Mera Habib (Punjabi Story) : Navtej Singh

ਮੇਰਾ ਹਬੀਬ (ਕਹਾਣੀ) : ਨਵਤੇਜ ਸਿੰਘ

“ਤੈਨੂੰ ਪਤਾ ਈ ਏ ਨਾ- ਪਾਕਿਸਤਾਨ ਦਾ ਆਜ਼ਾਦੀ-ਦਿਨ ਸਾਡੇ ਆਜ਼ਾਦੀ-ਦਿਨ ਤੋਂ ਇਕ ਦਿਨ ਪਹਿਲਾਂ ਹੁੰਦਾ ਏ...."
"ਪਤਾ ਨਹੀਂ ਉਹ ਪਾਕਿਸਤਾਨ ਦਾ ਦੂਜਾ ਆਜ਼ਾਦੀ-ਦਿਨ ਸੀ ਜਾਂ ਤੀਜਾ ਹੋਣਾ ਏਂ। ਓਦੋਂ ਮੈਂ ਲੰਡਨ ਸਾਂ ਤੇ ਹਬੀਬ ਨਾਲ ਪਾਕਿਸਤਾਨ ਦੇ ਆਜ਼ਾਦੀ-ਦਿਨ ਦੇ ਜਲਸੇ ਵਿਚ ਸ਼ਾਮਿਲ ਹੋਈ ਸਾਂ।
"ਤੇ ਜਿਵੇਂ ਬਹੁਤ ਵਾਰੀ ਹੁੰਦਾ ਸੀ, ਹਬੀਬ ਨੇ ਗੌਣਾ- ਰਾਬਿੰਦਰ ਸੰਗੀਤ, ਤੇ ਉਹਨੇ ਮੈਨੂੰ ਨੱਚਣ ਲਈ ਆਖਣਾ ਤੇ ਮੈਂ ਨੱਚਣ ਲੱਗ ਪੈਣਾ; ਓਵੇਂ ਈ ਓਥੇ ਪਾਕਿਸਤਾਨ ਦੇ ਆਜ਼ਾਦੀ-ਦਿਨ ਉੱਤੇ ਹੋਇਆ। ਹਬੀਬ ਮੈਨੂੰ ਆਪਣੇ ਨਾਲ ਸਟੇਜ ਉੱਤੇ ਲੇ ਗਿਆ ਤੇ ਜਦੋਂ ਉਹਨੇ ਗੌਣਾ ਸ਼ੁਰੂ ਕੀਤਾ, ਮੈਂ ਸੁਭਾਵਕ ਹੀ ਉਹਦੇ ਨਾਲ ਨੱਚਣ ਲੱਗ ਪਈ।
"ਆਹ! ਕਿਹੋ ਜਿਹਾ ਗੌਣ ਸੀ ਉਹ! ਆਜ਼ਾਦੀ ਦਾ ਇਕ ਗੀਤ, ਧਰਤੀ ਦੇ ਪਿਆਰ ਦਾ ਗੀਤ, ਤੇ ਹਬੀਬ ਦੀ ਆਵਾਜ਼...ਮੈਂ ਨਾਚ ਵਿਚ ਗੁਆਚ ਗਈ।
"ਹਬੀਬ, ਪੂਰਬੀ ਬੰਗਾਲ ਤੋਂ ਵਲੈਤ ਪੜ੍ਹਨ ਆਇਆ ਹੋਇਆ ਸੀ। ਉਹ ਸ਼ੇਖ਼ ਸੀ, ਤੇ ਮੈਂ ਪੰਜਾਬੀ ਬਰਾਹਮਣ ਕੁੜੀ।
"ਕਦੇ ਸ਼ੇਖ ਤੇ ਬਰਾਹਮਣ ਇਕੱਠੇ ਗੌਣ ਤੇ ਨੱਚਣ- ਕਵੀਆਂ ਦੀ ਇਹ ਤਾਂਘ ਮੈਂ ਪੜ੍ਹੀ ਹੋਈ ਸੀ। ਤੇ ਉਸ ਦਿਨ ਮੈਂ ਇਕ ਬਰਾਹਮਣ ਕੁੜੀ, ਤੇ ਹਬੀਬ, ਮੇਰਾ ਸ਼ੇਖ ਦੋਸਤ, ਅਸੀਂ ਦੋਵੇਂ ਰਲ ਕੇ ਪਹਿਲਾਂ ਨਾਲੋਂ ਕਿਤੇ ਚੰਗਾ ਗੰਵੇ ਤੇ ਨੱਚੇ ਸਾਂਤੇ ਇਹ ਪਾਕਿਸਤਾਨ ਦਾ ਆਜ਼ਾਦੀ ਦਿਨ ਸੀ... "ਰਾਤੀਂ ਜਦੋਂ ਮੈਂ ਹੋਸਟਲ ਪਰਤੀ, ਮੇਰੇ ਨੱਚਣ ਦੀ ਸੋਅ ਮੇਰੇ ਤੋਂ ਪਹਿਲਾਂ ਮੇਰੀ ਕਮਰਾਸਾਥਣ ਕੋਲ ਪੁਜ ਚੁੱਕੀ ਸੀ। ਉਹਨੇ ਮੈਨੂੰ ਬੜਾ ਝਾੜਿਆ, ‘ਅਜੀਬ ਸਿੱਧੜ ਏਂ ਤੂੰ! ਅੱਜ ਪਾਕਿਸਤਾਨ ਦੇ ਆਜ਼ਾਦੀ-ਦਿਨ ਉੱਤੇ ਵੀ ਨੱਚ ਆਈਂ ਏਂ! ਕਦੇ ਤਾਂ ਕੁਝ ਸੋਚ ਸਮਝ ਲਿਆ ਕਰ! ਆਪਣੇ ਉਸ ਦਾੜ੍ਹੀ ਵਾਲੇ ਮੁਸਲਮਾਨ ਦੋਸਤ ਦੀ ਦੋਸਤੀ ਕਰਕੇ ਤੈਨੂੰ ਆਪਣੇ ਤੇ ਪਰਾਏ ਦੇਸ ਦੀ ਤਮੀਜ਼ ਭੁੱਲ ਗਈ ਏ!"
"ਮੈਨੂੰ ਇਸ ਕਮਰਾ-ਸਾਥਣ ਦੀਆਂ ਸਿਆਣੀਆਂ ਗੱਲਾਂ ਕਈ ਵਾਰ ਸਮਝ ਨਹੀਂ ਸਨ ਪੈਂਦੀਆਂ ਹੁੰਦੀਆਂ। ਪਹਿਲਾਂ ਕਦੇ ਮੈਂ ਉਹਦੇ ਨਾਲ ਅੱਗੋਂ ਦਲੀਲਬਾਜ਼ੀ ਨਹੀਂ ਸੀ ਕੀਤੀ, ਪਰ ਅੱਜ ਮੈਂ ਉਹਨੂੰ ਆਖ ਹੀ ਦਿੱਤਾ, ‘ਆਜ਼ਾਦੀ ਦੀ ਕੋਈ ਵੰਡ ਨਹੀਂ ਹੁੰਦੀ। ਜਿੱਥੇ ਵੀ ਕਿਤੇ ਲੋਕ ਆਜ਼ਾਦ ਹੁੰਦੇ ਨੇ, ਮੇਰੇ ਪੈਰਾਂ ਵਿਚ ਨਾਚ ਮਚ ਪੈਂਦਾ ਏ- ਤੇ ਫੇਰ ਇਹ ਤਾਂ ਸਾਡੇ ਆਪਣੇ ਹੀ ਲੋਕ ਨੇ, ਇਕ ਤਰ੍ਹਾਂ ਸਾਡਾ ਆਪਣਾ ਹੀ ਦੇਸ਼...
"ਓਦੋਂ ਤੱਕ ਹਾਲੀਂ ਮੈਂ ਆਪਣੇ ਦੇਸ਼ ਕਦੇ ਨਹੀਂ ਸਾਂ ਆਈ ਹੋਈ। ਤੈਨੂੰ ਪਤਾ ਹੀ ਏ ਮੈਨ ਅਫ਼ਰੀਕਾ ਵਿਚ ਹੀ ਜੰਮੀ ਪਲੀ ਹਾਂ। ਪਰ ਆਪਣੇ ਦੇਸ਼ ਦੀ ਆਜ਼ਾਦੀ ਲਹਿਰ ਬਾਰੇ ਮੈਂ ਬੜਾ ਕੁਝ ਪੜ੍ਹਿਆ ਤੇ ਸੁਣਿਆ ਹੋਇਆ ਸੀ। ਆਪਣੇ ਦੇਸ਼ ਨਾਲ- ਜਿਹੜਾ ਹੁਣ ਭਾਰਤ ਤੇ ਪਾਕਿਸਤਾਨ ਵਿਚ ਵੰਡਿਆ ਗਿਆ ਏ- ਇਹ ਆਜ਼ਾਦੀ ਲਹਿਰ ਹੀ ਮੇਰਾ ਸਬੰਧ ਜੋੜਦੀ ਸੀ। ਮੈਂ ਖੁਸ਼ ਸਾਂ ਕਿ ਅੱਜ ਉਸ ਹਿੰਦੋਸਤਾਨ ਦੀ ਆਜ਼ਾਦੀ ਦਾ ਦਿਨ ਸੀ ਜਿਹੜਾ ਹੁਣ ਪਾਕਿਸਤਾਨ ਏਤੇ ਕੱਲ੍ਹ ਉਸ ਹਿੰਦੋਸਤਾਨ ਦਾ ਆਜ਼ਾਦੀ ਦਿਨ ਹੋਏਗਾ, ਜਿਹੜਾ ਹੁਣ ਭਾਰਤ ਏ - ਤੇ ਦੋਵੇਂ ਮੇਰੇ ਈ ਸਨ, ਤੇ ਮੈਂ ਦੋਵਾਂ ਦੇ ਲੋਕਾਂ ਦੀ ਖੁਸ਼ੀ ਨਾਲ ਨੱਚਾਂਗੀ...
"ਜਿਨ੍ਹੀਂ ਦਿਨੀਂ ਮੈਂ ਹਬੀਬ ਨੂੰ ਪਹਿਲਾਂ ਪਹਿਲ ਮਿਲੀ ਸਾਂ...ਬੜੇ ਹੀ ਅਲੋਕਾਰ ਦਿਨ ਸਨ ਉਹ। ਮੇਰੀ ਜਵਾਨੀ ਜਾਗਣ ਦੇ ਦਿਨ, ਸਰੀਰ ਦੀ ਸੋਝੀ ਦੇ ਨਾਲ ਨਾਲ ਮਨ ਦੇ ਸੁੱਝਣ ਹੋਣ ਦੇ ਦਿਨ- ਓਦੋਂ ਜਿਵੇਂ ਕਿਤੇ ਖੰਭ ਉੱਗ ਆਏ ਸਨ ਮੇਰੇ ਮੋਢਿਆਂ ‘ਤੇ। ਜਿੱਥੇ ਵੀ ਗੁਲਾਮੀ ਸੀ, ਅਨਿਆਂ ਸੀ, ਜ਼ੰਜੀਰਾਂ ਸਨ, ਬਦਬੂ ਸੀ, ਕੋਈ ਫੁੱਲਾਂ ਨੂੰ ਮਿੱਧਦਾ ਸੀ, ਓਥੇ ਜਿਵੇਂ ਮੈਂ ਉੱਡ ਕੇ ਪੁਜ ਸਕਦੀ ਸਾਂ, ਸਚਾਈ ਲਈ ਜੂਝ ਸਕਦੀ ਸਾਂ- ਤੇ ਹਬੀਬ ਮੇਰੇ ਅੰਗ ਸੰਗ ਸੀ।
"ਹਬੀਬ ਓਦੋਂ ਮੇਰੇ ਕੋਲੋਂ ਕੁਝ ਵੀ ਮੰਗਦਾ, ਮੈਂ ਸਭ ਕੁਝ ਉਸ ਨੂੰ ਦੇ ਸਕਦੀ ਸਾਂ।
"ਹਬੀਬ ਦਾ ਰੰਗ ਸਾਂਵਲਾ, ਬਰੀਕ ਨਕਸ਼ਾਂ ਵਾਲਾ ਬੁਧੀਮਾਨ ਚਿਹਰਾ ਤੇ ਦਾੜ੍ਹੀ...ਤੈਨੂੰ ਪਤਾ ਈ ਏ, ਮੈਂ ਧਰਮਾਂ (ਵਿਚ ਉਸ ਤਰ੍ਹਾਂ ਨਹੀਂ ਪੈਂਦੀ), ਓਦੋਂ ਵੀ ਇੰਝ ਈ ਸਾਂ- ਪਰ ਹਬੀਬ ਮੈਨੂੰ ਕੋਈ ਸੰਤ, ਕੋਈ ਮਹਾਤਮਾ ਜਾਪਦਾ ਸੀ। ਇਸ ਅਹਿਸਾਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ, ਇਸਦਾ ਵਾਸਤਾ ਮਨੁੱਖੀ ਕਦਰਾਂ ਨਾਲ ਸੀ, ਸੂਝ ਦੇ ਜਲਾਲ ਨਾਲ ਸੀ....
"ਤੇ ਜ਼ਿੰਦਗੀ ਓਦੋਂ ਇਕ ਨਗਮਾ ਸੀ, ਇਕ ਨਾਚ, ਤੇ ਸਚਾਈ ਲਈ ਜਦੋ-ਜਹਿਦ, ਤੇ ਅਸੀਂ ਦੋਵੇਂ ਜਿਵੇਂ ਇਨਸਾਨੀਅਤ ਦੇ ਆਰਕੈਸਟਰੇ ਵਿਚ ਵੱਜ ਰਹੇ ਦੋ ਸਾਜ਼ ਸਾਂ, ..ਦੋ ਇਕ-ਸੁਰ ਸਾਜ਼...
"ਜਦੋਂ ਗਰਮੀਆਂ ਦੀਆਂ ਛੁੱਟੀਆਂ ਆਈਆਂ ਤਾਂ ਅਸਾਂ ਦੋਵਾਂ ਸਵਿਜਰ.ਲੈਂਡ ਵਿਚ ਛੁੱਟੀਆਂ ਬਿਤਾਣ ਦੀ ਸਲਾਹ ਬਣਾਈ।
"ਹਬੀਬ ਨੇ ਕਿਹਾ, ’ਤੂੰ ਕਈ ਵਾਰ ਖੁੱਲ੍ਹ ਕੇ ਨਹੀਂ ਗੌਂਦੀ। ਇੱਥੇ ਲੰਡਨ ਵਿਚ ਸਾਡੇ ਆਲੇਦੁਆਲੇ ਇਕ ਭੀੜ ਹੁੰਦੀ ਏ ਤੇ ਇਸ ਭੀੜ ਵਿਚ ਤੇਰੀ ਕਮਰਾ-ਸਾਥਣ ਵਰਗੇ ਸਿਆਣੇ ਲੋਕ ਬਹੁਤ ਹੁੰਦੇ ਨੇ, ਜਿਹੜੇ ਹਰ ਤਰ੍ਹਾਂ ਦੀ ਤਮੀਜ਼ ਸਿਖਾਣਾ ਚਾਂਹਦੇ ਨੇ। ਤੇ ਇਨ੍ਹਾਂ ਸਭਨਾ ਵਿਚ ਕਈ ਵਾਰੀ ਖੁੱਲ੍ਹ ਕੇ ਗੌਣਾ ਤਾਂ ਇਕ ਪਾਸੇ, ਖੁਲ੍ਹ ਕੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਏ। ਸਵਿਟਜ਼ਰਲੈਂਡ ਦੇ ਬਨਾਂ ਵਿਚ ਤੂੰ ਤੇ ਮੈਂ ਖੂਬ ਖੁਲ੍ਹ ਕੇ ਗੰਵਾਂਗੇ। ਤੇ ਨਾਲੇ ਮੈਂ ਤੈਨੂੰ ਬੰਗਾਲੀ ਸਿਖਾਵਾਂਗਾ, ਤੇ ਤੂੰ ਮੈਨੂੰ ਪੰਜਾਬੀ ਸਿਖਾਈਂਫੇਰ ਅਸੀਂ ਅੰਗਰੇਜ਼ੀ ਵਿਚ ਨਹੀਂ, ਆਪੋ ਆਪਣੀ ਬੋਲੀ ਵਿਚ ਇਕ ਦੂਜੇ ਨਾਲ ਗੱਲਾਂ ਕਰਿਆ ਕਰਾਂਗੇ।"
"ਤੇ ਸਵਿਟਜ਼ਰਲੈਂਡ...ਉਹਦੇ ਬਨ...ਉਦੇ ਪਹਾੜ, ਹਬੀਬ ਤੇ ਮੈਂ, ਤੇ ਬੰਗਾਲੀ ਤੇ ਪੰਜਾਬੀ, ਤੇ ਸਾਡੇ ਗੀਤ....
"ਜਦੋਂ ਅਸੀਂ ਇਕ ਦੂਜੇ ਦੀ ਬੋਲੀ ਸਿੱਖ ਰਹੇ ਹੁੰਦੇ ਤਾਂ ਸਾਨੂੰ ਜਾਪਦਾ ਜਿਵੇਂ ਅਸੀਂ ਧੁੰਦ ਵਿਚ ਇਕੱਠੇ ਤੁਰ ਰਹੇ ਹੋਵੀਏ- ਕੁਝ ਦਿਸ ਰਿਹਾ ਸੀ, ਕੁਝ ਨਹੀਂ ਸੀ ਦਿਸਦਾ..
"ਤੇ ਅਸੀਂ ਸੂਰਜ ਦੇ ਚੜ੍ਹਾਅ ਨੂੰ, ਸਵੇਰ ਦੇ ਫੁੱਲਾਂ ਨੂੰ, ਦੁਪਹਿਰ ਦੇ ਚਾਨਣ ਤੇ ਸ਼ਾਮ ਦੇ ਪੰਛੀਆਂ ਨੂੰ, ਸੂਰਜ ਅਸਤ ਤੇ ਤ੍ਰਕਾਲਾਂ ਦੇ ਪਹਿਲੇ ਤਾਰੇ ਨੂੰ- ਸਭ ਨੂੰ ਖੁਲ੍ਹ ਕੇ ਗੰਵੇ ਸਾਂਝੇ ਗੀਤਾਂ ਨਾਲ ‘ਹੈਲੋ’ ਆਖਦੇ; ਤੇ ਫੇਰ ਰਾਤ ਆਉਂਦੀ ਤੇ ਸਾਡੇ ਗੀਤ ਉਦੋਂ ਮਖਮਲੀ ਹਨੇਰੇ ਦੀ ਬੁਕਲ ਵਿਚ ਵੀ ਜਾਗਦੇ ਰਹਿੰਦੇ।
"ਇਕ ਦਿਨ ਅਸੀਂ ਦੋਵੇਂ ਨਦੀ ਵਿਚ ਨਹਾ ਕੇ ਬਾਹਰ ਨਿਕਲੇ। ਹਬੀਬ ਦੀ ਦਾੜ੍ਹੀ ਵਿਚ ਨਦੀ ਦੇ ਜਲ ਦੇ ਤੁਪਕੇ ਸਨ। ਉਹਦੇ ਸਾਂਵਲੇ ਬੁਲ੍ਹ ਸਿਲ੍ਹੇ ਤੇ ਵਧੇਰੇ ਸਾਂਵਲੇ ਹੋ ਚੁਕੇ ਸਨ, ਤੇ ਉਹਦੀਆਂ ਅੱਖਾਂ ਨੂੰ ਜਿਵੇਂ ਇਸ ਜਲ ਨੇ ਹੋਰ ਗਹਿਰਾਈ ਦੇ ਦਿੱਤੀ ਸੀ। ਉਹਨੇ ਮੇਰੇ ਦੋਵੇਂ ਹਥ ਫੜ ਲਏ, ਤੇ ਮੈਨੂੰ ਕਿਹਾ, "ਅਸੀਂ ਹਮੇਸ਼ਾ ਇਕ ਦੂਜੇ ਨੂੰ ਮੁਹੱਬਤ ਕਰਦੇ ਰਹਾਂਗੇ, ਪਰ ਮੁਹੱਬਤ ਵਿਚ ਕਦੇ ਡਿਗਾਂਗੇ ਨਹੀਂ..."
"ਊਂ..ਹੂੰ..ਇਹ ਫ਼ਿਕਰਾ ਤਰਜਮੇ ਵਿਚ ਕੁਝ ਨਹੀਂ ਬਣਦਾ। ਮੈਂ ਤੈਨੂੰ ਹਬੀਬ ਦਾ ਆਪਣਾ ਫ਼ਿਕਰਾ ਹੂ ਬ ਹੂ ਸੁਣਾਂਦੀ ਹਾਂ। ਉਹਨੇ ਅੰਗਰੇਜ਼ੀ ਵਿਚ ਕਿਹਾ ਸੀ: " We will always love each other, but we will not fall in love…" (ਅਸੀਂ ਇੱਕ ਦੂਜੇ ਨੂੰ ਪਿਆਰ ਤਾਂ ਹਮੇਸ਼ਾ ਕਰਦੇ ਰਹਾਂਗੇ ਪਰ ਸਾਨੂੰ ਇਕ ਦੂਜੇ ਨਾਲ ਪਿਆਰ ਨਹੀਂ ਹੋ ਜਾਵੇਗਾ)
"ਫੇਰ ਗਰਮੀਆਂ ਦੀਆਂ ਛੁੱਟੀਆਂ ਮੁਕ ਗਈਆਂ, ਤੇ ਸਾਨੂੰ ਲੰਡਨ ਦੀ ਭੀੜ ਵਿਚ ਆਣਾ ਪਿਆ। ਪਰ ਲੰਡਨ ਵਿਚ ਵੀ ਜਦ ਮੈਂ ਹਬੀਬ ਦੀਆਂ ਅੱਖਾਂ ਵਿਚ ਵੇਖਦੀ, ਉਨ੍ਹਾਂ ਵਿਚ ਨਦੀਓਂ ਨਹਾ ਕੇ ਨਿਕਲੇ ਬਿੰਦ ਵਾਲੀ ਗਹਿਰਾਈ ਮੈਨੂੰ ਲਭਦੀ।
"ਅਸੀਂ ਇਕ ਦੂਜੇ ਨਾਲ ਰਲ ਕੇ ਬੜੀਆਂ ਤਜਵੀਜ਼ਾਂ ਬਣਾਈਆਂ: ਇਮਤਿਹਾਨਾਂ ਤੋਂ ਬਾਅਦ ਅਸੀਂ ਇਕੱਠੇ ਗਾਵਾਂਗੇ, ਨੱਚਾਂਗੇ; ਅਫ਼ਰੀਕਾ ਦੀ ਆਜ਼ਾਦੀ-ਲਹਿਰ ਲਈ ਪੈਸੇ ਤੇ ਲੋਕਾਂ ਦੀ ਹਮਦਰਦੀ ਜੋੜਾਂਗੇ; ਅਸੀਂ ਹਿੰ-ਪਾਕ ਦੋਸਤੀ ਉਤੇ ਇਕ ਗੀਤ-ਨਾਟ ਤਿਆਰ ਕਰਾਂਗੇ ਤੇ ਇਹਨੂੰ ਇਕ ਦੇਸ਼ ‘ਚੋਂ ਬਣੇ ਦੋਵਾਂ ਦੇਸਾਂ ਦੇ ਸ਼ਹਿਰ ਸ਼ਹਿਰ, ਪਿੰਡ ਪਿੰਡ ਜਾ ਕੇ ਲੋਕਾਂ ਸਾਹਮਣੇ ਪੇਸ਼ ਕਰਾਂਗੇ। ਇਸ ਗੀਤ-ਨਾਟ ਵਿਚ ਖ਼ੀ ਰਾਮ ਬੋਸ ਹੋਵੇਗਾ, ਤੇ ਜਲ੍ਹਿਆਂਵਾਲਾ, ਤੇ ਭਗਤ ਸਿੰਘ...
"ਅਸੀਂ ਜਦੋਂ ਕਦੇ ਵੀ ਭਵਿਖ ਵਲ ਨੀਝ ਲਾਂਦੇ, ਤਾਂ ਸਾਨੂੰ ਦਿਸਦਾ: ਅਸੀਂ ਦੋਵੇਂ ਇਕੱਠੇ ਸਾਂ, ਕਦੇ ਧੁੰਦ ਵਿਚ, ਕਦੇ ਚਾਨਣੇ ਵਿਚ, ਪਰ ਸਦਾ ਇਕੱਠੇ, ਤੇ ਬਹੁਤੀ ਵਾਰ ਗੌਂ ਰਹੇ, ਨਚ ਰਹੇ...
"ਭਵਿੱਖ ਬਾਰੇ ਅਸੀਂ ਹੋਰ ਕੋਈ ਗੱਲ ਕਦੇ ਪੱਕੀ ਨਹੀਂ ਸੀ ਕੀਤੀ; ਹਾਂ ਹਬੀਬ ਮੈਨੂੰ ਸਦਾ ਇਹ ਕਹਿੰਦਾ, ‘ਤੇਰੀ ਥਾਂ ਅਫ਼ਰੀਕਾ ਵਿਚ ਨਹੀਂ, ਤੇਰੇ ਆਪਣੇ ਦੇਸ਼ ਵਿਚ ਏ। ਅਸੀਂ ਆਪੋ-ਆਪਣੇ ਦੇਸ਼ ਵਿਚ ਹੀ ਲੋਕਾਂ ਲਈ ਵਧ ਤੋਂ ਵਧ ਸਹਾਈ ਹੋ ਸਕਦੇ ਹਾਂ...’
"ਅਸੀਂ ਇਕ ਗੀਤ-ਨਾਟ ਦੀ ਤਿਆਰੀ ਵਿਚ ਰੁੱਝੇ ਹੋਏ ਸਾਂ ਕਿ ‘ਚਾਨਕ ਹਬੀਬ ਨੂੰ ਆਪਣੇ ਦੇਸ਼ੋਂ ਜ਼ਰੂਰੀ ਸੱਦਾ ਆ ਗਿਆ।
"ਹਬੀਬ ਦੀ ਮਾਂ-ਬੋਲੀ ਨਾਲ ਅਨਿਆਂ ਹੋ ਰਿਹਾ ਸੀ, ਤੇ ਉਹਨੂੰ ਉਹਦੀ ਪਾਰਟੀ ਬੁਲਾ ਰਹੀ ਸੀ, ਉਹਦਾ ਵਤਨ ਬੁਲਾ ਰਿਹਾ ਸੀ।
"ਜਿਹੜੇ ਗੀਤ ਉਹ ਗੌਂਦਾ ਹੁੰਦਾ ਸੀ-ਉਹੀ, ਜਿਹੜੇ ਉਨੇ ਮੈਨੂੰ ਵੀ ਖਾਏ ਸਨ- ਉਹ ਗੀਤ ਅਜ ਬਿਪਤਾ ਵਿਚ ਘਿਰੇ ਸਨ, ਉਨ੍ਹਾਂ ਗੀਤਾਂ ਦੀ ਜਬਾਨ, ਤੇ ਉਨ੍ਹਾਂ ਗੀਤਾਂ ਨੂੰ ਗੌਣ ਵਾਲੇ ਅਜ ਭਾਰੀ ਮੁਸੀਬਤ ਦਾ ਸ਼ਿਕਾਰ ਸਨ।
"ਤੇ ਹਬੀਬ ਆਪਣੇ ਲੋਕਾਂ ਨਾਲ ਰਲ ਕੇ ਇਸ ਮੁਸੀਬਤ ਦੇ ਖਿਲਾਫ਼ ਜੂਝਣ ਲਈ ਜਾ ਰਿਹਾ ਸੀ...
"‘ਅਲਵਿਦਾ! ਮੇਰੇ ਗੀਤ ਤੇਰੇ ਕੋਲ ਨੇ...’
" ‘ਤੇਰਾ ਬਹੁਤ ਕੁਝ ਮੇਰੇ ਕੋਲ ਏ, ਤੇ ਹਮੇਸ਼ਾ ਰਹੇਗਾ!’
‘ਅਲਵਿਦਾ...’
"ਤੇ ਹਬੀਬ ਚਲਾ ਗਿਆ।
"ਹੁਣ ਵੀਹ ਤੋਂ ਵੱਧ ਵਰ੍ਹੇ ਹੋ ਗਏ ਨੇ ਉਹਨੂੰ ਮਿਲਿਆਂ, ਉਹਦੇ ਨਾਲ ਇਕ ਬੋਲ ਵੀ ਸਾਂਝਾ ਕੀਤਿਆਂ...
"ਹਾਂ, ਇਸ ਸਾਰੇ ਸਮੇਂ ਵਿਚ- ਇਕ ਜੁਗ ਕਹਿ ਲਵਾਂ ਇਹਨੂੰ- ਇਕ ਵਾਰ ਮੈਨੂੰ ਉਹਦਾ ਖਤ ਆਇਆ ਸੀ।
"ਮੈਂ ਪੜ੍ਹਾਈ ਮੁਕਾ ਕੇ ਅਫ਼ਰੀਕਾ ਨਾ ਗਈ, ਤੇ ਆਪਣੇ ਦੇਸ਼ ਹੀ ਆ ਗਈ- ਜਿਵੇਂ ਹਬੀਬ ਨੇ ਕਿਹਾ ਚਾਹਿਆ ਸੀ। ਇਥੇ ਆ ਕੇ ਇਕ ਵਾਰ ਮੈਂ ਕਲਕੱਤੇ ਕਿਸੇ ਅਮਨ ਕਾਨਫ਼ਰੰਸ ਵਿਚ ਗਈ।
" ਇਸ ਕਾਨਫ਼ਰੰਸ ਵਿਚ ਪੂਰਬੀ ਬੰਗਾਲ ਤੋਂ ਵੀ ਇਕ ਪ੍ਰਤੀਨਿਧ ਆਇਆ ਹੋਇਆ ਸੀ। ਓਦੋਂ ਹਾਲੇ ਸਾਡੇ ਦੇਸ਼ਾਂ ਵਿਚਾਲੇ ਅਜਿਹੀ ਆਵਾਜਾਈ ਉੱਕੀ ਖਤਮ ਨਹੀਂ ਸੀ ਹੋਈ। ਮੈਂ ਉਸ ਕੋਲੋਂ ਹਬੀਬ ਦੀ ਸੁਖ ਸਾਂਦ ਪੁੱਛੀ।
" ਉਹ ਉਹਦਾ ਜਾਣੂ ਸੀ ਤੇ ਇਕ ਵਾਰ ਉਹਨੇ ਉਹਦੇ ਨਾਲ ਕੈਦ ਵੀ ਕੱਟੀ ਹੋਈ ਸੀ; ਪਰ ਹੁਣ ਉਹਨੂੰ ਨਹੀਂ ਸੀ ਪਤਾ ਕਿ ਹਬੀਬ ਕਿੱਥੇ ਆਪਣੇ ਲੋਕਾਂ ਲਈ ਕੰਮ ਕਰ ਰਿਹਾ ਸੀ।
"ਅਸੀਂ ਬੜਾ ਚਿਰ ਹਬੀਬ ਦੀਆਂ ਗੱਲਾਂ ਕਰਦੇ ਰਹੇ। ਉਹਨੇ ਮੈਨੂੰ ਦੱਸਿਆ ਕਿ ਕਿਵੇਂ ਅੰਡਰਗ੍ਰਾਉਂਡ ਕੰਮ ਕਰਨ ਲਈ ਹਬੀਬ ਨੇ ਦਾੜ੍ਹੀ ਕਟਵਾ ਦਿੱਤੀ ਸੀ।
"ਮੈਂ ਦਾੜ੍ਹੀ ਬਿਨਾਂ ਹਬੀਬ ਦਾ ਕਿਆਸ ਵੀ ਨਹੀਂ ਸਾਂ ਕਰ ਸਕਦੀ..."
"ਤੇ ਹਬੀਬ ਦੇ ਬੰਗਾਲ ਤੋਂ ਆਏ ਪ੍ਰਤੀਨਿਧ ਨੇ ਮੈਨੂੰ ਦੱਸਿਆ, ‘ਅਖੀਰ ਜਦੋਂ ਉਹ ਫੜਿਆ ਗਿਆ ਤਾਂ ਜੇਲ੍ਹ ਵਿਚ ਉਹਨੇ ਦਾੜ੍ਹੀ ਰਖ ਲਈ ਸੀ।
"ਮੇਰੇ ਸਾਹਮਣੇ ਉਸ ਵੇਲੇ ਸਵਿਟਜ਼ਰਲੈਂਡ ਦੀ ਇਕ ਨਦੀ ਵਿਚ ਨਹਾ ਕੇ ਨਿਕਲੇ ਹਬੀਬ ਦਾ ਚਿਹਰਾ ਸੀ, ਤੇ ਉਹਦੀ ਦਾੜ੍ਹੀ ਵਿਚ ਉਸ ਪਰਬਤੀ ਨਦੀ ਦੇ ਤੁਪਕੇ ਸਨ, ਤੇ ਉਹਦੇ ਸਾਂਵਲੇ ਬੁਲ੍ਹ ਸਿਲ੍ਹੇ ਤੇ ਹੋਰ ਵਧੇਰੇ ਸਾਂਵਲੇ....
"ਤੇ ਉਹਨੇ ਕਿਹਾ, ‘ਹਬੀਬ ਜਦੋਂ ਜੇਲ੍ਹ ਅੰਦਰ ਗੌਂਦਾ ਸੀ ਤਾਂ ਜਾਪਦਾ ਸੀ ਜਿਵੇਂ ਸਾਰੇ ਲੋਕ ਆਜ਼ਾਦ ਹੋ ਗਏ ਨੇ’।
"ਉਸਨੇ ਆਪਣੇ ਦੇਸ਼ ਪਰਤ ਕੇ ਕਿਤੋਂ ਹਬੀਬ ਨੂੰ ਲਭਿਆ ਹੋਏਗਾ, ਤੇ ਉਹਨੂੰ ਮੇਰਾ ਪਤਾ ਦਿਤਾ ਹੋਏਗਾ। ਤੇ ਇਸ ਤਰ੍ਹਾਂ ਅਖੀਰ ਇਕ ਦਿਨ ਮੈਨੂੰ ਹਬੀਬ ਦਾ ਖਤ ਆਇਆ।
"ਜਿਸ ਦਿਨ ਹਬੀਬ ਦਾ ਖਤ ਮੈਨੂੰ ਮਿਲਿਆ, ਉਸ ਤੋਂ ਇਕ ਦਿਨ ਪਹਿਲਾਂ ਮੇਰਾ ਵਿਆਹ ਸੀ।"
"ਤੇ ਵਿਆਹ, ਤੂੰ ਜਾਣਦਾ ਈ ਏਂ, ਬੜੀ ਹਫੜਾ ਦਫੜੀ ਹੁੰਦੀ ਏ- ਇਧਰੋਂ ਓਧਰ, ਤੇ ਓਧਰੋਂ ਏਧਰ।
" ਇਸ ਹਫੜਾ ਦਫੜੀ ‘ਚ ਕਿਤੇ ਮੇਰੇ ਕੋਲੋਂ ਹਬੀਬ ਦਾ ਖਤ ਗੁਆਚ ਗਿਆ।
"ਤੇ ਉਸ ਤੋਂ ਪਿਛੋਂ ਫੇਰ ਹਬੀਬ ਦਾ ਖਤ ਮੈਨੂੰ ਕਦੇ ਨਹੀਂ ਲਭਾ..
"ਹਬੀਬ- ਮੇਰਾ ਹਬੀਬ!"
(1971)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ