Niggha Bhed (Punjabi Story) : Navtej Singh

ਨਿੱਘਾ ਭੇਦ (ਕਹਾਣੀ) : ਨਵਤੇਜ ਸਿੰਘ

ਸਵਰਨ ਨੇ ਅਚਾਨਕ ਜਦੋਂ ਇੰਦਰਾ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਤਾਂ ਸੁਰਿੰਦਰ ਠਠੰਬਰ ਗਿਆ। ਸਵਰਨ ਭਾਵੇਂ ਅੱਜ ਪਹਿਲੀ ਵਾਰ ਇਤਫ਼ਾਕੀਆ ਇਕ ਚਾਹ ਪਾਰਟੀ ਤੇ ਉਹਨੂੰ ਮਿਲੀ ਸੀ, ਪਰ ਉਹ ਇੰਜ ਉਹਦੇ ਨਾਲ ਇੰਦਰਾ ਦੀਆਂ ਗੱਲਾਂ ਕਰ ਰਹੀ ਸੀ, ਜਿਵੇਂ ਬੜੇ ਚਿਰਾਂ ਤੋਂ ਵਾਕਫ਼ ਹੋਵੇ, ਤੇ ਇੰਦਰਾ ਤੇ ਸੁਰਿੰਦਰ ਦੇ ਨਿੱਘੇ ਭੇਦਾਂ ਦੀ ਭਿਆਲ।

ਘਰ ਪੁੱਜ ਕੇ ਬਿਸਤਰੇ ’ਤੇ ਲੇਟਿਆਂ ਸੁਰਿੰਦਰ ਨੂੰ ਸਵਰਨ ਦੀਆਂ ਗੱਲਾਂ ਸੁਣੀਂਦੀਆਂ ਰਹੀਆਂ। ਸਵਰਨ ਨੇ ਸੁਰਿੰਦਰ ਦੀਆਂ ਲਿਖੀਆਂ ਸਭ ਕਵਿਤਾਵਾਂ ਪੜ੍ਹੀਆਂ ਹੋਈਆਂ ਸਨ, ਉਹ ਉਹਦੀ ਲੇਖਣੀ ਵਿਚ ਬੜੀ ਦਿਲਚਸਪੀ ਲੈਂਦੀ ਸੀ। ਪਹਿਲਾਂ ਤਾਂ ਉਹ ਉਹਦੀਆਂ ਕਵਿਤਾਵਾਂ ਬਾਰੇ ਗੱਲਾਂ ਕਰਦੀ ਰਹੀ—ਪਰ ਫੇਰ ਉਹਨੇ ਇੰਦਰਾ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਸਨ। ਸਵਰਨ ਨੇ ਦੱਸਿਆ ਸੀ ਕਿ ਇੰਦਰਾ ਸਕੂਲ ਤੋਂ ਹੀ ਉਹਦੀ ਸਹੇਲੀ ਸੀ। ਪਿੱਛੇ ਜਿਹੇ ਉਹ ਉਹਨੂੰ ਬਾਜ਼ਾਰ ਵਿਚ ਆਪਣੇ ਪਿਓ ਤੇ ਦਾਦੀ ਨਾਲ ਕੱਪੜੇ ਖ਼ਰੀਦਦੀ ਮਿਲੀ। ਉਹਦਾ ਹੋਰ ਕਿਸੇ ਨਾਲ ਵਿਆਹ ਹੋ ਰਿਹਾ ਸੀ।

ਤੇ ਸਵਰਨ ਨੇ ਕਿਹਾ ਸੀ ਇੰਦਰਾ ਬੜੀ ਕਮਜ਼ੋਰ ਹੋ ਚੁੱਕੀ ਸੀ। ਉਹਦੀਆਂ ਅੱਖਾਂ ਥੱਲੇ ਨੀਲੀਆਂ ਰਗਾਂ ਉੱਭਰ ਆਈਆਂ ਸਨ। ਸੁਰਿੰਦਰ ਨੂੰ ਯਾਦ ਆ ਗਿਆ, ਉਹ ਤੇ ਇੰਦਰਾ ਜਦੋਂ ਲਾਹੌਰ ਲਾਰੰਸ ਬਾਗ ਵੱਲ ਸੈਰ ਕਰਨ ਜਾਂਦੇ ਸਨ ਤਾਂ ਅਸੈਂਬਲੀ ਹਾਲ ਸਾਹਮਣੇ ਨੀਲੀਆਂ ਬੱਤੀਆਂ ਦੇ ਚਾਨਣ ਵਿਚ ਉਹ ਉਹਦੇ ਵੱਲ ਤੱਕਦਾ ਨਹੀਂ ਸੀ ਹੁੰਦਾ। ਉਹਨੇ ਇਕ ਵਾਰ ਇੰਦਰਾ ਨੂੰ ਕਿਹਾ ਸੀ, “ਇਸ ਚਾਨਣੇ ਵਿਚ ਤੂੰ ਇੰਜ ਲੱਗਦੀ ਏਂ, ਜਿਵੇਂ ਤੈਨੂੰ ਕੋਈ ਚੰਦਰਾ ਸੁਪਨਾ ਆ ਰਿਹਾ ਹੋਵੇ।”

ਤੇ ਸਵਰਨ ਨੇ ਇਹ ਵੀ ਦੱਸਿਆ ਸੀ, ਸਿਰਫ਼ ਨੀਲੀਆਂ ਰਗਾਂ ਹੀ ਨਹੀਂ, ਇੰਦਰਾ ਦੇ ਸਾਰੇ ਚਿਹਰੇ ਤੇ ਇਕ ਨੀਲਾਪਣ ਜਿਹਾ ਸੀ। …ਸੁਰਿੰਦਰ ਨੂੰ ਜਾਪਿਆ ਜਿਵੇਂ ਇੰਦਰਾ ਦੇ ਅੰਦਰੋਂ ਚਾਨਣ ਬੁਝਾ ਦਿੱਤਾ ਗਿਆ ਸੀ, ਤੇ ਹੋਰ ਸਭ ਹਨੇਰਾ ਸੀ ਤੇ ਸਿਰਫ਼ ਇੰਦਰਾ ਦੇ ਪਿਓ ਦੀਆਂ ਖ਼ਾਹਿਸ਼ਾਂ ਦੀਆਂ ਚੰਦਰੀਆਂ ਨੀਲੀਆਂ ਬੱਤੀਆਂ ਹੀ ਉਹਦੇ ਜੀਵਨ ਵਿਚ ਬਲ ਰਹੀਆਂ ਸਨ...

ਜਾਗੋਮੀਟੇ ਵਿਚ ਉਹਨੂੰ ਦੂਰ ਕਿਤੋਂ ਸ਼ਹਿਨਾਈ ਸੁਣਾਈ ਦਿੱਤੀ। ਸ਼ਹਿਨਾਈ, ਇੰਦਰਾ ਕਹਿੰਦੀ ਹੁੰਦੀ ਸੀ, ਉਨ੍ਹਾਂ ਦੇ ਵਿਆਹ ’ਤੇ ਸਿਰਫ਼ ਸ਼ਹਿਨਾਈ ਹੀ ਵਜਾਈ ਜਾਏ। ਤੇ ਜਦੋਂ ਵੀ ਇੰਦਰਾ ਕਿਤੇ ਸ਼ਹਿਨਾਈ ਸੁਣ ਲੈਂਦੀ ਤਾਂ ਉਹਦੀਆਂ ਅੱਖਾਂ ਵਿਚ ਇਕ ਹੁਸੀਨ ਲਾਟ ਜਗ ਪੈਂਦੀ ਹੁੰਦੀ ਸੀ, ਤੇ ਉਹਦੇ ਅੰਗ ਅੰਗ ਨੂੰ ਜਿਵੇਂ ਇਹ ਲਾਟ ਕੋਈ ਅਨੋਖੀ ਲਿਸ਼ਕ ਦੇ ਦੇਂਦੀ ਸੀ...

ਤੇ ਅਚਾਨਕ ਜਾਗੋਮੀਟੇ ਵਿਚ ਸ਼ਹਿਨਾਈ ਦੇ ਸੁਰ ਖਿੰਡ ਗਏ, ਜਿਵੇਂ ਅੱਧ ਵਿਚਾਲਿਓਂ ਕਿਸੇ ਘੋਪ ਦਿੱਤੇ ਹੋਣ, ਤੇ ਬੈਂਡ ਵੱਜਣ ਲੱਗ ਪਿਆ, ਕੋਈ ਚਗਲੀ ਫ਼ਿਲਮੀ ਤਰਜ਼। …ਸੁਰਿੰਦਰ ਨੂੰ ਦੂਰ ਕਿਤੇ ਇੰਦਰਾ ਬੈਠੀ ਜਾਪੀ—ਚੰਦਰੇ ਸੁਪਨਿਆਂ ਵਰਗੇ ਮਰਦਿਆਵੇਂ ਨੀਲੇ ਚਾਨਣ ਵਿਚ, ਬੜੇ ਮਹਿੰਗੇ ਕੱਪੜੇ ਪਾਈ, ਤੇ ਬੈਂਡ ਉੱਚਾ, ਹੋਰ ਉੱਚਾ ਹੁੰਦਾ ਗਿਆ...

ਸਵੇਰੇ ਉੱਠਦਿਆਂ ਸਾਰ ਹੀ ਸੁਰਿੰਦਰ, ਸਵਰਨ ਦੇ ਘਰ ਚਲਾ ਗਿਆ। ਸਵਰਨ ਨੂੰ ਬਹੁਤ ਹੈਰਾਨੀ ਹੋਈ, ਤੇ ਕੁਝ ਚਿੰਤਾ ਵੀ, ਮਤੇ ਕੱਲ ਦੀਆਂ ਗੱਲਾਂ ਦਾ ਈ ਇਹਨੇ ਬੁਰਾ ਮਨਾਇਆ ਹੋਏ!

ਪਰ ਸੁਰਿੰਦਰ ਨੇ ਝੱਟ ਹੀ ਉਹਨੂੰ ਸਾਰੀ ਗੱਲ ਦੱਸ ਦਿੱਤੀ। ਉਹ ਚਾਹੁੰਦਾ ਸੀ ਕਿ ਸਵਰਨ ਉਹਦੇ ਲਈ ਇਕ ਖੇਚਲ ਕਰੇ, ਇੰਦਰਾ ਨੂੰ ਜੈਪੁਰ ਜਾ ਕੇ ਮਿਲੇ। ਇਹ ਖੇਚਲ ਇਸ ਲਈ, ਉਹਨੇ ਦੱਸਿਆ, ਕਿਉਂਕਿ ਹੋਰ ਕਿਸੇ ਵੀ ਤਰ੍ਹਾਂ ਉਹ ਇੰਦਰਾ ਨੂੰ ਕੋਈ ਸੁਨੇਹਾ ਨਹੀਂ ਸੀ ਪੁਚਾ ਸਕਦਾ। ਇੰਦਰਾ ਵੱਲ ਲਿਖੇ ਉਹਦੇ ਖ਼ਤ ਇੰਦਰਾ ਦਾ ਪਿਓ ਰਾਹ ਵਿਚੋਂ ਬੋਚ ਲੈਂਦਾ ਸੀ; ਤੇ ਸੁਰਿੰਦਰ ਉਹਦੇ ਵਿਆਹ ਤੋਂ ਪਹਿਲਾਂ ਉਹਨੂੰ ਇਕ ਵਾਰ ਜ਼ਰੂਰ ਹਰ ਔਕੜ ਸਾਹਮਣੇ ਡਟਣ ਲਈ ਪ੍ਰੇਰਨਾ ਚਾਹੁੰਦਾ ਸੀ; ਨਾਲੇ ਉਹ ਇੰਦਰਾ ਨੂੰ ਇੱਕ ਕਵਿਤਾ ਵੀ ਭੇਜਣਾ ਚਾਹੁੰਦਾ ਸੀ—ਕਵਿਤਾ, ਜਿਹੜੀ ਉਹਨੇ ਉਹਦੇ ਲਈ ਹੀ ਲਿਖੀ ਸੀ। ਜਦੋਂ ਵੀ ਇਹ ਕਵਿਤਾ ਉਹ ਪੜ੍ਹਦਾ—ਉਹਦੇ ਵਿਚ ਇਹ ਉਤਾਵਲ ਲਹਿਰ ਉੱਠਦੀ ਸੀ: ਕਿਸੇ ਤਰ੍ਹਾਂ ਇਹ ਇੰਦਰਾ ਕੋਲ ਪੁੱਜ ਜਾਏ, ਕਿਸੇ ਤਰ੍ਹਾਂ...

ਸਵਰਨ ਨੇ ਦੱਸਿਆ ਕਿ ਉਹਨੂੰ ਸੁਰਿੰਦਰ ਦੇ ਇਸ ਕੰਮ ਆਣਕੇ ਬੜੀ ਖ਼ੁਸ਼ੀ ਹੁੰਦੀ, ਪਰ ਹੁਣੇ ਹੀ ਕਿਉਂਕਿ ਉਹਦੇ ਇਮਤਿਹਾਨ ਸਨ, ਉਹ ਇੰਦਰਾ ਨੂੰ ਮਿਲਣ ਜੈਪੁਰ ਛੇਤੀ ਨਹੀਂ ਸੀ ਜਾ ਸਕਣ ਲੱਗੀ। “ਹਾਂ”, ਸਵਰਨ ਨੇ ਇਕ ਵਿਉਂਤ ਦੱਸੀ, “ਇੰਦਰਾ ਦੇ ਘਰ ਦੇ ਪਤੇ ’ਤੇ ਜਿਹੜੇ ਖ਼ਤ ਉਹਨੂੰ ਜਾਂਦੇ ਨੇ, ਉਹ ਸਾਰੇ ਪੜ੍ਹੇ ਜਾਂਦੇ ਨੇ—ਪਰ ਜੇ ਇੰਦਰਾ ਕੋਲੋਂ ਕੋਈ ਉਚੇਚਾ ਪਤਾ ਮੈਂ ਲੈ ਲਵਾਂ, ਜਿਵੇਂ ਉਹਦੀ ਕਿਸੇ ਸਹੇਲੀ ਦਾ ਪਤਾ, ਤਾਂ ਉਸ ਪਤੇ ਤੇ ਤੁਸੀਂ ਆਪ ਸਭ ਕੁਝ ਲਿਖ ਸਕਦੇ ਓ।”

ਸੁਰਿੰਦਰ ਆਪਣੇ ਮੂੰਹ ਤੋਂ ਨਿਰਾਸਤਾ ਨਾ ਲੁਕਾ ਸਕਿਆ, “ਪਰ ਇਹ ਉਚੇਚਾ ਪਤਾ ਜਿਸ ਖ਼ਤ ਵਿਚ ਤੁਸੀਂ ਮੰਗੋਗੇ, ਉਸ ਤੋਂ ਹੀ ਉਹਦੇ ਪਿਉ ਨੂੰ ਜ਼ਰੂਰ ਸ਼ੱਕ ਹੋ ਜਾਏਗਾ; ਤੇ ਇਹ ਖ਼ਤ ਵੀ ਉਹਦੇ ਤੱਕ ਪੁੱਜਣ ਨਹੀਂ ਲੱਗਾ!”

“ਪਰ ਮੈਨੂੰ ਇਹ ਉਚੇਚਾ ਪਤਾ ਮੰਗਣ ਲਈ ਇਕ ਨਾ ਸ਼ੱਕ ਪੈਣ ਵਾਲਾ ਕੰਮ ਯਾਦ ਆ ਗਿਆ ਏ। ਮੈਂ ਇੰਦਰਾ ਕੋਲੋਂ ਇਕ ਸਲਾਹ ਪੁੱਛਣ ਵਾਲੀ ਸਾਂ। ਮੇਰੀ ਕੁੜਮਾਈ ਇੰਦਰਾ ਦੇ ਇਕ ਵਾਕਫ਼ ਮੁੰਡੇ ਨਾਲ ਹੋ ਰਹੀ ਏ—ਮੈਂ ਉਸ ਮੁੰਡੇ ਬਾਰੇ ਇੰਦਰਾ ਕੋਲੋਂ ਪੁੱਛਣਾ ਏ। ਮੈਂ ਉਹਨੂੰ ਖ਼ਤ ਵਿਚ ਇਹ ਲਿਖ ਦਿਆਂਗੀ ਕਿ ਇਹ ਗੱਲ ਮੈਂ ਚਾਹੁੰਦੀ ਹਾਂ ਉਹਦੇ ਪਿਤਾ ਜੀ ਨੂੰ ਪਤਾ ਨਾ ਲੱਗੇ, ਸੋ ਮੈਨੂੰ ਉਹ ਕਿਸੇ ਆਪਣੀ ਸਹੇਲੀ ਦਾ ਪਤਾ ਘੱਲ ਦਏ। ਮੇਰੀ ਜਾਚੇ ਕੁੜੀ ਦੇ ਇਸ ਮਾਮਲੇ ਵਿਚ ਉਹਦੇ ਪਿਤਾ ਜੀ ਨੂੰ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿਣ ਲੱਗੀ।” ਇਸ ਫੁਰਨੇ ਤੇ ਸਵਰਨ ਖੁਸ਼ ਸੀ।

ਸੁਰਿੰਦਰ ਨੂੰ ਵੀ ਇਹ ਤਜਵੀਜ਼ ਠੀਕ ਜਾਪੀ। ਇਹ ਉਚੇਚਾ ਪਤਾ ਆਉਣ ਤੇ ਉਹ ਆਪ ਇੰਦਰਾ ਨੂੰ ਖ਼ਤ ਲਿਖ ਸਕੇਗਾ, ਇਹ ਖਿਆਲ ਇਕ ਪਲ ਲਈ ਉਹਦੇ ਅੰਦਰ ਅਣਗਿਣਤ ਖ਼ੁਸ਼ੀਆਂ ਧੜਕਾ ਗਿਆ। ਪਰ ਦੂਜੇ ਪਲ ਉਹਨੂੰ ਆਪਣੇ ਬੋਝੇ ਵਿਚ ਪਿਆ ਉਹ ਕਾਗਜ਼ ਭਖ਼ਦਾ ਮਹਿਸੂਸ ਹੋਇਆ, ਜਿਸ ’ਤੇ ਉਹਨੇ ਇੰਦਰਾ ਲਈ ਕਵਿਤਾ ਲਿਖੀ ਹੋਈ ਸੀ, ਤੇ ਜਿਹੜੀ ਉਹ ਸਵਰਨ ਨੂੰ ਦੇਣ ਆਇਆ ਸੀ ਤਾਂ ਜੋ ਉਹ ਇਹਨੂੰ ਇੰਦਰਾ ਕੋਲ ਪੁਚਾ ਦਏ। ਆਪਣੀ ਉਤਾਵਲ ਵਿਚ ਉਹਨੂੰ ਖਿਆਲ ਆਇਆ ਕਿ ਇਹ ਕਵਿਤਾ ਤਾਂ ਸਵਰਨ ਆਪਣੇ ਪਹਿਲੇ ਖ਼ਤ ਵਿਚ ਹੀ ਘੱਲ ਸਕਦੀ ਹੈ।

ਸਵਰਨ ਨੇ ਵੀ ਕਿਹਾ, “ਹਾਂ, ਕਵਿਤਾ ਘੱਲਣ ਵਿਚ ਕੋਈ ਹਰਜ ਨਹੀਂ। ਮੈਂ ਲਿਖ ਦਿਆਂਗੀ, ਕਿਤੇ ਮੈਂ ਪੜ੍ਹੀ ਸੀ, ਬੜੀ ਚੰਗੀ ਲੱਗੀ ਏ, ਇਸ ਖ਼ਿਆਲ ਨਾਲ ਘੱਲ ਰਹੀ ਆਂ ਕਿ ਤੈਨੂੰ ਵੀ ਪਸੰਦ ਆਏਗੀ। ਪਰ ਉਹਨੂੰ ਇਹ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਤੁਹਾਡੀ ਲਿਖੀ ਏ?”

ਬੀਤੇ ਦਿਨਾਂ ਵਿਚੋਂ ਕੁਝ ਸੁਰਿੰਦਰ ਨੂੰ ਚੇਤੇ ਆ ਗਿਆ, “ਸਵਰਨ ਜੀ—ਤੁਸੀਂ ਉਹਨੂੰ ਜੇ ਇਹ ਲਿਖ ਦਿਓ ਕਿ ਜਿਨ੍ਹੇਂ ਇਹ ਕਵਿਤਾ ਲਿਖੀ ਏ, ਉਹਨੇ ਕਦੇ ਕਿਹਾ ਸੀ, ‘ਤੇਰੇ ਮੱਥੇ ਤੇ ਵਾਲਾਂ ਦੀ ਮਹੀਨ ਲੂਈਂ ਇੰਜ ਜਾਪਦੀ ਏ ਜਿਵੇਂ ਵਾਲਾਂ ਵਿਚੋਂ ਕਦੇ ਜੁਆਰ ਭਾਟਾ ਉੱਠ ਕੇ ਅਗਾਂਹ ਆਇਆ ਸੀ ਤੇ ਆਪਣੇ ਨਿਸ਼ਾਨ ਪਿੱਛੇ ਛੱਡ ਗਿਆ ਏ।’ ...ਹਾਂ, ਇਨ੍ਹਾਂ ਸਤਰਾਂ ਨਾਲ ਉਹ ਸਭ ਸਮਝ ਜਾਏਗੀ।” ਸੁਰਿੰਦਰ ਦੇ ਬੋਲਾਂ ਵਿਚ ਇਕ ਅਤਿ ਨਿੱਘੀ ਤਸੱਲੀ ਰੁਮਕ ਰਹੀ ਸੀ, ਤੇ ਉਹਨੇ ਇੰਦਰਾ ਨੂੰ ਘੱਲਣ ਲਈ ਕਵਿਤਾ ਸਵਰਨ ਨੂੰ ਦੇ ਦਿੱਤੀ।

* * * * *

ਇੰਦਰਾ ਆਪਣੇ ਕਮਰੇ ਵਿਚ ਉਦਾਸ ਲੇਟੀ ਹੋਈ ਸੀ। ਉਨ੍ਹਾਂ ਦੇ ਡਰਾਇੰਗ ਰੂਮ ਵਿਚ ਇਕ ਪਰਾਹੁਣਾ ਬੈਠਾ ਹੋਇਆ ਸੀ। ਦਾਦੀ ਤੇ ਪਿਤਾ ਜੀ ਪਰਾਹੁਣੇ ਦੀ ਆਓ ਭਗਤ ਵਿਚ ਰੁੱਝੇ ਸਨ। ਪਿਤਾ ਜੀ ਨੇ ਬੜੇ ਜਤਨਾਂ ਮਗਰੋਂ ਇਹ ਲੱਭੇ ਸਨ, ਇਹ ਜਿਹੜੇ ਹਵਾਈ ਜਹਾਜ਼ਾ ਦੇ ਅਫ਼ਸਰ ਦੀ ਨੀਲੀ ਵਰਦੀ ਪਾਈ ਅੰਦਰ ਬੈਠੇ ਸਨ। ਅਚੇਤ ਹੀ ਇੰਦਰਾ ਨੂੰ ਖ਼ਿਆਲ ਆਇਆ, ਨੀਲਾ … ਚੰਦਰੇ ਸੁਪਨਿਆਂ ਦਾ ਰੰਗ...

ਇੰਦਰਾ ਦੇ ਪਿਤਾ ਜੀ ਉਹਦੀ ਜਿੰਦ, ਉਹਦਾ ਸਰੀਰ, ਉਹਦੇ ਜਜ਼ਬੇ, ਉਹਦੇ ਗੀਤ, ਇਸ ਪਰਾਹੁਣੇ ਦੇ ਹਵਾਲੇ ਕਰ ਦੇਣਾ ਚਾਹੁੰਦੇ ਸਨ। ਪਿੱਛੇ ਜਿਹੇ ਉਹ ਆਪ ਵੀ ਹਾਰ ਹੁੱਟ ਕੇ ਇਸੇ ਨਾਲ ਵਿਆਹ ਕਰਾਣਾ ਮੰਨ ਗਈ ਸੀ। ਪਰ ਅੱਜ ਜਦੋਂ ਪਿਤਾ ਜੀ ਨੇ ਉਹਨੂੰ ਉਹਦੇ ਨਾਲ ਮਿਲਣ ਲਈ ਕਿਹਾ ਸੀ, ਤਾਂ ਉਸ ਅੰਦਰੋਂ ਬਗ਼ਾਵਤ ਉੱਬਲ ਪਈ ਸੀ, ਅਜਿਹੇ ਵੇਗ ਨਾਲ ਜਿਹੜਾ ਅੱਗੇ ਕਦੇ ਉਹਨੂੰ ਆਪਣੇ ਅੰਦਰ ਮਹਿਸੂਸ ਨਹੀਂ ਸੀ ਹੋਇਆ। ਅੱਜ ਜਦੋਂ ਪਿਤਾ ਜੀ ਨੇ ਉਹਨੂੰ ਹੁਕਮੀਆ ਕਿਹਾ ਸੀ, “ਤੈਨੂੰ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਚਾਹ ਪਿਆਣੀ ਹੋਏਗੀ, ਹੱਸਦੇ ਮੂੰਹ ਨਾਲ ਉਨ੍ਹਾਂ ਕੋਲ ਬਹਿਣਾ ਹੋਏਗਾ,” ਤਾਂ ਉਹਨੇ ਇਸ ਤਰ੍ਹਾਂ ਨਾਂਹ ਤਾਂ ਕੀਤੀ ਸੀ ਕਿ ਪਿਓ ਦਾ ਹੁਕਮ ਤਰਲੇ ਵਿਚ ਬਦਲ ਗਿਆ ਸੀ। ਉਹਦੀ ਨਾਂਹ ਵਿਚ ਇਕ ਭਬਕ ਜਿਹੀ ਸੀ, ਜਿਵੇਂ ਨਾਂਹ ਨਹੀਂ ਸੀ ਇਹ, ਫ਼ੌਜੀ ਬੂਟ ਦੀ ਨਪੀੜ ਥੱਲਿਓਂ ਆਪਣਾ ਗੀਤਾਂ ਭਰਿਆ ਗਲਾ ਛਡਾਣ ਲਈ ਇਕ ਹੰਭਲਾ ਸੀ। “ਨਹੀਂ”—ਉਹਦੇ ਸਰੀਰ ਦੇ ਰੋਮ-ਰੋਮ ਵਿਚੋਂ ਭਾਫ਼ ਜਿਹੀ ਨਿਕਲਦੀ ਜਾਪੀ ਨਹੀਂ, ਨਹੀਂ—ਮੈਂ ਆਪਣੀ ਦਾਦੀ ਦੀਆਂ ਬੁੱਢੀ ਉਮਰ ਦੀਆਂ ਗਸ਼ਾਂ ਤੇ ਤਰਸ ਖਾ ਕੇ ਆਪਣੇ ਲਈ ਉਮਰ-ਲੰਮੀ ਗਸ਼ ਨਹੀਂ ਸਹੇੜਾਂਗੀ, ਸੌ ਵਾਰੀ ਹੁਣ ਭਾਵੇਂ ਪਿਤਾ ਜੀ ਮੁਹਰਾ ਖਾਣ ਦਾ ਡਰਾਵਾ ਦੇਣ, ਮੈਂ ਆਪਣੇ ਸੁਰਿੰਦਰ ਨੂੰ ਛੱਡ ਕੇ ਹੋਰ ਕਿਸੇ ਨਾਲ ਵਿਆਹ ਨਹੀਂ ਕਰਾਵਾਂਗੀ…

ਬਾਹਰ ਵਰਾਂਡੇ ਵਿਚੋਂ ਡਾਕੀਏ ਨੇ ਵਾਜ ਦਿੱਤੀ, “ਚਿੱਠੀਆਂ ਲੈ ਲਓ।”

ਇੰਦਰਾ ਨੇ ਚਿੱਠੀਆਂ ਫੜ ਲਈਆਂ। ਇਕ ਚਿੱਠੀ ਉਹਦੇ ਨਾਂ ਦੀ ਵੀ ਸੀ। ਬੜੀ ਦੇਰ ਤੋਂ ਉਹਨੇ ਆਪਣੇ ਨਾਂ ਦਾ ਅਣਖੁੱਲ੍ਹਾ ਲਫ਼ਾਫ਼ਾ ਹੱਥ ਫੜ ਕੇ ਨਹੀਂ ਸੀ ਤੱਕਿਆ—ਪਰ ਅਜ ਇਤਫ਼ਾਕ ਨਾਲ ਪਿਤਾ ਕੋਲੋਂ ਖੁੱਲ੍ਹੇ ਬਿਨਾਂ ਚਿੱਠੀ ਉਹਦੇ ਹੱਥ ਲੱਗ ਗਈ ਸੀ। ਉਹ ਲਿਫ਼ਾਫ਼ੇ ਉਪਰਲੀ ਲਿਖਤ ਤੋਂ ਹੀ ਪਛਾਣ ਗਈ ਸੀ ਕਿ ਕੁੜੀ ਦਾ ਖ਼ਤ ਹੈ। ਜੇ ਕਿਤੇ ਸੁਰਿੰਦਰ ਦਾ ਖ਼ਤ ਅੱਜ ਹੁੰਦਾ! ਇਹ ਅਨਹੋਣੀ ਜਿਹੀ ਸੱਧਰ ਉਹਨੂੰ ਆਈ, ਤੇ ਨਾ ਪੜ੍ਹਨਾ ਚਾਂਹਦਿਆਂ ਵੀ ਉਹਨੇ ਅਚੇਤ ਹੀ ਹੱਥ ਵਿਚਲਾ ਖ਼ਤ ਖੋਲ੍ਹ ਲਿਆ। ਸਵਰਨ ਦਾ ਖਤ ਸੀ। ਅਣਖ਼ਿਆਲਿਆਂ ਕਈ ਸਤਰਾਂ ਉਹ ਪੜ੍ਹੀ ਗਈ, ਪਰ ਕੁਝ ਸਤਰਾਂ ਉਹਨੂੰ ਪਛਾਣੀਆਂ ਹੋਈਆਂ ਲੱਗੀਆਂ— “...ਤੇਰੇ ਮੱਥੇ ਤੇ ਵਾਲਾਂ ਦੀ ਮਹੀਨ ਲੂਈਂ ਇੰਜ ਜਾਪਦੀ ਏ ਜਿਵੇਂ ਵਾਲਾਂ ਵਿਚੋਂ ਕਦੇ ਜੁਆਰ ਭਾਟਾ ਉੱਠ ਕੇ ਅਗਾਂਹ ਆਇਆ ਸੀ, ਤੇ ਆਪਣੇ ਨਿਸ਼ਾਨ ਪਿਛੇ ਛੱਡ ਗਿਆ ਏ।” ...ਉਹਨੂੰ ਜਾਪਿਆ ਉਹ ਰਾਵੀ ਦੇ ਕੰਢੇ ਬੈਠੀ ਹੋਈ ਸੀ, ਆੜੂਆਂ ਦੇ ਫੁੱਲ ਖਿੜੇ ਹੋਏ ਸਨ, ਤੇ ਮਮੋਲੇ ਉੱਡ ਰਹੇ ਸਨ, ਤੇ ਉਹਨੇ ਸੁਰਿੰਦਰ ਦੇ ਬੋਲ ਸੁਣੇ। …ਉਹ ਠਠੰਭਰ ਗਈ। ਭਰਮ ਹੋ ਰਿਹਾ ਸੀ ਉਹਨੂੰ, ਖ਼ਤ ਤੇ ਉਹਦੇ ਮਨ ਵਿਚਲੀਆਂ ਯਾਦਾਂ ਪਲਚ ਗਈਆਂ ਹੋਣਗੀਆਂ। ਇਹ ਸਤਰਾਂ ਖ਼ਤ ਵਿਚ ਕਿਵੇਂ ਹੋ ਸਕਦੀਆਂ ਸਨ? ਇਹ ਨਿੱਘਾ ਭੇਦ ਹੋਰ ਕਿਸੇ ਦੇ ਕੰਨੀਂ ਕਦੇ ਨਹੀਂ ਸੀ ਪਿਆ—ਤੇ ਆੜੂਆਂ ਦੇ ਫੁੱਲ ਤੇ ਮਮੋਲੇ ਤਾਂ ਭੇਦ ਸੰਭਾਲ ਰੱਖਦੇ ਹਨ...

ਉਹਨੇ ਭਰਮ ਹਟਾਣ ਲਈ ਖ਼ਤ ਫੇਰ ਪੜ੍ਹਿਆ। ਪਰ ਐਨ ਉਹੀ ਫ਼ਿਕਰੇ ਸਨ, ਉਹੀ ਲਫ਼ਜ਼ ਤੇ ਸਵਰਨ ਨੇ ਲਿਖਿਆ ਸੀ, “ਇਹ ਸੁਹਣੇ ਫ਼ਿਕਰੇ ਇਕ ਕਵੀ ਨੇ ਕਦੇ ਕਹੇ ਸਨ। ਉਹ ਦਿੱਲੀ ਆ ਕੇ ਮੇਰਾ ਵਾਕਫ਼ ਬਣਿਆ ਏ। ਉਹਦੀ ਇੱਕ ਕਵਿਤਾ ਮੈਂ ਤੈਨੂੰ ਨਾਲ ਭੇਜ ਰਹੀ ਹਾਂ।”

ਸੁਰਿੰਦਰ ਵੀ ਤਾਂ ਦਿੱਲੀ ਰਹਿੰਦਾ ਸੀ—ਇਹ ਖ਼ਿਆਲ ਇਕ ਵਦਾਣ ਵਾਂਗ ਇੰਦਰਾ ਨੂੰ ਵੱਜਿਆ…ਸੁਰਿੰਦਰ ਦਿੱਲੀ ਰਹਿੰਦਾ ਸੀ। ਸਾਹਮਣੇ ਸ਼ੀਸ਼ੇ ਵਿਚ ਉਹਨੂੰ ਆਪਣੇ ਮੱਥੇ ਦੇ ਵਾਲਾਂ ਦੀ ਮਹੀਨ ਲੂਈਂ ਦਿਸੀ, ਤੇ ਉਹਨੂੰ ਜਾਪਿਆ ਸੁਰਿੰਦਰ ਦੇ ਹੱਥ ਉਹਦੇ ਮੱਥੇ ਉੱਤੇ ਸਨ ਪਰ ਉਹਦੀ ਕਲਪਨਾ ਵਿਚ ਸਭ ਕੁਝ ਬਦਲਦਾ ਗਿਆ। …ਮਹੀਨ ਲੂਈਂ ਦੇ ਥੱਲੇ ਉਹਦਾ ਆਪਣਾ ਮੂੰਹ ਨਹੀਂ ਸੀ, ਇਹ ਤਾਂ ਸਵਰਨ ਦਾ ਮੂੰਹ ਸੀ; ਉਹਦੀਆਂ ਆਪਣੀਆਂ ਅੱਖਾਂ ਨਹੀਂ ਸਨ, ਇਹ ਤਾਂ ਸਵਰਨ ਦੀਆਂ ਅੱਖਾਂ, ਤੇ ਸਵਰਨ ਦੀਆਂ ਗੱਲ੍ਹਾਂ ਤੇ ਸਵਰਨ ਦੇ ਬੁੱਲ੍ਹ—ਤੇ ਸ਼ਹਿਨਾਈ ਵੱਜ ਰਹੀ ਸੀ। ਕਿਸੇ ਮੁੰਡੇ ਨਾਲ ਸਵਰਨ ਦੀ ਕੁੜਮਾਈ ਹੋਣ ਵਾਲੀ ਹੈ ਜਿਹੜਾ ਇੰਦਰਾ ਦਾ ਵਾਕਫ਼ ਸੀ—ਇੰਦਰਾ ਨੇ ਚਿੱਠੀ ਵਿਚ ਪੜ੍ਹਿਆ ਸੀ। ਸਵਰਨ ਨੇ ਉਸ ਬਾਰੇ ਖੋਲ੍ਹ ਕੇ ਲਿਖਣ ਲਈ ਉਚੇਚਾ ਪਤਾ ਮੰਗ ਭੇਜਿਆ ਸੀ। ਸੁਰਿੰਦਰ…ਸਵਰਨ। ਸਵਰਨ ਨੂੰ ਸ਼ੁਰੂ ਤੋਂ ਹੀ ਸੁਰਿੰਦਰ ਦੀਆਂ ਕਵਿਤਾਵਾਂ ਚੰਗੀਆਂ ਲੱਗਦੀਆਂ ਹੁੰਦੀਆਂ ਸਨ। ਹੋਰ ਅਜਿਹਾ ਮੇਰਾ ਕਿਹੜਾ ਵਾਕਫ਼ ਹੈ ਜਿਸ ਨਾਲ ਉਹਦੀ ਕੁੜਮਾਈ ਹੋ ਸਕਦੀ ਹੈ? ਸਵਰਨ…ਸੁਰਿੰਦਰ। ਤੇ ਇੰਦਰਾ ਦੇ ਕੰਨਾਂ ਨੂੰ ਸੁਣਾਈ ਦਿੱਤਾ, ਜਿਵੇਂ ਸੁਰਿੰਦਰ ਕਹਿ ਰਿਹਾ ਹੋਵੇ, “ਸਵਰਨ ਤੇਰੇ ਮੱਥੇ ਤੇ ਵਾਲਾਂ ਦੀ ਇਹ ਮਹੀਨ ਲੂਈਂ...।”

ਇੰਦਰਾ ਦਾ ਪਿੰਡਾ ਯਖ਼ ਹੋ ਗਿਆ, ਪਿੰਡਾ ਜਿਦ੍ਹੇ ਵਿਚੋਂ ਹੁਣੇ ਭਾਫ਼ ਉਬਲ ਰਹੀ ਸੀ…

ਪਿਤਾ ਜੀ ਅੰਦਰੋਂ ਬੜੇ ਘਬਰਾਏ ਹੋਏ ਇੰਦਰਾ ਨੂੰ ਕੁਝ ਕਹਿਣ ਲਈ ਆਏ। ਉਨ੍ਹਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਇੰਦਰਾ ਨੇ ਕਿਹਾ, “ਪਿਤਾ ਜੀ, ਮੈਂ ਤੁਹਾਡਾ ਕਿਹਾ ਮੰਨ ਲਾਂਗੀ, ਮੈਂ ਆਪਣੇ ਹੱਥਾਂ ਨਾਲ ਚਾਹ ਪਿਆ ਦਿਆਂਗੀ, ਮੈਂ ਹੱਸਦੇ ਮੂੰਹ ਜਾ ਬੈਠਾਂਗੀ, ਮੈਂ...”

“ਸੱਚੀਂ,” ਇੰਦਰਾ ਦੇ ਪਿਤਾ ਜੀ ਨੂੰ ਆਪਣੇ ਕੰਨਾਂ ’ਤੇ ਇਤਬਾਰ ਨਹੀਂ ਸੀ ਆ ਰਿਹਾ।

ਇੰਦਰਾ ਅਡੋਲ ਪਰਾਹੁਣਿਆਂ ਵਾਲਾ ਉਚੇਚਾ ਟੀ ਸੈੱਟ ਕੱਢਣ ਲੱਗ ਪਈ...ਚਾਂਦੀ ਦੀ ਚਾਹਦਾਨੀ ਉਹਨੂੰ ਨੀਲੀ ਹੋ ਗਈ ਜਾਪੀ, ਨੀਲਾ — ਚੰਦਰੇ ਸੁਪਨਿਆਂ ਦਾ ਰੰਗ।

[1949]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •