Rail Ka Pahiaa Jam Karenge (Punjabi Story) : Navtej Singh

ਰੇਲ ਕਾ ਪਹੀਆ ਜਾਮ ਕਰੇਂਗੇ (ਕਹਾਣੀ) : ਨਵਤੇਜ ਸਿੰਘ

ਕੱਲ੍ਹ ਦੀ ਮੁਕੱਰਰ ਕੀਤੀ ਥਾਂ ਤੇ ਰੇਲਵੇ ਮਜ਼ਦੂਰ ਇੱਕਠੇ ਹੋ ਚੁੱਕੇ ਸਨ—ਸਟੇਸ਼ਨ ਤੋਂ ਦੋ ਕੁ ਮੀਲ ਅੱਗੇ, ਰੇਲ ਦੀ ਪਟੜੀ ਦੇ ਨਾਲ ਹੀ। ਹੁਣ ਸਿਰਫ਼ ਰਾਤ ਦੀ ਸ਼ਿਫ਼ਟ ਦੇ ਮਜ਼ਦੂਰਾਂ ਦੀ ਉਡੀਕ ਹੋ ਰਹੀ ਸੀ।

ਰਮਜ਼ਾਨ ਨੇ ਇੱਕ ਗੰਢੜੀ ਵਿਚੋਂ ਕੁਝ ਲਾਲ ਝੰਡੇ ਕੱਢੇ, ਤੇ ਦੋ ਤਿੰਨ ਜਣੇ ਇਹਨਾਂ ਨੂੰ ਬਾਂਸਾਂ ਉੱਤੇ ਟੰਗਣ ਲੱਗ ਪਏ। ਰਮਜ਼ਾਨ ਦਾ ਬੜਾ ਜੀਅ ਕਰਦਾ ਸੀ ਕਿ ਉਹ ਆਪਣੇ ਸਾਥੀਆਂ ਨੂੰ ਦੱਸੇ—ਕਿਵੇਂ ਉਹਦੀ ਮਾਂ ਸਾਰਾ ਦਿਨ ਉਹਨੂੰ ਝਿੜਕਦੀ ਰਹੀ ਸੀ, ‘ਕੱਲ੍ਹ ਹੀ ਤਾਂ ਵਹੁਟੀ ਦੀ ਡੋਲੀ ਆਈ ਏ, ਤੇ ਤੂੰ ਅਜੋ ਈ ਉਹਨੂੰ ਝੰਡਿਆਂ ਤੇ ਡਾਹ ਲਿਆ ਏ,’ ਪਰ ਉਹਦੀ ਵਹੁਟੀ, ਲਾਲ ਸਾਲੂ ਪਿੱਛੇ ਹੱਸਦੀ, ਸਾਰਾ ਦਿਨ ਝੰਡੇ ਰੰਗਦੀ ਰਹੀ ਸੀ, ਤੇ ਹਥੌੜੇ ਦਾਤੀ ਦੇ ਨਿਸ਼ਾਨ ਕਟਦੀ ਰਹੀ ਸੀ। ਉਹਨੂੰ ਆਪਣੀਆਂ ਗੱਲ੍ਹਾਂ ਸ਼ਰਮ ਨਾਲ ਨਿੱਘੀਆਂ ਹੁੰਦੀਆਂ ਜਾਪੀਆਂ ਤੇ ਉਹ ਕੁਝ ਵੀ ਬੋਲ ਨਾ ਸਕਿਆ।

ਰਾਤ ਦੀ ਸ਼ਿਫ਼ਟ ਭੁਗਤਾ ਕੇ ਨਿਕਲੇ ਮਜ਼ਦੂਰ ਹੁਣ ਨੇੜੇ ਆਣ ਪੁੱਜੇ ਸਨ। ਇਹ ਸਭ ਕਿਸੇ ਗੱਲੋਂ ਹੱਸ ਰਹੇ ਸਨ। ਉਨੀਂਦੀਆਂ ਹਨੇਰੀਆਂ ਅੱਖਾਂ ਹਾਸਿਆਂ ਨੇ ਕੁਝ ਲਿਸ਼ਕਾ ਦਿੱਤੀਆਂ ਸਨ, ਤੇ ਹਾਸਿਆਂ ਨਾਲ ਫੇਫੜਿਆਂ ਵਿਚ ਜੰਮੇਂ ਧੂਏਂ ਦੀ ਹੁਆੜ ਬਾਹਰ ਖਿਲਰ ਗਈ ਸੀ।

ਰਮਜ਼ਾਨ ਨੇ ਪੁੱਛਿਆ, “ਹੱਸ-ਹੱਸ ਦੂਹਰੇ ਪਏ ਹੁੰਦੇ ਜੇ, ਕੀ ਗੱਲ ਏ?”

ਨਵੇਂ ਆਇਆਂ ਵਿਚੋਂ ਇਕ ਨੇ ਕਿਹਾ, “ਫ਼ੋਰਮੈਨ ਸਾਨੂੰ ਆਂਹਦਾ ਸੀ, ਇੰਜਨ ਵਿਚ ਕੋਲਾ ਪੁਆ ਦਿਓ, ਤੇ ਨਾਲੇ ਇੰਜਨ ਦਾ ਮੂੰਹ ਭੁਆਂ ਦਿਓਂ—ਇਹਨੂੰ ਅਪ ਟਰੇਨ ਅੱਗੇ ਲਵਾਣਾ ਸਾਸੂ।”

ਦੂਜੇ ਨੇ ਗੱਲ ਟੁਕਦਿਆਂ ਕਿਹਾ, “ਅਸਾਂ ਉਹਨੂੰ ਕਿਹਾ, ‘ਭਈ, ਹੁਣ ਡਿਊਟੀ ਮੁੱਕ ਗਈ। ਉਹ ਸਾਹਮਣੇ ਘੜੀ ਪਈ ਆ, ਟੈਮ ਤਕ ਲੈ। ਹੁਣ ਤੋਂ ਯਾਰਾਂ ਵਜੇ ਤੱਕ ਸਾਡੀ ਹੜਤਾਲ ਏ। ਯਾਰਾਂ ਪਿੱਛੋਂ ਤੇਰੇ ਨੌਕਰ ਆਂ, ਪਰ ਜੇ ਓਦੂੰ ਪਹਿਲਾਂ ਕੁਝ ਕਿਹਾ ਤਾਂ ਉਹ ਪਿਆ ਈ ਕੋਲੇ ਵਾਲਾ ਬਾਲਟਾ, ਤੇ ਆਹ ਈ ਤੇਰਾ ਸਿਰ—ਇੰਜਨ ਦੀ ਥਾਂ ਇਹਨੂੰ ਭੁਆਂ ਦਿਆਂਗੇ।”

“ਅਪ ਨੂੰ ਲੁਆ ਲਈ ਭਾਵੇਂ ਡਾਊਨ ਨੂੰ—ਰੇਲਵੇ ਬੋਰਡ ਦਾ ਸਾਲਾ।”

ਪਹਿਲਾਂ ਜੁੜੀ ਭੀੜ ਤੇ ਨਵੇਂ ਆਏ ਦੋਵੇਂ ਹੱਸਣ ਲੱਗ ਪਏ। ਫਤੂ ਆਪਣਾ ਤੋਤਾ ਵੀ ਲਿਆਇਆ ਹੋਇਆ ਸੀ। ਉਹਦਾ ਗੰਗਾ ਰਾਮ, ਜਿਹੜਾ ਝੂਠੀ ਚੂਰੀ ਦੇ ਲਾਰਿਆਂ ਦਾ ਹੁੰਗਾਰਾ ਭਰਨਾ ਕਦੇ ਦਾ ਛੱਡ ਚੁਕਿਆ ਸੀ, ਤੋਤੀ ਬੋਲੀ ਵਿਚ ਬੋਲ ਪਿਆ:

“ਗੋਰਾ ਬੋਰਡ ਮੁਰਦਾਬਾਦ—ਰੇਲ ਮਜੂਰ ਜ਼ਿੰਦਾਬਾਦ!”

ਹਾਸੇ ਉੱਚੇ ਹੋ ਕੇ ਸਵੇਰ ਦੇ ਸੰਗਦੇ ਚਾਨਣ ਵਿਚ ਤਰਨ ਲੱਗ ਪਏ; ਧੁਆਂਖੇ ਹਾਸੇ ਨਹੀਂ, ਸਗੋਂ ਉਹ ਹਾਸੇ ਜਿਹੜੇ ਇਹਨਾਂ ਦੇ ਪਿਤਾ ਪਿਤਾਮੇ ਉਦੋਂ ਹੱਸਦੇ ਹੁੰਦੇ ਸਨ ਜਦੋਂ ਰਾਤਾਂ ਨੂੰ ਰੇਲਵੇ ਕਵਾਟਰਾਂ ਦੀਆਂ ਛੱਤਾਂ ਉੱਤੇ ਗਡੀਆਂ ਦੇ ਸਿੰਗਲ ਉਹਨਾਂ ਦਾ ਠੱਠਾ ਨਹੀਂ ਸਨ ਉਡਾਂਦੇ ਹੁੰਦੇ, ਪੈਲੀਆਂ ਵਿਚ ਸੁੱਤਿਆਂ ਉੱਤੇ ਤਾਰੇ ਮੁਸਕਰਾਂਦੇ ਹੁੰਦੇ ਸਨ।

ਜਦੋਂ ਸਾਰੇ ਚੁੱਪ ਹੋ ਗਏ ਤਾਂ ਰਮਜ਼ਾਨ ਨੇ ਉੱਚੀ ਸਾਰੀ ਕਿਹਾ,“ਭਰਾਵੋ, ਜਿਹੜੀ ਹਨੇਰੀ ਅਸੀਂ ਮੁੰਕਮਲ ਹੜਤਾਲ ਵਾਲੇ ਦਿਨ ਛੱਡਣੀ ਏ, ਅੱਜ ਚਵ੍ਹਾਂ ਘੰਟਿਆਂ ਲਈ ਉਹਦੇ ਵਾ-ਵਰੋਲੇ ਦੀ ਵੰਨਗੀ ਰੇਲਵੇ ਬੋਰਡ ਨੂੰ ਤਕਾ ਦਈਏ!”

ਸਾਂਝੇ ਇਰਾਦੇ ਦੇ ਨਸ਼ੇ ਨਾਲ ਭੀੜ ਝੂੰਮਣ ਲੱਗ ਪਈ, ਤੇ ਇਕ ਗੂੰਜ ‘ਰੇਲ ਕਾ ਪਹੀਆ-ਜਾਮ ਕਰੇਂਗੇ’। ਆਲੇ-ਦੁਆਲੇ ਦੀ ਕਾਲਖ਼ ਵਿਚ ਸੂਰਜ ਦੀਆਂ ਪਹਿਲੀਆਂ ਕਿਰਨਾਂ ਰਾਹ ਕਰ ਰਹੀਆਂ ਸਨ। ਰਮਜ਼ਾਨ ਨੂੰ ਚੜ੍ਹਦਾ ਸੂਰਜ ਅੱਜ ਕੁਝ ਵਧੇਰੇ ਲਾਲ ਜਾਪਿਆ। ਮਈ ਦਿਨ ਦਾ ਸੂਰਜ।

ਸਟੇਸ਼ਨ ਵਲੋਂ ਰੇਲਵਾਈਆਂ ਦੇ ਬੱਚੇ ਦੂਰੋਂ ਹੀ ਵਾਜਾਂ ਮਾਰਦੇ ਨੱਸੇ ਔਂਦੇ ਸਨ। ਨੇੜੇ ਆ ਕੇ ਉਹਨਾਂ ਵਿਚੋਂ ਮਹਿੰਦਰ, ਰਮਜ਼ਾਨ ਨੂੰ ਕਹਿਣ ਲੱਗਾ, “ਚਾਚਾ, ਟੇਸ਼ਨ ਤੇ ਬੜੇ ਸਾਰੇ ਸ਼ਪਾਹੀ ਕੱਠੇ ਹੁੰਦੇ ਨੇ, ਤੇ ਅਫ਼ਸਰ ਵੀ—ਤੇ ਸਿਪਾਹੀਆਂ ਕੋਲ ਬੰਦੂਕਾਂ ਵੀ ਨੇ...”

ਇਕ ਹੋਰ ਮੁੰਡਾ ਕਹਿਣ ਲੱਗਾ, “ਤੇ ਚਾਚਾ ਜਿਹੜਾ ਉਹ ਲੀਡਰ ਹੈਗਾ ਨਾ— ਵਕੀਲ, ਉਹ ਜਿਹੜਾ ਜਲਸੇ ਵਿਚ ਚਿੱਟੇ ਕਪੜੇ ਪਾ ਕੇ ਜ਼ੋਰ-ਜ਼ੋਰ ਦੀ ਲਚਕਰ ਦੇਂਦਾ ਹੁੰਦਾ ਏ—ਅੱਠ ਵਜੇ ਦੀ ਗੱਡੀ ਲਈ ਟਿਕਸ ਪਿਆ ਲੈਂਦਾ ਸੀ।”

ਇਕ ਹੋਰ ਮੁੰਡੇ ਨੇ ਕਾਹਲੀ ਨਾਲ ਉਹਦੀ ਗੱਲ ਟੁੱਕੀ, “ਚਾਚਾ, ਮਹਿੰਦਰ ਨੇ ਜਾ ਕੇ ਉਹਨੂੰ ਬੜਾ ਸਮਝਾਇਆ—‘ਜੀ, ਇਸ ਗਡੀ ਤੇ ਚੜ੍ਹਨਾ ਪਾਪ ਏ—ਇਹ ਹੜਤਾਲ ਤੋੜਨ ਲਈ ਚੱਲ ਰਹੀ ਏ’—ਪਰ ਉਹ ਮੰਨੇ ਹੀ ਨਾ—”

ਅਚਨਚੇਤ ਮਹਿੰਦਰ ਦਾ ਮੂੰਹ ਲਾਲ ਹੋ ਗਿਆ, ਤੇ ਉਹ ਕੰਬਦੀ ਵਾਜ ਵਿਚ ਬੋਲਿਆ, “ਚਾਚਾ, ਸ਼ਪਾਹੀ ਰਾਤੀਂ ਬਾਪੂ ਨੂੰ ਵੱਡੇ ਟੇਸ਼ਨ ਮਾਸ਼ਟਰ ਕੋਲ ਲੈ ਗਏ ਸਨ। ਤੇ ਹੁਣ ਵੀ ਬਾਪੂ, ਟੇਸ਼ਨ ਮਾਸਟਰ ਕੋਲੋਂ ਮੁੜਿਆ ਸੀ ਤਾਂ ਮਾਂ ਨੇ ਉਹਨੂੰ ਬੜਾ ਸਮਝਾਇਆ, ‘ਗੁਆਂਢੀ ਤੀਵੀਂਆਂ ਸਾਨੂੰ ਲੱਖ ਲੱਖ ਲਾਨ੍ਹਤਾਂ ਪਾਣਗੀਆਂ—ਤੂੰ ਕਿਉਂ ਬੁੱਢੇ ਵਾਰੇ ਮੁਕਾਲਖ਼ ਲੁਆਣ ਲੱਗਾ ਏਂ—ਆਪਣੇ ਭਰਾਵਾਂ ਦੇ ਰਿਜ਼ਕ ਨੂੰ ਲੱਤ ਮਾਰਦਿਆਂ ਤੈਨੂੰ ਕੁਝ ਨਹੀਂ ਹੁੰਦਾ?’ ਮੈਂ ਵੀ ਬਾਪੂ ਨੂੰ ਰੋ ਕੇ ਕਿਹਾ ਸੀ, ‘ਖੇਡਣ ਲੱਗਿਆਂ ਮੇਰਾ ਕੋਈ ਹਾਣੀ ਨਹੀਂ ਬਣਨ ਲੱਗਾ, ਮੇਰੇ ਉੱਤੇ ਬੇਲੀ ਦੂਰੋਂ ਥੁੱਕਿਆ ਕਰਨਗੇ—ਅੰਗਲਾ-ਪਟੰਗਲਾ ਪਾ ਲੈਣਗੇ।’ ਪਰ ਓਨੇ ਇਕ ਨਾ ਮੰਨੀ, ਉਹ ਇੰਜ ਸੀ ਜਿਵੇਂ ਉਸ ਦਾਰੂ ਪੀਤਾ ਹੋਵੇ—ਤੇ ਮਨ੍ਹੇਰੇ ਹੀ ਅੱਜ ਉਹ ਘਰੋਂ ਨਿਕਲ ਆਇਆ ਸੀ। ਆਂਹਦਾ ਸੀ ‘ਅੱਠ ਵਜੇ ਦੀ ਗਡੀ ਮੈਂ ਟੋਰਨੀ ਏਂ।’

ਬਾਰਾਂ ਵਰ੍ਹਿਆਂ ਦੇ ਬਾਲ ਨੇ ਸ਼ਰਮ ਦੇ ਭਾਰ ਨਾਲ ਇੰਜ ਨੀਂਵੀ ਪਾ ਲਈ ਕਿ ਉਹ ਪੱਕੀ ਉਮਰ ਦਾ ਆਦਮੀ ਜਾਪਣ ਲੱਗ ਪਿਆ। ਤੇ ਫੇਰ ਹੌਲੀ ਹੌਲੀ ਉਹਦੇ ਅੱਥਰੂ ਕਿਰਨ ਲੱਗ ਪਏ।

ਰਮਜ਼ਾਨ ਨੇ ਉਹਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ ਤੇ ਉਹਦੇ ਸਿਰ ਨੂੰ ਚੁੰਮਿਆ। ਅੱਥਰੂਆਂ ਨਾਲ ਘੁੱਟੀ ਵਾਜ ਵਿਚ ਮਹਿੰਦਰ ਨੇ ਫੇਰ ਕਿਹਾ, “ਜੇ ਬਾਪੂ ਮੈਨੂੰ ਲੱਡੂਆਂ ਦਾ ਥਾਲ ਵੀ ਲਿਆ ਕੇ ਦਊ, ਤਾਂ ਵੀ ਮੈਂ ਉਹਦੇ ਨਾਲ ਨਹੀਂ ਕੂਣਾ!”

ਭੀੜ ਵਿਚ ਚਿੱਟੀਆਂ ਦਾਹੜੀਆਂ ਗਿੱਲੀਆਂ ਹੋ ਗਈਆਂ। ਬੱਚੇ ਚੁੱਪ ਹੋ ਗਏ, ਜਿਵੇਂ ਮਸੀਤ ਵਿਚ ਵੱਡਿਆਂ ਨੂੰ ਨਮਾਜ਼ ਪੜ੍ਹਦਿਆਂ ਤਕ ਕੇ। ਇਕ ਗਿੱਲੀ ਤੇ ਚਾਨਣੀ ਚੁੱਪ ਸਾਰਿਆਂ ਉੱਤੇ ਛਾ ਗਈ—ਅੱਥਰੂਆਂ ਨਾਲ ਗਿੱਲੀ, ਕਾਮਿਆਂ ਦੀ ਤਾਕਤ ਦੀ ਸੂਝ ਨਾਲ ਚਾਨਣੀ।

ਅਚਾਨਕ ਗਿੱਲੀ ਚਾਨਣੀ ਚੁੱਪ ਨਾਲ ਇਕ ਚੀਕ ਟਕਰਾਈ ਤੇ ਜ਼ਮੀਨ ਬੇਮਲੂਮੀ ਜਹੀ ਹਿੱਲੀ ਤੇ ਫੇਰ ਲੰਮੀ ਚੀਕ—ਸਟੇਸ਼ਨ ਤੋਂ ਅਠ ਵਜੇ ਦੀ ਗਡੀ ਤੁਰ ਪਈ ਸੀ।

ਹਾਲੀ ਕਿਸੇ ਨੂੰ ਕੁਝ ਨਹੀਂ ਸੀ ਸੁੱਝਿਆ ਕਿ ਮਹਿੰਦਰ ਰੇਲ ਦੀ ਪਟੜੀ ਵਿਚਕਾਰ ਜਾ ਖੜੋਤਾ। ਹੋਰ ਸਾਰੇ ਬੱਚੇ ਵੀ ਰੇਲ ਦੀ ਲਾਈਨ ਕਾਹਲੀ ਕਾਹਲੀ ਟੱਪ ਰਹੇ ਸਨ, ਜਿਵੇਂ ਕਿਤੇ ਇਹ ਚੀਜੋ ਦੀ ਲਕੀਰ ਹੋਵੇ।

ਰਮਜ਼ਾਨ ਤੇ ਹੋਰ ਸਾਰੇ ਵੀ ਰੇਲ ਦੀ ਪਟੜੀ ਵਿਚਕਾਰ ਜਾ ਖੜੋਤੇ। ਉਹਨਾਂ ਮਹਿੰਦਰ ਤੇ ਹੋਰ ਬੱਚਿਆਂ ਨੂੰ ਪਟੜੀ ਤੋਂ ਹਟਾਣਾ ਚਾਹਿਆ, ਪਰ ਕੋਈ ਨਾ ਹਿੱਲਿਆ। ਮਹਿੰਦਰ ਲਾਲ ਝੰਡਾ ਹਿਲਾ ਰਿਹਾ ਸੀ, ਤੇ ਗਲਿਆਂ ਵਿਚੋਂ ਵਾਜਾਂ ਉੱਚੀਆਂ ਹੋਈਆਂ, ‘ਰੇਲ ਕਾ ਪਹੀਆ—ਜਾਮ ਕਰੇਂਗੇ।’ ਸਾਰਿਆਂ ਨੇ ਮੁੱਕੇ ਵੱਟ ਲਏ, ‘ਜਾਮ ਕਰੇਂਗੇ—ਰੇਲ ਕਾ ਪਹੀਆ।’ ਕਿੰਨੀਆਂ ਹੀ ਵਾਜਾਂ, ਇਕ ਆਵਾਜ਼, ਕਿੰਨੇ ਹੀ ਮੁੱਕੇ, ਇਕ ਇਰਾਦਾ; ਹੜਤਾਲ ਤੋੜਨ ਵਾਲੀ ਗੱਡੀ ਨੂੰ ਆਪਣੀਆਂ ਲੋਥਾਂ ਦੀ ਬਰੇਕ ਲਾਵਾਂਗੇ...।

ਇੰਜਨ ਸਟੇਸ਼ਨ ਤੋਂ ਚੱਲ ਚੁਕਿਆ ਸੀ। ...ਰਮਜ਼ਾਨ ਨੂੰ ਜਾਪ ਰਿਹਾ ਸੀ, ਇਹਦੀ ਭੱਠੀ ਵਿਚ ਕੋਲਾ ਨਹੀਂ ਬਲਦਾ ਪਿਆ, ਰੇਲ-ਮਜੂਰਾਂ ਦੀਆਂ ਜ਼ਿੰਦਗੀਆਂ ਬਲ ਰਹੀਆਂ ਹਨ, ਉਨ੍ਹਾਂ ਦੇ ਹਾਸੇ ਤੇ ਪਿਆਰ ਤਾਂ ਚਿਰਾਂ ਤੋਂ ਫ਼ਰੰਗੀ ਨੇ ਇਹਦੇ ਵਿਚ ਸਾੜ ਕੇ ਖਿੰਘਰ ਕਰ ਦਿੱਤੇ ਹੋਏ ਸਨ। ਕਿੰਨੇ ਹੀ ਵਰ੍ਹਿਆਂ ਤੋਂ ਇਹ ਇੰਜਨ ਹਿੰਦੁਸਤਾਨ ਦੇ ਸੀਨੇ ਉੱਤੇ ਫ਼ਰੰਗੀਆਂ ਲਈ ਚਲ ਰਿਹਾ ਸੀ। ਕਿੰਨੀਆਂ ਹੀ ਲਾਸਾਂ ਇਹਨੇ ਹਿੰਦੁਸਤਾਨ ਦੇ ਪਿੰਡੇ ਉੱਤੇ ਪਾਈਆਂ ਹੋਈਆਂ ਸਨ। ਅੱਜ ਆਮ ਮਜ਼ਦੂਰ ਇਹਦੇ ਪਹੀਆਂ ਨੂੰ ਜਾਮ ਕਰਨ ਦੇ ਇਰਾਦਿਆਂ ਨਾਲ ਮਘਦੇ ਖੜੋਤੇ ਸਨ, ਤੇ ਉੱਚੀ ਸਿਆਸਤ ਦੀਆਂ ਧੌਲੀਆਂ ਚੋਟੀਆਂ ਉੱਤੇ ਬੈਠੇ ਕੌਮੀ ਆਗੂ ਉਨ੍ਹਾਂ ਉੱਤੇ ਬਰਫ਼ ਪਾਣਾ ਚਾਹੁੰਦੇ ਸਨ; ਪਰ ਲੱਖਾਂ ਮੁੱਕੇ ਤਣੇ ਹੋਏ ਸਨ, ਤੇ ਇਹ ਬੱਚੇ ਜ਼ਿੰਦਗੀ-ਵਲੂੰਦਰਦੇ ਪਹੀਆਂ ਨੂੰ ਰੋਕਣ ਦਾ ਰਾਹ ਦੱਸ ਰਹੇ ਸਨ—ਬੱਚੇ, ਜਿਹੜੇ ਜਦੋਂ ਗਰਭ ਵਿਚ ਪਏ ਸਨ ਓਦੋਂ ਵੀ ਗੱਡੀਆਂ ਦੇ ਸਿੰਗਲ ਉਨ੍ਹਾਂ ਦੀਆਂ ਮਾਵਾਂ ਦਾ ਠੱਠਾ ਉਡਾ ਰਹੇ ਸਨ—ਬੱਚੇ, ਜਿਨ੍ਹਾਂ ਦੀਆਂ ਭੁੱਖੀਆਂ ਕੁਰਲਾਹਟਾਂ ਇਕ ਭੂਤ ਦੀ ਦਹਾੜ ਵਿਚ ਲੱਖਾਂ ਵਾਰੀ ਗੁਆਚ ਚੁੱਕੀਆਂ ਸਨ।

ਗਲੇ ਗੂੰਜ ਰਹੇ ਸਨ, ‘ਜਾਮ ਕਰੇਂਗੇ’।

…ਇਹ ਪਹੀਏ ਜਾਮ ਹੋਣਗੇ, ਇਹ ਪਹੀਏ ਜਿਨ੍ਹਾਂ ਉੱਤੇ ਫ਼ਰੰਗੀ ਸਾਡੀ ਗਰੀਬੀ ਨਿਚੋੜ ਨਿਚੋੜ ਕੇ ਆਪਣੇ ਘਰ ਅਮੀਰੀ ਢੋ ਲਿਜਾਂਦੇ ਨੇ...।

‘ਰੇਲ ਕਾ ਪਹੀਆ…’ ਮਹਿੰਦਰ ਦੀ ਵਾਜ ਆਈ।

ਨਾਅਰਿਆਂ ਨਾਲ ਫੇਰ ਇੰਜਨ ਦੀ ਚੀਕ ਟਕਰਾਈ। ਇੰਜਨ ਦੀ ਧੱਕੀ ਹਵਾ ਰੇਲ ਦੀ ਪਟੜੀ ਵਿਚਕਾਰ ਖੜੋਤਿਆਂ ਨੂੰ ਧੱਕ ਰਹੀ ਸੀ। ਧਰਤੀ ਹਿੱਲ ਰਹੀ ਸੀ। …ਰਮਜ਼ਾਨ ਨੂੰ ਲਾਲ ਸਾਲੂ ਪਿੱਛੇ ਹੱਸਣ ਵਾਲੀ ਦਾ ਚੇਤਾ ਆਇਆ, ਲਾਲ ਸਾਲੂ ਲਾਹ ਕੇ ਉਹਨੇ ਉਹਦਾ ਨੰਗਾ ਹਾਸਾ ਵੀ ਨਹੀਂ ਸੀ ਤਕਿਆ। ਕਿੰਨੇ ਵਰ੍ਹੇ ਹੋਏ ਅੱਜ ਦੇ ਦਿਨ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀਆਂ ਸੜਕਾਂ ਨੇ ਕਾਮਿਆਂ ਦੇ ਲਹੂ ਨਾਲ ਰੰਗਿਆ ਸਾਲੂ ਲਿਆ ਸੀ, ਤੇ ਜ਼ਿੰਦਗੀ ਏਸ ਲਾਲ ਸਾਲੂ ਵਿਚ ਆਪਣੀ ਮੁਕਤੀ ਦਾ ਇਕਰਾਰ ਤੱਕ ਕੇ ਮੁਸਕਰਾਈ ਸੀ। ਅੱਜ ਉਹਦੇ ਦੇਸ਼ ਦੀ ਪਟੜੀ ਉਨ੍ਹਾਂ ਦੇ ਲਹੂ ਨਾਲ ਰੰਗਿਆ ਲਾਲ ਸਾਲੂ ਲਏਗੀ, ਤੇ ਉਹਦੇ ਦੇਸ ਦੀ ਜ਼ਿੰਦਗੀ ਮੁਸਕਰਾਏਗੀ...।

ਜ਼ਮੀਨ ਤ੍ਰਭਕਣ ਲੱਗ ਪਈ ਸੀ। ਇੰਜਨ ਦੀ ਧੱਕੀ ਹਵਾ ਲੂ ਬਣ ਚੁਕੀ ਸੀ। ‘ਰੇਲ ਕਾ ਪਹੀਆ ਜਾਮ ਕਰੇਂਗੇ।’ ਇੰਜਨ ਦੀ ਨੰਬਰ-ਪਲੇਟ ਰਮਜ਼ਾਨ ਪੜ੍ਹ ਸਕਦਾ ਹੈ: 372, ‘ਰੇਲ ਕਾ…ਪ... ...ਚੀਕ… ... ਲੰਮੀ… …ਚੀ... …ਕ, ਖਸੱ...ਟ, ਖਸੱਟ-ਇੰਜਨ ਰੁਕ ਗਿਆ।

ਦਗੜ-ਦਗੜ ਬੰਦੂਕਾਂ ਨਾਲ ਲੈਸ ਪੁਲਸੀਆਂ ਦੀ ਗਾਰਦ ਗੱਡੀ ਵਿਚੋਂ ਉਤਰ ਕੇ ਮਜ਼ਦੂਰਾਂ ਵੱਲ ਭੱਜੀ। ਸਵਾਰੀਆਂ ਵੀ ਉਤਰਨ ਲੱਗ ਪਈਆਂ—ਫ਼ੌਜੀ ਤੇ ਹੋਰ ਮਰਦ, ਤੇ ਤੀਵੀਂਆਂ। ਹੋਰ ਪੁਲਸੀਏ ਉਤਰੇ ਤੇ ਸਵਾਰੀਆਂ ਨੂੰ ਪਿਛਾਂਹ ਧੱਕਣ ਲੱਗ ਪਏ, ਕੁਝ ਹੋਰ ਉਤਰੇ ਤੇ ਉਹਨਾਂ ਇੰਜਨ ਦੁਆਲੇ ਘੇਰਾ ਪਾ ਲਿਆ।

ਫ਼ਸਟ ਕਲਾਸ ਦੇ ਮੁਸਾਫ਼ਰ ਲਾਲ ਝੰਡੇ ਨੂੰ ‘ਰੂਸੀ ਝੰਡਾ’ ਆਖ ਕੇ ਤਮਾਸ਼ਾ ਵੇਖਣ ਲਈ ਦੂਰ ਬਹਿ ਗਏ। ਜਲਸੇ ਵਿਚ ਲੈਕਚਰ ਦੇਣ ਵਾਲੇ ਵਕੀਲ ਸਾਹਬ ਵੀ ਦੂਰ ਹੀ ਰਹੇ। ਉਹਨਾਂ ਦਾ ਸਾਥੀ ਉਹਨਾਂ ਨੂੰ ਕਹਿ ਰਿਹਾ ਸੀ, “ਰੇਸਕੋਰਸ ਵਿਚ ਤਾਂ ਹਾਰਦੇ ਹੀ ਸੌ, ਏਥੇ ਵੀ ਹਾਰ ਗਏ!”

ਵਕੀਲ ਸਾਹਬ ਨੇ ਸ਼ਰਤ ਲਾਈ ਸੀ ਕਿ ਗੱਡੀ ਨਹੀਂ ਰੁਕੇਗੀ।

ਮਜ਼ਦੂਰਾਂ ਦੀ ਭੀੜ ਨਾਅਰੇ ਲਾ ਰਹੀ ਸੀ:

“ਹਮ ਕਿਆ ਮਾਂਗਤੇ ਹੈਂ?”

“ਰੋਟੀ… …”

“ਰੇਲਵੇ ਬੋਰਡ ਕਿਆ ਦੇਤਾ ਹੈ?”

“ਪੱਥਰ… …”

ਅਛੋਪਲੇ ਹੀ ਮਹਿੰਦਰ ਭੀੜ ਵਿਚੋਂ ਨਿਕਲ ਇੰਜਨ ਵੱਲ ਨੱਠ ਗਿਆ।

ਪੁਲਸ ਅਫ਼ਸਰ ਨੇ ਕੜਕ ਕੇ ਕਿਹਾ, “ਤੁਹਾਡੀ ਹੜਤਾਲ ਗ਼ੈਰ-ਕਾਨੂੰਨੀ ਹੈ। ਮੁੰਤਸ਼ਿਰ ਹੋ ਜਾਓ।”

ਰਮਜ਼ਾਨ ਕੂਕਿਆ, “ਏਸ ਬਦਕਿਸਮਤ ਮੁਲਕ ਵਿਚ ਕਾਨੂੰਨ ਅੰਦਰ ਸਿਰਫ਼ ਗ਼ੁਲਾਮੀ ਹੀ ਹੈ।”

ਸਵਾਰੀਆਂ ਵਿਚ ਖਲੋਤੇ ਫ਼ੌਜੀਆਂ ਤੇ ਆਮ ਮੁਸਾਫ਼ਰਾਂ ਦੀ ਆਪ ਮੁਹਾਰੀ ‘ਸਦਕੇ’ ਉੱਚੀ ਹੋਈ ਤੇ ਬੁੱਢੀਆਂ ਤੀਵੀਆਂ ਦੇ ਮੂੰਹੋਂ ਅਸੀਸਾਂ, “ਧੰਨ ਪੁੱਤਰੋ ਤੁਹਾਡੀ ਕਮਾਈ”, “ਸੁਲੱਖਣੀ ਹੋਵੇ ਤੁਹਾਨੂੰ ਜੰਮਨ ਵਾਲੀ ਕੁੱਖ।”

ਸਵਾਰੀਆਂ ਵਿਚੋਂ ਕਿਸੇ ਨਿਆਣੇ ਨੇ ਉੱਚੀ ਸਾਰੀ ਪਾਣੀ ਮੰਗਿਆ। ਰਮਜ਼ਾਨ ਨੇ ਕੁਝ ਮਜ਼ਦੂਰਾਂ ਨੂੰ ਪਾਣੀ ਲਿਆਣ ਲਈ ਕਿਹਾ।

ਰਮਜ਼ਾਨ ਨੇ ਇਧਰ-ਉਧਰ ਤਕਿਆ ਤੇ ਪੁੱਛਿਆ, “ਮਹਿੰਦਰ ਕਿਥੇ?”

ਪੁਲਸ ਅਫ਼ਸਰ ਕੜਕ ਪਿਆ, “ਤੁਸੀਂ ਹੜਤਾਲ ਕਰ ਲਓ—ਪਰ ਇੰਜ ਗੱਡੀ ਨਹੀਂ ਰੋਕ ਸਕਦੇ—ਇਹ ਜੁਰਮ ਹੈ।”

ਰਮਜ਼ਾਨ ਨੇ ਕਿਹਾ, “ਹੜਤਾਲ ਤੋੜਨ ਲਈ ਚਲਾਈ ਗੱਡੀ ਨਹੀਂ ਚੱਲਣ ਦਿਆਂਗੇ।”

“ਹਟ ਜਾਓ!”

“ਨਹੀਂ—ਰੇਲ ਕਾ ਪਹੀਆ!”

“ਜਾਮ ਕਰੇਂਗੇ!”

ਸਵਾਰੀਆਂ ਮਜ਼ਦੂਰਾਂ ਕੋਲੋਂ ਪਾਣੀ ਪੀ ਰਹੀਆਂ ਸਨ। ਪਾਣੀ ਜਿਹੜਾ ਨਾ ਹਿੰਦੂ ਸੀ ਨਾ ਮੁਸਲਮਾਨ, ਪਾਣੀ ਜਿਹੜਾ ਆਜ਼ਾਦੀ ਦੇ ਪਪੀਹਿਆਂ ਲਈ ‘ਸਵਾਂਤਿ-ਬੂੰਦ’ ਸੀ; ਤੇ ਨਿਰੋਲ ਪਾਣੀ ਵਹਿ ਤੁਰਿਆ, ਚਿਰ-ਪੁਰਾਣੀਆਂ ਦੋ ਕੰਧਾਂ ਖੁਰ ਰਹੀਆਂ ਸਨ।

“ਜੇ ਨਹੀਂ ਹਟੋਗੇ ਤਾਂ ਤੁਹਾਡੇ ਉੱਤੇ ਗੋਲੀ ਚਲਾਈ ਜਾਏਗੀ।” ਪੁਲਸ ਦੇ ਅਫ਼ਸਰ ਨੇ ਪਿਸਤੌਲ ਕੱਢਦਿਆਂ ਚੀਕ ਕੇ ਕਿਹਾ।

“ਨਹੀਂ ਹਟਾਂਗੇ!”

“ਸਿਪਾਹੀਓ ਬੰਦੂਕਾਂ ਤਾਣ ਲਵੋ।” ਕਿੰਨੀਆਂ ਹੀ ਬੰਦੂਕਾਂ ਇਕਦਮ ਧੁੱਪ ਵਿਚ ਲਿਸ਼ਕੀਆਂ।

“ਮੈਂ ਅਖ਼ੀਰਲੀ ਵਾਰ ਕਹਿੰਦਾ ਹਾਂ, ਹਟ ਜਾਓ।”

“ਰੇਲ ਕਾ ਪਹੀਆ ਜਾਮ ਕਰੇਂਗੇ,” ਕਿੰਨੀਆਂ ਵਾਜਾਂ, ਇਕ ਆਵਾਜ਼; ਆਵਾਜ਼ ਏਨੀ ਉੱਚੀ ਕਿ ਜ਼ੁਲਮ ਦੇ ਅਸਮਾਨ ਨਾਲ ਟਕਰਾ ਜਾਵੇ।

“ਸਿਪਾਹੀਓ, ਨਿਸ਼ਾਨੇ ਸੇਧ ਲਵੋ,” ਜ਼ੁਲਮ ਦਾ ਅਸਮਾਨ ਗੱਜਿਆ।

ਅਚਾਨਕ ਪੁਲਸੀਆਂ ਤੇ ਮਜ਼ਦੂਰਾਂ ਵਿਚਕਾਰ ਪੰਜਾਹ ਬੰਦੂਕਾਂ ਵਾਲੇ ਆਣ ਖਲੋਤੇ, ਇਹ ਇਸੇ ਗੱਡੀ ਵਿਚ ਸਫ਼ਰ ਕਰ ਰਹੇ ਸਮੁੰਦਰੀ ਬੇੜੇ ਦੇ ਜਹਾਜ਼ੀ ਸਨ। ਉਨ੍ਹਾਂ ਨਿਸ਼ਾਨੇ ਸੇਧਦਿਆਂ ਕਿਹਾ, “ਅਸੀਂ ਆਪਣੇ ਨਿਹੱਥੇ ਭਰਾਵਾਂ ’ਤੇ ਗੋਲੀ ਨਹੀਂ ਚੱਲਣ ਦਿਆਂਗੇ। ਇਨ੍ਹਾਂ ਦੇ ਹੱਥ ਫੜਿਆ ਝੰਡਾ ਸਾਡਾ ਸਭਨਾਂ ਕਾਮਿਆਂ ਦਾ ਝੰਡਾ ਏ। ਜੇ ਇਨ੍ਹਾਂ ’ਤੇ ਗੋਲੀ ਚਲਾਣੀ ਜੇ, ਤਾਂ ਸਾਡੀਆਂ ਗੋਲੀਆਂ ਲਈ ਤਿਆਰ ਹੋ ਜਾਓ।”

“ਮਜ਼ਦੂਰ ਫ਼ੌਜੀ ਭਾਈ ਭਾਈ”, ਮਜ਼ਦੂਰਾਂ ਤੇ ਜਹਾਜ਼ੀਆਂ ਦੀਆਂ ਵਾਜਾਂ ਨੇ ਗਲਵੱਕੜੀ ਪਾ ਲਈ।

ਪੁਲਸੀਆਂ ਨੂੰ ਬੰਦੂਕਾਂ ਸਮੇਟਣ ਦਾ ਹੁਕਮ ਮਿਲਿਆ।

“ਮਹਿੰਦਰ ਕਿਥੇ ਵੇ?” ਰਮਜ਼ਾਨ ਨੇ ਕਿਸੇ ਨੂੰ ਪੁੱਛਿਆ।

ਸਵਾਰੀਆਂ ਵਿਚੋਂ ਕਿਸੇ ਨੇ ਰਮਜ਼ਾਨ ਨੂੰ ਆ ਕੇ ਕਿਹਾ, “ਇਕ ਮੁੰਡਾ ਇੰਜਨ ਕੋਲ ਡਿੱਗਿਆ ਪਿਆ ਵੇ—ਪੁਲਸੀਆਂ ਨੇ ਉਹਨੂੰ ਬੜਾ ਮਾਰਿਆ ਏ।” ਮਜ਼ਦੂਰ ਤੇ ਫ਼ੌਜੀ ਇੰਜਨ ਵੱਲ ਨੱਸ ਪਏ।

ਇੰਜਨ ਦੁਆਲੇ ਸਿਪਾਹੀਆਂ ਦਾ ਪਹਿਰਾ ਲੱਗਿਆ ਹੋਇਆ ਸੀ। ਮਹਿੰਦਰ ਜ਼ਮੀਨ ਤੇ ਡਿੱਗਾ ਹੋਇਆ ਸੀ, ਤੇ ਬੜਾ ਰੋ ਰਿਹਾ ਸੀ, “ਜੇ ਬਾਪੂ ਮੈਨੂੰ ਲੱਡੂਆਂ ਦਾ ਥਾਲ ਵੀ ਲਿਆ ਕੇ ਦਊ, ਤਾਂ ਵੀ ਮੈਂ ਉਹਦੇ ਨਾਲ ਨਹੀਂ ਕੂਣਾ। …ਵੇਖ, ਚਾਚਾ ਮੈਨੂੰ ਸਿਪਾਹੀਆਂ ਨੇ ਕਿੰਨਾ ਮਾਰਿਆ ਏ। ...ਬੇਲੀਓ, ਮੇਰੇ ਨਾਲ ਖੇਡੋਗੇ ਨਾ! ਚਾਚਾ, ਰਮਜ਼ਾਨ ਚਾਚਾ ਆ, ਮੇਰਾ ਮੁੱਕਾ ਵੱਟੀਂ, ਚਾਚਾ ਜ਼ੋਰ ਦੀ। ਬੋਲਦੇ ਨਹੀਂ ਤੁਸੀਂ, ਉੱਚੀ ਸਾਰੀ ਕਹੋ ਨਾ—‘ਰੇਲ ਕਾ ਪਹੀਆ’...।” ਉਹਦੇ ਕੋਲ ਲਹੂ ਦੀ ਛੱਪੜੀ ਲੱਗੀ ਹੋਈ ਸੀ।

ਫਤੂ ਦਾ ਤੋਤਾ ਮੁਲਾਇਮ ਨਜ਼ਰਾਂ ਨਾਲ ਮਹਿੰਦਰ ਨੂੰ ਤੱਕਣ ਲੱਗ ਪਿਆ। ਗਿੱਲੀ ਤੇ ਚਾਨਣੀ ਚੁੱਪ ਸਾਰਿਆਂ ’ਤੇ ਛਾ ਗਈ। ਅੱਥਰੂਆਂ ਨਾਲ ਗਿੱਲੀ, ਕਾਮਿਆਂ ਦੀ ਤਾਕਤ ਦੀ ਸੂਝ ਨਾਲ ਚਾਨਣੀ।

[1946]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •