Purani Vahi (Punjabi Story) : Rewail Singh Italy
ਪਰਾਣੀ ਵਹੀ (ਕਹਾਣੀ) : ਰਵੇਲ ਸਿੰਘ ਇਟਲੀ
ਆਪਣੇ ਸਾਰੇ ਪਿੰਡ ਵਿੱਚ ਉਹ ਮੱਘਾ ਮਲ੍ਹੀ, ਮੱਘਾ ਮਸਾਫਿਰ, ਮੱਘਾ ਮਖੌਲੀ ਜਾਂ ਮੱਘਾ ਮੌਜੀ, ਦੇ ਨਾਲ ਤੇ ਹੋਰ ਵੀ ਕਈ ਨਾਂਵਾਂ ਕਰਕੇ ਜਾਣਿਆ ਜਾਂਦਾ ਹੈ ਉਸ ਵਿੱਚ ਇਹ ਖੂਬੀ ਹੈ ਕਿ ਉਹ ਜਿੱਥੇ ਜਾਂਦਾ ਓਥੇ ਵਰਗਾ ਹੀ ਹੋ ਜਾਂਦਾ ਹੈ ।
ਪਰ ਪਿੰਡ ਦੀ ਸੱਥ ਵਿੱਚ ਕੰਨ ਵਲ੍ਹੇਟ ਕੇ ਬੈਠਾ ਰਹਿਕੇ ਉਹ ਗੱਲਾਂ ਤਾਂ ਸਾਰਿਆਂ ਦੀਆਂ ਸੁਣਦਾ ਤਾਂ ਹੈ। ਪਰ ਘੋਗੜ ਕੰਨਾ ਵੀ ਉਹ ਸਿਰੇ ਦਾ ਹੈ। ਕਿਸੇ ਦੀ ਹਾਂ ਵਿੱਚ ਹਾਂ ਮਿਲਾਉਣਾ ਤਾਂ ਉਸ ਦੀ ਆਦਤ ਵਿੱਚ ਪੱਕਾ ਘਰ ਹੀ ਕਰ ਗਿਆ ਜਾਪਦਾ ਹੈ। ਜੇ ਕੋਈ ਕੁੱਝ ਪੁੱਛਣ ਲੱਗੇ ਤਾਂ ਉਹ ਇਹ ਕਹਿਕੇ ਆਪਣੇ ਆਪ ਨੂੰ ਸੁਰਖਰੂ ਕਰ ਲੈਂਦਾ ਕਿ ਭਰਾਵੋ ਤੁਹਾਡੀਆਂ ਤੁਸੀਂ ਜਾਣੋ, ਮੈਂ ਕੀ ਲੈਣਾ ਇਨ੍ਹਾਂ ਤੁਹਾਡੀਆਂ ਇਨ੍ਹਾਂ ਰੰਗ ਬਰੰਗੀਆਂ ਤੋਂ ਪਰ ਉਹ ਇਨ੍ਹਾਂ ਸੱਥ ਵਿਚਲੀਆਂ ਉਨ੍ਹਾਂ ਦੀਆਂ ਨਵੀਆਂ, ਵੰਨ ਸਵੰਨੀਆਂ ਤੇ ਬੇਥਵੀਆਂ, ਬੇਤੁਕੀਆਂ ਗੱਲਾਂ ਤੇਂ ਵੀ ਕੁੱਝ ਨਾ ਕੁੱਝ ਨਵਾਂ ਕੱਢ ਲਿਆਇਆ ਕਰਦਾ ਹੈ, ਤੇ ਘਰ ਆ ਕੇ ਆਪਣੇ ਮੋਟੇ ਸ਼ਾਹਾਂ ਦੀ ਉਧਾਰ ਵਾਲੀ ਵਹੀ ਵਰਗੇ ਰਜਿਸਟਰ ਤੇ ਕੁੱਝ ਨਾ ਕੁੱਝ ਜਰੂਰ ਲਿਖ ਛਡਦਾ ਜੋ, ਭੂਪੀ, ਦੇ ਸੋਧ ਸੁਧਾਈ ਕਰਨ ਉਪ੍ਰੰਤ ਉਸਦੇ ਉਘੜ ਦੁਘੜ ਸ਼ਬਦ ਕਿਸੇ ਨਾ ਕਿਸੇ ਕਹਾਣੀ ਦਾ ਰੂਪ ਧਾਰ ਲੈਂਦੇ।
ਸੱਥ ਵਿੱਚ ਬੈਠੇ ਲੋਕ ਇੱਕ ਦੂਜੇ ਨਾਲ ਮੂੰਹ ਜੋੜ ਕੇ ਕਹਿੰਦੇ ਕਿ ਇਹ ਮੰਗੂ ਮੁਸਾਫਰ ਰਿਹਾ ਨਾ ਮੁਸਾਫਿਰ ਦਾ ਮੁਸਾਫਿਰ ਹੀ, ਪਰ ਉਹ ਨਿਰਾ ਕੋਰੇ ਦਾ ਕੋਰਾ ਘਰ ਨਾ ਪਰਤਦਾ ਸਗੋਂ ਉਹ ਓਥੋਂ ਕੁੱਝ ਨਾ ਕੁੱਝ ਨਵਾਂ ਲਿਖਣ ਲਈ ਜਰੂਰ ਲੈ ਕੇ ਘਰ ਆਉਂਦਾ ਹੈ।
ਉੰਝ ਵੇਖਣ ਨੂੰ ਉਸ ਵਿੱਚ ਕੋਈ ਗੱਲ ਲੇਖਕਾਂ ਜਾਂ ਕਹਾਣੀ ਘੜਾਂ ਵਰਗੀ ਨਹੀਂ ਲਗਦੀ।ਪਰ ਉਸ ਦੀ ਇਸ ਕੰਮ ਵਿੱਚ ਲਗਨ ਤੇ ਮੁਹਾਰਤ ਵੇਖ ਕੇ ਇਵੇਂ ਲਗਦਾ ਹੈ ਜਿਵੇਂ ਉਹ ਵੀ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਹੈ ।
ਸ਼ਬਦਾਂ ਦੀ ਘਾੜਤ ਤਾਂ ਕੋਈ, ਮੌਜ ਤੋਂ ਸਿੱਖੇ, ਗਪੌੜ, ਘੜਘੈਂਚ, ਖੜਪੈਂਚ, ਛਿਤਰੌੜ, ਲਟਾ ਪਟਾ, ਭਾਂਡਾ ਟੀਂਡਾ ਨਿਕਾ ਸੁਕਾ ਵਰਗੇ ਸ਼ਬਦ ਕਿਵੇਂ ਆਪਣੀਆਂ ਲਿਖਤਾਂ ਵਿੱਚ ਜੜਨੇ ਹਨ ਇਹ ਹੁਨਰ ਤਾਂ ਕੋਈ ਇਸ ਮੌਜੀ ਪਤੰਦਰ ਤੋਂ ਸਿੱਖੇ।
ਹੁਣ ਲਗਦੇ ਹੱਥ ਉਸ ਦੀ ਲਿਖੇ ਮੂਸਾ ਤੇ ਪੜ੍ਹੇ ਖੁਦਾ ਨਹੀਂ ਉਸ ਦੇ ਇਹ ਵਲ਼ੇਵੇਂ ਖਾਂਦੇ ਜਾਂ ਜਲੇਬੀ ਵਰਗੇ ਮੋੜ ਘੋੜਾਂ ਵਰਗੇ ਲਿਖੇ ਅੱਖਰਾਂ ਨੂੰ ਸੋਧ ਕੇ ਲਿਖਣ ਵਾਲ਼ੀ ਦੀ ਗੱਲ ਵੀ ਲਗਦੇ ਹੱਥ ਕਰ ਹੀ ਲਈਏ ।
ਉਸ ਦੀ ਇੱਕ ਭਤੀਜੀ ਹੈ ਭੂਪਿੰਦਰ ਜਿਸ ਨੂੰ ਘਰ ਦੇ ਸਾਰੇ ਪਿਆਰ ਨਾਲ ਭੂਪੀ ਕਹਿਕੇ ਬੁਲਾਉਂਦੇ ਹਨ।
ਭੂਪੀ ਨੂੰ ਉਸ ਦੀ ਭਤੀਜੀ ਕਹਿਣ ਨਾਲੋਂ ਉਸ ਦੀ ਆਫਿਸ ਸੈਕ੍ਰੇਟਰੀ ਹੀ ਕਹਿਣਾ ਠੀਕ ਹੋਵੇਗਾ।
ਮੌਜੀ ਨੂੰ ਵੇਖਿਆਂ ਉਹ ਕੋਈ ਕਹਾਣੀ ਕਾਰ ਜਾਂ ਲੇਖਕ ਹੋਣ ਦੀ ਥਾਂ ਲੇਖਕ ਘੱਟ ਪਰ ਸਾਦ ਮੁਰਾਦਾ ਪੇਂਡੂ ਜੱਟਵੈੜ੍ਹ ਜਿਹਾ ਬੰਦਾ ਬਹੁਤਾ ਜਾਪਦਾ ਹੈ। ਪਰ ਯਾਦਾਸ਼ਤ ਪੱਖੋਂ ਉਸ ਦਾ ਕੋਈ ਸਾਨੀ ਨਹੀਂ।
ਕੀ ਮਜਾਲ ਹੈ ਕਿ ਉਸ ਦੀ ਕੰਨੀ ਸੁਣੀ ਗੱਲ ਨੂੰ ਦੁਬਾਰਾ ਦਰਸਾਉਣ ਵਿੱਚ ਕੋਈ ਊਣਤਾਈ ਕਰੇ, ਏਨਾ ਹੀ ਨਹੀਂ ਸਗੋਂ ਉਸ ਦੀ ਗੱਲ ਨੂੰ ਹੋਰ ਬਣਾ ਸੁਆਰਣ ਦਾ ਵੱਲ ਉਸ ਨੂੰ ਕਿੰਨਾ ਕੁ ਆਉਂਦਾ ਹੈ ਇਹ ਤਾਂ ਸਿਰਫ ਭੂਪੀ ਹੀ ਜਾਣਦੀ ਹੈ।
ਭੂਪੀ ਚਾਚੇ ਨੂੰ, ਭਾਪਾ ਜੀ, ਕਹਿਕੇ ਬੁਲਾਇਆ ਕਰਦੀ ਹੈ, ਤੇ ਬਾਬਾ ਨਾਨਕ ਨੂੰ ਬਾਬਾ ਜੀ ਕਹਿਕੇ ਉਨ੍ਹਾਂ ਬਾਰੇ ਕੋਈ ਗੱਲ ਕਰਿਆ ਕਰਦੀ ਸੀ ਉਹ ਕਿਹਾ ਕਰਦੀ ਸੀ ਵੱਡਿਆਂ ਦਾ ਨਾਂ ਨਹੀਂ ਲਈ ਦਾ, ਹਾਂ ਬਾਣੀ ਪੜ੍ਹਦਿਆਂ ਜਿੱਥੇ ਨਾਨਕ ਦਾ ਨਾਂ ਆਉਂਦਾ ਦੋਵੇਂ ਹੱਥ ਸਤਿਕਾਰ ਨਾਲ ਜੋੜ ਲੈਂਦੀ ਹੈ।
ਇੱਕ ਵਾਰ ਕੀ ਹੋਇਆ ਮੌਜ ਦੀ ਕਿਸੇ ਅਖਬਾਰ ਵਿੱਚ ਕਿਸੇ ਕਹਾਣੀ ਛਪਣ ਦੇ ਸੇਵਾ ਫਲ਼ ਦੀ ਰਕਮ ਦਾ ਜਦੋਂ ਪਹਿਲੀ ਵਾਰ ਡਾਕੀਆ ਮਨੀ ਆਰਡਰ ਲੈ ਕੇ ਆਇਆਂ ਤਾਂ ਮੌਜੀ ਨੂੰ ਇਵੇਂ ਲੱਗਿਆ ਜਿਵੇਂ ਕੋਈ ਕੜੀ ਕਚਹਿਰੀ ਦਾ ਪਿਆਦਾ ਉਸ ਦੇ ਸੰਮਣ ਲੈ ਕੇ ਆਇਆ ਹੋਵੇ।
ਉਹ ਉਸ ਤੋਂ ਡਰਦਾ ਮਾਰਿਆ ਅਜੇ ਅੰਦਰ ਵੜਨ ਹੀ ਲੱਗਾ ਸੀ ਕਿ ਬਾਬਾ ਖੜ੍ਹ ਜਾ, ਇਹ ਤੇਰਾ ਮਨੀ ਆਰਡਰ ਕਿਤੋਂ ਆਇਆ ਹੈ, ਆਪਣੇ ਦਸਤਖਤ ਕਰ ਤੇ ਪੈਸੇ ਲੈ ਲੈ, ਪਰ ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਮੈਨੂੰ ਪੈਸੇ ਭੇਜਣ ਵਾਲਾ ਕੌਣ ਹੈ, ਏਨੇ ਨੂੰ ਅੰਦਰੋਂ ਭੂਪੀ ਦੌੜੀ ਆਈ ਤੇ ਮਨੀ ਆਰਡਰ ਪੜ੍ਹ ਕੇ ਬੋਲੀ ਭਾਪਾ ਕਰ ਦੇ ਦਸਤਖਤ ਇਹ ਤੇਰੀ ਕਹਾਣੀ ਦਾ ਸੇਵਾ ਫਲ਼ ਤੈਨੂੰ ਅਖਬਾਰ ਵਾਲਿਆਂ ਭੇਜਿਆ ਹੈ। ਤੇ ਭੂਪੀ ਦੇ ਕਹਿਣ ਤੇ ਉਸ ਨੇ ਸੱਪ ਵਾਂਗ ਵਲੇਂਵੇ ਖਾਂਦੇ ਅੱਖਰਾਂ ਵਿੱਚ ਆਪਣਾ ਨਾਂ ਲਿਖ ਦਿੱਤਾ ਤੇ ਮਨੀ ਆਰਡਰ ਰਾਹੀਂ ਮਿਲੀ ਰਕਮ ਲੈ ਕੇ ਉਹ ਰਵਾਂ ਰਵੀਂ ਕਿਤਾਬਾਂ ਵਾਲੀ ਹੱਟੀ ਵੱਲ ਨੂੰ ਹੋ ਗਿਆ ਤੇ ਥੋੜ੍ਹੀ ਦੇਰ ਪਿੱਛੋਂ ਕਿੰਨੀਆਂ ਸਾਰੀਆਂ ਕੋਰੀਆਂ ਕਾਪੀਆਂ ਤੇ ਬਚਦੇ ਪੈਸੇ ਭੂਪੀ ਨੂੰ ਫੜਾਉਂਦਿਆਂ ਕਹਿ ਰਿਹਾ ਸੀ, 'ਲੈ ਭੂਪੀ ਪੁੱਤਰ ਇਹ ਸੱਭ ਤੇ ਤੇਰਾ ਹੱਕ ਹੈ।'
ਭੂਪੀ ਮਨੀ ਆਰਡਰ ਵਾਲੇ ਬਚਦੇ ਪੈਸੇ ਤੇ ਕਾਪੀਆਂ ਮੌਜੀ ਤੋਂ ਲੈ ਕੇ ਕਹਿ ਰਹੀ ਸੀ, 'ਭਾਪਾ, ਤੂੰ ਆਪਣੇ ਵਾਸਤੇ ਇੱਕ ਕਾਪੀ ਤਾਂ ਰੱਖ ਲੈ', ਇਹ ਸੁਣ ਕੇ ਉਹ ਕਹਿਣ ਲੱਗਾ, 'ਮੇਰੇ ਲਈ ਤਾਂ ਉਹ ਪੁਰਾਣੀ ਵਹੀ ਹੀ ਠੀਕ ਹੈ।'
ਰਵੇਲ ਸਿੰਘ
Brampton C.A