Muddh Kadeemi Geet (Telugu Story in Punjabi): G.R.Maharshi

ਮੁੱਢ ਕਦੀਮੀਂ ਗੀਤ (ਤੇਲੁਗੂ ਕਹਾਣੀ) : ਜੀ. ਆਰ. ਮਹਾਰਸ਼ੀ

ਇੱਕ ਵਾਰ ਦੀ ਗੱਲ ਹੈ ਕਿ ਇਸ ਧਰਤੀ 'ਤੇ ਇੱਕ ਜੰਗਲ ਹੁੰਦਾ ਸੀ।

ਉੱਥੇ ਅਸਮਾਨ ਨੂੰ ਝੰਜੋੜਨ ਵਾਲ਼ੇ ਰੁੱਖ, ਦਿਲਾਂ ਵਿੱਚ ਗੀਤ ਸਮਾਈ ਵਗਦੀਆਂ ਨਦੀਆਂ, ਕਿਸੇ ਨੂੰ ਨਿਰੰਤਰ ਪੁਕਾਰਦੇ ਆਬਸ਼ਾਰ, ਰੰਗਾਂ ਵਿੱਚ ਨਹਾਉਣ ਅਤੇ ਖੰਭਾਂ ਨਾਲ ਤਸਵੀਰਾਂ ਵਾਹੁਣ ਵਾਲੇ ਪੰਛੀ, ਕੰਨ ਕਰ ਹਵਾ ਦੀ ਸਰਸਰਾਹਟ ਸੁਣ ਵਿਸਮਾਦੀ ਹੋਏ ਫੁੱਲ, ਹਰ ਆਕਾਰ ਅਤੇ ਡੀਲ-ਡੌਲ ਦੇ ਜਾਨਵਰ, ਜੋ ਉਹਨਾਂ ਦੇ ਸਹਚਰ ਸਨ।

ਉਸ ਜੰਗਲ ਦੀ ਇੱਕ ਬਰਸਾਤੀ ਰਾਤ।

ਅਸਮਾਨੀ ਬਿਜਲੀ ਨੇ ਪੂਰੇ ਜੰਗਲ ਨੂੰ ਰੌਸ਼ਨ ਕਰ ਦਿੱਤਾ। ਬੱਦਲ ਗਰਜਣ ਲੱਗੇ, ਐਨੀ ਜ਼ੋਰਦਾਰ ਗੜ੍ਹਕ ਕਿ ਦਿਲ ਪਾਟ ਜਾਏ। ਮੀਂਹ ਇੱਕ ਅਜੀਮ ਫੌਜ ਵਾਂਗ ਲੱਥਾ। ਮੀਂਹ ਦੀਆਂ ਬੂੰਦਾਂ ਸੁੱਕੇ ਪੱਤਿਆਂ 'ਤੇ ਡਿੱਗ ਕੇ ਖਿੰਡ ਰਹੀਆਂ ਸਨ। ਹਵਾ ਭਰੜਾਈ ਹੋਈ ਚੀਕ ਰਹੀ ਸੀ। ਸਾਰਾ ਜੰਗਲ ਮੋਹਲੇਧਾਰ ਮੀਂਹ ਨਾਲ ਭਿੱਜਿਆ, ਚਮਕ-ਗੜ੍ਹਕ ਤੋਂ ਖ਼ੌਫ਼ ਜ਼ਦਾ ਸੀ।

ਉਸ ਖ਼ੌਫ਼ਨਾਕ ਰਾਤ ਦੌਰਾਨ, ਇੱਕ ਦਰਖ਼ਤ ਹੇਠਾਂ, ਇੱਕ ਬਾਂਦਰੀ ਨੂੰ ਪਰਸੂਤਿ ਪੀੜਾਂ ਉੱਠ ਰਹੀਆਂ ਸਨ। ਹਵਾ ਨਾਲ ਕੰਬਦੀ, ਮੀਂਹ ਅਤੇ ਹੰਝੂਆਂ ਨਾਲ ਭਿੱਜੀ, ਉਹ ਬੇਵੱਸ ਹੋ ਕੇ ਵਿਰਲਾਪ ਕਰ ਰਹੀ ਸੀ। ਉਹ ਉਸ ਬੱਚੇ ਨੂੰ ਦੁਨੀਆ ਵਿੱਚ ਲਿਆਉਣ ਲਈ ਸੰਘਰਸ਼ ਕਰ ਰਹੀ ਸੀ ਜਿਸ ਨੂੰ ਹੁਣ ਤਾਈਂ ਉਸਨੇ ਆਪਣੀ ਕੁੱਖ ਵਿਚ ਮਹਿਫ਼ੂਜ਼ ਰੱਖਿਆ ਸੀ। ਸਾਰੀ ਹਿੰਮਤ ਜੋੜ ਕੇ, ਆਪਣੇ ਨਹੁੰਆਂ ਨਾਲ ਰੁੱਖ ਦੇ ਤਣੇ ਦੇ ਮੁੱਢ ਨੂੰ ਖੁਰਚਦਿਆਂ, ਉਸਨੇ ਇੱਕ ਉੱਚੀ ਚੀਕ ਮਾਰੀ। ਬੱਚਾ ਜ਼ਮੀਨ ਤੇ ਡਿੱਗਿਆ। ਬਾਂਦਰੀ ਨੇ ਕੁਝ ਪਲ ਲਈ ਅੱਖਾਂ ਬੰਦ ਕਰ ਲਈਆਂ। ਅਥਾਹ ਖੁਸ਼ੀ…… ਜਾਣਿਆ-ਪਛਾਣਿਆ ਦਰਦ!

ਬਾਰਸ਼ ਘੱਟ, ਫਿਰ ਹੋਰ ਘੱਟ ਹੁੰਦੀ ਗਈ ਅਤੇ ਉਸਨੇ ਰੁਕਦਿਆਂ-ਰੁਕਦਿਆਂ ਜ਼ੋਰ ਨਾਲ ਇੱਕ ਬਿਜਲੀ ਜ਼ਮੀਨ ਉੱਤੇ ਡੇਗੀ। ਰੋਸ਼ਨੀ ਵਿੱਚ ਮਾਂ ਨੇ ਉਸ ਨਵਜੰਮੀ, ਨਿੱਕੀ ਜਿਹੀ ਜਿੰਦ ਨੂੰ ਦੇਖਿਆ। ਖ਼ੂਨ ਨਾਲ ਸਣੇ ਆਪਣੇ ਅੰਸ਼ ਦਾ ਸਰੀਰ ਚੱਟਣ ਲੱਗੀ ਅਤੇ ਉਸਨੂੰ ਆਪਣੀ ਛਾਤੀ ਨਾਲ ਲਾ ਲਿਆ। ਬਾਲ ਨੇ ਅਜੇ ਅੱਖਾਂ ਵੀ ਨਹੀਂ ਖੋਲ੍ਹੀਆਂ ਸਨ ਪਰ ਆਪਣੀ ਮਾਂ ਨੂੰ ਕੱਸ ਕੇ ਫੜ ਲਿਆ। ਜੀਅ ਭਰ ਕੇ ਦੁੱਧ ਪੀਤਾ। ਜਲਦੀ ਹੀ ਮਾਂ ਅਤੇ ਬੱਚਾ ਸੁਖ ਦੀ ਨੀਂਦ ਵਿੱਚ ਗੁਆਚ ਗਏ।

ਸਰਘੀ ਵੇਲੇ ਜਦੋਂ ਪੰਛੀ ਚਹਿਕਣ ਲੱਗੇ, ਤਾਂ ਬਾਂਦਰੀ ਦੀ ਅੱਖ ਖੁੱਲ੍ਹੀ। ਉਸ ਦੇ ਬੱਚੇ ਨੇ ਵੀ ਅੱਖਾਂ ਖੋਲ੍ਹ ਕੇ ਮਾਂ ਵੱਲ ਦੇਖਿਆ। ਉਨ੍ਹਾਂ ਦੀਆਂ ਅੱਖਾਂ ਮਿਲੀਆਂ, ਪਿਆਰ ਛਲਕਿਆ।

ਛੋਟੇ ਬੱਚੇ ਨੇ ਆਪਣੀ ਮਾਂ ਵੱਲ ਵੇਖਦਿਆਂ ਹੋਇਆਂ ਪੁੱਛਿਆ, “ਮੈਂ ਕੌਣ ਹਾਂ? ਕਿੱਥੋਂ ਆਇਆ ਹਾਂ?”

ਮਾਂ ਨੂੰ ਥੋੜ੍ਹੀ ਹੈਰਾਨੀ ਹੋਈ। ਉਹ ਖੁਸ਼ ਸੀ ਕਿ ਉਸਦਾ ਬੱਚਾ ਪਹਿਲੀ ਵਾਰ ਬੋਲਿਆ ਸੀ।

“ਅਸੀਂ ਸਾਰੇ ਬਾਂਦਰ ਹਾਂ, ਬੱਚੇ। ਮੈਂ ਤੇਰੀ ਮਾਂ ਹਾਂ।" ਕਹਿ ਕੇ ਉਹ ਬੱਚੇ ਨੂੰ ਢਿੱਡ ਨਾਲ ਚਿਪਕਾ, ਦਰਖ਼ਤ 'ਤੇ ਚੜ੍ਹਨ ਲੱਗੀ।

“ਅੰਮਾ! ਇਹ ਦੁਨੀਆ ਟੇਢੀ ਕਿਉਂ ਹੈ?" ਬੱਚੇ ਨੇ ਫਿਰ ਪੁੱਛਿਆ।

ਮਾਂ ਨੇ ਮਸ਼ਕੂਕ ਨਜ਼ਰਾਂ ਨਾਲ ਬੱਚੇ ਦੇ ਚਿਹਰੇ ਵੱਲ ਦੇਖਿਆ– ਕਿਤੇ ਇਸ ਨੂੰ ‘ਓਪਰੀ ਕਸਰ’ ਤਾਂ ਨਹੀਂ ਹੋ ਗਈ? ਅਜਿਹਾ ਸੋਚ ਕੇ ਉਹ ਉਸ ਨੂੰ ‘ਬਾਬੇ ਬਾਬੇ’ ਕੋਲ ਲੈ ਗਈ।

ਉਹ ਦਰੱਖਤ ਦੀ ਸਭ ਤੋਂ ਉੱਚੀ ਟਾਹਣੀ 'ਤੇ ਬੈਠਾ ਦੁਨੀਆ ਦੇ ਉਤਰਾਅ-ਚੜ੍ਹਾਅ ਦਾ ਜਾਇਜ਼ਾ ਲੈ ਰਿਹਾ ਸੀ। ਮਾਂ ਬਾਂਦਰੀ ਨੂੰ ਦੇਖ ਕੇ, ਉਸਨੂੰ ਖੁਸ਼ਆਮਦੀਦ ਆਖਿਆ ਅਤੇ ਬੱਚੇ ਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ, "ਸਾਡੇ ਨਵੇਂ ਮਹਿਮਾਨ ਦਾ ਸੁਆਗਤ ਹੈ।"

ਮਾਂ ਨੇ ਬੱਚੇ ਦੇ ਸਵਾਲਾਂ ਬਾਰੇ ਉਸ ਨੂੰ ਦੱਸਿਆ।

ਬਾਬੇ ਨੇ ਛੋਟੇ ਬਾਂਦਰ ਨੂੰ ਹੱਥਾਂ ਵਿੱਚ ਲੈ ਕੇ ਚੁੰਮਿਆ।

“ਜੇ ਜਨਮ ਤੋਂ ਬਾਅਦ ਇਹ ਇੰਨਾ ਜਲਦੀ ਅਜਿਹੇ ਸਵਾਲ ਪੁੱਛ ਰਿਹਾ ਹੈ, ਤਾਂ ਇਸ ਦੇ ਵੱਡਾ ਹੋਣ ਤੇ ਮਹਾਨ ਆਤਮਾ ਬਣਨ ਦੇ ਖ਼ਤਰੇ ਨੂੰ ਨਕਾਰਿਆ ਨਹੀਂ ਜਾ ਸਕਦਾ,” ਉਸਨੇ ਕਿਹਾ।

"ਕੀ ਸਵਾਲ ਕਰਨਾ ਗਲਤ ਹੈ, ਸਾਧੂ ਮਹਾਰਾਜ?" ਬੱਚੇ ਨੇ ਪੁੱਛਿਆ।

ਬਾਬਾ ਚਕਰਾ ਗਿਆ।

“ਇਸ ਸੰਸਾਰ ਵਿੱਚ, ਮੂੰਹ ਬੰਦ ਰੱਖਣ ਨਾਲੋਂ ਹਿਤਕਾਰੀ ਦੂਜਾ ਕੰਮ ਕੋਈ ਨਹੀਂ ਹੈ। ਇਸੇ ਗੱਲ ਕਰਕੇ ਤਾਂ ਹਰ ਕੋਈ ਮੈਨੂੰ ਵੱਡਾ ਆਦਮੀ ਮੰਨ ਕੇ ਆਦਰ ਦਿੰਦਾ ਹੈ। ਇਹ ਦੁਨੀਆ ਤਾਂ ਜਿਹੋ ਜਿਹੀ ਹੈ, ਉਹੋ ਜਿਹੀ ਰਹੇਗੀ। ਤੈਨੂੰ ਇਹ ਟੇਢੀ ਹੀ ਲੱਗੀ, ਮੈਨੂੰ ਤਾਂ ਇਹ ਪੁੱਠੀ ਲਗਦੀ ਹੈ। ਕੀ ਮੈਂ ਕਿਸੇ ਨੂੰ ਪੁੱਛਿਆ ਹੈ ਕਿ ਇਹ ਅਜਿਹੀ ਕਿਉਂ ਹੈ? ‘ਕੀ’ ਅਤੇ ‘ਕਿਉਂ’ ਵਰਗੇ ਸਵਾਲ ਗ਼ੈਰ ਦਾਨਸ਼ਮੰਦਾਨਾ ਹਨ। ਤਰਕ ਨਾਲ ਜੀਭ ਜ਼ਰੂਰ ਤਿੱਖੀ ਹੋ ਜਾਂਦੀ ਹੈ, ਪਰ ਤੁਹਾਡੀ ਬੁੱਧੀ ਦਾ ਵਿਕਾਸ ਨਹੀਂ ਹੁੰਦਾ। ਜੰਗਲ ਫਲਾਂ ਨਾਲ ਭਰਪੂਰ ਹੈ। ਜਾਓ, ਉਨ੍ਹਾਂ ਨੂੰ ਖਾਓ। ਤੁਹਾਨੂੰ ਅਹਿਸਾਸ ਹੋਵੇਗਾ ਕਿ ਖਾਣ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ।” ਇਹ ਕਹਿ ਕੇ ਬਾਂਦਰ ਬਾਬਾ ਮੁੜ ਦੁਨੀਆ ਦਾ ਜਾਇਜ਼ਾ ਲੈਣ ਲੱਗਿਆ।

ਮਾਂ ਬੱਚੇ ਨੂੰ ਲੈ ਕੇ ਚਲੀ ਗਈ।

ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਗਿਆ, ਉਸ ਦੇ ਸਵਾਲਾਂ ਵਿੱਚ ਇਜਾਫਾ ਹੁੰਦਾ ਗਿਆ। ਉਹ ਦੋਸਤਾਂ ਨਾਲ ਘੁਲ਼ਦਾ-ਮਿਲਦਾ ਨਹੀਂ ਸੀ। ਇਕੱਲਾ ਬੈਠ ਜਾਂਦਾ। ਸਕੂਲ ਨਹੀਂ ਜਾਂਦਾ ਸੀ। ਰੁੱਖ, ਪੱਤੇ, ਫਲ, ਬਰਸਾਤ, ਸੂਰਜ, ਧੁੰਦ –ਸਭ ਉਸ ਨੂੰ ਉਤਸੁਕਤਾ ਨਾਲ ਭਰ ਦਿੰਦੇ। ਜ਼ਿੰਦਗੀ ਦੀ ਡੂੰਘਾਈ ਵਿੱਚ ਜਾਣ ਅਤੇ ਘੱਟੋ-ਘੱਟ ਇਕ ਸੱਚ ਦੀ ਤਲਾਸ਼ ਕਰ ਲੈਣ ਦੀ ਉਸ ਦੀ ਖ਼੍ਵਾਹਿਸ਼ ਸੀ।

ਇੱਕ ਦਿਨ ਹਵਾ ਨਾਲ ਇੱਕ ਅਖ਼ਬਾਰ ਜੰਗਲ ਵਿੱਚ ਆ ਡਿੱਗਿਆ। ਛੋਟੇ ਬਾਂਦਰ ਨੇ ਇਸ ਨੂੰ ਆਪਣੀ ਕੱਛ ਹੇਠ ਦੱਬਿਆ ਅਤੇ ਬਾਂਦਰ ਬਾਬੇ ਕੋਲ ਗਿਆ।

“ਬਾਬਾ! ਮੇਰੇ ਮਨ ਵਿੱਚ ਇੱਕ ਸ਼ੰਕਾ ਹੈ।”

“ਇੱਕ ਵਾਕ ਵਿੱਚ ਦੱਸੋ,” ਬਾਬਾ ਬੋਲਿਆ।

“ਇਸ ਵਿੱਚ ਲਿਖਿਆ ਹੈ ਕਿ ਮਨੁੱਖ ਬਾਂਦਰ ਤੋਂ ਪੈਦਾ ਹੋਇਆ। ਕੀ ਇਹ ਸੱਚ ਹੈ?"

“ਹਰ ਕੋਈ ਆਪਣੇ-ਆਪਣੇ ਇਲਮ ਅਨੁਸਾਰ ਕੁਝ ਨਾ ਕੁਝ ਲਿਖਦਾ ਰਹਿੰਦਾ ਹੈ। ਇਹ ਜ਼ਰੂਰੀ ਨਹੀਂ ਕਿ ਅਸੀਂ ਹਰ ਗੱਲ 'ਤੇ ਯਕੀਨ ਕਰੀਏ।'' ਬਾਬੇ ਨੇ ਆਖਿਆ।

"ਮੈਂ ਖੁਦ ਇਸ ਗੱਲ ਦੀ ਹਕੀਕਤ ਦਾ ਪਤਾ ਕਰਨਾ ਚਾਹੁੰਦਾ ਹਾਂ।"

“ਇਸ ਦਾ ਮਤਲਬ?”

"ਮੈਂ ਆਦਮੀਆਂ ਦਰਮਿਆਨ ਜਾਣ ਦੀ ਸੋਚ ਰਿਹਾ ਹਾਂ।"

“ਤਜ਼ਰਬੇ ਦੁਆਰਾ ਹਰ ਚੀਜ਼ ਨੂੰ ਸਿੱਖਣ ਦਾ ਯਤਨ ਕਰਨਾ ਮੂਰਖਤਾ ਹੈ। ਤੁੰ ਅਜੇ ਨਾਦਾਨ ਹੈਂ। ਆਦਮੀ ਬੜੇ ਸ਼ੈਤਾਨ ਹੁੰਦੇ ਹਨ।” ਬਾਬੇ ਨੇ ਉਸ ਨੂੰ ਮਸ਼ਵਰਾ ਦਿੱਤਾ।

“ਮੈਨੂੰ ਅਸ਼ੀਰਵਾਦ ਦਿਓ, ਬਾਬਾ। ਮੈਂ ਜਾ ਰਿਹਾ ਹਾਂ। ”

“ਠੀਕ ਹੈ। ਖੋਜੀ ਦੇ ਰਾਹ ਵਿੱਚ ਪੂਛ ਅੜਾਈ ਜਾਵੇ, ਤਾਂ ਕੀ ਉਹ ਰੁਕੇਗਾ?” ਬਾਬੇ ਨੇ ਤਰਸ ਨਾਲ ਬੱਚੇ ਵੱਲ ਦੇਖਿਆ।

ਬਾਂਦਰ ਤੁਰਿਆ। ਮਾਂ ਨੇ ਹੰਝੂ ਕੇਰੇ।

"ਆਪਣੀ ਮਾਂ ਨੂੰ ਨਾ ਭੁੱਲਣਾ ਮੇਰੇ ਬੱਚੇ, ਜੋ ਹਮੇਸ਼ਾ ਤੇਰਾ ਰਾਹ ਤੱਕ ਰਹੀ ਹੋਵੇਗੀ।" ਮਾਂ ਨੇ ਬੱਚੇ ਨੂੰ ਗਲੇ ਲਾ ਕੇ ਵਿਦਾ ਕੀਤਾ।

ਬਾਂਦਰ ਮਨੁੱਖੀ ਬਸਤੀ ਦੇ ਬਾਹਰਵਾਰ ਪਹੁੰਚਿਆ ਹੀ ਸੀ ਕਿ ਉਸ ਦੇ ਗਲ਼ ਵਿੱਚ ਫਾਹੀ ਆ ਪਈ।

ਇੱਕ ਆਦਮੀ ਉਸਦੇ ਸਾਹਮਣੇ ਆ ਕੇ ਬੋਲਿਆ,"ਮੈਂ ਹੁਣ ਤੇਰਾ ਮਾਲਕ ਹਾਂ। ਬਿੱਲੀ ਦੀ ਤਰ੍ਹਾਂ ਟਪੂਸੀ ਮਾਰ ਕੇ ਦਿਖਾ।” ਫਿਰ ਉਸ ਨੇ ਬਾਂਦਰ ਦੇ ਚਾਰ ਸੋਟੇ ਮਾਰੇ।

ਬਾਂਦਰ ਨੂੰ ਕੁਝ ਸਮਝ ਨਾ ਆਇਆ। ਪੁੱਛ ਬੈਠਾ, “ਸਾਹਬ ! ਮੈਂ ਤਾਂ ਬਾਂਦਰ ਹਾਂ। ਫਿਰ ਬਿੱਲੀ ਵਾਂਗ ਟਪੂਸੀ ਕਿਵੇਂ ਮਾਰ ਸਕਦਾ ਹਾਂ?"

“ਤਾਂ ਫਿਰ ਬਾਂਦਰ ਦੀ ਤਰ੍ਹਾਂ ਟਪੂਸੀ ਮਾਰ।” ਆਖ ਕੇ ਆਦਮੀ ਨੇ ਦੋ ਸੋਟੇ ਹੋਰ ਜੜ ਦਿੱਤੇ। ਮਾਰ ਤੋਂ ਬਚਣ ਲਈ ਬਾਂਦਰ ਨੇ ਚਾਰ ਵਾਰ ਉੱਪਰ-ਹੇਠਾਂ ਛਾਲ ਮਾਰੀ।

ਮਾਲਕ ਬਾਂਦਰ ਨੂੰ ਗਲੀਆਂ ਵਿੱਚ ਘੁੰਮਾ ਕੇ, ਖੇਡ ਵਿਖਾ ਕੇ, ਲੋਕਾਂ ਵੱਲੋਂ ਉਸ ਦੀ ਚਾਦਰ ‘ਤੇ ਵਗਾਹ ਕੇ ਮਾਰੇ ਪੈਸੇ ਇਕੱਠੇ ਕਰਕੇ ਘਰ ਵੱਲ ਤੁਰ ਪਿਆ।

ਘਰ ਪਹੁੰਚ ਕੇ, ਉਹਨੇ ਬਾਂਦਰ ਨੂੰ ਥੋੜ੍ਹਾ ਜਿਹਾ ਖਾਣਾ ਦਿੱਤਾ ਅਤੇ ਖੁਦ ਢਿੱਡ ਭਰ ਕੇ ਖਾਧਾ। ਫਿਰ ਰਜਾਈ ਦੱਬ ਕੇ ਸੌਂ ਗਿਆ ਅਤੇ ਛੇਤੀ ਹੀ ਘੁਰਾੜੇ ਮਾਰਨ ਲੱਗ ਪਿਆ। ਬਾਂਦਰ ਨੇ ਫੰਦਾ ਛਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਛਡਾ ਨਹੀਂ ਸਕਿਆ। ਸਵੇਰ ਹੋਈ। ਉਹ ਆਦਮੀ ਬਾਂਦਰ ਨੂੰ ਮੁੜ ਗਲੀਆਂ ਵਿੱਚ ਲੈ ਗਿਆ। ਉਸ ਤੋਂ ਤਰ੍ਹਾਂ-ਤਰ੍ਹਾਂ ਦੇ ਕਰਤਬ ਕਰਵਾਏ। ਮੂੰਹ ਵਿੱਚ ਸਿੱਕੇ ਲੁਕਾ ਕੇ ਰੱਖਣਾ ਵੀ ਸਿਖਾ ਦਿੱਤਾ। ਉਹ ਬਾਂਦਰ ਨੂੰ ਓਨਾ ਹੀ ਖਾਣਾ ਦਿੰਦਾ ਜਿੰਨਾ ਉਸ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਸੀ। ਬਿਨਾਂ ਨਾਗਾ ਪਾਏ, ਰੋਜ਼ਾਨਾ ਚਾਰ ਸੋਟੇ ਮਾਰਦਾ।

“ਤੁਸੀਂ ਮੈਨੂੰ ਕਿਉਂ ਕੁੱਟਦੇ ਰਹਿੰਦੇ ਹੋ? ਮੇਰੇ ਵਿੱਚ ਵੀ ਤੁਹਾਡੇ ਵਰਗੀ ਜਾਨ ਹੈ! ਦਰਦ ਤਾਂ ਸਭ ਦੇ ਇੱਕੋ ਜਿਹਾ ਹੀ ਹੁੰਦਾ ਹੈ ਨਾ?" ਬਾਂਦਰ ਨੇ ਪੁੱਛਿਆ।

“ਮੈਂ ਤਜਰਬੇ ਨਾਲ ਸਿੱਖਿਆ ਹੈ ਕਿ ਇਹ ਦੁਨੀਆ ਡੰਡੇ ਦੀ ਭਾਸ਼ਾ ਤੋਂ ਬਿਨਾਂ ਹੋਰ ਕੋਈ ਭਾਸ਼ਾ ਨਹੀਂ ਸਮਝਦੀ। ਪਰ ਤੇਰੀਆਂ ਗੱਲਾਂ ਸੁਣ ਕੇ ਤੇਰੇ ਤੇ ਤਰਸ ਆਉਂਦਾ ਹੈ।” ਇਹ ਕਹਿ ਕੇ ਉਸਨੇ ਬਾਂਦਰ ਦੇ ਦੋ ਸੋਟੇ ਹੋਰ ਜੜ ਦਿੱਤੇ।

ਕੁਝ ਦਿਨ ਬੀਤ ਗਏ। ਹੁਣ ਬਾਂਦਰ ਦੇ ਲੱਖ ਛਾਲਾਂ ਮਾਰਨ ਦੇ ਬਾਵਜੂਦ ਚਾਦਰ ਤੇ ਕੋਈ ਪੈਸਾ ਨਹੀਂ ਸੁੱਟ ਰਿਹਾ ਸੀ। ਜਦੋਂ ਜਿਉਂਦੇ ਰਹਿਣ ਲਈ ਮਨੁੱਖ ਆਪ ਹੀ ਹਰ ਤਰ੍ਹਾਂ ਦੇ ਕਰਤਬ ਕਰ ਰਹੇ ਸਨ ਤਾਂ ਬਾਂਦਰ ਦੇ ਕਰਤਬ ਕੌਣ ਦੇਖਦਾ? ਮਾਲਕ ਹੁਣ ਥੱਕ ਗਿਆ ਸੀ। ਉਸਨੇ ਬਾਂਦਰ ਦਾ ਖਾਣਾ ਘਟਾ ਦਿੱਤਾ ਅਤੇ ਸੋਟੇ ਵਧਾ ਦਿੱਤੇ।

ਇੱਕ ਦਿਨ ਬਸਤੀ ਦੀ ਗਲੀ-ਗਲੀ ਘੁੰਮਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੋਈ ਪੈਸਾ ਨਾ ਮਿਲਿਆ ਤਾਂ ਮਾਲਕ ਸੋਚਾਂ ਵਿੱਚ ਪੈ ਗਿਆ।

“ਹੁਣ ਕੋਈ ਫਾਇਦਾ ਨਹੀਂ। ਲੋਕਾਂ ਦੀ ਹਾਸ-ਰਸ ਦੀ ਭੁੱਖ ਹੀ ਮਰ ਗਈ ਹੈ। ਉਨ੍ਹਾਂ ਦੀ ਹਮਦਰਦੀ ਜਗਾਉਣ ਤੋਂ ਬਿਨਾਂ ਹੁਣ ਹੋਰ ਕੋਈ ਰਾਹ ਨਹੀਂ ਹੈ।”

ਬਾਂਦਰ ਨੇ ਉਸ ਵੱਲ ਸ਼ੱਕੀ ਨਜ਼ਰ ਨਾਲ ਦੇਖਿਆ।

“ਦੇਖੋ, ਮੇਰੇ ਦੋਸਤ! ਇਹ ਸੰਸਾਰ ਬੜਾ ਪਾਪੀ ਐ। ਅੱਖਾਂ ਹਨ ਤਾਂ ਇਹ ਸਭ ਦੇਖਣਾ ਹੀ ਪੈਂਦਾ ਹੈ। ਮੈਂ ਤਾਂ ਬਰਦਾਸ਼ਤ ਕਰ ਹੀ ਰਿਹਾ ਹਾਂ। ਕੀ ਤੈਨੂੰ ਲਗਦਾ ਹੈ ਕਿ ਤੇਰੇ ਲਈ ਇਹ ਦੁਨੀਆ ਦੇਖਣਾ ਜ਼ਰੂਰੀ ਹੈ?” ਮਾਲਕ ਨੇ ਪੁੱਛਿਆ।

ਬਾਂਦਰ ਉਲਝਣ ਵਿੱਚ ਸੀ।

“ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ। ਭੁੱਖੇ ਰਹਿ ਕੇ ਮਰਨ ਨਾਲੋਂ, ਅੰਨ੍ਹੇ ਹੋ ਕੇ ਜਿਉਣਾ ਬਿਹਤਰ ਹੈ। ਲੋਕ ਬੜੇ ਦਿਆਲੂ ਹਨ। ਜਦੋਂ ਉਹ ਅੰਨ੍ਹੇ ਬਾਂਦਰ ਨੂੰ ਦੇਖਣਗੇ ਤਾਂ ਖੁੱਲ੍ਹੇ ਦਿਲ ਨਾਲ ਪੈਸਾ ਸੁੱਟਣਗੇ। ਮੈਂ ਤੇਰੀਆਂ ਅੱਖਾਂ ਕੱਢ ਦਿਆਂਗਾ, ਡਰੀਂ ਨਾ, ਪੀੜ ਬਿਲਕੁਲ ਨਹੀਂ ਹੋਣ ਦਿਆਂਗਾ।” ਮਾਲਕ ਨੇ ਕਿਹਾ। ਉਸ ਦੇ ਚਿਹਰੇ ਤੇ ਕਿਸੇ ਤਰ੍ਹਾਂ ਦਾ ਕੋਈ ਭਾਵ ਨਹੀਂ ਸੀ।

ਬਾਂਦਰ ਨੇ ਉਸ ਵੱਲ ਨਫ਼ਰਤ ਨਾਲ ਦੇਖਿਆ।

"ਕੀ ਤੂੰ ਸੱਚਮੁੱਚ ਇਨਸਾਨ ਹੈਂ?"

“ਮੇਰੇ ਦਿਮਾਗ਼ ਵਿੱਚ ਇਹ ਖ਼ਿਆਲ ਇਸ ਲਈ ਆਇਆ ਕਿਉਂਕਿ ਮੈਂ ਇਨਸਾਨ ਹਾਂ। ਤੂੰ ਇੱਕ ਜਾਨਵਰ ਹੈਂ। ਤੇਰੇ ਦਿਮਾਗ਼ ਨੇ ਕਦੇ ਇਸ ਤਰ੍ਹਾਂ ਕੰਮ ਕੀਤਾ ਹੈ?"

ਉਸੇ ਵੇਲ਼ੇ ਇੱਕ ਜ਼ੋਰਦਾਰ ਸ਼ੋਰ ਉੱਠਿਆ। ਅਤੇ ਫਿਰ, ਲੋਕ ਇਧਰ-ਓਧਰ ਭੱਜਣ ਲੱਗੇ, ਪੀੜ ਨਾਲ ਚੀਕਦੇ। ਚਾਰੇ ਪਾਸੇ ਚੀਖ਼-ਪੁਕਾਰ ਮੱਚ ਗਈ। ਦਰਦ ਦੀਆਂ ਚੀਕਾਂ।

ਮਾਲਕ ਘਬਰਾ ਗਿਆ।

“ਜਾਹ ਦੋਸਤ! ਮੈਂ ਤੈਨੂੰ ਇਹ ਸੰਸਾਰ ਵੇਖਣ ਦਾ ਮੌਕਾ ਦੇ ਰਿਹਾ ਹਾਂ। ਅਲਵਿਦਾ!" ਇਹ ਆਖਦਿਆਂ ਹੀ ਉਹ ਭੱਜ ਪਿਆ।

ਬਾਂਦਰ ਨੂੰ ਸਮਝ ਨਹੀਂ ਆਇਆ ਕਿ ਉਹ ਕਿਹੜੇ ਪਾਸੇ ਜਾਵੇ। ਉਸ ਨੇ ਜਿਧਰ ਵੀ ਦੇਖਿਆ, ਲੋਕ ਭੱਜਦੇ ਹੋਏ ਵਿਖਾਈ ਦਿੱਤੇ। ਜਿਹੜੇ ਬੱਚੇ ਭੱਜ ਨਹੀਂ ਸੀ ਸਕਦੇ, ਉਨ੍ਹਾਂ ਨੂੰ ਮਿੱਧਿਆ ਜਾ ਰਿਹਾ ਸੀ। ਪੈਟਰੋਲ ਦੀ ਬਦਬੂ… ਮਾਸ ਸੜਨ ਦੀ ਦੁਰਗੰਧ। ਔਰਤਾਂ ਆਪਣੇ ਨਿਆਣਿਆਂ ਨੂੰ ਛਾਤੀਆਂ ਨਾਲ ਘੁੱਟੀਂ ਪਾਗਲਾਂ ਵਾਂਗ ਚੀਖ਼ ਰਹੀਆਂ ਸਨ। ਡਿਗਦੀਆਂ ਹੋਈਆਂ…. ਸੜਦੀਆਂ ਹੋਈਆਂ..…।

ਚਾਰ ਬੰਦਿਆਂ ਨੇ ਬਾਂਦਰ ਨੂੰ ਘੇਰ ਲਿਆ।

"ਕੌਣ ਹੈਂ ਤੂੰ? ਹਿੰਦੂ? ਮੁਸਲਮਾਨ?"

ਬਾਂਦਰ ਨੇ ਉਹਨਾਂ ਨੂੰ ਹੈਰਾਨੀ ਨਾਲ ਦੇਖਿਆ। “ਮੈਂ ਬਾਂਦਰ ਹਾਂ,” ਉਸਨੇ ਕੰਬਦੇ ਹੋਏ ਕਿਹਾ। “ਚਾਹੇ ਤੂੰ ਕੋਈ ਵੀ ਹੋਵੇਂ, ਸਾਨੂੰ ਕੀ?”

ਡਾਂਗਾਂ ਹਵਾ ਵਿੱਚ ਉੱਠੀਆਂ।

ਬਾਂਦਰ ਨੇ ਆਪਣੇ ਸਿਰ ਨੂੰ ਬਚਾਉਣ ਲਈ ਹਵਾ ਵਿੱਚ ਟਪੂਸੀ ਮਾਰੀ। ਪਰ ਉਸ ਦੇ ਇੱਕ ਪੈਰ ਤੇ ਜ਼ੋਰ ਨਾਲ ਡਾਂਗ ਵੱਜੀ। ‘ਕੜੱਕ’ ਕਰਕੇ ਹੱਡੀ ਟੁੱਟਣ ਦੀ ਆਵਾਜ਼ ਆਈ। ‌

ਉਸ ਨੂੰ ਜੰਗਲ ਯਾਦ ਆਇਆ…….ਮਾਂ ਯਾਦ ਆਈ……..ਉਸ ਤੋਂ ਬਾਅਦ ਕੁਝ ਵੀ ਯਾਦ ਨਾ ਰਿਹਾ।

---------------------

ਬਾਂਦਰ ਨੇ ਅੱਖਾਂ ਖੋਲ੍ਹੀਆਂ। ਚਾਰੇ ਪਾਸੇ ਦਵਾਈਆਂ ਦੀ ਬਦਬੂ…… ਜ਼ਖਮਾਂ ਦੀ ਬਦਬੂ….ਦਰਦ ਨਾ ਸਹਾਰਦਿ ਨਿਆਣੇ ਰੋ ਰਹੇ ਸਨ। ਦੋ ਸਾਲਾਂ ਦੀ ਇੱਕ ਕੁੜੀ ਦੇ ਸਿਰ ਉੱਤੇ ਪੱਟੀ ਬੰਨ੍ਹੀ ਹੋਈ ਸੀ। ਉਹ "ਅੰਮਾ! ਅੰਮਾ!" ਪੁਕਾਰਦੀ ਉਹ ਇਧਰ-ਉਧਰ ਫਿਰਦੀ ਸੀ।

ਬਾਂਦਰ ਦੇ ਸਿਰ ਵਿੱਚ ਅਸਹਿ ਦਰਦ ਸੀ। ਉਸ ਦੀ ਇੱਕ ਲੱਤ 'ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਹ ਪੀੜ ਨਾਲ ਤੜਫ ਰਿਹਾ ਸੀ।

ਇੱਕ ਨਰਸ ਅੰਦਰ ਆਈ ਅਤੇ ਕਿਹਾ, "ਤੂੰ ਖੁਸ਼ਕਿਸਮਤ ਹੈਂ ਕਿ ਬਚ ਗਿਆ, ਪਰ ..." ਉਹ ਅੱਧ ਵਿਚਕਾਰ ਹੀ ਰੁਕ ਗਈ।

ਬਾਂਦਰ ਨੇ ਬੇਬਸੀ ਨਾਲ ਉਸ ਵੱਲ ਦੇਖਿਆ। ‌

ਨਰਸ ਨੇ ਕਿਹਾ, “ਹੁਣ ਤੂੰ ਕਦੇ ਵੀ ਆਪਣੀਆਂ ਦੋਵੇਂ ਲੱਤਾਂ ਉੱਤੇ ਨਹੀਂ ਚੱਲ ਸਕੇਂਗਾ।” ਆਪਣੀ ਲੱਤ ਵੱਲ ਦੇਖ ਕੇ ਬਾਂਦਰ ਦੀਆਂ ਚਾਂਗਰਾਂ ਨਿਕਲ ਗਈਆਂ।

ਕੁਝ ਦਿਨਾਂ ਬਾਅਦ ਉਹਨਾਂ ਬਾਂਦਰ ਨੂੰ ਤੁਰਨ ਲਈ ਇੱਕ ਵਸਾਖੀ ਦਿੱਤੀ ਅਤੇ ਕਿਹਾ, "ਹੁਣ ਤੁਸੀਂ ਜਾ ਸਕਦੇ ਹੋ।" ‌

"ਕਿੱਥੇ ਜਾਵਾਂ?" ਬਾਂਦਰ ਨੇ ਪੁੱਛਿਆ।

“ਤੁਹਾਡੀ ਮਰਜ਼ੀ। ਜਿੱਥੇ ਤੁਸੀਂ ਚਾਹੋ।”

ਬਾਂਦਰ ਦੇ ਚਿਹਰੇ ਤੇ ਉਦਾਸ ਮੁਸਕਾਨ ਆ ਗਈ।

ਇਸੇ ਦੌਰਾਨ ਇੱਕ ਆਦਮੀ ਬਾਂਦਰ ਕੋਲ ਆਇਆ।

“ਮੈਂ ਸਰਕਸ ਦਾ ਮਾਲਕ ਹਾਂ। ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ।” ਇਹ ਕਹਿ ਕੇ ਉਹ ਬਾਂਦਰ ਨੂੰ ਵਸਾਖੀ ਸਮੇਤ ਆਪਣੇ ਨਾਲ ਲੈ ਗਿਆ।

“ਸਾਹਿਬ ! ਉੱਥੇ ਮੈਨੂੰ ਕੀ ਕਰਨਾ ਹੋਵੇਗਾ ?"

"ਲੋਕਾਂ ਦਾ ਮਨੋਰੰਜਨ ਕਰੋ, ਹੋਰ ਕੀ !"

“ਸਾਹਿਬ! ਜੇ ਮੈਂ ਉਦਾਸ ਹੋਵਾਂ, ਤਾਂ ਕੀ ਮੈਂ ਰੋ ਸਕਦਾ ਹਾਂ?" ਬਾਂਦਰ ਨੇ ਪੁੱਛਿਆ।

“ਹਾਂ, ਬਿਨਾਂ ਆਵਾਜ਼ ਕੀਤਿਆਂ ਤੂੰ ਰੋ ਸਕਦਾ ਹੈਂ। ਤੇਰੇ ਕੋਲ ਐਨੀ ਆਜ਼ਾਦੀ ਹਮੇਸ਼ਾ ਰਹੇਗੀ।”

ਸਰਕਸ ਵਿੱਚ, ਉਸ ਨੂੰ ਪਿੰਜਰੇ ਵਿੱਚ ਪਾ ਦਿੱਤਾ ਗਿਆ। ਉੱਥੇ ਉਸ ਨੇ ਦੇਖਿਆ ਕਿ ਉਸ ਵਰਗੇ ਹੋਰ ਵੀ ਕਈ ਜਾਨਵਰ ਸਨ। ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਸਾਰੇ ਕਿੱਥੋਂ ਆਏ ਹੋ?

“ਅਸੀਂ ਹੋਰ ਕਿਤੋਂ ਕਿਉਂ ਆਵਾਂਗੇ? ਅਸੀਂ ਇੱਥੇ ਪੈਦਾ ਹੋਏ ਹਾਂ, ਇੱਥੇ ਵੱਡੇ ਹੋਏ ਹਾਂ।” ਉਨ੍ਹਾਂ ਨੇ ਕਿਹਾ।

‌"ਤੁਹਾਨੂੰ ਇੱਥੇ ਰਹਿਣਾ ਚੰਗਾ ਲਗਦਾ?"

"ਕਿਉਂ ਨਹੀਂ! ਰੋਜ਼ ਮੀਟ ਦੇ ਚਾਰ ਟੁਕੜੇ ਖੁਆਉਂਦੇ ਆ। ਅੱਛਾ ਇਹ ਦੱਸ, ਤੂੰ ਕਿੱਥੋਂ ਆਇਆਂ?” ਜਾਨਵਰਾਂ ਨੇ ਪੁੱਛਿਆ।

“ਉਹ ਇੱਕ ਨਿਰਾਲੀ ਦੁਨੀਆ ਹੈ! ਦਰਖ਼ਤ, ਪਰਿੰਦੇ, ਨਦੀਆਂ, ਪਹੁ-ਫੁਟਾਲਾ…..। ਤੁਸੀਂਂ ਸੁਪਨੇ ਵਿੱਚ ਵੀ ਤਸੱਵੁਰ ਨਹੀਂ ਕਰ ਸਕਦੇ।” ਬਾਂਦਰ ਨੇ ਆਪਣੇ ਭੰਗ ਹੋਏ ਸੁਪਨੇ ਨੂੰ ਯਾਦ ਕੀਤਾ।

"ਉੱਥੇ ਮੀਟ ਕੌਣ ਦਿੰਦਾ ਹੈ?" ਜਾਨਵਰਾਂ ਨੇ ਪੁੱਛਿਆ।

ਇੱਧਰ ਸਰਕਸ ਵਿੱਚ ਇੱਕ ਪੈਰ ਤੇ ਤੁਰਦਾ ਬਾਂਦਰ ਜਿਹੜੇ ਕਰਤਬ ਦਿਖਾਉਂਦਾ, ਲੋਕ ਦੇਖ ਕੇ ਖੂਬ ਤਾੜੀ ਪਾਉਂਦੇ। ਉਹ ਇੱਕ ਪੈਰ ‘ਤੇ ਦੌੜਦਾ, ਟਪੂਸੀਆਂ ਮਾਰਦਾ।

ਪਰ ਥੋੜ੍ਹੇ ਦਿਨਾਂ ਵਿੱਚ ਲੋਕ ਉਕਤਾ ਗਏ। ਉਹਨਾਂ ਨੇ ਤਾੜੀ ਵਜਾਉਣਾ ਬੰਦ ਕਰ ਦਿੱਤਾ। ਮਾਲਕ ਨੇ ਸੋਚਿਆ ਕਿ ਹੁਣ ਬਾਂਦਰ ਨੂੰ ਖੁਆਉਣਾ ਫਜ਼ੂਲ ਹੈ, ਤਾਂ ਉਸ ਨੂੰ ਸਿਰਫ ਇੱਕ ਡੰਗ ਖਾਣਾ ਮਿਲਣ ਲੱਗਾ।

ਇੱਕ ਦਿਨ ਮਾਲਕ ਆਇਆ ਅਤੇ ਬਾਂਦਰ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਲਿਆ।

“ਹੁਣ ਕਿਸੇ ਨੂੰ ਵੀ ਇਹਦੀਆਂ ਟਪੂਸੀਆਂ ਚੰਗੀਆਂ ਨਹੀਂ ਲਗਦੀਆਂ। ਇਹਨੂੰ ਬੰਸਰੀ ਵਜਾਉਣਾ ਸਿਖਾਉਣਾ ਪਵੇਗਾ।” ਉਸਨੇ ਆਪਣੇ ਸਹਾਇਕ ਨੂੰ ਕਿਹਾ।

ਸਹਾਇਕ ਨੇ ਬਾਂਦਰ ਦੇ ਹੱਥ ਵਿੱਚ ਬੰਸਰੀ ਫੜਾ ਦਿੱਤੀ ਤਾਂ ਉਹ ਹੈਰਾਨੀ ਨਾਲ ਉਸ ਨੂੰ ਦੇਖਣ ਲੱਗਾ। ਚਾਬਕ ਵੱਜਿਆ। ਉਹ ਰੋ ਪਿਆ। ਬੰਸਰੀ ‘ਚੋਂ ਸੰਗੀਤ ਵਗਿਆ। ਸਿਰਫ਼ ਬਾਂਦਰ ਹੀ ਜਾਣਦਾ ਸੀ ਕਿ ਇਹ ਸੰਗੀਤ ਨਹੀਂ, ਉਸਦਾ ਰੁਦਨ ਹੈ।

ਬੰਸਰੀ ਦੀ ਸੋਗਮਈ ਧੁਨ ਨਾਲ ਸਰਕਸ ਵਿੱਚ ਨਵੀਂ ਰੌਣਕ ਆ ਗਈ। ਜੀਵਨ ਜਿੰਨਾ ਕਠਨ ਹੁੰਦਾ ਗਿਆ, ਬੰਸਰੀ 'ਚੋਂ ਓਨੇ ਹੀ ਨਵੇਂ-ਨਵੇਂ ਰਾਗ ਨਿਕਲਣ ਲੱਗੇ। ਮਾਂ ਦੀਆਂ ਲੋਰੀਆਂ, ਜੰਗਲ ਦੀ ਹਵਾ ਦਾ ਗੀਤ, ਝਰਨੇ ਦੀ ਦੁੱਖਾਂ ਭਰੀ ਤਾਨ! ਆਪਣੀ ਗੁਆਚੀ ਹੋਈ ਜ਼ਿੰਦਗੀ ਨੂੰ ਉਹ ਗੀਤਾਂ ਵਿੱਚੋਂ ਲੱਭਦਾ ਸੀ।

ਸਰਕਸ ਦਾ ਕੰਮ ਅਜਿਹਾ ਸੀ ਕਿ ਆਰਾਮ ਕਰਨ ਨੂੰ ਬਿਲਕੁਲ ਸਮਾਂ ਨਹੀਂ ਮਿਲਦਾ ਸੀ। ਉਸ ਨੂੰ ਰਾਤ ਨੂੰ ਨੀਂਦ ‘ਚੋਂ ਜਗਾ ਕੇ ਘੜੀਸ ਕੇ ਲੈ ਜਾਂਦੇ।

ਕੁਝ ਸਮਾਂ ਬੀਤਿਆ। ਉਹ ਕਈ ਪਿੰਡਾ ਅਤੇ ਸ਼ਹਿਰਾਂ ਵਿੱਚ ਘੁੰਮਿਆ।

ਸਰਕਸ ਕੰਪਨੀ ਇੱਕ ਵਾਰ ਇੱਕ ਤਾਂ ਤੋਂ ਦੂਜੀ ਥਾਂ ਜਾਂਦਿਆਂ ਹੋਇਆਂ ਰਾਤ ਵੇਲੇ ਇੱਕ ਜੰਗਲ ਵਿੱਚ ਰੁਕੀ। ਉਸ ਜੰਗਲ ਦੀ ਹਵਾ ਲਗਦਿਆਂ ਹੀ ਬਾਂਦਰ ਦੇ ਦਿਲ ਅੰਦਰ ਬੇਅੰਤ ਯਾਦਾਂ ਉੱਗ ਪਈਆਂ। “ਇਹ ਮੇਰੀ ਮਾਤ ਭੂਮੀ ਹੈ।” ਇਸ ਸੋਚ ਅਤੇ ਮਿੱਟੀ ਦੀ ਮਹਿਕ ਨੇ ਉਸ ਦੇ ਖ਼ੂਨ ਨੂੰ ਦਸਤਕ ਦੇ ਕੇ ਜਗਾਇਆ। ਜ਼ੋਰ ਨਾਲ ਚੀਖ਼ਣ ਦੀ ਇੱਛਾ ਹੋਈ। ਰੋਣ ਨੂੰ ਮਨ ਕੀਤਾ।

ਪੂਰਾ ਜ਼ੋਰ ਲਾ ਕੇ ਪੈਰ ਨਾਲ ਬੰਨ੍ਹੀ ਰੱਸੀ ਤੋੜ ਦਿੱਤੀ। ਉਹ ਲੰਗੜਾਉਂਦਾ ਹੋਇਆ ਭੱਜਣ ਲੱਗਿਆ। ਇੱਕ ਪੈਰ ਨੂੰ ਘਸੀੜਦਾ, ਹਫਦਾ-ਹੰਭਦਾ, ਮੁੜ੍ਹਕੋ-ਮੁੜ੍ਹਕੀ, ਹੰਝੂ ਪੂੰਝਦਾ, ਆਪਣੇ ਝਰੀਟਾਂ ਭਰੇ ਸਰੀਰ ਅਤੇ ਵਗਦੇ ਖ਼ੂਨ ਦੀ ਪਰਵਾਹ ਨਾ ਕਰਦਿਆਂ ਹੋਇਆਂ, ਡਿੱਗਦਾ-ਢਹਿੰਦਾ ਉਹ ਜੰਗਲ ਦੇ ਮਰਕਜ਼ ਵੱਲ ਭੱਜਿਆ।

ਉਸਦਾ ਆਪਣਾ ਜੰਗਲ, ਆਪਣੀ ਮਿੱਟੀ, ਆਪਣੀ ਮਹਿਕ….. ਇਸ ਸਭ ਨੇ ਉਹਨੂੰ ਪਿਆਰ ਨਾਲ ਘੇਰ ਲਿਆ। ਧਰਤੀ ਨੂੰ ਉਸਨੇ ਵਾਰ-ਵਾਰ ਚੁੰਮਿਆ। ਜਿਸ ਧਰਤੀ ਉੱਤੇ ਉਸਦੀ ਮਾਂ ਤੁਰੀ ਸੀ…. ਜਿੱਥੇ ਇੱਕ ਵੀ ਮਨੁੱਖ ਨਹੀਂ, ਅਜਿਹੀ ਧਰਤੀ।

ਸਾਰੇ ਬਾਂਦਰ ਹੈਰਤ ਨਾਲ ਉਸ ਵੱਲ ਵੇਖ ਰਹੇ ਸਨ। ਉਹ ਹੈਰਾਨ ਸਨ ਕਿ ਇਹ ਅਜਨਬੀ ਕੌਣ ਹੈ ਜੋ ਇਕ ਲੱਤ 'ਤੇ ਉਨ੍ਹਾਂ ਵੱਲ ਦੌੜਿਆ ਆ ਰਿਹਾ ਹੈ, ਐਨਾ ਦਰਦ ਸਹਿ ਰਿਹਾ ਹੈ! ਸਭ ਤੋਂ ਪਹਿਲਾਂ ਉਸਦੀ ਮਾਂ ਨੇ ਉਸਨੂੰ ਪਛਾਣ ਲਿਆ। ਦੂਰੋਂ ਹੀ ਉਸ ਨੇ ਆਪਣੇ ਬੱਚੇ ਨੰ ਸਿਆਣ ਲਿਆ ਸੀ। ਜਿਸ ਪਲ ਬੱਚੇ ਦੀ ਮਹਿਕ ਨੇ ਉਸ ਨੂੰ ਸਪਰਸ਼ ਕੀਤਾ, ਉਸ ਦਾ ਦਿਲ ਪੱਘਰ ਗਿਆ। ਇਹ ਸੋਚ ਕੇ ਉਸ ਨੇ ਮਨ ਕਰੜਾ ਕਰ ਰੱਖਿਆ ਸੀ ਕਿ ਉਹ ਦੁਬਾਰਾ ਕਦੇ ਵੀ ਆਪਣੇ ਬੱਚੇ ਨੂੰ ਨਹੀਂ ਦੇਖ ਸਕੇਗੀ। ਅਜਿਹੇ ਬੱਚੇ ਨੂੰ ਸਾਹਮਣੇ ਦੇਖ ਕੇ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਉਹ ਦੌੜਦੀ ਹੋਈ ਉਹਦੇ ਕੋਲ ਆਈ ਅਤੇ ਗਲ਼ੇ ਲਾ ਲਿਆ। ਉਸ ਦੇ ਟੇਢੇ ਪੈਰ ਨੂੰ ਦੇਖ ਕੇ ਉਸ ਨੇ ਹੁਬਕੀਆਂ ਭਰੀਆਂ। ਪੂਰੇ ਬਦਨ ਉੱਤੇ ਹੱਥ ਫੇਰਿਆ। ਜ਼ਖ਼ਮਾਂ ਨੂੰ ਚੱਟਿਆ। ਦਰਦਾਂ ਦੇ ਦਰਿਆ ਵਰਗੀ ਆਪਣੀ ਮਾਂ ਨੂੰ ਦੇਖ ਕੇ ਬੱਚੇ ਨੇ ਘੁੱਟ ਕੇ ਉਸ ਨੂੰ ਗਲ਼ ਲਾ ਲਿਆ।

ਬੋਲ ਦੁੱਖਾਂ ਕਰਕੇ ਜੰਮ ਗਏ ਸਨ। ਆਪਣੀ ਮਾਂ ਦੇ ਹੰਝੂਆਂ ਨੂੰ ਪੂੰਝਦਿਆਂ, ਬਿਨਾਂ ਕਿਸੇ ਨਾਲ ਕੋਈ ਹੋਰ ਗੱਲ ਕੀਤਿਆਂ, ਉਹ ਸਿੱਧਾ ਬਾਂਦਰ ਬਾਬੇ ਕੋਲ ਚਲਾ ਗਿਆ।

"ਬਾਬਾ !" ਉਹ ਚੀਕਿਆ।

ਬਾਬਾ ਇੱਕੋ ਛਾਲ ਵਿੱਚ ਦਰਖ਼ਤ ਤੋਂ ਉਤਰ ਆਇਆ, ਆ ਕੇ ਬਾਂਦਰ ਨੂੰ ਗਲ਼ ਨਾਲ ਲਾਇਆ। ਲੰਗੜੇ ਪੈਰ ਨੂੰ ਦੇਖ ਕੇ ਬਾਬਾ ਦੁਖੀ ਹੋਇਆ। ਉਸ ਦੇ ਹੋਠਾਂ ਉੱਤੇ ਪੀੜਾਂ ਲੱਦੀ ਮੁਸਕਾਨ ਆ ਗਈ।

“ਅਨੁਭਵ ਤੋਂ ਵੱਡਾ ਕੋਈ ਗੁਰੂ ਨਹੀਂ ਹੈ,” ਉਹ ਬੁੜਬੁੜਾਇਆ।

ਬਾਂਦਰ ਨੇ ਕਿਹਾ, “ਬਾਬਾ, ਮੈਂ ਇੱਕ ਸੱਚ ਲੱਭ ਲਿਆ ਹੈ।”

“ਹਾਂ-ਹਾਂ, ਕੋਈ ਵੀ ਦੇਖ ਸਕਦਾ ਹੈ ਕਿ ਇਸ ਲਈ ਤੂੰ ਕਿੰਨਾ ਮੁੱਲ ਤਾਰਿਆ ਹੈ।” ਗ਼ਮਗੀਨ ਆਵਾਜ਼ ਵਿੱਚ, ਬਾਬੇ ਨੇ ਉਸ ਨੂੰ ਪਿਆਰ ਨਾਲ ਪਲੂਸਦੇ ਹੋਏ ਕਿਹਾ।

“ਬਾਬਾ! ਜੇਕਰ ਨੀਵੀਂ ਅਵਸਥਾ ਤੋਂ ਉੱਚੀ ਅਵਸਥਾ ਵਿੱਚ ਜਾਣਾ ਹੀ ਵਿਕਾਸ ਦੀ ਪ੍ਰਕਿਰਿਆ ਹੈ, ਤਾਂ ਇਹ ਕਹਿਣਾ ਝੂਠ ਹੈ ਕਿ ਉੱਚੇ ਬਾਂਦਰ ਤੋਂ ਨੀਚ ਮਨੁੱਖ ਦਾ ਜਨਮ ਹੋਇਆ। ਸੱਚ ਤਾਂ ਇਹ ਹੈ ਬਾਂਦਰ ਮਨੁੱਖ ਤੋਂ ਪੈਦਾ ਹੋਇਆ ਹੈ। ਇਸ ਸੰਸਾਰ ਵਿੱਚ ਜੋ ਵੀ ਸੱਚ ਨੂੰ ਲੱਭਣਾ ਚਾਹੁੰਦਾ ਹੈ, ਉਸਨੂੰ ਮੁੱਲ ਤਾਰਨਾ ਹੀ ਪੈਂਦਾ ਹੈ। ਮੈਂ ਵੀ….।” ਇੱਕ ਅੱਥਰੂ ਖਿਸਕ ਕੇ ਉਸਦੀ ਟੁੱਟੀ ਲੱਤ ਦੇ ਵਾਲਾਂ 'ਤੇ ਡਿੱਗ ਕੇ ਸੁੱਕ ਗਿਆ।

ਬਾਂਦਰ ਆਪਣੀ ਲੱਤ ਘੜੀਸਦਾ ਹੋਇਆ, ਚੁੱਪਚਾਪ, ਜੰਗਲ ਵਿੱਚ ਚਲਾ ਗਿਆ। ਥੋੜ੍ਹੀ ਦੇਰ ਬਾਅਦ, ਬੰਸਰੀ ਦੇ ਗੀਤ ਨਾਲ ਜੰਗਲ ਗੂੰਜ ਉੱਠਿਆ। ਇਹ ਗੀਤ ਇੰਝ ਗੂੰਜਿਆ, ਜਿਵੇਂ ਧਰਤੀ ਦੇ ਸਾਰੇ ਮਨੁੱਖਾਂ ਨੂੰ ਸਵਾਲ ਕਰ ਰਿਹਾ ਹੋਵੇ।

(ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਭਾਰਤੀ ਭਾਸ਼ਾਵਾਂ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •