Mohan Singh Diwana - ਮੋਹਨ ਸਿੰਘ ਦੀਵਾਨਾ
ਮੋਹਨ ਸਿੰਘ (ਉਬਰ੍ਹਾ) ਦੀਵਾਨਾ (17 ਮਾਰਚ 1899 – 1984) ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। ਉਹ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪੁਸਤਕ 'ਪੰਜਾਬੀ ਸਾਹਿਤ ਦਾ ਇਤਿਹਾਸ' (1933) ਉਨ੍ਹਾਂ ਦੇ ਡਾਕਟਰੇਟ ਦੇ ਖੋਜ-ਪੱਤਰ ਉੱਤੇ ਆਧਾਰਿਤ ਸੀ। ਉਨ੍ਹਾਂ ਨੇ ਅੰਗਰੇਜ਼ੀ ਵਿੱਚ ਐੱਮ.ਏ., ਉਰਦੂ ਵਿੱਚ ਡਾਕਟਰੇਟ ਅਤੇ ਪੰਜਾਬੀ ਵਿੱਚ ਡੀ.ਲਿਟ. ਕੀਤੀ ਹੋਈ ਸੀ। ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫ਼ਾਰਸੀ, ਹਿਬਰੂ, ਜਰਮਨ ਅਤੇ ਫਰੈਂਚ ਵੀ ਜਾਣਦੇ ਸਨ। ਉਹ ਅੰਗਰੇਜ਼ੀ, ਉਰਦੂ ਅਤੇ ਹਿੰਦੀ ਵਿੱਚ 225 ਪੁਸਤਕਾਂ ਅਤੇ ਪੈਂਫਲਟਾਂ ਦੇ ਲੇਖਕ ਸਨ। 2013 ਵਿੱਚ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਨੇ ਉਨ੍ਹਾਂ ਨੂੰ 'ਭਾਰਤੀ ਸਾਹਿਤ ਦੇ ਉਸਰਈਆਂ' ਵਿੱਚ ਸ਼ਾਮਲ ਕੀਤਾ ਹੈ। ਮੋਹਨ ਸਿੰਘ ਦੀਵਾਨਾ ਦਾ ਜਨਮ ਰਾਵਲਪਿੰਡੀ ਜ਼ਿਲ੍ਹੇ ਦੇ ਦੇਵੀ ਪਿੰਡ ਵਿੱਚ ਹੋਇਆ। ਉਨ੍ਹਾਂ ਸੱਯਾਦ ਦੇ ਸਕੂਲ ਤੋਂ ਪੰਜਵੀਂ ਅਤੇ ਸਰਕਾਰੀ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਇੰਟਰ ਕਰਕੇ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀ.ਏ. ਕਰ ਲਈ।
ਪ੍ਰਮੁੱਖ ਰਚਨਾਵਾਂ:
ਕਾਵਿ-ਸੰਗ੍ਰਹਿ: ਧੁੱਪ ਛਾਂ (1935), ਨੀਲ ਧਾਰਾ (1932), ਜਗਤ ਤਮਾਸ਼ਾ (1942), ਨਿਰੰਕਾਰੀ ਸਾਖੀਆਂ (1943), ਪਤਝੜ (1944), ਮਸਤੀ (ਪਹਿਲਾ ਭਾਗ 1946), ਮਸਤੀ (1949), ਸੋਮਰਸ (1954)
ਕਹਾਣੀ ਸੰਗ੍ਰਹਿ: ਦਵਿੰਦਰ ਬਤੀਸੀ, ਪਰਾਂਦੀ, ਰੰਗ ਤਮਾਸੇ
ਇਤਿਹਾਸ ਅਤੇ ਹੋਰ: ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ, ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼, ਜਪੁ ਨਿਰੀਖਣ, ਪੰਜਾਬੀ ਭਾਖਾ ਵਿਗਿਆਨ ਅਤੇ ਜਤਿੰਦਰ ਸਾਹਿਤ ਸਰੋਵਰ