Mundan : Harishankar Parsai

ਮੁੰਡਨ (ਵਿਅੰਗ) : ਹਰੀਸ਼ੰਕਰ ਪਰਸਾਈ

ਇੱਕ ਦਿਨ ਕਿਸੇ ਦੇਸ਼ ਦੀ ਸੰਸਦ ਵਿੱਚ ਵੱਡਾ ਹੰਗਾਮਾ ਹੋਇਆ। ਹੰਗਾਮੇ ਦਾ ਕਾਰਨ ਕੋਈ ਸਿਆਸੀ ਸਮੱਸਿਆ ਨਹੀਂ ਸੀ, ਸਗੋਂ ਇੱਕ ਮੰਤਰੀ ਦੀ ਅਚਾਨਕ ਹੋਈ ਹੱਤਕ ਸੀ। ਕੱਲ੍ਹ ਤੱਕ ਉਸ ਦੇ ਸਿਰ ’ਤੇ ਲੰਬੇ ਘੁੰਗਰਾਲੇ ਵਾਲ਼ ਸਨ, ਪਰ ਰਾਤ ਨੂੰ ਉਹ ਅਚਾਨਕ ਗੰਜਾ ਹੋ ਗਿਆ।

ਉਨ੍ਹਾਂ ਦੇ ਨਾਲ਼ ਕੀ ਹੋ ਗਿਆ ਹੈ, ਇਸ ਬਾਰੇ ਮੈਂਬਰਾਂ ਵਿੱਚ ਘੁਸਰ-ਮੁਸਰ ਸੀ। ਕਿਆਸ ਅਰਾਈਆਂ ਸ਼ੁਰੂ ਹੋ ਗਈਆਂ। ਕਿਸੇ ਨੇ ਕਿਹਾ, ‘ਸ਼ਾਇਦ ਉਸ ਦੇ ਸਿਰ ਵਿੱਚ ਜੂੰਆਂ ਪੈ ਗਈਆਂ ਹਨ।’ ਦੂਸਰੇ ਨੇ ਕਿਹਾ, ‘ਸ਼ਾਇਦ ਦਿਮਾਗ ’ਚ ਵਿਚਾਰ ਭਰਨ ਲਈ ਵਾਲ਼ਾਂ ਦਾ ਪਰਦਾ ਲਾਹ ਸੁੱਟਿਆ ਹੋਵੇ।’ ਤੀਸਰੇ ਨੇ ਕਿਹਾ, ‘ਸ਼ਾਇਦ ਇਸਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਗਈ।’ ਪਰ ਉਹ ਪਹਿਲਾਂ ਵਾਂਗ ਖੁਸ਼ ਨਜਰ ਆ ਰਿਹਾ ਸੀ।

ਅੰਤ ਇੱਕ ਮੈਂਬਰ ਨੇ ਪੁੱਛਿਆ, ‘ਸਪੀਕਰ ਸਾਹਬ! ਕੀ ਮੈਂ ਜਾਣ ਸਕਦਾ ਹਾਂ ਕਿ ਮਾਣਯੋਗ ਮੰਤਰੀ ਸਾਹਿਬ ਦੇ ਪਰਿਵਾਰ ਵਿੱਚ ਕੀ ਕਿਸੇ ਦੀ ਮੌਤ ਹੋ ਗਈ ਹੈ?’

ਮੰਤਰੀ ਨੇ ਜਵਾਬ ਦਿੱਤਾ, ‘ਨਹੀਂ।’

ਮੈਂਬਰਾਂ ਨੇ ਅੰਦਾਜਾ ਲਗਾਇਆ ਕਿ ਮੰਤਰੀ ਦਾ ਉਨ੍ਹਾਂ ਲੋਕਾਂ ਨੇ ਹੀ ਤਾਂ ਮੁੰਡਨ ਨਹੀਂ ਕਰ ਦਿੱਤਾ ਜਿਨ੍ਹਾਂ ਵਿਰੁੱਧ ਉਹ ਬਿੱਲ ਪੇਸ਼ ਕਰਨ ਦਾ ਇਰਾਦਾ ਰੱਖਦੇ ਸੀ।

ਇਕ ਮੈਂਬਰ ਨੇ ਪੁੱਛਿਆ, ‘ਪ੍ਰਧਾਨ ਜੀ! ਕੀ ਮਾਣਯੋਗ ਮੰਤਰੀ ਜੀ ਨੂੰ ਪਤਾ ਹੈ ਕਿ ਉਹਨਾਂ ਦਾ ਮੁੰਡਨ ਹੋ ਗਿਆ ਹੈ? ਜੇ ਹਾਂ, ਤਾਂ ਕੀ ਉਹ ਦੱਸਣਗੇ ਕਿ ਉਹਨਾਂ ਦਾ ਮੁੰਡਨ ਕਿਸ ਨੇ ਕਰ ਦਿੱਤਾ?’

ਮੰਤਰੀ ਨੇ ਗੰਭੀਰਤਾ ਨਾਲ ਜਵਾਬ ਦਿੱਤਾ, ‘ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰਾ ਮੁੰਡਨ ਹੋ ਗਿਆ ਹੈ ਜਾਂ ਨਹੀਂ!’

ਕਈ ਮੈਂਬਰ ਚੀਕੇ, ‘ਹੋ ਗਿਆ ਹੈ! ਹਰ ਕੋਈ ਇਸਨੂੰ ਦੇਖ ਰਿਹਾ ਹੈ।’

ਮੰਤਰੀ ਨੇ ਕਿਹਾ, ਜੇ ਹਰ ਕੋਈ ਦੇਖ ਲਵੇ ਤਾਂ ਕੁੱਝ ਨਹੀਂ ਹੁੰਦਾ। ਸਰਕਾਰ ਨੂੰ ਦਿਖਣਾ ਚਾਹੀਦਾ ਹੈ। ਸਰਕਾਰ ਜਾਂਚ ਕਰੇਗੀ ਕਿ ਮੇਰਾ ਮੁੰਡਨ ਕੀਤਾ ਗਿਆ ਹੈ ਜਾਂ ਨਹੀਂ।

ਇਕ ਮੈਂਬਰ ਨੇ ਕਿਹਾ, ‘ਇਸ ਦੀ ਹੁਣੇ ਜਾਂਚ ਕੀਤੀ ਜਾ ਸਕਦੀ ਹੈ। ਮੰਤਰੀ ਸਾਹਿਬ, ਸਿਰ ’ਤੇ ਹੱਥ ਫੇਰ ਕੇ ਦੇਖੋ।

ਮੰਤਰੀ ਨੇ ਜਵਾਬ ਦਿੱਤਾ, ‘ਮੈਂ ਸਿਰ ’ਤੇ ਆਪਣਾ ਹੱਥ ਫੇਰਕੇ ਬਿਲਕੁਲ ਨਹੀਂ ਦੇਖਾਂਗਾ। ਸਰਕਾਰ ਇਸ ਮਾਮਲੇ ਵਿੱਚ ਜਲਦਬਾਜੀ ਨਹੀਂ ਕਰਦੀ। ਪਰ ਮੈਂ ਵਾਅਦਾ ਕਰਦਾ ਹਾਂ ਕਿ ਮੇਰੀ ਸਰਕਾਰ ਇਸ ਦੀ ਵਿਸਥਾਰ ’ਚ ਜਾਂਚ ਕਰੇਗੀ ਅਤੇ ਸਦਨ ਦੇ ਸਾਹਮਣੇ ਸਾਰੇ ਤੱਥ ਪੇਸ਼ ਕਰੇਗੀ।

ਮੈਂਬਰਾਂ ਨੇ ਰੌਲ਼ਾ ਪਾਇਆ, ‘ਇਸਦੀ ਜਾਂਚ ਕਰਨ ਦੀ ਕੀ ਲੋੜ ਹੈ? ਸਿਰ ਤੁਹਾਡਾ ਹੈ ਤੇ ਹੱਥ ਵੀ ਤੁਹਾਡੇ ਹਨ। ਮੰਤਰੀ ਨੂੰ ਆਪਣੇ ਹੀ ਹੱਥ ਨੂੰ ਸਿਰ ’ਤੇ ਫੇਰਨ ’ਚ ਕੀ ਇਤਰਾਜ਼ ਹੈ?

ਮੰਤਰੀ ਨੇ ਕਿਹਾ, ‘ ਮੈਂ ਮੈਂਬਰਾਂ ਨਾਲ਼ ਸਹਿਮਤ ਹਾਂ ਕਿ ਸਿਰ ਵੀ ਮੇਰਾ ਹੈ ਤੇ ਹੱਥ ਵੀ ਮੇਰੇ ਹਨ। ਪਰ ਸਾਡੇ ਹੱਥ ਰਵਾਇਤਾਂ ਅਤੇ ਨੀਤੀਆਂ ਨਾਲ਼ ਬੰਨ੍ਹੇ ਹੋਏ ਹਨ। ਮੈਂ ਆਪਣੇ ਸਿਰ ’ਤੇ ਹੱਥ ਫੇਰਨ ਲਈ ਅਜਾਦ ਨਹੀਂ ਹਾਂ। ਸਰਕਾਰ ਦੀ ਇੱਕ ਨਿਯਮਤ ਕਾਰਜ ਪ੍ਰਣਾਲੀ ਹੁੰਦੀ ਹੈ। ਮੈਂ ਵਿਰੋਧੀ ਮੈਂਬਰਾਂ ਦੇ ਦਬਾਅ ਹੇਠ ਉਸ ਪ੍ਰਣਾਲੀ ਨੂੰ ਨਹੀਂ ਤੋੜ ਸਕਦਾ। ਮੈਂ ਇਸ ਸਬੰਧੀ ਸਦਨ ਵਿੱਚ ਇੱਕ ਭਾਸ਼ਣ ਦੇਵਾਂਗਾ।

ਸ਼ਾਮ ਨੂੰ ਮੰਤਰੀ ਨੇ ਸਦਨ ਵਿੱਚ ਭਾਸ਼ਣ ਦਿੱਤਾ, ‘ਸ਼੍ਰੀਮਾਨ ਸਪੀਕਰ! ਸਦਨ ਵਿੱਚ ਸਵਾਲ ਚੁੱਕਿਆ ਗਿਆ ਕਿ ਕੀ ਮੇਰਾ ਮੁੰਡਨ ਕੀਤਾ ਗਿਆ ਹੈ ਜਾਂ ਨਹੀਂ? ਜੇ ਕੀਤਾ ਗਿਆ ਹੈ, ਤਾਂ ਇਹ ਕਿਸਨੇ ਕੀਤਾ? ਇਹ ਸਵਾਲ ਬਹੁਤ ਗੁੰਝਲ਼ਦਾਰ ਹੈ। ਅਤੇ ਸਰਕਾਰ ਇਸ ’ਤੇ ਜਲਦਬਾਜੀ ’ਚ ਕੋਈ ਫੈਸਲਾ ਨਹੀਂ ਲੈ ਸਕਦੀ। ਮੈਂ ਨਹੀਂ ਕਹਿ ਸਕਦਾ ਕਿ ਮੇਰਾ ਮੁੰਡਨਾ ਹੋਇਆ ਹੈ ਜਾਂ ਨਹੀਂ। ਜਾਂਚ ਪੂਰੀ ਹੋਣ ਤੱਕ ਸਰਕਾਰ ਇਸ ਸਬੰਧੀ ਕੁੱਝ ਨਹੀਂ ਕਹਿ ਸਕਦੀ। ਸਾਡੀ ਸਰਕਾਰ ਤਿੰਨ ਵਿਅਕਤੀਆਂ ਦੀ ਜਾਂਚ ਕਮੇਟੀ ਨਿਯੁਕਤ ਕਰਦੀ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗੀ। ਮੈਂ ਸਦਨ ਵਿੱਚ ਜਾਂਚ ਕਮੇਟੀ ਦੀ ਰਿਪੋਰਟ ਪੇਸ਼ ਕਰਾਂਗਾ।

ਮੈਂਬਰਾਂ ਨੇ ਕਿਹਾ, ‘ਇਹ ਕੁਤੁਬ ਮੀਨਾਰ ਦਾ ਮਾਮਲਾ ਨਹੀਂ ਹੈ, ਜੋ ਸਦੀਆਂ ਤੱਕ ਜਾਂਚ ਲਈ ਖੜ੍ਹੀ ਰਹੇਗੀ। ਇਹ ਤੁਹਾਡੇ ਵਾਲ਼ਾਂ ਦੀ ਗੱਲ ਹੈ, ਜੋ ਵਧਦੇ ਹਨ ਅਤੇ ਕੱਟੇ ਜਾਂਦੇ ਹਨ। ਇਸ ਦਾ ਫੈਸਲਾ ਤੁਰੰਤ ਹੋਣਾ ਚਾਹੀਦਾ ਹੈ।

ਮੰਤਰੀ ਨੇ ਜਵਾਬ ਦਿੱਤਾ, ‘ਮੈਂਬਰਾਂ ਨੂੰ ਕੁਤੁਬ ਮੀਨਾਰ ਨਾਲ਼ ਤੁਲਨਾ ਕਰਕੇ ਮੇਰੇ ਵਾਲ਼ਾਂ ਦੀ ਹੱਤਕ ਕਰਨ ਦਾ ਕੋਈ ਹੱਕ ਨਹੀਂ ਹੈ। ਜਿੱਥੋਂ ਤੱਕ ਬੁਨਿਆਦੀ ਸਮੱਸਿਆ ਦਾ ਸਵਾਲ ਹੈ, ਸਰਕਾਰ ਜਾਂਚ ਤੋਂ ਪਹਿਲਾਂ ਕੁੱਝ ਨਹੀਂ ਕਹਿ ਸਕਦੀ।’

ਜਾਂਚ ਕਮੇਟੀ ਸਾਲਾਂ ਬੱਧੀ ਜਾਂਚ ਕਰਦੀ ਰਹੀ। ਇੱਧਰ ਮੰਤਰੀ ਦੇ ਸਿਰ ਦੇ ਵਾਲ਼ ਵਧਦੇ ਰਹੇ।

ਇੱਕ ਦਿਨ ਮੰਤਰੀ ਨੇ ਜਾਂਚ ਕਮੇਟੀ ਦੀ ਰਿਪੋਰਟ ਸਦਨ ਅੱਗੇ ਪੇਸ਼ ਕੀਤੀ।

ਜਾਂਚ ਕਮੇਟੀ ਦਾ ਫੈਸਲਾ ਸੀ ਕਿ ਮੰਤਰੀ ਦਾ ਮੁੰਡਨ ਨਹੀਂ ਹੋਇਆ ਸੀ।

ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਇਸ ਦਾ ਉਤਸ਼ਾਹ ਨਾਲ਼ ਸਵਾਗਤ ਕੀਤਾ।

ਸਦਨ ਦੇ ਇੱਕ ਹੋਰ ਹਿੱਸੇ ਵਿੱਚੋਂ ‘ਸ਼ਰਮ-ਸ਼ਰਮ’ ਦੇ ਨਾਹਰੇ ਆ ਰਹੇ ਸਨ। ਇਤਰਾਜ ਉੱਠੇ, ‘ਇਹ ਬਿਲਕੁਲ ਝੂਠ ਹੈ। ਮੰਤਰੀ ਦਾ ਮੁੰਡਨ ਹੋਇਆ ਸੀ।’

ਮੰਤਰੀ ਮੁਸਕਰਾ ਕੇ ਉੱਠਿਆ ਅਤੇ ਕਿਹਾ, ‘ਇਹ ਤੁਹਾਡਾ ਵਿਚਾਰ ਹੋ ਸਕਦਾ ਹੈ। ਪਰ ਸਬੂਤ ਤਾਂ ਚਾਹੀਦੀ ਹਨ। ਅੱਜ ਵੀ ਜੇ ਤੁਸੀਂ ਸਬੂਤ ਦੇਵੋਂ ਤਾਂ ਮੈਂ ਤੁਹਾਡੀ ਗੱਲ ਮੰਨ ਲਵਾਂਗਾ।’

ਇਹ ਕਹਿੰਦਿਆਂ ਉਸਨੇ ਆਪਣੇ ਘੁੰਗਰਾਲੇ ਵਾਲ਼ਾਂ ’ਤੇ ਹੱਥ ਫੇਰਿਆ ਅਤੇ ਸਦਨ ਹੋਰ ਮੁੱਦਿਆਂ ਨੂੰ ਸੁਲਝਾਉਣ ’ਚ ਰੁੱਝ ਗਿਆ।

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •