Prashan Chinh (Minni Story) : Rewail Singh Italy
ਪ੍ਰਸ਼ਨ ਚਿੰਨ੍ਹ (ਮਿੰਨ੍ਹੀ ਕਹਾਣੀ) : ਰਵੇਲ ਸਿੰਘ ਇਟਲੀ
ਕੁਝ ਫੁੱਲ ਬੂਟੇ ਲਾਉਣ ਲਈ ਨਾਲ ਦੇ ਘਰ ਦੀ ਗਲੀ ਦੀ ਨੁੱਕਰ ਵਿੱਚ ਪਈ ਖਾਦ ਰਲੀ ਮਿੱਟੀ ਲੈਣ ਲਈ ਗਿਆ ਤਾਂ ਇਸ ਘਰ ਦੇ ਫੁੱਲਾਂ ਵਾਂਗ ਟਹਿਕਦੇ ਹੇਮਾਂਸ਼ੀ ਤੇ ਅਮਿੱਤ ਨਾਂ ਦੇ ਦੋ ਨਿੱਕੇ ਨਿੱਕੇ ਪਿਆਰੇ ਬੱਚੇ ਮੈਨੂੰ ਬਾਲਟੀ ਵਿੱਚ ਮਿੱਟੀ ਭਰਦੇ ਨੂੰ ਕੋਲ ਆ ਕੇ ਵੇਖ ਰਹੇ ਸਨ ਜੋ ਦੋਵੇਂ ਭੈਣ ਭਰਾ ਹਨ,ਹੇਮਾਂਸ਼ੀ ਵੱਡੀ ਭਰਾ ਅਮਿੱਤ ਛੋਟਾ, ਹੇਮਾਂਸ਼ੀ ਕਿਸੇ ਨੇੜਲੇ ਸਕੂਲ ਵਿੱਚ ਪੜ੍ਹਦੀ ਹੈ, ਐਤਵਾਰ ਹੋਣ ਕਰਕੇ ਉਹ ਆਪਣੇ ਛੋਟੇ ਭਰਾ ਨਾਲ ਛੁੱਟੀ ਦਾ ਅਨੰਦ ਮਾਣ ਰਹੇ ਸਨ ।
ਬਾਲਟੀ ਦੀ ਖਾਦ ਵਾਲੀ ਮਿੱਟੀ ਕੁਝ ਭਾਰੀ ਹੋਣ ਕਰਕੇ ਮੈਨੂੰ ਘਰ ਤੀਕ ਪੁਚਾਉਣ ਲਈ ਕਿਸੇ ਹੋਰ ਦੀ ਸਹਾਇਤਾ ਦੀ ਲੋੜ ਜਾਪ ਰਹੀ ਸੀ । ਮੇਰੇ ਉਨ੍ਹਾਂ ਨੂੰ ਇਸ ਕੰਮ ਲਈ ਸਹਾਇਤਾ ਕਰਨ ਲਈ ਕਹਿਣ ਤੇ ਉਹ ਝੱਟ ਤਿਆਰ ਹੋ ਗਏ ਤੇ ਮੇਰੇ ਨਾਲ ਬਾਲਟੀ ਦੇ ਕੁੰਡੇ ਨੂੰ ਹੱਥ ਪਾਈ ਨਿੱਕੇ ਨਿੱਕੇ ਕੋਮਲ ਪੈਰਾਂ ਦੇ ਕਦਮ ਪੁੱਟਦੇ ਮੇਰੇ ਘਰ ਦੇ ਸਾਮ੍ਹਣੇ ਲਿਆ ਕੇ ਆਣ ਖੜੇ ਹੋਏ,ਤੇ ਹੇਮਾਂਸ਼ੀ ਮੇਰੇ ਘਰ ਦੇ ਗੇਟ ਉੱਤੇ ਲੱਗੇ ਮੇਰੇ ਨਾਂ ਵਾਲੀ ਪਲੇਟ ਪੜ੍ਹ ਕੇ ਤੋਤਲੀ ਜੇਹੀ ਜੁਬਾਨ ਵਿੱਚ ਬੋਲੀ ਅੰਕਲ ਤੁਸੀਂ ਅੰਤਰਰਾਸ਼ਟ੍ਰੀ ਲੇਖਕ ਹੋ , ਮੇਰੇ ਹਾਂ ਕਹਿਣ ਤੇ ਉਹ ਕਹਿਣ ਲੱਗੀ , ਕੁਝ ਸਾਡੇ ਬਾਰੇ ਵੀ ਲਿਖੋ ਖਾਂ ਅੰਕਲ, ਇਹ ਕਹਿਕੇ ਉਹ ਦੋਵੇਂ ਭੈਣ ਭਰਾ ਆਪਣੇ ਘਰ ਚਲੇ ਤਾਂ ਗਏ ਪਰ ਇਵੇਂ ਜਾਪਿਆ ਜਿਵੇਂ ਉਹ ਆਪਣੇ ਬਾਰੇ ਕੁਝ ਲਿਖਣ ਲਈ ਮੈਨੂੰ ਵੰਗਾਰ ਗਏ ਹੋਣ ।
ਅਗਲੇ ਦਿਨ ਜਦੋਂ ਮੈਂ ਕਿਸੇ ਜਰੂਰੀ ਕੰਮ ਲਈ ਇਸ ਘਰ ਦੇ ਸਾਮ੍ਹਣੇਉਂ ਲੰਘ ਰਿਹਾ ਸਾਂ, ਤਾਂ ਘਰ ਵਿੱਚ ਪਿਆ ਚੀਕ ਚਿਹਾੜਾ ਵੇਖ ਕੇ ਅੰਦਰ ਜਾਣ ਤੇ ਪਤਾ ਲੱਗਾ ਕਿ ਘਰ ਉਨ੍ਹਾਂ ਬਾਲਾਂ ਦੀ ਦਾਦੀ ਜੋ ਕਾਫੀ ਸਮੇਂ ਤੋਂ ਬੀਮਾਰ ਹੋਂਣ ਕਰਕੇ ਮੰਜੇ ਤੋਂ ਪਈ ਹੋਈ ਸੀ, ਉਹ ਅੱਜ ਸਦਾ ਦੀ ਨੀਂਦੇ ਸੌਂ ਗਈ ਹੈ ।
ਮੈਨੂੰ ਵੇਖ ਕੇ ਉਹ ਦੋਵੇਂ ਨਿੱਕੇ ਨਿੱਕੇ ਭੈਣ ਭਰਾ ਜਦੋਂ ਮੰਜੇ ਤੇ ਪਈ ਲਾਸ਼ ਵੱਲ ਅੱਖਾਂ ਵਿੱਚ ਹੰਜੂ ਭਰੀ ਵੇਖਦੇ ਮੇਰੇ ਨਾਲ ਚੰਬੜ ਗਏ ,ਤੇ ਕਹਿ ਰਹੇ ਸਨ ਅੰਕਲ , ਦਾਦੀ ਪਤਾ ਨਹੀਂ ਹੁਣ ਕਿਉਂ ਅੱਖਾਂ ਬੰਦ ਕਰਕੇ ਪਈ ਹੋਈ ਹੈ , ਪਤਾ ਨਹੀਂ ਸਾਡੇ ਨਾਲ ਕਿਉਂ ਗੁੱਸੇ ਹੈ ਜੋ ਸਾਡੇ ਨਾਲ ਗੱਲਾਂ ਨਹੀਂ ਕਰਦੀ,ਖੌਰੇ ਤੁਹਾਡੇ ਕਹੇ ਲੱਗ ਜਾਏ ਤੁਸੀਂ ਕਹੋ ਨਾ ਸਾਡੇ ਨਾਲ ਗੱਲਾਂ ਕਰੇ ।
ਮੈਂ ਨਿਰਉੱਤਰ ਹੋਇਆ ਘਰ ਦੇ ਉਦਾਸ ਮਾਹੌਲ ਵਿੱਚ ਕੁਝ ਪਲ ਬਿਤਾ ਕੇ ਜਦੋਂ ਘਰ ਪਰਤਿਆ ਤਾਂ ਉਨ੍ਹਾਂ ਮਾਸੂਮਾਂ ਦੇ ਬੋਲ ਮੇਰੇ ਅੰਦਰ ਪ੍ਰਸ਼ਨ ਚਿੰਨ੍ਹ ਬਣ ਕੇ ਵਾਰ ਵਾਰ ਉਭਰ ਰਹੇ ਸਨ ।