Munh Lukaai (Punjabi Story) : Navtej Singh
ਮੂੰਹ ਲੁਕਾਈ (ਕਹਾਣੀ) : ਨਵਤੇਜ ਸਿੰਘ
“ਮਸ਼ੂਕਾਂ ਦੇ ਟਾਂਗੇ ਨੂੰ ਅੱਗੇ ਨਹੀਂ ਲੰਘਣ ਦੇਣਾ,” ਆਖ ਟਾਂਗੇ ਵਾਲੇ ਨੇ ਆਪਣਾ ਟਾਂਗਾ ਜਵਾਨ ਕੁੜੀਆਂ ਨਾਲ ਭਰੇ ਹੋਏ ਟਾਂਗੇ ਦੇ ਨਾਲ ਕਰ ਲਿਆ।
ਪਹਿਲੇ ਟਾਂਗੇ ਵਿਚ ਬੈਠੇ ਮੁੰਡੇ ਕੁਝ ਵਧੇਰੇ ਬੋਲਣ ਤੇ ਆਪਸ ਵਿਚ ਮਸਖ਼ਰੀਆਂ ਕਰਨ ਲੱਗ ਪਏ; ਤੇ ਦੂਜੇ ਟਾਂਗੇ ਵਿਚਲੀਆਂ ਕੁੜੀਆਂ ਕੁਝ ਠਠੰਬਰ ਗਈਆਂ। ਟਾਂਗੇ ਵਾਲਾ ਇਸ ਰਾਹ ਜਾਂਦੀ ਖੇਡ ਨੂੰ ਆਪਣੀ ਰਚਨਾ ਜਾਣ ਬੜਾ ਖ਼ੁਸ਼ ਪਿਆ ਹੁੰਦਾ ਸੀ।
ਪਹਿਲੀ ਨਜ਼ਰੇ ਉਸਨੂੰ ਇਹ ਕੁੜੀਆਂ ਉਨ੍ਹਾਂ ਤਸਵੀਰਾਂ ਵਰਗੀਆਂ ਜਾਪੀਆਂ ਜਿਹੜੀਆਂ ਉਹਨੇ ਟਾਂਗਾ ਪਾਸ ਕਰਵਾਣ ਵੇਲੇ ਆਪਣੇ ਟਾਂਗੇ ਦੇ ਦੋਹੀਂ ਪਾਸੀਂ ਬਣਵਾਈਆਂ ਸਨ। ਇਕ ਕੁੜੀ ਦੇ ਗਲ ਦੁਆਲੇ ਪਏ ਹਾਰ ਨੇ ਉਹਨੂੰ ਆਪਣੀ ਘੋੜੀ ਦੀ ਸਖਣੀ ਗਰਦਨ ਚੇਤੇ ਕਰਵਾ ਦਿੱਤੀ ਜਿਦ੍ਹੇ ਤੋਂ ਕਿਸੇ ਉਚੱਕੇ ਨੇ ਘੁੰਗਰੂ ਲਾਹ ਲਏ ਸਨ। ਪਰ ਜਦੋਂ ਉਹਨੇ ਹਰ ਕੁੜੀ ਨੂੰ ਗਹੁ ਨਾਲ ਤਕਿਆ ਤਾਂ ਉਹਨੂੰ ਟਾਂਗਾ ਪਾਸ ਕਰਾਣ ਤੇ ਗੁਆਚੇ ਘੁੰਗਰੂਆਂ ਦੇ ਖ਼ਿਆਲ ਭੁਲ ਗਏ। ਸਾਰੀਆਂ ਉਹਨੂੰ ਖੰਭ ਖਲਾਰੀ ਗੁਟਕਦੀਆਂ ਕਬੂਤਰੀਆਂ ਵਾਂਗ ਦਿਸਣ ਲੱਗ ਪਈਆਂ। ਉਹਨੂੰ ਆਪਣੇ ਦੁਆਲੇ ਇਕ ਛਬੀਲਾ ਜਿਹਾ ਅਸਰ ਛਲਕਦਾ ਮਹਿਸੂਸ ਹੋਇਆ, ਤੇ ਥੋੜ੍ਹੀ ਦੇਰ ਲਈ ਟਾਂਗੇ ਘੋੜੇ ਦਾ ਫਿੱਕਾ ਰੌਲਾ ਵੀ ਉਹਦੇ ਕੰਨਾਂ ਤੱਕ ਪੁੱਜਣਾ ਬੰਦ ਹੋ ਗਿਆ। ਅਚਾਨਕ ਕੁੜੀਆਂ ਵਾਲਾ ਟਾਂਗਾ ਇਕ ਪਾਸੇ ਮੁੜ ਪਿਆ।
ਇਕ ਸਵਾਰੀ ਨੇ ਟਾਂਗੇ ਵਾਲੇ ਨੂੰ ਚਵਾਨੀ ਫੜਾਈ। ਉਹਨੇ ਏਥੇ ਹੀ ਉਤਰਨਾ ਸੀ। ਟਾਂਗੇ ਵਾਲੇ ਨੇ ਇਹ ਆਖਦਿਆਂ ਚਵਾਨੀ ਮੋੜ ਦਿੱਤੀ, “ਬਾਊ ਜੀ, ਇਹੋ ਜਿਹੀ ਪੌਲੀ ਤਾਂ ਮਸ਼ੂਕ ਸਵਾਰੀਆਂ ਨੂੰ ਦੇਈਦੀ ਏ!”
ਸਵਾਰੀ ਚਵਾਨੀ ਵਟਾ ਕੇ ਉਤਰ ਗਈ, ਤੇ ਟਾਂਗੇ ਵਾਲੇ ਨੇ ਬਾਕੀ ਸਵਾਰੀਆਂ ਅੱਗੇ ਕਿੱਸਾ ਛੁਹ ਦਿੱਤਾ, “ਪਰਸੋਂ ਰਾਤ ਨੂੰ ਇਕ ਕੱਲੀ ਕੁੜੀ ਟੇਸ਼ਨੋਂ ਮੇਰੇ ਟਾਂਗੇ ’ਤੇ ਬੈਠੀ। ਬੀਟਨ ਰੋਡ ਜਾਣਾ ਸਾ ਸੂ। ਉਸ ਦਿਨ ਸਿਪਾਹੀ ਨੇ ਮੇਰਾ ਵੱਧ ਸਵਾਰੀ ਤੋਂ ਚਲਾਣ ਕੀਤਾ ਸੀ। ਇਹ ਪੁਲਸੀਏ ਜੀ ਸਾਡੇ ਜਵਾਈ ਹੁੰਦੇ ਨੇ! ਮੈਨੂੰ ਜਰੀਮਾਨੇ ਵਿਚ ਪੈਸੇ ਗੁਆਣ ਦਾ ਬੜਾ ਹਿਰਖ ਸੀ—ਸਾਰਾ ਦਿਨ ਬੇ-ਸੁਆਦਾ ਜਿਹਾ ਰਿਹਾ। ਗ਼ਜ਼ਬ ਦੀ ਵਾਸ਼ਨਾ ਆਉਂਦੀ ਸੀ ਉਹਦੇ ਲੀੜਿਆਂ ਵਿਚੋਂ, ਉਹਦਾ ਪੱਲਾ ਉੱਡ-ਉੱਡ ਮੇਰੇ ਨਾਲੋਂ ਦੀ ਖਹਿਸਰਦਾ, ਕਸਮੇ ਅੱਲ੍ਹਾ ਦੀ,।” ਇਨ੍ਹਾਂ ਲਫਜ਼ ਉਹਨੇ ਪਚਾਕਾ ਜਿਹਾ ਲਿਆ ਤੇ ਚਾਬਕ ਐਵੇਂ ਜ਼ੋਰ ਦੀ ਘੁਮਾਈ, ਸਰ ਸਰ ਕਰਦੀ ਚਾਬਕ ਤੇਜ਼ ਤੋਂ ਮੱਧਮ ਹੁੰਦੀ ਗਈ ਤੇ ਉਹ ਆਖਦਾ ਗਿਆ, “ਕਸਮੇ-ਅੱਲ੍ਹਾ ਦੀ, ਉਹ ਭੜੂਆ ਸਿਪਾਹੀ, ਉਹ ਜੜਾ ਜਰੀਮਾਨਾ ਤੇ ਸਾਰੇ ਦਿਨ ਦੀ ਬੇਸੁਆਦੀ ਵਿਸਰ ਗਈ।” ਉਹਨੇ ਇਕ ਸਵਾਰੀ ਵੱਲ ਇਸ਼ਾਰਾ ਕਰਦਿਆਂ ਆਪਣੀ ਗੱਲ ਜਾਰੀ ਰੱਖੀ, “ਇਨ੍ਹਾਂ ਵਾਲੀ ਸੀਟ ’ਤੇ ਬੈਠੀ ਹੋਈ ਸੀ। ਘੋੜੀ ਵਰਗੀ ਤਿੱਖੀ ਸਾ ਜੇ। ਉਤਰਨ ਲੱਗੀ ਤਾਂ ਉਹਨੇ ਮੈਨੂੰ ਧੇਲੀ ਫੜਾਈ, ਮੈਂ ਖੋਟੀ ਪੌਲੀ ਮੋੜਦਿਆਂ ਉਹਦੇ ਪੋਟੇ ਛੁਹ ਲਏ,” ਇਥੇ ਉਹ ਥੋੜ੍ਹੀ ਦੇਰ ਠਹਿਰਿਆ, ਜੀਕਰ ਆਪਣੇ ਕਾਰਨਾਮੇ ’ਤੇ ਥਾਪੀ ਲੈਣਾ ਚਾਂਹਦਾ ਹੋਵੇ, ਤੇ ਫੇਰ ਇਕ ਸਵਾਰੀ ਦੇ ਸਾਂਬਰ ਤੇ ਮਖਮਲੀ-ਮੁਲਾਇਮ ਬੂਟਾਂ ਨੂੰ ਤ੍ਰਿਸ਼ਨਾ ਭਰੀਆਂ ਅੱਖਾਂ ਨਾਲ ਤਕ ਕੇ ਆਖਣ ਲੱਗਾ, “ਪੀਰ ਦੀ ਕਸਮ, ਉਹਦੇ ਹੱਥ ਸਾਡੀਆਂ ਬੁੱਢੀਆਂ ਵਰਗੇ ਤਾਂ ਨਹੀਂ ਸਨ—ਇਨ੍ਹਾਂ ਬੂਟਾਂ ਨਾਲੋਂ ਵੀ ਕਿਤੇ ਮੁਲਾਇਮ ਹੋਣੇ ਨੇ। ਮੁੜਦਿਆਂ ਮੈਂ ਉਸੇ ਸੀਟ ’ਤੇ ਬੈਠਾ ਜਿੱਥੋਂ ਉਹ ਉਤਰੀ ਸੀ—ਬੇ-ਬੁਹਾ ਨਿੱਘੀ ਸੀ ਜੀ ਉਹ ਸੀਟ, ਸਿਆਲੇ ਦੀ ਜੁੱਲੀ ਵਰਗੀ।”
ਸਵਾਰੀਆਂ ਦੇ ਧਿਆਨ ਤੇ ਹੁੰਗਾਰਿਆਂ ਤੋਂ ਇੰਜ ਜਾਪਦਾ ਸੀ ਜੀਕਰ ਭੁੱਖੇ ਕਿਸੇ ਸਵਾਦਲੀ ਦਾਵਤ ਦਾ ਹਾਲ ਸੁਣ ਰਹੇ ਹੋਣ। ਘੋੜਾ ਟਾਂਗੇ ਵਾਲੇ ਦੇ ਹੋਰ ਪਾਸੇ ਰੁਝਣ ਕਰਕੇ ਕੁਝ ਅਣਗਹਿਲੀ ਨਾਲ ਕਦਮ ਚੁੱਕਣ ਲੱਗ ਪਿਆ ਸੀ, “ਤੈਨੂੰ ਗੱਲਾਂ ਸੁਨਣ ਦਾ ਭੁਸ ਕਦੋਂ ਦਾ ਪਿਆ ਏ,” ਆਖ ਟਾਂਗੇ ਵਾਲੇ ਨੇ ਉਹਦੇ ਪੁੜਾਂ ਵਿਚ ਚਾਬਕ ਦਾ ਮੋਟਾ ਸਿਰਾ ਚੋਭ ਦਿੱਤਾ।
ਸੜਕ ਦੇ ਨਾਲ ਲੱਗਦੀ ਇਕ ਕੋਠੀ ਵਿਚ ਮੇਮਾਂ ਟੈਨਿਸ ਖੇਡ ਰਹੀਆਂ ਸਨ। ਸੜਕ ਉੱਤੋਂ ਬੁਰਕੇ ਵਾਲੀਆਂ ਕੁਝ ਤੀਵੀਆਂ ਲੰਘਦੀਆਂ ਪਈਆਂ ਸਨ—ਉਨ੍ਹਾਂ ਦੀ ਚਾਲ ਇੰਜ ਸੀ ਜੀਕਰ ਉਨ੍ਹਾਂ ਦੇ ਬੁਰਕੇ ਸਿੱਕੇ ਦੇ ਬਣੇ ਹੋਣ। ਬੁਰਕਿਆਂ ਦੇ ਅੱਗੇ ਅੱਗੇ ਇਕ ਨਿੱਕੀ ਜਿਹੀ ਕੁੜੀ ਸੀ—ਜਿਦ੍ਹਾ ਮੂੰਹ ਸ਼ਾਇਦ ਬਚਪਨ ਕਰ ਕੇ ਅਣਢਕਿਆ ਸੀ—ਪਰ ਉਹਦੇ ਨੱਕ ਵਿਚਲੀ ਬੁਲਾਕ, ਉਹਦੇ ਹੱਥਾਂ ਵਿਚਲੀਆਂ ਚੂੜੀਆਂ, ਤੇ ਉਹਦੇ ਪੈਰਾਂ ਵਿਚ ਪਈਆਂ ਬਾਂਕਾਂ ਤੋਂ ਬਾਲਪਨ ਨੂੰ ਬੰਦੀ ਬਣਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਜਾਪਦੀ ਸੀ। ਕੁੜੀ ਆਖ ਰਹੀ ਸੀ, “ਅੰਮਾ—ਵੇਖ ਬੁੱਢੀਆਂ ਖੇਡਦੀਆਂ।” ਉਹਦੀਆਂ ਅੱਖਾਂ ਤੇ ਉਹਦੇ ਬੋਲ ਵਿਚੋਂ ਅਚੰਭਾ ਥਰਕ ਰਿਹਾ ਸੀ। ਬੁਰਕੇ ਕੁਝ ਇੰਜ ਤੇਜ਼ ਤੁਰ ਪਏ—ਜੀਕਰ ਕੁੜੀ ਦੀ ਗੱਲ ਨੇ ਸਿੱਕਾ ਕੁਝ ਪੰਘਰਾ ਦਿੱਤਾ ਹੋਵੇ।
ਟਾਂਗੇ ਵਾਲਾ ਬੁਰਕੇ ਵਾਲੀਆਂ ਦੇ ਪੈਰਾਂ ਵੱਲ ਤੱਕਦਾ ਆਪਣੀਆਂ ਸਵਾਰੀਆਂ ਨੂੰ ਆਖਣ ਲੱਗਾ, “ਇਹ ਤਾਂ ਸਾਨੂੰ ਰੋਟੀ ਨਾਲੋਂ ਵੀ ਮਹਿੰਗੀਆਂ ਨੇ। ਕੰਮ ਕਰਨਾ ਤੇ ਵੱਖ, ਪੈਲੀਆਂ ਵਿਚ ਰੋਟੀ ਟੁਕ ਲਿਜਾਣ ਤੋਂ ਵੀ ਲਾਚਾਰ,” ਇਥੇ ਉਹਨੇ ਥੁਕ ਕੇ ਆਪਣਾ ਗਲਾ ਸਾਫ਼ ਕੀਤਾ ਤੇ ਗੱਲ ਜਾਰੀ ਰੱਖੀ, “ਇਹ ਮੇਮੜੀਆਂ ਜੇ ਨਾ ਰੱਬ ਦੀ ਜੰਞੇ ਆਈਆਂ ਹੋਈਆਂ—ਗੋਡਿਓਂ ਤਾਂਹ ਘਗਰੀਆਂ ਪਾ, ਮੂੰਹ ਲਿੰਬ-ਪੋਚ ਵਿਹਲੇ ਹੱਥ ਮਾਰਦੀਆਂ ਰਹਿੰਦੀਆਂ ਨੇ। ਸਵੇਰ-ਸ਼ਾਮ ਬਿਰਜਸਾਂ ਪਾ ਘੋੜਿਆਂ ਤੇ ਭੁੜਕਦੀਆਂ ਫਿਰਦੀਆਂ ਨੇ। ਪਰ ਇਹ ਵੀ ਹੁਣ ਜਾਣ ਵਾਲੀਆਂ ਨੇ—ਸੁਣਿਐ ਬਾਊ ਜੀ, ਫ਼ਰੰਗੀਆਂ ਵਾਲਾ ਵੀ ਦਾਣਾ-ਪਾਣੀ ਮੁਕ ਗਿਐ।”
ਏਨੇ ਨੂੰ ਟਾਂਗੇ ਕੋਲੋਂ ਸਾਈਕਲ ਉੱਤੇ ਇਕ ਗੁੱਡੀ ਜਿਹੀ ਬਣੀ ਕੁੜੀ ਲੰਘ ਗਈ। ਆਪਣੀ ਗੱਲ ਟੋਕ ਟਾਂਗੇ ਵਾਲੇ ਨੇ ਆਖਿਆ, “ਘੋੜੀ ਦਾ ਤਾਂ ਹੌਂਸਲਾ ਹੀ ਤੋੜ ਘਤਿਆ ਈ!” ਸਵਾਰੀਆਂ ਖਿੜਖਿੜਾ ਕੇ ਹੱਸ ਪਈਆਂ।
ਟਾਂਗੇ ਵਾਲਾ ਕੁਝ ਚੁੱਪ ਹੋ ਗਿਆ ਸੀ। ਉਹਦੇ ਚੁੱਪ ਹੋਣ ਕਰਕੇ ਟਾਂਗੇ ਦੀ ਤਿਰੜ ਤਿਰੜ, ਪਹੀਏ ਤੇ ਟੁੱਟੇ ਹੋਏ ਰਬੜ ਦੀ ਟੱਕ ਟੱਕ, ਘੱਟ ਤੇਲ ਕਾਰਨ ਚੀਕਦੇ ਧੁਰੇ ਦੀ ਚੀਕੂੰ ਚੀਕੂੰ, ਗਰਮੀ ਨਾਲ ਪੰਘਰੀ ਹੋਈ ਲੁੱਕ ਦੀ ਸੜਕ ਉੱਤੇ ਘੋੜੀ ਦੇ ਕਦਮਾਂ ਦੀ ਖਿਲਰਵੀਂ ਧਪ ਧਪ ਇਹ ਸਭ ਆਵਾਜ਼ਾਂ ਸਾਫ਼ ਸੁਣੀਆਂ ਜਾਣ ਲੱਗ ਪਈਆਂ ਸਨ। ਇਸ ਫਿੱਕੇ ਰੌਲੇ ਤੋਂ ਬਚਣ ਲਈ ਟਾਂਗੇ ਵਾਲੇ ਨੇ ਆਪਣੀ ਟੱਲੀ ਟੁਣਕਾ ਦਿੱਤੀ।
ਇਕ ਰਈਸੀ ਟਾਂਗਾ, ਟਾਂਗੇ ਵਾਲੇ ਦੀ ਅਣਖ ਨੂੰ ਵੰਗਾਰਦਾ ਉਹਦੇ ਕੋਲੋਂ ਦੀ ਲੰਘ ਗਿਆ। ਰਈਸੀ ਘੋੜੇ ਦੀ ਕਲਗੀ ਵੱਧ ਰਫ਼ਤਾਰ ਕਰ ਕੇ ਕੰਬ ਰਹੀ ਸੀ ਤੇ ਉਹਦੀ ਧੌਣ ਤਣੀ ਹੋਈ ਸੀ। ਟਾਂਗੇ ਵਾਲੇ ਦੀ ਚਾਬਕ ਚਾਂਭਲੇ ਹੋਏ ਬੱਚੇ ਵਾਂਗ ਇਕ ਦਮ ਸ਼ੂਕ ਪਈ। ਉਹਦੇ ਅੰਦਰ ਮੁਕਾਬਲੇ ਵਿਚ ਅੜਨ ਦੀ ਇੱਛਾ ਪ੍ਰਬਲ ਹੋ ਉੱਠੀ। ਉਹਨੇ ਸੋਚਿਆ, “ਮੈਂ ਕੋਈ ਚੋਰੀ ਦੇ ਪੱਠੇ ਥੋੜ੍ਹੇ ਚਰਾਏ ਹੋਏ ਨੇ!” ਇਕੋ ਹੰਭਲੇ ਵਿਚ ਉਹਨੇ ਆਪਣਾ ਟਾਂਗਾ ਰਈਸੀ ਟਾਂਗੇ ਨਾਲ ਮੇਲ ਲਿਆ। ਜਿਉਂ ਜਿਉਂ ਉਹ ਆਪਣੀਆਂ ਸਵਾਰੀਆਂ ਦੀ ਹੱਲਾ-ਸ਼ੇਰੀ ਸੁਣਦਾ—ਉਹਦੀ ਘੋੜੀ ਤੇਜ਼ ਹੁੰਦੀ ਜਾਂਦੀ।
ਮੁਕਾਬਲੇ ਨੇ ਉਹਨੂੰ ਉਹਦਾ ਤਜਰਬਾ ਭੁਲਾ ਦਿੱਤਾ ਕਿ ਗਰਮੀਆਂ ਵਿਚ ਘੋੜੀ ਨੂੰ ਕਦੇ ਏਨਾ ਤੇਜ਼ ਨਹੀਂ ਦੁੜਾਈਦਾ। ਉਹਨੂੰ ਰਈਸੀ ਘੋੜਿਆਂ ਦੇ ਘੱਟ ਕੰਮ ਤੇ ਵੱਧ ਰਾਤਬ ਦਾ ਧਿਆਨ ਵੀ ਨਾ ਰਿਹਾ। ਉਹ ਆਪਣੇ ਆਪ ਨੂੰ ਇਕ ਅਥਾਹ ਖਿਲਾ ਵਿਚ ਰਈਸੀ ਟਾਂਗੇ ਤੋਂ ਅਗਾਂਹ ਵਧਦਾ ਮਹਿਸੂਸ ਕਰ ਰਿਹਾ ਸੀ। ਹੌਲੀ ਹੌਲੀ ਉਹ ਮੁਕਾਬਲਾ ਵੀ ਭੁਲਦਾ ਗਿਆ। ਉਹਦੀਆਂ ਸੋਚਾਂ ਵਿਚ ਹਰ ਵੇਲੇ ਛਾਇਆ ਸਿਪਾਹੀ ਅਲੋਪ ਹੋ ਗਿਆ; ਚਲਾਨ ਦੀਆਂ ਰੋਕਾਂ, ਜੁਰਮਾਨੇ ਦੇ ਪੈਸੇ, ਠੀਕ ਹੱਥ, ਪੈਦਲਾਂ ਤੋਂ ਡਰ, ਸਵਾਰੀਆਂ ਦੀਆਂ ਝਿੜਕਾਂ—ਇਹ ਸਭ ਹੱਦਾਂ ਚੌੜੀਆਂ ਹੁੰਦੀਆਂ ਮੁੱਕਦੀਆਂ ਗਈਆਂ। ਉਹਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਟਾਂਗੇ ਉੱਤੇ ਝੁਕਿਆ ਟੱਪ ਉਹਦੇ ਸਿਰ ਉਤੋਂ ਹਟ ਚੁਕਿਆ ਹੈ। ਉਹਦੇ ਮੋਢੇ ਇੰਜ ਹਿੱਲਣ ਲੱਗ ਪਏ ਜੀਕਰ ਉਨ੍ਹਾਂ ਵਿਚ ਖੰਭ ਫਰਕ ਰਹੇ ਹੋਣ।
ਘੋੜੇ ਦੀ ਤਿੱਖੀ ਹੁੰਦੀ ਟਾਪ ਟਾਪ, ਛਾਂਟੇ ਦੀ ਸਰਰ ਸਰਰ, ਟਾਂਗੇ ਦੀ ਤੇਜ਼ ਹੁੰਦੀ ਗਾੜ ਗਾੜ—ਉਹਦੇ ਦੁਆਲੇ ਲਿਪਟਿਆ ਇਹ ਤੂਫ਼ਾਨ ਵਧਦਾ ਗਿਆ। ਆਪਾ-ਭੁਲੇ ਪ੍ਰੇਮੀ ਵਾਂਗ ਉਹ ਖ਼ੁਸ਼ੀ ਦੀਆਂ ਬਹੁਤ ਉੱਚੀਆਂ ਟੀਸੀਆਂ ਛੂੰਹਦਾ ਮਹਿਸੂਸ ਕਰਦਾ ਸੀ, ਜਿਨ੍ਹਾਂ ਤੋਂ ਸਿਪਾਹੀ, ਸਵਾਰੀਆਂ ਤੇ ਗੋਰੇ ਹਾਸੋ-ਹੀਣੀਆਂ ਗੁੱਡੀਆਂ ਜਾਪਦੇ ਸਨ; ਪੈਸੇ ਮਿੱਟੀ ਦੀਆਂ ਠੀਕਰੀਆਂ ਲਗਦੇ ਸਨ ਤੇ ਚਲਾਨ ਦਾ ਮੁਚੱਲਕਾ ਰੁੰਡ ਮੁੰਡ ਪੱਤਿਆਂ ਵਾਂਗ ਦਿਸਦਾ ਸੀ। ਉਹਦਾ ਟਾਂਗਾ ਆਪਣੀ ਅਤਿ ਦੀ ਤੇਜ਼ੀ ਵਿਚ ਇਕ ਸਾਈਕਲ-ਸਵਾਰ ਨਾਲੋਂ ਘਸਰ ਕੇ ਲੰਘ ਗਿਆ, ਪਰ ਉਹਨੇ ਨਾ ਗੌਲਿਆ। ਉਹ ਲਾਂਭ ਚਾਂਭ ਤੋਂ ਬੇ-ਧਿਆਨ ਆਪਣੇ ਘੋੜੇ ਨੂੰ ਲਲਕਾਰ ਰਿਹਾ ਸੀ। ਲੋਕ ਉਹਦੇ ਵੱਲ ਇੰਜ ਤੱਕ ਰਹੇ ਸਨ ਜੀਕਰ ਹਲਕੇ ਕੁੱਤੇ ਵੱਲ; ਪਰ ਉਹ ਆਪਣੇ ਆਪ ਨੂੰ ਉੱਡਦਾ ਮਹਿਸੂਸ ਕਰ ਰਿਹਾ ਸੀ, ਤੇ ਅਚੇਤ ਹੀ ਉਹ ਆਪਣੇ ਦੁਆਲੇ ਮੂੰਹ ਅੱਡੀਆਂ ਖਰ੍ਹਵੀਆਂ ਅਸਲੀਅਤਾਂ ਤੋਂ ਇਨ੍ਹਾਂ ਨਵੇਂ-ਮਿਲੇ ਖੰਭਾਂ ਵਿਚ ਆਪਣਾ ਮੂੰਹ ਲੁਕਾਣਾ ਲੋਚਦਾ ਸੀ!
ਰਈਸੀ ਟਾਂਗਾ ਪਿੱਛੇ ਰਹਿ ਗਿਆ। ਸਵਾਰੀਆਂ ਦੇ ਉਤਰਨ ਦੀ ਥਾਂ ਆਣ ਪਹੁੰਚੀ—ਟਾਂਗੇ ਵਾਲੇ ਦੇ ਝੁਲਾਏ ਝੱਖੜ ਨੂੰ ਝੰਜੋੜ ਕੇ ਉਹ ਉਤਰ ਗਈਆਂ। ਟਾਂਗੇ ਵਾਲਾ ਘੋੜੀ ਦੇ ਪਿੰਡੇ ’ਤੇ ਥਾਪੀ ਦੇ ਉਹਦੇ ਮੂੰਹ ਵਿਚ ਬਰਫ਼ੀ ਦੀ ਡਲੀ ਪਾਂਦਿਆਂ ਕੱਲਾ ਹੀ ਬੋਲ ਰਿਹਾ ਸੀ, “ਮੇਰੀ ਗਿਠ ਕੁ ਘੋੜੀ ਅੱਗੋਂ ਸੰਢੇ ਜਿੱਡਾ ਬਨ-ਮ੍ਹਾਣੂ ਨਹੀਂ ਲੰਘਾ…” ਕਿ ਕਿਸੇ ਨੇ ਪਿਛੋਂਵਾਲੀ ਉਹਦੇ ਮੋਢੇ ਆਣ ਫੜੇ।
ਉਹੀ ਸਾਈਕਲ ਸਵਾਰ ਜਿਦ੍ਹੇ ਨਾਲੋਂ ਉਹਦਾ ਟਾਂਗਾ ਘਸਰ ਕੇ ਲੰਘਿਆ ਸੀ, ਗਾਲ੍ਹਾਂ ਦੀ ਵਾਛੜ ਬਾਅਦ ਉਹਨੂੰ ਆਖ ਰਿਹਾ ਸੀ, “ਕਿਉਂ ਉਏ ਗਿਠ ਕੁ ਘੋੜੀ ਵਾਲਿਆ— ਆ ਜਾਂਦੇ ਨੇ ਘਰੋਂ ਪਿਓ ਵਾਲਾ ਟਾਂਗਾ ਚਲਾਣ…।”
ਉਹ ਹੱਥ ਤਰਲੇ ਵਿਚ ਜੁੜ ਗਏ, ਜਿਨ੍ਹਾਂ ਵਿਚ ਹੁਣੇ ਹੁਣੇ ਚਾਬਕ ਸ਼ੂਕਦੀ ਪਈ ਸੀ। ਟਾਂਗੇ ਵਾਲੇ ਨੂੰ ਜਾਪਿਆ ਕਿ ੳਹਦੇ ਸਿਰ ਉੱਤੇ ਟਪ ਝੁਕ ਆਇਆ ਹੈ, ਉਹਦੇ ਖੰਭ ਖੁਸ ਗਏ ਹਨ, ਤੇ ਸਿਪਾਹੀ ਮੁਚੱਲਕਾ ਫੜੀ ਉਹਦੇ ਸਾਹਮਣੇ ਖੜੋਤਾ ਹੈ। ਉਹਦੀ ਚਾਬਕ ਟਾਂਗੇ ਦੇ ਇਕ ਪਾਸੇ ਸਹਿਮੇ ਹੋਏ ਬੱਚੇ ਵਾਂਗ ਨਿਸਲ ਪਈ ਸੀ।
[1942]