Pari-Kahani Vargi Chhuh Teri (Punjabi Story) : Navtej Singh
ਪਰੀ-ਕਹਾਣੀ ਵਰਗੀ ਛੁਹ ਤੇਰੀ (ਕਹਾਣੀ) : ਨਵਤੇਜ ਸਿੰਘ
ਮੈਂ ਇਹ ਸੂਹੇ ਫੁੱਲ ਪਹਿਲਾਂ ਕਦੇ ਨਹੀਂ ਸਨ ਤੱਕੇ। ਇਸ ਸ਼ਹਿਰ ਵਿਚ ਰੁੱਤ ਮੈਂ ਕਈ ਵਾਰੀ ਬਿਤਾਈ ਹੈ, ਇਸ ਬਾਗ ਵਿਚ ਵੀ ਕਈ ਵਾਰੀ ਆਇਆ ਹਾਂ—ਪਰ ਇਹ ਸਾਰਾ ਰੁਖ ਹੀ ਲਾਲ ਫੁਲਾਂ ਦਾ ਇਕ ਤ੍ਰਿੰਝਣ ਜੋੜੀ ਖੜੋਤਾ, ਜਿਹੜਾ ਮੈਂ ਅੱਜ ਤੇਰੇ ਨਾਲ ਤੱਕਿਆ ਹੈ ਪਹਿਲਾਂ ਕਦੇ ਨਹੀਂ ਸੀ ਤਕਿਆ।
ਜੇ ਇਹ ਕੋਈ ਨਿੱਕਾ ਜਿਹਾ ਬੂਟਾ ਹੁੰਦਾ, ਤਾਂ ਮੈਂ ਸੋਚਦਾ ਸ਼ੈਦ ਐਤਕੀ ਹੀ ਕਿਤੋਂ ਲਿਆ ਕੇ ਲਾਇਆ ਗਿਆ ਹੈ—ਪਰ ਇਹ ਤਾਂ ਇਕ ਜਵਾਨ ਰੁਖ ਹੈ, ਕਿੰਨੀਆਂ ਹੀ ਬਹਾਰਾਂ ਇਹਨੂੰ ਨਵੇਂ ਫੁੱਲਾਂ ਨਾਲ ਗੁਦਗੁਦਾ ਗਈਆਂ ਹੋਣਗੀਆਂ! ਪਰ ਫੇਰ ਵੀ ਮੈਨੂੰ ਜਾਪਿਆ ਹੈ ਕਿ ਇਹ ਫੁੱਲ ਐਤਕੀ ਮੇਰੇ ਤੇਰੇ ਮਿਲਣ ਦੇ ਚਾਅ ਵਿਚ ਈ ਖਿੜੇ ਹਨ। ਅਜਿਹੀ ਪਰੀ-ਕਹਾਣੀ ਵਰਗੀ ਛੁਹ ਹੈ ਤੇਰੀ! ਕਿੰਨਾ ਕੁਝ ਸੁੱਝਦਾ ਹੈ! ਕਿੰਨਾ ਕੁਝ ਮੰਨਣ ਨੂੰ ਜੀਅ ਕਰਦਾ ਹੈ!
ਇਹ ਮਾਂਦਰੀ ਛੁਹ ਮੇਰੀ ਜ਼ਿੰਦਗੀ ਵਿਚ ਬੜੇ ਚਿਰਾਂ ਪਿਛੋਂ ਆਈ ਹੈ। ਕਿੰਨੀਆਂ ਰੁੱਤਾਂ ਲੰਘ ਲੰਘ ਗਈਆਂ ਸਨ ਇਹਨੂੰ ਉਡੀਕਦਿਆਂ। ਸਚ ਦੱਸਾਂ, ਜ਼ਿੰਦਗੀ ਕੁਝ ਇੰਜ ਵਰਤੀ ਸੀ ਮੇਰੇ ਨਾਲ ਕਿ ਕੁਝ ਵਰ੍ਹਿਆਂ ਤੋਂ ਮੈਂ ਕਹਿ ਭਾਵੇਂ ਛੱਡਦਾ ਸਾਂ, ‘ਮੈਂ ਉਡੀਕ ਰਿਹਾ ਹਾਂ’—ਪਰ ਅਸਲ ਵਿਚ ਹਰ ਅਜਿਹੀ ਛੁਹ ਲਈ ਮੈਂ ਅੱਖਾਂ ਮੀਟ ਛੱਡਦਾ ਸਾਂ, ਦਿਲ ਦੇ ਭਿਤ ਭੀੜ ਛੱਡਦਾ ਸਾਂ, ਤੇ ਸਿਰਫ਼ ਪੁਰਾਣੇ ਚੇਤਿਆਂ ਦੇ ਦਰ ਖਟਖਟਾਂਦਾ ਰਹਿੰਦਾ ਸਾਂ।
ਤੇ ਤੂੰ ਆ ਗਈਓਂ, ਅਛੋਪਲੇ ਹੀ ਮੀਟੀਆਂ ਅੱਖਾਂ, ਭਿੜੇ ਭਿੱਤ ਲੰਘ ਆਈਓਂ ਤੂੰ। ਤੇ ਚਾਨਚਕ ਮੈਨੂੰ ਜਾਪਿਆ, ਇਹ ਰੁਖ ਜਿਹੜਾ ਤਣੇ ਤੋਂ ਉਤੇ ਰੁਖ ਨਹੀਂ ਸੀ ਰਿਹਾ, ਫੁਲ ਹੀ ਫੁਲ ਬਣ ਗਿਆ ਸੀ—ਤੇਰੀ ਮਿਲਣੀ ਦੇ ਸੁਆਗਤ ਵਿਚ ਹੀ ਹੈ, ਇਹ ਫੁੱਲਾਂ ਦੀ ਰਾਂਗਲੀ ਭੀੜ ਮੇਰੇ ਤੇਰੇ ਲਈ ਹੀ ਹੈ।
ਇਹਦੇ ਥੱਲੇ ਤੇਰੇ ਕੋਲ ਲੇਟਿਆਂ ਮੈਨੂੰ ਜਾਪਿਆ ਜਿਵੇਂ ਮੇਰੇ ਸਿਰ ਥੱਲੇ ਸੁਪਨਿਆਂ ਦਾ ਸਰਹਾਣਾ ਹੈ, ਜਿਵੇਂ ਤੇਰੇ ਪਿੰਡੇ ਦੀ ਮਹਿਕ ਦਾ ਵੀ ਇਨ੍ਹਾਂ ਸੂਹੇ ਫੁੱਲਾਂ ਵਰਗਾ ਰੰਗ ਹੈ, ਜਿਵੇਂ ਤੇਰੀਆਂ ਉਜਲੀਆਂ ਅੱਖਾਂ ਵਿਚ ਦੂਰ ਤੀਕ ਸੂਹੇ ਫੁੱਲਾਂ ਨਾਲ ਲੱਦਿਆ ਇਕ ਚਾਨਣਾ ਪਹਿਆ ਜਾਂਦਾ ਹੈ।
ਮੇਰੀ ਨੀਝ ਏਸ ਪਹੇ ਉਤੇ ਦੂਰੋ ਦੂਰ ਹੁੰਦੀ ਗਈ, ਤੇ ਤੇਰੀ ਹਥ-ਘੁਟਣੀ ਡੂੰਘੀ, ਤੇ ਤੇਰੀਆਂ ਉਂਗਲਾਂ ਸੈਆਂ ਸੂਹੇ ਫੁੱਲ ਲੈ ਕੇ ਮੇਰੇ ਹੱਥ ਵਿਚ ਧੜਕ ਪਈਆਂ। ਤੇਰੇ ਪੋਟਿਆਂ ਨੇ ਜਿਵੇਂ ਤਾਰਿਆਂ ਦਾ ਕੂਲਾ ਚਾਨਣ ਮੇਰੇ ਅੰਦਰ ਝਸ ਦਿੱਤਾ, ਫੁੱਲਾਂ ਦਾ ਸੂਹਾਪਣ ਮੇਰੇ ਅੰਦਰ ਖਿੜਾ ਦਿੱਤਾ।
ਤੂੰ ਗੁਣ-ਗੁਣਾਂਦੀ ਰਹੀਓਂ ਕੋਈ ਗੀਤ—ਸੂਹੇ ਫੁੱਲਾਂ ਵਾਂਗ ਚੁੱਪ ਤੇ ਬੋਲਦਾ, ਤਾਰਿਆਂ ਵਾਂਗ ਧੜਕਦਾ ਤੇ ਝੰਮ ਝਮਾਂਦਾ।
ਸੁਰਾਂ ਦੀਆਂ ਤੰਦਾਂ ਕਤਦੀ ਰਹੀਓਂ ਤੂੰ, ਤੇ ਮੈਨੂੰ ਜਾਪਿਆ ਜਿਵੇਂ ਮੇਰੇ ਉਧੜੇ ਜਜ਼ਬਿਆਂ ਨੂੰ ਹੌਲੀ ਹੌਲੀ ਗੀਤਾਂ ਦੇ ਟਾਂਕੇ ਲਗਦੇ ਜਾ ਰਹੇ ਸਨ...
ਕੱਲ ਫੇਰ ਮਿਲਣ ਦੀ ਆਸ ਲੈ ਕੇ ਮੈਂ ਤੇਰੇ ਕੋਲ ਪਰਤ ਆਇਆ। ਛੱਕੜਾ ਹੋ ਚੁਕੀ ਬੱਸ ਨੇ ਆਪਣੀ ਖੜ ਖੜ ਮੇਰੇ ਕੰਨਾਂ ਵਿਚ ਲੁੱਦ ਦਿੱਤੀ।
ਕੰਡਕਟਰ ਨੇ ਗ਼ਲਤੀ ਨਾਲ ਇਕ ਬੁਢੀ ਤੀਵੀਂ ਦੀ ਟਿਕਟ ਡੇੜ੍ਹ ਆਨੇ ਵਧ ਮੂਲ ਦੀ ਅਗਲੇਰੇ ਸਟਾਪ ਲਈ ਕਟ ਦਿੱਤੀ ਸੀ, ਪਰ ਮਾਈ ਨੇ ਓਦੂੰ ਪਹਿਲੇ ਸਟਾਪ 'ਤੇ ਹੀ ਲਹਿ ਜਾਣਾ ਸੀ। ਬੜੇ ਝਗੜੇ ਝਾਂਜੇ ਬਾਅਦ ਮਾਈ ਛੇ ਪੈਸੇ ਦੇਣ ਹੀ ਲਗੀ ਸੀ ਕਿ ਕੋਲੋਂ ਇਕ ਅਮੀਰ ਜ਼ਨਾਨੀ ਬੋਲ ਪਈ, “ਵਿਚੋਂ ਛੱਡ ਖਹਿੜਾ, ਮਾਈ—ਦੇ ਸੂ ਪਰ੍ਹਾਂ, ਵਿਚਾਰੇ ਗ਼ਰੀਬ ਨੂੰ ਐਵੇਂ ਚੱਟੀ ਈ ਨਾ ਪੈ ਜਾਏ।”
ਸੁਣਦਿਆਂ ਸਾਰ ਬੁਢੀ ਮਾਈ ਦਾ ਧੌਲਾ ਸਿਰ ਰੋਹ ਨਾਲ ਕੰਬ ਪਿਆ, “ਇਹ ਵਿਚਾਰਾ ਹੋ ਗਿਐ, ਤੇ ਮੈਂ ਤੱਤੀ ਰਿਜ਼ਕ ਵਾਲੀ!—ਜਦੋਂ ਮੁਲਖ ਆਜ਼ਾਦ ਹੋਇਆ ਸੀ ਓਦੋਂ ਸਿਰੋਂ ਨੰਗੀ ਹੋ ਗਈ ਸਾਂ। ਤੇ ਇਕੋ ਇਕ ਸੁਖਾਂ-ਲਧਿਆ ਕਸ਼ਮੀਰ ਦੀ ਲਾਮ ਵਿਚ ਮਾਰਿਆ ਗਿਐ।”
ਉਹ ਬੁਢੇ ਹਡ ਰੁੜਕ ਰੁੜਕ ਕੇ ਕਮਾਏ ਛੇ ਪੈਸੇ ਦੇਣ ਲਈ ਮੰਨ ਗਈ ਸੀ, ਪਰ ਉਹਨੂੰ ਇਹ ਵੱਡਾ ਕੁਫ਼ਰ ਜਾਪਦਾ ਸੀ ਕਿ ਕੋਈ ਉਹਦੇ ਅਗੇ ਹੋਰ ਕਿਸੇ ਦੀ ਗਰੀਬੀ ਦਾ ਵਾਸਤਾ ਪਾਏ!
“ਭੈਣੇ, ਕੁਝ ਨਾ ਫੋਲ—ਢਕਿਆ ਈ ਰਹਿਣ ਦੇ। ਮੈਨੂੰ ਈ ਤਕੋ...” ਬਸ ਦੀ ਲੜਖੜਾਂਦੀ ਰੌਸ਼ਨੀ ਵਿਚ ਵੀ ਇਸ ਦੇ ਮੂੰਹ ਉਤੇ ਚਿੰਤਾ ਦੀਆਂ ਗਰ੍ਹਾਲਾਂ ਸਾਫ਼ ਲੱਭ ਰਹੀਆਂ ਸਨ।
ਭੀਤ ਸੁਭੀਤੀ ਸਾਰੇ ਆਪਣੇ ਆਪ ਨੂੰ ਦੂਜੇ ਤੋਂ ਵੱਧ ਲਚਾਰ ਦੱਸਣ ਲੱਗ ਪਏ, ਜਿਵੇਂ ਬੱਚੇ ਇੱਟਾਂ ਦੀ ਕਤਾਰ ਬਣਾ ਕੇ ਫੇਰ ਇਕ ਇੱਟ ਨੂੰ ਡੇਗ ਦੇਂਦੇ ਹਨ, ਤੇ ਸਾਰੀਆਂ ਇੱਟਾਂ ਕਿਰਨਮ ਕਿਰਨੀ ਡਿਗਣ ਲਗ ਪੈਂਦੀਆਂ ਸਨ।
…ਸੂਹੇ ਫੁਲ ਦੂਰ ਰਹਿ ਗਏ ਸਨ। ਸਭਨਾਂ ਅੱਖਾਂ ਵਿਚੋਂ ਅੰਗ-ਪੱਛਦੀ, ਖੁਸ਼ੀਆਂ-ਲੂੰਹਦੀ ਜ਼ਿੰਦਗੀ ਦਾ ਤ੍ਰਾਹ ਝਾਕ ਰਿਹਾ ਸੀ।
ਬੱਸ ਤੋਂ ਉਤਰ ਕੇ ਮੈਂ ਆਪਣੇ ਕਮਰੇ ਵਿਚ ਚਲਾ ਗਿਆ।
ਇਸ ਕਮਰੇ ਵਿਚ ਕਈ ਕਹਾਣੀਆਂ ਜੰਮੀਆਂ ਸਨ, ਕਈ ਕਹਾਣੀਆਂ ਦੇ ਜਨਮ ਦੀ ਕਲਵਲ ਹੋਈ ਸੀ। ਏਸ ਕਮਰੇ ਵਿਚ ਕੋਈ ਪਿਆਰਾ ਮੁਖ ਬੜੀ ਦੇਰ ਹੋਈ ਆਇਆ ਸੀ, ਕਿੰਨਾ ਚਿਰ ਰਿਹਾ ਸੀ। ਉਹਦੀਆਂ ਅੱਖਾਂ ਵਿਚ ਸਵੇਰ ਜਾਪੀ ਸੀ, ਉਹਦੀ ਤੇ ਮੇਰੀ ਜ਼ਿੰਦਗੀ ਇਕ ਸੁਰੀਲੇ ਦੁਗਾਣੇ ਵਾਂਗ ਲੱਗੀ ਸੀ।
ਪਰ ਉਹ ਪਿਆਰ ਮੁਖ ਮੈਥੋਂ ਧਰੂਹਿਆ ਗਿਆ। ਦੁਗਾਣੇ-ਥਰਕਦੇ ਗਲੇ ਘੋਪ ਦਿੱਤੇ ਗਏ। ਮੈਂ ਖਿੰਡ ਚੁਕੀ ਲੈਅ ਦੇ ਖੰਡਰਾਂ ਵਿਚ ਭਟਕਦਾ ਰਿਹਾ।
ਏਸੇ ਕਮਰੇ ਵਿਚ ਮੈਂ ਉਸਨੂੰ ਉਹਦੇ ਵਿਆਹ ਉਤੇ ਇਕ ਖ਼ਤ ਲਿਖਿਆ ਸੀ, ਤੇ ਪਾੜ ਛਡਿਆ ਸੀ; ਮਤੇ ਮੈਂ ਉਹਨੂੰ ਉਹਦੇ ਕੁਆਰੇ ਵਰ੍ਹਿਆਂ ਦਾ ਪ੍ਰੇਤ ਜਾਪਾਂ! ਫੇਰ ਏਸੇ ਕਮਰੇ ਵਿਚ ਇਕ ਮਹਾਨ ਕਿਤਾਬ ਪੜ੍ਹਦਿਆਂ ਮੈਨੂੰ ਸੋਝੀ ਹੋ ਗਈ ਸੀ ਕਿ ਮਨੁੱਖੀ ਰਿਸ਼ਤਿਆਂ ਦੇ ਦੁੱਧ ਵਿਚ ਅਣਮਨੁੱਖੀ ਸਮਾਜੀ ਸਬੰਧਾਂ ਨੇ ਕਾਂਜੀ ਘੋਲੀ ਹੋਈ ਹੈ।
ਇਹ ਸੋਝੀ ਖਿੰਡੀ ਲੈਅ ਦੇ ਖੰਡਰਾਂ ਵਿਚੋਂ ਕਢ ਕੇ ਮੈਨੂੰ ਜਾਗੀ ਲੁਕਾਈ ਦੇ ਪਿੜ ਵਿਚ ਲੈ ਆਈ ਸੀ, ਤੇ ਜਾਗੇ ਰਣ-ਜੂਝੇ ਲੋਕਾਂ ਦੀਆਂ ਅੱਖਾਂ ਵਿਚ ਕਿਸੇ ਅਨੋਖੀ ਸਵੇਰ ਦੀਆਂ ਕਿਰਨਾਂ ਮੈਨੂੰ ਲੱਭ ਪਈਆਂ ਸਨ—ਇਹ ਚਾਨਣ ਦੇ ਤਿਣਕੇ ਜਿਨ੍ਹਾਂ ਮੁੜ ਕੇ ਰੌਸ਼ਨੀ ਦਾ ਆਲ੍ਹਣਾ ਬਣਨਾ ਸੀ, ਤੇ ਮੈਂ ਰਣ-ਜੂਝੇ ਲੋਕਾਂ ਦਾ ਇਕ ਸਾਥੀ ਬਣ ਗਿਆ। ਇਸ ਸਭ ਕਾਸੇ ਨਾਲ ਮੇਰੇ ਕਮਰੇ ਦੀ ਹਿਕ ਭਰੀ ਹੋਈ ਸੀ।
ਮੇਰੀ ਭੈਣ ਅੰਦਰ ਆ ਗਈ। ਮੈਂ ਲਾਡ ਨਾਲ ਉਹਦਾ ਹੱਥ ਫੜ ਲਿਆ।
ਇਹਦੀਆਂ ਉਂਗਲਾਂ ਵੀ ਅਤਿ ਸੁਹਣੀਆਂ ਸਨ, ਇਹਦੀ ਖੱਬੀ ਚੀਚੀ ਦੇ ਨਾਲ ਦੀ ਉਂਗਲ ਵਿਚ ਇਹਦੀ ਮੰਗਣੀ ਦੀ ਮੁੰਦਰੀ ਸੀ। ਢਾਈ ਵਰ੍ਹੇ ਹੋਏ ਉਹਦੇ ਪਿਆਰੇ ਨੇ ਇਹ ਮੁੰਦਰੀ ਇਸ ਉਂਗਲ ਵਿਚ ਪਾਈ ਸੀ, ਤੇ ਦੋ ਵਰ੍ਹਿਆਂ ਤੋਂ ਉਹ ਕੈਦ ਸੀ।
ਮੇਰੀ ਭੈਣ ਦਾ ਪਿਆਰਾ ਜ਼ਿੰਦਗੀ ਨੂੰ ਪਿਆਰ ਕਰਦਾ ਸੀ, ਸੁਹੱਪਣ ਤੇ ਚਾਨਣ ਨੂੰ ਪਿਆਰ ਕਰਦਾ ਸੀ, ਏਨਾ ਪਿਆਰ ਕਿ ਉਹ ਇਨ੍ਹਾਂ ਦੇ ਦੁਸ਼ਮਨਾਂ ਦੇ ਖਿਲਾਫ਼ ਸੰਗਰਾਮ ਕਰਨ ਲੱਗ ਪਿਆ ਸੀ, ਤੇ ਉਹ ਹੁਣ ਕੈਦ ਸੀ, ਤੇ ਹਜ਼ਾਰਾਂ ਹੋਰ ਕੈਦ ਸਨ। ਅਜਿਹੇ ਪ੍ਰੀਤਮ-ਰਾਂਗਲੇ ਪਿਆਰਾਂ ਭਰੀ ਜ਼ਿੰਦਗੀ ਲਈ ਸੰਗਰਾਮ ਕਰਦੇ, ਬਾਲਾਂ ਦੇ ਤੋਤਲੇ ਰੂਹ-ਖੇੜਵੇਂ ਬੋਲਾਂ ਦੀ ਆਜ਼ਾਦੀ ਲਈ ਲੜਦੇ, ਮਾਂਵਾਂ ਦੀਆਂ ਹਿੱਕਾਂ ਠਾਰਨ ਲਈ ਸੰਗਰਾਮ ਕਰਦੇ ਹਜ਼ਾਰਾਂ ਕੈਦ ਸਨ।
ਮੇਰੀ ਭੈਣ ਦੇ ਚੰਚਲ, ਜਵਾਨੀ ਨਾਲ ਥਰਕਦੇ ਦਿਲ ਨੂੰ ਜਨਤਾ ਦੇ ਸਬਰ ਦੀ ਛੁਹ ਲਗ ਚੁਕੀ ਸੀ—ਪਰ ਅਜ ਉਹਦੀਆਂ ਅੱਖਾਂ ਪਤਾ ਨਹੀਂ ਕਿਉਂ ਗਿਲੀਆਂ ਸਨ?
ਕੰਬਦੇ ਬੁਲ੍ਹਾਂ ਨਾਲ ਉਹਨੇ ਕਿਹਾ, “ਵੀਰ ਜੀ, ਬਲਬੀਰ ਵੀ ਫੜਿਆ ਗਿਆ ਏ!”
ਬਲਬੀਰ ਮੇਰਾ ਸਾਥੀ, ਜਿਦ੍ਹੇ ਜੀਵਨ ਦਾ ਇਸ਼ਕ ਸੀ ਕਿ ਕੋਈ ਵੀ ਪੜ੍ਹਾਈ ਦੇ ਚਾਨਣ ਤੋਂ ਵਿਰਵਾ ਨਾ ਰਹੇ। ਬੜੇ ਚਿਰਾਂ ਤੋਂ ਉਹਨੂੰ ਇਹ ਇਸ਼ਕ ਲੋਕਾਂ ਦੇ ਦੁਸ਼ਮਨ ਕੋਲੋਂ ਲੁਕ ਕੇ ਪਾਲਣਾ ਪੈ ਰਿਹਾ ਸੀ, ਉਸ ਦੁਸ਼ਮਨ ਕੋਲੋਂ ਜਿਹੜਾ ਬਾਲਾਂ ਦੀਆਂ ਸਲੇਟਾਂ ਭੰਨ ਕੇ ਹਥਕੜੀਆਂ ਵਿਚ ਵਟਾ ਰਿਹਾ ਹੈ, ਜਿਹੜਾ ਮਾਪਿਆਂ ਕੋਲੋਂ ਬਚਿਆਂ ਦੀਆਂ ਦਵਾਤਾਂ ਲਈ ਸ਼ਾਹੀ ਖਰੀਦਣ ਜੋਗੇ ਪੈਸੇ ਖੋਹ ਕੇ ਅੱਥਰੂ ਲਿਔਣ ਵਾਲੀਆਂ ਗੈਸਾਂ ਤੇ ਬੰਦੂਕਾਂ ਖਰੀਦ ਰਿਹਾ ਹੈ।
ਮੇਰੀ ਭੈਣ ਨੇ ਦੱਸਿਆ, “ਬਲਬੀਰ, ਜ਼ਨਾਨਾ ਹਸਪਤਾਲ ਵਿਚ ਫੜਿਆ ਗਿਆ ਏ। ਉਹਨੂੰ ਖਬਰ ਪੁੱਜੀ ਸੀ ਉਹਦੀ ਵਹੁਟੀ ਹਸਪਤਾਲ ਵਿਚ ਬੱਚੇ ਨੂੰ ਜਨਮ ਦੇ ਰਹੀ ਸੀ, ਉਹਦੀ ਵਹੁਟੀ ਦੀ ਹਾਲਤ ਨਾਜ਼ਕ ਸੀ, ਤੇ ਡਾਕਟਰ ਸੋਚ ਰਹੇ ਸਨ ਸ਼ੈਦ ਉਪਰੇਸ਼ਨ ਹੀ ਉਹਨੂੰ ਬਚਾ ਸਕੇ, ਤੇ ਉਹਦੀ ਵਹੁਟੀ ਉਹਨੂੰ ਬੁਲਾ ਰਹੀ ਸੀ”
ਬਲਬੀਰ ਦੀ ਲੀਲਾ ਸਕੂਲ ਵਿਚ ਪੜ੍ਹਾਂਦੀ ਸੀ, ਉਹ ਹਸਣੀ ਅਣਗਿਣਤ ਬਾਲਾਂ ਦੀ ਪਿਆਰੀ ਉਸਤਾਨੀ—ਉਹ ਆਪ ਇਕ ਬਾਲ ਨੂੰ ਜਨਮ ਦੇ ਰਹੀ ਸੀ, ਤੇ ਬਲਬੀਰ ਨੂੰ ਬੁਲਾ ਰਹੀ ਸੀ।
ਬਲਬੀਰ ਡੋਲ ਗਿਆ। ਉਹਨੂੰ ਜੰਮਣ-ਪੀੜ ਨਾਲ ਫਾਵੀਆਂ ਚੀਕਾਂ ਸੁਣਾਈ ਦਿੱਤੀਆਂ। ਉਹਦੀ ਲੀਲਾ ਉਹਨੂੰ ਬੁਲਾ ਰਹੀ ਸੀ। ਲੀਲਾ ਤੇ ਉਹਦੇ ਵਿਚਕਾਰ ਇਕ ਪਹਾੜ ਸੀ। ਅਣਗਿਣਤ ਸੰਗੀਨਾਂ ਏਸ ਪਹਾੜ ਉਤੇ ਉਗੀਆਂ ਹੋਈਆਂ ਸਨ, ਤੇ ਇਨ੍ਹਾਂ ਸੰਗੀਨਾਂ ਦੁਆਲੇ ਹਥਕੜੀਆਂ ਵਲੀਆਂ ਹੋਈਆਂ ਸਨ। ਲੀਲਾ ਬੁਲਾ ਰਹੀ ਸੀ।
…ਇਕ ਜੰਗਲ ਸੀ ਦੋਹਾਂ ਵਿਚਕਾਰ, ਜਿਸ ਵਿਚ ਲੋਕਾਂ ਦੇ ਦੁਸ਼ਮਣ ਨੇ ਕੁੱਤੇ ਛਡੇ ਹੋਏ ਸਨ।…
ਲੀਲਾ ਬੁਲਾ ਰਹੀ ਸੀ। ਇਕ ਬਾਲ, ਇਕ ਨਵੀਂ ਜ਼ਿੰਦਗੀ ਚਾਨਣ ਵਲ ਆ ਰਹੀ ਸੀ, ਲੀਲਾ ਦੇ ਮਾਸ ਤੋਂ ਨਿੰਮੀ ਜੰਮੀ, ਬਲਬੀਰ ਦੇ ਲਹੂ ਤੋਂ ਹੋਂਦ ਵਿਚ ਆਈ।
ਬਲਬੀਰ ਟੁਰ ਪਿਆ, ਪਹਾੜ ਤੇ ਜੰਗਲ ਭੁਲ ਗਿਆ।
ਇਕ ਕੁੱਤੇ ਨੇ ਰਾਹ ਵਿਚ ਉਹਨੂੰ ਸੁੰਘਿਆ।
11 ਨੰਬਰ ਕਮਰੇ ਵਿਚ ਲੀਲਾ ਸੀ।
ਇੱਕ ਹੋਰ ਕੁੱਤਾ ਹਸਪਤਾਲ ਦੇ ਹਸਪਤਾਲ ਦੇ ਵੇਟਿੰਗ ਰੂਮ ਵਿਚ ਆਇਆ।
ਡਾਕਟਰ ਤੇ ਨਰਸ 11 ਨੰਬਰ ਕਮਰੇ ਵਿਚ ਗਏ ਹੋਏ ਸਨ।
ਬਲਬੀਰ ਨੇ ਦੰਦਾਂ ਹੇਠ ਜੀਭ ਲੈ ਲਈ, “ਕੁੜੀ ਹੋਵੇ, ਲੀਲਾ ਦੀਆਂ ਅੱਖਾਂ ਵਰਗੀਆਂ ਅੱਖਾਂ ਵਾਲੀ!”
ਬਲਬੀਰ ਨੂੰ ਨਿੱਕੇ ਬਾਲਾਂ ਦੇ ਪਿੰਡਿਆਂ ਵਿਚੋਂ ਔਂਦੀ ਖੁਸ਼ਬੋ ਬੜੀ ਚੰਗੀ ਲੱਗਦੀ ਸੀ। ਇਕ ਕੁੱਤੇ ਨੇ ਆ ਕੇ ਬਲਬੀਰ ਨੂੰ ਵਢ ਖਾਧਾ। ਕੋਈ ਬੋਲਿਆ, “ਕੌਮਨਸ਼ਟ! ਮੁੰਡਿਆਂ ਨੂੰ ਸਿਖਾਂਦਾ ਸੀ, ਫੀਸਾਂ ਵਧ ਨਾ ਦਿਓ।”
ਸਰਕਾਰੀ ਹਪਸਤਾਲ ਦੇ ਕਮਰੇ ਵਿਚ ਹਥਕੜੀ ਖਿੜਖਿੜਾ ਰਹੀ ਸੀ। ਲੀਲਾ ਕੁਰਲਾ ਰਹੀ ਸੀ।
…ਕੁਝ ਦਿਨ ਹੋਰ ਲੀਲਾ, ਤੇ ਫੇਰ ਤੂੰ ਹੱਸੇਂਗੀ। ਸਾਰੀ ਕਾਇਨਾਤ ਤੇਰੇ ਨਾਲ ਹੱਸੇਗੀ। ਤੂੰ ਉਸਤਾਨੀ ! ਚਾਨਣ ਦੇ ਬੀਜ ਬੀਜਣ ਵਾਲੀ। ਤੂੰ ਇਸਤ੍ਰੀ! ਪਿਆਰ ਦੀ ਦਾਤੀ। ਤੂੰ ਮਾਂ! ਜ਼ਿੰਦਗੀ ਦਾ ਸੋਮਾਂ। ਤੇ ਇਹ ਹਥਕੜੀ ਕੁਰਲਾਏਗੀ।...
ਥਲਿਓਂ ਵਾਜ ਆਈ। ਮੈਂ ਥੱਲੇ ਉਤਰ ਕੇ ਤੱਕਿਆ, ਬਿਲੂ ਦੀਆਂ ਅੱਖਾਂ ਰੋ ਰੋ ਕੇ ਸੂਹੀਆਂ ਹੋਈਆਂ ਪਈਆਂ ਸਨ। ਉਹ ਮੈਨੂੰ ਆਪਣੇ ਘਰ ਲਿਜਾਣ ਲਈ ਆਇਆ ਸੀ, “ਭਾਪਾ ਜੀ ਦਾ ਹੱਥ ਪਿਛਲੇ ਵੀਰਵਾਰ ਮਸ਼ੀਨ ਵਿਚ ਆ ਗਿਆ ਸੀ, ਤੇ ਹੁਣ ਸਾਰੇ ਪਿੰਡੇ ਵਿਚ ਜ਼ਹਿਰ ਫੈਲ ਗਿਆ...”
ਮੈਂ ਉਹਦੇ ਨਾਲ ਤੁਰ ਪਿਆ। ਬਿੱਲੂ ਦੇ ਭਾਪਾ ਜੀ ਨੂੰ ਮੈਂ ਬਚਪਨ ਤੋਂ ਜਾਣਦਾ ਸਾਂ। ਉਹ ਇਕ ਵੱਡੇ ਪ੍ਰੈੱਸ ਵਿਚ ਮਸ਼ੀਨ-ਮੈਨ ਸਨ। ਮਸ਼ੀਨ ਦੇ ਕਮਰੇ ਵਿਚ ਉਹ ਬਰਹਮਾ ਜਾਪਦੇ ਹੁੰਦੇ ਸਨ, ਉਸਰਈਏ ਦਾ ਜਲਾਲ ਮੂੰਹ ਉਤੇ, ਉਸਤਾਦ ਦਾ ਕਾਬੂ ਖਲੋਣ ਤੇ ਹਿਲਣ ਵਿਚ। ਉਨ੍ਹਾਂ ਦੇ ਹੱਥਾਂ ਵਿਚ ਗਾੜ੍ਹ ਗਾੜ੍ਹ ਕਰਦੀਆਂ ਮਸ਼ੀਨਾਂ ਤਾਲ ਸਿਰ ਵਜਦੇ ਸਾਜ਼ਾਂ ਵਾਂਗ ਲੱਗਦੀਆਂ ਹੁੰਦੀਆਂ ਸਨ।
ਬਿਲੂ ਦੇ ਘਰ ਅੱਧ-ਹਨੇਰੇ ਜਿਹੇ ਕਮਰੇ ਵਿਚ ਬਰਹਮਾ ਲੇਟਿਆ ਪਿਆ ਸੀ। ਉਹਦਾ ਮੂੰਹ ਅਕਹਿ ਪੀੜ ਨਾਲ ਕਸੀਸਿਆ ਜਾ ਰਿਹਾ ਸੀ। ਉਹਨੇ ਹੱਥ ਚੁੱਕਣਾ ਚਾਹਿਆ— ਏਸ ਹੱਥ… ਨੇ ਵੀਹ ਵਰ੍ਹੇ ਕਿੰਨੀਆਂ ਕਹਾਣੀਆਂ, ਕਿੰਨੀਆਂ ਕਵਿਤਾਵਾਂ ਛਾਪੀਆਂ ਸਨ— ਪਰ ਮਸ਼ੀਨ ਦਾ ਚਿਥਿਆ ਹੱਥ ਖੜੋਣੋਂ ਪਹਿਲਾਂ ਡਿਗ ਪਿਆ। ਪੋਟੇ ਤੇ ਨਹੁੰ ਪਿਸ ਕੇ ਰਲ ਚੁਕੇ ਸਨ। ਤਿੰਨ-ਰੰਗੇ ਬਲਾਕ ਛਾਪਣ ਦੀ ਲਾਲ, ਪੀਲੀ ਦੇ ਨੀਲੀ ਸ਼ਾਹੀ ਨਹੀਂ ਸੀ, ਇਹ ਮਲੀਦਾ ਹੋਈਆਂ ਉਂਗਲਾਂ ਉਤੇ ਲਾਲ ਲਹੂ ਦੀਆਂ ਸੁੱਕੀਆਂ ਫੁਟੀਆਂ ਸਨ, ਪੀਲੀ ਪਾਕ ਤੇ ਨੀਲੀਆਂ ਬਾਹਰ ਨਿਕਲ ਆਈਆਂ ਨਾੜਾਂ ਸਨ। ਵੱਡੇ ਪ੍ਰੈੱਸ ਦੇ ਮਾਲਕ ਨੇ ਵੇਲੇ ਸਿਰ ਚੰਗੇ ਡਾਕਟਰ ਲਈ ਖ਼ਰਚ ਨਹੀਂ ਸੀ ਦਿੱਤਾ, ਤੇ ਹੁਣ ਸਾਰੇ ਜਿਸਮ ਵਿਚ ਜ਼ਹਿਰ ਖਿਲਰ ਗਿਆ ਸੀ।
ਕਮਰੇ ਵਿਚ ਬਿਲੂ ਦੀ ਮਾਂ ਹੋਰ ਲਾਲਟੈਨ ਲੈ ਆਈ, ਪਰ ਹਨੇਰਾ ਉਸੇ ਤਰ੍ਹਾਂ ਰਿਹਾ।
ਹਨੇਰਾ ਬਿਲੂ ਤੇ ਉਹਦੀ ਮਾਂ ਦੀਆਂ ਅੱਖਾਂ ਵਿਚੋਂ ਡੁਲ੍ਹ ਰਿਹਾ ਸੀ। ਮਜੂਰੀ ਦੀ ਖਰੀਦਦਾਰ ਦੁਨੀਆਂ ਨੇ ਜਿਵੇਂ ਅੱਖਾਂ ਗ੍ਰਹਿਣਾ ਦਿੱਤੀਆਂ ਸਨ, ਤੇ ਹਨੇਰਾ ਬਿੱਲੂ ਦੀ ਮਾਂ ਦੀਆਂ ਅੱਖਾਂ ਵਿਚੋਂ ਡੁਲ ਕੇ ਚੁਲ੍ਹਾ ਹਿਸਾਂਦਾ ਜਾ ਰਿਹਾ ਸੀ, ਪਰਾਤ ਸੱਖਣੀ ਹੁੰਦੀ ਜਾ ਰਹੀ ਸੀ, ਦੂਰ ਬੰਦੂਕ ਉਤੇ ਪਈ ਸੂਹੇ ਫੁੱਲਾਂ ਵਾਲੀ ਫੁਲਕਾਰੀ ਲੀਰੋ ਲੀਰ ਹੋ ਰਹੀ ਸੀ।
ਮੇਰੀਆਂ ਉਂਗਲਾਂ ਵਿਚ ਤੇਰੀਆਂ ਸੈਆਂ ਸੂਹੇ ਫੁੱਲਾਂ ਨਾਲ ਧੜਕਦੀਆਂ ਉਂਗਲਾਂ ਦੀ ਯਾਦ ਜਾਗ ਪਈ। ਤੇਰੇ ਪੋਟਿਆਂ ਦੀ ਬਖਸ਼ੀ ਨਵੀਂ ਜਿੰਦ ਦੀ ਤਿੱਖੀ ਚੇਤਨਾ ਨਾਲ ਮੈਂ ਮਸ਼ੀਨ ਵਿਚ ਚਿੱਥੇ ਪੋਟੇ ਇੰਜ ਮਹਿਸੂਸ ਕੀਤੇ ਜਿਵੇਂ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਸਾਂ ਕਰ ਸਕਿਆ। ਤੇਰੀਆਂ ਉੱਜਲੀਆਂ ਅੱਖਾਂ ਸਦਕਾ ਅੱਜ ਮੈਨੂੰ ਬਿਲੂ ਦੀ ਮਾਂ ਦੀਆਂ ਅੱਖਾਂ ਵਿਚੋਂ ਡੁਲ੍ਹਦੇ ਹਨੇਰੇ ਦੀ ਕਾਲਖ ਪੂਰੀ ਪੂਰੀ ਨਜ਼ਰ ਆ ਗਈ। ਅੱਜ ਲੀਲਾ ਦੀ ਚੀਕ ਵਿਚੋਂ ਮੈਨੂੰ ਤੇਰੀ ਚੀਕ ਵੀ ਸੁਣਾਈ ਦਿੱਤੀ। ਬਲਬੀਰ ਨੂੰ ਆ ਰਹੀ ਨਵ-ਜੰਮੇ ਬਾਲ ਦੀ ਖੁਸ਼ਬੋ ਵਿਚ ਮੈਨੂੰ ਆਪਣੇ ਬਾਲ ਦੀ ਖੁਸ਼ਬੋ ਰਲੀ ਹੋਈ ਜਾਪੀ। ਜਿਸ ਕੁੱਤੇ ਨੇ ਉਹਨੂੰ ਵੱਢਿਆ ਸੀ, ਉਹ ਮੈਨੂੰ ਵੀ ਵੱਢ ਗਿਆ, ਤੇ ਤਾਰਿਆਂ ਦਾ ਕੂਲਾ ਚਾਨਣ ਝਸਦੇ ਤੇਰੇ ਪੋਟਿਆਂ ਨੂੰ ਵੀ ਵਢ ਗਿਆ। ਮੇਰੀ ਭੈਣ ਦੀ ਉਂਗਲ ਵਿਚ ਪਈ ਸੈਆਂ ਪੀੜਾਂ ਪਰ ਇਕ ਮਹਾਨ ਇਕਰਾਰ ਨਾਲ ਭਰਪੂਰ ਮੁੰਦਰੀ ਵਰਗੀ ਮੁੰਦਰੀ ਮੈਂ ਤੇਰੀ ਖੱਬੀ ਚੀਚੀ ਕੋਲ ਵੀ ਪਾਣੀ ਚਾਹੀ।
…ਆ ਤੂੰ ਆਪਣੇ ਹੱਥ ਮੇਰੇ ਵੱਲ ਵਧਾ ਦੇ, ਤੇ ਇਸ ਸੂਹੇ ਚਾਨਣੇ ਪਹੇ ਤੇ ਮੇਰੇ ਨਾਲ ਨਾਲ ਚਲ।
ਆ, ਜ਼ਿੰਦਗੀ ਨੂੰ ਨਵੇਂ ਸਿਰਿਓਂ ਵੇਤਰ ਕੇ ਮਹਾਨ ਲੋਕ-ਸੰਗੀਤ ਨਾਲ ਸਿਊਣ ਦੇ ਸੰਗਰਾਮ ਵਿਚ ਆਪਣੇ ਗੀਤਾਂ ਦੀਆਂ ਤੰਦਾਂ ਵੀ ਰਲਾ ਦੇ, ਤਾਂ ਜੋ ਹਰ ਕਿਸੇ ਲਈ ਕੋਈ ਘੜੀ ਅਜਿਹੀ ਆਵੇ ਜਦੋਂ ਸੂਹੇ ਫੁਲਾਂ ਦਾ ਤ੍ਰਿੰਝਣ ਜੋੜੀ ਖੜੋਤਾ ਰੁਖ ਉਹਨੂੰ ਆਪਣੇ ਲਈ ਜਾਪ ਸਕੇ, ਤਾਂ ਜੋ ਸੁਪਨਿਆਂ ਦਾ ਸਰਹਾਣਾ ਹਰ ਸੁਹਣੇ ਸਿਰ ਥੱਲੇ ਰਖਿਆ ਜਾ ਸਕੇ ਤੇ ਹਰ ਸਿਰ ਸੁਹਣਾ ਹੋ ਜਾਏ, ਤਾਂ ਜੋ ਕਿਸੇ ਮਾਂ ਦੀ ਡੰਗੋਰੀ ਜੰਗ ਦੇ ਮੈਦਾਨਾਂ ਵਿਚ ਨਾ ਟੁੱਟ ਜਾਏ, ਸਲੇਟਾਂ ਭੰਨ ਕੇ ਕੋਈ ਦੈਂਤ ਹੱਥਕੜੀਆਂ ਨਾ ਬਣਾਏ, ਜ਼ਿੰਦਗੀ ਦਾ ਸੋਮਾ ਮਾਂ ਕਦੇ ਇੰਜ ਨਾ ਕੁਰਲਾਏ, ਤੇ ਅਣਗਿਣਤ ਸਕੂਲਾਂ ਦੇ ਬੂਹੇ ਮਾਂ ਦੀਆਂ ਬਾਹਵਾਂ ਵਾਂਗ ਸਭਨਾਂ ਬਾਲਾਂ ਲਈ ਖੁੱਲ੍ਹੇ ਹੋਣ; ਸੁਹੱਪਣ, ਜ਼ਿੰਦਗੀ ਦੇ ਚਾਨਣ ਲਈ ਮੁੜ ਕੋਈ ਕੈਦ ਨਾ ਹੋਵੇ; ਜ਼ਿੰਦਗੀ ਇਕ ਨਿੱਕੀ ਜਿਹੀ ਠੋਕਰ ਨਾਲ ਬੱਚਿਆਂ ਦੀਆਂ ਜੋੜੀਆਂ ਇੱਟਾਂ ਦੀ ਕਤਾਰ ਵਾਂਗ ਨਾ ਡਿੱਗ ਪਏ, ਤੇ ਸਭਨਾਂ ਅੱਖਾਂ ਵਿਚ ਇਕ ਸੂਹੇ ਫੁੱਲਾਂ-ਲੱਦਿਆ ਪਹਿਆ ਦੂਰ ਤਕ ਜਾਂਦਾ ਹੋਵੇ...
[1950]