Mundu Te Tommy (Punjabi Story) : Navtej Singh

ਮੁੰਡੂ ਤੇ ਟਾਮੀ (ਕਹਾਣੀ) : ਨਵਤੇਜ ਸਿੰਘ

ਮੁੰਡੂ ਬੜਾ ਖੁਸ਼ ਸੀ-ਉਹਦੇ ਮਾਲਕਾਂ ਦੇ ਸਾਰੇ ਟਬਰ ਨੇ ਗਰਮੀਆਂ ਬਿਤਾਣ ਲਈ ਸ਼ਿਮਲੇ ਜਾਣਾ ਸੀ । ਮੁੰਡੂ ਦਾ ਪਿੰਡ ਸ਼ਿਮਲੇ ਤੋਂ ਪੰਜ ਕੁ ਮੀਲਾਂ ਤੇ ਸੀ । ਕਿੰਨੇ ਹੀ ਵਰ੍ਹੇ ਹੋਏ, ਉਹ ਆਪਣੇ ਪਿੰਡੋਂ ਕਿਸੇ ਚਾਚੇ ਨਾਲ ਥਲੇ ਨਿਕਲ ਆਇਆ ਸੀ । ਘਰ ਉਹਨੂੰ ਰਜ ਕੇ ਰੋਟੀ ਨਹੀਂ ਸੀ ਮਿਲਦੀ । ਉਹਦੇ ਘਰ ਦੇ ਬੜੇ ਗਰੀਬ ਸਨ। ਤੇ ਏਥੇ ਅੰਮ੍ਰਿਤਸਰ ਦੇ ਸ਼ਹਿਰ ਵਿਚ ਉਹਨੂੰ ਅਖ਼ੀਰ ਨੌਕਰੀ ਮਿਲ ਗਈ-ਭਾਂਡੇ ਮਾਂਜਣ, ਕਪੜੇ ਧੋਣ ਤੇ ਮਾਲਕਾਂ ਦਾ ਲਾਡਲਾ ਕੁਤਾ ਖਿਡਾਣ ਦੀ ਨੌਕਰੀ । ਅਠ ਰੁਪਏ ਤਨਖਾਹ ਮਿਲ ਜਾਂਦੀ ਸੀ, ਜਿਹੜੀ ਓਹ ਘਰ ਭੇਜ ਛਡਦਾ ਤੇ ਰੋਟੀ ਕਪੜਾ ਵੀ ਮਾਲਕ ਦੇ ਦੇਂਦੇ ਸਨ ।
ਤਿੰਨ ਵਰ੍ਹੇ ਓਹਨੂੰ ਘਰੋਂ ਆਇਆਂ ਹੋ ਗਏ ਸਨ । ਹੁਣ ਤੇ ਜਾਗਦਿਆਂ ਓਹ ਓਹਨਾਂ ਪਹਾੜਾਂ ਦੀ ਮੂਰਤ ਵੀ ਆਪਣੇ ਚੇਤੇ ਵਿਚ ਨਹੀਂ ਸੀ ਤਕ ਸਕਦਾ, ਜਿਥੇ ਓਹ ਬਚਪਨ ਵਿਚ ਖੇਡਦਾ ਰਿਹਾ ਸੀ, ਬਕਰੀਆਂ ਚਰਾਂਦਾ ਰਿਹਾ ਸੀ, ਬੂਟਿਆਂ ਨਾਲੋਂ ਜੰਗਲੀ ਫਲ ਤੋੜ ਕੇ ਖਾਂਦਾ ਰਿਹਾ ਸੀ, ਵਾਗੀਆਂ ਦੀ ਬੰਸਰੀ ਸੁਣਦਾ ਰਿਹਾ ਸੀ, ਪਹਾੜ-ਜਿਨ੍ਹਾਂ ਉਤੇ ਬਦਲ ਤਿਲਕਦੇ ਖਹਿਰਦੇ ਖੇਡਦੇ ਰਹਿੰਦੇ ਸਨ ਪਹਾੜ-ਜਿਨ੍ਹਾਂ ਤੇ ਦਿਓਆਂ ਨਾਲੋਂ ਵੀ ਉਚੀਆਂ ਚੀਲਾਂ ਦੇ ਦਰਖ਼ਤ ਸਨ ਤੇ ਦਿਓਦਾਰ ਸਨ ।
ਕਦੀ ਕਦੀ ਰਾਤਾਂ ਨੂੰ ਸੁਫਨਿਆਂ ਵਿਚ ਉਹਨੂੰ ਇਹ ਸਭ ਕੁਝ ਦਿਖਾਈ ਦੇਂਦਾ-ਓਹ ਫੇਰ ਇਕ ਵਾਰੀ ਏਸ ਆਲੇ ਦੁਆਲੇ ਵਿਚ ਬੇ-ਫਿਕਰ ਬਾਲ-ਪਬਾਂ ਨਾਲ ਦੌੜਨ ਲਗਦਾ-ਪਰ ਅਚਾਨਕ ਮਾਲਕਾਂ ਦਾ ਕੁਤਾ ਟਾਮੀ ਭੌਂਕਣ ਲਗ ਪੈਂਦਾ ਜਾਂ ਮਾਲਕਾਣੀ ਓਹਨੂੰ ਬਾਜ਼ਾਰੋਂ ਸਤੀਂ ਸਵੇਰੀਂ ਦੁਧ ਲਿਆਣ ਲਈ ਉਠਾ ਦੇਂਦੀ, ਜਾਂ ਕੁਝ ਹੋਰ ਏਸ ਤਰ੍ਹਾਂ ਦੀ ਗਲ ਹੋ ਜਾਂਦੀ, ਤੇ ਓਹ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਅਭੜਵਾਹੇ ਜਾਗ ਪੈਂਦਾ। ਅਜਿਹੇ ਵੇਲੇ ਮੁੰਡੂ ਨੂੰ ਅੰਮ੍ਰਿਤਸਰ ਤੋਂ, ਟਾਮੀ ਤੋਂ, ਮਾਲਕਾਂ ਦੇ ਉਸ ਪੁਤਰ ਤੋਂ-ਜਿਨ੍ਹੇ ਸਕੂਲ ਜਾਣਾ ਸੀ ਤੇ ਦੁਧ ਲਿਆਣ ਲਈ ਓਹਨੂੰ ਜਗਾਇਆ ਗਿਆ ਸੀ-ਬੜੀ ਨਫ਼ਰਤ ਹੋ ਜਾਂਦੀ ।
ਪਰ ਅਜ-ਕਲ ਭਾਵੇਂ ਮਾਲਕ ਕਿੰਨਾ ਵੀ ਝਿੜਕਦੇ ਸਵੇਲੇ ਕੁਵੇਲੇ ਜਗਾ ਦੇਦੇ, ਭਾਵੇਂ ਟਾਮੀ ਕਿੰਨਾ ਹੀ ਭੌਂਕਦਾ, ਮੁੰਡੂ ਨੂੰ ਕਦੇ ਬਹੁਤੀ ਚਿੜ ਨਾ ਹੁੰਦੀ। ਮਾਲਕਾਣੀ ਵੀ ਉਹਦੇ ਮਾਂਜੇ ਭਾਂਡਿਆਂ ਦੀ ਪਹਿਲੀ ਵਾਰ ਤਰੀਫ਼ ਕਰਨ ਲਗ ਪਈ ਸੀ । ਹੁਣ ਕਦੇ ਉਹਦੇ ਕੋਲੋਂ ਚੀਜ਼ਾਂ ਵੀ ਨਾ ਟੁਟਦੀਆਂ। ਜਦੋਂ ਤੋਂ ਮੁੰਡੂ ਏਥੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਰਹਿਣ ਲਗਾ ਸੀ, ਓਦੋਂ ਤੋਂ ਪਹਿਲੀ ਵਾਰ ਅਜ ਉਹ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਸੀ, ਇਕ ਬਹੁ ਰੰਗੀ ਗੁਡੀ ਵਾਂਗ ਖ਼ੁਸ਼ੀਆਂ ਦੇ ਅਸਮਾਨਾਂ ਵਿਚ ਉਡ ਰਿਹਾ ਸੀ। ਉਹਦੇ ਮਾਲਕ ਸ਼ਿਮਲੇ ਜਾ ਰਹੇ ਸਨ, ਉਹਨੂੰ ਵੀ ਨਾਲ ਲੈ ਜਾਣਗੇ । ਤੇ ਉਥੋਂ ਉਹ ਆਪਣੇ ਘਰ ਕੁਝ ਦਿਨਾਂ ਲਈ ਚਲਿਆ ਜਾਏਗਾ, ਆਪਣੀ ਬੁੱਢੀ ਮਾਂ ਕੋਲ, ਨਿਕੀ ਜਿਹੀ ਭੈਣ ਕੋਲ - ਜਿਹੜੀ ਹੁਣ ਬੋਲਣ ਲਗ ਪਈ ਹੋਵੇਗੀ, ਆਪਣੇ ਵੱਡੇ ਭਰਾ ਕੋਲ ਜਿਹੜਾ ਹੁਣ ਉਹਨੂੰ ਕਦੇ ਮਾਰਨ ਨਹੀਂ ਲਗਾ-ਉਹਨਾਂ ਪਹਾੜਾਂ ਕੋਲ, ਤੇ ਚੀਲਾਂ ਦਿਓਦਾਰਾਂ ਕੋਲ, ਬੰਸਰੀਆਂ ਤੇ ਬਕਰੀਆਂ ਕੋਲ......
ਉਹ ਰੋਜ ਜਾਣ ਦੇ ਦਿਨ ਗਿਣਦਾ ਰਹਿੰਦਾ । ਮਾਲਕਾਂ ਦੇ ਛੋਟੇ ਮੁੰਡੇ ਲਾਲ ਨੂੰ ਰੋਜ਼ ਪੁਛ ਛਡਦਾ ਕਿ ਉਹਦਾ ਸਕੂਲ ਕਦੋਂ ਬੰਦ ਹੋਣਾ ਹੈ, ਕਿਉਂਕਿ ਘਰ ਵਿਚ ਸਾਰੇ ਉਹਦੀਆਂ ਛੁੱਟੀਆਂ ਨੂੰ ਹੀ ਉਡੀਕ ਰਹੇ ਸਨ।
ਜਿਸ ਕੁਆਟਰ ਵਿਚ ਉਹ ਹੋਰ ਨੌਕਰਾਂ ਨਾਲ ਰਹਿੰਦਾ ਸੀ, ਉਹ ਦੀ ਕੰਧ ਤੇ ਉਹਨੇ ਸਤ ਲਕੀਰਾਂ ਉਕਰ ਛਡੀਆਂ ਸਨ, ਸਤ ਦਿਨ ਜਾਣ ਵਿਚ ਰਹਿੰਦੇ ਸਨ । ਤੇ ਉਹ ਹਰ ਦਿਨ ਦੇ ਬੀਤਨ ਨੂੰ ਬੜੀ ਤਾਂਘ ਨਾਲ ਉਡੀਕਦਾ ਰਹਿੰਦਾ, ਤੇ ਰਾਤ ਨੂੰ ਜਦੋਂ ਭਾਂਡੇ ਮਾਂਜ ਕੇ ਕੁਤੇ ਨੂੰ ਦੁਧ ਪਿਆ ਕੇ ਉਹ ਸੌਣ ਜਾਂਦਾ ਤਾਂ ਮਿਟੀ ਦਾ ਦੀਵਾ ਬਾਲ ਕੇ ਆਪਣੇ ਕੁਆਟਰ ਦੀ ਕੰਧ ਤੋਂ ਇਕ ਲਕੀਰ ਮਿਟਾ ਛਡਦਾ ।
ਇਕ ਦਿਨ ਸੌਣ ਲਗਿਆਂ ਉਹਨੂੰ ਖ਼ਿਆਲ ਆਇਆ, ਉਹਨੇ ਦੁਧ ਕਿੰਨੇ ਹੀ ਮਹੀਨੇ ਹੋ ਗਏ ਸਨ ਨਹੀਂ ਸੀ ਪੀਤਾ। ਇਕ ਵਾਰ ਦੁਧ ਧੁਆਂਖ ਗਿਆ ਸੀ ਤੇ ਮਾਲਕਾਣੀ ਨੇ ਉਹਨੂੰ ਇਕ ਗਲਾਸ ਦਿਤਾ ਸੀ । ਏਸ ਕਸੈਲੇ ਜਹੇ ਦੁਧ ਦਾ ਸੁਆਦ ਉਹਨੂੰ ਯਾਦ ਸੀ, ਪਰ ਨਰੋਏ ਠੀਕ ਦੁਧ ਦਾ ਸੁਆਦ ਉਹਨੂੰ ਵਿਸਰ ਗਿਆ ਸੀ-ਤੇ ਉਹ ਰੋਜ਼ ਸਵੇਰੇ ਦੁਧ ਬਜ਼ਾਰੋਂ ਲੈਣ ਜਾਂਦਾ ਸੀ...... ਤੇ ਫੇਰ ਉਹਨੂੰ ਆਪਣਾ ਪਿੰਡ ਯਾਦ ਆ ਗਿਆ, ਇਕ ਵਾਰ ਉਹਦੇ ਬੇਲੀਆਂ ਰਲ ਕੇ ਵਾਗੀ ਤੋਂ ਲੁਕ ਕੇ ਬਕਰੀਆਂ ਦੀਆਂ ਧਾਰਾਂ ਲਈਆਂ ਸਨ । ਭਾਵੇਂ ਏਨੇ ਵਰ੍ਹੇ ਹੋ ਗਏ ਸਨ... ਪਰ ਇਹ ਸਭ ਉਹਨੂੰ ਯਾਦ ਸੀ, ਤੇ ਹੁਣ ਵੀ ਉਹਦਾ ਸੰਘ ਮਿਠਲੂਣਾ ਤੇ ਝਗੋ ਝਗ ਹੋ ਗਿਆ ਜਾਪਿਆ ਤੇ ਸੁਆਦਲੀ ਜਿਹੀ ਜਲੂਣ ਓਹਨੂੰ ਹੋਈ । ਤੇ ਉਹਨੇ ਇਕ ਵਾਰ ਫੇਰ ਮਿਟੀ ਦਾ ਦੀਵਾ ਬਾਲ ਕੇ ਤਕਿਆ ਕਿ ਕੰਧ ਤੇ ਕਿੰਨੀਆਂ ਲੀਕਾਂ, ਰਹਿ ਗਈਆਂ ਸਨ, ਓਹਨੂੰ ਪੰਜ ਲੀਕਾਂ ਦਿਸੀਆਂ, ਕਿਸੇ ਭੂਤ ਦੀਆਂ ਉਂਗਲਾਂ ਵਾਂਗ... ਤੇ ਜਦੋਂ ਇਹ ਪੰਜ ਲੀਕਾਂ ਮਿਟ ਜਾਣਗੀਆਂ ! ਉਸ ਦਿਨ ਦਾ ਖ਼ਿਆਲ ਉਹਦੇ ਦਿਲ ਵਿਚ ਅੰਤਾਂ ਦੀ ਖੁਸ਼ੀ ਛੇੜ ਗਿਆ, ਤੇ ਉਹਨੂੰ ਆਪਣੇ ਕੁਆਟਰ ਦੀ ਢਲਵਾਨ ਵਿਚ ਪਹਾੜਾਂ ਦੀ ਪੌਣ ਰੁਮਕ ਪਈ ਜਾਪੀ ਤੇ ਬੰਸਰੀ ਸੁਣਨ ਲਗ ਪਈ, ਤੇ ਉਹ ਸੁਖੀ ਸੁਖੀ ਸੌਂ ਗਿਆ......।
ਅਖ਼ੀਰ ਮੁੰਡੂ ਦੇ ਕੁਆਰਟਰ ਦੀ ਕੰਧ ਤੋਂ ਭੂਤ ਦੀਆਂ ਉਂਗਲਾਂ ਵਰਗੀਆਂ ਪੰਜ ਲਕੀਰਾਂ ਇਕ ਇਕ ਕਰਕੇ ਮਿਟ ਗਈਆਂ । ਲਾਲੀ ਦੇ ਸਕੂਲ ਦੇ ਬੰਦ ਹੋਣ ਦਾ ਦਿਨ ਆ ਗਿਆ । ਸਾਰਾ ਸਾਮਾਨ ਬਝ ਗਿਆ, ਬਿਸਤਰੇ ਤੇ ਟਰੰਕ ਤੇ ਟੋਕਰੀਆਂ । ਕਮਰਿਆਂ ਦੇ ਬੂਹਿਆਂ ਨੂੰ ਜੰਦਰੇ ਵਜਣ ਲਗ ਪਏ । ਸ਼ਿਮਲੇ ਜਾਣ ਵਾਲੀ ਗਡੀ ਦਾ ਵਕਤ ਟਾਇਮ ਟੇਬਲ ਵਿਚੋਂ ਤਕ ਲਿਆ ਗਿਆ । ਦੋ ਟਾਂਗੇ ਬੁਲਾਏ, ਇਕ ਸਮਾਨ ਲਈ ਤੇ ਇਕ ਸਾਰੇ ਟੱਬਰ ਲਈ । ਇਸ ਸਾਰੀ ਤਿਆਰੀ ਵਿਚ ਮੁੰਡੂ ਬੜਾ ਚਾਈਂ ਚਾਈਂ ਰੁਝਿਆ ਰਿਹਾ। ਜਦੋਂ ਘਰ ਦੇ ਬਾਹਰ ਟਾਂਗੇ ਵਾਲਿਆਂ ਨੇ ਆਕੇ ਆਪਣੀ ਟਲੀ ਵਜਾਈ ਓਦੋਂ ਮੁੰਡੂ ਕੋਈ ਪਹਾੜੀ ਗੀਤ ਗੁਣਗੁਣਾ ਰਿਹਾ ਸੀ।
ਸਾਮਾਨ ਵਾਲਾ ਟਾਂਗਾ ਲਦ ਦਿਤਾ ਗਿਆ । ਮੁੰਡੂ ਨੇ ਟਾਂਗਾ ਲਦਿਆ ਆਪਣੇ ਬਹਿਣ ਲਈ ਸੋਚੀ ਥਾਂ ਤੇ ਇਕ ਨਿਕਾ ਸੂਟਕੇਸ ਰਖ ਲਿਆ ਤੇ ਸੋਚਿਆ, ਬਹਿਣ ਵੇਲੇ ਇਸ ਨੂੰ ਪਟਾਂ ਤੇ ਰਖ ਲਏਗਾ।
'ਵਹੂੰ-ਵਹੂੰ' ਟਾਮੀ ਇਕ-ਦਮ ਬਹੁਤ ਭੌਂਕਣ ਲਗ ਪਿਆ । ਮੁੰਡੇ ਨੇ ਓਹਨੂੰ ਅਗੇ ਨਾਲੋਂ ਵਧ ਦੁਧ ਦੇ ਕੇ ਚੁਪ ਕਰਾਣਾ ਚਾਹਿਆ, ਪਰ ਓਹ ਅਜ ਨ ਮੰਨਿਆ, ਤੇ ਹੋਰ ਉਚਿਆਂ ਭੌਂਕਦਾ ਰਿਹਾ ।
ਦੂਜੇ ਟਾਂਗੇ ਵਿਚ ਲਾਲੀ ਬਹਿ ਗਿਆ, ਬੀਬੀ ਜੀ ਬਹਿ ਗਏ......ਵੱਡਾ ਕਾਕਾ ਬਹਿ ਗਿਆ, ਤੇ ਮੁੰਡੂ ਦਾ ਮਾਲਕ ਬਹਿਣ ਲਗਾ......ਅਚਾਨਕ ਓਹਨੂੰ ਕੁਝ ਯਾਦ ਆ ਗਿਆ, ਓਹਨੇ ਮੁੰਡੂ ਨੂੰ ਬੁਲਾ ਕੇ ਕਿਹਾ, "ਪਹਿਲੋਂ ਸਾਡਾ ਖਿਆਲ ਸੀ, ਟਾਮੀ ਨੂੰ ਵੀ ਨਾਲ ਲੈ ਚਲੀਏ-ਪਰ ਹੁਣ ਇਹ ਸਲਾਹ ਅਸਾਂ ਛਡ ਦਿਤੀ ਏ । ਅਹਿ ਲੈ ਪੰਜ ਰੁਪੈ ਆਪਣੇ ਖਰਚ ਲਈ-ਤੇ ਰੋਟੀ ਨਾਲ ਦੀ ਬੀਬੀ ਕੋਲੋਂ ਖਾ ਲਿਆ ਕਰੀਂ, ਤੇ ਹਲਵਾਈ ਕੋਲੋਂ ਦੋਵੇਂ ਵੇਲੇ ਟਾਮੀ ਲਈ ਦੁਧ ਲੈਕੇ ਇਹਨੂੰ ਪਿਲਾ ਦਿਆ ਕਰੀਂ -ਅਸੀਂ ਹਲਵਾਈ ਤੇ ਨਾਲ ਦੀ ਬੀਬੀ ਨੂੰ ਕਹਿ ਛਾਡਿਆ ਏ ।"
ਤੁਰਦੇ ਟਾਂਗੇ ਵਿਚੋਂ ਬੀਬੀ ਮੁੰਡੂ ਨੂੰ ਕਹਿ ਰਹੀ ਸੀ, ''ਬਾਹਰਲੇ ਬੂਹੇ ਦੀ ਚਾਬੀ ਤੇਰੇ ਕੋਲ ਈ ਏ, ਟਾਮੀ ਵਿਚਾਰੇ ਦਾ ਬੜਾ ਖਿਆਲ ਰਖੀਂ, ਕਲਿਆਂ ਕਿਤੇ ਓਦਰਾ ਨਾ ਜਾਏ...... ''
'ਵਹੂੰ ਵਹੂੰ' ਟਾਮੀ ਭੌਂਕੀ ਜਾ ਰਿਹਾ ਸੀ ।.........ਤਿੰਨ ਵਰ੍ਹੇ ਹੋਏ ਮੁੰਡੂ, ਆਪਣੇ ਪਹਾੜਾਂ ਕੋਲੋਂ ਚੀਲਾਂ ਤੇ ਦਿਓਦਾਰਾਂ ਕੋਲੋਂ, ਬੰਸਰੀਆਂ ਤੇ ਬਕਰੀਆਂ ਕੋਲੋਂ, ਆਪਣੀ ਬੁੱਢੀ ਮਾਂ ਤੇ ਨਿਕੀ ਭੈਣ ਕੋਲੋਂ-ਜਿਹੜੀ ਹੁਣ ਬੋਲਣ ਲਗ ਪਈ ਹੋਵੇਗੀ ਵਿਛੜ ਕੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਨੌਕਰ ਹੋਇਆ ਸੀ । ਹੁਣ ਤੇ ਜਾਗਦਿਆਂ ਉਹ ਓਹਨਾਂ ਪਹਾੜਾਂ ਦੀ ਮੂਰਤ ਵੀ ਆਪਣੇ ਚੇਤੇ ਵਿਚ ਨਹੀਂ ਸੀ ਤਕ ਸਕਦਾ...... 'ਵਹੂੰ ਵਹੂੰ' ਟਾਮੀ ਦੀ ਭੌਂਕ ਹੋਰ ਉਚੀ ਹੋ ਗਈ। ਉਹਦੀ ਬੀਬੀ ਨੇ ਕਿਹਾ ਸੀ, ਵੇਖੀਂ, ਕਿਤੇ ਕਲਿਆਂ ਟਾਮੀ ਓਦਰ ਨਾ ਜਾਏ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ