜਾ ਅਰਾਮ ਕਰਾਂਗਾ ਏਥੇ ਹੀ।”

ਕਪਤਾਨ ਉੱਠਣਾ ਚਾਹੁੰਦਾ ਸੀ ਪਰ ਉਹ ਬੌਂਦਲਿਆਂ ਜਿਹਾ ਮੁਸਕਾਇਆ ਤੇ ਰੁੱਖ ਦੇ ਮੁੱਢ ਤੋਂ ਭੁੰਜੇ ਗੋਡਿਆਂ ਭਾਰ ਹੋ ਗਿਆ।

ਉਹ ਬਹੁਤ ਭਾਰਾ ਸੀ ਤੇ ਉਸ ਦੇ ਬੇਹੋਸ਼ ਜਿਸਮ ਨੂੰ ਸਲੈਜ ਉੱਪਰ ਕਰਨ ਲਈ ਉਸ ਨੂੰ ਢੇਰ ਚਿਰ ਤੱਕ ਹੱਥ ਪੈਰ ਮਾਰਨੇ ਪਏ।ਉਹ ਬੇਢੰਗਾ ਜਿਹਾ ਪਿਆ ਸੀ, ਮੂੰਹ ਹੇਠਾਂ ਕਰਕੇ।ਉਹਦੇ ਵਿਚ ਏਨੀ ਹਿੰਮਤ ਨਹੀਂ ਸੀ ਕਿ ਉਹਨੂੰ ਪਿੱਠ ਪਰਨੇ ਹੀ ਕਰ ਦੇਂਦੀ।

ਉਹ ਢੇਰ ਚਿਰ ਤੱਕ ਰੱਸੀਆਂ ਖਿੱਚਦੀ ਰਹੀ ਤਾਂ ਜੋ ਸਲੈਜ ਆਪਣੀ ਥਾਂ ਤੋਂ ਸਰਕੇ ਹਿੱਲੇ। ਉਹ ਪੈਰ ਪੁੱਟਦੀ ਤੇ ਪੀੜ ਨਾਲ਼ ਉਹਦੀ ਜਾਨ ਨਿਕਲ ਜਾਂਦੀ।ਪਰ ਉਹ ਸਿਰੜ ਨਾਲ਼ ਰੱਸੀਆਂ ਨੂੰ ਖਿੱਚਦੀ ਗਈ ਅਤੇ ਮੂੰਹ ਪਿੱਛੇ ਵੱਲ ਕਰ ਕੇ, ਉਹ ਸਲੈਜ ਨੂੰ ਗਿਜਗਿਜੀ ਬਰਫ ਤੇ ਗਿੱਲੀ ਜ਼ਮੀਨ ਉੱਤੇ ਘਸੀਟੀ ਗਈ।

ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ।ਇਸ ਤਰ੍ਹਾਂ ਕਿੰਨਾ ਕੁ ਚਿਰ ਕੰਮ ਚੱਲ ਸਕਦਾ ਸੀ ? ਉਹ ਖੜੀ ਕਿਉਂ ਸੀ ਤੇ ਭੁੰਜੇ ਲੰਮੀ ਕਿਉਂ ਨਹੀਂ ਸੀ ਪੈਂਦੀ, ਜਦੋਂ ਉਹਦੇ ਜਿਸਮ ਵਿਚ ਕੋਈ ਤਾਕਤ ਨਹੀਂ ਸੀ ਰਹੀ ? ਇਕ ਰੁੱਖ ਨਾਲ਼ ਪਿੱਠ ਦਾ ਢਾਸਣਾ ਲਾ ਕੇ ਉਹ ਅੱਧ-ਮੀਟੀਆਂ ਅੱਖਾਂ ਨਾਲ਼ ਖੜ੍ਹੀ ਸੀ ਤੇ ਡਰਦੀ ਸੀ ਕਿ ਡਿੱਗ ਨਾ ਪਵੇ। ਕਿਉਂਕਿ ਉਸ ਨੂੰ ਪਤਾ ਸੀ ਕਿ ਫੇਰ ਉਹਦੇ ਕੋਲੋਂ ਉੱਠਿਆ ਨਹੀਂ ਜਾਣਾ।

ਉਸ ਨੇ ਵੇਖਿਆ ਕਿ ਕਪਤਾਨ ਸਲੈਜ ਤੋਂ ਤਿਲਕ ਕੇ ਥੱਲੇ ਹੋ ਗਿਆ ਸੀ। ਸਿਰਫ ਉਹਦੀ ਛਾਤੀ ਤੇ ਸਿਰ ਹੀ ਸਲੈਜ ਉੱਤੇ ਰਹਿ ਗਿਆ ਸੀ।ਆਪਣੇ ਤੰਦਰੁਸਤ ਹੱਥ ਨਾਲ਼ ਕਾਟਵੀਂ ਫੱਟੀ ਨੂੰ ਫੜ ਕੇ, ਉਸ ਨੇ ਫੁਸ ਫੁਸ ਕਰ ਕੇ ਆਖਿਆ:

“ਇਉਂ ਤੁਹਾਡੇ ਵਾਸਤੇ ਸੌਖਾ ਰਹੇਗਾ।”

ਅੱਧਾ ਸਲੈਜ ਉੱਤੇ ਟਿਕਿਆ ਹੋਇਆ, ਉਹ ਆਪਣੇ ਗੋਡਿਆਂ ਨਾਲ਼ ਰੀਂਗਦਾ ਜਾ ਰਿਹਾ ਸੀ। ਕਿਸੇ ਵੇਲੇ ਉਹਦਾ ਹੱਥ ਛੁੱਟ ਜਾਂਦਾ ਤੇ ਉਹ ਡਿੱਗ ਪੈਂਦਾ, ਉਸ ਦਾ ਮੂੰਹ ਜ਼ਮੀਨ ਨਾਲ਼ ਜਾ ਟਕਰਾਉਂਦਾ ਅਤੇ ਉਹ ਸਲੈਜ ਨੂੰ ਧੱਕ ਕੇ ਉਹਦੀ ਛਾਤੀ ਹੇਠਾਂ ਕਰ ਦੇਂਦੀ। ਉਹਦੇ ਅੰਦਰ ਮੂੰਹ ਦੂਜੇ ਪਾਸੇ ਕਰਨ ਦੀ ਵੀ ਹਿੰਮਤ ਨਹੀਂ ਸੀ ਤਾਂ ਜੋ ਉਸ ਦਾ ਕਾਲ਼ਾ ਪੈ ਗਿਆ ਨੇ ਥੱਕਿਆ ਟੁੱਟਿਆ ਚਿਹਰਾ ਨਜ਼ਰ ਨਾ ਆਵੇ।

ਇਸ ਤੋਂ ਬਾਅਦ ਉਹ ਡਿੱਗ ਪਈ ਤੇ ਇਕ ਵਾਰੀ ਫੇਰ ਉਸ ਨੂੰ ਸਲੈਜ ਦੇ ਹੇਠਲੇ ਫੱਟਿਆਂ ਹੇਠਾਂ ਚਿੱਕੜ ਦੀ ਸ਼ੂੰ ਸ਼ੂੰ ਸੁਣਾਈ ਦਿੱਤੀ। ਫੇਰ ਉਸ ਨੇ ਬਰਫ ਦੇ ਤਿੜਕਣ ਦੀ ਅਵਾਜ਼ ਸੁਣੀ।

ਉਸ ਦਾ ਦਮ ਘੁੱਟ ਰਿਹਾ ਸੀ, ਉਸ ਨੂੰ ਉਥੂ ਛਿੜਿਆ ਹੋਇਆ ਸੀ, ਉਹ ਪਾਣੀ ਵਿਚ ਡੁੱਬਦੀ ਜਾ ਰਹੀ ਸੀ।ਅਤੇ ਉਸ ਨੂੰ ਜਾਪਿਆ ਜਿਵੇਂ ਇਹ ਸਭ ਇਕ ਡਰਾਉਣਾ ਸੁਪਨਾ ਸੀ।

ਉਸ ਨੇ ਆਪਣੀਆਂ ਅੱਖਾਂ ਖੋਹਲੀਆਂ ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕੋਈ ਉਹਦੇ ਵੱਲ ਘੂਰ ਕੇ ਵੇਖ ਰਿਹਾ ਹੈ। ਕਪਤਾਨ ਇਕ ਫੱਟੇ ਉੱਤੇ ਬੈਠਾ ਹੋਇਆ ਸੀ।ਉਹਦਾ ਹਾਲ ਮਾੜਾ ਸੀ ਤੇ ਰੰਗ ਬੱਗਾ ਪੂਣੀ ਹੋ ਗਿਆ ਸੀ।ਦਾੜ੍ਹੀ ਮੈਲੀ ਹੋ ਗਈ ਸੀ ਅਤੇ ਬਾਂਹ ਦੋ ਫੱਟੀਆਂ ਵਿਚ ਬੱਝੀ ਗਲਪੱਟੀ ਵਿਚ ਪਈ ਸੀ। ਅਤੇ ਉਹ ਮਿਖਾਇਲੋਵਾ ਵੱਲ ਵੇਖ ਰਿਹਾ ਸੀ।

“ਜਾਗਦੇ ਹੋ ?” ਉਸ ਨੇ ਓਪਰੀ ਜਿਹੀ ਸੁਹਿਰਦ ਅਵਾਜ਼ ਵਿਚ ਪੁੱਛਿਆ।

“ਮੈਂ ਸੁੱਤੀ ਨਹੀਂ ਸੀ ਹੋਈ।”

“ਕੋਈ ਫਰਕ ਨਹੀਂ ਪੈਂਦਾ।” ਉਹਨੇ ਆਖਿਆ, “ਉਹ ਵੀ ਇਕ ਤਰ੍ਹਾਂ ਦੀ ਨੀਂਦ ਹੀ ਹੈ।”

ਉਸ ਨੇ ਆਪਣੀ ਬਾਂਹ ਉੱਪਰ ਕੀਤੀ ਤੇ ਵੇਖਿਆ ਕਿ ਬਾਂਹ ਨੰਗੀ ਸੀ।

“ਮੈਂ ਆਪਣੇ ਕੱਪੜੇ ਲਾਹ ਸੁੱਟੇ ਸਨ ?” ਉਸ ਨੇ ਸੋਗਵਾਨ ਅੰਦਾਜ਼ ਵਿਚ ਪੁੱਛਿਆ।

“ਮੈਂ ਤੁਹਾਡੇ ਕੱਪੜੇ ਲਾਹ ਸੁੱਟੇ ਸਨ।” ਕਪਤਾਨ ਖਿੱਝ ਕੇ ਬੋਲਿਆ ਅਤੇ ਆਪਣੇ ਜ਼ਖਮੀ ਹੱਥ ਦੀਆਂ ਉਂਗਲਾਂ ਨੂੰ ਮਰੋੜੇ ਦੇਂਦਾ ਹੋਇਆ, ਦੱਸਣ ਲੱਗਾ “ਅਸੀਂ ਦੋਵੇਂ ਪਾਣੀ ਵਿਚ ਜਾ ਵੜੇ ਜਿਵੇਂ ਦਰਿਆ ਵਿਚ ਨਹਾਤੇ ਹੋਈਏ, ਤੇ ਫੇਰ ਮੈਂ ਸੋਚਿਆ ਕਿ ਤੁਸੀਂ ਜ਼ਖਮੀ ਹੋ ਗਏ ਹੋ।”

“ਕੋਈ ਫਰਕ ਨਹੀਂ ਪੈਂਦਾ,'' ਉਸ ਨੇ ਠੰਡੇ ਦਿਲ ਨਾਲ਼ ਆਖਿਆ।ਤੇ ਸਿੱਧਾ ਕਪਤਾਨ ਦੀਆਂ ਅੱਖਾਂ ਵਿਚ ਵੇਖਿਆ।

“ਬਿਲਕੁਲ,” ਉਹ ਸਹਿਮਤ ਹੋ ਗਿਆ।

ਉਹ ਮੁਸਕ੍ਰਾਈ ਤੇ ਬੋਲੀ:

“ਮੈਨੂੰ ਪਤਾ ਸੀ ਤੁਸੀਂ ਮੇਰੀ ਖਾਤਰ ਵਾਪਸ ਆਓਗੇ ?”

“ਕਿਉਂ ?” ਕਪਤਾਨ ਨੇ ਹੀ ਹੀ ਕਰਦਿਆਂ ਪੁੱਛਿਆ।

“ਬਸ ਮੈਨੂੰ ਪਤਾ ਸੀ।”

“ਤੁਹਾਨੂੰ ਕੁਝ ਵੀ ਪਤਾ ਨਹੀਂ ਹੋ ਸਕਦਾ ਸੀ,” ਕਪਤਾਨ ਨੇ ਕਿਹਾ।“ਬੰਬਾਂ ਦੇ ਹਮਲੇ ਵੇਲੇ ਤੁਸੀਂ ਦਿਸ਼ਾ ਦੇ ਸੂਚਕ ਸੀ ਤੇ ਤੁਸੀਂ ਨਿਸ਼ਾਨਾ ਵੀ ਬਣ ਸਕਦੇ ਸੀ। ਇਸ ਕਰਕੇ ਮੈਂ ਇਕ ਮੂਸਲ ਲੱਭ ਲਿਆ ਸੀ ਤਾਂ ਜੋ ਸਿਗਨਲ ਦੀ ਬੱਤੀ ਬਾਲ ਸਕਾਂ। ਦੂਜੀ ਗੱਲ, ਇਕ ਬਕਤਰਬੰਦ ਗੱਡੀ ਨੇ, ਜਿਸ ਵਿਚ ਸੇਧ ਦਾ ਪਤਾ ਲਾਉਣ ਵਾਲੇ ਯੰਤਰ ਲੱਗੇ ਹੋਏ ਸਨ, ਤੁਹਾਡਾ ਪਤਾ ਲਾ ਲਿਆ ਸੀ।ਤੁਹਾਨੂੰ ਲੱਭਦਿਆਂ ਉਹਨੇ ਸਾਰਾ ਇਲਾਕਾ ਛਾਂਟ ਮਾਰਿਆ ਸੀ, ਆਖੀਰ ਮੈਂ ਇਕ ਗਰਨੇਡ ਸੁੱਟ ਦਿੱਤਾ ਉਹਦੇ ਉੱਤੇ। ਤੀਜੀ ਗੱਲ..”

“ਤੀਜੀ ਗੱਲ ਕੀ ?” ਮਿਖਾਇਲੋਵਾ ਨੇ ਤਿੱਖੀ ਅਵਾਜ਼ ਵਿਚ ਪੁੱਛਿਆ।

“ਤੀਜੀ ਗੱਲ,” ਕਪਤਾਨ ਨੇ ਗੰਭੀਰ ਹੋ ਕੇ ਆਖਿਆ, “ਤੁਸੀਂ ਬਹੁਤ ਚੰਗੀ ਕੁੜੀ ਹੋ।” ਅਤੇ ਉਸ ਨੇ ਫੌਰਨ ਕਾਟਵੀਂ ਅਵਾਜ਼ ਵਿਚ ਇਹ ਵੀ ਕਹਿ ਦਿੱਤਾ, “ਪਰ ਤੁਸੀਂ ਇਹ ਕਦੇ ਸੁਣਿਆ ਹੈ ਕਿ ਕੋਈ ਇਸ ਤੋਂ ਵੱਖਰਾ ਸਲੂਕ ਕਰੇ ?”

ਮਿਖਾਇਲੋਵਾ ਉੱਠ ਕੇ ਬਹਿ ਗਈ, ਆਪਣੇ ਕੱਪੜੇ ਉਸ ਨੇ ਆਪਣੇ ਹਿੱਕ ਨਾਲ਼ ਚੰਬੇੜ ਲਏ, ਲਿਸ਼ਕਦੀਆਂ ਅੱਖਾਂ ਨਾਲ਼ ਕਪਤਾਨ ਵੱਲ ਵੇਖਿਆ ਤੇ ਉੱਚੀ ਅਵਾਜ਼ ਵਿਚ ਸਪੱਸ਼ਟ ਕਰ ਕੇ ਆਖਿਆ:

“ਪਤਾ ਜੇ, ਮੇਰਾ ਖਿਆਲ ਏ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆਂ।”

ਕਪਤਾਨ ਨੇ ਮੂੰਹ ਦੂਜੇ ਪਾਸੇ ਕਰ ਲਿਆ।ਉਸ ਦੇ ਕੰਨ ਚਿੱਟੇ ਹੋ ਗਏ ਸਨ।

“ਤੁਸੀਂ ਛੱਡੋ ਇਸ ਗੱਲ ਨੂੰ।”

“ਮੈਂ ਤੁਹਾਨੂੰ ਐਵੇਂ ਨਹੀਂ ਕਹਿੰਦੀ। ਮੈਂ ਸੱਚੀ ਤੁਹਾਨੂੰ ਪਿਆਰ ਕਰਦੀ ਆਂ,” ਮਿਖਾਇਲੋਵਾ ਨੇ ਫਖ਼ਰ ਨਾਲ਼ ਆਖਿਆ।

ਕਪਤਾਨ ਨੇ ਅੱਖਾਂ ਉੱਪਰ ਕੀਤੀਆਂ, ਅਤੇ ਭਰਵੱਟਿਆਂ ਹੇਠੋਂ ਦੀ ਉਹਦੇ ਵੱਲ ਵੇਖ ਕੇ, ਸੰਗਦਿਆਂ ਸੰਗਦਿਆਂ ਆਖਿਆ:

“ਜੋ ਕੁਝ ਮੈਂ ਸੋਚਦਾ ਹਾਂ ਉਹ ਬਹੁਤੀ ਵਾਰੀ ਕਹਿਣ ਦਾ ਹੌਂਸਲਾ ਨਹੀਂ ਪੈਂਦਾ, ਤੇ ਇਹ ਬਹੁਤ ਬੁਰੀ ਗੱਲ ਹੈ।”

ਖੜੇ ਹੋ ਕੇ ਉਸ ਨੇ ਇਕ ਵਾਰੀ ਫੇਰ ਸਖ਼ਤ ਅਵਾਜ਼ ਵਿਚ ਆਖਿਆ:

“ਘੋੜੇ ਦੀ ਸਵਾਰੀ ਕਰ ਸਕਦੇ ਹੋ ?”

“ਨਹੀਂ,” ਮਿਖਾਇਲੋਵਾ ਨੇ ਆਖਿਆ।

“ਕਰਨੀ ਪੈਣੀ ਜੇ,” ਕਪਤਾਨ ਨੇ ਆਖਿਆ।

“ਗਾਵਰੀਊਸ਼ਾ, ਛਾਪੇਮਾਰ,” ਇਕ ਮਧਰੇ, ਜੱਤਲ ਆਦਮੀ ਨੇ ਜਿਸ ਦੀਆਂ ਹੱਸਦਿਆਂ ਅੱਖਾਂ ਭੀਚੀਆਂ ਹੋਈਆਂ ਸਨ ਆਪਣੀ ਜਾਣ-ਪਛਾਣ ਕਰਾਉਂਦਿਆਂ ਆਖਿਆ।ਉਸ ਨੇ ਪਤਲੇ-ਪਤਲੇ, ਲੰਡੀ ਪੂਛ ਵਾਲੇ ਜਰਮਨ ਸ਼ਿਕਾਰੀ ਘੋੜਿਆਂ ਦੀਆਂ ਵਾਗਾਂ ਫੜੀਆਂ ਹੋਈਆਂ ਸਨ।ਮਿਖਾਇਲੋਵਾ ਦੀ ਤੱਕਣੀ ਦੇ ਅੰਦਾਜ਼ ਨੂੰ ਭਾਂਪ ਕੇ, ਉਹਨੇ ਆਖਿਆ, “ਮਾਫ਼ ਕਰਨਾ, ਮੈਂ ਬੂਹਸ਼ ਜਿਹਾ ਬਣਿਆ ਹੋਇਆਂ। ਜਰਮਨਾਂ ਨੂੰ ਏਥੋਂ ਬਾਹਰ ਧੱਕ ਲਈਏ, ਫੇਰ ਮੈਂ ਹਜਾਮਤ ਕਰਾਵਾਂਗਾ।ਬਹੁਤ ਵਧੀਆ ਨਾਈ ਦੀ ਦੁਕਾਨ ਏ ਸਾਡੇ।ਤੇ ਕੇਡਾ ਕਮਾਲ ਦਾ ਸ਼ੀਸ਼ਾ ਰੱਖਿਆ ਹੋਇਐ ਉਹਨੇ ! ਪੂਰਾ ਆਦਮ ਕੱਦ !”

ਉਸ ਨੇ ਜਲਦੀ ਜਲਦੀ ਹੱਥ ਪੈਰ ਮਾਰ ਕੇ ਮਿਖਾਇਲੋਵਾ ਨੂੰ ਕਾਠੀ 'ਤੇ ਬਿਠਾਇਆ, ਤੇ ਡੌਰ-ਭੌਰ ਜਿਹਾ ਹੋ ਕੇ ਹੌਲੀ ਜਿਹੀ ਬੋਲਿਆ:

“ਪੂਛ ਬਾਰੇ ਨਾ ਸੋਚੋ ਤੁਸੀਂ। ਅਸਲੀ ਘੋੜਾ ਏ ਬਿਲਕੁਲ। ਬਸ ਏਹਨਾਂ ਦੀ ਪੂਛ ਕੱਟ ਛੱਡਦੇ ਨੇ।ਮੈਂ ਪੈਦਲ ਚੱਲਾਂਗਾ।ਮੈਂ ਆਕੜ ਖਾਂ ਬੰਦਾ ਆਂ, ਲੰਡੇ ਘੋੜੇ ਦੀ ਸਵਾਰੀ ਪ੍ਰੇਸ਼ਾਨ ਕਰੇਗੀ। ਏਥੇ ਲੋਕ ਬੜੇ ਮਖੌਲੀਏ ਨੇ।ਉਹਨਾਂ ਨੇ ਤਾਂ ਲੜਾਈ ਤੋਂ ਮਗਰੋਂ ਵੀ ਮੈਨੂੰ ਟਿਚਰਾਂ ਕਰਨੋ ਨਹੀਂ ਬਾਜ਼ ਆਉਣਾ।”

ਖਾਮੋਸ਼ ਤੇ ਉੱਜਲੀ ਪ੍ਰਭਾਤ ਸੀ, ਹਵਾ ਵਿਚ ਨਿੱਘੀ ਮਿੱਟੀ ਤੇ ਰੁੱਖਾਂ ਵਿਚੋਂ ਨਿਕਲਦੀ ਲਕੜ ਦੀ ਮਹਿਕ ਘੁਲੀ ਹੋਈ ਸੀ। ਮਿਖਾਇਲੋਵਾ ਕਾਠੀ ਵਿਚੋਂ ਕਪਤਾਨ ਵੱਲ ਉੱਲਰੀ ਤੇ ਭਾਵਕ ਹੋ ਕੇ ਆਖਿਆ:

“ਮੈਂ ਹੁਣ ਠੀਕ ਆਂ।” ਅਤੇ ਕਪਤਾਨ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ, ਸੰਗਾਊ ਮੁਸਕਾਨ ਨਾਲ਼ ਹੌਲੀ ਜਿਹੀ ਬੋਲੀ, “ਮੈਂ ਹੁਣ ਬਹੁਤ ਖੁਸ਼ ਆਂ।”

“ਹਾਂ, ਕਿਉਂ ਨਹੀਂ,” ਕਪਤਾਨ ਨੇ ਆਖਿਆ, “ਤੁਹਾਨੂੰ ਅਜੇ ਹੋਰ ਖੁਸ਼ੀਆਂ ਹਾਸਿਲ ਹੋਣਗੀਆਂ।”

ਛਾਪੇਮਾਰ ਨੇ ਵਾਗਾਂ ਫੜ ਲਈਆਂ ਸਨ, ਤੇ ਕਪਤਾਨ ਦੇ ਘੋੜੇ ਦੇ ਨਾਲ਼-ਨਾਲ਼ ਤੁਰਿਆ ਜਾ ਰਿਹਾ ਸੀ। ਅਚਨਾਕ ਧਿਆਨ ਉਪਰ ਵੱਲ ਕਰ ਕੇ ਉਸ ਨੇ ਦੱਸਿਆ:

“ਪਹਿਲਾਂ ਮੈਥੋਂ ਕੁੱਕੜ ਦੀ ਧੌਣ ਨਹੀਂ ਸੀ ਮਰੋੜੀ ਜਾਂਦੀ। ਇਕ ਸੰਗੀਤ ਮੰਡਲੀ ਵਿਚ ਮੈਂ ਉੱਚੀ ਭਾਰੀ ਅਵਾਜ਼ ਵਿਚ ਗਾਉਂਦਾ ਹੁੰਦਾ ਸਾਂ। ਸ਼ਹਿਦ ਦੀਆਂ ਮੱਖੀਆਂ ਪਾਲ਼ਿਆ ਕਰਦਾ ਸਾਂ। ਇਹ ਬੜਾ ਸੋਚਾਂ ਜਗਾਉਣ ਵਾਲਾ ਧੰਦਾ ਏ।ਤੇ ਹੁਣ ਮੈਂ ਅਨੇਕਾਂ ਨਾਜ਼ੀਆਂ ਦੀਆਂ ਧੌਣਾਂ ਲਾਹ ਛੱਡੀਆਂ ਜੇ!” ਉਸ ਨੇ ਆਪਣੇ ਹੱਥਾਂ ਨੂੰ ਝਟਕਿਆ।“ਹੁਣ ਮੈਂ ਰੋਹ ਵਿਚ ਆਇਆ, ਦੁਖੀ ਆਦਮੀ ਆਂ।”

ਸੂਰਜ ਹੋਰ ਉੱਚਾ ਹੋ ਗਿਆ ਸੀ। ਭੂਰੇ ਰੰਗ ਦੇ ਝਾੜ ਝਖਾੜ ਵਿਚ ਹਰੀਆਂ ਕਰੂੰਬਲਾਂ ਫੁੱਟਣ ਲੱਗ ਪਈਆਂ ਸਨ ਜਿਨ੍ਹਾਂ ਨੂੰ ਵੇਖ ਕੇ ਰੂਹ ਖਿੜ ਜਾਂਦੀ ਸੀ।ਜਰਮਨ ਘੋੜਿਆਂ ਨੇ ਕੰਨ ਪਿਛਾਂਹ ਨੂੰ ਦਬਾਏ ਤੇ ਡਰ ਕੇ ਕੰਬ ਉੱਠੇ। ਉਹ ਵੱਡੇ ਵੱਡੇ ਰੁੱਖਾਂ ਤੋਂ ਤ੍ਰਹਿੰਦੇ ਸਨ ਜਿਨ੍ਹਾਂ ਦੇ ਸੰਘਣੇ ਪਰਛਾਵੇਂ ਜ਼ਮੀਨ ਉੱਤੇ ਪੈ ਰਹੇ ਸਨ।

ਜਦੋਂ ਕਪਤਾਨ ਹਸਪਤਾਲ ਤੋਂ ਆਪਣੇ ਯੂਨਿਟ ਵਿਚ ਵਾਪਸ ਆਇਆ ਤਾਂ ਉਹ ਆਪਣੇ ਸਾਥੀਆਂ ਦੀ ਪਛਾਣ ਵਿਚ ਨਹੀਂ ਸੀ ਆਇਆ।ਉਹ ਬੜਾ ਖੁਸ਼, ਬੜਾ ਭਾਵਕ ਹੋਇਆ ਤੇ ਬੜੀਆਂ ਗੱਲਾਂ ਕਰ ਰਿਹਾ ਸੀ।ਉਹ ਉੱਚੀ-ਉੱਚੀ ਹੱਸਦਾ ਸੀ, ਮਖੌਲ ਕਰਦਾ ਸੀ, ਤੇ ਹਰ ਇਕ ਨਾਲ਼ ਦਿਲ ਖੁਸ਼ ਕਰਨ ਵਾਲ਼ੇ ਬੋਲ ਸਾਂਝੇ ਕਰਦਾ ਸੀ। ਅਤੇ ਉਸ ਦੀਆਂ ਅੱਖਾਂ ਹਰ ਪਲ ਕਿਸੇ ਨੂੰ ਲੱਭਦੀਆਂ ਰਹੀਆਂ ਸਨ। ਇਹ ਵੇਖ ਕੇ ਉਹਦੇ ਸਾਥੀਆਂ ਨੇ ਬੁਝ ਲਿਆ ਕਿ ਮਾਮਲਾ ਕੀ ਹੈ ਅਤੇ ਬਿਲਕੁਲ ਸਰਸਰੀ ਢੰਗ ਨਾਲ਼ ਇਹ ਗੱਲ ਛੱਡ ਦਿੱਤੀ

“ਮਿਖਾਇਲੋਵਾ, ਇਕ ਹੋਰ ਮਿਸ਼ਨ ਉੱਤੇ ਗਈ ਹੋਈ ਹੈ।”

ਇਕ ਪਲ ਵਾਸਤੇ ਕਪਤਾਨ ਦੇ ਚਿਹਰੇ ਉੱਤੇ ਇਕ ਤਲਖ ਝਰਨਾਹਟ ਥਿਰਕ ਗਈ ਤੇ ਓਸੇ ਵੇਲ਼ੇ ਗਾਇਬ ਹੋ ਗਈ। ਉਸ ਨੇ ਉਚੇਚਾ ਕਿਸੇ ਵੱਲ ਵੇਖੇ ਬਗੈਰ ਹੀ ਉੱਚੀ ਸਾਰੀ ਆਖਿਆ:

“ਬੜੀ ਦਲੇਰ ਕੁੜੀ ਹੈ।ਹੋਰ ਕੀ ਆਖੀਏ।” ਅਤੇ ਆਪਣੀ ਕਮੀਜ਼ ਨੂੰ ਠੀਕ ਕਰਦਾ ਹੋਇਆ ਆਪਣੀ ਵਾਪਸੀ ਦੀ ਰਿਪੋਰਟ ਕਰਨ ਲਈ ਕਮਾਂਡਿੰਗ ਅਫ਼ਸਰ ਦੇ ਦਫ਼ਤਰ ਵੱਲ ਚਲਾ ਗਿਆ।

  • ਮੁੱਖ ਪੰਨਾ : ਵਾਦੀਮ ਕੋਜ਼੍ਹੇਵਨੀਕੋਵ ਦੀਆਂ ਰੂਸੀ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •