Torchan Vechan Wale : Harishankar Parsai

ਟਾਰਚਾਂ ਵੇਚਣ ਵਾਲੇ (ਵਿਅੰਗ) : ਹਰੀਸ਼ੰਕਰ ਪਰਸਾਈ

ਟਾਰਚਾਂ ਵੇਚਣ ਵਾਲੇ (ਵਿਅੰਗ) : ਹਰੀਸ਼ੰਕਰ ਪਰਸਾਈ

ਉਹ ਚੌਂਕ ਵਿਚ ਟਾਰਚਾਂ ਵੇਚਦਾ ਹੁੰਦਾ ਸੀ। ਕੁਝ ਦਿਨ ਦਿਖਾਈ ਹੀ ਨਹੀਂ ਦਿੱਤਾ। ਕੱਲ੍ਹ ਨਜ਼ਰੀਂ ਪਿਆ। ਉਸ ਨੇ ਦਾੜ੍ਹੀ ਵਧਾ ਲਈ ਸੀ ਅਤੇ ਲੰਬਾ ਕੁੜਤਾ ਪਾਇਆ ਹੋਇਆ ਸੀ। ਮੈਂ ਪੁੱਛਿਆ, ‘‘ਕਿੱਥੇ ਰਿਹਾ? ਤੂੰ ਦਾੜ੍ਹੀ ਕਿਉਂ ਵਧਾ ਲਈ?”

ਉਹ ਕਹਿੰਦਾ, ‘‘ਬਾਹਰ ਗਿਆ ਸਾਂ।” ਦਾੜ੍ਹੀ ਵਾਲੇ ਸਵਾਲ ਦਾ ਜਵਾਬ ਦੇਣ ਦੀ ਥਾਂ ਉਹ ਦਾੜ੍ਹੀ ’ਤੇ ਹੱਥ ਫੇਰਨ ਲੱਗਾ। ਮੈਂ ਪੁੱਛਿਆ, ‘‘ਅੱਜਕੱਲ੍ਹ ਬੈਟਰੀਆਂ ਨਹੀਂ ਵੇਚਦਾ?”

ਉਹ ਬੋਲਿਆ, ‘‘ਬੈਟਰੀਆਂ ਵੇਚਣ ਦਾ ਕੰਮ ਬੰਦ ਕਰ ਦਿੱਤਾ ਹੈ। ਹੁਣ ਤਾਂ ਆਤਮਾ ਦੇ ਅੰਦਰਲੀ ਟਾਰਚ ਜਗ ਪਈ ਹੈ। ਸੂਰਜ ਛਾਪ ਟਾਰਚ ਹੁਣ ਬੇਕਾਰ ਜੇਹੀ ਲੱਗਦੀ ਹੈ।”

ਮੈਂ ਕਿਹਾ, ‘‘ਤੂੰ ਸੰਨਿਆਸ ਲੈ ਰਿਹੈਂ? ਜਿਹਦੀ ਆਤਮਾ ਵਿਚ ਐਦਾਂ ਦਾ ਪ੍ਰਕਾਸ਼ ਫੈਲ ਜਾਂਦਾ ਹੈ, ਉਹੀ ਇਸ ਤਰ੍ਹਾਂ ਦੀ ਹਰਾਮਖੋਰੀ ’ਤੇ ਉਤਰ ਆਉਂਦਾ ਹੈ। ਤੂੰ ਕਿਸੇ ਤੋਂ ਦੀਖਿਆ ਲੈ ਲਈ ਏ?”

ਮੇਰੀ ਗੱਲ ਉਸ ਨੂੰ ਬੁਰੀ ਲੱਗੀ। ਉਹ ਬੋਲਿਆ, ‘‘ਤੇਰੇ ਕੁਰੱਖਤ ਬੋਲਾਂ ਨੇ ਮੇਰੀ ਆਤਮਾ ਨੂੰ ਕਸ਼ਟ ਪਹੁੰਚਾਇਆ ਹੈ। ਇਸ ਨਾਲ ਤੇਰੀ ਆਪਣੀ ਆਤਮਾ ਵੀ ਜ਼ਖਮੀ ਹੋ ਰਹੀ ਹੈ। ਆਤਮਾ ਸਭ ਦੇ ਅੰਦਰ ਇੱਕੋ ਜੇਹੀ ਹੁੰਦੀ ਹੈ।”

ਮੈਂ ਕਿਹਾ, ‘‘ਉਹ ਤਾਂ ਠੀਕ ਹੈ, ਪਰ ਤੂੰ ਇਹ ਦੱਸ ਕਿ ਇਕਦਮ ਤੂੰ ਇਹੋ ਜਿਹਾ ਕਿਵੇਂ ਬਣ ਗਿਆ? ਕਿਤੇ ਪਤਨੀ ਨੇ ਤਾਂ ਨਹੀਂ ਛੱਡ ਦਿੱਤਾ? ਕਿਤੇ ਦੁਕਾਨ ਤੋਂ ਉਧਾਰ ਮਿਲਣਾ ਤਾਂ ਬੰਦ ਨਹੀਂ ਹੋ ਗਿਆ? ਜਾਂ ਕਿਤੇ ਚੋਰੀ ਠੱਗੀ ਦੇ ਮਾਮਲੇ ਵਿਚ ਤਾਂ ਨਹੀਂ ਫਸ ਗਿਆ?”

ਉਹ ਬੋਲਿਆ, ‘‘ਐਸੀ ਕੋਈ ਗੱਲ ਨਹੀਂ।”

ਮੈਂ ਪੁੱਛਿਆ, ‘‘ਫੇਰ ਬਾਹਰੋਂ ਟਾਰਚ ਤੇਰੀ ਆਤਮਾ ਵਿਚ ਕਿੱਥੋਂ ਵੜ ਗਈ?”

ਉਹ ਕਹਿਣ ਲੱਗਾ, ‘‘ਤੁਹਾਡੇ ਸਾਰੇ ਅੰਦਾਜ਼ੇ ਗ਼ਲਤ ਹਨ। ਇਕ ਘਟਨਾ ਜ਼ਰੂਰ ਘਟੀ ਹੈ ਜਿਸ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਪਰ ਉਸ ਨੂੰ ਮੈਂ ਗੁਪਤ ਹੀ ਰੱਖਣਾ ਚਾਹੁੰਦਾ ਹਾਂ। ਅੱਜ ਹੀ ਮੈਂ ਇੱਥੋਂ ਬੜੀ ਦੂਰ ਜਾ ਰਿਹਾ ਹਾਂ। ਚੱਲੋ ਆਪਣਾ ਬੰਦਾ ਹੋਣ ਕਰਕੇ ਤੁਹਾਨੂੰ ਦੱਸ ਹੀ ਦਿੰਦਾ ਹਾਂ।’’ ਉਹ ਮੈਨੂੰ ਕਹਾਣੀ ਸੁਣਾਉਣ ਲੱਗਾ:

ਪੰਜ ਸਾਲ ਪਹਿਲਾਂ ਦੀ ਗੱਲ ਹੈ। ਮੈਂ ਤੇ ਮੇਰਾ ਇਕ ਦੋਸਤ ਕਿਤੇ ਬੈਠੇ ਸਾਂ। ਸਾਡੇ ਸਾਹਮਣੇ ਆਕਾਸ਼ ਨੂੰ ਛੂੰਹਦਾ ਇਕ ਸੁਆਲ ਖਲੋ ਗਿਆ ਕਿ- ਪੈਸਾ ਕਿਵੇਂ ਪੈਦਾ ਕਰੀਏ?

ਅਸੀਂ ਦੋਵਾਂ ਨੇ ਸੁਆਲ ਦੀ ਇਕ ਇਕ ਲੱਤ ਫੜੀ ਅਤੇ ਉਸ ਨੂੰ ਆਪਣੇ ਸਾਹਮਣਿਉਂ ਪਰ੍ਹੇ ਹਟਾਉਣ ਲੱਗੇ। ਸਾਡੇ ਪਸੀਨੇ ਛੁੱਟ ਗਏ, ਪਰ ਸੁਆਲ ਭੋਰਾ ਪਰ੍ਹੇ ਨਾ ਹਟਿਆ। ਮੇਰਾ ਦੋਸਤ ਕਹਿੰਦਾ- ਸੁਆਲ ਦੇ ਪੈਰ ਤਾਂ ਬੜੇ ਡੂੰਘੇ ਜ਼ਮੀਨ ਵਿਚ ਗੱਡੇ ਹੋਏ ਹਨ। ਇਨ੍ਹਾਂ ਨੇ ਇੰਝ ਉੱਖੜਨਾ ਨਹੀਂ। ਇਸ ਕੋਸ਼ਿਸ਼ ਨੂੰ ਹਾਲ ਦੀ ਘੜੀ ਟਾਲ ਹੀ ਦੇਈਏ। ਅਸੀਂ ਦੂਜੇ ਪਾਸੇ ਮੂੰਹ ਘੁੰਮਾਇਆ। ਸੁਆਲ ਫੇਰ ਸਾਡੇ ਸਾਹਮਣੇ ਆ ਕੇ ਖੜ੍ਹ ਗਿਆ। ਮੈਂ ਕਿਹਾ- ਇਹ ਟਲਦਾ ਨਹੀਂ। ਆਪਾਂ ਇਸ ਨੂੰ ਹੱਲ ਹੀ ਕਰ ਲੈਂਦੇ ਹਾਂ। ਪੈਸਾ ਪੈਦਾ ਕਰਨ ਲਈ ਕੋਈ ਕੰਮ ਧੰਦਾ ਕਰੀਏ। ਕਿਸਮਤ ਅਜ਼ਮਾਉਣ ਲਈ ਅਲੱਗ ਅਲੱਗ ਦਿਸ਼ਾਵਾਂ ਵਿਚ ਨਿਕਲ ਤੁਰੀਏ। ਪੰਜ ਸਾਲ ਪਿੱਛੋਂ ਇਸੇ ਤਾਰੀਖ਼ ਨੂੰ, ਇਸੇ ਥਾਂ ’ਤੇ ਮੁਲਾਕਾਤ ਕਰੀਏ। ਮੇਰੇ ਦੋਸਤ ਨੇ ਕਿਹਾ- ਆਪਾਂ ਇਕੱਠੇ ਹੀ ਇੱਕੋ ਪਾਸੇ ਕਿਉਂ ਨਾ ਚੱਲੀਏ?

ਮੈਂ ਸਲਾਹ ਦਿੱਤੀ- ਆਪਾਂ ਇਕੱਠੇ ਇੱਕੋ ਪਾਸੇ ਜਾਣ ਦੀ ਥਾਂ ਅਲੱਗ ਅਲੱਗ ਦਿਸ਼ਾਵਾਂ ਵਿਚ ਜਾਵਾਂਗੇ। ਇਕੱਠੇ ਇੱਕੋ ਦਿਸ਼ਾ ਵਿਚ ਜਾਣ ਨਾਲ ਮੁਕੱਦਰਾਂ ਦੇ ਟਕਰਾਉਣ ਨਾਲ, ਟੁੱਟਣ ਦਾ ਵੀ ਡਰ ਹੁੰਦਾ ਹੈ। ਫੇਰ ਅਸੀਂ ਅਲੱਗ ਅਲੱਗ ਦਿਸ਼ਾਵਾਂ ’ਚ ਤੁਰ ਪਏ। ਮੈਂ ਟਾਰਚਾਂ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਚੌਂਕ ਵਿਚ ਜਾਂ ਕਿਸੇ ਖੁੱਲ੍ਹੀ ਥਾਂ ਲੋਕਾਂ ਨੂੰ ਇਕੱਠੇ ਕਰ ਲੈਂਦਾ। ਬੜੇ ਨਾਟਕੀ ਢੰਗ ਨਾਲ ਕਹਿੰਦਾ- ਅੱਜਕੱਲ੍ਹ ਬੰਦੇ ਨੂੰ ਰਸਤਾ ਨਹੀਂ ਦੀਂਹਦਾ। ਉਹ ਭਟਕ ਜਾਂਦਾ ਹੈ। ਉਸ ਦੇ ਪੈਰ ਕੰਡਿਆਂ ਨਾਲ ਵਿੰਨ੍ਹੇ ਜਾਂਦੇ ਹਨ। ਉਹ ਡਿੱਗ ਪੈਂਦਾ ਹੈ। ਉਸ ਦੇ ਗੋਡੇ ਲਹੂ ਲੁਹਾਣ ਹੋ ਜਾਂਦੇ ਹਨ। ਉਸ ਦੇ ਚਾਰੇ ਪਾਸੇ ਡਰਾਉਣਾ ਨ੍ਹੇਰਾ ਛਾ ਜਾਂਦਾ ਹੈ। ਸ਼ੇਰ ਚੀਤੇ ਉਸ ਦੁਆਲੇ ਘੁੰਮਣ ਲੱਗਦੇ ਹਨ। ਜ਼ਮੀਨ ’ਤੇ ਸੱਪ ਰੀਂਗਦੇ ਹਨ। ਨ੍ਹੇਰਾ ਸਭ ਕੁਝ ਹੜੱਪ ਕਰ ਲੈਂਦਾ ਹੈ। ਨ੍ਹੇਰਾ ਘਰ ਦੇ ਅੰਦਰ ਵੀ ਹੈ। ਬੰਦਾ ਰਾਤੀਂ ਪਿਸ਼ਾਬ ਕਰਨ ਉੱਠ ਪਵੇ ਅਤੇ ਸੱਪ ’ਤੇ ਪੈਰ ਧਰਿਆ ਜਾਵੇ। ਸੱਪ ਗੁੱਸੇ ਵਿਚ ਉਸ ਨੂੰ ਡੰਗ ਮਾਰ ਦੇਵੇ। ਬੰਦਾ ਥਾਂ ’ਤੇ ਮਰ ਜਾਵੇ। ਲੋਕ ਮੇਰੀਆਂ ਗੱਲਾਂ ਸੁਣ ਕੇ ਬਹੁਤ ਡਰ ਜਾਂਦੇ ਸਨ। ਸਿਖਰ ਦੁਪਹਿਰੇ ਲੋਕ ਨ੍ਹੇਰੇ ਤੋਂ ਡਰ ਕੇ ਕੰਬਣ ਲੱਗ ਪੈਂਦੇ। ਕਿੰਨਾ ਸੌਖਾ ਹੈ ਬੰਦੇ ਨੂੰ ਡਰਾਉਣਾ?

ਜਦ ਲੋਕ ਡਰ ਜਾਂਦੇ ਤਾਂ ਮੈਂ ਕਹਿੰਦਾ- ਭਰਾਓ ਠੀਕ ਹੈ ਕਿ ਨ੍ਹੇਰਾ ਹੈ। ਪਰ ਰੌਸ਼ਨੀ ਵੀ ਤਾਂ ਹੈ। ਉਹੀ ਰੌਸ਼ਨੀ ਮੈ ਤੁਹਾਨੂੰ ਦੇਣ ਆਇਆ ਹਾਂ। ਆਹ ਸੂਰਜ ਛਾਪ ਟਾਰਚ ਖਰੀਦੋ ਅਤੇ ਨ੍ਹੇਰੇ ਨੂੰ ਦੂਰ ਭਜਾਓ। ਜਿਨ੍ਹਾਂ ਵੀਰਾਂ ਭੈਣਾਂ ਨੂੰ ਟਾਰਚ ਚਾਹੀਦੀ ਹੈ, ਹੱਥ ਜ਼ਰਾ ਉੱਚਾ ਕਰ ਲਓ। ਸਾਬ੍ਹ ਮੇਰੀਆਂ ਸਾਰੀਆਂ ਹੀ ਟਾਰਚਾਂ ਵਿਕ ਜਾਂਦੀਆਂ। ਮੇਰੀ ਜ਼ਿੰਦਗੀ ਮਜ਼ੇ ਨਾਲ ਲੰਘਣ ਲੱਗੀ। ਵਾਅਦੇ ਮੁਤਾਬਿਕ ਪੰਜ ਸਾਲ ਪਿੱਛੋਂ ਮੈਂ ਇੱਥੇ ਆਪਣੇ ਉਸ ਦੋਸਤ ਨੂੰ ਮਿਲਣਾ ਸੀ। ਸਾਰਾ ਦਿਨ ਉਡੀਕਦਾ ਰਿਹਾ, ਪਰ ਉਹ ਨਾ ਆਇਆ। ਪਤਾ ਨਹੀਂ ਕੀ ਹੋ ਗਿਆ। ਜਾਂ ਤਾਂ ਉਹ ਭੁੱਲ ਗਿਆ ਹੋਣਾ। ਜਾਂ ਫਿਰ ਉਹ ਇਸ ਦੁਨੀਆਂ ਵਿਚ ਹੈ ਹੀ ਨਹੀਂ। ਮੈਂ ਉਸ ਨੂੰ ਲੱਭਣ ਤੁਰ ਪਿਆ। ਲੱਭਦਾ ਲੱਭਦਾ, ਇਕ ਦਿਨ ਨ੍ਹੇਰੇ ਜਿਹੇ ਇਕ ਸ਼ਹਿਰ ਦੀ ਸੜਕ ’ਤੇ ਤੁਰਿਆ ਜਾਂਦਾ ਸੀ। ਮੈਂ ਦੇਖਿਆ, ਨੇੜੇ ਮੈਦਾਨ ਵਿਚ ਖ਼ੂਬ ਚਾਨਣ ਸੀ। ਇਕ ਪਾਸੇ ਵੱਡੀ ਸਟੇਜ ਲੱਗੀ ਹੋਈ ਸੀ। ਲਾਊਡ ਸਪੀਕਰ ਦੀ ਆਵਾਜ਼ ਆ ਰਹੀ ਸੀ। ਹਜ਼ਾਰਾਂ ਆਦਮੀ ਅਤੇ ਔਰਤਾਂ ਮੰਤਰ ਮੁਗਧ ਹੋਏ ਬੈਠੇ ਸਨ। ਮੰਚ ’ਤੇ ਸੁੰਦਰ ਰੇਸ਼ਮੀ ਪਹਿਰਾਵੇ ਵਿਚ ਮਹਾਂਪੁਰਖ ਬਿਰਾਜਮਾਨ ਸਨ। ਉਨ੍ਹਾਂ ਦੀ ਸਜੀ ਸੰਵਰੀ ਲੰਮੀ ਦਾੜ੍ਹੀ ਸੀ ਅਤੇ ਪਿੱਠ ’ਤੇ ਲੰਬੇ ਵਾਲ ਮੰਡਰਾ ਰਹੇ ਸਨ। ਮੈਂ ਭੀੜ ਵਿਚ ਆ ਕੇ ਇਕ ਖੂੰਜੇ ’ਚ ਬੈਠ ਗਿਆ। ਮਹਾਂਪੁਰਖ ਫ਼ਿਲਮੀ ਸੰਤ ਲੱਗ ਰਹੇ ਸਨ। ਉਨ੍ਹਾਂ ਗੰਭੀਰ ਬਾਣੀ ਵਿਚ ਪ੍ਰਵਚਨ ਸ਼ੁਰੂ ਕੀਤਾ। ਉਹ ਇਸ ਤਰ੍ਹਾਂ ਬੋਲ ਰਹੇ ਸਨ ਜਿਵੇਂ ਆਕਾਸ਼ ਦੇ ਕਿਸੇ ਕੋਨੇ ਤੋਂ ਕੋਈ ਭੇਤ ਭਰਿਆ ਸੰਦੇਸ਼ ਉਨ੍ਹਾ ਦੇ ਕੰਨਾਂ ਵਿਚ ਪੈ ਰਿਹਾ ਹੋਵੇ ਅਤੇ ਉਹ ਉਹੀ ਰੱਬੀ ਸੰਦੇਸ਼ ਲੋਕਾਂ ਨਾਲ ਸਾਂਝਾ ਕਰ ਰਹੇ ਹੋਣ। ਉਹ ਕਹਿ ਰਹੇ ਸਨ- ਮੈਨੂੰ ਨਜ਼ਰ ਆ ਰਿਹਾ ਹੈ ਕਿ ਅੱਜ ਬੰਦਾ ਨ੍ਹੇਰੇ ਵਿਚ ਭਟਕ ਗਿਆ ਹੈ। ਉਸ ਦੇ ਅੰਦਰ ਸਭ ਕੁਝ ਬੁਝ ਗਿਆ ਹੈ। ਇਹ ਯੁੱਗ ਅੰਧਕਾਰ ਭਰਿਆ ਹੈ। ਨ੍ਹੇਰਾ ਆਤਮਾ ਤੀਕ ਪਹੁੰਚ ਗਿਆ ਹੈ। ਅੰਦਰਲੀਆਂ ਅੱਖਾਂ ਦ੍ਰਿਸ਼ਟੀਹੀਣ ਹੋ ਗਈਆਂ ਹਨ। ਮੈਂ ਦੇਖ ਰਿਹਾ ਹਾਂ ਕਿ ਮਨੁੱਖ ਦੀ ਆਤਮਾ ਪੀੜ ਅਤੇ ਡਰ ਨਾਲ ਗ੍ਰਸਤ ਹੈ। ਇਸੇ ਤਰ੍ਹਾਂ ਉਹ ਬੋਲੀ ਗਿਆ ਅਤੇ ਲੋਕ ਸੁਣਦੇ ਰਹੇ। ਉਸ ਦੀਆਂ ਗੱਲਾਂ ਸੁਣ ਕੇ ਮੇਰਾ ਤਾਂ ਹਾਸਾ ਨਿਕਲ ਗਿਆ। ਬਥੇਰਾ ਰੋਕਿਆ, ਨਹੀਂ ਰੁਕਿਆ। ਨਾਲ ਬੈਠੇ ਲੋਕ ਮੈਨੂੰ ਬੁਰਾ-ਭਲਾ ਕਹਿਣ ਲੱਗੇ। ਮਹਾਂਪੁਰਖ ਨੇ ਪ੍ਰਵਚਨ ਦੇ ਅੰਤ ਵਿਚ ਕਿਹਾ- ਭਰਾਓ ਡਰੋ ਨਾ। ਜਿੱਥੇ ਨ੍ਹੇਰਾ ਹੈ, ਉੱਥੇ ਰੌਸ਼ਨੀ ਵੀ ਹੈ। ਪ੍ਰਕਾਸ਼ ਨੂੰ ਬਾਹਰੋਂ ਨਹੀਂ ਆਪਣੇ ਅੰਦਰੋਂ ਖੋਜੋ। ਅੰਦਰ ਬੁਝੀ ਜੋਤ ਨੂੰ ਜਗਾਉ। ਮੈਂ ਉਸ ਬੁਝੀ ਜੋਤ ਨੂੰ ਜਗਾਉਣ ਵਿਚ ਤੁਹਾਡੀ ਮਦਦ ਕਰਾਂਗਾ। ਮੈਂ ਤੁਹਾਡੇ ਅੰਦਰ ਉਹੀ ਜੋਤ ਜਗਾਉਣਾ ਚਾਹੁੰਦਾ ਹਾ। ਸਾਡੇ ‘ਸਾਧਨਾ ਮੰਦਰ’ ਵਿਚ ਆਉ ਅਤੇ ਆਪਣੀ ਅੰਦਰਲੀ ਬੁਝੀ ਜੋਤ ਨੂੰ ਜਗਾਉ। ਸਾਬ੍ਹ ਫਿਰ ਤਾਂ ਮੈਂ ਖਿੜ ਖਿੜ ਹੱਸਣ ਲੱਗਾ। ਲੋਕਾਂ ਮੈਨੂੰ ਧੱਕੇ ਮਾਰ ਕੇ ਉੱਥੋਂ ਭਜਾ ਦਿੱਤਾ। ਮੈਂ ਹੌਲੀ ਹੌਲੀ ਮੰਚ ਦੇ ਲਾਗੇ ਪਹੁੰਚ ਗਿਆ। ਮਹਾਂਪੁਰਖ ਮੰਚ ਤੋਂ ਉੱਤਰ ਕੇ ਕਾਰ ਵਿਚ ਬੈਠਣ ਲੱਗੇ ਸਨ। ਮੈਂ ਧਿਆਨ ਨਾਲ ਉਨ੍ਹਾਂ ਨੂੰ ਨੇੜਿਉਂ ਦੇਖਿਆ। ਦਾੜ੍ਹੀ ਵਧੀ ਹੋਣ ਕਰਕੇ ਮੈਂ ਉਸ ਨੂੰ ਬੁਲਾਉਣ ’ਤੇ ਝਿਜਕ ਗਿਆ, ਪਰ ਉਨ੍ਹਾਂ ਮੈਨੂੰ ਪਛਾਣ ਲਿਆ। ਮੈਨੂੰ ਇਸ਼ਾਰੇ ਨਾਲ ਕਾਰ ਵਿਚ ਬਿਠਾ ਲਿਆ। ਮੈਂ ਕੁਝ ਬੋਲਣ ਲੱਗਦਾ ਤਾਂ ਮਹਾਂਪੁਰਖ ਕਹਿੰਦੇ, ‘‘ਐਥੇ ਕੋਈ ਗੱਲ ਨਹੀਂ ਕਰਨੀ। ਗਿਆਨ ਚਰਚਾ ਕੋਠੀ ਪਹੁੰਚ ਕੇ ਹੀ ਕਰਾਂਗੇ।’’ ਮੈਂ ਸਮਝ ਗਿਆ ਕਿ ਇੱਥੇ ਤਾਂ ਡਰਾਈਵਰ ਵੀ ਹੈ। ਕੋਠੀ ਪਹੁੰਚ ਕੇ ਮੈਂ ਉਸ ਦੀ ਸ਼ਾਨੋ-ਸ਼ੌਕਤ ਨੂੰ ਦੇਖ ਕੇ ਦੰਗ ਰਹਿ ਗਿਆ। ਜਲਦੀ ਹੀ ਉਹ ਮੇਰੇ ਕੋਲ ਬੈਠ ਗਿਆ ਅਤੇ ਖੁੱਲ੍ਹ ਕੇ ਗੱਲਾਂ ਕਰਨ ਲੱਗਾ। ਮੈਂ ਕਿਹਾ- ਯਾਰ ਤੂੰ ਤਾਂ ਬਿਲਕੁਲ ਬਦਲ ਗਿਆ। ਉਸ ਨੇ ਗੰਭੀਰ ਹੁੰਦਿਆਂ ਕਿਹਾ- ਪਰਿਵਰਤਨ ਜ਼ਿੰਦਗੀ ਦਾ ਅਨੰਤ ਕਰਮ ਹੈ। ਮੈਂ ਕਿਹਾ- ਬਹੁਤੀ ਫਿਲਾਸਫੀ ਨਾ ਘੋਟ। ਇਹ ਦੱਸ ਕਿ ਤੂੰ ਐਨੀ ਦੌਲਤ ਕਿਵੇਂ ਕਮਾ ਲਈ, ਪੰਜ ਸਾਲਾਂ ਵਿਚ?

ਉਸ ਨੇ ਪੁੱਛਿਆ- ਤੂੰ ਇਨ੍ਹਾਂ ਸਾਲਾਂ ਵਿਚ ਕੀ ਕਰਦਾ ਰਿਹੈਂ?

ਮੈਂ ਕਿਹਾ- ਮੈਂ ਤਾਂ ਘੁੰਮ ਘੁੰਮ ਕੇ ਟਾਰਚਾਂ ਵੇਚਦਾ ਰਿਹਾ ਹਾਂ। ਸੱਚੋ ਸੱਚ ਦੱਸੀਂ ਕਿ ਤੂੰ ਵੀ ਟਾਰਚਾਂ ਦਾ ਵਪਾਰੀ ਏਂ?

ਉਸ ਨੇ ਕਿਹਾ- ਤੈਨੂੰ ਐਦਾਂ ਕਿਉਂ ਲੱਗਦਾ?

ਮੈਂ ਉਸ ਨੂੰ ਦੱਸਿਆ- ਜਿਹੜੀਆਂ ਗੱਲਾਂ ਤੂੰ ਕਹਿੰਨਾ, ਉਹੀ ਗੱਲਾਂ ਟਾਰਚਾਂ ਵੇਚਣ ਵੇਲੇ ਮੈਂ ਕਰਦਾ ਹਾਂ। ਪਰ ਤੂੰ ਥੋੜ੍ਹਾ ਜਿਹਾ ਰਹੱਸਮਈ ਢੰਗ ਨਾਲ ਕਹਿੰਨਾ ਏਂ। ਮੈਂ ਵੀ ਨ੍ਹੇਰੇ ਤੋਂ ਡਰਾ ਕੇ ਲੋਕਾਂ ਨੂੰ ਟਾਰਚਾਂ ਵੇਚਦਾ ਹਾਂ। ਤੂੰ ਵੀ ਪ੍ਰਵਚਨ ਕਰਦਿਆਂ ਲੋਕਾਂ ਨੂੰ ਨ੍ਹੇਰੇ ਤੋਂ ਡਰਾ ਰਿਹਾ ਸੀ। ਫੇਰ ਤਾਂ ਤੂੰ ਵੀ ਟਾਰਚਾਂ ਹੀ ਵੇਚਦਾ ਏਂ। ਉਸ ਨੇ ਕਿਹਾ- ਤੂੰ ਮੈਨੂੰ ਨਹੀਂ ਜਾਣਦਾ। ਮੈਂ ਸਾਧੂ ਮਹਾਤਮਾ ਤੇ ਦਾਰਸ਼ਨਿਕ ਅਖਵਾਉਂਦਾ ਹਾਂ। ਮੈਨੂੰ ਕੀ ਲੋੜ ਹੈ ਟਾਰਚਾਂ ਵੇਚਣ ਦੀ?

ਮੈਂ ਕਿਹਾ- ਤੂੰ ਕੁਝ ਵੀ ਅਖਵਾਉਂਦਾ ਹੋਵੇਂ, ਵੇਚਦਾ ਤੂੰ ਟਾਰਚਾਂ ਹੀ ਏਂ। ਤੇਰੇ ਮੇਰੇ ਪ੍ਰਵਚਨ ਇੱਕੋ ਜਿਹੇ ਹਨ। ਜੋ ਲੋਕਾਂ ਨੂੰ ਨ੍ਹੇਰੇ ਤੋਂ ਡਰਾਉਂਦਾ ਹੈ। ਉਹ ਚਾਹੇ ਕੋਈ ਸੰਤ ਹੋਵੇ ਜਾਂ ਸਾਧੂ, ਜ਼ਰੂਰ ਉਹ ਲੋਕਾਂ ਨੂੰ ਆਪਣੀ ਕੰਪਨੀ ਦੀਆਂ ਟਾਰਚਾਂ ਵੇਚਣਾ ਚਾਹੁੰਦਾ ਹੈ। ਮੈਨੂੰ ਇਹ ਦੱਸ ਕਿ ਕਦੀ ਤੂੰ ਸ਼ਰਧਾਲੂਆਂ ਨੂੰ ਇਹ ਵੀ ਕਿਹਾ ਕਿ ਦੁਨੀਆਂ ਵਿਚ ਰੌਸ਼ਨੀ ਫੈਲੀ ਹੋਈ ਹੈ। ਕਦੀ ਨਹੀਂ ਕਿਹਾ। ਕਿਉਂ? ਕਿਉਂਕਿ ਤੂੰ ਉਨ੍ਹਾਂ ਨੂੰ ਆਪਣੀ ਕੰਪਨੀ ਦੀ ਟਾਰਚ ਵੇਚਣੀ ਹੁੰਦੀ ਹੈ। ਮੈਂ ਤਾਂ ਖ਼ੁਦ ਲੋਕਾਂ ਨੂੰ ਦੁਪਹਿਰੇ ਨ੍ਹੇਰੇ ਦਾ ਅਹਿਸਾਸ ਕਰਾ ਦਿੰਦਾ ਹਾਂ। ਲੋਕ ਭੈਅਭੀਤ ਹੋ ਕੇ ਮੇਰੀਆਂ ਟਾਰਚਾਂ ਖਰੀਦ ਲੈਂਦੇ ਹਨ। ਹੁਣ ਤਾਂ ਦੱਸ ਦੇ ਕਿ ਤੂੰ ਕਿਸ ਕੰਪਨੀ ਦੀ ਟਾਰਚ ਵੇਚਦਾ ਏਂ?

ਮੇਰੀਆਂ ਗੱਲਾਂ ਨੇ ਉਸ ਨੂੰ ਟਿਕਾਣੇ ਲਾ ਦਿੱਤਾ ਸੀ। ਉਸ ਨੇ ਕਿਹਾ- ਤੂੰ ਠੀਕ ਹੀ ਕਹਿੰਦਾ ਏਂ। ਮੇਰੀ ਕੰਪਨੀ ਨਹੀਂ, ਸਨਾਤਨ ਹੈ। ਮੈਂ ਕਿਹਾ- ਤੇਰੀ ਦੁਕਾਨ ਕਿੱਥੇ ਹੈ? ਨਮੂਨੇ ਲਈ ਇਕ ਟਾਰਚ ਮੈਨੂੰ ਤਾਂ ਦਿਖਾ ਦੇ। ਮੇਰੀ ਟਾਰਚ ਨਾਲੋਂ ਤੇਰੀ ਟਾਰਚ ਵੱਧ ਵਿਕਦੀ ਹੈ। ਉਸ ਨੇ ਕਿਹਾ- ਇਸ ਟਾਰਚ ਦੀ ਕੋਈ ਦੁਕਾਨ ਨਹੀਂ ਬਾਜ਼ਾਰ ਵਿਚ। ਇਹ ਤਾਂ ਬੜੀ ਸੂਖ਼ਮ ਹੈ। ਪਰ ਕੀਮਤ ਇਸ ਦੀ ਕਾਫ਼ੀ ਮਿਲ ਜਾਂਦੀ ਹੈ। ਇਉਂ ਕਰ, ਤੂੰ ਇਕ ਦੋ ਦਿਨ ਮੇਰੇ ਕੋਲ ਰਹਿ। ਮੈਂ ਸਭ ਕੁਝ ਤੈਨੂੰ ਸਮਝਾ ਦਿਆਂਗਾ। ਤਾਂ ਸਾਬ੍ਹ ਮੈਂ ਦੋ ਤਿੰਨ ਦਿਨ ਉਸ ਕੋਲ ਠਹਿਰਿਆ। ਤੀਜੇ ਦਿਨ ਸੂਰਜ ਛਾਪ ਟਾਰਚਾਂ ਦੀ ਪੇਟੀ ਮੈਂ ਨਹਿਰ ਵਿਚ ਵਗਾਹ ਮਾਰੀ। ਮੈਂ ਵੀ ਨਵਾਂ ਕੰਮ ਸ਼ੁਰੂ ਕਰ ਲਿਆ। ਉਹ ਆਪਣੀ ਦਾੜ੍ਹੀ ’ਤੇ ਹੱਥ ਫੇਰਦਾ ਬੋਲਿਆ, ‘‘ਬੱਸ ਇਕ ਮਹੀਨੇ ਤੀਕਰ ਮੇਰਾ ਨਵਾਂ ਕੰਮ ਚੱਲ ਪਵੇਗਾ।”

ਮੈਂ ਪੁੱਛਿਆ, ‘‘ਕੰਮ ਕਿਹੜਾ ਕਰੇਗਾ?”

“ਕੰਮ ਤਾਂ ਉਹੀ ਕਰਾਂਗਾ। ਟਾਰਚਾਂ ਹੀ ਵੇਚਾਂਗਾ। ਬੱਸ ਕੰਪਨੀ ਬਦਲ ਰਿਹਾ ਹਾਂ।” ਉਹ ਬੋਲਿਆ।

- ਪੰਜਾਬੀ ਰੂਪ: ਪ੍ਰਿੰ. ਹਰੀ ਕ੍ਰਿਸ਼ਨ ਮਾਇਰ

  • ਮੁੱਖ ਪੰਨਾ : ਹਰੀਸ਼ੰਕਰ ਪਰਸਾਈ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ