Sansad Ate Mantri Di Muchh : Harishankar Parsai

ਸੰਸਦ ਅਤੇ ਮੰਤਰੀ ਦੀ ਮੁੱਛ (ਵਿਅੰਗ) : ਹਰੀਸ਼ੰਕਰ ਪਰਸਾਈ

ਸੰਸਦ ਦੀ ਕਰਾਵਾਈ ਨੂੰ ਲੈਕੇ ਵਾਰ-ਵਾਰ ਇਹੋ ਗੱਲ ਚੱਕੀ ਜਾਂਦੀ ਹੈ ਕਿ ਰੋਜ਼ਾਨਾ ਸੰਸਦ ’ਤੇ ਕਿੰਨਾ ਖਰਚਾ ਆਉਂਦਾ ਹੈ? ਹਰ ਮਿੰਟ ਕਿੰਨੇ ਰੁਪਏ ਖਰਚੇ ਜਾਂਦੇ ਹਨ? ਹਰ ਸਵਾਲ ’ਤੇ ਕਿੰਨਾ ਖਰਚਾ ਆਉਂਦਾ ਹੈ?

ਪਰ ਇਹ ਸਵਾਲ ਫਾਲਤੂ ਹਨ। ਸੰਸਦ ਕਿਸੇ ਤੋਂ ਪੈਸੇ ਮੰਗਣ ਨਹੀਂ ਜਾਂਦੀ। ਉਹ ਖੁਦ ਬਜਟ ਪੇਸ਼ ਕਰਦੀ ਹੈ। ਜੋ ਬਜਟ ਪਾਸ ਕਰੇ, ਉਹਨੂੰ ਮਨਮਰਜੀ ਨਾਲ਼ ਖਰਚਾ ਕਰਨ ਦਾ ਹੱਕ ਹੈ।

ਸੰਸਦ ਦਾ ਕੀਮਤੀ ਸਮਾਂ ਕਿਵੇਂ ਮਜੇ ’ਚ ਬੀਤ ਸਕਦਾ ਹੈ ਇਸਦੀ ਇੱਕ ਮਿਸਾਲ ਪੇਸ਼ ਕਰ ਰਿਹਾ ਹਾਂ।

ਇੱਕ ਦਿਨ ਗੁਲਜਾਰੀਲਾਲ ਨੰਦਾ (ਰੇਲ ਮੰਤਰੀ) ਜਦੋਂ ਸੰਸਦ ਪਹੁੰਚਾ ਤਾਂ ਸੰਸਦ ਮੈਂਬਰਾਂ ਨੇ ਦੇਖਿਆ ਕਿ ਉਹਨਾਂ ਦੀਆਂ ਮੁੱਛਾਂ ਮੁੰਨੀਆਂ ਹੋਈਆਂ ਹਨ। ਨੰਦਾ ਜੀ ਦੇ ਹੱਡਲ ਸਰੀਰ ਉੱਪਰ ਮੁੱਛਾਂ ਬਹੁਤ ਫੱਬਦੀਆਂ ਹਨ। ਉਹ ਰੇਲ ਮੰਤਰੀ ਹੁੰਦਿਆਂ ਵੀ ਸੁਰੱਖਿਆ ਮੰਤਰੀ ਲਗਦੇ ਹਨ।

ਸੰਸਦ ਵਿੱਚ ਘੁਸਰ-ਮੁਸਰ ਹੋਣ ਲੱਗੀ ਤਾਂ ਇੱਕ ਜਨਸੰਘੀ ਨੇ ਸੰਸਦ ਦੀ ਕਾਰਵਾਈ ਰੋਕਦੇ ਹੋਏ ਕਿਹਾ ਸਕੱਤਰ ਜੀ, ਨੰਦਾ ਜੀ ਦੀਆਂ ਮੁੱਛਾਂ ਅੱਜ ਨਹੀਂ ਹਨ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਉਹਨਾਂ ਦੀਆਂ ਮੁੱਛਾਂ ਨੂੰ ਕੀ ਹੋਇਆ? ਕੀ ਉਹਨਾਂ ਖੁਦ ਮੁੰਨੀਆਂ ਹਨ ਜਾਂ ਕੋਈ ਹੋਰ ਮੁੰਨ ਕੇ ਲੈ ਗਿਆ?

ਦੂਜਾ ਜਨ ਸੰਘੀ- ਇਹ ਸਧਾਰਨ ਘਟਨਾ ਨਹੀਂ ਹੈ। ਇਸ ਮੰਤਰੀ ਮੰਡਲ ਵਿੱਚ ਸਿਰਫ ਨੰਦਾ ਜੀ ਦੀਆਂ ਹੀ ਮੁੱਛਾਂ ਹਨ।

ਸੱਤ੍ਹਾ ਕਾਂਗਰਸੀ- ਇਹ ਗਲਤ ਹੈ। ਜਗਜੀਵਨ ਰਾਮ ਦੀਆਂ ਵੀ ਮੁੱਛਾਂ ਹਨ।

ਜਨਸੰਘੀ ਅਸੀਂ ਜਗਜੀਵਨ ਰਾਮ ਦੀਆਂ ਮੁੱਛਾਂ ਨੂੰ ਮੁੱਛਾਂ ਨਹੀਂ ਮੰਨਦੇ।

ਸੱਤ੍ਹਾ ਕਾਂਗਰਸੀ- ਤੁਹਾਨੂੰ ਮੰਨਣਾ ਪਊ। ਅਸੀਂ ਫਿਰਕੂ ਪਿਛਾਖੜੀਆਂ ਦੀ ਇਹ ਧਾਂਦਲੀ ਚੱਲਣ ਨਹੀਂ ਦਿਆਂਗੇ ਕਿ ਉਹ ਸਾਡੇ ਸਕੱਤਰ ਦੀਆਂ ਮੁੱਛਾਂ ਨੂੰ ਮੁੱਛਾਂ ਹੀ ਨਾ ਮੰਨਣ। ਅਸੀਂ ਹਰ ਮੋਰਚੇ ਉੱਪਰ ਪਿਛਾਖੜੀਆਂ ਨਾਲ਼ ਸਿੱਝਣ ਲਈ ਤਿਆਰ ਹਾਂ ਉਹ ਚਾਹੇ ਮੁੱਛਾਂ ਦਾ ਹੀ ਮੋਰਚਾ ਕਿਉਂ ਨਾ ਹੋਵੇ।

ਜਨਸੰਘੀ- ਇਹ ਮਾਮਲਾ ਸਧਾਰਨ ਨਹੀਂ ਹੈ। ਨੰਦਾ ਜੀ ਸਧਾਰਨ ਮੰਤਰੀ ਨਹੀਂ ਹਨ। ਸਾਡੀ ਗਊ ਰੱਖਿਆ ਲਹਿਰ ਮੌਕੇ ਉਹੀ ਗ੍ਰਹਿ ਮੰਤਰੀ ਸਨ। ਉਸਤੋਂ ਬਾਅਦ ਉਹ ਦੋ ਵਾਰ ਦੋ ਪ੍ਰਧਾਨ ਮੰਤਰੀਆਂ ਦੇ ਵਿਚਕਾਰਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਰਹੇ ਹਨ। ਉਹਨਾਂ ਦੀਆਂ ਮੁੱਛਾਂ ਦੇਸ਼ ਦੀਆਂ ਮੁੱਛਾਂ ਹਨ। ਇਸਤੋਂ ਬਿਨਾਂ ਮੁੱਛਾਂ ਭਾਰਤੀ ਸੱਭਿਅਤਾ ਵਿੱਚ ਉੱਤਮ ਮਰਦ ਦਾ ਪ੍ਰਤੀਕ ਹਨ।

ਡੀ.ਐਮ.ਕੇ. ਦਾ ਮੈਂਬਰ- ਇਹ ਗਲਤ ਹੈ। ਰਾਮ ਅਤੇ ਕ੍ਰਿਸ਼ਨ ਦੀਆਂ ਮੁੱਛਾਂ ਨਹੀਂ ਸਨ। ਕੋਈ ਵੀ ਤਸਵੀਰ ਚੱਕ ਕੇ ਦੇਖ ਲਉ। ਉੱਤਰ ਭਾਰਤ ਦਾ ਇਹ ਸਾਮਰਾਜਵਾਦ ਨਹੀਂ ਚੱਲੇਗਾ।

ਸੰਗਠਨ ਕਾਂਗਰਸੀ- ਇੱਕਜੁੱਟ ਕਾਂਗਰਸ ਹੁੰਦੀ ਅਤੇ ਅਸੀਂ ਨਾਲ਼ ਹੁੰਦੇ ਤਾਂ ਅਜਿਹਾ ਨਾ ਹੋਣ ਦਿੰਦੇ। ਅਸਹਿਣਸ਼ੀਲਤਾ ਦੀ ਹੱਦ ਹੈ ਕਿ ਪਾਰਟੀ ਦੀ ਕਾਰਜਕਾਰੀ ਕਮੇਟੀ ਵਿੱਚ ਫੈਸਲਾ ਕੀਤੇ ਬਿਨਾਂ ਕੋਈ ਮੰਤਰੀ ਮੁੱਛਾਂ ਕਟਾ ਲਵੇ। ਸਾਡੇ ਕੋਲ਼ ਪੱਕੀ ਜਾਣਕਾਰੀ ਹੈ ਕਿ ਕਮਿਊਨਿਸਟਾਂ ਦੇ ਦਬਾਅ ’ਚ ਆਕੇ ਨੰਦਾ ਜੀ ਨੇ ਮੁੱਛਾਂ ਚਕਵਾਈਆਂ ਹਨ। ਸਾਡੀ ਪਾਰਟੀ ਦੇ ਇੱਕ ਮੈਂਬਰ ਨੇ ਅੱਜ ਸਵੇਰੇ ਭੂਪੇਸ਼ ਗੁਪਤਾ ਨੂੰ ਨੰਦਾ ਜੀ ਦੀਆਂ ਮੁੱਛਾਂ ’ਤੇ ਉਸਤਰਾ ਚਲਾਉਂਦੇ ਦੇਖਿਆ ਹੈ।

ਭਾਕਪਾ- ਗਲਤ ਗੱਲ ਹੈ। ਅਸੀਂ ਇਸ ਸਰਕਾਰ ਨੂੰ ਸਿਰਫ ਪ੍ਰੋਗਰਾਮ ਦੇ ਅਧਾਰ ’ਤੇ ਹਮਾਇਤ ਦਿੰਦੇ ਹਾਂ ਅਤੇ ਉਸ ਪ੍ਰੋਗਰਾਮ ਵਿੱਚ ਨੰਦਾ ਜੀ ਦੀਆਂ ਮੁੱਛਾਂ ਦਾ ਜ਼ਿਕਰ ਨਹੀਂ ਹੈ। ਨਾ ਸਾਡਾ ਕੰਮ ਕਾਂਗਰਸ ਦੀਆਂ ਮੁੱਛਾਂ ਨੂੰ ਸੰਭਾਲਣਾ ਹੈ ਤੇ ਨਾ ਹੀ ਕੱਟਣਾ। ਇਹ ਸਾਰੀ ਸਾਜਿਸ਼ ਸੀ.ਆਈ.ਏ. ਦੀ ਹੈ। ਜਦੋਂ ਤੋਂ ਦਿੱਲੀ ਪ੍ਰਸ਼ਾਸ਼ਨ ਜਨਸੰਘ ਦੇ ਹੱਥਾਂ ਵਿੱਚ ਆਇਆ ਹੈ ਉਦੋਂ ਤੋਂ ਰਾਜਧਾਨੀ ਵਿੱਚ ਸੀ.ਆਈ.ਏ. ਦੇ ਕਈ ਏਜੰਟ ਬਣ ਗਏ ਹਨ। ਇਸ ਲਈ ਭੂਪੇਸ਼ ਗੁਪਤਾ ਕਲਕੱਤੇ ਹਜਾਮਤ ਕਰਵਾਉਂਦਾ ਹੈ ਤੇ ਮੈਂ ਕੇਰਲਾ ’ਚ।

ਪ੍ਰਜਾ ਸ਼ੋਸ਼ਲਿਸਟ ਪਾਰਟੀ – ਅਸੀਂ ਵੀ ਇਸ ਮਾਮਲੇ ਵਿੱਚ ਕੁੱਝ ਕਹਿੰਦੇ, ਪਰ ਇਸ ਵੇਲੇ ਸਾਡੀ ਕਾਂਗਰਸ ਨਾਲ਼ ਸਮਝੌਤਾ ਵਾਰਤਾ ਚੱਲ ਰਹੀ ਹੈ।

ਸੰ.ਸੋ.ਪਾ. (ਸੰਯੁਕਤ ਸ਼ੋਸ਼ਲਿਸਟ ਪਾਰਟੀ)- ਤੁਸੀਂ ਤਾਂ ਹੈਗੇ ਈ ਇੰਦਰਾ ਦੇ ਪੈਰ ਦੀ ਜੁੱਤੀ ਓਂ।

ਪ੍ਰਜਾ ਸ਼ੋਸ਼ਲਿਸਟ ਪਾਰਟੀ- ਬਕਵਾਸ ਬੰਦ ਕਰ!

ਭਾਰਤੀ ਕ੍ਰਾਂਤੀ ਦਲ- ਕੀ ਇਹ ਸਹੀ ਹੈ ਕਿ ਨੰਦਾ ਜੀ ਦੀਆਂ ਮੁੱਛਾਂ ਮੁਗਲਸਰਾਏ ਵਾਲ਼ੇ ਉਸੇ ਸਾਧ ਨੇ ਮੁੰਨੀਆਂ ਹਨ ਜਿਸਨੂੰ ਉਹਨਾਂ ਨੇ ਭਿ੍ਰਸ਼ਟਾਚਾਰ ਰੋਕਣ ਦੇ ਕੰਮ ਵਿੱਚ ਲਾ ਰੱਖਿਆ ਹੈ? ਜੇ ਇਹ ਸੱਚ ਹੈ ਤਾਂ ਫਿਕਰ ਦੀ ਗੱਲ ਹੈ। ਜੋ ਸਾਧ ਰੇਲ ਮੰਤਰੀ ਦੀਆਂ ਮੁੱਛਾਂ ਮੁੰਨ ਲਵੇ ਉਹ ਇੰਜਣ ਵੀ ਗਾਇਬ ਕਰ ਸਕਦਾ ਹੈ।

ਮਾਕਪਾ- ਸੋਧਵਾਦੀਆਂ ਨਾਲ਼ ਸਮਝੌਤਾ ਕਰੋਗੇ ਤਾਂ ਮੁੱਛਾਂ ਤਾਂ ਜਾਣਗੀਆਂ ਹੀ। ਜਿਸ ਦਿਨ ਕੇਰਲਾ ਵਿੱਚ ਇਹਨਾਂ ਦਾ ਮੋਰਚਾ ਬਣਿਆ ਸੀ, ਉਸੇ ਦਿਨ ਅਸੀਂ ਭਵਿੱਖਬਾਣੀ ਕਰ ਦਿੱਤੀ ਸੀ ਕਿ ਇੱਕ ਦਿਨ ਨੰਦਾ ਜੀ ਦੀਆਂ ਮੁੱਛਾ ਜਾਣਗੀਆਂ।

ਸਕੱਤਰ ਨੇ ਹੁਣ ਨੰਦਾ ਜੀ ਵੱਲ ਦੇਖਿਆ। ਨੰਦਾ ਜੀ ਉੱਠੇ ਤੇ ਭਾਸ਼ਣ ਦਿੱਤਾ- ਮੈਂ ਸਿਰਫ ਇੰਨਾ ਜਾਣਦਾ ਹਾਂ ਕਿ ਸਵੇਰੇ ਮੈਂ ਹਜਾਮਤ ਕਰਵਾਈ, ਨਹਾਤਾ ਤੇ ਖਾਣਾ ਖਾਕੇ ਲੋਕ ਸਭਾ ਵਿੱਚ ਆ ਗਿਆ। ਮੁੱਛਾਂ ਹੈਗੀਆਂ ਜਾਂ ਨਹੀਂ, ਇਹ ਮੈਂ ਨਹੀਂ ਕਹਿ ਸਕਦਾ। ਸਰਕਾਰ ਇਹਦੀ ਜਾਂਚ ਕਰੇਗੀ।

ਕਈ ਮੈਂਬਰ- ਹੱਥ ਫੇਰ ਕੇ ਦੇਖ ਲਵੋ।

ਨੰਦਾ ਜੀ- ਮੈਂ ਮੈਂਬਰਾਂ ਦੀ ਇਹ ਮੰਗ ਪ੍ਰਵਾਨ ਨਹੀਂ ਕਰ ਸਕਦਾ। ਮੈਂ ਮੁੱਛ ਉੱਪਰ ਹੱਥ ਨਹੀਂ ਫੇਰਾਂਗਾ। ਸਰਕਾਰ ਦੇ ਕੰਮ ਕਰਨ ਦਾ ਇੱਕ ਤਰੀਕਾ ਹੈ। ਉਹ ਕਾਹਲ ਵਿੱਚ ਕੁੱਝ ਨਹੀਂ ਕਰੇਗੀ।

ਕਈ ਮੈਂਬਰ- ਸਦਨ ਨੂੰ ਤੱਥ ਜਾਨਣ ਦਾ ਹੱਕ ਹੈ।

ਨੰਦਾ ਜੀ- ਮੈਂ ਕਹਿ ਤਾਂ ਰਿਹਾਂ ਕਿ ਇੱਕ ਜਾਂਚ ਕਮੇਟੀ ਬਣਾਵਾਂਗੇ ਜੋ ਇਹ ਜਾਂਚ ਕਰੇਗੀ ਕਿ ਪਹਿਲਾਂ ਮੇਰੇ ਮੁੱਛਾਂ ਸੀ ਕਿ ਨਹੀਂ? ਜੇ ਸੀ ਤਾਂ ਹੁਣ ਹੈਗੀਆਂ ਜਾਂ ਨਹੀਂ? ਜੇ ਨਹੀਂ ਹੈਗੀਆਂ ਤਾਂ ਕਿਉਂ ਨਹੀਂ ਹੈਗੀਆਂ?

ਕਈ ਮੈਂਬਰ- ਕਮੇਟੀ ਦੀ ਜਾਂਚ ਹੋਣ ਤੱਕ ਤਾਂ ਮੁੱਛਾਂ ਫੇਰ ਵਧ ਜਾਣਗੀਆਂ। ਇਸਦਾ ਫੈਸਲਾ ਹੁਣੇ ਸਦਨ ਵਿੱਚ ਹੋ ਜਾਣਾ ਚਾਹੀਦਾ ਹੈ।

ਹੁਣ ਪ੍ਰਧਾਨ ਮੰਤਰੀ ਨੇ ਦਖਲ ਦਿੱਤਾ- ਜਦੋਂ ਉਹ ਕਹਿ ਰਹੇ ਨੇ ਕਿ ਜਾਂਚ ਕਮੇਟੀ ਬਿਠਾ ਰਹੇ ਹਾਂ ਤਾਂ ਮੈਂਬਰਾਂ ਨੂੰ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ। ਸਰਕਾਰ ਕਿਸੇ ਵੀ ਤੱਥ ਉੱਪਰ ਪਰਦਾ ਨਹੀਂ ਪਾਉਣਾ ਚਾਹੁੰਦੀ।

ਇੱਕ ਮੈਂਬਰ- ਇਸਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।

ਪ੍ਰਧਾਨ ਮੰਤਰੀ- ਠੀਕ ਹੈ, ਨਿਆਂਇਕ ਜਾਂਚ ਹੋਵੇਗੀ! ਜਸਟਿਸ ਖੋਸਲਾ ਹਾਲੇ ਵਿਹਲੇ ਨਹੀਂ ਹਨ। ਉਹ ਨੇਤਾ ਜੀ ਦੀ ਮੌਤ ਦੀ ਜਾਂਚ ਨਿਬੇੜ ਲੈਣ, ਉਸਤੋਂ ਬਾਅਦ ਨੰਦਾ ਜੀ ਦੀਆਂ ਮੁੱਛਾਂ ਦਾ ਮਾਮਲਾ ਉਹਨਾਂ ਨੂੰ ਸੌਂਪ ਦਿਆਂਗੇ।

ਇੱਕ ਸੰ.ਸ਼ੋ.ਪਾ. – ਲਾਹਣਤ ਹੈ! ਇਹ ‘ਕੌਮੀ ਸ਼ਰਮ’ ਦੀ ਸਰਕਾਰ ਹੈ। ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਵਾਲ਼ਿਆਂ ਦੀ ਖੈਰ ਨਹੀਂ। ਇੰਦਰਾ ਹਟਾਓ, ਦੇਸ਼ ਬਚਾਓ!

ਦੂਜਾ ਸੰ.ਸ਼ੋ.ਪਾ.- ਨਹੀਂ ਪੂਨਾ ਵਿੱਚ ਨਾਹਰਾ ਬਦਲ ਗਿਆ ਹੈ। ਇੰਦਰਾ ਹਰਾਓ, ਦੇਸ਼ ਬਚਾਉ!

ਪਹਿਲਾ ਸੰ.ਸ਼ੋ.ਪਾ.- ਚੁੱਪ ਰਹਿ ਉਏ ਰਾਜ ਨਰਾਇਣ ਦਿਆ ਬੱਚਿਆ।

ਦੂਜਾ ਸੰ.ਸ਼ੋ.ਪਾ.- ਚੁੱਪ ਰਹਿ ਜੋਸ਼ੀ ਦੀ ਰਖੈਲੇ।

ਪਹਿਲਾ- ਥੂ!

ਦੂਜਾ- ਥੂ-ਥੂ!

ਸਕੱਤਰ- ਮਾਨਯੋਗ ਮੈਂਬਰ ਸਦਨ ’ਚੋਂ ਬਾਹਰ ਨਿੱਕਲਣ।

ਦੋਵੇਂ- ਅਸੀਂ ਨਹੀਂ ਨਿੱਕਲਦੇ। ਅਸੀਂ ਸੀਟ ਹੇਠਾਂ ਵੜ ਜਾਵਾਂਗੇ। ਅਸੀਂ ਕੁਰਸੀ ਦੀ ਲੱਤ ਨਾਲ਼ ਚਿੰਬੜ ਜਾਵਾਂਗੇ।

ਸਕੱਤਰ- ਮੈਂ ਕਹਿੰਦਾ ਹਾਂ ਦੋਵੇਂ ਮੈਂਬਰ ਸਦਨ ਤੋਂ ਬਾਹਰ ਚਲੇ ਜਾਣ। ਇਹ ਕੀ ਤਮਾਸ਼ਾ ਲਾ ਰੱਖਿਆ? ਜਦੋਂ ਤੋਂ ਮੈਂ ਸਪੀਕਰ ਬਣਿਆ ਹਾਂ ਉਦੋਂ ਤੋਂ ਮੇਰਾ ਦਿਮਾਗ ਇੰਨਾ ਖਰਾਬ ਹੋ ਗਿਆ ਕਿ ਮੈਂ ਘਰਵਾਲੀ ਤੋਂ ਪਿਆਰ ਦੀ ਗੱਲ ਸੁਣਕੇ ਵੀ ‘ਆਡਰ-ਆਡਰ’ ਚੀਕਣ ਲੱਗ ਜਾਨਾ।

ਸਕੱਤਰ ਮਾਰਸ਼ਲ ਨੂੰ ਹੁਕਮ ਦਿੰਦਾ ਹੈ।

ਸੰਯੁਕਤ ਸ਼ੋਸ਼ਲਿਸਟ ਪਾਰਟੀ ਦੇ ਦੋਵੇਂ ਮੈਂਬਰ ਸੀਟ ਹੇਠ ਵੜ ਜਾਂਦੇ ਹਨ। ਮਾਰਸ਼ਲ ਨੂੰ ਉਹਨਾਂ ਨੂੰ ਚੁੱਕ ਕੇ ਬਾਹਰ ਲਿਜਾਣ ਵਿੱਚ ਵੀਹ ਮਿੰਟ ਲੱਗ ਜਾਂਦੇ ਹਨ। ਪੂਰਾ ਮਹਾਂਗੱਠਜੋੜ ਵਾਕਆਊਟ ਕਰ ਜਾਂਦਾ ਹੈ।

ਸੰਸਦ ਦਾ ਇੱਕ ਘੰਟਾ ਖਤਮ ਹੁੰਦਾ ਹੈ।

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •