...Pher Ajihi Kahani Na Likhni Paye ! (Punjabi Story) : Navtej Singh

...ਫੇਰ ਅਜਿਹੀ ਕਹਾਣੀ ਨਾ ਲਿਖਣੀ ਪਏ ! (ਕਹਾਣੀ) : ਨਵਤੇਜ ਸਿੰਘ

ਮੈਂ ਸੋਚਿਆ ਸੀ ਅਜਿਹੀ ਕਹਾਣੀ ਹੁਣ ਕਦੇ ਮੈਨੂੰ ਨਹੀਂ ਲਿਖਣੀ ਪਵੇਗੀ...

(ਮੇਰੀ ਮਾਤ-ਭੂਮੀ! ਮੈਂ ਤੇਰੇ ਤੋਂ ਬਹੁਤ ਦੂਰ ਸਾਂ, ਉਸ ਦੇਸ ਵਿਚ ਜਿਥੇ ਮਨੁੱਖਤਾ ਦੇ ਉਜਲੇ ਭਵਿੱਖ ਦੀ ਉਸਾਰੀ ਹੋ ਰਹੀ ਹੈ। ਓਥੇ ਤੇਰੀ ਵੰਡ ਬਾਰੇ ਮੇਰੀਆਂ ਕਹਾਣੀਆਂ ਪੜ੍ਹ ਕੇ ਇਕ ਲਿਖਾਰੀ ਨੇ ਮੇਰੇ ਹੱਥ ਘੁਟੇ ਸਨ ਤੇ ਮੇਰੀਆਂ ਅੱਖਾਂ ਵਿਚ ਉਜਲੇ ਭਵਿੱਖ ਦੇ ਚਾਨਣ ਨਾਲ ਲਿਸ਼ਕਦੀਆਂ ਆਪਣੀਆਂ ਅੱਖਾਂ ਗੱਡ ਕੇ ਕਿਹਾ ਸੀ, “ਸਾਥੀ! ਬੜੀ ਛੇਤੀ ਤੇਰੇ ਮਹਾਨ ਲੋਕ ਅਜਿਹੇ ਦਿਨ ਲੈ ਆਣਗੇ ਕਿ ਤੇਰੀਆਂ ਕਹਾਣੀਆਂ ਨੂੰ ਵੀਰਾਂ ਦੇ ਹੱਥੋਂ ਕੋਹੇ ਵੀਰਾਂ ਦੀ ਮੌਤ ਉੱਤੇ ਅੱਥਰੂ ਨਹੀਂ ਡੋਲ੍ਹਣੇ ਪੈਣਗੇ!”

ਤੇ ਇਹ ਲਿਖਾਰੀ ਪਿੱਛੇ ਜਿਹੇ ਸਾਡੇ ਦੇਸ ਆਇਆ ਸੀ। ਉਹਨੇ ਪੰਜਾਬ ਦੇ ਲੋਕਾਂ ਨੂੰ ਭਾਖੜਾ ਬੰਨ੍ਹ ਉਸਾਰਦਿਆਂ ਵੇਖਿਆ, ਸਾਡੀਆਂ ਮੁਟਿਆਰਾਂ ਦੇ ਗਿੱਧੇ ਮਚਦੇ ਤੇ ਸਾਡਿਆਂ ਖੇਤਾਂ ਵਿਚ ਮਨੁੱਖੀ ਅਣਖ ਵਾਂਗ ਸਿਰ ਤਾਣੀ ਖੜੋਤੇ ਕਮਾਦ ਤੱਕੇ; ਤੇ ਉਸ ਮੈਨੂੰ ਕਿਹਾ, “ਤੁਸੀਂ, ਏਸ ਦੇਸ ਦੇ ਲਿਖਾਰੀ ਬੜੇ ਨਸੀਬਾਂ ਵਾਲੇ ਹੋ, ਲਿਖਣ ਲਈ ਕਿੰਨੇ ਚੰਗੇ ਲੋਕ ਨੇ ਤੁਹਾਡੇ ਕੋਲ…”

ਮੈਂ ਜਾਤਾ ਸੀ, ਮੇਰੇ ਮਹਾਨ ਲੋਕੋ! ਅਜਿਹੀ ਕਹਾਣੀ ਹੁਣ ਮੈਨੂੰ ਕਦੇ ਨਹੀਂ ਲਿਖਣੀ ਪਏਗੀ।)

ਪਰ ਅੱਜ ਇਕ ਮਾਂ ਦੀ ਹਿੱਕ ਵਿਚੋਂ ਵੈਣ ਉੱਚੀ ਹੋ ਕੇ ਮੇਰੇ ਦੇਸ ਦੇ ਨੀਲੇ ਅਕਾਸ਼ ਨੂੰ ਚੀਰ ਰਹੇ ਹਨ ਤੇ ਮੇਰੀ ਕਲਮ ਵਿਚ ਓਹੋ ਜਿਹੇ ਅੱਥਰੂ ਫੇਰ ਭਰ ਆਏ ਹਨ। ਇਸ ਮਾਂ ਦੀ ਫੁੱਲਾਂ ਦੀ ਹੱਟੀ ਹੈ। (ਇਹਦੇ ਕੋਲੋਂ ਕੁਝ ਸੱਜਰੇ ਟਹਿਕਦੇ ਫੁੱਲ ਲੈ ਕੇ ਕਦੇ ਮੈਂ ਆਪਣੀ ਪਹਿਲੀ ਮੁਹਬਤ ਦੇ ਕੇਸਾਂ ਵਿਚ ਟੰਗੇ ਸਨ)।

ਇਹ ਮਾਂ ਉਸ ਬਾਗ਼ ਦੇ ਕੋਲ ਰਹਿੰਦੀ ਹੈ, ਮਹਾਨ ਜਲ੍ਹਿਆਂਵਾਲੇ ਦੇ ਕੋਲ, ਜਿਹੜਾ ਇਕ ਦਿਨ ਮੇਰੇ ਲੋਕਾਂ ਨੇ ਆਪਣੇ ਲਹੂ ਨਾਲ ਸਿੰਜ ਕੇ ਇੰਜ ਖਿੜਾਇਆ ਸੀ ਕਿ ਅੱਜ ਤਕ ਮੇਰੀ ਮਾਤਭੂਮੀ ਦੇ ਮੁਕਟ ਵਿਚ ਉਹਨਾਂ ਫੁੱਲਾਂ ਦੀ ਮਹਿਕ ਤੇ ਰੰਗ ਵਸੇ ਹੋਏ ਹਨ।

ਮੈਨੂੰ ਏਸ ਮਾਂ ਦਾ ਨਾਂ ਨਹੀਂ ਆਉਂਦਾ ਤੇ ਕੱਲ੍ਹ ਦਾ ਹੁਣ ਉਹਨੂੰ ਮਾਂ ਕਹਿ ਕੇ ਬੁਲਾਣ ਵਾਲਾ ਵੀ ਕੋਈ ਨਹੀਂ ਰਿਹਾ, ਸੋ ਮੈਂ ਉਹਨੂੰ ਮਾਂ ਹੀ ਬੁਲਾਵਾਂਗਾ।

ਹਰਮੰਦਰ ਦੇ ਨੇੜੇ ਮਾਂ ਦੀ ਹੱਟੀ ਭਾਵੇਂ ਬੜੀ ਨਿੱਕੀ ਜਿਹੀ ਹੈ, ਪਰ ਪੂਰੇ ਇਕ ਉੱਤੇ ਸੌ ਵਰ੍ਹਿਆਂ ਤੋਂ ਇਹ ਹੱਟੀ ਚਲ ਰਹੀ ਹੈ। ਤੇ ਏਸ ਇਕ ਸਦੀ ਵਿਚ ਫੁੱਲਾਂ ਦੇ ਕਿੰਨੇ ਹੀ ਮਹਿਕਦੇ ਬਾਗ਼ ਏਸ ਹੱਟੀ ਵਿਚੋਂ ਲੰਘ ਕੇ ਲੋਕਾਂ ਕੋਲ ਪੁੱਜਦੇ ਰਹੇ ਹਨ। ਜ਼ਿੰਦਗੀ ਦਿਆਂ ਚੇਤਿਆਂ ਵਿਚ ਘਰ ਪਾ ਲੈਣ ਵਾਲੀਆਂ ਅਣਗਿਣਤ ਘੜੀਆਂ ਏਸ ਹੱਟੀ ਤੋਂ ਲਏ ਗਏ ਫੁੱਲਾਂ ਨੇ ਮਹਿਕਾਈਆਂ ਹਨ; ਕਿੰਨੀਆਂ ਅਰਦਾਸਾਂ ਕਿੰਨੀਆਂ ਮੰਨਤਾਂ, ਕਿੰਨੇ ਹੀ ਮੱਥਿਆਂ ਨਾਲ ਇਹ ਫੁੱਲ ਟੇਕੇ ਗਏ ਹਨ। ਇਕ ਸਦੀ—ਫੁੱਲਾਂ-ਲੱਦੀ, ਇਕ ਸਦੀ—ਹਾਰਾਂ ਦੀ ਗਲਵਕੜੀ ਵਿਚ।

ਤੇ ਕਦੇ ਕਦਾਈਂ, ਇਹਨਾਂ ਫੁੱਲਾਂ ਨੂੰ ਆਪਣਾ ਖੇੜਾ ਮਾਤ ਪੈਂਦਾ ਵੀ ਜਾਪਿਆ ਸੀ। ਮਾਂ ਜਦੋਂ ਜਵਾਨ ਹੁੰਦੀ ਸੀ, ਉਹਦੇ ਪਤੀ ਨੇ ਉਹਦੇ ਕੇਸਾਂ ਵਿਚ ਇਕ ਵਾਰ ਦੋ ਗੁਲਾਬ ਟੁੰਗੇ ਸਨ। ਤੇ ਆਪਣੇ ਆਦਮੀ ਦੀਆਂ ਅੱਖਾਂ ਦਾ ਖੇੜਾ ਉਦੋਂ ਮਾਂ ਨੂੰ ਫੁੱਲਾਂ ਨਾਲੋਂ ਦੂਣ ਸਵਾਇਆ ਜਾਪਿਆ ਸੀ।

ਪਰ ਅੱਜ ਪੂਰੇ ਇਕ ਉੱਤੇ ਸੌ ਵਰ੍ਹਿਆਂ ਤੋਂ ਚਲਦੀ ਆਈ ਇਹ ਹੱਟੀ ਬੰਦ ਹੈ। ਇਹ ਹੱਟੀ ਕੱਲ੍ਹ ਵੀ ਬੰਦ ਰਹੀ ਸੀ।

ਤੇ ਅੱਜ ਤਾਂ ਵਰ੍ਹੇ-ਵਰ੍ਹੇ ਦਾ ਦਿਨ ਹੈ! ਅੱਜ ਧੁੰਦ ਮਿਟੀ ਸੀ ਤੇ ਜਗ ਚਾਨਣ ਹੋਇਆ ਸੀ। ਪਰ ਏਸ ਹੱਟੀ ਵਿੱਚ ਅੱਜ ਹਨੇਰਾ ਗਾੜ੍ਹਾ ਹੈ। ਕੋਈ ਮਹਿਕ ਨਹੀਂ ਹੱਟੀ ਦੁਆਲੇ, ਤੇ ਇਕ ਚੁੱਪ ਹੈ—ਫੁੱਲਾਂ ਵਰਗੀ ਨਹੀਂ, ਕੰਡਿਆਂ ਵਰਗੀ ਚੁੱਪ ਹੈ। ਤੇ ਸਿਰਫ਼ ਏਸ ਹੱਟੀ ਵਿਚ ਹੀ ਨਹੀਂ, ਅੱਜ ਸਾਰੇ ਨਗਰ ਵਿਚ ਬਹੁਤੀਂ ਥਾਈਂ ਕੰਡਿਆਂ ਵਰਗੀ ਚੁੱਪ ਹੈ।

ਅੱਜ ਤੋਂ ਪੌਣੇ ਪੰਜ ਸੌ ਵਰ੍ਹੇ ਪਹਿਲਾਂ ਪੰਜਾਬ ਦਾ ਸਭ ਤੋਂ ਮਹਾਨ ਪੁੱਤਰ ਜਨਮਿਆ ਸੀ। ਤੇ ਉਹਦੇ ਜਨਮ-ਦਿਨ ਦੀ ਖ਼ੁਸ਼ੀ ਦੇ ਜਲੂਸ ਵਿਚ, ਹਿੰਦੂ ਤੇ ਸਿੱਖ ਪੰਜਾਬੀਆਂ ਨੇ ਰਲ ਕੇ ਕੱਲ੍ਹ ਏਸ ਫੁੱਲ ਵਾਲੀ ਮਾਂ ਦਾ ਇਕੋ ਇਕ ਪੁੱਤਰ ਮਾਰ ਦਿੱਤਾ ਹੈ।

ਕਹਿੰਦੇ ਨੇ ਜਿਸ ਮਹਾਂਪੁਰਖ ਦਾ ਅੱਜ ਜਨਮ ਦਿਨ ਹੈ, ਇਸ ਧਰਤੀ ਤੋਂ ਟੁਰ ਜਾਣ ਬਾਅਦ ਉਹਦੀ ਦੇਹ ਤੋਂ ਹਿੰਦੂ ਤੇ ਮੁਸਲਮਾਨ ਝਗੜ ਪਏ ਸਨ। ਹਿੰਦੂ ਕਹਿੰਦੇ ਸਨ, “ਉਹ ਸਾਡਾ ਸੀ, ਅਸੀਂ ਉਹਦਾ ਸਸਕਾਰ ਕਰਾਂਗੇ।” ਮੁਸਲਮਾਨ ਕਹਿੰਦੇ ਸਨ, “ਉਹ ਸਾਡਾ ਸੀ, ਅਸੀਂ ਉਹਨੂੰ ਦਬਾਵਾਂਗੇ।”

ਤੇ ਫੁੱਲਾਂ ਵਾਲੀ ਮਾਂ ਦਾ ਇਕੋ ਇਕ ਪੁੱਤਰ—ਉਹਦੇ ਬਾਰੇ ਵੀ ਅੱਜ ਹਰ ਥਾਂ ਝਗੜਾ ਹੋ ਰਿਹਾ ਹੈ। ਸਾਰੇ ਨਗਰ ਵਿਚ ਇਕ ਬਹਿਸ ਛਿੜੀ ਹੋਈ ਹੈ। ਜਿੰਨੇ ਮੂੰਹ ਨੇ ਓਨੀਆਂ ਹੀ ਗੱਲਾਂ। ਨਗਰ ਦੀਆਂ ਕੰਧਾਂ ਤੱਕ ਏਸ ਝਗੜੇ ਵਿਚ ਹਿੱਸਾ ਲੈ ਰਹੀਆਂ ਹਨ। ਕੰਧਾਂ ਉੱਤੇ ਥਾਓਂ ਥਾਈਂ ਇਸ਼ਤਿਹਾਰ ਲੱਗੇ ਹੋਏ ਹਨ:

...ਉਹ ਸ਼ਹੀਦ ਹੋਇਆ ਹੈ, ਹਿੰਦੂਆਂ ਨੇ ਉਹਨੂੰ ਇੱਟਾਂ ਨਾਲ ਮਾਰ ਮਾਰ ਕੇ ਕੋਹ ਸੁੱਟਿਆ ਹੈ।

...ਉਹ ਜਲੂਸ ਵਿਚ ਨਹੀਂ ਮਰਿਆ। ਸਿਖਾਂ ਨੇ ਹਿੰਦੂਆਂ ਨੂੰ ਬਦਨਾਮ ਕਰਨ ਲਈ ਉਹਦੀ ਸ਼ਹੀਦੀ ਘੜ ਲਈ ਹੈ।

ਉਹਦੀ ਮਾਂ ਦੀ ਗਵਾਹੀ!

…ਬਦਲਾ…ਅਸੀਂ ਚੂੜੀਆਂ ਪਾ ਕੇ ਨਹੀਂ ਬੈਠੇ ਰਹਾਂਗੇ...

ਇਸ਼ਤਿਹਾਰ ਪੜ੍ਹੇ ਜਾ ਰਹੇ ਹਨ, ਇਸ਼ਤਿਹਾਰ ਪਾੜੇ ਜਾ ਰਹੇ ਹਨ। ਪਹਿਲਿਆਂ ਨਾਲੋਂ ਵੱਧ ਚੀਕਦੇ, ਘਿਰਣਾ ਦੀ ਝੱਗ ਵਗਾਂਦੇ, ਬਲਦੀ ਉੱਤੇ ਤੇਲ ਪਾਂਦੇ ਨਵੇਂ ਇਸ਼ਤਿਹਾਰ ਲਾਏ ਜਾ ਰਹੇ ਹਨ।

ਪੰਜਾਬ ਦੇ ਸਭ ਤੋਂ ਮਹਾਨ ਪੁੱਤਰ ਦਾ ਜਨਮ-ਦਿਨ ਭੁਲਾ ਦਿੱਤਾ ਗਿਆ ਹੈ। ਪੰਜਾਬ ਦੇ ਇਕ ਸਾਧਾਰਨ ਪੁੱਤਰ ਦੀ ਮੌਤ ਉੱਤੇ ਵੈਣ ਪਾਂਦੀ ਮਾਂ ਭੁਲਾ ਦਿੱਤੀ ਗਈ ਹੈ।

ਬਦਲੇ ਦਾ ਜਲੂਸ ਜੁੜ ਰਿਹਾ ਹੈ।
ਪੁਲਸ ਦਗੜ-ਦਗੜ ਕਰ ਰਹੀ ਹੈ।

ਡਾਂਗਾਂ ’ਕੱਠੀਆਂ ਹੋ ਰਹੀਆਂ ਹਨ, ਕੋਠਿਆਂ ਉੱਤੇ ਇਟਾਂ ਦੇ ਢੇਰ ਜੁੜ ਰਹੇ ਹਨ।

ਨਫ਼ਰਤ ਦੇ ਕੀੜੇ ਕੁਰਬਲ ਕੁਰਬਲ ਕਰ ਰਹੇ ਹਨ।
ਬਦਲੇ ਦੀ ਲਹੂ ਵਰਗੀ ਹੁਆੜ ਚੁਪਾਸਿਓਂ ਆ ਰਹੀ ਹੈ।

ਤੇ ਏਸ ਸਭ ਕਾਸੇ ਤੋਂ ਦੂਰ, ਅੱਜ ਦੇ ਦਿਨ ਜਦੋਂ ਧੁੰਦ ਮਿਟੀ ਸੀ ਤੇ ਜਗ ਚਾਨਣ ਹੋਇਆ ਸੀ, ਫੁੱਲਾਂ ਵਾਲੀ ਮਾਂ ਆਪਣੇ ਪੁੱਤਰ ਦੀ ਮੌਤ ਦੇ ਯਖ਼ ਹਨੇਰੇ ਵਿਚ ਗੁਆਚੀ ਬੈਠੀ ਹੈ।

(ਓਦੋਂ ਜਦੋਂ ਉਹਦੇ ਪੁੱਤਰ ਦਾ ਚਾਨਣ ਉਹਦੀ ਜ਼ਿੰਦਗੀ ਵਿਚ ਨਵਾਂ-ਨਵਾਂ ਹੀ ਆਇਆ ਸੀ, ਓਦੋਂ ਦੇ ਚੇਤੇ ਦੀਆਂ ਚਿਣਗਾਂ ਅੱਜ ਦੇ ਹਨੇਰੇ ਵਿਚ ਚਮਕ ਰਹੀਆਂ ਹਨ।

“…ਮਾਂ, ਮਾਂ–ਅਹਿ ਦੁੱਟਾ, ਅਹਿ ਦਾਬ…।” ਛੋਟੇ ਹੁੰਦਿਆਂ ਉਹਦਾ ਪੁੱਤਰ ਗੁੱਟੇ ਨੂੰ ‘ਦੁੱਟਾ’ ਤੇ ਗੁਲਾਬ ਨੂੰ ‘ਦਾਬ’ ਕਹਿੰਦਾ ਹੁੰਦਾ ਸੀ।

…ਇਕ ਵਾਰ ਬੱਦਲਾਂ ਵਿਚ ਬਿਜਲੀ ਲਿਸ਼ਕਦੀ ਤੱਕ ਕੇ ਉਹਦੇ ਪੁੱਤਰ ਨੇ ਤੋਤਲੇ ਜਿਹੇ ਬੋਲਾਂ ਵਿਚ ਕਿਹਾ ਸੀ, “ਮਾਂ, ਮਾਂ,—ਉਹ ਤੱਕ ਬੱਦਲ ਧੁੱਪ ਪਏ ਸੇਕਦੇ ਨੇ!”

ਇਕ ਦਿਨ ਉਹਨੇ ਗੁਲਾਬ ਦੀਆਂ ਪੱਤੀਆਂ ਭੋਰ ਭੋਰ ਕੇ ਆਪਣੇ ਉੱਤੇ ਸੁੱਟ ਲਈਆਂ ਸਨ ਤੇ ਕਿਹਾ ਸੀ, “ਮਾਂ, ਮਾਂ, ਤੱਕ ਫੁੱਲਾਂ ਦਾ ਮੀਂਹ ਵਰ੍ਹਿਆ। ਆਹਾ ਜੀ, ਮੇਰਾ ਵਿਆਹ ਹੋ ਗਿਆ।”...)

ਉਹਦੇ ਪੁੱਤਰ ਦਾ ਵਿਆਹ ਕਦੇ ਨਹੀਂ ਸੀ ਹੋ ਸਕਿਆ। ਰੰਡੀ ਮਾਂ ਦਾ ਪੁੱਤਰ, ਤੇ ਉਹ ਗ਼ਰੀਬ ਸਨ, ਬੜੇ ਹੀ ਗ਼ਰੀਬ। ਜੁਆਨੀ ਵਿਚ ਹੀ ਉਹ ਸਿਰੋਂ ਨੰਗੀ ਹੋ ਗਈ ਸੀ। ਉਹਦੇ ਪਤੀ ਨੂੰ ਤਾਂ ਆਪਣਾ ਪੁੱਤਰ ਤਕਣਾ ਵੀ ਨਸੀਬ ਨਹੀਂ ਸੀ ਹੋਇਆ।

ਇਕ ਗੱਲੇ ਚੰਗਾ ਸੀ ਕਿ ਉਹਦਾ ਪੁੱਤਰ ਵਿਆਹਿਆ ਨਾ ਗਿਆ—ਅੱਜ ਜੇ ਉਹਦੀ ਵਹੁਟੀ ਹੁੰਦੀ ਤਾਂ ਓਸ ਤੱਤੀ ਦਾ ਕੀ ਹਾਲ ਹੁੰਦਾ!

(...ਤੀਹਾਂ ਤੋਂ ਉੱਪਰ ਕੁਝ ਵਰ੍ਹੇ ਹੋਏ ਸਨ। ਓਦੋਂ ਉਹ ਮਾਂ ਨਹੀਂ ਸੀ, ਸਿਰਫ਼ ਵਹੁਟੀ ਹੀ ਹੁੰਦੀ ਸੀ। ਉਹਦੀਆਂ ਬਾਹਾਂ ਵਿਚ ਓਦੋਂ ਹਾਲੀ ਲਾਲ ਚੂੜਾ ਛਣਕਦਾ ਹੁੰਦਾ ਸੀ; ਤੇ ਉਹਦੀ ਕੁਖੇ ਉਹ ਪੁੱਤਰ ਪਿਆ ਸੀ, ਜਿਹੜਾ ਅੱਜ ਏਸ ਜਹਾਨ ਵਿਚ ਨਹੀਂ ਰਿਹਾ। ਓਦਨ ਵੀ ਵਰ੍ਹੇ-ਵਰ੍ਹੇ ਦਾ ਦਿਨ ਸੀ—ਵਿਸਾਖੀ ਦਾ ਦਿਨ। ਤੇ ਉਹ ਚੁੱਲ੍ਹੇ ਕੋਲ ਬੈਠੀ ਚਾਵਾਂ ਨਾਲ ਆਪਣੇ ਪਤੀ ਨੂੰ ਉਡੀਕ ਰਹੀ ਸੀ। ਬੜੀ ਰੀਝ ਨਾਲ ਉਹਨੇ ਕੜਾਹ ਬਣਾਇਆ ਤੇ ਪੂੜੀਆਂ ਤਲੀਆਂ ਸਨ।

ਤੇ ਚਾਣਚੱਕੇ ਜਲ੍ਹਿਆਂਵਾਲੇ ਬਾਗ਼ ਵਲੋਂ ਗੋਲੀਆਂ ਚੱਲਣ ਦੀ ਵਾਜ ਆਈ ਸੀ, ਤੇ ਇਹ ਵਾਜ ਢੇਰ ਚਿਰ ਔਂਦੀ ਹੀ ਰਹੀ ਸੀ। ਤੇ ਫੇਰ ਉਹਨੂੰ ਕੋਈ ਬਾਗ਼ ਵਿਚ ਲੈ ਗਿਆ ਸੀ। ਓਥੇ ਲੋਥਾਂ ਹੀ ਲੋਥਾਂ ਸਨ। ਤੇ ਅਨੇਕਾਂ ਉਹਦੇ ਵਾਂਗ ਜਿਉਂਦੇ ਲੋਥਾਂ ਦਾ ਮੂੰਹ ਚੁੱਕ ਚੁੱਕ ਆਪਣਾ ਆਪਣਾ ਕੋਈ ਪਿਆਰਾ ਢੂੰਡ ਰਹੇ ਸਨ। ਬਾਗ਼ ਵਿਚਲਾ ਖੂਹ ਵੀ ਲੋਕਾਂ ਨਾਲ ਪੂਰਿਆ ਗਿਆ ਸੀ। ਏਥੇ ਹਿੰਦੂ ਸਨ, ਮੁਸਲਮਾਨ ਤੇ ਸਿੱਖ ਸਨ, ਸ਼ਹਿਰੀ ਤੇ ਪੇਂਡੂ ਸਨ। ਤੇ ਬੰਦੇ ਹੀ ਨਹੀਂ, ਆਲੇ-ਦੁਆਲੇ ਕੰਧਾਂ ਤੇ ਰੁੱਖ ਵੀ ਗੋਲੀਆਂ ਨਾਲ ਵਿੰਨ੍ਹੇ ਪਏ ਸਨ।

ਤੇ ਬਾਂਦਰ ਮੂੰਹੇ ਫ਼ਰੰਗੀ ਹੱਸ ਰਹੇ ਸਨ। ਦੈਂਤਾਂ ਨੇ ਜਿਵੇਂ ਕੋਈ ਨਰਕੀ-ਬਾਜ਼ੀਆਂ ਚੁੱਕੀਆਂ ਹੋਣ, ਫ਼ਰੰਗੀਆਂ ਦੇ ਹੱਥੀਂ ਬੰਦੂਕਾਂ ਸਨ।

ਤੇ ਟੋਂਹਦਿਆਂ ਟੋਲਦਿਆਂ ਇਕ ਮੁਖੜਾ ਉਹਦੀ ਨਜ਼ਰੇ ਪੈ ਗਿਆ ਸੀ। ਉਹਨੇ ਆਪਣਾ ਚੂੜਾ ਕੋਲ ਪਈ ਇਕ ਲਹੂ-ਲਿਬੜੀ ਇੱਟ ਨਾਲ ਭੰਨ ਦਿੱਤਾ ਸੀ। ਤੇ ਉਹਦੀ ਚੀਕ ਉਸ ਬਾਗ਼ ਵਿਚੋਂ ਉੱਠਦੀਆਂ ਅਣਗਿਣਤ ਚੀਕਾਂ ਤੇ ਸਿਸਕੀਆਂ ਨਾਲ ਰਲ ਗਈ ਸੀ।

ਓਦੋਂ ਵਹੁਟੀ ਨੇ ਚਾਹਿਆ ਸੀ ਕਿ ਕੋਈ ਗੋਲੀ ਉਹਨੂੰ ਵੀ ਵਿੰਨ੍ਹ ਜਾਏ; ਪਰ ਉਹਦੇ ਅੰਦਰੋਂ ਮਾਂ ਬੋਲੀ ਸੀ, “ਜਿਊਂ..”)

ਤੇ ਉਹ ਜਿਊਂਦੀ ਰਹੀ ਸੀ, ਤੇ ਮਾਂ ਬਣ ਗਈ ਸੀ। ਤੇ ਉਹਦਾ ਪੁੱਤਰ ਐਨ ਉਹਦੇ ਪਤੀ ਵਰਗਾ ਹੀ ਸੁਨੱਖਾ ਨਿਕਲਿਆ ਸੀ, ਓਸੇ ਤਰ੍ਹਾਂ ਦੇ ਮ੍ਹੋਕਲੇ ਅੰਗ, ਉਹੀ ਘਾੜ ਬੁੱਲ੍ਹਾਂ ਦੀ, ਉਸੇ ਤਰ੍ਹਾਂ ਦਾ ਖਿੜਿਆ ਮੱਥਾ, ਉਸੇ ਤਰ੍ਹਾਂ ਦੀਵੇ ਵਾਂਗ ਜਗਦੀਆਂ ਅੱਖਾਂ।

ਤੇ ਅੱਜ ਉਹਦੀ ਦੁੱਖਾਂ-ਲੰਮੀ ਜ਼ਿੰਦਗੀ ਵਿਚ ਦੂਜੀ ਵਾਰ ਦੀਵਾ ਬੁਝ ਗਿਆ ਸੀ। ਪਹਿਲਾ ਦੀਵਾ ਜਿਊਣ ਲਈ ਇਕ ਜੋਤ ਤਾਂ ਪਿਛਾਂਹ ਛੱਡ ਗਿਆ ਸੀ, ਪਰ ਹੁਣ ਜਿਹੜਾ ਦੀਵਾ ਬੁਝਿਆ ਸੀ, ਹੁਣ ਜਿਹੜਾ ਦੀਵਾ ਬੁਝਿਆ ਸੀ... ...

(...ਛੋਟੇ ਹੁੰਦਿਆਂ ਜਦੋਂ ਅਸਮਾਨ ਉੱਤੇ ਚੰਨ ਨਹੀਂ ਸੀ ਨਜ਼ਰੀਂ ਪੈਂਦਾ ਤਾਂ ਉਹਦਾ ਪੁੱਤਰ ਤੋਤਲੀ ਜਿਹੀ ਬੋਲੀ ਵਿਚ ਕਹਿੰਦਾ ਹੁੰਦਾ ਸੀ, “ਮਾਂ ਮਾਂ–ਚੰਨ ਟੁੱਟੂ!”)

“ਵੇ ਮੇਰਿਆ ਚਾਨਣਾ। ਅੱਜ ਮੇਰਾ ਚੰਨ ਉੱਕਾ ਹੀ ਟੁੱਟ ਗਿਆ ਏ, ਮੇਰਾ ਅਸਮਾਨ ਜੁਗਾਂ ਜੁਗੜਿਆਂ ਲਈ ਸੱਖਣਾ ਹੋ ਗਿਆ ਏ।”

ਤੇ ਫੁੱਲਾਂ ਵਾਲੀ ਮਾਂ ਦੀ ਹਿੱਕ ਵਿਚੋਂ ਇਹ ਵੈਣ ਉੱਚੀ ਹੋ ਕੇ ਮੇਰੇ ਦੇਸ ਦੇ ਨੀਲੇ ਅਕਾਸ਼ ਨੂੰ ਚੀਰ ਰਿਹਾ ਹੈ। ਤੇ ਅੱਜ ਮਾਂ ਇੰਜ ਰੋ ਪਈ ਹੈ, ਜਿਵੇਂ ਉਹ ਵਹੁਟੀ ਵੀ ਨਹੀਂ ਸੀ ਰੋਈ, ਜਿਨ੍ਹੇਂ ਜਲ੍ਹਿਆਂਵਾਲੇ ਬਾਗ਼ ਵਿਚ ਆਪਣਾ ਚੂੜਾ ਭੰਨਿਆ ਸੀ।

ਮਾਂ ਕੋਲੋਂ ਦੂਰ ਓਸ ਚੌਂਕ ਵਿਚ, ਜਿੱਥੇ ਉਹਦਾ ਪੁੱਤਰ ਕੱਲ੍ਹ ਹਿੰਦੂਆਂ ਤੇ ਸਿੱਖਾਂ ਨੇ ਰਲ ਕੇ ਮਾਰਿਆ ਸੀ, ਓਥੇ ਅੱਜ ਫੇਰ ਜਲੂਸ ਹੈ। ਡਾਂਗਾਂ ਉੱਲਰ ਰਹੀਆਂ ਹਨ। ਇੱਟਾਂ ਜੋੜੀਆਂ ਜਾ ਰਹੀਆਂ ਹਨ। ਗਲੇ ਪਾੜ ਪਾੜ ਕੇ ਚੀਕਿਆ ਜਾ ਰਿਹਾ ਹੈ।

“ਪੰਜਾਬੀ ਸੂਬਾ...” ਸੜਕਾਂ ਗੂੰਜ ਰਹੀਆਂ ਹਨ।

“ਮਹਾਂ ਪੰਜਾਬ...” ਕੋਠੇ ਜਵਾਬ ਦੇ ਰਹੇ ਹਨ।

ਮੇਰੀ ਮਾਤ-ਭੂਮੀ! ਤੇਰੇ ਨਾਂ ਦੋਵੇਂ ਪਾਸੇ ਇੰਜ ਲੈ ਰਹੇ ਹਨ, ਜਿਵੇਂ ਇਹ ਕੋਈ ਗਾਲ੍ਹਾਂ ਹੋਣ। ਪਰ ਏਸ ਸ਼ੋਰ ਵਿਚ ਫੁੱਲਾਂ ਵਾਲੀ ਮਾਂ ਦੀ ਆਵਾਜ਼ ਨਹੀਂ ਗੁਆਚ ਸਕਦੀ, ਉਹ ਜਿਹੜੀ ਸਾਡੀ ਸਭਨਾਂ ਦੀ ਮਾਂ ਹੈ!

ਮੇਰੇ ਮਹਾਨ ਲੋਕੋ! ਤੁਸੀਂ ਜਿਨ੍ਹਾਂ ਲਈ ਆਪਣੀ ਮਾਤ-ਭੂਮੀ ਦੇ ਨਾਂ ਗਾਲ੍ਹਾਂ ਨਹੀਂ, ਵੇਦ-ਮੰਤ੍ਰਾਂ ਦੇ ਗਰੰਥਾਂ ਦੇ ਸ਼ਬਦਾਂ ਨਾਲੋਂ ਵੱਧ ਪਵਿਤਰ ਹਨ; ਤੁਸੀਂ ਜਿਨ੍ਹਾਂ ਜਲ੍ਹਿਆਂਵਾਲੇ ਵਿਚ ਆਪਣਾ ਸਾਂਝਾ ਲਹੂ ਡੋਲ੍ਹਿਆ ਸੀ, ਤੇ ਫੇਰ ਇਕ ਸੁਭਾਗੇ ਦਿਨ ਏਸ ਧਰਤੀ ਉੱਤੋਂ ਬੰਦੂਕਾਂ ਦੀਆਂ ਨਰਕੀ-ਬਾਜ਼ੀਆਂ ਫੜੀ ਉਧੜ-ਧੁੰਮੀ ਪਾਂਦੇ ਫ਼ਰੰਗੀ ਦੈਂਤਾਂ ਨੂੰ ਕੱਢ ਦਿਤਾ ਸੀ—ਤੁਸੀਂ ਇਹ ਆਵਾਜ਼ ਜ਼ਰੂਰ ਸੁਣੋ, ਅੱਜ ਸਾਡੀ ਸਭਨਾਂ ਦੀ ਮਾਂ ਰੋ ਰਹੀ ਹੈ! ਤੇ ਸਾਡੀ ਮਾਂ ਦੇ ਸੁਹਾਗ ਨੂੰ ਉਜਾੜਨ ਵਾਲਾ ਉਹਦੇ ਪੁੱਤਰ ਦੀ ਮੌਤ ਉੱਤੇ ਸੱਤ ਸਮੁੰਦਰ ਪਾਰ ਖੜੋਤਾ ਹੱਸ ਰਿਹਾ ਹੈ।

ਮੇਰੇ ਲੋਕੋ! ਉਹ ਦਿਨ ਕਦੋਂ ਲਿਆਓਗੇ, ਜਦੋਂ ਕਿਸੇ ਕਲਮ ਨੂੰ ਅਜਿਹੀ ਕਹਾਣੀ ਨਹੀਂ ਲਿਖਣੀ ਪਏਗੀ…

[1956]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •