Punjabi Stories/Kahanian
ਜਰਨੈਲ ਸਿੰਘ
Jarnail Singh
Punjabi Kavita
  

Parchhavein Jarnail Singh

ਪਰਛਾਵੇਂ ਜਰਨੈਲ ਸਿੰਘ

ਪੱਲੇ ਦੀ ਰਸਮ ਅਦਾ ਕਰ ਰਹੇ ਜਨਮੀਤ ਸਿੰਘ ਦੀਆਂ ਅੱਖਾਂ ਵਿਚਲਾ ਪਾਣੀ ਡੁੱਲੂੰ-ਡੁੱਲੂੰ ਕਰ ਰਿਹਾ ਸੀ। ਉਸਦੇ ਹੱਥਾਂ ਵਿੱਚ ਕੰਬਣੀ ਸੀ ਤੇ ਮੱਥੇ ਉੱਤੇ ਹਲਕੀ-ਹਲਕੀ ਤ੍ਰੇਲੀ। ਪਰ ਫਿਰ ਵੀ ਚਿਹਰੇ ਉੱਤੇ ਧੁੱਪ ਵਰਗੀ ਕੋਈ ਚਮਕ ਸੀ।
ਤਿੱਲੇ-ਗੋਟੇ ਨਾਲ਼ ਸ਼ਿੰਗਾਰੀ ਝਿਲਮਿਲ-ਝਿਲਮਿਲ ਕਰਦੀ ਗੁਲਾਬੀ ਪੁਸ਼ਾਕ ਅਤੇ ਨੱਕ, ਕੰਨ, ਗਲ਼ ਤੇ ਹੱਥਾਂ 'ਚ ਪਏ ਗਹਿਣਿਆਂ ਸੰਗ ਸਜਿਆ-ਸੰਵਰਿਆ ਇੰਦੂ ਦਾ ਰੰਗ-ਰੂਪ ਵੇਖ ਕੇ ਉਹ ਮਾਣ ਨਾਲ਼ ਭਰ ਗਿਆ। ਇੰਦੂ ਦੇ ਨਾਲ਼ ਬੈਠੇ ਜੱਸ ਨੂੰ ਕਿਹੜਾ ਘੱਟ ਰੂਪ ਚੜ੍ਹਿਆ ਸੀ। ਠੋਕ ਕੇ ਬੰਨ੍ਹੀ ਹੋਈ ਪੱਗ, ਕਰੀਮ ਰੰਗ ਦੀ ਅਚਕਨ ਤੇ ਸਫੈਦ ਚੂੜੀਦਾਰ ਪਜਾਮੇ ਵਿੱਚ ਉਸਦੀ ਫੱਬ ਵੀ ਜਨਮੀਤ ਨੂੰ ਪ੍ਰਭਾਵਸ਼ਾਲੀ ਲੱਗੀ।
ਮੁੜ ਕੇ ਆਪਣੀ ਥਾਂ 'ਤੇ ਬੈਠਦਿਆਂ ਜਨਮੀਤ ਨੇ ਕੁਝ ਦੇਰ ਨੀਵੀਂ ਪਾਈ ਰੱਖੀ। ਤੇ ਫਿਰ ਉਸਨੇ ਹਾਲ ਦੇ ਚੁਫੇਰੇ ਨਜ਼ਰ ਘੁਮਾਈ। ਅਨੰਦ-ਕਾਰਜ 'ਚ ਸ਼ਾਮਲ ਹੋਣ ਲਈ ਪਹੁੰਚੇ ਤੇ ਪਹੁੰਚ ਰਹੇ ਲੋਕਾਂ ਨਾਲ਼ ਗੁਰਦਵਾਰੇ ਦਾ ਹਾਲ ਭਰਦਾ ਜਾ ਰਿਹਾ ਸੀ। ਚਿਹਰੇ ਜਨਮੀਤ ਦੇ ਪਹਿਚਾਣੇ ਹੋਏ ਵੀ ਸਨ ਤੇ ਅਣਪਹਿਚਾਣੇ ਵੀ...ਔਰਤਾਂ ਵੱਲ ਦੇ ਪਾਸੇ, ਮੂਹਰੇ ਬੈਠੀ ਹੋਈ ਬਲਬੀਰ ਕੌਰ ਦਾ ਚਿਹਰਾ ਜਨਮੀਤ ਨੂੰ ਨਿੱਖਰਵਾਂ-ਨਿੱਖਰਵਾਂ ਲੱਗਾ। ਤੇ ਫਿਰ ਜਨਮੀਤ ਦਾ ਧਿਆਨ ਆਦਮੀਆਂ ਦੇ ਮੂਹਰੇ ਬੈਠੇ ਬਲਬੀਰ ਦੇ ਬਾਪੂ ਵੱਲ ਚਲਾ ਗਿਆ - ਪੁੱਠੀ ਚਾੜ੍ਹੀ ਹੋਈ ਸਫੈਦ ਦਾੜ੍ਹੀ, ਚਿਹਰਾ ਕੁਝ ਉਦਾਸ। ਉਸਦੇ ਨਾਲ਼ ਹੀ ਤੇਜ ਬੈਠਾ ਸੀ - ਸਿਰ 'ਤੇ ਚਿੱਟਾ ਰੁਮਾਲ, ਚਿੱਟੀ ਕਮੀਜ਼ ਨਾਲ਼ ਕਾਲ਼ੀ ਟਾਈ...।
ਫੋਟੋ-ਕੈਮਰੇ ਦੀ ਫਲੈਸ਼ ਜਨਮੀਤ ਦੇ ਧਿਆਨ ਨੂੰ ਫਿਰ ਬਲਬੀਰ ਕੌਰ ਵੱਲ ਲੈ ਗਈ। ਉਸਨੂੰ ਇੰਜ ਲੱਗਾ ਜਿਵੇਂ ਬਲਬੀਰ ਦੀ ਚੁੰਨੀ ਦਾ ਹਲਕਾ ਗੁਲਾਬੀ ਰੰਗ ਗੂੜ੍ਹਾ ਹੁੰਦਾ-ਹੁੰਦਾ ਉਸਦੇ ਨਜ਼ਦੀਕ ਆ ਰਿਹਾ ਹੋਵੇ...ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਲਬੀਰ, ਜਨਮੀਤ ਦੇ ਕੋਲ਼ ਬੈਠੀ ਸੀ...ਬਲਬੀਰ ਦਾ ਬਾਪੂ ਜਨਮੀਤ ਦੇ ਪੱਲੇ ਦਾ ਲੜ ਬਲਬੀਰ ਨੂੰ ਫੜਾ ਰਿਹਾ ਸੀ।
...ਸਹੁਰੇ-ਘਰ ਵਿੱਚ ਬਲਬੀਰ ਨੇਮ ਨਾਲ਼, ਸਵੇਰੇ ਵੇਲੇ ਸਿਰ ਉੱਠਦੀ, ਅੰਦਰ ਬਾਹਰ ਸੰਭਰਦੀ, ਨਹਾ ਕੇ ਪਾਠ ਕਰਦੀ ਤੇ ਕੰਮਾਂ ਵਿੱਚ ਰੁੱਝ ਜਾਂਦੀ।
"ਮੈਂ ਤਾਂ ਕਹਿੰਨੀ ਆਂ ਏਦਾਂ ਦੀ ਸੁਚੱਜੀ ਨੂੰਹ ਘਰ-ਘਰ ਹੋਵੇ। ਧੰਨ ਭਾਗ ਸਾਡੇ।" ਜਨਮੀਤ ਦੀ ਮਾਂ ਹੁੱਬ-ਹੁੱਬ ਲੋਕਾਂ ਨਾਲ਼ ਗੱਲਾਂ ਕਰਦੀ।
ਸੁਹਣੇ ਨੈਣ-ਨਕਸ਼ਾਂ ਅਤੇ ਸੁਡੌਲ ਸਰੀਰ ਵਾਲ਼ੀ ਬਲਬੀਰ ਨੂੰ ਪਾ ਕੇ ਜਨਮੀਤ ਵੀ ਖੁਸ਼ ਸੀ।
ਇਹ ਬਲਬੀਰ ਦਾ ਟੱਬਰ ਵਿੱਚ ਉਸਰ ਰਿਹਾ ਮਾਣ ਹੀ ਤਾਂ ਸੀ ਕਿ ਉਹ ਪੋਲੇ ਜਿਹੇ ਹੱਥ ਨਾਲ਼, ਸੁੱਤੇ ਪਏ ਜਨਮੀਤ ਦਾ ਮੋਢਾ ਹਲੂਣਦੀ ਕਹਿੰਦੀ, "ਉੱਠੋ ਜੀ! ਉੱਠ ਕੇ ਕੋਈ ਕੰਮ ਕਰੋ।"
"ਕੀ ਕੰਮ ਕਰਾਂ?" ਜਨਮੀਤ ਨੂੰ ਖਿਝ ਚੜ੍ਹ ਜਾਂਦੀ।
"ਲਉ, ਕੰਮ ਵੀ ਕਦੀ ਮੁੱਕੇ ਆ। ਔਹ ਤੂਤ ਦੇ ਨਾਲ਼ ਵਾਲ਼ਾ ਥਾਂ ਈ ਗੁੱਡ ਦਿੰਦੇ। ਸਬਜ਼ੀ ਲਾ ਲਾਂ ਗੇ।" ਘਰ- ਜੋ ਖੇਤਾਂ ਵਿੱਚ ਸੀ- ਤੋਂ ਥੋੜ੍ਹਾ ਹਟਵੇਂ ਦਸ ਕੁ ਮਰਲੇ ਥਾਂ ਵੱਲ ਹੱਥ ਕਰਦੀ ਉਹ ਆਖਦੀ।
"ਕੋਈ ਵੱਤ ਲੰਘੀ ਜਾਂਦੀ ਆ। ਗੁੱਡ ਦਊਂਗਾ ਤਿਕਾਲਾਂ ਨੂੰ। ਹੁਣ ਪੈ ਲੈਣ ਦੇ ਘੜੀ।" ਪਾਸਾ ਬਦਲਦਾ ਹੋਇਆ ਉਹ ਉੱਪਰ ਲਈ ਖੇਸੀ ਨੂੰ ਹੋਰ ਘੁੱਟ ਲੈਂਦਾ।
ਜਨਮੀਤ ਦਿਨ ਚੜ੍ਹੇ ਉੱਠਣ ਦਾ ਆਦੀ ਸੀ। ਆਪਣੇ ਪਿੰਡ ਦੇ ਕਾਰਖਾਨੇਦਾਰ ਦੀ ਟੋਕਾ-ਫੈਕਟਰੀ 'ਚ ਥੋੜ੍ਹੇ ਕੁ ਪੈਸਿਆਂ ਵਾਲ਼ੀ ਨੌਕਰੀ ਸੀ ਉਸਦੀ। ਮਾਲਕ ਨਾਲ਼ੇ ਤਾਂ ਉਸ ਤੋਂ ਦਫਤਰੀ ਕੰਮ ਕਰਵਾਉਂਦੇ ਅਤੇ ਨਾਲ਼ੇ ਬਿਲਟੀਆਂ, ਬੈਂਕਾਂ ਆਦਿ ਦੇ ਕੰਮਾਂ 'ਚ ਉਸਨੂੰ ਸ਼ਹਿਰ ਦੀਆਂ ਸੜਕਾਂ 'ਤੇ ਨਠਾਈ ਰੱਖਦੇ। ਜਨਮੀਤ ਦਾ ਦਿਲ ਕਰਦਾ ਕਿ ਉਹ ਹਿਸਾਬ-ਕਿਤਾਬ ਵਾਲ਼ੇ ਰਜਿਸਟਰ ਅਤੇ ਟੁੱਟਾ ਜਿਹਾ ਸਾਈਕਲ ਉਨ੍ਹਾਂ ਦੇ ਮੱਥੇ 'ਚ ਮਾਰ ਕੇ ਕਾਰਖਾਨੇ ਤੋਂ ਬਾਹਰ ਹੋ ਜਾਵੇ। ਪਰ ਕਿੱਥੇ? ...ਆਪਣੀ ਖਿਝ ਉਹ ਕਵਿਤਾਵਾਂ ਰਾਹੀਂ ਕੱਢ ਲੈਂਦਾ।
ਦਸਵੀਂ ਤੋਂ ਬਾਅਦ ਜਨਮੀਤ ਨੇ ਘਰਦਿਆਂ 'ਤੇ ਜ਼ੋਰ ਪਾ ਕੇ ਮਸਾਂ ਹੀ ਕਾਲਜ 'ਚ ਦਾਖਲਾ ਲਿਆ ਸੀ...ਕਾਲਜ ਦੇ ਸਭਿਆਚਾਰਕ ਪ੍ਰੋਗਰਾਮਾਂ ਤੇ ਸ਼ੇਅਰੋ-ਸ਼ਾਇਰੀ ਦੀਆਂ ਮਹਿਫਲਾਂ ਵਿੱਚ ਉਹ ਵਧ-ਚੜ੍ਹ ਕੇ ਹਿੱਸਾ ਲੈਂਦਾ। ਆਪਣੇ ਨਾਲ਼ ਦੇ ਮੁੰਡਿਆਂ-ਕੁੜੀਆਂ ਨਾਲ਼ ਘੁਲ਼-ਮਿਲ਼ ਕੇ ਵਿਚਰਦਾ।
...ਦੋ ਕੁ ਸਾਲ ਹੀ ਬੀਤੇ ਸਨ ਕਿ ਉਸਦੇ ਭਰਾ-ਭਰਜਾਈ ਅਲੱਗ ਹੋ ਗਏ। ਇੱਕ ਤਾਂ ਜ਼ਮੀਨ ਥੋੜ੍ਹੀ ਰਹਿ ਗਈ ਤੇ ਦੂਜਾ ਦਮੇ ਦੀ ਬੀਮਾਰੀ ਦੇ ਹਿਲਾਏ ਜਨਮੀਤ ਦੇ ਭਾਪੇ ਕੋਲ਼ੋਂ ਹੁਣ ਕੰਮ ਨਾਲ਼ ਪੁੱਗ ਨਹੀਂ ਸੀ ਹੁੰਦਾ। ਜਨਮੀਤ ਨੇ ਸ਼ੁਰੂ ਤੋਂ ਹੀ ਖੇਤੀ ਦੇ ਕੰਮ ਨੂੰ ਘੱਟ ਹੱਥ ਲਾਇਆ ਸੀ...ਤੰਗੀਆਂ-ਤੁਰਸ਼ੀਆਂ ਵਧਣ ਲੱਗੀਆਂ। ਮੱਘਰ ਸਿੰਘ ਨੇ ਪੁੱਤ ਨੂੰ ਕਹਿ ਦਿੱਤਾ ਸੀ ਕਿ ਉਹ ਪੜ੍ਹਾਈ ਛੱਡ ਕੇ ਨੌਕਰੀ ਲੱਭੇ। ਪਰ ਸਿਫਾਰਿਸ਼ ਤੋਂ ਬਿਨਾਂ ਕੌਣ ਪੁੱਛਦਾ ਸੀ...ਮੱਘਰ ਸਿੰਘ ਨੇ ਟੋਕਾ-ਫੈਕਟਰੀ ਵਾਲ਼ੇ ਸਰਦਾਰਾਂ ਅੱਗੇ ਤਰਲਾ ਕੀਤਾ। ਉਨ੍ਹਾਂ ਜਨਮੀਤ ਨੂੰ ਰੱਖ ਲਿਆ ਸੀ।
ਘਾਟਾ ਪਾਉਂਦੀ ਖੇਤੀ ਉਨ੍ਹਾਂ ਛੱਡ ਦਿੱਤੀ ਸੀ।
ਜਦੋਂ ਬਲਬੀਰ ਇਸ ਘਰ 'ਚ ਆਈ ਤਾਂ ਉਸਨੂੰ ਉਬਾਸੀਆਂ ਜਿਹੀਆਂ ਲਈ ਜਾਂਦਾ ਟੱਬਰ ਬੜਾ ਅਜ਼ੀਬ ਲੱਗਾ। ...ਜਨਮੀਤ ਦਾ ਨੌਕਰੀ ਤੋਂ ਬਾਹਰੇ ਕੰਮ ਨਾਲ਼ ਜਿਵੇਂ ਕੋਈ ਸਰੋਕਾਰ ਹੀ ਨਹੀਂ ਸੀ। ਘਰ ਵਿੱਚ ਜੇ ਉਹ ਕੋਈ ਕੰਮ ਕਰਦਾ ਵੀ ਤਾਂ ਸਿਰਫ ਉਹੀ ਜੋ ਐਨ੍ਹ ਸਿਰ 'ਤੇ ਆਣ ਡਿਗਿਆ ਹੁੰਦਾ...ਤੇ ਤੂਤ ਨਾਲ਼ ਦੇ ਥਾਂ ਦਾ ਘਾਹ ਉਸਨੂੰ ਕੀ ਕਹਿੰਦਾ ਸੀ?
...ਇੱਕ ਦਿਨ ਤੜਕਸਾਰ ਬਲਬੀਰ ਨੂੰ ਬਿਸਤਰ 'ਤੇ ਨਾ ਵੇਖ ਕੇ ਜਦੋਂ ਜਨਮੀਤ ਉੱਠ ਕੇ ਬਾਹਰ ਆਇਆ ਤਾਂ ਵੇਖਿਆ ਕਿ ਚੁੰਨੀ ਨੂੰ ਲੱਕ ਦੁਆਲ਼ੇ ਬੰਨ੍ਹੀ ਬਲਬੀਰ ਕਹੀ ਵਾਹ ਰਹੀ ਸੀ। "ਐਹ ਸਾਰਾ ਹੁਣੇ ਈਂ ਗੁੱਡਿਐ?" ਘਾਹ ਚੁਗ-ਚੁਗ ਕੇ ਪੱਧਰੇ ਤੇ ਪੋਲੇ ਕੀਤੇ ਗਏ ਥਾਂ ਦਾ ਨਿਰੀਖਣ ਜਿਹਾ ਕਰਦਿਆਂ ਉਸਨੇ ਪੁੱਛਿਆ ਸੀ।
"ਨਹੀਂ, ਕੱਲ੍ਹ ਤੜਕੇ ਵੀ ਘੜੀ ਲਾਈ ਸੀ।" ਲਾਲੀ 'ਚ ਮਘ ਰਹੇ ਚਿਹਰੇ ਤੋਂ ਚੁੰਨੀ ਨਾਲ਼ ਪਸੀਨਾ ਪੂੰਝਦੀ ਬਲਬੀਰ ਬੋਲੀ ਸੀ।
"ਬੀਰੀਏ! ਮੰਨ ਗਏ ਬਈ ਤੈਨੂੰ। ਆਪਣੀ ਧੁਨ ਦੀ ਤੂੰ ਬੜੀ ਪੱਕੀ ਐਂ।" ਕਹਿੰਦਿਆਂ ਜਨਮੀਤ ਨੇ ਉਸ ਹੱਥੋਂ ਕਹੀ ਫੜ ਲਈ ਸੀ।
ਦੋਨਾਂ ਰਾਹੀਂ ਗੁੱਡੇ-ਸੰਵਾਰੇ ਥਾਂ ਵਿੱਚ ਮੂਲੀਆਂ, ਗਾਜਰਾਂ, ਗੋਭੀ, ਪਾਲਕ ਆਦਿ ਦੀ ਫਸਲ ਏਨੀ ਭਰੀ ਕਿ ਆਂਢ-ਗੁਆਂਢ ਵੀ ਰੱਜ ਗਿਆ।
...ਤੇ ਫਿਰ ਉਨ੍ਹਾਂ ਦੀ ਸਬਜ਼ੀ ਦੀ ਫਸਲ ਕਿਆਰਿਆਂ ਤੋਂ ਕਨਾਲ਼ਾਂ ਅਤੇ ਕਨਾਲ਼ਾਂ ਤੋਂ ਘੁਮਾਵਾਂ ਤੱਕ ਵਧਣ ਲੱਗੀ। ਜ਼ਮੀਨ ਉਹ ਪੈਸਿਆਂ 'ਤੇ ਵਹਾ ਲੈਂਦੇ ਤੇ ਪੈਸਿਆਂ 'ਤੇ ਹੀ ਲਾਗਲੇ ਟਿਯੂਬਵੈੱਲਾਂ ਤੋਂ ਪਾਣੀ ਲਾ ਲੈਂਦੇ।
ਸੱਥ ਅਤੇ ਗਲ਼ੀ-ਮੁਹੱਲੇ ਵਿੱਚ ਉਨ੍ਹਾਂ ਦੀਆਂ ਗੱਲਾਂ ਚੱਲ ਪਈਆਂ ਸਨ:
"ਲੈ ਬਈ! ਫੌਜੀ ਦੀ ਧੀ ਨੇ ਮੱਘਰ ਸਿਹੁੰ ਦੇ ਘਰ 'ਚੋਂ ਆਲਸ ਕੱਢ ਦਿੱਤੈ।"
"ਪੁੱਛੋ ਨਾ, ਹੁਣ ਤਾਂ ਕੰਮ ਨੂੰ ਵਖਤ ਪਾਈ ਰੱਖਦੇ ਆ।"
"ਸਾਰੇ ਜੀਆਂ ਦਾ ਬਹਿਣ-ਉੱਠਣ ਹੀ ਬਦਲ ਗਿਐ। ਚਿਹਰਿਆਂ ਤੇ ਵੀ ਹੁਣ ਤਾਂ ਰੌਣਕ ਦਿਸਦੀ ਆ।"
...ਤੇ ਜਦੋਂ ਬਲਬੀਰ ਨੇ ਇੰਦੂ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਦੇ ਘਰ ਵਿੱਚ ਇੱਕ ਨਵੀਂ ਹੀ ਰੌਣਕ ਆ ਗਈ ਸੀ।
ਇੰਦੂ ਤੇ ਜੱਸ ਦੀਆਂ ਲਾਵਾਂ ਹੋ ਚੁੱਕੀਆਂ ਸਨ। ਰਾਗੀ ਸਿੰਘ 'ਵੀਆਹੁ ਹੋਆ ਮੇਰੇ ਬਾਬਲਾ' ਸ਼ਬਦ ਦਾ ਗਾਇਨ ਕਰ ਰਹੇ ਸਨ...ਜਨਮੀਤ ਦਾ ਭਰ ਆਇਆ ਮਨ ਗੁੱਡੀਆਂ-ਪਟੋਲੇ ਖੇਡ ਰਹੀ ਇੰਦੂ ਨੂੰ ਵੇਖ ਰਿਹਾ ਸੀ...ਆਪਣੇ ਵੀਰ ਤੇਜ ਨੂੰ ਖੇਲ੍ਹੇ ਪਾਉਣ ਲਈ ਉਹ ਵਿਹੜੇ 'ਚ ਪਈਆਂ ਟੁੱਟੀਆਂ-ਭੱਜੀਆਂ ਚੀਜ਼ਾਂ ਨੂੰ ਖਿਡਾਉਣਿਆਂ ਵਾਂਗ ਵਰਤ ਰਹੀ ਸੀ...ਜਨਮੀਤ ਜਦੋਂ ਨਿਆਣਿਆਂ ਦਾ ਚਾਅ ਪੂਰਾ ਕਰਨ ਜਾਂ ਘਰ ਵਾਸਤੇ ਕੋਈ ਮਨ-ਲਗਦੀ ਚੀਜ਼ ਖਰੀਦਣੀ ਚਾਹੁੰਦਾ ਤਾਂ ਉਸਦੀ ਜੇਬ ਉਸਦਾ ਹੱਥ ਘੁੱਟਣ ਲੱਗ ਪੈਂਦੀ। ਜਨਮੀਤ ਦੀ ਤਨਖਾਹ ਅਤੇ ਡੇਢ-ਦੋ ਘੁਮਾਵਾਂ ਦੀ ਸਬਜ਼ੀ 'ਚੋਂ ਆਉਂਦੀ ਆਮਦਨ, ਦਿਨੋ-ਦਿਨ ਵਧ ਰਹੀਆਂ ਲੋੜਾਂ ਦੇ ਮੁਕਾਬਲੇ ਸੁੰਗੜਦੀ ਜਾ ਰਹੀ ਸੀ।
...ਤੇ ਆਪਣੇ ਵਾਕਿਫ ਇੱਕ ਟ੍ਰੈਵਲ-ਏਜੰਟ ਦੇ ਕਹਿਣ 'ਤੇ ਜਨਮੀਤ ਕਨੇਡਾ ਬਾਰੇ ਸਕੀਮਾਂ ਬਣਾਉਣ ਲੱਗ ਪਿਆ।
ਹਵਾਈ-ਟਿਕਟ ਲਈ ਰਕਮ ਪੂਰੀ ਨਹੀਂ ਸੀ ਹੋ ਰਹੀ। ਬਲਬੀਰ ਨੇ ਆਪਣੇ ਗਹਿਣੇ ਜਨਮੀਤ ਮੂਹਰੇ ਢੇਰੀ ਕਰ ਦਿੱਤੇ ਸਨ।
"ਨਹੀਂ ਬੀਰੀਏ...।" ਜਨਮੀਤ ਗਹਿਣਿਆਂ ਨੂੰ ਭਾਵੇਂ ਕੋਈ ਮਹੱਤਤਾ ਨਹੀਂ ਸੀ ਦੇਂਦਾ ਪਰ ਸੁਹਿਰਦਤਾ ਦੀ ਮੂਰਤ ਬਣੀ ਬਲਬੀਰ ਵੱਲ ਵੇਖਦਿਆਂ ਉਹ ਪ੍ਰਭਾਵਿਤ ਹੋਣੋ ਨਾ ਰਹਿ ਸਕਿਆ।
"ਤੁਸੀਂ ਪਰਵਾਹ ਨਾ ਕਰੋ ਜੀ। ਜਦੋਂ ਹਿੰਮਤ ਹੋਈ ਫਿਰ ਬਣ ਜਾਣਗੇ। ਆਪਾਂ ਕਰਜਾ ਨਹੀਂ ਚੁੱਕਣਾ।" ਬਲਬੀਰ ਦੇ ਬੋਲਾਂ ਵਿੱਚ ਠਰੰ੍ਹਮਾ ਅਤੇ ਬੁੱਲ੍ਹਾਂ 'ਤੇ ਮੁਸਕਰਾਹਟ ਸੀ।
ਬਲਬੀਰ ਦੇ ਭੇਜੇ ਹੋਏ ਸੁਨੇਹੇ 'ਤੇ ਅੜੀ-ਥੁੜੀ ਰਕਮ ਉਸਦਾ ਬਾਪੂ ਆ ਕੇ ਫੜਾ ਗਿਆ ਸੀ।
ਗੁਰਦਵਾਰਾ-ਹਾਲ ਵਿੱਚ ਵੀਡੀਓ-ਕੈਮਰੇ ਤੇ ਫੋਟੋ-ਕੈਮਰੇ ਵਿਆਹ ਦਾ ਇਤਿਹਾਸ ਅੰਕਿਤ ਕਰੀ ਜਾ ਰਹੇ ਸਨ। ਜਨਮੀਤ ਦੇ ਮਨ ਵਿੱਚ ਅਤੀਤ ਦਾ ਇਤਿਹਾਸ ਦ੍ਰਿਸ਼ਮਈ ਹੋ ਰਿਹਾ ਸੀ...ਉਹ ਅਜੇ ਹੋਰ ਬਹਿਣਾ ਚਾਹੁੰਦਾ ਸੀ। ਪਰ ਉਸ ਵੱਲ ਝਾਕਦੀਆਂ ਲੋਕਾਂ ਦੀਆਂ ਨਜ਼ਰਾਂ ਉਸ ਅੰਦਰਲੀ ਬੇਚੈਨੀ ਨੂੰ ਹੋਰ ਵਧਾਉਣ ਲੱਗ ਪਈਆਂ...ਉਹ ਉੱਠ ਪਿਆ। ਵਾਰਨੇ ਕਰਕੇ ਉਸਨੇ ਇੰਦੂ ਤੇ ਜੱਸ ਦੇ ਸਿਰਾਂ 'ਤੇ ਹੱਥ ਰੱਖਦਿਆਂ "ਸੁਖੀ ਵਸੋ" ਦੀ ਅਸੀਸ ਦਿੱਤੀ ਤੇ ਹਾਲ ਤੋਂ ਬਾਹਰ ਆ ਗਿਆ। ਉਸਦੀ ਕਾਰ ਗੁਰਦਵਾਰੇ ਦੀ ਪਾਰਕਿੰਗ ਛੱਡ ਰਹੀ ਸੀ। ਪਰ ਕਾਰ ਨੇ ਪਹੁੰਚਣਾ ਕਿੱਥੇ ਸੀ - ਇਸ ਬਾਰੇ ਉਸਨੂੰ ਕੁਝ ਨਹੀਂ ਸੀ ਪਤਾ। ਉਹ ਸੜਕ ਤੋਂ 'ਫੋਰ ਓ ਵਨ' ਹਾਈ-ਵੇ 'ਤੇ ਪੈ ਗਿਆ...ਉਸਦੇ ਜ਼ਿਹਨ 'ਚ ਉਸਦੀ ਇਹ ਕਵਿਤਾ ਘੁੰਮ ਰਹੀ ਸੀ:
ਮਨ ਤੋਂ ਮਨ ਤੱਕ ਜਾਵੇ ਜਿਹੜੀ
ਸੜਕ ਉਹੀ ਹੈ ਮੰਜ਼ਲ ਮੇਰੀ...।
'ਸੜਕ ਮੰਜ਼ਲ ਕਿਵੇਂ ਹੋ ਸਕਦੀ ਏ? ਇਹ ਸੱਚ ਨਹੀਂ ਜਾਪਦਾ'। ਉਸਦੇ ਇੱਕ ਮਨ ਨੇ ਕਿੰਤੂ ਕੀਤਾ।
'ਜ਼ਿੰਦਗੀ ਦੇ ਸੱਚ ਹਮੇਸ਼ਾ ਬਦਲਦੇ ਰਹਿੰਦੇ ਨੇ। ਸ਼ਾਇਦ ਇਹ ਉਦੋਂ ਦਾ ਸੱਚ ਸੀ ਜਦੋਂ ਕਵਿਤਾ ਲਿਖੀ ਸੀ।' ਉਸਦੇ ਦੂਜੇ ਮਨ ਨੇ ਜਵਾਬ ਦਿੱਤਾ।
ਇਸੇ ਦੌਰਾਨ ਉਸਦਾ ਧਿਆਨ ਨੇੜੇ ਪੈਂਦੀ ਸਜੀ-ਸਜਾਈ ਹਰਿਆਵਲ ਵੱਲ ਚਲਾ ਗਿਆ। ਐਗਜ਼ਿਟ ਲੈ ਕੇ ਉਸਨੇ ਕਾਰ, ਇੱਕ ਵਿਸ਼ਾਲ ਪਾਰਕ ਵੱਲ ਮੋੜ ਲਈ।
ਅਦਭੁੱਤ ਰੰਗਾਂ ਵਾਲ਼ੇ ਫੁੱਲਾਂ ਦੀਆਂ ਕਿਆਰੀਆਂ ਵਿੱਚ ਘੁੰਮ ਰਹੇ ਜਨਮੀਤ ਦਾ ਮਨ ਖੁਸ਼ ਸੀ। ਪਰ ਕੁਝ ਦੇਰ ਬਾਅਦ ਆਪਣੇ ਅੰਦਰ ਇੱਕ ਇਕੱਲ ਜਿਹੀ ਮਹਿਸੂਸ ਕਰਦਿਆਂ ਉਹ ਉਦਾਸ ਹੋ ਗਿਆ।
ਇਹ ਇਕੱਲ ਤੇ ਉਦਾਸੀ ਉਸਨੇ ਉਦੋਂ ਇੰਡੀਆ ਤੋਂ ਕਨੇਡਾ ਆ ਕੇ ਵੀ ਹੰਢਾਈ ਸੀ। ਪਰ ਉਹ ਇਕੱਲ ਸ਼ਾਇਦ ਕੁਝ ਹੋਰ ਤਰ੍ਹਾਂ ਦੀ ਸੀ...ਮਹੀਨੇ ਕੁ ਦੇ ਵਕਫੇ ਪਿੱਛੋਂ ਜਦੋਂ ਬਲਬੀਰ ਦੀ ਚਿੱਠੀ ਪਹੁੰਚਦੀ ਤਾਂ ਉਸਦੀਆਂ ਉਡੀਕਵਾਨ ਅੱਖਾਂ ਨੂੰ ਆਪਣੇ ਮੇਲ-ਬੌਕਸ ਵਿੱਚ ਕੋਈ ਲੋਅ ਜਗਦੀ ਪ੍ਰਤੀਤ ਹੁੰਦੀ।
ਆਪਣੇ ਹਰੇਕ ਪਿਆਰ-ਸੰਦੇਸੜੇ ਵਿੱਚ ਬਲਬੀਰ, ਜਨਮੀਤ ਨੂੰ ਪਿੱਛੇ ਬਾਰੇ ਕੋਈ ਫਿਕਰ ਨਾ ਕਰਨ ਅਤੇ ਆਪਣਾ ਖਿਆਲ ਰੱਖਣ ਲਈ ਕਹਿੰਦੀ। ਸਮੇਂ ਦੇ ਕੱਸਵੇਂ ਖਾਤੇ ਵਿੱਚੋਂ ਨੀਂਦ ਦੇ ਘੰਟੇ ਮਨਫੀ ਕਰਕੇ ਜਨਮੀਤ ਲੰਬੀਆਂ-ਲੰਬੀਆਂ ਚਿੱਠੀਆਂ ਵਿੱਚ ਬਲਬੀਰ, ਇੰਦੂ, ਤੇਜ ਤੇ ਬੀਬੀ-ਭਾਪੇ ਲਈ ਮੋਹ ਭਰਦਾ। ਆਪਣੀ ਬੇਆਰਾਮ, ਉਦਾਸ ਅਤੇ ਰੁੱਖੀ ਜ਼ਿੰਦਗੀ ਬਾਰੇ ਲਿਖਦਾ।
ਜਵਾਬ ਵਿੱਚ ਬਲਬੀਰ ਉਸਨੂੰ ਚੰਗੇ ਸਮੇਂ ਦੀ ਆਸ ਵਿੱਚ ਔਖੇ ਸਮੇਂ ਨਾਲ਼ ਨਜਿੱਠਣ ਲਈ ਹੌਸਲਾ ਦੇਂਦੀ।
ਪਰ ਸਮੇਂ ਦੀ ਗਰਦਸ਼ ਵਿੱਚੋਂ ਜਨਮੀਤ ਨੂੰ ਚੰਗੇ ਦਿਨਾਂ ਦੀ ਕੋਈ ਝਲਕ ਨਜ਼ਰ ਨਹੀਂ ਸੀ ਆ ਰਹੀ...ਮਾਈਨਸ ਪੱਚੀ-ਤੀਹ ਡਿਗਰੀ ਸੈਂਟੀਗ੍ਰੇਡ ਵਾਲ਼ੀਆਂ ਬਰਫਾਨੀ ਹਵਾਵਾਂ ਵਿੱਚ ਗੈਸ-ਸਟੇਸ਼ਨਾਂ 'ਤੇ ਜੌਬ ਕਰਦਿਆਂ ਢਾਈ-ਤਿੰਨ ਸਾਲ ਬੀਤ ਗਏ ਸਨ...ਅਜੇ ਤੱਕ ਇੰਮੀਗ੍ਰੇਸ਼ਨ ਕੇਸ ਦੀ ਕੋਈ ਉੱਘ-ਸੁੱਘ ਨਹੀਂ ਸੀ ਨਿਕਲ਼ੀ।
ਤੇ ਫਿਰ ਜਦੋਂ ਭਾਪੇ ਦੀ ਮੌਤ ਹੋਈ ਤਾਂ ਉਸਦਾ ਮੂੰਹ ਦੇਖਣ ਲਈ ਤਰਸਦਾ ਕਿੰਨਾ ਰੋਇਆ ਸੀ ਉਹ। ਕੇਸ ਦਾ ਫੈਸਲਾ ਹੋਏ ਬਗੈਰ ਉਸਦਾ ਕਨੇਡਾ ਤੋਂ ਬਾਹਰ ਜਾਣਾ ਸੰਭਵ ਨਹੀਂ ਸੀ।
ਇੱਕ ਫੈਕਟਰੀ ਵਿੱਚ ਕੁਝ ਸੁਖਾਲ਼ੀ ਜੌਬ ਮਿਲਣ 'ਤੇ ਉਹ ਸ਼ਾਮ ਨੂੰ ਅੰਗ੍ਰੇਜ਼ੀ ਦੀਆਂ ਕਲਾਸਾਂ ਵਿੱਚ ਜਾਣ ਲੱਗ ਪਿਆ...।
ਆਖਰ ਵਾਰੀ ਆ ਹੀ ਗਈ। ਉਸਦੇ ਕੇਸ ਨੂੰ ਸੁਣ ਰਹੀ ਇੰਮੀਗ੍ਰੇਸ਼ਨ ਆਫੀਸਰ, ਉਸਦੀ ਅੰਗ੍ਰੇਜ਼ੀ 'ਚ ਕੀਤੀ ਗੱਲ-ਬਾਤ ਤੋਂ ਏਨੀ ਪ੍ਰਭਾਵਿਤ ਹੋਈ ਕਿ ਜਨਮੀਤ ਨੂੰ ਇੰਮੀਗ੍ਰੇਸ਼ਨ ਦੇਂਦਿਆਂ, ਉਸਨੇ ਉਸੇ ਦਿਨ ਹੀ ਉਸਦੀ ਪਤਨੀ ਤੇ ਬੱਚਿਆਂ ਦਾ 'ਸਪੌਂਸਰਸ਼ਿਪ ਕੇਸ' ਵੀ ਤੋਰ ਦਿੱਤਾ।
...ਤੇ ਫਿਰ ਜਦੋਂ ਜਨਮੀਤ ਨੂੰ ਡਾਕਖਾਨੇ ਦੀ ਚੰਗੇ ਡਾਲਰਾਂ ਵਾਲ਼ੀ ਜੌਬ ਮਿਲ਼ੀ ਤਾਂ ਉਸਨੂੰ ਆਪਣੇ ਅੰਦਰ ਸੁੱਕ ਚੁੱਕੀ ਕਵਿਤਾ ਦੀ ਨਦੀ, ਇੱਕ ਲੰਬੇ ਅਰਸੇ ਬਾਅਦ, ਸਿੰਮ ਰਹੀ ਮਹਿਸੂਸ ਹੋਈ। ਉਸਨੂੰ ਖੁਸ਼ੀ ਹੋਈ ਸੀ ਕਿ ਉਹ ਭੀੜ ਵਿੱਚ ਗੁਆਚਦਾ-ਗੁਆਚਦਾ ਬਚ ਗਿਆ ਸੀ।
ਪਾਰਕ ਵਿੱਚ ਜਨਮੀਤ ਮੇਪਲ ਦੇ ਦ੍ਰਖਤਾਂ ਹੇਠ ਵਗਦੀ ਇੱਕ ਨਿੱਕੀ ਜਿਹੀ ਨਦੀ ਦੇ ਨਾਲ਼-ਨਾਲ਼ ਹੋ ਤੁਰਿਆ। ਅਗਾਂਹ ਜਾ ਕੇ ਨਦੀ ਦੇ ਦੋ ਵਹਿਣ ਬਣ ਗਏ। ਜਨਮੀਤ ਨੂੰ ਇੰਜ ਲੱਗਾ ਜਿਵੇਂ ਇੱਕ ਦੂਜੇ ਤੋਂ ਅੱਡ ਹੋਇਆ ਪਾਣੀ ਥੱਕਾ-ਥੱਕਾ ਜਿਹਾ ਵਗ ਰਿਹਾ ਹੋਵੇ। ਪਰ ਥੋੜ੍ਹੀ ਦੂਰੀ ਤੇ ਜਾ ਕੇ ਮੁੜ ਇਕੱਠਾ ਹੋਣ ਉਪਰੰਤ, ਆਪਸ 'ਚ ਘੁਲ਼-ਮਿਲ਼ ਰਿਹਾ ਪਾਣੀ ਇੰਜ ਰਵਾਨਗੀ ਫੜ ਰਿਹਾ ਸੀ ਜਿਵੇਂ ਕਦੀ ਵਿੱਛੜਿਆ ਹੀ ਨਾ ਹੋਵੇ।...ਟਰਾਂਟੋ ਇੰਟਰਨੈਸ਼ਨਲ ਏਅਰਪੋਰਟ 'ਤੇ ਜਨਮੀਤ ਨੇ ਇੰਦੂ ਤੇ ਤੇਜ ਨੂੰ ਪਤਾ ਨਹੀਂ ਕਿੰਨੀ ਵਾਰ ਬਾਹਾਂ 'ਚ ਲਿਆ ਤੇ ਚੁੰਮਿਆਂ ਸੀ। ਬਲਬੀਰ ਦੁਆਲ਼ੇ ਬਾਂਹ ਵਲ਼ਦਿਆਂ, ਉਸਦੇ ਹੰਝੂ ਵੇਖ ਕੇ, ਜਨਮੀਤ ਦੀਆਂ ਅੱਖਾਂ ਵੀ ਡੁਬਡੁਬਾ ਆਈਆਂ ਸਨ।
ਗਰਮੀਆਂ ਦੇ ਉਨ੍ਹਾਂ ਮਹੀਨਿਆਂ ਦੌਰਾਨ ਜਨਮੀਤ ਪਰਿਵਾਰ ਨੂੰ ਲੈ ਕੇ ਨਿਆਗਰਾ ਫਾਲਜ਼, ਸੀ. ਐਨ. ਟਾਵਰ, ਓਨਟੇਰੀਓ ਪਲੇਸ ਆਦਿ ਥਾਵਾਂ 'ਤੇ ਖੂਬ ਘੁੰਮਿਆਂ ਸੀ।
ਸਤੰਬਰ 'ਚ ਜਦੋਂ ਸਕੂਲ ਖੁੱਲ੍ਹੇ ਤਾਂ ਇੰਦੂ ਨੂੰ ਤੀਜੇ ਅਤੇ ਤੇਜ ਨੂੰ ਪਹਿਲੇ ਗਰੇਡ 'ਚ ਦਾਖਲਾ ਮਿਲ਼ ਗਿਆ।
ਬਲਬੀਰ ਘਰ-ਬਾਰ ਸਾਂਭਦੀ। ਨਿਆਣੇ ਸਕੂਲ ਚਲੇ ਜਾਂਦੇ ਤੇ ਜਨਮੀਤ ਆਪਣੀ ਜੌਬ 'ਤੇ।
...ਤੇ ਫਿਰ ਜਦੋਂ ਇੰਦੂ, ਤੇਜ ਨੂੰ ਤਿਆਰ ਕਰਕੇ ਸਕੂਲ ਲਿਜਾਣ ਲੱਗ ਪਈ ਤਾਂ ਬਲਬੀਰ ਨੇ ਵੀ ਜੌਬ ਕਰ ਲਈ। ਜਨਮੀਤ ਦਾ ਕੰਮ ਸਵੇਰੇ ਲੇਟ ਸ਼ੁਰੂ ਹੁੰਦਾ ਸੀ। ਬਲਬੀਰ ਸਾਝਰੇ ਸ਼ੁਰੂ ਕਰਕੇ ਨਿਆਣਿਆਂ ਦੇ ਸਕੂਲੋਂ ਮੁੜਨ ਤੱਕ ਘਰ ਪਰਤ ਆਉਂਦੀ।
ਕਨੇਡਾ ਦੇ ਜੀਵਨ ਅਨੁਭਵ ਨੂੰ ਨਵੇਂ ਬਿੰਬਾਂ 'ਚ ਸਿਰਜਦੀਆਂ ਜਨਮੀਤ ਦੀਆਂ ਕਵਿਤਾਵਾਂ ਦਾ ਸਾਹਿਤਕ ਹਲਕਿਆਂ ਵਿੱਚ ਜ਼ਿਕਰ ਛਿੜ ਪਿਆ ਸੀ। ਕਵੀ ਦਰਬਾਰਾਂ ਵਿੱਚ ਲੋਕੀਂ ਉਸਦੀ ਸ਼ਾਇਰੀ ਦੀ ਪ੍ਰਸ਼ੰਸਾ ਕਰਦੇ। ਇੱਕ ਵੇਰਾਂ ਟਰਾਂਟੋ 'ਚ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਇੱਕ ਮੁਟਿਆਰ ਨੇ ਉਸ ਕੋਲ਼ ਆ ਕੇ ਕਿਹਾ ਸੀ, "ਕਮਾਲ ਦੀ ਸ਼ਾਇਰੀ ਏ ਤੁਹਾਡੀ...।"
ਕਈ ਮਹੀਨਿਆਂ ਬਾਅਦ ਸਾਹਿਤ ਸਭਾ ਟਰਾਂਟੋ ਦੀ ਇਕੱਤਰਤਾ ਵਿੱਚ ਜਨਮੀਤ ਨੂੰ ਉਹ ਸ਼ਰਬਤੀ ਅੱਖਾਂ ਵਾਲ਼ੀ ਮੁਟਿਆਰ ਫਿਰ ਨਜ਼ਰ ਆ ਗਈ ਸੀ। ਉਸਨੇ ਆਪਣਾ ਸੰਖੇਪ ਜਿਹਾ ਪਰੀਚੈ ਇੰਜ ਦਿੱਤਾ ਸੀ, "ਮੇਰਾ ਨਾਂ ਨੀਲੂ ਏ। ਕਨੇਡਾ ਆਇਆਂ ਚਾਰ ਕੁ ਸਾਲ ਹੋ ਗਏ ਆ। ਇੰਡੀਆ 'ਚ ਪੰਜਾਬੀ ਦੀ ਪੀ.ਐੱਚ.ਡੀ. ਸ਼ੁਰੂ ਕੀਤੀ ਸੀ ਪਰ ਘਰਦਿਆਂ ਨੂੰ ਕਨੇਡਾ ਦਾ ਮੁੰਡਾ ਮਿਲ਼ ਗਿਆ। ਵਿਆਹ ਤੋਂ ਬਾਅਦ ਛੇਤੀ ਹੀ ਏਧਰ ਆ ਗਈ...ਸਾਹਿਤ ਪੜ੍ਹਨ ਦਾ ਕਾਫੀ ਸ਼ੌਕ ਏ। ਕਦੀ-ਕਦੀ ਕਵਿਤਾ ਲਿਖਦੀ ਵੀ ਆਂ"।
ਨੀਲੂ ਦੀ ਆਪਣੀ ਰਚਨਾ ਅਤੇ ਬਾਕੀ ਲੇਖਕਾਂ ਦੀਆਂ ਰਚਨਾਵਾਂ 'ਤੇ ਕੀਤੀਆਂ ਉਸਦੀਆਂ ਟਿੱਪਣੀਆਂ ਸੁਣ ਕੇ ਸਭਾ ਦੇ ਮੈਂਬਰ ਕਹਿ ਉੱਠੇ ਸਨ, "ਤੁਸੀਂ ਏਨਾ ਚਿਰ ਛੁਪੇ ਕਿਉਂ ਰਹੇ?"
"ਟਾਈਮ ਹੀ ਨਹੀਂ ਮਿਲ਼ਿਆ।" ਕਹਿੰਦਿਆਂ ਨੀਲੂ ਨੇ ਗੱਲ ਮੁਕਾ ਦਿੱਤੀ ਸੀ।
ਤੇ ਫਿਰ ਜਦੋਂ ਜਨਮੀਤ ਨੇ ਇੰਡੀਆ ਤੋਂ ਆਏ ਇੱਕ ਸ਼ਾਇਰ ਨਾਲ਼ ਆਪਣੇ ਘਰ ਇੱਕ ਸ਼ਾਮ ਦਾ ਪ੍ਰੋਗਰਾਮ ਰੱਖਿਆ ਤਾਂ ਸਥਾਨਕ ਸ਼ਾਇਰਾਂ ਨਾਲ਼ ਉਸਨੇ ਨੀਲੂ ਨੂੰ ਵੀ ਸੱਦਾ ਦਿੱਤਾ। ਸ਼ੇਅਰੋ-ਸ਼ਾਇਰੀ ਦੇ ਦੌਰ ਵਿੱਚ ਨੀਲੂ ਨੇ ਨਿਝੱਕ ਹੋ ਕੇ ਹਿੱਸਾ ਲਿਆ। ਵਿੱਚੇ ਹੀ ਉਹ ਬਲਬੀਰ ਨਾਲ਼ ਰਸੋਈ 'ਚ ਮੱਦਦ ਕਰਵਾਉਂਦੀ ਤੇ ਸ਼ਾਇਰਾਂ ਨੂੰ ਖਾਣ-ਪੀਣ ਨੂੰ ਫੜਾਉਂਦੀ ਰਹੀ।
"ਕਾਫੀ ਰਲ਼ਮਿਲ਼ੀ ਕੁੜੀ ਆ ਨੀਲੂ। ਹੈ ਵੀ ਆਪਣੇ ਇਲਾਕੇ ਦੀ।" ਸਾਰਿਆਂ ਦੇ ਚਲੇ ਜਾਣ ਬਾਅਦ ਰਸੋਈ ਤੋਂ ਵਿਹਲੀ ਹੋ ਕੇ ਬਲਬੀਰ ਨੇ ਕਿਹਾ ਸੀ।
"ਕਿਹੜੇ ਪਿੰਡੋਂ ਆਂ?" ਜਨਮੀਤ ਨੇ ਪੁੱਛਿਆ ਸੀ।
"ਦਕੋਹਾ, ਮੇਰੀ ਮਾਸੀ ਦਾ ਪਿੰਡ।"
"ਫਿਰ ਤਾਂ ਮੇਰੀ ਸਾਲ਼ੀ ਲੱਗੀ।"
"ਤੁਸੀਂ ਮਰਦ ਲੋਕ ਸਾਲ਼ੀ ਦਾ ਰਿਸ਼ਤਾ ਬਣਾਉਣ ਨੂੰ ਬੜੇ ਕਾਹਲ਼ੇ ਰਹਿੰਦੇ ਆਂ।" ਮੁਸਕਰਾਉਂਦਿਆਂ ਬਲਬੀਰ ਨੇ ਟਕੋਰ ਮਾਰੀ ਸੀ।
ਬਲਬੀਰ ਤੇ ਨੀਲੂ ਵਿਚਕਾਰ ਫੋਨ ਹੋਣੇ ਆਰੰਭ ਹੋ ਗਏ। ਨੀਲੂ ਆਪਣੀ ਸਾਲ ਕੁ ਦੀ ਧੀ ਪਿੰਕੀ ਨੂੰ ਲੈ ਕੇ ਕਦੇ -ਕਦੇ ਬਲਬੀਰ ਹੁਰਾਂ ਦੇ ਘਰ ਵੀ ਆਉਣ ਲੱਗੀ। ਇੰਦੂ ਅਤੇ ਤੇਜ ਪਿੰਕੀ ਨੂੰ ਖਿਡਾਉਣ 'ਚ ਮਸਤ ਹੋ ਜਾਂਦੇ ਤੇ ਉਹ ਗੱਲੀਂ ਪੈ ਜਾਂਦੇ:
"ਨੀਲੂ! ਫੇਰ ਕੋਸ਼ਿਸ਼ ਕਰ ਕੇ ਦੇਖ ਲੈ, ਸ਼ਾਇਦ ਤੇਰਾ ਹਸਬੈਂਡ ਸੁਧਰ ਹੀ ਜਾਏ।" ਬਲਬੀਰ ਆਖਦੀ।
"ਭੈਣ ਜੀ! ਬਹੁਤ ਕੋਸ਼ਿਸ਼ਾਂ ਕੀਤੀਆਂ। ਪਿਆਰ ਨਾਲ਼ ਤੇ ਤਰਕ ਨਾਲ਼ ਵੀ ਸਮਝਾਇਆ। 'ਡਰੱਗ ਐਡਿਕਸ਼ਨ' ਵਾਲ਼ਿਆਂ ਕੋਲ਼ ਵੀ ਲੈ ਕੇ ਜਾਂਦੀ ਰਹੀ। ਪਰ ਉਹ ਬੰਦਾ ਸੁਧਰ ਨਹੀਂ ਸਕਦਾ। ਨਾਲ਼ੇ ਹੁਣ ਤਾਂ ਜੇ ਮੈਂ ਕੁਝ ਕਹਿੰਦੀ ਸੀ ਤਾਂ ਮੂਹਰਿਉਂ ਉੱਲਰ-ਉੱਲਰ ਪੈਂਦਾ ਸੀ।"
"ਮਾਂ-ਪੇ ਲਈ ਵੀ ਔਖਾ ਈ ਆ। ਇੱਕੋ-ਇੱਕ ਔਲਾਦ ਆ ਉਨ੍ਹਾਂ ਦੀ।" ਹੌਕਾ ਜਿਹਾ ਭਰਦੀ ਬਲਬੀਰ ਆਖਦੀ।
"ਕਸੂਰ ਹੀ ਮਾਂ ਦਾ ਆ। ਲਾਡ-ਲਾਡ 'ਚ ਵਿਗਾੜ ਲਿਐ। ਡੈਡੀ ਚੰਗੇ ਆ। ਉਨ੍ਹਾਂ ਨੇ ਕਿਹਾ ਕਿ ਇਹਨੂੰ ਘਰੋਂ ਪੈਸੇ ਨਾ ਦਿਉ। ਜਦ ਜੇਬ 'ਚ ਪੈਸੇ ਹੀ ਨਾ ਹੋਣਗੇ ਤਾਂ ਡਰੱਗ ਕਿੱਥੋਂ ਖਰੀਦੂ? ਪਰ ਮਾਂ 'ਪੁੱਚ ਪੁੱਚ' ਕਰਕੇ ਫੜਾ ਦੇਂਦੀ ਆ...ਮੈਂ ਰੋ-ਰੋ ਖਪਦੀ ਰਹਿਣਾ। ਹਾਰ ਕੇ ਸੈਪਰੇਸ਼ਨ ਲੈ ਲਈ। ਹੋਰ ਕੁਝ ਮਹੀਨਿਆਂ ਤਾਈਂ ਤਲਾਕ ਹੋ ਜਾਏਗਾ।" ਆਪਣਾ ਦਰਦ ਬਿਆਨ ਕਰਦੀ ਨੀਲੂ ਦਾ ਲਿਸ਼ਕਦਾ ਚਿਹਰਾ ਧੁੰਦਲਮਈ ਹੋ ਜਾਂਦਾ।
ਜਨਮੀਤ ਤੇ ਨੀਲੂ ਆਪਣੀਆਂ ਰਚਨਾਵਾਂ ਇੱਕ ਦੂਜੇ ਨਾਲ਼ ਸਾਂਝੀਆਂ ਕਰਦੇ। ਜਦੋਂ ਨੀਲੂ ਉੱਠ ਕੇ ਤੁਰਨ ਲਗਦੀ ਤਾਂ ਬਲਬੀਰ ਉਸਦੀ ਬਾਂਹ ਫੜਦੀ ਆਖਦੀ, "ਬਹਿ ਜਾ, ਰੋਟੀ ਖਾ ਕੇ ਜਾਈਂ।"
ਬਲਬੀਰ ਦਾ ਨੀਲੂ ਨੂੰ ਰੋਟੀ ਖਾ ਕੇ ਜਾਣ ਜਾਂ ਹੋਰ ਅਟਕਣ ਲਈ ਕਹਿਣਾ ਜਨਮੀਤ ਨੂੰ ਚੰਗਾ ਲਗਦਾ। ਨੀਲੂ ਦੀ ਮੌਜੂਦਗੀ ਵਿੱਚ ਉਸਨੂੰ ਇੰਜ ਲਗਦਾ ਜਿਵੇਂ ਉਸਦੇ ਕਮਰੇ ਦੀ ਖਿੜਕੀ ਵਿਚਲਾ ਆਕਾਸ਼ ਦੋ-ਰੰਗਾ ਹੁੰਦਾ ਜਾ ਰਿਹਾ ਹੋਵੇ। ਬਲਬੀਰ ਦੇ ਕਣਕਵੰਨੇ ਤੇ ਨੀਲੂ ਦੇ ਗੋਰੇ-ਗੁਲਾਬੀ ਰੰਗ ਦੀ ਭਿੰਨਤਾ ਵਿੱਚੋਂ ਜਨਮੀਤ ਨੂੰ ਉਹ ਦੋਵੇਂ ਇੱਕ ਦੂਜੀ ਤੋਂ ਵੱਧ ਮਨਮੋਹਕ ਲਗਦੀਆਂ...ਇਕੱਠੇ ਘੁੰਮਦਿਆਂ ਜਾਂ ਸ਼ੌਪਿੰਗ ਕਰਦਿਆਂ ਜੇਕਰ ਕਦੀ ਉਹ ਨੀਲੂ ਨਾਲ਼ ਛੁਹ ਜਾਂਦਾ ਤਾਂ ਉਸਦੀ ਰੁਮਾਂਚਿਕ ਕਲਪਨਾ ਉਸਨੂੰ ਨੀਲੂ ਦੇ ਹੋਰ ਕਰੀਬ ਲੈ ਜਾਂਦੀ...ਇੱਕ ਵਾਰ ਇੱਕ ਸਟੋਰ 'ਚ, ਅਜਿਹੇ ਹੀ ਪਲਾਂ ਵਿੱਚੀਂ ਗੁਜ਼ਰਦਿਆਂ, ਜਨਮੀਤ ਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਕਿਹੜੇ ਸਮੇਂ ਉਸਨੇ ਨੀਲੂ ਦਾ ਹੱਥ ਫੜ ਕੇ ਘੁੱਟ ਦਿੱਤਾ ਸੀ।
"ਇਹ ਕੀ?" ਨੀਲੂ ਨੇ ਹੜਬੜਾ ਕੇ ਹੱਥ ਛੁਡਾ ਲਿਆ ਸੀ।
ਨੀਲੂ ਦੀਆਂ ਅੱਖਾਂ ਵਿਚਲਾ ਕ੍ਰੋਧ ਵੇਖ ਕੇ ਜਨਮੀਤ ਡਰ ਗਿਆ ਸੀ...ਪਰ ਕੁਝ ਅਰਸੇ ਬਾਅਦ ਉਸਨੂੰ ਇੰਜ ਲੱਗਾ ਜਿਵੇਂ ਨੀਲੂ ਦਾ ਉਹ ਗੁੱਸਾ ਉੱਤੋਂ-ਉੱਤੋਂ ਦਾ ਸੀ...।
...ਨੀਲੂ ਨਾਲ਼ ਆਪਣੀਆਂ ਕਾਲਪਨਿਕ ਨਜ਼ਦੀਕੀਆਂ ਨੂੰ ਸਾਕਾਰ ਕਰਨ ਲਈ ਉਹ ਵਿਉਂਤਾਂ ਬਣਾਉਂਦਾ ਰਹਿੰਦਾ। ਪਰ ਸਮਾਂ ਨਹੀਂ ਸੀ ਮਿਲ਼ ਰਿਹਾ...ਪਹਿਲਾਂ ਜਨਮੀਤ ਦੀ ਮਾਂ ਅਤੇ ਕੁਝ ਮਹੀਨਿਆਂ ਬਾਅਦ ਬਲਬੀਰ ਦੇ ਮਾਂ-ਪਿਉ ਤੇ ਭੈਣ-ਭਰਾ ਕਨੇਡਾ ਆਉਣ 'ਤੇ ਉਨ੍ਹਾਂ ਦੀ ਕਾਈ-ਬਾਈ ਭੁੱਲੀ ਹੋਈ ਸੀ।
"ਨੀਲੂ ਪਤਾ ਨਹੀਂ ਕਿੱਧਰ ਗੁੰਮ ਹੋ ਗਈ ਆ...ਕੀ ਤੁਹਾਡੀ ਸਭਾ ਦੀ ਮੀਟਿੰਗ 'ਚ ਆਉਂਦੀ ਹੁੰਦੀ ਆ?" ਰਾਤਾਂ ਨੂੰ ਜੌਬ ਅਤੇ ਦਿਨੇ ਘਰ ਦੇ ਕੰਮਾਂ 'ਚ ਮਸ਼ੀਨ ਬਣੀ ਹੋਈ ਬਲਬੀਰ ਜਨਮੀਤ ਤੋਂ ਪੁੱਛਦੀ। ਪਹਿਲੀ ਫੈਕਟਰੀ ਬੰਦ ਹੋ ਜਾਣ 'ਤੇ ਬਲਬੀਰ ਨੂੰ ਇੱਕ ਹੋਰ ਫੈਕਟਰੀ ਵਿੱਚ ਰਾਤ ਦੀ ਸ਼ਿਫਟ ਵਾਲ਼ੀ ਜੌਬ ਕਰਨੀ ਪੈ ਗਈ ਸੀ।
"ਹਰੇਕ ਮਹੀਨੇ ਨਹੀਂ ਆਉਂਦੀ। ਪਿਛਲੀ ਵਾਰ ਮੈਂ ਪੁੱਛਿਆ ਤਾਂ ਕਹਿਣ ਲੱਗੀ ਸੱਤੇ ਦਿਨ ਜੌਬ 'ਤੇ ਜਾਣਾ ਪੈਂਦੈ। ਕੁਸ਼ ਉਹ ਇਹ ਵੀ ਸਮਝਦੀ ਆ ਪਈ ਆਪਾਂ ਏਧਰ ਬਿਜ਼ੀ ਆਂ।" ਆਪਣੇ ਸਹੁਰੇ, ਸਾਲ਼ੀਆਂ ਤੇ ਸਾਲ਼ੇ ਲਈ ਅਖਬਾਰਾਂ ਵਿੱਚੋਂ ਜੌਬਾਂ ਲੱਭਦਾ ਜਨਮੀਤ ਜਵਾਬ ਦੇਂਦਾ।
ਜੌਬਾਂ ਦਾ ਮੰਦ ਪਿਆ ਹੋਣ ਕਰਕੇ ਗੱਲ ਕਿਸੇ ਸੂਤ ਨਹੀਂ ਸੀ ਬੈਠ ਰਹੀ। ਕਈ ਮਹੀਨੇ ਲੰਘ ਜਾਣ 'ਤੇ ਵੀ ਬਲਬੀਰ ਦੀ ਇੱਕ ਭੈਣ ਨੂੰ ਹੀ ਜੌਬ ਮਿਲ਼ੀ ਸੀ...ਕੈਲਗਰੀ ਰਹਿੰਦੇ ਆਪਣੇ ਇੱਕ ਫੌਜੀ ਦੋਸਤ ਵੱਲੋਂ ਆਸ ਮਿਲਣ 'ਤੇ ਬਲਬੀਰ ਦਾ ਬਾਪੂ ਟੱਬਰ ਲੈ ਕੇ ਕੈਲਗਰੀ ਮੂਵ ਹੋ ਗਿਆ।
ਤੇ ਫਿਰ ਛੇਤੀ ਹੀ ਬਾਅਦ ਜਨਮੀਤ ਦੀ ਭਰਜਾਈ ਦੀ ਅਚਾਨਕ ਮੌਤ ਹੋ ਜਾਣ 'ਤੇ ਜਨਮੀਤ ਹੁਰੀਂ ਸਾਰਾ ਟੱਬਰ ਮਾਂ ਨਾਲ਼ ਇੰਡੀਆ ਚਲੇ ਗਏ। ਭਰਾ ਦਾ ਦੁੱਖ ਮੰਨਦਿਆਂ ਜਨਮੀਤ ਨੇ ਆਪਣੀ ਜ਼ਮੀਨ ਉਸਨੂੰ ਵਾਹੁਣ-ਖਾਣ ਨੂੰ ਦੇ ਦਿੱਤੀ...ਜਨਮੀਤ ਦੀ ਮਾਂ ਦਾ ਆਪਣੇ ਪੁੱਤ ਦੇ 'ਨਿਆਣੇ ਟੱਬਰ' ਨੂੰ ਛੱਡ ਕੇ ਕਨੇਡਾ ਮੁੜਨ ਦਾ ਹੀਆ ਨਾ ਪਿਆ।
ਸ਼ਾਇਦ ਇੰਡੀਆ 'ਚ ਸੁਣੀ ਆਪਣੀ ਸ਼ਾਇਰੀ ਦੀ ਸਿਫਤ ਸੀ ਜਾਂ ਕਾਫੀ ਅਰਸੇ ਬਾਅਦ ਮਿਲ਼ੀ ਫੁਰਸਤ ਕਿ ਜਨਮੀਤ ਉੱਧਰੋਂ ਮੁੜਦਿਆਂ ਹੀ ਪੜ੍ਹਨ-ਲਿਖਣ 'ਚ ਰੁੱਝ ਗਿਆ। ਨੀਲੂ ਉਸਨੂੰ ਪੁਰਾਣੇ ਤੇ ਅਜੋਕੇ ਅੰਗ੍ਰੇਜ਼ੀ ਸਾਹਿਤ ਦੀਆਂ ਕਿਤਾਬਾਂ ਲਿਆ-ਲਿਆ ਦੇਂਦੀ। ਉਹ ਪੜ੍ਹਦਾ ਤੇ ਨੀਲੂ ਨਾਲ਼ ਵਿਚਾਰ ਵਟਾਂਦਰਾ ਕਰਦਾ।
ਉਹ ਆਪਣੀ ਹਰੇਕ ਨਵੀਂ ਰਚਨਾ ਸਭ ਤੋਂ ਪਹਿਲਾਂ ਨੀਲੂ ਨੂੰ ਪੜ੍ਹਾਉਂਦਾ...ਉਸਨੂੰ ਇੰਜ ਲਗਦਾ ਜਿਵੇਂ ਨੀਲੂ ਉਸਦੀਆਂ ਰਚਨਾਵਾਂ ਵਿੱਚੋਂ ਸੁਹਜ ਦੇ ਮੋਤੀ ਲੱਭ-ਲੱਭ ਉਸਨੂੰ ਪੇਸ਼ ਕਰ ਰਹੀ ਹੋਵੇ। ਇਸੇ ਦੌਰਾਨ ਉਸਦਾ ਧਿਆਨ ਕਿਸੇ ਹੋਰ ਹੀ ਪਾਸੇ ਚਲਾ ਜਾਂਦਾ...ਜਿਵੇਂ ਹਲਕੇ-ਹਲਕੇ ਮੇਕ-ਅੱਪ 'ਚ ਨਿੱਖਰੇ ਨੀਲੂ ਦੇ ਰੂਪ ਦੀ ਧੁੱਪ ਵਿੱਚੋਂ ਉਹ ਆਪਣੇ ਲਈ ਛਾਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।
ਪਾਰਕ ਵਿੱਚ ਬਹੁਤੇ ਲੋਕੀਂ ਮੇਪਲ ਦੇ ਦ੍ਰਖਤਾਂ ਦੀ ਸੰਘਣੀ ਛਾਂ ਹੇਠ ਆਰਾਮ ਕਰ ਰਹੇ ਸਨ। ਜਨਮੀਤ ਵੇਖ ਰਿਹਾ ਸੀ ਕਿ ਜੁਲਾਈ ਮਹੀਨੇ ਦੀ ਇਸ ਹੁੰਮ੍ਹ-ਭਰੀ ਗਰਮੀ ਵਿੱਚ ਵੀ ਭੂਰੇ ਰੰਗ ਦੇ ਪੰਛੀਆਂ ਦਾ ਇੱਕ ਜੋੜਾ ਆਰਾਮ ਨਹੀਂ ਸੀ ਕਰ ਰਿਹਾ। ਚੁੰਝਾਂ ਵਿੱਚ ਤੀਲੇ ਉੱਠਾਈ ਉਹ ਆਪਣਾ ਆਲ੍ਹਣਾ ਬਣਾਉਣ ਵਿੱਚ ਰੁੱਝੇ ਹੋਏ ਸਨ...ਜਨਮੀਤ ਅਤੇ ਬਲਬੀਰ ਨੇ ਵੀ ਚੰਗੇ ਮਾੜੇ ਹਰ ਮੌਸਮ ਵਿੱਚ ਕੰਮ ਕਰਦਿਆਂ ਡਾਲਰ ਇਕੱਠੇ ਕੀਤੇ ਸਨ...ਤੇ ਘਰ ਲਿਆ ਸੀ।
ਨਵੇਂ ਘਰ ਦੀ ਸੈਟਿੰਗ ਬਾਰੇ ਸਲਾਹ ਅਤੇ ਸਹਾਇਤਾ ਲੈਣ ਲਈ ਜਨਮੀਤ ਨੇ ਬਲਬੀਰ ਕੋਲ਼ ਜਦੋਂ ਨੀਲੂ ਦਾ ਨਾਂ ਲਿਆ ਤਾਂ ਬਲਬੀਰ ਨੇ ਝਟ ਕਹਿ ਦਿੱਤਾ ਸੀ, "ਤੁਹਾਡਾ ਖਿਆਲ ਠੀਕ ਐ, ਮੈਂ ਹੁਣੇ ਉਹਨੂੰ ਫੋਨ ਕਰਦੀ ਆਂ।"
ਨੀਲੂ ਉਨ੍ਹਾਂ ਦਿਨਾਂ ਵਿੱਚ ਲੇਅ-ਔਫ 'ਤੇ ਸੀ। ਜਨਮੀਤ ਨੇ ਕੁਝ ਹਫਤਿਆਂ ਦੀ ਛੁੱਟੀ ਲੈ ਲਈ। ...ਰੱਗ, ਪਰਦਿਆਂ ਆਦਿ ਤੋਂ ਲੈ ਕੇ ਲਿਵਿੰਗ-ਰੂਮ ਅਤੇ ਬੈੱਡ-ਰੂਮਾਂ ਤੱਕ ਨੀਲੂ ਤੇ ਜਨਮੀਤ ਰਾਹੀਂ ਹੋਈ ਵਧੀਆ ਸੈਟਿੰਗ ਨੇ ਬਲਬੀਰ ਨੂੰ ਹੈਰਾਨ ਕਰ ਦਿੱਤਾ। ਉਹ ਨੀਲੂ ਦੀਆਂ ਸਿਫਤਾਂ ਕਰਦੀ ਨਾ ਥੱਕਦੀ।
ਪਾਰਕ ਵਿੱਚ ਖਾਲੀ ਪਏ ਇੱਕ ਪਿਕਨਿੱਕ-ਟੇਬਲ 'ਤੇ ਬੈਠਾ ਜਨਮੀਤ ਆਪਣੇ 'ਸੈਲੂਲਰ ਫੋਨ' ਰਾਹੀਂ ਕੁਝ ਦੇਰ ਇੱਕ ਸ਼ਾਇਰ ਦੋਸਤ ਨਾਲ਼ ਗੱਲਾਂ ਕਰਦਾ ਰਿਹਾ ਤੇ ਫਿਰ ਉਸਦੀ ਨਿਗ੍ਹਾ ਸਪੰਜੀ ਘਾਹ 'ਤੇ ਲੇਟੇ ਇੱਕ ਗੋਰੇ-ਗੋਰੀ ਵੱਲ ਚਲੀ ਗਈ। ਐਵੇਂ ਨਾਂ-ਮਾਤਰ ਕੱਪੜੇ ਪਹਿਨੀ ਉਹ ਇੱਕ ਦੂਜੇ ਦੀਆਂ ਬਾਹਾਂ ਵਿੱਚ ਸਿਮਟੇ ਪਏ ਸਨ।
'ਇਹ ਪਤੀ-ਪਤਨੀ ਵੀ ਹੋ ਸਕਦੇ ਨੇ ਤੇ ਪ੍ਰੇਮੀ-ਪ੍ਰੇਮਿਕਾ ਵੀ,' ਖਿਆਲੀਂ ਪਿਆ ਜਨਮੀਤ ਸੋਚ ਰਿਹਾ ਸੀ, 'ਪਰ ਇਹ ਕੌਣ ਜਾਣਦੈ ਕਿ ਇਸ ਸਮੇਂ ਇਨ੍ਹਾਂ ਦੇ ਮਨਾਂ ਵਿੱਚ ਕੌਣ ਏ? ਦਿਸਦੇ ਸੱਚ, ਝੂਠ ਅਤੇ ਦਿਸਦੇ ਝੂਠ, ਸੱਚ ਵੀ ਹੋ ਸਕਦੇ ਨੇ...ਤੇ ਮਨ ਦਾ ਸੱਚ ਵੀ ਤਾਂ ਪੂਰਨ ਸੱਚ ਨਹੀਂ ਹੁੰਦਾ।'
ਜਨਮੀਤ ਆਪਣੇ ਬਾਰੇ ਵੀ ਤਾਂ ਕਈ ਵਾਰ ਅਸਪਸ਼ਟ ਹੋ ਜਾਂਦਾ ਸੀ ਕਿ ਉਸਨੇ ਨੀਲੂ ਨਾਲ਼ ਸੱਚ ਹੰਢਾਇਆ ਸੀ ਜਾਂ ਝੂਠ ਜਾਂ ਸੱਚ ਝੂਠ ਤੋਂ ਪਰੇ ਦੀ ਕੋਈ ਚੀਜ਼।
ਜਨਮੀਤ ਅਤੇ ਨੀਲੂ ਬਲਬੀਰ ਦੀਆਂ ਰਾਤਾਂ ਦੀਆਂ ਸ਼ਿਫਟਾਂ ਓਹਲੇ ਮਿਲ਼ਦੇ ਰਹੇ ਸਨ। ਜਨਮੀਤ ਦੀ ਰੂਹ ਨੂੰ ਇੱਕ ਅਜ਼ੀਬ ਜਿਹੀ ਅਮੀਰੀ ਦਾ ਸਰੂਰ ਚੜ੍ਹਿਆ ਰਹਿੰਦਾ। ਪਰ ਨਾਲ਼ ਦੀ ਨਾਲ਼ ਉਸਨੂੰ ਇੰਜ ਵੀ ਲਗਦਾ ਜਿਵੇਂ ਇਹ ਸਰੂਰ ਉਸਦੀ ਰੂਹ ਨੂੰ ਭਰ ਨਹੀਂ, ਖਾਲੀ ਕਰੀ ਜਾ ਰਿਹਾ ਹੋਵੇ। ਰੂਹ ਦੇ ਆਬਾਦ, ਉਜਾੜ ਦੀ ਸੂਖਮ ਕਸ਼ਮਕਸ਼ ਵਿੱਚੋਂ ਉਸਨੂੰ ਕਾਵਿ-ਕਲਾ ਦੀਆਂ ਸਿਖਰਾਂ ਛੁੰਹਦੇ ਅਜਿਹੇ ਸ਼ਿਅਰ ਫੁਰਦੇ ਕਿ ਉਹ ਖੁਦ ਆਚੰਭਿਤ ਰਹਿ ਜਾਂਦਾ।
ਮਨੁੱਖੀ ਮਨ ਦੇ ਸੱਚ ਨੂੰ ਖੋਜਦੀਆਂ ਜਨਮੀਤ ਦੀਆਂ ਕਵਿਤਾਵਾਂ ਬਾਰੇ ਸਾਹਿਤ ਦੇ ਪ੍ਰਸਿੱਧ ਰਸਾਲਿਆਂ ਵਿੱਚ ਲੇਖ ਲਿਖੇ ਜਾਣ ਲੱਗੇ।
ਪਰ ਜਦੋਂ ਬਲਬੀਰ ਨੇ ਜਨਮੀਤ ਤੇ ਨੀਲੂ ਦੀ ਚੋਰੀ ਫੜੀ ਤਾਂ ਜਨਮੀਤ ਨੂੰ ਇੰਜ ਲੱਗਾ ਜਿਵੇਂ ਉਹ ਬੁਲੰਦੀਆਂ ਤੋਂ ਪਾਤਾਲ 'ਚ ਜਾ ਡਿਗਿਆ ਹੋਵੇ। ...ਉੱਧਰ ਪਤੀ ਦੀ ਹਸਤੀ ਵਿੱਚੋਂ ਮਨਫੀ ਹੋਏ ਆਪੇ ਦੀ ਪੀੜ, ਬਲਬੀਰ ਦੀਆਂ ਅੱਖਾਂ ਵਿੱਚੀਂ ਵਹਿਣ ਦੀ ਬਜਾਏ ਉਸਦੇ ਦਿਮਾਗ ਨੂੰ ਚੜ੍ਹ ਗਈ। ਉਸਦੀ ਗੰਭੀਰ ਚੁੱਪ ਨੂੰ ਤੋੜਨ ਲਈ ਜਨਮੀਤ ਆਪਣੇ ਵੱਲੋਂ ਕੋਈ ਗੱਲ ਛੇੜਦਾ ਪਰ ਬਲਬੀਰ ਦੀ 'ਹੂੰ ਹਾਂ' ਉਸਨੂੰ ਹੋਰ ਵੀ ਹੀਣਾ ਜਿਹਾ ਕਰ ਜਾਂਦੀ। ਬਿਸਤਰ 'ਤੇ ਕੁਝ ਇੰਚਾਂ ਦੀ ਵਿੱਥ 'ਤੇ ਪਈ ਬਲਬੀਰ ਉਸਨੂੰ ਆਪਣੇ ਤੋਂ ਕਿਤੇ ਉਤਾਂਹ ਪਈ ਹੋਈ ਲਗਦੀ।
ਬਲਬੀਰ ਦੀ ਸੁਪਰਵਾਈਜ਼ਰ ਨੇ ਜਦੋਂ ਉਸਦੇ ਚੁੱਪ-ਚੁੱਪ ਰਹਿਣ ਦਾ ਕਾਰਨ, ਜ਼ੋਰ ਪਾ ਕੇ ਪੁੱਛਿਆ ਤਾਂ ਉਹ ਫਿੱਸ ਪਈ...ਤੇ ਸੁਪਰਵਾਈਜ਼ਰ ਦੇ ਕਹਿਣ 'ਤੇ ਕਾਊਂਸਲਿੰਗ ਲੈਣੀ ਪ੍ਰਵਾਨ ਕਰ ਲਈ।
ਕਾਊਂਸਲਰ ਨੇ ਬਲਬੀਰ ਨੂੰ, ਪਤੀ ਨੂੰ ਠੀਕ ਰਾਹ 'ਤੇ ਲਿਆਉਣ ਲਈ ਹਰ ਯਤਨ ਕਰਨ, ਸਾਰੀਆਂ ਸੰਭਾਵਨਾਵਾਂ ਰੱਦ ਹੋ ਜਾਣ ਤੇ ਹੀ ਤਲਾਕ ਬਾਰੇ ਸੋਚਣ...ਤੇ ਤਲਾਕ ਤੱਕ ਨੌਬਤ ਆ ਜਾਣ 'ਤੇ ਘਰ-ਜਾਇਦਾਦ ਵਿੱਚੋਂ ਬਰਾਬਰ ਦਾ ਹਿੱਸਾ ਲੈਣ ਬਾਰੇ, ਸਾਰਾ ਕੁਝ ਵਿਸਥਾਰ ਨਾਲ਼ ਦੱਸਿਆ ਸੀ।
ਜਨਮੀਤ, ਬਲਬੀਰ ਦੇ ਖਰੇਪਣ ਅੱਗੇ ਪੇਸ਼ ਹੋਣ ਲਈ ਆਪਣੇ ਆਪ ਨੂੰ ਤਲਬ ਕਰਦਾ। ਪਰ ਬਲਬੀਰ ਦੇ ਮਨ ਦੇ ਪੀਚ ਕੇ ਬੰਦ ਕੀਤੇ ਦਰਾਂ ਨੂੰ ਵੇਖ ਕੇ ਆਪਣੇ ਮਰਦਪੁਣੇ 'ਚ ਆ ਪਰਤਦਾ।
ਤੇ ਫਿਰ ਜਦੋਂ ਬਲਬੀਰ ਦੇ ਮਾਂ-ਪਿਉ, ਧੀ-ਜੁਆਈ ਕੋਲ਼ ਕੁਝ ਦਿਨ ਰਹਿ ਕੇ ਅਤੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਗਏ ਤਾਂ ਘਰ ਦਾ ਮਾਹੌਲ ਕੁਝ ਸੁਖਾਵਾਂ ਹੋਣ ਲੱਗਾ। ਉਹ ਨਿਆਣਿਆਂ ਦਾ ਖਿਆਲ ਕਰਨ ਲੱਗੇ। ਜਦੋਂ ਨਿਆਣੇ ਉਦਾਸ ਹੁੰਦੇ ਤਾਂ ਜਨਮੀਤ ਉਨ੍ਹਾਂ ਨੂੰ ਘੁਮਾਉਣ-ਫਿਰਾਉਣ ਲੈ ਜਾਂਦਾ। ਉਨ੍ਹਾਂ ਦੇ ਖਾਣ ਲਈ ਬਲਬੀਰ ਨਵੀਆਂ-ਨਵੀਆਂ ਚੀਜ਼ਾਂ ਬਣਾ ਕੇ ਦੇਂਦੀ। ਵੀਕ-ਐੰਡ 'ਤੇ ਉਹ ਨਿਆਣਿਆਂ 'ਚ ਬਹਿੰਦੇ ਵੀ।
ਪਰ ਜਦੋਂ ਪਿੰਡੋਂ ਮਾਂ ਦੀ ਚਿੱਠੀ ਆਈ ਤਾਂ ਆਪਣੇ ਵਿਰੁਧ ਮਾਂ ਦੇ ਕੋਸਵੇਂ ਸ਼ਬਦ ਪੜ੍ਹਦਿਆਂ ਜਨਮੀਤ ਬਲਬੀਰ ਨਾਲ਼ ਔਖਾ ਹੋ ਪਿਆ, "ਇਹ ਸਾਰਾ ਕੁਝ ਬੀਬੀ ਨੂੰ ਲਿਖਣ ਦੀ ਕੀ ਲੋੜ ਸੀ?"
"ਇਹ ਵੀ ਕੋਈ ਪਾਬੰਦੀ ਆ ਪਈ ਮੈਂ ਕਿਸੇ ਕੋਲ਼ ਆਪਣਾ ਦੁੱਖ ਨਹੀਂ ਫੋਲ ਸਕਦੀ?"
"ਪਰ ਬੀਬੀ ਕੀ ਸੋਚਦੀ ਹੋਵੇਗੀ?"
"ਜੇ ਬੀਬੀ ਦਾ ਏਨਾ ਹੀ ਖਿਆਲ ਸੀ ਤਾਂ ਇਹ ਕਾਰਾ ਕੀਤਾ ਹੀ ਕਿਉਂ?"
'ਕਾਰਾ' ਸ਼ਬਦ ਨੇ ਜਨਮੀਤ ਦੇ ਜਿਵੇਂ ਡੰਗ ਮਾਰਿਆ ਹੋਵੇ। ਉਹ ਭਬਕ ਉੱਠਿਆ, "ਤੂੰ ਮੇਰੇ 'ਤੇ ਕੋਈ ਜੱਜ ਬਣ ਕੇ ਬੈਠੀ ਆਂ ਕਿ ਤੇਰੇ ਮੂਹਰੇ ਮੈਂ ਬਿਆਨ ਦੇਵਾਂ।"
"ਮੈਂ ਜੱਜ ਤਾਂ ਨਹੀਂ ਪਰ ਮੈਨੂੰ ਆਪਣੀ ਗੋਲੀ ਵੀ ਨਾ ਸਮਝ ਰੱਖਿਓ। ਤੁਹਾਡੇ ਬਰਾਬਰ ਦਾ ਦਰਜਾ ਰੱਖਦੀ ਆਂ। ਤੇ ਤੁਹਾਨੂੰ ਪੁੱਛਣ ਦਾ ਹੱਕ ਵੀ...ਕੀ ਤੁਹਾਨੂੰ ਮੇਰਾ ਤੇ ਨਿਆਣਿਆਂ ਦਾ ਖਿਆਲ ਨਾ ਆਇਆ?" ਬਲਬੀਰ ਅੰਦਰ ਜਮ੍ਹਾਂ ਹੋਇਆ ਰੋਸ ਬਾਹਰ ਆਉਣ ਲੱਗਾ।
"ਪਤੀ-ਪਤਨੀ ਦਾ ਰਿਸ਼ਤਾ ਹੱਕਾਂ ਦੀ ਧੌਂਸ ਦੇ ਕੇ ਨਹੀਂ ਪੁੱਗ ਸਕਦਾ।" ਨਰਮ ਪੈਂਦਾ ਹੋਇਆ ਜਨਮੀਤ ਬੋਲਿਆ।
"ਤੁਸੀਂ ਦੱਸ ਦਿਉ, ਕਿੱਦਾਂ ਪੁੱਗਦਾ ਆ?"
"ਮੈਂ ਕੀ ਦੱਸਾਂ? ਤੂੰ ਤਾਂ ਉਹੀ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਲਈ ਬੈਠੀ ਆਂ। ਬੰਦੇ ਵਿੱਚ 'ਫਲੈਕਸੇਬਿਲਿਟੀ' ਹੋਣੀ ਚਾਹੀਦੀ ਆ। ਪਰ ਤੇਰੀ ਸੋਚ ਤਾਂ ਟੱਸ ਤੋਂ ਮੱਸ ਨਹੀਂ ਹੋ ਰਹੀ। ਤੇ ਜੇ ਮੈਂ ਹੁਣ ਨਰਮਾਈ 'ਚ ਆ ਗਿਆਂ ਤਾਂ ਤੂੰ ਮੈਨੂੰ ਬਰਾਬਰਤਾ ਤੇ ਹੱਕਾਂ ਦੀਆਂ ਗੱਲਾਂ ਸੁਨਾਉਣ ਲੱਗ ਪਈ ਆਂ।"
"ਇਹ ਬਰਾਬਰਤਾ ਦੀਆਂ ਗੱਲਾਂ, ਲੋਕਾਂ ਲਈ ਤਾਂ ਤੁਸੀਂ ਵੀ ਆਪਣੀਆਂ ਕਵਿਤਾਵਾਂ ਵਿੱਚ ਬਥੇਰੀਆਂ ਕਰਦੇ ਆਂ। ਪਰ ਆਪਣੇ ਘਰ ਵਿੱਚ ਇਹ ਕਿਉਂ ਕੌੜੀਆਂ ਲਗਦੀਐਂ?"
"ਦੇਖ, ਜੇ ਤੂੰ ਚੋਭਵੀਆਂ ਗੱਲਾਂ ਹੀ ਕਰਨੀਆਂ ਆਂ ਤਾਂ ਕਰੀ ਜਾਹ। ਪਰ ਜੇ ਮੈਂ ਆਪਣੀ ਆਈ ਤੇ ਆ ਗਿਆ ਤਾਂ...।" ਜਨਮੀਤ ਦਾ ਚਿਹਰਾ ਗੁੱਸੇ 'ਚ ਭਖਣ ਲੱਗ ਪਿਆ।
"ਏਹੋ ਜਿਹੀਆਂ ਧਮਕੀਆਂ ਦੇਣ ਦੀ ਲੋੜ ਨਹੀਂ," ਕ੍ਰੋਧ 'ਚ ਮਚਦੀ ਬਲਬੀਰ ਪਤੀ ਦੀ ਗੱਲ ਨੂੰ ਵਿੱਚੋਂ ਹੀ ਖੋਹ ਕੇ ਲੈ ਗਈ, "ਜੋ ਵੀ ਬਣੂੰ ਜਾਂ ਵਿਗੜੂ ਮੇਰਾ 'ਕੱਲੀ ਦਾ ਨਹੀਂ, ਤੁਹਾਡਾ ਵੀ ਨਾਲ਼ ਹੀ।"
"ਏਦਾਂ ਆਂ ਤਾਂ ਏਦਾਂ ਹੀ ਸਹੀ...ਮੈਨੂੰ ਨਹੀਂ ਪਰਵਾਹ।" ਕਹਿਣ ਨੂੰ ਤਾਂ ਜਨਮੀਤ ਕਹਿ ਗਿਆ ਪਰ ਅੰਦਰੋਂ ਉਹ ਹਿੱਲ ਗਿਆ ਸੀ।
ਇਸ ਤੋਂ ਬਾਅਦ ਕੁਝ ਕੁ ਵਾਰ ਜਨਮੀਤ ਨੇ ਠੰਢੇ ਰਉਂ 'ਚ ਗੱਲ ਕਰਦਿਆਂ ਬਲਬੀਰ ਦੀ ਸੋਚ ਨੂੰ ਆਪਣੇ ਨਾਲ਼ ਤੋਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਬਲਬੀਰ ਵਿੱਚ ਉਸਨੂੰ ਪਹਿਲਾਂ ਵਾਲ਼ੀ ਪਤਨੀ ਨਜ਼ਰ ਨਹੀਂ ਸੀ ਆ ਰਹੀ...ਨਿੱਕੀ-ਨਿੱਕੀ ਗੱਲ 'ਤੇ ਉਹ ਇੱਕ ਦੂਜੇ ਨਾਲ਼ ਤਲਖ ਹੋ ਪੈਂਦੇ।
ਘਰ ਵਿੱਚ ਪਸਰੇ ਤਣਾਅ ਕਾਰਨ ਇੰਦੂ ਅਤੇ ਤੇਜ ਦੇ ਚਿਹਰਿਆਂ ਦੀ ਟਹਿਕ ਗੁਆਚਣ ਲੱਗ ਪਈ। ਜਦੋਂ ਮੰਮੀ-ਡੈਡੀ ਆਪਸ ਵਿੱਚ ਸਿੱਧੀ ਗੱਲ ਕਰਨ ਦੀ ਬਜਾਏ, ਉਨ੍ਹਾਂ ਵਿੱਚੀਂ ਕਰਦੇ ਤਾਂ ਉਹ ਦੋਵੇਂ ਅਪਸੈੱਟ ਹੋ ਜਾਂਦੇ। ਤੇਜ ਤਾਂ ਚੁੱਪ ਕਰ ਰਹਿੰਦਾ। ਪਰ ਤੇਰਾਂ ਸਾਲਾਂ ਦੀ ਕੋਮਲ-ਚਿੱਤ ਇੰਦੂ ਪੁੱਛਣ ਬਹਿ ਜਾਂਦੀ, "...ਤੁਸੀਂ ਪਹਿਲਾਂ ਵਾਂਗ ਹੱਸਦੇ ਨਹੀਂ...ਕੋਈ ਸਲਾਹ ਵੀ ਨਹੀਂ ਕਰਦੇ।"
"ਏਦਾਂ ਦੀ ਤਾਂ ਕੋਈ ਗੱਲ ਨਹੀਂ।" ਕਹਿ ਕੇ ਮੰਮੀ-ਡੈਡੀ ਟਾਲ਼ ਦੇਂਦੇ।
ਪਰ ਆਪਣੇ ਮਨਾਂ ਵਿੱਚ ਉਹ ਜਾਣਦੇ ਸਨ...ਬਲਬੀਰ ਦੇ ਮਾਂ-ਪਿਉ ਰਾਹੀਂ ਕਰਵਾਈ ਗੰਢ-ਤੁੱਪ ਚੱਲ ਨਹੀਂ ਸੀ ਰਹੀ...ਜਨਮੀਤ ਨੂੰ ਬਲਬੀਰ ਬਰਫ ਬਣ ਗਏ ਦਰਿਆ ਵਰਗੀ ਲਗਦੀ ਤੇ ਆਪਣਾ ਆਪਾ ਬਰਫ ਦੇ ਅੰਬਾਰਾਂ ਹੇਠ ਨਿਗੂਣੀ ਜਿਹੀ ਚਾਲੇ ਵਗਦੇ ਪਾਣੀ ਵਰਗਾ...ਉਸਦਾ ਮਨ ਕਰਦਾ ਕਿ ਧੁੱਪਾਂ ਤੇ ਹਵਾਵਾਂ ਨੂੰ ਮਾਨਣ ਲਈ ਉਹ ਖੁੱਲ੍ਹੀਆਂ ਵਾਦੀਆਂ 'ਚ ਵਗਦੇ ਦਰਿਆ ਵਾਂਗ ਵਗੇ। ਪਰ ਨਿਆਣਿਆਂ ਦਾ ਖਿਆਲ ਆਉਂਦਿਆਂ ਹੀ ਉਸਦਾ ਦਿਲ ਕੰਬ ਜਾਂਦਾ। ਉਹ ਦੇਖ ਰਿਹਾ ਸੀ ਕਿ ਗੰਭੀਰ ਹੁੰਦਾ ਜਾ ਰਿਹਾ ਤੇਜ ਹੁਣ ਉਸਦੇ ਓਨਾ ਨੇੜੇ ਨਹੀਂ ਸੀ ਰਹਿ ਗਿਆ। ਪਰ ਇੰਦੂ ਉਸ ਨਾਲ਼ ਪਹਿਲਾਂ ਜਿੰਨਾ ਹੀ ਮੋਹ ਕਰਦੀ ਸੀ। ਉਂਜ ਵੀ ਉਸਨੂੰ ਕਨੇਡਾ ਦਾ ਕੋਈ ਪਾਹ ਹੀ ਨਹੀਂ ਸੀ ਲੱਗਾ।
ਤੇ ਕਦੀ-ਕਦਾਈਂ ਜਦੋਂ ਜਨਮੀਤ ਅੰਦਰਲਾ ਸ਼ਾਇਰ ਆਪਣੀ ਅਸਲ ਅਵਸਥਾ ਵਿੱਚ ਹੁੰਦਾ ਤਾਂ ਉਸਦੀ, ਪਤਨੀ ਵੱਲ ਨੂੰ ਉੱਠ ਰਹੀ ਉਂਗਲ਼ ਆਪਣੇ ਵੱਲ ਨੂੰ ਉੱਠ ਪੈਂਦੀ...ਉਸਦਾ ਦਿਲ ਕਰਦਾ ਕਿ ਉਹ ਬਲਬੀਰ ਨੂੰ 'ਬੀਰੀਏ' ਕਹਿ ਕੇ ਬੁਲਾਵੇ। ਜੀਵਨ-ਸਫਰ 'ਚ ਆਪਣੇ ਨਾਲ਼ ਤੁਰਦੇ ਆ ਰਹੇ ਉਸਦੇ ਉੱਦਮੀ ਕਦਮਾਂ 'ਚ ਵਿਛ ਜਾਵੇ...ਬਿਸਤਰ 'ਤੇ ਉੱਗ ਆਈ ਕੰਧ ਨੂੰ ਢਾਹ ਦੇਵੇ...ਤੇ ਕੰਧ ਦੀਆਂ ਨੀਹਾਂ ਫਰੋਲਦਾ-ਫਰੋਲਦਾ ਉਹ ਦੂਰ ਪਹੁੰਚ ਜਾਂਦਾ...ਉਦੋਂ ਜਨਮੀਤ ਦੇ ਨੀਲੂ ਨਾਲ਼ ਅਜੇ ਸਰੀਰਕ ਸੰਬੰਧ ਨਹੀਂ ਸਨ ਬਣੇ। ਪਰ ਬਿਸਤਰ 'ਤੇ ਬਲਬੀਰ ਦੇ ਜਿਸਮ ਵਿੱਚੋਂ ਉਹ ਨੀਲੂ ਦੇ ਅੰਗਾਂ ਤੱਕ ਪਹੁੰਚਿਆ ਹੁੰਦਾ...।
ਪਾਰਕ ਵਿੱਚ ਮੇਪਲ ਦੇ ਦ੍ਰਖਤਾਂ ਥੱਲਿਉਂ ਉੱਠ ਕੇ ਜਨਮੀਤ ਫੁਹਾਰਿਆਂ ਕੋਲ਼ ਆ ਖਲੋਇਆ ਸੀ। ਫੁਹਾਰਿਆਂ ਦੁਆਲ਼ੇ ਬਣੇ ਵਿਸ਼ਾਲ ਹੌਜ਼ ਦਾ ਰੰਗ ਨੀਲਾ ਹੋਣ ਕਰਕੇ ਸਾਰਾ ਪਾਣੀ ਨੀਲੀ ਭਾਹ ਮਾਰ ਰਿਹਾ ਸੀ। ਆਪਣੇ ਉੱਤੇ ਪੈ ਰਹੀ ਪਾਣੀ ਦੀ ਹਲਕੀ-ਹਲਕੀ ਭੂਰ ਨੂੰ ਮਾਣਦਿਆਂ ਜਨਮੀਤ ਨੂੰ, ਸਭਾ ਦੀ ਇੱਕ ਇਕੱਤਰਤਾ ਵਿੱਚ ਸੁਣਾਈ, ਨੀਲੂ ਦੀ ਉਹ ਕਵਿਤਾ ਯਾਦ ਆ ਗਈ ਜਿਸ ਵਿੱਚ ਉਸਨੇ ਵਗਦੇ ਪਾਣੀਆਂ ਦੇ ਵਿਰੋਧ 'ਚ ਤਰਨ ਦੀ ਗੱਲ ਕੀਤੀ ਸੀ।
ਸਭਾ ਦੀ ਮੀਟਿੰਗ ਤੋਂ ਬਾਅਦ ਜਨਮੀਤ ਤੇ ਨੀਲੂ 'ਕੌਫੀ ਟਾਈਮ' 'ਚ ਜਾ ਬੈਠੇ ਸਨ।
"ਲਉ ਸੱਜਣ ਜੀ! ਤੁਹਾਡੀ ਕਵਿਤਾ ਦੇ ਸਤਿਕਾਰ ਵਿੱਚ।" ਟੇਬਲ 'ਤੇ ਬੈਠੀ ਨੀਲੂ ਨੂੰ ਗੁਲਾਬੀ ਫੁੱਲਾਂ ਦਾ ਗੁਲਦਸਤਾ ਫੜਾਉਂਦਿਆਂ ਜਨਮੀਤ ਬੋਲਿਆ ਸੀ।
"ਓ ਥੈਂਕਸ ਮੀਤ ਜੀ! ਪਰ ਇਹ ਕਿੱਥੋਂ?" ਫੁੱਲਾਂ ਨੂੰ ਪਿਆਰ ਨਾਲ਼ ਵੇਖਦਿਆਂ ਨੀਲੂ ਖੁਸ਼ ਹੋ ਕੇ ਬੋਲੀ ਸੀ।
"ਔਹ ਸਾਹਮਣਿਉਂ।" ਕਹਿੰਦਿਆਂ ਜਨਮੀਤ ਨੇ 'ਕੌਫੀ ਟਾਈਮ' ਦੇ ਦਰਾਂ ਕੋਲ਼ ਫੁੱਲ ਵੇਚ ਰਹੇ ਬੰਦੇ ਵੱਲ ਇਸ਼ਾਰਾ ਕੀਤਾ ਸੀ।
"ਫਿਰ ਕਿਵੇਂ ਬੀਤ ਰਹੀ ਆ?" ਕੌਫੀ ਦੇ ਘੁੱਟ ਭਰਦਿਆਂ ਨੀਲੂ ਨੇ ਪੁੱਛਿਆ ਸੀ।
"ਨੀਲੂ! ਜ਼ਿੰਦਗੀ ਇੱਕ ਖੰਡਰ ਬਣੀ ਪਈ ਆ। ਆਪਣੇ ਦੁਆਲ਼ੇ ਪਸਰੇ ਖਿਲਾਅ ਵਿੱਚੋਂ ਮੈਨੂੰ ਪਤਝੜੀ ਪੱਤਿਆਂ ਤੋਂ ਸਿਵਾਏ ਕੁਝ ਵੀ ਨਜ਼ਰ ਨਹੀਂ ਆਉਂਦਾ।"
"ਤੁਹਾਨੂੰ ਆਪਣੇ ਹੀ ਦਰਦ ਦਾ ਪਤੈ, ਦੂਜਿਆਂ ਦੇ ਦਾ ਨਹੀਂ।" ਨੀਲੂ ਦੇ ਬੋਲਾਂ ਵਿੱਚ ਹਿਰਖ ਸੀ।
"ਪਰ ਤੈਥੋਂ ਬਿਨਾਂ ਮੈਂ ਸੁਣਾਵਾਂ ਕਿਹਨੂੰ?"
"ਦੇਖੋ ਮੀਤ ਜੀ! ਜੇ ਤੁਸੀਂ ਇਹ ਸੋਚੀ ਬੈਠੇ ਆਂ ਕਿ ਮੈਂ ਤੁਹਾਡੇ ਹਉਕਿਆਂ ਨੂੰ ਆਪਣੇ ਮਨ 'ਤੇ ਚੁੱਕੀ ਫਿਰਾਂ ਤਾਂ ਤੁਹਾਡਾ ਭੁਲੇਖਾ ਐ।"
"ਨੀਲੂ! ਤੂੰ ਤਾਂ ਗੱਲ ਹੀ ਹੋਰ ਪਾਸੇ ਨੂੰ ਲੈ ਤੁਰੀ ਆਂ। ਤੈਨੂੰ ਆਪਣੀ ਵੀ ਤੇ ਮੇਰੀ ਵੀ ਸਥਿਤੀ ਦਾ ਪਤਾ ਈ ਆ।"
"ਏਹੀ ਕਿ ਤੁਸੀਂ ਟੱਬਰਦਾਰ ਹੋ ਤੇ ਮੈਂ ਤਲਾਕ-ਸ਼ੁਦਾ। ਪਰ ਇਸ ਸਥਿਤੀ ਵਿੱਚ ਮੈਂ ਫਾਲਤੂ ਔਰਤ ਬਣ ਕੇ ਨਹੀਂ ਰਹਿ ਸਕਦੀ। ਇਹ ਰੋਣ-ਧੋਣ ਤੇ ਸਥਿਤੀਆਂ ਨਾਲ਼ ਬੱਝ ਕੇ ਜਿਊਣਾ ਮੇਰੇ ਵੱਸ ਦੀ ਗੱਲ ਨਹੀਂ...ਤੇ ਤੁਸੀਂ ਵੀ ਕੋਈ ਇੱਕ ਰਾਹ...।"
ਲੰਮੀ ਗਰਦਨ ਪਿੱਛੇ ਬੱਝੇ ਤੇ ਖਿੱਲਰੇ ਹੋਏ ਕਾਲ਼ੇ ਵਾਲ਼ਾਂ 'ਚ ਸਜੇ ਨੀਲੂ ਦੇ ਰੂਪ ਸਾਹਮਣੇ ਜਨਮੀਤ ਨੂੰ ਗੁਲਦਸਤੇ ਦੇ ਗੁਲਾਬੀ ਫੁੱਲ ਫਿੱਕੇ-ਫਿੱਕੇ ਜਿਹੇ ਲੱਗੇ...ਭਰਵੀਆਂ ਨਜ਼ਰਾਂ ਨਾਲ਼ ਨੀਲੂ ਨੂੰ ਵੇਖਦਿਆਂ, ਉਸਨੂੰ ਆਪਣੇ ਅੰਦਰ, ਅੱਗ-ਤਰੰਗੀ ਨ੍ਰਿਤ ਮਹਿਸੂਸ ਹੋਇਆ ਸੀ। 'ਇਹੋ ਜਿਹੀ ਸੁੰਦਰਤਾ ਦਾ ਵਿਗੋਚਾ...ਨਹੀਂ ਨਹੀਂ।' ਉਹ ਬੁੜਬੁੜਾਇਆ ਸੀ।
ਸਾਹਿਤਕਾਰ ਸਾਥੀ ਜਦੋਂ ਜਨਮੀਤ ਕੋਲ਼ ਨੀਲੂ ਦਾ ਜ਼ਿਕਰ ਕਰਦੇ ਤਾਂ ਉਹ ਕਹਿ ਦੇਂਦਾ, "ਉਹ ਰਿਸ਼ਤਾ ਤਾਂ ਕਦੋਂ ਦਾ ਖਤਮ ਹੋ ਚੁੱਕੈ।"
"ਕੁਝ ਵੀ ਹੋਵੇ, ਵੱਜਦੀ ਤਾਂ ਤੇਰੀ ਹੀ ਆ।" ਉਹ ਆਖਦੇ।
ਤੇ ਜਦੋਂ ਨੀਲੂ ਦਾ ਨਾਂ ਇੰਡੀਆ ਤੋਂ ਆਏ ਨੌਜਵਾਨ ਸ਼ਾਇਰ ਹਰਪਾਲ ਨਾਲ਼ ਜੁੜਨ ਲੱਗਾ ਤਾਂ ਜਨਮੀਤ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਉਸਦੇ ਆਕਾਸ਼ ਦਾ ਇੱਕ ਰੰਗ ਚੁਰਾ ਰਿਹਾ ਹੋਵੇ। ਸਾਹਿਤ ਅਤੇ ਕਨੇਡੀਅਨ ਜੀਵਨ ਵਿੱਚ ਸਥਾਪਿਤ ਹੋ ਚੁੱਕੇ ਜਨਮੀਤ ਲਈ ਹਰਪਾਲ ਇੱਕ ਐਵੇਂ ਜਿਹਾ ਵਿਅਕਤੀ ਸੀ। ਪਰ ਜਨਮੀਤ ਉਸਨੂੰ ਪਿਆਰ ਨਾਲ਼ ਹੀ ਪੇਸ਼ ਆਇਆ। ਉਸਨੇ ਹਰਪਾਲ ਦੀ ਸ਼ਾਇਰੀ ਦੀ ਪ੍ਰਸ਼ੰਸਾ ਕੀਤੀ। "ਮੇਰੇ ਲਾਇਕ ਕੋਈ ਕੰਮ ਹੋਵੇ ਤਾਂ ਦੱਸੀਂ।" ਵੀ ਕਿਹਾ।
ਤੇ ਦੋ ਕੁ ਮੁਲਾਕਾਤਾਂ ਬਾਅਦ ਹਰਪਾਲ, ਜਨਮੀਤ ਕੋਲ਼ ਆਪਣਾ ਦੁੱਖ ਫੋਲਣ ਲੱਗ ਪਿਆ ਸੀ। ਉਸਨੇ ਦੱਸਿਆ ਸੀ ਕਿ ਰਿਸ਼ਤੇਦਾਰ - ਜਿਨ੍ਹਾਂ ਕੋਲ਼ ਉਹ ਠਹਿਰਿਆ ਹੋਇਆ ਸੀ - ਉਸਨੂੰ ਬੋਝ ਸਮਝਣ ਲੱਗ ਪਏ ਸਨ। 'ਰਫਿਊਜੀ ਕੇਸ' ਲੜਨ ਲਈ ਵਕੀਲ ਦੀਆਂ ਫੀਸਾਂ ਅਤੇ ਹੋਰ ਖਰਚਿਆਂ ਲਈ ਡਾਲਰ ਚਾਹੀਦੇ ਸਨ। ਪਿੱਛੇ ਇੰਡੀਆ ਤੋਂ ਵੀ ਕਰਜਾ ਚੁੱਕ ਕੇ ਏਥੇ ਪਹੁੰਚਾ ਸੀ। ਲੁਕ-ਛਿਪ ਕੇ ਕੰਮ ਕਰਨ ਲਈ ਹੱਥ-ਪੱਲਾ ਮਾਰ ਰਿਹਾ ਸੀ। ਪਰ ਹੱਥ ਅੜ ਨਹੀਂ ਸੀ ਰਿਹਾ।
ਜਨਮੀਤ ਨੇ ਮਾਂਟਰੀਆਲ ਰਹਿੰਦੇ ਆਪਣੇ ਇੱਕ ਦੋਸਤ ਦੇ ਗਰੌਸਰੀ-ਸਟੋਰ ਵਿੱਚ ਹਰਪਾਲ ਲਈ ਥੋੜ੍ਹੇ ਕੁ ਡਾਲਰਾਂ ਦੀ ਜੌਬ ਦਾ ਬੰਦੋਬਸਤ ਕਰ ਦਿੱਤਾ। ਧੰਨਵਾਦ ਕਰਦਿਆਂ ਹਰਪਾਲ ਨੇ ਕਿਹਾ ਸੀ, "ਭਾ ਜੀ! ਜੇ ਤੁਸੀਂ ਨਾ ਮੱਦਦ ਕਰਦੇ ਤਾਂ ਮੇਰੀਆਂ ਸੋਚਾਂ ਨੇ ਮੈਨੂੰ ਪਾਗਲ ਕਰ ਦੇਣਾ ਸੀ।"
"ਪਾਲ! ਸਮਝ ਲੈ ਹੁਣ ਗੱਡੀ ਲੀਹ 'ਤੇ ਆ ਗਈ ਐ," ਆਪਣੇ ਬੋਲਾਂ ਵਿੱਚ ਅਪਣੱਤ ਭਰਦਿਆਂ ਜਨਮੀਤ ਬੋਲਿਆ ਸੀ, "ਮਾਂਟਰੀਆਲ ਏਥੇ ਨਾਲ਼ੋਂ ਨਰਮੀ ਆਂ। ਉਨ੍ਹਾਂ ਤੇਰਾ ਕੇਸ ਮੰਨ ਹੀ ਲੈਣਾ ਆਂ...ਓਂ ਬਹੁਤਾ ਦੂਰ ਵੀ ਨਹੀਂ। ਛੇ ਸੱਤ ਘੰਟੇ ਦਾ ਸਫਰ ਆ ਬੱਸ ਦਾ। ਜਦੋਂ ਜੀਅ ਕੀਤਾ ਏਧਰ ਗੇੜਾ ਮਾਰ ਗਿਆ। ਪਰ ਕੀ ਪਤਾ ਤੇਰਾ? ਸ਼ਾਇਦ ਉੱਥੇ ਜਾ ਕੇ ਸਾਨੂੰ ਭੁਲਾ ਹੀ ਦੇਵੇਂ।"
"ਨਾ ਨਾ, ਭਾ ਜੀ! ਮੈਂ ਤੁਹਾਨੂੰ ਨਹੀਂ ਭੁੱਲ ਸਕਦਾ।"
"ਏਹਨੇ ਤਾਂ ਵਿਚਾਰੇ ਨੇ ਕੀ ਭੁੱਲਣਾ ਆਂ, ਤੁਸੀਂ ਭਾਵੇਂ ਚਾਹੁੰਦੇ ਹੋਵੋਂ ਕਿ ਭੁੱਲ ਜਾਵੇ।" ਕੋਲ਼ ਬੈਠੀ ਨੀਲੂ ਨੇ ਟਕੋਰ ਮਾਰੀ ਸੀ।
"ਓਏ ਨੀਲੂ! ਸਾਡੇ ਵਰਗੇ ਫਕੀਰਾਂ ਦੇ ਦਾਮਨ ਨੂੰ ਸ਼ੱਕ ਨਾਲ਼ ਨਹੀਂ ਵੇਖੀਦਾ।" ਕਹਿੰਦਿਆਂ ਜਨਮੀਤ ਨੇ ਗੱਲ ਹਾਸੇ 'ਚ ਪਾ ਦਿੱਤੀ ਸੀ।
ਫੁਹਾਰਿਆਂ ਲਾਗੇ ਕੁਝ ਸਮਾਂ ਗੁਜ਼ਾਰ ਕੇ ਜਨਮੀਤ ਪਾਰਕ ਦੇ ਸਾਹਮਣਲੀ ਬਾਰ 'ਚ ਜਾ ਬੈਠਾ ਸੀ। ਬੀਅਰ ਪੀਂਦਿਆਂ ਉਸਨੂੰ ਉਹ ਸਮਾਂ ਯਾਦ ਆ ਰਿਹਾ ਸੀ ਜਦੋਂ ਉਸਦੇ ਦਵੰਦ 'ਚ ਰਿੜਕ ਹੋ ਰਹੇ ਮਨ ਵਿੱਚੋਂ ਫੁੱਟਦੀਆਂ ਨਜ਼ਮਾਂ ਸਾਰੇ ਪਾਸੀਂ ਸਲਾਹੀਆਂ ਜਾ ਰਹੀਆਂ ਸਨ...ਉਨ੍ਹਾਂ ਦਿਨਾਂ ਵਿੱਚ ਸਾਹਿਤ ਸਭਾ ਟਰਾਂਟੋ ਵੱਲੋਂ ਇੱਕ ਕਾਨਫਰੰਸ ਕਰਵਾਈ ਗਈ, ਜਿਸ ਵਿੱਚ ਅਮਰੀਕਾ, ਇੰਗਲੈਂਡ ਅਤੇ ਭਾਰਤ ਦੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ ਸੀ। ਅਜੋਕੀ ਪੰਜਾਬੀ ਕਵਿਤਾ 'ਤੇ ਪਰਚੇ ਪੜ੍ਹਦਿਆਂ ਵਿਦਵਾਨਾਂ ਨੇ ਜਨਮੀਤ ਦੀ ਕਵਿਤਾ ਨੂੰ ਨਵਾਂ ਕਾਵਿਕ-ਸੰਵਾਦ ਰਚਾਉਣ ਵਾਲ਼ੀ ਕਵਿਤਾ ਕਿਹਾ ਸੀ। ...ਆਪਣੇ ਅੰਦਰਲੀ ਖੁਸ਼ੀ ਵਿੱਚੋਂ ਜਨਮੀਤ ਦੇ ਮਨ 'ਚ ਬਲਬੀਰ ਲਈ ਵੀ ਮੋਹ ਤੇ ਮਾਣ ਜਾਗਿਆ ਸੀ...ਪ੍ਰੀਤੀ-ਭੋਜ ਵਾਲ਼ੀ ਸ਼ਾਮ ਨੂੰ ਉਸਨੇ ਬਲਬੀਰ ਨੂੰ, ਨਾਲ਼ ਚੱਲਣ ਲਈ ਕਿਹਾ। ਬਲਬੀਰ ਨੇ ਕਿਹਾ ਕਿ ਉਹ ਬਾਅਦ 'ਚ ਪਹੁੰਚ ਜਾਏਗੀ। ਪਰ ਪਹੁੰਚੀ ਨਹੀਂ ਸੀ।
ਬੀਅਰ-ਵਿਸਕੀ ਦੇ ਦੌਰ ਦੌਰਾਨ ਜਨਮੀਤ ਤੋਂ ਪੁੱਛਿਆ ਗਿਆ ਕਿ ਉਸਦੀ ਕਾਵਿ-ਪ੍ਰਤਿਭਾ ਨੂੰ ਸਿਖਰਾਂ ਵੱਲ ਲਿਜਾਣ ਵਿੱਚ ਉਸਦੀ ਸਾਧਨਾ ਤੋਂ ਬਿਨਾਂ ਕੀ ਕਿਸੇ ਹੋਰ ਦਾ ਹੱਥ ਵੀ ਸੀ? ਉਸਨੇ ਕਿਹਾ, "ਹਾਂ, ਮੇਰੇ ਸਾਰੇ ਮਿੱਤਰਾਂ ਦਾ।" ਪਰ ਮਨ ਵਿੱਚ ਅਕਸ ਸਿਰਫ ਨੀਲੂ ਦਾ ਹੀ ਉੱਭਰਿਆ ਸੀ...ਤੇ ਪਾਰਟੀ ਤੋਂ ਬਾਅਦ ਪਤਾ ਨਹੀਂ ਇਹ ਸ਼ਰਾਬ ਦਾ ਨਸ਼ਾ ਸੀ ਜਾਂ ਕੁਝ ਹੋਰ ਕਿ ਉਸਦੀ ਕਾਰ ਨੀਲੂ ਦੇ ਘਰ ਵੱਲ ਨੂੰ ਮੁੜ ਗਈ ਸੀ।
ਅਗਲੇ ਦਿਨ ਇੰਦੂ ਅਤੇ ਤੇਜ ਨਾਲ਼ ਰਾਤ ਦੀ ਪਾਰਟੀ ਦੀਆਂ ਗੱਲਾਂ ਕਰਦਿਆਂ ਜਨਮੀਤ ਨੇ ਚੁੱਪ-ਵੱਟੀ ਬੈਠੀ ਬਲਬੀਰ ਨੂੰ ਬੁਲਾ ਹੀ ਲਿਆ, "ਤੂੰ ਕਾਹਤੇ ਨਾ ਪਹੁੰਚੀ?"
"ਮੂਡ ਠੀਕ ਨਹੀਂ ਸੀ।"
"ਮੂਡ ਦਾ ਤਾਂ ਐਵੇਂ ਬਹਾਨਾ ਆਂ।...ਤੈਨੂੰ ਆਉਣਾ ਚਾਹੀਦਾ ਸੀ। ਲੋਕੀਂ ਜਾਣ-ਜਾਣ ਕੇ ਪੁੱਛ ਰਹੇ ਸੀ ਕਿ ਆਈ ਕਿਉਂ ਨਹੀਂ?" ਜਨਮੀਤ ਨੇ ਗਿਲਾ ਕੀਤਾ।
"ਲੋਕੀਂ ਤਾਂ ਮੈਨੂੰ ਵੀ ਬਹੁਤ ਕੁਝ ਪੁੱਛਦੇ ਆ ਤੇ ਦੱਸਦੇ ਵੀ ਆ।"
"ਤੂੰ ਗੱਲ ਨੂੰ ਵਲ਼ ਪਾ ਰਹੀ ਐਂ। ਮੈਂ ਤਾਂ ਸਿਰਫ ਇਹ ਕਹਿ ਰਿਹਾ ਸੀ ਕਿ ਮੇਰੀ ਕਲਾ ਨੂੰ ਜੋ ਮਾਣ ਮਿਲ਼ ਰਿਹੈ, ਇਹ ਮੇਰੇ ਲਈ ਹੀ ਨਹੀਂ ਤੇਰੇ ਲਈ ਵੀ ਮਾਣ ਵਾਲ਼ੀ ਗੱਲ ਏ...ਪਰ ਤੈਨੂੰ ਏਦਾਂ ਦੀਆਂ ਗੱਲਾਂ ਬਾਰੇ ਕੁਝ ਪਤਾ ਹੀ ਨਹੀਂ।"
ਬਲਬੀਰ ਨੂੰ ਇੰਜ ਲੱਗਾ ਜਿਵੇਂ ਆਪਣੇ ਅਖੀਰਲੇ ਵਾਕ ਨਾਲ਼ ਜਨਮੀਤ ਨੇ ਉਸਦੀ ਸ਼ਖਸੀਅਤ ਨੂੰ ਨਿਗੂਣੀ ਜਿਹੀ ਬਣਾ ਦਿੱਤਾ ਹੋਵੇ। ਰੋਹ 'ਚ ਆ ਕੇ ਉਹ ਬੋਲੀ, "ਝੂਠ ਤੇ ਪਖੰਡ ਆ ਤੁਹਾਡੀ ਇਹ ਕਲਾ। ਮੈਂ ਇਸਨੂੰ ਨਫਰਤ ਕਰਦੀ ਆਂ। ਮੈਨੂੰ ਨਹੀਂ ਲੋੜ ਇਹਦੇ ਬਾਰੇ ਪਤਾ ਰੱਖਣ ਦੀ...ਪਤਾ ਰੱਖਣ ਆਲ਼ੀ ਤੁਹਾਡੇ ਕੋਲ਼ ਹੈਗੀ ਜੁ ਆਂ। ਰਾਤੀਂ ਅਸਲੀ ਪਾਰਟੀ ਤਾਂ ਉਹਦੇ ਘਰ ਹੀ...।"
ਬਲਬੀਰ ਦੀ ਗੱਲ ਨੇ ਜਨਮੀਤ ਨੂੰ ਪੈਰਾਂ ਤੋਂ ਕੱਢ ਦਿੱਤਾ। ਉਹ ਹੈਰਾਨ ਰਹਿ ਗਿਆ ਕਿ ਉਸ ਨਾਲ਼ ਖਾਰ ਖਾਂਦੇ ਲੇਖਕ ਉਸਦੀ ਰੀਣ-ਰੀਣ ਗੱਲ ਨੋਟ ਕਰਕੇ ਕਿਵੇਂ ਬਲਬੀਰ ਤੱਕ ਪਹੁੰਚਾ ਰਹੇ ਸਨ। ਸਥਿਤੀ ਨੂੰ ਸਾਧਾਰਨਤਾ ਵਿੱਚ ਲਿਆਉਣ ਲਈ ਉਹ ਨਰਮ ਪੈ ਕੇ ਬੋਲਿਆ, "ਤੇਰੇ ਦਿਮਾਗ 'ਚ ਤਾਂ ਬੱਸ ਹਾਅ ਈ ਗੱਲ ਵੜੀ ਹੋਈ ਆ। ਮੈਂ ਤੈਨੂੰ ਕਿੰਨੀ ਵਾਰ ਸਮਝਾਇਐ ਕਿ ਉਹ ਮੇਰੀ ਦੋਸਤ ਐ ਤੇ ਤੂੰ ਮੇਰੀ ਪਤਨੀ।"
"ਨਹੀਂ ਸਭ ਕੁਸ਼ ਓਹੀ ਆ, ਮੈਂ ਤੁਹਾਡੀ ਕੁਝ ਨਹੀਂ ਲਗਦੀ।"
"ਸ਼ਰਮ ਨਹੀਂ ਆਉਂਦੀ ਨਿਆਣਿਆਂ ਸਾਹਮਣੇ ਏਦਾਂ ਦੀਆਂ ਗੱਲਾਂ ਕਰਦਿਆਂ।" ਜਨਮੀਤ ਤਲਖ ਹੋ ਕੇ ਬੋਲਿਆ ਸੀ।
"ਜੇ ਤੁਹਾਨੂੰ ਕਰਦਿਆਂ ਸ਼ਰਮ ਨਹੀਂ ਆਉਂਦੀ ਤਾਂ ਮੈਨੂੰ ਦੱਸਣ 'ਚ ਕਾਹਦੀ ਆ? ਨਾਲ਼ੇ ਨਿਆਣਿਆਂ ਨੂੰ ਕਿਹੜਾ ਨਹੀਂ ਪਤਾ ਕਿ ਤੁਸੀਂ ਕੀ ਚੱਜ ਘੋਲ਼ਦੇ ਆਂ। ਏਦਾਂ ਨਹੀਂ ਘਰ ਵਸਦੇ ਹੁੰਦੇ।" ਬਲਬੀਰ ਦੀ ਆਵਾਜ਼ ਗੁੱਸੇ 'ਚ ਕੰਬ ਰਹੀ ਸੀ।
"ਨਹੀਂ ਵਸਦੇ ਤੇ ਨਾ ਵਸਣ, ਮੈਂ ਕੋਈ ਠੇਕਾ ਨਹੀਂ ਲਿਆ ਹੋਇਆ।" ਜਨਮੀਤ ਗਰਜਿਆ।
"ਘਰ-ਪਰਿਵਾਰਾਂ ਦੇ ਸਿਲਸਿਲੇ ਠੇਕੇ 'ਤੇ ਨਹੀਂ ਅਸੂਲਾਂ 'ਤੇ ਚਲਦੇ ਆ। ਉਹ ਅਸੂਲ ਜੇ ਤੁਹਾਨੂੰ ਨਹੀਂ ਮਨਜੂਰ ਤਾਂ ਪਾਸੇ ਹੋਵੋ।" ਬਲਬੀਰ ਦਾ ਗੁੱਸਾ ਬੇਕਾਬੂ ਹੁੰਦਾ ਜਾ ਰਿਹਾ ਸੀ।
ਜਨਮੀਤ ਨੂੰ ਇੰਜ ਲੱਗਾ ਸੀ ਜਿਵੇਂ ਬਲਬੀਰ ਨੇ ਧੱਕਾ ਮਾਰ ਕੇ ਉਸਨੂੰ ਸਰਦਲੋਂ ਬਾਹਰ ਕਰ ਦਿੱਤਾ ਹੋਵੇ। ਉਹ ਰੋਹ 'ਚ ਕੜਕਿਆ, "ਤੈਥੋਂ ਪਾਸੇ ਹੋਣ ਲਈ ਤਾਂ ਮੈਂ ਹੁਣੇ ਹੀ, ਇਸੇ ਪਲ ਤਿਆਰ ਹਾਂ। ਪਰ ਤੈਨੂੰ ਪਤਾ ਹੋਣਾ ਚਾਹੀਦੈ ਕਿ ਘਰ ਅਤੇ ਹੋਰ ਸਭ ਕਾਸੇ ਦੀ ਪਾਈ-ਪਾਈ ਦਾ ਹਿਸਾਬ ਕਰਨਾ ਪਏਗਾ।"
"ਜਦੋਂ ਮਰਜੀ ਆ ਕਰ ਲਉ। ਮੇਰੇ ਲਈ ਤਾਂ ਇਹ ਘਰ ਨਰਕ ਨਾਲ਼ੋਂ ਵੀ ਭੈੜਾ ਆ।" ਕ੍ਰੋਧ 'ਚ ਭੁੱਜ ਰਹੀ ਬਲਬੀਰ ਨੇ ਕਿਹਾ ਸੀ।
...ਕੈਲਗਰੀ ਤੋਂ ਪਹੁੰਚੇ ਬਲਬੀਰ ਦੇ ਮਾਂ-ਪਿਉ ਨੇ ਸਮਝੌਤਾ ਕਰਵਾਉਣ ਲਈ ਕੁਝ ਨੇੜਲੇ ਬੰਦੇ ਇੱਕਠੇ ਕੀਤੇ...ਬਲਬੀਰ ਤਲਾਕ ਤੋਂ ਉਰੇ ਗੱਲ ਹੀ ਨਹੀਂ ਸੀ ਕਰ ਰਹੀ। ਪਤਨੀ ਦਾ ਰੁਖ-ਢੰਗ ਵੇਖ ਕੇ ਜਨਮੀਤ ਦਾ ਪਾਰਾ ਵੀ ਚੜ੍ਹ ਗਿਆ...ਕਾਫੀ ਘੈਂਸ-ਘੈਂਸ ਤੋਂ ਬਾਅਦ ਵੀ ਗੱਲ ਕਿਸੇ ਸਿਰੇ ਨਾ ਲੱਗੀ।
ਤੇ ਸੁਲ੍ਹਾ ਕਰਵਾਉਣ ਲਈ ਜੁੜੇ ਬੰਦੇ, ਦੋਨਾਂ ਧਿਰਾਂ ਨੂੰ ਸਵੀਕਾਰੀ ਤਲਾਕਨਾਮੇ ਦੀਆਂ ਸ਼ਰਤਾਂ ਬੰਨ੍ਹਣ ਲੱਗੇ...ਹੰਝੂ ਕੇਰਦੀ ਇੰਦੂ ਅਤੇ ਘ੍ਰਿਣਿਤ ਨਜ਼ਰਾਂ ਨਾਲ਼ ਡੈਡੀ ਨੂੰ ਤੱਕਦੇ ਤੇਜ ਨੇ ਵਕੀਲ ਅਤੇ ਹੋਰ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਸੀ ਕਿ ਉਹ ਮੰਮੀ ਨਾਲ਼ ਰਹਿਣਗੇ। ਨਿਆਣਿਆਂ ਨੂੰ ਮਿਲਣ ਦੀ ਸ਼ਰਤ ਹੇਠ ਜਨਮੀਤ ਨੇ ਮੇਨਟਨੈਂਸ ਖਰਚਾ ਭਰਨਾ ਪ੍ਰਵਾਨ ਕਰ ਲਿਆ।
ਘਰ ਅਤੇ ਹੋਰ ਸਾਮਾਨ ਦੋ ਹਿੱਸਿਆਂ 'ਚ ਵੰਡ ਦਿੱਤਾ ਗਿਆ। ਬੈਂਕ-ਖਾਤੇ ਉਨ੍ਹਾਂ ਨੇ ਪਹਿਲਾਂ ਹੀ ਅੱਡ-ਅੱਡ ਕੀਤੇ ਹੋਏ ਸਨ।
ਘਰ ਵਿਕਣ ਉਪਰੰਤ ਆਪਣੇ ਹਿੱਸੇ ਆਈ ਰਕਮ ਨਾਲ਼ ਬਲਬੀਰ ਨੇ ਆਪਣੇ ਲਈ ਇੱਕ ਛੋਟਾ ਜਿਹਾ ਘਰ ਖਰੀਦ ਲਿਆ।
ਨੀਲੂ ਨਾਲ਼ ਰਹਿ ਰਿਹਾ ਜਨਮੀਤ ਆਪਣੇ ਆਲ਼ੇ-ਦੁਆਲ਼ੇ ਇੱਕ ਤਾਜ਼ਗੀ ਜਿਹੀ ਮਹਿਸੂਸ ਕਰਦਾ। ਨੀਲੂ ਦੇ ਮੁਸਕਰਾ ਕੇ ਗੱਲ ਕਰਨ, ਘਰ ਦੇ ਕੰਮ ਕਰਦਿਆਂ ਜਨਮੀਤ ਦੇ ਸ਼ਿਅਰ ਗੁਣਗੁਣਾਉਣ, ਆਪਣੇ ਨਾਲ਼ ਕੰਮ ਕਰਦੀਆਂ ਗੋਰੀਆਂ ਔਰਤਾਂ ਦੇ ਜਿਨਸੀ ਕਿੱਸੇ ਸੁਣਾਉਣ, ਜਨਮੀਤ ਨੂੰ ਬੀਅਰ ਪਾ ਕੇ ਦੇਣ ਤੇ ਕਦੀ-ਕਦੀ ਆਪ ਵੀ ਪੀ ਲੈਣ ਵਰਗੇ ਕਾਰਜ ਜਨਮੀਤ ਅੰਦਰ ਹੁਲਾਸ ਜਿਹਾ ਭਰੀ ਰੱਖਦੇ।
ਵੀਕ-ਐੰਡਜ਼ 'ਤੇ ਨੀਲੂ, ਜਨਮੀਤ ਨੂੰ ਨਵੀਆਂ ਅੰਗ੍ਰੇਜ਼ੀ, ਹਿੰਦੀ ਫਿਲਮਾਂ ਵੇਖਣ ਜਾਂ ਸ਼ੌਪਿੰਗ ਕਰਨ ਲੈ ਟੁਰਦੀ। ਪਰ ਜਿਸ ਵੀਕ-ਐੰਡ 'ਤੇ ਜਨਮੀਤ ਦਾ ਲਿਖਣ ਦਾ ਮੂਡ ਹੁੰਦਾ, ਉਹ ਕਿਤੇ ਨਾ ਜਾਂਦੇ। ਨੀਲੂ ਜਨਮੀਤ ਲਈ ਸ਼ਾਂਤ ਮਾਹੌਲ ਬਣਾਉਂਦੀ। ਉਸਨੂੰ ਪਤਾ ਹੁੰਦਾ ਕਿ ਲਿਖਣ ਬੈਠੇ ਜਨਮੀਤ ਨੂੰ ਕਿਸ ਸਮੇਂ ਜੂਸ, ਕਿਸੇ ਸਮੇਂ ਕੌਫੀ, ਕਿਸ ਸਮੇਂ ਕੋਈ ਮਿੱਠੀ ਜਾਂ ਨਮਕੀਨ ਚੀਜ਼ ਚਾਹੀਦੀ ਹੁੰਦੀ। ਤੇ ਜਨਮੀਤ ਦੇ ਬੰਦ ਕਮਰੇ ਵਿੱਚੋਂ ਮਾੜੀ ਜਿਹੀ ਆਵਾਜ਼ ਪੈਣ 'ਤੇ ਹੀ, "ਦੱਸੋ ਮੀਤ ਜੀ...।" ਕਹਿੰਦਿਆਂ ਉਹ ਝੁਕ ਕੇ ਇੰਜ ਹਾਜ਼ਰ ਹੁੰਦੀ ਜਿਵੇਂ ਜਨਮੀਤ ਦੇ ਕਵਿਤਾ ਲਿਖਣ ਦੇ ਕਾਰਜ ਤੋਂ ਵਾਰੇ-ਵਾਰੇ ਜਾ ਰਹੀ ਹੋਵੇ।
ਪਰ ਜਦੋਂ ਤੀਜੇ ਚੌਥੇ ਹਫਤੇ ਜਨਮੀਤ ਨੇ ਇੰਦੂ ਨੂੰ ਮਿਲਣਾ ਹੁੰਦਾ ਤਾਂ ਤਣਾਅ ਪੈਦਾ ਹੋ ਜਾਂਦਾ। ਨੀਲੂ ਚਾਹੁੰਦੀ ਸੀ ਕਿ ਹੋਟਲ 'ਚ ਜਾ ਕੇ ਰਹਿਣ ਦੀ ਬਜਾਏ ਜਨਮੀਤ ਇੰਦੂ ਨੂੰ ਘਰ ਲੈ ਕੇ ਆਇਆ ਕਰੇ। ਉਸਦੇ ਵਾਰ-ਵਾਰ ਰੋਸ ਜਗਾਉਣ 'ਤੇ ਇੱਕ ਵੇਰਾਂ ਜਨਮੀਤ ਇੰਦੂ 'ਤੇ ਜ਼ੋਰ ਪਾ ਕੇ ਉਸਨੂੰ ਘਰ ਲੈ ਆਇਆ। ਨੀਲੂ ਨੇ ਉਸਦਾ ਬੜਾ ਚਾਅ ਕੀਤਾ। ਪਰ ਇੰਦੂ ਨਾ ਖੁੱਲ੍ਹੀ...ਗੁੱਸੇ 'ਚ ਆਈ ਨੇ ਉਸਨੇ ਨੀਲੂ ਨੂੰ ਕਹਿ ਦਿੱਤਾ, "ਤੁਸੀਂ ਮੇਰਾ ਡੈਡੀ ਖੋਹ ਲਿਐ।"
ਨੀਲੂ ਦੇ ਜਿਵੇਂ ਦੁਹੱਥੜ ਵੱਜਾ ਹੋਵੇ। ਆਪਣੇ ਅੰਦਰ ਉੱਠ ਰਹੇ ਕ੍ਰੋਧ ਉੱਤੇ ਉਸਨੇ ਮਸਾਂ ਹੀ ਕਾਬੂ ਪਾਇਆ...ਤੇ ਫਿਰ ਪਤਾ ਨਹੀਂ ਕਿਉਂ ਉਸਦੀਆਂ ਅੱਖਾਂ ਵਹਿ ਤੁਰੀਆਂ...ਹੰਝੂ ਪੂੰਝਦਿਆਂ ਉਹ ਬੋਲੀ, "ਇੰਦੂ! ਜ਼ਿੰਦਗੀ ਖੋਹਣ-ਖੁਹਾਉਣ ਦਾ ਨਹੀਂ, ਲੱਭਣ-ਲਭਾਉਣ ਦਾ ਅਮਲ ਏ। ਖੈਰ ਤੂੰ ਆਪਣਾ ਗੁੱਸਾ ਕੱਢ ਲੈ। ਜੋ ਵੀ ਤੇਰੇ ਦਿਲ 'ਚ ਆ ਕਹਿ ਛੱਡ...ਪਰ ਤੂੰ ਆਇਆ ਜ਼ਰੂਰ ਕਰ। ਰਾਤ ਏਥੇ ਸਾਡੇ ਕੋਲ਼ ਰਿਹਾ ਕਰ।"
ਜਨਮੀਤ ਨੂੰ ਆਸ ਸੀ ਕਿ ਤੇਜ ਵੀ ਇੰਦੂ ਵਾਂਗ ਉਸ ਨਾਲ਼ ਮਿਲਣ-ਗਿਲਣ ਲੱਗ ਪਏਗਾ। ਪਰ ਉਸਨੇ ਜਿੰਨੀ ਵਾਰੀ ਵੀ ਪੁੱਛਿਆ ਤੇਜ ਦੀ ਨਾਂਹ ਹੋਰ ਪੱਕੀ ਹੁੰਦੀ ਗਈ ਸੀ।
ਜਦੋਂ ਇੱਕ ਲੇਖਕ ਨੇ ਜਨਮੀਤ ਨੂੰ ਇਹ ਗੱਲ ਰੜਕਾਈ ਕਿ ਲੋਕੀਂ ਜਨਮੀਤ ਨਾਲ਼ ਘੁੰਮਦੀਆਂ ਨੀਲੂ ਤੇ ਇੰਦੂ ਨੂੰ 'ਭੈਣਾਂ ਹੀ ਲਗਦੀਆਂ' ਕਹਿੰਦੇ ਆ ਤੇ ਨਾਲ਼ੇ ਹੋਰ ਵੀ ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਆ ਤਾਂ ਜਨਮੀਤ ਨੂੰ ਇੰਜ ਲੱਗਾ ਸੀ ਜਿਵੇਂ ਉਸ ਲੇਖਕ ਨੇ ਜਨਮੀਤ ਅੰਦਰ ਸੁੱਤੀ ਪਈ ਏਦਾਂ ਦੀ ਹੀ ਕਿਸੇ ਗੱਲ ਨੂੰ ਜਗਾ ਦਿੱਤਾ ਹੋਵੇ।
ਉਸਨੇ ਇਹ ਗੱਲ ਨੀਲੂ ਕੋਲ਼ ਕੀਤੀ ਸੀ। "ਕੌਣ ਪਰਵਾਹ ਕਰਦੈ ਇਨ੍ਹਾਂ ਤੰਗ-ਦਿਲ ਲੋਕਾਂ ਦੀ।" ਨੀਲੂ ਨੇ ਲਾਪਰਵਾਹੀ ਨਾਲ਼ ਕਿਹਾ ਸੀ।
'ਕਿੰਨੀ ਦਲੇਰ ਆ ਨੀਲੂ।' ਜਨਮੀਤ ਨੇ ਮਨ ਹੀ ਮਨ ਕਿਹਾ ਸੀ...ਜਨਮੀਤ ਦੇ ਮਨ 'ਚ ਆਉਂਦਾ ਕਿ ਉਹ ਵੀ ਨੀਲੂ ਵਾਂਗ ਦਲੇਰ ਬਣ ਜਾਵੇ ਪਰ ਉਸਤੋਂ ਅਜਿਹਾ ਹੋ ਨਹੀਂ ਸੀ ਰਿਹਾ।
ਉਹ ਇੰਦੂ ਨੂੰ ਨੀਲੂ ਜਾਂ ਨੀਲੂ ਨੂੰ ਇੰਦੂ ਨਾਲ਼ ਲੈ ਕੇ ਘੁੰਮਣ ਤੋਂ ਕਤਰਾਉਣ ਲੱਗਾ।
...ਤੇ ਫਿਰ ਜਿਵੇਂ ਉਸਨੂੰ ਨੀਲੂ ਨਾਲ਼ ਤੁਰਨਾ-ਫਿਰਨਾ ਵੀ ਚੰਗਾ ਲੱਗਣੋਂ ਹਟ ਗਿਆ। ਉਸਦਾ ਮਨ ਚਾਹੁੰਦਾ ਕਿ ਨੀਲੂ ਇਕੱਲੀ ਹੀ ਸਟੋਰਾਂ ਨੂੰ ਜਾ ਆਇਆ ਕਰੇ...ਜਿਵੇਂ ਬਲਬੀਰ ਜਾਂਦੀ ਹੁੰਦੀ ਸੀ, ਨਿਆਣਿਆਂ ਨੂੰ ਲੈ ਕੇ ਲੋੜੀਂਦੀ ਸ਼ੌਪਿੰਗ ਵੀ ਕਰ ਆਉਣੀ ਤੇ ਆ ਕੇ ਹਿਸਾਬ ਵੀ ਕਰਨਾ। ਪੈਸਾ ਸਾਂਭਣਾ ਉਸਨੂੰ ਆਉਂਦਾ ਸੀ। ਪਰ ਨੀਲੂ ਤਾਂ ਆਪਣੀ ਵੀ ਤੇ ਜਨਮੀਤ ਦੀ ਤਨਖਾਹ ਵੀ ਨਾਲ਼ ਦੀ ਨਾਲ਼ ਹੀ ਮੁਕਾਈ ਜਾ ਰਹੀ ਸੀ।
ਪਰ ਜਿਸ ਅੰਦਾਜ਼ ਨਾਲ਼ ਨੀਲੂ ਕੱਪੜਾ-ਲੀੜਾ ਪਹਿਨਦੀ, ਘਰ ਨੂੰ ਸਜਾਉਂਦੀ ਤੇ ਗਰੌਸਰੀ ਖਰੀਦਣ ਸਮੇਂ ਰਸੋਈ ਦੀ ਹਰ ਚੀਜ਼ ਨੂੰ ਸਿਹਤ ਦੇ ਸੰਬੰਧ ਵਿੱਚ ਦੇਖਦੀ, ਉਸ ਵਿੱਚੋਂ ਜਨਮੀਤ ਨੂੰ ਉਹ ਜ਼ਿੰਦਗੀ ਨੂੰ ਜਿਊ ਨਹੀਂ ਬਲਕਿ ਮਾਣ ਰਹੀ ਲਗਦੀ।
ਨੀਲੂ ਦੀਆਂ ਕਹੀਆਂ ਇਹ ਗੱਲਾਂ, "ਮੀਤ ਜੀ! ਦਾਲ਼ਾਂ ਘਟਾ ਦਿਉ, ਇਨ੍ਹਾਂ ਵਿੱਚ ਮਾੜੇ-ਮੋਟੇ ਪ੍ਰੋਟੀਨ ਤਾਂ ਹੁੰਦੇ ਆ ਪਰ ਵਾਈਟਾਮਿਨ ਕੋਈ ਨਹੀਂ ਹੁੰਦਾ। ਇਨ੍ਹਾਂ ਨਾਲ਼ੋਂ ਚਿਕਨ ਤੇ ਸਬਜ਼ੀਆਂ ਠੀਕ ਨੇ। ਐਹ ਦਹੀਂ ਤੇ ਬਟਰ ਵੀ ਘਟਾ ਦਿਉ। ਇਨ੍ਹਾਂ ਨਾਲ਼ ਮੁਟਾਪਾ ਆ ਜਾਂਦੈ। ਤੁਸੀਂ ਦੇਖਿਆ ਹੋਣੈ, ਗੋਰੇ ਲੋਕ 'ਡੇਅਰੀ ਪ੍ਰੌਡਟਕਸ' ਬਹੁਤ ਘੱਟ ਵਰਤਦੇ ਆ। ਸੈਲਿਡ ਤੇ ਜੂਸ ਵਗੈਰਾ ਠੀਕ ਨੇ...।" ਜਨਮੀਤ ਹੱਸ ਕੇ ਟਾਲ਼ ਦਿਆ ਕਰਦਾ ਸੀ। ਪਰ ਨੀਲੂ ਵੱਲੋਂ ਸਿਹਤ-ਰਸਾਲਿਆਂ ਦੇ ਵਰਕੇ ਖੋਲ੍ਹ-ਖੋਲ੍ਹ ਉਸ ਅੱਗੇ ਰੱਖਣ 'ਤੇ ਉਸਨੂੰ ਥੋੜ੍ਹਾ ਬਹੁਤ ਮੰਨਣਾ ਹੀ ਪੈਂਦਾ।
ਪਰ ਨੀਲੂ ਦਾ ਹਰਪਾਲ ਨੂੰ ਫੋਨ ਕਰਨਾ ਜਨਮੀਤ ਨੂੰ ਚੰਗਾ ਨਾ ਲਗਦਾ।
ਬਾਰ 'ਚ ਬੈਠੇ ਜਨਮੀਤ ਨੂੰ ਬੀਅਰ ਦਾ ਹਲਕਾ ਜਿਹਾ ਨਸ਼ਾ ਹੋ ਚੁੱਕਾ ਸੀ...ਸ਼ਾਇਦ ਇਹ ਉਸਦੇ ਮਨ ਦੀ ਉਦਾਸੀ ਸੀ ਕਿ ਦੀਵਾਰ 'ਤੇ ਲਟਕ ਰਹੀ ਇੱਕ ਬੱਚੀ ਦੀ ਹਸੂੰ-ਹਸੂੰ ਕਰਦੀ ਤਸਵੀਰ ਵਿੱਚੋਂ ਉਸਨੂੰ ਕੁਝ ਹੋਰ ਤਰ੍ਹਾਂ ਦੇ ਚਿਹਰੇ ਨਜ਼ਰ ਆਉਣ ਲੱਗੇ...ਡੋਲੀ 'ਚ ਬੈਠ ਰਹੀ ਇੰਦੂ ਦਾ ਹੰਝੂਆਂ 'ਚ ਭਿੱਜਾ ਚਿਹਰਾ, ਬਲਬੀਰ ਦਾ ਖਾਮੋਸ਼ ਚਿਹਰਾ...ਤੇ ਇਸ ਦੁਨੀਆਂ 'ਚੋਂ ਜਾ ਚੁੱਕੀ ਉਸਦੀ ਮਾਂ ਦਾ ਝੁਰੜੀਆਂ ਵਾਲ਼ਾ ਚਿਹਰਾ...ਉਦੋਂ ਮਾਂ ਦੇ ਜ਼ਿਆਦਾ ਢਿੱਲੀ ਹੋਣ ਦੀ ਖਬਰ ਸੁਣ ਕੇ ਉਹ ਉਦਾਸ ਹੋ ਗਿਆ ਸੀ। "ਜਾਓ ਦੇਖ ਆਓ। ਸਿਆਣਾ ਸਰੀਰ ਆ, ਕੀ ਪਤਾ ਹੁੰਦਾ...।" ਨੀਲੂ ਨੇ ਸਲਾਹ ਦਿੱਤੀ ਸੀ।
ਹਸਪਤਾਲ 'ਚ ਪਈ ਮਾਂ ਦਾ ਹਾਰਿਆ ਹੋਇਆ ਚਿਹਰਾ ਵੇਖਦਿਆਂ ਜਨਮੀਤ ਨੂੰ ਬੈੱਡ ਲਾਗਲੀ ਖਿੜਕੀ ਪਿੱਛੇ ਖਲੋਤੇ ਦ੍ਰਖਤ ਦੀ ਛਾਂ ਕੰਬਦੀ ਹੋਈ ਪ੍ਰਤੀਤ ਹੋਈ ਸੀ। ਇੱਕ ਦੂਜੇ ਦੇ ਗਲ਼ ਲੱਗ ਕੇ ਮਾਂ ਪੁੱਤ ਕਿੰਨੀ ਹੀ ਦੇਰ ਹੰਝੂ ਵਹਾਉਂਦੇ ਰਹੇ...ਮਾਂ ਦੀ ਮੱਧਮ ਆਵਾਜ਼ ਉਸਦੇ ਕੰਨਾਂ 'ਚ ਪੈ ਰਹੀ ਸੀ, "ਵੇ ਪੁੱਤ!...ਵੇ ਪੁੱਤ! ਤੂੰ ਇਹ ਕੀ ਕੀਤਾ? ਬਲਬੀਰ ਤਾਂ ਸਾਡੇ ਘਰ ਦਾ ਥੰਮ੍ਹ ਸੀ...ਕੀ ਹੋ ਗਿਆ ਤੇਰੀ ਅਕਲ ਨੂੰ?"
ਭਰਾ ਨੇ ਜਨਮੀਤ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਜਨਮੀਤ ਤੇ ਬਲਬੀਰ ਦੇ ਤਲਾਕ ਦੀ ਗੱਲ ਮਾਂ ਕੋਲ਼ੋਂ ਲੁਕਾਈ ਰੱਖੀ ਸੀ। ਪਰ ਜਦੋਂ ਕਿਸੇ ਪਾਸਿਉਂ ਉਸਦੇ ਕੰਨੀਂ ਪੈ ਗਈ ਤਾਂ ਉਹ ਗਮ 'ਚ ਮੰਜੇ ਨਾਲ਼ ਲੱਗ ਗਈ ਸੀ।
ਜਨਮੀਤ ਮਾਂ ਕੋਲ਼ ਆਪਣੀਆਂ ਸਾਹਿਤਕ ਪ੍ਰਾਪਤੀਆਂ ਦੀਆਂ ਖੁਸ਼ਗਵਾਰ ਗੱਲਾਂ ਕਰਦਾ। ਪਰ ਮਾਂ ਕਿਰਦੀ ਹੀ ਗਈ। ਤੇ ਕੁਝ ਹਫਤਿਆਂ ਬਾਅਦ ਚਲ ਵਸੀ।
ਅਫਸੋਸ ਕਰਨ ਆਏ ਲੋਕ ਵਲ਼ ਜਿਹਾ ਪਾ ਕੇ ਇਹ ਗੱਲ ਵੀ ਪੁੱਛ ਲੈਂਦੇ, "ਜਨਮੀਤ ਸਿਆਂ! ਸੁਣਿਐਂ ਪਈ ਤੂੰ ਆਪਣਾ ਟੱਬਰ ਛੱਡ ਦਿੱਤੈ?"
ਪਰਦੇ ਨਾਲ਼ ਮਿਲਣ ਆਇਆ ਨੀਲੂ ਦਾ ਡੈਡੀ - ਜਿਸਦਾ ਆਪਣਾ ਬਿਜ਼ਨਿਸ ਸੀ - ਜਨਮੀਤ ਨੂੰ ਬਾਹਲ਼ਾ ਹੀ ਗਰੀਬੜਾ ਜਿਹਾ ਲੱਗਾ ਸੀ। ਹਟਕੋਰੇ ਜਿਹੇ ਲੈਂਦਿਆਂ ਉਹ ਬੋਲਿਆ ਸੀ, "ਜਨਮੀਤ ਸਿਆਂ! ਸਾਡੇ ਜੀਣ ਦਾ ਕੋਈ ਹੱਜ ਨਹੀਂ। ਮੈਂ ਮੰਨਦਾਂ ਗਲਤੀ ਸਾਡੀ ਸੀ। ਨੀਲੂ ਨੂੰ ਵਿਆਹੁਣ ਤੋਂ ਪਹਿਲਾਂ ਸਾਨੂੰ ਮੁੰਡੇ ਬਾਰੇ ਪੂਰੀ ਪੁੱਛ-ਗਿੱਛ ਕਰਨੀ ਚਾਹੀਦੀ ਸੀ। ...ਹੁਣ ਉੱਧਰਲੀ 'ਕੱਲੀ-'ਕੱਲੀ ਗੱਲ ਏਥੇ ਪਹੁੰਚਦੀ ਆ। ਤੂੰ ਤਾਂ ਬੜਾ ਸਮਝਦਾਰ ਸੀ...ਚਲੋ ਉਹ ਜਾਣੇ ਜਾਂ ਤਾਂ ਵਿਆਹ ਹੀ ਕਰ ਲੈਂਦਾ।"
ਫੋਨਾਂ 'ਤੇ - ਨੀਲੂ ਨੇ ਜਨਮੀਤ ਨਾਲ਼ ਦਰਦ ਸਾਂਝਾ ਕੀਤਾ ਸੀ, ਇੰਦੂ ਨੇ ਦਾਦੀ ਦੇ ਚਲੇ ਜਾਣ ਦਾ ਦੁੱਖ ਮੰਨਿਆਂ ਸੀ ਤੇ ਬਲਬੀਰ ਨੇ ਏਨੀ ਕੁ ਗੱਲ ਹੀ ਕੀਤੀ ਸੀ, "ਮਾਂ ਦੀ ਯਾਦ 'ਚ ਸਕੂਲੇ ਇੱਕ ਕਮਰੇ ਲਈ ਪੈਸੇ ਦੇ ਆਇਓ। ਮੁੜ ਕੇ ਆਓਗੇ ਤਾਂ ਦੇ ਦਿਆਂਗੀ।"
ਛੁੱਟੀ ਹੋਰ ਮੰਗਾ ਕੇ ਜਨਮੀਤ, ਪਟਿਆਲੇ ਯੂਨੀਵਰਸਿਟੀ 'ਚ ਪੜ੍ਹਾਉਂਦੇ, ਆਪਣੇ ਮਿੱਤਰ ਸੁਰਿੰਦਰ ਨੂੰ ਲੈ ਕੇ ਕਸ਼ਮੀਰ ਨੂੰ ਚਲਾ ਗਿਆ। ਜਲੰਧਰ, ਚੰਡੀਗੜ੍ਹ ਤੇ ਦਿੱਲੀ ਦੇ ਲੇਖਕਾਂ ਨੂੰ ਵੀ ਮਿਲ਼ਿਆ।
ਜਨਮੀਤ ਦੇ ਕਨੇਡਾ ਮੁੜਨ 'ਤੇ ਨੀਲੂ ਨੇ ਹਰਪਾਲ ਬਾਰੇ ਗੱਲ ਛੇੜੀ ਸੀ, "ਪਿਛਲੇ ਹਫਤੇ ਪਾਲ ਦਾ ਫੋਨ ਆਇਆ ਸੀ। ਉਸਦਾ ਕੇਸ ਰੀਜੈਕਟ ਹੋ ਗਿਐ। ਬੜਾ ਨਿਰਾਸ਼ ਹੋਇਆ ਪਿਐ।"
"ਅਪੀਲ ਨਹੀਂ ਕੀਤੀ?"
"ਤੁਹਾਡੇ ਨਾਲ਼ ਸਲਾਹ ਕਰਨੀ ਚਾਹੁੰਦੈ। ਕਹਿੰਦਾ ਸੀ ਵਕੀਲ ਤਕੜਾ ਹੋਣਾ ਚਾਹੀਦੈ।"
"ਹਾਂ, ਵਕੀਲ ਤਾਂ ਤਕੜਾ ਹੀ ਹੋਣਾ ਚਾਹੀਦੈ।" ਜਨਮੀਤ ਨੇ ਨੀਲੂ ਦੀ ਹਾਂ ਵਿੱਚ ਹਾਂ ਮਿਲ਼ਾਈ ਸੀ।
"ਰਫਿਊਜੀ ਕੇਸਾਂ ਬਾਬਤ ਏਥੋਂ ਦੇ ਦੋ ਕੁ ਵਕੀਲ ਕਾਫੀ ਮਸ਼ਹੂਰ ਨੇ। ਮੇਰਾ ਖਿਆਲ ਐ ਉੁਹਦੀ ਅਪੀਲ ਏਥੋਂ ਕਰਵਾਈਏ।"
"ਮਸ਼ਹੂਰ ਵਕੀਲ ਤਾਂ ਮਾਂਟਰੀਆਲ ਵੀ ਹੋਣਗੇ।" ਨੀਲੂ ਨੂੰ ਘੋਖਵੀਂ ਨਜ਼ਰ ਨਾਲ਼ ਵੇਖਦਿਆਂ ਜਨਮੀਤ ਬੋਲਿਆ ਸੀ।
"ਪਰ ਪਾਲ ਨੂੰ ਡਰ ਐ ਕਿ ਉੱਥੇ ਉਹਦੀ ਅਪੀਲ ਵੀ ਕਿਤੇ...।"
ਕੁਝ ਦਿਨਾਂ ਬਾਅਦ ਹਰਪਾਲ ਉਨ੍ਹਾਂ ਕੋਲ਼ ਆ ਗਿਆ ਸੀ।
ਸ਼ਾਮ ਨੂੰ ਟੀ.ਵੀ. ਦੇਖਦਿਆਂ ਜਦੋਂ ਨੀਲੂ ਤੇ ਹਰਪਾਲ ਨਵੀਆਂ ਅੰਗ੍ਰੇਜ਼ੀ ਫਿਲਮਾਂ ਅਤੇ ਟੀ.ਵੀ. ਸ਼ੋਆਂ ਦੇ ਐਕਟਰਾਂ, ਆਈਸ-ਹਾਕੀ, ਬੇਸਬਾਲ ਤੇ ਬਾਸਕਿਟਬਾਲ ਦੇ ਖਿਡਾਰੀਆਂ ਬਾਬਤ ਉਮਾਹ ਨਾਲ਼ ਗੱਲਾਂ ਕਰਦੇ ਤਾਂ ਜਨਮੀਤ ਨੂੰ ਉਹ ਆਪਣੇ ਨਾਲ਼ੋਂ ਕਿਸੇ ਵੱਖਰੀ ਧਰਤ 'ਤੇ ਖਲੋਤੇ ਨਜ਼ਰ ਆਉਂਦੇ...ਉਸ ਨਾਲ਼ੋਂ ਵੱਧ ਹੁਸ਼ਿਆਰ। ...ਉਨ੍ਹਾਂ ਦੀ ਨੇੜਤਾ ਜਨਮੀਤ ਨੂੰ ਚੁੱਭਣ ਲੱਗੀ...ਜਨਮੀਤ ਅਤੇ ਨੀਲੂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ...ਦੋ ਵਾਰ ਤਾਂ ਮਾਮਲਾ ਪੁਲਿਸ ਕੋਲ਼ ਜਾਂਦਾ-ਜਾਂਦਾ ਬਚਿਆ।
ਜਨਮੀਤ ਦੀ ਉੱਤਰ ਵਿੱਚ ਯੈਲੋਨਾਈਫ ਵਿਖੇ ਬਦਲੀ ਹੋ ਜਾਣ ਦੀ ਖਬਰ ਨੇ ਨੀਲੂ ਤੇ ਹਰਪਾਲ ਨੂੰ ਹੈਰਾਨ ਕਰ ਦਿੱਤਾ...।
ਸ਼ੁਰੂ-ਸ਼ੁਰੂ ਵਿੱਚ ਜਨਮੀਤ ਨੂੰ ਇੰਜ ਲੱਗਾ ਜਿਵੇਂ ਚੁੱਪ-ਚੁੱਪੀਤੇ ਅਤੇ ਹਲਚਲ-ਰਹਿਤ ਯੈਲੋਨਾਈਫ ਸ਼ਹਿਰ ਵਿੱਚ ਉਸਦੇ ਤੇਜ਼ ਰਫਤਾਰੀ ਜੀਵਨ-ਗੇਅਰ ਉੱਖੜ-ਉੱਖੜ ਪੈ ਰਹੇ ਹੋਣ। ਪਰ ਉੱਥੋਂ ਦੇ ਪਰਦੂਸ਼ਣ-ਰਹਿਤ ਵਾਤਾਵਰਣ ਵਿੱਚ ਵਿਚਰਦੇ ਲੋਕਾਂ ਦੇ ਦਿਲਾਂ ਵਿਚਲੀ ਸਾਦਗੀ ਤੇ ਸਚਾਈ ਉਸਨੂੰ ਚੰਗੀ ਲੱਗਣ ਲੱਗੀ। ਡਾਕਖਾਨੇ ਦੇ ਅੰਦਰ ਤੇ ਬਾਹਰ ਮਿਲ਼ਦੇ ਲੋਕ ਜਦੋਂ 'ਹਾਇ ਮੀਟ' ਕਹਿੰਦਿਆਂ ਉਸ ਨਾਲ਼ ਗੱਲਾਂ ਕਰਦੇ ਤਾਂ ਉਸਨੂੰ, ਸਾਲ 'ਚ ਅੱਠ ਮਹੀਨੇ ਬਰਫ ਨਾਲ਼ ਕੱਜਿਆ ਰਹਿਣ ਵਾਲ਼ਾ ਉਹ ਇਲਾਕਾ ਕਾਫੀ ਨਿੱਘਾ ਲਗਦਾ। ...ਨੇਟਿਵ ਇੰਡੀਅਨਜ਼ ਤੇ ਗੋਰੇ ਕਨੇਡੀਅਨਾਂ ਦੇ ਉਸ ਭਾਈਚਾਰੇ ਦਾ ਅੰਗ ਬਣਿਆਂ ਜਨਮੀਤ ਪੰਜਾਬੀ ਰਸਾਲਿਆਂ ਅਤੇ ਅਖਬਾਰਾਂ ਰਾਹੀਂ ਸਾਹਿਤ ਨਾਲ਼ ਪੂਰੀ ਤਰ੍ਹਾਂ ਜੁੜਿਆ ਰਿਹਾ...ਤੇ ਬੜੀਆਂ ਮਿਆਰੀ ਕਵਿਤਾਵਾਂ ਦੀ ਰਚਨਾ ਕੀਤੀ।
...ਦੋ ਸਾਲ ਬਾਅਦ ਟਰਾਂਟੋ ਪਰਤਣ 'ਤੇ ਸਥਾਨਕ ਲੇਖਕਾਂ ਅਤੇ ਹੋਰ ਦੋਸਤਾਂ ਨੇ ਉਸਦਾ ਬੜਾ ਚਾਅ ਕੀਤਾ। ਉਸਦਾ ਘਰ ਸਾਹਿਤ ਦਾ ਕੇਂਦਰ ਬਣ ਗਿਆ। ਇੰਡੀਆ, ਇੰਗਲੈਂਡ, ਅਮਰੀਕਾ ਤੇ ਹੋਰ ਦੂਰੋਂ-ਨੇੜਿਉਂ ਆਉਂਦੇ ਲੇਖਕ ਉਸਨੂੰ ਮੋਹ ਨਾਲ਼ ਮਿਲ਼ਦੇ। ਬਹੁਤੇ ਤਾਂ ਉਸ ਕੋਲ਼ ਹੀ ਠਹਿਰਦੇ।
ਨੀਲੂ ਤੇ ਹਰਪਾਲ ਦੀ ਵਾਹਵਾ ਨਿਭ ਰਹੀ ਸੀ। ਉਹ ਜਨਮੀਤ ਨੂੰ ਮਿਲ਼ਦੇ ਰਹਿੰਦੇ। ਇੰਦੂ ਵੀ ਹਫਤੇ ਦੋ ਹਫਤੇ ਬਾਅਦ ਗੇੜਾ ਮਾਰ ਜਾਂਦੀ। ਇੰਦੂ ਤੋਂ ਜਨਮੀਤ ਨੂੰ ਪਤਾ ਲਗਦਾ ਰਹਿੰਦਾ...ਤੇਜ ਆਪਣੀ ਮੰਮੀ ਤੇ ਇੰਦੂ ਦਾ ਕਾਫੀ ਖਿਆਲ ਕਰਦਾ ਸੀ। ਪੜ੍ਹਾਈ ਦੇ ਨਾਲ਼, ਉਹ ਪਾਰਟ-ਟਾਈਮ ਜੌਬ ਵੀ ਕਰ ਰਿਹਾ ਸੀ।
...ਤੇ ਫਿਰ ਜਦੋਂ ਬਲਬੀਰ ਦੇ ਮਾਪਿਆਂ ਨੇ ਇੰਦੂ ਲਈ ਕੈਲਗਰੀ ਵਿੱਚ ਇੱਕ ਚੰਗਾ ਮੁੰਡਾ ਲੱਭਿਆ ਤਾਂ ਬਲਬੀਰ ਨੇ ਧੀ ਨਾਲ਼ ਵਿਚਾਰ ਕਰ ਕੇ ਵਿਆਹ ਦੇ ਦਿਨ ਬੰਨ੍ਹ ਦਿੱਤੇ। ਇੰਦੂ ਦੇ ਜਨਮੀਤ ਨੂੰ ਵਿਆਹ 'ਚ ਸ਼ਾਮਲ ਹੋਣ ਲਈ ਕਹਿਣ 'ਤੇ ਜਨਮੀਤ ਨੇ ਕਿਹਾ ਸੀ, "ਬੇਟੀ! ਮੈਨੂੰ ਤੂੰ ਰਹਿਣ ਹੀ ਦੇ।"
"ਓ ਨੋ ਡੈਡੀ, ਤੁਹਾਨੂੰ ਆਉਣਾ ਹੀ ਪਏਗਾ। ਤੁਹਾਡੇ ਕਰਨ ਵਾਲ਼ੀਆਂ ਸਾਰੀਆਂ ਰਸਮਾਂ ਸਿਰਫ ਤੁਸੀਂ ਹੀ ਕਰੋਗੇ।" ਇੰਦੂ ਗੁੱਸੇ 'ਚ ਆ ਗਈ ਸੀ।
"ਠੀਕ ਐ ਬੇਟੀ! ਮੈਂ ਆਵਾਂਗਾ। ਪਰ ਰਿਸ਼ਤੇਦਾਰਾਂ 'ਚ ਨਹੀਂ ਬੈਠਾਗਾਂ। ਤੇ ਇੱਕ ਗੱਲ ਹੋਰ, ਕੈਲਗਰੀ ਤੋਂ ਇੱਕ ਦਿਨ ਪਹਿਲਾਂ ਪਹੁੰਚੇ ਬਾਰਾਤੀਆਂ ਦੇ ਹੋਟਲ ਅਤੇ ਸੇਵਾ-ਪਾਣੀ ਦਾ ਖਰਚ ਮੈਂ ਕਰਾਂਗਾ।" ਇੰਦੂ ਨੂੰ ਗੱਲ ਕਰਦੇ ਡੈਡੀ ਦੇ ਚਿਹਰੇ 'ਤੇ ਸੱਧਰਾਂ ਨਜ਼ਰ ਆਈਆਂ ਸਨ।
ਉਸਨੇ ਇਸ ਬਾਬਤ ਮੰਮੀ ਤੇ ਤੇਜ ਨੂੰ ਮਨਾ ਲਿਆ ਸੀ।
ਬਾਰ 'ਚੋਂ ਉੱਠ ਕੇ ਪਾਰਕ ਵਿਚਲੇ 'ਪਾਰਕਿੰਗ ਲੌਟ' ਵੱਲ ਨੂੰ ਆਉਂਦਿਆਂ ਜਨਮੀਤ ਨੂੰ ਆਪਣੇ 'ਸੈਲੂਲਰ ਫੋਨ' ਦੀ ਘੰਟੀ ਸੁਣਾਈ ਦਿੱਤੀ। ਨਿੱਕਾ ਜਿਹਾ ਏਰੀਅਲ ਬਾਹਰ ਖਿੱਚਦਿਆਂ ਉਸਨੇ "ਹੈਲੋ" ਕਿਹਾ।
"ਡੈਡੀ! ਕਿੱਥੇ ਓਂ ਤੁਸੀਂ?" ਇੰਦੂ ਬੋਲ ਰਹੀ ਸੀ।
"ਬੇਟੀ! ਮੈਂ ਏਥੇ ਇੱਕ ਪਾਰਕ 'ਚ ਆਂ। ਬੋਲੋ ਕੀ ਗੱਲ ਐ?"
"ਤੁਹਾਨੂੰ ਚੇਤਾ ਵੀ ਆ, ਸਾਡੀ ਕੈਲਗਰੀ ਦੀ ਫਲਾਈਟ ਸ਼ਾਮ ਅੱਠ ਵਜੇ ਦੀ ਆ?"
"ਹਾਂ ਬੇਟੀ! ਮੈਨੂੰ ਚੇਤੈ। ਤੂੰ ਫਿਕਰ ਨਾ ਕਰ...।"
'ਹਾਂ ਇੰਦੂ, ਦੋ-ਢਾਈ ਘੰਟਿਆਂ ਤੱਕ ਤੂੰ ਟੁਰ ਜਾਣੈ।' ਬੁੜਬੁੜਾਉਂਦਿਆਂ ਜਨਮੀਤ ਉਦਾਸੀ 'ਚ ਡੁੱਬ ਗਿਆ...ਉਸਨੂੰ ਇੰਜ ਲੱਗਾ ਜਿਵੇਂ ਉਸ ਤੋਂ ਅੱਗੇ-ਅੱਗੇ ਜਾ ਰਿਹਾ ਉਸਦਾ ਪਰਛਾਵਾਂ 'ਪਾਰਕਿੰਗ ਲੌਟ' ਦੇ ਨਾਲ਼ ਲਗਦੀ ਇੱਕ ਸੰਘਣੀ ਝਿੜੀ ਵਿੱਚ ਪਹੁੰਚ ਕੇ ਉਸਦੇ ਮਨ 'ਚ ਆ ਉੱਤਰਿਆ ਹੋਵੇ...ਕਈ ਸਾਲ ਪਹਿਲਾਂ ਉਹ ਇਸ ਪਾਰਕ ਵਿੱਚ ਘੁੰਮਣ ਆਏ ਸਨ। ਇਸ ਝਿੜੀ ਕੋਲ਼ ਆ ਕੇ ਜਨਮੀਤ ਨੇ ਕਿਹਾ ਸੀ, "ਚਲੋ ਬਈ! ਏਥੇ ਆਪਾਂ 'ਕੱਲੇ-'ਕੱਲੇ ਹੋ ਕੇ ਗੁਆਚ ਜਾਈਏ ਤੇ ਫਿਰ ਇੱਕ ਦੂਜੇ ਨੂੰ ਲੱਭੀਏ।" ...ਕਈ ਚਿਰ ਲਾ ਕੇ ਉਹ ਮੁੜ ਇਕੱਠੇ ਹੋਏ ਸਨ। "ਏਹੋ ਜਿਹੀ ਖੇਡ ਮੁੜ ਕੇ ਨਹੀਂ ਖੇਡਣੀ। ਮੇਰਾ ਤਾਂ 'ਕੱਲੀ ਦਾ ਸਾਹ ਹੀ ਨਿਕਲ਼ ਚੱਲਾ ਸੀ।" ਥੱਕੀ ਜਿਹੀ ਬਲਬੀਰ ਘਾਹ 'ਤੇ ਢੇਰੀ ਹੁੰਦਿਆਂ ਬੋਲੀ ਸੀ।
ਇਨ੍ਹਾਂ ਹੀ ਸੋਚਾਂ ਵਿੱਚ ਗੁਆਚੇ ਜਨਮੀਤ ਦੇ ਮਨ ਵਿੱਚ ਉਸਦਾ ਮਿੱਤਰ ਸੁਰਿੰਦਰ ਆ ਖਲੋਇਆ, ਜੋ ਕੁਝ ਮਹੀਨੇ ਪਹਿਲਾਂ ਕਨੇਡਾ ਗੇੜਾ ਮਾਰ ਕੇ ਗਿਆ ਸੀ। ਪਰਿਵਾਰਿਕ ਸੰਬੰਧ ਹੋਣ ਕਰਕੇ ਉਹ ਬਲਬੀਰ ਤੇ ਨੀਲੂ ਨੂੰ ਵੀ ਮਿਲ਼ਿਆ ਸੀ। ਤੇ ਉਨ੍ਹਾਂ ਪ੍ਰਤੀ ਜਨਮੀਤ ਦੇ ਮਨ ਦੀ ਗੱਲ ਜਾਨਣ ਲਈ ਉਸਨੇ ਜਨਮੀਤ ਤੋਂ ਪੁੱਛਿਆ ਸੀ, "ਮੀਤ! ਕੀ ਤੂੰ ਬਲਬੀਰ ਭਾਬੀ ਤੇ ਨੀਲੂ ਨੂੰ ਵਿਸਾਰ ਚੁੱਕੈਂ?"
"ਹਾਂ ਵੀ ਤੇ ਨਹੀਂ ਵੀ।"
"ਕੀ ਮਤਲਬ?"
"ਸੁਰਿੰਦਰ! ਜ਼ਿੰਦਗੀ ਵਿੱਚ ਖਤਮ ਕੁਝ ਵੀ ਨਹੀਂ ਹੁੰਦਾ। ਮਨ ਅੰਦਰਲੇ ਪਰਛਾਵਿਆਂ ਓਹਲੇ ਬੜਾ ਕੁਝ ਲੁਕਿਆ ਪਿਐ। ਟੁੱਟ ਚੁੱਕੇ ਰਿਸ਼ਤਿਆਂ ਦੇ ਚਿਹਰੇ ਵਰ੍ਹਿਆਂ ਬਾਅਦ ਤੁਹਾਡੇ ਮਨ 'ਚ ਇੰਜ ਆ ਉੱਭਰਦੇ ਨੇ ਜਿਵੇਂ ਤੁਹਾਡੇ ਕੋਲ਼ ਖਲੋਤੇ ਮੁਸਕਰਾ ਰਹੇ ਹੋਣ, ਗਿਲੇ ਸ਼ਿਕਵੇ ਕਰ ਰਹੇ ਹੋਣ।"
"ਪਰ ਤੂੰ ਓਨਾ ਮਹਿਸੂਸ ਨਹੀਂ ਕਰਦਾ। ਸ਼ਾਇਦ ਸਾਹਿਤਕ ਪ੍ਰਸਿੱਧੀ...।"
"ਹਾਂ, ਇਸਦਾ ਵੀ ਇੱਕ ਅਜੀਬ ਨਸ਼ਾ ਹੁੰਦੈ। ਪਰ ਸੁਰਿੰਦਰ! ਤੂੰ ਜਾਣਦਾ ਈ ਆਂ ਕਿੰਨੀ ਜਟਿਲ ਐ ਇਹ ਜ਼ਿੰਦਗੀ," ਸੋਚਾਂ 'ਚ ਡੁੱਬੀ ਨਜ਼ਰ ਨੂੰ ਸੁਰਿੰਦਰ ਵੱਲ ਕਰੀ ਜਨਮੀਤ ਕਹਿ ਰਿਹਾ ਸੀ, "ਜਦੋਂ ਕਦੀ ਮੇਰੀਆਂ ਪਰਿਵਾਰਿਕ ਜਿੰਮੇਵਾਰੀਆਂ ਮੈਥੋਂ ਹਿਸਾਬ ਮੰਗਦੀਆਂ ਨੇ ਤਾਂ ਮੈਨੂੰ ਆਪਣਾ ਖਾਤਾ ਬਿਲਕੁਲ ਖਾਲੀ ਨਜ਼ਰ ਆਉਂਦੈ...ਪਿੱਛੇ ਜਿਹੇ ਪਤਾ ਨਹੀਂ ਮੇਰੇ ਮਨ 'ਚ ਕੀ ਆਇਆ ਕਿ ਮੈਂ ਆਪਣੇ ਇੱਕ ਦੋਸਤ ਦੇ ਮੁੰਡੇ ਨੂੰ ਕਿਹਾ ਕਿ ਮੈਨੂੰ ਤੇਜ ਨਾਲ਼ ਮਿਲ਼ਾ। ਉਸਨੇ ਮਿਲ਼ਾ ਦਿੱਤਾ। ਪਰ ਤੇਜ ਨੇ ਮੈਨੂੰ ਏਦਾਂ ਲਾਹ-ਲਾਹ ਸੁੱਟਿਆ ਕਿ ਮੈਂ ਕਈ ਦਿਨ ਅੰਦਰ ਹੀ ਅੰਦਰ ਮਿੱਧ ਹੁੰਦਾ ਰਿਹਾ, ਟੁੱਟਦਾ ਰਿਹਾ।"
"ਮੀਤ! ਤੂੰ ਹੁਣ ਪਹਿਲਾਂ ਵਾਂਗ ਆਪਣੇ ਆਪ ਨੂੰ 'ਜਸਟੀਫਾਈ' ਨਹੀਂ ਕਰਦਾ, ਜਿਵੇਂ ਪੰਜ ਕੁ ਸਾਲ ਪਹਿਲਾਂ ਜਦੋਂ ਤੂੰ ਇੰਡੀਆ ਗਿਐਂ ਤਾਂ ਕਾਫੀ ਦੋਸ਼ ਬਲਬੀਰ ਭਾਬੀ ਦੇ ਸਿਰ ਵੀ ਮੜ੍ਹਦਾ ਸੈਂ।"
"ਹਾਂ, ਆਪਣੇ 'ਚ ਇਹ ਤਬਦੀਲੀ ਤਾਂ ਮੈਂ ਮਹਿਸੂਸ ਕਰਦਾਂ।"
"ਇਸਦਾ ਕੋਈ ਕਾਰਨ?"
"ਕਾਰਨ, ਮੈਨੂੰ ਮੇਰੇ ਤੇ ਮੇਰੀ ਕਵਿਤਾ ਦੇ ਰਿਸ਼ਤੇ 'ਚ ਨਜ਼ਰ ਆਉਂਦੈ। ਪਹਿਲਾਂ ਕਵਿਤਾ ਮੇਰੇ ਅੰਗ-ਸੰਗ ਹੀ ਵਸਦੀ ਸੀ। ਹੁਣ ਇਹ ਮੇਰੇ ਸਾਹਾਂ 'ਚ ਰਚ ਗਈ ਐ ਤੇ ਕਵਿਤਾ ਦਾ ਇਹ ਸੱਚ, ਮੈਨੂੰ ਸਚਾਈ ਤੋਂ ਮੁਨਕਰ ਨਹੀਂ ਹੋਣ ਦੇਂਦਾ...ਆਪਣੀ ਚੇਤਨਾ ਦੇ ਵਿਕਾਸ ਦੀਆਂ ਮੈਂ ਜਿੰਨੀਆਂ ਮਰਜ਼ੀ ਫੜ੍ਹਾਂ ਮਾਰੀ ਜਾਵਾਂ ਪਰ ਸੱਚ ਇਹ ਐ ਕਿ ਮੇਰੇ ਅੰਦਰ ਬੈਠੀਆਂ ਸੰਸਕ੍ਰਿਤਕ ਧਾਰਨਾਵਾਂ ਨੇ ਮੈਨੂੰ ਮੇਰੀ ਚੇਤਨਾ ਦੇ ਹਾਣ ਦਾ ਨਹੀਂ ਹੋਣ ਦਿੱਤਾ...ਬਲਬੀਰ ਦੇ ਰਵੱਈਏ ਵਿੱਚ ਤਬਦੀਲੀ ਮੈਨੂੰ ਸਾਫ ਨਜ਼ਰ ਆਉਂਦੀ ਸੀ। ਪਰ ਮੇਰੀ ਭਾਰਤੀ ਮਰਦਾਵੀਂ ਹਉਮੈਂ ਮੈਨੂੰ ਏਹੀ ਦ੍ਰਿੜ੍ਹਾਉਂਦੀ ਰਹੀ ਕਿ ਬਲਬੀਰ ਕਦੀ ਵੀ ਮੈਨੂੰ ਛੱਡ ਨਹੀਂ ਸਕੇਗੀ। ਰੌਲ਼ਾ-ਰੱਪਾ ਪਾ ਕੇ ਸਬਰ ਕਰ ਲਏਗੀ...ਦਰਅਸਲ ਮੈਂ ਖੁਦ ਵੀ ਬਲਬੀਰ ਨਾਲ਼ੋਂ ਟੁੱਟਣਾ ਨਹੀਂ ਸੀ ਚਾਹੁੰਦਾ ਕਿਉਂਕਿ ਉਸਨੇ ਘਰ-ਬਾਰ ਦੀਆਂ ਜਿੰਮੇਵਾਰੀਆਂ ਤੋਂ ਮੈਨੂੰ ਮੁਕਤ ਕੀਤਾ ਹੋਇਆ ਸੀ।"
"ਪਰ ਮੀਤ! ਜਦੋਂ ਤੁਹਾਡਾ ਤਲਾਕ ਹੋ ਈ ਗਿਆ ਤਾਂ ਫਿਰ ਤੂੰ ਨੀਲੂ ਨਾਲ਼ ਵਿਆਹ ਕਿਉਂ ਨਾ ਕੀਤਾ?"
"ਮੈਂ ਸ਼ੁਰੂ ਤੋਂ ਹੀ ਨੀਲੂ ਨੂੰ ਪਤਨੀ ਦੇ ਤੌਰ ਤੇ ਤਸੱਵਰ ਨਹੀਂ ਸੀ ਕੀਤਾ। ਮੇਰੀ ਸੰਸਕ੍ਰਿਤਕ ਸੋਚ ਵਿੱਚ ਉਹ ਮੇਰੀ ਪ੍ਰੇਮਿਕਾ ਸੀ, ਮੇਰੀ ਕਲਾ ਦੀ ਉਪਾਸ਼ਕ...ਹਾਂ ਜਦੋਂ ਬਲਬੀਰ ਨਾਲ਼ ਮੇਰਾ ਤਲਾਕ ਹੋ ਗਿਆ ਤਾਂ ਮੈਂ ਨੀਲੂ ਨੂੰ ਵਿਆਹ ਲਈ ਕਿਹਾ ਸੀ। ਪਰ ਉਸਦਾ ਜਵਾਬ ਸੀ ਕਿ ਜੇ ਪੱਛਮ ਦੇ ਬਹੁਗਿਣਤੀ ਜੋੜੇ ਵਿਆਹ ਤੋਂ ਬਿਨਾਂ ਹੀ ਖੁਸ਼ੀਆਂ ਭਰੀ ਜ਼ਿੰਦਗੀ ਜਿਊ ਰਹੇ ਆ ਤਾਂ ਆਪਾਂ ਨੂੰ ਵਿਆਹ ਦੀਆਂ ਰਸਮਾਂ 'ਚ ਬੱਝਣ ਦੀ ਕਾਹਦੀ ਕਾਹਲ਼ ਐ...ਤੇ ਜਦੋਂ ਨੀਲੂ ਹਰਪਾਲ ਵੱਲ ਝੁਕ ਗਈ ਤਾਂ ਮੈਂ ਬੁਰੀ ਤਰ੍ਹਾਂ ਪਿੰਜਿਆ ਗਿਆ। ਬੜੇ ਤਣਾਅ ਵਾਲ਼ਾ ਸਮਾਂ ਸੀ ਉਹ...ਜੇ ਮੈਂ ਨੀਲੂ ਨੂੰ ਆਪਣੇ ਨਾਲ਼ ਨਰੜ ਕੇ ਰੱਖਦਾ ਸੀ ਤਾਂ ਜ਼ਿੰਦਗੀ ਵਿੱਚ ਹੋਰ ਕੁੜੱਤਣ ਘੋਲਣ ਵਾਲ਼ੀ ਗੱਲ ਸੀ। ਜੇ ਛੱਡਦਾ ਸੀ ਤਾਂ ਪੱਲੇ ਕੁਝ ਨਹੀਂ ਸੀ ਰਹਿੰਦਾ...ਫਿਰ ਮੇਰਾ ਧਿਆਨ ਬਲਬੀਰ ਵੱਲ ਚਲੇ ਜਾਣਾ। ਪਰ ਉੱਥੇ ਵੀ ਉਹੀ ਦੁਬਿਧਾ...ਤੇ ਤਣਾਅ ਦੇ ਝੰਬੇ ਹੋਏ ਨੇ ਮੈਂ ਯੈਲੋਨਾਈਫ ਦੀ ਬਦਲੀ ਲਈ ਆਪ ਹੀ ਵਲੰਟੀਅਰ ਕਰ ਦਿੱਤਾ।
ਘੜੀ 'ਤੇ ਨਜ਼ਰ ਪੈਂਦਿਆਂ, 'ਪਾਰਕਿੰਗ ਲੌਟ' 'ਚ ਖਲੋਤਾ ਜਨਮੀਤ ਸੋਚਾਂ ਵਿੱਚੋਂ ਬਾਹਰ ਨਿਕਲ਼ ਆਇਆ। ਉਸਨੇ ਕਾਰ ਸਟਾਰਟ ਕੀਤੀ ਤੇ ਚੱਲ ਪਿਆ।
ਜਦੋਂ ਉਹ ਏਅਰਪੋਰਟ 'ਤੇ ਪੁੱਜਾ ਤਾਂ ਇੰਦੂ ਦੂਰ-ਨੇੜੇ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਤੇਜ ਨੂੰ ਮਿਲ਼ ਰਹੀ ਸੀ। ਆਪਣੇ ਗੰਭੀਰ ਚਿਹਰੇ 'ਤੇ ਮੁਸਕਰਾਹਟ ਲਿਆ ਰਿਹਾ ਤੇਜ ਇੰਦੂ ਦੇ ਪਰਲ-ਪਰਲ ਕਿਰਦੇ ਹੰਝੂਆਂ ਨੂੰ ਪੂੰਝਦਾ ਹੋਇਆ ਉਸਨੂੰ ਖੁਸ਼ ਰਹਿਣ ਲਈ ਕਹਿ ਰਿਹਾ ਸੀ।
ਇੰਦੂ ਜਦੋਂ ਮੰਮੀ ਦੇ ਗਲ਼ ਲੱਗੀ ਤਾਂ ਉਸ ਦੀਆਂ ਧਾਹਾਂ ਨਿਕਲ਼ ਗਈਆਂ। ਤੇ ਫਿਰ ਉਸੇ ਤਰ੍ਹਾਂ ਰੋਂਦੀ ਉਹ ਜਨਮੀਤ ਦੇ ਗਲ਼ ਲੱਗ ਕੇ ਕਹਿਣ ਲੱਗੀ, "ਡੈਡੀ! ਮੰਮੀ ਬਹੁਤ ਥੱਕ ਗਈ ਏ...।"
ਕੋਲ਼ ਖੜ੍ਹੀ ਬਲਬੀਰ ਵੱਲ ਵੇਖਦਿਆਂ ਜਨਮੀਤ ਨੂੰ ਉਸਦੀਆਂ ਅੱਖਾਂ ਵਿੱਚ ਵਗਦੇ ਹੰਝੂ ਆਪਣੇ ਹੰਝੂਆਂ ਵਰਗੇ ਹੀ ਨਜ਼ਰ ਆਏ ਸਨ। ਫਿਰ ਉਸਨੇ, ਬਲਬੀਰ ਨੂੰ ਪਾਸਪੋਰਟ ਤੇ ਹਵਾਈ-ਟਿਕਟ ਫੜਾਉਂਦੇ ਤੇਜ ਦੇ, ਇਹ ਬੋਲ ਸੁਣੇ, "ਲਓ ਮੰਮੀ! ਤੁਹਾਡਾ ਸਾਮਾਨ ਚੈਕ-ਇਨ ਕਰਵਾ ਦਿੱਤੈ।"
"ਡੈਡੀ! ਮੰਮੀ ਕੁਝ ਸਮੇਂ ਲਈ ਇੰਡੀਆ ਜਾ ਰਹੀ ਏ। ਦੋ ਕੁ ਦਿਨ ਪਹਿਲਾਂ ਹੀ ਪ੍ਰੋਗਰਾਮ ਬਣਿਐਂ।" ਹੰਝੂ ਭਰਿਆ ਚਿਹਰਾ ਉਤਾਂਹ ਕਰਦਿਆਂ ਇੰਦੂ ਬੋਲੀ ਸੀ।
ਜਨਮੀਤ ਤੇ ਬਲਬੀਰ ਨੇ ਜੱਸ ਨੂੰ ਵੀ ਬਾਹਾਂ 'ਚ ਲੈ ਕੇ ਵਾਰੋ ਵਾਰੀ ਪਿਆਰ ਦਿੱਤਾ। ਜੱਸ ਦੇ ਮਾਤਾ-ਪਿਤਾ ਤੇ ਰਿਸ਼ਤੇਦਾਰਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ।
ਤੇਜ ਨੇ ਵੀ ਸਾਰਿਆਂ ਨੂੰ ਵਿਦਾ ਕਹੀ।
ਇੰਦੂ ਤੇ ਬਲਬੀਰ ਆਪਣੇ ਵੱਖ-ਵੱਖ ਬੋਰਡਿੰਗ-ਗੇਟਾਂ ਵੱਲ ਨੂੰ ਟੁਰ ਪਈਆਂ। ਛਲਕਦੀਆਂ ਅੱਖਾਂ ਨਾਲ਼ ਜਨਮੀਤ ਅਤੇ ਪਰੇ ਖੜ੍ਹੇ ਤੇਜ ਨੂੰ 'ਬਾਇ' ਕਰਦਿਆਂ ਇੰਦੂ ਨਜ਼ਰੋਂ ਓਹਲੇ ਹੋ ਗਈ।...ਪਲ ਦੀ ਪਲ ਜਨਮੀਤ ਨੂੰ ਇੰਜ ਲੱਗਾ ਜਿਵੇਂ ਇੰਦੂ ਤੇ ਜੱਸ ਨੂੰ 'ਬਾਇ' ਕਰਦਾ ਉਸਦਾ ਹੱਥ ਬਲਬੀਰ ਵੱਲ ਨੂੰ ਵੀ ਉੱਠ ਗਿਆ ਹੋਵੇ ਤੇ ਮੂਹਰਿਉਂ ਬਲਬੀਰ ਨੇ ਵੀ ਹਾਂ...ਨਹੀਂ...ਸ਼ਾਇਦ ਜਨਮੀਤ ਨੂੰ ਭੁਚੱਕਾ ਲੱਗਾ ਸੀ। ਤੇ ਫਿਰ ਜਨਮੀਤ ਦੀ ਨਜ਼ਰ ਜਾਂਦੇ-ਆਉਂਦੇ ਮੁਸਾਫਰਾਂ ਵਿੱਚ ਗੁਆਚ ਗਈ। ਅਗਲੇ ਹੀ ਪਲ ਉਹ ਜਿਵੇਂ ਆਪਣੀ ਸੁਰਤ ਵਿੱਚ ਆ ਪਰਤਿਆ ਹੋਵੇ।...ਟਰਮੀਨਲ ਦੇ ਜਿਸ ਥਾਂ 'ਤੇ ਉਹ ਖਲੋਤਾ ਸੀ, ਉੱਥੋਂ ਮੁਸਾਫਿਰ ਜਾ ਹੀ ਰਹੇ ਸਨ, ਆ ਨਹੀਂ ਸਨ ਰਹੇ।

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

ਪੰਜਾਬੀ ਕਹਾਣੀਆਂ (ਮੁੱਖ ਪੰਨਾ)