Punjabi Stories/Kahanian
ਜਸਬੀਰ ਭੁੱਲਰ
Jasbir Bhullar
Punjabi Kavita
  

Pari Katha-Aideu Handique Jasbir Bhullar

ਪਰੀ ਕਥਾ-ਐਡੀਊ ਹੈਂਡੀਕ ਜਸਬੀਰ ਭੁੱਲਰ

ਇਸ ਹੁਸੀਨ ਔਰਤ ਨੂੰ ਮੈਂ ਜੀਵਨ ਵਿਚ ਸਿਰਫ ਇੱਕ ਵਾਰ ਮਿਲਿਆ ਸਾਂ। ਉਹ ਨਿੱਕੀ ਜਿਹੀ ਕਹਾਣੀ ਵਾਂਗੂੰ ਸੀ। ਐਡੀਊ ਹੈਂਡੀਕ ਸੀ ਉਸ ਦਾ ਨਾਂ। ਉਹ ਕੋਈ ਆਮ ਔਰਤ ਨਹੀਂ ਸੀ। ਗੁੰਗੀਆਂ ਫਿਲਮਾਂ ਦੇ ਜ਼ਮਾਨੇ ਵਿਚ ਉਹ ਅਸਮੀ ਭਾਸ਼ਾ ਦੀ ਬੋਲਣ ਵਾਲੀ ਪਹਿਲੀ ਫਿਲਮ 'ਜੋਇਮਤੀ' ਦੀ ਹੀਰੋਇਨ ਸੀ। ਦੋਸਤਾਂ ਨੇ ਕਿਹਾ ਕਿ ਮੈਨੂੰ ਐਡੀਊ ਬਾਰੇ ਨਾਵਲ ਲਿਖਣਾ ਚਾਹੀਦਾ ਸੀ, ਪਰ ਮੈਂ ਕਿਸ ਤਰ੍ਹਾਂ ਲਿਖਦਾ ਉਹ ਨਾਵਲ? ਮੇਰੀ ਪੋਸਟਿੰਗ ਉਦੋਂ ਆਸਾਮ ਦੀ ਸੀ। ਮੇਰੇ ਲਈ ਆਸਾਮ ਦੀ ਰਹਿਤਲ ਅਜਨਬੀ ਸੀ। ਮੈਨੂੰ ਪੇਤਲੀ ਜਿਹੀ ਜਾਣਕਾਰੀ ਸੀ, ਉਨ੍ਹਾਂ ਲੋਕਾਂ ਦੇ ਜਿਉਣ-ਮਰਨ ਦੀ।
ਜਿਥੇ ਮੈਂ ਸਾਂ, ਉਸ ਖਿੱਲਰੇ-ਪੁਲਰੇ ਜਿਹੇ ਪਿੰਡ ਦਾ ਨਾਂ ਭਾਲੂ ਕਮਾਰਾ ਸੀ। ਹਰੇ-ਭਰੇ ਜੰਗਲ ਦਾ ਇਲਾਕਾ। ਦੂਰ ਤਕ ਰੁੱਖ ਹੀ ਰੁੱਖ! ਜਾਂ ਫਿਰ ਮੀਲਾਂ ਤਕ ਫੈਲੇ ਚਾਹ ਦੇ ਬਾਗ। ਲੋਕਾਂ ਦੇ ਘਰ ਬਾਂਸਾਂ ਦੇ। ਬਾਂਸਾਂ ਦੀਆਂ ਕੰਧਾਂ ਨੂੰ ਉਹ ਮਿੱਟੀ ਨਾਲ ਲਿੱਪ ਦਿੰਦੇ। ਮਕਾਨ ਝੁੱਗੀਆਂ-ਢਾਰਿਆਂ ਵਾਂਗੂੰ ਸਨ, ਪਰ ਜੰਗਲ 'ਚ ਗੁਆਚੇ ਹੋਏ ਤੇ ਟਾਵੇਂ ਟਾਵੇਂ ਦਿਸਦੇ ਸਨ। ਹਰ ਮਕਾਨ ਨਾਲ ਲੱਗਦੀ ਨਿੱਕੀ ਜਿਹੀ ਛੱਪੜੀ ਸੀ, ਉਥੋਂ ਮਿੱਟੀ ਪੁੱਟ ਕੇ ਮਕਾਨ ਲਈ ਵਰਤਣ ਕਾਰਨ ਛੱਪੜੀ ਬਣ ਜਾਂਦੀ ਸੀ। ਘਰਾਂ ਦੇ ਵਾਸੀ ਉਨ੍ਹਾਂ ਛੱਪੜੀਆਂ ਵਿਚ ਮੱਛੀਆਂ ਪਾਲਦੇ। ਨਿੱਕੇ ਵਿਹੜਿਆਂ 'ਚ ਸੁਪਾਰੀਆਂ ਦੇ ਲੰਮ ਸਲੰਮੇ ਰੁੱਖ ਸਨ। ਹਵਾ ਵਗਦੀ ਤਾਂ ਰੁੱਖ ਝੂਮਣ ਲਗਦੇ। ਕਰੀਬ ਹਰ ਘਰ ਕੋਲ ਬਾਂਸਾਂ ਦਾ ਆਪਣਾ ਝੁੰਡ ਸੀ। ਬਾਂਸਾਂ ਤੋਂ ਦੁਨੀਆਂ ਭਰ ਦੇ ਕੰਮ ਲੈਂਦੇ।
ਭਾਲੂ ਕਮਾਰਾ ਵਰਗਾ ਹੀ ਇੱਕ ਹੋਰ ਪਿੰਡ ਸੀ, ਪਾਨੀ ਡੀਹਿੰਗੀਆ। ਗੋਲਾ ਘਾਟ ਦਾ ਇਹ ਪਿੰਡ ਭਾਲੂ ਕਮਾਰਾ ਤੋਂ ਦੂਰ ਸੀ। ਹੀਰੋਇਨ ਐਡੀਊ ਹੈਂਡੀਕ ਉਸ ਪਿੰਡ ਵਿਚ ਰਹਿੰਦੀ ਸੀ।
ਐਡੀਊ ਬਾਰੇ ਨਾਵਲ ਲਿਖਣ ਲਈ ਮੈਂ ਸਿਰਫ ਆਸਾਮ ਪ੍ਰਾਂਤ ਦੇ ਭੂਗੋਲ ਨੂੰ ਹੀ ਨਹੀਂ ਸੀ ਚਿਤਰਨਾ, ਅਸਮੀ ਪਾਤਰਾਂ ਦੇ ਧਕ-ਧਕ ਕਰਦੇ ਦਿਲਾਂ ਦੀ ਇਬਾਰਤ ਵੀ ਲਿਖਣੀ ਸੀ। ਅਸਮੀ ਮੈਂ ਨਹੀਂ ਸਾਂ ਜਾਣਦਾ। ਉਨ੍ਹਾਂ ਦੀਆਂ ਪਰੰਪਰਾਵਾਂ ਤੇ ਰੀਤੀ-ਰਿਵਾਜਾਂ ਤੋਂ ਵੀ ਬੇਖਬਰ ਸਾਂ।
ਇੱਕ ਦੋਸਤ ਨੇ ਮਿਹਣਾ ਮਾਰਨ ਵਾਂਗੂੰ ਸਲਾਹ ਦਿੱਤੀ, "ਨਾਵਲ ਲਿਖਣ ਲਈ ਤਾਂ ਕਿੰਨੀ ਖੋਜਬੀਨ ਕਰਦੇ ਹਨ ਲੇਖਕ। ਤੂੰ ਇੰਨਾ ਵੀ ਨ੍ਹੀਂ ਕਰ ਸਕਦਾ ਕਿ ਗੱਡੀ 'ਚ ਬੈਠ ਕੇ ਆਸਾਮ ਚਲਾ ਜਾਵੇਂ, ਉਥੇ ਹਫਤਾ-ਦਸ ਦਿਨ ਰਹੇਂ, ਐਡੀਊ ਹੈਂਡੀਕ ਦੇ ਪਿੰਡ ਦੀਆਂ ਗਲੀਆਂ ਵਿਚ ਤੁਰੇਂ, ਉਸ ਪ੍ਰੇਮੀ ਨੂੰ ਵੀ ਲੱਭੇਂ ਜਿਹਦੇ ਮਨ ਵਿਚ ਉਸ ਨਾਲ ਜਿਉਣ ਦੀ ਇੱਛਾ ਸੀ। ਉਨ੍ਹਾਂ ਲੋਕਾਂ ਨਾਲ ਵੀ ਗੱਲਾਂ ਕਰੇਂ ਜਿਹੜੇ ਉਸ ਨੂੰ ਨੇੜਿਓਂ ਜਾਣਦੇ ਸਨ।"
ਸੰਨ 1981 ਤੋਂ 1983 ਦੇ ਅੱਧ ਤਕ ਮੈਂ ਆਸਾਮ ਵਿਚ ਸਾਂ। ਹੁਣ ਐਡੀਊ ਹੈਂਡੀਕ ਦੇ ਦੇਸ਼ ਨੂੰ ਆਖੀ ਅਲਵਿਦਾ ਦਾ ਤੇਤੀਵਾਂ ਵਰ੍ਹਾ ਸੀ...ਤੇ ਉਹ ਹੁਸੀਨ ਔਰਤ ਅਜੇ ਤਕ ਮੇਰੇ ਚੇਤੇ ਵਿਚ ਜਿਉਂਦੀ ਸੀ। ਉਹ ਸੌ ਵਿਸਵੇ ਹੱਕਦਾਰ ਸੀ ਇੱਕ ਅਦਦ ਨਾਵਲ ਦੀ। ਉਸ ਹੀਰੋਇਨ ਦੀ ਕਹਾਣੀ ਵੀ ਅਜਬ-ਗਜ਼ਬ ਸੀ।
---
ਆਸਾਮ ਦੇ ਕਿਸੇ ਅਖਬਾਰ ਵਿਚ ਐਡੀਊ ਹੈਂਡੀਕ ਬਾਰੇ ਨਿੱਕਾ ਜਿਹਾ ਮਜ਼ਮੂਨ ਛਪਿਆ ਸੀ। ਮੈਂ ਅਖਬਾਰ ਦੀ ਉਹ ਕਾਤਰ ਸਾਂਭ ਲਈ। ਉਦੋਂ ਮੇਰਾ ਐਡੀਊ ਹੈਂਡੀਕ ਨੂੰ ਮਿਲਣ ਨੂੰ ਜੀਅ ਕੀਤਾ। ਉਸ ਦਾ ਪਿੰਡ ਇੰਨਾ ਦੂਰ ਵੀ ਨਹੀਂ ਸੀ ਕਿ ਮੈਂ ਉਥੇ ਨਾ ਪਹੁੰਚ ਸਕਦਾ ਹੋਵਾਂ, ਪਰ ਫੌਜੀ ਜ਼ਾਬਤੇ ਨੇ ਮੇਰੀਆਂ ਤਣਾਵਾਂ ਕੱਸੀਆਂ ਹੋਈਆਂ ਸਨ।
ਹੁਣ ਐਡੀਊ ਹੈਂਡੀਕ ਨਹੀਂ ਹੈ ਤਾਂ ਮੈਂ ਅਖਬਾਰ ਦੀ ਉਸ ਕਾਤਰ ਦੀ ਇਬਾਰਤ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ।
ਆਸਾਮ ਦੇ ਗੁੰਮਨਾਮ ਜਿਹੇ ਪਿੰਡ ਪਾਨੀ ਡੀਹਿੰਗੀਆ ਦੀ ਅੱਲ੍ਹੜ ਜਿਹੀ ਕੁੜੀ ਐਡੀਊ ਭਾਣੇ ਉਸ ਪਿੰਡ ਤੋਂ ਪਰ੍ਹਾਂ ਕੁਝ ਨਹੀਂ ਸੀ। ਉਹ ਆਪਣੇ ਪਿੰਡ ਤੋਂ ਬਾਹਰ ਕਦੇ ਵੀ ਕਿਧਰੇ ਹੋਰ ਨਹੀਂ ਸੀ ਗਈ। ਉਸ ਲਈ ਦੁਨੀਆਂ ਬਸ ਓਡੀ ਕੁ ਹੀ ਸੀ, ਜਿੱਡਾ ਕੁ ਉਹਦਾ ਪਿੰਡ।
1933 ਦਾ ਵਰ੍ਹਾ ਸੀ। ਐਡੀਊ ਨੇ ਅਜੀਬ ਗੱਲ ਸੁਣੀ ਕਿ ਇਕ ਨਿੱਕਾ ਜਿਹਾ ਪਿੰਡ ਹੁੰਦਾ ਹੈ ਜੋ ਪਾਣੀ 'ਤੇ ਤੈਰਦਾ ਹੈ। ਉਸ ਨੂੰ ਜਹਾਜ਼ ਕਹਿੰਦੇ ਹਨ। ਐਡੀਊ ਨੂੰ ਕਿਸੇ ਨੇ ਇਹ ਵੀ ਦੱਸਿਆ ਕਿ ਕਈ ਜਹਾਜ਼ ਤਾਂ ਵੱਡੇ ਪਿੰਡਾਂ ਨਾਲੋਂ ਵੀ ਵੱਡੇ ਹੁੰਦੇ ਹਨ। ਉਹ ਜਹਾਜ਼ ਬ੍ਰਹਮਪੁੱਤਰ ਦਰਿਆ ਵਿਚ ਤੈਰਦੇ ਸਨ। ਬ੍ਰਹਮਪੁੱਤਰ ਦਰਿਆ ਉਸ ਦੇ ਪਿੰਡ ਤੋਂ ਦੂਰ ਨਹੀਂ ਸੀ। ਬਸ, ਪੰਜ-ਸੱਤ ਕਿਲੋਮੀਟਰ। ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਪਿੰਡ, ਦਰਿਆ ਵਿਚ ਤੈਰਦਾ ਰਹੇ ਤੇ ਡੁੱਬੇ ਵੀ ਨਾ। ਐਡੀਊ ਨੂੰ ਇਹ ਗੱਲ ਨਿਰੀ ਗੱਪ ਜਾਪਦੀ ਸੀ।
ਐਡੀਊ ਦਾ ਚਚੇਰਾ ਭਰਾ ਡਿੰਬਾ ਗੁਹੇਨ ਕੰਮ ਦੇ ਸਿਲਸਿਲੇ ਵਿਚ ਪਿੰਡ ਤੋਂ ਬਾਹਰ ਜਾਂਦਾ ਰਹਿੰਦਾ ਸੀ। ਉਸ ਨੇ ਡਿੰਬਾ ਨੂੰ ਕਿਹਾ, "ਵੀਰ, ਮੈਂ ਜਹਾਜ਼ ਵੇਖਣਾ ਏ।" ਡਿੰਬਾ ਨੇ ਹੱਸ ਕੇ ਉਸ ਦੀ ਗੱਲ ਟਾਲ ਦਿੱਤੀ। ਉਸ ਨੇ ਆਪਣੇ ਪਿਤਾ ਨੂੰ ਆਖਿਆ, "ਬਾਪੂ ਜੀ, ਮੈਂ ਜਹਾਜ਼ ਵੇਖਣਾ ਏ।" ਐਡੀਊ ਦੀ ਗੱਲ ਮੁੜ ਅਣਸੁਣੀ ਰਹਿ ਗਈ।
ਫਿਰ ਕੋਈ ਕ੍ਰਿਸ਼ਮਾ ਹੋਇਆ।
---
ਉਤਰੀ ਆਸਾਮ ਦੇ ਤੇਜਪੁਰ ਦਾ ਜਿਉਤੀ ਪ੍ਰਸਾਦ ਅਗਰਵਾਲਾ ਜਰਮਨੀ ਤੋਂ ਸਿਨਮੈਟੋਗ੍ਰਾਫੀ ਦੀ ਸਿਖਲਾਈ ਲੈ ਕੇ ਦੇਸ਼ ਪਰਤਿਆ। ਉਹ ਜਰਮਨੀ ਤੋਂ ਤਕਨੀਕੀ ਗਿਆਨ ਤੋਂ ਇਲਾਵਾ ਸੁਪਨਾ ਵੀ ਚੁੱਕ ਕੇ ਨਾਲ ਲੈ ਆਇਆ ਸੀ। ਉਨ੍ਹੀਂ ਦਿਨੀਂ ਫਿਲਮਾਂ ਗੁੰਗੀਆਂ ਹੁੰਦੀਆਂ ਸਨ। ਬੋਲਣ ਵਾਲੀਆਂ ਫਿਲਮਾਂ ਬਣਾਉਣ ਦਾ ਗਿਆਨ ਬੜੇ ਥੋੜ੍ਹਿਆਂ ਕੋਲ ਸੀ। ਜਿਉਤੀ ਪ੍ਰਸਾਦ ਅਗਰਵਾਲਾ ਦੀ ਦਿਲੀ ਇੱਛਾ ਸੀ ਕਿ ਉਹ ਅਸਮੀ ਭਾਸ਼ਾ ਦੀ ਪਹਿਲੀ ਬੋਲਣ ਵਾਲੀ ਫਿਲਮ ਬਣਾਵੇ।
'ਜੋਇਮਤੀ' ਉਸ ਫਿਲਮ ਦਾ ਨਾਂ ਸੀ। ਜਿਉਤੀ ਪ੍ਰਸਾਦ ਨੇ ਫਿਲਮ ਦੀ ਸਕ੍ਰਿਪਟ ਲਿਖ ਲਈ ਸੀ। ਉਹਨੂੰ ਉਸ ਫਿਲਮ ਲਈ ਹੀਰੋਇਨ ਦੀ ਤਲਾਸ਼ ਸੀ। ਫਿਲਮ ਵਿਚ ਐਕਟਿੰਗ ਕਰਨ ਲਈ ਨਾਇਕਾ ਲੱਭਣੀ ਅਤਿ ਦਾ ਔਖਾ ਕੰਮ ਸੀ। ਲੋਕ ਫਿਲਮਾਂ ਨੂੰ ਬਦਨਾਮ ਅਤੇ ਘਟੀਆ ਕਿੱਤਾ ਸਮਝਦੇ ਸਨ। ਇੱਜਤਦਾਰ ਘਰਾਂ ਦੀਆਂ ਕੁੜੀਆਂ ਫਿਲਮਾਂ ਵਿਚ ਕੰਮ ਨਹੀਂ ਸਨ ਕਰਦੀਆਂ।
ਜਿਉਤੀ ਪ੍ਰਸਾਦ ਨੇ ਫਿਲਮ ਦੀ ਹੀਰੋਇਨ ਦੀ ਤਲਾਸ਼ ਲਈ ਅਖਬਾਰ ਵਿਚ ਇਸ਼ਤਿਹਾਰ ਦਿੱਤਾ। ਇਤਫਾਕ ਇਹ ਹੋਇਆ ਕਿ ਐਡੀਊ ਦੇ ਭਰਾ ਡਿੰਬਾ ਗੁਹੇਨ ਨੇ ਉਹ ਇਸ਼ਤਿਹਾਰ ਪੜ੍ਹ ਲਿਆ। ਡਿੰਬਾ, ਜਿਉਤੀ ਪ੍ਰਸਾਦ ਨੂੰ ਥੋੜ੍ਹਾ ਜਿਹਾ ਜਾਣਦਾ ਸੀ। ਉਸ ਦੀ ਫਿਲਮਾਂ ਵਿਚ ਵੀ ਦਿਲਚਸਪੀ ਸੀ। ਐਡੀਊ ਹੈਂਡੀਕ ਉਸ ਇਸ਼ਤਿਹਾਰ ਵਿਚ ਦੱਸੀਆਂ ਲੋੜਾਂ ਉਤੇ ਐਨ ਪੂਰਾ ਉਤਰਦੀ ਸੀ। ਡਿੰਬਾ ਨੇ ਸੋਚਿਆ, ਜੇ ਐਡੀਊ ਨੂੰ ਫਿਲਮ ਵਿਚ ਹੀਰੋਇਨ ਦਾ ਰੋਲ ਮਿਲ ਜਾਵੇ ਤਾਂ ਸ਼ਾਇਦ ਉਸ ਦਾ ਵੀ ਫਿਲਮ ਵਿਚ ਐਕਟਰ ਵਜੋਂ ਪੈਰ ਧਰਾਵਾ ਹੋ ਸਕੇ।
ਉਸ ਨੇ ਅਸਲੀ ਗੱਲ ਮਨ ਵਿਚ ਰੱਖ ਕੇ ਐਡੀਊ ਨੂੰ ਆਖਿਆ, "ਨਿੱਕੀਏ ਭੈਣੇ! ਤੂੰ ਆਖਦੀ ਸੀ ਜਹਾਜ਼ ਵੇਖਣਾ ਏ?"
"ਹਾਂ ਵੀਰੇ! ਮੈਂ ਵੇਖਣਾ ਏ ਜਹਾਜ਼।" ਉਹ ਚਾਅ ਵਿਚ ਉਛਲ ਪਈ।
"ਠੀਕ ਹੈ! ਆਪਾਂ ਭਲਕੇ ਹੀ ਜਹਾਜ਼ ਵੇਖਣ ਚੱਲਾਂਗੇ ਤੇ ਜਹਾਜ਼ ਵਿਚ ਬੈਠ ਕੇ ਹੂਟੇ ਵੀ ਲਵਾਂਗੇ।"
"ਸੱਚੀਂ! ਹੂਟੇ ਵੀ ਲਵਾਂਗੇ?"
"ਹਾਂ!...ਤੇ ਫਿਰ ਜਹਾਜ਼ ਵਿਚ ਬੈਠ ਕੇ ਅਗਲੇ ਪਾਰ ਵੀ ਜਾਵਾਂਗੇ।"
ਅਗਲੀ ਸਵੇਰ ਡਿੰਬਾ ਗੁਹੇਨ ਨੇ ਐਡੀਊ ਦੇ ਪਿਤਾ ਨੀਲਾਂਬਰ ਹੈਂਡੀਕ ਤੋਂ ਜਾਣ ਦੀ ਇਜਾਜ਼ਤ ਲਈ। ਐਡੀਊ ਦਾ ਛੋਟਾ ਭਰਾ ਵੀ ਨਾਲ ਜਾਣ ਲਈ ਤਿਆਰ ਹੋ ਗਿਆ। ਉਹ ਬ੍ਰਹਮਪੁੱਤਰ ਦਰਿਆ ਉਤੇ ਪਹੁੰਚੇ ਤੇ ਪੱਤਣ ਤੋਂ ਸਟੀਮਰ ਵਿਚ ਬੈਠ ਗਏ। ਡਿੰਬਾ ਨੇ ਐਡੀਊ ਨੂੰ ਦੱਸਿਆ, "ਇਹੋ ਉਹ ਜਹਾਜ਼ ਏ ਜਿਹੜਾ ਤੂੰ ਦੇਖਣਾ ਚਾਹੁੰਦੀ ਸੀ।" ਐਡੀਊ ਨੂੰ ਲੱਗਾ ਕਿ ਉਹ ਜਹਾਜ਼ ਪਿੰਡ ਜਿੱਡਾ ਨਹੀਂ ਸੀ, ਵੱਡੇ ਸਾਰੇ ਮਕਾਨ ਵਾਂਗੂੰ ਸੀ।
ਐਡੀਊ ਲਈ ਉਹ ਸਫਰ ਅਚੰਭਾ ਸੀ। ਬ੍ਰਹਮਪੁੱਤਰ ਦਾ ਚੌੜਾ ਪਾਟ ਉਸ ਨੂੰ ਧਰਤੀ ਦੇ ਆਖਰੀ ਸਿਰੇ ਤਕ ਫੈਲਿਆ ਹੋਇਆ ਦਿਸ ਰਿਹਾ ਸੀ। ਪਾਣੀ ਸ਼ੂਕ ਰਿਹਾ ਸੀ। ਪਾਣੀ ਨੂੰ ਚੀਰ ਕੇ ਅਗਾਂਹ ਵਧ ਰਿਹਾ ਸਟੀਮਰ ਛੱਲਾਂ ਪੈਦਾ ਕਰ ਰਿਹਾ ਸੀ। ਐਡੀਊ ਸਹਿਮ ਗਈ, ਫਿਰ ਚੀਕਾਂ ਮਾਰਨ ਲੱਗੀ। ਡਰੀ ਹੋਈ ਨੇ ਵੱਡੇ ਭਰਾ ਦਾ ਹੱਥ ਘੁੱਟ ਕੇ ਫੜ ਲਿਆ। ਉਹ ਰੋਂਦੀ ਹੋਈ ਵਾਰ-ਵਾਰ ਕਹਿਣ ਲੱਗੀ, "ਮੈਂ ਵਾਪਸ ਘਰ ਜਾਣਾ।"
ਡਿੰਬਾ ਨੇ ਉਸ ਨੂੰ ਮਿੱਠਾ ਜਿਹਾ ਝਿੜਕਿਆ, "ਝੱਲੀਏ! ਰੋ ਨਾ, ਦਰਿਆਓਂ ਪਾਰ ਤੇਰੀ ਕਿਸਮਤ ਤੈਨੂੰ ਉਡੀਕ ਰਹੀ ਏ।" ਐਡੀਊ ਡੁਸਕਦੀ ਰਹੀ।
ਸਟੀਮਰ ਬ੍ਰਹਮਪੁੱਤਰ ਦੇ ਦੂਜੇ ਕਿਨਾਰੇ ਗ੍ਰਿਮਰੀ ਘਾਟ ਪਹੁੰਚ ਗਿਆ। ਉਥੋਂ ਉਨ੍ਹਾਂ ਦਾ ਅਗਲਾ ਸਫਰ ਸ਼ੁਰੂ ਹੋਣਾ ਸੀ।
---
ਗ੍ਰਿਮਰੀ ਘਾਟ ਪਹੁੰਚ ਕੇ ਐਡੀਊ ਹੈਂਡੀਕ ਦੇ ਸਾਹ ਵਿਚ ਸਾਹ ਆਇਆ।
ਉਨ੍ਹਾਂ ਦਾ ਸਫਰ ਮੁੱਕਿਆ ਨਹੀਂ ਸੀ। ਉਥੋਂ ਉਨ੍ਹਾਂ ਭੋਲਾਗੁਰੀ ਦੀ ਟੀ-ਅਸਟੇਟ ਪਹੁੰਚਣਾ ਸੀ। ਡਿੰਬਾ ਗੁਹੇਨ ਨੂੰ ਭੋਲਾਗੁਰੀ ਟੀ-ਅਸਟੇਟ ਦਾ ਰਾਹ ਨਹੀਂ ਸੀ ਆਉਂਦਾ, ਪਰ ਮੰਜ਼ਿਲ ਦਾ ਪਤਾ ਸੀ। ਆਖਰਕਾਰ ਉਹ ਮੰਜ਼ਿਲ 'ਤੇ ਪਹੁੰਚ ਗਏ। ਐਡੀਊ ਹੈਂਡੀਕ ਤੇ ਉਸ ਦੇ ਨਿੱਕੇ ਭਰਾ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਭੋਲਾਗੁਰੀ ਕਿਉਂ ਗਏ ਸਨ। ਡਿੰਬਾ ਗੁਹੇਨ ਨੇ ਆਪਣੇ ਚਾਚੇ ਨੀਲਾਂਬਰ ਐਡੀਊ ਨੂੰ ਵੀ ਅਸਲੀ ਗੱਲ ਦਾ ਭੇਤ ਨਹੀਂ ਸੀ ਦਿੱਤਾ। ਜੇ ਡਿੰਬਾ ਫਿਲਮ ਵਿਚ ਕੰਮ ਲੱਭਣ ਜਾਣ ਦੀ ਗੱਲ ਦੱਸ ਦਿੰਦਾ ਤਾਂ ਉਨ੍ਹਾਂ ਨੂੰ ਕਿਸੇ ਨੇ ਪਿੰਡੋਂ ਬਾਹਰ ਪੈਰ ਵੀ ਨਹੀਂ ਸੀ ਧਰਨ ਦੇਣਾ।
ਭੋਲਾਗੁਰੀ ਟੀ-ਅਸਟੇਟ ਅਗਰਵਾਲਾ ਪਰਿਵਾਰ ਦੀ ਸੀ। ਉਸ ਟੀ-ਅਸਟੇਟ ਦਾ ਵੱਡਾ ਗੋਦਾਮ ਜਿਉਤੀ ਪ੍ਰਸਾਦ ਨੇ ਫਿਲਮ ਸਟੂਡੀਓ ਵਿਚ ਤਬਦੀਲ ਕੀਤਾ ਹੋਇਆ ਸੀ। ਉਸ ਨੇ ਫਿਲਮ ਦੀ ਬਹੁਤੀ ਸ਼ੂਟਿੰਗ ਉਥੇ ਹੀ ਕਰਨੀ ਸੀ। ਜਿਉਤੀ ਪ੍ਰਸਾਦ ਨੂੰ 'ਜੋਇਮਤੀ' ਫਿਲਮ ਦੀ ਹੀਰੋਇਨ ਦੇ ਰੋਲ ਲਈ ਐਡੀਊ ਪਹਿਲੀ ਨਜ਼ਰੇ ਹੀ ਜਚ ਗਈ, ਪਰ ਐਡੀਊ ਉਥੇ ਨਹੀਂ ਸੀ ਰਹਿਣਾ ਚਾਹੁੰਦੀ। ਉਸ ਨੇ ਪਿੰਡੋਂ ਬਾਹਰ ਕਦੇ ਪੈਰ ਵੀ ਨਹੀਂ ਸੀ ਧਰਿਆ। ਫਿਲਮਾਂ ਬਾਰੇ ਉਹ ਕੁਝ ਨਹੀਂ ਸੀ ਜਾਣਦੀ। ਉਹ ਓਦਰ ਗਈ ਸੀ, ਰੋ ਰਹੀ ਸੀ। ਉਸ ਨੇ ਇਕੋ ਜ਼ਿਦ ਫੜੀ ਹੋਈ ਸੀ- ਉਸ ਨੇ ਵਾਪਸ ਘਰ ਜਾਣਾ ਹੈ। ਅਗਰਵਾਲਾ ਪਰਿਵਾਰ ਦੀਆਂ ਔਰਤਾਂ ਨੇ ਐਡੀਊ ਨੂੰ ਦਿਲਾਸਾ ਦਿੱਤਾ, ਚੁੱਪ ਕਰਾਇਆ, ਉਸ ਨੂੰ ਦੱਸਿਆ ਕਿ ਉਸ ਦੀ ਕਿਸਮਤ ਦਾ ਸਿਤਾਰਾ ਚਮਕਣ ਵਾਲਾ ਸੀ। ਉਸ ਨੇ ਬੋਲਣ ਵਾਲੀ ਪਹਿਲੀ ਅਸਮੀ ਫਿਲਮ 'ਜੋਇਮਤੀ' ਵਿਚ ਹੀਰੋਇਨ ਦਾ ਰੋਲ ਕਰਨਾ ਸੀ। ਐਡੀਊ ਨੂੰ ਖੁਸ਼ ਹੋਣਾ ਚਾਹੀਦਾ ਸੀ। ਉਨ੍ਹਾਂ ਔਰਤਾਂ ਨੇ ਐਡੀਊ ਨੂੰ ਇਹ ਵੀ ਦੱਸਿਆ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਸੀ। ਬਸ, ਕੁਝ ਦਿਨਾਂ ਦੀ ਹੀ ਸ਼ੂਟਿੰਗ ਸੀ। ਸ਼ੂਟਿੰਗ ਮੁੱਕਣ ਪਿੱਛੋਂ ਉਹ ਐਡੀਊ ਨੂੰ ਉਸ ਦੇ ਪਿੰਡ ਛੱਡ ਆਉਣਗੇ।
'ਜੋਇਮਤੀ' ਫਿਲਮ ਦੀ ਕਹਾਣੀ ਆਸਾਮ ਦੇ ਇਤਿਹਾਸ ਦੀ ਆਹਮੋ ਕਾਲ ਦੀ ਬਹਾਦਰ ਔਰਤ ਦੀ ਕਹਾਣੀ ਸੀ। ਉਸ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲੋਕ-ਮਨਾਂ ਉਤੇ ਲਿਖਿਆ ਹੋਇਆ ਸੀ। ਜੋਇਮਤੀ ਜ਼ਾਲਮ ਬਾਦਸ਼ਾਹ ਲੋਰਾ ਰਾਜਾ ਦੇ ਜ਼ੁਲਮਾਂ ਖਿਲਾਫ ਲੜੀ ਸੀ। ਉਸ ਦੀ ਕੁਰਬਾਨੀ ਨੇ ਆਹਮੋ ਰਾਜ ਨੂੰ ਜ਼ਾਲਮ ਹੱਥੋਂ ਬਚਾ ਲਿਆ ਸੀ।
ਐਡੀਊ ਹੈਂਡੀਕ ਨੇ ਜੋਇਮਤੀ ਦੀ ਕਹਾਣੀ ਸੁਣੀ ਤਾਂ ਅੱਖਾਂ ਝਮਕੀਆਂ। ਉਸ ਨਾਲ ਪਰੀ ਕਹਾਣੀਆਂ ਵਰਗਾ ਕੁਝ ਵਾਪਰ ਰਿਹਾ ਸੀ। ਜੋਇਮਤੀ ਦੀ ਆਤਮਾ ਜਿਵੇਂ ਉਹਦੇ ਅੰਦਰ ਪ੍ਰਵੇਸ਼ ਕਰ ਰਹੀ ਹੋਵੇ। ਉਹ ਅੰਦਰੋਂ-ਬਾਹਰੋਂ ਜੋਇਮਤੀ ਹੋ ਰਹੀ ਸੀ। ਇਹ ਤਲਿਸਮ ਸੀ, ਜਾਦੂਗਰੀ ਸੀ ਕੋਈ। ਜਿਓਤੀ ਪ੍ਰਸਾਦ ਅਗਰਵਾਲਾ ਨੇ ਐਡੀਊ ਦੇ ਪਿਤਾ ਨੀਲਾਂਬਰ ਹੈਂਡੀਕ ਨੂੰ ਤਾਰ ਦੇ ਕੇ ਉਥੇ ਬੁਲਾ ਲਿਆ। ਨੀਲਾਂਬਰ ਦੀ ਸਹਿਮਤੀ ਪਿੱਛੋਂ ਜਿਓਤੀ ਪ੍ਰਸਾਦ ਨੇ ਐਡੀਊ ਨੂੰ ਅਦਾਕਾਰੀ ਦੀ ਸਿਖਲਾਈ ਦਿੱਤੀ। ਉਸ ਨੂੰ ਇਹ ਵੀ ਸਿਖਾਇਆ ਕਿ ਵਾਰਤਾਲਾਪ ਦੇ ਅਰਥਾਂ ਅਨੁਸਾਰ ਕਿਸ ਤਰ੍ਹਾਂ ਹਾਵ-ਭਾਵ ਬਦਲਣੇ ਹਨ। ਜਿਓਤੀ ਪ੍ਰਸਾਦ ਨੇ ਐਡੀਊ ਨੂੰ ਫਿਲਮ ਦੀਆਂ ਕਈ ਹੋਰ ਬਾਰੀਕੀਆਂ ਵੀ ਸਮਝਾਈਆਂ। ਐਡੀਊ ਹੈਂਡੀਕ ਨੇ ਪੂਰੇ ਦਿਲ ਨਾਲ ਸਭ ਕੁਝ ਸਿੱਖਿਆ। ਜਿਓਤੀ ਪ੍ਰਸਾਦ ਨੇ ਡਿੰਬਾ ਗੁਹੇਨ ਨੂੰ ਵੀ ਫਿਲਮ ਵਿਚ ਕੰਮ ਦੇ ਦਿੱਤਾ। ਆਖਰ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ।
ਉਸ ਫਿਲਮ ਵਿਚ ਕਈ ਲੰਮੇ ਲੰਮੇ ਦ੍ਰਿਸ਼ ਵੀ ਸਨ। ਇਕ ਲੰਮੇ ਦ੍ਰਿਸ਼ ਵਿਚ ਲੋਰਾ ਰਾਜਾ ਦੇ ਅਧਿਕਾਰੀ ਨੇ ਜੋਇਮਤੀ ਨੂੰ ਕੰਡਿਆਂ ਵਾਲੇ ਸੋਟੇ ਨਾਲ ਕੁੱਟਣਾ ਸੀ ਤਾਂ ਕਿ ਉਸ ਦੇ ਮੂੰਹੋਂ ਪਤੀ ਗੋਡਾਪਾਨੀ ਬਾਰੇ ਭੇਤ ਉਗਲਵਾਏ ਜਾ ਸਕਣ। ਜਿਹੜਾ ਅਦਾਕਾਰ ਅਧਿਕਾਰੀ ਦਾ ਰੋਲ ਨਿਭਾ ਰਿਹਾ ਸੀ, ਉਸ ਨੇ ਜੋਇਮਤੀ ਯਾਨਿ ਐਡੀਊ ਹੈਂਡੀਕ ਨੂੰ ਸੋਟੇ ਨਾਲ ਸੱਚੀਂ-ਮੁੱਚੀਂ ਹੀ ਕੁੱਟ ਦਿੱਤਾ। ਉਸ ਕੁੱਟ ਨਾਲ ਐਡੀਊ ਦਾ ਸਰੀਰ ਪੱਛਿਆ ਗਿਆ ਤੇ ਸੁੱਜ ਗਿਆ। ਉਸ ਦੇ ਇਲਾਜ ਲਈ ਸ਼ੂਟਿੰਗ ਰੋਕਣੀ ਪੈ ਗਈ।
ਉਸ ਸਮੇਂ ਫਿਲਮ ਨਿਰਮਾਣ ਦੀ ਤਕਨੀਕ ਅੱਜ ਵਾਂਗ ਵਿਕਸਿਤ ਨਹੀਂ ਸੀ ਹੋਈ। ਕਈ ਭਾਂਤ ਦੀਆਂ ਮੁਸ਼ਕਿਲਾਂ ਵਿਚੋਂ ਲੰਘ ਕੇ ਆਖਰਕਾਰ ਫਿਲਮ ਦੀ ਸ਼ੂਟਿੰਗ ਮੁੱਕੀ।
ਐਡੀਊ ਹੈਂਡੀਕ ਪਿੰਡ ਪਰਤੀ। ਪਿੰਡ ਵਾਲਿਆਂ ਨੂੰ ਐਡੀਊ ਦੇ ਫਿਲਮ ਵਿਚ ਕੰਮ ਕਰਨ ਬਾਰੇ ਪਤਾ ਲੱਗ ਚੁਕਾ ਸੀ। ਉਨ੍ਹਾਂ ਸਮਿਆਂ ਵਿਚ ਪਿੰਡ ਦੀ ਕੁੜੀ ਦਾ ਫਿਲਮ ਵਿਚ ਕੰਮ ਕਰਨਾ ਪਾਪ ਸੀ, ਚਰਿੱਤਰਹੀਣਤਾ ਸੀ। ਐਡੀਊ ਦੇ ਸ਼ਰਮਨਾਕ ਕਾਰੇ ਨੇ ਪਿੰਡ ਨੂੰ ਨਮੋਸ਼ੀ ਦਿਵਾਈ ਸੀ। ਉਨ੍ਹਾਂ ਨੇ ਉਸ ਦੇ ਪਿੰਡ ਵੜਨ ਉਤੇ ਰੋਕ ਲਾ ਦਿੱਤੀ। ਮਾਸੂਮ ਐਡੀਊ ਨੂੰ ਆਪਣੇ ਕੀਤੇ ਹੋਏ ਗੁਨਾਹ ਦੀ ਸਮਝ ਨਹੀਂ ਸੀ ਪਈ। ਉਸ ਨੂੰ ਜਾਪਿਆ ਸੀ ਕਿ ਪਿੰਡ ਵਾਲੇ ਉਸ ਨੂੰ ਪਲਕਾਂ ਉਤੇ ਚੁੱਕ ਲੈਣਗੇ। ਉਸ ਨੂੰ ਪੰਡਾਂ ਭਰ-ਭਰ ਪਿਆਰ ਮਿਲੇਗਾ। ਉਹ ਨਫਰਤ ਦੀ ਭਾਗੀ ਕਿਵੇਂ ਹੋ ਗਈ? ਐਡੀਊ ਭੰਮੱਤਰੀ ਹੋਈ ਸੀ।
ਪਿੰਡ ਦੇ ਮੋਹਤਬਰਾਂ ਨੇ ਧਮਕੀ ਦਿੱਤੀ, ਜੇ ਹੁਕਮ ਮੰਨਣ ਵਿਚ ਕੁਤਾਹੀ ਹੋਈ ਤਾਂ ਐਡੀਊ ਦੇ ਸਾਰੇ ਪਰਿਵਾਰ ਨੂੰ ਛੇਕ ਦਿੱਤਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਪਿੰਡੋਂ ਵੀ ਕੱਢ ਦੇਣਗੇ। ਉਸ ਦੇ ਪਿਤਾ ਨੀਲਾਂਬਰ ਹੈਂਡੀਕ ਨੇ ਪਿੰਡ ਦੇ ਸਤਿਕਾਰਤ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਧੀ ਨੇ ਕੋਈ ਅਜਿਹਾ ਕੰਮ ਨਹੀਂ ਸੀ ਕੀਤਾ ਜਿਸ ਨਾਲ ਉਸ ਦੇ ਪਰਿਵਾਰ ਅਤੇ ਪਿੰਡ ਦਾ ਨਾਮ ਬਦਨਾਮ ਹੋਵੇ। ਕੁਝ ਸਿਆਣਿਆਂ ਦੇ ਦਖਲ ਨਾਲ ਇੰਨੀ ਕੁ ਸਹਿਮਤੀ ਹੋਈ ਕਿ ਹੈਂਡੀਕ ਪਰਿਵਾਰ ਦਾ ਪੱਖ ਸੁਣ ਲਿਆ ਜਾਵੇ। ਸਾਰੇ ਕਮਿਊਨਿਟੀ ਪ੍ਰਾਰਥਨਾ ਹਾਲ ਵਿਚ ਇਕੱਠੇ ਹੋਏ। ਹੈਂਡੀਕ ਪਰਿਵਾਰ ਦੇ ਜੀਆਂ ਨੇ ਤਰਲਿਆਂ ਵਰਗੇ ਬਿਆਨ ਦਿੱਤੇ। ਅੰਤ ਵਿਚ ਉਨ੍ਹਾਂ ਨੂੰ ਕਸੂਰਵਾਰ ਮਿਥਿਆ ਗਿਆ, ਪਰ ਪਿੰਡ ਦੇ ਸਿਆਣਿਆਂ ਦੇ ਜ਼ੋਰ ਦੇਣ ਉਤੇ ਸਜ਼ਾ ਦੇਣ ਵੇਲੇ ਨਰਮੀ ਵਰਤੀ ਗਈ।
ਮੋਹਤਬਰਾਂ ਨੇ ਹੈਂਡੀਕ ਪਰਿਵਾਰ 'ਤੇ ਇੱਕ ਰੁਪਿਆ ਚਾਰ ਆਨੇ ਜੁਰਮਾਨਾ ਕੀਤਾ। ਇਸ ਤੋਂ ਇਲਾਵਾ ਪਾਨ ਦੇ ਪੱਤੇ ਤੇ ਕੁਝ ਖਾਣ ਦਾ ਸਾਮਾਨ ਦੇਣ ਦਾ ਜੁਰਮਾਨਾ ਵੀ ਹੋਇਆ। ਸਜ਼ਾ ਭੁਗਤਣ ਪਿੱਛੋਂ ਉਨ੍ਹਾਂ ਨੂੰ ਪਿੰਡ ਵਿਚ ਰਹਿਣ ਦੀ ਮਨਜ਼ੂਰੀ ਮਿਲ ਗਈ। ਲੱਗਦਾ ਸੀ, ਸਭ ਠੀਕ ਹੋ ਗਿਆ ਹੈ, ਪਰ ਠੀਕ ਨਹੀਂ ਸੀ ਹੋਇਆ। ਪਿੰਡ ਵਾਲਿਆਂ ਦਾ ਗੁੱਸਾ ਅਤੇ ਨਫਰਤ ਮੁੱਕੀ ਨਹੀਂ ਸੀ।
ਬੜਾ ਭਾਰਾ ਸੀ, 1933 ਦਾ ਵਰ੍ਹਾ। ਐਡੀਊ ਦੇ ਨਿੱਕੇ ਭਰਾ ਦੀ ਮਾਤਾ ਦੀ ਬਿਮਾਰੀ ਨਾਲ ਮੌਤ ਹੋ ਗਈ ਤਾਂ ਥੋੜ੍ਹੇ ਜਣੇ ਹੀ ਉਨ੍ਹਾਂ ਦਾ ਦੁੱਖ ਵੰਡਾਉਣ ਆਏ। ਪਿੰਡ ਦੀ ਨਫਰਤ ਨਿੱਤ ਦੇ ਸਬੰਧਾਂ ਵਿਚ ਲਗਾਤਾਰ ਦਿਸਦੀ ਰਹੀ।
...ਤੇ ਫਿਰ ਨੀਲਾਂਬਰ ਹੈਂਡੀਕ ਨੇ ਸੋਚਿਆ ਕਿ ਐਡੀਊ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਉਹ ਧੀ ਲਈ ਯੋਗ ਵਰ ਦੀ ਤਲਾਸ਼ ਵਿਚ ਜੁਟ ਗਿਆ। ਤ੍ਰਾਸਦੀ ਇਹ ਹੋਈ ਕਿ ਕਿਸੇ ਨੌਜਵਾਨ ਨੇ ਵੀ ਅਗਾਂਹ ਹੋ ਕੇ ਉਸ ਦਾ ਰਿਸ਼ਤਾ ਕਬੂਲ ਨਾ ਕੀਤਾ। ਕਿਸੇ ਗੱਭਰੂ ਦਾ ਹੌਸਲਾ ਹੀ ਨਹੀਂ ਪਿਆ ਕਿ ਉਹ ਪਿੰਡ ਵਾਲਿਆਂ ਦੇ ਗੁੱਸੇ ਅਤੇ ਨਫਰਤ ਦਾ ਮੁਕਾਬਲਾ ਕਰੇ ਤੇ ਅੱਗੇ ਹੋ ਕੇ ਉਸ ਦਾ ਰਿਸ਼ਤਾ ਕਬੂਲ ਕਰੇ।
...ਤੇ ਉਹ ਸੁਹਣੀ ਕੁੜੀ, ਜਿਸ ਨੂੰ ਮਨ ਹੀ ਮਨ ਪਤਾ ਨਹੀਂ ਕਿੰਨੇ ਕੁ ਨੌਜਵਾਨ ਪਿਆਰ ਕਰਦੇ ਸਨ, ਉਮਰ ਭਰ ਕੁਆਰੀ ਹੀ ਰਹੀ।
'ਜੋਇਮਤੀ' ਫਿਲਮ ਦੀ ਉਹ ਹੀਰੋਇਨ ਐਡੀਊ ਹੈਂਡੀਕ ਤਾਉਮਰ ਆਪਣੀ ਹੀ ਫਿਲਮ ਵੇਖਣ ਲਈ ਤਰਸਦੀ ਰਹੀ। ਉਥੇ ਮੀਲਾਂ ਤਕ ਵੀ ਕੋਈ ਸਿਨਮਾ ਹਾਲ ਨਹੀਂ ਸੀ। ਜੇ ਹੁੰਦਾ ਵੀ ਤਾਂ ਉਸ ਨੂੰ ਫਿਲਮ ਕਿਸ ਨੇ ਵੇਖਣ ਦੇਣੀ ਸੀ। ਮਾਨਤਾਵਾਂ ਅਨੁਸਾਰ, ਔਰਤ ਲਈ ਫਿਲਮ ਵੇਖਣਾ ਨਮੋਸ਼ੀ ਭਰਿਆ ਕੰਮ ਸੀ। ਚਰਿੱਤਰ ਤੋਂ ਗਿਰੇ ਹੋਣ ਦੀ ਨਿਸ਼ਾਨੀ ਸੀ। ਉਹ ਬਸ ਲੋਕਾਂ ਕੋਲੋਂ ਉਸ ਫਿਲਮ ਬਾਰੇ ਸੁਣਦੀ ਤੇ ਉਦਾਸ ਹੋ ਜਾਂਦੀ।
ਉਹ ਅਵਸਰ ਮੈਨੂੰ ਰੱਬ ਵੱਲੋਂ ਹੀ ਮਿਲਿਆ ਸੀ। ਮੈਂ ਐਡੀਊ ਦੇ ਪਿੰਡ ਪਾਨੀ ਡੀਹਿੰਗੀਆ ਦੇ ਨੇੜੇ ਸਾਂ। ਮੈਂ ਉਸ ਨੂੰ ਵੇਖ ਸਕਦਾ ਸਾਂ, ਮਿਲ ਸਕਦਾ ਸਾਂ, ਉਸ ਨਾਲ ਗੱਲਾਂ ਕਰ ਸਕਦਾ ਸਾਂ।
1982 ਦਾ ਵਰ੍ਹਾ ਸੀ। ਅਚਾਨਕ ਸਬੱਬ ਬਣ ਗਿਆ। ਇੱਕ ਸਕੀਮ ਵੇਲੇ ਮੈਂ ਐਡੀਊ ਹੈਂਡੀਕ ਦੇ ਪਿੰਡ ਨੇੜਿਓਂ ਹੀ ਲੰਘ ਰਿਹਾ ਸਾਂ। ਮੈਂ ਆਪਣੇ ਸੀਨੀਅਰ ਕੋਲੋਂ ਉਸ ਦੇ ਪਿੰਡ ਜਾਣ ਦੀ ਇਜਾਜ਼ਤ ਲੈ ਲਈ। ਉਸ ਨੂੰ ਮਿਲਣ ਲਈ ਮੈਂ ਫੌਜੀ ਜੀਪ ਪਾਨੀ ਡੀਹਿੰਗੀਆ ਵੱਲ ਮੋੜ ਲਈ।
1933 ਤੋਂ 1982 ਤਕ ਪਾਨੀ ਡੀਹਿੰਗੀਆ ਵਿਚੋਂ ਤਬਦੀਲੀਆਂ ਦੀਆਂ ਅਮੋੜ ਹਵਾਵਾਂ ਲੰਘੀਆਂ ਸਨ। ਨਵੀਂ ਪੀੜ੍ਹੀ ਦੀ ਸੋਚ ਬਦਲੀ ਸੀ। ਉਹ ਐਡੀਊ ਪ੍ਰਤੀ ਕੌੜੇ ਨਹੀਂ ਸਨ ਰਹੇ। ਉਹ ਕੁਝਕੁਝ ਜਾਗ ਪਏ ਸਨ।
ਮੈਂ ਫੌਜੀ ਜੀਪ ਮੁੰਡਿਆਂ ਦੇ ਟੋਲੇ ਕੋਲ ਰੋਕ ਲਈ। ਮੈਂ ਐਡੀਊ ਦਾ ਘਰ ਪੁੱਛਿਆ। ਦੋ ਜਣੇ ਮੈਨੂੰ ਉਸ ਦਾ ਘਰ ਦੱਸਣ ਤੁਰ ਪਏ। ਰਾਹ ਵਿਚ ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਮਿਲ ਕੇ ਐਡੀਊ ਹੈਂਡੀਕ ਦੇ ਨਾਂ 'ਤੇ ਕੁੜੀਆਂ ਲਈ ਮਿਡਲ ਸਕੂਲ ਬਣਾਉਣ ਲਈ ਯਤਨਸ਼ੀਲ ਹਨ। ਉਥੇ ਖੜ੍ਹੇ ਉਹ ਨੌਜਵਾਨ ਸਕੂਲ ਬਾਰੇ ਹੀ ਸਲਾਹਾਂ ਕਰ ਰਹੇ ਸਨ।
ਹਰਿਆਵਲ ਵਿਚ ਘਿਰੇ ਹੋਏ ਢਾਲਵੀਂ ਛੱਤ ਵਾਲੇ ਘਰ ਵਿਚ ਅੱਸੀਆਂ ਕੁ ਸਾਲਾਂ ਦੀ ਬੁੱਢੀ ਔਰਤ ਇਕੱਲੀ ਬੈਠੀ ਹੋਈ ਸੀ। ਉਹ ਖਲਾਅ ਵੱਲ ਝਾਕ ਰਹੀ ਸੀ। ਉਸ ਦੀਆਂ ਅੱਖਾਂ ਬੁਝੀਆਂ ਹੋਈਆਂ ਸਨ। ਸੁਪਨੇ ਮਰੇ ਹੋਏ ਸਨ। ਐਡੀਊ ਨੂੰ ਉਚਾ ਸੁਣਨ ਲੱਗ ਪਿਆ ਸੀ। ਉਸ ਦੀ ਸਿਹਤ ਚੰਗੀ ਨਹੀਂ ਸੀ। ਉਸ ਨੂੰ ਪੁਰਾਣੀਆਂ ਗੱਲਾਂ ਦਾ ਚੇਤਾ ਵੀ ਭੁੱਲਣ ਲੱਗ ਪਿਆ ਸੀ। ਐਡੀਊ ਦਾ ਤਾਂਬੇ ਰੰਗਾ ਚਿਹਰਾ ਸੋਹਣੀ ਔਰਤ ਦਾ ਚਿਹਰਾ ਸੀ, ਪਰ ਉਸ ਸੁਹੱਪਣ ਦੇ ਰੰਗ ਫਿੱਕੇ ਪੈ ਚੁੱਕੇ ਸਨ।
ਮੈਂ ਪਹੁੰਚਿਆ ਤਾਂ ਐਡੀਊ ਇਕੱਲ ਦੀ ਭਿਆਨਕਤਾ ਵਿਚੋਂ ਬਾਹਰ ਆ ਗਈ। ਉਨ੍ਹਾਂ ਨੌਜਵਾਨਾਂ ਨੇ ਮੇਰੇ ਬਾਰੇ ਦੱਸਿਆ ਤੇ ਚਲੇ ਗਏ। ਮੈਂ ਉਸ ਨਾਲ ਬਹੁਤੀਆਂ ਗੱਲਾਂ ਨਹੀਂ ਸਨ ਕੀਤੀਆਂ। ਉਸ ਨੂੰ ਵੇਖ ਕੇ ਮੈਂ ਮਨ ਭਰ ਲਿਆ ਸੀ। ਮੈਨੂੰ ਜਿਵੇਂ ਯਕੀਨ ਨਹੀਂ ਸੀ ਆ ਰਿਹਾ ਕਿ ਮੇਰੇ ਸਾਹਮਣੇ ਉਹ ਔਰਤ ਬੈਠੀ ਹੈ ਜਿਹੜੀ ਅਸਮੀ ਭਾਸ਼ਾ ਦੀ ਪਹਿਲੀ ਬੋਲਣ ਵਾਲੀ ਫਿਲਮ ਦੀ ਹੀਰੋਇਨ ਸੀ ਜਿਸ ਨੇ ਅਸਮੀ ਫਿਲਮਾਂ ਦੇ ਗੌਰਵਮਈ ਇਤਿਹਾਸ ਦਾ ਮੁੱਢ ਬੰਨ੍ਹਿਆ ਸੀ। ਜਿਸ ਦਾ ਫੁੱਲਾਂ ਦੇ ਸਿੰਘਾਸਣ ਉਤੇ ਬੈਠਣ ਦਾ ਹੱਕ ਬਣਦਾ ਸੀ, ਪਰ ਉਹ ਖਸਤਾ ਹਾਲ ਘਰ ਵਿਚ ਖੰਡਰ ਬਣੀ ਬੈਠੀ ਸੀ।
ਐਡੀਊ ਦੀ ਸਿਹਤ ਅਤੇ ਨਿਗ੍ਹਾ ਹਨੇਰੇ ਵੱਲ ਵਧ ਰਹੀ ਸੀ। ਕੁਝ ਹੋਰ ਸਮਾਂ ਬੀਤਣ ਪਿੱਛੋਂ ਸ਼ਾਇਦ ਉਹ ਆਪਣੀਆਂ ਅੱਖਾਂ ਨਾਲ ਕੁਝ ਵੀ ਵੇਖ ਨਹੀਂ ਸਕੇਗੀ। ਐਡੀਊ ਨੂੰ ਫਿਲਮਾਂ ਦਾ ਇਤਿਹਾਸ ਸਿਰਜਣ ਦੀ ਸਜ਼ਾ ਮਿਲੀ ਸੀ। ਉਸ ਪਲ ਉਹ ਆਪਣੀ ਸਜ਼ਾ ਭੁਗਤ ਰਹੀ ਸੀ।
ਇਹ ਸੁਆਲ ਐਡੀਊ ਹੈਂਡੀਕ ਨੂੰ ਮੈਂ ਵੀ ਪੁੱਛਿਆ ਜੋ ਮੈਥੋਂ ਪਹਿਲਾਂ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਪੁੱਛਿਆ ਹੋਵੇਗਾ। ਉਸ ਨੇ ਅੱਸੀਆਂ ਨੂੰ ਪੁੱਗਣ ਤਕ ਵੀ ਆਪਣੀ ਫਿਲਮ ਨਹੀਂ ਵੇਖੀ?
ਉਸ ਸੁਆਲ ਦਾ ਜੁਆਬ ਮੈਨੂੰ ਆਉਂਦਾ ਸੀ: 'ਜੋਇਮਤੀ' ਫਿਲਮ ਐਡੀਊ ਉਮਰ ਭਰ ਨਹੀਂ ਸੀ ਵੇਖ ਸਕੀ। 'ਜੋਇਮਤੀ' ਫਿਲਮ ਦੇ ਨਿਰਮਾਣ ਦੇ ਚਾਲੀ ਵਰ੍ਹੇ ਪਿੱਛੋਂ ਭੁਪੇਨ ਹਜ਼ਾਰਿਕਾ ਨੇ ਫਿਲਮਸਾਜ਼ ਜਿਓਤੀ ਪ੍ਰਸਾਦ ਅਗਰਵਾਲਾ ਦੀ ਜ਼ਿੰਦਗੀ ਅਤੇ ਉਸ ਦੀਆਂ ਫਿਲਮਾਂ ਬਾਰੇ ਦਸਤਾਵੇਜ਼ੀ ਫਿਲਮ ਬਣਾਈ ਸੀ। ਉਸ ਫਿਲਮ ਵਿਚ ਹਜ਼ਾਰਿਕਾ ਨੇ ਫਿਲਮ 'ਜੋਇਮਤੀ' ਦੇ ਕੁਝ ਦ੍ਰਿਸ਼ ਵੀ ਸ਼ਾਮਿਲ ਕੀਤੇ ਸਨ। ਐਡੀਊ ਹੈਂਡੀਕ ਨੇ ਹਜ਼ਾਰਿਕਾ ਦੀ ਉਹ ਦਸਤਾਵੇਜ਼ੀ ਫਿਲਮ ਵੇਖੀ ਸੀ। ਉਸ ਫਿਲਮ ਵਿਚ 'ਜੋਇਮਤੀ' ਦੀਆਂ ਜਿੰਨੀਆਂ ਕੁਝ ਵੀ ਕਾਤਰਾਂ ਸਨ, ਐਡੀਊ ਨੇ ਬੱਸ ਓਨੀ ਕੁ ਹੀ ਆਪਣੀ ਫਿਲਮ ਵੇਖੀ ਸੀ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)