Harishankar Parsai
ਹਰੀਸ਼ੰਕਰ ਪਰਸਾਈ

ਹਰੀਸ਼ੰਕਰ ਪਰਸਾਈ (22 ਅਗਸਤ 1922-10 ਅਗਸਤ 1995) ਹਿੰਦੀ ਲੇਖਕ ਅਤੇ ਵਿਅੰਗਕਾਰ ਸਨ । ਉਨ੍ਹਾਂ ਦਾ ਜਨਮ ਜਮਾਨੀ, ਹੋਸ਼ੰਗਾਬਾਦ, ਮੱਧ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਹ ਹਿੰਦੀ ਦੇ ਪਹਿਲੇ ਰਚਨਾਕਾਰ ਹਨ ਜਿਨ੍ਹਾਂ ਨੇ ਵਿਅੰਗ ਨੂੰ ਵਿਧਾ ਦਾ ਦਰਜਾ ਦਵਾਇਆ ਅਤੇ ਉਸਨੂੰ ਹਲਕੇ-ਫੁਲਕੇ ਮਨੋਰੰਜਨ ਦੇ ਪਰੰਪਰਾਗਤ ਪ੍ਰਕਾਸ਼ ਮੰਡਲ ਵਿੱਚੋਂ ਉਭਾਰ ਕੇ ਸਮਾਜ ਦੇ ਵਿਆਪਕ ਪ੍ਰਸ਼ਨਾਂ ਨਾਲ ਜੋੜਿਆ। ਉਨ੍ਹਾਂ ਦੀਆਂ ਵਿਅੰਗ ਰਚਨਾਵਾਂ ਸਾਡੇ ਮਨ ਵਿੱਚ ਗੁਦਗੁਦੀ ਹੀ ਪੈਦਾ ਨਹੀਂ ਕਰਦੀਆਂ ਸਗੋਂ ਸਾਨੂੰ ਉਸ ਸਮਾਜਕ ਯਥਾਰਥ ਦੇ ਸਾਹਮਣੇ ਖੜਾ ਕਰਦੀਆਂ ਹਨ, ਜਿਸ ਤੋਂ ਕਿਸੇ ਵੀ ਵਿਅਕਤੀ ਦਾ ਵੱਖ ਰਹਿ ਸਕਣਾ ਲਗਪਗ ਅਸੰਭਵ ਹੈ। ਉਨ੍ਹਾਂ ਦੀ ਭਾਸ਼ਾ–ਸ਼ੈਲੀ ਵਿੱਚ ਖਾਸ ਕਿਸਮ ਦਾ ਅਪਣਾਪਣ ਹੈ, ਜਿਸ ਤੋਂ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਲੇਖਕ ਉਸਦੇ ਸਾਹਮਣੇ ਹੀ ਬੈਠਾ ਹੈ। ਉਨ੍ਹਾਂ ਨੂੰ ਵਿਅੰਗ ਪੁਸਤਕ 'ਵਿਕਲਾਂਗ ਸ਼ਰਧਾ ਕਾ ਦੌਰ' ਦੇ ਲਈ 1982 ਵਿੱਚ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ; ਕਹਾਣੀ ਸੰਗ੍ਰਹਿ : ਹੰਸਤੇ ਹੈਂ ਰੋਤੇ ਹੈਂ, ਜੈਸੇ ਉਨਕੇ ਦਿਨ ਫਿਰੇ; ਨਾਵਲ : ਰਾਨੀ ਨਾਗਫਨੀ ਕੀ ਕਹਾਨੀ, ਤਟ ਕੀ ਖੋਜ; ਲੇਖ ਸੰਗ੍ਰਹਿ : ਤਬ ਕੀ ਬਾਤ ਔਰ ਥੀ, ਭੂਤ ਕੇ ਪਾਂਵ ਪੀਛੇ, ਬੇਇਮਾਨੀ ਕੀ ਪਰਤ, ਵੈਸ਼ਣਵ ਕੀ ਫਿਸਲਨ, ਪਗਡੰਡੀਆਂ ਕਾ ਜਮਾਨਾ, ਸ਼ਿਕਾਯਤ ਮੁਝੇ ਭੀ ਹੈ, ਸਦਾਚਾਰ ਕਾ ਤਾਬੀਜ, ਵਿਕਲਾਂਗ ਸ਼ਰਧਾ ਕਾ ਦੌਰ, ਤੁਲਸੀਦਾਸ ਚੰਦਨ ਘਿਸੈਂ, ਹਮ ਏਕ ਉਮ੍ਰ ਸੇ ਵਾਕਿਫ ਹੈਂ।