Punjabi Stories/Kahanian
ਕੇਸਰਾ ਰਾਮ
Kesra Ram
Punjabi Kavita
  

Novel Kameena Virus : Kesra Ram

ਨੋਵਲ ਕਮੀਨਾ ਵਾਇਰਸ : ਕੇਸਰਾ ਰਾਮ

ਕਰੋਨਾ ਵਾਇਰਸ ਦੇ ਡਰ ਅਤੇ ਲੌਕਡਾਊਨ ਦਾ ਔਖਾ ਦੌਰ ਜਾਰੀ ਸੀ।

ਅਜਿਹਾ ਵੀ ਨਹੀਂ ਹੈ ਕਿ ਮਾਨਵ ਸੱਭਿਅਤਾ ਇਸ ਵਾਇਰਸ ਤੋਂ ਪਹਿਲੀ ਵਾਰ ਜਾਣੂੰ ਹੋਈ ਹੋਵੇ। ਪਰ ਇਹ ਇਕ ਅਨੋਖੀ ਕਿਸਮ ਦਾ ਕਰੋਨਾ ਸੀ। ਧਰਤੀ ’ਤੇ ਪਹਿਲਾਂ ਤੋਂ ਹੀ ਮੌਜੂਦ ਕਰੋਨਿਆਂ ਨਾਲੋਂ ਇਸ ਦੀ ਸਟ੍ਰੇਨ (ਮਰੋੜ) ਬਿਲਕੁਲ ਨਵੀਂ ਅਤੇ ਨਾਮਾਲੂਮ ਸੀ। ਸੋ ਇਸ ਨਾਲ ਨਜਿੱਠਣ ਲਈ ‘ਹਨੇਰੇ ’ਚ ਡਾਂਗਾਂ ਮਾਰਨ’ ਵਰਗੀ ਤਕਨੀਕ ਦਾ ਸਹਾਰਾ ਲਿਆ ਗਿਆ।

ਜਿਵੇਂ ਕਿ ਸ਼ੁਰੂ ’ਚ ਖਦਸ਼ੇ ਪ੍ਰਗਟਾਏ ਜਾ ਰਹੇ ਸਨ ਕਿ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਦੇ ਇੰਤਜ਼ਾਮ ਦਾ ਕੀ ਹੋਵੇਗਾ, ਲੋਕ ਘਰਾਂ ਅੰਦਰ ਡੱਕੇ ਕਿਵੇਂ ਰਹਿਣਗੇ, ਵਗ਼ੈਰਾ। ਪਰ ਸਾਰੇ ਖਦਸ਼ੇ ਬੇਬੁਨਿਆਦ ਸਾਬਤ ਹੋਏੇ। ਸਮਾਂ ਲੰਘਾਉਣ ਦੇ ਨਵੇਂ ਨਵੇਂ ਤਰੀਕੇ ਵੀ ਅਸੀਂ ਨਾਲੋ-ਨਾਲ ਲੱਭਦੇ ਰਹੇ। ਫਲ਼-ਸਬਜ਼ੀਆਂ ਵਾਲੇ ਵੀ ਮਿਥੇ ਸਮੇਂ ’ਤੇ ਬਾਕਾਇਦਾ ਆਉਂਦੇ ਰਹੇ। ਸਫ਼ਾਈ ਕਾਮਿਆਂ ਨੇ ਵੀ ਸਾਡੀ ਕਲੋਨੀ ਵਿਚ ਤਾਂ ਕਦੇ ਵੀ ਨਾਗ਼ਾ ਨਹੀਂ ਪਾਇਆ। ਸੋ ਅਸੀਂ ਨਤੀਜਾ ਕੱਢਿਆ ਕਿ ਜਿੱਥੇ ਲੋਕ ਪੜ੍ਹੇ-ਲਿਖੇ ਅਤੇ ਜਾਗਰੂਕ ਹੋਣ, ਉੱਥੇ ਸਮੱਸਿਆਵਾਂ ਕੀ ਖਾ ਕੇ ਆਉਣਗੀਆਂ।

ਸਾਡੀ ਤਾਂ ਪੌਸ਼ ਕਲੋਨੀ ਸੀ। ਲੋਕ ਵੀ ਖ਼ੁਦ ਨੂੰ ਕੁਲੀਨ ਵਰਗ ਮੰਨਦੇ ਸਨ। ਜਾਗਰੂਕਤਾ ਇੰਨੀ ਕਿ ਖ਼ੁਦਾ ਨਾ ਖਾਸਤਾ ਕਦੇ ਬਿਜਲੀ ਪਾਣੀ ਜਾਂ ਕਿਸੇ ਚੀਜ਼ ਦੀ ਜੇ ਥੋੜ੍ਹੀ-ਮੋਟੀ ਪਰੇਸ਼ਾਨੀ ਵੀ ਆ ਜਾਵੇ ਤਾਂ ਫੱਟ ਸਾਡੇ ਮੂੰਹੋਂ ਨਿਕਲਦੈ, ‘‘ਇੰਨੀ ਮਹਿੰਗੀ ਕਲੋਨੀ ’ਚ ਰਹਿਣ ਦਾ ਫ਼ਾਇਦਾ ਹੀ ਕੀ ਜੇ ਸਹੂਲਤਾਂ ਹੀ ਚੱਜ ਨਾਲ ਨਾ ਮਿਲਣ।’’

ਇਸ ਦਾ ਮਤਲਬ ਇਹ ਨਹੀਂ ਸੀ ਕਿ ਅੱਗਿਉਂ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਸਾਂ। ਸਗੋਂ ਸਾਡਾ ਮਕਸਦ ਤਾਂ ਇਹ ਜ਼ਾਹਰ ਕਰਨਾ ਹੁੰਦਾ ਸੀ ਕਿ ਅਸੀਂ ਦੌਲਤਮੰਦ ਲੋਕ ਹਾਂ ਅਤੇ ਸਭ ਤੋਂ ਮਹਿੰਗੀ ਕਲੋਨੀ ਵਿਚ ਰਹਿੰਦੇ ਹਾਂ। ਸਾਨੂੰ ਸਾਰੀਆਂ ਸਹੂਲਤਾਂ ਵਿਘਨ-ਰਹਿਤ ਹਾਸਲ ਕਰਨ ਦਾ ਜਨਮ-ਸਿੱਧ ਅਧਿਕਾਰ ਹੈ।

ਸੋ ਲੌਕਡਾਊਨ ਦਾ ਔਖਾ ਦੌਰ ਜਾਰੀ ਸੀ ਅਤੇ ਸਾਡੀ ਗਲੀ ’ਚੋਂ ਸਿਰਫ਼ ਸਾਡੇ ਗਰੁੱਪ ਵਾਲੇ ਲੋਕਾਂ ਨੇ ਸਕੀਮ ਬਣਾਈ ਕਿ ਸਫ਼ਾਈ ਕਾਮਿਆਂ ਦਾ ਸਨਮਾਨ ਕੀਤਾ ਜਾਵੇ। ਕਿਉਂਕਿ ਅਜਿਹਾ ਹੋਰ ਵੀ ਕਈ ਥਾਂਈਂ ਕੀਤਾ ਜਾ ਰਿਹਾ ਸੀ। ਜਿਵੇਂ ਕਿ ਸਫ਼ਾਈ ਕਾਮਿਆਂ ਦੇ ਗਲ਼ ’ਚ ਫੁੱਲਾਂ ਦੇ ਹਾਰ ਪਾਉਣੇ ਜਾਂ ਉਨ੍ਹਾਂ ’ਤੇ ਫੁੱਲ ਵਰ੍ਹਾਉਣੇ ਜਾਂ ਉਨ੍ਹਾਂ ਲਈ ਤਾੜੀਆਂ ਵਗ਼ੈਰਾ ਵਜਾਉਣੀਆਂ।
ਇਸ ਪ੍ਰੋਗਰਾਮ ਨੂੰ ਲੈ ਕੇ ਉਤਸ਼ਾਹਤ ਤਾਂ ਅਸੀਂ ਸਾਰੇ ਹੀ ਸਾਂ, ਪਰ ਸਭ ਤੋਂ ਵੱਧ ਉਤਸ਼ਾਹਤ ਉਹ ਤੀਵੀਂਆਂ ਸਨ ਜਿਨ੍ਹਾਂ ਦੇ ਫੇਸਬੁੱਕ-ਇੰਸਟਾ-ਟਵਿੱਟਰ ਆਦਿ ’ਤੇ ਹੱਦੋਂ ਵੱਧ ਐਕਟਿਵ ਅਕਾਊਂਟ ਸਨ। ਜਿਨ੍ਹਾਂ ’ਤੇ ਨਵਾਂ ਕੁਝ ਪੋਸਟ ਕਰਨ ਲਈ ਉਹ ਮਰਦੀਆਂ ਜਾ ਰਹੀਆਂ ਸਨ। ਇਨ੍ਹੀਂ ਦਿਨੀਂ ਉਹ ਆਪਣੇ ਅਕਾਊਂਟਸ ’ਤੇ ਖਾਣਾ ਬਣਾਉਣ ਅਤੇ ਪੋਚਾ ਮਾਰਨ ਦੀਆਂ ਫੋਟੋਆਂ ਅਤੇ ਵੀਡਿਓ ਕਲਿਪਾਂ ਕਈ-ਕਈ ਵਾਰ ਪੋਸਟ ਕਰ ਚੁੱਕੀਆਂ ਸਨ। ਕੱਪੜਿਆਂ ਤੋਂ ਇਲਾਵਾ ਇਨ੍ਹਾਂ ਵਿਚ ਕੁਝ ਵੀ ਨਵਾਂ ਨਹੀਂ ਹੁੰਦਾ ਸੀ। ਸੁੰਨੀ ਗਲ਼ੀ ’ਚ ਖੜ੍ਹ ਕੇ ਲਈਆਂ ਸੈਲਫੀਆਂ ਵੀ ਦੁਹਰਾਓ ਦਾ ਸ਼ਿਕਾਰ ਹੋ ਚੁੱਕੀਆਂ ਸਨ। ਮੂੰਹ ਵੀ ਆਖ਼ਰ ਬੰਦਾ ਵਾਰ-ਵਾਰ ਕਿੰਨੇ ਕੁ ਕੋਣਾਂ ਤੋਂ ਟੇਢਾ ਕਰੂ?

ਇਸ ਸਕੀਮ ਬਾਰੇ ਜਾਣ ਕੇ ਮੈਨੂੰ ਵੀ ਚੰਗਾ ਲੱਗਿਆ ਸੀ ਕਿ ਚਲੋ ਜੋਸ਼-ਜੋਸ਼ ’ਚ ਅਤੇ ਦੇਖਾ-ਦੇਖੀ ਹੀ ਸਹੀ, ਜ਼ਰੂਰ ਕੁਝ ਤਾਂ ਚੰਗਾ ਹੀ ਹੋਵੇਗਾ। ਮੋਡਿਊਲਰ ਕਿਚਨਾਂ ’ਚ ਨੂਡਲਜ਼ ਬਣਾਉਣ ਦੀਆਂ ਵੀਡਿਓ ਕਲਿਪਾਂ ਅਤੇ ਸੈਲਫੀਆਂ ਦੇਖ-ਦੇਖ ਕੇ ਮੂੰਹ ’ਚ ਪਾਣੀ ਭਾਵੇਂ ਆ ਜਾਏ, ਕਿਸੇ ਦਾ ਢਿੱਡ ਥੋੜ੍ਹਾ ਈ ਭਰਦੈ।
ਪਰ ਸਨਮਾਨ ਕਰਨ ਵਾਲਾ ਇਹ ਵਿਚਾਰ ਕਿਹੜਾ ਮੌਲਿਕ ਸੀ? ਉਹੀ ਕਾਪੀ-ਪੇਸਟ। ਦੇਖਾ-ਦੇਖੀ ਕੀਤੀ ਜਾਣ ਵਾਲੀ ਖੇਡ। ਇਨ੍ਹੀਂ ਦਿਨੀਂ ਟੀ.ਵੀ. ਵਾਲਿਆਂ ਨੇ ਇਹਨੂੰ ਕਾਫ਼ੀ ਘਸਾ ਵੀ ਦਿੱਤਾ ਸੀ।

ਮੌਲਿਕਤਾ ਵਾਲੀ ਸ਼ਿਕਾਇਤ ਮੈਨੂੰ ਇਨ੍ਹਾਂ ਨਾਲ ਅਕਸਰ ਰਹਿੰਦੀ ਸੀ। ਫਿਰ ਵੀ ਮੈਂ ਸੋਚਿਆ, ਦਾਗ਼ ਅੱਛੇ ਹਨ। ਕਿਉਂਕਿ ਜਿਹੋ ਜਿਹਾ ਮੈਂ ਸੋਚ ਰਿਹਾ ਸਾਂ, ਇਸੇ ਬਹਾਨੇ, ਉਹੋ ਜਿਹਾ ਕੁਝ ਕੀਤਾ ਜਾ ਸਕਦਾ ਸੀ। ਕੀਤਾ ਜਾਣਾ ਵੀ ਚਾਹੀਦੈ। ਕਿਉਂਕਿ ਆਪਣੇ ਇੱਥੇ ਤਾਂ ਦਸਵੰਧ ਕੱਢਣ ਦੀ ਰਵਾਇਤ ਵੀ ਹੈ।

ਹਿਸਾਬ ਲਾ ਕੇ ਤਾਂ ਦੇਖੋ ਕਿ ਹੋਟਲ, ਰੈਸਤਰਾਂ, ਸਿਨੇਮਾ, ਵੀਕੈਂਡ ਆਊਟਿੰਗ, ਸ਼ੌਪਿੰਗ ਮੌਲ ਆਦਿ... ਉੱਤੋਂ ਇਹ ਪੀੱਜ਼ਾ, ਬਰਗਰ... ਅੱਗ ਸੁਆਹ... ਹੋਮ ਡਿਲਿਵਰੀ... ਫੇਰ ਔਨਲਾਇਨ ਸ਼ੌਪਿੰਗ ਵੀ... ਸਰਚ ਕਰਦਿਆਂ-ਕਰਦਿਆਂ ਇਕ ਅੱਧੀ ਆਇਟਮ ’ਤੇ ਤਾਂ ਕਲਿਕ ਹੋ ਹੀ ਜਾਂਦਾ ਹੈ... ਫਰੀ ਹੋਮ ਡਿਲਿਵਰੀ ਦਾ ਲਾਲਚ ਵੀ ਜੋ ਨਾ ਕਰਵਾਵੇ... ਕਿੰਨਾ ਖਰਚਾ ਬਚ ਗਿਆ ਇਨ੍ਹੀਂ ਦਿਨੀਂ। ਸੋ ਦਸਵਾਂ ਹਿੱਸਾ ਨਾ ਸਹੀ, ਮੇਰਾ ਪੱਕਾ ਯਕੀਨ ਸੀ ਕਿ ਲੋੜਵੰਦਾਂ ਲਈ ਕੁਝ ਤਾਂ ਜੇਬ ’ਚੋਂ ਕੱਢਿਆ ਹੀ ਜਾਣਾ ਚਾਹੀਦਾ ਹੈ।

ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੁਝ ਦਿਨ ਪਹਿਲਾਂ ਮੈਂ ਆਪਣਾ ਵਿਚਾਰ ਗੁਆਂਢੀਆਂ ਨਾਲ ਸ਼ੇਅਰ ਕੀਤਾ ਸੀ ਕਿ ਸਫ਼ਾਈ ਕਾਮੇ ਇਸ ਵਾਰੀ ਜਦੋਂ ਪਿਛਲੇ ਮਹੀਨੇ ਦੇ ਪੈਸੇ ਲੈਣ ਆਉਣਗੇ ਤਾਂ ਉਨ੍ਹਾਂ ਨੂੰ ਪੰਜਾਹ ਦੀ ਥਾਂ ਆਪਾਂ ਸੌ-ਸੌ ਰੁਪਏ ਦੇ ਦੇਵਾਂਗੇ। ਇਸ ਨਾਲ ਉਨ੍ਹਾਂ ਦਾ ਮਾਣ ਵੀ ਵਧੇਗਾ ਅਤੇ ਚਾਰ ਪੈਸੇ ਵੀ ਬਣ ਜਾਣਗੇ।

ਉਦੋਂ ਮੇਰੀ ਸਭ ਤੋਂ ਹਾਈ-ਫਾਈ ਵਾਲੀ ਆਂਟੀ ਨੇ ਝੱਟ ਟੋਕ ਦਿੱਤਾ ਸੀ, ‘‘ਓ ਨਹੀਂ, ਨਹੀਂ ਸੂਰਜ, ਅਜਿਹਾ ਤਾਂ ਸੋਚੀਂ ਵੀ ਨਾ। ਇਹਨੂੰ ਇਹ ਲੋਕ ਆਪਣਾ ਹੱਕ ਮੰਨ ਲੈਣਗੇ। ਅਗਲੇ ਮਹੀਨੇ ਫੇਰ ਸੌ ਮੰਗਣਗੇ।’’
ਮੈਂ ਆਂਟੀ ਵੱਲ ਹੈਰਾਨੀ ਨਾਲ ਦੇਖਿਆ ਤਾਂ ਉਹ ਬੋਲੇ, ‘‘ਫਾਇਨੈਂਸ਼ਿਅਲ ਹੈਲਪ ਈ ਕਰਨੀ ਹੋਈ ਤਾਂ ਕਦੇ ਕਿਸੇ ਹੋਰ ਤਰੀਕੇ ਨਾਲ ਕਰ ਦਿਆਂਗੇ।’’

ਅਜਿਹਾ ਸੋਚਣਾ ਤਾਂ ਮੈਂ ਨਹੀਂ ਛੱਡਿਆ, ਪਰ ਜਿਵੇਂ ਅਕਸਰ ਮੈਂ ਆਪਣੀਆਂ ਇਨ੍ਹਾਂ ਮਹੱਤਵਪੂਰਨ ਆਂਟੀਆਂ ਅਤੇ ਭਾਬੀਆਂ ਦੀ ਹਰ ਗੱਲ ਮੰਨ ਲੈਂਦਾ ਹਾਂ, ਇਹ ਗੱਲ ਵੀ ਇੰਨ-ਬਿੰਨ ਮੰਨ ਲਈ ਸੀ। ਇਸ ਨਾਲ ਮੈਨੂੰ ਫ਼ਾਇਦਾ ਵੀ ਹੁੰਦਾ ਹੈ। ਤੁਸੀਂ ਸੋਚ ਰਹੇ ਹੋਵੋਂਗੇ ਕਿ ਇਸ ਵੱਟੇ, ਜਦੋਂ ਇਹ ਆਪਣੇ ਘਰ ’ਚ ਕੋਈ ਡਿਸ਼ ਵਗ਼ੈਰਾ ਬਣਾਉਂਦੀਆਂ ਹਨ ਤਾਂ ਆਪਣੀ ਗੁੱਡ-ਬੁਕਸ ਵਾਲੇ ਇਸ ਬੰਦੇ ਨੂੰ ਵੀ ਕਦੇ-ਕਦਾਈਂ ਭੇਜ ਦਿੰਦੀਆਂ ਹੋਣਗੀਆਂ। ਨੋ। ਨੈਵਰ। ਮੈਨੂੰ ਕੀ ਦੇਣਗੀਆਂ, ਇਹ ਤਾਂ ਵਿਚਾਰੀਆਂ ਖ਼ੁਦ ਜ਼ੋਮੈਟੋ ਵਾਲੇ ਦਾ ਰਸਤਾ ਤੱਕਦੀਆਂ ਰਹਿੰਦੀਆਂ ਨੇ।
ਇਕ ਦਿਨ ਮੈਂ ਪੁੱਛਿਆ ਵੀ ਸੀ, ‘‘ਭਾਬੀ, ਜਿਹੜੀ ਨਵੀਂ ਡਿਸ਼ ਦੀ ਵੀਡਿਓ ਪਾਈ ਸੀ, ਉਹ ਡਿਸ਼ ਕਿਹੋ ਜਿਹੀ ਬਣੀ ਸੀ?’’
ਤਾਂ ਭਾਬੀ ਬੜੇ ਮਾਣ ਜਿਹੇ ਨਾਲ ਕਹਿੰਦੀ, ‘‘ਖਾਣ ਲਈ ਥੋੜ੍ਹਾ ਬਣਾਈ ਸੀ, ਉਹ ਤਾਂ ਵੀਡਿਓ ਫੇਸਬੁਕ ’ਤੇ ਪਾਉਣ ਲਈ ਬਣਾਈ ਸੀ।’’

ਦਰਅਸਲ ਹਾਂ ’ਚ ਹਾਂ ਮਿਲਾਉਣ ਦਾ ਫ਼ਾਇਦਾ ਮੇਰੇ ਲਈ ਇਹੀ ਹੈ ਕਿ ਫੇਸਬੁਕ ’ਤੇ ਜਦੋਂ ਮੈਂ ਕੋਈ ਪੋਸਟ ਜਾਂ ਫੋਟੋ-ਫੁਟੋ ਪਾਉਂਦਾ ਹਾਂ ਤਾਂ ਇਹ ਉਸ ਨੂੰ ਲਾਈਕ, ਸ਼ੇਅਰ ਕਰ ਦਿੰਦੀਆਂ ਨੇ। ਕਈ ਵਾਰੀ ਸੋਨੇ ’ਤੇ ਸੁਹਾਗਾ ਇਹ ਕਿ ‘ਨਾਈਸ’, ‘ਔਸਮ’ ਵਰਗੇ ਕਮੈਂਟ ਵੀ ਚੇਪ ਦਿੰਦੀਆਂ ਨੇ। ਬਸ। ਹੋਰ ਚਾਹੀਦਾ ਵੀ ਕੀ ਹੈ ਅੱਜਕੱਲ੍ਹ ਬੰਦੇ ਨੂੰ!

ਮੇਰਾ ਕਾਪੀ-ਪੇਸਟ ਵਾਲਾ ਆਰੋਪ ਨਕਾਰਨ ਲਈ ਉਂਝ ਕਈ ਵਾਰੀ ਤਾਂ ਇਹ ਮੌਲਿਕਤਾ ਦੇ ਵੀ ਫੱਟੇ ਚੱਕ ਦਿੰਦੀਆਂ ਹਨ। ਪਿੱਛੇ ਜਦੋਂ ‘ਸਰਕਾਰ ਜੀ’ ਨੇ ਤਾੜੀਆਂ ਅਤੇ ਥਾਲ਼ੀਆਂ ਵਜਾਉਣ ਲਈ ਸੱਦਾ ਦਿੱਤਾ ਸੀ, ਉਦੋਂ ਕਿਆ ਗ਼ਜ਼ਬ ਦਾ ਪ੍ਰੋਗਰਾਮ ਉਲੀਕਿਆ ਸੀ ਇਨ੍ਹਾਂ ਨੇ ਕਿ ਬਸ ਪੁੱਛੋ ਹੀ ਨਾ। ਲਾਊਡ ਮਿਊਜ਼ਿਕ... ਭੰਗੜਾ ਬੀਟਸ ’ਤੇ... ਅਜਿਹਾ ਭੰਗੜਾ ਪਾਇਆ ਕਿ ਰਹੇ ਰੱਬ ਦਾ ਨਾਂ! ਅਤੇ ਹਰ ਡਾਂਸ ਆਈਟਮ ਦੇ ਨਾਲ ਤਾੜੀ ਅਤੇ ਥਾਲ਼ੀ ਦਾ ਕੰਬੀਨੇਸ਼ਨ ਵੀ ਦੇਖਣ ਵਾਲਾ ਸੀ। ਯਾਨੀ ਔਸਮ!

ਅਤੇ ਦੂਸਰੇ ਵਾਲਾ ਈਵੈਂਟ... ਰਾਤ ਨੂੰ ‘ਨੌਂ ਵਜੇ ਨੌਂ ਮਿਨਟ’ ਤੱਕ ‘ਬੱਤੀ ਬੁਝਾਉਣ, ਦੀਵਾ ਜਗਾਉਣ’ ਵਾਲਾ... ਬਈ ਉਹ ਤਾਂ ਵੰਡਰਫੁੱਲ! ਤਾਰੀਫ਼ ਲਈ ਜੇ ਸ਼ਬਦਾਂ ਦੀ ਘਾਟ ਜਾਪ ਰਹੀ ਹੋਵੇ ਤਾਂ ਹੌਰੀਬਲ ਅਤੇ ਟੈਰੀਬਲ ਵੀ ਕਹਿ ਸਕਦੇ ਹੋ!
ਮੇਰੀ ਗਲ਼ੀ ਦੀਆਂ ਆਂਟੀਆਂ ਅਤੇ ਭਾਬੀਆਂ ਨੇ ‘ਬੱਤੀ ਬੁਝਾਉਣ, ਦੀਵਾ ਜਗਾਉਣ’ ਵਾਲੀ ਈਵੈਂਟ ਨੂੰ ਫਰਦਰ ਐਕਸਟੈਂਡ ਕਰਦਿਆਂ ਉਸ ਨੂੰ ‘ਜਾਗੋ’ ਦਾ ਰੂਪ ਦੇ ਦਿੱਤਾ ਸੀ।

ਕਲਪਨਾ ਕਰੋ, ਜਾਗੋ ਦੀ ਮੁੱਖ ਪਾਤਰ ਆਂਟੀ ਜੀ ਦੀਆਂ ਦੋਵੇਂ ਹਥੇਲ਼ੀਆਂ ’ਤੇ ਥਾਲ਼ੀਆਂ... ਥਾਲ਼ੀਆਂ ’ਚੋਂ ਉੱਠਦੀਆਂ ਅੱਗ ਦੀਆਂ ਲਪਟਾਂ... ਮੁਖ ’ਚੋਂ ਉਚਾਰਿਆ ਜਾ ਰਿਹਾ- ‘ਭੱਜ ਕਰੋਨਾ, ਭੱਜ!’ ਦਾ ਨਾਅਰਾ... ਕਈ ਭਾਬੀਆਂ ਦੇ ਸਿਰ ’ਤੇ ਪਿੱਤਲ ਦੀਆਂ ਟੋਕਣੀਆਂ... ਟੋਕਣੀਆਂ ’ਚੋਂ ਉੱਠਦੀਆਂ ਅੱਗ ਦੀਆਂ ਲਹਿਰਾਉਂਦੀਆਂ, ਵਲ਼ ਖਾਂਦੀਆਂ ਲਪਟਾਂ... ਜਾਗੋ ਵਿਚ ਸ਼ਾਮਲ ਇਕ ਸੋਹਣੀ ਕੁੜੀ ਦੇ ਗਲ਼ ’ਚ ਢੋਲਕੀ... ਦੂਜੀ ਦੇ ਹੱਥ ’ਚ ਚਮਚੀ... ਢੋਲਕੀ ’ਤੇ ਥਾਪ ਅਤੇ ਚਮਚੀ ਦਾ ਮਿਊਜ਼ੀਕਲ ਸੁਮੇਲ... ਢਮ-ਢਮ... ਚਿਕ-ਚਿਕ... ਢਮ-ਚਿਕ...! ਢਮ-ਢਮ... ਚਿਕ-ਚਿਕ... ਢਮ-ਚਿਕ...! ਸਾਰਾ ਟੋਲਾ ਕਲੋਨੀ ਦੀਆਂ ਗਲ਼ੀਆਂ ’ਚ ਭਲਵਾਨੀ ਦੌਰੇ ’ਤੇ ਨਿਕਲ ਤੁਰਿਆ ਸੀ...
ਅਤੇ... ਪ੍ਰਚੰਡ ਰੋਹ ਤੇ ਜੋਸ਼ ਨਾਲ ਭਰਿਆ ਹੋਇਆ ਸਾਂਝਾ ਸੁਰ...

ਭੱਜ ਕਰੋਨਾ, ਭੱਜ ਬਈ ਹੁਣ ਜਾਗੋ ਆਈ ਆ!
ਜਾ ਕੇ ਪਾਕਿਸਤਾਨ ਨੂੰ ਲੱਗ ਬਈ ਹੁਣ ਜਾਗੋ ਆਈ ਆ!
ਹਿੰਦੂ-ਮੁਸਲਿਮ ਹਨ ’ਕੱਠੇ ਬਈ ਹੁਣ ਜਾਗੋ ਆਈ ਆ!
ਭੱਜ ਕਰੋਨਾ, ਭੱਜ ਬਈ ਹੁਣ ਜਾਗੋ ਆਈ ਆ!

ਮਤਲਬ ਕਰੋਨੇ ਦੇ ਕਰੋਨਾ ਦਾ ਬਾਪ ਦਾ ਬਾਪ ਵੀ ਆ ਜਾਵੇ, ਅਸੀਂ ਹਿੰਦੂ-ਮੁਸਲਿਮ ਤੇ ਪਾਕਿਸਤਾਨ ਨੂੰ ਨਹੀਂ ਛੱਡਣਾ!
ਹੁਣ ਕਰੋ ਗੱਲ! ਹੈ ਕੋਈ ਕਰੀਏਟੀਵਿਟੀ ਤੇ ਮੌਲਿਕਤਾ ਵਿਚ ਕਮੀ?

ਘੱਟ ਵੀਰ ਤੇ ਅੰਕਲ ਲੋਕ ਵੀ ਨਹੀਂ ਹਨ। ਹੇ...!!! ਵੱਡੇ-ਵੱਡੇ ਬੰਬ!!! ਅਤੇ ਦੂਰ ਗਗਨ ਵਿਚ ਜਾ ਕੇ ਖਿੜ-ਖਿੜ ਉੱਠਦੀ ਆਤਿਸ਼ਬਾਜ਼ੀ! ਕਿਆ ਖ਼ੂਬ ਪਟਾਕੇ ਵੱਜੇ! ਕਹਿੰਦੇ ਸਨ ਨਾ ਕਿ ਪ੍ਰਦੂਸ਼ਣ ਘਟ ਗਿਐ ਇਨ੍ਹੀਂ ਦਿਨੀਂ! ਪ੍ਰਦੂਸ਼ਣ ਦੀ ਐਸੀ ਦੀ ਤੈਸੀ! ਅਸੀਂ ਤਾਂ ਦੀਵਾਲੀ ਮਨਾ ਲਈ। ਸਹਿਮ ਕੇ ਠਹਿਰ ਜਿਹੀ ਗਈ ਮਹੀਨ-ਮਹੀਨ ਹਵਾ ਵਿਚ ਦੀਵੇ ਵੀ ਦੇਖੋ ਕਿਵੇਂ ਜਗਮਗ-ਜਗਮਗ ਕਰ ਰਹੇ ਹਨ!

ਸਾਰੇ ਵੀਰੇ ਤੇ ਅੰਕਲ ਜੀ ਥੋੜ੍ਹੀ ਥੋੜ੍ਹੀ ਦੇਰ ’ਚ ਇਕ-ਇਕ ਕਰ ਕੇ ਆਪਣੇ ਘਰ ’ਚ ਜਾਣ ਅਤੇ ਸਕੌਚ ਜਾਂ ਮਾਲਟ ਵਿਸਕੀ ਦਾ ਪੈੱਗ ਮਾਰ ਕੇ ਬੁੱਲ੍ਹ ਪੂੰਝਦੇ, ਸਨੈਕਸ ਖਾਂਦੇ ਹੋਏ ਬਾਹਰ ਆ ਜਾਣ, ‘‘ਲਾ ਓਏ ਤੀਲ੍ਹੀ, ਇਸ ਵਾਰੀ ਪੂਰੀ ਪੇਟੀ ਨੂੰ! ਏਹਦੀ ..., ਕਰੋਨੇ ਦੀ!’’

... ਤਾਂ ਪਤਾ ਨਹੀਂ, ਪਰ ਅਸੀਂ ਦੋਵਾਂ ਆਈਟਮਾਂ ਨੂੰ ਇਉਂ ਬਣਾ ਲਿਆ ਸੀ ਜਿਵੇਂ ਇਕ ਤਾਂ ਹੋਵੇ ਲੇਡੀਜ਼ ਸੰਗੀਤ। ਅਤੇ ਇਕ ਹੋਵੇ ਵਿਆਹ ਵਾਲੇ ਦਿਨ ਦਾ ਪ੍ਰੋਗਰਾਮ। ਉਂਝ ਸਾਡੇ ਇੱਧਰ ਦੋਵੇਂ ਦਿਨ ਇਕੱਠ ਇਕੋ ਜਿੰਨਾ ਹੀ ਹੁੰਦਾ ਹੈ। ਲੇਡੀਜ਼ ਸੰਗੀਤ ਵਾਲੇ ਦਿਨ ਵੀ ਘੱਟੋ-ਘੱਟ ਸੱਤ-ਅੱਠ ਸੌ ਦੀ ਗੈਦਰਿੰਗ ਅਤੇ ਇੰਨੀ ਹੀ ਵਿਆਹ ਵਾਲੇ ਦਿਨ ਵੀ। ਸਗੋਂ ਵੱਧ।

ਸੱਚ ਦੱਸਾਂ ਵੀਰ ਜੀ? ਕਰੋਨਾ ਮ੍ਹਾਤੜਾਂ ਦਾ ਕੁਝ ਨਹੀਂ ਵਿਗਾੜ ਸਕਦਾ। ਇਹ ਹੈ ਪੌਸ਼ ਕਲੋਨੀ। ਇੱਥੇ ਰਹਿੰਦੀ ਹੈ ਸ਼ਹਿਰ ਦੀ ਕ੍ਰੀਮ। ਸਾਰੇ ਬਿਜ਼ਨਸ ਵਿਚ ਜਾਂ ਚੰਗੀਆਂ-ਚੰਗੀਆਂ ਨੌਕਰੀਆਂ ਵਿਚ ਹਨ। ਲੌਕਡਾਊਨ ਸ਼ੁਰੂ ਹੋਣ ਸਾਰ ਇੱਥੋਂ ਵਾਲ਼ੇ ਵਧੇਰੇ ਲੋਕਾਂ ਦੀ ਕਮਾਈ ਦਾ ਮੀਟਰ ਤਾਂ ਸਗੋਂ ਹੋਰ ਵੀ ਤੇਜ਼ੀ ਨਾਲ ਚੱਲਣ ਲੱਗ ਪਿਆ ਸੀ।

ਸਿਰਫ਼ ਵੀਰ ਜੀ ਹੀ ਨਹੀਂ, ਦੀਦੀ ਜੀ, ਭਾਬੀ ਜੀ, ਅੰਕਲ ਜੀ, ਆਂਟੀ ਜੀ, ਮੈਂ ਸਾਰਿਆਂ ਨੂੰ ਮੁਖਾਤਬ ਹਾਂ। ਹਾਂ, ਦੂਜਾ ਲਾਰਜ ਪੈੱਗ ਡੱਫਣ ਸਾਰ ਮੈਂ ਅਕਸਰ ‘ਮੁਖਾਤਬ’ ਹੀ ਹੁੰਦਾ ਹਾਂ। ਹਾਂ ਤਾਂ, ਕਰੋਨਾ... ਮਤਲਬ ਕੁਝ ਵਿਗਾੜਣ ਵਾਲੀ ਗੱਲ ਤਾਂ ਦੱਸ ਹੀ ਦਿੱਤੀ ਕਿ ਰੈਸਟ ਅਸ਼ੋਰਡ... ਅਗਲੀ ਗੱਲ... ਇੱਧਰ ਲੌਕਡਾਊਨ ਸ਼ੁਰੂ ਹੋਇਆ ਤੇ ਉੱਧਰ ਦੂਜੇ ਦਿਨ ਹੀ ਭਾਈ ਸਾਹਬ, ਸਾਡੀ ਕਲੋਨੀ ਵਿਚ ਹੋਮ ਡਿਲਿਵਰੀ ਦੇਣ ਵਾਲੇ ਸਾਰੇ ਲੋਕਾਂ ਦੇ ਨਾਂ, ਮੋਬਾਈਲ ਨੰਬਰ ਸਾਡੇ ਵੱਟਸਐਪ ’ਤੇ ਸ਼ੇਅਰ ਕਰ ਦਿੱਤੇ ਗਏ ਸਨ ਕਿ ਕੌਣ ਦਵਾਈਆਂ ਸਪਲਾਈ ਕਰੇਗਾ, ਕੌਣ ਕਰਿਆਨਾ ਸਪਲਾਈ ਕਰੇਗਾ, ਕੌਣ ਫਲ਼-ਸਬਜ਼ੀਆਂ ਵਗ਼ੈਰਾ। ਦੇਖੀ ਫੁਰਤੀ?

ਕਿਸੇ ਵੀ ਸਪਲਾਈ ’ਚ ਜ਼ਰਾ ਵੀ ਦੇਰ ਜਾਂ ਕੁਤਾਹੀ ਹੋਈ ਨਹੀਂ ਕਿ ਫਿਰ ਤਾਂ ਤੁਹਾਨੂੰ ਪਤਾ ਹੀ ਹੋਣਾ, ਅਸੀਂ ਸਾਰੇ ਟਵਿੱਟਰ ’ਤੇ ਵੀ ਹਾਂ। ਟਵਿੱਟਰ ’ਤੇ ਇਕ ਨਿੱਕੀ ਜਿਹੀ ਬਿੱਠ ਕੀਤੀ ਨਹੀਂ ਕਿ ਸਾਰਾ ਟਵਿੱਟਰ ਬੋ ਮਾਰਨ ਲੱਗ ਪੈਂਦੈ। ਪਲਾਂ ’ਚ ਹੀ ਸਾਰੇ ਪ੍ਰਸ਼ਾਸਨ ਦੇ ਕੰਨ ਖੜ੍ਹੇ ਹੋ ਜਾਂਦੇ ਹਨ।

ਯਾਨੀ ਸਾਡੇ ਕੋਲ਼ ਟਵਿੱਟਰ ਦੀ ਤਾਕਤ ਹੈ, ਕੁਰਸੀ ਤਾਂ ਹੈ ਹੀ, ਸਮਰੱਥਾ ਹੈ, ਕੁਝ ਨਵਾਂ ਕਰਨ ਦਾ ਜਜ਼ਬਾ ਵੀ ਹੈ। ਪਰ ਵੀਰ ਜੀ, ਮੌਲਿਕ ਸੋਚ, ਮੌਲਿਕ ਵਿਚਾਰ ਦੀ ਕੁਝ ਘਾਟ ਹੈ। ਸੋਫੀ ਹੁੰਦਿਆਂ ਤਾਂ ਅਕਿਊਟ ਸ਼ੌਰਟੇਜ! ਘੁੱਟ ਲਾਈ ਤੋਂ ਕਦੇ-ਕਦਾਈਂ ਕੋਈ ਚੱਜ ਦਾ ਆਈਡੀਆ ਆ ਵੀ ਜਾਂਦਾ ਹੈ ਤਾਂ ਦਫ਼ਤਰ ਵਿਚ ਭ੍ਰਿਸ਼ਟਾਚਾਰ ਅਤੇ ਘਰ ’ਚ ਘਰਵਾਲੀਆਂ ਦੀ ‘ਕੰਜੂਸੀ’ ਵਿਚਾਲ਼ੇ ਆ ਜਾਂਦੀ ਹੈ।

ਦਫ਼ਤਰ ਦੀਆਂ ਛੱਡੋ, ਕੰਜੂਸੀ ਇਨ ਦਿ ਸੈਂਸ ਕਿ ਮੇਰੀ ਘਰਵਾਲੀ ਮੇਰੇ ਲਈ ਸਿੰਗਲ ਬ੍ਰਾਂਡ ਸ਼ੋਅਰੂਮ ’ਚੋਂ ਸੱਤ ਹਜ਼ਾਰ ਵਾਲੀ ਸ਼ਰਟ ਫਿਫਟੀ ਪਰਸੈਂਟ ਡਿਸਕਾਊਂਟ ’ਤੇ ਖ਼ੁਸ਼ੀ-ਖ਼ੁਸ਼ੀ ਲੈ ਆਵੇਗੀ (ਉਹੀ ਸ਼ਰਟ ਮੇਰੇ ਦਫ਼ਤਰ ਦਾ ਕਲਰਕ ਕਿਸੇ ਆਮ ਦੁਕਾਨ ਤੋਂ ਭਾਵੇਂ ਸਾਢੇ ਛੇ ਸੌ ’ਚ ਹੀ ਲੈ ਆਵੇ)।

ਪਰ ਉਸ ਦਿਨ ਮੇਰੀ ਘਰਵਾਲੀ ਸਿਰਫ਼ ਪੰਜਾਹ ਰੁਪਏ ਲਈ ਮੇਰੀ ਹਾਈ-ਫਾਈ ਵਾਲੀ ਆਂਟੀ ਨਾਲ ਜਾ ਖੜ੍ਹੀ ਹੋਈ ਸੀ। ਇਹ ਵੀ ਨਹੀਂ ਸੋਚਿਆ ਕਿ ਆਪਣੇ ਘਰਵਾਲੇ ਦੇ ਕਿੰਨੇ ਨਵੇਂ-ਨਿਵੇਕਲੇ ਸੁਝਾਅ ਦਾ ਕਤਲ ਕਰ ਰਹੀ ਹੈ।

ਸਾਡੇ ਵੱਟਸਐਪ ਗਰੁੱਪ ਵਿਚ ਰਾਤ ਇਕ ਮੈਸੇਜ ਸਰਕੁਲੇਟ ਹੋਇਆ ਸੀ। ਮੈਸੇਜ ਦੇਸ਼ ਬਾਰੇ ਚਿੰਤਾ ਵਰਗੇ ਕਿਸੇ ਆਮ ਮੁੱਦੇ ’ਤੇ ਨਹੀਂ ਸਗੋਂ ਇਹ ਸੀ ਕਿ ਸਾਡੀ ਗਲ਼ੀ ਵਿਚ ਸਫ਼ਾਈ ਕਾਮਿਆਂ ਨੂੰ ਸਨਮਾਨਤ ਕਰਨ ਦੀ ਸਕੀਮ ਬਣਾਈ ਜਾਣੀ ਸੀ। ਤੇ ਸੁਝਾਅ ਮੰਗੇ ਗਏ ਸਨ ਕਿ ਕਿਵੇਂ ਕੀਤਾ ਜਾਵੇ?

ਹਾਲਾਂਕਿ ਇਸ ਗਰੁੱਪ ਵਿਚ ਅਸੀਂ ਆਹਮਣੇ-ਸਾਹਮਣੇ ਦੀਆਂ ਸੱਤ-ਅੱਠ ਕੋਠੀਆਂ ਵਾਲੇ ਹੀ ਹਾਂ ਅਤੇ ਅੱਜਕੱਲ੍ਹ ਤਾਂ ਸਾਰੇ ਲੋਕ ਰੂ-ਬ-ਰੂ ਮਿਲਦੇ ਹੀ ਰਹਿੰਦੇ ਹਾਂ। ਜਦੋਂ ਵੀ ਅੰਦਰ ਬੈਠੇ ਬੋਰ ਹੋਣ ਲੱਗੇ ਜਾਂ ਖਟਪਟ ਵਗ਼ੈਰਾ ਦਾ ਖਦਸ਼ਾ ਜਿਹਾ ਵਧਣ ਲੱਗੇ ਤਾਂ ਉੱਠ ਕੇ ਗਲ਼ੀ ’ਚ ਆ ਜਾਈਦੈ। ਦੋ ਕੁ ਤਾਂ ਗੱਪਾਂ ਮਾਰਦੇ ਮਿਲ ਹੀ ਜਾਣਗੇ। ਪਰ ਅੱਜਕੱਲ੍ਹ ਮਰਨੇ-ਪਰਨੇ-ਜਨਮੇ ਅਤੇ ਉਨ੍ਹਾਂ ਬਾਰੇ ਅਫ਼ਸੋਸ-ਖ਼ੁਸ਼ੀ ਦੇ ਸਾਰੇ ਮੈਸੇਜ ਅਕਸਰ ਵੱਟਸਐਪ ’ਤੇ ਹੀ ਚੱਲਦੇ ਹਨ।

ਫਿਰ ਵੀ ਮੈਂ ਵੱਟਸਐਪ ਦੇ ਬਜਾਇ ਸ਼ਾਮ ਨੂੰ ਸਟੈਂਡਿੰਗ ਮੀਟਿੰਗ ਵਿਚ ਸੁਝਾਅ ਦਿੱਤਾ ਕਿ ‘‘ਫੀ ਪਰਿਵਾਰ ਉਗਰਾਹੀ ਕਰ ਲਈ ਜਾਵੇ, ਸ਼ਗਨ ਵਾਲੇ ਲਿਫ਼ਾਫ਼ੇ ਵਿਚ ਪਾ ਕੇ ਆਪਣੀ ਗਲ਼ੀ ਵਿਚ ਆਉਣ ਵਾਲੇ ਸਾਰੇ ਸਫ਼ਾਈ ਕਾਮਿਆਂ ਨੂੰ ਗ੍ਰੇਸਫੁੱਲ ਤਰੀਕੇ ਨਾਲ ਦੇ ਦੇਵਾਂਗੇ। ਦੇਖੋ, ਲੌਕਡਾਊਨ ਬੇਸ਼ੱਕ ਸਾਡੇ ਲਈ ਇੰਜੁਆਇਮੈਂਟ ਦੀ ਸੌਗਾਤ ਲੈ ਕੇ ਆਇਆ ਹੋਵੇ, ਪਰ ਇਨ੍ਹਾਂ ਵਿਚਾਰਿਆਂ ਦੀ ਆਮਦਨੀ ਤਾਂ ਘੱਟ ਹੋਈ ਹੀ ਹੈ। ਕਲੋਨੀ ਦੀ ਸਫ਼ਾਈ ਅਤੇ ਕੂੜਾ ਚੁੱਕਣ ਤੋਂ ਬਾਅਦ ਇਕ-ਅੱਧੇ ਘਰ ’ਚ ਝਾੜੂ-ਪੋਚੇ ਦਾ ਕੰਮ ਕਰ ਕੇ ਇਹ ਜੋ ਵਾਧੂ ਕਮਾ ਲੈਂਦੇ ਸਨ ਉਹ ਤਾਂ ਬੰਦ ਹੋ ਹੀ ਗਿਆ ਨਾ। ਸੋ ਇਨ੍ਹਾਂ ਦੀ ਆਰਥਿਕ ਮਦਦ ਲਈ...’’
‘‘ਸੌਰੀ ਸਰ! ਮੈਂ ਤੁਹਾਨੂੰ ਵਿਚਾਲ਼ੇ ਟੋਕ ਰਹੀ ਹਾਂ। ਉਹ ਮਦਦ ਤਾਂ ਅਸੀਂ ਕਿਸੇ ਵੇਲੇ ਵੀ ਕਰ ਸਕਦੇ ਹਾਂ। ਪਰ ਅਜਿਹੇ ਪ੍ਰੋਗਰਾਮ ਦਰਅਸਲ ਮੋਰਾਲ ਬੂਸਟ-ਅੱਪ ਕਰਨ ਲਈ ਹੁੰਦੇ ਹਨ। ਤੇ ਇਸ ਔਖੀ ਘੜੀ ’ਚ ਮੋਰਾਲ ਉੱਚਾ ਰੱਖਣਾ ਬਹੁਤ ਜ਼ਰੂਰੀ ਹੈ।’’
‘‘ਤਾਂ ਕੀ ਕੀਤਾ ਜਾਵੇ, ਮੈਡਮ?’’ ਕਿਸੇ ਨੇ ਪੁੱਛਿਆ।
‘‘ਫੁੱਲਾਂ ਦੇ ਹਾਰ ਪਾ ਕੇ ਸੁਆਗਤ ਕੀਤਾ ਜਾਵੇ। ਗੇਂਦੇ-ਗੁਲਾਬ ਦੇ ਫ੍ਰੈਸ਼ ਫੁੱਲਾਂ ਦੇ ਹਾਰਾਂ ਨਾਲ।’’
‘‘ਪਰ ਫ੍ਰੈਸ਼ ਫੁੱਲ ਤਾਂ ਮਿਲਣੇ ਮੁਸ਼ਕਲ ਹਨ। ਲੌਕਡਾਊਨ ਕਰਕੇ ਬਾਜ਼ਾਰ ਬੰਦ ਹਨ, ਵਿਆਹ-ਸ਼ਾਦੀਆਂ, ਮੰਦਰ, ਸਭ ਕੁਝ ਤਾਂ ਬੰਦ ਹੈ। ਨਿਊਜ਼ ਨਹੀਂ ਸੁਣੀ ਸੀ? ਇਸੇ ਲਈ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਤਾਂ ਬਰਬਾਦੀ ਕੰਢੇ ਪਹੁੰਚ ਚੁੱਕੇ ਹਨ।’’ ਮੈਂ ਦੱਸਿਆ।

‘‘ਆਈ ਵਿਲ ਅਰੇਂਜ,’’ ਸਾਡੇ ਇਕ ਅਫ਼ਸਰ ਗੁਆਂਢੀ ਨੇ ਪੁਰ ਯਕੀਨ ਕਿਹਾ, ‘‘ਮੇਰੇ ਕੋਲ ਇਕ ਫਲਾਵਰ ਸ਼ੌਪ ਵਾਲੇ ਦਾ ਕੌਨਟੈਕਟ ਨੰਬਰ ਹੈ। ਇੱਧਰ ਸਦਰ ਥਾਣੇ ’ਚ ਕਹਿ ਦਿਆਂਗਾ। ਗਸ਼ਤ ਵਾਲੇ ਉਹਨੂੰ ਨਾਲ ਲੈ ਕੇ ਕਿਸੇ ਖੇਤ ’ਚੋਂ ਤੋੜ ਲਿਆਉਣਗੇ। ਹਾਰ ਵੀ ਬਣਵਾ ਲਿਆਉਣਗੇ। ਕਿਸਾਨ ਹੀ ਬਰਬਾਦ ਹੋਏ ਹੋਣੇ, ਥੋੜ੍ਹੇ-ਮੋਟੇ ਫੁੱਲ ਤਾਂ ਕਿਸੇ ਖੇਤ ’ਚੋਂ ਮਿਲ ਹੀ ਜਾਣਗੇ, ਕਨਾ? ਪੈਸੇ ਵੀ ਨਹੀਂ ਲੱਗਣੇ। ਹਾ... ਹਾ... ਹਾ...!’’ ਅਤੇ ਅਫ਼ਸਰ ਜੇਤੂ ਹਾਸਾ ਹੱਸਣ ਲੱਗਿਆ।

‘‘ਹੀ... ਹੀ... ਹੀ... ਹੂ... ਹੂ... ਹੂ...!’’ ਮੈਂ ਵੀ ਆਪਣੀ ਹਾਰੀ ਹੋਈ ਹਾਸੀ ਦੀ ਤਾਨ ਉਸ ਅਫ਼ਸਰ ਦੇ ਜੇਤੂ ਹਾਸੇ ਨਾਲ ਮਿਲਾ ਦਿੱਤੀ। ਫੇਰ ਇਕ, ਦੋ, ਦਸ, ਵੀਹ, ਹਜ਼ਾਰ, ਲੱਖ... ਕਿੰਨੀਆਂ ਹੀ ਗਾਲ਼ਾਂ, ਖ਼ਬਰੇ ਕੀਹਨੂੰ, ਮਨ ਹੀ ਮਨ ਕੱਢ ਮਾਰੀਆਂ।
ਦਿਨ, ਤਰੀਕ, ਸਮਾਂ ਮਿਥਿਆ ਗਿਆ।
ਸਫ਼ਾਈ ਕਾਮਿਆਂ ਨੂੰ ਰਸਮੀ ਤੌਰ ’ਤੇ ਦੱਸਣ ਲਈ ਇਕ ਸੀਨੀਅਰ ਆਂਟੀ ਦੀ ਡਿਊਟੀ ਲੱਗੀ। ਆਂਟੀ ਵੱਲੋਂ ਉਨ੍ਹਾਂ ਨੂੰ ਪਹਿਲੇ ਦਿਨ ਦੱਸ ਦਿੱਤਾ ਗਿਆ, ‘‘ਬਈ ਕੱਲ੍ਹ ਨੂੰ ਤੁਹਾਡਾ ਸਨਮਾਨ ਕਰਾਂਗੇ। ਕੱਪੜੇ-ਕੁੱਪੜੇ ਜ਼ਰਾ ਚੱਜ ਦੇ ਪਾ ਕੇ ਆਇਓ।’’
‘‘ਕੱਪੜੇ ਤਾਂ ਬੀਬੀ ਜੀ, ਆਹੀ ਨੇ ਸਾਡੇ ਕੋਲ਼ੇ।’’
‘‘ਉਹ ਤਾਂ ਠੀਕ ਐ। ਮਾੜੇ-ਮੋਟੇ ਧੋ-ਧੂ ਲਿਓ।’’
‘‘ਗਲ਼ੀਆਂ ’ਚ ਭਟਕਦੇ-ਭਟਕਦੇ ਕੁਵੇਲ਼ਾ ਹੋ ਜਾਂਦੈ ਬੀਬੀ ਜੀ। ਕਦੋਂ ਧੋਮਾਂਗੇ, ਅਰ ਫੇ ਕਦ ਸੁੱਕਣਗੇ।’’
‘‘ਨੋ ਹੋਪ!’’ ਆਂਟੀ ਨੇ ਖਿੱਝ ਕੇ ਬੁੜਬੜਾਉਂਦਿਆਂ ਨਿੱਘੇ ਸੱਦੇ ਦੀ ਰਸਮ ਅਦਾਇਗੀ ਕਰ ਦਿੱਤੀ ਸੀ।

ਸਵੇਰੇ, ਜਿਵੇਂ ਜਿਹਦੀ ਡਿਊਟੀ ਲੱਗੀ ਹੋਈ ਸੀ, ਇਕ ਜਣੇ ਨੇ ਸਾਰਿਆਂ ਦੇ ਹੱਥ ਸੈਨੇਟਾਈਜ਼ ਕਰਵਾਏ। ਸਭ ਤੋਂ ਪਹਿਲਾ ਹਾਰ ਉਸ ਆਂਟੀ ਦੇ ਹੱਥੀਂ ਸਫ਼ਾਈ ਕਾਮਿਆਂ ’ਚੋਂ ਸਭ ਤੋਂ ਬਜ਼ੁਰਗ ਸਫ਼ਾਈ ਵਾਲੀ, ਜਿਹਨੂੰ ਸਾਰੇ ਤਾਈ ਕਹਿੰਦੇ ਹਨ, ਦੇ ਗਲ਼ ’ਚ ਪਵਾਇਆ ਗਿਆ।
ਸਾਡੀ ਉਸ ਆਂਟੀ ਨੇ ਸਫ਼ਾਈ ਕਾਮਿਆਂ ਦੇ ਮੰਗਣ ’ਤੇ ਵੀ ਅੱਜ ਤੱਕ ਕਦੇ ਚਾਹ ਨਹੀਂ ਪਿਲਾਈ ਸੀ। ਹਮੇਸ਼ਾ ਇਕੋ ਬਹਾਨਾ ਹੁੰਦਾ ਸੀ, ‘‘ਹਾਲੇ ਦੁੱਧ ਨਹੀਂ ਆਇਆ।’’

ਸਾਰਿਆਂ ਨੇ ਵਾਰੋ-ਵਾਰੀ ਹਾਰ ਪਾਏ ਅਤੇ ਤਾੜੀਆਂ ਵੀ ਵਜਾਉਂਦੇ ਰਹੇ। ਫੁੱਲ ਨਾ ਵਧੇਰੇ ਫ੍ਰੈਸ਼ ਸਨ ਅਤੇ ਨਾ ਹੀ ਉਨ੍ਹਾਂ ’ਤੇ ਖ਼ਾਸ ਸ਼ਾਈਨਿੰਗ ਸੀ। ਪਰ ਸਾਨੂੰ ਇਸ ਦੀ ਚਿੰਤਾ ਨਹੀਂ ਸੀ। ਕਿਉਂਕਿ ਸ਼ਾਈਨਿੰਗ ਜਾਂ ਫੋਟੋ ਕੁਆਲਟੀ ਇੰਪਰੂਵ ਕਰਨ ਲਈ ਇਕ ਤੋਂ ਇਕ ਉਮਦਾ ਫੀਚਰ ਸਾਡੇ ਮੋਬਾਈਲਾਂ ਵਿਚ ਹਨ।

ਵੱਖ-ਵੱਖ ਐਂਗਲਾਂ ਤੋਂ ਫੋਟੋਆਂ ਲਈਆਂ ਗਈਆਂ। ਵੀਡਿਓ ਕਲਿਪਾਂ ਬਣਾਈਆਂ ਗਈਆਂ। ਕੁਝ ਹੀ ਮਿੰਟਾਂ ਵਿਚ ਪ੍ਰੋਗਰਾਮ ਨੇਪਰੇ ਚਾੜ੍ਹ ਦਿੱਤਾ ਗਿਆ। ਕੂੜਾ ਸੰਭਰਦੇ ਅਤੇ ਉਸ ਨੂੰ ਹੱਥ ਨਾਲ ਧੱਕਣ ਵਾਲੇ ਹੱਥ-ਠੇਲੇ ਵਿਚ ਪਾਉਂਦੇ ਹੋਏ ਉਹ ਅੱਗੇ ਵਧ ਗਏ।

ਅਸੀਂ ਉਤਸ਼ਾਹਤ, ਆਤਮ-ਪ੍ਰਸ਼ੰਸਤ ਅੰਦਾਜ਼ ਵਿਚ ਉੱਥੇ ਹੀ ਝੁੰਡ ਬਣਾ ਕੇ ਖੜ੍ਹੇ ਸਾਂ। ਸਾਰੇ ਆਪੋ-ਆਪਣੇ ਮੋਬਾਈਲਾਂ ਦੀ ਫੋਟੋ ਗੈਲਰੀ ਖੋਲ੍ਹ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਯੋਗ ਫੋਟੋ ਲੱਭਣ ਅਤੇ ਉਸ ਨੂੰ ਚਮਕਾਉਣ ਵਿਚ ਰੁੱਝੇ ਹੋਏ ਸਨ।
ਪਰ ਮੇਰਾ ਧਿਆਨ ਅਤੇ ਮੇਰੇ ਕੰਨ ਹਾਲੇ ਵੀ, ਥੋੜ੍ਹੀ ਦੂਰ ਜਾ ਚੁੱਕੇ ਸਫ਼ਾਈ ਕਾਮਿਆਂ ਵੱਲ ਹੀ ਸਨ।

ਆਪਣੇ ਦੋਵੇਂ ਹੱਥਾਂ ਵਿਚ ਫੜੇ ਹੋਏ ਲੋਹੇ ਦੇ ਪੱਤਰਿਆਂ ਨਾਲ ਕੂੜਾ ਚੁੱਕ-ਚੁੱਕ ਕੇ ਹੱਥ-ਠੇਲੇ ਵਿਚ ਪਾ ਰਹੀ ਔਰਤ ਦੇ ਗਲ਼ ’ਚ ਪਈ ਫੁੱਲਮਾਲ਼ਾ ਕੂੜਾ ਚੁੱਕਣ ਲਈ ਝੁਕਣ ਵੇਲੇ ਵਾਰ-ਵਾਰ ਕੂੜੇ ਵਿਚ ਉਲਝ ਕੇ ਅੜਚਨ ਪੈਦਾ ਕਰ ਰਹੀ ਸੀ।
ਉਸ ਨੇ ਆਪਣੀ ਫੁੱਲਮਾਲ਼ਾ ਵੱਲ ਇਸ਼ਾਰਾ ਕਰਦਿਆਂ ਨਾਲ ਵਾਲੀ ਬਜ਼ੁਰਗ ਔਰਤ ਤੋਂ ਪੁੱਛਿਆ, ‘‘ਹੈਂ ਤਾਈ, ਏਹਦਾ ਕੀ ਕਰੀਏ?’’ਤਾਈ ਨੇ ਸਹਿਜ ਹੀ ਕਿਹਾ, ‘‘ਠੇਲੇ ਮਾਂਹ ਗੇਰ ਦਿਓ।’’
ਸਾਰਿਆਂ ਨੇ ਆਪੋ-ਆਪਣੇ ਹਾਰ ਲਾਹ ਕੇ ਕੂੜੇ ਵਾਲੇ ਹੱਥ-ਠੇਲੇ ਵਿਚ ਸੁੱਟ ਦਿੱਤੇ।
ਅਸੀਂ ਹਾਲੇ ਤੈਅ ਹੀ ਨਹੀਂ ਕਰ ਸਕੇ ਸਾਂ ਕਿ ਕਿਹੜੀ ਫੋਟੋ ਸੋਸ਼ਲ ਮੀਡੀਆ ’ਤੇ ਅਪਲੋਡ ਕਰਨੀ ਹੈ ਅਤੇ ਕਿਹੜੀ ਵੀਡਿਓ ਕਲਿਪ ਚੈਨਲ ਨੂੰ ਭੇਜਣੀ ਹੈ।
(ਨੋਵਲ ਤੋਂ ਭਾਵ ਨਵੀਂ ਤਰ੍ਹਾਂ ਦਾ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)