Sammu Te Uhdi Bibi (Punjabi Story) : Navtej Singh
ਸੰਮੂੰ ਤੇ ਉਹਦੀ ਬੀਬੀ (ਕਹਾਣੀ) : ਨਵਤੇਜ ਸਿੰਘ
ਚੌਦਾਂ ਵਰ੍ਹਿਆਂ ਦਾ ਹੁੰਦੜਹੇਲ ਸੰਮੂੰ ਆਪਣੀ ਮਾਂ ਨਾਲ ਰੋਜ਼ ਬੰਗਲੇ ਦੀ ਸਫ਼ਾਈ ਕਰਾਣ ਜਾਂਦਾ। ਜਦੋਂ ਕਦੇ ਉਹਦੀ ਮਾਂ ਢਿੱਲੀ-ਮੱਠੀ ਹੁੰਦੀ, ਜਾਂ ਕਿਤੇ ਵਾਂਢੇ ਗਈ ਹੁੰਦੀ, ਤਾਂ ਉਹ ਓਥੇ ਆਪਣੀ ਵੱਡੀ ਭੈਣ ਨਾਲ ਜਾਂਦਾ।
ਉਹ ਆਪਣੀ ਬੁੱਢੀ ਮਾਂ ਤੇ ਜਵਾਨ ਭੈਣ ਨਾਲੋਂ ਬੜਾ ਵੱਖਰਾ-ਵੱਖਰਾ ਲੱਗਦਾ ਸੀ। ਮੁਹਾਂਦਰਾ ਜ਼ਰੂਰ ਉਹਦਾ ਉਹਨਾਂ ਨਾਲ ਰਲਦਾ ਸੀ, ਪਰ ਉਹਦੀਆਂ ਅੱਖਾਂ ਵਿਚਲੀ ਚਮਕ ਉਹਦੇ ਸੁਨੱਖੇ ਨਕਸ਼ਾਂ ਨੂੰ ਹੋਰ ਦਾ ਹੋਰ ਬਣਾ ਦੇਂਦੀ ਸੀ।
ਕਮਰਿਆਂ ਦੀ ਝਾੜ ਪੂੰਝ, ਫ਼ਰਸ਼ਾਂ ਉੱਤੇ ਟਾਕੀ ਫੇਰਨੀ, ਬੂਟ ਪਾਲਿਸ਼ ਤੇ ਹੋਰ ਅਜਿਹੇ ਸਭ ਕੰਮ ਉਹ ਬੰਗਲੇ ਵਿਚ ਬਹੁਤ ਚੰਗੀ ਤਰ੍ਹਾਂ ਕਰਦਾ, ਪਰ ਟੱਟੀ ਵਿਚ ਕਮੋਡ ਚੁੱਕਣ ਉਹ ਕਦੇ ਵੀ ਨਾ ਜਾਂਦਾ।
ਇਕ ਵਾਰੀ ਉਹਦੀ ਮਾਂ ਤੇ ਭੈਣ ਦੋਵੇਂ ਕੱਠੀਆਂ ਹੀ ਬੀਮਾਰ ਪੈ ਗਈਆਂ। ਉਹਨੇ ਬੰਗਲੇ ਦਾ ਸਾਰਾ ਕੰਮ ਸਾਂਭ ਲਿਆ, ਪਰ ਓਦੋਂ ਵੀ ਕਮੋਡ ਸਾਫ਼ ਕਰਨ ਲਈ ਬੀਬੀ ਜੀ ਨੂੰ ਸਰਦਾਰ ਜੀ ਦੇ ਦਫ਼ਤਰ ਵਿਚ ਕੰਮ ਕਰਨ ਵਾਲਾ ਜਮਾਂਦਾਰ ਹੀ ਮੰਗਵਾਣਾ ਪਿਆ।
ਸੰਮੂੰ ਦੇ ਨਕਸ਼ ਹੀ ਨਹੀਂ, ਉਹਦੀ ਬੁਧ ਵੀ ਬੜੀ ਬਰੀਕ ਸੀ। ਜੇ ਕਿਤੇ ਬੰਗਲੇ ਵਿਚ ਬਿਜਲੀ ਦੀ ਤਾਰ, ਪੱਖੇ ਜਾਂ ਇਸਤ੍ਰੀ ਵਿਚ ਕੋਈ ਛੋਟਾ-ਮੋਟਾ ਨੁਕਸ ਪੈਂਦਾ ਤਾਂ ਉਹ ਠੀਕ ਕਰ ਦੇਂਦਾ। ਬੀਬੀ ਜੀ ਦੇ ਸਭਨਾਂ ਬੱਚਿਆਂ ਨਾਲੋਂ ਉਹ ਵੱਡਾ ਸੀ। ਉਹ ਉਨ੍ਹਾਂ ਨੂੰ ਨਵੀਆਂ-ਨਵੀਂਆਂ ਖੇਡਾਂ ਸਿਖਾਂਦਾ, ਕਹਾਣੀਆਂ ਸੁਣਾਂਦਾ। ਇਕ ਤੇ ਬੀਬੀ ਜੀ ਤੇ ਸਰਦਾਰ ਜੀ ਦੋਵੇਂ ਖੁਲ੍ਹੇ ਖਿਆਲਾਂ ਦੇ ਸਨ; ਦੂਜਾ ਇਹ ਬੰਗਲਾ ਇਕੱਲਾ ਕਾਰਾ ਸੀ, ਨਾ ਆਂਢ ਨਾ ਗੁਆਂਢ, ਬੱਚਿਆਂ ਲਈ ਹੋਰ ਸਾਥੀ ਵੀ ਕੋਈ ਨਹੀਂ ਸੀ। ਨਾਲੇ ਸੰਮੂੰ ਤਾਂ ਹੱਦੋਂ ਵੱਧ ਸਾਫ਼ ਰਹਿੰਦਾ ਸੀ, ‘ਮੈਲੇ ਨੂੰ ਹੱਥ ਵੀ ਨਹੀਂ ਸੀ ਲਾਂਦਾ’, ਸੋ ਬੀਬੀ ਜੀ ਦੇ ਬੱਚੇ ਉਹਦੇ ਨਾਲ ਨਿਸ਼ੰਗ ਖੇਡਦੇ ਰਹਿੰਦੇ।
ਬੀਬੀ ਜੀ ਦਾ ਤਾਂ ਸੰਮੂੰ ਉਚੇਚਾ ਹੀ ਚਹੇਤਾ ਸੀ, “ਭਾਵੇਂ ਜਮਾਦਾਰਾਂ ਦਾ ਮੁੰਡਾ ਏਂ, ਪਰ ਸੋਹਣੇ ਬੋਲਾਂ ਨਾਲ ਤਾਂ ਜਿਵੇਂ ਉਹਦੇ ਬੋਲ ਗੁੰਦੇ ਹੋਣ।”
ਜਦੋਂ ਸੰਮੂੰ ਕਾਰ ਧੋ ਕੇ ਲਿਸ਼ਕਾਂਦਾ, ਤਾਂ ਸਰਦਾਰ ਜੀ ਕਹਿੰਦੇ ਹੁੰਦੇ ਸਨ, “ਗੈਰੇਜ ਵਾਲਿਆਂ ਦੀ ਸਰਵਿਸ ਨੂੰ ਮਾਤ ਪਾ ਦਿੱਤਾ ਏ ਸੰਮੂੰ ਨੇ।”
ਉਹਦੀ ਮਾਂ ਤਿੰਨ-ਚਾਰ ਹੋਰ ਘਰਾਂ ਦਾ ਕੰਮ ਵੀ ਕਰਦੀ ਸੀ, ਪਰ ਉਹ ਹੋਰ ਕਿਸੇ ਘਰ ਉਹਦੀ ਮਦਦ ਲਈ ਨਹੀਂ ਸੀ ਜਾਂਦਾ। ਉਹਨੂੰ ਆਪਣੀ ਮਾਂ ਦੇ ਨਾਲ ਬੰਗਲੇ ਵਿਚ ਕੰਮ ਕਰਦਿਆਂ ਹਾਲੀ ਮਹੀਨਾ ਕੁ ਹੀ ਲੰਘਿਆ ਸੀ ਕਿ ਬੀਬੀ ਜੀ ਨੇ ਉਹਦੀ ਵੱਖਰੀ ਤਨਖਾਹ ਵੀ ਲਾ ਦਿੱਤੀ ਸੀ।
ਸੰਮੂੰ ਵਾਹ ਲਗਦੀ ਸਾਰਾ ਦਿਨ ਉਨ੍ਹਾਂ ਦੇ ਬੰਗਲੇ ਵਿਚ ਹੀ ਬਿਤਾਂਦਾ। ਹੁਣ ਜਦੋਂ ਸ਼ਾਮੀਂ ਉਹ ਆਪਣੀ ਬਸਤੀ ਵਿਚ ਪਰਤਦਾ ਤਾਂ ਉਹ ਇਹਨੂੰ ਅਜੀਬ-ਅਜੀਬ ਲੱਗਣ ਲੱਗ ਪਈ ਸੀ। ਓਥੇ ਉਹਦਾ ਪਿਓ ਸ਼ਰਾਬ ਪੀ ਕੇ ਕਿਸੇ ਨਾਲ ਗਾਲੋ-ਗਾਲੀ ਹੋਇਆ ਹੁੰਦਾ। ਕੁਝ ਚਿਰ ਤੋਂ ਉਹਨੂੰ ਇਥੇ ਸਭਨੀਂ ਪਾਸੀਂ ਗੰਦ, ਰੌਲਾ ਤੇ ਲੜਾਈ ਬਹੁਤ ਅਖਰਣ ਲੱਗ ਪਈ ਸੀ। ਦਿਨ ਵੇਲੇ ਜਿਸ ਦੁਨੀਆਂ ਵਿਚ ਉਹ ਹੁਣ ਰਹਿਣ ਲੱਗ ਪਿਆ ਸੀ, ਉਸ ਨਾਲੋਂ ਇਥੇ ਸਭ ਕੁਝ ਬੜਾ ਵੱਖਰਾ ਸੀ।
ਹੁਣ ਉਹ ਬਸਤੀ ਵਿਚਲੇ ਆਪਣੇ ਹਾਣ ਦੇ ਮੁੰਡਿਆਂ ਨਾਲ ਵੀ ਕਦੇ ਨਹੀਂ ਸੀ ਖੇਡਿਆ। ਉਹ ਸਾਰੇ ਉਹਨੂੰ ਛੇੜਦੇ, “ਵੱਡਾ ਬਾਊ—ਹੁਣ ਸਾਡੇ ਨਾਲ ਖੇਡਦਿਆਂ ਭਿਟਦਾ ਏ...।” ਉਹ ਸਾਰੇ ਬੇਵਜ੍ਹਾ ਉਸ ਨਾਲ ਆਢਾ ਲਾਣ ਨੂੰ ਤਿਆਰ ਰਹਿੰਦੇ ਤੇ ਉਹਦੀ ਬੀਬੀ ਬਾਰੇ ਗੰਦੀਆਂ ਗੱਲਾਂ ਉੱਚੀ-ਉੱਚੀ ਉਹਨੂੰ ਸੁਣਾਂਦੇ। ਇਕ ਦਿਨ ਉਨ੍ਹਾਂ ਸਭ ਨੇ ਰਲ ਕੇ ਉਹਨੂੰ ਬੜੀ ਬੇਤਰਸੀ ਨਾਲ ਕੁੱਟਿਆ।
ਕੁਝ ਚਿਰ ਤੋਂ ਬੀਬੀ ਜੀ ਵੇਖ ਰਹੇ ਸਨ ਕਿ ਸੰਮੂੰ ਦੀਆਂ ਅੱਖਾਂ ਵਿਚਲੀ ਚਮਕ ਨਿੰਮ੍ਹੀ ਪੈਂਦੀ ਜਾ ਰਹੀ ਸੀ। ਉਹ ਓਨਾ ਹਸਮੁਖ ਨਹੀਂ ਸੀ ਰਿਹਾ, ਤੇ ਚੁਪ-ਚੁਪ ਰਹਿਣ ਲੱਗ ਪਿਆ ਸੀ।
ਬੀਬੀ ਜੀ ਨੇ ਤਿੰਨ ਚਾਰ ਵਾਰ ਉਹਨੂੰ ਪੁੱਛਿਆ, ਤਨਖ਼ਾਹ ਵੀ ਕੁਝ ਵਧਾ ਦਿੱਤੀ, ਨਵੇਂ ਕੱਪੜੇ ਸੁਆ ਦਿੱਤੇ, ਪਰ ਉਹ ਪਹਿਲਾਂ ਵਰਗਾ ਨਾ ਹੋਇਆ।
ਸੰਮੂੰ ਦੀਆਂ ਅੱਖਾਂ ਵਿਚਲੀ ਲਿਸ਼ਕ ਹੀ ਨਿੰਮ੍ਹੀ ਨਹੀਂ ਸੀ ਪੈ ਰਹੀ, ਉਹਦਾ ਸਾਰਾ ਚਿਹਰਾ ਰੋਜ਼-ਰੋਜ਼ ਜਿਵੇਂ ਬੇਮਲੂਮਾ ਕੁਮਲਾਈ ਜਾ ਰਿਹਾ ਸੀ। ਅਖੀਰ ਸੰਮੂੰ ਦੀਆਂ ਅੱਖਾਂ ਵਿਚਲੀ ਲਿਸ਼ਕ ਉੱਕਾ ਮੁੱਕ ਗਈ। ਉਹ ਬੀਬੀ ਜੀ ਦੇ ਸਾਰੇ ਕੰਮ ਪੂਰੇ ਜ਼ਰੂਰ ਕਰ ਦੇਂਦਾ, ਪਰ ਉਹਦੇ ਗੁਟਕਦੇ ਬੋਲ ਅਲੋਪ ਹੋ ਗਏ ਸਨ। ਹੁਣ ਕੰਮ ਮੁਕਾ ਕੇ ਉਹ ਬੱਚਿਆਂ ਨਾਲ ਘੱਟ-ਵਧ ਹੀ ਖੇਡਦਾ, ਤੇ ਬਾਗ਼ ਵਿਚ ਕਿਸੇ ਦਰੱਖ਼ਤ ਥੱਲੇ ਇਕੱਲਿਆਂ ਲੇਟਿਆ ਰਹਿੰਦਾ। ਕਈ ਵਾਰੀ ਉਹ ਰਾਤੀਂ ਵੀ ਆਪਣੇ ਘਰ ਨਾ ਜਾਂਦਾ, ਤੇ ਓਥੇ ਬਾਗ਼ ਵਿਚ ਹੀ ਬਾਹਰਵਾਰ ਸੌਂ ਰਹਿੰਦਾ।
ਸੰਮੂੰ ਦੀ ਮਾਂ ਤੇ ਭੈਣ ਨੂੰ ਬੜਾ ਫ਼ਿਕਰ ਲਗ ਗਿਆ। ਉਨ੍ਹਾਂ ਦੀ ਤੇ ਇਹੋ ਡੰਗੋਰੀ ਸੀ। ਸੰਮੂੰ ਦਾ ਬਾਪੂ ਤਾਂ ਦਾਰੂ ਤੇ ਕੁਪੱਤ ਤੋਂ ਸਿਵਾ ਹੋਰ ਕੁਝ ਜਾਣਦਾ ਹੀ ਨਹੀਂ ਸੀ।
ਸੰਮੂੰ ਦੀ ਮਾਂ ਉਹਨੂੰ ਇਕ ਸਿਆਣੇ ਹਕੀਮ ਕੋਲ ਲੈ ਗਈ। ਹਕੀਮ ਨੇ ਚਾਰ ਰੁਪਏ ਝਾੜ ਲਏ, ਤੇ ਕੁਝ ਪੁੜੀਆਂ ਦੇ ਕੇ ਕਿਹਾ, “ਤੇਰੇ ਪੁੱਤਰ ਨੂੰ ਤਪਦਿਕ ਏ।”
ਸੰਮੂੰ ਕੁਝ ਮਹੀਨਿਆਂ ਤੋਂ ਅੱਗੇ ਹੀ ਉਪਰਾਮ ਉਪਰਾਮ ਰਹਿੰਦਾ ਸੀ, ਤੇ ਤਪਦਿਕ...ਇਹ ਸੁਣ ਕੇ ਜਿਵੇਂ ਉਹਦੇ ਅੰਦਰੋਂ ਜੀਉਣ ਦੀ ਰੀਝ ਹੀ ਬੁਝ ਗਈ।
ਬੀਬੀ ਜੀ ਨੇ ਜਦੋਂ ਉਹਦੀ ਮਾਂ ਕੋਲੋਂ ਸੁਣਿਆ ਕਿ ਸੰਮੂੰ ਨੂੰ ਤਪਦਿਕ ਹੈ, ਤਾਂ ਉਨ੍ਹਾਂ ਨੂੰ ਯਕੀਨ ਹੀ ਨਾ ਆਇਆ। ਥੋੜ੍ਹਾ ਚਿਰ ਪਹਿਲਾਂ ਹੀ ਤਾਂ ਉਹ ਨਵਾਂ ਨਰੋਇਆ ਸੀ। ਚੌਦਾਂ ਵਰ੍ਹਿਆਂ ਦੇ ਮੁੰਡੇ ਨੂੰ ਇਸ ਤਰ੍ਹਾਂ ਝਟਪਟ ਤਪਦਿਕ ਥੋੜ੍ਹਾ ਹੋ ਜਾਂਦੀ ਹੈ! ਹਕੀਮ ਨੇ ਐਵੇਂ ਅਟਕਲ-ਪੱਚੂ ਕਹਿ ਦਿੱਤਾ ਹੋਏਗਾ!
ਬੀਬੀ ਜੀ ਨੇ ਸੰਮੂੰ ਨੂੰ ਬੜਾ ਸਮਝਾਇਆ, ਤੇ ਦਿਲਾਸਾ ਦੇ ਕੇ ਕਿਹਾ, “ਤੂੰ ਰਤਾ ਵੀ ਫ਼ਿਕਰ ਨਾ ਕਰ। ਪਹਿਲਾਂ ਵਾਂਗ ਹੀ ਸਾਡੇ ਬੰਗਲੇ ਕੰਮ ਕਰਨ ਆਇਆ ਕਰ।”
ਪਰ ਸੰਮੂੰ ਹਾਂ ਕਰ ਕੇ ਵੀ ਬਹੁਤੀ ਵਾਰ ਨਾ ਆਉਂਦਾ। ਉਹ ਆਪਣੀ ਚੰਗੀ ਬੀਬੀ ਤੇ ਉਨ੍ਹਾਂ ਦੇ ਟੱਬਰ ਵਿਚੋਂ ਕਿਸੇ ਨੂੰ ਵੀ ਰੱਤੀ ਭਰ ਨੁਕਸਾਨ ਨਹੀਂ ਸੀ ਪੁਚਾਣਾ ਚਾਹੁੰਦਾ। ਉਨ੍ਹਾਂ ਭਾਵੇਂ ਉਹਨੂੰ ਕਦੇ ਵੀ ਅਛੂਤ ਨਹੀਂ ਸੀ ਸਮਝਿਆ, ਪਰ ਹੁਣ ਤੇ ਉਨ੍ਹਾਂ ਲਈ ਵੀ ਉਹ ਅਛੂਤ ਹੋ ਗਿਆ ਸੀ—ਉਹਨੂੰ ਏਨੀ ਖ਼ਤਰਨਾਕ ਛੂਤ ਦੀ ਬੀਮਾਰੀ ਜੂ ਲੱਗ ਗਈ ਸੀ।
ਹੁਣ ਉਹ ਆਪਣੀ ਬਸਤੀ ਲਈ ਵੀ ਅਛੂਤ ਹੋ ਗਿਆ ਸੀ। ਆਪਣੀ ਚੰਦਰੀ ਬੀਮਾਰੀ ਤੋਂ ਡਰਦਾ ਨਾ ਓਥੇ ਉਹ ਕਿਸੇ ਦੇ ਨੇੜੇ ਜਾਂਦਾ, ਤੇ ਨਾ ਹੀ ਕੋਈ ਉਹਦੇ ਨੇੜੇ ਲੱਗਦਾ।
ਇਕ ਦਿਨ ਬੰਗਲੇ ਤੋਂ ਦੂਰ, ਬੀਬੀ ਨੇ ਉਹਨੂੰ ਸੜਕ ਉਤੇ ਵੇਖਿਆ। ਬੀਬੀ ਨੇ ਕਾਰ ਰੋਕ ਲਈ।
“ਸੰਮੂੰ—ਇਹ ਕੀ ਹਾਲ ਬਣਾਇਆ ਹੋਇਆ ਈ?”
ਸੰਮੂੰ ਦੀ ਸਿਹਤ ਏਨੇ ਦਿਨਾਂ ਵਿਚ ਹੋਰ ਨਿੱਘਰ ਗਈ ਸੀ। ਸੰਮੂੰ ਅਗੋਂ ਨੀਵੀਂ ਪਾਈ ਖੜੋਤਾ ਰਿਹਾ।
“ਚੰਗਾ ਜੇ ਤੂੰ ਸਾਡੇ ਘਰ ਦੇ ਅੰਦਰ ਨਹੀਂ ਜਾਣਾ ਚਾਂਹਦਾ, ਤਾਂ ਅੰਦਰਲਾ ਕੰਮ ਛੱਡ ਦੇ। ਸਾਡਾ ਬਾਗ਼ ਏਡਾ ਵੱਡਾ ਏ। ਬਾਗ਼ ਵਿਚ ਕੰਮ ਕਰ ਛੱਡਿਆ ਕਰ, ਤੇ ਤਨਖ਼ਾਹ ਪਹਿਲਾਂ ਵਾਂਗ ਹੀ ਲਈ ਜਾ। ਨਾਲੇ ਕਾਰ ਰੋਜ਼ ਸਾਫ਼ ਕਰ ਛੱਡਿਆ ਕਰ। ਵੇਖ ਕਿਵੇਂ ਮੈਲੀ ਹੋਈ ਪਈ ਏ। ਤੇਰੇ ਹੱਥਾਂ ਨੂੰ ਉਡੀਕਦੀ ਏ।”
ਸੰਮੂੰ ਨੇ ਫੇਰ ਬੰਗਲੇ ਆਣਾ ਸ਼ੁਰੂ ਕਰ ਦਿੱਤਾ, ਪਰ ਉਹ ਹੁਣ ਬੱਚਿਆਂ ਤੋਂ ਦੂਰ-ਦੂਰ ਰਹਿੰਦਾ। ਹਰ ਰੋਜ਼ ਦੋ ਘੰਟਿਆਂ ਲਈ ਮਾਲੀ ਵੀ ਆਉਂਦਾ ਹੁੰਦਾ ਸੀ, ਪਰ ਪੰਜਾਂ-ਛਿਆਂ ਦਿਨਾਂ ਵਿਚ ਹੀ ਸੰਮੂੰ ਦੇ ਹੱਥਾਂ ਨੇ ਬਾਗ਼ ਦੀ ਨੁਹਾਰ ਵਟਾ ਦਿੱਤੀ।
ਬੀਬੀ ਨੇ ਇਕ ਦਿਨ ਸੰਮੂੰ ਨੂੰ ਮਨਾ ਲਿਆ ਕਿ ਉਹ ਉਸ ਨਾਲ ਵੱਡੇ ਹਸਪਤਾਲ ਚੱਲੇ। ਉਹ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਕੋਲੋਂ ਉਹਦਾ ਪੂਰੀ ਤਰ੍ਹਾਂ ਮੁਆਇਨਾ ਕਰਾਣਾ ਚਾਂਹਦੀ ਸੀ।
ਸੰਮੂੰ ਮੰਨ ਤਾਂ ਗਿਆ, ਪਰ ਉਹ ਕਾਰ ਵਿਚ ਨਾ ਬੈਠਿਆ। ਕਾਰ ਵਿਚ ਬੀਬੀ ਦੇ ਏਨੇ ਨੇੜੇ ਬੈਠ ਕੇ, ਉਹ ਉਹਨੂੰ ਆਪਣੀ ਬਿਮਾਰੀ ਦੀ ਛੂਤ ਨਹੀਂ ਸੀ ਦੇਣਾ ਚਾਹਦਾ। ਅਖ਼ੀਰ ਬੀਬੀ ਨੇ ਉਹਨੂੰ ਰਿਕਸ਼ੇ ਉਤੇ ਭੇਜਿਆ ਤੇ ਕਿਹਾ ਉਹ ਹਸਪਤਾਲ ਦੇ ਵੱਡੇ ਫਾਟਕ ਕੋਲ ਉਹਨੂੰ ਉਡੀਕੇ। ਕੁਝ ਚਿਰ ਪਿਛੋਂ ਬੀਬੀ ਇਕੱਲੀ ਕਾਰ ਵਿਚ ਹਸਪਤਾਲ ਪੁੱਜੀ।
ਸੰਮੂੰ ਦਾ ਐਕਸ-ਰੇ ਲਿਆ ਗਿਆ, ਖੂਨ ਵੀ ਟੈਸਟ ਕੀਤਾ ਗਿਆ।
ਅਗਲੇ ਦਿਨ ਡਾਕਟਰ ਨੇ ਟੈਲੀਫ਼ੋਨ ਉਤੇ ਬੀਬੀ ਨੂੰ ਦੱਸਿਆ, “ਤੁਹਾਡੇ ਨੌਕਰ ਨੂੰ ਤਪਦਿਕ ਕੋਈ ਨਹੀਂ, ਪਰ ਹਕੀਮ ਦੇ ਪਾਏ ਵਹਿਮ ਤੇ ਜਿਹੋ ਜਿਹੇ ਆਲੇ-ਦੁਆਲੇ ਵਿਚ ਉਹ ਰਹਿੰਦਾ ਏ, ਉਸ ਕਰਕੇ ਉਹ ਜ਼ਿੰਦਗੀ ਤੋਂ ਉਪਰਾਮ ਹੋ ਗਿਆ ਏ, ਤੇ ਉਹਦੀ ਕਮਜ਼ੋਰੀ ਦਿਨੋ ਦਿਨ ਵਧਦੀ ਜਾ ਰਹੀ ਏ। ਇਹਦੀ ਖੁਰਾਕ ਆਦਿ ਦਾ ਤੁਹਾਨੂੰ ਬਹੁਤ ਖ਼ਿਆਲ ਰੱਖਣਾ ਪਏਗਾ, ਮੈਂ ਇਕ ਦੋ ਟਾਨਿਕ ਵੀ ਲਿਖ ਭੇਜਾਂਗਾ—ਪਰ ਸਭ ਤੋਂ ਜ਼ਰੂਰੀ ਹੈ ਇਹਦਾ ਵਹਿਮ ਹਟਾਇਆ ਜਾਏ। ਤੁਸੀਂ ਜਾਣਦੇ ਹੀ ਹੋ, ਜਿੰਨ ਚਲਾ ਜਾਂਦਾ ਏ, ਜੰਨ ਨਹੀਂ ਜਾਂਦਾ।”
ਬੀਬੀ ਦੀ ਖ਼ੁਸ਼ੀ ਦਾ ਕੋਈ ਅੰਤ ਨਾ ਰਿਹਾ। ਉਹਦਾ ਅੰਦਾਜ਼ਾ ਠੀਕ ਨਿਕਲਿਆ ਸੀ। ਉਹਨੇ ਕਮਰੇ ਦੇ ਅੰਦਰੋਂ ਹੀ ਬੜੇ ਚਾਅ ਨਾਲ ਵਾਜਾਂ ਮਾਰੀਆਂ, “ਸੰਮੂੰ...ਸੰਮੂੰ...।”
ਸੰਮੂੰ ਬਾਹਰ ਬਾਗ਼ ਵਿਚ ਕੰਮ ਕਰ ਰਿਹਾ ਸੀ। ਬੀਬੀ ਦੀ ਵਾਜ ਸੁਣ ਕੇ ਉਹ ਹੱਥਲਾ ਕੰਮ ਛੱਡ ਵਰਾਂਡੇ ਵਿਚ ਆ ਗਿਆ, ਪਰ ਦਰਵਾਜ਼ੇ ਦੇ ਬਾਹਰ ਹੀ ਖਲੋਤਾ ਰਿਹਾ।
ਅੰਦਰ ਸਭ ਤੋਂ ਛੋਟੀ ਬੇਬੀ ਆਪਣੇ ਕਾਟ ਉਤੇ ਪਈ ਸੀ। ਕੋਲ ਬੀਬੀ ਜੀ ਸੰਮੂੰ ਨੂੰ ਅੰਦਰ ਬੁਲਾ ਰਹੇ ਸਨ।
ਸੰਮੂੰ ਦੇ ਪੈਰਾਂ ਵਿਚ ਜਿਵੇਂ ਸਿੱਕਾ ਜੰਮ ਗਿਆ ਹੋਏ। ਉਹ ਕਮਰੇ ਅੰਦਰ ਕਿਵੇਂ ਜਾਏ? ਨਿੱਕੇ ਜਿਹੇ ਬੰਦ ਕਮਰੇ ਦੀ ਹਵਾ ਵਿਚ ਉਹਦਾ ਸਾਹ ਰਲ ਜਾਏਗਾ, ਤੇ ਫੇਰ ਬੀਬੀ ਦੇ ਅੰਦਰ ਚਲਾ ਜਾਏਗਾ, ਨਿੱਕੀ ਬੇਬੀ ਦੇ ਅੰਦਰ ਚਲਾ ਜਾਏਗਾ, ਤੇ ਤਪਦਿਕ...
“ਸੰਮੂੰ ਤੂੰ ਅੰਦਰ ਕਿਉਂ ਨਹੀਂ ਆ ਰਿਹਾ?”
ਸੰਮੂੰ ਓਸੇ ਤਰ੍ਹਾਂ ਬਾਹਰ ਖੜੋਤਾ ਹੋਇਆ ਸੀ।
ਅਖ਼ੀਰ ਬੀਬੀ ਹੀ ਬਾਹਰ ਆਈ, “ਸੰਮੂ, ਹੁਣੇ ਹੁਣੇ ਮੈਨੂੰ ਡਾਕਟਰ ਸਾਹਿਬ ਨੇ ਫ਼ੋਨ ਉਤੇ ਦੱਸਿਆ ਏ ਕਿ ਤੂੰ ਬਿਲਕੁਲ ਰਾਜ਼ੀ ਏਂ। ਹਕੀਮ ਨੇ ਗ਼ਲਤ ਕਿਹਾ ਸੀ। ਤੇਰਾ ਐਕਸ-ਰੇ ਠੀਕ ਏ, ਖ਼ੂਨ ਠੀਕ ਏ।”
ਸੰਮੂੰ ਨੂੰ ਇਹ ਕੋਰੀ ਦਿਲਬਰੀ ਜਾਪੀ। ਡਾਕਟਰ ਨੂੰ ਬੀਬੀ ਜੀ ਨੇ ਬਹੁਤ ਸਾਰੇ ਪੈਸੇ ਦਿੱਤੇ ਹੋਣਗੇ, ਤੇ ਉਹਨੂੰ ਉਨ੍ਹਾਂ ਦਾ ਦਿਲ ਰੱਖਣ ਲਈ ਇੰਜ ਆਖ ਦਿੱਤਾ ਹੋਏਗਾ।
“ਸੰਮੂੰ, ਅੰਦਰ ਚਲ...।”
ਸੰਮੂੰ ਨਾ ਹਿਲਿਆ।
ਬੀਬੀ ਜੀ ਉਹਨੂੰ ਬਾਹੋਂ ਫੜ ਅੰਦਰ ਲੈ ਗਏ।
ਬੇਬੀ ਨੇ ਸੰਮੂੰ ਵਲ ਬਾਹਾਂ ਅੱਡੀਆਂ। ਸੰਮੂੰ ਪਹਿਲੀਆਂ ਵਿਚ ਉਹਨੂੰ ਸਾਰਾ-ਸਾਰਾ ਦਿਨ ਚੁੱਕੀ ਫਿਰਦਾ ਹੁੰਦਾ ਸੀ। ਬੇਬੀ ਦੀਆਂ ਗੁਲਾਬੀ ਬਾਹਾਂ ਆਪਣੇ ਵੱਲ ਉਲਰੀਆਂ ਵੇਖ ਕੇ ਉਹਦੇ ਚਿੱਤ ਵਿਚ ਬੜਾ ਕੁਝ ਹੋਇਆ, ਪਰ ਉਹ ਉਸ ਤੋਂ ਦੂਰ ਖੜੋਤਾ ਰਿਹਾ।
ਬੇਬੀ ਨੇ ਪਹਿਲਾਂ ਬੁਲ ਟੇਰੇ, ਤੇ ਫੇਰ ਉਹ ਰੋਣ ਲਗ ਪਈ।
ਬੀਬੀ ਨੇ ਸੰਮੂੰ ਨੂੰ ਕਿਹਾ, “ਮੇਜ਼ ਉਤੇ ਉਹ ਦੁੱਧ ਦਾ ਗਲਾਸ ਪਿਆ ਏ, ਤੂੰ ਅੱਧਾ ਪੀ ਲੈ, ਅੱਧਾ ਵਿਚੇ ਛੱਡ ਦੇਈਂ।”
ਬੀਬੀ ਬੜੀ ਮਿਹਰਬਾਨ ਸੀ, ਉਹਨੂੰ ਖਾਣ-ਪੀਣ ਲਈ ਨਿੱਤ ਚੀਜ਼ਾਂ ਦੇਂਦੀ ਰਹਿੰਦੀ ਸੀ, ਪਰ ਇਹ ‘ਅੱਧਾ ਵਿਚੇ ਛੱਡ ਦੇਈਂ’ ਨਵੀਂ ਗੱਲ ਹੀ ਉਹਨੇ ਅੱਜ ਕਹੀ ਸੀ।
ਬੀਬੀ ਨੇ ਫੇਰ ਕਿਹਾ, “ਪੀਂਦਾ ਕਿਉਂ ਨਹੀਂ!”
ਸੰਮੂੰ ਨੇ ਹੌਲੀ-ਹੌਲੀ ਅੱਧਾ ਦੁੱਧ ਪੀ ਲਿਆ, ਤੇ ਗਲਾਸ ਮੇਜ਼ ਉਤੇ ਰੱਖ ਦਿੱਤਾ।
ਬੀਬੀ ਨੇ ਸੰਮੂੰ ਨੂੰ ਕਿਹਾ, “ਇਹ ਗਲਾਸ ਮੈਨੂੰ ਫੜਾ।”
ਤੇ ਫੇਰ ਬੀਬੀ ਨੇ ਸੰਮੂੰ ਦੇ ਸਾਹਮਣੇ ਉਹੀ ਗਲਾਸ ਆਪਣੇ ਮੂੰਹ ਨਾਲ ਲਾ ਕੇ ਬਾਕੀ ਦਾ ਅੱਧਾ ਦੁੱਧ ਮੁਕਾ ਦਿੱਤਾ।
ਸੰਮੂੰ ਦੇ ਗਲੇ ਵਿਚ ਚੀਕ ਅਟਕ ਗਈ—ਉਹ ਅਛੂਤ ਸੀ, ਤੇ ਤਪਦਿਕ ਦਾ ਮਰੀਜ਼। ਨਾਲੇ ਛੋਟੀ ਬੇਬੀ ਤਾਂ ਹਾਲੀ ਬੀਬੀ ਜੀ ਦਾ ਦੁਧ ਪੀਂਦੀ ਸੀ, ਤੇ ਫੇਰ ਬੀਬੀ ਜੀ ਨੇ ਇੰਜ ਕਿਉਂ ਕੀਤਾ—ਕਿਉਂ…ਪਰ ਚੀਕ ਅਟਕੀ ਰਹੀ।
ਬੀਬੀ ਵੀ ਕਾਫ਼ੀ ਦੇਰ ਕੁਝ ਨਾ ਬੋਲੀ। ਸਿਰਫ਼ ਮੁਸਕਰਾਈ। ਉਹ ਬੋਲਣ ਨਾਲੋਂ ਵੀ ਮੁਸਕਰਾਣਾ ਸੁਹਣਾ ਜਾਣਦੀ ਸੀ।
ਫੇਰ ਬੀਬੀ ਨੇ ਸੰਮੂੰ ਦੀਆਂ ਅੱਖਾਂ ਵਿਚ ਡੂੰਘੀ ਤਰ੍ਹਾਂ ਵੇਖਿਆ, “ਤੈਨੂੰ ਚੰਗੀ ਤਰ੍ਹਾਂ ਪਤਾ ਏ ਕਿ ਮੈਂ ਇਸ ਬੇਬੀ, ਆਪਣੇ ਵੱਡੇ ਤਿੰਨ ਬੱਚਿਆਂ ਤੇ ਆਪਣੇ ਸਰਦਾਰ ਜੀ ਨੂੰ ਕਿੰਨਾ ਪਿਆਰ ਕਰਦੀ ਹਾਂ। ਕੀ ਮੈਂ ਕਦੇ ਖ਼ਿਆਲ ਵੀ ਕਰ ਸਕਦੀ ਆਂ ਕਿ ਮੈਨੂੰ ਤਪਦਿਕ ਹੋ ਜਾਏ? ਕੀ ਇਸ ਬੋਟ ਨੂੰ ਮੈਂ ਆਪਣੀਆਂ ਛਾਤੀਆਂ ਵਿਚੋਂ ਤਪਦਿਕ ਦਾ ਭਿਟਿਆ ਦੁੱਧ ਕਦੇ ਪਿਆਣਾ ਚਾਹਾਂਗੀ?”
ਬੀਬੀ ਨੇ ਸੰਮੂੰ ਦੇ ਕੰਬਦੇ ਹੱਥ ਬੜੇ ਪਿਆਰ ਨਾਲ ਫੜ ਕੇ ਘੁਟੇ, ਉਹਦੀਆਂ ਹੈਰਾਨ ਅੱਖਾਂ ਨੂੰ ਆਪਣੀ ਦੋਸਤਾਨਾ ਮੁਸਕਰਾਹਟ ਨਾਲ ਰੌਸ਼ਨ ਕੀਤਾ, “ਤੈਨੂੰ ਉੱਕਾ ਤਪਦਿਕ ਨਹੀਂ। ਜ਼ਿੰਦਗੀ ਦੇ ਖ਼ਜ਼ਾਨੇ ਵਿਚ ਤੇਰੇ ਲਈ ਬੜੇ ਲੰਮੇ ਵਰ੍ਹੇ ਪਏ ਨੇ।”
ਤੇ ਬੀਬੀ ਨੇ ਬਾਹਾਂ ਉਲਾਰਦੀ ਬੇਬੀ ਸੰਮੂੰ ਨੂੰ ਚੁਕਾ ਦਿੱਤੀ।
[1971]