Punjabi Stories/Kahanian
ਜਰਨੈਲ ਸਿੰਘ
Jarnail Singh
Punjabi Kavita
  

Paani Jarnail Singh

ਪਾਣੀ ਜਰਨੈਲ ਸਿੰਘ

ਨਾਸ਼ਤੇ ਉਪਰੰਤ, ਸੁਖਜੀਤ ਕੌਰ ਉੱਠਣ ਹੀ ਲੱਗੀ ਸੀ ਕਿ ਰਾਜੂ ਨੇ ਉਸਨੂੰ ਕੁਝ ਚਿਰ ਹੋਰ ਬੈਠਣ ਦਾ ਇਸ਼ਾਰਾ ਕਰਦਿਆਂ, ਇੱਕ ਲਿਫਾਫੇ ਵਿੱਚੋਂ ਵੱਡਾ ਸਾਰਾ ਕਾਗਜ਼ ਕੱਢਿਆ ਤੇ ਤਹਿਆਂ ਖੋਲ੍ਹ ਕੇ ਉਸਦੇ ਸਾਹਮਣੇ, ਡਾਇਨਿੰਗ-ਟੇਬਲ 'ਤੇ ਵਿਛਾ ਦਿੱਤਾ। ਕੱਪ-ਪਲੇਟਾਂ ਸਿੰਕ 'ਚ ਰੱਖ ਕੇ ਸ਼ੈਰਨ ਵੀ ਕੋਲ਼ ਆ ਖਲੋਈ। ਛੇ ਕੁ ਸਾਲਾ ਡੈਬੀ ਤਾਂ ਪਹਿਲਾਂ ਹੀ, ਖੁਸ਼ ਮੂਡ 'ਚ ਰਾਜੂ ਨਾਲ਼ ਲੱਗੀ ਖੜੀ ਸੀ।
ਸਵਿਮਿੰਗ-ਪੂਲ ਦੇ ਨਕਸ਼ੇ ਦੀ ਪਹਿਲੀ ਹੀ ਝਲਕ ਨੇ ਸੁਖਜੀਤ ਕੌਰ ਅੰਦਰ ਹੈਰਾਨਗੀ ਪੈਦਾ ਕਰ ਦਿੱਤੀ। ਪਰ ਉਹ ਸਹਿਜ ਰਹੀ। ਸਾਹਮਣੇ ਖਲੋਤੇ ਪੁੱਤ, ਨੂੰਹ ਤੇ ਪੋਤੀ ਦੀ ਹੇਜਲੀ ਮੁਸਕਰਾਹਟ ਦੇ ਜਵਾਬ ਵਿੱਚ ਹਲਕਾ ਜਿਹਾ ਮੁਸਕਰਾਉਂਦਿਆਂ ਉਹ ਬੋਲੀ, ''ਬਈ! ਪਰਾਰ ਆਪਾਂ ਇਹਦੀ ਸਲਾਹ ਹਟਾ ਨਹੀਂ ਸੀ ਦਿੱਤੀ?''
''ਹਾਂ ਮਾਮ! ਹਟਾ ਤਾਂ ਦਿੱਤੀ ਸੀ'', ਰਾਜੂ ਦੇ ਬੋਲਾਂ ਵਿੱਚ ਹਲਕੀ ਜਿਹੀ ਘਬਰਾਹਟ ਵੀ ਸੀ ਤੇ ਉਤਸ਼ਾਹ ਵੀ, ''ਪਰ... ਪਰ ਸਵਿਮਿੰਗ-ਪੂਲ ਬਿਨਾਂ ਸਮਰ ਬੜੀ ਡੱਲ ਜਿਹੀ ਲੰਘਦੀ ਏ... ਏਦਾਂ ਫੀਲ ਹੁੰਦਾ ਰਹਿੰਦਾ ਆ ਪਈ ਜਿੱਦਾਂ ਅਸੀਂ ਲਾਈਫ ਦਾ ਇੱਕ ਵੱਡਾ ਫੰਨ ਮਿੱਸ ਕਰ ਰਹੇ ਆਂ... ਮੈਂ ਤੇ ਸ਼ੈਰਨ ਨੇ ਸਲਾਹ ਕਰਕੇ ਐਹ ਮੈਪ ਬਣਵਾਇਐ... ਮੈਂ ਐਕਸਪਲੇਨ ਕਰਦਾਂ... ਪੰਜਾਹ ਹਜਾਰ ਗੈਲਨ ਦੀ ਕਪੈਸਿਟੀ ਵਾਲ਼ਾ ਇਹ ਸਵਿਮਿੰਗ-ਪੂਲ, ਬੈਕਯਾਰਡ ਦੀ ਨੌਰਥ-ਵੈਸਟ ਕੌਰਨਰ 'ਚ ਬਣੇਗਾ'', ਰਾਜੂ ਦੀਆਂ ਉਂਗਲ਼ਾਂ ਲਾਈਨਾਂ 'ਤੇ ਘੁੰਮਣ ਲੱਗੀਆਂ, ''ਐਹ ਲੈਂਗਥ ਪੱਚੀ ਫੀਟ, ਵਿਡਥ ਵੀਹ ਫੀਟ ਤੇ ਡੈਪਥ ਨੌਂ ਫੀਟ ਹੋਵੇਗੀ। ਘੱਟ ਡੈਪਥ ਵਾਲਾ ਇਹ ਪਾਸਾ ਡੈਬੀ ਅਤੇ ਰਿੱਕਦੀਪ ਲਈ... ਪੂਲ ਦੇ ਚਾਰੇ ਪਾਸੇ ਬਲੈਕ ਐਂਡ ਵ੍ਹਾਈਟ ਟਾਈਲਾਂ 'ਚ ਤਿੰਨ-ਤਿੰਨ ਫੀਟ ਦੀ ਪਟੜੀ ਹੋਵੇਗੀ।''
''ਇਟ ਲੁਕਸ ਫੈਂਟੈਸਟਿਕ ਟੂ ਮੀ।'' ਸ਼ੈਰਨ ਦੇ ਗੋਰੇ ਚਿਹਰੇ ਤੇ ਨੀਲੀਆਂ ਅੱਖਾਂ ਵਿੱਚ ਜੋਸ਼ ਘੁਲ਼ਿਆ ਨਜ਼ਰ ਆ ਰਿਹਾ ਸੀ।
''ਵੰਡਰਫੁਲ! ਆਇ'ਲ ਸਵਿੰਮ ਐਵਰੀ ਡੇਅ।'' ਡੈਬੀ ਨੇ ਆਪਣਾ ਸਰੀਰ ਇੰਜ ਟੇਢਾ ਜਿਹਾ ਕੀਤਾ ਜਿਵੇਂ ਸਵਿਮਿੰਗ-ਪੂਲ 'ਚ ਛਾਲ਼ ਮਾਰਨ ਜਾ ਰਹੀ ਹੋਵੇ।
''ਵੈੱਲ, ਨਕਸ਼ੇ ਮੁਤਾਬਿਕ ਤਾਂ ਪੂਲ ਵਾਕਈ ਸ਼ਾਨਦਾਰ ਲਗਦਾ ਏ ਪਰ... ।'' ਸੁਖਜੀਤ ਕੌਰ ਨੇ ਕਾਹਲ਼ੇ ਜਿਹੇ ਹੱਥਾਂ ਨਾਲ਼ ਲਿਫਾਫੇ ਵਿੱਚੋਂ ਐਸਟੀਮੇਟ ਵਾਲ਼ਾ ਕਾਗਜ਼ ਕੱਢਿਆ... ਟੋਟਲ ਪੜ੍ਹਦਿਆਂ ਉਸਨੂੰ ਇੰਜ ਲੱਗਾ ਜਿਵੇਂ ਨਕਸ਼ੇ ਦੀਆਂ ਲਾਈਨਾਂ ਹੇਠ ਕੋਈ ਡੁੰਮ੍ਹ ਹੋਵੇ ਤੇ ਉਹ ਵਿੱਚ ਡੁੱਬਦੀ ਜਾ ਰਹੀ ਹੋਵੇ।... ਉਸਦੇ ਵੀਕ-ਐੰਡ ਦੇ ਸਹਿਜ ਮੂਡ 'ਚ ਤਲਖ਼ੀ ਆ ਗਈ, ''ਡੈਮ'ਟ... ਸੱਠ ਹਜਾਰ... ਆਪਣੇ ਡੈਡ ਨਾਲ਼ ਗੱਲ ਕਰੋ।'' ਉਸਨੇ ਓਵਰਟਾਈਮ ਲਾਉਣ ਗਏ ਪਤੀ ਦੇ ਮੁੜਨ ਤੱਕ ਗੱਲ ਨੂੰ ਅੱਗੇ ਪਾ ਦਿੱਤਾ। ਸ਼ੈਰਨ ਡੈਬੀ ਨੂੰ ਲੈ ਕੇ ਟੀ. ਵੀ. ਵੱਲ ਨੂੰ ਹੋ ਗਈ। ਰਾਜੂ ਜ਼ਰਾ ਕੁ ਖੜਾ ਰਿਹਾ ਤੇ ਫਿਰ ਸਾਹਮਣੇ ਵਾਲ਼ੀ ਕੁਰਸੀ 'ਤੇ ਬਹਿੰਦਾ ਹੋਇਆ ਹਲੀਮੀ ਨਾਲ਼ ਬੋਲਿਆ, ''ਮਾਮ! ਗੱਲ ਤਾਂ ਤੁਹਾਡੀ 'ਯੈਸ' ਦੀ ਐ, ਡੈਡ ਨੂੰ ਤਾਂ ਅਸੀਂ ਮਨਾ ਹੀ ਲੈਣਾ ਏ।''
'' ਮੈਂ 'ਕੱਲੀ ਕਿੱਦਾਂ 'ਯੈਸ' ਕਰ ਸਕਦੀ ਆਂ। ਖਰਚਿਆਂ ਦਾ ਤਾਂ ਪਹਿਲਾਂ ਹੀ ਵਾਰ-ਫੇਰ ਨ੍ਹੀਂ ਆਉਂਦਾ... ਘਰ ਦੀਆਂ ਤੇ ਕਾਰਾਂ ਦੀਆਂ ਕਿਸ਼ਤਾਂ ਨੇ ਸੁਰਤ ਭੁਲਾਈ ਹੋਈ ਏ। ਤੇ ਤੂੰ ਐਹ ਸੱਠ ਹਜਾਰ ਦੀ ਇੱਕ ਹੋਰ ਪੰਡ... ਕਿੱਦਾਂ ਕਿਸ਼ਤਾਂ ਤਾਰਾਂਗੇ ਐਨੇ ਲੋਨ ਦੀਆਂ?''
''ਪਰ ਜਦੋਂ ਸਾਡੀ ਮਾਮ ਏਨੀ ਰਿੱਚ ਏ ਤਾਂ ਅਸੀਂ ਲੋਨ ਕਿਉਂ ਲਵਾਂਗੇ?'' ਰਾਜੂ ਨੇ ਆਖਿਆ।
''ਰਾਜੂ! ਤੇਰੀ ਸੁਰਤ ਪਤਾ ਨਹੀਂ ਕਿੱਥੇ ਗਈ ਹੋਈ ਐ। ਅਜੇ ਦੋ ਸਾਲ ਪਹਿਲਾਂ ਜਦੋਂ ਆਪਾਂ ਐਹ ਵੱਡਾ ਘਰ ਲਿਆ ਤਾਂ ਮੈਂ ਤੁਹਾਨੂੰ ਵੀਹ ਹਜਾਰ ਡਾਲਰ ਮੰਗਾ ਕੇ ਦਿੱਤਾ ਸੀ।... ਚਾਚਾ ਜੀ ਨੇ ਪਿਛਲੇ ਸਾਲਾਂ ਦੇ ਜਮ੍ਹਾਂ ਹੋਏ ਠੇਕੇ 'ਚ ਦੋ ਸਾਲ ਦਾ ਐਡਵਾਂਸ ਪਾ ਕੇ ਏਨਾ ਭੇਜਿਆ ਸੀ।'' ਉਹ ਖਿਝ ਕੇ ਬੋਲੀ।
''ਮਾਈ ਡੀਅਰ ਮਾਮ! ਤੁਸੀਂ ਮੇਰੀ ਗੱਲ ਨਹੀਂ ਸਮਝੇ।'' ਰਾਜੂ ਦੀ ਸੁਰ 'ਚ ਮਿਠਾਸ ਅਤੇ ਬੁੱਲ੍ਹਾਂ 'ਤੇ ਮਚਲਾ ਜਿਹਾ ਹਾਸਾ ਸੀ।
''ਕੀ?'' ਉਸਨੇ ਝੁੰਜਲਾ ਕੇ ਪੁੱਛਿਆ।
''ਮੇਰਾ ਮਤਲਬ ਐ ਕਿ ਆਪਾਂ ਤੁਹਾਡੀ ਜਮੀਨ 'ਸੈੱਲ' ਕਰ ਦੇਈਏ।''
'ਸੈੱਲ' ਸ਼ਬਦ ਸੁਖਜੀਤ ਕੌਰ ਦੇ ਸਿਰ 'ਤੇ ਬੰਬ ਵਾਂਗ ਫਟਿਆ। ਦਿਲ ਥੱਲੇ ਨੂੰ ਡਿਗਦਾ ਜਾਪਿਆ... ਸਰੀਰ ਤ੍ਰੇਲੀਓ-ਤ੍ਰੇਲੀ ਹੋ ਗਿਆ... ਉਸਨੂੰ ਇੰਜ ਲੱਗਾ ਜਿਵੇਂ ਉਸਦਾ ਪੁੱਤ ਉਸਦੀਆਂ ਜੜ੍ਹਾਂ ਨਾਲ਼ ਜੁੜੀ ਹੋਈ ਮਿੱਟੀ ਨੂੰ ਖੁਰਚ ਕੇ ਕਿਸੇ ਗਾਰਬੇਜ ਦੇ ਟੋਏ ਵਿੱਚ ਸੁੱਟਣੀ ਚਾਹ ਰਿਹਾ ਹੋਵੇ... ਪਲਾਂ ਵਿੱਚ ਹੀ ਉਸਦੀਆਂ ਨਸਾਂ 'ਚ ਟੈਨਸ਼ਨ ਆ ਵੜੀ। ਸਾਹ ਫੇਫੜਿਆਂ ਦੇ ਉੱਤੋਂ-ਉੱਤੋਂ ਹੀ ਆਉਂਦਾ ਪ੍ਰਤੀਤ ਹੋਇਆ... । ਉੱਪਰੋਂ ਬੈੱਡਰੂਮ 'ਚੋਂ ਉਸਦੇ ਸਾਲ ਕੁ ਦੇ ਪੋਤੇ ਰਿੱਕਦੀਪ ਦੇ ਅਚਾਨਕ ਰੋਣ ਦੀ ਆਵਾਜ਼ ਨੇ ਉਸਦੀ ਸਾਹ-ਗਤੀ ਨੂੰ ਹੋਰ ਵੀ ਤੇਜ਼ ਕਰ ਦਿੱਤਾ।... ਸਵੇਰੇ ਨਿੱਘੇ ਪਾਣੀ 'ਚ ਕੇਸੀਂ ਇਸ਼ਨਾਨ ਕਰਦਿਆਂ ਉਸਦਾ ਮਨ ਲਗਭਗ ਸ਼ਾਂਤ ਸੀ। ਪਰ ਹੁਣ...। ਉਹ ਟੇਬਲ ਦਾ ਸਹਾਰਾ ਲੈ ਕੇ ਉੱਠੀ, ਗੋਲ਼ੀ ਖਾਧੀ ਤੇ ਪੈਰਾਂ ਨੂੰ ਧੂੰਹਦੀ ਹੋਈ ਪਉੜੀਆਂ ਚੜ੍ਹ ਕੇ ਬੈੱਡ 'ਤੇ ਢਹਿ ਪਈ... 'ਇਨ੍ਹਾਂ ਨੂੰ ਤਾਂ ਬੱਸ ਆਪਣੇ ਮਤਲਬ ਹੀ ਦੀਂਹਦੇ ਆ... ਅਗਲੇ ਦੀ ਭਾਵੇਂ ਹੋਂਦ ਹੀ ਜਾਂਦੀ ਲੱਗੇ।' ਆਪਣੇ ਅੰਦਰਲੇ ਨਾਲ਼ ਗੱਲਾਂ ਕਰਦੀ ਉਹ ਪਤਾ ਨਹੀਂ ਕਿਹੜੀਆਂ-ਕਿਹੜੀਆਂ ਘੁੰਮਣ-ਘੇਰੀਆਂ 'ਚ ਪਈ ਰਹੀ।
ਦਵਾਈ ਦੇ ਅਸਰ ਨਾਲ਼ ਕੁਝ ਠੀਕ ਹੋਈ ਤਾਂ ਥੱਲੇ ਉੱਤਰ ਕੇ ਲਿਵਿੰਗ-ਰੂਮ ਦੇ ਫਰਨੀਚਰ ਨੂੰ ਝਾੜਨ-ਪੂੰਝਣ ਲੱਗ ਪਈ। ਸ਼ੈਰਨ ਰਸੋਈ ਤੇ ਹਾਲ-ਵੇਅ 'ਚ ਮੱਪ ਫੇਰ ਰਹੀ ਸੀ। ਡੈਬੀ ਫੈਮਿਲੀ-ਰੂਮ 'ਚ ਟੀ.ਵੀ. 'ਤੇ ਕਾਰਟੂਨ-ਫਿਲਮ ਦੇਖ ਰਹੀ ਸੀ। ਉੱਥੇ ਹੀ ਰਿੱਕਦੀਪ ਨੂੰ ਲੈ ਕੇ ਬੈਠਾ ਰਾਜੂ ਸ਼ੈਰਨ ਦੀਆਂ ਗੱਲਾਂ ਦੇ ਹੁੰਗਾਰੇ 'ਚ, ''ਅਹਾਂ... ਓ ਯਾਹ... ਓ ਯਾਹ...।'' ਕਰੀ ਜਾ ਰਿਹਾ ਸੀ। ਕੁਝ ਦੇਰ ਬਾਅਦ ਮੱਪ ਨੂੰ ਥਾਏਂ ਛੱਡ ਸ਼ੈਰਨ ਰਾਜੂ ਕੋਲ਼ ਜਾ ਖਲੋਈ ਤੇ ਕਹਿਣ ਲੱਗੀ, ''ਡੈਬੀ ਨੇ ਸਵਿਮਿੰਗ ਦੇ ਕਾਫੀ ਲੈਸਨ ਲੈ ਲਏ ਨੇ। ਹੁਣ ਕਹਿ ਰਹੀ ਏ ਕਿ ਲੇਕ 'ਤੇ ਲੈ ਕੇ ਚਲੋ, ਓਥੇ ਤੈਰ ਕੇ ਦੇਖਣੈ। ਅੱਜ ਦਿਨ ਬੜਾ ਖੂਬਸੂਰਤ ਏ, ਚੱਲੀਏ?''
ਸੁਣਦਿਆਂ ਹੀ ਸੁਖਜੀਤ ਕੌਰ ਦੀ ਘਟ ਰਹੀ ਟੈਨਸ਼ਨ ਫਿਰ ਵਧਣ ਲੱਗ ਪਈ। ਉਹ ਅੰਦਰ ਹੀ ਅੰਦਰ ਕੁੜ੍ਹਨ ਲੱਗੀ, 'ਮੈਨੂੰ ਲਾ ਕੇ ਗੱਲ ਕੀਤੀ ਏ... ਕਿੰਨੀ ਸ਼ੈਤਾਨ ਹੈ... ਨਾ ਇਹ ਇਸ ਘਰ 'ਚ ਆਉਂਦੀ, ਨਾ ਸਵਿਮਿੰਗ-ਪੂਲ ਦਾ ਸਿਆਪਾ ਖੜ੍ਹਾ ਹੁੰਦਾ। ਪਤਾ ਨਹੀਂ ਕਦੋਂ ਦੀ ਰਾਜੂ ਨੂੰ ਪੱਟੀ ਪੜ੍ਹਾ ਰਹੀ ਏ। ਉਹੋ ਜਿਹਾ ਮਿੱਟੀ ਦਾ ਮਾਧੋ ਉਹ। ਅਖੇ, ਮਾਮ ਤੁਹਾਡੀ ਜ਼ਮੀਨ ਵੇਚ... ਚੱਕਿਓ ਸਵਿਮਿੰਗ-ਪੂਲ ਦੇ। ਕਿੱਥੇ ਮੇਰੇ ਬਾਪੂ ਜੀ ਦੀ ਡੱਕਰੇ ਵਰਗੀ ਜ਼ਮੀਨ... ਕਿੱਥੇ ਮੇਰੇ 'ਤੇ ਜਾਨ ਦੇਣ ਆਲ਼ੇ ਮੇਰੇ ਚਾਚਾ ਜੀ ਤੇ ਕਿੱਥੇ ਆਪਣੇ ਹੀ ਸਰੂਰ 'ਚ ਆਕੜੀ ਹੋਈ, ਦੂਜਿਆਂ 'ਚ ਨਾ ਭਿੱਜਣ ਆਲ਼ੀ ਇਹ ਸ਼ੈਰਨ...।'
ਪਿੱਛੇ ਜਿਹੇ ਐਦਾਂ ਹੀ ਕੋਈ ਗੱਲ ਚੱਲ ਰਹੀ ਸੀ ਤਾਂ ਸੁਖਜੀਤ ਕੌਰ ਰੋਹ 'ਚ ਆ ਕੇ ਬੋਲੀ ਸੀ, ''ਤੁਸੀਂ ਗੋਰੇ ਲੋਕ ਸਾਨੂੰ ਇੰਮੀਗਰਾਂਟਾਂ ਨੂੰ ਤਾਂ ਇਹ ਕਹਿੰਦੇ ਆਂ ਪਈ ਅਸੀਂ ਤੁਹਾਡੀ ਕਲਚਰ 'ਚ ਭਿੱਜਦੇ ਨਹੀਂ ਪਰ ਤੁਸੀਂ ਸਾਡੀਆਂ ਕਲਚਰਾਂ 'ਚ ਕਿੰਨੀ ਕੁ ਦਿਲਚਸਪੀ ਲੈਨੇ ਆਂ... ਤੈਨੂੰ ਮੈਂ ਪੰਜਾਬੀ ਦੇ ਲਫਜ਼ ਸਿਖਾ-ਸਿਖਾ ਥੱਕ ਗਈ ਪਰ ਤੂੰ...।''
''ਲੈ ਮਾਮ! ਮੈਂ ਕਿੰਨੇ ਲਫਜ਼ ਤਾਂ ਸਿੱਖੇ ਆ... ਸੈਟ ਸ੍ਰੀ ਅਕਾਲ, ਆਛਾ, ਕੀ ਹਾਲ ਏ... ਰੋਟੀ, ਪਰੌਂਥੇ, ਦਾਲ, ਸੈਮੋਸੇ... ਪਾਨੀ, ਸੈਮੁੰਦਰ, ਦਾਰਯਾ... ਕਦੀ-ਕਦੀ ਪੰਜਾਬੀ ਸੂਟ ਵੀ ਪਾਉਨੀ ਆਂ।'' ਸ਼ੈਰਨ ਨੇ ਉੱਤਰ ਦਿੱਤਾ ਸੀ।
''ਸੱਤਾਂ ਸਾਲਾਂ 'ਚ ਸਿਰਫ ਚਾਲ਼ੀ-ਪੰਜਾਹ ਲਫਜ਼, ਉਹ ਵੀ ਜਿਹੜੇ ਤੇਰੇ ਕੰਮ ਦੇ ਆ।'' ਸੁਖਜੀਤ ਕੌਰ ਦੇ ਬੋਲਾਂ ਵਿੱਚ ਤਲਖ਼ੀ ਹੋਣ ਦੇ ਬਾਵਜੂਦ ਵੀ ਸ਼ੈਰਨ ਨੇ ਗੁੱਸਾ ਨਹੀਂ ਸੀ ਕੀਤਾ।
ਤੇ ਸੁਖਜੀਤ ਕੌਰ ਨੂੰ ਜਿਵੇਂ ਹੁਣ ਸਮਝ ਆ ਰਹੀ ਹੋਵੇ ਕਿ ਪਿਛਲੇ ਕੁਝ ਸਮੇਂ ਤੋਂ ਸ਼ੈਰਨ ਉਸ ਨਾਲ਼ ਏਨੀ ਮਿੱਠੀ-ਪਿਆਰੀ ਕਿਉਂ ਬਣੀ ਚਲੀ ਆ ਰਹੀ ਸੀ... ਉਨ੍ਹਾਂ ਦੇ ਪੋਤੇ ਦਾ ਨਾਂ, ਅੱਧਾ ਅੰਗਰੇਜ਼ੀ ਤੇ ਅੱਧਾ ਪੰਜਾਬੀ ਰੱਖਣ ਲਈ ਵੀ ਸ਼ਾਇਦ ਇਸੇ ਕਰਕੇ ਹੀ ਮੰਨ ਗਈ ਸੀ, ਨਹੀਂ ਤਾਂ ਉਸਨੇ ਪੂਰਾ ਅੰਗਰੇਜ਼ੀ ਨਾਂ ਰੱਖਣਾ ਸੀ, ਜਿਵੇਂ ਡੈਬੀ ਦਾ ਰੱਖਿਆ ਸੀ।
ਲਿਵਿੰਗ-ਰੂਮ ਦੀ ਸਫਾਈ ਦਾ ਕੰਮ ਮੁਕਾ ਕੇ ਸੁਖਜੀਤ ਕੌਰ ਟੀ.ਵੀ. 'ਤੇ ਪੰਜਾਬੀ ਪ੍ਰੋਗਰਾਮ ਦੇਖ ਰਹੀ ਸੀ ਕਿ ਬਲਦੇਵ ਸਿੰਘ ਕੰਮ ਤੋਂ ਪਰਤ ਆਇਆ। ਲੰਚ ਦਾ ਸਮਾਂ ਹੋ ਰਿਹਾ ਸੀ। ਸੁਖਜੀਤ ਕੌਰ ਨੇ ਪੁੱਛਿਆ ਤਾਂ ਉਸਨੇ ਆਲੂਆਂ ਵਾਲ਼ੇ ਪਰੌਂਠੇ ਖਾਣ ਦੀ ਇੱਛਾ ਪ੍ਰਗਟਾਈ।
ਮਾਈਕਰੋਵੇਵ 'ਚ ਆਲੂ ਉਬਲ਼ਣੇ ਰੱਖਦਿਆਂ ਸੁਖਜੀਤ ਕੌਰ ਦਾ ਦਿਲ ਕੀਤਾ ਕਿ ਨੂੰਹ-ਪੁੱਤ ਦਾ ਬੀਫ ਵਾਲ਼ਾ ਪਤੀਲਾ ਬਾਹਰ ਵਗਾਹ ਮਾਰੇ... ਤੇ ਪਤਾ ਨਹੀਂ ਇਹ ਖਿਆਲ ਉਸਦੇ ਮਨ 'ਚ ਕਿੱਧਰੋਂ ਆ ਵੜਿਆ ਕਿ ਉਹ ਕਿਹੋ ਜਿਹੇ ਪਲ ਹੁੰਦੇ ਜੇ ਇਸ ਵਕਤ ਉਹ ਨੂੰਹ-ਸੱਸ ਰਲ਼ ਕੇ ਸਰ੍ਹੋਂ, ਪਾਲਕ ਤੇ ਬਰੌਕਲੀ ਨੂੰ ਛਿੱਲ-ਚੀਰ ਕੇ ਸਾਗ ਬਣਾ ਰਹੀਆਂ ਹੁੰਦੀਆਂ... ਤੇ ਨਾਲ਼ ਦੀ ਨਾਲ਼ ਬੀਤੇ ਹਫਤੇ ਦੀਆਂ ਜਮ੍ਹਾਂ ਹੋਈਆਂ ਗੱਲਾਂ ਵੀ ਸਾਂਝੀਆਂ ਕਰ ਰਹੀਆਂ ਹੁੰਦੀਆਂ। ਡੂੰਘਾ ਹਉਕਾ ਭਰਦਿਆਂ ਉਹ ਬੁੜਬੁੜਾਈ, 'ਪਰ ਕਿੱਥੇ... ਨਾ ਖਾਣ-ਪੀਣ ਦੀ ਸਾਂਝ ਤੇ ਨਾ ਬੋਲੀ ਦੀ।'... ਘਰ ਵਿੱਚ ਪੰਜਾਬੀ ਦੀ ਅਣਹੋਂਦ ਕਦੀ-ਕਦੀ ਤਾਂ ਉਸਨੂੰ ਬਹੁਤ ਹੀ ਰੜਕਦੀ... ਝੋਰੇ ਜਿਹੇ 'ਚ ਉਸਨੂੰ ਇੰਜ ਲੱਗਣ ਲੱਗ ਪੈਂਦਾ ਜਿਵੇਂ ਰਾਜੂ ਨੇ ਕਿਤਿਓਂ ਉਨ੍ਹਾਂ ਸ਼ੀਸ਼ਿਆਂ ਵਰਗਾ ਪਾਣੀ ਲਿਆ ਕੇ ਉਨ੍ਹਾਂ ਦੇ ਘਰ ਦੀਆਂ ਕੰਧਾਂ 'ਤੇ ਚੜ੍ਹਾ ਦਿੱਤਾ ਹੋਵੇ... ਜਿਹੜੇ ਸ਼ੀਸ਼ੇ ਬੰਦੇ ਦੇ ਚਿਹਰੇ ਅਤੇ ਕੱਦ-ਬੁੱਤ ਨੂੰ ਵਿੰਗਾ-ਟੇਢਾ ਤੇ ਕਾਣਸੂਤਾ ਜਿਹਾ ਬਣਾ ਕੇ ਬੇਪਛਾਣ ਕਰ ਦੇਂਦੇ ਨੇ।
ਪਰੌਂਠੇ ਖਾ ਕੇ ਬਲਦੇਵ ਸਿੰਘ ਆਰਾਮ ਕਰਨ ਲਈ ਬੈੱਡ-ਰੂਮ 'ਚ ਚਲਾ ਗਿਆ ਤੇ ਸੁਖਜੀਤ ਕੌਰ ਬੈਕਯਾਰਡ 'ਚ ਡੱਠੀ ਗਾਰਡਨ-ਚੇਅਰ 'ਤੇ ਜਾ ਬੈਠੀ। ਫੁੱਲਾਂ ਵੱਲ ਦੇਖਦਿਆਂ ਉਸਦੇ ਮਨ ਨੂੰ ਕੁਝ ਚੈਨ ਮਿਲ਼ੀ। ਖੂਬਸੂਰਤ ਫੁੱਲਾਂ ਦੇ ਇਹ ਬੈੱਡ ਸ਼ੈਰਨ ਤੇ ਰਾਜੂ ਦੇ ਲਗਾਏ ਹੋਏ ਸਨ। ਚਿੱਟੇ, ਲਾਲ, ਨੀਲੇ, ਪੀਲ਼ੇ, ਗੁਲਾਬੀ ਤੇ ਬਦਾਮੀ ਰੰਗਾਂ ਦੇ ਫੁੱਲਾਂ ਨੂੰ ਉਨ੍ਹਾਂ ਅਜਿਹੇ ਕਲਾਮਈ ਢੰਗ ਨਾਲ਼ ਤਰਤੀਬਿਆ ਹੋਇਆ ਸੀ ਕਿ ਇੱਕ ਬੱਝਵੀਂ ਨੁਹਾਰ ਪੇਸ਼ ਹੋ ਰਹੀ ਸੀ, ਭਿੰਨ-ਭਿੰਨ ਰੰਗ ਜਿਵੇਂ ਇੱਕ-ਦੂਜੇ ਨੂੰ ਆਪਣੇ ਵਿੱਚੋਂ ਉਭਾਰ ਰਹੇ ਹੋਣ। ਸੁਗੰਧਿਤ ਹਵਾ ਨੂੰ ਫੇਫੜਿਆਂ ਦੇ ਧੁਰ ਅੰਦਰ ਹੰਘਾਲ਼ਦਿਆਂ ਉਹ ਭਰਵੇਂ ਸਾਹ ਲੈਣ ਲੱਗੀ। ਨੂੰਹ-ਪੁੱਤ ਵਿਰੁੱਧ ਮਨ ਦੀ ਕੁੜੱਤਣ ਜਿਵੇਂ ਮਿਠਾਸ 'ਚ ਬਦਲ ਗਈ ਹੋਵੇ।
ਏਨੇ ਨੂੰ ਸ਼ੈਰਨ ਨੇ ਮਸ਼ੀਨ 'ਚ ਧੋਤੇ ਹੋਏ ਕੱਪੜਿਆਂ ਦੀ ਟੋਕਰੀ ਬੈਕਯਾਰਡ 'ਚ ਲਿਆ ਧਰੀ। ਸੱਸ ਵੱਲ ਗਹੁ ਨਾਲ਼ ਤੱਕਦਿਆਂ ਉਸਨੇ ਪ੍ਰਸ਼ਨ ਕੀਤਾ, ''ਮਾਮ! ਆਰ ਯੂ ਓ. ਕੇ.?'' ਸੁਖਜੀਤ ਕੌਰ ਦਾ ਦਿਲ ਕੀਤਾ ਪਈ ਕਹਿ ਦੇਵੇ, 'ਪੰਗੇ ਵੀ ਖੜ੍ਹੇ ਕਰੀ ਜਾਨੀ ਆਂ ਤੇ ਓ. ਕੇ. ਵੀ ਦੇਖਣਾ ਚਾਹੁੰਨੀ ਐਂ।' ਪਰ ਉਸਦੇ ਮੂੰਹੋਂ, ''ਯਾਹ, ਆਇ'ਮ ਓ. ਕੇ'' ਨਿਕਲ਼ ਗਿਆ। ਥੋੜ੍ਹਾ ਮੁਸਕਰਾ ਵੀ ਹੋ ਗਿਆ।
ਸ਼ੈਰਨ ਇੱਕ-ਇੱਕ ਕੱਪੜੇ ਨੂੰ ਛੰਡ ਕੇ ਰੱਸੀ ਉੱਤੇ ਪਾਉਣ ਲੱਗੀ। ਛੰਡਣ-ਕ੍ਰਿਆ 'ਚ ਉਸਦੀਆਂ ਉੱਪਰ ਉੱਠੀਆਂ ਬਾਹਵਾਂ ਅਤੇ ਤਣੇ ਹੋਏ ਸਰੀਰ ਵੱਲੀਂ ਤੱਕਦਿਆਂ ਸੁਖਜੀਤ ਕੌਰ ਦੀਆਂ ਅੱਖਾਂ ਮੂਹਰੇ ਹੋਰ ਹੀ ਤਰ੍ਹਾਂ ਦੇ ਅਕਸ ਘੁੰਮਣ ਲੱਗੇ... ਜਿਵੇਂ ਵੱਡੇ-ਵੱਡੇ ਜਬਾੜ੍ਹਿਆਂ ਤੇ ਲੰਬੂਤਰੀ ਗਰਦਨ ਵਾਲ਼ੀ ਮਸ਼ੀਨ ਉਨ੍ਹਾਂ ਦੇ ਬੈਕਯਾਰਡ ਨੂੰ ਪੁੱਟ ਰਹੀ ਹੋਵੇ... ਜਿਵੇਂ ਬਣ ਰਹੇ ਸਵਿਮਿੰਗ-ਪੂਲ ਦੀਆਂ ਨੀਹਾਂ ਹੇਠ ਉਸਦੇ ਪੁਰਖਿਆਂ ਦੀ ਜ਼ਮੀਨ ਦੱਬੀ ਜਾ ਰਹੀ ਹੋਵੇ... ਜਿਵੇਂ ਉਨ੍ਹਾਂ ਦੀਆਂ ਮੋਟਰਾਂ ਦਾ ਪਾਣੀ ਸੂਤ ਕੇ ਸਵਿਮਿੰਗ-ਪੂਲ ਦੇ ਢਿੱਡ 'ਚ ਪਾਇਆ ਜਾ ਰਿਹਾ ਹੋਵੇ। ਇੱਕ ਲੰਮਾ ਹਉਕਾ ਭਰਦਿਆਂ ਉਸਦੀ ਨਿਗ੍ਹਾ ਫਿਰ ਫੁੱਲਾਂ 'ਤੇ ਜਾ ਟਿਕੀ... ਮਨ ਦੇ ਹੁੰਮਸ 'ਚ ਜਿਵੇਂ ਹਵਾ ਰੁਮਕ ਪਈ ਹੋਵੇ... ਮੋਟਰਾਂ ਅਤੇ ਜ਼ਮੀਨ ਨਾਲ਼ ਜੁੜੇ ਦਿਨ ਉਸਦੀ ਸੋਚ ਵਿੱਚ ਉੱਭਰ ਆਏ... ਟਿਯੂਬਵੈੱਲ ਲਗਵਾਉਣ ਤੇ ਟਰੈਕਟਰ ਖਰੀਦਣ ਵਾਲ਼ੇ ਉਹ ਪਿੰਡ 'ਚੋਂ ਪਹਿਲੇ ਕਿਸਾਨ ਸਨ। ਉਸਦੇ ਬਾਪੂ ਜੀ ਕਈ ਸਾਲਾਂ ਬਾਅਦ ਸਿੰਘਾਪੁਰੋਂ ਪਰਤੇ ਸਨ। ਬਾਪੂ ਜੀ ਨਾਲ਼ ਘਰ ਭਰਿਆ-ਭਰਿਆ ਲਗਦਾ। ਰੌਣਕ ਜਿਹੀ ਲੱਗੀ ਰਹਿੰਦੀ। ਸੁਖਜੀਤ ਅਤੇ ਉਸ ਤੋਂ ਕਈ ਸਾਲ ਛੋਟੇ ਉਸਦੇ ਚਚੇਰੇ ਭਰਾ ਭੁੱਪੀ ਲਈ ਤਾਂ ਜਿਵੇਂ ਕੋਈ ਵਿਆਹ ਬੀਤ ਰਿਹਾ ਹੋਵੇ।
ਪਰ ਡੇਢ ਕੁ ਸਾਲ ਬਾਅਦ ਉਸਦੇ ਬਾਪੂ ਜੀ ਨੇ ਵਾਪਸ ਮੁੜਨ ਦੀ ਤਿਆਰੀ ਕਰ ਲਈ। ਸੁਖਜੀਤ ਦੀ ਰੂਹ ਦੀ ਚਹਿਕ ਉਦਾਸੀ 'ਚ ਬਦਲ ਗਈ, ''ਬਾਪੂ ਜੀ! ਤੁਹਾਥੋਂ ਬਿਨਾਂ ਸਾਡਾ ਦਿਲ ਨਹੀਂ ਲੱਗਣਾ...।'' ਧੀ ਦੇ ਬੋਲਾਂ 'ਚ ਛਲਕਦੇ ਮੋਹ ਨੇ ਨਿਸ਼ਾਨ ਸਿੰਘ ਦੇ ਦਿਲ ਨੂੰ ਹਿਲਾ ਦਿੱਤਾ। ਸਾਵਾਂ ਜਿਹਾ ਹੋ ਕੇ ਉਹ ਬੋਲਿਆ ਸੀ, ''ਸੁੱਖੀ! ਬੱਸ ਐਹ ਆਖਰੀ ਗੇੜਾ ਏ। ਦੋ ਕੁ ਕੰਮ ਨਿੱਬੜ ਜਾਣ, ਫਿਰ ਨਹੀਂ ਜਾਵਾਂਗਾ।''
''ਕਿਹੜੇ?''
''ਤੇਰਾ ਵਿਆਹ ਤੇ ਆਪਣੇ ਨਾਲ਼ ਲਗਦੀ ਮੱਘਰ ਸਿਹੁੰ ਵਾਲ਼ੀ ਜ਼ਮੀਨ।''
''ਛੱਡੋ ਬਾਪੂ ਜੀ।'' ਤਰਲਾ ਜਿਹਾ ਕਰਦਿਆਂ ਸੁਖਜੀਤ ਨੇ ਸਿਰ ਬਾਪੂ ਦੀ ਛਾਤੀ ਨਾਲ਼ ਲਾ ਦਿੱਤਾ ਸੀ।
ਪਰ ਨਿਸ਼ਾਨ ਸਿੰਘ ਨੇ ਜਾਣਾ ਹੀ ਸੀ। ਉਸਦੇ ਵਿਦਾ ਹੋਣ ਸਮੇਂ ਟੱਬਰ ਦੇ ਸਾਰੇ ਜੀਆਂ ਦੇ ਚਿਹਰੇ ਹੰਝੂਆਂ 'ਚ ਡੁੱਬ ਗਏ ਸਨ। ਸੁਖਜੀਤ ਕੋਠੇ ਚੜ੍ਹ ਕੇ, ਅੱਥਰੂ ਭਰੀਆਂ ਅੱਖਾਂ ਨਾਲ਼ ਕਿੰਨਾ ਹੀ ਚਿਰ ਪਰਦੇਸ ਜਾ ਰਹੇ ਬਾਪੂ ਜੀ ਨੂੰ ਦੇਖਦੀ ਰਹੀ ਸੀ। ਕਈ ਹਫਤੇ ਲੰਮੀ, ਸੰਘਣੀ ਉਦਾਸੀ ਤੋਂ ਬਾਅਦ ਟੱਬਰ ਦੀ ਜ਼ਿੰਦਗੀ ਮੁੜ ਪਹਿਲਾਂ ਵਾਂਗ ਚੱਲ ਪਈ ਸੀ।
ਟਿਯੂਬਵੈੱਲ-ਟਰੈਕਟਰ ਨਾਲ਼ ਸੁਖਜੀਤ ਦੇ ਚਾਚੇ ਪੰਜਾਬ ਸਿੰਘ ਅੰਦਰ ਇੱਕ ਨਵਾਂ ਜੋਸ਼ ਭਰ ਚੁੱਕਾ ਸੀ। ਹਰੇ ਇਨਕਲਾਬ ਦੇ ਉਨ੍ਹਾਂ ਦਿਨਾਂ ਵਿੱਚ ਨਵੇਂ ਬੀਜਾਂ ਤੇ ਖਾਦਾਂ ਦੀ ਵਰਤੋਂ ਨਾਲ਼ ਉਸਦੀ ਫਸਲ ਬੰਨਿਆਂ ਤੋਂ ਬਾਹਰ ਹੋ-ਹੋ ਪੈਂਦੀ। ਉਹ ਆਪਣੇ ਅਤੇ ਠੇਕੇ 'ਤੇ ਲਏ ਖੇਤਾਂ ਵਿੱਚ ਕੰਮ ਦੇ ਸਿਰ 'ਤੇ ਚੜ੍ਹਿਆ ਰਹਿੰਦਾ। ਉਸਦੇ ਘਰ ਵਾਲ਼ੀ ਜੱਸ ਕੌਰ ਲਵੇਰੀਆਂ ਸਾਂਭਦੀ। ਸੁਖਜੀਤ ਦੀ ਬੀ ਜੀ ਧੰਨ ਕੌਰ ਰਸੋਈ ਅਤੇ ਘਰ ਦੇ ਹੋਰ ਕੰਮਾਂ 'ਚ ਲੱਗੀ ਰਹਿੰਦੀ। ਜਦੋਂ ਕਾਲਜ ਅਤੇ ਸਕੂਲ 'ਚ ਛੁੱਟੀਆਂ ਹੁੰਦੀਆਂ ਸੁਖਜੀਤ ਤੇ ਭੁੱਪੀ ਵੀ ਖੇਤਾਂ ਨੂੰ ਚਲੇ ਜਾਂਦੇ, ਪੰਜਾਬ ਸਿੰਘ ਨਾਲ਼ ਹੱਥ ਵਟਾਉਣ।
ਕਣਕ, ਝੋਨੇ ਤੇ ਆਲੂਆਂ ਦੀਆਂ ਫਸਲਾਂ ਵੱਢਣ-ਸਾਂਭਣ ਸਮੇਂ ਉਨ੍ਹਾਂ ਦੇ ਖੇਤਾਂ 'ਚ ਦਰਜਨਾਂ ਕਾਮੇ ਕੰਮ ਕਰ ਰਹੇ ਹੁੰਦੇ। ਵੱਡੇ-ਵੱਡੇ ਬੋਹਲ਼ਾਂ ਤੇ ਬੋਰੀਆਂ ਦੀਆਂ ਧਾਂਕਾਂ ਵੱਲ ਦੇਖਦਾ ਪੰਜਾਬ ਸਿੰਘ ਹੁੱਬ-ਹੁੱਬ ਗੱਲਾਂ ਕਰਦਾ।
ਤੇ ਫਿਰ ਜਦੋਂ ਮੱਘਰ ਸਿੰਘ ਨੇ ਆਪਣੀ ਦਸ ਘੁਮਾਂ ਨਾਨਕੀ-ਢੇਰੀ ਵੇਚਣ ਦੀ ਗੱਲ ਸ਼ਰੇਆਮ ਕਰ ਦਿੱਤੀ ਤਾਂ ਪੰਜਾਬ ਸਿੰਘ ਨੇ ਭਰਾ ਨੂੰ ਚਿੱਠੀ ਲਿਖਵਾਈ। ਉਸਨੇ ਫੱਟ ਪੈਸੇ ਭੇਜ ਦਿੱਤੇ। ਪੰਜਾਬ ਸਿੰਘ ਨੇ ਆਪ ਵੀ ਕੁਝ ਜੋੜੇ ਹੋਏ ਸਨ। ਪਰ ਉਨ੍ਹਾਂ ਦੇ ਸ਼ਰੀਕੇ ਵਿੱਚੋਂ ਇੱਕ ਹੋਰ ਖਰੀਦਾਰ ਉੱਠ ਖਲੋਇਆ। ਖਹਿਬਾਜ਼ੀ 'ਚ ਅੱਗ ਫੱਕਣ ਵਾਲੀ ਗੱਲ ਸੀ। ਉਨ੍ਹਾਂ ਨੂੰ ਆਪਣੀ ਚਾਰ ਘੁਮਾਂ ਗਹਿਣੇ ਧਰਨੀ ਪੈ ਗਈ। ਫਿਰ ਵੀ ਉਹ ਖੁਸ਼ ਸਨ... ਇੱਕ ਟੱਕ ਬਾਈ ਘੁਮਾਂ। ਸਿਰਫ ਉਨ੍ਹਾਂ ਦੇ ਪਿੰਡ 'ਚ ਹੀ ਨਹੀਂ, ਆਲ਼ੇ-ਦੁਆਲ਼ੇ ਦੇ ਪਿੰਡਾਂ ਵਿੱਚ ਵੀ ਉਨ੍ਹਾਂ ਦੀ ਬੱਲੇ-ਬੱਲੇ ਹੋ ਗਈ ਸੀ।
ਪਰ ਨਿਸ਼ਾਨ ਸਿੰਘ ਦਾ ਸਿੰਘਾਪੁਰ ਤੋਂ ਮੁੜਨ ਦਾ ਪਰੋਗਰਾਮ ਅੱਗੇ ਪੈ ਗਿਆ। ਧੰਨ ਕੌਰ ਕਦੀ-ਕਦੀ ਬਹੁਤ ਹੀ ਉਦਾਸ ਹੋ ਜਾਂਦੀ। ਉਂਜ ਦੇਰ-ਦਰਾਣੀ ਵੱਲੋਂ ਮਿਲਦੇ ਮਾਣ-ਸਤਿਕਾਰ ਸਦਕਾ ਉਹ ਆਪਣੀ ਜ਼ਿੰਦਗੀ ਮਾਅਨਿਆਂ ਭਰੀ ਮਹਿਸੂਸ ਕਰਦੀ। ਉਹ ਨਿੱਕੇ ਤੋਂ ਨਿੱਕਾ ਕੰਮ ਵੀ ਉਸਨੂੰ ਪੁੱਛ ਕੇ ਕਰਦੇ।
ਸੁਖਜੀਤ ਦੇ ਚਾਚਾ-ਚਾਚੀ ਸੁਖਜੀਤ ਨੂੰ ਵੀ ਬੜਾ ਪਿਆਰ ਕਰਦੇ। ਚਾਚਾ ਤਾਂ, ਉਹਦਾ ਭੁਪੀ ਨਾਲ਼ੋਂ ਵੀ ਵੱਧ ਖਿਆਲ ਰੱਖਦਾ। ਉਹ ਜਦੋਂ ਵੀ ਕੋਈ ਚੀਜ਼ ਮੰਗਦੀ, ਝੱਟ ਲਿਆ ਦੇਂਦਾ।... ਸੁਖਜੀਤ ਬੀ.ਏ. ਦੇ ਆਖਰੀ ਸਾਲ 'ਚ ਸੀ ਜਦੋਂ ਕਨੇਡਾ ਤੋਂ ਵਿਆਹ ਕਰਵਾਉਣ ਗਿਆ ਬਲਦੇਵ ਕੁਝ ਦਿਨਾਂ ਲਈ ਉਨ੍ਹਾਂ ਦੇ ਪਿੰਡ, ਆਪਣੀ ਮਾਸੀ ਕੋਲ਼ ਜਾ ਠਹਿਰਿਆ।
ਉਸਨੇ ਸੁਖਜੀਤ ਨੂੰ ਸ਼ਹਿਰ ਵਾਲ਼ੀ ਬੱਸ ਚੜ੍ਹਦੇ-ਉੱਤਰਦੇ ਦੇਖਿਆ ਤੇ...। ਬਲਦੇਵ ਦੀ ਮਾਸੀ ਨੇ ਧੰਨ ਕੌਰ ਨਾਲ਼ ਗੱਲ ਕੀਤੀ... ਤੇ ਉਨ੍ਹਾਂ ਦੇ ਘਰ ਵਿੱਚ ਇੱਕਦਮ ਹੀ ਕਲੀਰੇ ਗੁੰਦਣ ਦੇ ਚਾਅ ਉਮਡ ਪਏ। ਸੁਖਜੀਤ ਨੂੰ ਵੀ, ਸਾਦਾ ਜਿਹਾ ਪਰ ਬਣਦਾ-ਫਬਦਾ ਬਲਦੇਵ ਭਾਅ ਗਿਆ ਸੀ। ਚਾਅ 'ਚ ਉੱਡਦੇ ਫਿਰਦੇ ਪੰਜਾਬ ਸਿੰਘ ਨੇ ਚਿੱਠੀ ਪਾ ਕੇ ਭਰਾ ਨੂੰ ਸੱਦ ਲਿਆ। ਗਹਿਣੇ ਪਈ ਜ਼ਮੀਨ ਫਰੀ ਹੋ ਚੁੱਕੀ ਸੀ। ਨਿਸ਼ਾਨ ਸਿੰਘ ਧੀ ਲਈ ਸਿੰਘਾਪੁਰ ਤੋਂ ਹੀ ਗਹਿਣੇ-ਕੱਪੜੇ ਲੈ ਆਇਆ। ਪਰ ਪੰਜਾਬ ਸਿੰਘ ਦੀ ਜਿਵੇਂ ਤਸੱਲੀ ਨਾ ਹੋਈ। ਸੁਖਜੀਤ ਨੂੰ ਜਲੰਧਰ ਦੀਆਂ ਕੱਪੜਿਆਂ ਤੇ ਗਹਿਣਿਆਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ 'ਤੇ ਲਿਜਾ ਕੇ ਉਸਨੇ ਰੀਝਮਈ ਅੰਦਾਜ਼ 'ਚ ਕਿਹਾ ਸੀ, ''ਲੈ ਕੁੜੀਏ! ਜਿਹੜੀ ਮਰਜੀ ਚੀਜ਼ 'ਤੇ ਹੱਥ ਰੱਖ਼..।''

ਕੁਝ ਮਹੀਨਿਆਂ ਬਾਅਦ ਸੁਖਜੀਤ ਕਨੇਡਾ ਉੱਡ ਆਈ ਸੀ।
ਚਿੜੀਆਂ ਦੇ, ਬੈਕਯਾਰਡ ਦੇ ਫੈਨਸ ਉੱਤੋਂ 'ਫੁਰਰ' ਕਰਕੇ ਉੱਡਣ ਦੀ ਆਵਾਜ਼ ਅਤੇ ਜਾਣੇ-ਪਹਿਚਾਣੇ ਕਦਮਾਂ ਦੀ ਆਹਟ ਨੇ ਸੁਖਜੀਤ ਦੇ ਖਿਆਲਾਂ ਦੀ ਲੜੀ ਤੋੜ ਦਿੱਤੀ... ਬਲਦੇਵ ਉਸਦੇ ਸਾਹਮਣੇ ਖਲੋਤਾ ਸੀ। ''ਹੋ ਗਈ ਨੀਂਦ ਪੂਰੀ?'' ਸੁਖਜੀਤ ਨੇ ਪੁੱਛਿਆ।
''ਹਾਂ'', ਕਹਿੰਦਾ ਹੋਇਆ ਉਹ ਪਤਨੀ ਦੇ ਸਾਹਮਣੇ ਵਾਲ਼ੀ ਕੁਰਸੀ 'ਤੇ ਬੈਠ ਗਿਆ ਤੇ ਉਸ ਵੱਲ ਘੋਖਵੀਂ ਨਜ਼ਰ ਸੁੱਟਦਾ ਬੋਲਿਆ, ''ਅਪਸੈੱਟ ਹੋਈ ਲਗਦੀ ਏਂ।''
''ਇਹ ਕੋਈ ਇੱਕ ਦਿਨ ਦੀ ਗੱਲ ਥੋੜ੍ਹੀ ਏ... ਹੁਣ ਤਾਂ ਸਾਰੀ ਉਮਰ ਏਦਾਂ ਹੀ... ।''
''ਫੁੱਲਾਂ 'ਚ ਬਹਿ ਕੇ ਤਾਂ ਬੰਦੇ ਨੂੰ ਫੁੱਲਾਂ ਵਾਂਗ ਹੀ ਖਿੜੇ ਹੋਏ ਹੋਣਾ ਚਾਹੀਦੈ।'' ਫੁੱਲ-ਲੱਦੀਆਂ ਕਿਆਰੀਆਂ ਵੱਲ ਤੱਕਦਿਆਂ ਉਹ ਮੁਸਕਰਾ ਕੇ ਬੋਲਿਆ।
''ਬੁਝਿਆਂ ਹੋਇਆਂ ਨੇ ਕੀ ਖਿੜਨੈ?''
''ਸੁੱਖੀ! ਤੂੰ ਤਾਂ ਐਵੇਂ ਛੋਟੀਆਂ-ਛੋਟੀਆਂ ਗੱਲਾਂ 'ਤੇ ਹੀ ਅਪਸੈੱਟ ਹੋ ਜਾਨੀ ਐਂ।''
''ਤੁਹਾਨੂੰ ਤਾਂ ਹਰੇਕ ਗੱਲ ਹੀ ਛੋਟੀ ਲਗਦੀ ਏ... ਨੂੰਹ-ਪੁੱਤ ਸਵਿਮਿੰਗ-ਪੂਲ ਦੀਆਂ ਸਕੀਮਾਂ ਬਣਾਈ ਫਿਰਦੇ ਆ।'' ਕਹਿੰਦਿਆਂ ਸੁਖਜੀਤ ਨੂੰ ਇੰਜ ਲੱਗਾ ਜਿਵੇਂ ਬੈਕਯਾਰਡ ਦੇ ਪਰਲੇ ਪਾਸਿਓਂ, ਸ਼ੈਰਨ ਬਾਹਾਂ ਦੇ ਬੱਲ ਉੱਲਰ ਕੇ ਪੂਲ ਤੋਂ ਬਾਹਰ ਆ ਰਹੀ ਹੋਵੇ।
''ਉਹ ਬੀਚ 'ਤੇ ਚੱਲੇ ਆ, ਆਪਾਂ ਨੂੰ ਵੀ ਕਹਿ ਰਹੇ ਆ, ਚੱਲ ਘੁੰਮ ਕੇ ਆਉਨੇ ਆਂ।''
ਬਲਦੇਵ ਵੱਲੋਂ ਉਸਦੀ ਗੱਲ ਅਣਗੌਲ਼ੀ ਕੀਤੀ ਜਾਣ 'ਤੇ ਸੁਖਜੀਤ ਕੌਰ ਅੰਦਰ ਧੁਖ ਰਿਹਾ ਕਰੋਧ ਫੁੱਟ ਨਿਕਲਿਆ, ''ਤੁਹਾਨੂੰ ਤਾਂ ਕੋਈ ਵਾਧਾ-ਘਾਟਾ ਹੈ ਈ ਨਹੀਂ। ਤੁਹਾਡਾ ਸਾਰਾ ਟੱਬਰ ਹੀ ਏਦਾਂ ਦਾ ਏ... ਨਾ ਕੋਈ ਫਿਕਰ ਨਾ ਫਾਕਾ।'' ਉਸਦਾ ਪਰੇਸ਼ਾਨ ਹੋਇਆ ਮਨ ਕਾਹਲ਼ਾ ਜਿਹਾ ਪੈ ਗਿਆ... ਤਿਆਰ ਹੋਣ ਦੇ ਇਰਾਦੇ ਨਾਲ਼ ਉਹ ਉੱਠ ਕੇ ਅੰਦਰ ਨੂੰ ਤੁਰ ਪਈ।
ਪਤੀ ਦੀ ਪੋਲੀ ਜਿਹੀ ਮੁਸਕਰਾਹਟ ਸੁਖਜੀਤ ਦੀ ਸ਼ਿਕਾਇਤ ਅੱਗੇ ਜਿਵੇਂ ਸਵਾਲੀਆ-ਨਿਸ਼ਾਨ ਬਣਾ ਗਈ।... ਉਹ ਜਾਣਦੀ ਸੀ ਕਿ ਬਲਦੇਵ ਆਪਣੇ ਮਾਪਿਆਂ ਵਰਗਾ ਹੁੰਦਾ ਹੋਇਆ ਵੀ ਉਨ੍ਹਾਂ ਨਾਲ਼ੋਂ ਭਿੰਨ ਸੀ। ਉਸਦੀ ਰੂਹ 'ਚ ਮੋਹ ਦੀ ਮਹਿਕ ਹੈਗੀ ਸੀ। ਪਰ ਉਸਦੇ ਮੰਮੀ-ਡੈਡੀ, ਸੁਖਜੀਤ ਕੌਰ ਨੂੰ, ਪੂਰੇ ਅੰਗਰੇਜ਼ ਜਾਪਦੇ। ਲੰਮੇ ਅਰਸੇ ਤੋਂ ਕਨੇਡਾ 'ਚ ਰਹਿੰਦੇ ਹੋਣ ਕਰਕੇ ਉਹ ਸ਼ਾਇਦ ਏਦਾਂ ਦੇ ਹੋ ਗਏ ਸਨ। ਬਲਦੇਵ ਦੇ ਵੱਡੇ ਭਰਾ ਹਰਦੇਵ ਵੱਲੋਂ ਇੱਕ ਵੈਸਟ-ਇੰਡੀਅਨ ਕੁੜੀ ਨਾਲ਼ ਵਿਆਹ ਕਰਵਾਉਣ ਦੇ ਮਾਮਲੇ 'ਚ ਉਨ੍ਹਾਂ ਨੇ ਕੋਈ ਉਜਰ-ਇਤਰਾਜ਼ ਨਹੀਂ ਸੀ ਕੀਤਾ। ਸੁਖਜੀਤ ਦੇ ਕਨੇਡਾ ਆਉਣ ਤੋਂ ਪਹਿਲਾਂ ਹੀ ਉਸਦੇ ਜੇਠ-ਜਠਾਣੀ ਆਪਣੇ ਨਿਆਣਿਆਂ ਸਮੇਤ ਅਲੱਗ ਰਹਿੰਦੇ ਸਨ। ਸੱਸ-ਸਹੁਰਾ ਸੁਖਜੀਤ ਤੇ ਬਲਦੇਵ ਤੋਂ ਵੀ ਇਹੀ ਤਵੱਕੋ ਰੱਖਦੇ ਸਨ ਕਿ ਉਹ ਆਪਣਾ ਵੱਖਰਾ ਟਿਕਾਣਾ ਲੱਭ ਲੈਣ ਤਾਂ ਕਿ ਉਹ ਆਪਦੀ ਆਜ਼ਾਦੀ ਨਾਲ਼ ਰਹਿ ਸਕਣ।
ਸੱਸ-ਸਹੁਰੇ ਵੱਲੋਂ ਵਰਤਦੀ ਖੁਸ਼ਕੀ ਕਾਰਨ ਸੁਖਜੀਤ ਨੂੰ ਆਲ਼ਾ-ਦੁਆਲ਼ਾ ਬਿਗਾਨਾ ਜਿਹਾ ਲਗਦਾ। ਆਪਣੇ ਬੀ ਜੀ, ਬਾਪੂ ਜੀ, ਚਾਚਾ ਜੀ, ਚਾਚੀ ਜੀ ਤੇ ਭੁੱਪੀ ਵੱਲੋਂ ਮਿਲ਼ੇ ਗੂੜ੍ਹੇ ਪਿਆਰ ਨੂੰ ਚੇਤੇ ਕਰਦਿਆਂ ਉਹਦਾ ਮਨ ਬਿਹਬਲ ਹੋ ਉੱਠਦਾ... । ਉਸਦੇ ਬੀ ਜੀ ਤੇ ਬਾਪੂ ਜੀ ਕਨੇਡਾ ਆ ਕੇ ਪੱਕੇ ਤੌਰ 'ਤੇ ਰਹਿਣ ਦੇ ਚਾਹਵਾਨ ਨਹੀਂ ਸਨ... ਤਿੰਨ ਕੁ ਸਾਲਾਂ ਬਾਅਦ ਜਦੋਂ ਸੁਖਜੀਤ ਨੇ ਉਨ੍ਹਾਂ ਨੂੰ ਸਪੌਂਸਰ ਕੀਤਾ ਤਾਂ ਉਹਦੇ ਮਨ 'ਚ ਇਹ ਸੀ ਕਿ ਉਹ ਨਾਲ਼ੇ ਤਾਂ ਆਪਣੇ ਦੋਹਤੇ ਜਾਂ ਦੋਹਤੀ ਨੂੰ ਖਿਡਾ ਜਾਣਗੇ ਤੇ ਨਾਲ਼ੇ ਘੁੰਮ-ਫਿਰ ਜਾਣਗੇ।
ਪਰ ਉਨ੍ਹਾਂ ਪੇਪਰਜ਼ ਭਰ ਕੇ ਵਾਪਸ ਨਾ ਮੋੜੇ... ਸੁਖਜੀਤ ਦੀ ਬੀ ਜੀ ਦੀ ਸਿਹਤ- ਜਿਸ ਬਾਰੇ ਪਹਿਲੀਆਂ ਚਿੱਠੀਆਂ ਵਿੱਚ ਉਸਦੇ ਬਾਪੂ ਜੀ ਨੇ ਖੁੱਲ੍ਹ ਕੇ ਨਹੀਂ ਸੀ ਲਿਖਿਆ- ਠੀਕ ਨਹੀਂ ਸੀ। ਹੁਣ ਜਦੋਂ ਚਿੱਠੀ ਆਈ ਕਿ ਉਹ ਸੀ.ਐਮ.ਸੀ. ਲੁਧਿਆਣੇ 'ਚ ਦਾਖਲ ਸੀ ਤਾਂ ਸੁਖਜੀਤ ਵਿਆਕੁਲ ਹੋ ਉੱਠੀ। ਜੇ ਉਸਦੀ ਪੇਸ਼ ਜਾਂਦੀ ਤਾਂ ਉਹ ਬਿਨਾਂ ਪਲ ਖੁੰਝਾਏ ਬੀ ਜੀ ਨੂੰ ਉੱਡ ਕੇ ਜਾ ਮਿਲ਼ਦੀ । ਪਰ ਉਸਦੀ ਡਲਿਵਰੀ ਦਾ ਸਮਾਂ ਨੇੜੇ ਪਹੁੰਚ ਚੁੱਕਾ ਸੀ।... ਰਾਜੂ ਤਿੰਨ ਕੁ ਮਹੀਨਿਆਂ ਦਾ ਹੋਇਆ ਤਾਂ ਉਸਨੇ ਤਿਆਰੀ ਕਰ ਲਈ।... ਬੀ ਜੀ ਨੂੰ ਦੇਖ ਕੇ ਉਸਦੇ ਹੋਸ਼ ਉੱਡ ਗਏ। ਉਹ ਤਾਂ ਅੱਧੀ ਵੀ ਨਹੀਂ ਸੀ ਰਹਿ ਗਈ। ਮਾਂ ਦੇ ਗਲ਼ੇ ਮਿਲ਼ਦਿਆਂ ਉਸਦੀਆਂ ਧਾਹਾਂ ਨਿਕਲ਼ ਗਈਆਂ। ਉਸਦਾ ਬਾਪੂ ਜੀ ਵੀ ਬੁਰੀ ਤਰਾਂ ਝੰਬਿਆ ਪਿਆ ਸੀ। ਉਸਨੇ ਧੀ ਨੂੰ ਪਰਦੇ ਨਾਲ਼ ਦਸਿਆ ਕਿ ਧੰਨ ਕੌਰ ਨੂੰ ਕੈਂਸਰ ਸੀ। ਡਾਕਟਰਾਂ ਨੇ ਉਸਨੂੰ ਘਰ ਭੇਜ ਦਿੱਤਾ ਸੀ... ਇੱਕ ਕਿਸਮ ਦਾ ਜਵਾਬ।
ਸੁਖਜੀਤ ਲਈ ਹੁਣ ਮਾਂ ਦੀ ਸੇਵਾ ਹੀ ਪੱਲੇ ਸੀ। ਉਸਨੇ ਦਿਨ-ਰਾਤ ਉਸਦੇ ਸਰ੍ਹਾਣੇ ਖੜੀ ਰਹਿਣਾ... । ਚਾਰ ਕੁ ਹਫਤਿਆਂ ਬਾਅਦ ਧੰਨ ਕੌਰ ਦੇ ਸਵਾਸ ਮੁੱਕ ਗਏ।
ਅਫਸੋਸ ਕਰਨ ਆਈਆਂ ਬੁੜ੍ਹੀਆਂ ਕੋਲ਼ ਬੈਠਿਆਂ, ਸੁਖਜੀਤ ਦਾ ਧਿਆਨ ਪਰ੍ਹਾਂ ਆਦਮੀਆਂ 'ਚ ਬੈਠੇ ਪਿਉ ਵੱਲ ਚਲੇ ਜਾਂਦਾ... ਉਸਦੇ ਹਾਰੇ ਹੋਏ ਚਿਹਰੇ ਨੂੰ ਵੇਖਦਿਆਂ ਸੁਖਜੀਤ ਅੰਦਰ ਧੂਹ ਪੈਣ ਲੱਗ ਜਾਂਦੀ।
ਉਸਨੇ ਬਾਪੂ ਜੀ ਨੂੰ ਕਨੇਡਾ ਸੱਦਣ ਲਈ ਚਾਚੇ ਨਾਲ਼ ਸਲਾਹ ਕੀਤੀ ਤਾਂ ਉਹ ਚੀਸ ਜਿਹੀ ਭਰਦਾ ਬੋਲਿਆ ਸੀ, ''ਸੁੱਖੀ ਜੇ ਮੇਰੇ ਦਿਲ ਦੀ ਗੱਲ ਪੁੱਛਦੀ ਏਂ ਤਾਂ ਮੈਂ ਤਾਂ ਇਹ ਚਾਹੁੰਨਾ ਕਿ ਮੇਰਾ ਦੇਵਤੇ ਵਰਗਾ ਭਰਾ ਮੇਰੇ ਕੋਲ਼ ਹੀ ਰਵ੍ਹੇ... ਮੈਂ ਤਨ-ਮਨ ਨਾਲ਼ ਇਹਦੀ ਸੇਵਾ ਕਰਨੀ ਚਾਹੁੰਨਾ।''
''ਚਾਚਾ ਜੀ! ਮੈਂ ਤੁਹਾਡੇ ਦਿਲ ਦੀਆਂ ਜਾਣਦੀ ਆਂ... ਮੇਰਾ ਮਤਲਬ ਤਾਂ ਇਹ ਸੀ ਪਈ ਘੁੰਮਦਿਆਂ-ਫਿਰਦਿਆਂ ਬਾਪੂ ਜੀ ਦਾ ਮੂਡ ਠੀਕ ਰਿਹਾ ਕਰੇਗਾ... ਕਦੀ ਏਥੇ ਤੁਹਾਡੇ ਕੋਲ਼ ਤੇ ਕਦੀ ਓਧਰ ਸਾਡੇ ਕੋਲ਼।''
ਪੰਜਾਬ ਸਿੰਘ ਭਤੀਜੀ ਨਾਲ਼ ਸਹਿਮਤ ਹੋ ਗਿਆ ਸੀ।
ਨਿਸ਼ਾਨ ਸਿੰਘ ਜਦੋਂ ਕਨੇਡਾ 'ਚ ਹੁੰਦਾ ਤਾਂ ਧੀ-ਜੁਆਈ ਪੂਰਾ ਆਦਰ ਕਰਦੇ ਤੇ ਜਦੋਂ ਇੰਡੀਆ 'ਚ ਹੁੰਦਾ ਤਾਂ ਪੰਜਾਬ ਸਿੰਘ ਤੇ ਜੱਸ ਕੌਰ ਹੱਥੀਂ ਛਾਵਾਂ ਕਰਦੇ। ਪਰ ਨਿਸ਼ਾਨ ਸਿੰਘ- ਜੋ ਪਤਨੀ ਦੀ ਮੌਤ ਦਾ ਗ਼ਮ ਦਿਲ ਨੂੰ ਲਾ ਬੈਠਾ ਸੀ- ਨਿਰਾਸ਼ਤਾ ਦੇ ਕਾਲ਼ੇ ਬੱਦਲਾਂ 'ਚੋਂ ਬਾਹਰ ਨਾ ਆ ਸਕਿਆ। ਉਸ ਅੰਦਰਲੀ ਸੱਤਿਆ ਦਿਨੋ-ਦਿਨ ਕਿਰਦੀ ਚਲੀ ਗਈ।
ਉਦੋਂ, ਜਦੋਂ ਉਸਨੂੰ ਹਾਰਟ-ਅਟੈਕ ਹੋਇਆ ਤਾਂ ਉਹ ਇੰਡੀਆ 'ਚ ਸੀ। ਖ਼ਬਰ ਮਿਲ਼ਦਿਆਂ ਹੀ ਸੁਖਜੀਤ ਹੁਰੀਂ ਜਹਾਜ਼ੇ ਚੜ੍ਹ ਗਏ... ਮਾਤਮੀ ਮਾਹੌਲ ਦੀਆਂ ਕਨਸੋਆਂ ਫਿਰਨੀ 'ਚੋਂ ਹੀ ਮਿਲ਼ ਗਈਆਂ... ਵਿਰਲਾਪ ਕਰਦੀ ਸੁਖਜੀਤ ਨੂੰ ਵਿਹੜੇ ਵਿਚਲੇ ਤੂਤ ਦੀ ਛਾਂ ਬੇਅਰਥ ਹੋ ਗਈ ਜਾਪੀ। ਪਿਉ ਦੇ ਸੰਸਕਾਰ ਤੇ ਫਿਰ ਮਕਾਣਾਂ ਦੌਰਾਨ ਉਹ ਪਤਾ ਨਹੀਂ ਕਿੰਨੀ ਵਾਰ ਬੇਹੋਸ਼ ਹੋਈ ਸੀ।
ਭੋਗ ਤੋਂ ਅਗਲੇ ਦਿਨ ਪੰਜਾਬ ਸਿੰਘ ਨੇ ਸੁਖਜੀਤ ਤੇ ਬਲਦੇਵ ਨੂੰ ਇੱਕ ਪਾਸੇ ਬਿਠਾ ਕੇ ਕੁਝ ਡਾਕੁਮੈਂਟਸ ਫੜਾਏ ਤੇ ਬੋਲਿਆ, ''ਧੀਏ ! ਇਹ ਵਸੀਅਤਨਾਮਾ ਏ। ਸਫੈਦਿਆਂ ਵਾਲ਼ੇ ਰਾਹ ਤੋਂ ਲੈ ਕੇ ਜੰਡਿਆਂ ਦੇ ਨਾਲ਼-ਨਾਲ਼ ਲਾਭੇਕਿਆਂ ਦੇ ਬੰਨਿਆਂ ਤੱਕ ਗਿਆਰਾਂ ਘੁਮਾਵਾਂ ਦੀ ਮਾਲਕ ਹੁਣ ਤੂੰ ਏਂ...।''
ਸੁਖਜੀਤ ਤੇ ਬਲਦੇਵ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਸਨ... ਜ਼ਮੀਨ ਦੀ ਗੱਲ ਤਾਂ ਉਨ੍ਹਾਂ ਦੇ ਚਿੱਤ-ਖਿਆਲ ਵੀ ਨਹੀਂ ਸੀ। ਚਾਚੇ ਨੂੰ ਤੱਕਦੀਆਂ ਸੁਖਜੀਤ ਦੀਆਂ ਨਜ਼ਰਾਂ ਸਤਿਕਾਰ 'ਚ ਝੁਕ ਗਈਆਂ... ਭਰੇ ਗਲ਼ੇ ਵਿੱਚੋਂ ਲਫਜ਼ ਮਸਾਂ ਹੀ ਨਿਕਲ਼ੇ, ''ਚਾਚਾ ਜੀ! ਮੈਨੂੰ ਜ਼ਮੀਨ ਨਹੀਂ, ਤੁਹਾਡਾ ਪਿਆਰ ਚਾਹੀਦਾ ਏ।''
''ਕਮਲ਼ੀਏ! ਦੁਨੀਆਂ ਏਧਰ ਦੀ ਓਧਰ ਹੋ ਜਾਏ ਪਰ ਤੇਰੇ ਚਾਚੇ ਦੇ ਮੋਹ 'ਚ ਫਰਕ ਨਹੀਂ ਪਏਗਾ'', ਸਾਫੇ ਨਾਲ਼ ਅੱਖਾਂ ਪੂੰਝਦਾ ਉਹ ਫਿਰ ਬੋਲਿਆ, ''ਆਪਣੀ ਬੈਂਕ ਦੀ ਕਾਪੀ ਦੇ ਜਾਇਓ, ਸਾਲ ਦੀ ਸਾਲ ਠੇਕਾ ਜਮ੍ਹਾਂ ਕਰਵਾ ਦਿਆ ਕਰਾਂਗੇ।''
ਪੰਜਾਬ ਸਿੰਘ ਸੁਖਜੀਤ ਹੁਰਾਂ ਨੂੰ ਦਿੱਲੀ ਏਅਰਪੋਰਟ 'ਤੇ ਚੜ੍ਹਾਉਣ ਆਇਆ। ਗ਼ਮ 'ਚ ਡੁੱਬਿਆ ਹੋਣ ਦੇ ਬਾਵਜੂਦ ਵੀ ਉਸਨੇ ਉਨ੍ਹਾਂ ਨੂੰ ਮੁਸਕਰਾਉਂਦਿਆਂ ਵਿਦਾ ਕੀਤਾ। ਰਾਜੂ ਨੂੰ ਘੁੱਟ ਕੇ ਆਪਣੇ ਨਾਲ਼ ਲਾਉਂਦਾ ਬੋਲਿਆ, ''ਦੋਹਤੇ ਨੂੰ ਤਾਂ ਅਸੀਂ ਏਥੇ ਹੀ ਰੱਖ ਲੈਣੈ, ਆਪਣੇ ਕੋਲ਼...।''
''ਮੰਮੀ! ਹੁਣ ਆ ਵੀ ਜਾਓ, ਆਪਾਂ ਚਲੀਏ।'' ਪੌੜੀਆਂ 'ਚੋਂ ਆਈ ਰਾਜੂ ਦੀ ਆਵਾਜ਼ ਨੇ ਸੁਖਜੀਤ ਕੌਰ ਨੂੰ ਸੋਚਾਂ ਵਿੱਚੋਂ ਬਾਹਰ ਖਿੱਚ ਲਿਆ।
ਉਹ ਥੱਲੇ ਉੱਤਰ ਆਈ। ਪਤੀ ਨਾਲ਼ ਕਾਰ 'ਚ ਬਹਿੰਦਿਆਂ ਉਸਦੀ ਨਿਗ੍ਹਾ ਸ਼ੈਰਨ ਵੱਲ ਚਲੀ ਗਈ। ਨਿਆਣਿਆਂ ਨੂੰ ਆਪਣੀ ਕਾਰ 'ਚ ਬਿਠਾ ਰਹੀ ਉਹ ਕਿੰਨੀ ਖੁਸ਼ ਸੀ। ਉਸਦੀ ਸਰੂਰ ਭਰੀ ਚਾਲ-ਢਾਲ ਸੁਖਜੀਤ ਕੌਰ ਲਈ ਓਪਰੀ ਨਹੀਂ ਸੀ... ਜਦੋਂ ਵੀ ਕਿਤੇ ਬੀਚ 'ਤੇ ਜਾਂ ਬਾਹਰ ਘੁੰਮਣ-ਫਿਰਨ ਜਾਣਾ ਹੁੰਦਾ ਤਾਂ ਸ਼ੈਰਨ ਇਸੇ ਰਉਂ 'ਚ ਹੁੰਦੀ ਸੀ। ਤੇ ਜਦੋਂ ਕਦੀ ਉਹ ਹੌਲੀਡੇਅਜ਼ 'ਤੇ ਜਾਣ ਦੀਆਂ ਤਿਆਰੀਆਂ ਕਰ ਰਹੀ ਹੁੰਦੀ ਤਾਂ ਉਸਦੀ ਇਹ ਚਾਲ-ਢਾਲ ਦੇਖਣ ਵਾਲ਼ੀ ਹੁੰਦੀ- ਜਿਵੇਂ ਨੱਚਦੀ ਫਿਰ ਰਹੀ ਹੋਵੇ। ਸੁਖਜੀਤ ਕੌਰ ਅੰਦਰ ਗਿਲਾ ਜਿਹਾ ਉੱਠ ਪਿਆ, 'ਜੇ ਕਹੋ ਕਿ ਚੱਲ ਕਿਸੇ ਰਿਸ਼ਤੇਦਾਰ ਦੇ ਹੋ ਆਈਏ ਤਾਂ ਫੱਟ ਨਾਂਹ ਕਰ ਦਊ। ਕਦੀ ਭਾਵੇਂ, ਜੇ ਮੂਡ ਹੋਵੇ ਤਾਂ ਤੁਰ ਪਏ...।' ਇੱਕ ਵੇਰਾਂ ਇਸ ਬਾਬਤ ਉਹ ਨੂੰਹ ਨੂੰ ਗੁੱਸੇ ਹੋਈ ਤਾਂ ਨੂੰਹ ਦਾ ਜਵਾਬ ਸੀ, ''ਮਾਮ! ਤੁਹਾਡੀਆਂ ਰਿਸ਼ਤੇਦਾਰ ਔਰਤਾਂ, ਆਪਣੀਆਂ ਪੰਜਾਬੀ ਗੱਲਾਂ 'ਚ ਐਨੀਆਂ ਮਸਤ ਹੋ ਜਾਂਦੀਆਂ ਨੇ ਕਿ ਉਨ੍ਹਾਂ ਨੂੰ ਸੁਰਤ ਹੀ ਨਹੀਂ ਰਹਿੰਦੀ ਕਿ ਮੈਂ ਵੀ ਉਨ੍ਹਾਂ ਦੇ ਕੋਲ਼ ਬੈਠੀ ਆਂ... ਮੇਰੇ ਨਾਲ਼ ਤਾਂ ਉਹ ਕੋਈ ਗੱਲ ਹੀ ਨਹੀਂ ਕਰਦੀਆਂ... ਮੈਂ ਬੋਰ ਹੋ ਜਾਨੀ ਆਂ।''
''ਇਹ ਗੱਲਾਂ ਤੈਨੂੰ ਪਹਿਲਾਂ ਦੇਖਣੀਆਂ ਚਾਹੀਦੀਆਂ ਸੀ।'' ਸੁਖਜੀਤ ਕੌਰ ਨੇ ਕਿਹਾ ਸੀ।
''ਕੋਈ ਲੋੜ ਹੀ ਨਹੀਂ ਸੀ, ਮੈਂ ਤਾਂ ਸਿਰਫ ਰਾਜੂ ਨੂੰ ਹੀ ਦੇਖਣਾ ਸੀ।''
'ਦੇਖਿਆ ਕਾਹਦਾ, ਤੂੰ ਤਾਂ ਖੋਹ ਕੇ ਹੀ ਲੈ ਗਈ।' ਇਹ ਸ਼ਬਦ ਸੁਖਜੀਤ ਕੌਰ ਨੇ ਨੂੰਹ ਨੂੰ ਕਹੇ ਨਹੀਂ ਸਨ। ਕਹਿਣ ਦੀ ਕੋਈ ਤੁਕ ਵੀ ਨਹੀਂ ਸੀ ਬਣਦੀ। ਉਹ ਤਾਂ ਚਾਹੁੰਦੀ ਸੀ ਕਿ ਇਹੋ ਜਿਹੀਆਂ ਗੱਲਾਂ ਉਸਦੇ ਮਨ 'ਚ ਵੀ ਨਾ ਆਉਣ। ਪਰ ਉਸਦੇ ਮਨ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਕਿ ਚੰਦਰਾ ਬੀਤੇ ਦੀਆਂ ਪੈੜਾਂ ਫਰੋਲਣੋਂ ਹਟਦਾ ਹੀ ਨਹੀਂ ਸੀ। ਉਸਨੂੰ ਚੇਤਾ ਆ ਰਿਹਾ ਸੀ... ਉਨ੍ਹਾਂ ਨੂੰ ਰਾਜੂ 'ਤੇ ਸ਼ੱਕ ਪਈ ਸੀ। ਪੁੱਛਿਆ ਤਾਂ ਕਹਿਣ ਲੱਗਾ, ''ਮੇਰੀ ਸ਼ੈਰਨ ਨਾਲ਼ ਡੇਟਿੰਗ ਚੱਲ ਰਹੀ ਏ... ਉਹ ਯੂਨੀਵਰਸਿਟੀ 'ਚ ਮੇਰੇ ਨਾਲ਼ ਹੀ ਮਾਈਕਰੋ-ਬਾਇਲੌਜੀ ਪੜ੍ਹਦੀ ਏ।''
''ਕੀ ਇਹ ਫਰੈੰਡਸ਼ਿਪ ਹੀ ਏ ਜਾਂ...।'' ਬਲਦੇਵ ਸਿੰਘ ਦੇ ਬੋਲਾਂ ਵਿੱਚ ਤੌਖਲਾ ਸੀ।
''ਮੋਸਟ ਲਾਈਕਲੀ ਅਸੀਂ ਵਿਆਹ ਕਰਾਂਗੇ।'' ਰਾਜੂ ਨੇ ਕਿਹਾ ਸੀ।
ਸੁਖਜੀਤ ਕੌਰ ਤੇ ਬਲਦੇਵ ਸਿੰਘ ਇੱਕਦਮ ਹੀ ਉਨ੍ਹਾਂ ਮਾਪਿਆਂ ਵਾਂਗ ਚਿੰਤਤ ਹੋ ਉੱਠੇ ਸਨ, ਜਿਨ੍ਹਾਂ ਦੇ ਪਰਿਵਾਰ ਦੀ ਸਮੁੰਦਰ 'ਚ ਸਫ਼ਰ ਕਰ ਰਹੀ ਚੰਗੀ-ਭਲੀ ਕੈਬਿਨ-ਕਰੂਜ਼ਰ ਵਾਰਨਿੰਗ ਲਾਈਟ ਦੇਣ ਲੱਗ ਪਈ ਹੋਵੇ।
... ਬਲਦੇਵ ਸਿੰਘ ਤਾਂ ਛੇਤੀ ਸੰਭਲ ਗਿਆ ਪਰ ਸੁਖਜੀਤ ਕੌਰ ਅੰਦਰ ਮੁੜ-ਮੁੜ ਇਹੀ ਗੱਲਾਂ ਘੁੰਮੀਂ ਜਾਣੀਆਂ, 'ਚੰਦਰਿਆ! ਤੈਨੂੰ ਏਨੇ ਚਾਵਾਂ ਨਾਲ਼ ਪਾਲ਼ਿਆ, ਪੜ੍ਹਾਇਆ... ਐਹ ਤੂੰ ਕੀ ਕੀਤੈ, ਮੇਰੀਆਂ ਰੀਝਾਂ ਹੀ ਕੁਚਲ ਸੁੱਟੀਆਂ... ਮੈਂ ਤੈਨੂੰ ਪਰੀਆਂ ਵਰਗੀ ਤੇ ਘਰੇਲੂ ਜਿਹੀ ਪੰਜਾਬਣ ਕੁੜੀ ਲੱਭ ਕੇ ਦੇਣੀ ਸੀ।'
ਰਾਜੂ ਨਾਲ਼ ਉਹ ਓਨਾ ਕੁ ਹੀ ਬੋਲਦੀ। ਪੁੱਤ ਨੂੰ ਅੱਖ ਭਰ ਕੇ ਦੇਖਣ ਨੂੰ ਉਸਦਾ ਦਿਲ ਨਾ ਕਰਦਾ। ਇੱਕ ਦਿਨ ਰਾਜੂ ਉਸਨੂੰ ਮਨਾਉਣ ਲੱਗ ਪਿਆ। ਸੁਖਜੀਤ ਕੌਰ ਦਾ ਹਿਰਖ ਅੱਖਾਂ ਰਾਹੀਂ ਵਹਿ ਤੁਰਿਆ। ਮਨ 'ਚ ਇੱਕ ਚੜ੍ਹੇ, ਇੱਕ ਉੱਤਰੇ। ਪਰ ਉਸਨੇ ਬੁੱਲ੍ਹ ਸਿਉਂ ਲਏ... ਸੋਚਣ ਲੱਗੀ, 'ਕਿੰਨੇ ਕੁ ਨੇ, ਮਸਾਂ ਇੱਕੋ-ਇੱਕ ਤਾਂ ਹੈ... ਜੇ ਉੱਚਾ-ਨੀਵਾਂ ਬੋਲੀ ਤਾਂ ਕੀ ਪਤੈ, ਮੂੰਹ ਫੇਰ ਕੇ ਕਿੱਧਰ ਤੁਰ ਜਾਏ।'
ਰਾਜੂ ਸ਼ੈਰਨ ਨੂੰ ਘਰ ਲੈ ਕੇ ਆਇਆ। ਸੁਖਜੀਤ ਕੌਰ ਅਪਸੈੱਟ ਹੁੰਦੀ ਹੋਈ ਵੀ ਉਸਨੂੰ ਮੁਸਕਰਾ ਕੇ ਮਿਲ਼ੀ।
... ਵਿਆਹ ਵਾਲ਼ੇ ਖਾਮੋਸ਼ ਜਿਹੇ ਦਿਨ ਸੁਖਜੀਤ ਕੌਰ ਤੇ ਬਲਦੇਵ ਸਿੰਘ ਤਿਆਰ ਹੋ ਕੇ ਰਾਜੂ ਨਾਲ਼ ਕੋਰਟ ਨੂੰ ਚੱਲ ਪਏ। ਰਾਜੂ ਦੇ ਦਾਦਾ-ਦਾਦੀ ਤੇ ਤਾਇਆ-ਤਾਈ ਨੇ ਸਿੱਧੇ ਹੀ ਪਹੁੰਚਣਾ ਸੀ। ਸ਼ੈਰਨ ਨਾਲ਼ ਉਸਦੇ ਮਾਮ-ਡੈਡ, ਭਰਾ-ਭਰਜਾਈ ਤੇ ਚਾਰ ਕੁ ਪਰਿਵਾਰ ਹੋਰ ਸਨ। ਜੱਜ ਕੋਲ਼ੋਂ ਵਿਆਹ ਦਾ ਸਰਟੀਫਿਕੇਟ ਲੈਣ ਉਪਰੰਤ ਸ਼ੈਰਨ ਦੇ ਮਾਮ-ਡੈਡ ਸਾਰਿਆਂ ਨੂੰ ਇੱਕ ਰੈਸਟੋਰੈਂਟ 'ਚ ਲੈ ਗਏ। ਉੱਥੇ ਕੇਕ ਕੱਟਿਆ ਗਿਆ, ਸ਼ੈਂਪੇਨ ਖੋਲ੍ਹੀ ਗਈ, ਸ਼ਰਾਬ ਤੇ ਭੋਜਨ ਸਰਵ ਕੀਤੇ ਗਏ ਤੇ ਮਾਪਿਆਂ ਨੇ ਧੀ ਤੋਰ ਦਿੱਤੀ।
ਅਗਲੇ ਦਿਨ ਸੁਖਜੀਤ ਕੌਰ ਹੁਰੀਂ ਆਪਣੇ ਘਰ ਪਾਰਟੀ ਵਿਉਂਤੀ ਹੋਈ ਸੀ। ਖੁੱਲ੍ਹੇ-ਡੁੱਲ੍ਹੇ ਬੇਸਮੈੰਟ ਦੇ ਇੱਕ ਪਾਸੇ ਬਾਰ ਲਾ ਦਿੱਤੀ ਤੇ ਦੂਜੇ ਪਾਸੇ ਚਾਹ-ਪਾਣੀ ਤੇ ਖਾਣੇ ਦਾ ਵੱਡਾ ਕਾਊਂਟਰ...।
ਸ਼ੈਂਪੇਨ ਖੋਲ੍ਹਣ ਅਤੇ ਕੇਕ ਕੱਟਣ ਉਪਰੰਤ ਉੱਚ-ਸੁਰੀ ਮਿਊਜ਼ਿਕ ਸ਼ੁਰੂ ਹੋ ਗਿਆ। ਮੁੰਡੇ-ਕੁੜੀਆਂ ਡਾਨਸ 'ਚ ਕੁੱਦ ਪਏ।... ਰਾਜੂ ਤੇ ਸ਼ੈਰਨ, ਘੇਰੇ ਦੇ ਵਿਚਕਾਰ, ਡਾਨਸ 'ਚ ਝੂਮ ਰਹੇ ਸਨ। ਪਤਾ ਨਹੀਂ ਇਹ ਰਾਜੂ ਦੇ ਪਹਿਰਾਵੇ ਦਾ ਰੰਗ ਸੀ ਜਾਂ ਢੰਗ ਕਿ ਸੁਖਜੀਤ ਕੌਰ ਨੂੰ ਉਹ ਉੱਕਾ ਹੀ ਪੰਜਾਬੀ ਨਹੀਂ ਸੀ ਲੱਗ ਰਿਹਾ... ਪਰ ਜਦੋਂ ਉਸਦਾ ਧਿਆਨ ਪੁੱਤ ਦੇ ਚਿਹਰੇ ਦੀ ਡੁੱਲ੍ਹ-ਡੁੱਲ੍ਹ ਪੈਂਦੀ ਖੁਸ਼ੀ ਵੱਲ ਗਿਆ ਤਾਂ ਉਸਦੀਆਂ ਸਾਰੀਆਂ ਰੰਜਸ਼ਾਂ ਪਤਾ ਨਹੀਂ ਕਿੱਧਰ ਉੱਡ ਗਈਆਂ। ਨੂੰਹ-ਪੁੱਤ ਵੱਲ ਤੱਕਦੀ ਉਹ ਚਾਵਾਂ ਤੇ ਖੁਸ਼ੀਆਂ ਦੀਆਂ ਲਹਿਰਾਂ 'ਚ ਗਵਾਚ ਗਈ। ਪਰ ਮਿਊਜ਼ਿਕ ਦੇ ਜ਼ਰਾ ਕੁ ਬੰਦ ਹੋਣ 'ਤੇ ਜਦੋਂ ਬਲਦੇਵ ਸਿੰਘ ਦੇ ਚਾਚੇ ਦੇ ਪੁੱਤ ਦੀ ਆਵਾਜ਼ ਸੁਖਜੀਤ ਕੌਰ ਦੇ ਕੰਨੀਂ ਪਈ ਤਾਂ ਉਸਨੂੰ ਇੰਜ ਲੱਗਾ ਜਿਵੇਂ ਕੋਈ ਤਿੱਖੀ ਸੂਲ਼ ਉਸਦੇ ਪ੍ਰਸੰਨ-ਚਿੱਤ 'ਚ ਖੁੱਭ ਗਈ ਹੋਵੇ। ਮੁਖਤਿਆਰ ਸਿੰਘ ਸ਼ਰਾਬ ਦੀ ਲੋਰ 'ਚ ਕਹਿ ਰਿਹਾ ਸੀ, ''ਸਾਡੇ ਭਰਾ-ਭਰਜਾਈ ਨੇ ਇਹ ਕੀ ਚੱਜ ਘੋਲ਼ਿਆ... ਇੰਡੀਅਨ ਕੁੜੀਆਂ ਦਾ ਕਿਤੇ ਕਾਲ਼ ਪੈ ਗਿਆ ਸੀ, ਹੁੰਅ।''
ਸੁਖਜੀਤ ਕੌਰ ਦਾ ਦਿਲ ਕੀਤਾ ਕਿ ਮੁਖਤਿਆਰ ਸਿੰਘ ਸਾਹਮਣੇ ਖਲੋ ਕੇ ਪੁੱਛੇ, 'ਭਾ ਜੀ! ਤੁਹਾਨੂੰ ਉਹ ਦਿਨ ਭੁੱਲ ਗਏ ਜਦੋਂ ਤੁਹਾਡੀ ਪੰਜਾਬਣ ਨੂੰਹ ਤੁਹਾਡੇ ਸਾਰੇ ਟੱਬਰ ਨਾਲ਼ ਨਿੱਤ ਕੁੱਤੇ-ਖਾਣੀ ਕਰਿਆ ਕਰਦੀ ਸੀ ਤੇ ਤੁਸੀਂ ਸਾਨੂੰ ਰੋਜ ਫੋਨ ਕਰਦੇ ਹੁੰਦੇ ਸੀ- ਅਖੇ ਅਸੀਂ ਤਾਂ ਪੰਜਾਬ ਦਾ ਅੱਡਾ-ਗੱਡਾ ਵੀ ਗੁਆ ਆਏ ਹਾਂ... ਹੁਣ ਏਥੇ ਸਾਡੀ ਮੱਦਦ ਕਰੋ। ਇਹ ਸਿਰਫ ਮੈਂ ਤੇ ਬਲਦੇਵ ਹੁਰੀਂ ਹੀ ਜਾਣਦੇ ਆਂ ਕਿ ਕਿਵੇਂ ਅਸੀਂ ਤੁਹਾਨੂੰ ਤੇ ਤੁਹਾਡੀਆਂ ਦੋਹਾਂ ਧੀਆਂ ਨੂੰ ਕੰਮ 'ਤੇ ਲੁਆਇਆ ਸੀ... ਫਿਰ ਇੱਕ ਬੇਸਮੈੰਟ ਲੱਭ ਕੇ ਤੁਹਾਨੂੰ ਉੱਥੇ ਮੂਵ ਕਰਵਾਇਆ... ਤੇ ਅੱਜ ਤੁਸੀਂ...।'
ਪਰ ਉਹ ਦੜ ਵੱਟ ਗਈ।... ਤੇ ਆਪਣੇ ਆਪ ਨੂੰ ਕੋਸਣ ਲੱਗ ਪਈ ਕਿ ਕਿੰਨਾ ਚੰਗਾ ਹੁੰਦਾ ਜੇ ਉਸਨੇ ਬਲਦੇਵ ਦੀ ਗੱਲ ਮੰਨ ਲਈ ਹੁੰਦੀ। ਬਲਦੇਵ ਨੇ ਤਾਂ ਬਥੇਰਾ ਕਿਹਾ ਸੀ, ''ਸੁੱਖੀ! ਛੱਡ ਪਰ੍ਹਾਂ ਪਾਰਟੀ ਨੂੰ... ਲੋਕੀਂ ਸਾਡਾ ਹੀ ਅੰਨ ਪਾੜਨਗੇ, ਸਾਡੀ ਹੀ ਸ਼ਰਾਬ ਡਕਾਰਨਗੇ ਤੇ ਫਿਰ ਸਾਡੀ ਹੀ ਮਿੱਟੀ ਪੁੱਟਣਗੇ।''
ਪਾਰਟੀ ਅੱਧੀ ਰਾਤ ਤੋਂ ਬਾਅਦ ਖਤਮ ਹੋਈ। ਬਲਦੇਵ ਸਿੰਘ ਤਾਂ ਬੈੱਡ 'ਤੇ ਪੈਂਦਾ ਹੀ ਸੌਂ ਗਿਆ। ਪਰ ਸੁਖਜੀਤ ਕੌਰ ਦੀ ਅੱਖ ਨਾ ਲੱਗੀ। ਲੋਕਾਂ ਦੇ ਵਤੀਰੇ ਦੀਆਂ ਛਿਲਤਰਾਂ ਨੂੰ ਮਹਿਸੂਸ ਕਰਦੀ ਉਹ ਕਿੰਨਾ ਹੀ ਚਿਰ ਪੀੜੋ-ਪੀੜ ਹੁੰਦੀ ਰਹੀ...। ਪਰ ਫਿਰ ਉਸਨੂੰ ਮਹਿਸੂਸ ਹੋਇਆ ਕਿ ਇਹ ਛਿਲਤਰਾਂ ਤਾਂ ਐਵੇਂ ਹੀ ਸਨ। ਅਸਲ ਛਿਲਤਰਾਂ ਤਾਂ ਉਸਦੇ ਆਪਣੇ ਅੰਦਰ ਜਮ੍ਹਾਂ ਹੋਈਆਂ ਪਈਆਂ ਸਨ... ਟੁੱਟ ਗਏ ਸੁਪਨਿਆਂ ਦੀਆਂ ਛਿਲਤਰਾਂ... ਤੇ ਉਹ ਜਿਵੇਂ ਆਪਣੇ ਆਪ ਤੋਂ ਪੁੱਛਣ ਲੱਗ ਪਈ ਸੀ, 'ਕਿਹੋ ਜਿਹਾ ਵਿਆਹ ਸੀ ਇਹ? ਨਾ ਮਾਂਈਆਂ ਲੱਗਾ, ਨਾ ਘੋੜੀਆਂ ਗਾਈਆਂ, ਨਾ ਪਾਣੀ ਵਾਰਿਆ...।'
''ਸੁੱਖੀ! ਮੈਨੂੰ ਲਗਦੈ ਕਿ ਤੂੰ ਅਜੇ ਵੀ ਸਵਿਮਿੰਗ-ਪੂਲ ਵਾਲ਼ੀ ਗੱਲ 'ਚ ਉਲ਼ਝੀ ਪਈ ਏਂ।'' ਪਤੀ ਦੇ ਬੋਲ ਸੁਣਦਿਆਂ ਸੁਖਜੀਤ ਕੌਰ ਖਿਆਲਾਂ ਦੇ ਵਹਿਣ 'ਚੋਂ ਬਾਹਰ ਆ ਗਈ।... ਉਹ ਬੀਚ ਦੀ ਭੀੜ ਤੋਂ ਇੱਕ ਪਾਸੇ ਕਰਕੇ ਵੱਡੀ ਸਾਰੀ ਰੰਗ-ਬਰੰਗੀ ਛਤਰੀ ਹੇਠ ਬੈਠੇ ਸਨ। ਉਨ੍ਹਾਂ ਕੋਲ਼ ਪਿਆ ਰਿੱਕਦੀਪ ਸੌਂ ਚੁੱਕਾ ਸੀ। ਬਲਦੇਵ ਸਿੰਘ ਦੀ ਗੱਲ ਜਾਰੀ ਸੀ, ''ਦੇਖ! ਆਪਣੇ ਲਈ ਸਵਿਮਿੰਗ-ਪੂਲ ਦਾ ਕੋਈ ਮਾਅਨਾ ਨਹੀਂ ਪਰ ਨਿਆਣਿਆਂ ਦੀ ਜ਼ਿੰਦਗੀ ਦੀ ਇਹ ਇੱਕ ਵੱਡੀ ਐਸਪੀਰੇਸ਼ਨ ਏ। ਜੇ ਮੈਥੋਂ ਪੁੱਛੇਂ ਤਾਂ ਇਸ ਵਿੱਚ ਮਾੜਾ ਵੀ ਕੁਝ ਨਹੀਂ। ਮੈਂ ਖੁਦ ਕਈ ਵਾਰ ਸਵਿਮਿੰਗ-ਪੂਲ ਅਤੇ ਲੇਕ 'ਚ ਤੈਰ ਕੇ ਦੇਖਿਐ। ਬੜਾ ਲੁਤਫ਼ ਆਉਂਦਾ ਏ... ਐਹ ਸਾਹਮਣੇ ਦੇਖ ਲੈ, ਖੁੱਲ੍ਹੇ ਅਸਮਾਨ ਥੱਲੇ, ਪਾਣੀ ਵਿੱਚ ਲੋਕੀਂ ਕਿੱਦਾਂ ਇੰਜੁਆਇ ਕਰ ਰਹੇ ਆ।''

ਬਲਦੇਵ ਸਿੰਘ ਦੀ ਝੀਲ ਵੱਲ ਘੁੰਮੀ ਉਂਗਲ਼ ਦੇ ਨਾਲ਼ ਹੀ ਸੁਖਜੀਤ ਕੌਰ ਦੀ ਨਿਗ੍ਹਾ ਵੀ ਓਧਰ ਘੁੰਮ ਗਈ। ਦੂਰ ਦੁਮੇਲ ਤੱਕ ਪਸਰੇ ਅਸੀਮ ਪਾਣੀ ਵਿੱਚ ਸਫ਼ਰ ਕਰ ਰਹੇ ਛੋਟੇ-ਵੱਡੇ ਜਹਾਜ਼, ਪਾਣੀ ਨੂੰ ਚੀਰਦੀਆਂ ਤੇ ਕੰਕਰਾਂ ਵਾਂਗ ਉਛਾਲ਼ਦੀਆਂ ਵੰਨ-ਸੁਵੰਨੀਆਂ ਬੋਟਾਂ, ਤੈਰਦੇ-ਖੇਡਦੇ ਅਤੇ ਮਸਤੀਆਂ ਮਾਰਦੇ ਅਨੇਕਾਂ ਲੋਕ- ਇੱਕ ਮੇਲਾ ਜਿਹਾ ਲੱਗਾ ਹੋਇਆ ਸੀ। ਆਪਣੇ ਅੰਦਰ ਸਕੂਨ ਮਹਿਸੂਸ ਕਰਦਿਆਂ ਉਹ ਬੁੜਬੁੜਾਈ, 'ਇਹ ਰੌਣਕ-ਮੇਲਾ ਪਾਣੀ ਦਾ ਹੀ ਪਰਤਾਪ ਏ... ਪਾਣੀ ਲੋਕਾਂ ਨੂੰ ਮਿਲਾਉਂਦਾ ਏ, ਜੋੜਦਾ ਏ... ਪਾਣੀ ਆਪ ਵੀ ਤਾਂ ਇੱਕ-ਦੂਜੇ ਨੂੰ ਦੌੜ-ਦੌੜ ਮਿਲਦੇ ਨੇ... ਕਿੱਥੋਂ-ਕਿੱਥੋਂ ਚੱਲ ਕੇ ਨਦੀਆਂ, ਨਾਲ਼ੇ ਤੇ ਦਰਿਆ ਇਸ ਸਮੁੰਦਰ ਜਿੱਡੀ ਝੀਲ ਵਿੱਚ ਆ ਇਕੱਠੇ ਹੋਏ ਨੇ। ਕੌਣ ਜਾਣਦੈ ਕਿ ਇਸ ਪਾਣੀ ਦੀ ਇੱਕ-ਇੱਕ ਬੂੰਦ ਕਿੱਥੇ-ਕਿੱਥੇ ਜਨਮੀ ਸੀ।' ਕੁਝ ਇਸੇ ਤਰ੍ਹਾਂ ਦਾ ਹੀ ਰਹੱਸ ਉਸਦੀ ਜ਼ਿੰਦਗੀ 'ਚ ਵੀ ਵਾਪਰਿਆ ਸੀ... ਉਹ ਕਿੱਥੇ ਜੰਮੀ-ਪਲੀ ਤੇ ਕਿੱਥੇ ਸੱਤ ਸਮੁੰਦਰ ਪਾਰ ਇਸ ਧਰਤੀ ਦਾ ਅੰਗ ਆ ਬਣੀ ਸੀ... ਮਨ ਅੰਦਰਲੀਆਂ ਛੱਲਾਂ 'ਤੇ ਸਵਾਰ ਹੋਈ ਉਹ ਪਿੰਡ ਪਹੁੰਚ ਗਈ... ਆਪਣੀ ਮੋਟਰ ਦੇ ਚਲ਼੍ਹੇ 'ਚ ਨਹਾ ਰਹੀ ਸੀ ਉਹ... ਗਰਮੀਆਂ ਦੀ ਰੁੱਤੇ ਜਦੋਂ ਕਦੀ ਕਹਿਰ ਦੀ ਗਰਮੀ ਪੈ ਰਹੀ ਹੋਣੀ ਤਾਂ ਹਨ੍ਹੇਰਾ ਹੋਣ 'ਤੇ ਉਸਨੇ ਬੀ ਜੀ ਜਾਂ ਚਾਚੀ ਨੂੰ ਪੁੱਛਣਾ, ਆਪਣੀ ਸਹੇਲੀ ਨਿੰਮੀ ਨੂੰ ਨਾਲ਼ ਲੈਣਾ ਤੇ ਮੋਟਰ ਚਲਾ ਕੇ ਚਲ਼੍ਹੇ 'ਚ ਜਾ ਵੜਨਾ। ਨਾਲ਼ 'ਚੋਂ ਡਿਗਦੇ ਕਲ-ਕਲ ਕਰਦੇ ਠੰਢੇ ਪਾਣੀ ਨਾਲ਼ ਤਾਲੋ-ਤਾਲ ਭਰੇ ਵੱਡੇ ਸਾਰੇ ਚਲ਼੍ਹੇ ਵਿੱਚ ਡੁਬਕੀਆਂ ਮਾਰਦਿਆਂ ਤੇ ਮੱਧਮ ਆਵਾਜ਼ਾਂ 'ਚ ਹੱਸ-ਹੱਸ ਗੱਲਾਂ ਕਰਦਿਆਂ ਉਸਨੂੰ ਤੇ ਨਿੰਮੀ ਨੂੰ ਏਦਾਂ ਲੱਗਣਾ ਜਿੱਦਾਂ ਤਨ-ਮਨ ਨੂੰ ਗਰਮੀ ਤੋਂ ਹੀ ਨਹੀਂ ਕਿਸੇ ਬੇਚੈਨੀ ਜਿਹੀ ਤੋਂ ਵੀ ਰਾਹਤ ਮਿਲ਼ ਰਹੀ ਹੋਵੇ।... ਤੇ ਹੁਣ ਪਲ ਦੀ ਪਲ ਉਸਨੂੰ ਇੰਜ ਲੱਗਾ ਜਿਵੇਂ ਉਹ ਚਲ਼੍ਹੇ ਕੋਲ਼ ਬੀ ਜੀ ਤੇ ਬਾਪੂ ਜੀ ਦੇ ਸਨਮੁਖ ਖਲੋਤੀ ਉਨ੍ਹਾਂ ਦਾ ਰੋਸ ਸੁਣ ਰਹੀ ਹੋਵੇ, 'ਸੁੱਖੀ! ਤੂੰ ਚੰਗੀ ਨਿਕਲ਼ੀ! ਪੁੱਤ ਦੇ ਪਿੱਛੇ ਲੱਗ ਕੇ ਸਾਡਾ ਨਾਂ-ਨਿਸ਼ਾਨ ਹੀ ਮਿਟਾ ਚੱਲੀ ਏਂ...।'

''ਬਈ! ਕੀ ਗੱਲ? ਤੂੰ ਮੇਰੀ ਗੱਲ ਦਾ ਹੁੰਗਾਰਾ ਹੀ ਨਹੀਂ ਦੇ ਰਹੀ।'' ਪਤੀ ਦੇ ਬੋਲਾਂ ਨੇ ਉਸਨੂੰ ਪਿੰਡ ਤੋਂ ਮੁੜ ਬੀਚ 'ਤੇ ਲੈ ਆਂਦਾ।
''ਠੀਕ ਐ, ਮੈਂ ਮੰਨਦੀ ਆਂ ਪਈ ਸਵਿਮਿੰਗ-ਪੂਲ ਚੰਗੀ ਚੀਜ਼ ਏ ਪਰ ਨੂੰਹ-ਪੁੱਤ ਆਪਣੀ ਕਮਾਈ ਨਾਲ਼ ਬਣਾ ਲੈਣ। ਦੋਨੋਂ ਚੰਗੀਆਂ ਜੌਬਾਂ 'ਤੇ ਹਨ। ਫਜ਼ੂਲ ਖਰਚੇ ਬੰਦ ਕਰਨ... ਮੈਂ ਜ਼ਮੀਨ ਕਿਉਂ ਵੇਚਾਂ? ... ਏਨਾ ਚਿਰ ਹੋ ਗਿਐ, ਤੁਸੀਂ ਅੱਜ ਤਾਈਂ ਮੇਰੀ ਜ਼ਮੀਨ ਵੱਲ ਅੱਖ ਭਰ ਕੇ ਨਹੀਂ ਦੇਖਿਆ... ਤੇ ਸਾਡੇ ਲਾਡਲੇ ਨੇ ਮੂੰਹ ਪਾੜ ਕੇ ਏਦਾਂ ਕਹਿ ਦਿੱਤੈ ਜਿਵੇਂ ਜ਼ਮੀਨ ਨਾ ਹੋਵੇ, ਫਰੈਂਚਾਈਜ਼ਰ ਤੋਂ ਲਈ ਹੋਈ ਕੋਈ ਕੌਫੀ-ਸ਼ੌਪ ਹੋਵੇ।''
''ਸੁੱਖੀ! ਮੈਂ ਤੇਰੀਆਂ ਫੀਲਿੰਗਜ਼ ਸਮਝਦਾਂ। ਪਰ ਇੱਕ ਗੱਲ ਇਹ ਵੀ ਐ ਕਿ ਤੇਰੀ ਜਮੀਨ ਓਨਾ ਚਿਰ ਹੀ ਸੇਫ ਏ ਜਿੰਨਾ ਚਿਰ ਚਾਚਾ ਜੀ ਬੈਠੇ ਨੇ... ਭੁੱਪੀ ਕੁਝ ਹੋਰ ਹੀ ਤਰ੍ਹਾਂ ਦਾ ਬੰਦਾ ਏ... ਚੇਤਾ ਨਹੀਂ, ਜਨਵਰੀ 'ਚ ਜਦੋਂ ਫੋਨ ਆਇਆ ਸੀ... ਅਖੇ ਮੇਰੇ ਇੱਕ ਦੋਸਤ ਨੂੰ ਕਿਸੇ ਤਰ੍ਹਾਂ ਵੀ ਕਨੇਡਾ ਲੰਘਾਓ। ਏਜੰਟ ਨਾਲ਼ ਗੱਲ ਕਰਕੇ ਮੈਂ ਦੱਸਿਆ ਪਈ ਵੀਹ ਹਜਾਰ ਡਾਲਰ ਲੱਗੂਗਾ, ਦਸ ਹਜਾਰ ਪਹਿਲਾਂ... ਅਖੇ ਚਿੰਤਾ ਨਾ ਕਰੋ... ਤੁਸੀਂ ਦੇ ਦਿਓ... ਪੈਸੇ ਤਾਂ ਸਮਝ ਲਓ ਮੇਰੀ ਜੇਬ 'ਚ ਪਏ ਆ... ਮੈਂ ਕਿਹਾ ਜੇ ਤੇਰੀ ਜੇਬ 'ਚ ਪਏ ਆ ਤਾਂ ਭੇਜ ਦੇ... ਬੱਸ ਫਿਰ ਚੁੱਪ ਹੋ ਗਿਆ।''
''ਇਹ ਕੀ ਪਤੈ, ਉਹ ਸ਼ਾਇਦ ਤੁਹਾਡੀਆਂ ਕੋਰੀਆਂ ਗੱਲਾਂ ਤੋਂ ਖਿਝ ਕੇ ਹੀ ਚੁੱਪ ਹੋ ਗਿਆ ਹੋਵੇ... ਹੋਰ ਉਹਨੇ ਤੁਹਾਡੇ ਪੈਸੇ ਨਹੀਂ ਸੀ ਮਾਰ ਲੈਣੇ।''
ਗੱਲ ਕਰਦੀ ਸੁਖਜੀਤ ਕੌਰ ਦਾ ਧਿਆਨ ਕੋਲ਼ ਦੀ ਲੰਘ ਰਹੀ ਮੋਟਰ ਬੋਟ ਵੱਲ ਚਲਾ ਗਿਆ... ਮੋਟਰ ਬੋਟ ਨਾਲ਼ ਚੀਰ ਹੁੰਦੇ ਤੇ ਪਿਛਾਂਹ ਨੂੰ ਧਕੇਲੇ ਜਾਂਦੇ ਪਾਣੀ ਵੱਲ ਤੱਕਦਿਆਂ ਉਸਦੀ ਸੋਚ ਵਿੱਚ ਪਿਛਲੀ ਵਾਰ ਦਾ ਇੰਡੀਆ ਦਾ ਗੇੜਾ ਘੁੰਮ ਗਿਆ... ਉਹ ਸਾਰੇ ਜਣੇ ਗਏ ਸਨ। ਸ਼ੈਰਨ ਨੇ ਆਪਣੀਆਂ ਤਿੱਖੀਆਂ ਨਜ਼ਰਾਂ ਨਾਲ਼ ਸੱਸ ਦੀ ਜ਼ਮੀਨ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਦੇਖਿਆ ਸੀ ਤੇ ਆਚੰਭਿਤ ਜਿਹੀ ਹੋ ਕੇ ਬੋਲੀ ਸੀ, ''ਇਟ'ਸ ਨਾਈਸ ਪਰੌਪਰਟੀ।'' ਮੋਟਰ 'ਤੇ ਪਹੁੰਚ ਕੇ ਸੁਖਜੀਤ ਕੌਰ ਨੇ ਨਾਲ਼ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਸ਼ੈਰਨ ਵੱਲ ਵਧਾਇਆ ਸੀ, ''ਦੇਖ! ਕਿੰਨਾ ਸੁਆਦ ਪਾਣੀ ਏ।''
''ਵਾਕਈ ਸੁਆਦ ਏ... ਮਿੱਠਾ-ਮਿੱਠਾ ਜਿਹਾ।'' ਗਲਾਸ ਖਾਲੀ ਕਰਦਿਆਂ ਸ਼ੈਰਨ ਨੇ ਕਿਹਾ ਸੀ।
''ਸਾਡੇ ਏਥੇ ਸਮੁੰਦਰ-ਝੀਲਾਂ ਭਾਵੇਂ ਨਹੀਂ ਹਨ ਪਰ ਧਰਤੀ ਹੇਠ ਬੜਾ ਪਾਣੀ ਏ... ਤੇ ਇਵੇਂ ਹੀ... ਸਮਝ ਲੈ ਪਈ ਸਾਡੇ ਪੰਜਾਬੀਆਂ ਦੀਆਂ ਰੂਹਾਂ ਅੰਦਰ ਵੀ ਬੜਾ ਪਾਣੀ ਏ।'' ਕਹਿੰਦਿਆਂ ਸੁਖਜੀਤ ਕੌਰ ਨੇ ਮਾਣ ਜਿਹੇ ਵਿੱਚ ਭੁੱਪੀ ਦੇ ਕਾਕੇ ਸੰਨੀ ਵੱਲ ਤੱਕਿਆ ਸੀ ਜੋ ਡੈਬੀ ਨੂੰ ਮੋਪਿਡ 'ਤੇ ਝੂਟੇ ਦੇ ਰਿਹਾ ਸੀ।
ਸੁਖਜੀਤ ਦੇ ਚਾਚਾ-ਚਾਚੀ ਤੇ ਉਨ੍ਹਾਂ ਦੀ ਨੂੰਹ ਸੁਖਜੀਤ ਕੌਰ ਹੁਰਾਂ ਦੇ ਖਾਣ-ਪੀਣ ਤੇ ਸੁੱਖ-ਆਰਾਮ ਦਾ ਬੜਾ ਖਿਆਲ ਰੱਖਦੇ। ਪਰ ਭੁੱਪੀ ਘੱਟ ਹੀ ਦਿਸਦਾ।
''ਚਾਚਾ ਜੀ! ਭੁੱਪੀ ਤਾਂ ਮਾਰਕੀਟਿੰਗ ਕਮੇਟੀ 'ਚ ਜਿਆਦਾ ਹੀ ਬਿਜ਼ੀ ਹੋ ਗਿਐ।'' ਇੱਕ ਦਿਨ ਸੁਖਜੀਤ ਨੇ ਗੱਲ ਛੇੜੀ ਸੀ।
''ਆਹੋ, ਇਹ ਸਾਲ਼ੀਆਂ ਨਵੀਆਂ ਹੀ ਹਾੜ੍ਹੀਆਂ-ਸਾਉਣੀਆਂ ਚੱਲ ਪਈਆਂ ਨੇ... ਸਾਰੀ ਦਿਹਾੜੀ ਲੀਡਰਾਂ ਨਾਲ਼ ਕਦੀ ਸ਼ਹਿਰ ਤੇ ਕਦੀ ਕਿਤੇ ਹੋਰ... ਖੇਤਾਂ 'ਚ ਵੀ ਘੱਟ ਹੀ ਵੜਦੈ।'' ਪੰਜਾਬ ਸਿੰਘ ਨੇ ਦੱਸਿਆ ਸੀ।
''ਰਸੂਖ ਤਾਂ ਏਦਾਂ ਹੀ ਵਧਦੈ।'' ਜੱਸ ਕੌਰ ਬੋਲੀ ਸੀ।
ਤੇ ਹਫਤੇ ਕੁ ਬਾਅਦ ਉਨ੍ਹਾਂ ਕੋਲ਼ ਬੈਠਾ ਭੁੱਪੀ ਉੱਚੀਆਂ-ਉੱਚੀਆਂ ਗੱਲਾਂ ਕਰ ਰਿਹਾ ਸੀ, ''ਭੈਣ ਜੀ! ਇਹ ਮਨਦੀਪ ਢਿੱਲੋਂ, ਜਿਹਨੂੰ ਮਾਰਕੀਟਿੰਗ ਕਮੇਟੀ ਦਾ ਚੇਅਰਮੈਨ ਬਣਾਉਣ ਲਈ ਸਾਡਾ ਏਨਾ ਜੋਰ ਲੱਗਾ ਹੋਇਐ, ਮੁੱਖ ਮੰਤਰੀ ਦਾ ਖਾਸ ਬੰਦਾ ਏ। ਮੁੱਖ ਮੰਤਰੀ ਸਾਹਿਬ ਨੇ ਮੈਨੂੰ ਆਪ ਫੋਨ ਕੀਤਾ ਕਿ ਇਹਦੀ ਡਟ ਕੇ ਮੱਦਦ ਕਰੋ।... ਮੌਕਾ ਹੀ ਹੁੰਦੈ। ਦੋ ਕੁ ਮੰਤਰੀਆਂ ਤਾਈਂ ਆਪਣੀ ਚੰਗੀ ਪਹੁੰਚ ਹੈਗੀ ਐ... ਮੁੱਖ ਮੰਤਰੀ ਨਾਲ਼ ਵੀ ਬਣ ਜੂ... ਫਿਰ ਕਿਸੇ ਬੋਰਡ ਜਾਂ ਕਾਰਪੋਰੇਸ਼ਨ ਦੀ ਚੇਅਰਮੈਨੀ ਲਈ ਨਹੁੰ ਅੜਾਊਂਗਾ।''
''ਲੈਅਹ! ਮੇਰਾ ਵੀਰ ਖੂਬ ਤਰੱਕੀਆਂ ਕਰ ਰਿਹੈ, ਇੱਕ ਦਿਨ ਜ਼ਰੂਰ ਵੱਡੇ ਅਹੁਦੇ 'ਤੇ ਪਹੁੰਚੂਗਾ।'' ਕਹਿੰਦਿਆਂ ਸੁਖਜੀਤ ਨੇ ਮਾਣ ਨਾਲ਼ ਭੁੱਪੀ ਵੱਲ ਤੱਕਿਆ ਸੀ... ਭਰਾ ਦੇ ਚਿਹਰੇ 'ਤੇ ਉਸਨੂੰ ਏਦਾਂ ਦਾ ਕੁੱਝ ਵੀ ਨਜ਼ਰ ਨਹੀਂ ਸੀ ਆਇਆ ਕਿ ਉਸਦੇ ਦਿਲ 'ਚ ਕਿਸੇ ਕਿਸਮ ਦਾ ਕੋਈ ਵਲ਼ ਹੋਵੇ... ਭੈਣ ਜੀ, ਭੈਣ ਜੀ ਕਰਦੇ ਦਾ ਉਸਦਾ ਮੂੰਹ ਸੁੱਕਦਾ ਸੀ। ਉਸ ਬਾਰੇ ਬਲਦੇਵ ਦੀ ਕਹੀ ਗੱਲ ਸੁਖਜੀਤ ਨੂੰ ਬਲਦੇਵ ਦੇ ਆਪਣੇ ਹੀ ਖੁਸ਼ਕ ਦਿਮਾਗ ਦੀ ਉਪਜ ਜਾਪੀ ਸੀ।
''ਸੁੱਖੀ! ਮੈਂ ਦਸ ਕੁ ਮਿੰਟ ਵਾਲੀਬਾਲ ਖੇਡ ਆਵਾਂ।'' ਕਹਿੰਦਾ ਹੋਇਆ ਬਲਦੇਵ, ਉਸ ਕੋਲ਼ੋਂ ਉੱਠ ਕੇ, ਲਾਗੇ ਹੀ ਵਾਲੀਬਾਲ ਖੇਡ ਰਹੇ ਗੋਰਿਆਂ ਵੱਲ ਤੁਰ ਗਿਆ।
ਸੁਖਜੀਤ ਕੌਰ ਝੀਲ ਵਿੱਚ ਦੌੜ ਰਹੀਆਂ, ਪਾਣੀ ਨੂੰ ਚੀਰਦੀਆਂ-ਉਛਾਲ਼ਦੀਆਂ ਸਪੀਡ ਬੋਟਾਂ, ਸਰਫ ਬੋਟਾਂ, ਮੋਟਰ ਬੋਟਾਂ, ਕੈਬਿਨ ਕਰੂਜ਼ਰਾਂ ਤੇ ਸੇਲ ਬੋਟਾਂ ਵੱਲ ਦੇਖਣ ਲੱਗੀ... ਰੰਗ-ਬਰੰਗੇ ਸਵਿਮ-ਸੂਟਾਂ ਤੇ ਬਕਿੱਨੀਆਂ 'ਚ ਤੈਰ ਤੇ ਘੁੰਮ-ਫਿਰ ਰਹੇ ਲੋਕਾਂ ਦੀ ਭੀੜ ਵਿੱਚੋਂ ਉਸਨੂੰ ਸ਼ੈਰਨ ਤੇ ਰਾਜੂ ਕਲੋਲ ਕਰਦੇ ਆਉਂਦੇ ਦਿਖਾਈ ਦਿੱਤੇ। ਸ਼ੈਰਨ ਦੀ ਕਾਸ਼ਣੀ ਬਕਿੱਨੀ ਚਮਕਾਂ ਮਾਰ ਰਹੀ ਸੀ। ਸੂਰਜ ਦੀ ਤੇਜ਼ ਧੁੱਪ, ਉਸਦੇ ਪਾਣੀ-ਭਿੱਜੇ ਗੋਰੇ ਬਦਨ ਉੱਤੋਂ ਜਿਵੇਂ ਤਿਲ੍ਹਕ-ਤਿਲ੍ਹਕ ਜਾ ਰਹੀ ਹੋਵੇ।ਪਤਾ ਨਹੀਂ ਇਹ ਸ਼ੈਰਨ ਦੀ ਤੋਰ ਵਿਚਲੀ ਮੜਕ ਸੀ ਜਾਂ ਮੜਕ ਵਿੱਚੋਂ ਝਲਕਦਾ ਉਸਦਾ ਨਿੱਜ ਕਿ ਉਸਨੂੰ ਉਹ ਰਾਜੂ ਨਾਲ਼ੋਂ ਮਧਰੀ ਹੁੰਦੀ ਹੋਈ ਵੀ ਉੱਚੀ-ਉੱਚੀ ਲੱਗੀ।
... ਜਦੋਂ ਸ਼ੈਰਨ ਉਨ੍ਹਾਂ ਦੇ ਘਰ ਨਵੀਂ-ਨਵੀਂ ਆਈ ਤਾਂ ਸੁਖਜੀਤ ਕੌਰ ਨੂੰ ਉਸਦੇ ਇਸ ਨਿੱਜ ਦੀ ਠੀਕ ਤਰ੍ਹਾਂ ਸਮਝ ਨਹੀਂ ਸੀ ਪਈ। ਉਸ ਵੱਲੋਂ ਲਿਵਿੰਗ-ਰੂਮ, ਫੈਮਿਲੀ-ਰੂਮ ਅਤੇ ਬੈੱਡ-ਰੂਮਾਂ ਦੀ ਕੀਤੀ ਸੈਟਿੰਗ ਨੂੰ ਦੇਖਦਿਆਂ ਸੁਖਜੀਤ ਕੌਰ ਨੇ ਮਹਿਸੂਸ ਕੀਤਾ ਕਿ ਇਹ ਐਵੇਂ ਉਸਦਾ ਭਰਮ ਸੀ ਕਿ ਉਸਦੇ ਸੁਪਨੇ ਅਧੂਰੇ ਰਹਿ ਗਏ ਸਨ। ਬਲਕਿ ਉਸਨੇ ਤਾਂ ਆਪਣੇ ਆਪ ਨੂੰ ਕੋਸਿਆ ਵੀ ਕਿ ਉਸ ਵਿੱਚੋਂ ਧੀਰਜ ਖਤਮ ਕਿਉਂ ਹੁੰਦਾ ਜਾ ਰਿਹਾ ਸੀ, ''ਹੇ ਸ਼ੈਰਨ! ਤੇਰੀ ਰੀਸੈਟਿੰਗ ਮੈਨੂੰ ਚੰਗੀ ਲੱਗੀ ਏ।'' ਹਥਲੇ ਕੰਮ ਨੂੰ ਜ਼ਰਾ ਕੁ ਰੋਕਦਿਆਂ ਉਸਨੇ ਕਿਹਾ ਸੀ।
''ਥੈਂਕ ਯੁ ਮਾਮ।'' ਸ਼ੈਰਨ ਖੁਸ਼ ਹੋ ਗਈ ਸੀ। ਉਸਨੂੰ ਆਪਣੇ ਕੋਲ਼ ਆ ਖਲੋਈ ਵੇਖ ਕੇ ਸੁਖਜੀਤ ਕੌਰ ਨੂੰ ਏਦਾਂ ਲੱਗਾ ਸੀ ਪਈ ਜਿੱਦਾਂ ਕਹੇਗੀ, 'ਮਾਮ! ਲਿਆਓ, ਮੈਂ ਕਰਦੀ ਆਂ ਸੋਫਿਆਂ ਦੀ ਵੈਕਯੂਮ।'
ਪਰ ਉਸਨੇ ਦੇਖਿਆ ਕਿ ਨੂੰਹ ਦੀ ਨਿਗ੍ਹਾ ਤਾਂ ਖਿੜਕੀ ਤੋਂ ਬਾਹਰ ਜਾ ਟਿਕੀ ਸੀ। ਤੇ ਫਿਰ ਸੁਖਜੀਤ ਕੌਰ ਨੂੰ ਉਸਦੇ ਕੂਕਵੇਂ ਬੋਲ ਸੁਣਾਈ ਦਿੱਤੇ ਸਨ, ''ਵਾਹ! ਕਿੰਨਾ ਸੁਹਣਾ ਧੁੱਪਦਾਰ ਦਿਨ ਏ... ਮੈਂ ਦੌੜਨ ਜਾ ਰਹੀ ਆਂ।'' ਤੇ ਰਨਿੰਗ-ਸ਼ੂ ਪਹਿਨ ਕੇ ਸ਼ੈਰਨ ਔਹ ਗਈ, ਔਹ ਗਈ।
ਸੁਖਜੀਤ ਕੌਰ ਨੂੰ ਇੰਜ ਲੱਗਾ ਸੀ ਜਿਵੇਂ ਵੈਕਯੂਮ ਸੋਫੇ ਦੀ ਧੂੜ ਨਹੀਂ ਖਿੱਚ ਰਿਹਾ, ਉਸਦੇ ਸਾਹਾਂ ਨੂੰ ਖਿੱਚੀ ਜਾ ਰਿਹਾ ਸੀ... ਉਸਨੂੰ ਘਰ ਦੇ ਕੰਮ ਹੀ ਨਹੀਂ, ਆਪਣਾ ਆਪ ਵੀ ਅਰਥਹੀਣ ਹੋ ਗਿਆ ਜਾਪਿਆ... ਸੜਦਿਆਂ-ਭੁੱਜਦਿਆਂ ਉਸਨੇ ਹੱਥ 'ਚ ਫੜੀ ਪਾਈਪ ਪਰ੍ਹਾਂ ਵਗਾਹ ਮਾਰੀ ਸੀ।
ਫਿਰ ਇੱਕ ਦਿਨ, ਸਵੇਰੇ ਸਾਝਰੇ ਹੀ ਜਦੋਂ ਉਹ ਰਸੋਈ 'ਚ ਰੁੱਝੀ ਹੋਈ ਸੀ ਤਾਂ ਪਤਾ ਨਹੀਂ ਖੜਾਕ ਸੁਣ ਕੇ ਜਾਂ ਭੁੰਨੇ ਜਾ ਰਹੇ ਤੁੜਕੇ ਦੀ ਸਮੈੱਲ ਚੜ੍ਹਨ ਕਰਕੇ ਸ਼ੈਰਨ ਦੀ ਜਾਗ, ਅਲਾਰਮ ਵੱਜਣ ਤੋਂ ਪਹਿਲਾਂ ਹੀ ਖੁੱਲ੍ਹ ਗਈ। ਅੱਖਾਂ ਮਲ਼ਦੀ ਉਹ ਥੱਲੇ ਉੱਤਰ ਆਈ ਤੇ ਸ਼ਿਕਾਇਤੀ-ਸੁਰ 'ਚ ਬੋਲੀ ਸੀ, ''ਮਾਮ ਵ੍ਹਟ'ਸ ਦਿਸ਼.. ਜੌਬ 'ਤੇ ਜਾਣ ਤੋਂ ਪਹਿਲਾਂ ਤੂੰ ਇਹ ਇੱਕ ਹੋਰ ਜੌਬ ਆਪਣੇ ਗਲ਼ ਪਾਈ ਹੋਈ ਏ।''
ਸੁਖਜੀਤ ਕੌਰ ਸਮਝ ਗਈ ਸੀ... ਸ਼ੈਰਨ ਚਾਹੁੰਦੀ ਸੀ ਕਿ ਉਸ ਅਤੇ ਰਾਜੂ ਵਾਂਗ ਸੱਸ-ਸਹੁਰਾ ਵੀ ਕੰਮ 'ਤੇ ਜਾਂਦੇ-ਜਾਂਦੇ ਰਾਹ 'ਚੋਂ ਹੀ ਕਿਸੇ ਕੌਫੀ-ਸ਼ੌਪ ਤੋਂ ਸਨੈਕਸ ਤੇ ਕੌਫੀ ਵਗੈਰਾ ਫੜ ਲਿਆ ਕਰਨ ਤੇ ਇਸੇ ਤਰ੍ਹਾਂ ਹੀ ਲੰਚ ਵੀ ਕਿਤੇ ਬਾਹਰ ਹੀ...।
''ਮੈਂ ਤੈਨੂੰ ਅੱਗੇ ਵੀ ਦੱਸਿਆ ਸੀ ਪਈ ਬਾਹਰਲੇ ਖਾਣੇ ਸਾਨੂੰ ਸੁਆਦ ਨਹੀਂ ਲਗਦੇ।''
''ਪਰ ਰਾਜੂ ਕਹਿੰਦਾ ਏ ਕਿ ਨਿੱਤ ਰੈਸਟੋਰੈਂਟਾਂ 'ਚ ਖਾਣ-ਪੀਣ ਨੂੰ ਤੁਸੀਂ ਫਜ਼ੂਲ ਖਰਚੀ ਸਮਝਦੇ ਹੋ।''
ਸ਼ੈਰਨ ਦੀ ਗੱਲ ਸੁਣ ਕੇ ਸੁਖਜੀਤ ਕੌਰ ਨੂੰ ਇੰਜ ਲੱਗਾ ਸੀ ਜਿਵੇਂ ਥਰਮੋਸ 'ਚ ਪਾਈ ਜਾ ਰਹੀ ਉੱਬਲ਼ਦੀ-ਉੱਬਲ਼ਦੀ ਚਾਹ, ਫੁਹਾਰਾ ਬਣ ਕੇ ਉਸਦੇ ਚਿਹਰੇ 'ਤੇ ਆ ਪਈ ਹੋਵੇ। ਕਰੋਧ 'ਚ ਬਲ਼ਦੀ ਉਹ ਨੂੰਹ 'ਤੇ ਵਰ੍ਹ ਪਈ, ''ਮੈਂ ਤਾਂ ਸਮਝਦੀ ਸੀ ਕਿ ਰਾਜੂ ਦਾ ਦਿਮਾਗ ਹੀ ਫਿਰਿਆ ਹੋਇਆ ਏ ਪਰ ਲਗਦਾ ਏ ਕਿ ਤੇਰਾ ਉਹਦੇ ਨਾਲ਼ੋਂ ਵੀ ਵੱਧ... ਤੂੰ ਮੇਰੇ ਨਾਲ਼ ਰਸੋਈ 'ਚ ਮੱਦਦ ਤਾਂ ਕੀ ਕਰਾਉਣੀ ਏਂ, ਉਲਟਾ ਨੁਕਤਾਚੀਨੀਆਂ ਕਰਨ ਡਹਿ ਪਈ ਏਂ।''
ਸੁਖਜੀਤ ਕੌਰ ਨੇ ਘਰ ਕੀ ਤੇ ਕੰਮ 'ਤੇ ਕੀ, ਹਰ ਵੇਲੇ ਕੁੜ੍ਹਦੀ ਰਹਿਣਾ ਕਿ ਉਸਦੇ ਕਰਮਾਂ 'ਚ ਹੀ ਸੁੱਖ ਨਹੀਂ। ਵਿੱਚੇ ਹੀ ਉਹ ਆਪਣੇ ਆਪ ਨੂੰ ਢਾਰਸ ਜਿਹਾ ਦੇਣ ਲੱਗ ਪੈਂਦੀ, 'ਛੱਡ ਮਨਾ, ਸੁਖੀ ਤਾਂ ਇੰਡੀਅਨ ਨੂੰਹਾਂ ਵਾਲ਼ੀਆਂ ਵੀ ਨਹੀਂ।'... ਉਸਦੀ ਫੈਕਟਰੀ 'ਚ ਕੰਮ ਕਰਦੀਆਂ ਇੰਡੀਅਨ ਬੁੜ੍ਹੀਆਂ ਅਕਸਰ ਹੀ ਨੂੰਹਾਂ ਦੀਆਂ ਸ਼ਿਕਾਇਤਾਂ ਕਰਦੀਆਂ ਰਹਿੰਦੀਆਂ। ਕਦੀ-ਕਦੀ ਸੁਖਜੀਤ ਕੌਰ ਵੀ ਸ਼ੈਰਨ ਦੀ ਕਿਸੇ ਖਾਮੀ-ਖੂਬੀ ਦੀ ਗੱਲ ਕਰ ਦੇਂਦੀ। ਉਦੋਂ, ਜਦੋਂ ਸ਼ੈਰਨ ਮੈਟਰਨਿਟੀ-ਲੀਵ 'ਤੇ ਸੀ ਤਾਂ ਸੁਖਜੀਤ ਕੌਰ ਨੇ, ਨਾਲ਼ ਵਾਲ਼ੀਆਂ ਨੂੰ ਹੁੱਬ ਕੇ ਦੱਸਿਆ ਸੀ ਕਿ ਉਸਦੀ ਨੂੰਹ ਬੜੀ ਲਗਨ ਨਾਲ਼ ਮਾਂ-ਪੁਣੇ ਅਤੇ ਬੱਚੇ ਦੇ ਪਾਲਣ-ਪੋਸਣ ਬਾਰੇ ਕਿਤਾਬਾਂ ਲਿਆ-ਲਿਆ ਪੜ੍ਹ ਰਹੀ ਸੀ।... ਡੈਬੀ ਹੋਣ 'ਤੇ ਸ਼ੈਰਨ ਨੇ ਉਸਨੂੰ ਖੁਆਉਣ, ਪਿਆਉਣ, ਨਹਿਲਾਉਣ, ਖਿਡਾਉਣ ਆਦਿ ਲਈ ਟਾਈਮ ਬੰਨ੍ਹ ਲਏ ਸਨ। ਹਰ ਛੇ ਮਹੀਨੇ ਬਾਅਦ ਉਹ ਡੈਬੀ ਦੇ ਕੱਦ, ਵਜ਼ਨ, ਖੁਰਾਕ ਅਤੇ ਆਦਤਾਂ ਸੰਬੰਧੀ ਵੇਰਵੇ ਉਸਦੀ ਕੰਪਿਊਟਰ-ਫਾਈਲ ਵਿੱਚ ਨੋਟ ਕਰੀ ਜਾਂਦੀ।
ਰਿੱਕਦੀਪ ਵਾਰੀ ਵੀ ਸ਼ੈਰਨ ਨੇ ਅਜਿਹਾ ਹੀ ਟਾਈਮ-ਟੇਬਲ ਬੰਨ੍ਹ ਲਿਆ ਸੀ। ਓਧਰ ਡੈਬੀ ਦੀ ਦੇਖ-ਭਾਲ਼ ਹੁਣ ਜ਼ਿਆਦਾਤਰ ਦਾਦੀ ਦੇ ਜ਼ਿੰਮੇ ਸੀ। ਪੋਤੀ ਦੀਆਂ ਦਿਨ-ਭਰ ਦੀਆਂ ਸ਼ਰਾਰਤਾਂ ਤੋਂ ਸੁਖਜੀਤ ਕੌਰ ਤੰਗ ਆ ਜਾਂਦੀ। ਕਦੀ-ਕਦੀ ਜਦੋਂ ਡੈਬੀ ਚਾਮ੍ਹਲ ਕੇ ਕਿਲਕਾਰੀਆਂ ਜਿਹੀਆਂ ਮਾਰਦੀ ਤਾਂ ਪਰੇਸ਼ਾਨ ਹੋਈ ਸੁਖਜੀਤ ਕੌਰ ਦੇ ਮੂੰਹੋਂ 'ਤੋਬਾ... ਤੋਬਾ' ਨਿਕਲ਼ ਜਾਂਦਾ।
''ਹੈਂ!'' ਡੈਬੀ ਦੀ ਕਿਲਕਾਰੀ ਸੁਣ ਕੇ ਸੁਖਜੀਤ ਕੌਰ ਨੇ ਤ੍ਰਭਕ ਕੇ ਸਾਹਮਣੇ ਦੇਖਿਆ। ਥੋੜ੍ਹੇ-ਥੋੜ੍ਹੇ ਪਾਣੀ 'ਚ ਨਿੱਕੀਆਂ-ਨਿੱਕੀਆਂ ਤਾਰੀਆਂ ਲਾ ਰਹੀ ਡੈਬੀ, ਆਪਣੇ ਕੋਲ਼ੋਂ ਦੀ ਲੰਘ ਰਹੀ, ਪਾਣੀ 'ਚ ਤਰਥੱਲੀ ਮਚਾਉਂਦੀ ਇੱਕ ਖੂਬਸੂਰਤ ਸਪੀਡ ਬੋਟ ਨੂੰ ਹੱਥ ਹਿਲਾ-ਹਿਲਾ ਕਿਲਕਾਰੀਆਂ ਮਾਰ ਰਹੀ ਸੀ। ਸਪੀਡ ਬੋਟ ਵਾਲ਼ੇ ਨੇ ਥਾਈਂ ਗੇੜਾ ਦੇ ਕੇ ਬੋਟ ਖੜ੍ਹੀ ਕੀਤੀ, ਥੱਲੇ ਨੂੰ ਬਾਹਾਂ ਲਮਕਾ ਕੇ ਡੈਬੀ ਨੂੰ ਉੱਪਰ ਉਠਾਇਆ ਤੇ ਬੋਟ ਔਹ ਗਈ, ਔਹ ਗਈ।
ਸੁਖਜੀਤ ਕੌਰ ਦਾ ਦਿਲ ਧੱਕ ਕਰਕੇ ਰਹਿ ਗਿਆ... ਡੈਬੀ ਨੇ ਇਹ ਕੀ ਕੀਤਾ? ਨਾ ਬੰਦੇ ਦਾ ਅਤਾ ਨਾ ਪਤਾ...।
''ਗਰੈਂਡਮਾਂ! ਯੂ ਨੋਅ... ਯੂ ਨੋਅ, ਇਟ'ਸ ਏ ਲੇਟੈਸਟ ਐਂਡ ਫਾਸਟੈਸਟ ਬੋਟ।'' ਨਵੀਂ ਅਤੇ ਅਤਿ-ਤੇਜ਼ ਬੋਟ 'ਤੇ ਲਏ ਝੂਟੇ ਦੀ ਥਰਿੱਲ ਬਾਰੇ ਦੱਸਦੀ ਡੈਬੀ ਦਾਦੀ ਦੇ ਹੁੰਗਾਰੇ ਦੀ ਉਡੀਕ 'ਚ ਸੀ ਪਰ ਦਾਦੀ ਤਾਂ ਕਿਧਰੇ ਦੂਰ ਗੁਆਚੀ ਹੋਈ ਸੀ, '... ਜਵਾਨੀ ਚੜ੍ਹਨ ਦੀ ਦੇਰ ਏ ਡੈਬੀ ਨੇ ਏਦਾਂ ਹੀ ਉਡਾਰੀਆਂ... ।' ਪਰ ਫਿਰ ਉਸਨੂੰ ਆਪਣੇ ਆਪ 'ਤੇ ਖਿਝ ਆ ਗਈ ਕਿ ਉਹ ਏਨਾ ਫਿਕਰ ਕਿਉਂ ਕਰਦੀ ਸੀ, ਜਦ ਕਿ ਟੱਬਰ ਦੇ ਬਾਕੀ ਜੀਆਂ ਨੂੰ ਏਦਾਂ ਦੀ ਕੋਈ ਪਰਵਾਹ ਹੀ ਨਹੀਂ ਸੀ ।... ਉਸਦੇ ਸੱਸ-ਸਹੁਰਾ ਏਸੇ ਕਰਕੇ ਹੀ ਤਾਂ ਸੁਖੀ ਸਨ ਕਿ ਉਹ ਬਹੁਤੇ ਜੰਜਾਲਾਂ 'ਚ ਨਹੀਂ ਸਨ ਪਏ। ਅਗਲੇ ਹੀ ਪਲ ਉਸਨੂੰ ਬੀਤੇ ਮਹੀਨੇ ਦਾ ਉਹ ਵੀਕ-ਐੰਡ ਯਾਦ ਆ ਗਿਆ ਜਦੋਂ ਉਹ ਤੇ ਬਲਦੇਵ ਸਿੰਘ ਉਨ੍ਹਾਂ ਨੂੰ ਮਿਲਣ, ਉਨ੍ਹਾਂ ਦੇ ਅਪਾਰਮੈੰਟ 'ਚ ਗਏ ਸਨ... ਬੁਢਾਪੇ ਕਾਰਨ ਉਹ ਕੁਝ ਹਾਰੇ ਹੋਏ ਤਾਂ ਲੱਗਦੇ ਸਨ ਪਰ ਠੀਕ ਮੂਡ 'ਚ ਸਨ। ਜਦੋਂ ਸੁਖਜੀਤ ਕੌਰ ਤੇ ਬਲਦੇਵ ਸਿੰਘ ਤੁਰਨ ਲੱਗੇ ਤਾਂ ਉਹਨਾਂ ਕਿਹਾ ਸੀ, ''ਬੜਾ ਚਿਰ ਹੋ ਗਿਆ ਰਾਜੂ, ਸ਼ੈਰਨ ਤੇ ਨਿਆਣਿਆਂ ਨੂੰ ਦੇਖਿਆਂ, ਉਨ੍ਹਾਂ ਨੂੰ ਕਿਹੋ, ਕਿਤੇ ਆ ਕੇ ਮਿਲ਼ ਜਾਣ।''
ਤੇ ਹੁਣ ਰਾਜੂ ਤੇ ਸ਼ੈਰਨ ਨੂੰ ਬੀਚ ਦੇ ਵਾਸ਼ਰੂਮਾਂ 'ਚੋਂ ਨਿਕਲ਼ਦੇ ਦੇਖਦਿਆਂ ਸੁਖਜੀਤ ਕੌਰ ਅੰਦਰ ਸਵਾਲ ਉੱਠਿਆ ਕਿ ਕੀ ਇਨ੍ਹਾਂ ਨੂੰ ਵੀ ਕਦੀ ਦਾਦਾ-ਦਾਦੀ ਦਾ ਚੇਤਾ ਆਉਂਦਾ ਹੋਵੇਗਾ... ਬੀਚ ਦੀ ਰੇਤ ਉੱਤੇ ਉੱਠ ਰਹੇ ਉਨ੍ਹਾਂ ਦੇ ਨਸ਼ਈ ਜਿਹੇ ਕਦਮਾਂ ਤੋਂ ਤਾਂ ਉਹ ਅਪਣੀ ਹੀ ਮਸਤੀ 'ਚ ਡੁੱਬੇ ਹੋਏ ਲਗਦੇ ਸਨ।
''ਲਗਦਾ ਏ, ਮਾਮ ਅੱਜ ਠੀਕ ਤਰ੍ਹਾਂ ਇੰਜੁਆਇ ਨਹੀਂ ਕਰ ਸਕੀ।'' ਸੱਸ ਨਾਲ਼ ਮੁਸਕਰਾ ਕੇ ਨਜ਼ਰਾਂ ਮਿਲਾਉਂਦਿਆਂ ਸ਼ੈਰਨ ਨੇ ਕਿਹਾ।
''ਨਹੀਂ... ਹਾਂ... ਠੀਕ ਹੀ ਸੀ... ਏਨੀ ਦੂਰ-ਦੂਰ ਤੱਕ ਪਸਰੇ ਪਾਣੀ ਨੂੰ ਦੇਖ ਕੇ ਸਕੂਨ ਤਾਂ ਮਿਲਦਾ ਹੀ ਏ ।'' ਸੁਖਜੀਤ ਕੌਰ ਨੇ ਆਪਣੇ ਉੱਖੜਦੇ ਜਾਂਦੇ ਸ਼ਬਦਾਂ 'ਚ ਅਰਥ ਭਰਨ ਦੀ ਕੋਸ਼ਿਸ਼ ਕੀਤੀ।
''ਮਾਮ! ਸ਼ਾਇਦ ਆਪਣੀ ਪਹਿਲਾਂ ਵੀ ਗੱਲ ਹੋਈ ਸੀ... ਹੁਣ ਫਿਰ ਕਹਿ ਰਹੀ ਆਂ ਕਿ ਜ਼ਿੰਦਗੀ ਕਿਨਾਰਿਆਂ 'ਤੇ ਬੈਠ ਕੇ ਜੀਣ ਵਾਲ਼ੀ ਚੀਜ਼ ਨਹੀਂ... ਸੋ ਜੋ ਮਜ਼ਾ ਪਾਣੀ ਵਿੱਚ ਕੁੱਦਣ, ਪਾਣੀ ਨਾਲ਼ ਖਹਿਣ-ਖੇਡਣ ਅਤੇ ਪਾਣੀ 'ਤੇ ਸਵਾਰ ਹੋਣ 'ਚ ਆਉਂਦਾ ਏ, ਉਹ ਕਿਨਾਰੇ 'ਤੇ ਬੈਠ ਕੇ ਨਹੀਂ ਆ ਸਕਦਾ।''
''ਸ਼ੈਰਨ! ਅਸਲ 'ਚ ਗੱਲ ਇਹ ਐ ਕਿ ਤੇਰੀ ਮਾਮ ਪਬਲਿਕ 'ਚ ਸ਼ਰਮਾਉਂਦੀ ਏ। ਜਦੋਂ ਘਰ 'ਚ ਸਵਿਮਿੰਗ-ਪੂਲ ਬਣ ਗਿਆ ਫਿਰ ਦੇਖੀਂ... ।'' ਗੱਲ ਕਰਦੇ ਪਤੀ ਦੀ ਮੁਸਕਰਾਹਟ ਸੁਖਜੀਤ ਕੌਰ ਨੂੰ ਪਾਣੀ 'ਚੋਂ ਉੱਠੀ, ਉਸਦੇ ਪੈਰਾਂ ਨੂੰ ਚੁੱਕੂੰ-ਚੁੱਕੂੰ ਕਰਦੀ ਛੱਲ ਵਰਗੀ ਲੱਗੀ।
''ਡੈਡ! ਮੈਂ ਸਮਝ ਗਈ, ਤੁਸੀਂ ਮਾਮ ਨਾਲ਼ ਫੰਨ ਕਰ ਰਹੇ ਆਂ... ਚਲੋ ਆਪਾਂ ਰੈਸਟੋਰੈਂਟ 'ਚ ਬੈਠ ਕੇ ਗੱਲਾਂ ਕਰਾਂਗੇ। ਮਾਮ! ਮੈਂ ਤੁਹਾਨੂੰ ਡਿਨਰ ਲਈ ਇੰਡੀਅਨ ਰੈਸਟੋਰੈਂਟ 'ਚ ਲੈ ਕੇ ਚਲਦੀ ਆਂ।'' ਸ਼ੈਰਨ ਨੇ ਕਿਹਾ।
''ਓ ਗਰੇਟ!'' ਪਿਉ-ਪੁੱਤ ਨੇ ਇਕੱਠੀ ਤਾੜੀ ਮਾਰੀ।
ਸੁਖਜੀਤ ਕੌਰ ਨੇ ਤਿੰਨਾਂ ਦੇ ਚਿਹਰਿਆਂ ਨੂੰ ਘੋਖਵੀਂ ਨਜ਼ਰੇ ਦੇਖਿਆ... ਤੇ ਬੁੜਬੁੜਾਈ, 'ਰੈਸਟੋਰੈਂਟ 'ਚ 'ਕੱਠੇ ਹੋ ਕੇ ਮੇਰੇ 'ਤੇ ਪਰੈੱਸ਼ਰ ਪਾਉਣਗੇ।' ਉਸ ਅੰਦਰ ਏਨੀ ਖਲਬਲੀ ਮੱਚ ਚੁੱਕੀ ਸੀ ਕਿ ਉਸਦਾ ਪੋਤੀ-ਪੋਤੇ ਵੱਲ ਨੂੰ ਵੀ ਦੇਖਣ ਨੂੰ ਦਿਲ ਨਾ ਕੀਤਾ... ਕਿਸੇ ਤਰ੍ਹਾਂ ਉਸਨੇ ਆਪਣੀ ਆਵਾਜ਼ 'ਚ ਨਰਮਾਈ ਲਿਆਂਦੀ, ''ਤੁਸੀਂ ਜਾ ਆਓ, ਮੈਂ ਘਰ ਜਾ ਕੇ ਆਰਾਮ ਕਰਨਾ ਚਾਹੁੰਨੀ ਆਂ।''
''ਨਾ ਬਈ! ਤੂੰ ਵੀ ਚੱਲ।'' ਬਲਦੇਵ ਨੇ ਕਿਹਾ।
ਨੂੰਹ-ਪੁੱਤ ਨੇ ਇੰਜ ਤੱਕਿਆ ਜਿਵੇਂ ਕਹਿ ਰਹੇ ਹੋਣ, 'ਜਿਵੇਂ ਤੁਹਾਡੀ ਮਰਜ਼ੀ।'

... ਸੁਖਜੀਤ ਕੌਰ ਦੇ ਮਨ ਦਾ ਤਣਾਅ ਪਲੋ-ਪਲ ਵਧਦਾ ਜਾ ਰਿਹਾ ਸੀ। ਉਸਨੂੰ ਡਰ ਜਿਹਾ ਲੱਗਣ ਲੱਗ ਪਿਆ ਕਿ ਕਿਤੇ ਦਿਮਾਗ ਦੀ ਨਾੜੀ ਹੀ ਨਾ ਫਟ ਜਾਏ।... ਘਰ ਪਹੁੰਚ ਕੇ ਉਸਨੇ ਗੋਲ਼ੀ ਖਾਧੀ ਅਤੇ ਬੈੱਡ 'ਤੇ ਪੈ ਗਈ। ਕੁਝ ਚੈਨ ਮਿਲ਼ੀ। ਪਰ ਕੁਝ ਦੇਰ ਬਾਅਦ ਉਸਦੇ ਮਨ 'ਚ ਪਛਤਾਵਾ ਜਿਹਾ ਉੱਠ ਖਲੋਇਆ ਕਿ ਉਸਨੂੰ ਟੱਬਰ ਦੇ ਨਾਲ਼ ਜਾਣਾ ਚਾਹੀਦਾ ਸੀ। ਉਸਨੇ ਸ਼ੈਰਨ ਦਾ ਹੀ ਨਹੀਂ ਬਾਕੀ ਦੇ ਜੀਆਂ ਦਾ ਵੀ ਮਾਣ ਤੋੜਿਆ ਏ। ਰੈਸਟੋਰੈਂਟ 'ਚ, ਨਟਖੱਟ ਜਿਹੀ ਡੈਬੀ ਉਸਨੂੰ ਕਿੰਨਾ ਮਿੱਸ ਕਰ ਰਹੀ ਹੋਵੇਗੀ। ਪਰ ਫਿਰ ਉਹ ਆਪਣੇ ਆਪ ਨੂੰ ਕੋਸਣ ਲੱਗ ਪਈ ਕਿ ਉਹ ਆਪਣੇ ਦਿਲ 'ਚ ਏਨਾ ਮੋਹ ਕਿਉਂ ਚੁੱਕੀ ਫਿਰਦੀ ਏ। ਨੂੰਹ-ਪੁੱਤ ਦੇ ਤਾਂ ਮੋਹ ਲਾਗੇ ਦੀ ਵੀ ਨਹੀਂ ਸੀ ਲੰਘਿਆ ਹੋਇਆ। ਅੱਜ ਸਾਰੀ ਦਿਹਾੜੀ ਕਿੰਨਾ ਭੁੰਨਿਆ ਸੀ ਉਨ੍ਹਾਂ ਨੇ ਉਸਨੂੰ... ਘਰ ਵਿੱਚੋਂ ਮੋਹ ਦਿਨੋ-ਦਿਨ ਖੁਰਦਾ ਕਿਉਂ ਜਾ ਰਿਹਾ ਸੀ? ਇਹ ਸਵਾਲ ਉਸਦੇ ਮਨ 'ਚ ਸਿਰਫ ਹੁਣ ਹੀ ਨਹੀਂ ਸੀ ਉੱਠਿਆ, ਪਹਿਲਾਂ ਵੀ ਇਹ ਅਕਸਰ ਹੀ ਉਸਦੀ ਸੋਚ ਵਿੱਚ ਘੁੰਮਦਾ ਰਹਿੰਦਾ ਸੀ। ਇੱਕ ਵਾਰੀ ਕਨੇਡਾ ਦੀ ਅਮੀਰੀ ਦੀਆਂ ਗੱਲਾਂ ਕਰਦੀ ਸ਼ੈਰਨ ਜਦੋਂ ਕਨੇਡਾ ਦੇ ਪਾਣੀਆਂ ਦੇ ਅਮੁੱਲ ਖ਼ਜ਼ਾਨੇ ਬਾਰੇ ਦੱਸ ਰਹੀ ਸੀ ਤਾਂ ਇਹ ਸਵਾਲ ਸੁਖਜੀਤ ਕੌਰ ਅੰਦਰੋਂ ਜਿਵੇਂ ਲਾਵਾ ਬਣ ਕੇ ਫੁੱਟ ਨਿਕਲਿਆ ਸੀ। ਸ਼ੈਰਨ ਨੂੰ ਟੋਕਦਿਆਂ ਉਸਨੇ ਕਿਹਾ ਸੀ, ''ਮੰਨਦੇ ਆਂ ਪਈ ਏਥੋਂ ਦੇ ਸਮੁੰਦਰਾਂ, ਝੀਲਾਂ ਤੇ ਦਰਿਆਵਾਂ ਵਿੱਚ ਅਥਾਹ ਪਾਣੀ ਏ ਪਰ ਏਥੋਂ ਦੇ ਲੋਕਾਂ ਦੀਆਂ ਰੂਹਾਂ ਵਿੱਚ ਤਾਂ ਭੋਰਾ ਵੀ ਪਾਣੀ ਨਹੀਂ ਦੀਂਹਦਾ... ਬੱਸ ਖੁਸ਼ਕੀ ਹੀ ਖੁਸ਼ਕੀ ਏ।''

ਮਨ ਦੇ ਉਤਰਾਵਾਂ-ਝੜਾਵਾਂ 'ਚ ਉਲ਼ਝਿਆਂ ਸੁਖਜੀਤ ਕੌਰ ਦਾ ਧਿਆਨ ਪਿੰਡ ਵੱਲ ਚਲਾ ਗਿਆ... ਅਗਲੇ ਸਾਲ ਇੰਡੀਆ ਜਾਣ ਦੇ ਪਰੋਗਰਾਮ ਬਾਰੇ ਸੋਚਦਿਆਂ-ਸੋਚਦਿਆਂ ਹੀ ਉਸਦੀ ਅੱਖ ਲੱਗ ਗਈ।
ਬੈੱਡ ਦੇ ਨਾਲ਼, ਸਾਈਡ-ਟੇਬਲ 'ਤੇ ਪਏ ਟੈਲੀਫੋਨ ਦੀ ਘੰਟੀ ਵੱਜਣ 'ਤੇ ਉਸਨੇ ਰਿਸੀਵਰ ਉਠਾ ਲਿਆ। ਭੁੱਪੀ ਬੋਲ ਰਿਹਾ ਸੀ, ''ਭੈਣ ਜੀ! ਸਤਿ ਸ੍ਰੀ ਅਕਾਲ਼.. ਸੁਣਾਓ ਕੀ ਹਾਲ ਐ?''
''ਠੀਕ ਐ ਭੁੱਪੀ... ਤੁਸੀਂ ਕਿੱਦਾਂ, ਸਾਰੇ ਠੀਕ-ਠਾਕ ਓ?''
''ਹਾਂ... ਆਂ... ਠੀਕ ਈ ਐ... ਭੈਣ ਜੀ!... ਮੈਂ... ਮੈਂ ਅਸਲ 'ਚ ਏਸ ਕਰਕੇ ਫੋਨ ਕੀਤੈ ਕਿ ਤੁਹਾਡੀ ਜ਼ਮੀਨ ਦਾ ਮੁਖ਼ਤਿਆਰਨਾਮਾ ਚਾਹੀਦੈ।''
''ਮੁਖ਼ਤਿਆਰਨਾਮਾ? ਕਾਹਦੇ ਲਈ?''
''ਗੱਲ ਏਦਾਂ ਆਂ... ਪਈ ਪੰਜਾਬ ਦੀ ਜ਼ਮੀਨ ਥੱਲਿਓਂ ਪਾਣੀ ਮੁੱਕ ਗਿਐ। ਜ਼ਮੀਨ ਵੇਚ ਕੇ ਮੈਂ ਕੋਈ ਹੋਰ ਜੁਗਾੜ ਫਿੱਟ ਕਰਨਾ ਚਾਹੁੰਨਾ।''
''ਚਾਚਾ ਜੀ ਨਾਲ਼ ਗੱਲ ਕਰਾ ਤਾਂ।''
''ਉਹ ਬਿਮਾਰ ਨੇ।'' ਭੁੱਪੀ ਦਾ ਉੱਤਰ ਸੀ।
ਸੁਖਜੀਤ ਕੌਰ ਨੂੰ ਇੰਜ ਲੱਗਾ ਜਿਵੇਂ ਉਸਦਾ ਚਾਚਾ, ਫੋਨ ਦੇ ਲਾਗੇ ਹੀ, ਮੰਜੇ 'ਤੇ ਪਿਆ ਹੂੰਗ ਰਿਹਾ ਹੋਵੇ।
ਅਚਾਨਕ ਹੀ ਟੈਲੀਫੋਨ ਦੀ ਲਾਈਨ ਜਿਵੇਂ ਟੁੱਟ ਗਈ।
'ਹੈਂ! ਜ਼ਮੀਨ ਥੱਲਿਓਂ ਪਾਣੀ ਮੁੱਕ ਗਿਐ... ਪਾਣੀ ਮੁੱਕ ਗਿਐ।' ਸੁੱਤ-ਉਨੀਂਦੀ ਹਾਲਤ 'ਚ ਬੁੜਬੁੜਾਉਂਦਿਆਂ ਸੁਖਜੀਤ ਕੌਰ ਨੂੰ ਠੀਕ ਤਰ੍ਹਾਂ ਪਤਾ ਨਹੀਂ ਸੀ ਲੱਗ ਰਿਹਾ ਕਿ ਫੋਨ ਸੱਚਮੁੱਚ ਹੀ ਆਇਆ ਸੀ ਜਾਂ ਉਸਨੇ ਕੋਈ ਸੁਪਨਾ ਦੇਖਿਆ ਸੀ।

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

ਪੰਜਾਬੀ ਕਹਾਣੀਆਂ (ਮੁੱਖ ਪੰਨਾ)