Mur Sharnarthi (Punjabi Story) : Navtej Singh
ਮੁੜ ਸ਼ਰਨਾਰਥੀ (ਕਹਾਣੀ) : ਨਵਤੇਜ ਸਿੰਘ
ਅੱਜ ਮੇਰੀ ਜ਼ਿੰਦਗੀ ਵਿਚ ਇਕ ਅਜਿਹਾ ਖੱਪਾ ਪਿਆ ਏ ਕਿ ਉਹਦਾ ਵਿਗੋਚਾ ਮੈਂ ਤੁਹਾਡੇ ਨਾਲ ਹੀ ਸਾਂਝਿਆਂ ਕਰ ਸਕਦਾਂ। ਆਪਣੇ ਆਲੇ-ਦੁਆਲੇ ਤਾਂ ਮੈਂ ਇਸ ਵੇਲੇ ਕਿਸੇ ਨਾਲ ਇਸ ਦਾ ਮਾਮੂਲੀ ਜਿਹਾ ਜ਼ਿਕਰ ਵੀ ਨਹੀਂ ਕਰ ਸਕਣ ਲੱਗਾ।
ਤੁਸੀਂ ਵੀ ਕਹੋਗੇ, ਏਨੇ ਵਰ੍ਹਿਆਂ ਪਿਛੋਂ ਚਿੱਠੀ ਲਿਖ ਰਿਹਾ ਏ, ਤੇ ਉਹ ਵੀ ਕਿਹੋ ਜਿਹੀ। ਚਿੱਠੀ ਤੁਹਾਨੂੰ ਮੈਂ ਓਦੋਂ ਨਾ ਲਿਖੀ, ਜਦੋਂ ਏਸ ਹੁਨਾਲੇ ਮੈਂ ਸ਼ਿਮਲੇ ਗਿਆ ਸਾਂ, ਪਹਿਲੀ ਵਾਰੀ ਪਹਾੜ ਵੇਖਿਆ ਸੀ। ਤੇ ਹੁਣ ਇਸ ਹੜ੍ਹ-ਮਾਰੇ ਪਿੰਡ ਵਿਚੋਂ—ਜਨਮ-ਭੋਂ ਤੋਂ ਨਹੀਂ, ਆਜ਼ਾਦੀ ਪਿਛੋਂ ਮੇਰੇ ਚਾਚਾ ਜੀ ਦੀ ਸ਼ਰਣ-ਭੋਂ ਤੋਂ — ਮੈਂ ਇਹ ਚਿੱਠੀ ਲਿਖ ਰਿਹਾ ਹਾਂ। ਕੰਮ ਦੀ ਕਲਮ ਦਵਾਤ ਵੀ ਕੋਲ ਨਹੀਂ, ਇਕ ਪਿਨਸਲ ਦਾ ਟੁਕੜਾ ਹੀ ਲੱਭਾ ਏ—ਤੇ ਇਕ ਅਜੀਬ ਵੇਗ ਤੋਂ ਮਜਬੂਰ ਹੋ ਕੇ ਇਹ ਚਿੱਠੀ ਸ਼ੁਰੂ ਕੀਤੀ ਏ।
ਮੇਰੇ ਆਲੇ-ਦੁਆਲੇ ਸਭਨਾਂ ਦੇ ਕੋਠੇ ਡਿੱਗੇ ਹੋਏ ਨੇ, ਫ਼ਸਲਾਂ ਮਾਰੀਆਂ ਗਈਆਂ ਨੇ, ਘਰਾਂ ਦੇ ਜੀਅ ਤੇ ਡੰਗਰ ਬੀਮਾਰ ਪਏ ਨੇ, ਤੇ ਇਨ੍ਹਾਂ ਸਭਨਾਂ ਦੇ ਦੁੱਖਾਂ ਸਾਹਮਣੇ ਮੈਂ ਨਿੰਮੋਝੂਣ ਆਂ, ਤੇ ਆਪਣੇ ਉਚੇਚੇ ਦੁੱਖ ਦਾ ਮਮੂਲੀ ਜਿਹਾ ਜ਼ਿਕਰ ਵੀ ਇਥੇ ਨਹੀਂ ਕਰ ਸਕਦਾ।
ਮੇਰੀ ਕੋਈ ਫ਼ਸਲ ਨਹੀਂ। ਮੈਂ ਬੇ-ਜ਼ਮੀਨੇ ਅਛੂਤ ਮਾਪਿਆਂ ਦੇ ਘਰ ਜੰਮਿਆ ਸਾਂ। ਮੇਰਾ ਕੋਈ ਡੰਗਰ ਵੀ ਨਹੀਂ। ਜਦੋਂ ਮੈਂ ਬਹੁਤ ਛੋਟਾ ਹੁੰਦਾ ਸਾਂ, ਮੇਰੀ ਮਾਂ ਤੇ ਮੇਰਾ ਪਿਓ ਦੋਵੇਂ ਮਰ ਗਏ ਸਨ, ਤੇ ਮੈਂ ਆਪਣੇ ਚਾਚੇ ਦੇ ਘਰ ਪਲਿਆ ਸਾਂ। ਛੇ-ਛੇ ਮਹੀਨੇ ਲਗਾਤਾਰ ਗੁੜ ਦੀ ਇਕ ਰੋੜੀ ਵੀ ਸਾਡੇ ਘਰ ਨਜ਼ਰ ਨਹੀਂ ਸੀ ਆਉਂਦੀ ਹੁੰਦੀ। ਜਦੋਂ ਲੋਕਾਂ ਦੇ ਘਰ ਕਣਕ ਦੇ ਦਾਣੇ ਆਉਣੇ ਹੁੰਦੇ ਸਨ, ਓਦੂੰ ਕੁਝ ਮਹੀਨਿਆਂ ਪਿਛੋਂ ਹੀ ਸਾਡੇ ਘਰ ਸਵਾਂਕ ਨਾਲ ਰਲਦੇ ਕੂਰੇ ਘਾਹ ’ਚੋਂ ਕੱਢੇ ਦਾਣੇ ਉਬਾਲ ਕੇ ਖਾਧੇ ਜਾਣੇ ਸ਼ੁਰੂ ਹੋ ਜਾਂਦੇ ਸਨ।
ਮੈਂ ਕਾਫ਼ੀ ਗੰਦਾ ਬੱਚਾ ਹੁੰਦਾ ਸਾਂ, ਸਿਰ ’ਚੋਂ ਬੇਅੰਤ ਜੂੰਆਂ ਗਲ ਪਈਆਂ ਲੀਰਾਂ ਉੱਤੇ ਕਿਰ-ਕਿਰ ਪੈਂਦੀਆਂ ਸਨ। ਫਿਰ ਅਛੂਤਾਂ ਦੇ ਘਰ ਦਾ ਜੰਮ-ਪਲ ਹੋਣ ਕਰ ਕੇ ਉਂਜ ਵੀ ਲੋਕਾਂ ਦੀ ਘਿਰਣਾ ਦਾ ਪਾਤਰ ਸਾਂ। ਪਰ ਮੂਰਖਤਾ ਦੀ ਹੱਦ ਵੇਖੋ, ਮੈਂ ਓਦੋਂ ਵੀ ਬੜਾ ਵੱਡਾ ਆਦਮੀ ਬਣਨ ਦੇ ਸੁਫ਼ਨੇ ਲੈਂਦਾ ਹੁੰਦਾ ਸਾਂ, ਤੇ ਸੋਚਦਾ ਸਾਂ ਕਿ ਕਿਸੇ ਦਿਨ ਏਡਾ ਵੱਡਾ ਲੈਕਚਰਾਰ ਬਣ ਜਾਵਾਂਗਾ ਕਿ ਨਹਿਰੂ ਜੀ ਵੀ ਮੈਨੂੰ ਬੋਲਦਿਆਂ ਸੁਣ ਕੇ ਹੈਰਾਨ ਹੋ ਜਾਣਗੇ।
ਨਹਿਰੂ ਜੀ ਓਦੋਂ ਵੀ ਮੇਰੇ ਲਈ ਸਭ ਤੋਂ ਵੱਡੀ ਸ਼ਖ਼ਸੀਅਤ ਸਨ ਤੇ ਜਾਰਜ ਪੰਚਮ ਸਭ ਤੋਂ ਵੱਧ ਘਿਰਣਾ-ਯੋਗ।
ਸਾਡੇ ਪਿੰਡ ਪੰਨੇ ਸ਼ਾਹ ਦੀ ਬਜ਼ਾਜ਼ੀ ਦੀ ਦੁਕਾਨ ਸੀ। ਪੰਨੇ ਸ਼ਾਹ ਦਾ ਮੁੰਡਾ, ਮਾਨਕ, ਮੇਰਾ ਜਮਾਤੀ ਸੀ। ਮੈਂ ਪੜ੍ਹਾਈ ਵਿਚ ਬੜਾ ਚੰਗਾ ਸਾਂ, ਪਰ ਮਾਨਕ ਢਿੱਲਾ-ਮੱਠਾ ਹੀ ਸੀ। ਉਹਨੂੰ ਸਵਾਲ ਮੈਂ ਕਢਵਾ ਦੇਂਦਾ, ਸਕੂਲੋਂ ਮਿਲਿਆ ਕੰਮ ਕਰਵਾ ਦੇਂਦਾ, ਤੇ ਉਹ ਕਦੇ-ਕਦਾਈਂ ਆਪਣੀ ਦੁਕਾਨ ਉਤੇ ਆਏ ਬਜ਼ਾਜ਼ੀ ਦੇ ਥਾਨਾਂ ਨਾਲੋਂ ਲੱਥੀਆਂ ਤਸਵੀਰਾਂ ਮੈਨੂੰ ਦੇ ਛੱਡਦਾ ਸੀ।
ਇਕ ਵਾਰੀ ਮੈਨੂੰ ਉਹਨੇ ਬੜੇ ਲੁਭਾਣੇ ਕਾਗਜ਼ਾਂ ਉਤੇ ਛਪੀਆਂ ਤਿੰਨ ਬਹੁ-ਰੰਗੀਆਂ ਤਸਵੀਰਾਂ ਦਿੱਤੀਆਂ। ਉਹ ਇੰਜ ਚਮਕਦੀਆਂ ਸਨ, ਜਿਵੇਂ ਇਨ੍ਹਾਂ ਵਿਚ ਕਿਤੇ ਸੋਨਾ-ਚਾਂਦੀ ਲੱਗਿਆ ਹੋਵੇ; ਪਰ ਮੇਰੇ ਲਈ ਇਨ੍ਹਾਂ ਦੀ ਖਿੱਚ ਸੋਨਾ-ਚਾਂਦੀ ਕਰਕੇ ਨਹੀਂ ਸਗੋਂ ਇਸ ਕਰਕੇ ਸੀ ਕਿ ਇਹ ਨਹਿਰੂ ਜੀ, ਉਨ੍ਹਾਂ ਦੀ ਵਹੁਟੀ, ਤੇ ਬੱਚੀ ਦੀਆਂ ਤਸਵੀਰਾਂ ਸਨ। ਮੈਂ ਇਨ੍ਹਾਂ ਤਸਵੀਰਾਂ ਨੂੰ ਇਕ ਖ਼ਜ਼ਾਨੇ ਵਾਂਗ ਸਾਂਭ ਕੇ ਰੱਖਦਾ ਸਾਂ—ਮੈਂ, ਜਿਦ੍ਹੇ ਕੋਲ ਮਾਪੇ ਕੋਈ ਨਹੀਂ ਸਨ, ਜਿਦ੍ਹੇ ਚਾਚੇ ਦੀ ਕੋਈ ਜ਼ਮੀਨ ਨਹੀਂ ਸੀ, ਤੇ ਜਿਨ੍ਹਾਂ ਦੇ ਘਰ ਡੰਗਰ ਵੱਛਾ ਵੀ ਨਹੀਂ ਸੀ।
ਮੈਂ ਪਹਿਲਾਂ ਦੱਸ ਚੁਕਿਆਂ ਕਿ ਪੜ੍ਹਾਈ ਵਿਚ ਮੈਂ ਲਾਇਕ ਸਾਂ, ਅੱਠਵੀਂ ਵਿਚ ਮੈਨੂੰ ਵਜ਼ੀਫ਼ਾ ਮਿਲ ਗਿਆ, ਫੇਰ ਦਸਵੀਂ ਵਿਚ ਵੀ ਇਸ ਵਜ਼ੀਫ਼ੇ ਦੇ ਆਸਰੇ ਮੈਂ ਕਾਲਿਜ ਵੀ ਪੁੱਜ ਗਿਆ।
ਓਥੇ ਇਕ ਹਮਦਰਦ ਪ੍ਰੋਫ਼ੈਸਰ ਨੇ ਮੈਨੂੰ ਹੋਸਟਲ ਦੇ ਨੇੜੇ ਰਹਿੰਦੇ ਕਿਸੇ ਠੇਕੇਦਾਰ ਦੇ ਛੋਟੇ ਪੁੱਤਰ ਨੂੰ ਪੜ੍ਹਾਣ ਦਾ ਕੰਮ ਲੈ ਦਿੱਤਾ। ਮਹੀਨੇ ਪਿਛੋਂ ਪਹਿਲੀ ਵਾਰ ਜਦੋਂ ਮੈਨੂੰ ਠੇਕੇਦਾਰ ਨੇ ਪੈਸੇ ਦਿੱਤੇ, ਤਾਂ ਮੈਂ ਉਹਨਾਂ ਨਾਲ ਨਹਿਰੂ ਜੀ ਦੀ ‘ਆਤਮ-ਕਥਾ’ ਮੁੱਲ ਲੈ ਲਈ। ਸਕੂਲ ਕਾਲਜ ਵਿਚ ਕੋਰਸ ਦੀਆਂ ਕਿਤਾਬਾਂ ਮੈਂ ਮੰਗ-ਪਿੰਨ ਕੇ, ਜਾਂ ਪੁਰਾਣੀਆਂ ਖਰੀਦ ਕੇ ਗੁਜ਼ਾਰਾ ਕਰਦਾ ਹੁੰਦਾ ਸਾਂ, ਪਰ ਇਹ ਮੇਰੀ ਜ਼ਿੰਦਗੀ ਵਿਚ ਮੇਰੀ ਪਹਿਲੀ ਆਪ ਚੁਣੀ ਕਿਤਾਬ ਸੀ, ਤੇ ਇਹ ਮੈਂ ਨਵੀਂ-ਨਕੋਰ ਖ਼ਰੀਦੀ ਸੀ।
ਚਾਈਂ-ਚਾਈਂ ਇਹ ਕਿਤਾਬ ਲੈ ਕੇ ਆਪਣੇ ਕਮਰੇ ਵਿਚ ਪੁੱਜਾ। ਆਪਣੇ ਟਰੰਕ ਵਿਚੋਂ ਪਿੰਡੋਂ ਲਿਆਂਦੀਆਂ ਉਹ ਬਹੁ-ਰੰਗੀਆਂ ਤਿੰਨ ਤਸਵੀਰਾਂ ਵਾਲਾ ਲਿਫ਼ਾਫ਼ਾ ਕੱਢ ਕੇ ਇਸ ਕਿਤਾਬ ਦੇ ਨਾਲ ਰੱਖਿਆ, ਤੇ ਮੈਨੂੰ ਇਸ ਤਰ੍ਹਾਂ ਦੀ ਖੁਸ਼ੀ ਹੋਈ, ਜਿਵੇਂ ਜੁਗਾਂ ਤੋਂ ਬੇ-ਜ਼ਮੀਨੇ ਕਿਸੇ ਨੂੰ ਜ਼ਮੀਨ ਮਿਲ ਜਾਏ।
ਵਰ੍ਹੇ ਬੀਤਦੇ ਗਏ। ਹੋਰ ਸਭ ਪਾਸਿਓਂ ਕਿਰਸ ਕਰ ਕੇ ਵਾਰੋ-ਵਾਰੀ ਮੈਂ ਨਹਿਰੂ ਜੀ ਦੀਆਂ ਹੋਰ ਰਚਨਾਵਾਂ ਵੀ ਖਰੀਦ ਲਈਆਂ, ਤੇ ਰਾਤੀਂ ਸੌਣ ਤੋਂ ਪਹਿਲਾਂ ਰੋਜ਼ ਨਹਿਰੂ ਜੀ ਦੀ ਕਿਸੇ ਕਿਤਾਬ ਵਿਚੋਂ ਕੁਝ ਸਫ਼ੇ ਜ਼ਰੂਰ ਪੜ੍ਹਦਾ ਤੇ ਉਨ੍ਹਾਂ ਵਿਚੋਂ ਖ਼ਾਸ ਸਤਰਾਂ ਉੱਤੇ ਨਿਸ਼ਾਨ ਲਾਣਾ ਮੇਰਾ ਨਿਤਨੇਮ ਬਣ ਗਿਆ।
ਇਕ ਵਾਰੀ ਸਾਡੇ ਹੋਸਟਲ ਨੇੜੇ ਇਕ ਬੜਾ ਵੱਡਾ ਜਲਸਾ ਹੋਇਆ। ਓਥੇ ਨਹਿਰੂ ਜੀ ਵੀ ਆਏ ਸਨ, ਪਰ ਮੈਂ ਇਸ ਜਲਸੇ ਵਿਚ ਬਹੁਤ ਦੂਰ ਖੜੋਤਾ ਰਿਹਾ। ਮੈਂ ਉਨ੍ਹਾਂ ਦੇ ਨੇੜੇ ਵੀ ਨਾ ਜਾ ਸਕਿਆ, ਉਸ ਪਲ ਜਿਵੇਂ ਮੇਰੇ ਪੈਰ ਸਿੱਕੇ ਦੇ ਹੋ ਗਏ ਹੋਣ। ਹੁਣ ਭਾਵੇਂ ਮੈਂ ਪਿੰਡ ਦਾ ਉਹ ਗੰਦਾ ਜੂੰਆਂ ਨਾਲ ਕਿਰਕਿਰ ਕਰਦਾ, ਲੀਰਾਂ-ਕਜਿਆ ਬੱਚਾ ਨਹੀਂ ਸਾਂ, ਪਰ ਮੈਨੂੰ ਰੱਬ ਵਲੋਂ ਕੁਝ ਵੀ ਸੋਹਣਾ ਨਹੀਂ ਸੀ ਮਿਲਿਆ। ਜੋ ਕੁਝ ਮਿਲਿਆ ਸੀ, ਉਹਨੂੰ ਸਾਂਭਣ ਦੀ ਨਾ ਜਾਚ ਸੀ, ਤੇ ਨਾ ਰੁਚੀ। ਏਡੇ ਸੋਹਣੇ ਮਨੁੱਖ ਦੇ ਨੇੜੇ ਮੈਂ ਕਿਵੇਂ ਜਾ ਸਕਦਾ ਸਾਂ! ਮੈਂ ਦੂਰੋਂ ਨਹਿਰੂ ਜੀ ਦੇ ਬੋਲ ਸੁਣਦਾ ਤੇ ਅੱਖਾਂ ਉਨ੍ਹਾਂ ਦੇ ਦੀਦਾਰ ਨਾਲ ਭਰਦਾ ਰਿਹਾ ਤੇ ਬਸ...
ਫੇਰ 1947 ਆਇਆ। ਦੇਸ਼ ਵੰਡਿਆ ਗਿਆ। ਕਾਲਜ ਛੁੱਟੀਆਂ ਸਨ। ਨਹਿਰੂ ਜੀ ਦੀਆਂ ਕਿਤਾਬਾਂ ਤੇ ਉਹ ਤਿੰਨ ਤਸਵੀਰਾਂ ਮੈਂ ਆਪਣੇ ਟਰੰਕ ਵਿਚ ਨਾਲ ਹੀ ਪਿੰਡ ਲਿਆਇਆ ਹੋਇਆ ਸਾਂ। ਅਚਾਨਕ ਪਿੰਡ ਉਤੇ ਹਮਲਾ ਹੋ ਗਿਆ। ਕੋਈ ਵੱਢਿਆ-ਟੁੱਕਿਆ ਕਾਫ਼ਲਾ ਮੇਰੇ ਆਜ਼ਾਦ ਹੋਏ ਵਤਨ ਦੇ ਦੂਜੇ ਹਿੱਸੇ ’ਚੋਂ ਨੱਸ ਕੇ ਸਾਡੇ ਪਿੰਡ ਕੋਲੋਂ ਲੰਘ ਗਿਆ ਸੀ, ਤੇ ਹੁਣ ਸਾਡੇ ਵੱਢੇ-ਟੁੱਕੇ ਜਾਣ ਦੀ, ਸਾਡੇ ਨੱਸਣ ਦੀ ਵਾਰੀ ਸੀ।
ਜ਼ਮੀਨ ਨਹੀਂ, ਡੰਗਰ ਨਹੀਂ, ਪਰ ਆਪਣੀ ਕੁੱਲੀ ਛੱਡ ਕੇ ਜਨਮ-ਭੋਂ ਤੋਂ ਨੱਸ ਕੇ ਸਾਡੇ ਟੱਬਰ ਨੂੰ ਤਿੰਨੀਂ ਕੱਪੜੀਂ ਏਧਰ ਆਉਣਾ ਪਿਆ।
ਸਾਡੇ ਨੱਸਣ ਵਾਲੇ ਲੋਕਾਂ ਦੀਆਂ ਪਿੱਛੇ ਜ਼ਮੀਨਾਂ, ਲਵੇਰੀਆਂ ਦੇ ਵੱਗ, ਦੱਬੇ ਹੋਏ ਗਹਿਣੇ, ਲੇਫ਼ ਰਜ਼ਾਈਆਂ, ਧੀਆਂ ਦੇ ਵਿਆਹ ਲਈ ਜੋੜਿਆ ਦਾਜ ਸਭ ਰਹਿ ਗਿਆ; ਤੇ ਮੇਰੀਆਂ ਨਹਿਰੂ ਜੀ ਦੀਆਂ ਕਿਤਾਬਾਂ ਤੇ ਉਹ ਤਿੰਨ ਤਸਵੀਰਾਂ, ਜਿਨ੍ਹਾਂ ਵਿਚ ਮੇਰੇ ਬਚਪਨ ਦਾ ਸੋਨਾ-ਚਾਂਦੀ ਵੀ ਸੀ, ਰਹਿ ਗਈਆਂ।
ਜਿਹੋ ਜਿਹੇ ਉਹ ਦਿਨ ਸਨ, ਵਤਨ ਤੇ ਉਹਦੇ ਵਾਸੀਆਂ ਦੇ ਦਿਲ ਦਾ ਜਿਹੋ ਜਿਹਾ ਮੌਸਮ ਸੀ, ਉਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ...
ਮੈਂ ਇਕ ਸ਼ਰਨਾਰਥੀ ਕੈਂਪ ਵਿਚ ਕੰਮ ਤੇ ਲੱਗ ਗਿਆ। ਵੱਢੇ- ਟੁੱਕੇ, ਪੀੜ ਨਾਲ ਕਰਾਂਹਦੇ, ਆਪੋ-ਆਪਣੇ ਵਿਗੋਚਿਆਂ ਦੇ ਪਰਬਤ ਥੱਲੇ ਦਬੇ ਗੁੰਮ-ਸੁੰਮ ਲੋਕ—ਤੇ ਮੈਂ ਸਾਰਾ ਦਿਨ ਉਨ੍ਹਾਂ ਦੀ ਸੇਵਾ ਕਰਦਾ ਰਹਿੰਦਾ; ਪਰ ਰਾਤ ਵੇਲੇ ਇਕ ਖੋਹ ਜਿਹੀ ਪੈਂਦੀ—ਮੇਰੇ ਕੋਲ ਪੜ੍ਹਣ ਲਈ ਹੁਣ ਨਹਿਰੂ ਜੀ ਦੀ ਕੋਈ ਕਿਤਾਬ ਨਹੀਂ ਸੀ।
ਇਕ ਰਾਤ ਨੂੰ ਇਸ ਖੋਹ ਦੇ ਵੇਗ ਵਿਚ ਮੈਂ ਨਹਿਰੂ ਜੀ ਨੂੰ ਇਕ ਚਿੱਠੀ ਲਿਖੀ।
ਮੈਂ ਲਿਖਿਆ, “ਲੋਕਾਂ ਨੂੰ ਜ਼ਮੀਨਾਂ ਤੇ ਮਕਾਨ ਦੇ ਕਲੇਮ ਸ਼ਾਇਦ ਮਿਲ ਜਾਣਗੇ, ਪਰ ਮੇਰੀਆਂ ਕਿਤਾਬਾਂ ਜਿਨ੍ਹਾਂ ਉਤੇ ਮੈਂ ਜ਼ਿੰਦਗੀ ਦੇ ਵੱਖ-ਵੱਖ ਵਰ੍ਹਿਆਂ ਦੀ ਸੂਝ ਮੁਤਾਬਕ ਵੱਖ-ਵੱਖ ਸਤਰਾਂ ਉਤੇ ਨਿਸ਼ਾਨ ਲਾਏ ਸਨ, ਤੇ ਉਹ ਬਹੁ-ਰੰਗੀਆਂ ਤਸਵੀਰਾਂ—ਜਿਨ੍ਹਾਂ ਵਿਚ ਮੇਰੀ ਬਚਪਨੋਂ ਸੁਹਣੀ ਬਾਲ-ਵਰੇਸ ਦਾ ਸੋਨਾ ਤੇ ਚਾਂਦੀ ਰਚਿਆ ਹੋਇਆ ਸੀ—ਇਨ੍ਹਾਂ ਦੇ ਕਲੇਮ ਕਿੱਥੋਂ ਮਿਲਣਗੇ?”
ਇਸ ਚਿੱਠੀ ਤੋਂ ਹਫ਼ਤਾ ਕੁ ਹੀ ਪਿਛੋਂ ਇਕ ਦਿਨ ਡਾਕੀਆ ਕੈਂਪ ਵਿਚੋਂ ਪੁੱਛਦਾ-ਪੁਛਾਂਦਾ ਮੇਰੇ ਕੋਲ ਇਕ ਰਜਿਸਟਰੀ ਪੈਕਟ ਲੈ ਆਇਆ। ਇਹ ਨਹਿਰੂ ਜੀ ਦੇ ਸਕੱਤਰ ਵਲੋਂ ਆਇਆ ਸੀ। ਮੈਂ ਕੰਬਦੇ ਹੱਥਾਂ ਨਾਲ ਖੋਲ੍ਹਿਆ। ਉਸ ਵਿਚ ਨਹਿਰੂ ਜੀ ਦੀਆਂ ਦੋ ਕਿਤਾਬਾਂ ਸਨ, “ਮੇਰੀ ਆਤਮ-ਕਥਾ” ਤੇ “ਭਾਰਤ ਦੀ ਭਾਲ”, ਤੇ ਇਕ ਤਸਵੀਰ ਵੀ, ਤੇ ਤਿੰਨਾਂ ਉਤੇ ਨਹਿਰੂ ਜੀ ਨੇ ਦਸਖ਼ਤ ਕੀਤੇ ਹੋਏ ਸਨ।
ਵੰਡਾਰੇ ਕਰਕੇ ਬੀ. ਏ. ਅਖੀਰਲੇ ਸਾਲ ਵਿਚ ਮੈਨੂੰ ਪੜ੍ਹਾਈ ਛੱਡਣੀ ਪਈ, ਪਰ ਅਖੀਰਲੇ ਸ਼ਰਨਾਰਥੀ ਕੈਂਪ ਵਿਚ ਸਮਾਜੀ ਸੇਵਾ ਦੇ ਬਦਲੇ ਮੈਨੂੰ ਬੀ. ਏ. ਦੀ ਡਿਗਰੀ ਮਿਲ ਗਈ। ਫੇਰ ਕੁਝ ਚਿਰ ਪਿਛੋਂ ਸਰਕਾਰ ਨੇ, ਪਤਾ ਨਹੀਂ ਅਛੂਤ ਸਮਝ ਕੇ, ਇਕ ਦਰਮਿਆਨੀ ਜਿਹੀ ਨੌਕਰੀ ਮੈਨੂੰ ਦੇ ਦਿੱਤੀ। ਇਥੇ ਤਰੱਕੀ ਕਰਦਾ-ਕਰਦਾ ਮੈਂ ਅਫ਼ਸਰ ਬਣ ਗਿਆ।
ਪਰ ਪਤਾ ਨਹੀਂ ਹੁਣ ਤੱਕ ਮੇਰੇ ਬਚਪਨ ਦੇ ਵਰ੍ਹਿਆਂ ਦਾ ਮੇਰੇ ਉਤੇ ਪਰਛਾਵਾਂ ਕਿਉਂ ਪਿਆ ਏ? ਮੈਂ ਆਪਣੇ ਬਰਾਬਰ ਦੇ ਜਾਂ ਵੱਡੇ ਅਫ਼ਸਰਾਂ ਨੂੰ ਮਿਲਣ ਤੋਂ ਏਨਾ ਡਰਦਾ ਹਾਂ, ਜਿੰਨਾ ਕੋਈ ਚਪੜਾਸੀ ਵੀ ਨਹੀਂ ਡਰਦਾ ਹੋਵੇਗਾ। ਕਿਸੇ ਪਾਰਟੀ ਉੱਤੇ ਮੈਨੂੰ ਕੋਈ ਬੁਲਾਵੇ, ਅਵਲ ਤਾਂ ਮੈਂ ਜਾਂਦਾ ਹੀ ਨਹੀਂ ਤੇ ਜੇ ਬਦੋਬਦੀ ਕੋਈ ਲੈ ਜਾਵੇ ਤਾਂ ਤਰੇਲੀਓ ਤਰੇਲੀ ਹੋ ਜਾਂਦਾ ਹਾਂ ਤੇ ਥਥਲਾਣ ਲੱਗ ਪੈਂਦਾ—ਇਹ ਉਹ ਸ਼ਖ਼ਸ ਏ ਜਿਹੜਾ ਕਦੇ ਸੁਫ਼ਨੇ ਲੈਂਦਾ ਹੁੰਦਾ ਸੀ ਕਿ ਉਹ ਕਿਸੇ ਦਿਨ ਏਡਾ ਵੱਡਾ ਲੈਕਚਰਾਰ ਬਣ ਜਾਏਗਾ ਕਿ ਨਹਿਰੂ ਜੀ ਵੀ ਸੁਣ ਕੇ ਹੈਰਾਨ ਹੋ ਜਾਣਗੇ! ਤੇ ਮੈਂ ਆਪਣੇ ਸੁਫ਼ਨਿਆਂ ਦੇ ਪਰਮ-ਨਾਇਕ ਨਹਿਰੂ ਜੀ ਨੂੰ ਕਦੇ ਨੇੜੇ ਹੋ ਕੇ ਵੇਖ ਵੀ ਨਹੀਂ ਸਕਿਆ, ਮਤੇ ਮੇਰੇ ਮੂੰਹੋਂ ਕੋਈ ਕੋਝਾ, ਅਸੱਭ ਲਫ਼ਜ਼ ਨਾ ਨਿਕਲ ਜਾਵੇ, ਅਤੇ ਉਹ ਬਚਪਨ ਵਾਲੀਆਂ ਜੂੰਆਂ ਦੀ ਰਹਿੰਦ-ਖੂੰਹਦ ਫਿਰ ਕਿਤੇ ਨਾ ਸਰਕ ਆਏ...
ਹੁਣ ਜਦੋਂ ਨਹਿਰੂ ਜੀ ਸਾਡੇ ਕੋਲੋਂ ਸਦਾ ਲਈ ਤੁਰ ਗਏ ਨੇ, ਤੇ ਉਨ੍ਹਾਂ ਦੇ ਨਿਕਟਵਰਤੀ ਉਨ੍ਹਾਂ ਬਾਰੇ ਲਿਖ ਰਹੇ ਨੇ ਕਿ ਉਹ ਆਪਣੇ ਨੇੜੇ ਹਰ ਇਕ ਨਾਲ, ਆਪਣੇ ਨੌਕਰਾਂ ਨਾਲ ਵੀ ਬੜੇ ਹਿਤ ਨਾਲ ਵਰਤਦੇ ਸਨ; ਤਾਂ ਮੇਰੇ ਸੱਧਰ ਉੱਠਦੀ ਏ: ਮੈਂ ਪਾਰਟੀਆਂ ਵਿਚ ਥਥਲਾਂਦੇ ਅਫ਼ਸਰ ਦੀ ਥਾਂ, ਕਾਸ਼, ਨਹਿਰੂ ਜੀ ਦਾ ਸੇਵਾਦਾਰ ਹੀ ਹੁੰਦਾ...
ਬਹੁਤੀ ਵਾਰੀ ਮੈਨੂੰ ਜਾਪਦਾ ਏ ਕਿ ਮੈਂ ਇਹ ਅਫ਼ਸਰ ਬਣਨ ਦੇ ਬਿਖੜੇ ਰਸਤੇ ਉਤੇ ਪੈ ਕੇ ਅੰਦਰੋਂ ਬੜਾ ਕੁਝ ਗੁਆ ਬੈਠਾ ਹਾਂ। ਕਿਸੇ ਜ਼ਮਾਨੇ ਵਿਚ ਮੈਂ ਬੜਾ ਬੇਗ਼ਰਜ਼ ਬੰਦਾ ਹੁੰਦਾ ਸਾਂ, ਤੇ ਬੜੀ ਕੁਰਬਾਨੀ ਕਰ ਸਕਣ ਵਾਲਾ, ਪਰ ਅੱਜਕਲ ਨਿਕੰਮਾ, ਸੁਸਤ, ਢੀਠ ਤੇ ਬੇਆਦਰਸ਼ ਵਿਅਕਤੀ ਹਾਂ ਜਿਹੜਾ ਟੀ.ਏ., ਅਲਾਊਂਸ, ਤਰੱਕੀ, ਛੁਟੀਆਂ, ਗਰੇਡ ਦੇ ਕੁਲਹਿਣੇ-ਜਾਲਾਂ ਵਿਚ ਦਿਨ-ਰਾਤ ਫਸਿਆ ਰਹਿੰਦਾ ਹੈ।
ਚਿੱਠੀ ਬੜੀ ਲੰਮੀ ਹੋ ਗਈ ਏ, ਤੇ ਅੱਜ ਮੇਰੀ ਜ਼ਿੰਦਗੀ ਵਿਚ ਜਿਹੜਾ ਫੇਰ ਨਾ ਪੂਰਿਆ ਜਾਣ ਵਾਲਾ ਖੱਪਾ ਪਿਆ ਏ, ਉਹਦੀ ਗੱਲ ਵੀ ਹਾਲੇ ਸ਼ੁਰੂ ਨਹੀਂ ਹੋਈ, ਤੇ ਕਾਗਜ਼ ਮੁੱਕਣ ਲੱਗਾ ਏ, ਹੋਰ ਕਾਗਜ਼ ਇਥੇ ਨੇੜੇ-ਤੇੜੇ ਮੈਨੂੰ ਲੱਭਣ ਨਹੀਂ ਲੱਗਾ।
ਮੈਂ ਕੁਝ ਦਿਨਾਂ ਲਈ ਆਪਣੇ ਪਿੰਡ ਛੁੱਟੀ ਉੱਤੇ ਆਇਆ ਹੋਇਆ ਸਾਂ। ਚਾਚਾ ਜੀ ਦਾ ਘਰ ਮੁਰੰਮਤ ਕਰਾ ਰਿਹਾ ਸਾਂ, ਉਨ੍ਹਾਂ ਦੀ ਇਕੋ ਇਕ ਨਿਸ਼ਾਨੀ ਹੁਣ ਇਹ ਹੀ ਰਹਿ ਗਈ ਸੀ, ਤੇ ਅੱਜ ਹੜ੍ਹ ਨੇ ਇਹ ਸਭ ਕੁਝ ਵੀ ਰੋੜ੍ਹ ਖੜਿਆ ਏ। ਤੇ ਇਸ ਘਰ ਦੇ ਅੰਦਰ ਮੇਰੇ ਸੂਟਕੇਸ ਵਿਚ ਪਈਆਂ ਨਹਿਰੂ ਜੀ ਦੇ ਦਸਖ਼ਤਾਂ ਵਾਲੀਆਂ ਦੋ ਕਿਤਾਬਾਂ ਤੇ ਇਕ ਤਸਵੀਰ ਵੀ ਪਾਣੀ-ਬੁਰਦ ਹੋ ਗਈਆਂ ਨੇ, ਤੇ ਅੱਜ ਮੈਂ ਮੁੜ ਸ਼ਰਨਾਰਥੀ ਬਣ ਗਿਆ ਹਾਂ...
[1965]