Pujje Ate Usda School (Adivasi Story in Punjabi) : Jacinta Kerketta

ਪੁੱਜੇ ਅਤੇ ਉਸ ਦਾ ਸਕੂਲ (ਆਦੀਵਾਸੀ ਕਹਾਣੀ) : ਜਸਿੰਤਾ ਕੇਰਕੱਟਾ

(ਜਸਿੰਤਾ ਦੀ ਡਾਇਰੀ)

ਇੱਕ ਪਿੰਡ ਵਿੱਚ ਇੱਕ ਬਾਰਾਂ ਸਾਲ ਦਾ ਮੁੰਡਾ ਰਹਿੰਦਾ ਸੀ। ਉਸ ਦਾ ਨਾਂ ਪੁੱਜੇ ਸੀ। ਉਸ ਦਾ ਪਿੰਡ ਛੱਤੀਸਗੜ੍ਹ ਦੇ ਸੁਕਮਾ ਜਿਲ੍ਹੇ ਵਿੱਚ ਹੈ। ਉਹ ਆਪਣੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਜਾਂਦਾ ਸੀ। ਜਿੱਥੇ ਰੋਜ਼ ਉਸ ਦੀ ਹਾਜ਼ਿਰੀ ਲਗਦੀ । ਸਕੂਲੋਂ ਛੁੱਟੀ ਹੋਣ ਬਾਅਦ ਉਹ ਬੱਕਰੀ ਚਾਰਨ ਜਾਂਦਾ।

ਇੱਕ ਦਿਨ ਉਹ ਬੱਕਰੀ ਚਾਰਨ ਜੰਗਲ ਗਿਆ। ਤਦੇ ਉਸ ਨੇ ਪੁਲਿਸ ਦੇ ਜਵਾਨਾਂ ਨੂੰ ਗਸ਼ਤ ਕਰਦਿਆਂ ਦੇਖਿਆ। ਪਿੰਡ ਦੇ ਬੱਚੇ ਪੁਲਿਸ ਤੋਂ ਡਰਦੇ ਹਨ। ਉਹ ਉਸ ਨੂੰ ਦੇਖ ਕੇ ਅਕਸਰ ਭੱਜ ਜਾਂਦੇ ਹਨ ਜਾਂ ਕਿਸੇ ਦਰਖ਼ਤ ਤੇ ਚੜ੍ਹ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਲਗਦਾ ਹੈ ਕਿ ਪੁਲਿਸ ਉਹਨਾਂ ਨੂੰ ਫੜ੍ਹ ਕੇ ਲੈ ਜਾਏਗੀ ਜਿਵੇਂ ਕਦੇ ਉਹਨਾਂ ਦੇ ਚਾਚੇ, ਮਾਮੇ ਜਾਂ ਵੱਡੇ ਭਰਾ ਨੂੰ ਫੜ੍ਹ ਕੇ ਲੈ ਗਈ ਸੀ ਜੋ ਕਦੇ ਵਾਪਸ ਘਰ ਨਹੀਂ ਪਰਤੇ।

ਪੁੱਜੇ ਵੀ ਉਹਨਾਂ ਨੂੰ ਦੇਖਦੇ ਹੀ ਦਰਖ਼ਤ ਤੇ ਚੜ੍ਹ ਗਿਆ। ਪਰ ਉਸ ਨੂੰ ਭੱਜਦਾ ਹੋਇਆ ਦੇਖ ਕੇ ਪੁਲਿਸ ਨੇ ਗੋਲ਼ੀ ਚਲਾ ਦਿੱਤੀ ਜੋ ਉਸ ਦੇ ਸੱਜੇ ਪੈਰ ਤੇ ਲੱਗੀ। ਪੁੱਜੇ ਦਰਖ਼ਤ ਤੋਂ ਡਿੱਗ ਪਿਆ।

ਫਿਰ ਉਸ ਦਾ ਕੁਝ ਅਤਾ-ਪਤਾ ਨਹੀਂ ਲੱਗਿਆ।

ਸ਼ਾਮ ਨੂੰ ਪੁੱਜੇ ਘਰੇ ਨਹੀਂ ਮੁੜਿਆ ਤਾਂ ਉਸ ਦੀ ਮਾਂ ਨੂੰ ਚਿੰਤਾ ਹੋਈ। ਉਸ ਨੇ ਪਿੰਡ ਦੇ ਲੋਕਾਂ ਨੂੰ ਖ਼ਬਰ ਕੀਤੀ। ਕੁਝ ਲੋਕ ਮਿਲ ਕੇ ਪੁੱਜੇ ਨੂੰ ਲੱਭਣ ਜੰਗਲ ਵਿੱਚ ਗਏ। ਪਰ ਜੰਗਲ ਵਿੱਚ ਉਸ ਦਾ ਕੁਝ ਪਤਾ ਨਾ ਲੱਗਾ। ਫਿਰ ਪਿੰਡ ਦੇ ਕੁਝ ਲੋਕ ਇਕੱਠੇ ਹੋ ਕੇ ਨੇੜਲੇ ਥਾਣੇ ਵਿੱਚ ਇਸ ਦੀ ਖ਼ਬਰ ਦੇਣ ਗਏ।

ਕੁਝ ਹਫ਼ਤੇ ਬੀਤਣ ਬਾਅਦ ਪਤਾ ਲੱਗਿਆ ਕਿ ਪੁੱਜੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਹੈ ਅਤੇ ਇਹ ਵੀ ਪਤਾ ਲੱਗਿਆ ਕਿ ਉਸ ਦਿਨ ਪੁਲਿਸ ਉਸ ਨੂੰ ਫੜ ਕੇ ਲੈ ਗਈ ਸੀ। ਉਹਨਾਂ ਨੇ ਉਸ ਦੀ ਉਮਰ ਇੱਕੀ ਸਾਲ ਦੱਸ ਕੇ ਉਸ ਨੂੰ ਨਕਸਲੀ ਹੋਣ ਦੇ ਦੋਸ਼ ਵਿੱਚ ਜੇਲ੍ਹ ਭੇਜਣ ਦੀ ਤਿਆਰੀ ਵੀ ਕਰ ਰੱਖੀ ਸੀ। ਪਰ ਪੁੱਜੇ ਤਾਂ ਬਾਰਾਂ ਸਾਲਾਂ ਦੀ ਸੀ ਅਤੇ ਰੋਜ਼ ਸਕੂਲ ਵੀ ਜਾਂਦਾ ਸੀ।

ਪੁੱਜੇ ਦੀ ਮਾਂ ਨੇ ਪਿੰਡ ਦੇ ਸਰਕਾਰੀ ਸਕੂਲ ਦੇ ਸਰਟੀਫਿਕੇਟ ਦਿਖਾਏ। ਕਿਹਾ, “ਇਹ ਤਾਂ ਰੋਜ਼ ਸਕੂਲ ਜਾਂਦਾ ਹੈ। ਸਕੂਲ ਦੇ ਰਜਿਸਟਰ ਵਿੱਚ ਉਸ ਦੀ ਉਮਰ ਬਾਰਾਂ ਸਾਲ ਹੈ। ਅਤੇ ਉਹ ਨਕਸਲੀ ਨਹੀਂ ਹੈ। ਸਕੂਲ ਵਿੱਚ ਪੜ੍ਹਨ ਵਾਲ਼ਾ ਇੱਕ ਆਦਿਵਾਸੀ ਬੱਚਾ ਹੈ।” ਪੁੱਜੇ ਦੇ ਨਕਸਲੀ ਹੋਣ ਦਾ ਮਾਮਲਾ ਅਦਾਲਤ ਵਿੱਚ ਚਲਾ ਗਿਆ ਸੀ। ਪਰ ਸਰਟੀਫਿਕੇਟ ਦੇ ਅਧਾਰ ਤੇ ਅਦਾਲਤ ਨੇ ਪੁੱਜੇ ਨੂੰ ਛੱਡਣ ਲਈ ਕਿਹਾ ਅਤੇ ਉਹ ਘਰ ਮੁੜ ਆਇਆ।

ਮੁੜਨ ਵੇਲ਼ੇ, ਤੁਰਦਿਆਂ-ਤੁਰਦਿਆਂ ਸਾਰੇ ਰਾਹ ਪੁੱਜੇ ਮਾਂ ਤੋਂ ਇਹ ਸਵਾਲ ਪੁੱਛਦਾ ਰਿਹਾ, “ਮਾਂ ਮੈਂ ਤਾਂ ਰੋਜ਼ ਸਕੂਲ ਜਾਂਦਾ ਹਾਂ। ਪੁਲਿਸ ਨੇ ਮੈਨੂੰ ਨਕਸਲੀ ਕਿਉਂ ਕਿਹਾ? ਕੀ ਸ਼ਹਿਰ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਪੁਲਿਸ ਨਕਸਲੀ ਕਹਿੰਦੀ ਹੈ?”

ਪਰ ਮਾਂ ਛੇਤੀ-ਛੇਤੀ ਪਿੰਡ ਵੱਲ ਵਧ ਰਹੀ ਸੀ। ਹਨੇਰਾ ਹੋਣ ਤੋਂ ਪਹਿਲਾਂ ਘਰ ਪਹੁੰਚਣਾ ਸੀ।

(ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਭਾਰਤੀ ਭਾਸ਼ਾਵਾਂ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •