Phir Panj Minute 'Ch Hi Ban Gai Pass Book (Punjabi Article): Labh Singh Shergill

ਫਿਰ ਪੰਜ ਮਿੰਟ ‘ਚ ਹੀ ਬਣ ਗਈ ਪਾਸ ਬੁੱਕ (ਲੇਖ) : ਲਾਭ ਸਿੰਘ ਸ਼ੇਰਗਿੱਲ

ਇਹ ਕੋਈ ਡੇਢ ਦਹਾਕਾ ਪਹਿਲਾਂ ਦੀ ਗੱਲ ਹੋਵੇਗੀ। ਸਾਡੇ ਕੋਲ਼ ਟਿਊਬਵੈੱਲ ਦਾ ਇੱਕੋ ਕੁਨੈਕਸ਼ਨ ਸੀ ਪੂਰੇ ਖੇਤ ਨੂੰ ਪਾਣੀ ਦੇਣ ਵਿੱਚ ਦਿੱਕਤ ਪੇਸ਼ ਆਉਂਦੀ ਸੀ। ਫਸਲਾਂ ਦੀ ਸਿੰਚਾਈ ਹੋ ਤਾਂ ਰਹੀ ਸੀ ਪਰ ਸਾਉਣੀ ਦੀ ਫ਼ਸਲ ਸਮੇਂ ਪਾਣੀ ਬੜੀ ਮੁਸ਼ਕਲ ਨਾਲ਼ ਪੂਰਾ ਹੁੰਦਾ ਸੀ। ਉਸ ਸਮੇਂ ਦੌਰਾਨ ਓ ਵਾਈ ਟੀ (OYT) ਸਕੀਮ ਅਧੀਨ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਚੱਲੀ ਜਿਸ ਵਿੱਚ ਖ਼ਪਤਕਾਰ ਨੇ ਕੁਨੈਕਸ਼ਨ ਦਾ ਸਾਰਾ ਖ਼ਰਚਾ ਆਪ ਹੀ ਕਰਨਾ ਸੀ। ਮੈਨੂੰ ਹੁਣ ਐਨਾ ਯਾਦ ਨਹੀਂ ਸ਼ਾਇਦ ਇਹ ਸਕੀਮ ਬਠਿੰਡੇ ਦੀ ਕਿਸੇ ਫਰਮ ਕੋਲ਼ ਸੀ।ਸਾਡਾ ਪਿੰਡ ਲਾਗਲੇ ਸ਼ਹਿਰ ਪਾਤੜਾਂ ਦੇ ਬਿਜਲੀ ਬੋਰਡ ਨਾਲ਼ ਦੇ ਅਧੀਨ ਪੈਂਦਾ ਸੀ। ਇੱਥੇ ਦੇ ਹੀ ਇੱਕ ਇਲੈਕਟ੍ਰਿਕ ਸਟੋਰ ਜੋ ਇਸ ਸ਼ਹਿਰ ਦਾ ਨਾਮੀ ਸਟੋਰ ਸੀ ਉਸ ਨੇ ਇਹ ਕੁਨੈਕਸ਼ਨ ਦਿਵਾਉਣ ਦਾ ਠੇਕਾ ਲਿਆ ਹੋਇਆ ਸੀ,ਅਸੀਂ ਵੀ ਉਸ ਰਾਹੀਂ ਸਾਰੀ ਪ੍ਰਕਿਰਿਆ ਕਰਵਾ ਲਈ। ਫਿਰ ਅਸੀਂ ਸਾਡੇ ਟਿੱਬੀ ਵਾਲ਼ੇ ਕਿੱਲੇ 'ਚ ਇੱਕ ਹੋਰ ਬੋਰ ਕਰਵਾ ਲਿਆ ਤਾਂ ਕਿ ਸਿੰਚਾਈ ਲਈ ਪਾਣੀ ਦੀ ਆਉਂਦੀ ਕਿੱਲਤ ਨੂੰ ਦੂਰ ਕੀਤਾ ਜਾ ਸਕੇ। ਬੋਰ ਲੱਗ ਗਿਆ। ਕੰਪਨੀ ਦੇ ਠੇਕੇਦਾਰਾਂ ਨੇ ਸਾਡੇ ਜਿਸ ਕਿੱਲੇ ਵਿੱਚ ਬੋਰ ਲਗਵਾਇਆ ਸੀ ਉੱਥੇ ਤੱਕ ਕੁਨੈਕਸ਼ਨ ਲਾਇਨ ਪਹੁੰਚਾ ਦਿੱਤੀ। ਟ੍ਰਾਂਸਫਾਰਮਰ ਵੀ ਰੱਖ ਦਿੱਤਾ ਗਿਆ ਤੇ ਕੁਨੈਕਸ਼ਨ ਵੀ ਚਾਲੂ ਹੋ ਗਿਆ। ਹੁਣ ਮਸਲਾ ਸੀ ਮਿਲੇ ਕੁਨੈਕਸ਼ਨ ਦੀ ਪਾਸ ਬੁੱਕ ਬਣਵਾਉਣ ਦਾ। ਮੈਂ ਇਸ ਕੁਨੈਕਸ਼ਨ ਨਾਲ਼ ਸੰਬੰਧਤ ਸਾਰੇ ਕਾਗਜ਼ ਪੱਤਰ ਲੈ ਕੇ ਬਿਜਲੀ ਬੋਰਡ ਦੇ ਦਫ਼ਤਰ ਗਿਆ। ਉੱਥੇ ਦਫ਼ਤਰ ਵਿੱਚ ਪੁੱਛਗਿੱਛ ਕਰਕੇ ਇਸ ਕੰਮ ਨਾਲ਼ ਸੰਬੰਧਤ ਅਮਲੇ ਕੋਲ਼ ਗਿਆ। ਉੱਥੇ ਮੌਜੂਦ ਕਰਮਚਾਰੀਆਂ ਨਾਲ਼ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਫਲਾਣਾ ਕਲਰਕ/ਲੇਖਾਕਾਰ ਦੇਖਦਾ ਹੈ ਤੁਸੀਂ ਉਸ ਕੋਲ਼ ਜਾਉ। ਚਲੋ ਜੀ ਮੈਂ ਪਹੁੰਚ ਗਿਆ ਉਸ ਕੋਲ਼,ਜਾ ਕੇ ਬਾਬੂ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਸ ਕੁੱਝ ਅਣਦੇਖਿਆ ਜਿਹਾ ਕਰਕੇ ਸਿਰ ਹਿਲਾਇਆ। ਮੈਂ ਕਿਹਾ, ਬਾਬੂ ਜੀ ਕੁਨੈਕਸ਼ਨ ਦੀ ਪਾਸ ਬੁੱਕ ਬਣਵਾਉਣੀ ਹੈ। ਮੇਰੀ ਗੱਲ਼ ਨੂੰ ਅਣਸੁਣੀ ਕਰਦਿਆਂ ਕਿਹਾ, ਦੋ-ਤਿੰਨ ਦਿਨ ਬਾਅਦ ਆਇਉ। ਮੈਂ ਕਹੇ ਮੁਤਾਬਕ ਉਸ ਵਕਫ਼ੇ ਤੋਂ ਬਾਅਦ ਗਿਆ। ਉਸ ਨੇ ਕਾਗਜ਼ ਦੇਖ ਕੇ ਕਿਹਾ, ਇਸ ਦੀ ਟੈਸਟ ਰਿਪੋਰਟ ਲਗਵਾ ਕੇ ਲਿਆਉ। ਮੈਂ ਨਾਲ਼ ਵਾਲ਼ੀ ਬਿਲਡਿੰਗ ਵਿੱਚ ਜਾ ਟੈਸਟ ਰਿਪੋਰਟ ਬਾਰੇ ਪੁੱਛਿਆ ਉਨ੍ਹਾਂ ਕਿਹਾ ਉਹ ਹੀ ਬਣਾਉਣਗੇ। ਮੈਂ ਫਿਰ ਉਸ ਬਾਬੂ ਕੋਲ਼ ਜਾ ਕਿਹਾ ਕਿ ਉਹ ਤਾਂ ਕਹਿੰਦੇ ਤੁਸੀਂ ਹੀ ਬਣਾਉਂਗੇ। ਉਸ ਨੇ ਟਾਲ-ਮਟੋਲ ਕਰਦਿਆਂ ਕਿਹਾ ਅਗਲੇ ਸੋਮਵਾਰ ਆਇਉ। ਮੈਨੂੰ ਬਿਜਲੀ ਬੋਰਡ ਵਿੱਚ ਕੰਮ ਕਰਵਾਉਣ ਵਾਲਿਆਂ ਨੇ ਦੱਸਿਆ ਕਿ ਉਸ ਨੂੰ ਖ਼ਰਚਾ ਪਾਣੀ ਦੇਣਾ ਪਊ ਫਿਰ ਕਾਪੀ ਬਣੂ। ਮੈਂ ਫਿਰ ਉਸ ਕੋਲ਼ ਗਿਆ, ਉਹ ਅੱਜ ਵੀ ਟਾਲ ਮਟੋਲ ਕਰਨ ਲੱਗਾ ਮੈਂ ਦੱਸੇ ਮੁਤਾਬਕ ਉਸ ਨੂੰ ਕਿਹਾ ਕਿ ਬਾਬੂ ਜੀ ਖ਼ਰਚਾ ਪਾਣੀ ਲੈ ਲਿਓ ,ਕਾਪੀ ਬਣਾ ਦਿਉ। ਇਹ ਕਹਿਣ 'ਤੇ ਵੀ ਉਹ ਪਾਸ ਬੁੱਕ ਨਹੀਂ ਬਣਾ ਰਿਹਾ ਸੀ ਸ਼ਾਇਦ ਮੇਰੇ ਮੂੰਹੋਂ ਹੀ ਕਿ ਇੰਨੇ ਰੁਪਏ ਲੈ ਲਿਓ ਕਹਾਉਣਾ ਚਾਹੁੰਦਾ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਝੱਕ ਪੈ ਗਈ ਮੈਂ ਰੁਪਇਆਂ ਦੀ ਗੱਲ ਨਹੀਂ ਕਰ ਸਕਿਆ। ਜਦੋਂ ਮੈਂ ਘਰ ਆਇਆ ਤਾਂ ਮੇਰੀ ਪਤਨੀ ਨੇ ਕੰਮ ਹੋਣ ਬਾਰੇ ਪੁੱਛਿਆ। ਮੈਂ ਕਿਹਾ ਬਣਿਆ ਨਹੀਂ ਉਹ ਪੈਸਿਆਂ ਦਾ ਲਾਲਚੀ ਹੈ ਸ਼ਾਇਦ ਆਪਣਾ ਭਾਅ ਵਧਾ ਰਿਹਾ ਹੈ। ਉਸ ਕਿਹਾ ਤੁਸੀਂ ਐਂ ਕਰੋ ਉੱਥੇ ਉਨ੍ਹਾਂ ਦੇ ਵੱਡੇ ਅਫ਼ਸਰ ਨੂੰ ਲਿਖਤੀ ਰੂਪ ਵਿੱਚ ਅਰਜ਼ੀ ਦਿਉ ਫਿਰ ਦੇਖਦਿਆਂ ਅੱਗੇ ਕੀ ਕਰਨਾ ਹੈ। ਮੈਂ ਠੰਢੇ ਮਤੇ ਨਾਲ਼ ਸੋਚਿਆ ਕਿ ਆਪਣਾ ਕੰਮ ਉਹ ਵੀ ਜਾਇਜ਼ ਤੇ ਆਪਣੇ ਕੰਮ ਲਈ ਰਿਸ਼ਵਤ ਕਾਹਦੀ। ਮੈਂ ਇੱਕ ਸਾਫ਼ ਕਾਗਜ਼ ਲਿਆ ਉਸ 'ਤੇ ਆਪਣੇ ਕੁਨੈਕਸ਼ਨ ਬਾਬਤ ਲਿਖ ਕੇ, ਨਾਲ਼ ਹੁਣ ਤੱਕ ਹੋਈ ਖੱਜਲਖੁਆਰੀ ਬਾਰੇ ਤੇ ਨਾਲ਼ ਇਹ ਲਿਖਿਆ ਕਿ ਤੁਹਾਡੇ ਦਫ਼ਤਰ ਦੇ ਫਲਾਂ ਕਰਮਚਾਰੀ ਦਾ ਕੰਮ ਲਈ ਟਾਲ-ਮਟੋਲ ਕਰਨ ਦਾ‌ ਅਸਲ ਮਕਸਦ ਕੀ ਹੈ ? ਸ਼ਾਇਦ ਤੁਸੀਂ ਜਾਣ ਗਏ ਹੋਵੋਗੇ। ਅਗਲੇ ਦਿਨ ਮੈਂ ਆਪਣੀ ਲਿਖੀ ਦਰਖ਼ਾਸਤ ਲੈ ਕੇ ਉਸ ਦਫ਼ਤਰ ਦੇ ਐੱਸ ਡੀ ਓ (SDO) ਦੇ ਕਮਰੇ ਕੋਲ਼ ਪਹੁੰਚਿਆ। ਅਧਿਕਾਰੀ ਦੇ ਕਮਰੇ ਦੇ ਬਾਹਰ ਸਟੂਲ 'ਤੇ ਬੈਠੀ ਮੁਲਾਜ਼ਮ ਨੂੰ ਕਿਹਾ ਕਿ ਮੈਂ ਸਾਬ੍ਹ ਨੂੰ ਮਿਲਣਾ ਹੈ। ਉਸ ਨੇ ਅੰਦਰ ਦੇਖਿਆ ਹੋਰ ਕੋਈ ਨਾ ਹੋਣ 'ਤੇ ਕਿਹਾ," ਤੁਸੀਂ ਜਾਓ ਮਿਲ ਲਓ।" ਮੈਂ ਅੰਦਰ ਜਾ ਕੇ ਸਾਬ੍ਹ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਆਪਣੀ ਲਿਖੀ ਦਰਖ਼ਾਸਤ ਉਸ ਦੇ ਮੂਹਰੇ ਰੱਖ ਦਿੱਤੀ। ਉਸ ਨੇ ਪੜ੍ਹੀ ਤੇ ਫਿਰ ਮੇਰੇ ਵੱਲ ਦੇਖ ਕੇ ਥੋੜ੍ਹਾ ਮੁਸਕਰਾਏ ਅਤੇ ਸਾਹਮਣੇ ਪਈ ਕੁਰਸੀ 'ਤੇ ਬੈਠਣ ਲਈ ਕਿਹਾ। ਉਸ ਨੇ ਪੁੱਛਿਆ ਕੀ ਕੰਮ ਕਰਦੇ ਓ ? ਮੈਂ ਕਿਹਾ ਮੈਂ ਅਧਿਆਪਕ ਹਾਂ। ਗੱਲਬਾਤ ਦੌਰਾਨ ਜਿੱਥੇ ਮੈਂ ਬਾਰ੍ਹਵੀਂ ਜਮਾਤ ਕੀਤੀ ਸੀ ਉਸ ਸਕੂਲ ਵਿੱਚ ਉਨ੍ਹਾਂ ਦੇ ਪਿਤਾ ਜੀ ਸਰੀਰਕ ਸਿੱਖਿਆ ਦੇ ਅਧਿਆਪਕ ਹੁੰਦੇ ਸਨ। ਉਨ੍ਹਾਂ ਨੇ ਮੇਰੇ ਬੈਠਿਆਂ ਹੀ ਮੇਜ਼ ਦੇ ਇੱਕ ਪਾਸੇ ਲੱਗੀ ਇਲੈਕਟ੍ਰਿਕ ਘੰਟੀ ਵਜਾਈ। ਬਾਹਰ ਬੈਠੀ ਮੁਲਾਜ਼ਮ ਅੰਦਰ ਆਈ, ਉਸ ਨੂੰ ਮੇਰੇ ਕੰਮ ਨਾਲ਼ ਸੰਬੰਧਤ ਲੇਖਾਕਾਰ ਨੂੰ ਬੁਲਾਉਣ ਲਈ ਕਿਹਾ। ਉਹ ਕਰਮਚਾਰੀ ਅੰਦਰ ਆਇਆ ਅਤੇ ਉਸ ਨੂੰ ਮੇਰੇ ਕੁਨੈਕਸ਼ਨ ਤੇ ਪਾਸ ਬੁੱਕ ਬਾਰੇ ਪੁੱਛਿਆ। ਉਸ ਨੇ ਕਿਹਾ ਟੈਸਟ ਰਿਪੋਰਟ ਨਹੀਂ ਹੈ ਕਾਗਜ਼ਾਂ ਨਾਲ਼। ਸਾਬ੍ਹ ਨੇ ਕਿਹਾ ਇਹ ਰਿਪੋਰਟ ਬਣਾਉਣ ਦਾ ਕੰਮ ਕਿਸ ਦਾ ਹੈ, ਤੁਹਾਡਾ ਹੀ ਹੈ, ਤੁਸੀਂ ਬਣਾ ਕੇ ਨਾਲ਼ ਲਗਾਉ ਤੇ ਇਨ੍ਹਾਂ ਨੂੰ ਪਾਸ ਬੁੱਕ ਬਣਾ ਕੇ ਦਿਉ। ਫਿਰ ਕੀ ਸੀ ਪੰਜ-ਸੱਤ ਮਿੰਟ 'ਚ ਹੀ ਕਾਪੀ ਬਣ ਕੇ ਸਾਬ੍ਹ ਦੇ ਮੇਜ਼ 'ਤੇ ਪਹੁੰਚ ਗਈ। ਸਾਬ੍ਹ ਨੇ ਆਪਣੇ ਦਸਤਖ਼ਤ ਕੀਤੇ ਤੇ ਕਾਪੀ ਮੈਨੂੰ ਫੜਾ ਦਿੱਤੀ ਤੇ ਕਿਹਾ ਹੋਰ ਦੱਸੋ ਕੋਈ ਕੰਮ ਹੈ, ਮੈਂ ਕਿਹਾ," ਜੀ ਨਹੀਂ ਬਸ ਇਹੀ ਕੰਮ ਸੀ। ਤੁਹਾਡਾ ਇਸ ਕੰਮ ਲਈ ਬਹੁਤ ਬਹੁਤ ਸ਼ੁਕਰੀਆ।"

ਮੈਂ ਬਾਹਰ ਆਇਆ ਤੇ ਮੇਰੇ ਅੰਦਰ ਜਿੱਥੇ ਪਾਸ ਬੁੱਕ ਬਣਨ ਲਈ ਇੱਕ ਅਦਭੁੱਤ ਖੁਸ਼ੀ ਦਾ ਅਹਿਸਾਸ ਸੀ ਉੱਥੇ ਇਸ ਤੋਂ ਵੀ ਵੱਧ ਇਸ ਗੱਲ ਦਾ ਇੱਕ ਵੱਖਰਾ ਤਜਰਬਾ ਸੀ ਕਿ ਸ੍ਰ. ਸੁੱਖਵੰਤ ਸਿੰਘ (SDO) ਜਿਸ ਈਮਾਨਦਾਰ ਅਫ਼ਸਰ ਨੇ ਮੇਰੀ ਇਹ ਸਮੱਸਿਆ ਦਾ ਹੱਲ ਕੁੱਝ ਮਿੰਟਾਂ ਵਿੱਚ ਕਰ ਦਿੱਤਾ ਸੀ।ਇਹੋ ਜਿਹੇ ਅਫ਼ਸਰ ਜੋ ਆਪਣੇ ਫ਼ਰਜ਼ਾਂ ਨੂੰ ਆਪਣੇ ਭਗਵਾਨ ਦੀ ਅਰਾਧਨਾ ਦੇ ਤੁੱਲ ਸਮਝਦੇ ਹਨ, ਕਦੇ ਵੀ ਇਨਸਾਨੀਅਤ ਨੂੰ ਮਰਨ ਨਹੀਂ ਦਿੰਦੇ। ਕਾਸ਼ ! ਹਰੇਕ ਮਹਿਕਮੇ ਵਿੱਚ ਇਸ ਤਰ੍ਹਾਂ ਦੇ ਈਮਾਨਦਾਰ ਇਨਸਾਨ, ਅਫ਼ਸਰ ਹੋਣ ਅਤੇ ਲੋਕਾਂ ਦੇ ਲਟਕਦੇ ਕੰਮਾਂ ਦਾ ਨਿਪਟਾਰਾ ਹੋ ਸਕੇ ।ਅਸਲ ਵਿੱਚ ਸਾਨੂੰ ਥੋੜ੍ਹੀ ਜਿਹੀ ਹਿੰਮਤ ਦੀ ਲੋੜ ਹੁੰਦੀ ਹੈ।ਇਹ ਹਿੰਮਤ ਮਿਲਣੀ ਕਿੱਥੋਂ ਹੈ ? ਇਹ ਕਿਤੋਂ ਬਾਹਰੋਂ ਨਹੀਂ, ਇਹ ਸਾਨੂੰ ਆਪਣੇ ਅੰਦਰੋਂ ਹੀ ਮਿਲਣੀ ਹੈ ਬਸ ਜੇ ਕਦੇ ਕੋਈ ਇਹੋ ਜਿਹੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਸਾਂਤ ਮਨ ਨਾਲ਼ ਸੋਚ ਵਿਚਾਰ ਕਰਕੇ, ਆਪਣੇ ਵਿਵੇਕ ਨੂੰ ਟਿਕਾਣੇ ਰੱਖ ਕੇ ਉਸਨੂੰ ਕਿਵੇਂ ਹੱਲ ਕਰਨਾ ਹੈ ਇਸ 'ਤੇ ਧਿਆਨ ਕੇਂਦਰਿਤ ਕਰੋ। ਫ਼ਿਰ ਦੇਖਿਉ ਰਾਹ ਜ਼ਰੂਰ ਮਿਲੇਗਾ। ਜੇ ਅਸੀਂ ਹਿੰਮਤ, ਹੌਸਲਾ ਕਰਾਂਗੇ ਤਾਂ ਹੀ ਭ੍ਰਿਸ਼ਟਾਚਾਰੀ ਨੂੰ ਠੱਲ੍ਹ ਪੈ ਸਕੇਗੀ । ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਦਫ਼ਤਰਾਂ,ਅਦਾਰਿਆਂ ਤੇ ਮਹਿਕਮਿਆਂ ਵਿੱਚ ਭ੍ਰਿਸ਼ਟ, ਬੇਈਮਾਨ, ਲੁੱਟ-ਖਸੁੱਟ ਕਰਨ ਵਾਲ਼ੇ ਲੋਕ ਬੈਠੇ ਹਨ। ਬਹੁਤ ਸਾਰੇ ਜਾਗਦੀ ਜ਼ਮੀਰ ਵਾਲ਼ੇ, ਦੂਜੇ ਦਾ ਦਰਦ, ਮੁਸ਼ਕਲ ਸਮਝਣ ਵਾਲ਼ੇ ਇਨਸਾਨਾਂ ਦੀ ਹੋਂਦ ਹੈ। ਜਿਨ੍ਹਾਂ ਕਰਕੇ ਅਜੇ ਤੱਕ ਸਾਡੇ ਵਰਗਿਆਂ ਦਾ ਇਨਸਾਨੀਅਤ ਵਿੱਚ ਵਿਸ਼ਵਾਸ ਕਾਇਮ ਹੈ। ਨਹੀਂ ਤਾਂ ਇਸ ਵਗ ਰਹੀ ਭ੍ਰਿਸ਼ਟਾਚਾਰੀ, ਬੇਈਮਾਨੀ ਦੀ ਹਵਾ ਹੁਣ ਤੱਕ ਸਭ ਕੁੱਝ ਉਡਾ ਕੇ ਲੈ ਜਾਂਦੀ। ਇਹ ਜੋ ਉਮੀਦ ਹੈ ਇਹ ਇਸ ਤਰ੍ਹਾਂ ਦੇ ਅਫ਼ਸਰਾਂ ਕਰਕੇ ਹੀ ਹੈ ਜੋ ਬਿਨਾਂ ਕਿਸੇ ਲੋਭ ਲਾਲਚ ਦੇ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ਼ ਨਿਭਾ ਰਹੇ ਹਨ। ਨਿੱਜੀਕਰਨ ਵੱਲ ਵਧ ਰਹੇ ਕੰਮਕਾਜੀ ਅਦਾਰਿਆਂ ਦੀ ਇੱਜ਼ਤ ਇਹੋ ਜਿਹੇ ਇਨਸਾਨਾਂ ਕਰਕੇ ਥੋੜ੍ਹੀ ਮੋਟੀ ਬਚੀ ਹੋਈ ਹੈ, ਨਹੀਂ ਤਾਂ ਸਭ ਪਾਸੇ ਇੱਕ ਤਰ੍ਹਾਂ ਦਾ ਦਿਵਾਲਾ ਨਿਕਲ ਹੀ ਚੁੱਕਾ ਹੈ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •