Pandit Nehru Lai Vote (Punjabi Story) : Navtej Singh
ਪੰਡਿਤ ਨਹਿਰੂ ਲਈ ਵੋਟ (ਕਹਾਣੀ) : ਨਵਤੇਜ ਸਿੰਘ
ਕੱਲ੍ਹ ਉਨ੍ਹਾਂ ਦੇ ਪਿੰਡ ਵੋਟਾਂ ਪੈਣੀਆਂ ਸਨ, ਤੇ ਸੁੰਦਰਾਂ ਆਪਣੇ ਪੁੱਤਰ ਇੰਦਰ ਕੋਲੋਂ ਅੱਜ ਰਾਤ ਰਾਤ ਵਿਚ ਹੀ ਉਹ ਚਿੱਠੀ ਜ਼ਰੂਰ ਲਿਖਵਾ ਲੈਣੀ ਚਾਹੁੰਦੀ ਸੀ। ਚਿੱਠੀ ਦਾ ਚੇਤਾ ਆਉਂਦਿਆਂ ਹੀ ਉਹ ਤ੍ਰਭਕ ਪਈ, ਅਚੇਤ ਉਹਨੇ ਆਲੇ ਦੁਆਲੇ ਤੱਕਿਆ, ਜਿਵੇਂ ਉਹਨੂੰ ਸੰਸਾ ਹੋਵੇ ਕਿ ਇਸ ਖ਼ਿਆਲ ਦੀ ਵੀ ਭਿਣਕ ਕਿਸੇ ਦੇ ਕੰਨੀਂ ਪੈ ਸਕਦੀ ਸੀ!
ਖ਼ਾਨਦਾਨੀ ਸਰਦਾਰਾਂ ਦਾ ਘਰ ਸੀ (ਘਰ ਕਾਹਦਾ ਮਹੱਲ ਸੀ—ਕੰਵਰ ਜੀ ਦੇ ਬਜ਼ੁਰਗਾਂ ਨੂੰ ਜਦੋਂ ਗ਼ਦਰ ਵੇਲੇ ਅੰਗਰੇਜ਼ਾਂ ਨੇ ਜਗੀਰਾਂ ਦਿੱਤੀਆਂ ਸਨ, ਓਦੋਂ ਹੀ ਇਹ ਮਹੱਲ ਉੱਸਰਿਆ ਸੀ)। ਏਥੇ ਆਇਆ ਗਿਆ ਨਿੱਤ ਰਹਿੰਦਾ ਸੀ, ਪਰ ਜਦੋਂ ਤੋਂ ਕੰਵਰ ਜੀ ਅਸੈਂਬਲੀ ਦੀਆਂ ਚੋਣਾਂ ਲਈ ਖੜੋਤੇ ਸਨ, ਓਦੋਂ ਤੋਂ ਤਾਂ ਪਰਾਹੁਣਿਆਂ ਦਾ ਕੋਈ ਸ਼ੁਮਾਰ ਈ ਨਹੀਂ ਸੀ ਰਿਹਾ। ਪਰਾਹੁਣਿਆਂ ਦੀ ਆਓ-ਭਗਤ ਦਾ ਜ਼ਿੰਮਾ ਸੁੰਦਰਾਂ ਸਿਰ ਸੀ, ਤੇ ਅੱਜ ਕੱਲ੍ਹ ਉਹ ਸਾਰੀ ਦਿਹਾੜੀ ਦੇ ਕੰਮ ਤੋਂ ਦੂਰ ਹੋ ਕੇ, ਆਪਣੀ ਕੋਠੜੀ ਵਿਚ ਪਰਤਦਿਆਂ ਸਾਰ ਹੀ ਸੌਂ ਜਾਂਦੀ ਹੁੰਦੀ ਸੀ। ਪਰ ਅੱਜ ਉਹਦਾ ਪੁੱਤਰ ਇੰਦਰ ਚਿੱਠੀ ਲਿਖਣ ਲਈ ਉਹਨੂੰ ਕੋਠੜੀ ਵਿਚ ਉਡੀਕਦਾ ਪਿਆ ਸੀ, ਤੇ ਏਸੇ ਲਈ ਉਹ ਕਾਹਲੀ ਕਾਹਲੀ ਕੰਮੋਂ ਵਿਹਲੀ ਹੋ ਰਹੀ ਸੀ।
ਆਪਣੀ ਕੋਠੜੀ ਵੱਲ ਪਰਤਦਿਆਂ ਉਹਦੇ ਕੰਨੀਂ ਵਾਜ ਪਈ, “ਸੁੰਦਰਾਂ, ਤੈਨੂੰ ਕੰਵਰ ਜੀ ਬੁਲਾਂਦੇ ਨੇ।”
ਬੁੱਢਾ ਮਿਸਰ ਸੀ, ਕੰਵਰ ਜੀ ਦਾ ਨੌਕਰ, ਤੇ ਉਹਦੀਆਂ ਅੱਖਾਂ ਵਿਚਲੀ ਖਚਰੀ ਲਿਸ਼ਕ ਹਨੇਰੇ ਵਿਚ ਵੀ ਉੱਘੜ ਆਈ ਸੀ।
ਸੁੰਦਰਾਂ ਜਿੰਨੀ ਛੇਤੀ ਆਪਣੀ ਕੋਠੜੀ ਵਿਚ ਜਾਣਾ ਚਾਹੁੰਦੀ ਸੀ, ਓਨੀ ਹੀ ਉਹਨੂੰ ਦੇਰ ਹੁੰਦੀ ਜਾ ਰਹੀ ਸੀ। ਉਹਨੂੰ ਡਰ ਸੀ, ਕਿਤੇ ਉਡੀਕਦਾ ਉਡੀਕਦਾ ਇੰਦਰ ਸੌਂ ਈ ਨਾ ਜਾਏ। ਇੰਦਰ ਸਾਰੀ ਦਿਹਾੜੀ ਸਕੂਲ ਦੇ ਮੁੰਡਿਆਂ ਨਾਲ ਕੰਵਰ ਜੀ ਦੇ ਚੋਣ-ਜਲੂਸਾਂ ਵਿਚ ਫਿਰਦਾ ਰਿਹਾ ਸੀ। ਕੋਠੇ ਤੋਂ ਉਹਨੇ ਆਪਣੇ ਪੁੱਤਰ ਨੂੰ ਅੱਜ ਇੱਕ ਜਲੂਸ ਵਿਚ ਲੰਘਦਿਆਂ ਤੱਕਿਆ ਸੀ—ਉਹਨੇ ਮੋਢਿਆਂ ਉੱਤੇ ਪੰਡਤ ਨਹਿਰੂ ਦੀ ਬੜੀ ਵੱਡੀ ਮੂਰਤ ਚੁੱਕੀ ਹੋਈ ਸੀ। ਕੋਲ ਈ ਰਿਕਸ਼ਿਆਂ ਵਿਚ ਪੰਡਤ ਨਹਿਰੂ ਦੀਆਂ ਓਦੂੰ ਵੀ ਵੱਡੀਆਂ, ਬੰਦਿਆਂ ਬੰਦਿਆਂ ਜਿੱਡੀਆਂ ਮੂਰਤਾਂ ਸਨ, ਤੇ ਮੂਰਤਾਂ ਦੇ ਗਲ ਵਿਚ ਸੱਚੀ ਮੁੱਚੀ ਦੇ ਹਾਰ ਸਨ ਤੇ ਪਿੱਛੇ ਬਲਦਾਂ ਦੀਆਂ ਜੋੜੀਆਂ, ਤੇ ਤਿਰੰਗੇ ਝੰਡੇ। ਇੰਦਰ ਤੇ ਹੋਰ ਮੁੰਡਿਆਂ ਦੇ ਸੰਘ ਬੈਠੇ ਹੋਏ ਸਨ, ਪਰ ਫੇਰ ਵੀ ਉਹ ਨਾਅਰੇ ਲਾਈ ਜਾਂਦੇ ਸਨ : ‘ਸਾਡੀ ਵੋਟ—ਪੰਡਤ ਨਹਿਰੂ ਲਈ!’
ਕੰਵਰ ਜੀ ਦੇ ਕਮਰੇ ਵਿਚ ਪੁੱਜ ਕੇ ਸੁੰਦਰਾਂ ਦੇ ਸਾਹ ਵਿਚ ਸਾਹ ਆਇਆ— ਉਹ ਇਕੱਲੇ ਨਹੀਂ ਸਨ, ਉਨ੍ਹਾਂ ਦੇ ਖ਼ਾਸ ਦੋਸਤਾਂ ਦੀ ਮਹਿਫ਼ਲ ਜੁੜੀ ਬੈਠੀ ਸੀ।
ਸੁੰਦਰਾਂ ਇੱਕ ਨੁੱਕਰ ਵਿਚ ਹੱਥ ਜੋੜ ਕੇ ਖੜੋ ਗਈ।
ਏਸ ਵੇਲੇ ਕੰਵਰ ਜੀ ਨੇ ਚੋਣਾਂ ਦੇ ਦਿਨਾਂ ਵਾਲੀ ਖੱਦਰ ਦੀ ਵਰਦੀ ਲਾਹ ਕੇ ਆਪਣੀ ਮਨ-ਪਸੰਦ ਸੌਣ ਵਾਲੀ ਪੁਸ਼ਾਕ ਪਾਈ ਹੋਈ ਸੀ, ਜਿਸ ਉੱਤੇ ਸਾਗਰ-ਕੰਢੇ ਨਹਾਉਂਦੀਆਂ ਅਧ-ਨੰਗੀਆਂ ਜ਼ਨਾਨੀਆਂ ਦੀਆਂ ਮੂਰਤਾਂ ਸਨ।
ਸਰਦਾਰ ਸ਼ਮਸ਼ੇਰ ਸਿੰਘ ਕਹਿ ਰਹੇ ਸਨ, “ਯਾਰੋ, ਅੱਜ ਰੱਜ ਕੇ ਪੀ ਲਈਏ। ਕੱਲ੍ਹ ਤੇ ਸਾਡੇ ਕੰਵਰ ਜੀ ਨੇ ਚੁਣੇ ਜਾਣਾ ਏਂ—ਤੇ ਫੇਰ ਇਨ੍ਹਾਂ ਵਜ਼ੀਰ ਬਣ ਕੇ ਮੁਕੰਮਲ ਸ਼ਰਾਬਬੰਦੀ ਦਾ ਕਾਨੂੰਨ ਲਾਗੂ ਕਰਵਾ ਦੇਣਾ ਏਂ।”
ਸਾਰੀ ਮਹਿਫ਼ਲ ਹੱਸ ਪਈ।
ਕੰਵਰ ਜੀ ਉੱਠ ਖੜੋਤੇ ਤੇ ਬੜੇ ਠਰੰਮੇ ਨਾਲ, ਉੱਚੀ ਸਾਰੀ ਬੋਲੇ, “ਸੱਜਣੋਂ ਮਾਤ੍ਰਿਭੂਮੀ ਕੇ ਲੀਏ ਹਰ ਪ੍ਰਕਾਰ ਕਾ ਬਲੀਦਾਨ ਦੇਨਾ ਮਨੁੱਸ਼ ਕਾ ਪਰਮ ਧਰਮ ਹੈ।”
ਤੇ ਐਤਕੀ ਕੰਵਰ ਜੀ ਦਾ ਹਾਸਾ ਸਭ ਤੋਂ ਉੱਚਾ ਛਣਕਿਆ। ਫੇਰ ਕੰਵਰ ਜੀ ਨੇ ਸੁੰਦਰਾਂ ਨੂੰ ਖ਼ਾਸ ਖ਼ਾਸ ਸ਼ਰਾਬਾਂ ਅੰਦਰੋਂ ਲਿਆਣ ਲਈ ਕਿਹਾ…ਇੰਗਲੈਂਡ ਦੀ ਸ਼ਰਾਬ... ਫ਼ਰਾਂਸ ਦੀ ਸ਼ਰਾਬ...ਤੇ ਉਨ੍ਹਾਂ ਦੇ ਓਸ ਅਮ ੍ਰੀਕਨ ਪ੍ਰੋਫ਼ੈਸਰ ਦੋਸਤ ਦੀ ਦਿੱਤੀ ਸ਼ਰਾਬ, ਜਿਹੜਾ ਕਿਸੇ ਸਰਕਾਰੀ ਯੋਜਨਾ ਅਨੁਸਾਰ ਹਿੰਦੁਸਤਾਨ ਦੀ ਖੇਤੀਬਾੜੀ ਦੇ ਵਿਕਾਸ ਲਈ ਏਥੇ ਆਇਆ ਸੀ ਤੇ ਕੰਵਰ ਜੀ ਨੂੰ ਆਪਣੀ ਨਿਸ਼ਾਨੀ ਵਜੋਂ ਸਾਗਰ-ਕੰਢੇ ਨਹਾਉਂਦੀਆਂ ਅਧਨੰਗੀਆਂ ਜ਼ਨਾਨੀਆਂ ਦੇ ਛਾਪੇ ਵਾਲੀ ਪੋਸ਼ਾਕ ਤੇ ਇੱਕ ਪੇਟੀ ਸ਼ਰਾਬ ਦੇ ਗਿਆ ਸੀ।
ਇੱਕ ਇੱਕ ਕਰਕੇ ਜਦੋਂ ਇਹ ਸਭ ਸ਼ਰਾਬਾਂ ਆ ਗਈਆਂ ਤਾਂ ਕੰਵਰ ਜੀ ਨੇ ਫੇਰ ਸੁੰਦਰਾਂ ਨੂੰ ਕਿਹਾ, “ਚੰਗਾ ਸੁੰਦਰੀਏ, ਅੱਜ ਫੇਰ ਉਹ ਸ਼ਰਾਬ ਵੀ ਲੈ ਆ—ਉਹ ਜਿਦ੍ਹੀ ਇੱਕ ਬੋਤਲ ਤੇਰਾਂ ਵਰ੍ਹੇ ਹੋਏ ਮੈਂ ਪੀਤੀ ਸੀ, ਤੇ ਉਹਦੇ ਨਾਲ ਦੀ ਦੂਜੀ ਬੋਤਲ ਉਦੋਂ ਸਾਂਭ ਛੱਡੀ ਸੀ!”
ਤੇ ਸੁੰਦਰਾਂ ਕੰਬ ਗਈ।
ਜਦੋਂ ਸੁੰਦਰਾਂ ਇਹ ਉਚੇਚੀ ਬੋਤਲ ਲਿਆਈ ਤਾਂ ਉਹਦੀਆਂ ਲੱਤਾਂ ਕੰਬ ਰਹੀਆਂ ਸਨ—ਜਿਵੇਂ ਜਿੰਨੀਆਂ ਸ਼ਰਾਬਾਂ ਉਹ ਲਿਆਈ ਸੀ, ਉਹ ਸਾਰੀਆਂ ਉਹਨੂੰ ਹੀ ਚੜ੍ਹ ਗਈਆਂ ਹੋਣ।
ਤੇ ਇਹ ਉਚੇਚੀ ਬੋਤਲ ਸੁੰਦਰਾਂ ਦੇ ਹੱਥੋਂ ਫੜ ਕੇ, ਕੰਵਰ ਜੀ ਆਪਣੇ ਯਾਰਾਂ ਨੂੰ ਇਹਦੀ ਵਾਰਤਾ ਸੁਣਾਨ ਲੱਗੇ, “ਅੱਜ ਤੋਂ ਤੇਰਾਂ ਵਰ੍ਹੇ ਪਹਿਲਾਂ ਇਹ ਤੇ ਇਹਦੇ ਨਾਲ ਦੀ ਇੱਕ ਬੋਤਲ ਮੈਂ ਆਪੇ ਤਿਆਰ ਕੀਤੀ ਸੀ। ਅੰਗੂਰ, ਅਨਾਰ, ਲੀਚੀ, ਚੈਰੀਆਂ ਤੇ ਹੋਰ ਕੋਈ ਵਧੀਆ ਮੇਵਾ ਨਹੀਂ ਜਿਦ੍ਹਾ ਰਸ ਏਸ ਵਿਚ ਨਾ ਪਿਆ ਹੋਵੇ! ਬਾਰਾਂ ਬੋਤਲਾਂ ਸ਼ਰਾਬ ਕੱਢ ਕੇ ਫੇਰ ਉਨ੍ਹਾਂ ਬਾਰਾਂ ਵਿਚੋਂ ਇਹ ਤੇ ਇਹਦੇ ਨਾਲ ਦੀ, ਸਿਰਫ਼ ਦੋ ਬੋਤਲਾਂ ਕਸ਼ੀਦ ਕੀਤੀਆਂ ਸਨ। ਇੱਕ ਅੱਜ ਤੋਂ ਤੇਰਾਂ ਵਰ੍ਹੇ ਪਹਿਲਾਂ ਵਿਆਹ ਤੋਂ ਦੂਜੀ ਰਾਤ ਨੂੰ ਪੀਤੀ ਸੀ। ਚੇਤੇ ਈ ਨਾ, ਸੁੰਦਰੀਏ?”
ਏਸ ਪਲ ਸੁੰਦਰਾਂ ਦਾ ਰੰਗ ਪੂਣੀ ਵਾਂਗ ਬੱਗਾ ਹੋ ਗਿਆ।
ਸੁੰਦਰਾਂ ਨੂੰ ਕੰਵਰ ਜੀ ਨੇ ਛੁੱਟੀ ਦਾ ਇਸ਼ਾਰਾ ਕਰ ਕੇ ਆਪਣੀ ਗੱਲ ਜਾਰੀ ਰੱਖੀ, “ਤੇ ਇਹ ਦੂਜੀ ਬੋਤਲ ਅੱਜ ਤੋਂ ਤੇਰਾਂ ਵਰ੍ਹੇ ਪਹਿਲਾਂ ਮੈਂ ਸਾਂਭ ਦਿੱਤੀ ਸੀ, ਆਪਣੀ ਉਮਰ ਦੀ ਕਿਸੇ ਬੜੀ ਹੀ ਯਾਦਗਾਰ ਘੜੀ ਨੂੰ ਮਨਾਣ ਲਈ। ਅਤੇ ਹੁਣ ਮੇਰੇ ਅੰਦਰੋਂ ਕੁਝ ਬੋਲਦਾ ਏ—ਅੱਜ ਉਹ ਯਾਦਗਾਰ ਘੜੀ ਨੇੜੇ ਹੈ। ਕੱਲ੍ਹ ਨੂੰ ਵੋਟਾਂ ਪੈਣੀਆਂ ਨੇ। ਆਓ ਯਾਰੋ, ਚੋਣ-ਘੋਲ ਵਿਚ ਹੋਣ ਵਾਲੀ ਜਿੱਤ ਦੇ ਜਾਮ ਏਸ ਬੋਤਲ ਵਿਚੋਂ ਪੀਵੀਏ।”
ਤੇ ਫੇਰ ਜਾਮ ਭਰਦੇ ਗਏ, ਪਹਿਲਾਂ ਤੇਰਾਂ ਵਰ੍ਹਿਆਂ ਤੋਂ ਕਿਸੇ ਯਾਦਗਾਰ ਘੜੀ ਲਈ ਸਾਂਭ ਰੱਖੀ ਉਹ ਬੋਤਲ, ਤੇ ਫੇਰ ਇੰਗਲੈਂਡ ਦੀ ਸ਼ਰਾਬ, ਫ਼ਰਾਂਸ ਦੀ ਸ਼ਰਾਬ ਤੇ ਫੇਰ ਅਮ੍ਰੀਕਾ ਦੀ ਸ਼ਰਾਬ।
ਅਮ੍ਰੀਕਨ ਸ਼ਰਾਬ ਦਾ ਜਾਮ ਫੜਦਿਆਂ ਕੰਵਰ ਸਾਹਬ ਨੇ ਉਸ ਥਾਂ ਵੱਲ ਤੱਕਿਆ ਜਿਥੋਂ ਸੁੰਦਰਾਂ ਹੁਣੇ ਖੜੋਤੀ ਗਈ ਸੀ।
ਸਰਦਾਰ ਸ਼ਮਸ਼ੇਰ ਸਿੰਘ ਅਚਾਨਕ ਬੋਲ ਪਏ, “ਸਾਡੀ ਵੋਟ—”
ਤੇ ਸਾਰੀ ਮਹਿਫ਼ਲ ਨੇ ਉੱਚੀ ਸਾਰੀ ਹੁੰਗਾਰਾ ਦਿਤਾ, “ਕੰਵਰ ਸਾਹਬ ਲਈ।”
ਤੇ ਸਰਦਾਰ ਸ਼ਮਸ਼ੇਰ ਸਿੰਘ ਲੜਖੜਾਂਦੇ ਲੜਖੜਾਂਦੇ ਕੰਵਰ ਜੀ ਕੋਲ ਆਪਣਾ ਜਾਮ ਲਿਆ ਕੇ ਕਹਿਣ ਲੱਗੇ, “ਜੇ ਤੂੰ ਮੇਰਾ ਸੱਚਾ ਯਾਰ ਏਂ—ਤਾਂ ਇੱਕ ਘੁਟ ਮੇਰੇ ਜਾਮ ਵਿਚੋਂ ਪੀ!”
ਫੇਰ ਉਨ੍ਹਾਂ ਕੰਵਰ ਜੀ ਨੂੰ ਚੁੰਮਿਆ ਤੇ ਆਪਣੇ ਆਪ ਨੂੰ ਤੇ ਕੰਵਰ ਜੀ ਨੂੰ ਜਾਮ ਵਾਲਾ ਲੜਖੜਾਂਦਾ ਹੱਥ ਵਾਰੀ-ਵਾਰੀ ਲਾ ਕੇ ਉੱਚੀ ਸਾਰੀ ਕਿਹਾ, “ਕਾਂਗਰਸ ਦਾ ਚੋਣਨਿਸ਼ਾਨ—ਦੋ ਬੈਲ।”
ਜਾਮ ਛਲਕ ਕੇ ਕੰਵਰ ਜੀ ਦੀ ਪੁਸ਼ਾਕ ਉੱਪਰਲੀਆਂ ਅਧ-ਨੰਗੀਆਂ ਜ਼ਨਾਨੀਆਂ ਉੱਤੇ ਜਾ ਡੁੱਲ੍ਹਿਆ।
ਪਹਿਲਾਂ ਸਰਦਾਰ ਸ਼ਮਸ਼ੇਰ ਸਿੰਘ ਸ਼ਰਾਬ ਦੀਆਂ ਡੁੱਲ੍ਹੀਆਂ ਬੂੰਦਾਂ ਨੂੰ ਤੱਕਦੇ ਰਹੇ, ਤੇ ਫੇਰ ਅਧ-ਨੰਗੀਆਂ ਜ਼ਨਾਨੀਆਂ ਨੂੰ—ਤੇ ਫੇਰ ਉਨ੍ਹਾਂ ਕੰਵਰ ਜੀ ਦੀ ਥਾਂ ਉਨ੍ਹਾਂ ਦੀ ਪੁਸ਼ਾਕ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ।
ਸੁੰਦਰਾਂ ਜਦੋਂ ਆਪਣੀ ਕੋਠੜੀ ਵਿਚ ਪੁੱਜੀ ਤਾਂ ਉਹਦਾ ਪੁੱਤਰ ਹਾਲੀ ਜਾਗ ਰਿਹਾ ਸੀ।
“ਮਾਂ, ਮੈਂ ਤੈਨੂੰ ਕਦ ਦਾ ’ਡੀਕਦਾ ਆਂ—ਨੀਂਦਰ ਨੇ ਜ਼ੋਰ ਪਾਇਐ…”
ਸੁੰਦਰਾਂ ਨੇ ਇੰਦਰ ਨੂੰ ਚੁੰਮਿਆ ਤੇ ਅਡੋਲ ਈ ਮਾਂ ਦੇ ਅੱਥਰੂਆਂ ਨਾਲ ਉਹਦੀ ਗੱਲ੍ਹ ਗਿੱਲੀ ਹੋ ਗਈ।
ਸੁੰਦਰਾਂ ਦੀ ਜ਼ਿੰਦਗੀ ਵਿਚ ਕਿੰਨੇ ਈ ਅੱਥਰੂ ਸਨ, ਪਰ ਉਹਨੇ ਆਪਣੇ ਇੰਦਰ ਨੂੰ ਹਾਈਂ ਮਾਈਂ ਇਨ੍ਹਾਂ ਦੀ ਗਿੱਲ ਨਹੀਂ ਸੀ ਲੱਗਣ ਦਿੱਤੀ। ਉਹਨੇ ਇਹੀ ਜਤਨ ਕੀਤਾ ਸੀ ਕਿ ਇੰਦਰ ਉੱਤੇ ਨਿੱਤ ਮਾਂ ਦੇ ਹਾਸਿਆਂ ਦੀ ਲੋਅ ਈ ਲਿਸ਼ਕਦੀ ਰਹੇ। ਪਰ ਅੱਜ ਜਿਹੜੀ ਬੋਤਲ ਉਹਨੂੰ ਕੱਢ ਕੇ ਲਿਆਣੀ ਪਈ ਸੀ, ਉਮਰ ਦੀ ਕਿਸੇ ਉਚੇਚੀ ਯਾਦਗਾਰ ਘੜੀ ਲਈ ਸਾਂਭ ਰੱਖੀ ਸ਼ਰਾਬ…ਤੇ ਹੁਣ ਉਹਦੇ ਅੱਥਰੂ ਫਰਨ ਫਰਨ ਵਹਿ ਤੁਰੇ ਸਨ।
“ਹੋਰ ਚਿਰਕ ਨਾ ਕਰ, ਮਾਂ। ਮੈਥੋਂ ਫੇਰ ਪਤੈ ਸਵਾਰ ਕੇ ਚਿੱਠੀ ਲਿਖੀ ਵੀ ਜਾਏ ਕਿ ਨਾ। ਤੇ ਚਿੱਠੀ ਲਿਖਣੀ ਕਿਦ੍ਹੇ ਵੱਲ ਏ?” ਕਲਮ ਦਵਾਤ ਟਿਕਾ ਕੇ, ਕਾਪੀ ਵਿਚੋਂ ਕਾਗ਼ਜ਼ ਪਾੜਦਿਆਂ ਇੰਦਰ ਨੇ ਪੁੱਛਿਆ।
“ਪੁੱਤ—ਅੱਜ ਦੀ ਚਿੱਠੀ ਦੀ ਗੱਲ ਤੂੰ ਕਿਸੇ ਨਾਲ ਵੀ ਨਾ ਕਰੀਂ। ਜੋ ਏਸ ਵਿਚ ਲਿਖੇਂਗਾ, ਤੇ ਜਿਸ ਨੂੰ ਇਹ ਲਿਖੇਂਗਾ—ਕੁਝ ਵੀ, ਕਦੇ ਵੀ ਕਿਸੇ ਦੇ ਕੰਨੀਂ ਨਾ ਪਏ।”
“ਨਹੀਂ ਮਾਂ, ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗਾ, ਆਪਣੇ ਪੱਕੇ ਬੇਲੀ ਰੱਤੂ ਨੂੰ ਵੀ ਨਹੀਂ।”
“ਬਸ ਤੂੰ ਇਹੀ ਜਾਣੀਂ, ਜੇ ਕਦੇ ਕਿਸੇ ਨੂੰ ਏਸ ਚਿੱਠੀ ਦੀ ਭਿਣਕ ਪੈ ਗਈ, ਤਾਂ ਆਪਣੀ ਮੋਈ ਮਾਂ ਦਾ ਮੂੰਹ ਤੱਕੇਂਗਾ।”
...ਮਾਂ ਮਰ ਜਾਏਗੀ! ਬਾਪੂ ਵਾਂਗ! ਜਿਵੇਂ ਪਰ ਵਾਢੀਆਂ ਵੇਲੇ ਬਾਪੂ ਮਰ ਗਿਆ ਸੀ, ਤੇ ਉਹਨੂੰ ਲੱਕੜਾਂ ਪਾ ਕੇ ਸਾੜ ਦਿੱਤਾ ਸੀ।... ਬਾਰ੍ਹਾਂ ਵਰ੍ਹਿਆਂ ਦੇ ਇੰਦਰ ਦੀਆਂ ਅੱਖਾਂ ਵਿਚ ਡਰ ਦਾ ਵਰੋਲਾ ਜਿਹਾ ਉੱਠ ਪਿਆ, ਤੇ ਉਹ ਕਲਮ ਦਵਾਤ ਭੁੱਲ ਆਪਣੀ ਮਾਂ ਨਾਲ ਜਾ ਚੰਬੜਿਆ, “ਨਹੀਂ, ਮੈਂ ਤੈਨੂੰ ਕਦੇ ਨਹੀਂ ਮਰਨ ਦੇਣਾ, ਮਾਂ!”
ਸੁੰਦਰਾਂ ਨੇ ਉਹਨੂੰ ਆਪਣੀ ਹਿੱਕ ਨਾਲ ਘੁੱਟ ਲਿਆ। ਜਿਸ ਨੂੰ ਇੰਦਰ ਆਪਣਾ ਬਾਪੂ ਕਰ ਕੇ ਜਾਣਦਾ ਸੀ, ਉਹ ਉਹਦਾ ਬਾਪੂ ਨਹੀਂ ਸੀ! ਕਹਿੰਦੇ ਨੇ ‘ਬਾਲ ਤਾਂ ਪ੍ਰਮੇਸਰ ਦਾ ਰੂਪ ਹੁੰਦੇ ਨੇ’—ਤੇ ਕੀ ਬਣੇਗਾ ਮੇਰਾ, ਜਿਸ ਆਪਣੇ ਬਾਲ ਨੂੰ ਉਹਦੇ ਪਿਓ ਬਾਰੇ ਵੀ ਸੱਚ ਨਹੀਂ ਸੀ ਦੱਸਿਆ...
ਇੰਦਰ ਕੰਧ ਨਾਲ ਢੋ ਲਾ ਕੇ ਬੱਤੀ ਦੇ ਨੇੜੇ ਹੋ ਗਿਆ, ਤੇ ਦਵਾਤ ਵਿਚੋਂ ਡੋਬਾ ਲਾ ਕੇ ਪੁੱਛਣ ਲੱਗਾ, “ਕਿਦ੍ਹੇ ਵੱਲ ਲਿਖਣੀ ਏਂ ਚਿੱਠੀ?”
“ਪੰਡਤ ਜਵਾਹਰ ਲਾਲ ਨਹਿਰੂ ਵੱਲ,” ਸੁੰਦਰਾਂ ਨੇ ਹੌਲੀ ਪਰ ਬੜੀ ਪੱਕੀ ਵਾਜ ਵਿਚ ਕਿਹਾ।
…ਕਿੰਨੇ ਈ ਵਰ੍ਹੇ ਹੋਏ, ਓਦੋਂ ਇੰਦਰ ਉਹਦੀ ਕੁੱਖੇ ਸੀ, ਦੂਜਾ ਮਹੀਨਾ ਹੀ ਚੜ੍ਹਿਆ ਸੀ—ਓਦੋਂ ਹਾਲੀ ਫ਼ਰੰਗੀਆਂ ਦਾ ਰਾਜ ਸੀ—ਪੰਡਤ ਨਹਿਰੂ ਇੱਕ ਜਲਸੇ ਉੱਤੇ ਆਏ ਸਨ। ਜਿਥੇ ਕੰਵਰ ਜੀ ਦੀ ਜਗੀਰ ਦੀ ਜੂਹ ਮੁੱਕਦੀ ਸੀ, ਉਥੇ ਪੰਡਤ ਨਹਿਰੂ ਦਾ ਜਲਸਾ ਲੱਗਾ ਸੀ। ਜਲਸੇ ਤੋਂ ਪਹਿਲਾਂ ਥਾਓਂ ਥਾਈਂ ਕੰਵਰ ਜੀ ਹਰ ਇੱਕ ਨੂੰ ਤਾੜਨਾ ਕਰਦੇ ਰਹੇ ਸਨ, ‘ਜੇ ਜਾਨ ਲੋੜੀਂਦੀ ਜੇ ਤਾਂ ਕੋਈ ਵੀ ਨੜੇ ਨਹਿਰੂ ਦੇ ਜਲਸੇ ਵਿਚ ਨਾ ਜਾਏ।’ ਤੇ ਬਗ਼ਾਵਤ ਦੇ ਵਿਓਂ ਵਿਚ ਸੁੰਦਰਾਂ ਚੋਰੀ ਛਪੇ ਪੰਡਤ ਨਹਿਰੂ ਦੇ ਜਲਸੇ ਵਿਚ ਜਾ ਪੁੱਜੀ ਸੀ।
ਏਨੇ ਵਰ੍ਹੇ ਪਹਿਲਾਂ ਤੱਕਿਆ ਪੰਡਤ ਨਹਿਰੂ ਦਾ ਦੇਵਤਾ-ਚੇਹਰਾ ਉਹਦੀਆਂ ਅੱਖਾਂ ਵਿਚ ਹੁਣ ਵੀ ਉਵੇਂ ਦਾ ਉਵੇਂ ਟਹਿਕਿਆ ਹੋਇਆ ਸੀ। ਜਦੋਂ ਕਿਸੇ ਦੇ ਪਲੇਠੀ ਦਾ ਜੀਅ ਆਉਣ ਵਾਲਾ ਹੋਵੇ ਤਾਂ ਉਹ ਖ਼ੁਸ਼ੀਆਂ ਵਿਚ ਮਿਉਂਦੀ ਨਹੀਂ, ਪਰ ਇੰਦਰ ਦੇ ਜੰਮਣ ਦੀਆਂ ਜਦੋਂ ਉਹਨੂੰ ਨਿਸ਼ਾਨੀਆਂ ਲੱਭੀਆਂ ਸਨ ਤਾਂ ਉਹਨੇ ਮਰ ਜਾਣਾ ਚਾਹਿਆ ਸੀ। ਤੇ ਫੇਰ ਜਦੋਂ ਉਹਨੇ ਜਲਸੇ ਵਿਚ ਪੰਡਤ ਨਹਿਰੂ ਨੂੰ ਤੱਕਿਆ ਸੀ, ਤੇ ਜਦੋਂ ਉਹਨੇ ਪੰਡਤ ਨਹਿਰੂ ਦੇ ਬੋਲ ਸੁਣੇ ਸਨ ਤਾਂ ਉਹ ਜਿਊਣ ਜੋਗੀ ਹੋ ਗਈ ਸੀ। ਉਹਨੂੰ ਨਿਸਚਾ ਹੋ ਗਿਆ ਸੀ ਕਿ ਜਿਹੋ ਜਿਹੀ ਜ਼ਿੰਦਗੀ ਉਹਨੇ ਕੰਵਰ ਜੀ ਦੇ ਕੋਲ ਤੱਕੀ ਸੀ, ਉਹੀ ਸਾਰੀ ਜ਼ਿੰਦਗੀ ਨਹੀਂ ਸੀ। ਜ਼ਿੰਦਗੀ ਹੋਰ ਵੀ ਬਹੁਤ ਕੁਝ ਸੀ—ਪੰਡਤ ਜੀ ਦੇ ਮੁਖੜੇ ਵਰਗੀ ਨੇਕ, ਪੰਡਤ ਜੀ ਦੇ ਬੋਲਾਂ ਵਰਗੀ ਹੋਣਹਾਰ…
ਤੇ ਸੁੰਦਰਾਂ ਇਹ ਸਭ ਕੁਝ ਏਸ ਚਿੱਠੀ ਵਿਚ ਲਿਖਾਣਾ ਚਾਂਹਦੀ ਸੀ।
ਇੰਦਰ ਕਲਮ ਦੇ ਨਾਲ ਨਾਲ ਆਪਣੇ ਮੂੰਹ ਵਿਚ ਜੀਭ ਫੇਰਦਾ, ਆਪਣਾ ਲਿਖਿਆ ਬੋਲ ਰਿਹਾ ਸੀ “ਪਿਆਰੇ ਪੰਡਤ—ਜਵਾਹਰ ਲਾਲ—ਨਹਿਰੂ ਜੀ—ਵੱਲ। ਮੇਰੀ—ਪਿਆਰੀ— ਮਾਂ ਵਲੋਂ—”
ਪਰ ਬਾਰ੍ਹਾਂ ਵਰ੍ਹਿਆਂ ਦਾ ਇੰਦਰ ਇਹ ਸਭ ਕੁਝ ਕਿਵੇਂ ਲਿਖ ਸਕਦਾ ਸੀ।
ਸੁੰਦਰਾਂ ਨੂੰ ਖੋਹ ਜਿਹੀ ਪਈ—ਇਨ ਬਿਨ ਓਦੋਂ ਵਰਗੀ ਜਦੋਂ ਉਹ ਓਸ ਜਲਸੇ ਵਿਚ ਪੰਡਤ ਨਹਿਰੂ ਜੀ ਦੇ ਐਨ ਕੋਲ ਪੁੱਜ ਗਈ ਸੀ, ਤੇ ਓਥੇ ਉਨ੍ਹਾਂ ਨੂੰ ਸਭ ਕੁਝ ਦੱਸ ਦੇਣਾ ਚਾਹੁੰਦੀ ਸੀ:
…ਮੈਂ ਕੰਵਰ ਜੀ ਦੀ ਰਾਣੀ ਦੇ ਦਾਜ ਵਿਚ ਆਈ ਸਾਂ। ਰਾਣੀ ਜੀ ਦੇ ਵਿਆਹ ਤੋਂ ਦੂਜੀ ਰਾਤੇ ਕੰਵਰ ਜੀ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾਇਆ ਸੀ। ਰਾਣੀ ਜੀ ਓਥੇ ਨਹੀਂ ਸਨ। ਮੇਜ਼ ਉੱਤੇ ਇੱਕ ਬੋਤਲ ਪਈ ਸੀ ਤੇ ਦੋ ਬਲੌਰੀ ਗਲਾਸ। ਕੰਵਰ ਜੀ ਨੇ ਅੱਧੀ ਅੱਧੀ ਬੋਤਲ ਦੋਵਾਂ ਗਲਾਸਾਂ ਵਿਚ ਪਾ ਕੇ ਮੈਨੂੰ ਕਿਹਾ ਸੀ, ‘ਅੰਗੂਰ, ਅਨਾਰ, ਲੀਚੀਆਂ, ਚੈਰੀਆਂ ਤੇ ਹੋਰ ਕੋਈ ਵਧੀਆ ਮੇਵਾ ਨਹੀਂ ਜਿਦ੍ਹਾ ਰਸ ਏਸ ਵਿਚ ਨਾ ਪਿਆ ਹੋਏ। ਇਹ ਤੇ ਇਹਦੇ ਨਾਲ ਦੀ ਇੱਕ, ਸਿਰਫ਼ ਦੋ ਬੋਤਲਾਂ, ਆਪਣੀ ਉਮਰ ਦੀ ਕੋਈ ਬੜੀ ਯਾਦਗਾਰ ਘੜੀ ਮਨਾਣ ਲਈ ਮੈਂ ਆਪ ਕਸ਼ੀਦ ਕੀਤੀਆਂ ਸਨ। ਤੇ ਫੇਰ ਇੱਕ ਗਲਾਸ ਕੰਵਰ ਜੀ ਨੇ ਪੀਤਾ, ਤੇ ਦੂਜਾ ਉਨ੍ਹਾਂ ਜਬਰੀ ਮੈਨੂੰ ਪਿਆ ਦਿੱਤਾ ਤੇ ਕਿਹਾ, ‘ਸੁੰਦਰੀਏ, ਤੂੰ ਹੀ ਉਹ ਯਾਦਗਾਰ ਘੜੀ ਏਂ!’ ਤੇ ਫੇਰ ਮੇਰੀ ਅੱਧੀ ਤਾਰਿਆਂ-ਖਿੜੀ ਰਾਤ ਉਹ ਗਟ-ਗਟ ਪੀਂਦੇ ਰਹੇ ਸਨ, ਤੇ ਉਨ੍ਹਾਂ ਅਖ਼ੀਰ ਆਖਿਆ ਸੀ, “ਅੰਗੂਰ, ਅਨਾਰ, ਲੀਚੀਆਂ, ਚੈਰੀਆਂ ਤੇ ਹੋਰ ਕੋਈ ਵਧੀਆ ਮੇਵਾ ਨਹੀਂ ਜਿਦ੍ਹਾ ਰਸ, ਸੁੰਦਰਾਂ ਤੇਰੇ ਸਰੀਰ ਵਿਚ ਨਾ ਹੋਵੇ। ਤੂੰ ਕੁੜੀ ਨਹੀਂ, ਰੱਬ ਦੀ ਸਹੁੰ ਇੱਕ ਬਾਗ਼ ਏਂ!…’
ਪਰ ਓਸੇ ਜਲਸੇ ਵਿਚ ਓਦੋਂ ਪੰਡਤ ਨਹਿਰੂ ਦੇ ਕੰਨਾਂ ਤੱਕ ਹਾਰ ਈ ਹਾਰ ਸਨ, ਤੇ ਓਦੋਂ ਉਨ੍ਹਾਂ ਦੇ ਕੋਲ ਲੋਕ ਈ ਲੋਕ ਸਨ—ਤੇ ਉਹ ਕਿਵੇਂ ਇਹ ਸਭ ਕੁਝ ਏਨੇ ਜਣਿਆਂ ਸਾਹਮਣੇ ਪੰਡਤ ਨਹਿਰੂ ਨੂੰ ਦੱਸ ਸਕਦੀ ਸੀ। ਤੇ ਓਦੋਂ ਵੀ ਸੁੰਦਰਾਂ ਦੇ ਅੰਦਰ ਹੁਣ ਵਰਗੀ ਹੀ ਖੋਹ ਪਈ ਸੀ।...
ਓਦੋਂ ਉਹਨੇ ਲੋਚਿਆ ਸੀ—ਇਹ ਭੀੜ ਭੜੱਕਾ ਨਾ ਹੋਵੇ, ਦੂਰ ਪਹਾੜਾਂ ਦੀ ਇਕਾਂਤ ਵਿਚ ਇੱਕ ਮੰਦਰ ਹੋਵੇ, ਤੇ ਪੰਡਤ ਨਹਿਰੂ ਓਸ ਮੰਦਰ ਦੇ ਦੇਵਤੇ ਹੋਣ, ਤੇ ਸੁੰਦਰਾਂ ਆਪਣੇ ਦੇਵਤੇ ਦੇ ਗਲ ਲੱਗ ਕੇ ਦੱਸ ਦਏ, ਸਭ ਕੁਝ ਦੱਸ ਦਏ, ‘ਕਿਹੋ ਜਹੇ ਦੈਂਤ ਵਸਦੇ ਨੇ, ਮੇਰੇ ਦੇਵਤਾ! ਏਸ ਦੁਨੀਆ ਵਿਚ, ਤੇ ਉਹ ਆਪਣੇ ਦੇਵਤੇ ਦੇ ਗਲ ਲੱਗ ਰੋ ਲਏ, ਰੱਜ ਕੇ ਰੋ ਲਏ...
“ਲਿਖ ਪੁੱਤ, ‘ਮੇਰੇ ਦੇਵਤਾ’!” ਸੁੰਦਰਾਂ ਨੇ ਕਿਹਾ।
ਇੰਦਰ ਨੂੰ ਸਵੇਰ ਦੇ ਜਲੂਸ ਵਿਚ ਹੋਈ ਇੱਕ ਗੱਲ ਚੇਤੇ ਆ ਗਈ। ਕੰਵਰ ਜੀ ਦੇ ਚੋਣ-ਜਲੂਸ ਵਿਚ ਅੱਜ ਇੱਕ-ਦੋ ਵਾਰ ਜਦੋਂ ਮੁੰਡਿਆਂ ਨੇ ‘ਪੰਡਤ ਨਹਿਰੂ-ਅਮਨ ਦੇ ਦੇਵਤਾ’ ਦਾ ਨਾਅਰਾ ਲਾਇਆ ਸੀ, ਤਾਂ ਕੰਵਰ ਜੀ ਦੇ ਮੁਖ਼ਤਿਆਰ ਨੇ ਟੋਕ ਦਿੱਤਾ ਸੀ, ਇਹੀ ਦੋ ਨਾਅਰੇ ਲਾਓ, ‘ਸਾਡੀ ਵੋਟ—ਪੰਡਤ ਨਹਿਰੂ ਲਈ’ ਤੇ ‘ਪੰਡਤ ਜੀ ਦਾ ਫ਼ਰਮਾਨ— ਆਪਣੀ ਵੋਟ ਕੰਵਰ ਜੀ ਨੂੰ ਪਾਓ।’ ਤੇ ਮੁਖ਼ਤਿਆਰ ਨੇ ਹੌਲੀ ਜਿਹੀ ਆਪਣੇ ਨਾਲ ਦੇ ਕੁਝ ਸਰਦਾਰਾਂ ਨੂੰ ਕਿਹਾ ਸੀ, ‘ਦੇਵਤੇ ਕੋਲੋਂ ਅਸਾਂ ਦੁੱਧ ਲੈਣਾ ਏਂ! ਸਾਨੂੰ ਤਾਂ ਵੋਟਾਂ ਲੋੜੀਂਦੀਆਂ ਨੇ—ਵੋਟਾਂ।’
ਤੇ ਇੰਦਰ ਦੇ ਮੋਢੇ ਸਾਰੀ ਦਿਹਾੜੀ ਪੰਡਤ ਨਹਿਰੂ ਦੀ ਵੋਟ-ਮੰਗਦੀ ਮੂਰਤ ਚੁੱਕ ਚੁੱਕ ਹੁਣ ਦੁਖਣ ਲੱਗ ਪਏ ਸਨ।
ਇੰਦਰ ਨੇ ਲਿਖਣਾ ਸ਼ੁਰੂ ਕੀਤਾ:
“ਮੇਰੇ...ਦੇਵਤਾ...”
ਸੁੰਦਰਾਂ ਨੇ ਸੋਚਿਆ—ਭਾਵੇਂ ਸਭ ਕੁਝ ਤਾਂ ਨਹੀਂ, ਪਰ ਉਹ ਆਪਣੀ ਵਿਥਿਆ ਦਾ ਮੂਲ ਮੁੱਦਾ ਤਾਂ ਏਸ ਚਿੱਠੀ ਰਾਹੀਂ ਪੰਡਤ ਨਹਿਰੂ ਨੂੰ ਦੱਸ ਈ ਦਏਗੀ ਤੇ ਪੰਡਤ ਨਹਿਰੂ ਉਹਦੀ ਚਿੱਠੀ ਵਿਚੋਂ ਉਹ ਸਭ ਕੁਝ ਜ਼ਰੂਰ ਬੁੱਝ ਲੈਣਗੇ, ਜੋ ਉਹ ਆਪਣੇ ਬਾਰ੍ਹਾਂ ਵਰ੍ਹਿਆਂ ਦੇ ਬਾਲ ਕੋਲੋਂ ਨਹੀਂ ਸੀ ਲਿਖਵਾ ਸਕਦੀ। ਉਹਨੂੰ ਆਪਣੇ ਦੇਵਤੇ ਦੀਆਂ ਉਨ੍ਹਾਂ ਅੱਖਾਂ ਉੱਤੇ ਪੂਰਾ ਵਿਸ਼ਵਾਸ ਸੀ, ਜਿਹੜੀਆਂ ਏਨੇ ਵਰ੍ਹੇ ਹੋਏ ਓਸ ਜਲਸੇ ਵਿਚ ਉਹਨੇ ਤੱਕੀਆਂ ਸਨ। ਵੀਹ ਵਿਸਵੇ ਉਹ ਅੱਖਾਂ ਲੋਕਾਂ ਦੇ ਦਿਲਾਂ ਵਿਚ ਝਾਤ ਪਾ ਸਕਦੀਆਂ ਸਨ, ਤੇ ਉਹ ਹੌਲੀ-ਹੌਲੀ ਲਿਖਾਂਦੀ ਗਈ:
“ਮੇਰੇ ਦੇਵਤਾ, ਦੈਂਤ ਤੇਰੀਆਂ ਮੂਰਤਾਂ ਲੋਕਾਂ ਨੂੰ ਵਿਖਾ ਵਿਖਾ ਕੇ ਆਪਣੇ ਲਈ ਵੋਟਾਂ ਮੰਗਦੇ ਫਿਰਦੇ ਨੇ।... ਇਹ ਕੌਤਕ ਮੇਰੀ ਛੋਟੀ ਬੁੱਧ ਵਿਚ ਨਹੀਂ ਪਿਆ।
ਕਹਿੰਦੇ ਨੇ ਪਹਿਲੀਆਂ ਵਿਚ ਰਾਜੇ, ਰਾਣੀਆਂ ਦੀ ਕੁੱਖੋਂ ਜੰਮਦੇ ਸਨ, ਪਰ ਹੁਣ ਲੋਕਾਂ ਦੀਆਂ ਵੋਟਾਂ ਜਿਸ ਡੱਬੇ ਵਿਚ ਵੱਧ ਪੈਣਗੀਆਂ, ਓਸ ਮੁਤਾਬਕ ਲੋਕਾਂ ਦਾ ਰਾਜਾ ਚੁਣਿਆ ਜਾਣਾ ਏਂ। ਤੂੰ ਸਾਡੇ ਦਿਲਾਂ ਦਾ ਰਾਜਾ ਏਂ, ਮੈਂ ਤੇਰਾ ਡੱਬਾ ਭਰਾਂਗੀ।
ਪਰ ਸੁਣਿਆ ਏਂ ਸਾਡੇ ਇਲਾਕੇ ਵਿਚ ਕੰਵਰ ਜੀ ਦਾ ਡੱਬਾ ਤੇਰੇ ਨਾਲ ਸਾਂਝਾ...!”
ਤੇ ਅੱਗੋਂ ਸੁੰਦਰਾਂ ਰੁਕ ਗਈ। ਕੀ ਮੇਰੇ ਹਿੱਸੇ ਜੋ ਵੀ ਏਸ ਦੁਨੀਆ ਵਿਚ ਆਇਆ ਹੈ ਓਸ ਸਭ ਕਾਸੇ ਉੱਤੇ ਹੀ ਕੰਵਰ ਜੀ ਦਾ ਧਾੜਾ ਮਾਰਨਾ ਲਿਖਿਆ ਸੀ? ਮੇਰੀ ਜਵਾਨੀ, ਮੇਰਾ ਪੁੱਤ, ਮੇਰਾ ਪਤੀ…ਪਰਦਾ ਪਾਣ ਲਈ ਕੰਵਰ ਜੀ ਨੇ ਇੱਕ ਅਮਲੀ ਬੁੱਢੜਾ ਮੇਰੇ ਲਈ ਸਹੇੜ ਦਿੱਤਾ ਸੀ, ਜਿਹੜਾ ਪਰ ਵਾਢੀਆਂ ਦੇ ਦਿਨੀਂ ਮਰ ਗਿਆ ਸੀ....ਤੇ ਹੁਣ ਜਦੋਂ ਮੈਨੂੰ ਰਾਜਾ ਚੁਣਨ ਦਾ ਹੱਕ ਮਿਲਿਆ ਹੈ, ਤੇ ਮੈਂ ਪੰਡਤ ਨਹਿਰੂ ਵਾਲੇ ਡੱਬੇ ਨੂੰ ਭਰ ਕੇ ਉਹਨੂੰ ਆਪਣੇ ਲੋਕਾਂ ਦਾ ਰਾਜਾ ਚੁਣਨਾ ਹੈ, ਤਾਂ ਓਦੋਂ ਕੰਵਰ ਜੀ ਓਸੇ ਡੱਬੇ ਨੂੰ ਸੰਨ੍ਹ ਲਾਈ ਬੈਠੇ ਸਨ। ਤੇ ਸੁੰਦਰਾਂ ਨੇ ਲਿਖਵਾਇਆ:
“ਮੇਰੇ ਦੇਵਤਾ, ਵਾਸਤਾ ਈ ਮੇਰੀ ਵੋਟ ਤੂੰ ਸਿਰਫ਼ ਆਪਣੇ ਲਈ ਈ ਰੱਖੀਂ।
ਏਸ ਵਿਚੋਂ ਇੱਕ ਭੋਰਾ ਵੀ ਕੰਵਰ ਜੀ ਲਈ ਨਹੀਂ—ਉੱਕਾ ਈ ਨਹੀਂ। ਇਹ ਇੱਕ ਮੇਰੀ ਜ਼ਰੂਰ ਮੰਨੀਂ।”
ਇੰਦਰ ਏਨਾ ਲਿਖ ਕੇ ਸੌਂ ਗਿਆ।
ਸੁੰਦਰਾਂ ਚਿੱਠੀ ਦੇ ਕਾਗ਼ਜ਼ ਉੱਤੇ ਨੀਝ ਲਾਈ ਬੈਠੀ ਰਹੀ।
ਉਹ ਏਸ ਚਿੱਠੀ ਦਾ ਇੱਕ ਅੱਖਰ ਵੀ ਨਹੀਂ ਸੀ ਪੜ੍ਹ ਸਕਦੀ, ਪਰ ਅੱਖਰਾਂ ਤੋਂ ਕਿਤੇ ਵੱਧ ਉਹ ਪੜ੍ਹ ਰਹੀ ਸੀ। ਉਹ ਆਪਣੀ ਸਾਰੀ ਵਿਥਿਆ, ਏਸ ਵਿਚੋਂ ਪੜ੍ਹ ਰਹੀ ਸੀ, ਤੇ ਉਹਦੀ ਸੱਧਰ ਸੀ ਕਿ ਉਹਦਾ ਦੇਵਤਾ ਨਹਿਰੂ ਵੀ ਉਹਦੇ ਵਾਂਗ, ਅੱਖਰਾਂ ਤੋਂ ਕਿਤੇ ਵੱਧ, ਬਹੁਤ ਕੁਝ ਏਸ ਚਿੱਠੀ ਵਿਚੋਂ ਪੜ੍ਹ ਲਏ।
ਕੱਲ੍ਹ ਉਨ੍ਹਾਂ ਦੇ ਪਿੰਡ ਵੋਟਾਂ ਪੈਣੀਆਂ ਸਨ, ਤੇ ਸੁੰਦਰਾਂ ਨੇ ਪੱਕੀ ਧਾਰੀ ਹੋਈ ਸੀ, ਤੇ ਇਹ ਉਹਨੇ ਆਪਣੇ ਪੁੱਤਰ ਇੰਦਰ ਨੂੰ ਵੀ ਨਹੀਂ ਸੀ ਦੱਸਿਆ, ਕਿ ਉਹ ਵੋਟਾਂ ਪਾਉਣ ਵੇਲੇ ਅਛੋਪਲੇ ਈ ਪੰਡਤ ਨਹਿਰੂ ਵਾਲੇ ਡੱਬੇ ਵਿਚ ਇਹ ਚਿੱਠੀ ਵੀ ਪਾ ਦਏਗੀ।
[1957]