Munshi Mehnga Singh (Punjabi Story) : Rewail Singh Italy
ਮੁਨਸ਼ੀ ਮਹਿੰਗਾ ਸਿੰਘ (ਕਹਾਣੀ) : ਰਵੇਲ ਸਿੰਘ ਇਟਲੀ
(ਯਾਦਾਂ ਦੇ ਝਰੋਖੇ)
ਸੁਮੱਧਰ ਕੱਦ ਕਾਠ, ਲਾਲ ਸੂਹਾ ਭਖਦਾ ਮੋਟੀਆਂ ਤੇ ਤਾੜਵੀਆਂ ਨਜ਼ਰਾਂ ਵਾਲਾ ਪ੍ਰਭਾਵ ਸ਼ਾਲੀ ਚੇਹਰਾ ਸਿਰ ਤੇ ਮੱਠੇ ਖਾਕੀ ਰੰਗ ਦੀ ਪਿੱਛੇ ਲੰਮੇ ਲੜ ਵਾਲੀ ਨਿੱਕੀ ਜੇਹੀ ਤੁਰਲੀ ਵਾਲੀ ਗੋਲ ਪੱਗ, ਖੁੱਲਾ ਕੁਰਤਾ ਪਾਜਾਮਾ ਪੈਰੀਂ ਜੁੱਤੀ ਤਿੱਖੀ ਤੇ ਹੱਥ ਵਿੱਚ ਬੈਂਤ ਦੀ ਸੋਟੀ, ਚੌਥੀ ਜਮਾਤ ਦੇ ਹਿਸਾਬ ਪੜ੍ਹਾਉਣ ਵਾਲੇ ਮੁਨਸ਼ੀ ਮਹਿੰਗਾ ਸਿੰਘ ਦਾ ਇਹ ਹੁਲੀਆ ਸੀ।
ਕਿਸੇ ਮਾੜੀ ਮੋਟੀ ਗਲਤੀ ਹੋਣ ਤੇ ਸੋਟੀ ਦੀ ਬਜਾਏ ਉਹ ਗਾਲ਼ ਦੁੱਪੜ ਥੱਪੜ ਤੇ ਹੱਥੀਂ ਮਾਰ ਕੁੱਟਾਈ ਨੂੰ ਤਰਜੀਹ ਦੇਣ ਦਾ ਪੱਕਾ ਆਦੀ ਹੀ ਨਹੀਂ ਸਗੋਂ ਪ੍ਰਸਿਧੀ ਪ੍ਰਾਪਤ ਕਰ ਚੁਕਾ ਮੁਨਸ਼ੀ ਸੀ। ਇਸ ਤੋਂ ਤਾਂ ਸ਼ਾਇਦ ਜਮਾਤ ਦਾ ਮਨੀਟਰ ਜਿਸ ਨੂੰ ਅਸੀਂ ਮਜੀਟਰ ਕਿਹਾ ਕਰਦੇ ਸਾਂ, ਵੀ ਨਹੀਂ ਬਚ ਸਕਿਆ ਸੀ।
ਇੱਕ ਵੇਰਾਂ ਕੀ ਹੋਇਆ ਇੱਕ ਜਮਾਤ ਦੇ ਮੁੰਡੇ ਨੂੰ ਕੋਈ ਸਵਾਲ ਵਾਰ ਵਾਰ ਸਮਝਾਉਣ ਤੇ ਵੀ ਜਦੋਂ ਸਮਝ ਨਾ ਆਈ ਤਾਂ ਉਸ ਨੂੰ ਲੱਤੋਂ ਬਾਹੋਂ ਚੁੱਕ ਕੇ ਬੋਰਡ ਤੇ ਵਗਾਹ ਮਾਰਿਆ ਜਿਸ ਕਰ ਕੇ ਉਸ ਦੀ ਬਾਂਹ ਟੁੱਟ ਗਈ ।
ਜਿਸ ਤੇ ਉਹ ਬਹੁਤ ਪਛਤਾਇਆ ਵੀ ਤੇ ਮੁੰਡੇ ਦੀ ਟੁੱਟੀ ਬਾਂਹ ਦਾ ਇਲਾਜ ਵੀ ਆਪ ਕਰਵਾਇਆ ਘਰ ਵਾਲੇ ਉਸ ਦੀ ਉਨ੍ਹਾਂ ਦੇ ਮੁੰਡੇ ਪ੍ਰਤੀ ਉਸ ਦੀ ਹਮਦਰਦੀ ਵੇਖ ਕੇ ਚੁੱਪ ਰਹੇ, ਏਨਾ ਹੀ ਨਹੀਂ ਸਗੋਂ ਉਸ ਨੇ ਉਸ ਦੀ ਪੜ੍ਹਾਈ ਦਾ ਵੀ ਖਿਆਲ ਰੱਖਿਆ।
ਕੁਦਰਤ ਦੇ ਰੰਗ ਨਿਰਾਲੇ ਹਨ ਸਮੇ ਦੇ ਨਾਲ ਨਾਲ ਕੌਣ ਨਹੀਂ ਬਦਲਿਆ ਜੇ ਧਰਤੀ ਬਦਲਦੀ ਹੈ ਰੁੱਤਾਂ ਬਦਲਦੀਆਂ ਹਨ ਤਾਂ ਫਿਰ ਆਦਮੀ ਕਿਉਂ ਨਾ ਬਦਲੇ, ਇਸ ਸੱਭ ਕਝ ਦਾ ਬਦਲਣਾ ਸਮੇਂ ਦੇ ਮਿਜ਼ਾਜ ਤੇ ਨਿਰਭਰ ਹੈ।
ਦੇਸ਼ ਦੀ ਵੰਡ ਪਿੱਛੋਂ ਨਵੇਂ ਬਣੇ ਪੰਜਾਬ ਦੇ ਇੱਕ ਸਕੂਲ ਵਿੱਚ ਜਦੋਂ ਉਸ ਨੂੰ ਵੇਖਿਆ ਤਾਂ ਉਹ ਪਹਿਲਾਂ ਵਾਲਾ ਮੁਨਸ਼ੀ ਮਹਿੰਗਾ ਸਿੰਘ ਨਹੀਂ ਰਿਹਾ ਸੀ। ਉਸ ਦੀ ਸੋਟੀ ਗਾਲ਼ ਦੁੱਪੜ ਮਾਰ ਕੁਟਾਈ ਤੇ ਹੋਰ ਨਕਸ਼ ਨੁਹਾਰ ਸੱਭ ਕੁੱਝ ਛਾਂਈਂ ਮਾਈਂ ਹੋ ਚੁਕਾ ਸੀ।
ਮੈਂ ਜਦੋਂ ਸਤਿਕਾਰ ਨਾਲ ਪੈਰੀਂ ਹੱਥ ਲਾਇਆ ਤਾਂ ਉਸ ਨੇ ਮੇਰਾ ਪਤਾ ਥਹੁ ਪੁੱਛ ਕੇ ਬਾਹਵਾਂ ਵਿੱਚ ਘੁੱਟ ਲਿਆ ਤੇ ਬੋਲਿਆ ਸੁਣਾ ਕੀ ਹਾਲ ਹੈ ਉਏ ਜੀਤੂ ਦਿਆ ਮੁੰਡਿਆ ਕੀ ਕਰਦਾ ਏਂ ਅੱਜ ਕੱਲ, ਮੈਂ ਬੋਲਿਆ ਜੀ ਕੁੱਝ ਨਹੀਂ ਅੱਜ ਕੱਲ ਤਾਂ ਬਸ ਡੰਗਰ ਹੀ ਚਾਰਦਾ ਹਾਂ, ਇਹ ਸੁਣਕੇ ਉਹ ਸੁਭਾਵਕ ਹੀ ਬੋਲਿਆ ਕੋਈ ਨਾ ਹੁਣ ਡੰਗਰ ਚਾਰ, ਵੇਖੀਂ ਤੂੰ ਕਦੇ ਬੰਦੇ ਵੀ ਚਾਰੇਂਗਾ ਤੇ ਉਸ ਦੀ ਗੱਲ ਸੱਚੀ ਸਾਬਤ ਹੋਈ ਜਦੋਂ ਉਸ ਦੀਆਂ ਪੜ੍ਹਾਈਆਂ ਚਾਰ ਜਮਾਤਾਂ ਕਰਕੇ ਕੇ ਮੈਂ ਪਟਵਾਰੀ ਬਣ ਗਿਆ ਤੇ ਡੰਗਰ ਚਾਰਣੇ ਛੱਡ ਕੇ ਬੰਦੇ ਚਾਰਣ ਲੱਗ ਗਿਆ ।
ਜਦੋਂ ਮੈਂ ਆਪਣਾ ਦਫਤਰ ਨੰਬਰਦਾਰ ਹਜਾਰਾ ਸਿੰਘ ਦੀ ਹਵੇਲੀ ਵਿੱਚ ਬਣੇ ਕੱਚੇ ਕਮਰੇ ਵਿੱਚ ਰੱਖਿਆ ਹੋਇਆ ਸੀ ਤਾਂ ਜਦੋਂ ਕੇਈ ਕੰਮ ਵਾਲਾ ਆਉਂਦਾ ਤਾਂ ਮੇਥੋਂ ਪਹਿਲਾਂ ਹੀ ਉੁਹ ਗੇਂਦ ਵਾਂਗ ਕੰਮ ਲਈ ਆਏ ਬੰਦੇ ਨੂੰ ਬੋਚ ਲੈਂਦਾ ਸੀ ਤੇ ਮੇਰੇ ਲਈ ਆਈ ਰਕਮ ਨੂੰ ਅੱਧੀ ਪਚੱਧੀ ਹੜਪ ਕੇ ਰਹਿੰਦੀ ਖੂੰਹਦੀ ਰਕਮ ਮੈਨੂੰ ਦੇ ਕੇ ਲੋਕਾਂ ਦਾ ਕੰਮ ਕਰਾਉਣ ਦਾ ਆਦੀ ਹੋ ਗਿਆ ਸੀ।
ਰੋਜ ਹੀ ਵਿੱਚ ਹਨੇਰੇ ਪੈਂਦੇ ਵੇਖੇ, ਜਦ ਚੋਰਾਂ ਨੂੰ ਮੋਰ।
ਚੋਰ ਵੀ ਫੇਰ ਚੌਕੰਨੇ ਹੋ ਗਏ ਸੁਣ ਜੰਗਲ ਦਾ ਸ਼ੋਰ ।
ਤਾਂ ਮੁਨਸ਼ੀ ਮਹਿੰਗਾ ਸਿਂਘ ਦੀ ਉਹ ਗੱਲ ਚੇਤੇ ਆਈ ਜਦੋਂ ਉਸ ਨੇ ਕਿਹਾ ਸੀ ਕਿ ਹੁਣ ਤੂੰ ਡੰਗਰ ਚਾਰਦਾ ਹੈਂ ਕਦੇ ਬੰਦੇ ਵੀ ਚਾਰੇਂਗਾ, ਪਰ ਅੱਜ ਤਾਂ ਉਸ ਦੀ ਕਹੀ ਸੱਚੀ ਸਾਬਤ ਹੋਈ ਜਾਪੀ ਜਦੋਂ ਬੰਦਾ ਹੀ ਬੰਦੇ ਨੂੰ ਏਨੇ ਦਿਨ ਚਾਰਦਾ ਰਿਹਾ।
ਇੱਕ ਦਿਨ ਇੱਕ ਬੰਦੇ ਨੇ ਨੰਬਰ ਦਾਰ ਦੀ ਸਾਰੀ ਕਰਤੂਤ ਮੈਨੂੰ ਜਦ ਦੱਸੀ ਤਾਂ ਮੈਂ ਦਫਤਰ ਨੰਬਰਦਾਰ ਦੀ ਹਵੇਲੀ ਵਿੱਚੋਂ ਦਫਤਰ ਕਿਸੇ ਹੋਰ ਥਾਂ ਬਦਲ ਲਿਆ।
ਭਾਂਵੇਂ ਹਿਸਾਬ ਵਿੱਚ ਤਾਂ ਮੈਂ ਵੀ ਜਿਵੇਂ, ਇੱਲ ਦਾ ਨਾਂ ਕੋਕੋ, ਕਹਿਣ ਵਾਲਿਆਂ ਵਿੱਚੋਂ ਹੀ ਸਾਂ, ਪਰ ਸ਼ੁਕਰ ਹੈ ਕਿ ਮੁਨਸ਼ੀ ਮਹਿੰਗਾ ਸਿੰਘ ਦੀ ਕਰੋਪੀ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਿਆ ਹੀ ਰਿਹਾ। ਪਰ ਉਸ ਦੀਆਂ ਪੜ੍ਹਾਈਆਂ, ਚਾਰ ਜਮਾਤਾਂ ਦੇ ਸਮੇਂ ਮੇਰੇ ਵਰਗੇ ਤੇ ਕਈ ਹੋਰਨਾਂ ਲਈ ਸ਼ਿਲਾ ਆਧਾਰ ਵਾਂਗਰਾਂ ਹੋਣਗੀਆਂ, ਤੇ ਯਾਦਾਂ ਦੇ ਝਰੋਖਿਆਂ ਵਿੱਚੋ ਉਹ ਜਦੋਂ ਕਿਤੇ ਝਾਕਦੇ ਹੋਣਗੇ ਤਾਂ ਮੁਨਸ਼ੀ ਮਹਿੰਗਾ ਸਿੰਘ ਉਨ੍ਹਾਂ ਨੂੰ ਉਸ ਦੇ ਵੱਖ ਵੱਖ ਰੂਪਾਂ ਵਿੱਚ ਯਾਦ ਤਾਂ ਜ਼ਰੂਰ ਆਉਂਦਾ ਹੋਵੇਗਾ।
ਰਵੇਲ ਸਿੰਘ
Brampton C.A