Pher Taan Bachju Mera Put (Punjabi Story): Labh Singh Shergill

ਫੇਰ ਤਾਂ ਬਚਜੂ ਮੇਰਾ ਪੁੱਤ (ਕਹਾਣੀ) : ਲਾਭ ਸਿੰਘ ਸ਼ੇਰਗਿੱਲ

ਅੰਦਰ ਅਲਮਾਰੀ ਵੱਲ ਜਾਂਦੇ ਨੂੰ ਰੋਕਣ ਤੇ ਉਸ ਨੇ ਮਿੰਦ੍ਹੋ ਨੂੰ ਧੱਕਾ ਮਾਰ ਕੇ ਪਰ੍ਹਾਂ ਮਾਰਿਆ ਅਤੇ ਉਸਦਾ ਮੋਢਾ ਬਾਰ ਦੀ ਚੁਗਾਠ ਨਾਲ਼ ਲੱਗਿਆ। ਉਸਦੇ ਦੁਬਾਰਾ ਰੋਕਣ ਤੇ, ਉਸਨੇ ਮਿੰਦ੍ਹੋ ਦਾ ਗਲ਼ ਫੜ ਲਿਆ ਤੇ ਫਿਰ ਧੱਕਾ ਮਾਰਿਆ ਉਹ ਕੰਧ ਨਾਲ਼ ਜਾ ਵੱਜੀ , “ਨਾ ਵੇ ਪੁੱਤ , ਤੇਰੇ ਭਾਪੇ ਦੀ ਦਵਾਈ ਵਾਸਤੇ ਰੱਖੇ ਨੇ ਵੇ, ਨਾਲ਼ੇ ਸੌਦੇ-ਪੱਤੇ ਆਲ਼ੇ ਬਾਣੀਏ ਦੇ ਦੇਣੇ ਨੇ ,ਨਾ ਲਿਜਾ ਵੇ ਹਾੜੇ ਮੇਰਾ ਪੁੱਤ ’ ਉਹ ਰੋਈ ਜਾ ਰਹੀ ਸੀ ਤੇ ਮਿੰਨਤਾਂ ਕਰ ਰਹੀ ਸੀ ਪਰ ਮੁੰਡੇ ਨੇ ਉਹਦੀ ਇੱਕ ਨਾ ਸੁਣੀ । ਉਹ ਪੈਸੇ ਆਪਣੇ ਕੁੜਤੇ ਦੇ ਗੀਝੇ ਵਿੱਚ ਪਾ ਕੇ ਫਟਾਫਟ ਬਾਹਰ ਨਿਕਲ ਗਿਆ। ਰੋਣ ਤੇ ਰੌਲੇ- ਰੱਪੇ ਦੀ ਅਵਾਜ਼ ਸੁਣ ਕੇ ਉਸ ਦੀ ਗੁਆਂਢਣ ਚਰਨੋ ਭੱਜ ਕੇ ਆਈ। ਮਿੰਦ੍ਹੋ ਜ਼ਮੀਨ ‘ਤੇ ਮੰਜੇ ਨਾਲ਼ ਢੋ ਲਾ ਕੇ ਰੋਈ ਜਾ ਰਹੀ ਸੀ । ਉਸਨੇ ਸੱਜੇ ਹੱਥ ਨਾਲ਼ ਆਪਣਾ ਖੱਬਾ ਮੋਢਾ ਫੜਿਆ ਹੋਇਆ ਸੀ ਤੇ ਗਿੱਟੇ ‘ਚੋਂ ਖੂਨ ਵਗ ਰਿਹਾ ਸੀ ।

ਚਰਨੋ ਨੇ ਛਈ ਦੇਣੇ (ਜਲਦੀ ਨਾਲ਼) ਓਟੇ ‘ਤੇ ਰੱਖਿਆ ਗਲਾਸ ਚੁੱਕ ਕੇ ਤੌੜੇ (ਘੜੇ) ਵਿੱਚੋਂ ਪਾਣੀ ਦਾ ਭਰ ਕੇ ਮਿੰਦ੍ਹੋ ਨੂੰ ਦਿੱਤਾ ਅਤੇ ਉਸ ਦੇ ਮੱਥੇ ‘ਤੇ ਹੱਥ ਰੱਖਦਿਆਂ ਕਿਹਾ,” ਭੈਣੇ ਮੈਂ ਤਾਂ ਕਈ ਦਿਨਾਂ ਦੀ ਦੇਖਦੀ ਆਂ ਇਹਨੂੰ, ਇਹਦੇ ਨਾਲ਼ ਦੋ ਹੋਰ ਹੁੰਦੇ ਨੇ, ਇੱਕ ਤਾਂ ਜਾਗਰ ਕਾ ਮੁੰਡਾ ਭਿੰਦੀ ਤੇ ਦੂਜੇ ਦਾ ਮੈਨੂੰ ਪਤਾ ਨੀਂ ਕੌਣ ਐ ? ਉਹ ਆਪਣੇ ਪਿੰਡ ਦਾ ਤਾਂ ਲੱਗਦਾ ਨੀਂ।”

“ਅੱਜ ਕਹਿੰਦਾ ਮੈਨੂੰ ਦੋ ਹਜ਼ਾਰ ਰਪਈਏ ਦੇਹ, ਮੈਂ ਮਸਾਂ ਢਿੱਡ ਬੰਨ੍ਹ ਕੇ ਦੁੱਧ ਪਾ-ਪਾ ਕੇ ਕਰੇ ਤੀ। ਅੱਜ ਹੀ ਲੈ ਕੇ ਆਈ ਤੀ ਦੋਧੀ ਤੋਂ, ਪਤਾ ਨੀ ਕਿਥੋਂ ਪਤਾ ਲੱਗ ਗਿਆ, ਇਸ ਮਾੜੀ ‘ਲਾਦ ਨੂੰ” ਰੋਂਦੀ ਹੋਈ ਮਿੰਦ੍ਹੋ ਨੇ ਹਾਉਂਕਾ ਲੈਂਦੇ ਕਿਹਾ।

“ਨਾ ਆਪਣੇ ਪਿਓ ਦੀ ਨੀ ਮੰਨਦਾ ?” ਚਰਨੋ ਨੇ ਮਿੰਦ੍ਹੋ ਨੂੰ ਬਾਂਹ ਫੜ ਕੇ ਮੰਜ ’ਤੇ ਬਿਠਾਉਂਦੇ ਪੁੱਛਿਆ।

"ਕਿੱਥੇ ਡਰਦੈ, ਇੱਕ ਦਿਨ ਉਹਨੂੰ ਵੀ ਮਾਰਨ ਪੈ ਗਿਆ ਤੀ।” ਮਿੰਦ੍ਹੋ ਨੇ ਮੰਜੇ ਦਾ ਪਾਵਾ ਫੜਦਿਆਂ ਸਹਾਰਾ ਲੈਂਦੇ ਹੋਏ ਕਿਹਾ।

ਚਰਨੋ ਨੇ ਮਿੰਦ੍ਹੋ ਨੂੰ ਚੁੱਲ੍ਹੇ ’ਤੇ ਰੱਖੀ ਦੁੱਧ ਵਾਲ਼ੀ ਪਤੀਲੀ ਚੋਂ ਗਲਾਸ ਦੁੱਧ ਦਾ ਲੈ ਕੇ, ਜਾਲ਼ੀ ਵਾਲ਼ੀ ਅਲਮਾਰੀ ’ਚ ਰੱਖੇ ਡੱਬੇ ਵਿੱਚੋਂ ਇੱਕ ਚਮਚਾ ਘਿਉ ਪਾਇਆ ਅਤੇ ਹਿਲਾ ਕੇ ਮਿੰਦ੍ਹੋ ਨੂੰ ਦਿੱਤਾ। ਮਿੰਦ੍ਹੋ ਨੇ ਚਰਨੋ ਦੇ ਜ਼ਿਆਦਾ ਕਹਿਣ ’ਤੇ ਦਰਦ ਕਰਦੇ ਮੋਢੇ ਤੋਂ ਹੱਥ ਚੁੱਕਿਆ ਤੇ ਦੁੱਧ ਦਾ ਗਲਾਸ ਫੜ ਤਾਂ ਲਿਆ ਪਰ ਚਿੱਤ ਨਹੀਂ ਸੀ ਕਰਦਾ ਪੀਣ ਨੂੰ। ਉਸਦੇ ਅੰਦਰ ਦੁੱਧ ਦਾ ਘੁੱਟ ਲੰਘ ਨਹੀਂ ਰਿਹਾ ਸੀ। ਉਸਦਾ ਸੰਘ ਜਿਵੇਂ ਘੁੱਟਿਆ ਜਾ ਰਿਹਾ ਸੀ।

"ਮੈਂ ਤਾਂ ਸੁਣਿਐ ਇਹ ਨਾਲ਼ ਆਲ਼ੇ ਪਿੰਡ ਤੋਂ ਲੈ ਕੇ ਆਉਂਦੇ ਨੇ, ਇਹ ਜੀਹਨੂੰ ਚਿੱਟਾ ਕਹਿੰਦੇ ਨੇ, ਇਹ ਤਾਂ ਕਹਿੰਦੇ ਐਨਾ ਭੈੜਾ ਨਸ਼ਾ ਐ, ਜੇ ਇੱਕ ਵਾਰੀ ਮੂੰਹ ਨੂੰ ਲੱਗਜੇ, ਕਹਿੰਦੇ ਬੰਦਾ ਮਰ ਜਾਂਦੈ ਪਰ ਇਹ ਨੂੰ ਛੱਡ ਨੀ ਸਕਦਾ । ਘਰਾਂ ਦੇ ਘਰ ਬਰਬਾਦ ਕਰਤੇ ਭੈਣੇ ਏਸ ਨੇ।” ਚਰਨੋ ਨੇ ਮੰਜੇ ਦੀਆਂ ਪਾਂਦਾਂ ਤੋਂ ਉਠਦਿਆਂ ਮਿੰਦ੍ਹੋ ਤੋਂ ਗਲਾਸ ਫੜਿਆ, ਜਿਸ ਵਿੱਚੋਂ ਉਸਨੇ ਦੋ-ਕੁ ਘੁੱਟਾਂ ਹੀ ਪੀਤੀਆਂ ਸੀ , ਨਾਲ਼ ਹੀ ਆਪਣਾ ਬੋਲਣਾ ਜਾਰੀ ਰੱਖਿਆ । “ਹੁਣ ਤਾਂ ਭੈਣੇ ਪੁੱਛ ਨਾ ਕੁਛ, ਸਾਰੇ ਕਿਤੇ ਪਿੰਡਾਂ ’ਚ, ਸ਼ਹਿਰਾਂ ’ਚ ਬੁਰਾ ਹਾਲ ਹੋਇਆ ਪਿਐ । ਕੋਈ ਕਰਮਾਂ ਆਲ਼ਾ ਘਰ ਹੀ ਬਚਿਆ ਹੋਇਆ ਇਸ ਭੈੜੀ ਅਲਾਮਤ ਤੋਂ।”

ਚਰਨੋ ਨੇ ਚੁੱਲ੍ਹੇ ਮੂਹਰੇ ਖਿਲਰੇ ਪਏ ਭਾਂਡਿਆਂ ਨੂੰ ਇਕੱਠਾ ਕੀਤਾ ਅਤੇ ਸਾਰੇ ਮਾਂਜ ਕੇ ਟੋਕਰੀ ਵਿੱਚ ਰੱਖ ਦਿੱਤੇ।

“ਤੂੰ ਭੈਣੇ ਰਾਮ ਕਰ ,ਥੋਡੀਆਂ ਰੋਟੀਆਂ ਮੈਂ ਆਪਣੇ ਘਰੋਂ ਲਾਹ ਕੇ ਹੁਣੇ ਦੇ ਜਾਨੀ ਆਂ ” ਕਹਿ ਕੇ ਚਰਨੋ ਆਪਣੇ ਘਰ ਚਲੀ ਗਈ।

ਐਨੇ ਨੂੰ ਮਿੰਦ੍ਹੋ ਦਾ ਘਰਵਾਲਾ ਸਰਦਾਰਾ ਵੀ ਖੇਤੋਂ ਆ ਗਿਆ।ਉਸ ਨੇ ਸਾਈਕਲ ਇਕ ਪਾਸੇ ਕੰਧ ਨਾਲ਼ ਲਾਇਆ, ਹੈਂਡਲ ਤੋਂ ਝੋਲਾ ਖੋਲ੍ਹ ਕੇ ਓਟੇ ਤੇ ਰੱਖ ਕੇ, ਮਿੰਦੋ ਨੂੰ ਮੰਜੇ ’ਤੇ ਪਈ ਦੇਖ ਕੇ, ਉਸ ਨੂੰ ਜਿਵੇਂ ਸਾਰਾ ਕੁੱਝ ਪਤਾ ਲੱਗ ਗਿਆ। ਉਹ ਬੋਲਿਆ, “ ਅੱਜ ਫਿਰ ਕੰਜਰ ਨੇ ਲੱਗਦੈ ਖੌਰੂ ਪਾਇਐ, ਤਪਾ ਤੇ ਇਸ ਗੰਦੀ ‘ਲਾਦ ਨੇ, ਐਦੂੰ ਤਾਂ .........

ਮਿੰਦ੍ਹੋ ਹੌਲ਼ੀ ਜਿਹੇ ਮੰਜੇ ਦੀ ਬਾਹੀ ਦਾ ਸਹਾਰਾ ਲੈ ਕੇ ਬੈਠ ਗਈ । ਸਰਦਾਰਾ ਵੀ ਉਹਦੇ ਕੋਲ਼ ਬਹਿ ਗਿਆ। ਮਿੰਦ੍ਹੋ ਦਾ ਆਪਣੇ ਪਤੀ ਦੇ ਸਾਰਾ ਦਿਨ ਮਿਹਨਤ ਕਰਕੇ ਥੱਕੇ ਹੋਏ ਮੂੰਹ ਵੱਲ ਦੇਖਕੇ ਜਿਵੇਂ ਗੱਚ ਭਰ ਆਇਆ। ਫਿਰ ਥੋੜ੍ਹਾ ਆਪਣੇ ਆਪ ਨੂੰ ਸੰਭਾਲਦੇ ਹੋਇਆਂ ਬੋਲੀ, “ ਇਹ ਆਪਣੇ ਪਿਛਲੇ ਕਰਮਾਂ ਦਾ ਫਲ ਐ,ਪਤਾ ਨੀਂ ਆਪਾਂ ਨੇ ਕਿਹੜੇ ਭੈੜੇ ਕਰਮ ਕੀਤੇ ਹੋਏ ਨੇ ।“ ਉਸਨੇ ਆਪਣੀ ਚੁੰਨੀ ਦੇ ਪੱਲੇ ਨਾਲ਼ ਅੱਖਾਂ ਪੂੰਝੀਆਂ ਅਤੇ ਮੈਸ੍ਹ ਨੂੰ ਰਿੰਗਦੀ ਦੇਖ ਕੇ ਸਰਦਾਰੇ ਨੂੰ ਵਰਾਂਡੇ ‘ਚ ਪਏ ਕੱਖ ਮੈਸ੍ਹ ਨੂੰ ਪਾ ਕੇ ਧਾਰ ਚੋਣ ਨੂੰ ਆਖਿਆ। ਸਰਦਾਰੇ ਨੇ ਟੋਕਰਾ ਕੱਖਾਂ ਦਾ ਭਰ ਕੇ ਖੁਰਲੀ ‘ਚ ਪਾਇਆ ।ਮੈਸ੍ਹ ਨੇ ਕੱਖਾਂ ਵਿੱਚ ਮੂੰਹ ਮਾਰ ਕੇ ਖਿਲਾਰ ਦਿੱਤੇ ਅਤੇ ਗਰਦਨ ਘੁਮਾ ਕੇ ਮਿੰਦ੍ਹੋ ਵੱਲ ਮੂੰਹ ਕਰਿਆ ਜਿਵੇਂ ਉਹ ਉਸਦਾ ਦਰਦ ਸਮਝਦੀ ਹੋਵੇ।

ਸਰਦਾਰੇ ਤੋਂ ਅੱਜ ਧਾਰਾਂ ਬਾਲਟੀ ਵਿੱਚ ਘੱਟ ਥੱਲੇ ਧਰਤੀ ‘ਤੇ ਜ਼ਿਆਦਾ ਪੈ ਰਹੀਆਂ ਸਨ। ਮੈਸ੍ਹ ਵੀ ਲੱਤਾਂ ਅੱਗੇ ਪਿੱਛੇ ਮਾਰ ਰਹੀ ਸੀ। ਉਸਨੇ ਛੇਤੀ ਹੀ ਕੱਟਾ ਛੱਡ ਦਿੱਤਾ, ਜਿਹੜਾ ਰਹਿੰਦਾ ਸਾਰਾ ਦੁੱਧ ਚੁੰਘ ਗਿਆ। ਸਰਦਾਰੇ ਨੇ ਦੁੱਧ ਵਾਲ਼ੀ ਬਾਲਟੀ ਓਟੇ ‘ਤੇ ਰੱਖੀ,ਕੁੱਝ ਦੁੱਧ ਡੋਲੂ ਵਿੱਚ ਪਾ ਕੇ ਬਾਕੀ ਬਾਲਟੀ ‘ਚ ਹੀ ਰੱਖ ਕੇ ਉੱਤੇ ਪੋਣਾ ਦੇ ਦਿੱਤਾ ਅਤੇ ਫਿਰ ਜੱਗ ‘ਚ ਪਾਣੀ ਭਰ ਕੇ ਇੱਕ ਪਾਸੇ ਜਾ ਕੇ ਆਪਣੇ ਹੱਥ ਪੈਰ ਧੋਏ।

“ਮੈਂ ਦੁੱਧ ਡੈਰੀ ‘ਚ ਪਾਣ ਚੱਲਿਆਂ ” ਉਸਨੇ ਮੰਜੇ ‘ਤੇ ਬੈਠੀ ਮਿੰਦ੍ਹੋ ਨੂੰ ਕਿਹਾ ।

ਸਰਦਾਰਾ ਬਾਲਟੀ ਚੱਕ ਕੇ ਬਾਹਰਲੇ ਗੇਟ ਵੱਲ ਤੁਰਿਆ। ਗੁਰਦੁਆਰਾ ‘ਚੋਂ ਗ੍ਰੰਥੀ ਸਿੰਘ ਦੀ ਅਨਾਊਂਸਮੈਂਟ ਹੋਈ ਤੇ ਉਹ ਕਹਿ ਰਿਹਾ ਸੀ ,’’ ਵਾਹਿਗੁਰੂ ਜੀ ਕਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਹਿ, ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਭਾਈ, ਕੱਲ੍ਹ ਨੂੰ ਸਵੇਰੇ ਤਕਰੀਬਨ ਨੌਂ ਵਜੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਹੈ ਭਾਈ, ਇਹ ਜੋ ਨਸ਼ਿਆਂ ਦੀ ਭੈੜੀ ਮਾਰ ਸਾਡੇ ਨੌਜਵਾਨਾਂ ‘ਤੇ ਪੈ ਰਹੀ ਹੈ, ਉਸ ਬਾਬਤ ਪੰਚਾਇਤ ਵੱਲੋਂ ਅਤੇ ਹੋਰ ਮੋਹਤਬਰ ਸੱਜਣਾਂ ਵੱਲੋਂ ਇਨ੍ਹਾਂ ਨਸ਼ਿਆਂ ਦੀ ਪਿੰਡ ਵਿੱਚ ਹੋ ਰਹੀ ਸਪਲਾਈ ਨੂੰ ਰੋਕਣ ਲਈ ਸਾਰਿਆਂ ਨੂੰ ਲਾਮਬੰਦ ਹੋਣ ਲਈ ਕੱਲ੍ਹ ਦਾ ਇਕੱਠ ਰੱਖਿਆ ਗਿਆ ਹੈ ਸੋ ਘਰ-ਘਰ ਦਾ ਬੰਦਾ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨਾ।

ਸੂਰਜ ਛਿਪ ਗਿਆ ਸੀ ਪਰ ਆਸਮਾਨ ਤੇ ਅਜੇ ਲਾਲੀ ਚਮਕ ਰਹੀ ਸੀ, ਐਨੇ ਨੂੰ ਚਰਨੋ ਆਪਣੇ ਘਰੋਂ ਰੋਟੀਆਂ ਲੈ ਕੇ ਆ ਗਈ। ਉਸ ਨੇ ਪੋਣੇ 'ਚ ਲਪੇਟੀਆਂ ਰੋਟੀਆਂ ਨੂੰ ਜਾਲੀ ਵਾਲ਼ੀ ਅਲਮਾਰੀ ਵਿੱਚ ਰੱਖਦਿਆਂ ਬੋਲੀ “ਲੈ ਭੈਣੇ, ਮੈਂ ਹੁਣੇ ਸੁਣ ਕੇ ਆਈ ਆਂ ਸਾਰੇ ਪਿੰਡ ਨੇ ਇਹ ਕਰੜਾ ਫੈਸਲਾ ਕੀਤੈ ਕਹਿੰਦੇ ਪਿੰਡ 'ਚ ਕੋਈ ਵੀ ਸ਼ੱਕੀ ਬੰਦੇ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਵੜਨ ਨਹੀਂ ਦੇਣਗੇ ਤੇ ਕਹਿੰਦੇ ਨੇ ਜਿਨ੍ਹਾਂ ਨੂੰ ਨਸ਼ੇ ਦੀ ਭੈੜੀ ਲਤ ਲੱਗੀ ਹੋਈ ਐ ਉਨ੍ਹਾਂ ਸਾਰਿਆਂ ਦਾ ਇਲਾਜ ਕਰਵਾਉਣਗੇ ।” ਚਰਨੋ ਨੇ ਮਿੰਦ੍ਹੋ ਦਾ ਹੌਸਲਾ ਧਰਾਉਂਦੇ ਹੋਏ ਕਿਹਾ।

ਮੰਜੇ ‘ਤੇ ਬੈਠੀ ਗੁੰਮਸੁੰਮ ਮਿੰਦ੍ਹੋ ਦੇ ਮੂੰਹੋਂ ਨਿਕਲਿਆ, "ਫੇਰ ਤਾਂ, ਬਚਜੂ ਮੇਰਾ ਪੁੱਤ ।"

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •