Sabh Ton Vadda Khazaana (Punjabi Story) : Navtej Singh
ਸਭ ਤੋਂ ਵੱਡਾ ਖ਼ਜ਼ਾਨਾ (ਕਹਾਣੀ) : ਨਵਤੇਜ ਸਿੰਘ
ਐਤਕੀ ਸੁੰਦਰਬਨ ਵਿਚ ਜਦੋਂ ਬਹਾਰ ਆਈ, ਤਾਂ ਚਾਣਚੱਕ ਬੰਦਿਆਂ ਦੀ ਆਵਾਜਾਈ ਛਿੜ ਗਈ।
ਪਹਿਲੀਆਂ ਵਿਚ ਬਹਾਰ ਦੇ ਆਉਣ ਉੱਤੇ ਵੰਨ ਸੁਵੰਨੇ ਫੁੱਲ ਹੀ ਖਿੜਦੇ ਹੁੰਦੇ ਸਨ—ਬਨ ਦੇ ਚੜ੍ਹਦੇ ਪਾਸੇ ਚਿੱਟੇ ਫੁੱਲ, ਜਿਵੇਂ ਚੰਨ ਚਾਨਣੀ ਦਾ ਇਕ ਹੜ ਆ ਜਾਏ; ਲਹਿੰਦੇ ਪਾਸੇ ਲਾਲ ਫੁੱਲ, ਜਿਵੇਂ ਚੀਚ-ਵਹੁਟੀਆਂ ਦਾ ਇਕ ਦੇਸ਼ ਵਸ ਪਏ; ਤੇ ਵਿਚਕਾਰ ਅਨੇਕਾਂ ਰੰਗਾਂ ਦੇ ਫੁੱਲ, ਜਿਵੇਂ ਸਤਰੰਗੀ ਪੀਂਘ ਅਸਮਾਨੋਂ ਉਤਰ ਏਥੇ ਸੁੰਦਰਬਨ ਵਿਚ ਠਹਿਰ ਗਈ ਹੋਵੇ!
ਪਰ ਐਤਕੀਂ ਅਲੋਕਾਰ ਹੀ ਹੋਈ—ਫੁੱਲਾਂ ਦੇ ਖਿੜਨ ਸਾਰ ਹੀ ਚੁਪਾਸੀਂ ਬੰਦਿਆਂ ਦੀ ਦਗੜ ਦਗੜ! ਤੇ ਹੌਲੀ ਹੌਲੀ ਫੁੱਲਾਂ ਦੇ ਇਕਸਾਰ ਖੇੜੇ ਵਿਚ ਖੱਪੇ ਪੈਂਦੇ ਗਏ। ਇਨ੍ਹਾਂ ਖੱਪਿਆਂ ਵਿਚ ਬੰਦਿਆਂ ਨੇ ਝੁੱਗੀਆਂ ਉਸਾਰ ਲਈਆਂ। ਪਹਿਲਾਂ ਬਨ ਦੀ ਪੌਣ ਵਿਚ ਫੁੱਲਾਂ ਦੇ ਮਹਿਕੇ ਮਹਿਕੇ ਸਾਹ ਹੀ ਰਲੇ ਹੁੰਦੇ ਸਨ, ਪਰ ਹੁਣ ਬੰਦਿਆਂ ਨੇ ਜਿਹੜੀਆਂ ਅੱਗਾਂ ਬਾਲੀਆਂ ਸਨ, ਉਨ੍ਹਾਂ ਦੇ ਧੂੰਏਂ ਵੀ ਰਲਦੇ ਗਏ।
ਇਨ੍ਹਾਂ ਬੰਦਿਆਂ ਦੀ ਗੱਲ ਬਾਤ ਤੋਂ ਪਤਾ ਲੱਗਦਾ ਸੀ ਕਿ ਇਹ ਸੁੰਦਰਬਨ ਵਿਚ ਕੋਈ ਖ਼ਜ਼ਾਨਾ ਲੱਭਣ ਆਏ ਸਨ।
ਮਹਾਰਾਜ ਧੰਨਰਾਜ ਨੂੰ ਸੁਫ਼ਨੇ ਵਿਚ ਇਕ ਜੋਤਸ਼ੀ ਨੇ ਦੱਸ ਪਾਈ ਸੀ ਕਿ ਸੁੰਦਰਬਨ ਦੇ ਕਿਸੇ ਖੂੰਜੇ ਥੱਲੇ ਇਕ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਪਿਆ ਹੈ। ਤੇ ਜਿਵੇਂ ਸਭਨਾਂ ਰਾਜਿਆਂ ਦਾ ਸੁਭਾ ਹੁੰਦਾ ਹੈ—ਖ਼ਜ਼ਾਨੇ ਦੀ ਗੱਲ ਸੁਣਦਿਆਂ ਸਾਰ ਹੀ ਮਹਾਰਾਜਾ ਧੰਨਰਾਜ ਦੇ ਮੂੰਹ ਵਿਚ ਪਾਣੀ ਆ ਗਿਆ ਸੀ।
ਉਹਨੇ ਅਗਲੀ ਸਵੇਰੇ ਹੀ ਆਪਣੇ ਗ਼ੁਲਾਮਾਂ ਨੂੰ ਬੁਲਾ ਕੇ ਹੁਕਮ ਦਿੱਤਾ, “ਜਾਓ ਸੁੰਦਰਬਨ ਦੀ ਨੁੱਕਰ ਨੁੱਕਰ ਛਾਣ ਦਿਓ, ਤੇ ਜੇ ਜਾਨ ਲੋੜੀਂਦੀ ਜੇ ਤਾਂ ਓਥੇ ਲੁਕਿਆ ਖ਼ਜ਼ਾਨਾ ਲੱਭ ਲਿਆਓ!”
ਗ਼ੁਲਾਮ ਨਾਂਹ ਕਿਵੇਂ ਕਰ ਸਕਦੇ ਸਨ! ਪਰ ਉਹ ਓਦਨ ਦਾ ਦਿਨ ਆਪੋ ਆਪਣੇ ਘਰੀਂ ਬਿਤਾ ਕੇ ਅਗਲੀ ਸਵੇਰੇ ਸੁੰਦਰਬਨ ਨੂੰ ਜਾਣਾ ਚਾਂਹਦੇ ਸਨ—ਓਦਨ ਬਹਾਰ ਦੇ ਵਰ੍ਹੇ ਵਰ੍ਹੇ ਦਾ ਦਿਨ ਸੀ। ਏਸ ਦਿਹਾਰ ਨੂੰ ਇਹ ਸਾਰੇ ਗ਼ੁਲਾਮ ਆਪਣੇ ਟੱਬਰਾਂ ਨਾਲ ਰਲ ਕੇ ਮਨਾਂਦੇ ਹੁੰਦੇ ਸਨ।
ਜਿਸ ਬਸਤੀ ਵਿਚ ਗ਼ੁਲਾਮ ਆਪਣੇ ਬੱਚਿਆਂ ਤੇ ਵਹੁਟੀਆਂ ਸਣੇ ਰਹਿੰਦੇ ਸਨ, ਓਥੋਂ ਕੋਹਾਂ ਤੀਕ ਕੋਈ ਬੂਟਾ ਨਹੀਂ ਸੀ, ਕੋਈ ਫੁੱਲ ਨਹੀਂ ਸੀ। ਤੇ ਏਸ ਦਿਹਾਰ ਉੱਤੇ ਇਹ ਸਾਰੇ, ਆਪਣੀ ਜ਼ਿੰਦਗੀ ਵਿਚਲੀ ਬਹਾਰ ਦੀ ਘਾਟ ਨੂੰ, ਇੱਕ ਦੂਜੇ ਉੱਤੇ ਰੰਗ ਡੋਲ੍ਹ ਕੇ, ਇੱਕ ਦੂਜੇ ਨੂੰ ਗੁਲਾਲ ਮਲ ਕੇ ਪੂਰਿਆਂ ਕਰਦੇ ਹੁੰਦੇ ਸਨ। ਤੇ ਇਹ ਸਾਰੇ, ਏਸ ਇੱਕ ਰਾਂਗਲੇ ਦਿਨ ਨੂੰ ਪੂਰਾ ਪੂਰਾ ਬੇਰੰਗ ਵਰ੍ਹਾ ਉਡੀਕਦੇ ਰਹਿੰਦੇ ਸਨ, ਇਹ ਇੱਕ ਰਾਂਗਲਾ ਦਿਨ—ਜਿਦਨ ਉਦਾਸ ਵਿਹੜਿਆਂ ਵਿਚ ਉਨ੍ਹਾਂ ਦੇ ਬੱਚੇ ਫੁੱਲਾਂ ਤੋਂ ਉਧਾਰ ਲਏ ਰੰਗਾਂ ਨਾਲ ਖਿੜ ਪੈਂਦੇ ਸਨ ਤੇ ਉਨ੍ਹਾਂ ਦੀਆਂ ਵਹੁਟੀਆਂ ਦੀਆਂ ਪੀਲੀਆਂ ਵਸਾਰ ਗੱਲ੍ਹਾਂ ਵੀ ਆਤਸ਼ੀ ਗੁਲਾਬੀ ਹੋ ਜਾਂਦੀਆਂ ਸਨ।
ਹੱਥ ਜੋੜ ਕੇ ਗ਼ੁਲਾਮਾਂ ਨੇ ਮਹਾਰਾਜ ਧੰਨਰਾਜ ਅੱਗੇ ਬੇਨਤੀ ਕੀਤੀ, “ਮਹਾਰਾਜ, ਅੱਜ ਦੀ ਅੱਜ ਸਾਨੂੰ ਆਪਣੇ ਘਰੀਂ ਰਹਿ ਲੈਣ ਦਿਓ, ਆਪਣੀ ਜ਼ਿੰਦਗੀ ਦਾ ਇਕੋ ਇੱਕ ਰਾਂਗਲਾ ਦਿਨ ਮਨਾ ਲੈਣ ਦਿਓ। ਕੱਲ੍ਹ ਸਾਝਰੇ ਹੀ ਅਸੀਂ ਸੁੰਦਰਬਨ ਚਲੇ ਜਾਵਾਂਗੇ।”
ਇਕ ਤੇ ਮਹਾਰਾਜ ਧੰਨਰਾਜ ਨੂੰ ‘ਇਕੋ ਇਕ ਰਾਂਗਲੇ ਦਿਨ’ ਵਾਲੀ ਗੱਲ ਸਮਝ ਨਹੀਂ ਸੀ ਪਈ ਕਿਉਂਕਿ ਉਹਦੀ ਜ਼ਿੰਦਗੀ ਦੇ ਤਾਂ ਸਾਰੇ ਦਿਨ ਹੀ ਰਾਂਗਲੇ ਸਨ, ਤੇ ਦੂਜਾ ਮਹਾਰਾਜ ਨੂੰ ਤੌਖਲਾ ਸੀ, ਗੁਆਂਢੀ ਰਾਜੇ ਦੌਲਤ ਸਿੰਘ ਨੂੰ ਵੀ ਅਜਿਹਾ ਸੁਫ਼ਨਾ ਆ ਜਾਏ ਤੇ ਉਹ ਆਪਣੇ ਗ਼ੁਲਾਮਾਂ ਨੂੰ ਪਹਿਲਾਂ ਭੇਜ ਕੇ ਖ਼ਜ਼ਾਨਾ ਲੱਭ ਲਏ। ਸੋ ਮਹਾਰਾਜੇ ਨੇ ਇਕ ਨਾ ਮੰਨੀ।
ਗ਼ੁਲਾਮਾਂ ਦੀਆਂ ਵਹੁਟੀਆਂ ਨੇ ਮਹਾਰਾਣੀ ਅੱਗੇ ਤਰਲਾ ਪਾਇਆ, “ਮਹਾਰਾਣੀ ਜੀ! ਅੱਜ ਰੰਗਾਂ ਦਾ ਦਿਨ ਏਂ, ਮਹਾਰਾਜ ਨੂੰ ਕਹੋ ਸਾਡੇ ਕੰਤਾਂ ਨੂੰ ਅੱਜ ਦੀ ਅੱਜ ਸਾਡੇ ਕੋਲ ਰਹਿਣ ਦੇਣ!”
ਪਰ ਮਹਾਰਾਣੀ ਨੂੰ ਵੀ ਡਰ ਸੀ, ਕਿਤੇ ਰਾਜਾ ਦੌਲਤ ਸਿੰਘ ਦੇ ਗ਼ੁਲਾਮਾਂ ਨੂੰ ਖ਼ਜ਼ਾਨਾ ਪਹਿਲਾਂ ਲੱਭ ਪਿਆ, ਤਾਂ ਉਹਦੀ ਰਾਣੀ ਕੋਲ ਗਹਿਣੇ ਵਧ ਜਾਣਗੇ। ਉਹਨੇ ਵੀ ਇੱਕ ਨਾ ਮੰਨੀ।
ਗ਼ੁਲਾਮਾਂ ਦੇ ਬੱਚਿਆਂ ਨੇ ਸ਼ਹਿਜ਼ਾਦੇ ਅੱਗੇ ਮਿੰਨਤ ਕੀਤੀ, “ਕੰਵਰ ਜੀ, ਆਪਣੇ ਪਿਤਾ ਮਹਾਰਾਜ ਨੂੰ ਕਹੋ: ਸਿਰਫ਼ ਅੱਜ ਵਰ੍ਹੇ ਵਰ੍ਹੇ ਦੇ ਦਿਨ ਸਾਡੇ ਪਿਓਵਾਂ ਨੂੰ ਸਾਡੇ ਕੋਲ ਰਹਿ ਲੈਣ ਦੇਣ; ਨਹੀਂ ਤਾਂ ਸਾਡੇ ਨਾਲ ਗੁਲਾਲ ਕੌਣ ਖੇਡੇਗਾ!”
ਪਰ ਅਤਰ ਨਾਲ ਭਰੀਆਂ ਪਿਚਕਾਰੀਆਂ ਵਿਚ ਮਸਤ ਸ਼ਹਿਜ਼ਾਦੇ ਨੇ ਗ਼ੁਲਾਮਾਂ ਦੇ ਬੱਚਿਆਂ ਦੀ ਗੱਲ ਅਣਸੁਣੀ ਕਰ ਦਿੱਤੀ।
ਤੇ ਫੇਰ ਮਹਾਰਾਜਾ ਧੰਨਰਾਜ ਦੇ ਹੁਕਮ ਨਾਲ, ਰੋਂਦੇ ਬੱਚਿਆਂ, ਉਦਾਸ ਵਹੁਟੀਆਂ ਤੇ ਇਕੋ ਇਕ ਰਾਂਗਲੇ ਦਿਨ ਤੇ ਤੋੜੇ ਵਿਛੋੜੇ ਗ਼ੁਲਾਮ ਸੁੰਦਰਬਨ ਵੱਲ ਹਿਕ ਦਿੱਤੇ ਗਏ, “ਜੇ ਜਾਨ ਲੋੜੀਂਦੀ ਜੇ ਤਾਂ ਖ਼ਜ਼ਾਨਾ ਲੱਭ ਕੇ ਲਿਆਓ।”
ਤੇ ਇਸ ਲਈ, ਐਤਕੀ ਸੁੰਦਰਬਨ ਵਿਚ ਜਦੋਂ ਬਹਾਰ ਆਈ, ਤਾਂ ਚਾਣਚੱਕ ਬੰਦਿਆਂ ਦੀ ਆਵਾਜਾਈ ਛਿੜ ਗਈ।
ਸੁੰਦਰਬਨ ਵਿਚ ਫੁੱਲ ਏਨੇ ਸਨ, ਜਿੰਨੇ ਗ਼ੁਲਾਮਾਂ ਨੇ ਮਹਾਰਾਜ ਧੰਨਰਾਜ ਦੇ ਬਾਗ਼ ਵਿਚ ਵੀ ਕਦੇ ਨਹੀਂ ਸਨ ਤੱਕੇ, ਤੇ ਨਾਲੇ ਸੁੰਦਰਬਨ ਵਿਚਲੇ ਫੁੱਲ ਰਾਜ-ਬਾਗ਼ ਦੇ ਫੁੱਲਾਂ ਤੋਂ ਸੈਆਂ ਗੁਣਾਂ ਸੁਹਣੇ ਸਨ। ਪਰ ਦਿਲ ਕਰੜਾ ਕਰ ਕੇ ਗ਼ੁਲਾਮਾਂ ਨੂੰ ਇਹ ਫੁੱਲ ਵਰਾਨ ਕਰਨੇ ਪੈ ਰਹੇ ਸਨ। ਪਹਿਲਾਂ ਤਾਂ ਝੁੱਗੀਆਂ ਲਈ ਸਿਰਫ਼ ਕੁਝ ਕੁ ਖੱਪੇ ਹੀ ਉਨ੍ਹਾਂ ਪਾਏ, ਪਰ ਫੇਰ ਕੁਝ ਦਿਨਾਂ ਪਿੱਛੋਂ ਉਨ੍ਹਾਂ ਨੂੰ ਕਹੀਆਂ ਨਾਲ ਇੱਕ-ਵਢੋਂ ਹੀ ਫੁੱਲ ਪੁੱਟਣੇ ਪਏ। ਮਹਾਰਾਜਾ ਧੰਨਰਾਜ ਦਾ ਹੁਕਮ ਸੀ: ਨੁੱਕਰ ਨੁੱਕਰ ਛਾਣ ਦਿਓ।
ਤੇ ਇੰਜ ਜਿਉਂ ਜਿਉਂ ਦਿਨ ਲੰਘਦੇ ਗਏ, ਪਹਿਲਾਂ ਬਨ ਦੇ ਚੜ੍ਹਦੇ ਪਾਸਿਓਂ ਚੰਨ ਚਾਨਣੀ ਦੇ ਹੜ੍ਹ ਵਰਗੇ ਚਿੱਟੇ ਫੁੱਲ ਉਨ੍ਹਾਂ ਦੀਆਂ ਕਹੀਆਂ ਨੇ ਮੁਕਾ ਦਿੱਤੇ, ਤੇ ਫੇਰ ਹੌਲੀ ਹੌਲੀ ਬਨ ਦੇ ਵਿਚਕਾਰੋਂ ਸਤਰੰਗੀ ਪੀਂਘ ਵਰਗੇ ਅਨੇਕ-ਰੰਗੇ ਫੁੱਲ ਛਿਦਰੇ ਹੁੰਦੇ ਗਏ, ਤੇ ਫੇਰ ਇੱਕ ਦਿਨ ਇਹ ਸਤਰੰਗੀ ਅਲੋਪ ਹੋ ਗਈ ਤੇ ਥੱਲਿਓਂ ਮਿਟੀ ਦੇ ਢੇਲੇ ਨਿਕਲ ਆਏ, ਇਨ ਬਿਨ ਓਵੇਂ ਜਿਵੇਂ ਬੜੇ ਸੁਹਣੇ ਪਿੜੀਆਂ ਵਾਲੇ ਖੇਸ ਉੱਤੇ ਸੁੱਤੀ ਕਿਸੇ ਸੁੰਦਰੀ ਨੂੰ ਖੇਸ ਸਣੇ ਕੋਈ ਚੁੱਕ ਲਿਜਾਏ ਤੇ ਥੱਲਿਓਂ ਵਾਣ ਨਿਕਲ ਆਉਂਦਾ ਹੈ।
ਪਰ ਖ਼ਜ਼ਾਨੇ ਦੀ ਉਘ ਸੁਘ ਹਾਲੀ ਵੀ ਉਨ੍ਹਾਂ ਨੂੰ ਨਾ ਪਈ।
ਗ਼ੁਲਾਮਾਂ ਨੇ ਤਿਤਲੀਆਂ ਨੂੰ ਪੁੱਛਿਆ। ਗ਼ੁਲਾਮਾਂ ਨੇ ਤਿਤਲੀਆਂ ਤੋਂ ਉਤਾਂਹ ਉੱਡਦੇ ਪੰਛੀਆਂ ਨੂੰ ਪੁੱਛਿਆ। ਪਰ ਉਹਨਾਂ ਸਭਨਾਂ ਦਾ ਇਕੋ ਜਵਾਬ ਸੀ:
“ਹੋਰ ਕਿਸੇ ਖ਼ਜ਼ਾਨੇ ਦਾ ਸਾਨੂੰ ਪਤਾ ਨਹੀਂ; ਸਾਡਾ ਖ਼ਜ਼ਾਨਾ ਤਾਂ ਉਹ ਚੰਨ-ਚਾਨਣੀ ਵਰਗੇ ਫੁੱਲ ਸਨ, ਸਾਡਾ ਵਡਮੁੱਲਾ ਖ਼ਜ਼ਾਨਾ ਤਾਂ ਉਹ ਵੰਨ-ਸੁਵੰਨੇ ਫੁੱਲਾਂ ਦੀ ਸਤਰੰਗੀ ਪੀਂਘ ਸੀ...”
ਤੇ ਫੇਰ ਥੱਕੇ ਹਾਰੇ ਗ਼ੁਲਾਮ ਮਹਾਰਾਜੇ ਦੇ ਡਰੋਂ ਸੁੰਦਰਬਨ ਦੇ ਲਹਿੰਦੇ ਪਾਸੇ ਵੱਲ ਹੋ ਪਏ, ਜਿਥੇ ਚੀਚ-ਵਹੁਟੀਆਂ ਦਾ ਇੱਕ ਦੇਸ਼ ਵਸਿਆ ਜਾਪਦਾ ਸੀ। ਉੱਗੇ ਹੋਏ ਤਾਂ ਓਥੇ ਲਾਲ ਫੁੱਲ ਲਗਦੇ ਸਨ, ਪਰ ਇਨ੍ਹਾਂ ਨੂੰ ਪੁੱਟਣ ਤੋਂ ਮਗਰੋਂ ਇੰਝ ਜਾਪਦਾ ਸੀ ਜਿਵੇਂ ਇਹ ਫੁੱਲ ਨਹੀਂ, ਲਹੂ ਸੀ, ਬਹਾਰ ਦਾ ਲਹੂ! ਬਹਾਰ ਦੇ ਲਹੂ ਤੋਂ ਗ਼ੁਲਾਮ ਡਰ ਗਏ। ਉਨ੍ਹਾਂ ਨੇ ਫੁੱਲਾਂ ਦੀ ਲਾਲ ਬਾਹੀ ਦਾ ਉਜਾੜਾ ਅਟਕਾ ਲਿਆ, ਤੇ ਹੁਣ ਤੀਕ ਜਿਹੜਾ ਥਾਂ ਉਹ ਪੁੱਟ ਚੁੱਕੇ ਸਨ ਉਹਨੂੰ ਹੀ ਦੂਹਰੀ ਵਾਰ ਫੋਲਣ ਲੱਗ ਪਏ।
ਓਧਰੋਂ ਉਹੀ ਗੱਲ ਹੋਈ ਜਿਦ੍ਹਾ ਮਹਾਰਾਜਾ ਧੰਨਰਾਜ ਨੂੰ ਤੌਖਲਾ ਸੀ। ਰਾਜਾ ਦੌਲਤ ਸਿੰਘ ਨੂੰ ਵੀ ਓਸੇ ਤਰ੍ਹਾਂ ਦਾ ਹੀ ਸੁਫ਼ਨਾ ਆ ਗਿਆ, ਤੇ ਉਹਨੇ ਵੀ ਸੁੰਦਰਬਨ ਵੱਲ ਆਪਣੇ ਗ਼ੁਲਾਮ ਭਜਾ ਦਿਤੇ।
ਜਦੋਂ ਰਾਜਾ ਦੌਲਤ ਸਿੰਘ ਦੇ ਗ਼ੁਲਾਮ ਸੁੰਦਰਬਨ ਪੁੱਜੇ ਤਾਂ ਉਨ੍ਹਾਂ ਤਕਿਆ ਅੱਧਿਓਂ ਵੱਧ ਬਨ ਸਾਫ਼ ਕਰ ਕੇ ਅੱਗੇ ਹੀ ਬੜੇ ਸਾਰੇ ਗ਼ੁਲਾਮਾਂ ਨੇ ਹੇਠਲੀ ਉੱਤੇ ਕੀਤੀ ਹੋਈ ਸੀ।
ਰਾਜਾ ਦੌਲਤ ਸਿੰਘ ਨੇ ਆਪਣੇ ਗ਼ੁਲਾਮਾਂ ਨੂੰ ਹੁਕਮ ਦਿੱਤਾ ਸੀ, “ਖ਼ਜ਼ਾਨੇ ਦੀ ਖੋਜ ਵਿਚ ਜੋ ਵੀ ਰੋਕ ਬਣੇ—ਫੁੱਲ ਜਾਂ ਬ੍ਰਿਛ, ਪਸ਼ੂ ਜਾਂ ਬੰਦਾ—ਸਭ ਤਹਿਸ ਨਹਿਸ ਕਰ ਦਿਓ।”
ਬਨ ਵਿਚ ਆਏ ਨਵੇਂ ਗ਼ੁਲਾਮਾਂ ਨੇ ਪਹਿਲਾਂ ਪੁੱਜੇ ਗ਼ੁਲਾਮਾਂ ਨੂੰ ਲਲਕਾਰਾ ਮਾਰਿਆ,
“ਏਥੋਂ ਹਟ ਜਾਓ, ਸਾਡੇ ਰਾਜੇ ਦਾ ਹੁਕਮ ਜੇ!”
ਪਹਿਲਾਂ ਪੁੱਜਿਆਂ ਨੇ ਅੱਗੋਂ ਵੰਗਾਰਿਆ, “ਤੁਸੀਂ ਕਿਦ੍ਹੇ ਜਾਏ ਜੇ, ਅਸੀਂ ਮਹਾਰਾਜਾ ਧੰਨਰਾਜ ਦੇ ਹੁਕਮ ਨਾਲ ਏਥੇ ਆਏ ਹਾਂ!”
ਤੇ ਗ਼ੁਲਾਮਾਂ ਦੀਆਂ ਦੋਵੇਂ ਟੋਲੀਆਂ ਆਪੋ ਆਪਣੇ ਮਾਲਕਾਂ ਦੇ ਵਿਓਂ ਨਾਲ ਆਹਮੋ ਸਾਹਮਣੇ ਡਟ ਕੇ ਖੜੋ ਗਈਆਂ। ਇਕਨਾਂ ਹੱਥ ਕਹੀਆਂ ਸਨ ਤੇ ਇਕਨਾਂ ਹੱਥ ਕੁਹਾੜੀਆਂ— ਸਭਨਾਂ ਨੇ ਆਪੋ ਆਪਣੇ ਸੰਦ ਸੂਤ ਲਏ।
ਇੰਜ ਖੜੋਤੇ ਗ਼ੁਲਾਮ ਇਕ ਦੂਜੇ ਦੀ ਟੋਲੀ ਵੱਲ ਕੁਝ ਚਿਰ ਘੂਰਦੇ ਰਹੇ। ਉਨ੍ਹਾਂ ਦੀਆਂ ਅੱਖਾਂ ਵਿਚ ਆਪਣੀ ਨਿਰਦਈ ਜ਼ਿੰਦਗੀ ਨਾਲ ਸਾਰੀ ਨਫ਼ਰਤ ਇਕਦਮ ਅੰਗਿਆਰ ਬਣ ਮਚੀ, ਤੇ ਫੇਰ ਉਹ ਇਕ ਦੂਜੇ ਦੀ ਟੋਲੀ ਵੱਲ ਅੱਗ-ਵਰ੍ਹਦੀਆਂ ਅੱਖਾਂ ਨਾਲ ਤੱਕਣ ਲੱਗ ਪਏ; ਤੇ ਇਹੀ ਅੱਗ ਉਨ੍ਹਾਂ ਦੇ ਸਾਰੇ ਸਰੀਰ ਵਿਚੋਂ ਭਖ਼ਦੀ ਉਨ੍ਹਾਂ ਦੇ ਪੈਰਾਂ ਤੱਕ ਅੱਪੜ ਗਈ, ਤੇ ਫੇਰ ਉਨ੍ਹਾਂ ਨੂੰ ਆਪਣੇ ਪੈਰਾਂ ਥੱਲੇ ਦੀ ਭੋਂ ਵੀ ਭਖ਼ਦੀ ਜਾਪੀ। ਆਪਮੁਹਾਰੇ ਉਨ੍ਹਾਂ ਦੇ ਹੱਥ ਉੱਠ ਪਏ, ਪਹਿਲੀ ਟੋਲੀ ਦੇ ਗ਼ੁਲਾਮਾਂ ਦੀਆਂ ਕਹੀਆਂ ਦੂਜੀ ਟੋਲੀ ਦੇ ਗ਼ੁਲਾਮਾਂ ਦੇ ਸਿਰ, ਦੂਜੀ ਟੋਲੀ ਦੀਆਂ ਕੁਹਾੜੀਆਂ ਪਹਿਲੀ ਟੋਲੀ ਦੇ ਸਿਰ। ਕਿੰਨੀਆਂ ਹੀ ਕਹੀਆਂ ਉਘਰੀਆਂ, ਤੇ ਕਿੰਨੀਆਂ ਹੀ ਕੁਹਾੜੀਆਂ ਉਲਰੀਆਂ ਤੇ ਕਿੰਨੀ ਅੱਗ ਸੀ ਏਸ ਦੁਪਾਸੜ ਰੋਹ ਵਿਚ।
...ਤੇ ਬਹਾਰ ਦੇ ਲਹੂ ਵਿਚ ਬੰਦਿਆਂ ਦਾ ਲਹੂ ਰਲ ਗੱਡ ਹੋ ਗਿਆ। ਮੋਏ ਫੁੱਲਾਂ ਦੇ ਢੇਰਾਂ ਉੱਤੇ ਸਿਸਕਦੇ ਗ਼ੁਲਾਮ ਢਹਿ ਪਏ।
ਲਾਲ ਫੁੱਲ ਜਿਹੜੇ ਅਜੇ ਖੜੋਤੇ ਸਨ, ਉਹ ਇਹ ਪਰਲੋ ਵੇਖਦਿਆਂ ਸਾਰ ਮੀਟੇ ਗਏ, ਤੇ ਤਿਤਲੀਆਂ ਤ੍ਰਹਿ ਗਈਆਂ, ਤੇ ਪੰਛੀ ਡਰ ਕੇ ਉੱਡ ਗਏ।
ਪੰਛੀ ਉੱਡ ਕੇ ਬਹਾਰ ਨੂੰ ਬੁਲਾਣ ਚਲੇ ਗਏ। ਬਹਾਰ ਏਸ ਸੁੰਦਰਬਨ ਦੀ ਮਾਲਕ ਸੀ, ਓਸ ਤਰ੍ਹਾਂ ਦੀ ਮਾਲਕ ਨਹੀਂ ਜਿਸ ਤਰ੍ਹਾਂ ਦੇ ਮਹਾਰਾਜੇ ਆਪਣੇ ਗ਼ੁਲਾਮਾਂ ਦੇ ਹੁੰਦੇ ਹਨ, ਸਗੋਂ ਉਸ ਤਰ੍ਹਾਂ ਦੀ ਮਾਲਕ ਜਿਸ ਤਰ੍ਹਾਂ ਦੇ ਫੁੱਲ ਆਪਣੀ ਖ਼ੁਸ਼ਬੂ ਦੇ ਜਾਂ ਕੋਇਲ ਆਪਣੇ ਗੀਤਾਂ ਦੀ ਹੁੰਦੀ ਹੈ। ਬਹਾਰ ਕੁਝ ਦਿਨਾਂ ਤੋਂ ਆਪਣੇ ਇੱਕ ਹੋਰ ਇਲਾਕੇ ਮਧੂਬਨ ਵਿਚ ਸਿਆਲੀ ਨੀਂਦਰੋਂ ਜਾਗੇ ਫੁੱਲਾਂ ਨੂੰ ਸੁਚੇਤ ਕਰਾਣ ਗਈ ਹੋਈ ਸੀ।
ਪੰਛੀਆਂ ਨੇ ਜਾ ਕੇ ਜਦੋਂ ਬਹਾਰ ਨੂੰ ਦੱਸਿਆ ਕਿ ਉਹਦੇ ਪਿੱਛੋਂ ਸੁੰਦਰਬਨ ਵਿਚ ਕੀ ਭਾਣਾ ਵਰਤ ਗਿਆ ਹੈ—ਤਾਂ ਬਹਾਰ ਨੇ ਝੱਟ ਪੱਟ ਉੱਥੇ ਪੁੱਜਣਾ ਚਾਹਿਆ। ਅੱਗੇ ਤਾਂ ਬਹਾਰ ਪੌਣ ਦੇ ਮੋਢਿਆਂ ਉੱਤੇ ਚੜ੍ਹ ਕੇ ਏਧਰ ਉਧਰ ਜਾਂਦੀ ਸੀ, ਪਰ ਅੱਜ ਪੌਣ ਬੜੀ ਸੁਸਤ ਸੁਸਤ ਵਗ ਰਹੀ ਸੀ। ਪੌਣ ਸੁੰਦਰਬਨ ਦਾ ਸਾਕਾ ਸੁਣ ਕੇ ਹਟਕੋਰੇ ਪਈ ਲੈਂਦੀ ਸੀ। ਸੋ ਬਹਾਰ ਦੀ ਕਾਹਲ ਤੱਕ ਕੇ ਪੰਛੀਆਂ ਨੇ ਆਪਣੀਆਂ ਡਾਰਾਂ ਜੋੜ ਲਈਆਂ, ਤੇ ਇੰਜ ਬਹਾਰ ਲਈ ਇਕ ਵੱਡਾ ਸਾਰਾ ਉੱਡਣ-ਖਟੋਲਾ ਬਣਾਇਆ, ਜਿਸ ਉੱਤੇ ਬਹਿ ਕੇ ਬਹਾਰ ਸੁੰਦਰਬਨ ਨੂੰ ਪਰਤੀ।
ਸੁੰਦਰਬਨ ਦੀ ਝਾਤੀ ਵੇਖ ਕੇ ਬਹਾਰ ਨੇ ਸੋਚਿਆ, ਪੰਛੀਆਂ, ਸੱਚ ਹੀ ਉਹਨੂੰ ਦੱਸਿਆ ਸੀ! ਕਿੱਥੇ ਸੀ ਉਹ ਚੰਨ ਚਾਨਣੀ ਦਾ ਹੜ੍ਹ, ਕਿਥੇ ਸੀ ਉਹ ਸਤਰੰਗੀ, ਕਿੱਥੇ ਸਨ ਸੁੰਦਰਬਨ ਦੇ ਮਹਿਕੇ ਮਹਿਕੇ ਸਾਹ! ਸਾਹਮਣੇ ਫੁੱਲਾਂ ਦੀਆਂ ਲੋਥਾਂ ਸਨ, ਤੇ ਖ਼ਜ਼ਾਨੇ ਦੇ ਖੋਜੀਆਂ ਦੀਆਂ, ਬਹਾਰ ਦਾ ਆਪਣਾ ਲਹੂ ਸੀ ਤੇ ਬੰਦਿਆਂ ਦਾ, ਤੇ ਕੋਲ ਹੀ ਗ਼ੁਲਾਮਾਂ ਵਿਚੋਂ ਜਿਹੜੇ ਮਰੇ ਨਹੀਂ ਸਨ ਉਹ ਫੱਟੜ ਹੋਏ ਨਿਢਾਲ ਪਏ ਸਨ।
ਬਹਾਰ ਦੇ ਔਣ ਉੱਤੇ ਮੀਟੇ ਲਾਲ ਫੁੱਲ ਜਾਗ ਪਏ, ਤੇ ਉਸ ਕੋਲ ਉਹ ਤਿਤਲੀਆਂ ਉੱਡਦੀਆਂ ਆਈਆਂ ਜਿਨ੍ਹਾਂ ਅਲੋਪ ਹੋ ਗਏ ਸਤਰੰਗੀ-ਪੀਂਘੇ ਫੁੱਲਾਂ ਦੀ ਛਬ ਆਪਣੇ ਖੰਭਾਂ ਵਿਚ ਸਾਂਭੀ ਹੋਈ ਸੀ। ਤੇ ਬਹਾਰ ਦੇ ਸਾਹ ਨੇ—ਇਹ ਸਾਹ ਜਿਦ੍ਹੇ ਵਿਚ ਫੱਗਣ ਦੀਆਂ ਫੁਲੀਆਂ ਧ੍ਰੇਕਾਂ, ਤੇ ਕਨੇਰ ਦੀ ਸੁਗੰਧ ਸੀ, ਤੇ ਗੁਲਾਬ ਤੇ ਸੱਫ਼ ਸੀ, ਤੇ ਅੰਬਾਂ ਦਾ ਬੂਰ ਸੀ, ਤੇ ਪਤਾ ਨਹੀਂ ਅਨੇਕਾਂ ਹੋਰ ਕਿਹੜੀਆਂ ਜੀਵਨ-ਦਾਤੀਆਂ ਮਹਿਕਾਂ ਸਨ—ਸਿਸਕਦੇ ਨਿਢਾਲ ਗ਼ੁਲਾਮਾਂ ਨੂੰ ਸੁਰਜੀਤ ਕਰ ਦਿੱਤਾ। ਗ਼ੁਲਾਮਾਂ ਨੂੰ ਕੁਹਾੜੀਆਂ, ਕਹੀਆਂ ਵਿਸਰ ਗਈਆਂ ਤੇ ਜਾਪਿਆ ਆਲੇ-ਦੁਆਲੇ ਰੱਬ ਵਿਚਰ ਰਿਹਾ ਸੀ।
ਤੇ ਹੁਣ ਉਨ੍ਹਾਂ ਦੇ ਥੱਲੇ ਭੋਂ ਨਹੀਂ ਸੀ ਭਖ਼ਦੀ, ਨਾ ਹੀ ਹੁਣ ਉਨ੍ਹਾਂ ਦੇ ਸਰੀਰ ਭਖ਼ਦੇ ਸਨ, ਤੇ ਨਾ ਹੀ ਹੁਣ ਉਨ੍ਹਾਂ ਦੀਆਂ ਅੱਖਾਂ ਵਿਚ ਨਫ਼ਰਤ ਦੇ ਅੰਗਿਆਰ ਸਨ। ਜਿਉਂ ਜਿਉਂ ਬਹਾਰ ਦੀਆਂ ਜੀਵਨ-ਦਾਤੀਆਂ ਮਹਿਕਾਂ ਉਨ੍ਹਾਂ ਕੋਲ ਅੌਂਦੀਆਂ ਰਹੀਆਂ, ਉਨ੍ਹਾਂ ਦੇ ਅੰਦਰੋਂ ਰੋਹ ਹਿਸਦਾ ਗਿਆ; ਸਿਰਫ਼ ਅੰਗਾਂ ਵਿਚ ਇੱਕ ਪੀੜ ਬਾਕੀ ਰਹਿ ਗਈ, ਤੇ ਅੰਗਾਂ ਦੀ ਪੀੜ ਤੋਂ ਵੀ ਵੱਧ ਸੀ ਉਨ੍ਹਾਂ ਦੇ ਦਿਲਾਂ ਦੀ ਵੇਦਨਾ।
ਤੇ ਤਿਤਲੀਆਂ ਗ਼ੁਲਾਮਾਂ ਦੀ ਪਹਿਲੀ ਟੋਲੀ ਤੋਂ ਉੱਡ ਕੇ ਦੂਜੀ ਟੋਲੀ ਵੱਲ ਗਈਆਂ, ਤੇ ਫੇਰ ਉਧਰੋਂ ਪਰਤ ਕੇ ਪਹਿਲੀ ਕੋਲ ਆਈਆਂ—ਇਹ ਤਿਤਲੀਆਂ ਵੈਰੀ ਬਣੀਆਂ ਟੋਲੀਆਂ ਦੇ ਇਕ ਇਕ ਗ਼ੁਲਾਮ ਨੂੰ ਉਸ ਵੇਦਨਾ ਦਾ ਸੁਨੇਹਾ ਪੁਚਾਂਦੀਆਂ ਰਹੀਆਂ ਜਿਹੜੀ ਏਸ ਵੇਲੇ ਉਨ੍ਹਾਂ ਵਿਚੋਂ ਹਰ ਇੱਕ ਦੇ ਦਿਲ ਵਿਚ ਸੀ—ਤੇ ਫੇਰ ਦੋਵਾਂ ਵੈਰੀ ਟੋਲੀਆਂ ਦਾ ਸਾਂਝਾ ਪਛਤਾਵਾ ਬਹਾਰ ਦੇ ਕੰਨੀਂ ਪਿਆ:
“ਹਾਏ, ਅਸੀਂ ਸੁੰਦਰਬਨ ਨੂੰ ਮਸਾਣ ਬਣਾਇਆ…”
“ਹਾਏ, ਅਸੀਂ ਆਪਣੇ ਵੀਰਾਂ ਨੂੰ ਕੋਹਿਆ...”
“ਹਾਏ, ਸਾਡੀਆਂ ਕਹੀਆਂ ਲਹੂ-ਲੁਹਾਨ...”
“ਹਾਏ, ਸਾਡੀਆਂ ਕੁਹਾੜੀਆਂ ਰੱਤੋ-ਰੱਤ...”
ਇਹ ਸੁਣ ਕੇ ਬਹਾਰ ਉਨ੍ਹਾਂ ਗ਼ੁਲਾਮਾਂ ਦੀਆਂ ਟੋਲੀਆਂ ਦੇ ਵਿਚਾਲੇ ਜਾ ਖੜੋਤੀ। ਤੇ ਜਦੋਂ ਉਹ ਉਨ੍ਹਾਂ ਦੇ ਏਨੀ ਨੇੜੇ ਜਾ ਢੁਕੀ ਤਾਂ ਉਨ੍ਹਾਂ ਗ਼ੁਲਾਮਾਂ ਨੂੰ ਕੁਝ ਇੰਝ ਦਾ ਮਹਿਸੂਸ ਹੋਇਆ ਜਿਹੋ ਜਿਹਾ ਅੱਗੇ ਜ਼ਿੰਦਗੀ ਭਰ ਕਦੇ ਨਹੀਂ ਸੀ ਹੋਇਆ, (ਜੋ ਕੁਝ ਉਨ੍ਹਾਂ ਨੂੰ ਏਸ ਵੇਲੇ ਮਹਿਸੂਸ ਹੋ ਰਿਹਾ ਸੀ, ਇਹਦੇ ਵਿਚ ਭਾਵੇਂ ਕਿਤੇ ਕਿਤੇ ਉਨ੍ਹਾਂ ਦੀ ਬੀਤੀ ਜ਼ਿੰਦਗੀ ਦੇ ਕੁਝ ਨਿੱਕੇ ਨਿੱਕੇ ਅੰਸ ਰਲੇ ਹੋਏ ਸਨ: ਜਦੋਂ ਬਾਲ-ਵਰੇਸ ਵਿਚ ਪਹਿਲੀ ਵਾਰੀ ਉਨ੍ਹਾਂ ਰੰਗਾਂ ਦਾ ਦਿਹਾਰ ਮਨਾਇਆ ਸੀ... ਤੇ ਫੇਰ ਜਵਾਨੀ ਵਿਚ ਇਕ ਦਿਨ ਆਪਣੇ ਹਾਣ ਦੀ ਕਿਸੇ ਮੁਟਿਆਰ ਦੀਆਂ ਗੱਲ੍ਹਾਂ ਉੱਤੇ ਗੁਲਾਲ ਮਲਿਆ ਸੀ... ਤੇ ਵੱਡਿਆਂ ਹੋ ਕੇ ਪਹਿਲੀ ਵਾਰ ਆਪਣੇ ਬਾਲ ਦੇ ਬੁੱਲ੍ਹ ਚੁੰਮੇ ਸਨ...। ਬੇਸ਼ਕ ਹੁਣ ਦੇ ਪਲ ਦੇ ਅਹਿਸਾਸ ਵਿਚ ਇਨ੍ਹਾਂ ਸਭਨਾਂ ਬੀਤ ਚੁਕੇ ਤਲਿਸਮੀ ਪਲਾਂ ਦੀ ਨੁਹਾਰ ਕੁਝ ਕੁਝ ਝਲਕਦੀ ਸੀ, ਪਰ ਇਹ ਸੱਚ ਸੀ ਕਿ ਹੁਣ ਦਾ ਪਲ ਇਨ੍ਹਾਂ ਸਭਨਾਂ ਬੀਤੇ ਪਲਾਂ ਨਾਲੋਂ ਕਿਤੇ ਮਹਾਨ ਸੀ, ਤੇ ਏਸ ਲਈ ਉਨ੍ਹਾਂ ਨੂੰ ਕੁਝ ਇੰਜ ਦਾ ਮਹਿਸੂਸ ਹੋਇਆ ਜਿਹੋ ਜਿਹਾ ਅੱਗੇ ਜ਼ਿੰਦਗੀ ਭਰ ਕਦੇ ਨਹੀਂ ਸੀ ਹੋਇਆ), ਤੇ ਉਨ੍ਹਾਂ ਨੂੰ ਉਹੋ ਜਿਹੀ ਝੁਣਝੁਣੀ ਆਪਦੇ ਅੰਦਰ ਜਾਪੀ ਜਿਹੋ ਜਿਹੀ ਕਿਸੇ ਪੰਛੀ ਅੰਦਰ ਆਪਣੀ ਪਹਿਲੀ ਉਡਾਰੀ ਤੋਂ ਪਹਿਲਾਂ ਹੁੰਦੀ ਹੈ; ਤੇ ਉਨ੍ਹਾਂ ਵਿਚੋਂ ਜਿਹੜੇ ਹਾਲੇ ਜਿਉਂਦੇ ਸਨ, ਉਹ ਉੱਠ ਖੜੋਤੇ।
ਬਹਾਰ ਨੇ ਦੋਵਾਂ ਟੋਲੀਆਂ ਵਿਚ ਵੰਡੇ ਗ਼ੁਲਾਮਾਂ ਨੂੰ ਕਿਹਾ, “ਰਾਜਿਆਂ ਦੇ ਕੀਲਿਓ! ਕਿਆਸੀ ਖ਼ਜ਼ਾਨੇ ਦੀ ਭਾਲ ਵਿਚ ਖਿੜੇ ਖ਼ਜ਼ਾਨਿਆਂ ਨੂੰ ਰੋਲਣ ਵਾਲਿਓ! ਮੇਰੇ ਲਹੂ ਦੀ ਤਾਂ ਤੁਸਾਂ ਕਦਰ ਨਾ ਪਾਈ, ਪਰ ਇੱਕ ਦੂਜੇ ਦਾ ਲਹੂ ਡੋਲ੍ਹਣੋਂ ਤਾਂ ਦਰੇਗ਼ ਕਰ ਲੈਂਦੇ!”
ਬਹਾਰ ਬੋਲ ਪਈ ਸੀ! ਚਮਤਕਾਰ ! ਸਭਨਾਂ ਗ਼ੁਲਾਮਾਂ ਦੇ ਹੱਥ ਜੁੜ ਗਏ !
ਬਹਾਰ ਦੀ ਫੇਰ ਵਾਜ ਆਈ, “ਤੁਹਾਡੇ ਰਾਜੇ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਖ਼ਜ਼ਾਨਾ ਖੁਹਾ ਬੈਠੇ ਨੇ, ਕਿਉਂਕਿ ਉਹ ਲੋਕਾਂ ਉੱਤੇ ਏਨਾ ਜ਼ੁਲਮ ਕਰਦੇ ਸਨ। ਹੁਣ ਉਹ ਗੀਟਿਆਂ ਵੱਟਿਆਂ ਦੇ ਨਕਲੀ ਖ਼ਜ਼ਾਨਿਆਂ ਮਗਰ ਹਲਕਾਏ ਫਿਰਦੇ ਨੇ, ਪਰ ਤੁਸੀਂ ਉਨ੍ਹਾਂ ਦੇ ਢਹੇ ਚੜ੍ਹ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਖ਼ਜ਼ਾਨੇ ਨੂੰ ਕਿਉਂ ਬਰਬਾਦ ਕਰ ਰਹੇ ਜੇ!” ਤੇ ਬਹਾਰ ਨੇ ਆਪਣੀ ਫੁੱਲਾਂ-ਖਿੜੀ ਟਹਿਣੀ ਵਰਗੀ ਬਾਂਹ ਨਾਲ ਓਧਰ ਇਸ਼ਾਰਾ ਕੀਤਾ ਜਿੱਥੇ ਕਈ ਗ਼ੁਲਾਮ ਢੇਰ ਹੋਏ ਪਏ ਸਨ।
ਤੇ ਬਹਾਰ ਆਖਦੀ ਗਈ, “ਆਓ, ਅੱਜ ਤੁਹਾਨੂੰ ਮੈਂ ਉਹ ਭੇਤ ਦੱਸਾਂ ਜਿਹੜਾ ਜੁਗਾਂ ਤੋਂ ਰਾਜਿਆਂ ਨੇ ਤੁਹਾਥੋਂ ਲੁਕਾ ਰੱਖਿਆ ਏ; ਸ੍ਰਿਸ਼ਟੀ ਦਾ ਸਭ ਤੋਂ ਵੱਡਾ ਖ਼ਜ਼ਾਨਾ ਮਨੁੱਖ ਦਾ ਦਿਲ ਏ—ਦਿਲ ਜਿਹੜਾ ਰਾਜਿਆਂ ਕੋਲ ਨਹੀਂ ਰਿਹਾ, ਤੇ ਤੁਸਾਂ ਗ਼ੁਲਾਮਾਂ ਦੇ ਅੰਦਰ ਇੱਕ ਅਪਹੁੰਚ ਬੰਦ ਖ਼ਜ਼ਾਨੇ ਵਾਂਗ ਪਿਆ ਏ। ਜਦੋਂ ਤੁਸੀਂ ਆਪਸ ਵਿਚ ਲੜਦੇ ਹੋ ਤਾਂ ਇਹ ਹੋਰ ਵੱਧ ਬੰਦ ਹੋ ਜਾਂਦਾ ਏ, ਹੋਰ ਵੱਧ ਅਪਹੁੰਚ!”
ਸਭਨਾਂ ਗ਼ੁਲਾਮਾਂ ਨੇ ਬਹਾਰ ਦੇ ਸਾਹਮਣੇ ਆਪਣੇ ਹੱਥ ਇੰਜ ਫੈਲਾ ਦਿੱਤੇ, ਜਿਵੇਂ ਉਹ ਏਸ ਖ਼ਜ਼ਾਨੇ ਦੀ ਕੁੰਜੀ ਮੰਗ ਰਹੇ ਹੋਣ।
ਤੇ ਬਹਾਰ ਫੇਰ ਬੋਲੀ, ਐਤਕੀ ਉਹਦੀ ’ਵਾਜ ਬੜੀ ਅਡੋਲ ਸੀ, “ਏਸ ਖ਼ਜ਼ਾਨੇ ਦੀ ਕੁੰਜੀ—ਤੁਹਾਡਾ ਏਕਾ। ਵੱਖ ਵੱਖ ਰਹੋ ਤੇ ਤੁਸੀਂ ਗ਼ੁਲਾਮ, ਇਕ ਹੋ ਕੇ ਟੁਰੋ ਤੇ ਤੁਸੀਂ ਮਨੁੱਖ। ਇਕ ਹੋ ਕੇ ਵਧੋ ਤੇ ਤੁਸੀਂ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਖ਼ਜ਼ਾਨਾ ਪਾ ਲਓਗੇ—ਮਨੁੱਖ ਦਾ ਦਿਲ!”
ਤੇ ਹੁਣ ਦੋ ਟੋਲੀਆਂ ਨਾ ਰਹੀਆਂ, ਗ਼ੁਲਾਮਾਂ ਨੇ ਇੱਕ ਦੂਜੇ ਦੀਆਂ ਬਾਹਾਂ ਵਿਚ ਬਾਹਾਂ ਪਾ ਲਈਆਂ ਸਨ।
ਇਕਦਮ ਬਹਾਰ ਦੇ ਸਾਹਾਂ ਵਿਚ ਸੁਗੰਧ ਦੂਣ ਸਵਾਈ ਹੋ ਗਈ, ਤੇ ਉਹ ਸਰੂਰ ਵਿਚ ਆ ਕੇ ਬੋਲੀ, “ਜੁਗਾਂ ਤੋਂ ਆਪਣੇ ਜੋਬਨ ਤੋਂ ਵਡੇਰਾ ਕੋਈ ਰੂਪ ਵੇਖਣ ਦੀ ਤਾਂਘ ਲਾਈ ਮੈਂ ਖੜੋਤੀ ਹਾਂ। ਜਾਓ, ਮੇਰੇ ਵੀਰਨੋ ਮਨੁੱਖ ਦੇ ਦਿਲ ਉੱਤੇ ਬਹਾਰ ਲਿਆ ਕੇ ਮੇਰੀ ਇਹ ਤਾਂਘ ਪੂਰੀ ਕਰੋ।”
ਇੱਕ ਦੂਜੇ ਦੀਆਂ ਬਾਹਾਂ ਵਿਚ ਬਾਹਾਂ ਪਾਈ ਜਦੋਂ ਗ਼ੁਲਾਮਾਂ ਨੇ ਏਕੇ ਦੀ ਪਹਿਲੀ ਪਲਾਂਘ ਪੁੱਟੀ, ਤਾਂ ਬਹਾਰ ਨੂੰ ਦਿਸ ਪਿਆ ਉਹ ਗ਼ੁਲਾਮ ਨਹੀਂ ਸਨ ਰਹੇ, ਮਨੁੱਖ ਬਣ ਗਏ ਸਨ, ਤੇ ਹੁਣ ਮਨੁੱਖ ਦੇ ਦਿਲ ਦੀ ਬਹਾਰ ਬਹੁਤ ਦੂਰ ਨਹੀਂ ਸੀ।
[1957]