Pehli Chummi (Punjabi Story) : Navtej Singh
ਪਹਿਲੀ ਚੁੰਮੀਂ (ਕਹਾਣੀ) : ਨਵਤੇਜ ਸਿੰਘ
“ਅੱਜ ਅੰਗ੍ਰੇਜ਼ੀ ਫ਼ਿਲਮ ਵੇਖੀ। ਉਹ ਚੁੰਮੀਆਂ—ਸਹੁੰ ਗੁਰੂ ਦੀ, ਮੀਲ-ਮੀਲ ਲੰਮੀਆਂ ਚੁੰਮੀਆਂ...ਮਜ਼ਾ ਆ ਗਿਆ।”
“ਆਪਣੀਆਂ ਫ਼ਿਲਮਾਂ ਵਿਚ ਤਾਂ ਗੌਣ-ਪਾਣੀ ਕਰ ਕੇ ਹੀ ਡੰਗ ਟਪਾ ਛਡਦੇ ਨੇ। ਹਾਂ, ਅੱਜ-ਕੱਲ੍ਹ ਛਲਾਵਾ ਜਿਹਾ ਜ਼ਰੂਰ ਦੇਣ ਲੱਗ ਪਏ ਨੇ—ਹੀਰੋ ਤੇ ਹੀਰੋਇਨ ਬਹੁਤ ਨੇੜੇ ਆ ਜਾਂਦੇ ਨੇ, ਪਰ ਜਦੋਂ ਅਸਲ ਮੂਲ-ਮੁੱਦਾ ਸ਼ੁਰੂ ਹੋਣ ਲੱਗਦਾ ਏ, ਓਦੋਂ ਕੰਬਖ਼ਤ ਕੈਮਰਾ ਹਟਾ ਦੇਂਦੇ ਨੇ”
“ਸਾਲਾ ਇਕਦਮ ਨਕਲੀ ਮਾਲ—ਘਿਓ ਵੀ ਨਕਲੀ, ਸ਼ਹਿਦ ਵੀ ਨਕਲੀ, ਆਪਣੇ ਦੇਸ਼ ਦੀ ਫ਼ਿਲਮ ਵਿਚ ਚੁੰਮੀਂ ਵੀ ਨਕਲੀ—ਸਭ ਕੁਝ ਨਕਲੀ”
“ਓਏ ਤੈਨੂੰ ਕਾਹਦਾ ਘਾਟਾ ਏ—ਤੂੰ ਤੇ ਓਸੇ ਵੇਲੇ ਸਿਨਮਾ ਹਾਲ ਵਿਚ ਹੀ ਅਸਲੀ ਬਣਾ ਲੈਂਦਾ ਏਂ—ਨਹੀਂ ਤੇ ਸਿਨਮਿਓਂ ਨਿਕਲਦਿਆਂ ਸਾਰ ਹੀ।”
“ਹਾਹੋ, ਤੂੰ ਤੇ ਚੁੰਮੀਆਂ ਦਾ ਚੈਂਪੀਅਨ ਹੋਇਆ”
“ਅੱਜ ਅਖ਼ਬਾਰ ਵਿਚ ਕਿਸ਼ੋਰ ਕੁਮਾਰ ਦਾ ਇਕ ਬਿਆਨ ਪੜ੍ਹਿਆ ਸੀ—ਸਿਨਮੇ ਵਿਚ ਚੁੰਮੀਆਂ ਬਾਰੇ।”
“ਹਛਾ ਜੀ, ਤੁਸੀਂ ਪੜ੍ਹਦੇ ਵੀ ਹੁੰਦੇ ਹੋ?”
“ਕੀ ਬਿਆਨ ਪੜ੍ਹਿਆ ਸਾ ਜੇ? ਅਖੇ ਕਿਸ਼ੋਰ ਕੁਮਾਰ ਦਾ ਬਿਆਨ ਪੜ੍ਹਿਆ ਸੀ! ਕਿਸ਼ੋਰ ਕੁਮਾਰ ਨਾ ਹੋ ਗਿਆ, ਮੋਰਾਰਜੀ ਡੀਸਾਈ ਹੋ ਗਿਆ।”
“ਓਏ, ਕੁਝ ਪੀਣ-ਪਿਆਣ ਦੀ ਵੀ ਸਲਾਹ ਜੇ, ਕਿ ਐਵੇਂ ਚਖ਼-ਚਖ਼ ਹੀ ਕਰੀ ਜਾਓਗੇ। ਬੀਅਰ ਪੀਓਗੇ ਕਿ ਵਿਸਕੀ?”
“ਬਈ, ਅਸੀਂ ਤੇ ਉਨ੍ਹਾਂ ਵਿਚੋਂ ਹਾਂ, ਜਿਨ੍ਹਾਂ ਨੂੰ ਕਿਸੇ ਜਦੋਂ ਪੁੱਛਿਆ ਸੀ, ‘ਵਾਈਨ ਪੀਓਗੇ, ਕਿ ਬੀਅਰ ਜਾਂ ਵਿਸਕੀ?’—ਤਾਂ ਉਨ੍ਹਾਂ ਅਗੋਂ ਜਵਾਬ ਦਿੱਤਾ ਸੀ, ‘ਪਹਿਲਾਂ ਵਾਈਨ, ਫੇਰ ਬੀਅਰ, ਤੇ ਪਿਛੋਂ ਵਿਸਕੀ ਵੀ ਹੋ ਜਾਏ’।”
“ਲੈ ਤੇ ਏਥੇ ਵੀ ਕਾਹਦਾ ਘਾਟਾ ਏ—ਗੁਰੂ ਦੀ ਬੜੀ ਮੇਹਰ ਏ—ਪਹਿਲੋਂ ਬੀਅਰ ਤੇ ਫੇਰ ਵਿਸਕੀ ਸਹੀ। ਹਾਂ, ਵਾਈਨ ਹੈ ਨਹੀਂ। ਇਹ ਇੰਪੋਰਟ ਰਿਸਟਰਿਕਸ਼ਨਾਂ ਦੀ ਸਾੜ੍ਹਸਤੀ। ਪਰ ਦਿੱਲੀ ਜਾਣਾ ਏ ਪਰਸੋਂ, ਕਿਸੇ ਐਂਬੇਸੀ-ਸ਼ੈਂਬੇਸੀ ਕੋਲੋਂ ਵਾਈਨ ਵੀ ਲੈ ਆਵਾਂਗਾ ਤੇ ਫੇਰ ਤੇਰੀ ਕਹੀ ਤੇ ਫੁੱਲ ਚੜ੍ਹਾਵਾਂਗਾ, ‘ਪਹਿਲਾਂ ਵਾਈਨ, ਫੇਰ ਬੀਅਰ ਤੇ ਪਿਛੋਂ ਵਿਸਕੀ’...”
“ਓ ਨਹੀਂ ਰੀਸਾਂ ਆਪਣੇ ਸਰਦਾਰ ਦੀਆਂ।”
“ਅੱਛਾ ਲਾਹੌਰ ਦੀ ਸੈਰ ਫੇਰ ਕਿਸ ਤਰ੍ਹਾਂ ਰਹੀ?”
“ਲਾਹੌਰ ਗਏ ਸਨ ਸਰਦਾਰ ਜੀ? ਫੇਰ ਹੁਣ ਤਾਂ ਇਹ ਜੰਮ ਪਏ ਜੀ। ਇਹ ਸਬੱਬ ਕਿਵੇਂ ਬਣਿਆ?”
“ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ ਉਤੇ ਗਏ, ਜਥੇ ਨਾਲ।”
“ਵਾਹ, ਨਾਲੇ ਪੁੰਨ ਨਾਲੇ ਫਲੀਆਂ...”
“ਹਾਂ, ਪੁੱਤਰੋ, ਲਾਹੌਰ ਮੈਂ ਫ਼ਰਾਂਸ ਤੇ ਇਟਲੀ ਦੀਆਂ ਚੋਣਵੀਆਂ ਸ਼ਰਾਬਾਂ ਪੀਤੀਆਂ।”
“ਵਾਹ, ਅਸਾਂ ਤਾਂ ਇਹੀ ਸੁਣਿਆ ਸੀ ਕਿ ਸ਼ਹੀਦੀ ਦਿਨ ਉਤੇ ਕੱਚੀ ਲਸੀ ਪੀਂਦੇ ਹੁੰਦੇ ਨੇ…”
“ਬਾਊ ਜੀ, ਹੁਣ ਦੁਨੀਆਂ ਬਦਲ ਗਈ ਏ। ਜ਼ਮਾਨੇ ਦੇ ਨਾਲ-ਨਾਲ ਚਲਣਾ ਚਾਹੀਦਾ ਏ।”
“ਫੇਰ ਬਾਦਸ਼ਾਹੋ ਸਾਡੇ ਲਈ ਕੋਈ ਤੁਹਫ਼ਾ ਨਹੀਂ ਲਿਆਏ ਲਾਹੌਰੋਂ?”
“ਲਾਲੇ ਦੀ ਜਾਨ, ਮੈਂ ਤੁਹਾਨੂੰ ਉਥੇ ਭੁੱਲ ਸਕਦਾ ਸਾਂ! ਇਹ ਲਓ। ਇਕ ਇਕ ਤੁਹਾਡੇ ਲਈ ਏ।”
“ਓਏ ਇਹ ਕੀ ਏ?”
“ਕੁੰਜੀਆਂ ਰੱਖਣ ਵਾਲਾ ਛੱਲਾ ਤੇ ਜ਼ੰਜੀਰੀ ਜਾਪਦੀ ਏ।”
“ਆਹੋ, ਉਤੋਂ ਹੈ ਤਾਂ ਇਹ ‘ਕੀ-ਚੇਨ’ ਈ ਏ—ਪਰ ਅੰਦਰੋਂ ਵੇਖਣ ਵਾਲੀ ਚੀਜ਼ ਏ। ਕਸਮ ਏਂ ‘ਕੀ-ਚੇਨ’ ਕੀ, ਸਵਰਗ ਦੀ ਕੁੰਜੀ ਏ।”
“ਐਵੇਂ ਨਾ ਬਣਾ ਸਾਨੂੰ। ਸਿੱਧਾ-ਸਾਧਾ ‘ਕੀ-ਚੇਨ’ ਏਂ। ਵਿਚ ਇਹਦੇ ਹੋਰ ਕੀ ਹੋਣਾ ਏਂ। ਬੱਸ ਇਹ ਪਲਾਸਟਿਕ ਦੀ ਡੱਬੀ ਜ਼ਰੂਰ ਵਾਧੂ ਏ।”
“ਬੱਸ, ਇਹ ਡੱਬੀ ਵਿਚ ਈ ਤਾਂ ਸਵਰਗ ਬੰਦ ਏ। ਇਹਦੇ ਬਾਹਰ ਜਿਹੜੀ ਮੋਰੀ ਏ, ਓਥੇ ਜ਼ਰਾ ਅੱਖ ਨਾਲ ਲਾ ਕੇ ਵੇਖੋ।”
“ਵਾਹ...”
“ਵਾਹ ਹੁਣੇ ਹੀ! ਜ਼ਰਾ ਥੱਲਿਓਂ ਪੇਚ ਵੀ ਘੁਮਾਓ।”
“ਵਾਹ...ਵਾਹ।”
“ਅੰਗ੍ਰੇਜ਼ੀ ਫ਼ਿਲਮ ਦੀਆਂ ਚੁੰਮੀਆਂ ਮਾਤ ਨੇ ਕਿ ਨਹੀਂ?”
“ਇਨ੍ਹਾਂ ਪੋਜ਼ਾਂ ਸਾਹਮਣੇ ਉਹ ਚੁੰਮੀਆਂ ਇਕਦਮ ਬਨਾਸਪਤੀ ਮਾਲ ਜਾਪਦੀਆਂ ਨੇ।
“ਵਾਹ ਕਿਆ ਖ਼ੂਬ ਪੋਜ਼ ਨੇ।”
“ਪੇਚ ਘੁਮਾਈ ਜਾਓ। ਤੁਸੀਂ ਵੀ ਆਪੋ ਆਪਣਾ ‘ਕੀ-ਚੇਨ’ ਲਾ ਲਓ ਅੱਖਾਂ ਨੂੰ। ਪੂਰੇ ਅੱਠ ਪੋਜ਼ ਨੇ। ਅੱਠ ਅਲਫ਼ ਨੰਗੀਆਂ ਮੇਮਾਂ।”
“ਬੱਲੇ ਓਏ ਯਾਰਾ, ਤੂੰ ਤੇ ਸਾਡੇ ਲਈ ਹੀਰਾ-ਮੰਡੀ ਦਾ ਅਰਕ ਹੀ ਕੱਢ ਲਿਆਇਐਂ!”
“ਓਏ ਭੋਲਿਓ, ਅਜਿਹੇ ਦਾਣੇ ਹੀਰਾ-ਮੰਡੀ ਵਿਚ ਕਿੱਥੇ! ਇਹ ਤੇ ਐਨ ਓਰਿਜਿਨਲ ਇੰਪੋਰਟਿਡ ਦਾਣੇ ਨੇ। ਅਮਰੀਕਾ ਦੀਆਂ ਪਰੀਆਂ।”
“ਤੈਨੂੰ ਕਿਵੇਂ ਪਤਾ ਏ ਹੀਰਾ-ਮੰਡੀ ਵਿਚ ਅਜਿਹੇ ਦਾਣੇ ਨਹੀਂ?”
“ਓਏ, ਓਥੋਂ ਵੀ ਮੈਂ ਹੋ ਆਇਆਂ ਐਤਕੀ। ਬੜੀ ਹੀਰਾ-ਮੰਡੀ ਲਈ ਫਿਰਦੇ ਸੋ। ਲਾਹੌਰ ਜਿਥੇ ਗੁਰਦਵਾਰੇ ਵਿਚ ਠਹਿਰੇ ਸਾਂ ਅਸੀਂ, ਹੀਰਾ-ਮੰਡੀ ਓਥੋਂ ਮਸਾਂ ਦਸਾਂ ਮਿੰਟਾਂ ਦਾ ਪੈਦਲ ਵਾਟ ਈ ਤਾਂ ਸੀ।”
“ਇਹਨੂੰ ਕਹਿੰਦੇ ਨੇ ਦੀਨ ਵੀ ਸੁਆਰ ਆਇਆ ਏ, ਤੇ ਦੁਨੀਆਂ ਵੀ।”
“ਪੁੱਤਰੋ, ਆਖ਼ਰ ਤੁਹਾਡਾ ਯਾਰ ਆਂ। ਇਕੋ ਵੇਲੇ ਇਕ ਕੰਮ ਤਾਂ ਹਰ ਲੰਡੀ ਬੁਚੀ ਕਰ ਲੈਂਦੀ ਏ।”
“ਤੇ ਨਾਵਾਂ ਵੀ ਚੰਗਾ ਵਟਿਆ ਹੋਣਾ ਏਂ?”
“ਬਿਲਕੁਲ! ਨਾਂਵੇਂ ਬਿਨਾਂ ਤਾਂ ਸੂਨਾ ਸਭ ਸੰਸਾਰ।”
“ਫੇਰ ਵੀ ਕੀ ਅਕਾਊਂਟ ਬਣਿਆ?”
“ਜੋ ਮਾਲ ਏਧਰੋਂ ਲੈ ਗਿਆ, ਤੇ ਓਥੇ ਵੇਚ ਜੋ ਏਧਰ ਲਿਆਂਦਾ, ਉਹ ਸਭ ਵੇਚ ਵੱਟ ਕੇ, ਫ਼ਰਾਂਸ ਦੀਆਂ ਸ਼ਰਾਬਾਂ ਤੇ ਹੀਰਾ-ਮੰਡੀ ਦੇ ਦਾਣੇ, ਤੇ ਸਭਨਾਂ ਸਾਕਾਂ ਦੋਸਤਾਂ ਲਈ ਤੋਹਫ਼ੇ, ਡਿਹਰਾ ਸਾਹਿਬ ਗੁਰਦੁਆਰੇ ਕਰਵਾਇਆ ਇਕਵੰਜਾ ਰੁਪਿਆਂ ਦਾ ਪਰਸ਼ਾਦ, ਆਣ-ਜਾਣ ਤੇ ਓਥੇ ਸਫ਼ਰ ਆਦਿ ਦਾ ਸਾਰਾ ਖ਼ਰਚਾ ਕਟ ਕੇ ਤੇ ਕਸਟਮ, ਪੁਲਿਸ ਵਾਲਿਆਂ ਦਾ ਘਰ ਪੂਰਾ ਕਰ ਕੇ ਪੰਜਾਂ ਦਿਨਾਂ ਵਿਚ ਪੂਰਾ ਡੇਢ ਹਜ਼ਾਰ ਰੁਪਿਆ ਨੈੱਟ ਬਚਾਇਆ ਏ! ਕਿਉਂ ਕੈਸੇ ਰਹੇ!”
“ਓਏ ਜ਼ਿੰਦਾਬਾਦ ਓਏ, ਤੇਰੀਆਂ ਨਹੀਂ ਰੀਸਾਂ।”
“ਅਗਲੀ ਵਾਰੀ ਸਾਰੀ ਤ੍ਰਿੱਕੜੀ ਜਾਏ।”
“ਲਓ ਫੇਰ ਚੀਅਰਜ਼!”
“ਬੀਅਰ ਖੂਬ ਠੰਢੀ ਏ!”
“ਨਾਲ ਕੁਝ ਖਾਣ ਨੂੰ ਵੀ ਮੰਗਾਂਦਾਂ ਹਾਂ। ਰੇਸ਼ਮੋਂ, ਨੀ ਰੇਸ਼ਮੋਂ—ਬੀਬੀ ਜੀ ਨੂੰ ਕਹੀਂ ਕੁਝ ਖਾਣ ਲਈ ਭੇਜਣ।”
“ਓਏ ਇਹ ਰੇਸ਼ਮੋਂ ਕੌਣ ਏ? ਇਹ ਵੀ ਲਾਹੌਰੋਂ ਨਾਲ ਲੈ ਆਇਐਂ ਕਿਤੇ?”
“ਚਿੰਤਾ ਨਾ ਕਰੋ, ਹੁਣੇ ਦਰਸ਼ਨ ਹੋ ਜਾਂਦੇ ਨੇ।ਨਵੀਂ ਨੌਕਰਾਣੀ ਰੱਖੀ ਏ।”
“ਨਹੀਂ ਰੀਸਾਂ ਸਾਡੇ ਸਰਦਾਰ ਦੀਆਂ—ਸਾਡਾ ਸਰਦਾਰ ਨੌਕਰ ਤਾਂ ਕਦੇ ਭੁੱਲ-ਭੁਲੇਖੇ ਵੀ ਨਹੀਂ ਰੱਖਦਾ, ਨੌਕਰਾਣੀ ਹੀ ਰੱਖਦਾ ਏ।”
“ਨਾਂ ਕਿੱਡਾ ਕੂਲਾ ਏ—ਰੇਸ਼ਮੋਂ।”
“ਓਏ, ਐਵੇਂ ਨਾ ਲ੍ਹਾਲਾਂ ਪਏ ਛੱਡੋ—ਹਾਲੀ ਤਾਂ ਬੱਚੀ ਏ।”
“ਅੱਛਾ ਬੜਾ ਲਵਾ ਮਾਲ ਏ?”
“ਚੀਅਰਜ਼...”
“ਲਓ ਜੀ ਰੈਡੀ ਗੈੱਟ ਸੈੱਟ। ਸਾਰੇ ਜ਼ਰਾ ਆਪੋ-ਆਪਣੇ ‘ਕੀ-ਚੇਨਾਂ’ ਦੇ ਨਾਲ ਦੀ ਦੇ ਅੰਦਰ ਵੇਖੋ। ਫੇਰ ਬੀਅਰ ਚਮਕੇਗੀ।”
“ਨਾਲੇ ਪੇਚ ਘੁਮਾਓ...”
“ਹਾਂ ਜੀ, ਪੇਚ ਘੁਮਾਓ...”
“ਵਾਹ...”
“ਵਾਹ…”
“ਚੀਅਰਜ਼ ਓ ਚੀਅਰਜ਼, ਓ ਥਰੀ ਚੀਅਰਜ਼।”
“ਨਹੀਂ ਓਏ, ਅੱਠ ਚੀਅਰਜ਼। ਪੂਰੇ ਅੱਠ ਨੰਗੇ ਪੋਜ਼ ਨੇ।”
“ਆਓ ਓਏ ਹੁਣ ਕੋਈ ਇੰਟਲੈਕਚੂਅਲ ਗੱਲ ਕਰੀਏ। ਵਲੈਤ ਵਿਚ ਲੋਕੀ ਬੀਅਰ ਪੀ ਕੇ ਸੁਣਿਐਂ ਬੜੀਆਂ ਡੂੰਘੀਆਂ ਗੱਲਾਂ ਕਰਦੇ ਨੇ।”
“ਜੋ ਇਸ ‘ਕੀ-ਚੇਨ’ ਵਿਚ ਏ ਓਦੂੰ ਡੂੰਘਾ ਦੁਨੀਆਂ ਵਿਚ ਹੋਰ ਭਲਾ ਕੀ ਏ?”
“ਛੱਡ ਪਰ੍ਹਾਂ—ਕਦੇ ਹੋਰ ਪਾਸੇ ਵੀ ਧਿਆਨ ਕਰਿਆ ਕਰ। ਅੱਛਾ ਫੇਰ ਅੱਜ ਜਿਸ ਅਖ਼ਬਾਰ ਪੜ੍ਹਿਆ ਸੀ, ਉਹੀ ਤਾਜ਼ਾ ਹਾਲਾਤ ਉਤੇ ਤਬਸਰਾ ਕਰੇ। ਮੈਂ ਤੇ ਪਾਕਿਸਤਾਨ ਜਾਣ ਕਰਕੇ ਅੱਜ-ਕੱਲ੍ਹ ਅਖ਼ਬਾਰਾਂ ਨਹੀਂ ਵੇਖ ਸਕਿਆ।”
“ਹਾਂ, ਓਏ ਦੱਸ ਕੀ ਸੀ ਉਹ ਬਿਆਨ ਤੇਰੇ ਲੀਡਰ ਦਾ...”
“ਲੀਡਰ—ਕਿਹੜਾ ਲੀਡਰ? ਅਸੀਂ ਤਾਂ ‘ਟਰਾਂਸੈਂਡੈਂਟਲ ਮੈਡੀਟੇਸ਼ਨ’ ਵਾਲੇ ਮਹੇਸ਼ ਯੋਗੀ ਦੇ ਸਿਵਾ ਕਿਸੇ ਨੂੰ ਮੰਨਦੇ ਹੀ ਨਹੀਂ। ਹਾਲੀਵੁਡ ਦੇ ਐਕਟਰ, ਐਕਟਰੈਸਾਂ ਤੋਂ ਲੈ ਕੇ ਲਛਮਣ ਸਿੰਘ ਗਿੱਲ ਤੱਕ ਸਭ ਉਹਨੂੰ ਹੀ ਮੰਨਦੇ ਨੇ।”
“ਓਏ ਲੀਡਰ ਨਹੀਂ—ਉਹ ਕਿਸ਼ੋਰ ਕੁਮਾਰ ਦਾ ਸਿਨੇਮੇ ਵਿਚ ਚੁੰਮੀਆਂ ਬਾਰੇ ਬਿਆਨ।”
“ਉਹਨੇ ਕੁਝ ਇਸ ਤਰ੍ਹਾਂ ਦਾ ਅਖ਼ਬਾਰ ਵਿਚ ਲਿਖਿਆ ਏ, ‘ਕਾਲਿਜ ਦੀਆਂ ਕੁੜੀਆਂ ਨੇ ਇਕ ਵਾਰ ਮੈਨੂੰ ਆਪਣੀ ਪਿਕਨਿਕ ਵਿਚ ਸੱਦਿਆ। ਸਮੁੰਦਰ ਕਿਨਾਰੇ ਬੈਠਿਆਂ ਬੜੀ ਦਿਲਚਸਪ ਗਪ-ਸ਼ਪ ਚੱਲੀ। ਅਚਾਨਕ ਇਕ ਕੁੜੀ ਨੇ ਸਵਾਲ ਕੀਤਾ ਕਿ ‘ਫ਼ਿਲਮਾਂ ਵਿਚ ਨੰਗੇਜ ਕਿਉਂ ਵੱਧ ਰਿਹਾ ਏ?’”
“ਓਏ ਰੱਬ ਦੀ ਜੰਝੇ ਤਾਂ ਇਹ ਐਕਟਰ ਹੀ ਆਏ ਹੋਏ ਨੇ! ਸਮੁੰਦਰ ਦਾ ਕਿਨਾਰਾ, ਕਾਲਿਜ ਦੀਆਂ ਕੁੜੀਆਂ ਤੇ ਵਧ ਰਿਹਾ ਨੰਗੇਜ...”
“ਚੁਪ ਵੀ ਕਰ। ਅਸਲੀ ਗੱਲ ਤਾਂ ਅਗੋਂ ਹੋਣੀ ਏਂ—”
“ਹਾਂ ਫੇਰ ਜਦੋਂ ਕਾਲਿਜ ਦੀ ਕੁੜੀ ਨੇ ਕਿਹਾ ‘ਨੰਗੇਜ ਕਿਉਂ ਵਧ ਰਿਹਾ ਏ?’ ਤਾਂ ਫੇਰ ਕਿਸ਼ੋਰ ਕੁਮਾਰ ਨੇ ਅੱਗੋਂ ਉਸ ਕਾਲਜੀਏਟ ਕੁੜੀ ਨੂੰ ਕੋਈ ਥਿਊਰੀ ਪੇਸ਼ ਕੀਤੀ ਕਿ ਕੁਝ ਪ੍ਰੈਕਟੀਕਲ ਦੱਸਿਆ?”
“ਕਿਸ਼ੋਰ ਅੱਗੋਂ ਲਿਖਦਾ ਏ, ‘ਮੈਨੂੰ ਕੋਈ ਖ਼ਾਸ ਜਵਾਬ ਨਾ ਸੁਝਿਆ।’”
“ਕਿਸ਼ੋਰ ਤਾਂ ਨਿਰਾ ਗਿਆਨੀ ਉਪਦੇਸ਼ਾ ਸਿੰਘ ਹੀ ਨਿਕਲਿਆ।”
“ਕਿਸ਼ੋਰ ਅੱਗੋਂ ਕਹਿੰਦਾ ਏ, ‘ਕੁੜੀਆਂ ’ਚ ਇਸ ਬਾਰੇ ਕਾਫ਼ੀ ਬਹਿਸ ਹੋਈ। ਉਨ੍ਹਾਂ ਵਿਚੋਂ ਬਹੁਤੀਆਂ ਦਾ ਖ਼ਿਆਲ ਇਹ ਸੀ ਕਿ ਇਹ ਪੱਛਮ ਦੀ ਨਕਲ ਦਾ ਨਤੀਜਾ ਏ। ਪਰ ਮੈਂ ਕਿਹਾ ਮੈਂ ਕਦੇ ਫਿਰ ਜਵਾਬ ਦਿਆਂਗਾ’।”
“ਓਏ ਲਖ ਲ੍ਹਾਨਤ ਤੇਰੀ ਅਖ਼ਬਾਰ ਪੜ੍ਹਣ ਦੀ ਆਦਤ ਦੇ। ਬੀਅਰ ਦਾ ਸਾਰਾ ਮਜ਼ਾ ਕਿਰਕਿਰਾ ਕਰ ਦਿੱਤਾ ਈ। ਪਹਿਲਾਂ ਕਾਲਿਜ ਦੀਆਂ ਕੁੜੀਆਂ, ਸਮੁੰਦਰ ਦਾ ਕਿਨਾਰਾ, ਤੇ ਨੰਗੇਜ ਦੀ ਗੱਲ—ਉਸਾਰੀ ਤਾਂ ਚੰਗੀ ਛੋਹੀ ਸੀ, ਪਰ ਪਿੱਛੋਂ ਉੱਕਾ ਹੀ ਲਿੰਟਰ ਡੇਗ ਦਿੱਤਾ ਈ।”
“ਓਏ ਮਾਂ ਦਿਆਂ ਕਾਹਲਿਆ ਪੁੱਤਰਾ, ਅੱਗੋਂ ਤਾਂ ਸੁਣ।”
“ਸੁਣੋ, ਅੱਗੋਂ ਵੀ ਜੋ ਤੂੰ ਖੋਹਣ ਖੋਹ ਲੈਣਾ ਏ ਉਹ ਸਾਥੋਂ ਕਿਤੇ ਗੁੱਝਾ ਏ।”
“ਅੱਗੋਂ ਕਿਸ਼ੋਰ ਕੁਮਾਰ ਕਹਿੰਦਾ ਏ, ‘ਉਸੇ ਸ਼ਾਮ ਘਰ ਬੈਠਾ ਮੈਂ ਧੂਏਂ ਦੇ ਬੱਦਲ ਉਡਾ ਰਿਹਾ ਸਾਂ, ਪਰ ਉਸ ਕੁੜੀ ਦਾ ਸਵਾਲ ਦਾ ਜਵਾਬ ਨਹੀਂ ਸੀ ਮਿਲ ਰਿਹਾ। ਹਲਕੇ-ਹਲਕੇ ਸਰੂਰ ਵਿਚ ਮੈਂ ਬਾਹਰ ਨਿਕਲ ਤੁਰਿਆ’।”
“ਸਰੂਰ ਤਾਂ ਹੋਣਾ ਹੀ ਸੀ – ਕਾਲਜੀਏਟ ਕੁੜੀ ਨੇ ਵੱਧ ਰਹੇ ਨੰਗੇਜਵਾਦ ਬਾਰੇ ਸਵਾਲ ਜੂ ਕੀਤਾ ਸੀ!”
“ਓਏ ਅੱਗੇ ਹੀ ਇਸ ਦੇ ਕਿਸ਼ੋਰ ਦਾ ਬਿਆਨ ਸਖ਼ਤ ‘ਸਲੋ ਬਾਲ’ ਏ, ਵਿਚ ਤੂੰ ਆਪਣੀ ‘ਕਮੈਂਟਰੀ’ ਦੇਈ ਜਾਨਾ ਏਂ—”
“ਕਿਸ਼ੋਰ ਕੁਮਾਰ ਕਹਿੰਦਾ ਏ, ‘ਮੈਂ ਇਕ ਸਿਨਮੇ ਵਿਚ ਚਲਾ ਗਿਆ। ਸਿਨਮਾ ਸ਼ੁਰੂ ਹੋ ਚੁਕਿਆ ਸੀ। ਦਰਵਾਜ਼ਾ ਖੁਲ੍ਹਵਾ ਕੇ ਹਨੇਰੇ ਵਿਚ ਹੀ ਅੰਦਰ ਦਾਖ਼ਲ ਹੋ ਗਿਆ— ਚੁੰਮੇ ਜਾਣ ਦੀ ਤਸਵੀਰ ਸਾਹਮਣੇ ਸੀ। ਮੈਂ ਉਸ ਵੱਲ ਵੇਖਦਾ ਰਿਹਾ।...ਅੱਧਾ ਘੰਟਾ ਗੁਜ਼ਰ ਗਿਆ’...”
“ਅੱਧਾ ਘੰਟਾ ਚੁੰਮੀਂ, ਹਾਇ ਉਏ…ਮਜ਼ਾ ਆ ਗਿਆ—ਕਿਹੜੀ ਫ਼ਿਲਮ ਸੀ? ਮੈਂ ਜ਼ਰੂਰ ਵੇਖਾਂਗਾ।”
“ਸੁਣ ਤੇ ਸਹੀ, ਅੱਗੋਂ ਕਿਸ਼ੋਰ ਕੁਮਾਰ ਕੀ ਕਹਿੰਦਾ ਏ, ‘ਜਿਵੇਂ ਹੀ ਸਕਰੀਨ ਉਤੇ ਗੀਤ ਸ਼ੁਰੂ ਹੋਇਆ ਤਾਂ ਮੈਨੂੰ ਪਤਾ ਲੱਗਾ ਕਿ ਸਕਰੀਨ ਵੱਲ ਤਾਂ ਮੇਰੀ ਪਿਠ ਸੀ!’...”
“ਕਿਉਂ ਜੀ, ਇਹ ਤਾਂ ਬੜਾ ਪੁਆਇੰਟ ਏ! ਕੁਝ ਸਮਝ ਲੱਗੀ?”
“ਇਹ ਬਈ ਸਿਨਮਾ ਵੇਖਣ ਵਾਲਿਆਂ ਵਿਚੋਂ ਹੀ ਕੋਈ ਜੋੜਾ ਉਸ ਅੱਧ ਘੰਟਾ ਲੰਮੀ ਚੁੰਮੀ ਦਾ ਸੀਨ ਪੇਸ਼ ਕਰ ਰਿਹਾ ਸੀ।”
“ਖ਼ੂਬ— ”
“ਸਰਦਾਰ ਜੀ, ਕਿਸ਼ੋਰ ਕੁਮਾਰ ਏਥੇ ਸਾਡੇ ਸ਼ਹਿਰ ਤਾਂ ਕਦੇ ਆਇਆ ਨਹੀਂ?”
“ਕਦੇ ਨਹੀਂ।”
“ਤੇ ਫੇਰ ਉਹਨੇ ਤੁਹਾਨੂੰ ਉਸ ‘ਅਤਰ-ਫੁਲੇਲ’ ਨਾਲ ਸਿਨਮੇ ਵਿਚ ਕਿੱਥੇ ਵੇਖ ਲਿਆ?”
“ਤੇ ਭਲਾ ਬੰਬਈ ਅਸੀਂ ਨਹੀਂ ਜਾ ਸਕਦੇ!”
“ਪਰ ਬੰਬਈ ਸਿਨਮੇ ਵਿਚ ਅਜਿਹਾ ਸੀਨ ਪੇਸ਼ ਕਰਨ ਲਈ ਸਾਡੇ ਹੀਰੋ ਨੂੰ ਹੀਰੋਇਨ ਕਿੱਥੋਂ ਲੱਭੇਗੀ!—ਇਥੇ ਤਾਂ ਆਪਣੇ ਦਫ਼ਤਰ ਦੀਆਂ ਮੁਲਾਜ਼ਮ ਕੁੜੀਆਂ ਕਈ ਹੋਈਆਂ...”
“ਲੈ ਬੰਬਈ ਕੋਈ ਘਾਟ ਏ। ਜਿਨ੍ਹਾਂ ਸ਼ਾਹਾਂ ਕੋਲ ਹਜ਼ਾਰਾਂ ਦਾ ਮਾਲ ਲੈਣ ਜਾਈਦਾ ਏ, ਉਨ੍ਹਾਂ ਦੇ ਦਫ਼ਤਰ ਵਿਚ ਪਤਾ ਜੇ ਕੌਣ ਕੰਮ ਕਰਦੀਆਂ ਨੇ?—ਐਂਗਲੋ ਇੰਡੀਅਨਾਂ। ਇਕਦਮ ਗੋਰੀ ਚਮੜੀ।”
“ਇਸ ‘ਕੀ-ਚੇਨ’ ਦੀ ਡੱਬੀ ਵਿਚ ਬੰਦ ਪਰੀਆਂ ਵਰਗੀਆਂ।”
“ਹਾਂ, ਫੇਰ ਰੈੱਡੀ, ਗੈੱਟ, ਸੈੱਟ, ਪੁਤਰੋ! ਸਾਰੇ ਜ਼ਰਾ ਆਪੋ ਆਪਣੇ ‘ਕੀ-ਚੇਨਾਂ’ ਦੇ ਨਾਲ ਦੀ ਡੱਬੀ ਦੇ ਅੰਦਰ ਵੇਖੋ।”
“ਨਾਲੇ ਪੇਚ ਘੁਮਾਓ।”
“ਹਾਂ ਜੀ, ਪੇਚ ਘੁਮਾਓ।”
“ਚੀਅਰਜ਼, ਓ ਚੀਅਰਜ਼, ਥਰੀ ਚੀਅਰਜ਼।”
“ਫੇਰ ਓਹੀ ਗ਼ਲਤੀ। ਪੁਤਰਾ ਆਖ: ‘ਅੱਠ ਚੀਅਰਜ਼’।”
“ਖਾਣ ਨੂੰ ਹਾਲੀ ਕੁਝ ਨਹੀਂ ਆਇਆ।”
“ਰੇਸ਼ਮੋਂ...”
“ਇਹ ਤੁਹਾਡੀ ਰੇਸ਼ਮੋਂ ਰੇਸ਼ਮ ਪਈ ਕਤਦੀ ਏ ਕਿ ਖਾਣ ਲਈ ਵੀ ਕੁਝ ਲਿਆਵੇਗੀ!”
“ਆਖ਼ਰ ਸਰਦਾਰ ਜੀ ਦੀ ਨੌਕਰਾਣੀ ਏਂ—ਖਾਣ ਵਾਲੀ ਚੀਜ਼ ਹੋਏਗੀ। ਆਪੇ ਹੀ ਆ ਜਾਏ, ਖਾਣ ਨੂੰ ਭਾਵੇਂ ਕੁਝ ਨਾ ਲਿਆਏ।”
“ਓਏ ਮੈਂ ਤੁਹਾਨੂੰ ਇਕ ਵਾਰ ਤਾਂ ਦੱਸ ਚੁਕਿਆ ਹਾਂ, ਬਈ ਉਹ ਬੱਚੀ ਏ।”
“ਹਾਂ, ਜੇ ਤੂੰ ਬੱਚੀ ਉਹਨੂੰ ਰਹਿਣ ਦਿੱਤਾ।”
“ਓਏ, ਉਹ ਤਾਂ ਪਹਿਲਾਂ ਹੀ ਦਾਗੀ ਏ। ਇਹ ਖਾਣ ਵਾਲੀ ਚੀਜ਼ ਤੋਂ ਯਾਦ ਆਇਆ...”
“ਹੋ ਜਾਏ—ਕੀ ਯਾਦ ਆਇਆ।”
“ਹੋ ਕੀ ਜਾਏ—ਮਸਾਂ ਬਾਰਾਂ ਤੇਰਾਂ ਵਰ੍ਹਿਆਂ ਦੀ ਏ।”
“ਤਾਂ ਹੀ ਭਾਬੀ ਨੇ ਰੱਖੀ ਹੋਣੀ ਏਂ—‘ਕਮਸਿਨ ਹੈ ਅਭੀ’।”
“ਭਾਬੀ ਤੁਹਾਡੀ ਤਾਂ ਤੁਹਾਨੂੰ ਪਤਾ ਈ ਏ ਬੜੀ ਤਰਸਵਾਨ ਜ਼ਨਾਨੀ ਏਂ। ‘ਦੇਵੀ ਏ, ਦੇਵੀ, ਸਾਡੇ ਗੁਆਂਢ ਵਿਚ ਸਾਰੇ ਉਸ ਬਾਰੇ ਇੰਝ ਕਹਿੰਦੇ ਨਹੀਂ ਥਕਦੇ। ਹਾਂ ਸਿਰਫ਼ ਸਾਡੇ ਉਤੇ ਹੀ ਭਾਬੀ ਤੁਹਾਡੀ ਤਰਸ ਨਹੀਂ ਕਰਦੀ। ਸਾਨੂੰ ਜੇ ਕਿਤੇ ਸਦਾ ਲਈ ਛੱਡ ਕੇ ਚਲੀ ਜਾਏ, ਤਾਂ ਫੇਰ ਅਸੀਂ ਦੇਵੀ ਮੰਨੀਏਂ ਉਹਨੂੰ।”
“ਕਿਉਂਕਿ ਸਾਡੇ ਭਰਾ ਦਾ ਇਕ ਦੇਵੀ ਨਾਲ ਗੁਜ਼ਾਰਾ ਨਹੀਂ ਹੁੰਦਾ—ਇਹਨੂੰ ਤਾਂ ਵੰਨ-ਸੁਵੰਨੀਆਂ ਚੁੜੇਲਾਂ ਚਾਹੀਦੀਆਂ ਨੇ।”
“ਅਹਿ ਕਹੀ ਆ ਨਾ ਲਖ ਟੱਕੇ ਦੀ, ਪੁੱਤਰਾ।”
“ਹਾਂ ਤਾਂ ਰੇਸ਼ਮੋਂ ਦੀ ਗੱਲ ਹੋ ਰਹੀ ਸੀ।”
“ਇਹ ਰੇਸ਼ਮੋਂ ਜਿਨ੍ਹਾਂ ਦੇ ਘਰ ਅੱਗੇ ਨੌਕਰ ਸੀ, ਉਨ੍ਹਾਂ ਦੀ ਨਵੀਂ ਕੋਠੀ ਬਣੀ ਸੀ, ਐਨ ਪੁਲਿਸ ਲਾਈਨ ਦੇ ਨੇੜੇ। ਜਿਸ ਦਿਨ ਉਨ੍ਹਾਂ ਕੋਠੀ ਬਦਲੀ—ਉਸ ਸ਼ਾਮ ਨੂੰ ਘੁਸਮੁਸੇ ਵੇਲੇ ਰੇਸ਼ਮੋਂ ਪੁਰਾਣੀ ਕੋਠੀ ਤੋਂ ਨਵੀਂ ਕੋਠੀ ਵੱਲ ਆਪਣੇ ਕੱਪੜਿਆਂ ਦੀ ਬੁਗਚੀ ਲਈ ਜਾ ਰਹੀ ਸੀ। ਮੈਂ ਦੱਸਿਆ ਏ ਨਾ ਨਵੀਂ ਕੋਠੀ ਦੇ ਨਾਲ ਪੁਲਿਸ ਲਾਈਨ ਏਂ। ਘੁਸਮੁਸੇ ਵਿਚ ਅੱਗੋਂ ਬਸ ਕੋਈ ਕੋਈ ਪੁਲਸੀਆ ਟਕਰ ਪਿਆ ਹੋਣੈਂ। ਉਹਨੇ ਰੇਸ਼ਮੋਂ ਨੂੰ ਫੜ ਕੇ ਉਹਦੀ ਉਹ ਚੁੰਮੀਂ ਲਈ, ਉਹ ਚੁੰਮੀਂ ਲਈ ਕਿ ਚੱਕ ਨਾਲ ਗਲ੍ਹ ਦੀ ਬੋਟੀ ਹੀ ਲਾਹ ਲਿਗਿਆ।”
“ਸ਼ਾਬਾਸ਼ੇ, ਜਵਾਨ ਦੇ। ਅਜਿਹੀ ਚੁੰਮੀਂ ਮਗਰੋਂ ਤਾਂ ਫੇਰ ਕੁੜੀ ਨੂੰ ਕਸੌਲੀ ਹੀ ਇਲਾਜ ਲਈ ਭੇਜਣਾ ਪਿਆ ਹੋਵੇਗਾ!”
“ਹੁਣ ਕਸੌਲੀ ਨਹੀਂ, ਕੁੱਤੇ ਦੇ ਕਟੇ ਦਾ ਹਰ ਵੱਡੇ ਹਸਪਤਾਲ ਵਿਚ ਇਲਾਜ ਹੋਣ ਲੱਗ ਪਿਆ ਏ। ਸ਼ਾਹ ਜੀ ਤੁਸੀਂ ਤਾਂ ਲੱਦ ਗਏ ਵੇਲਿਆਂ ਦੀ ਗੱਲ ਕਰਦੇ ਓ।”
“ਰੇਸ਼ਮੋਂ ਲਈ ਤਾਂ ਉਹਦੇ ਮਾਲਕਾਂ ਦੀ ਨਵੀਂ ਕੋਠੀ ਦੀ ਚੱਠ ਚੰਗੀ ਰਹੀ!”
“ਰੇਸ਼ਮੋਂ ਡਰ ਕੇ ਉਨ੍ਹਾਂ ਦੀ ਨੌਕਰੀ ਹੀ ਛੱਡ ਆਈ। ਰੇਸ਼ਮੋਂ ਦੀ ਮਾਸੀ ਸਾਡੇ ਗੁਆਂਢ ਨੌਕਰ ਏ, ਤੇ ਉਸਨੇ ਰੋ-ਰੋ ਕੇ ਤੁਹਾਡੀ ਭਾਬੀ, ਦੇਵੀ ਜੀ, ਨੂੰ ਇਹ ਸਾਰੀ ਵਿਥਿਆ ਸੁਣਾਈ; ਤੇ ਤੁਹਾਡੀ ਭਾਬੀ ਨੇ ਤਰਸ ਖਾ ਕੇ ਰੇਸ਼ਮੋਂ ਨੂੰ ਨੌਕਰ ਰੱਖ ਲਿਆ। ਅੱਜ-ਕੱਲ੍ਹ ਰੋਜ਼ ਗਲ੍ਹ ਉਤੇ ਦਵਾਈ ਲੁਆਣ ਹਸਪਤਾਲ ਜਾਂਦੀ ਏ।...ਲਓ ਉਹ ਆ ਗਈ ਰੇਸ਼ਮੋਂ।”
“ਭਾਬੀ ਨੇ ਖਾਣ ਵਾਲੀਆਂ ਚੀਜ਼ਾਂ ਤਾਂ ਬਹੁਤ ਵਧੀਆ ਭਿਜਵਾਈਆਂ ਨੇ। ਤੂੰ ਐਵੇਂ ਭਾਬੀ ਤੋਂ ਖਹਿੜਾ ਛੁਡਾਣ ਦੀਆਂ ਗੱਲਾਂ ਕਰਦਾ ਰਹਿੰਦਾ ਏਂ।”
“ਕੋਈ ਰੈਸਟੋਰੈਂਟ ਚਲਾ ਲਵੇ, ਐਵੇਂ ਮੇਰੀ ਜਾਨ ਕਿਉਂ ਪਈ ਦਿੱਕ ਕਰਦੀ ਏ! ਇਹੀ ਵੇਖੋ, ਹੁਣ ਇਹ ਨੌਕਰਾਣੀ ਰੱਖ ਲਈ ਸੂ—ਨਜ਼ਰ-ਪੱਟੂ ਦਾ ਨਜ਼ਰ-ਪੱਟੂ। ਸਾਰੀ ਬੀਅਰ ਤੇ ‘ਕੀ-ਚੇਨ’ ਦਾ ਮਜ਼ਾ ਕਿਰਕਿਰਾ ਹੋ ਗਿਆ ਏ, ਇਹਨੂੰ ਵੇਖ ਕੇ।”
“ਹਾਂ ਭਈ ਇਹ ਤਾਂ ਤੂੰ ਸਵਾ ਸੋਲਾਂ ਆਨੇ ਸਹੀ ਕਿਹਾ ਏ। ਭਾਬੀ ਨੇ ਐਵੇਂ ਈ ਓਸ ਸ਼ਾਮੋਂ ਨੂੰ ਕੱਢ ਦਿੱਤਾ।”
“ਸ਼ਾਮੋ ਸੀ ਕਿ ਨਿਰੀ ਪੁਰੀ ‘ਬਲੈਕ ਨਾਈਟ’।”
“ਸਰਦਾਰ ਜੀ, ਤੁਹਾਡੇ ਲਈ ਤਾਂ ਉਹਦੇ ਕਹਿਣੇ ਹੀ ਕਿਆ ਸਨ! ਸ਼ਾਮੋਂ ਦੇ ਹੁੰਦਿਆਂ ਤਾਂ ਤੁਹਾਡੀਆਂ ਪੰਜੇ ਘਿਓ ਵਿਚ ਸਨ, ਤੇ ਸਿਰ ਉਹਦੀਆਂ ਛਾਤੀਆਂ ਵਿਚ। ਪਰ ਸਾਡੇ ਵਰਗੇ ਤੁਹਾਡੇ ਦੋਸਤ ਯਾਰ ਵੀ ਸ਼ਾਮੋ ਦੇ ਦਰਸ਼ਨਾਂ ਨਾਲ ਅੱਖਾਂ ਸੇਕ ਕੇ ਜਾਂ ਗੱਲ ਕਰ ਕੇ ਹੀ ਵਿਸਕੀ ਦੀ ਪੂਰੀ ਬੋਤਲ ਦਾ ਨਸ਼ਾ ਲੈ ਲੈਂਦੇ ਹੁੰਦੇ ਸਨ।”
“ਚਲੋ ਹੁਣ ਫੇਰ ਵਿਸਕੀ ਹੋ ਜਾਏ। ਮੇਰੇ ਕੋਲ ਇੰਪੋਰਟਿਡ ਮਾਲ ਏ—‘ਜ੍ਹਾਨੀ ਵਾਕਰ’।”
“ਹਾਂ, ਤਾਂ ਹੀ ਗੱਲ ਬਣੇਗੀ। ਇਸ ਰੇਸ਼ਮੋਂ ਦੇ ਦਰਸ਼ਨਾਂ ਨੇ ਹੁਣ ਤੱਕ ਆਇਆ ਨਸ਼ਾ ਤਾਂ ਹਰਨ ਕਰ ਦਿੱਤਾ ਏ।”
“ਸ਼ਾਮੋਂ ਭਾਵੇਂ ਤੁਹਾਡੀ ਭਾਬੀ ਨੇ ਕੱਢ ਦਿੱਤੀ, ਪਰ ਫੇਰ ਵੀ ਵਿਸਕੀ ਦੇ ਪਹਿਲੇ ਪੈੱਗ ਨਾਲ ਉਹਦੀ ਸਿਹਤ ਦਾ ਜਾਮ ਹੋ ਜਾਏ।”
“ਸ਼ਾਮੋਂ ਦੀ ਸਿਹਤ ਲਈ…”
“ਸ਼ਾਮੋ ਦੇ ਸਭ ਕਾਸੇ ਲਈ...”
“ਹਾਂ, ਜੀ ਸ਼ਾਮੋ ਦੇ ਸਭ ਕਾਸੇ ਲਈ...”
“ਬਾਟਮਜ਼ ਅੱਪ।”
“ਮੈਨੂੰ ਫੇਰ ਰੇਸ਼ਮੋਂ ਦਾ ਖ਼ਿਆਲ ਆ ਗਿਆ ਏ।”
“ਹਤ ਤੇਰੇ ਦੀ।”
“ਕਿਉਂ ‘ਜ੍ਹਾਨੀ ਵਾਕਰ’ ਦਾ ਮਜ਼ਾ ਖ਼ਰਾਬ ਕਰਦਾ ਏਂ!”
“ਮੈਨੂੰ ਖ਼ਿਆਲ ਆਇਆ ਸੀ ਕਿ ਇਹ ਰੇਸ਼ਮੋਂ ਦੀ ਪਹਿਲੀ ਚੁੰਮੀਂ ਹੋਏਗੀ।”
“ਕੀ ਪਤਾ... ਰੰਗ ਕਰਤਾਰ ਦੇ ਨੇ। ਜਿਨ੍ਹਾਂ ਦੇ ਘਰ ਰੇਸ਼ਮੋਂ ਪਹਿਲਾਂ ਨੌਕਰ ਸੀ ਉਹ ਵੀ ਪੁਲਿਸ ਦੇ ਰਿਟਾਇਰਡ ਅਫ਼ਸਰ ਸਨ!”
“ਲਓ, ਹੁਣ ਫੇਰ ਦੂਜਾ ਪੈੱਗ ਹੋ ਜਾਏ। ਇਹ ਜਾਮ ਸਾਡੀ ਹਰ ਇਕ ਦੀ ਪਹਿਲੀ ਚੁੰਮੀਂ ਦੇ ਨਾਂ...”
“ਪਰ ਪੀਣ ਤੋਂ ਪਹਿਲਾਂ ਹਰ ਇਕ ਨੂੰ ਇਹ ਸੱਚ-ਸੱਚ ਦੱਸਣਾ ਪਏਗਾ ਕਿ ਆਪਣੀ ਜ਼ਿੰਦਗੀ ਵਿਚ ਸਭ ਤੋਂ ਪਹਿਲਾਂ ਉਹਨੇ ਕਿਸ ਨੂੰ ਚੁੰਮਿਆ ਸੀ।”
“ਮੈਨੂੰ ਫੇਰ ਅੱਜ ਦੀ ਪੜ੍ਹੀ ਅਖ਼ਬਾਰ ਯਾਦ ਆ ਗਈ ਏ।”
“ਓਏ ਝਟਪਟ ਥੁੱਕ ਦੇ ਜੋ ਪੜ੍ਹਿਆ ਸੀ ਆ ਅਖ਼ਬਾਰ ਵਿਚ। ਸਾਡੇ ਤੇ ਰੁਅਬ ਪਾਂਦਾ ਏਂ ਆਪਣੀ ਅਖ਼ਬਾਰ ਪੜ੍ਹਨ ਦੀ ਆਦਤ ਦਾ। ਅਸੀਂ ਵੀ ਕੱਲ੍ਹ ਤੋਂ ਅਖ਼ਬਾਰ ਲੁਆ ਲੈਣੀ ਏਂ।”
“ਹਾਂ ਝਟਪਟ ਥੁੱਕ ਦੇ। ਜਿੰਨਾ ਚਿਰ ਤੇਰੇ ਸਿਸਟਮ ਵਿਚੋਂ ਅਖ਼ਬਾਰ ’ਚ ਪੜ੍ਹੀ ਗੱਲ ਨਿਕਲੀ ਨਾ, ਓਨਾ ਚਿਰ ਤੂੰ ‘ਪਹਿਲੀ ਚੁੰਮੀਂ’ ਵਾਲੀ ਸਾਖੀ ਤੁਰਨ ਹੀ ਨਹੀਂ ਦੇਣੀ।”
“ਓਏ ਪੁਤਰੋ, ਅਖ਼ਬਾਰ ਵਿਚ ਵੀ ਚੁੰਮੀਂ ਦੀ ਹੀ ਗੱਲ ਸੀ—ਭਾਵੇਂ ਉਥੇ ਉਹਨੂੰ ‘ਚੁੰਬਨ’ ਲਿਖਿਆ ਹੋਇਆ ਸੀ—ਪਰ ਮੂਰਖ ਮਲ, ਬੁਧੂ ਸਿੰਘ, ਵਨ ਐਂਡ ਦੀ ਸੇਮ ਥਿੰਗ।”
“ਹਾਂ ਫੇਰ ਹੁਣ ਉਚਰ ਵੀ, ਕੀ ਪੜ੍ਹਿਆ ਸੀ ਆ ਅਖ਼ਬਾਰ ਵਿਚ ‘ਚੁੰਮਣ’ ਬਾਰੇ।”
“ਕੇਂਦਰੀ ਪ੍ਰਸਾਰਨ ਮੰਤਰੀ ਸ੍ਰੀ ਕੇ. ਕੇ. ਸ਼ਾਹ ਨੇ ਜਲੰਧਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਘੋਸ਼ਨਾ ਕੀਤੀ ਕਿ ਭਾਰਤੀ ਫ਼ਿਲਮਾਂ ਵਿਚ ਚੁੰਬਨ ਦੇ ਦ੍ਰਿਸ਼ ਦੇਣ ਬਾਰੇ ਸਾਰੇ ਪੱਖਾਂ ਤੋਂ ਨਿਰਣਾ ਕਰਨ ਲਈ ਇਕ ਸੈਮੀਨਾਰ ਜਲਦੀ ਕੀਤਾ ਜਾਵੇਗਾ।”
“ਲਓ ਜੀ ਵੇਖੀ ਜੇ ਨਾ ਆਪਣੀ ਸਰਕਾਰ ਦੀ ਹੁਸ਼ਿਆਰੀ। ਲੋਕੀਂ ਐਵੇਂ ਬਕੀ ਜਾਂਦੇ ਨੇ ਪਈ ਸਾਡੇ ਦੇਸ਼ ਵਿਚ ਤਰੱਕੀ ਨਹੀਂ ਹੋ ਰਹੀ।”
“ਚੰਗਾ, ਫੇਰ ਤੁਸੀਂ ਹੁਣ ਬਿੰਦ ਦੀ ਬਿੰਦ ਇੰਝ ਸਮਝੋ ਕਿ ਤੁਸੀਂ ਸਭ ਮੇਰੇ ਘਰ ਨਹੀਂ ਬੈਠੇ, ‘ਚੁੰਬਨ-ਸੈਮੀਨਾਰ’ ਵਿਚ ਸ੍ਰੀ ਕੇ. ਕੇ. ਸ਼ਾਹ ਦੇ ਬੁਲਾਵੇ ਉਤੇ ਪੁਜੇ ਹੋਏ ਹੋ।”
“ਵਾਹ—ਤੇ ਕੀ ਸ਼ਾਮੋਂ ਵੀ ਓਥੇ ਹੋਏਗੀ?”
“ਲੈ ਕੇਂਦਰੀ ਸਰਕਾਰ ਦਾ, ਕੀ ਨਾਂ ਲਿਆ ਈ, ਹਾਂ ਪ੍ਰਸਾਰਨ ਮੰਤ੍ਰੀ ਏ, ਉਹ ਭਲਾ ਸ਼ਾਮਾਂ ਨੂੰ ਨਹੀਂ ਬੁਲਾ ਸਕਦਾ? ਉਹ ਤੇ ਭਾਵੇਂ ਰੀਟਾ ਫ਼ਾਰੀਆ ਨੂੰ ਬੁਲਾ ਲਏ।”
“ਅੰਧੇ ਕੋ ਅੰਧੇਰੇ ਮੇਂ ਬੜੀ ਦੂਰ ਕੀ ਸੂਝੀ। ਰੀਟਾ ਫ਼ਾਰੀਆ ਨੂੰ ਤਾਂ ਇੰਦਰਾ ਗਾਂਧੀ ਵੀ ਨਹੀਂ ਬੁਲਾ ਸਕੀ। ਹਾਂ, ਅਮਰੀਕਾ ਦੇ ਇਕ ਐਕਟਰ, ਕੀ ਨਾਂ ਏ ਉਹਦਾ, ਬਾਬ ਹੋਪ ਨੇ ਰੀਟਾ ਨੂੰ ਜ਼ਰੂਰ ਵੀਅਤਨਾਮ ਵਿਚ ਬੁਲਵਾ ਲਿਆ।”
“ਇਹਨੂੰ ਕਹਿੰਦੇ ਨੇ ‘ਮੈਨ-ਪਾਵਰ’, ਇੰਦਰਾ ਵਿਚ ਉਹ ਕਿਥੇ!”
“ਤੇ ਇਸ ‘ਚੁੰਬਨ ਸੈਮੀਨਾਰ’ ਵਿਚ ਕੋਈ ਮਹਾਂ ਪੰਡਤ ਆਚਾਰੀਆ ਜੀ ਭਾਸ਼ਣ ਕਰ ਰਹੇ ਨੇ, ‘ਸਾਡੇ ਚਲ-ਚਿਤ੍ਰਾਂ ਵਿਚ ਚੁੰਬਨ-ਦਰਿਸ਼ ਉਕਾ ਨਹੀਂ ਹੋਣੇ ਚਾਹੀਦੇ। ਇਹ ਸਭਿਅਤਾ ਤੇ ਸੰਸਕ੍ਰਿਤੀ ਦੇ ਅਨੁਕੂਲ ਨਹੀਂ। ਤੇ ਫੇਰ ਸੈਮੀਨਾਰ ਦੇ ਪ੍ਰਧਾਨ ਸਾਹਿਬ ਤੁਹਾਨੂੰ ਸਭ ਨੂੰ ਵਾਰੀ ਵਾਰੀ ਪੁਛਦੇ ਨੇ, ਦੱਸੋ, ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਪਹਿਲੀ ਚੁੰਮੀਂ, ਨਹੀਂ ਚੁੰਬਨ, ਕਿਹੜਾ ਸੀ?’ ਖ਼ਿਆਲ ਰਹੇ ਕਿ ਇਹ ਮਾਂ, ਭੈਣ ਜਾਂ ਭਰਾ ਨਾਲ ਨਹੀਂ, ਕਿਸੇ ਪਰ-ਇਸਤਰੀ ਨਾਲ ਪਹਿਲੇ ਚੁੰਬਨ ਦੀ ਗੱਲ ਏ। ਤੇ ਤੁਸੀਂ ਮੈਨੂੰ ਪ੍ਰਧਾਨ ਸਮਝ ਲਓ ਤੇ ਸੱਚ-ਸੱਚ ਦੱਸੋ। ਹਾਂ, ਭਈ ਤੂੰ, ਵੱਡਿਆ ਅਖ਼ਬਾਰ-ਬੀਨਾ, ਤੂੰ ਹੀ ਬੋਹਣੀ ਕਰ।”
“ਪ੍ਰਧਾਨ ਜੀ—ਮੇਰੀ ਪਹਿਲੀ ਚੁੰਮੀਂ, ਅਰਥਾਤ ਪਹਿਲਾ ਚੁੰਬਨ—ਮੈਂ ਦਸਵੀਂ ਵਿਚ ਪੜ੍ਹਦਾ ਸਾਂ ਕਿ ਮੈਂ ਆਪਣੀ ਨੌਕਰਾਣੀ ਨੂੰ ਬਰਸਾਤੀ ਵਿਚ ਚੁੰਮਿਆ ਸੀ। ਉਹਦਾ ਨਾਂ ਰਖੀ ਸੀ। ਉਹ ਮੇਰੇ ਨਾਲੋਂ ਕੁਝ ਵੱਡੀ ਸੀ।”
“ਸ਼ਾਬਾਸ਼… ਅੱਛਾ ਤੂੰ ਪੁੱਤਰਾ?”
“ਮੈਂ ਪ੍ਰਧਾਨ ਜੀ, ਮੈਂ ਯਾਰ੍ਹਵੀਂ ਵਿਚ ਪੜ੍ਹਦਾ ਸਾਂ...”
“ਓਏ ਤੂੰ ਦਸਵੀਂ ਟੱਪ ਗਿਆ ਸੈਂ?”
“ਓਦੋਂ ਮੈਂ ਗੁਸਲਖ਼ਾਨੇ ਵਿਚ ਆਪਣੀ ਨੌਕਰਾਣੀ ਨੂੰ ਚੁੰਮਿਆ ਸੀ। ਇਹ ਸੀ ਮੇਰੀ ਪਹਿਲੀ ਚੁੰਮੀਂ, ਯਾਨੀ ਪਹਿਲਾ ਚੁੰਬਨ। ਉਹ ਮੇਰੇ ਜਿਡੀ ਹੀ ਹੋਵੇਗੀ, ਉਹਦਾ ਨਾਂ ਸ਼ਾਇਦ ਬੀਰੋ ਸੀ।”
“ਤੇ ਤੁਸੀਂ ਪ੍ਰਧਾਨ ਜੀ?”
“ਮੈਂ ਤੇ ਪਹਿਲੀ ਵਾਰ ਜਦੋਂ ਨੌਵੀਂ ਵਿਚ ਪੜ੍ਹਦਾ ਸਾਂ, ਉਦੋਂ ਕੋਠੇ ਉਤੇ ਗਿਆ ਤੇ ਟੱਟੀ ਵਿਚ ਚੂ… ਨੂੰ ਚੁੰਮਿਆ ਸੀ। ਨਾਂ ਮੈਨੂੰ ਉਹਦਾ ਪਤਾ ਨਹੀਂ—ਸਾਰੇ ਉਹਨੂੰ ਚੂ… ਹੀ ਕਹਿੰਦੇ ਸਨ...”
“ਲਓ ਫੇਰ ਹੁਣ ਇਹ ਜਾਮ ਆਪੋ-ਆਪਣੀ ਪਹਿਲੀ ਚੁੰਮੀਂ ਦੇ ਨਾਂ...”
“ਤੇ ਅਹਿ ਵਾਧੂ ਜਾਮ ਕਿਦ੍ਹੇ ਲਈ ਭਰਿਆ ਜੇ, ਪ੍ਰਧਾਨ ਜੀ? ਅਸੀਂ ਤਾਂ ਤਿੰਨੇ ਹਾਂ, ਤੇ ਜਾਮ ਤੁਸਾਂ ਚਾਰ ਭਰ ਦਿੱਤੇ ਨੇ”
“ਇਹ ਉਸ ਪੁਲਸੀਏ ਲਈ...”
“ਕਿਹੜਾ ਪੁਲਸੀਆ?”
“ਰੇਸ਼ਮੋਂ ਵਾਲਾ ਪੁਲਸੀਆ। ਇਹ ਚੌਥਾ ਜਾਮ ਰੇਸ਼ਮੋਂ ਦੀ ਪਹਿਲੀ ਚੁੰਮੀਂ ਦੇ ਨਾਂ।”
[1968]