Muhabbat Sirf Ahsaas Nahin (Punjabi Article): Labh Singh Shergill
ਮੁਹੱਬਤ ਸਿਰਫ਼ ਅਹਿਸਾਸ ਨਹੀਂ (ਲੇਖ) : ਲਾਭ ਸਿੰਘ ਸ਼ੇਰਗਿੱਲ
ਕਹਿੰਦੇ ਹਨ ਕਿ ਆਦਮ ਤੇ ਹਵਾ ਨੂੰ ਸਵਰਗ ਵਿੱਚੋਂ ਵਰਜਿਤ ਕੀਤੇ ਗਏ ਰੁੱਖ ਤੋਂ ਫ਼ਲ ਤੋੜਨ ਕਰਕੇ ਸਜ਼ਾ ਵਜੋਂ ਇਸ ਮਾਤਲੋਕ 'ਤੇ ਭੇਜ ਦਿੱਤਾ ਗਿਆ ਅਤੇ ਇਹ ਵੀ ਕਹਿੰਦੇ ਹਨ ਕਿ ਇਸ ਤੋਂ ਹੀ ਸ੍ਰਿਸ਼ਟੀ ਦੀ ਸਿਰਜਣਾ ਦਾ ਆਰੰਭ ਹੋਇਆ। ਖੈਰ ਸ੍ਰਿਸ਼ਟੀ ਦੀ ਸਿਰਜਣਾ ਕਿਵੇਂ ਹੋਈ, ਕਦੋਂ ਹੋਈ, ਕਿਉਂ ਹੋਈ ਇਹ ਸਭ ਮਨੁੱਖ ਲਈ ਇਸ ਵਿਗਿਆਨਕ ਯੁੱਗ ਵਿੱਚ ਵੀ ਇੱਕ ਰਹੱਸ ਹੈ ਭਾਵੇਂ ਵਿਗਿਆਨ ਨੇ ਕੁੱਝ ਰਹੱਸ ਖੋਲ੍ਹਣ ਦੇ ਯਤਨ ਕੀਤੇ ਹਨ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਉਸ ਪਰਮ ਸ਼ਕਤੀ ਨੂੰ ਹੀ ਇਸ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲ਼ਾ ਮੰਨਿਆ ਗਿਆ ਹੈ। ਦੂਸਰੇ ਪਾਸੇ ਬ੍ਰਹਮਾ, ਵਿਸ਼ਨੂੰ,ਮਹੇਸ਼ ਚੋਂ ਬ੍ਰਹਮਾ ਨੂੰ ਇਸ ਸ੍ਰਿਸ਼ਟੀ ਦਾ ਸਿਰਜਕ ਮੰਨਿਆ ਜਾਂਦਾ ਹੈ ਪਰ ਫਿਰ ਵੀ ਇਹ ਅਜੇ ਤੱਕ ਇੱਕ ਰਹੱਸ ਹੀ ਬਣਿਆ ਹੋਇਆ ਹੈ ਜੋ ਮਨੁੱਖੀ ਬੁੱਧੀ ਤੋਂ ਪਰ੍ਹੇ ਦੀਆਂ ਗੱਲਾਂ ਹਨ। ਚਲੋ ਗੱਲ ਕਰਦੇ ਆਂ ਇਸ ਸ੍ਰਿਸ਼ਟੀ ਦੇ ਉੱਤਮ ਜੀਵ ਜਾਨਿ ਮਨੁੱਖ ਦੀ। ਧਰਤੀ ਦੇ ਬਾਕੀ ਜੀਵਾਂ ਤੋਂ ਇਸ ਨੂੰ ਉੱਤਮ ਤੇ ਸ੍ਰੇਸ਼ਟ ਇਸ ਲਈ ਮੰਨਿਆ ਕਿ ਇਸ ਕੋਲ਼ ਸੋਚਣ ਸਮਝਣ ਦੀ ਸ਼ਕਤੀ ਹੈ ਜੋ ਹੋਰ ਜੀਵਾਂ ਵਿੱਚ ਨਹੀਂ ਹੁੰਦੀ। ਕਾਮ,ਕ੍ਰੋਧ,ਮੋਹ,ਲੋਭ ਤੇ ਅਹੰਕਾਰ ਦੇ ਸੁਮੇਲ ਵਿੱਚ ਗੁਜ਼ਰਦਾ ਇਹ ਮਨੁੱਖ ਕਾਇਨਾਤ ਦਾ ਸਾਂਝੀ ਬਣਿਆ। ਜੇਕਰ ਇਨ੍ਹਾਂ ਪੰਜਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ ਤਾਂ ਮਨੁੱਖ ਦੇ ਜੀਵਨ ਦੀ ਯਾਤਰਾ ਸੁਖਾਵੇਂ ਰਾਹੇ ਪਈ ਰਹਿੰਦੀ ਹੈ। ਇਨ੍ਹਾਂ ਵਿੱਚ ਮੋਹ, ਮੁਹੱਬਤ ਇੱਕ ਅਜਿਹੀ ਸ਼ੈਅ ਹੈ ਜੋ ਆਦਿ ਕਾਲ ਤੋਂ ਹੀ ਮਨੁੱਖ ਲਈ ਅੰਦਰੂਨੀ ਸ਼ਕਤੀ ਦਾ ਕੰਮ ਕਰਦੀ ਰਹੀ ਹੈ ਜੋ ਮਨੁੱਖ ਵਿੱਚ ਇੱਕ ਜੋਸ਼ ਤੇ ਇੱਕ ਅਲੱਗ ਤਰ੍ਹਾਂ ਦਾ ਸਰੂਰ ਭਰਦੀ ਹੈ। ਜਵਾਨ ਅਵਸਥਾ ਜਾਨਿ ਚੜ੍ਹਦੀ ਜਵਾਨੀ ਵਿੱਚ ਕਿਸੇ ਨਾਲ਼ ਹੋਈ ਮੁਹੱਬਤ ਤਾ ਉਮਰ ਚੇਤਿਆਂ ਵਿੱਚ ਵਸੀ ਤੇ ਸਦਾ ਤਰੋਤਾਜ਼ਾ ਰਹਿੰਦੀ ਹੈ। ਇਹ ਮੁਹੱਬਤ ਜੇਕਰ ਪਾਕ ਹੋਵੇ ਤਾਂ ਇਬਾਦਤ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਮੁਹੱਬਤ ਇੱਕ ਮਾਂ ਦੀ ਆਪਣੇ ਬੱਚੇ ਲਈ ਹੁੰਦੀ ਹੈ ਜੋ ਅਹਿਸਾਸ ਦੇ ਦਾਇਰੇ ਤੋਂ ਅਗਾਂਹ ਹੁੰਦੀ ਹੈ। ਕੰਮ ਕਰਦੀ ਮਾਂ ਦਾ ਧਿਆਨ ਹਮੇਸ਼ਾ ਆਪਣੇ ਬੱਚੇ ਵਿੱਚ ਹੁੰਦਾ ਹੈ ਇਹ ਉਸ ਦੀ ਇਬਾਦਤ ਹੀ ਤਾਂ ਹੁੰਦੀ ਹੈ। ਧਰਤੀ ਮਾਂ ਦੀ ਆਨ ਸ਼ਾਨ ਲਈ ਆਪਾ ਕੁਰਬਾਨ ਕਰਨ ਵਾਲ਼ੇ ਸੂਰਮੇ, ਸ਼ਹੀਦਾਂ ਦੀ ਆਪਣੀ ਧਰਤੀ ਮਾਂ ਲਈ ਮੁਹੱਬਤ ਕਿਸੇ ਤਰ੍ਹਾਂ ਵੀ ਇਬਾਦਤ ਤੋਂ ਘੱਟ ਨਹੀਂ ਹੁੰਦੀ। ਸਿਦਕਾਂ ਦੇ ਪੱਕੇ ਤੇ ਸੱਚ ਦਾ ਸੁਨੇਹਾ ਦੇਣ ਵਾਲ਼ੇ ਮਹਾਂਪੁਰਖਾਂ, ਗੁਰੂਆਂ,ਪੀਰਾਂ, ਪੈਗ਼ੰਬਰਾਂ ਤੇ ਮਸੀਹਾਂ ਨੇ ਆਪਣੇ ਅਵਤਾਰੀ ਸਫ਼ਰ ਦੌਰਾਨ ਲੋਕਾਂ ਨੂੰ ਪਿਆਰ, ਮੁਹੱਬਤ ਨਾਲ਼ ਰਹਿਣ ਦਾ ਹੋਕਾ ਦਿੱਤਾ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਲਈ ਜੋਸ਼ ਭਰਿਆ । ਇਸ ਲਈ ਬੇਸ਼ੱਕ ਉਸ ਸਮੇਂ ਦੇ ਕੁੱਝ ਹੰਕਾਰੀ ਸ਼ਾਸਕਾਂ ਨੇ ਉਨ੍ਹਾਂ 'ਤੇ ਜ਼ੁਲਮ ਕੀਤੇ ਤੇ ਆਪਣੀ ਹਕੂਮਤ ਲਈ ਖ਼ਤਰਾ ਸਮਝਦੇ ਹੋਏ ਉਨ੍ਹਾਂ ਨੂੰ ਸ਼ਹੀਦ ਵੀ ਕਰਵਾ ਦਿੱਤਾ ਪਰ ਇਨ੍ਹਾਂ ਅਵਤਾਰੀ ਪੁਰਸ਼ਾਂ ਨੇ ਲੋਕਾਂ ਨੂੰ ਧਰਮ/ਸੱਚ ਦਾ ਅਜਿਹਾ ਪਾਠ ਪੜ੍ਹਾਇਆ ਕਿ ਲੋਕਾਂ ਦਾ ਧਰਮ ਲਈ ਕੁਰਬਾਨ ਹੋਣਾ ਹੀ ਉਨ੍ਹਾਂ ਲਈ ਇਬਾਦਤ ਬਣ ਗਿਆ। ਇਨਸਾਨ ਦੀ ਉਸ ਰੱਬੀ ਨੂਰ,ਅਨੰਤ ਸ਼ਕਤੀ ਤੇ ਉਸ ਦੀ ਸਿਰਜੀ ਹਰ ਸ਼ੈਅ ਨਾਲ਼ ਮੁਹੱਬਤ ਹੀ ਉਸ ਦੀ ਪੂਜਾ ਹੈ, ਉਸ ਦੀ ਇਬਾਦਤ ਹੈ।
ਅੱਜ ਜਦੋਂ ਅਸੀਂ ਆਪਣੇ ਆਲ਼ੇ ਦੁਆਲ਼ੇ ਨਜ਼ਰ ਮਾਰਦੇ ਹਾਂ, ਸੁਣਦੇ ਹਾਂ ਕਿ ਮੁਹੱਬਤ ਵਿੱਚ ਉਹ ਆਪਾ ਕੁਰਬਾਨ ਕਰਨ ਵਾਲ਼ਾ ਜਜ਼ਬਾ ਨਹੀਂ ਰਿਹਾ ਸਿਰਫ਼ ਦਿਖਾਵਾ ਹੀ ਰਹਿ ਗਿਆ ਹੈ ਜਿਸ ਕਾਰਨ ਰਿਸ਼ਤਿਆਂ ਵਿੱਚ ਕੁੜੱਤਣ ,ਆਪਸੀ ਦੂਰੀਆਂ ਪੈ ਰਹੀਆਂ ਹਨ। ਬਹੁਤਾਤ ਅਜਿਹੇ ਲੋਕਾਂ ਦੀ ਹੈ ਜੋ ਆਪਣੀ ਗਰਜ਼ ਦੀ ਪੂਰਤੀ ਲਈ ਦੂਜਿਆਂ ਨਾਲ਼ ਨੇੜਤਾ ਕਾਇਮ ਕਰਦੇ ਹਨ। ਅਸੀਂ ਸ਼ਾਇਦ ਪਿਆਰ ਮੁਹੱਬਤ ਦੇ ਅਸਲ ਅਰਥਾਂ ਤੋਂ ਦੂਰ ਚਲੇ ਗਏ ਹਾਂ। ਆਪਾ ਮਿਟਾ ਕੇ ਕੀਤੀ ਮੁਹੱਬਤ ਹੀ ਪ੍ਰਵਾਨ ਚੜ੍ਹਦੀ ਹੈ,ਚਾਹੇ ਉਸ ਦਾ ਰੂਪ ਹਕੀਕੀ ਹੋਵੇ ਜਾਂ ਮਜਾਜ਼ੀ। ਆਪਣੇ ਮਹਿਬੂਬ ਦੇ ਚਰਨਾਂ ਵਿੱਚ ਸਭ ਕੁੱਝ ਨਿਛਾਵਰ ਕਰਨ ਦਾ ਨਾਂ ਹੀ ਮੁਹੱਬਤ ਹੈ ਤੇ ਇਹ ਹੀ ਇਬਾਦਤ ਹੈ। ਇਹ ਸਿਰਫ਼ ਅਹਿਸਾਸ ਨਹੀਂ, ਇਹ ਖੁਦ ਨੂੰ ਮਿਟਾ ਕੇ ਮੁਕੱਦਸ ਹੋਣ ਦੀ ਕਲਾ ਹੈ। ਕੁਦਰਤ ਦੀ ਬਣਾਈ ਇਹ ਕਾਇਨਾਤ ਹਰ ਪਲ਼ ਆਪਾ ਮਿਟਾ ਕੇ ਪਰਉਪਕਾਰ ਕਰ ਰਹੀ ਹੈ ਤੇ ਕਦੇ ਆਪਣਾ ਅਹਿਸਾਨ ਵੀ ਨਹੀਂ ਜਤਾਉਂਦੀ। ਇਸ ਨੂੰ ਓਪਰੀ ਨਜ਼ਰੇ ਨਹੀਂ ਦੇਖਿਆ ਜਾ ਸਕਦਾ। ਇਸ ਨੂੰ ਦੇਖਣ ਲਈ ਕੁਦਰਤ ਦਾ ਸਾਂਝੀ ਬਣਨਾ ਪੈਣਾ ਹੈ। ਇਹ ਸਾਰੀ ਕਾਇਨਾਤ, ਕੁਦਰਤ ਦਾ ਪਸਾਰਾ ਮਨੁੱਖਤਾ ਨੂੰ ਮੁਹੱਬਤ ਦਾ ਪੈਗ਼ਾਮ ਹੀ ਤਾਂ ਦੇ ਰਿਹਾ ਹੈ। ਧਰਤੀ ਦੇ ਇਸ ਮਨੁੱਖ ਰੂਪੀ ਪ੍ਰਾਣੀ ਲਈ ਪਸਾਰੇ ਦਾ ਗਿਆਨ ਹੋਣਾ ਹੀ ਉਸ ਲਈ ਸਿਜਦਾ ਤੇ ਉਸ ਦੀ ਇਬਾਦਤ ਹੈ।