Punjabi Stories/Kahanian
ਜਸਬੀਰ ਭੁੱਲਰ
Jasbir Bhullar
Punjabi Kavita
  

Richh Ate Chatte Hoye Pair

ਰਿੱਛ ਅਤੇ ਚੱਟੇ ਹੋਏ ਪੈਰ (ਅਸਲੀਅਤ) ਜਸਬੀਰ ਭੁੱਲਰ

ਅਗਲੇ ਮੋਰਚਿਆਂ ਦੀਆਂ ਥੁੜਾਂ ਖੱਚਰਾਂ ਨੂੰ ਉਡੀਕ ਰਹੀਆਂ ਸਨ। ਖੱਚਰ ਅਜੇ ਯੂਨਿਟ ਵਿੱਚੋਂ ਤੁਰੇ ਨਹੀਂ ਸਨ। ਉਨ੍ਹਾਂ ਦੇ ਪੌੜਾਂ ਨੇ ਰਾਹਾਂ ਦੀ ਬਰਫ਼ ਨੂੰ ਹਾਲੇ ਲਿਤਾੜਨਾ ਸੀ।
ਹਮੇਸ਼ਾਂ ਵਾਂਗੂੰ ਉਸ ਸਵੇਰ ਵੀ ਮੌਸਮ ਬਾਰੇ ਕੁਝ ਨਵਾਂ ਨਹੀਂ ਸੀ। ਬਰਫ਼ ਨੇ ਵਰ੍ਹਨਾ ਸੀ, ਰੁਕਣਾ ਸੀ ਤੇ ਫੇਰ ਵਰ੍ਹਨਾ ਸੀ।
ਖੱਚਰ ਬਰਫ਼ ਉੱਤੇ ਕਤਾਰ ਬੰਨ੍ਹੀ ਖਲੋਤੇ ਹੋਏ ਸਨ। ਬਰਫ਼ ਗਿੱਟੇ ਗਿੱਟੇ ਹੋਵੇ ਜਾਂ ਲੱਕ ਲੱਕ, ਉਨ੍ਹਾਂ ਬਾਰੂਦ-ਸਿੱਕਾ ਅਤੇ ਰਸਦ ਲੈ ਕੇ ਅਗਲੇ ਮੋਰਚਿਆਂ ਤਕ ਹਰ ਹਾਲਤ ਵਿੱਚ ਪਹੁੰਚਣਾ ਸੀ।
ਰਾਤ ਦੀ ਬਰਫ਼ਬਾਰੀ ਸਵੇਰ ਹੋਣ ਤਕ ਹੰਭ ਗਈ ਸੀ। ਮੌਸਮ ਕੁਝ ਕੁਝ ਸਾਫ਼ ਸੀ, ਪਰ ਸੂਰਜ ਨਿੱਤ ਵਾਂਗਰ ਗ਼ੈਰਹਾਜ਼ਰ ਸੀ। ਸੂਰਜ ਲੁੰਗਥੂ ਦੇ ਪਹਾੜਾਂ ਨੂੰ ਧੁੱਪ ਦੇਣ ਆਉਂਦਾ ਵੀ ਨਹੀਂ ਸੀ। ਇੱਕ ਜੁਆਨ ਦੋ ਖੱਚਰਾਂ ਨੂੰ ਡਿਊਟੀ ਉੱਤੇ ਲੈ ਕੇ ਜਾਂਦਾ ਸੀ। ਮੇਰੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਆਪੋ ਆਪਣੀਆਂ ਖੱਚਰਾਂ ਦਾ ਮੁਆਇਨਾ ਕਰ ਲਿਆ ਸੀ। ਕਾਠੀ ਦੇ ਚਮੜੇ ਦੀ ਨਿਰਖ-ਪਰਖ ਕਰ ਕੇ ਉਨ੍ਹਾਂ ਖੱਚਰਾਂ ਦੇ ਤੰਗ ਨੂੰ ਮੁੜ ਕੱਸ ਲਿਆ ਸੀ। ਪਿਛਲੇ ਖੱਚਰ ਦੇ ਲਗਾਮ ਨੂੰ ਅਗਲੇ ਖੱਚਰ ਦੀ ਕਾਠੀ ਨਾਲ ਬੰਨ੍ਹ ਕੇ ਉਹ ਆਪੋ ਆਪਣੀ ਖੱਚਰ ਦੇ ਖੱਬੇ ਪਾਸੇ ਖਲੋ ਗਏ ਸਨ। ਖੱਚਰਾਂ ਦੇ ਹੇਠਲੀ ਬਰਫ਼ ਉਨ੍ਹਾਂ ਦੇ ਖੁਰਾਂ ਨਾਲ ਚਿੱਕੜ ਬਣੀ ਹੋਈ ਸੀ। ਰਿਪੋਰਟ ਲੈਣ ਪਿੱਛੋਂ ਰਸਾਲਦਾਰ ਭੰਡਾਰੀ ਨੇ ਪਰੇਡ ਨੂੰ ਦੋ ਕਦਮ ਅੱਗੇ ਚੱਲਣ ਦਾ ਹੁਕਮ ਦਿੱਤਾ।
ਤਾਜ਼ੀ ਬਰਫ਼ ਉੱਤੇ ਖਲੋਤੇ ਹੋਏ ਸਾਰੇ ਸਾਫ਼ ਸੁਥਰੇ ਦਿਸਣ ਲੱਗ ਪਏ। ਮਨਫ਼ੀ ਤਾਪਮਾਨ ਕਾਰਨ ਰਸਾਲਦਾਰ ਭੰਡਾਰੀ ਦੇ ਸਾਹ ਬਰਫ਼ ਦੇ ਨਿੱਕੇ ਨਿੱਕੇ ਮੋਤੀ ਬਣ ਕੇ ਮੁੱਛਾਂ ਦੇ ਵਾਲਾਂ ਉੱਤੇ ਜੰਮ ਗਏ ਸਨ। ਮੈਨੂੰ ਆਉਂਦਿਆਂ ਵੇਖ ਕੇ ਉਸ ਕਾਹਲੀ ਕਾਹਲੀ ਮੁੱਛਾਂ ਪੂੰਝ ਲਈਆਂ। ਨਿਰੀਖਣ ਪਿੱਛੋਂ ਮੈਂ ਖੱਚਰਾਂ ਦੇ ਕੂਚ ਦਾ ਹੁਕਮ ਦੇ ਦਿੱਤਾ।
ਪਿੱਛੇ ਰਹਿ ਗਏ ਸੈਨਿਕ ਬਾਕੀ ਖੱਚਰਾਂ ਦੀ ਮਾਲਸ਼-ਪਰੇਡ ਲਈ ਚਲੇ ਗਏ।
ਭਾਰ ਨਾਲ ਲੱਦੀਆਂ ਹੋਈਆਂ ਖੱਚਰਾਂ ਵਲ-ਵਲੇਵੇਂ ਖਾਂਦੀ ਪਗਡੰਡੀ ਦੇ ਰਾਹ ਤੁਰੀਆਂ ਜਾ ਰਹੀਆਂ ਸਨ। ਮੈਂ ਉਨ੍ਹਾਂ ਵੱਲੋਂ ਧੌਣ ਮੋੜ ਕੇ ਰਸਾਲਦਾਰ ਭੰਡਾਰੀ ਨੂੰ ਪੁੱਛਿਆ, ‘‘ਸਾਹਬ! ਕੀ ਖ਼ਬਰ ਹੈ?’’
‘‘ਸਰ? ਰਾਤੀਂ ਦਾਣਾ ਰੂਮ ਵਿੱਚ ਇੱਕ ਰਿੱਛ ਆਣ ਵੜਿਆ ਹੈ।’’
‘‘ਰਿੱਛ?’’
‘‘ਜੀ ਸਰ!’’
‘‘ਪਹਿਲੋਂ ਕਿਉਂ ਰਿਪੋਰਟ ਨਹੀਂ ਕੀਤੀ?’’
‘‘ਸਰ! ਯੂਨਿਟ ਬਾਰੇ ਰਿਪੋਰਟ ਤਾਂ ਮੈਂ ਖੱਚਰਾਂ ਦੇ ਕੂਚ ਤੋਂ ਬਾਅਦ ਹੀ ਦੇਣੀ ਸੀ।’’
‘‘ਓ.ਕੇ.!’’
ਅਸੀਂ ਦੋਵੇਂ ਦਾਣਾ ਰੂਮ ਵੱਲ ਚੱਲ ਪਏ। ਦਫ਼ੇਦਾਰ ਹੰਸ ਰਾਜ ਵੀ ਦੌੜ ਕੇ ਸਾਨੂੰ ਆਣ ਮਿਲਿਆ।
ਉਸ ਵੇਲੇ ਰਿੱਛ ਭੂਤਰਿਆ ਹੋਇਆ ਸੀ। ਉਹ ਰੱਜ ਚੁੱਕਿਆ ਸੀ। ਵਾਪਸ ਪਰਤਣ ਵੇਲੇ ਉਹ ਬੰਦ ਬੂਹੇ ਨੂੰ ਠੁੱਡੇ ਮਾਰਨ ਲੱਗ ਪਿਆ ਸੀ। ਬੰਦ ਬੂਹੇ ਨੇ ਨਾ ਖੁੱਲ੍ਹਣਾ ਸੀ ਤੇ ਨਾ ਹੀ ਖੁੱਲ੍ਹਿਆ। ਉਹਦੀਆਂ ਟੱਕਰਾਂ ਨਾਲ ਟੀਨ ਦਾ ਉਹ ਪੂਰਾ ਢਾਂਚਾ ਹੀ ਹਿੱਲ ਰਿਹਾ ਸੀ। ਕਿੱਧਰੇ ਦਾਣਾ ਰੂਮ ਦਾ ਢਾਂਚਾ ਜ਼ਮੀਨ ਵਿੱਚੋਂ ਉਖੜ ਕੇ ਡਿੱਗ ਹੀ ਨਾ ਪਵੇ।
ਵਾਦੀ ਵੱਲੋਂ ਉਹ ਰਿੱਛ ਪਹਿਲੋਂ ਵੀ ਕਦੇ ਕਦਾਈਂ ਉਸ ਯੂਨਿਟ ਵਿੱਚ ਆਉਂਦਾ ਸੀ। ਉਹ ਢਿੱਡ ਭਰਦਾ ਸੀ ਤੇ ਚਲਿਆ ਜਾਂਦਾ ਸੀ। ਪਿਛਲੀ ਰਾਤ ਇੱਕ ਸੰਤਰੀ ਨੇ ਉਹਨੂੰ ਦਾਣਾ ਰੂਮ ਵਿੱਚ ਵੜਦਿਆਂ ਵੇਖ ਲਿਆ ਸੀ। ਦਾਣਾ ਰੂਮ ਦੇ ਬੂਹੇ ਨੂੰ ਕੋਈ ਕੁੰਡੀ ਨਹੀਂ ਸੀ। ਖੁੱਲ੍ਹੇ ਹੋਏ ਪੱਲਿਆਂ ਨਾਲ ਲੋਹੇ ਦੀਆਂ ਤਾਰਾਂ ਲਟਕ ਰਹੀਆਂ ਸਨ। ਸੰਤਰੀ ਨੇ ਅਗਾਂਹ ਹੋ ਕੇ ਫੁਰਤੀ ਨਾਲ ਬੂਹਾ ਬੰਦ ਕਰ ਦਿੱਤਾ ਤੇ ਦੋਵਾਂ ਤਾਰਾਂ ਨੂੰ ਇਕੱਠਿਆਂ ਫੜ ਕੇ ਮਰੋੜਾ ਚਾੜ੍ਹ ਦਿੱਤਾ।
ਦਾਣਾ ਰੂਮ ਨੂੰ ਨਾ ਕੋਈ ਬਾਰੀ ਸੀ ਤੇ ਨਾ ਕੋਈ ਝਰੋਖਾ। ਰਿੱਛ ਕੁਝ ਸ਼ਾਂਤ ਹੋਇਆ ਤਾਂ ਮੈਂ ਝੀਤਾਂ ਥਾਣੀਂ ਅੰਦਰ ਝਾਕਣ ਦਾ ਯਤਨ ਕੀਤਾ। ਹਨੇਰੇ ਤੋਂ ਬਿਨਾਂ ਮੈਨੂੰ ਕੁਝ ਵੀ ਨਾ ਦਿਸਿਆ।
ਬੂਹਾ ਖੋਲ੍ਹ ਕੇ ਰਿੱਛ ਨੂੰ ਮਾਰਨਾ ਖ਼ਤਰਨਾਕ ਸੀ। ਮੈਂ ਹੁਕਮ ਚਾੜ੍ਹਿਆ, ‘‘ਭੰਡਾਰੀ ਸਾਹਬ! ਛੱਤ ਤੋਂ ਟੀਨ ਕੱਟ ਕੇ ਇੱਕ ਮਘੋਰਾ ਬਣਵਾ ਲਵੋ! ਛੱਤ ਉੱਤੇ ਚੜ੍ਹ ਕੇ ਰਿੱਛ ਨੂੰ ਸ਼ੂਟ ਕਰਨਾ ਠੀਕ ਰਹੂ। ਤੁਸੀਂ ਰਿੱਛ ਨੂੰ ਮਾਰਨ ਦੀ ਤਿਆਰੀ ਕਰੋ। ਮੈਂ ਬ੍ਰਿਗੇਡ ਵਾਲਿਆਂ ਦੇ ਕੰਨੀਂ ਗੱਲ ਪਾ ਆਵਾਂ।’’

+++
ਬ੍ਰਿਗੇਡ ਮੇਜਰ ਤੂਰ ਮੇਰੀ ਗੱਲ ਸੁਣ ਕੇ ਹੱਸ ਪਿਆ, ‘‘ਰੁੰਡ-ਮਰੁੰਡ ਪਹਾੜਾਂ ਉੱਤੇ ਰਿੱਛ ਕਿੱਥੋਂ ਆ ਗਿਆ? ਏਨੀ ਉਚਾਈ ਉੱਤੇ ਸਿਰਫ਼ ਬਰਫ਼ ਹੁੰਦੀ ਐ, ਜਾਂ ਫਿਰ ਫ਼ੌਜੀ ਹੁੰਦੇ ਨੇ।’’
‘‘ਨਹੀਂ ਸਰ! ਰਿੱਛ ਈ ਐ। ਪਹਿਲੋਂ ਵੀ ਜੰਗਲ ’ਚੋਂ ਆ ਜਾਂਦਾ ਸੀ। ਇਸ ਵਾਰ ਕਾਬੂ ਆ ਗਿਆ ਏ।’’ ਮੈਂ ਜ਼ੋਰ ਦੇ ਕੇ ਕਿਹਾ, ‘‘ਤੁਹਾਡਾ ਹੁਕਮ ਮਿਲਣ ਉੱਤੇ ਅਸੀਂ ਇੱਕ ਜਾਂ ਹੱਦ ਦੋ ਗੋਲੀਆਂ ਨਾਲ ਉਹਨੂੰ ਮਾਰ ਦਿਆਂਗੇ।’’ ‘‘ਤੂੰ ਮੇਰੇ ਫੋਨ ਦੀ ਉਡੀਕ ਕਰ। ਮੈਂ ਇਸ ਬਾਰੇ ਕਮਾਂਡਰ ਨਾਲ ਗੱਲ ਕਰ ਲਵਾਂ।’’
ਮੈਂ ਉੱਠ ਕੇ ਨਾਸ਼ਤੇ ਲਈ ਨਹੀਂ ਸਾਂ ਜਾ ਸਕਦਾ। ਮੈਨੂੰ ਬੈਠ ਕੇ ਮੇਜਰ ਤੂਰ ਦੇ ਫੋਨ ਦੀ ਉਡੀਕ ਕਰਨੀ ਪੈਣੀ ਸੀ। ਮੈਂ ਨਾਸ਼ਤਾ ਆਫਿਸ ਵਿੱਚ ਹੀ ਮੰਗਵਾ ਲਿਆ।
ਅਸੀਂ ਸਰਹੱਦ ਉੱਤੇ ਬੈਠੇ ਹੋਏ ਸਾਂ। ਸਾਹਮਣੇ ਵਾਲੇ ਦੇਸ਼ ਨਾਲ ਸਬੰਧ ਸੁਖਾਵੇਂ ਨਹੀਂ ਸਨ। ਗੋਲੀਆਂ ਦੀ ਆਵਾਜ਼ ਭੁਲੇਖੇ ਪੈਦਾ ਕਰ ਸਕਦੀ ਸੀ। ਨੇੜਲੀਆਂ ਯੂਨਿਟਾਂ ਨੂੰ ਵੀ ਇਸ ਬਾਰੇ ਦੱਸਣਾ ਜ਼ਰੂਰੀ ਸੀ। ਹੈੱਡ ਕਲਰਕ ਫੋਨ ਕਰਨ ਲੱਗ ਪਿਆ, ‘‘ਹੈਲੋ! …ਗੁੱਡ ਮਾਰਨਿੰਗ ਸਰ! ਏ.ਟੀ. ਵਾਲੇ ਅੱਜ ਗੋਲੀਆਂ ਨਾਲ ਰਿੱਛ ਮਾਰਨਗੇ। … ਗੋਲੀਆਂ ਦੀ ਗਿਣਤੀ…।’’
‘‘ਹੈਲੋ! … ਗੁੱਡ ਮਾਰਨਿੰਗ ਸਰ…!’’
‘‘ਹੈਲੋ! … ਗੁੱਡ ਮਾਰਨਿੰਗ ਸਰ…।’’
ਖ਼ਬਰ ਲੁੰਗਥੂ ਦੀ ਬਰਫ਼ੀਲੀ ਹਵਾ ਵਿੱਚ ਫੈਲ ਗਈ।
ਲੰਮੀ ਉਡੀਕ ਤੋਂ ਬਾਅਦ ਬ੍ਰਿਗੇਡ ਮੇਜਰ ਤੂਰ ਦਾ ਫ਼ੋਨ ਆਇਆ, ‘‘ਲੁੱਕ ਭੁੱਲਰ! ਕਮਾਂਡਰ ਗਿਆਰਾਂ ਕੁ ਵਜੇ ਤੇਰੀ ਯੂਨਿਟ ਵਿੱਚ ਖ਼ੁਦ ਆਉਣਗੇ ਤੇ ਰਿੱਛ ਨੂੰ ਸ਼ੂਟ ਕਰਨਗੇ। ਤੈਨੂੰ ਤਾਂ ਪਤੈ, ਉਹ ਆਪਣੇ ਵੇਲੇ ਦੇ ਨਾਮੀਂ ਸ਼ਿਕਾਰੀ ਰਹੇ ਨੇ।’’
ਮੇਰੇ ਕੰਨਾਂ ਵਿੱਚ ਸਾਂ ਸਾਂ ਹੋਣ ਲੱਗ ਪਈ। ਮੇਜਰ ਤੂਰ ਨੇ ਆਪਣੀ ਗੱਲ ਜਾਰੀ ਰੱਖੀ, ‘‘ਵੇਖ ਭੁੱਲਰ! ਹਾਲੇ ਦੋ ਘੰਟੇ ਵਿੱਚ ਨੇ। ਤੂੰ ਆਪਣੀ ਯੂਨਿਟ ਨੂੰ ਤਿਆਰੀ ਵਿੱਚ ਰੱਖ। ਇਹ ਇੱਕ ਤਰ੍ਹਾਂ ਨਾਲ ਤੇਰੀ ਯੂਨਿਟ ਦਾ ਮੁਆਇਨਾ ਹੈ। ਕੀ ਪਤਾ ਕਮਾਂਡਰ ਕੀ ਵੇਖ ਲਵੇ।’’
ਮੈਂ ਉੱਠ ਕੇ ਦਾਣਾ ਰੂਮ ਵੱਲ ਤੁਰ ਪਿਆ। ਰਿੱਛ ਦੇ ਮਾਰਨ ਦੇ ਪ੍ਰਬੰਧਾਂ ਦੀ ਤਸੱਲੀ ਮੈਨੂੰ ਖ਼ੁਦ ਕਰਨੀ ਪੈਣੀ ਸੀ। ਕਮਰੇ ਅੰਦਰ ਰਿੱਛ ਸ਼ਾਂਤ ਸੀ। ਬੱਸ ਕਦੇ ਕਦਾਈਂ ਚੰਘਾੜ ਮਾਰਦਾ ਸੀ ਤੇ ਫਿਰ ਚੁੱਪ ਪਸਰ ਜਾਂਦੀ ਸੀ।
ਦਾਣਾ ਰੂਮ ਦੀ ਛੱਤ ਨੂੰ ਪੌੜੀ ਲੱਗੀ ਹੋਈ ਸੀ। ਸਿਪਾਹੀ ਮੰਗਲ ਸਿੰਘ ਛੱਤ ਉੱਤੇ ਚੜ੍ਹਿਆ ਹੋਇਆ ਸੀ। ਉਹ ਲਿੱਦ ਇਕੱਠੀ ਕਰਨ ਵਾਲੇ ਫੌਹੜੇ ਨਾਲ ਬਰਫ਼ ਸਾਫ਼ ਕਰ ਰਿਹਾ ਸੀ। ਯੂਨਿਟ ਦੇ ਲੋਹਾਰ ਨੇ ਢਾਲਵੀਂ ਛੱਤ ਦੇ ਸਿਖਰ ਉੱਤੇ, ਟੀਨ ਦੇ ਜੋੜ ਨੂੰ ਕੱਟ ਕੇ ਮਘੋਰਾ ਬਣਾ ਦਿੱਤਾ ਸੀ। ਮੈਂ ਪੌੜੀ ਚੜ੍ਹ ਕੇ ਮਘੋਰੇ ਦਾ ਜਾਇਜ਼ਾ ਲਿਆ ਤੇ ਫਿਰ ਦਫ਼ੇਦਾਰ ਹੰਸ ਰਾਜ ਨੂੰ ਕਿਹਾ, ‘‘ਕਮਾਂਡਰ ਨੂੰ ਲੰਮੇ ਪੈ ਕੇ ਹੀ ਗੋਲੀ ਚਲਾਉਣੀ ਪਊ। ਕਿਊ ਸਟੋਰ ਵਿੱਚੋਂ ਤਿੰਨ-ਚਾਰ ਕੰਬਲ ਲਿਆ ਕੇ ਛੱਤ ਉੱਤੇ ਵਿਛਾ ਛੱਡੋ ਤਾਂ ਕਿ ਥੱਲਿਉਂ ਠੰਢ ਨਾ ਪਵੇ।’’
ਸਿਪਾਹੀ ਨੱਥੂ ਰਾਮ ਠੰਢੇ ਚੁੱਲ੍ਹੇ ਕੋਲ ਖਲੋਤਾ ਹੋਇਆ ਸੀ। ਖੱਚਰਾਂ ਲਈ ਦਾਣਾ ਉਬਾਲਣ ਵਾਲੇ ਪਤੀਲੇ ਤੇ ਡਰੰਮ ਮੂਧੇ ਪਏ ਹੋਏ ਸਨ। ਬੈਰਕਾਂ ਵਿੱਚ ਖੱਚਰ ਭੁੱਖੇ ਖੜ੍ਹੇ ਸਨ। ਰਿੱਛ ਨੂੰ ਮਾਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਭੋਜਨ ਮਿਲਣਾ ਸੀ।

+++
ਬ੍ਰਿਗੇਡੀਅਰ ਸਿਨਹਾ ਦੇ ਦੌਰੇ ਦੀ ਖ਼ਬਰ ਪੂਰੀ ਯੂਨਿਟ ਵਿੱਚ ਫੈਲ ਗਈ। ਕੌਣ ਜਾਣੇ ਯੂਨਿਟ ਵਿੱਚੋਂ ਲੰਘਦਾ ਲੰਘਦਾ ਕਮਾਂਡਰ ਕੀ ਵੇਖ ਲਵੇ, ਕੀ ਪੁੱਛ ਲਵੇ।
ਖੱਚਰਾਂ ਦੇ ਤਬੇਲੇ ਵਿੱਚੋਂ ਮਲ-ਮੂਤਰ ਮੁੜ ਸਾਫ਼ ਹੋਣ ਲੱਗ ਪਿਆ। ਗੰਦੀਆਂ ਥਾਵਾਂ ਉੱਤੇ ਸੈਨਿਕ ਚੂਨਾ ਤ੍ਰੌਕਣ ਲੱਗ ਪਏ। ਇਹ ਵੀ ਗਨੀਮਤ ਹੀ ਸੀ ਕਿ ਯੂਨਿਟ ਨੂੰ ਬਰਫ਼ ਨੇ ਢੱਕਿਆ ਹੋਇਆ ਸੀ। ਬਰਫ਼ ਹੇਠਾਂ ਕਿੰਨਾ ਕੁ ਗੰਦ ਸੀ, ਕੌਣ ਜਾਣੇ। ਬੈਰਕਾਂ ਪਹਿਲਾਂ ਹੀ ਸਾਫ਼ ਸਨ। ਉੱਥੇ ਕਿਹੜੀ ਬਾਹਰੋਂ ਮਿੱਟੀ ਆਉਣੀ ਸੀ। ਪਰ ਬੁਖ਼ਾਰੀਆਂ ਦੇ ਬਲਦੇ ਰਹਿਣ ਕਾਰਨ ਹਰ ਸ਼ੈਅ ਉੱਤੇ ਕਾਲਖ ਪੁਤੀ ਹੋਈ ਸੀ। ਇਸ ਕਾਲਖ ਦਾ ਕੋਈ ਕੁਝ ਨਹੀਂ ਸੀ ਕਰ ਸਕਦਾ।
ਮੈਂ ਰਜਿਸਟਰਾਂ ਉੱਤੇ ਦਸਤਖ਼ਤ ਕਰਦਾ ਕਰਦਾ ਥੱਕ ਗਿਆ ਸਾਂ। ਸੀਨੀਅਰ ਜੇ.ਸੀ.ਓ., ਹੈੱਡ ਕਲਰਕ, ਕੁਆਟਰ ਮਾਸਟਰ, ਕੋਤ ਐੱਨ.ਸੀ.ਓ. ਅਤੇ ਹੋਰ ਪਤਾ ਨਹੀਂ ਕਿਹੜਾ ਕਿਹੜਾ ਰਜਿਸਟਰਾਂ ਦੇ ਥੱਬੇ ਚੁੱਕੀ ਮੇਰੇ ਆਫਿਸ ਵਿੱਚ ਆਣ ਖਲੋਤਾ ਸੀ। ਅਚਨਚੇਤੀ ਟੈਲੀਫੋਨ ਦੀ ਘੰਟੀ ਖੜਕੀ। ਮੈਂ ਪੈੱਨ ਮੇਜ਼ ਉੱਤੇ ਰੱਖ ਕੇ ਰਿਸੀਵਰ ਚੁੱਕ ਲਿਆ। ਪ੍ਰੇਸ਼ਾਨੀ ਦੀਆਂ ਲਕੀਰਾਂ ਮੇਰੇ ਮੱਥੇ ਉੱਤੇ ਗੂੜ੍ਹੀਆਂ ਹੋ ਗਈਆਂ। ਮੈਂ ਇਸ਼ਾਰੇ ਨਾਲ ਸਾਰਿਆਂ ਨੂੰ ਆਫ਼ਿਸ ਤੋਂ ਬਾਹਰ ਜਾਣ ਲਈ ਆਖਿਆ।
‘‘ਸਰ! …ਯੈੱਸ ਸਰ! …ਯੈੱਸ ਸਰ! …ਸ਼ੁਅਰ ਸਰ।’’
ਬ੍ਰਿਗੇਡੀਅਰ ਸਿਨਹਾ ਦੇ ਫੋਨ ਤੋਂ ਪਿੱਛੋਂ ਮੈਨੂੰ ਜਾਪਿਆ, ਮੈਂ ਬੈਠਾ ਬਿਠਾਇਆ ਦੁਸ਼ਮਣ ਦੀ ਘਾਤ ਵਿੱਚ ਫਸ ਗਿਆ ਸਾਂ ਤੇ ਮੇਰੇ ਲਈ ਗੋਲੀਆਂ ਦੀ ਬੁਛਾੜ ਤੋਂ ਬਚਣ ਦੇ ਸਾਰੇ ਰਾਹ ਗੁਆਚ ਗਏ ਸਨ।
ਮੈੱਸ ਵੇਟਰ ਮੇਰੇ ਵਿਹਲੇ ਹੋਣ ਦੀ ਉਡੀਕ ਵਿੱਚ ਨਾਸ਼ਤਾ ਲਈ ਖੜ੍ਹਾ ਸੀ। ਉਹਨੇ ਅੱਕ ਕੇ ਢਕੀ ਹੋਈ ਸਟੀਲ ਪਲੇਟ ਬੁਖਾਰੀ ਉੱਤੇ ਰੱਖ ਦਿੱਤੀ ਸੀ ਤਾਂ ਕਿ ਨਾਸ਼ਤਾ ਗਰਮ ਰਹੇ।
ਮੈਂ ਵੇਟਰ ਨੂੰ ਕਿਹਾ, ‘‘ਮੈਨੂੰ ਕੌਫ਼ੀ ਦੇਵੀਂ।
‘‘ਸਰ, ਤੁਸੀਂ ਸਵੇਰ ਦਾ ਕੁਝ ਨਹੀਂ ਖਾਧਾ, ਥੋੜ੍ਹਾ ਜਿਹਾ ਕੁਝ ਖਾ ਵੀ ਲਵੋ।’’
‘‘ਠੀਕ ਐ।’’ ਮੈਂ ਥੱਕੀ ਆਵਾਜ਼ ਵਿੱਚ ਆਖਿਆ, ‘‘ਸਾਰਿਆਂ ਨੂੰ ਵਾਪਸ ਭੇਜ ਦੇ। ਮੈਂ ਅੱਜ ਕੋਈ ਹੋਰ ਰਜਿਸਟਰ ਸਾਈਨ ਨਹੀਂ ਕਰਨਾ।’’

+++
ਬ੍ਰਿਗੇਡੀਅਰ ਸਿਨਹਾ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਸੀ ਉਹਨੇ ਡਿਵੀਜ਼ਨ ਦੇ ਕਮਾਂਡਰ ਨੂੰ ਹਿਮਾਲੀਅਨ ਰਿੱਛ ਸ਼ੂਟ ਕਰਨ ਦਾ ਸੱਦਾ ਦੇ ਦਿੱਤਾ। ਇਹ ਦੁਰਲੱਭ ਅਵਸਰ ਸੀ। ਡਿਵੀਜ਼ਨ ਕਮਾਂਡਰ ਨੇ ਪੂਰੇ ਉਤਸ਼ਾਹ ਨਾਲ ਹੁੰਗਾਰਾ ਭਰਿਆ ਸੀ। ਉਹਨੇ ਵਾਅਦਾ ਕੀਤਾ ਸੀ ਕਿ ਉਹ ਰੁਟੀਨ ਵਾਲੇ ਕੰਮ ਮੁਕਾਅ ਕੇ ਹੈਲੀਕਾਪਟਰ ਰਾਹੀਂ ਦੁਪਹਿਰ ਤਾਈਂ ਪਹੁੰਚ ਜਾਵੇਗਾ।
ਬ੍ਰਿਗੇਡੀਅਰ ਸਿਨਹਾ ਨੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਸੀ, ‘‘ਜੀ.ਓ.ਸੀ. ਤੇਰੇ ਕੋਲ ਲੰਚ ਨਹੀਂ ਲੈਣਗੇ। ਹਾਂ, ਇੱਕ-ਦੋ ਡਰਿੰਕਸ ਵਾਸਤੇ ਭਾਵੇਂ ਰੁਕ ਜਾਣ।’’
ਮੇਜਰ ਜਨਰਲ ਸਤਬੀਰ ਸਿੰਘ ਕਿਹੜੀ ਸ਼ਰਾਬ ਪੀਂਦਾ ਸੀ? ਮੈਂ ਨਹੀਂ ਸਾਂ ਜਾਣਦਾ। ਇਹ ਗੱਲ ਮੈਂ ਬ੍ਰਿਗੇਡ ਕਮਾਂਡਰ ਨੂੰ ਨਹੀਂ ਸਾਂ ਪੁੱਛ ਸਕਦਾ। ਮੈਨੂੰ ਆਪਣੇ ਕੋਰਸਮੇਟ ਕੈਪਟਨ ਜੋਸ਼ੀ ਦਾ ਖ਼ਿਆਲ ਆਇਆ। ਪਿਛਲੇ ਦਿਨੀਂ ਹੀ ਜਨਰਲ ਸਤਬੀਰ ਸਿੰਘ ਨੇ ਉਨ੍ਹਾਂ ਦੀ ਪਲਟਨ ਦਾ ਮੁਆਇਨਾ ਕੀਤਾ ਸੀ। ਉਹਨੂੰ ਜੀ.ਓ.ਸੀ. ਦੀ ਡਰਿੰਕ ਦਾ ਜ਼ਰੂਰ ਪਤਾ ਹੋਵੇਗਾ।
ਮੈਂ ਤਾਬੜਤੋੜ ਕੈਪਟਨ ਜੋਸ਼ੀ ਨੂੰ ਫ਼ੋਨ ਕੀਤਾ। ਉਹ ਡੋਗਰਾ ਬਟਾਲੀਅਨ ਦਾ ਐਡਜੂਟੈਂਟ ਸੀ। ਜੋਸ਼ੀ ਮੇਰੀ ਗੱਲ ਸੁਣ ਕੇ ਹੱਸਿਆ, ‘‘ਤੂੰ ਹਮੇਸ਼ਾ ਲਾਪ੍ਰਵਾਹ ਹੀ ਰਿਹਾ। ਤੈਨੂੰ ਇਸ ਸੈਕਟਰ ਵਿੱਚ ਆਏ ਨੂੰ ਤਕਰੀਬਨ ਸਾਲ ਹੋ ਚੱਲਿਆ ਏ ਤੇ ਤੈਨੂੰ ਜੀ.ਓ.ਸੀ. ਦੀ ਡਰਿੰਕ ਦਾ ਵੀ ਨਹੀਂ ਪਤਾ। ਇਹ ਤਾਂ ਹੱਦ ਹੋ ਗਈ ਯਾਰ! ਹੁਣ ਇਹ ਨਾ ਪੁੱਛੀਂ, ਇਹ ਗਿਆਨ ਕੀ ਦੁਸ਼ਮਣ ਨਾਲ ਲੜਾਈ ਵੇਲੇ ਕੰਮ ਆਊ?’’
‘‘ਨਹੀਂ ਪੁੱਛਦਾ! …ਹੁਣ ਤਾਂ ਦੱਸ…।’’
‘‘ਇੱਕ ਸ਼ਰਤ ਉੱਤੇ ਕਿ ਜਦੋਂ ਮੈਂ ਤੇਰੇ ਕੋਲ ਆਵਾਂ ਤਾਂ ਬਚੀ ਹੋਈ ਸਕਾਚ ਮੈਨੂੰ ਵੀ ਪਿਆਵੇਂਗਾ।’’
‘‘ਓ.ਕੇ. ਵਾਅਦਾ ਰਿਹਾ।’’
‘‘ਤਾਂ ਤੂੰ ਜੀ.ਓ.ਸੀ. ਨੂੰ ‘ਕਿੰਗ ਆਫ਼ ਕਿੰਗਜ਼’ ਦੀ ਪੇਸ਼ਕਸ਼ ਕਰੀਂ।’’
‘‘ਇਹ ਤਾਂ ਬਹੁਤ ਮਹਿੰਗੀ ਸਕਾਚ ਹੈ।’’
ਉਹ ਹੱਸਿਆ, ‘‘ਯੂਨਿਟ ਦਾ ਫੰਡ ਫਿਰ ਕਾਹਦੇ ਵਾਸਤੇ ਹੈ।’’
‘‘ਇਹ ਬਰਾਂਡ ਮੇਰੀ ਕੈਨਟੀਨ ਵਿੱਚ ਤਾਂ ਹੈ ਨਹੀਂ।’’
‘‘ਸਾਡੀ ਕੈਨਟੀਨ ਵਿੱਚ ਤਿੰਨ ਬੋਤਲਾਂ ਪਈਆਂ ਨੇ। ਇਹ ਕਮਾਨ ਅਫ਼ਸਰ ਦਾ ਰਿਜ਼ਰਵ ਹੈ। ਸੀ.ਓ. ਨੂੰ ਪੁੱਛ ਕੇ ਦੇਣੀ ਪਊ! ਤੂੰ ਆਪਣਾ ਆਦਮੀ ਭੇਜ ਕੇ ਇੱਕ ਬੋਤਲ ਮੰਗਵਾ ਲੈ।’’
ਡੋਗਰਾ ਪਲਟਨ ਦਾ ਸੱਪ ਵਲੇਵੇਂ ਖਾਂਦਾ ਰਾਹ ਪਹਾੜ ਨੂੰ ਕੱਟ ਕੇ ਬਣਾਇਆ ਗਿਆ ਸੀ। ਰਾਹ ਦੀ ਚੌੜਾਈ ਬੱਸ ਖੱਚਰ ਲੰਘਣ ਜੋਗੀ ਸੀ। ਪਹਾੜ ਕੱਚੇ ਸਨ, ਢਿੱਗਾਂ ਡਿੱਗਦੀਆਂ ਰਹਿੰਦੀਆਂ ਸਨ। ਕਈ ਵਾਰ ਰਾਹ ਰੁਕ ਜਾਂਦਾ ਸੀ। ਉਹ ਖੇਤਰ ਝਗੜੇ ਵਾਲਾ ਸੀ। ਦੋਵੇਂ ਧਿਰਾਂ ਉਸ ਖੇਤਰ ਉੱਤੇ ਹਾਵੀ ਰਹਿਣ ਲਈ ਨਿੱਤ ਗਸ਼ਤ ਕਰਦੀਆਂ ਸਨ। ਦੋ ਮਹੀਨੇ ਪਹਿਲਾਂ ਹੀ ਡੋਗਰਾ ਵਾਲਿਆਂ ਦਾ ਗਸ਼ਤੀ ਦਲ ਇੱਥੇ ਹੀ ਦੁਸ਼ਮਣ ਦੀ ਘਾਤ ਵਿੱਚ ਆ ਕੇ ਮਾਰਿਆ ਗਿਆ ਸੀ।
ਜੀ.ਓ.ਸੀ. ਦੀ ਮਨਚਾਹੀ ਡਰਿੰਕ ਦਾ ਮੈੱਸ ਵਿੱਚ ਨਾ ਹੋਣਾ ਸਾਰਿਆਂ ਲਈ ਘਾਤਕ ਸੀ। ਮੈਂ ਟਰੁਪ ਦਫ਼ੇਦਾਰ ਕਾਂਸ਼ੀ ਰਾਮ ਨੂੰ ਸਕਾਚ ਦੀ ਬੋਤਲ ਲਿਆਉਣ ਲਈ ਭੇਜ ਦਿੱਤਾ। ਉਹਨੂੰ ਭੇਜਣ ਪਿੱਛੋਂ ਮੈਂ ਫ਼ਿਕਰਮੰਦ ਹੋ ਗਿਆ। ਪਿਛਲੀ ਰਾਤ ਭਾਰੀ ਬਰਫ਼ਬਾਰੀ ਹੋਈ ਸੀ। ਕਿਤੇ ਟਰੁਪ ਦਫ਼ੇਦਾਰ ਬਰਫ਼ ਵਿੱਚ ਹੀ ਨਾ ਗੁੰਮ ਹੋ ਜਾਵੇ ਜਾਂ ਫਿਰ ਦੁਸ਼ਮਣ ਦੇ ਕਿਸੇ ਗਸ਼ਤੀ ਦਲ ਦਾ ਸ਼ਿਕਾਰ ਨਾ ਹੋ ਜਾਵੇ।
ਇੱਕ ਵੱਜਣ ਵਾਲਾ ਸੀ। ਟਰੁਪ ਦਫ਼ੇਦਾਰ ਕਾਂਸ਼ੀ ਰਾਮ ਅਜੇ ਤਕ ਨਹੀਂ ਸੀ ਬਹੁੜਿਆ। ਮੈਂ ਬੇਚੈਨੀ ਜਿਹੀ ਵਿੱਚ ਉੱਠ ਕੇ ਬਾਹਰ ਆ ਗਿਆ। ਬਰਫ਼ ਦੀ ਕਾਇਨਾਤ ਦਿਸਹੱਦੇ ਤਕ ਪਸਰੀ ਹੋਈ ਸੀ। ਬੈਰਕਾਂ ਦੀਆਂ ਛੱਤਾਂ ਤੋਂ ਬਰਫ਼ ਹੇਠਾਂ ਨੂੰ ਲਮਕ ਰਹੀ ਸੀ, ਜਿਵੇਂ ਛੱਤਾਂ ਨੂੰ ਛੁਰੀਆਂ ਦੀ ਕਿਨਾਰੀ ਲੱਗ ਗਈ ਹੋਵੇ। ਮੈਂ ਆਫਿਸ ਦੇ ਬਾਹਰ ਲਟਕਦੇ ਮੀਟਰ ਉੱਤੇ ਝਾਤੀ ਮਾਰੀ। ਤਾਪਮਾਨ ਮਨਫ਼ੀ ਅਠਾਰਾਂ ਤਕ ਪਹੁੰਚ ਚੁੱਕਿਆ ਸੀ।
ਸਵੇਰ ਦੀ ਅਫ਼ਰਾ-ਤਫ਼ਰੀ ਤੋਂ ਪਿੱਛੋਂ ਯੂਨਿਟ ਕੁਝ ਸ਼ਾਂਤ ਦਿਸ ਰਹੀ ਸੀ। ਭੁੱਖੇ ਖੱਚਰ ਸੁੱਕੀਆਂ ਤਿੜ੍ਹਾਂ ਚਿੱਥ ਰਹੇ ਸਨ। ਜਦੋਂ ਵੀ ਕੋਈ ਤਬੇਲੇ ਦੇ ਨੇੜਿਓਂ ਦੀ ਲੰਘਦਾ ਸੀ, ਭੋਜਨ ਦੀ ਆਸ ਵਿੱਚ ਭੁੱਖੇ ਖੜ੍ਹੇ ਖੱਚਰ ਜ਼ਮੀਨ ਉੱਤੇ ਪੌੜ ਮਾਰਨ ਲੱਗ ਪੈਂਦੇ ਸਨ। ਰੱਸੇ ਤੁੜਵਾਉਣ ਦੀ ਕੋਸ਼ਿਸ਼ ਕਰਦੇ ਸਨ।
ਬੰਦ ਕਮਰੇ ਵਿੱਚ ਬੈਠਾ ਰਿੱਛ ਗੁੰਮਸੁੰਮ ਸੀ। ਦਾਣਾ ਰੂਮ ਦੇ ਬਾਹਰ ਮੈਨੂੰ ਰਸਾਲਦਾਰ ਭੰਡਾਰੀ ਮਿਲ ਪਿਆ, ‘‘ਸਰ, ਰਿੱਛ ਨੂੰ ਮਾਰਨ ਦੀ ਤਿਆਰੀ ਤਾਂ ਪੂਰੀ ਐ। ਜੇ ਹੁਕਮ ਹੋਵੇ ਤਾਂ ਜੁਆਨਾਂ ਨੂੰ ਖਾਣੇ ਲਈ ਛੱਡ ਦੇਵਾਂ।’’
ਮੈਂ ਘੜੀ ਵੇਖੀ, ‘‘ਸਾਹਬ! ਕਿਹੋ ਜਿਹੀਆਂ ਗੱਲਾਂ ਕਰਦੇ ਓ। ਹੁਣ ਤਾਂ ਜਨਰਲ ਸਾਹਬ ਨੂੰ ਲੈ ਕੇ ਹੈਲੀਕਾਪਟਰ ਕਿਸੇ ਵੇਲੇ ਵੀ ਆ ਜਾਊ।’’
ਰਸਾਲਦਾਰ ਭੰਡਾਰੀ ਨੇ ਆਸਮਾਨ ਵੱਲ ਵੇਖਿਆ, ‘‘ਸਰ! ਮੌਸਮ ਤਾਂ ਕੁਝ ਖਰਾਬ ਹੋ ਰਿਹਾ ਲੱਗਦੈ।’’
ਖ਼ੁਸ਼ੀ ਦੀ ਫੁੱਟੀ ਹੋਈ ਕਰੂੰਬਲ ਨੂੰ ਮੈਂ ਮਨ ਦਾ ਓਹਲਾ ਦੇ ਦਿੱਤਾ। ਅੰਬਰ ਤੋਂ ਮਾਸੂਮ ਪਰਿੰਦਿਆਂ ਦੇ ਨਿੱਕੇ ਨਿੱਕੇ ਖੰਭਾਂ ਵਰਗੀ ਬਰਫ਼ ਝੜਨ ਲੱਗ ਪਈ। ਦੁਸ਼ਮਣ ਤੋਂ ਵੀ ਪਹਿਲਾਂ ਉੱਥੇ ਬਰਫ਼ ਸੈਨਿਕਾਂ ਦੀ ਦੁਸ਼ਮਣ ਸੀ, ਪਰ ਉਸ ਪਲ ਮੈਨੂੰ ਬਰਫ਼ ਉੱਤੇ ਪਿਆਰ ਆਇਆ।
ਮੈਂ ਆਫਿਸ ਵਿੱਚ ਆ ਕੇ ਬੈਠ ਗਿਆ। ਫੋਨ ਦੀ ਘੰਟੀ ਖੜਕੀ ਤਾਂ ਮੈਂ ਚੰਗੇ ਰੌਂਅ ਵਿੱਚ ਰਸੀਵਰ ਚੁੱਕਿਆ।
‘‘ਹੈਲੋ, ਭੁੱਲਰ, ਮਾਈ ਡੀਅਰ, ਬੈਡ ਨਿਊਜ਼ ਫਾਰ ਯੂ। ਮੌਸਮ ਬਹੁਤ ਖਰਾਬ ਹੋ ਗਿਆ ਏ। ਹੈਲੀਕਾਪਟਰ ਕੈਲਮਪੌਂਗ ਤੋਂ ਹੀ ਉਡਾਣ ਨਹੀਂ ਭਰ ਸਕਿਆ। ਜੀ.ਓ.ਸੀ. ਨੂੰ ਦੌਰਾ ਰੱਦ ਕਰਨਾ ਪੈ ਗਿਆ। ਏਸ ਮੌਸਮ ਵਿੱਚ ਕਮਾਂਡਰ ਕੋਲੋਂ ਵੀ ਨਹੀਂ ਆਇਆ ਜਾਣਾ। ਮੈਨੂੰ ਉਮੀਦ ਹੈ ਕਿ ਤੂੰ ਸ਼ੂਟ ਕਰ ਲਵੇਂਗਾ ਰਿੱਛ ਨੂੰ।’’ ਬ੍ਰਿਗੇਡ ਮੇਜਰ ਤੂਰ ਨੇ ਬਿਨਾਂ ਭੂਮਿਕਾ ਦੇ ਗੱਲ ਕੀਤੀ।
‘‘ਨੋ ਪਰਾਬਲਮ ਸਰ!’’ ਮੈਂ ਤੁੜਕਿਆ ਤੇ ਫਿਰ ਮਨ ਦਾ ਚਾਅ ਲੁਕਾਅ ਕੇ ਬੋਲਿਆ, ‘‘ਸਰ, ਸਾਡੇ ਜਵਾਨ ਤਾਂ ਬਹੁਤ ਖ਼ੁਸ਼ ਸਨ ਕਿ ਜੀ.ਓ.ਸੀ. ਪਹਿਲੀ ਵਾਰੀ ਨਿੱਕੀ ਜਿਹੀ ਯੂਨਿਟ ਵਿੱਚ ਆਉਣਗੇ। ਖ਼ੈਰ…।’’
‘‘ਭੁੱਲਰ, ਮੈਂ ਤੇਰੇ ਮਨ ਦੀ ਹਾਲਤ ਸਮਝ ਸਕਦਾ ਵਾਂ, ਪਰ ਤੇਰਾ ਰੋਲ ਬ੍ਰਿਗੇਡ ਲਈ ਹਾਲੇ ਵੀ ਬੜਾ ਮਹੱਤਵਪੂਰਨ ਹੈ। ਮੇਰੀ ਗੱਲ ਧਿਆਨ ਨਾਲ ਸੁਣ। ਇਹ ਬ੍ਰਿਗੇਡ ਦੀ ਇੱਜ਼ਤ ਦਾ ਸੁਆਲ ਏ…।’’
ਮੈਂ ਰਿਸੀਵਰ ਕੰਨ ਨਾਲ ਕੁਝ ਹੋਰ ਘੁੱਟ ਲਿਆ।
ਕੰਬਲਾਂ ਉੱਤੇ ਵਿਛੀ ਤ੍ਰਿਪਾਲ ਮੈਂ ਉਂਜ ਹੀ ਵਿਛੀ ਰਹਿਣ ਦਿੱਤੀ ਤੇ ਲੰਮੇ ਪੈ ਕੇ ਦਾਣਾ ਰੂਮ ਅੰਦਰ ਝਾਤੀ ਮਾਰੀ। ਮੈਂ ਦਸਤਾਨੇ ਵਾਲਾ ਹੱਥ ਛੱਤ ਦੀ ਟੀਨ ਉੱਤੇ ਮਾਰ ਕੇ ਖੜਾਕ ਕੀਤਾ। ਡਰੇ ਹੋਏ ਰਿੱਛ ਨੇ ਸਿਰ ਚੁੱਕ ਕੇ ਮਘੋਰੇ ਵੱਲ ਵੇਖਿਆ। ਬੰਦ ਕਮਰੇ ਦੇ ਪੇਤਲੇ ਜਿਹੇ ਹਨੇਰੇ ਵਿੱਚ ਬੈਠੇ ਰਿੱਛ ਨੂੰ ਮਾਰਨਾ ਔਖਾ ਨਹੀਂ ਸੀ, ਪਰ ਗੋਲੀ ਗ਼ਲਤ ਥਾਂ ਲੱਗਣ ਨਾਲ ਖੱਲ ਦੀ ਖ਼ੂਬਸੂਰਤੀ ਖਰਾਬ ਹੋਣ ਦਾ ਡਰ ਸੀ। ਮੇਜਰ ਤੂਰ ਨੇ ਮੈਨੂੰ ਇਹਤਿਆਤ ਵਰਤਣ ਦੀ ਤਾਕੀਦ ਕੀਤੀ ਸੀ। ਮੈਂ ਦਫ਼ੇਦਾਰ ਮੇਜਰ ਹੰਸ ਰਾਜ ਹੱਥੋਂ ਰਾਈਫਲ ਫੜ ਲਈ ਤੇ ਮਘੋਰੇ ਰਾਹੀਂ ਨਿਸ਼ਾਨਾ ਬੰਨ੍ਹਿਆ। ਇੱਕ ਜੁਆਨ ਟਾਰਚ ਲੈ ਕੇ ਪਹੁੰਚ ਗਿਆ। ਰਸਾਲਦਾਰ ਭੰਡਾਰੀ ਨੇ ਉਹਦੇ ਕੋਲੋਂ ਟਾਰਚ ਫੜ ਲਈ ਤੇ ਪੌੜੀ ਚੜ੍ਹ ਕੇ ਛੱਤ ਉੱਤੇ ਆ ਗਿਆ। ਉਹਨੇ ਟਾਰਚ ਦਾ ਚਾਨਣ ਅੰਦਰ ਸੁੱਟਿਆ। ਮੈਂ ਗੋਲੀ ਦਾਗ਼ ਦਿੱਤੀ। ਰਿੱਛ ਦੀ ਪੀੜ ਅੱਟੀ ਲੇਰ ਨਾਲ ਚੌਗਿਰਦਾ ਦਹਿਲ ਗਿਆ। ਉਹਨੇ ਰੋਹ ਵਿੱਚ ਭਰ ਕੇ ਮੇਰੇ ਵੱਲ ਛਾਲ ਮਾਰੀ। ਛੱਤ ਤਕ ਪਹੁੰਚਣ ਦੀ ਥਾਂ ਉਹ ਟੀਨ ਦੀ ਕੰਧ ਨਾਲ ਟਕਰਾਇਆ। ਕਮਰੇ ਦਾ ਢਾਂਚਾ ਜੜ੍ਹਾਂ ਤਕ ਹਿੱਲ ਗਿਆ। ਛੱਤ ਉੱਤੇ ਜਿੰਨੀ ਕੁ ਵੀ ਬਰਫ਼ ਬਾਕੀ ਸੀ ਤਿਲਕ ਗਈ। ਬਰਫ਼ ਦੀਆਂ ਛੁਰੀਆਂ ਟੁੱਟ ਕੇ ਨਰਮ ਬਰਫ਼ ਵਿੱਚ ਖੁੱਭ ਗਈਆਂ।
ਰਿੱਛ ਕੁਝ ਚਿਰ ਲਈ ਉੱਚੀ ਉੱਚੀ ਚੰਘਾੜਾਂ ਮਾਰਦਾ ਰਿਹਾ ਤੇ ਫਿਰ ਉਸ ਦੀ ਆਵਾਜ਼ ਘਰਕਣ ਵਿੱਚ ਬਦਲ ਗਈ। ਮੈਂ ਛੱਤ ਤੋਂ ਉਤਰ ਆਇਆ ਤੇ ਰਾਈਫਲ ਤਾਣ ਕੇ ਦਾਣਾ ਰੂਮ ਦੇ ਬੂਹੇ ਸਾਹਵੇਂ ਖਲੋ ਗਿਆ। ਸਿਪਾਹੀ ਮੰਗਲ ਸਿੰਘ ਤੇ ਸਿਪਾਹੀ ਨੱਥੂ ਰਾਮ ਨੇ ਅੱਗੇ ਹੋ ਕੇ ਤਾਰ ਦੇ ਵਲੇਵੇਂ ਖੋਲ੍ਹੇ ਤੇ ਪੱਲੇ ਪਿੱਛੇ ਧੱਕ ਕੇ ਝਟਪਟ ਪਿਛਾਂਹ ਹੋ ਗਏ। ਰਿੱਛ ਹਮਲਾ ਕਰਨ ਜੋਗਾ ਨਹੀਂ ਸੀ। ਮੇਰੇ ਉੱਥੇ ਖਲੋਤਿਆਂ ਖਲੋਤਿਆਂ ਹੀ ਰਿੱਛ ਆਖ਼ਰੀ ਵਾਰ ਤੜਪਿਆ ਤੇ ਫਿਰ ਸ਼ਾਂਤ ਹੋ ਗਿਆ।
‘‘ਦਾਣਾ ਛੇਤੀ ਤਿਆਰ ਕਰਵਾਓ। ਖੱਚਰ ਸਵੇਰੇ ਦੇ ਭੁੱਖੇ ਨੇ।’’ ਰਾਈਫਲ ਦਫ਼ੇਦਾਰ ਹੰਸ ਰਾਜ ਨੂੰ ਫੜਾਉਂਦਿਆਂ ਮੈਂ ਰਸਾਲਦਾਰ ਭੰਡਾਰੀ ਨੂੰ ਕਿਹਾ। ਰਸਾਲਦਾਰ ਭੰਡਾਰੀ ਸਿਪਾਹੀ ਨੱਥੂ ਰਾਮ ਨੂੰ ਹੁਕਮ ਸੁਣਾ ਕੇ ਮੇਰੇ ਪਿੱਛੇ ਪਿੱਛੇ ਤੁਰ ਪਿਆ।
‘‘ਸਾਹਬ! ਹੁਣ ਆਪਣਾ ਅਗਲਾ ਕੰਮ ਰਿੱਛ ਦੀ ਖੱਲ ਉਤਰਵਾਉਣਾ ਏ।’’
‘‘ਠੀਕ ਐ, ਸਰ!’’
‘‘ਕੌਣ ਕਰੂ ਇਹ ਕੰਮ?’’
‘‘ਸਰ, ਸਾਡੇ ਕੋਲ ਸਿਪਾਹੀ ਮਿਹਰਦੀਨ ਜੁ ਹੈਗਾ ਏ।’’
‘‘ਗੁੱਡ! ਪਰ ਕੰਮ ਤਸੱਲੀਬਖਸ਼ ਹੋਣਾ ਚਾਹੀਦਾ ਹੈ। ਕਮਾਉਣ ਪਿੱਛੋਂ ਖੱਲ ਜਨਰਲ ਸਾਹਬ ਨੂੰ ਭੇਟ ਹੋਣੀ ਏ।’’
‘‘ਸਰ, ਮਿਹਰਦੀਨ ਦੇ ਘਰ ਦਾ ਕਿੱਤਾ ਵੀ ਇਹੋ ਹੀ ਐ, ਪਰ ਰਿੱਛ ਦੀ ਖੱਲ…?’’
ਬ੍ਰਿਗੇਡ ਮੇਜਰ ਤੂਰ ਰਾਹੀਂ ਮਿਲੇ ਬ੍ਰਿਗੇਡੀਅਰ ਸਿਨਹਾ ਦੇ ਹੁਕਮ ਬਾਰੇ ਮੈਂ ਰਸਾਲਦਾਰ ਭੰਡਾਰੀ ਨੂੰ ਦੱਸਿਆ ਤਾਂ ਉਹਦਾ ‘ਪਰ’ ਖੁੰਡਾ ਹੋ ਗਿਆ। ਮੈਂ ਅਗਲੀ ਕਾਰਵਾਈ ਦਾ ਬਿਓਰਾ ਦਿੱਤਾ, ‘‘ਵਲ੍ਹੇਟਣ ਤੋਂ ਪਹਿਲਾਂ ਖੱਲ ਉੱਤੇ ਲੂਣ ਜ਼ਰੂਰ ਲਗਵਾ ਦੇਣਾ। ਨਾਇਬ ਰਸਾਲਦਾਰ ਅਜੈਬ ਸਿੰਘ ਖੱਲ ਲੈ ਕੇ ਯੂਨਿਟ ਦੇ ਵੱਨ ਟਨ ਵਿੱਚ ਬਾਗਡੋਗਰਾ ਜਾਵੇਗਾ ਤੇ ਉੱਥੋਂ ਕੁਰੀਅਰ ਵਾਲੇ ਹਵਾਈ ਜਹਾਜ਼ ਵਿੱਚ ਬੈਠ ਕੇ ਕਲਕੱਤੇ। ਖੱਲ ਕਮਾਉਣ ਦਾ ਕੰਮ ਕਲਕੱਤੇ ਹੋਊ। ਖਰਚੇ ਦਾ ਉਹ ਫ਼ਿਕਰ ਨਾ ਕਰੇ।’’
‘‘ਸਰ, … ਜੇ ਉਹਦੀ ਥਾਂ ਕਿਸੇ ਦੂਸਰੇ ਨੂੰ ਭੇਜ ਦੇਈਏ ਤਾਂ…। ਨਾਇਬ ਰਸਾਲਦਾਰ ਅਜੈਬ ਸਿੰਘ ਦਾ ਤਾਂ ਨਾਂ ਛੁੱਟੀ ਜਾਣ ਵਾਲਿਆਂ ਵਿੱਚ ਐ।’’ ਰਸਾਲਦਾਰ ਭੰਡਾਰੀ ਨੇ ਕੁਝ ਝਿਜਕਦਿਆਂ ਆਖਿਆ।
‘‘ਸਾਹਿਬ! ਡਿਊਟੀ ਪਹਿਲੋਂ ਹੈ ਤੇ ਛੁੱਟੀ ਬਾਅਦ ਵਿੱਚ। ਅਜੈਬ ਸਿੰਘ ਸਿਆਣਾ ਜੇ.ਸੀ.ਓ. ਹੈ। ਇਸ ਕੰਮ ਲਈ ਕਿਸੇ ਹੋਰ ਨੂੰ ਭੇਜ ਕੇ ਮੈਂ ਯੂਨਿਟ ਦਾ ਵੱਕਾਰ ਦਾਅ ਉੱਤੇ ਨਹੀਂ ਲਾ ਸਕਦਾ।’’ ਮੇਰੇ ਬੋਲ ਸ਼ਾਇਦ ਕੁਝ ਸਖ਼ਤ ਹੋ ਗਏ ਸਨ। ਜਦੋਂ ਆਰਮੀ ਕਮਾਂਡਰ ਨੇ ਮੁਆਇਨੇ ਉੱਤੇ ਆਉਣਾ ਸੀ ਅਤੇ ਮਨਮਈ ਚੋਅ ਵਿੱਚੋਂ ਮੱਛੀਆਂ ਫੜਨੀਆਂ ਸਨ, ਉਦੋਂ ਮੇਰੀ ਛੁੱਟੀ ਵੀ ਰੱਦ ਹੋਈ ਸੀ। ਮੈਂ ਨਿਰਾਸ਼ ਹੋਇਆ ਸਾਂ। ਮੇਰਾ ਲਹਿਜਾ ਨਰਮ ਪੈ ਗਿਆ। ਮੈਂ ਕਿਹਾ, ‘‘ਸਾਹਬ! ਇਸ ਤਰ੍ਹਾਂ ਕਰੋ, ਅਜੈਬ ਸਿੰਘ ਸਾਬ੍ਹ ਦੀ ਛੁੱਟੀ ਮਨਜ਼ੂਰ ਕਰਵਾ ਲਵੋ। ਕਾਗਜ਼ਾਂ ਉੱਤੇ ਛੁੱਟੀ ਪੰਜਾਂ ਦਿਨਾਂ ਬਾਅਦ ਸ਼ੁਰੂ ਕਰਨਾ। ਉਨ੍ਹਾਂ ਦੀ ਛੁੱਟੀ ਖਰਾਬ ਨਹੀਂ ਹੋਊ, ਕੁਝ ਦਿਨ ਵੀ ਫਾਲਤੂ ਮਿਲ ਜਾਣਗੇ।’’
‘‘…ਤੇ ਖੱਲ?
‘‘ਇੱਕ ਜਵਾਨ ਸਾਬ੍ਹ ਦੇ ਨਾਲ ਭੇਜ ਦਿਉ। ਉਹ ਖੱਲ ਵਾਪਸ ਲੈ ਆਵੇਗਾ।’’
‘‘ਠੀਕ ਐ! …ਮੈਂ ਅਜੈਬ ਸਿੰਘ ਸਾਬ੍ਹ ਦੀ ਤਿਆਰੀ ਕਰਵਾ ਦਿੰਦਾ ਵਾਂ।’’
‘‘ਹਾਂ, ਇੱਕ ਗੱਲ ਹੋਰ ਸਾਹਬ ਨੂੰ ਕੈਲਮਪੌਂਗ ਤਕ ਪਹੁੰਚਦਿਆਂ ਰਾਤ ਹੋ ਜਾਊ। ਰਾਤ ਉੱਥੇ ਹੀ ਰੁਕਣਾ ਪਊ, ਪਰ ਅਗਲੇ ਦਿਨ ਤੁਰਨ ਤੋਂ ਪਹਿਲਾਂ ਜਨਰਲ ਸਾਹਿਬ ਦੇ ਏ.ਡੀ.ਸੀ. ਨੂੰ ਜ਼ਰੂਰ ਮਿਲ ਲਵੇ। ਕੋਈ ਹੋਰ ਹੁਕਮ ਹੋਇਆ ਤਾਂ ਪਤਾ ਲੱਗ ਜਾਊ। ਏ.ਡੀ.ਸੀ. ਕੋਲੋਂ ਦੋਵਾਂ ਲਈ ਜਹਾਜ਼ ਦੀ ਰਿਜ਼ਰਵੇਸ਼ਨ ਸਲਿੱਪ ਵੀ ਮਿਲ ਜਾਊ।’’
ਰਸਾਲਦਾਰ ਭੰਡਾਰੀ ਨੇ ਸਲਿਊਟ ਦੇ ਕੇ ਵਾਪਸ ਜਾਣਾ ਸੀ, ਪਰ ਉਹ ਖਲੋਤਾ ਹੀ ਰਿਹਾ।
‘‘ਸਰ, ਤੁਸੀਂ ਕਿੰਨਾ ਖ਼ਤਰਾ ਸਹੇੜ ਕੇ ਰਿੱਛ ਨੂੰ ਮਾਰਿਆ ਏ। ਕੋਈ ਨੁਕਸਾਨ ਹੋ ਜਾਂਦਾ ਤਾਂ ਆਪਾਂ ਜੁਆਬਦੇਹ ਸਾਂ।’’
‘‘ਹਾਂ, ਇਹ ਗੱਲ ਤਾਂ ਦਰੁਸਤ ਐ।’’
‘‘ਰਿੱਛ ਦੀ ਖੱਲ ਤਾਂ ਜਨਰਲ ਸਾਬ੍ਹ ਕੋਲ ਚਲੀ ਜਾਵੇਗੀ, ਸਾਡੇ ਕੋਲ ਵੀ ਤਾਂ ਕੋਈ ਨਿਸ਼ਾਨੀ ਬਾਕੀ ਰਹਿਣੀ ਚਾਹੀਦੀ ਏ।’’
‘‘ਮੈਂ ਸਮਝਿਆ ਨਹੀਂ।’’
‘‘ਸਰ, ਕੈਮਰੇ ਵਿੱਚ ਰੀਲ ਪੁਆ ਲੈਂਦੇ ਆਂ। ਰਿੱਛ ਨਾਲ ਤਸਵੀਰ ਉਤਰ ਜਾਊ ਤਾਂ ਕਾਰਨਾਮਾ ਚੇਤੇ ਰਹੂ।’’
ਮੈਨੂੰ ਰਸਾਲਦਾਰ ਭੰਡਾਰੀ ਦੀ ਗੱਲ ਪਸੰਦ ਆਈ।

+++
ਉਨ੍ਹਾਂ ਰਿੱਛ ਨੂੰ ਬਰਫ਼ ਉੱਤੇ ਲੰਮਿਆਂ ਪਾ ਦਿੱਤਾ। ਇੱਕ ਜਣੇ ਨੇ ਰਿੱਛ ਦੀ ਠੋਡੀ ਹੇਠ ਪੱਥਰ ਰੱਖ ਕੇ ਸਿਰ ਉੱਚਾ ਕਰ ਦਿੱਤਾ ਤਾਂ ਕਿ ਤਸਵੀਰ ਠੀਕ ਆ ਸਕੇ।
ਬਰਫ਼ ਉਦੋਂ ਤਕ ਵੀ ਪੈ ਰਹੀ ਸੀ। ਤਸਵੀਰ ਉਤਰਾਉਣ ਤੋਂ ਪਹਿਲਾਂ ਮੈਂ ਕੋਟ ਪਰਕਾ ਤੋਂ ਬਰਫ਼ ਝਾੜਨ ਲੱਗਾ ਤਾਂ ਰਸਾਲਦਾਰ ਭੰਡਾਰੀ ਨੇ ਰੋਕ ਦਿੱਤਾ, ‘‘ਬਰਫ਼ ਨਾਲ ਤਾਂ ਤਸਵੀਰ ਸਗੋਂ ਹੋਰ ਵੀ ਨੈਚੁਰਲ ਲੱਗੂ।’’
ਮੈਂ ਰਿੱਛ ਦੇ ਪਿੱਛੇ ਖਲੋ ਗਿਆ। ਦਫ਼ੇਦਾਰ ਮੇਜਰ ਨੇ ਅਗਾਂਹ ਹੋ ਕੇ ਮੈਨੂੰ ਰਾਈਫਲ ਫੜਾ ਦਿੱਤੀ।
ਕਲਿੱਕ! … ਹੈੱਡ ਕਲਰਕ ਨੇ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਪਹਿਲੀ ਤਸਵੀਰ ਖਿੱਚੀ। ਕਲਿੱਕ! … ਇਹਤਿਆਤ ਵਜੋਂ ਉਹਨੇ ਇੱਕ ਹੋਰ ਤਸਵੀਰ ਖਿੱਚ ਲਈ। ਕਲਿੱਕ! … ਤੀਸਰੀ ਤਸਵੀਰ ਵਿੱਚ ਮੇਰੇ ਨਾਲ ਯੂਨਿਟ ਦੇ ਜੇ.ਸੀ.ਓ. ਅਤੇ ਹੋਰ ਅਹੁਦੇਦਾਰ ਵੀ ਸ਼ਾਮਲ ਹੋ ਗਏ। ਤਸਵੀਰਾਂ ਉਤਰਵਾ ਕੇ ਮੈਂ ਆਪਣੇ ਦਫ਼ਤਰ ਵਿੱਚ ਜਾ ਕੇ ਬੈਠ ਗਿਆ।
ਕਲਿੱਕ! ਕਲਿੱਕ! ਕਲਿੱਕ! …ਰਾਈਫਲ ਓਹੋ ਰਹੀ ਪਰ ਰਿੱਛ ਦੇ ਪਿੱਛੇ ਖਲੋਣ ਵਾਲੇ ਬਦਲਦੇ ਰਹੇ।
ਖੱਚਰਾਂ ਦੇ ਤਬੇਲੇ ਵੱਲੋਂ ਲੰਮੀ ਵਿਸਲ ਦੀ ਆਵਾਜ਼ ਆਈ ਤਾਂ ਫਿਰ ਖੱਚਰਾਂ ਦਾ ਖਰੂਦ, ਜੁਆਨਾਂ ਦਾ ਰੌਲਾ ਉੱਚਾ ਹੋ ਗਿਆ। ਖੱਚਰ ਦਾਣਾ ਖਾਣ ਵੇਲੇ ਇਸੇ ਤਰ੍ਹਾਂ ਧਮੱਚੜ ਪਾਉਂਦੇ ਸਨ, ਫੇਰ ਅੱਜ ਤਾਂ ਇਹ ਪਲ ਉਨ੍ਹਾਂ ਲਈ ਮਸਾਂ ਆਇਆ ਸੀ। ਜੁਆਨ ਹਾਲੇ ਵੀ ਭੁੱਖੇ ਸਨ। ਖੱਚਰਾਂ ਨੂੰ ਦਾਣਾ ਖੁਆ ਕੇ ਉਹ ਵੀ ਛੇਤੀ ਹੀ ਭੋਜਨ ਕਰ ਲੈਣਗੇ।
ਉਹ ਦਿਨ ਹੌਲੀ ਹੌਲੀ ਆਪਣਾ ਖਿਲਾਰਾ ਸਾਂਭ ਰਿਹਾ ਸੀ। ਦਫ਼ੇਦਾਰ ਕਾਂਸ਼ੀ ਰਾਮ ਸਕਾਚ ਦੀ ਬੋਤਲ ਲੈ ਕੇ ਖੈਰ ਸੁੱਖ ਨਾਲ ਵਾਪਸ ਯੂਨਿਟ ਪਹੁੰਚ ਗਿਆ। ਰਸਾਲਦਾਰ ਭੰਡਾਰੀ ਦਾਣਾ-ਪਰੇਡ ਦੀ ਰਿਪੋਰਟ ਦੇਣ ਆਇਆ ਤਾਂ ਮੈਂ ਉਹਨੂੰ ਆਖਿਆ, ‘‘ਸਕਾਚ ਦੀ ਬੋਤਲ ਕੈਨਟੀਨ ਵਿੱਚ ਰਖਵਾ ਦਿਓ। ਪੇਮੈਂਟ ਵੀ ਕੈਨਟੀਨ ਵਿੱਚੋਂ ਕਰਵਾ ਦੇਣੀ। ਅਗਲੀ ਵਾਰ ਰਿੱਛ ਆਇਆ ਤਾਂ ਇਹੀ ਬੋਤਲ ਕੰਮ ਆਊ।’’
ਫਿਰ ਰਿੱਛ! ਰਸਾਲਦਾਰ ਭੰਡਾਰੀ ਨੇ ਘਬਰਾ ਕੇ ਮੇਰੇ ਵੱਲ ਵੇਖਿਆ। ਰਿੱਛ ਮੇਰੇ ਮੱਥੇ ਉੱਤੇ ਚੜ੍ਹਿਆ ਬੈਠਾ ਸੀ। ਜਦੋਂ ਤਕ ਨਾਇਬ ਰਸਾਲਦਾਰ ਅਜੈਬ ਸਿੰਘ ਰਿੱਛ ਦੀ ਖੱਲ ਲੈ ਕੇ ਉੱਥੋਂ ਤੁਰ ਨਾ ਜਾਵੇ, ਮੈਨੂੰ ਚੈਨ ਨਹੀਂ ਸੀ।
ਮੈਨੂੰ ਜਿਊਂਦੇ ਰਿੱਛ ਤੋਂ ਕੋਈ ਖ਼ਤਰਾ ਨਹੀਂ ਸੀ। ਆਪਣੇ ਹਥਿਆਰ ਨਾਲ ਮੈਂ ਕਿਸੇ ਵੀ ਖੂੰਖਾਰ ਜਾਨਵਰ ਨੂੰ ਚਿੱਤ ਕਰ ਸਕਦਾ ਸਾਂ, ਪਰ ਮੋਇਆ ਰਿੱਛ ਜਿਊਂਦੇ ਨਾਲੋਂ ਕਿਤੇ ਵੱਧ ਖ਼ਤਰਨਾਕ ਸੀ। ਮੋਇਆ ਰਿੱਛ ਮੇਰਾ ਜਿਊਣਾ ਮੁਹਾਲ ਕਰ ਸਕਦਾ ਸੀ। ਬ੍ਰਿਗੇਡੀਅਰ ਸਿਨਹਾ ਦੀ ਤਰੱਕੀ ਰੋਕ ਸਕਦਾ ਸੀ। ਕਈ ਜਣਿਆਂ ਦੀ ਤਰੱਕੀ ਰੁਕਵਾ ਸਕਦਾ ਸੀ। ਮੈਨੂੰ ਮੋਏ ਰਿੱਛ ਤੋਂ ਡਰਨਾ ਚਾਹੀਦਾ ਸੀ। …ਤੇ ਮੈਂ ਮੋਏ ਰਿੱਛ ਤੋਂ ਡਰਿਆ ਹੋਇਆ ਸਾਂ। ਕੁਰਸੀ ਤੋਂ ਉੱਠਦਿਆਂ ਮੈਂ ਰਸਾਲਦਾਰ ਭੰਡਾਰੀ ਨੂੰ ਆਖਿਆ, ‘‘ਸਾਹਬ! ਚਲੋ ਉੱਥੇ ਹੀ ਚਲਦੇ ਹਾਂ। ਖੱਲ ਲੱਥਣ ਵੇਲੇ ਆਪਣਾ ਰਿੱਛ ਕੋਲ ਹੋਣਾ ਬੜਾ ਜ਼ਰੂਰੀ ਹੈ।’’

+++
ਮੋਏ ਰਿੱਛ ਨੂੰ ਹੌਲੀ ਹੌਲੀ ਬਰਫ਼ ਢਕ ਰਹੀ ਸੀ।
ਮੈਨੂੰ ਤੇ ਰਸਾਲਦਾਰ ਭੰਡਾਰੀ ਨੂੰ ਤੁਰਿਆਂ ਆਉਂਦਿਆਂ ਵੇਖ ਕੇ ਸਿਪਾਹੀ ਮਿਹਰਦੀਨ ਤੇ ਸਿਪਾਹੀ ਮੰਗਲ ਸਿੰਘ ਕਾਹਲੀ ਨਾਲ ਰਿੱਛ ਵੱਲ ਅਹੁਲੇ। ਉਨ੍ਹਾਂ ਰਿੱਛ ਦੀ ਮੁਰਦਾ ਦੇਹ ਤੋਂ ਬਰਫ਼ ਝਾੜੀ ਤੇ ਚੁੱਕ ਕੇ ਅੰਦਰ ਸ਼ੈੱਡ ਹੇਠ ਲੈ ਗਏ। ਮਿਹਰਦੀਨ ਨੇ ਪਹਿਲੋਂ ਹੀ ਉੱਥੇ ਸੁੱਕਾ ਘਾਹ ਵਿਛਾਇਆ ਹੋਇਆ ਸੀ। ਉਨ੍ਹਾਂ ਰਿੱਛ ਨੂੰ ਘਾਹ ਉੱਤੇ ਲੰਮਾ ਪਾ ਦਿੱਤਾ।
ਸਿਪਾਹੀ ਮਿਹਰਦੀਨ ਨੇ ਨਾਈ ਕੋਲੋਂ ਮੰਗ ਕੇ ਲਿਆਂਦਾ ਹੋਇਆ ਉਸਤਰਾ ਚੁੱਕਿਆ, ਕੱਪੜੇ ਨਾਲ ਸਾਫ਼ ਕੀਤਾ। ਉਹਨੇ ਉਸਤਰੇ ਨਾਲ ਰਿੱਛ ਦੀ ਚਮੜੀ ਉੱਤੇ ਚੀਰ ਪਾ ਦਿੱਤਾ ਤੇ ਹੌਲੀ ਹੌਲੀ ਖੱਲ ਲਾਹੁਣ ਲੱਗ ਪਿਆ।
ਮੈਨੂੰ ਮਿੱਥ ਚੇਤੇ ਆਈ ਸੀ। ਰਿੱਛ ਆਪਣੇ ਸ਼ਿਕਾਰ ਨੂੰ ਚੁੱਕ ਕੇ ਲੈ ਜਾਂਦਾ ਸੀ ਤੇ ਫੇਰ ਉਹਦੇ ਪੈਰ ਚੱਟ ਚੱਟ ਕੇ ਤਲੇ ਉਚੇੜ ਦਿੰਦਾ ਸੀ। ਤਲਿਆਂ ਦੀਆਂ ਹੱਢੀਆਂ ਨਿਕਲ ਆਉਂਦੀਆਂ ਸਨ। ਸ਼ਿਕਾਰ ਬੇਵੱਸ ਹੋ ਜਾਂਦਾ ਸੀ। ਕਾਸੇ ਜੋਗਾ ਨਹੀਂ ਸੀ ਰਹਿ ਜਾਂਦਾ।
ਰਾਤ, ਨੀਂਦ ਦੇ ਆਲਮ ਵੇਲੇ ਮੈਂ ਸੋਚਿਆ, ਚੱਟੇ ਹੋਏ ਪੈਰਾਂ ਨੂੰ ਖੁਤਖੁਤੀ ਤਾਂ ਹੁੰਦੀ ਹੋਵੇਗੀ ਪਈ ਤੁਰ ਕੇ ਵੇਖੀਏ। ਚੱਟੇ ਹੋਏ ਪੈਰ ਮਰੇ ਹੋਏ ਪੈਰ ਤਾਂ ਨਹੀਂ ਹੁੰਦੇ ਕਿ ਤੁਰਨ ਬਾਰੇ ਸੋਚ ਹੀ ਨਾ ਸਕਣ। …ਉਹ ਬੱਸ ਡਰੇ ਹੋਏ ਪੈਰ ਹੁੰਦੇ ਨੇ। ਉਸ ਪਲ ਮੈਨੂੰ ਪਤਾ ਸੀ, ਚੱਟੇ ਹੋਏ ਪੈਰਾਂ ਵਾਲਾ ਮੈਂ ਵੀ ਸਾਂ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)