Ral Mil Hambhla Maariye, Phir Ton Khire Gulzar (Punjabi Article): Labh Singh Shergill
ਰਲ਼ ਮਿਲ਼ ਹੰਭਲਾ ਮਾਰੀਏ, ਫਿਰ ਤੋਂ ਖਿੜੇ ਗੁਲਜ਼ਾਰ (ਲੇਖ) : ਲਾਭ ਸਿੰਘ ਸ਼ੇਰਗਿੱਲ
ਮਿਹਨਤ ਮੁਸ਼ੱਕਤਾਂ ਕਰਨ, ਖੁੱਲ੍ਹੇ ਜੁੱਸਿਆਂ ਦੇ ਮਾਲਕ, ਦਿਲ ਖੋਲ੍ਹ ਕੇ ਦਾਨੀ, ਦੁੱਖ-ਸੁੱਖ ਦੇ ਸਾਂਝੀ, ਮਿਲ-ਜੁਲ ਕੇ ਹਰ ਕਾਰਜ ਨੇਪਰੇ ਚਾੜ੍ਹਨ,ਪੰਜ ਦਰਿਆਵਾਂ ਦੇ ਵਾਸੀ, ਕੁਦਰਤ ਨਾਲ਼ ਨੇੜਤਾ ਰੱਖਣ ਵਾਲ਼ੇ , ਰੁੱਖੀ-ਮਿੱਸੀ ਖਾ ਕੇ ਰੱਬ ਦਾ ਸ਼ੁਕਰ ਕਰਨ ਵਾਲ਼ੇ, ਨੂੰਹ ਧੀ ਦੇ ਰਾਖੇ, ਸੱਚ ਲਈ ਕੁਰਬਾਨ ਹੋਣ ਵਾਲ਼ੇ, ਧਰਮ 'ਤੇ ਪਹਿਰਾ ਦੇਣ ਵਾਲ਼ੇ ਉਹ ਦਿਲਾਂ ਦੇ ਸੱਚੇ ਸੁੱਚੇ ਅਤੇ ਸਾਦਗੀ ਦੇ ਧਾਰਨੀ ਲੋਕ ਕਿੱਧਰ ਗੁਆਚ ਗਏ ਹਨ। ਅੱਜ ਸਾਡਾ ਹੱਸਦਾ ਵਸਦਾ ਪੰਜਾਬ ਕਿਹੜੀਆਂ ਭੈੜੀਆਂ ਨਜ਼ਰਾਂ ਦੀ ਪਕੜ 'ਚ ਆ ਗਿਆ ਹੈ। ਅੱਜ ਜਿਸ ਪਾਸੇ ਵੀ ਦੇਖਦੇ -ਸੁਣਦੇ ਹਾਂ। ਨਸ਼ਾ, ਲੁੱਟਾਂ-ਖੋਹਾਂ, ਮਾਰਧਾੜ, ਹਿੰਸਾ, ਗੈਂਗਸਟਰਾਂ ਦਾ ਸਾਇਆ ਆਦਿ ਇਹ ਕੁੱਝ ਹੀ ਵਾਪਰ ਰਿਹਾ ਹੈ। ਸ਼ਾਇਦ ਸਾਡੇ ਬਜ਼ੁਰਗਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਘੁੱਗ ਵਸਦੇ ਰੰਗਲੇ ਪੰਜਾਬ ਨੂੰ ਭੈੜੀਆਂ ਨਜ਼ਰਾਂ ਖਾ ਜਾਣਗੀਆਂ। ਸਾਡੇ ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਇਹ ਧਰਤ ਅੱਜ ਅਜਿਹੇ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਜਿਸ ਦਾ ਕੋਈ ਹੱਲ ਨਹੀਂ ਦਿਸ ਰਿਹਾ। ਨਸ਼ੇ ਦੇ ਸੌਦਾਗਰ ਸ਼ਰੇਆਮ ਨਸ਼ੇ ਦੀ ਸਪਲਾਈ ਕਰ ਰਹੇ ਹਨ। ਸਰਕਾਰ, ਪ੍ਰਸ਼ਾਸਨ ਨੇ ਜਿਵੇਂ ਅੱਖਾਂ 'ਤੇ ਪੱਟੀ ਬੰਨ੍ਹ ਰੱਖੀ ਹੈ ਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਦਿੱਤਾ ਗਿਆ ਹੈ। ਕੋਈ ਜੋ ਮਰਜ਼ੀ ਤੇ ਜਿਵੇਂ ਮਰਜ਼ੀ ਕਰੇ ਅਰਾਜਕਤਾ ਵਾਲ਼ੀ ਸਥਿਤੀ ਨਜ਼ਰ ਆ ਰਹੀ ਹੈ। ਕਿਸੇ ਦੀ ਕੋਈ ਸੁਣਵਾਈ ਨਹੀਂ। ਭ੍ਰਿਸ਼ਟਾਚਾਰ ਹੱਦਾਂ ਪਾਰ ਕਰਦਾ ਜਾ ਰਿਹਾ ਹੈ। ਉਤੋਂ ਆਮ ਆਦਮੀ ਦਾ ਮਹਿੰਗਾਈ ਨੇ ਕਚੂੰਮਰ ਕੱਢ ਰੱਖਿਆ ਹੈ। ਨੌਜਵਾਨ ਵਿਹਲੇ ਫਿਰਦੇ ਹਨ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਪੜ੍ਹਾਈ 'ਤੇ ਕੀਤੇ ਖ਼ਰਚ ਦੀ ਭਰਪਾਈ ਨਾ ਹੋਣ ਕਾਰਨ ਨੌਜਵਾਨ ਬੇਚੈਨੀ ਦੇ ਆਲਮ ਵਿੱਚ ਘਿਰਦੇ ਜਾ ਰਹੇ ਹਨ।
ਨਿਰਾਸ਼,ਬੇਚੈਨ ਤੇ ਵਿਹਲੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੁੱਝ ਸ਼ੈਤਾਨੀ ਦਿਮਾਗ ਆਪਣੇ ਚੁੰਗਲ ਵਿੱਚ ਫਸਾ ਰਹੇ ਹਨ ਅਤੇ ਉਹ ਇਸ ਵਿੱਚ ਕਾਮਯਾਬ ਵੀ ਹੋ ਰਹੇ ਹਨ। ਛੋਟੇ ਤੇ ਨਾਸਮਝ ਬੱਚਿਆਂ ਨੂੰ ਮਸਤੀ-ਮਸਤੀ 'ਚ ਇਸ ਨਸ਼ਿਆਂ ਦੀ ਦਲਦਲ ਵਿੱਚ ਧਕੇਲਿਆ ਜਾ ਰਿਹਾ ਹੈ। ਡਰਦੇ ਮਾਪੇ ਆਪਣੀਆਂ ਜਾਇਦਾਦਾਂ ਵੇਚ ਕੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਭੇਜ ਰਹੇ ਹਨ। ਪੰਜਾਬ ਨੌਜਵਾਨੀ ਤੇ ਪ੍ਰਤਿਭਾਸ਼ਾਲੀ ਦਿਮਾਗਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ ਜੋ ਭਵਿੱਖ ਲਈ ਖ਼ਤਰੇ ਦੀ ਨਿਸ਼ਾਨੀ ਹੈ। ਕੰਮ ਕਰਨ ਦਾ ਰੁਝਾਨ ਖ਼ਤਮ ਹੋ ਰਿਹਾ ਹੈ। ਵੱਡਿਆਂ ਦੀਆਂ ਸੇਧ ਦੇਣ ਵਾਲ਼ੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਤੇ ਇਹ ਨਾ ਹੋਵੇ ਕਿ ਜਿਹੜਾ ਮਾੜਾ ਮੋਟਾ ਖੁਸ਼ਹਾਲ ਦਿਸ ਰਿਹਾ ਇਹ ਸੂਬਾ, ਵਿਰਾਨੇ ਦਾ ਸ਼ਿਕਾਰ ਨਾ ਹੋ ਜਾਵੇ।
ਅੱਜ ਛੋਟੇ ਵਪਾਰੀ, ਉਦਯੋਗਪਤੀ ਤੇ ਥੋੜ੍ਹੇ ਚੰਗੇ ਰੱਜਦੇ ਪੁੱਜਦੇ ਡਰ ਦੇ ਸਾਏ ਹੇਠ ਜੀਅ ਰਹੇ ਹਨ। ਆਏ ਦਿਨ ਇਨ੍ਹਾਂ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਨਾ ਉਠਾਉਣ ਕਰਕੇ ਇਨ੍ਹਾਂ ਮਾੜੇ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਇੱਥੋਂ ਹੌਲ਼ੀ ਹੌਲ਼ੀ ਵਪਾਰੀਆਂ ਦਾ ਪਾਸਾ ਵੱਟ ਜਾਣਾ ਲੱਗਭੱਗ ਯਕੀਨਨ ਹੈ।
ਇਸ ਤੋਂ ਇਲਾਵਾ ਰਾਹ ਜਾਂਦਾ ਇਕੱਲਾ-ਦੁਕੱਲਾ ਆਦਮੀ ਵੀ ਸੁਰੱਖਿਅਤ ਨਹੀਂ ਹੈ ਪਤਾ ਨਹੀਂ ਕਦੋਂ ਲੁਟੇਰੇ ਉਸ ਨੂੰ ਲੁੱਟ ਲੈਣ ਤੇ ਸੱਟ ਫੇਟ ਮਾਰ ਜਾਣ। ਅਜਿਹੇ ਅਨਸਰਾਂ 'ਤੇ ਲਗਾਮ ਕੱਸਣੀ ਅਤਿ ਜ਼ਰੂਰੀ ਹੈ। ਮਰਹੂਮ ਸੁਰਜੀਤ ਪਾਤਰ ਨੇ ਕਦੇ ਪੰਜਾਬ ਦਾ ਫ਼ਿਕਰ ਕਰਦਿਆਂ ਇਹ ਸਤਰਾਂ ਰਚੀਆਂ ਸਨ:-
ਲੱਗੀ ਨਜ਼ਰ ਪੰਜਾਬ ਨੂੰ,
ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ
ਏਹਦੇ ਸਿਰ ਤੋਂ ਵਾਰੋ।
ਪਰ ਹੁਣ ਇਸ ਨੂੰ ਨਜ਼ਰ ਨਹੀਂ ਲੱਗੀ ਜੋ ਮਿਰਚਾਂ ਵਾਰਨ ਨਾਲ਼ ਦੂਰ ਹੋ ਜਾਵੇ । ਹੁਣ ਤਾਂ ਲੱਗਦਾ ਹੈ ਕਿ ਪੰਜਾਬ ਸੋਚੀ ਸਮਝੀ ਗਹਿਰੀ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਵਿੱਚ ਇਸ ਦੇ ਆਪਣੇ ਵੀ ਸ਼ਾਮਲ ਹਨ ਫਿਰ ਕਿੱਥੋਂ ਤੇ ਕਿਹੜੇ ਭਲੇ ਦੀ ਗੱਲ ਕਰ ਸਕਦੇ ਹਾਂ ? ਹੁਣ ਤਾਂ ਸਾਰੇ ਪਾਸੇ ਪਿੰਡਾਂ,ਸ਼ਹਿਰਾਂ, ਕਸਬਿਆਂ ਆਦਿ ਵਿੱਚ ਜਿੱਥੇ ਵੀ ਚਾਰ ਲੋਕ ਜੁੜ ਕੇ ਬਹਿੰਦੇ ਹਨ,ਉਹ ਇਹ ਹੀ ਗੱਲਾਂ ਕਰਦੇ ਹਨ ਕਿ ਕੀ ਬਣੂੰ ਪੰਜਾਬ ਦਾ। ਜਿੱਥੋਂ ਤੱਕ ਮੇਰੀ ਨਿਮਾਣੀ ਜਿਹੀ ਸਮਝ ਹੈ, ਸ਼ਾਇਦ ਤੁਸੀਂ ਵੀ ਬਹੁਤ ਸਾਰੇ ਇਸ ਨਾਲ਼ ਸਹਿਮਤ ਹੋਵੋਗੇ ਕਿ ਜੇਕਰ ਕੋਈ ਨਾ ਕੋਈ ਹੀਲ਼ਾ ਕਰਕੇ ਵਿਹਲੇ ਨੌਜਵਾਨਾਂ ਨੂੰ ਕਿਸੇ ਕੰਮ ਧੰਦੇ ਲਾਇਆ ਜਾਵੇ ਫਿਰ ਸ਼ਾਇਦ ਵਿਗੜੇ ਹਾਲਾਤਾਂ 'ਚ ਕੁੱਝ ਸੁਧਾਰ ਦੀ ਗੁੰਜਾਇਸ਼ ਹੈ। ਇਸ ਲਈ ਸਰਕਾਰਾਂ ਨੂੰ ਰੁਜ਼ਗਾਰ ਦੇ ਹੋਰ ਵਸੀਲੇ ਉਤਪੰਨ ਕਰਨੇ ਚਾਹੀਦੇ ਹਨ। ਪਿੰਡਾਂ ਵਿੱਚ ਛੋਟੇ ਛੋਟੇ ਉਦਯੋਗਾਂ ਦਾ ਨਿਰਮਾਣ ਕਰਨ ਦੇ ਉੱਦਮ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਸਾਨੂੰ ਆਪ ਵੀ ਆਪਣੀ ਯੋਗਤਾ, ਸਮਰੱਥਾ ਅਨੁਸਾਰ ਆਪਣਾ ਕੋਈ ਕੰਮ ਆਰੰਭ ਕਰ ਲੈਣਾ ਚਾਹੀਦਾ ਹੈ। ਇੱਕ ਜੋ ਗੱਲ ਇੱਥੇ ਕਹਿਣੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਰੁਪਇਆਂ ਦੀਆਂ ਪੰਡਾਂ ਲਾ ਕੇ, ਆਪਣੀ ਜਾਇਦਾਦਾਂ ਵੇਚ ਜਾਂ ਗਹਿਣੇ ਰੱਖ ਕੇ ਵਿਦੇਸਾਂ ਵਿੱਚ ਭੇਜਦੇ ਹਾਂ ਜੇ ਉਸ ਰਕਮ ਨਾਲ ਇੱਥੇ ਹੀ ਕੋਈ ਕਾਰੋਬਾਰ ਆਰੰਭ ਕਰ ਲਿਆ ਜਾਵੇ ਤਾਂ ਸਾਡੇ ਧੀ ਪੁੱਤ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਰਹਿਣਗੇ ਤੇ ਦੁੱਖ-ਸੁੱਖ ਵੇਲ਼ੇ ਸਾਨੂੰ ਸਹਾਰਾ ਵੀ ਰਹੇਗਾ। ਭਟਕੇ ਨੌਜਵਾਨਾਂ ਨੂੰ ਨਸ਼ਾ ਕੇਂਦਰਾਂ ਦੀ ਨਹੀਂ ਕੌਂਸਲਿੰਗ ਕੇਂਦਰਾਂ ਦੀ ਜ਼ਿਆਦਾ ਜ਼ਰੂਰਤ ਹੈ ਸੋ ਇਕੱਲੀਆਂ ਸਰਕਾਰਾਂ 'ਤੇ ਛੱਡ ਕੇ ਆਪਣਾ ਪੱਲਾ ਝਾੜ ਲੈਣ ਨਾਲ਼ ਗੱਲ ਨਹੀਂ ਬਣਨੀ। ਸਾਡੀਆਂ ਸਮਾਜ ਸੇਵੀ ਸੰਸਥਾਵਾਂ ਤੇ ਭਲਾ ਚਾਹੁੰਣ ਵਾਲ਼ੇ ਭੱਦਰਪੁਰਸ਼ਾਂ ਨੂੰ ਅੱਗੇ ਆਉਣਾ ਪਵੇਗਾ। ਸਾਰਿਆਂ ਨੂੰ ਰਲ਼ ਕੇ ਹੰਭਲਾ ਮਾਰਨਾ ਪਵੇਗਾ ਤਾਂ ਹੀ ਅਸੀਂ ਬੇਰੰਗ ਹੋਏ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਉਣ ਵੱਲ ਤੋਰ ਸਕਾਂਗੇ। ਸੱਚ ਤੇ ਹਾਲਾਤ ਬਿਆਨ ਕਰਦੀਆਂ ਕੁੱਝ ਸਤਰਾਂ ਵੀ ਇਹ ਕਲਮ ਕਹਿਣ ਲਈ ਆਤੁਰ ਹੈ:-
ਚੰਦਰੀ ਸਿਆਸਤ ਨੇ ਖਾ ਲਿਆ,
ਰੰਗਲਾ ਇਹ ਪੰਜਾਬ।
ਰਲ਼ ਮਿਲ਼ ਹੰਭਲਾ ਮਾਰੀਏ,
ਫਿਰ ਤੋਂ ਖਿੜੇ ਗੁਲਜ਼ਾਰ।