Nirali-Vahuti (Punjabi Story) : Mohan Singh Diwana
ਨਿਰਾਲੀ-ਵਹੁਟੀ (ਕਹਾਣੀ) : ਮੋਹਨ ਸਿੰਘ ਦੀਵਾਨਾ
੧.
ਘਰ ਵਿਚ ਇਸਤ੍ਰੀ ਹੋਣ ਦੇ ਜਿਤਨੇ ਸੁਖ ਅਤੇ ਲਾਭ ਹਨ ਅਤੇ ਨਾ ਹੋਣ ਦੇ ਜਿਤਨੇ ਦੁਖ ਤੇ ਘਾਟੇ ਹਨ ਜੇ ਮੈਂ ਇਨ੍ਹਾਂ ਦਾ ਬਿਆਨ ਕਰਨ ਲਗਾਂ ਤਾਂ ਆਪ ਹਸਣ ਹੀ ਡਹਿ ਪਵੋਗੇ । ਤੁਸੀਂ ਪਏ ਹਸੋ, ਪਰ ਇਤਨਾ ਜ਼ਰੂਰ ਧਿਆਨ ਰਖੋ ਕਿ ਏਹ ਹਸਣ ਦਾ ਮੌਕਾ ਨਹੀਂ । ਤੁਸੀ ਪਏ ਖਿੱਚ ਖਿੱਚ ਕਰੋ ਪਰ ਰਾਮੂ ਤੇ ਉਸਦੀ ਮਾਂ ਦੀਆਂ ਅਖਾਂ ਵਿਚੋਂ ਹੰਝੂਆਂ ਦੀ ਝੜੀ ਲਗੀ ਹੋਈ ਹੈ । ਰਾਮੂ ਦੀ ਮਾਂ ਸੁੰਦਰੀ ਇਸ ਸੰਸਾਰ ਤੋਂ ਕੂਚ ਕਰਨ ਲਈ ਬੋਰੀਆ ਬਿਸਤਰਾ ਬੰਨ੍ਹ ਰਹੀ ਹੈ । ਉਸ ਦੀ ਤਾਂ ਏਹ ਹਾਲਤ ਹੈ: “ਦੰਦਾਂ ਕੰਨਾਂ ਲੋਇਣਾਂ ਤਿੰਨਾਂ ਦਿਤੀ ਹਾਰ'' ਹਾਂ ਅੱਖਾਂ ਵਿਚੋਂ ਅਜੇ ਕੁਝ ਕੁਝ ਦਿਖਾਈ ਜ਼ਰੂਰ ਦੇਂਦਾ ਹੈ । ਸਠ ਵਰ੍ਹੇ ਦੀ ਹੋ ਗਈ ਹੈ ਪਰ ਅਜੇ ਤਕ ਨੂੰਹ ਦਾ ਮੂੰਹ ਵੇਖਣਾ ਨਸੀਬ ਨਹੀਂ ਹੋਇਆ । ਨੂੰਹ ਹੋਂਦੀ ਤਾਂ ਘਰ ਦੇ ਕਾਮ ਕਾਜ ਵਿਚ ਵੀ ਮਦਦ ਕਰਦੀ । ਆਖ਼ਰ ਵਿਚਾਰੀ ਬੁਢੀ ਗ੍ਰਹਿਸਥ ਦੇ ਭਾਰ ਨੂੰ ਕਿਥੋਂ ਤਕ ਨਿਭਾਹ ਸਕਦੀ ਹੈ । ਜੇ ਹੋਰ ਦੋ ਚਾਰ ਮਹੀਨੇ ਤਕ ਪੁਤਰ ਨੂੰ ਕੋਈ ਵਹੁਟੀ ਨਾ ਮਿਲੀ ਤਾਂ ਏਹ ਬੁਢੀ ਵਿਚਾਰੀ ਜ਼ਰੂਰ 'ਰਾਮ ਨਾਮ ਸਤਿ' ਹੋ ਜਾਏਗੀ। ਘਰ ਬਾਰ ਉਜੜ ਜਾਏਗਾ।
ਰਾਮੂ ਭਾਵੇਂ ਤੀਹ ਵਰ੍ਹਿਆਂ ਦਾ ਹੈ ਪਰ ਮਾਂ ਦੀਆਂ ਅੱਖਾਂ ਵਿਚ ਤਾਂ ਉਹ ਹਾਲਾਂ ਬੱਚਾ ਹੀ ਹੈ ਨਾ, ਉਹ ਘਰ ਦਾ ਕੰਮ ਕਾਜ ਕਿਦਾਂ ਸੰਭਾਲ ਸਕੇਗਾ ? ਏਹ ਤਾਂ ਤੀਵੀਆਂ ਦਾ ਹੀ ਕਾਰਜ-ਖੇਤਰ ਹੈ । ਮਰਦਾਂ ਤੋਂ ਘਰ ਦੀ ਸੰਭਾਲ ਹੋਣੀ ਨਾਮੁਮਕਨ ਹੈ, ਪਰ ਕੀਤਾ ਕੀ ਜਾਵੇ। ਨੂੰਹ ਨਹੀਂ ਮਿਲਦੀ, ਨਹੀਂ ਮਿਲਦੀ ! ਕਰਾਚੀ ਵਰਗੇ ਵਡੇ ਸ਼ਹਿਰ ਵਿਚ ਪਹਿਲਾਂ ਤਾਂ ਨੂੰਹਾਂ ਮਿਲ ਜਾਇਆ ਕਰਦੀਆਂ ਸਨ, ਸਾਡੇ ਮਹਲੇ ਵਿਚ ਹੀ ਤੇ ਚਾਰ ਆਦਮੀ ਲੈ ਆਏ ਸਨ । ਪਰ ਪਤਾ ਨਹੀਂ ਅਜ ਕਲ ਕਿਉਂ ਇਤਨਾ ਕਾਲ ਪੈ ਗਿਆ ਤੇ ਇਤਨੀ ਮਹਿੰਗਾਈ ਹੋ ਗਈ ਹੈ। ਕੋਈ ਕਹਿੰਦਾ ਹੈ ਰਾਮੂ ਕਾਣਾ ਹੈ, ਕਾਲਾ ਹੈ । ਇਸ ਵਾਸਤੇ ਬਾਹਲਾ ਮੁਲ ਦੇਣਾ ਪੈਂਦਾ ਹੈ । ਵਾਹ ਜੀ ਵਾਹ ! ਕਾਣਾ ਜਾਂ ਕਾਲਾ ਹੋਣਾ ਵੀ ਕੋਈ ਆਪਣੇ ਵਸ ਦੀ ਗਲ ਹੈ ! ਜੈਸਾ ਈਸ਼੍ਵਰ ਨੇ ਬਣਾਇਆ ਓਹਾ ਜਿਹਾ ਹੀ ਤੇ ਹੈ ।ਫਿਰ ਜਵਾਨੀ ਹੈ, ਧਨ ਹੈ, ਘਰ ਹੈ, ਦੁਕਾਨ ਹੈ, ਪੰਜ ਹਜ਼ਾਰ ਨਕਦ ਜਮਾਂ ਹੈ । ਕੀ ਇਤਨਾ ਕੁਝ ਉਸਦੇ ਵਿਆਹ ਲਈ ਕਾਫ਼ੀ ਨਹੀਂ ਹੈ ? ਪਰ ਲੋਕ ਨਹੀਂ ਸੁਣਦੇ । ਕੀਤਾ ਕੀ ਜਾਏ ? ਉਹ ਕਹਿੰਦੇ ਹਨ, ਰਾਮੂ ਰੁਪਿਆ ਨਹੀਂ ਖ਼ਰਚਦਾ । ਪਰ ਉਸਦੀ ਮਾਂ ਕਹਿੰਦੀ ਹੈ । ਨੂੰਹ ਭਾਵੇਂ ਮਿਲੇ ਨਾ ਮਿਲੇ, ਪੰਜ ਹਜ਼ਾਰ ਹੀ ਕਿਵੇਂ ਲੁਟਾ ਦੇਈਏ । ਹਾਂ ਜੇ ਹਜ਼ਾਰ ਕੁ ਤਕ ਕੰਮ ਬਣ ਜਾਏ ਤਾਂ ਠੀਕ ਹੈ ।
ਮਾਂ ਦੀ ਤਾਂ ਖ਼ਾਹਸ਼ ਹੈ ਹਜ਼ਾਰ ਤਕ ਰੁਪਿਆ ਬੇਸ਼ਕ ਖ਼ਰਚ ਹੋ ਜਾਵੇ ਪਰ ਰਾਮੂ ਨੇ ਖ਼ਬਰੇ ਸਹੁੰ ਖਾਧੀ ਹੋਈ ਹੈ ਕਿ ਪੰਜ ਸੌ ਤੋਂ ਕੌਡੀ ਵਧ ਨਹੀਂ ਖ਼ਰਚਨੀ । ਕਦੀ ਕਦੀ ਉਹ ਕਹਿੰਦਾ ਹੈ-ਕੀ ਹੋਰ ਸੈਂਕੜੇ ਲੋਕ ਕੰਵਾਰੇ ਨਹੀਂ ਬਠੇ ਹੋਏ ( ਤੀਵੀਂ ਵਿਚ ਹੈ ਈ ਕੀ ? ਅਵਲ ਤਾਂ ਮਾਂ ਨੇ ਛੇਤੀ ਛੇਤੀ ਮਰਨਾ ਨਹੀਂ ਪਰ ਜੇ ਮਰ ਵੀ ਜਾਏ ਤਾਂ ਕੋਈ ਨੌਕਰ ਰਖ ਲਵਾਂਗਾ । ਕਿਸੇ ਦੂਰ ਦੇ ਸਬੰਧੀ ਨੂੰ ਜਾਂ ਕਿਸੇ ਅਨਾਥ ਕੰਨਿਆਂ ਨੂੰ ਹੀ ਸਹੀ । ਸਮਾਂ ਆਵੇਗਾ ਤਾਂ ਆਪੇ ਵੇਖੀ ਜਾਏਗੀ । ਪਰ ਭਾਵੇਂ ਕੁਝ ਵੀ ਹੋਵੇ ਮੈਂ ਪੰਜ ਸੌ ਤੋਂ ਵਧ ਖ਼ਰਚਣ ਨੂੰ ਤਿਆਰ ਨਹੀਂ ਹਾਂ। ਰਾਮੂ ਇਸਤਰ੍ਹਾਂ ਨਾਲ ਸੋਚਦਾ ਰਹਿੰਦਾ । ਪਰ ਅਜ ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਉਸਦੀ ਮਾਂ ਦੀ ਹਾਲਤ ਬੜੀ ਚਿੰਤਾ ਭਰੀ ਸੀ । ਉਹ ਮਾਂ ਦੇ ਕੋਲ ਆਕੇ ਬਹਿ ਗਿਆ। ਮਾਂ ਨੇ ਫਿਰ ਓਹੀ ਪਿਛਲਾ ਵਖਿਆਨ ਆਰੰਭ ਦਿਤਾ-ਪੁਤ, ਮੈਂ ਤਾਂ ਹੁਣ ‘ਨਦੀ ਕਿਨਾਰੇ ਰੁਖੜਾ' ਹਾਂ, ਤੂੰ ਛੇਤੀ ਹੀ ਜਿਸਤਰਾਂ ਵੀ ਹੋਵੇ ਕੋਈ ਬੰਦੋਬਸਤ ਕਰ ਲੈ, ਮੈਂ ਵੀ ਜੀਉਂਦੇ-ਜੀ ਨੂੰਹ ਦਾ ਮੂੰਹ ਤਾਂ ਵੇਖ ਜਾਵਾਂ। ਅਜਿਹੇ ਧਨ ਨੂੰ ਅੱਗ ਲਗੇ, ਜੋ ਮੇਰੇ ਪੁਤਰ ਨੂੰ ਸੁਖੀ ਨਹੀਂ ਕਰ ਸਕਦਾ । ਜੇ ਹਜ਼ਾਰ ਤੋਂ ਮਿਲਦੀ ਏ ਤਾਂ ਹਜ਼ਾਰ ਹੀ ਖ਼ਰਚ ਕਰ ਦੇਹ ! ਤੂੰ ਜੀਊਂਦਾ ਰਿਹਾ ਤਾਂ ਲਖਾਂ ਆ ਜਾਣਗੇ । ਧਨ ਤਾਂ ਹਥ ਦੀ ਮੈਲ ਏ; ਪਰ ਜੇ ਮੈਂ ਨੂੰਹ ਨੂੰ ਵੇਖਣ ਤੋਂ ਬਿਨਾਂ ਹੀ ਮਰ ਗਈ ਤਾਂ ਮੈਨੂੰ ਸਵਰਗ ਵਿਚ ਵੀ ਚੈਨ ਨਹੀਂ ਆਵੇਗਾ?" ਇਤਨਾ ਕਹਿਕੇ ਰਾਮੂ ਦੀ ਮਾਂ ਰੋਣ ਲਗ ਪਈ ।
ਰਾਮੂ ਦਾ ਹਿਰਦਾ ਵੀ ਭਾਵੇਂ ਬੜਾ ਕੋਮਲ ਸੀ, ਉਹ ਹੋਰ ਸਭ ਗੱਲਾਂ ਨਾਲ ਪਸੀਜ ਸਕਦਾ ਸੀ ਪਰ ਰੁਪਏ ਪੈਸੇ ਦੇ ਖ਼ਰਚਣ ਦੇ ਮਾਮਲੇ ਵਿਚ ਉਸ ਉਤੇ ਰੋਣੇ ਧੋਣੇ ਵੀ ਕੋਈ ਅਸਰ ਨਹੀਂ ਸਨ ਕਰ ਸਕਦੇ । ਉਸ ਦੇ ਕੰਨ ਤੇ ਜੂੰ ਤਕ ਨਹੀਂ ਸੀ ਸਰਕਦੀ। ਪਰ ਮਾਂ ਦੇ ਰੋਣ ਦਾ ਵੀ ਕੋਈ ਅਸਚਰਜ ਅਸਰ ਹੁੰਦਾ ਹੈ । ਉਸਨੇ ਮਾਂ ਨੂੰ ਧੀਰਜ ਦੇਂਦਿਆਂ ਹੋਇਆਂ ਕਿਹਾ “ਮਾਂ ਜੀ, ਮੈਂ ਆਪ ਹੀ ਇਸੇ ਮਾਮਲੇ ਤੇ ਵਿਚਾਰ ਕਰ ਰਿਹਾ ਹਾਂ । ਭਲਕੇ ਦਿਹੁੰ ਚੜ੍ਹਦੇ ਹੀ ਮੈਂ ਬਾਬਾ ਜੀ ਕੋਲ ਜਾਵਾਂਗਾ । ਸੁਣਿਆ ਏ 'ਗਿਆਨ ਮੰਦਰ' ਵਿਚ ਕਲ ਮੇਲਾ ਹੈ। ਅਗੋਂ ਪਿਛੋਂ ਬਹੁਤ ਸਾਰੀਆਂ ਲੜਕੀਆਂ ਆਉਣਗੀਆਂ, ਭਰੋਸਾ ਏ ਬਾਬਾ ਜੀ ਕੋਈ ਪ੍ਰਬੰਧ ਕਰ ਦੇਣਗੇ। ਹਾਲਾਂ ਇਸੇ ਮਹੀਨੇ ਵਿਚ ਬਾਬਾ ਜੀ ਦੀ ਕਿਰਪਾ ਨਾਲ ਮੇਰੇ ਕੁਝ ਮਿਤ੍ਰਾਂ ਦਾ ਕਾਰਜ ਰਾਸ ਹੋ ਗਿਆ ਏ । ਮੈਨੂੰ ਕਲ ਈ ਇਸਦਾ ਪਤਾ ਲਗਾ ਹੈ” । ਮਾਂ ਨੂੰ ਰਾਮੂ ਦੀਆਂ ਏਹ ਗੱਲਾਂ ਸੁਣਕੇ ਕੁਝ ਹੌਸਲਾ ਹੋ ਗਿਆ। ਪੁਤਰ ਨੂੰ ਅਸ਼ੀਰਵਾਦ ਦਿਤੀ । ਬਾਬਾ ਜੀ ਦੇ ਲਈ ਵੀ ਕਿਹਾ-ਪਰਮਾਤਮਾਂ ਉਨ੍ਹਾਂ ਦਾ ਭਲਾ ਕਰੇ, ਉਹ ਬੜੇ ਪਰਉਪਕਾਰੀ ਹਨ, ਉਜੜੇ ਘਰ ਵਸਾਂਦੇ ਹਨ । ਫਿਰ ਉਹ ਉਠ ਬੈਠੀ ਤੇ ਪੁਤਰ ਲਈ ਭੋਜਨ ਦਾ ਥਾਲ ਪਰੋਸਨ ਬੈਠ ਗਈ ।
੨.
‘ਗਿਆਨ ਮੰਦਰ’ ਵਿਚ ਉਂਞ ਵੀ ਹਰ ਰੋਜ਼ ਭੀੜ ਭਾੜ ਹੀ ਰਹਿੰਦੀ ਹੈ ਪਰ ਹਫ਼ਤੇ ਦੇ ਸਤਾਂ ਦਿਨਾਂ ਵਿਚੋਂ ਛੇ ਦਿਨ ਤਾਂ ਚਰਸ, ਭੰਗ, ਸੁਲਫਾ ਤੇ ਹਫ਼ੀਮ ਹੀ ਉਡਦੇ ਰਹਿੰਦੇ ਹਨ ਤੇ ਇਨ੍ਹਾਂ ਲੋਕਾਂ ਦੀ ਖ਼ੂਬ ਰੌਣਕ ਰਹਿੰਦੀ ਹੈ ਪਰ ਸਤਵੇਂ ਦਿਨ ਤਾਂ ਪੁਤ੍ਰ-ਅਭਿਲਾਸ਼ੀਆਂ ਦਾ, ਪਤੀ ਵਸੀਕਰਨ ਮੰਤ੍ਰ ਜੰਤ੍ਰ ਲੈਣ ਵਾਲੀਆਂ ਦਾ, ਜੇਬ ਕਟਿਆਂ ਦਾ, ਦਰਸ਼ਨ ਰਸ ਦੇ ਚਾਤ੍ਰਿਕਾਂ ਦਾ, ਭੀੜ ਵਿਚ ਮੋਢੇ ਘਸਾਣ ਦੇ ਪ੍ਰੇਮੀਆਂ ਦਾ ਅਤੇ ਮੁਲੱਮੇ ਦੇ ਗਹਿਣੇ ਤੇ ਹੋਰ ਟੀਪ-ਟਾਪ ਦੀਆਂ ਚੀਜ਼ਾਂ ਵੇਚਣ ਵਾਲਿਆਂ ਦਾ ਇਕ ਭਾਰੀ ਜੋੜ-ਮੇਲ ਹੋ ਜਾਂਦਾ ਹੈ । ਏਹ ਤਾਂ ਆਮ ਐਤਵਾਰਾਂ ਦੀ ਗਲ ਹੈ ਪਰ ਜੇ ਕੋਈ ਖ਼ਾਸ ਦਿਨ ਦਿਹਾਰ ਵਾਲਾ ਐਤਵਾਰ ਆ ਜਾਵੇ । ਫਿਰ ਤਾਂ ਕਹਿਣਾ ਹੀ ਕੀ ਹੈ, ਬਾਬਾ ਜੀ ਨੂੰ ਇਸ ਦਿਨ ਸ਼ਰਧਾਲੂ ਭਗਤਾਂ ਨੂੰ ਦਰਸ਼ਨ ਦੇਣ ਅਤੇ ਲੋੜਵੰਦ ਇਸਤ੍ਰੀਆਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਤੋਂ ਵੇਹਲ ਹੀ ਨਹੀਂ ਲਗਦੀ। ਵਿਚਾਰੇ ਕੀ ਕਰਨ, ਇਕੱਲੀ ਜਿੰਦੜੀ ਹੈ ਤੇ ਹਜ਼ਾਰਾਂ ਕੰਮ ਹਨ । ਫਿਰ ਮੰਦਰ ਦੇ ਕਾਰਜਾਂ ਤੋਂ ਬਿਨਾਂ ਹੋਰ ਵੀ ਸੈਂਕੜੇ ਕੰਮ ਹਨ । ਉਹ ਇਕਲੇ ਤੇ ਉਨ੍ਹਾਂ ਨੂੰ ਮਿਲਨ ਵਾਲੇ ਤੇ ਮਿਲਣ ਵਾਲੀਆਂ ਅਣਗਿਣਤ । ਬਾਬਾ ਜੀ ਧੰਨ ਹਨ ਜੋ ਫਿਰ ਵੀ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਦੇ ਰਹਿੰਦੇ ਹਨ । ਕੋਈ ਵੀ ਨਿਰਾਸ ਨਹੀਂ ਜਾਂਦਾ। ਬਸ ਲੋੜ ਇਸ ਗਲ ਦੀ ਹੈ ਕਿ ਬਾਬਾ ਜੀ ਪੁਰ ਪੂਰਨ ਸ਼ਰਧਾ ਕੀਤੀ ਜਾਵੇ ਅਤੇ ਸੁਖਣਾਂ ਦੇ ਮੁਤਾਬਕ ਭੇਟਾ ਚੜ੍ਹਾਈ ਜਾਵੇ। ਗੰਢ-ਕਟੇ ਤੇ ਜੇਬ ਕਤਰੇ ਵੀ ਦੰਡ ਤੋਂ ਬਚ ਜਾਂਦੇ ਹਨ । ਲੜਕੀਆਂ ਉਡਾਣ ਵਾਲਿਆਂ ਨੂੰ ਬਾਬਾ ਜੀ ਦੀ ਸ਼ਰਨ ਤੇ ਆਸਰਾ ਮਿਲ ਜਾਂਦਾ ਹੈ । ਉਧਾਰ ਚੁਕਣ ਵਾਲਿਆਂ ਨੂੰ ਵੀ ੨੫ ਤੋਂ ੫੦ ਫ਼ੀ ਸਦੀ ਤਕ ਸੂਦੀ ਰੁਪਿਆ ਮਿਲ ਜਾਂਦਾ ਹੈ ਤੇ ਉਹ ਆਪਣਾ ਸੰਕਟ ਦੂਰ ਕਰ ਲੈਂਦੇ ਹਨ। ਮਤਲਬ ਏਹ ਕਿ ਬਾਬਾ ਜੀ ਬੜੇ ਗੁਣਾਂ ਦੇ ਗੁਥਲੇ ਤੇ ਸ਼ਰਧਾ ਪੂਰਕ ਹਨ । ਮੰਦਰ ਤੋਂ ਤਾਂ ਨਹੀਂ ਪਰ ਮੰਦਰ ਦੇ ਮਹੰਤ ਜੀ ਤੋਂ ਸਭ ਬੁਰੇ ਭਲੇ, ਛੋਟੇ ਵਡੇ, ਇਸਤਰੀ ਮਰਦ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ।
ਅਜ ਰਾਮੂ ਸਵੇਰ ਸਾਰ ਹੀ ਮੰਦਰ ਵਿਚ ਪਹੁੰਚ ਗਿਆ ਅਤੇ ਮੌਕਾ ਮਿਲਦਿਆਂ ਹੀ ਬਾਬਾ ਜੀ ਨਾਲ ਮੁਲਾਕਾਤ ਹੋ ਗਈ । ਉਹ ਵੇਖ ਰਿਹਾ ਸੀ ਕਿ ਬਾਹਰ ਕਈ ਲੜਕੀਆਂ ਫਿਰ ਰਹੀਆਂ ਹਨ ਜੋ ਉਸਦੀ ਮਾਤਾ ਦੀ ਚੰਗੀ ਨੂੰਹ ਬਣਨ ਦੇ ਯੋਗ ਹਨ । ਕੋਈ ਕੋਈ ਤਾਂ ਬਹੁਤ ਹੀ ਚੰਗੀ ਹੈ । ਜੇ ਇਨ੍ਹਾਂ ਵਿਚੋਂ ਕੋਈ ਮਿਲ ਜਾਏ ਤਾਂ ਪੰਜ ਸੌ ਦੀ ਥਾਂ ਛੇ ਸੌ ਖਰਚ ਹੋ ਜਾਵੇ ਤਾਂ ਵੀ ਪ੍ਰਵਾਹ ਨਹੀਂ । ਉਹ ਸਤ ਸੌ ਤਕ ਵੀ ਜਾ ਸਕਦਾ ਹੈ। ਗਲ ਏਹ ਸੀ ਕਿ ਅਜ ਰਾਮੂ ਬੜਾ ਖ਼ੁਸ਼ ਸੀ । ਉਹ ਮਨ ਦੀਆਂ ਉਡਾਰੀਆਂ ਦੇ ਬਾਗ਼ ਵਿਚ ਵਿਚਰ ਰਿਹਾ ਸੀ। ਨਾਲ ਹੀ ਕੁੜੀਆਂ ਦੀ ਸੁੰਦਰਤਾ ਨੇ ਉਸਦੇ ਦਿਲ ਵਿਚ ਨਵੀਆਂ ਉਮੰਗਾਂ ਭਰ ਦਿਤੀਆਂ ਸਨ । ਉਸਨੇ ਬੜੀ ਨਿਮ੍ਰਤਾ ਤੇ ਦੀਨਤਾ ਨਾਲ ਬਾਬਾ ਜੀ ਨੂੰ ਕਿਹਾ “ਬਾਬਾ ਜੀ, ਅਸਾਂ ਗ਼ਰੀਬਾਂ ਉਪਰ ਵੀ ਕ੍ਰਿਪਾ-ਦ੍ਰਿਸ਼ਟੀ ਹੋ ਜਾਏ, ਸਾਡਾ ਸੁੰਞਾ ਘਰ ਵੀ ਵਸ ਜਾਏ । ਬਾਬਾ ਜੀ ਨੂੰ ਰਾਮੂ ਨੇ ਅਗੇ ਕਦੀ ਅਜੇਹਾ ਸੁਆਲ ਨਹੀਂ ਸੀ ਪਾਇਆ ਅਤੇ ਬਾਬਾ ਜੀ ਦੇ ਕਹਿਣ ਤੇ ਦੋ ਚਾਰ ਆਦਮੀਆਂ ਨੂੰ ਕੁਝ ਰੁਪਿਆ ਉਧਾਰ ਵੀ ਦਿਤਾ ਸੀ, ਜਿਸ ਕਰਕੇ ਬਾਬਾ ਜੀ ਇਸ ਦੇ ਅਹਿਸਾਨਵੰਦ ਵੀ ਸਨ । ਉਸ ਨੂੰ ਉਮੈਦ ਸੀ ਬਾਬਾ ਜੀ ਉਸਦੀ ਇਸ ਕੰਮ ਵਿਚ ਪੂਰੀ ਮਦਦ ਕਰਨਗੇ । ਉਹ ਸੁਣਕੇ ਬੋਲੇ—“ਰਾਮੂ ਭਾਈ, ਏਹ ਕੰਮ ਆਸਾਨ ਨਹੀਂ ਹੈ, ਜਾਨ ਜੋਖੋਂ ਦਾ ਕੰਮ ਹੈ; ਪਰ ਅਸਾਂ ਤਾਂ ਪਰਉਪਕਾਰ ਕਰਨ ਦਾ ਬੀੜਾ ਉਠਾਇਆ ਹੋਇਆ ਹੈ, ਇਸ ਕੰਮ ਵਿਚ ਜੋ ਜੋ ਮੁਸੀਬਤਾਂ ਆਉਂਦੀਆਂ ਹਨ ਉਹ ਅਸੀਂ ਜਾਣਦੇ ਹਾਂ ।”
ਰਾਮੂ-ਬਾਬਾ ਜੀ ਆਪ ਧੰਨ ਹੋ। ਜਦ ਆਪ ਨੇ ਅਗੇ ਇਤਨੇ ਘਰ ਵਸਾਏ ਹਨ ਤਾਂ ਮੇਰੇ ਤੇ ਵੀ ਮੇਹਰ ਕਰ ਦਿਓ ।
ਬਾਬਾ ਜੀ-ਰਾਮੂ, ਇਸ ਕੰਮ ਵਿਚ ਇਕ ਬਿਪਤਾ ਨਹੀਂ । ਰੁਪਏ ਦਾ ਖ਼ਰਚ ਹੈ। ਪੁਲਸ ਨੂੰ ਰਾਜ਼ੀ ਰਖਣਾ ਪੈਂਦਾ ਹੈ, ਪੈਰ ਪੈਰ ਤੇ ਬੜੀ ਚਤਰਤਾ ਨਾਲ ਚਲਣਾ ਪੈਂਦਾ ਹੈ । ਮਹੰਤ ਜੀ ਨੂੰ ਵੀ ਰਾਜ਼ੀ ਕਰਨਾ ਹੁੰਦਾ ਹੈ, ਆਪ ਲੋਕਾਂ ਦੀ ਖ਼ਾਹਸ਼ ਮੁਤਾਬਕ ਮਾਲ ਵੀ ਲਭਣਾ ਪੈਂਦਾ ਹੈ । ਫਿਰ ਸੌਦਾ ਠੀਕ ਕਰਾਣਾ, ਰਕਮ ਵਸੂਲ ਕਰਕੇ ਦੇਣੀ ਲੈਣੀ, ਬੀਸਿਓਂ ਝੰਝਟ ਹਨ । ਤੂੰ ਕੀ ਜਾਣੇਂ ? ਫਿਰ ਮੁਸੀਬਤ ਇਹ ਕਿ ਜਦ ਲੋਕਾਂ ਦਾ ਮਤਲਬ ਨਿਕਲ ਜਾਂਦਾ ਹੈ ਤਾਂ ਉਹ ਆਪਣੇ ਸਭ ਇਕਰਾਰ ਘੋਟ ਕੇ ਪੀ ਜਾਂਦੇ ਹਨ ।
ਰਾਮੂ ਨੇ ਸੁਣਿਆ । ਉਹਦੇ ਦਿਲ ਉਤੇ ਬੜਾ ਪ੍ਰਭਾਵ ਪਿਆ। ਬਾਬਾ ਜੀ ਦੀਆਂ ਮੁਸ਼ਕਲਾਂ ਦਾ ਨਕਸ਼ਾ ਉਸ ਦੀਆਂ ਅੱਖਾਂ ਅੱਗੇ ਫਿਰ ਗਿਆ । ਜਦ ਉਹ ਇਹ ਸਭ ਕੁਝ ਚੰਗੀ ਤਰ੍ਹਾਂ ਅਨੁਭਵ ਕਰ ਚੁਕਿਆ ਤਾਂ ਬੋਲਿਆ:-
“ਬਾਬਾ ਜੀ ਆਪ ਜਾਣਦੇ ਹੋ, ਮੈਂ ਉਨ੍ਹਾਂ ਲੋਕਾਂ ਵਿਚੋਂ ਨਹੀਂ ਹਾਂ, ਮੈਂ ਤਾਂ ਸਮਝਦਾ ਹਾਂ ਸੰਸਾਰ ਵਿਚੋਂ ਧਨ ਨੇਂ ਨਾਲ ਨਹੀਂ ਜਾਣਾ, ਧਰਮ ਨੇ ਹੀ ਨਿਭਣਾ ਹੈ। ਮੈਂ ਤਾਂ ਜੋ ਇਕਰਾਰ ਕਰਾਂਗਾ ਸਿਰ ਦੇ ਨਾਲ ਨਿਭਾਵਾਂਗਾ ਤੇ ਸਾਰੀ ਉਮਰ ਆਪ ਦੇ ਗੁਣ ਗਾਵਾਂਗਾ।”
ਬਾਬਾ ਜੀ ਕੋਲ ਵਾਧੂ ਗਲਾਂ ਲਈ ਸਮਾਂ ਨਹੀਂ ਸੀ । ਉਨ੍ਹਾਂ ਨੇ ਝਟ ਪਟ ਸਿਧੀ ਵਪਾਰਕ ਗਲ ਛੇੜ ਦਿਤੀ-“ਲੜਕੀ ਕਿਤਨੀ ਉਮਰ ਦੀ ਚਾਹੀਏ ? ਵਿਧਵਾ ਹੋਵੇ ਕਿ ਕੰਵਾਰੀ ? ਤੂੰ ਕਿਤਨੀ ਕੁ ਰਕਮ ਖ਼ਰਚ ਕਰ ਸਕੇਂਗਾ ?"
ਰਾਮੂ ਦੀਆਂ ਬਾਛਾਂ ਖੁਲ੍ਹ ਗਈਆਂ । ਸਮਝਿਆ ਅਜ ਰਾਤ ਤਕ ਹੀ ਨਵੀਂ ਵਹੁਟੀ ਘਰ ਪਹੁੰਚ ਜਾਏਗੀ ਤੇ ਖ਼ੂਬ ਮੌਜ ਹੋਵੇਗੀ। ਬੋਲਿਆ-‘ਪੰਦਰਾਂ ਵਰ੍ਹਿਆਂ ਦੇ ਲਗ-ਪਗ ਹੋਵੇ ਤਾਂ ਚੰਗਾ ਹੈ । ਵਿਧਵਾ ਹੋਵੇ ਜਾਂ ਕੰਵਾਰੀ, ਕੋਈ ਗਲ ਨਹੀਂ, ਮਾਲ ਚੰਗਾ ਹੋਵੇ। ਪੰਜ ਸੌ ਰੁਪਏ ਖ਼ਰਚ ਦਿਆਂਗਾ ਅਤੇ ਪੰਜਾਹ ਰੁਪਿਆ ਆਪ ਦੀ ਭੇਟਾ ਵੀ ਕਰਾਂਗਾ ।"
ਗਲ ਕਿਤਨੀ ਸੰਖੇਪ ਤੇ ਮੁਨਾਸਬ ਸੀ, ਪਰ ਏਹ ਸੁਣਦਿਆਂ ਹੀ ਬਾਬਾ ਜੀ ਕ੍ਰੋਧ ਨਾਲ ਲਾਲੋ ਲਾਲ ਹੋ ਗਏ। “ਪੰਜਾਹ ਰੁਪਏ ਭੇਟਾ ? ਕੀ ਅਸੀਂ ਕੋਈ ਦਲਾਲ ਹਾਂ ? ਜਾ ਪਰੇ ਹਟ, ਐਥੋਂ ਟੁਰ ਜਾ, ਅਸਾਂ ਤਾਂ ਪਰ-ਸੁਆਰਥ ਲਈ ਏਹ ਕੰਮ ਕੀਤਾ ਏ ਅਤੇ ਤੂੰ ਆਪਣੇ ਵਾਂਗ ਹੀ ਦੁਨੀਆਂ ਨੂੰ ਸੁਆਰਥੀ ਤੇ ਲਾਲਚੀ ਬਾਣੀਆ ਜਾਣਨਾ ਏਂ, ਜਾ ਆਪਣਾ ਰਾਹ ਪਕੜ, ਅਸਾਂ ਤਾਂ ਇਸ ਤਰ੍ਹਾਂ ਦੀ ਕਦੀ ਇਕ ਕੌਡੀ ਵੀ ਨਹੀਂ ਛੋਹੀ । ਸਾਡੇ ਮੰਦਰ ਦੀ ਆਮਦਨ ਥੋੜੀ ਏ ? ਕੀ ਇਸ ਕਲਜੁਗ ਵਿਚ ਸਾਡੇ ਸੇਵਕਾਂ ਦਾ ਤੇ ਭਗਤਾਂ ਦਾ ਕੋਈ ਘਾਟਾ ਏ ! ਈਸ਼੍ਵਰ ਨਾ ਕਰੇ ਪਰ ਜੋ ਅਸੀਂ ਅਜਿਹੇ ਰੁਪਏ ਕਿਸੇ ਭਲੇ ਕੰਮ ਲਾਣ ਲਈ ਲੈ ਵੀ ਲਈਏ ਤਾਂ ਤੂੰ ਹੀ ਦਸ, ਪੰਜਾਹ ਰੁਪਿਆਂ ਨਾਲ ਕੀ ਬਣਾਈਏ ? ਹੇਠਾਂ ਵਿਛਾਈਏ ਕਿ ਉਤੇ ਲਈਏ ? ਵਾਹ ਬਈ ਵਾਹ, ਤੂੰ ਬੜਾ ਦਾਨੀ ਆ ਗਿਐਂ ! ਜੇਹੜਾ ਆਦਮੀ ਤੈਨੂੰ ਵਹੁਟੀ ਲਿਆ ਦੇਵੇ, ਜਾਨ ਖ਼ਤਰੇ ਵਿਚ ਪਾਏ, ਉਹ ਲਵੇ ਪੰਜਾਹ ਅਤੇ ਜਿਨ੍ਹਾਂ ਨੇ ਵੇਚਣੀ ਹੀ ਏ, ਭਾਵੇਂ ਕੋਈ ਲਵੇ; ਉਨ੍ਹਾਂ ਨੂੰ ਪੰਜ ਸੌ ! ਬਲੇ ਓਏ ਲੌਂਗਾਂ ਦੇ ਵਪਾਰੀਆ, ਕਿਰਪਾ ਕਰ ਹੁਣ ਇਥੋਂ ਚਲਾ ਜਾਹ ।”
ਏਹ ਸੁਣਦਿਆਂ ਹੀ ਰਾਮੂ ਨੇ ਤਾਂ ਬਾਬਾ ਜੀ ਦੇ ਪੈਰ ਪਕੜ ਲਏ “ਬਾਬਾ ਜੀ, ਮਾਫ਼ ਕਰਨਾ, ਮੇਰੇ ਤਾਂ ਆਪ ਹੀ ਪਰਮਾਤਮਾ ਹੋ। ਮੇਰੇ ਉਪਰ ਦਿਆ ਕਰੋ। ਆਪ ਜੋ ਕੁਝ ਵੀ ਹੁਕਮ ਕਰੋਗੇ ਮੈਂ ਪ੍ਰਵਾਨ ਕਰਾਂਗਾ । ਸਾਰੀ ਉਮਰ ਆਪ ਦਾ ਸੇਵਕ ਰਹਾਂਗਾ ਤੇ ਕੀਤਾ ਨਹੀਂ ਮੁਕਾ ਸਕਾਂਗਾ । ਮੈਥੋਂ ਭੁਲ ਹੋ ਗਈ । ਮੈਂ ਝੱਖ ਮਾਰੀ। ਆਪ ਮਾਫ਼ ਕਰ ਦਿਓ । ਆਪ ਦਿਆਲ ਹੋ, ਕ੍ਰਿਪਾਲੂ ਹੋ, ਬਖ਼ਸ਼ਨਹਾਰ ਹੋ।” ਗਲ ਕੀ ਰਾਮੂ ਨੇ ਬੜੀ ਅਧੀਨਗੀ ਨਾਲ ਬਾਬਾ ਜੀ ਨੂੰ ਨਿਸਚਾ ਕਰਾਇਆ ਕਿ ਓਹ ਉਨ੍ਹਾਂ ਦੀ ਹਰ ਤਰ੍ਹਾਂ ਆਗਿਆ ਪਾਲਣ ਕਰੇਗਾ ਤੇ ਸੇਵਾ ਕਰੇਗਾ। ਇਸ ਦੇ ਮਗਰੋਂ ਕੁਝ ਹੋਰ ਗੱਲਾਂ ਬਾਤਾਂ ਹੋਈਆਂ । ਰਾਮੂ ਬਾਬਾ ਜੀ ਦੀਆਂ ਗਲਾਂ ਨਾਲ ਰਾਜ਼ੀ ਹੋ ਕੇ ਖ਼ੁਸ਼ੀ ਖ਼ੁਸ਼ੀ ਵਾਪਸ ਚਲਾ ਗਿਆ ਤੇ ਸ਼ਾਮ ਨੂੰ ਮੁੜ ਆਉਣ ਦਾ ਇਕਰਾਰ ਕਰ ਗਿਆ।
੩.
ਰਾਮੂ ਗਿਆ ਤਾਂ ਹੋਰ ਕਈ ਆਪੋ ਆਪਣੀਆਂ ਲੋੜਾਂ ਕਾਮਨਾਵਾਂ ਵਾਲੇ ਬਾਬਾ ਜੀ ਪਾਸ ਆ ਪਹੁੰਚੇ । ਕੁਈ ੯ ਵਜੇ ਦੇ ਲਗ ਪਗ ਮਗਨ ਲਾਲ ਮਾਰਵਾੜੀ ਆਇਆ । ਮਗਨ ਲਾਲ ਨੂੰ ਕੌਣ ਨਹੀਂ ਜਾਣਦਾ ? ਪੁਲਸ ਵਾਲੇ, ਦਵਾਲੀਏ, ਲੜਕੀਆਂ ਵੇਚਣ ਵਾਲੇ, ਖ਼ਰੀਦਨ ਵਾਲੇ ਸਭ ਹੀ ਜਾਣਦੇ ਹਨ । ਗੁੰਡਾ-ਦਲ ਨਾਲ ਤਾਂ ਇਨ੍ਹਾਂ ਦਾ ਗੂੜ੍ਹਾ, ਯਰਾਨਾ ਹੈ। ਮਗਨ ਲਾਲ ਕੁਲ ਤ੍ਰੈ ਵੇਰ ਜੇਹਲਖ਼ਾਨੇ ਗਿਆ ਹੈ। ਉਸਦੇ ਸਾਥੀਆਂ ਨੂੰ ਤਾਂ ਪੁਲਸ ਨੇ ਫਿਰ ਵਡੇ ਘਰ ਭੇਜ ਦਿਤਾ ਪਰ ਇਸ ਨੂੰ ਛੁਟਿਆਂ ਹੋਇਆਂ ੩ ਸਾਲ ਹੋ ਗਏ ਹਨ। ਬਾਬਾ ਜੀ ਮਗਨ ਲਾਲ ਨੂੰ ਵਡਾ ਬਾਬਾ ਕਿਹਾ ਕਰਦੇ ਸਨ । ਹਾਂ ਜੀ ਉਹ ਤਾਂ ਗੁਰੂ ਘੰਟਾਲਾਂ ਦਾ ਵੀ ਗੁਰੂ ਹੈ । ਗਲ ਵੀ ਸਚੀ ਹੈ, ਬਾਬਾ ਜੀ ਭਾਵੇਂ ਲਖ ਯਤਨ ਕਰਨ ਉਸਨੂੰ ਪਹੁੰਚ ਨਹੀਂ ਸਕਦੇ । ਫਿਰ ਬਾਬਾ ਜੀ ਮੰਦਰ ਵਿਚ ਰਹਿੰਦੇ ਹਨ । ਮੰਦਰ ਦੀ ਮੂਰਤੀ ਦਾ ਅਤੇ ਮੰਦਰ ਦੇ ਪੁਜਾਰੀਆਂ ਦੀ ਵੀ ਇਨ੍ਹਾਂ ਨੂੰ ਧਿਆਨ ਰਹਿੰਦਾ ਹੈ; ਕਾਰਨ ਏਹ ਹੈ ਕਿ ਨਾ ਤਾਂ ਸਾਰੇ ਪੁਜਾਰੀ ਰਾਮੂ ਵਰਗੇ ਸਨ ਤੇ ਨਾ ਹੀ ਸਾਰੀਆਂ ਪੁਜਾਰਨਾਂ ਵਿਧਵਾਂਵਾਂ ਜਾਂ ...........।
ਮਗਨ ਲਾਲ ਨੇ ਆਉਂਦੇ ਹੀ ਬਿਉਹਾਰ ਦੀ ਗਲ ਛੇੜ ਦਿਤੀ-
“ਦਸੋ ਬਾਬਾ ਜੀ ਅਜ ਕੀ ਮੰਗ ਹੈ ?” ਆਪ ਇਨ੍ਹਾਂ ਮੰਗਾਂ ਬਾਰੇ ਇਸਤਰ੍ਹਾਂ ਉਮੰਗ ਤੇ ਚਾਉ ਨਾਲ ਪੁਛਿਆ ਕਰਦੇ ਸਨ ਜਿਵੇਂ ਕੋਈ ਦਸਵੀਂ ਪਾਸ ਦੋ ਵਰ੍ਹੇ ਤੋਂ ਵੇਹਲਾ ਲੜਕਾ ਨੌਕਰੀ ਦੀ ਲੋੜ ਲਈ ਪੁਛਦਾ ਫਿਰਦਾ ਹੋਵੇ । ਬਾਬਾ ਜੀ ਏਹ ਵੀ ਜਾਣਦੇ ਸਨ ਕਿ ਮਗਨ ਲਾਲ ਦਾ ਸਮਾਂ ਬੜਾ ਕੀਮਤੀ ਹੈ ਇਸ ਵਾਸਤੇ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਦੇ ਸਨ । ਸੁਖ ਅਨੰਦ ਪੁਛਣ ਮਗਰੋਂ ਜੇ ਕੋਈ ਨਵੀਂ ਤਾਜ਼ੀ ਖ਼ਬਰ ਹੋਈ ਤਾਂ ਕਹਿ ਦੇਂਦੇ ਸਨ । ਬੋਲੇ-
“ਅੱਜ ਬਾਜ਼ਾਰ ਠੰਢਾ ਏ, ਕੇਵਲ ਇਕੋ ਮੰਗ ਏ । ਪੰਦਰਾਂ ਵਰ੍ਹੇ ਦੇ ਗਲ ਪਗ ਦੀ ਕੋਈ ਲੜਕੀ ਭਾਵੇਂ ਵਿਧਵਾ ਭਾਵੇਂ ਕੰਵਾਰੀ ਚਾਹੀਦੀ ਏ।"
“ਅਤੇ ਮਿਲੇਗਾ ਕੀ ?"
“ਪੰਜ ਸੌ ਰੁਪਿਆ।"
“ਛੀਹ, ਛੀਹ; ਏਹ ਵੀ ਕੋਈ ਸੌਦਾ ਏ? ਕੇਹੜਾ ਸਾਲਾ ਉਲੂ, ਪਾਜੀ ਇਸ ਜ਼ਮਾਨੇ ਵਿਚ ਪੰਦਰਾਂ ਸਾਲ ਦੀ ਲੜਕੀ ਪੰਜ ਸੌ ਤੌਂ ਮੰਗਦਾ ਏ ? ਉਸਦੇ ਹੋਸ਼-ਹਵਾਸ ਠੀਕ ਨਿ ਕਿ ਪਾਗਲ ਹੋ ਗਿਆ ਏ ?”
ਬਾਬਾ ਜੀ ਨੇ ਉਤਰ ਦਿਤਾ-
“ਰਾਮੂ ਬਾਣੀਆ ਜੇਹੜਾ ਚੌਕ ਵਿਚ ਆਟੇ-ਦਾਣੇ ਦੀ ਦੁਕਾਨ ਕਰਦਾ ਏ, ਉਹ ਆਇਆ ਸੀ।”
ਮਗਨ ਲਾਲ ਨੇ ਨਫ਼ਰਤ ਨਾਲ ਕਿਹਾ-
“ਹੱਤ ਤੇਰੀ.........ਮਖੀ ਚੂਸ ਬਾਣੀਆ, ਵਰ੍ਹਿਆਂ ਤੋਂ ਧਨ ਜੋੜ ਜੋੜ ਕੇ ਹੁਣ ਪੰਜ ਸੌ ਨਾਲ ਵਿਆਹ ਲੋੜਦਾ ਏ । ਪੰਜ ਸੌ ਦੇਂਦਿਆਂ ਵੀ ਉਸਨੂੰ ਤਾਂ ਪੇਟ-ਦਰਦ ਪੈਂਦਾ ਹੋਵੇਗਾ । ਅਜੇਹਾ ਪਾਜੀ ਆਦਮੀ ਮੈਂ ਕਦੀ ਨਹੀਂ ਵੇਖਿਆ । ਰੁਪਏ ਵੀ ਨਹੀਂ ਖ਼ਰਚਨਾ ਚਾਹੁੰਦਾ ਅਤੇ ਮਾਲ ਵੀ ਵਧੀਆ ਮੰਗਦਾ ਏ ।”
ਇਹ ਕਹਿੰਦਾ ਹੋਇਆ ਮਗਨ ਲਾਲ ਚੁਪ ਹੋ ਗਿਆ, ਦਿਲ ਵਿਚ ਕਹਿਣ ਲਗਾ : ਅਜੇਹੇ ਕੰਜੂਸ-ਮਖੀ ਚੂਸ ਨੂੰ ਤਾਂ ਕੁਝ ਮਜ਼ਾ ਚਖਾਣਾ ਚਾਹੀਦਾ ਏ । ਫਿਰ ਬੋਲਿਆ-
“ਹਛਾ ਬਾਬਾ ਜੀ ਕੁਝ ਹੋਰ ਵੀ ਏ ?"
“ਹੋਰ ਤਾਂ ਅਜ ਕੋਈ ਨਹੀਂ ।”
ਮਗਨ ਲਾਲ ਸੋਚਣ ਲੱਗਾ ਅੱਜ ਕਲ ਕਾਰੋਬਾਰ ਕੁਝ ਢਿਲਾ ਹੀ ਹੈ । ਚਲੋ ਨਸਦੇ ਚੋਰ ਦੀ ਲੰਗੋਟੀ ਹੀ ਸਹੀ-"ਤਾਂ ਬਾਬਾ ਜੀ ਆਪ ਦੀ ਕੀ ਸਲਾਹ ਏ ਫਿਰ ?"
“ਸਲਾਹ ਕੀ ਏ, ਪੰਜ ਸੌ ਤਾਂ ਆਪ ਕਹਿ ਹੀ ਗਿਆ ਏ। ਬਾਕੀ ਤੁਹਾਡੀ ਹਿੰਮਤ ਨਾਲ ਕੁਝ ਵਧ ਵੀ ਜਾਵੇਗਾ ।”
ਮਗਨ ਲਾਲ-ਤਾਂ ਫਿਰ ਏਹ ਕੰਮ ਅਜ ਹੀ ਨਿਬੜ ਜਾਣਾ ਚਾਹੀਏ !
ਬਾਬਾ ਜੀ-(ਹੈਰਾਨ ਹੋਕੇ) ਓਹ ਕਿਵੇਂ ?
ਮਗਨ ਲਾਲ-ਮੇਰੇ ਕੋਲ ਇਕ ਲੜਕੀ ਤਿਆਰ ਏ ।
ਬਾਬਾ ਜੀ-ਸ਼ਹਿਰ ਤੋਂ ਯਾ ਮੰਦਰ ਵਿਚੋਂ ?
ਮਗਨ ਲਾਲ ਬੇਪ੍ਰਵਾਹੀ ਨਾਲ ਬੋਲਿਆ:-“ਬਾਬਾ ਜੀ ਆਪ ਉਤੇ ਤਾਂ ਮੰਦਰ ਦੀ ਚਿੰਤਾ ਹੀ ਸਵਾਰ ਏ। ਇਹ ਤਾਂ ਆਪ ਹਾ ਹਲਕਾ ਹੈ । ਤੁਹਾਡੇ ਮਾਲ ਵਿਚ ਮੈਂ ਕਿਉਂ ਦਖਲ ਦੇਵਾਂ ? ਸ਼ਹਿਰ ਤੋਂ ਨਾਲ ਲਿਆਇਆ ਆਂ । ਬਾਹਰ ਖੜੋਤੀ ਏ । ਕਹੋ ਤਾਂ ਵਿਖਾ ਦਿਆਂ ?"
ਬਾਬਾ ਜੀ-ਜਿਵੇਂ ਤੁਹਾਡੀ ਇਛਿਆ ।
ਮਗਨ ਲਾਲ ਝਟ ਪਟ ਬਾਹਰ ਚਲਾ ਗਿਆ । ਪੰਜਾਂ ਮਿੰਟਾਂ ਵਿਚ ਤੀਵੀਆਂ ਦੇ ਇਕੱਠ ਵਿਚੋਂ ਇਕ ਮੁਟਿਆਰ ਨੂੰ ਸਦ ਕੇ ਲੈ ਆਇਆ। ਉਹ ਬੜੀ ਲਜਿਆਵਤੀ ਸੀ । ਮੂੰਹ ਉਤੋਂ ਘੁੰਡ ਤਾਂ ਚੁਕਦੀ ਹੀ ਨਹੀਂ ਸੀ। ਕਪੜੇ ਉਸਨੂੰ ਬੜੇ ਕੀਮਤੀ ਤੇ ਭੜਕੀਲੇ ਪਏ ਸਨ। ਉਸ ਦੀਆਂ ਗੋਲ ਗੋਲ ਬਾਹਾਂ ਵਿਚ ਦੋ ਸੋਨੇ ਦੀਆਂ ਚੂੜੀਆਂ ਸਨ ਤੇ ਪਤਲੀਆਂ ਸੁੰਦਰ ਉਂਗਲਾਂ ਨੂੰ ਛਾਪਾਂ ਭੀ ਸੋਭਦੀਆਂ ਸਨ । ਉਹ ਬੜੀ ਨਖ਼ਰਿਆਂ ਭਰੀ ਚਾਲ ਨਾਲ ਤੁਰਦੀ ਸੀ । ਮਗਨ ਲਾਲ ਨੇ ਉਸ ਨੂੰ ਬੁਲਾਣ ਲਈ ਭੀ ਅਸਚਰਜ ਢੰਗ ਵਰਤਿਆ। ਕੇਵਲ ਇਕ ਖੰਘੂਰਾ ਮਾਰਿਆ ਤੇ ਉਹ ਆ ਗਈ। ਬਾਬਾ ਜੀ ਨੇ ਜਦ ਉਸ ਨੂੰ ਵੇਖਿਆ ਤਾਂ ਅਸਚਰਜ ਹੋ ਗਏ । ਅਜੇਹੇ ਸੁੰਦਰ ਮਹਿੰਦੀ-ਰੰਗ ਹਥ ਪੈਰ ਅਤੇ ਸਡੌਲ ਸਰੀਰ । “ਅਜੇਹੀ ਸੁੰਦਰੀ ਉਸ ਕਾਲੇ ਭੂਤ ਨੂੰ ਦੇਣਾ ਚਾਹੁੰਦੇ ਓ ? ਮਗਨ ਲਾਲ ! ਇਸ ਦੇ ਭਗਵਾਨ ਚਾਹੇ ਤਾਂ ਪੰਜ ਹਜ਼ਾਰ ਮਿਲ ਸਕਦੇ ਹਨ ।" ਬਾਬਾ ਜੀ ਨੇ ਬੜੀ ਹੈਰਾਨੀ ਨਾਲ ਕਿਹਾ ।
ਇਹ ਸੁਣਦੇ ਹੀ ਮਗਨ ਲਾਲ ਖਿੜ ਖਿੜਾਕੇ ਹਸ ਪਿਆ ਤੇ ਕਿਹਾ—-“ਮਲੂਮ ਹੁੰਦਾ ਏ ਬਾਬਾ ਜੀ, ਇਸ ਪਰ ਤਾਂ ਤੁਹਾਡਾ ਦਿਲ ਵੀ ਭਰਮ ਗਿਆ ਏ, ਕਿਉਂ ਦਿਲ ਦੀ ਬੁਝੀ ਏ ਕਿ ਨਹੀਂ ?”
ਬਾਬਾ ਜੀ ਕੁਝ ਲੱਜਾਵਾਨ ਹੋ ਕੇ ਬਲੇ“ਸਾਡਾ ਜੀ ਕੀ ਭਰਮਣਾ ਏ, ਪਰ ਉਂਞ ਅਸੀਂ ਵੀ ਤਾਂ ਮਨੁੱਖ ਹੀ ਆਂ। ਆਖ਼ਰ ਅਸਾਂ ਵੀ ਕਦੀ ਨ ਕਦੀ ਵਿਆਹ ਕਰਨਾ ਹੀ ਏ ਨਾ । ਮਗਨ ਲਾਲ ਤਾਂ ਠਾਹ ਠਾਹ ਕਰਕੇ ਹੱਸਿਆ ਅਤੇ ਬਾਬਾ ਜੀ ਨੂੰ ਰਤਾ ਪਰ੍ਹੇ ਕਰਕੇ ਕੰਨ ਨਾਲ ਮੂੰਹ ਲਾਕੇ ਗੋਸ਼ੇ ਨਾਲ ਕੁਝ ਸਮਝਾਇਆ । ਬਾਬਾ ਜੀ ਏਹ ਸੁਣ ਕੇ ਉਸਦੇ ਪੈਰਾਂ ਤੇ ਹਥ ਲਾਣ ਲਗ ਪਏ ਤੇ ਬੋਲੇ-“ਬਾਬਾ ਤੂੰ ਸਾਡਾ ਗੁਰੂ ਤੇ ਅਸੀਂ ਤੇਰੇ ਚੇਲੇ, ਤੈਨੂੰ ਅਸੀ ਨਹੀਂ ਪਹੁੰਚ ਸਕਦੇ, ਤੂੰ ਤਾਂ ਸਚ ਮੁਚ ਮਹਾਂ ਗੁਰੂ ਘੰਟਾਲ ਏਂ।"
ਮਗਨ ਲਾਲ ਬੋਲਿਆ : ਹੁਣ ਸੋਚ ਲੌ ਤੇ ਦਸੋ ਕਿ ਏਹ ਸੁੰਦਰੀ ਤੁਸਾਂ ਆਪ ਵਿਆਹੁਣੀ ਏ ਕਿ ਰਾਮੂ ਨੂੰ ਦੇਣੀ ਏ !
ਬਾਬਾ ਜੀ ਹੁਣ ਸੰਭਲ ਚੁਕੇ ਸਨ, ਬੋਲੇ-‘ਨਹੀਂ ਬਾਬਾ, ਏਹ ਸੁੰਦਰੀ ਸਾਨੂੰ ਨਹੀਂ ਚਾਹੀਦੀ, ਤੁਸਾਂ ਦੇਸ-ਪ੍ਰਦੇਸ ਛਾਣੇ ਹੋਏ ਨਿ, ਕਈ ਪਾਪੜ ਵੇਲੇ ਹੋਏ ਨਿ ਏਹ ਤੁਸੀ ਈ ਸਾਂਭ ਸਕਦੇ ਹੋ ਅਸੀਂ ਗਦੀਆਂ ਤੇ ਬੈਠਣ ਵਾਲੇ ਅਜੇਹੀਆਂ ਸੁੰਦਰੀਆਂ ਦੇ ਯੋਗ ਨਹੀਂ ਆਂ।”
ਮਗਨ ਲਾਲ-ਹੱਛਾ ਦਸੋ ਤਾਂ ਫਿਰ ਉਸ ਬਾਣੀਏ ਨੂੰ ਹੁਣੇ ਬੁਲਵਾ ਸਕਦੇ ਹੋ ?
ਬਾਬਾ ਜੀ-ਬੁਲਾ ਤਾਂ ਸਕਦੇ ਹਾਂ ਪਰ ਏਹ ਕੁਝ ਟੇਢੀ ਖੀਰ ਨਜ਼ਰ ਅਉਂਦੀ ਏ । ਉਹ ਬਾਣੀਆ ਸਾਲਾ ਹੈ ਬੜਾ ਹੁਸ਼ਿਆਰ।
ਮਗਨ ਲਾਲ-ਤੁਸੀ ਕੋਈ ਚਿੰਤਾ ਨ ਕਰੋ । ਸਾਨੂੰ ਆਪਣੇ ਮੁਲ ਨਾਲ ਮਤਲਬ ਏ ਅਤੇ ਏਹ ਵੀ ਕੋਈ ਮੂਰਖ ਨਹੀਂ । ਵੇਖੋ ਸਭ ਕੰਮ ਠੀਕ ਹੋ ਜਾਵੇਗਾ।
ਬਾਬਾ ਜੀ ਕੁਝ ਸੋਚ ਕੇ ਬੋਲੇ--ਹਛਾ ਤਾਂ ਵਿਆਹ ਕਿਥੇ ਹੋਵੇਗਾ ? ਤੇ ਕੰਨਿਆ ਦਾਨ ਕੌਣ ਕਰੇਗਾ ?
ਮਗਨ ਲਾਲ-ਤੁਸੀਂ ਕਰੋਗੇ ਹੋਰ ਕੌਣ ? ਰਾਮ ਨੂੰ ਕਹਿਣਾ ਏਹ ਵਿਧਵਾ ਲੜਕੀ ਏ । ਬੜੇ ਸਾਊ ਘਰ ਦੀ ਏ। ਅਜ ਹੀ ਮੇਰੇ ਪਾਸ ਆਈ ਹੈ । ਕਹਿੰਦੀ ਏ ਮੈਂ ੧੬ ਸਾਲ ਦੀ ਹਾਂ ਅਤੇ ਸਾਰੀ ਉਮਰ ਕਿਵੇਂ ਕਟੇਗੀ ? ਕਿਸੇ ਭਲੇ ਲੋਕ ਦੇ ਲੜ ਲਾ ਦਿਓ ! ਮੇਰਾ ਕੋਈ ਹੋਰ ਰਿਸ਼ਤੇਦਾਰ ਨਹੀਂ । ਇਕੋ ਚਾਚਾ ਏ, ਉਹ ਬੜਾ ਲਾਲਚੀ ਏ । ਮੈਨੂੰ ਇਕ ਬੁਢੇ ਅਗੇ ਵੇਚਨਾ ਚਾਹੁੰਦਾ ਸੀ, ਇਸ ਕਰਕੇ ਮੈਂ ਨਸ ਆਈ ਆਂ । ਫਿਰ ਏਹ ਕਹਿਣਾ ਅਸੀ ਤੇਰੇ ਘਰ ਬਾਰ ਤੇ ਧਨ ਬਾਰੇ ਇਸਦੀ ਪੂਰੀ ਪੂਰੀ ਤਸੱਲੀ ਕਰਾ ਦਿਤੀ ਏ ਅਤੇ ਏਹ ਹੁਣ ਖ਼ੁਸ਼ੀ ਖੁਸ਼ੀ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਏ । ਮੈਂ ਵੀ ਅਗੇ ਪਿਛੇ ਕਿਤੇ ਕੋਲ ਈ ਹੋਵਾਂਗਾ ਅਤੇ ਆਪ ਦੀਆਂ ਗਲਾਂ ਦੀ ਆਕੇ ਤਾਈਦ ਕਰ ਦਿਆਂਗਾ ।
ਬਾਬਾ ਜੀ ਨੇ ਕਿਹਾ, ਏਹ ਤਾਂ ਸਭ ਕੁਝ ਠੀਕ ਹੋ ਜਾਵੇਗਾ ਪਰ............"
ਮਗਨ ਲਾਲ ਨੇ ਕੁਝ ਤੇਜ਼ ਹੋ ਕੇ ਕਿਹਾ-ਤੁਹਾਡੀ ਬੁਧੀ ਤੇ ਅਜ ਪਥਰ ਕਿਉਂ ਪੈ ਗਏ ਨੇ ? ਤੁਹਾਡੀ ਕਾਹਦੀ ਜ਼ਿੰਮੇਵਾਰੀ ਏ ? ਤੁਸਾਂ ਏਹ ਸਾਫ਼ ਸਾਫ਼ ਕਹਿ ਦੇਣਾ ਅਸੀ ਵਧੇਰੇ ਕੁਝ ਨਹੀਂ ਜਾਣਦੇ, ਏਹ ਅਜੋਂ ਹੀ ਸਾਡੇ ਪਾਸ ਆਈ ਸੀ ਅਤੇ ਜੋ ਕੁਝ ਕਹਿੰਦੀ ਏ ਉਹ ਦਸ ਦਿਤਾ ਏ, ਬਾਕੀ ਰਾਮੂ ਜਾਣੇ ਤੇ ਉਸਦਾ ਕੰਮ। ਮੈਂ ਵੀ ਕੋਲੋਂ ਚੰਗੀ ਤਰ੍ਹਾਂ ਕਹਾਂਗਾ-ਬਾਬਾ ਜੀ ਨੂੰ ਇਸ ਦੇ ਅਗੇ ਪਿਛੇ ਦਾ ਕੋਈ ਪਤਾ ਨਹੀਂ, ਵਿਧਵਾ ਲੜਕੀ ਵੇਖ ਕੇ ਦਿਆ ਆ ਗਈ ਏ ਅਤੇ ਤੇਰੇ ਉਪਰ ਵੀ ਕ੍ਰਿਪਾ-ਦ੍ਰਿਸ਼ਟੀ ਹੋ ਗਈ ਏ । ਰਾਮੂ ਖੁਸ਼ੀ ਖੁਸ਼ੀ ਇਸਨੂੰ ਘਰ ਲੈ ਜਾਏਗਾ ਅਤੇ ਫਿਰ ਆਪੇ ਦੇਖੀ ਜਾਏਗੀ ਕੀਹ ਬਣਦਾ ਏ।
ਇਹ ਸੁਣ ਕੇ ਬਾਬਾ ਜੀ ਦੀ ਤਸੱਲੀ ਹੋ ਗਈ । ਦਿਲ ਵਿਚ ਕਹਿਣ ਲਗੇ-ਇਹੋ ਹੋਵੇਗਾ ਥਾਣੇਦਾਰ ਬੁਲਾ ਭੇਜੇਗਾ। ਉਸ ਨੂੰ ਕੁਝ ਦੇ ਦਵਾ ਕੇ ਚੁਪ ਕਰਾ ਦਿਆਂਗਾ। ਹੋਰ ਕੀ ਹੋਣਾ ਏ । ਜੇ ਹੋਰ ਕੋਈ ਮੁਸੀਬਤ ਉਸ ਕੁੜੀ ਉੱਪਰ ਜਾਂ ਮਗਨ ਲਾਲ ਪਰ ਪਈ ਤਾਂ ਉਹ ਆਪੇ ਨਿਬੜ ਲੈਣਗੇ। ਗਲ ਕੀ ਬਾਬਾ ਜੀ ਸਭ ਕੁਝ ਸੋਚ ਵਿਚਾਰ ਕੇ ਰਾਜ਼ੀ ਹੋ ਗਏ । ਫ਼ੈਸਲਾ ਹੋਇਆ ਕਿ ਰਾਮੂ ਨੂੰ ਦੋ ਬਜੇ ਬੁਲਾਇਆ ਜਾਏ ਅਤੇ ਉਸਨੂੰ ਲੜਕੀ ਦੇ ਹਥ, ਪੈਰ, ਠੋਡੀ ਤੇ ਅੱਖਾਂ ਵਿਖਾ ਦਿਤੀਆਂ ਜਾਣ । ਏਹ ਸਭ ਗਹਿਣਾ ਵੀ ਲੜਕੀ ਦੇ ਨਾਲ ਹੀ ਉਸਨੂੰ ਦੇ ਦਿਤਾ ਜਾਏ, ਅਤੇ ਪੰਜ ਸੌ ਦੀ ਬਜਾਏ ਅਠ ਸੌ ਲੜਕੀ ਦਾ ਮੂਲ ਤੇ ਦੋ ਸੌ ਧਾਰਮਕ ਕਾਰਜਾਂ ਲਈ ਅਰਦਾਸ ਬਾਬਾ ਜੀ ਲਈ, ਕੁਲ ਇਕ ਹਜ਼ਾਰ ਲਿਆ ਜਾਏ । ਉਸ ਵੇਲੇ ਹੋਰ ਕੋਈ ਆਦਮੀ ਕੋਲ ਨ ਹੋਵੇ। ਲਿਖਤ ਪੜ੍ਹਤ ਸਿਆਣਪ ਨਾਲ ਹੋ ਜਾਵੇ ਅਤੇ ਸੌਦਾ ਨਕਦ ਹੋਵੇ । ਨੋਟ ਨ ਲਏ ਜਾਣ, ਨਕਦ ਰੁਪਏ ਹੋਣ । ਲੜਕੀ ਉਸਦੇ ਨਾਲ ਨ ਜਾਏ ਬਲਕੇ ਇਕ ਬਘੀ ਵਿਚ ਬਾਬਾ ਜੀ ਨੌਕਰ ਘਰ ਪੁਚਾ ਆਵੇ। ਰਾਮ ਤੋਂ ਇਹ ਵੀ ਪ੍ਰਣ ਲਿਆ ਜਾਏ ਕਿ ਲੜਕੀ ਬੜੀ ਲਜਿਆਵਤੀ ਹੈ ਦੋ ਤਿੰਨ ਦਿਨ ਇਸ ਨੂੰ ਘਰ ਵਿਚ ਰਚ ਮਿਚ ਜਾਣ ਦੇਣਾ ਅਤੇ ਫਿਰ ਇਸ ਨਾਲ ਕੋਈ ਗਲ ਬਾਤ ਕਰਨੀ । ਇਸ ਪਰ ਕਿਸੇ ਤਰ੍ਹਾਂ ਦਾ ਬੰਧਨ ਜਾਂ ਸਖਤੀ ਨਾ ਹੋਵੇ । ਰਾਮੂ ਦੀ ਮਰਜ਼ੀ ਨਾਲ ਆਂਢ ਗੁਆਂਢ ਜਾਣ ਦੀ ਉਸਨੂੰ ਖੁਲ੍ਹ ਹੋਵੇ। ਜਦੋਂ ਏਹ ਸਭ ਗਲਾਂ ਸਿਰੇ ਚੜ੍ਹ ਜਾਣ, ਪੱਕੀ ਲਿਖਤ ਪੜ੍ਹਤ ਹੋ ਜਾਵੇ ਉਸੇ ਵੇਲੇ ਮਗ਼ਨ ਲਾਲ ਉਸ ਨੁਕਰ ਵਿਚੋਂ ਉਠ ਆਵੇ ਜਿਥੇ ਕਿ ਉਹ ਸਮਾਧੀ ਲਾ ਕੇ ਭਗਤੀ ਕਰ ਰਿਹਾ ਹੋਵੇ ਅਤੇ ਆਕੇ ਆਪਣੇ ਅਠ ਸੌ ਰੁਪਏ ਗਿਣਕੇ ਲੈ ਲਵੇ ।
੪.
ਸਭ ਕੁਝ ਇਸੇ ਪ੍ਰੋਗ੍ਰਾਮ ਅਨੁਸਾਰ ਸਿਰੇ ਚੜ੍ਹ ਗਿਆ । ਰਾਮੂ ਦਾ ਵਿਆਹ ਹੋ ਗਿਆ । ਕੁਝ ਲੜਕੀ ਦੀ ਸੁੰਦਰਤਾ ਅਤੇ ਤਿੰਨ ਚਾਰ ਸੌ ਦੇ ਗਹਿਣਿਆਂ ਦੇ ਲਾਲਚ ਨੇ, ਕੁਝ ਬਾਬਾ ਜੀ ਦੇ ਡਰ ਨੇ ਤੇ ਇਸ ਖ਼ਿਆਲ ਨੇ ਕਿ ਮਤਾਂ ਫਿਰ ਅਜੇਹਾ ਮੌਕਾ ਹੀ ਨਾ ਮਿਲੇ, ਰਾਮੂ ਦੀ ਗੰਢ ਤੋਂ ਇਕ ਹਜ਼ਾਰ ਰੁਪਿਆ ਖੁਲ੍ਹਾ ਹੀ ਦਿਤਾ । ਪਹਿਲਾਂ ਤਾਂ ਉਹ ਸਤ ਸੌ ਹੀ ਲੈਕੇ ਆਇਆ ਸੀ, ਫਿਰ ਦੂਜੀ ਵੇਰ ਉਸ ਨੂੰ ਘਰ ਜਾਣਾ ਪਿਆ । ਜਦ ਰਾਮੂ ਦੀ ਮਾਂ ਨੇ ਸੁਣਿਆ ਕਿ ਲੜਕੀ ਬੜੀ ਸੁੰਦਰ ਹੈ, ਤਿੰਨ ਚਾਰ ਸੌ ਦੇ ਗਹਿਣੇ ਵੀ ਹਨ ਤਾਂ ਓਹ ਵੀ ਇਕ ਹਜ਼ਾਰ ਖ਼ਰਚਣ ਨੂੰ ਰਾਜ਼ੀ ਹੋ ਗਈ । ਗਹਿਣਿਆਂ ਦੀ ਕੀਮਤ ਬਾਰੇ ਰਾਮੂ ਨੂੰ ਕੁਝ ਸ਼ਕ ਤਾਂ ਜ਼ਰੂਰ ਸੀ ਪਰ ਉਹ ਵਿਚਾਰਾ ਹੁਣ ਕੀ ਕਰਦਾ। ਮੁਟਿਆਰ ਲੜਕੀ ਨਾਲ ਸ਼ਾਦੀ ਦੀ ਖੁਸ਼ੀ ਦਾ ਨਸ਼ਾ ਵੀ ਚੜ੍ਹ ਰਿਹਾ ਸੀ । ਇਕ ਹਜ਼ਾਰ ਰੁਪਿਆ ਠਣ ਠਣ ਕਰਦਾ ਗਿਣ ਕੇ ਦੇ ਦਿਤਾ । ਇਕ ਰੁਪਿਆ ਬਘੀ ਵਾਲੇ ਨੂੰ ਦਿਤਾ । ਰਾਮੂ ਖ਼ੁਸ਼ੀ ਖ਼ੁਸ਼ੀ ਚੰਗੀ ਤਰਾਂ ਵਹੁਟੀ ਨੂੰ ਘਰ ਪਹੁੰਚਾਕੇ ਆਪ ਆਪਣੇ ਦਿਲ ਵਿਚ ਕਈ ਉਮੰਗਾਂ ਦੀਆਂ ਖ਼ੁਸ਼ੀਆਂ ਦਾ ਨਸ਼ਾ ਪੀਂਦਾ ਹੋਇਆ ਦੁਕਾਨ ਤੇ ਜਾ ਬੈਠਾ । ਬੈਠਾ ਤਾਂ ਸਹੀ ਪਰ ਹਦੋਂ ਵਧ ਖ਼ੁਸ਼ੀ ਨਾਲ ਦਿਲ ਬੇਚੈਨ ਹੋ ਰਿਹਾ ਸੀ । ਕਿਸੇ ਨਾਲ ਗੱਲ ਬਾਤ ਕਰਨੀ ਚਾਹੁੰਦਾ ਸੀ । ਉਸ ਤੋਂ ਰਿਹਾ ਨਾ ਗਿਆ । ਆਪਣੇ ਗੁਆਂਢੀ ਦੁਕਾਨਦਾਰ ਨੂੰ ਇਸ਼ਾਰੇ ਨਾਲ ਕੋਲ ਸਦਿਆ ਅਤੇ ਉਸ ਨੂੰ ਸਭ ਹਾਲ ਦਸਿਆ ਤੇ ਉਸ ਤੋਂ ਵਿਆਹ ਲਈ ਰੁਪਿਆ ਪਾਣੀ ਵਾਂਗ ਰੋੜ੍ਹਣ ਦੀ ਆਪਣੀ ਪ੍ਰਸੰਸਾ ਚਾਹੀ । ਖ਼ੂਬ ਪ੍ਰਸੰਸਾ ਮਿਲੀ । ਅਸੀਸਾਂ ਵੀ ਮਿਲੀਆਂ। ਕੁਝ ਠੱਠੇ ਮਖੌਲ ਵੀ ਹੋਏ । ਫਿਰ ਇਕ ਦੋ ਹੋਰ ਮਿਤਰਾਂ ਨਾਲ ਗਲ ਕੀਤੀ । ਇਸ ਤਰਾਂ ਦਿਲ ਦਾ ਉਬਾਲ ਕੁਝ ਮੱਠਾ ਹੋਇਆ। ਉਨ੍ਹਾਂ ਮਿਤਰਾਂ ਨੇ ਹੋਰਨਾਂ ਨੂੰ ਗਲ ਦਸੀ । ਗਲ ਕੀ ਸ਼ਾਮ ਦੇ ਛੇ ਵਜੇ ਤਕ ਸਾਰੇ ਬਾਜ਼ਾਰ ਵਿਚ ਰਾਮੂ ਦੇ ਵਿਆਹ ਦੀ ਚਰਚਾ ਚਲ ਪਈ । ਕੋਈ ਕਹਿੰਦਾ: ਰੁਪਿਆ ਤਾਂ ਬੇਸ਼ਕ ਖ਼ਰਚ ਹੋ ਗਿਆ ਏ ਪਰ ਰਾਮੂ ਨੂੰ ਵਹੁਟੀ ਬੜੀ ਸੁੰਦਰ ਤੇ ਮੁਟਿਆਰ ਮਿਲ ਗਈ ਹੈ । ਕੋਈ ਕਹਿੰਦਾ ਤਿੰਨ ਹਜ਼ਾਰ ਖ਼ਰਚ ਹੋਇਆ ਏ । ਕੋਈ ਪੰਜ ਹਜ਼ਾਰ ਦਸਦਾ । ਰਾਮੂ ਨੂੰ ਸਭ ਵਧਾਈਆਂ ਦੇਂਦੇ ਤੇ ਉਹ ਖ਼ੁਸ਼ੀ ਵਿਚ ਫੁਲਿਆ ਨ ਸਮਾਂਦਾ । ਜਲਸੇ ਦੀਆਂ ਮੰਗਾਂ ਵੀ ਹੋਣ ਲਗੀਆਂ । ਵਿਆਹ ਹਰ ਪ੍ਰਕਾਰ ਪੱਕੀ ਤਰ੍ਹਾਂ ਹੋਇਆ ਸੀ। ਗਿਆਨ ਮੰਦਰ ਵਿਚ ਬਾਬਾ ਜੀ ਵਰਗੀਆਂ ਉਚ ਹਸਤੀਆਂ ਨੇ ਕਰਾਇਆ ਸੀ। ਉਹ ਆਪਣੇ ਭਗਤਾਂ ਤੇ ਬੜੀ ਕਿਰਪਾ ਕਰਦੇ ਹਨ । ਬੜੇ ਉਪਕਾਰੀ ਹਨ ।
ਕੋਈ ਸਾਢੇ ਛੇ ਵਜੇ ਦਾ ਵੇਲਾ ਹੋਵੇਗਾ। ਰਾਮੂ ਦੀ ਦੁਕਾਨ ਤੇ ਪੰਜ ਸਤ ਆਦਮੀ ਬੈਠੇ ਨਵੇਂ ਵਿਆਹ ਦੀਆਂ ਗੱਲਾਂ ਗੱਪਾਂ ਦਾ ਅਨੰਦ ਲੈ ਰਹੇ ਸਨ। ਐਨੇ ਨੂੰ ਇਕ ਲੜਕੀ ਭਜੀ ਭਜੀ ਆਈ “ਰਾਮੂ ਲਾਲਾ, ਬਹੂ ਅੰਮਾਂ ਕੋ ਪੀਟ ਰਹੀ ਹੈ । ਸਾਰੇ ਹੀ ਸੁਣ ਕੇ ਬੁਤ ਬਣ ਗਏ । ਦੋ ਮਿੰਟ ਤਾਂ ਕਿਸੇ ਦੇ ਮੂੰਹੋਂ ਗਲ ਨ ਨਿਕਲੀ । ਰਾਮੂ ਨੂੰ ਤਾਂ ਤਨ ਬਦਨ ਦੀ ਸੁਧ ਨ ਰਹੀ ! ਵੱਢੋ ਤਾਂ ਸਰੀਰ ਵਿਚੋਂ ਲਹੂ ਨਹੀਂ । ਕੁੜੀਏ, ਤੂੰ ਕੀ ਬਕ ਰਹੀ ਹੈਂ !” “ਭੱਯਾ, ਅੰਮਾਂ ਚੀਖ਼ ਰਹੀ ਹੈ, ਕਹਿਤੀ ਹੈ, ਯੇ ਨਿਰਾਲੀ-ਬਹੂ ਹੈ, ਜਲਦੀ ਪਹੁੰਚੋ ।"
ਰਾਮੂ ਨੇ ਝਟ ਪਟ ਦੁਕਾਨ ਬੰਦ ਕੀਤੀ ਅਤੇ ਪੈਰਾਂ ਨੂੰ ਸਿਰ ਤੇ ਰਖ ਦੌੜ ਪਿਆ । ਹੋਰ ਵੀ ਆਂਢ ਗੁਆਂਢ ਦੇ ਦੁਕਾਨਦਾਰ ਪਿਛੇ ਭਜ ਤੁਰੇ । ਅਗੇ ਅਗੇ ਉਹ ਛੋਟੀ ਲੜਕੀ, ਪਿਛੇ ਰਾਮੂ ਤੇ ਕਈ ਹੋਰ ਬੰਦੇ ਬੜੀ ਤੇਜ਼ੀ ਨਾਲ ਜਾ ਰਹੇ ਸਨ ।
੫.
ਘਰ ਪਹੁੰਚੇ, ਬਾਹਰੋਂ ਕੁੰਡੀ ਲਗੀ ਹੋਈ ਸੀ । ਮਹੱਲੇ ਵਾਲਿਆਂ ਦਾ ਹਛਾ ਖਾਸਾ ਬਾਹਰ ਇਕੱਠ ਹੋਇਆ ੨ ਸੀ । ਅੰਦਰੋਂ ਰਾਮੂ ਦੀ ਮਾਂ ਦੇ ਰੋਣ ਦੀ ਆਵਾਜ਼ ਆ ਰਹੀ ਸੀ । ‘ਮੈਂ ਲੁਟੀ ਗਈ, ਹਾਇ ਮੈਂ ਪਟੀ ਗਈ, ਇਸ ਸਤਿਆਨਾਸ਼ੀ ਬਾਬੇ ਦਾ ਬੁਰਾ ਹੋਵੇ, ਹਾਇ ਵਹੁਟੀ ਨੇ ਮਾਰ ਦਿਤਾ ! ਮੈਨੂੰ ਦੂਰ ਕਰਕੇ ਰਖ ਦਿਤਾ । ਦਰਵਾਜ਼ਾ ਕਿਸ ਨੇ ਬੰਦ ਕੀਤਾ ? ਮਹੱਲੇ ਵਾਲਿਆਂ ਨੇ । ਕਿਉਂ ? ਬਹੂ ਨਸਣਾ ਚਾਹੁੰਦੀ ਸੀ । ਮਾਂ ਨੇ ਉਸ ਨੂੰ ਕਪੜੇ ਅਦਲ ਬਦਲ ਕਰਦਿਆਂ ਤਾੜ ਲਿਆ ਤੇ ਸ਼ੱਕ ਪੈ ਗਿਆ, ਕਿ ਏਹ ਧੋਖਾ ਹੈ ! ਉਹ ਨਸਣ ਨੂੰ ਤਿਆਰ ਹੋ ਪਈ । ਅੰਮਾਂ ਨੇ ਰੋਕਿਆ । ਉਸ ਨੇ ਕੁਟਾਪਾ ਸ਼ੁਰੂ ਕਰ ਦਿਤਾ । ਅੰਮਾਂ ਨੇ ਰੌਲਾ ਪਾਇਆ ਕੋਈ ਬਚਾਓ । ਉਸਨੂੰ ਛੁੜਾ ਕੇ ਬਾਹਰੋਂ ਸੰਗਲ ਮਾਰ ਦਿਤੀ ਗਈ। ਹਛਾ ਤਾਂ ਉਹ ਹਾਲਾਂ ਅੰਦਰ ਹੀ ਹੈ ਨਾ ? ਸੰਗਲ ਖੋਲ੍ਹ ਕੇ, ਰਾਮੂ ਤੇ ਉਸਦੇ ਸਾਥੀ ਅੰਦਰ ਵੜੇ, ਕੀ ਵੇਖਦੇ ਹਨ ਉਹ ਸੁੰਦਰੀ, ਸੁਸ਼ੀਲ, ਲਜਾਵਤੀ ਲਾੜੀ ਇਕ ਨੌਜਵਾਨ ਲੜਕੇ ਦੇ ਰੂਪ ਵਿਚ ਖੜੋਤੀ ਹੈ । ਪਜਾਮਾ ਪਿਆ ਹੈ। ਕਮੀਜ਼ ਪਾਈ ਹੈ । ਅਧ ਅਧ ਫ਼ੁਟ ਵਾਲ ਪਿਛੇ ਲਟਕੇ ਹੋਏ ਹਨ । ਉਸਦੀ ਸ਼ਕਲ ਤੋਂ ਮਲੂਮ ਹੋਂਦਾ ਸੀ ਕਿ ਹੁਣੇ ਹੁਣੇ ਹੀ ਲੜਾਈ ਤੋਂ ਹਟਿਆ ਹੈ ਤੇ ਨਸਣ ਲਈ ਤਿਆਰ ਹੈ। ਉਸਦੇ ਲਾਗੇ ਹੀ ਸਾੜੀ, ਸਲੀਪਰ, ਚੂੜੀਆਂ, ਜੰਪਰ ਤੇ ਰੁਮਾਲ ਧਰੇ ਹੋਏ ਸਨ, ਇਹੋ ਅਸਲੀ ਵਹੁਟੀ ਹੈ ? ਹਛਾ ਏਹ ਹੁਣ ਨਸਨਾ ਚਾਹੁੰਦਾ ਹੈ ? ਰਾਮੂ ਨੇ ਵੀ ਦੋਹੱਥੜ ਪਿਟਨਾ ਸ਼ੁਰੂ ਕਰ ਦਿਤਾ “ਹਾਇ ਮੈਂ ਲੁਟਿਆ ਗਿਆ, ਦਿਨ ਦਿਹਾੜੇ ਬਾਬੇ ਹਰਾਮੀ ਨੇ ਲੁਟ ਲਿਆ, ਉਹ ਕਿਡਾ ਪਾਪੀ ਹੈ'' ਦੋ ਚਾਰ ਮਿੰਟ ਤਾਂ ਇਸ ਤਰ੍ਹਾਂ ਦੁਹਾਈ ਪਾਂਦਾ ਰਿਹਾ । ਫਿਰ ਸਾਮ੍ਹਣਿਓਂ ਰੋਟੀ ਵੇਲਣ ਵਾਲਾ ਵੇਲਨਾ ਚੁਕ ਕੇ ਉਸ ਤੇ ਟੁੱਟ ਪਿਆ। ਦੋਵੇਂ ਗੁਥਮ-ਗੁਥਾ ਹੋ ਗਏ। ਕੁਝ ਲੜਕੇ ਨੂੰ ਸਵਾਂ ਲਗੀਆਂ, ਕੁਝ ਰਾਮੂ ਨੂੰ ਚੋਟਾਂ ਆਈਆਂ । ਦੇਖਣ ਵਾਲਿਆਂ ਨੇ ਛੁੜਾਣਾ ਤੇ ਕਹਿਣਾ ਸ਼ੁਰੂ ਕਰ ਦਿਤਾ, ਭਾਈ ਇਸ ਲੜਕੇ ਨੂੰ ਕਿਉਂ ਮਾਰਦੇ ਹੋ, ਇਸਦਾ ਕੀ ਅਪਰਾਧ ਹੈ ? ਤੁਸੀ ਆਪ ਅੰਨ੍ਹੇ ਸੀ ? ਤੁਸੀਂ ਆਪਣੇ ਪੈਰੀਂ ਆਪ ਕੁਹਾੜਾ ਕਿਉਂ ਮਾਰਿਆ ? ਈਸ਼੍ਵਰ ਨੇ ਤੁਹਾਨੂੰ ਬੁਧੀ ਨਹੀਂ ਦਿਤੀ ਸੀ ? ਅੰਗਰੇਜ਼ੀ ਰਾਜ ਵਿਚ ਏਹ ਅਨਰਥ ? ਉਧਰ ਅੰਮਾਂ ਦਾ ਬੁਰਾ ਹਾਲ ਸੀ। “ਹਾਇ ਮੇਰੇ ਬਚੇ ਦੀ ਸਾਰੀ ਕਮਾਈ ਲੁਟੀ ਗਈ" ਦੁਹਾਈ ਦੇਂਦੀ ਬੇਸੁਧ ਹੋ ਗਈ ਸੀ । ਆਖ਼ਰ ਲੋਕਾਂ ਨੇ ਜ਼ੋਰੀ ਜ਼ੋਰੀ ਰਾਮੂ ਤੇ ਲੜਕੇ ਨੂੰ ਛੁਡਾਇਆ । ਇਤਨੀ ਦੇਰ ਨੂੰ ਕਿਸੇ ਪੁਲਸ ਨੂੰ ਵੀ ਖਬਰ ਕਰ ਦਿਤੀ । ਪਾਸ ਹੀ ਚੌਰਾਹੇ ਵਿਚ ਸਿਪਾਹੀ ਸੀ । ਥਾਣੇਦਾਰ ਤੇ ਸਿਪਾਹੀ ਆ ਗਏ ਅਤੇ ਉਸ ਲੜਕੇ ਨੂੰ-ਨਹੀਂ ਨਹੀਂ-ਨਿਰਾਲੀ- ਵਹੁਟੀ ਨੂੰ ਅਤੇ ਰਾਮੂ ਨੂੰ ਪਕੜ ਕੇ ਥਾਣੇ ਲੈ ਗਏ।
ਭਲਾ ਇਹ ਵੀ ਕੋਈ ਗਲ ਹੈ ਕਿ ਇਨਸਾਫ਼ ਨ ਹੋਵੇ ? ਇਨਸਾਫ਼ ਮਹਿੰਗਾ ਹੈ ਤਾਂ ਕੀ ਹੋਇਆ । ਹੋਰ ਕੇਹੜੀ ਵਸਤੂ ਸਸਤੀ ਹੈ ? ਫਿਰ ਮਹਿੰਗਾਈ ਇਕੱਲੇ ਹਿੰਦੁਸਤਾਨ ਵਿਚ ਹੀ ਨਹੀਂ, ਦੁਨੀਆਂ ਭਰ ਦਾ ਇਹੋ ਹਾਲ ਹੈ। ਪੁਲਸ ਦੀ ਤਨਖ਼ਾਹ ਕਿਥੋਂ ਆਵੇ ? ਜਜਾਂ ਦਾ ਗੁਜ਼ਾਰਾ ਕਿਵੇਂ ਚਲੇ ? ਵਕੀਲਾਂ ਦਾ ਝਟ ਕਿਸਤਰ੍ਹਾਂ ਟਪੇ ? ਰਾਮੂ ਦੇ ਦੋ ਸੌ ਰੁਪਏ ਹੋਰ ਖ਼ਰਚ ਹੋ ਗਏ । ਹੋ ਗਏ ਤਾਂ ਕੀ ਹੋਇਆ, ਇਨਸਾਫ਼ ਤਾਂ ਹੋ ਜਾਏਗਾ, ਬਾਬਾ ਜੀ ਤਾਂ ਨਸ ਗਏ ਹਨ । ਉਸ ਦੇ ਲਈ ਇਸ਼ਤਿਹਾਰ ਕਢੇ ਗਏ ਹਨ ਅਤੇ ਮਗਨ ਲਾਲ ਜੀ ਜਿਨ੍ਹਾਂ ਦਾ ਭਤੀਜਾ ਏਹ ਨਿਰਾਲੀ-ਵਹੁਟੀ ਬਣਿਆ ਸੀ ਗ੍ਰਿਫ਼ਤਾਰ ਕਰ ਲਏ ਗਏ ਹਨ। ਮੁਕਦਮਾ ਚਲ ਰਿਹਾ ਹੈ। ਜਜ ਸਾਹਿਬ ਠੀਕ ਇਨਸਾਫ਼ ਕਰ ਹੀ ਦੇਣਗੇ, ਹੁਣ ਝਗੜਾ ਕੀ ਰਹਿ ਗਿਆ ਹੈ ? ਹਾਂ ਗੁਆਂਢੀ ਤੇ ਗੁਆਂਢਣਾਂ ਬੜੇ ਸ਼ੈਤਾਨ ਹਨ । ਸਵੇਰੇ ਤੇ ਸ਼ਾਮ ਜਦੋਂ ਰਾਮੂ ਆਪਣੀ ਦੁਕਾਨ ਤੇ ਆਉਂਦਾ ਜਾਂਦਾ ਹੈ ਤਾਂ ਛੁਪ ਲੁਕ ਕੇ ਜਾਂ ਸਾਹਮਣੇ ਹੋਕੇ ਕੋਈ ਨਾ ਕੋਈ ਗਲ ਕਹਿ ਹੀ ਦੇਂਦੇ ਹਨ: ਵੇਖੋ ਜੀ ਨਵੀਂ ਵਹੁਟੀ ਵਾਲੇ ਜਾ ਰਹੇ ਜੇ । ਵੇਖੋ ਨਿਰਾਲੀ-ਬਹੂ ਵਾਲੇ, ਸੁੰਦਰ ਵਹੁਟੀ ਵਾਲੇ, ਪੰਜ ਹਜ਼ਾਰੀ ਵਾਲੇ, ਦਸ ਹਜ਼ਾਰੀ ਵਾਲੇ । ਆਪ ਹੀ ਦਸੋ ਕੋਈ ਕਿਸ ਕਿਸ ਦੀ ਜੀਭ ਪਕੜੇ ਤੇ ਮੂੰਹ ਬੰਦ ਕਰੇ !