Sardaran Lai Samose (Punjabi Story) : Navtej Singh

ਸਰਦਾਰਾਂ ਲਈ ਸਮੋਸੇ (ਕਹਾਣੀ) : ਨਵਤੇਜ ਸਿੰਘ

ਬੂਟਾ … ਟੱਟੀ ਸਾਫ਼ ਕਰ ਕੇ ਬਾਲਟੀ ਚੁੱਕੀ ਪੌੜੀਆਂ ਲਹਿ ਰਿਹਾ ਸੀ ਕਿ ਦਗੜ-ਦਗੜ ਉਤਾਂਹ ਚੜ੍ਹਦੇ ਕਦਮਾਂ ਦਾ ਉਹਨੂੰ ਖੜਾਕ ਆਇਆ। ਸੁਣਦਿਆਂ ਈ ਉਹ ਆਪਣੀ ਬਾਲਟੀ ਲੁਕੋ ਪੌੜੀਆਂ ਵਿਚ ਕੰਧ ਨਾਲ ਢੁਕ ਕੇ ਖਲੋ ਗਿਆ। ਉੱਪਰਲੀ ਮੰਜ਼ਲੇ ਰਹਿੰਦੇ ਸਰਦਾਰ ਉਤਾਂਹ ਚੜ੍ਹ ਗਏ।

ਉਹਨਾਂ ਵਿਚੋਂ ਇਕ ਜਿਹੜਾ ਰਤਾ ਭਾਰਾ ਸੀ, ਆਖ ਰਿਹਾ ਸੀ, “ਇਹਨਾਂ ਨੂੰ ਜ਼ੁਕਾਮ ਕਦੇ ਨਹੀਂ ਲੱਗਦਾ, ਨੰਗ ਧੜੰਗੇ ਫਿਰਦੇ ਰਹਿੰਦੇ ਨੇ!” ਆਪਣਾ ਰੁਮਾਲ ਓਵਰ ਕੋਟ ਦੇ ਬੋਝੇ ਵਿਚੋਂ ਕੱਢ ਕੇ ਉਹ ਆਪਣੇ ਸੂੰ ਸੂੰ ਕਰਦੇ ਨੱਕ ਕੋਲ ਲੈ ਗਿਆ।

ਦੂਜਾ ਆਖਣ ਲੱਗਾ, “ਟੱਟੀ ਵਿਚੋਂ ਅਮੋਨੀਆਂ ਗੈਸ ਨਿਕਲਦੀ ਰਹਿੰਦੀ ਏ, ਜਿਹੜੀ ਜ਼ੁਕਾਮ ਨਹੀਂ ਹੋਣ ਦੇਂਦੀ। ਬੂਟੇ ਸਾਲੇ ਨੂੰ ਕਾਹਨੂੰ ਜ਼ੁਕਾਮ ਹੋਣਾ ਏਂ।” ਉਹਨੇ ਠਾਠੇ ਦੀ ਗੰਢ ਹੋਰ ਕੱਸੀ। ਇਹਨੇ ਕਾਲਜ ਵਿਚ ਸਾਇੰਸ ਲਈ ਹੋਈ ਸੀ।

ਓਵਰ ਕੋਟ ਵਾਲਾ ਕੁਝ ਹੱਸ ਪਿਆ, “ਆ ਗਿਆ ਏ ਇਹ ਵੀ ਸਾਲਿਆਂ ਦੀ ਲਿਸਟ ਵਿਚ—ਕਦੋਂ ਦਾ ਫਸਾਇਆ ਏ ਸ਼ਿਕਾਰ?”

ਏਨੇ ਨੂੰ ਉਹ ਧੁਰ ਕੋਠੇ ’ਤੇ ਪੁੱਜ ਗਏ ਸਨ। ਦੋਵੇਂ ਕੋਠੇ ਦੀ ਕੰਧ ਨਾਲ ਲੱਗ ਕੇ ਖਲੋ ਗਏ। ਥੱਲੇ ਬੂਟੇ ਦੀ ਭੈਣ ਜੀਵਾਂ ਵਿਹੜੇ ਵਿਚ ਝਾੜੂ ਦੇ ਰਹੀ ਸੀ।

ਓਵਰ ਕੋਟ ਵਾਲੇ ਨੇ ਝਾੜੂ ਦੇਂਦੀ ਕੁੜੀ ਵੱਲ ਤੱਕਦਿਆਂ ਕਿਹਾ, “ਖਰਾ ਸਾਲਾ ਢੂੰਡਿਆ ਈ।”

ਠਾਠੇ ਵਾਲਾ ਉਹਦੀ ਗੱਲ ’ਤੇ ਹੱਸ ਪਿਆ ਤੇ ਓਵਰ ਕੋਟ ਵਾਲਾ ਆਪਣੀ ਗੱਲ ਤੇ ਜੋ ਉਹਦੇ ਹੱਸਣ ਤੇ ਹੱਸ ਪਿਆ। ਉਹਨਾਂ ਦਾ ਹਾਸਾ ਕਿਸੇ ਭੁੱਖ ਨਾਲ ਕੋਝੀ ਤਰ੍ਹਾਂ ਲਿਬੜਿਆ ਹੋਇਆ ਸੀ। ਉਹਨਾਂ ਦੀਆਂ ਹਾਬੜੀਆਂ ਨਜ਼ਰਾਂ ਬਹੁਕਰ ਦੇਂਦੀ ਕੁੜੀ ਦੇ ਨੰਗਿਆਂ ਗਿੱਟਿਆਂ ਤੋਂ ਉਹਦੀਆਂ ਨੰਗੀਆਂ ਪਿੰਨੀਆਂ ਵੱਲ ਉਤਾਂਹ ਚੜ੍ਹ ਰਹੀਆਂ ਸਨ।

ਠਰੂੰ-ਠਰੂੰ ਕਰਦਾ ਬੂਟਾ ਉੱਪਰ ਆ ਗਿਆ—ਕਾਲਾ ਜਿਹਾ, ਮੇਚ ਤੋਂ ਵੱਡੀ ਕਮੀਜ਼, ਪਜਾਮਾ ਗਿੱਟਿਆਂ ਤੋਂ ਨੀਵਾਂ ਤੇ ਗੋਡਿਆਂ ਤੋਂ ਪਾਟਿਆ ਹੋਇਆ। ਇਹ ਕਮੀਜ਼ ਤੇ ਪਜਾਮਾ ਉਹਨੂੰ ਨਾਲ ਦੇ ਦਫ਼ਤਰ ਵਾਲੇ ਬਾਬੂ ਨੇ ਦਿੱਤਾ ਸੀ, ਜਿਦ੍ਹੇ ਘਰ ਕੁਝ ਦਿਨਾਂ ਤੋਂ ਉਹਦੀ ਭੈਣ ਜੀਵਾਂ, ਭਾਵੇਂ ਉਹਨੂੰ ਕੁੱਟੋ ਵੀ—ਕਦੇ ਨਹੀਂ ਸੀ ਜਾਂਦੀ। ਪਹਿਲਾਂ ਬੂਟੇ ਨੂੰ ਇਹ ਬਾਬੂ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਉਹਦਾ ਖਿਆਲ ਸੀ ਕਿ ਉਹ ਜੀਵਾਂ ਨੂੰ ਮਾਰਦਾ ਹੈ, ਤਦੇ ਤਾਂ ਉਹ ਉਹਦੇ ਘਰ ਨਹੀਂ ਸੀ ਜਾਂਦੀ! ਪਰ ਹੁਣ ਉਹ ਉਹਨੂੰ ਏਡਾ ਭੈੜਾ ਨਹੀਂ ਸੀ ਲੱਗਦਾ।

“ਓਇ ਬੂਟਿਆ, ਕਮਰਾ ਸਾਫ਼ ਕਰ ਦੇ।”

ਅੱਜ ਸਰਦਾਰਾਂ ਨੂੰ ਛੁੱਟੀ ਸੀ, ਤਾਂਹੀਉਂ ਉਹ ਉਹਦੇ ਕੋਲੋਂ ਕਮਰਾ ਸਾਫ਼ ਕਰਵਾਣ ਲੱਗੇ ਸਨ। ਜੇ ਉਹ ਵਿਹਲੇ ਨਾ ਹੁੰਦੇ ਤਾਂ ਉਹ ਕਦੇ ਵੀ ਉਹਦੇ ਕੋਲੋਂ ਕਮਰਾ ਸਾਫ਼ ਨਾ ਕਰਵਾਂਦੇ। ਉਹ ਕੰਮ ਥੋੜ੍ਹਾ ਕਰਦਾ ਸੀ ਤੇ ਗੱਲਾਂ ਬਹੁਤੀਆਂ। ਤੇ ਗੱਲਾਂ ਵੀ ਕੀ—ਯੱਬਲੀਆਂ, ਸ਼ੁਦਾਈਆਂ ਵਰਗੀਆਂ। ਇਕ ਵਾਰੀ ਉਹਨੇ ਉਹਨਾਂ ਦੇ ਇਕ ਮਹਿਮਾਨ ਕੋਲ ਅਣਭੋਲ ਈ ਆ ਕੇ ਆਖ ਦਿੱਤਾ, “ਬਾਊ ਜੀ ਐਣਕ ਤਾਂ ਲਾਹੋ।” ਮਹਿਮਾਨ ਨੇ ਪਤਾ ਨਹੀਂ ਕਿਉਂ ਲਾਹ ਦਿੱਤੀ, ਤੇ ਬੂਟਾ ਬੜੇ ਸੁਆਦ ਵਿਚ ਚੀਕ ਪਿਆ ਸੀ, “ਬਿਲਕੁਲ ਘੁੱਗੂ ਵਰਗੀਆਂ।” ਸਰਦਾਰਾਂ ਉਸ ਦਿਨ ਉਹਨੂੰ ਬੜੀਆਂ ਗਾਲ੍ਹਾਂ ਕੱਢੀਆਂ ਤੇ ਬੜੀਆਂ ਚਪੇੜਾਂ ਮਾਰੀਆਂ। ਪਰ ਹੁਣ ਉਹ ਗਿੱਝ ਗਏ ਸਨ, ਤੇ ਹੱਸਣ ਲੱਗ ਪਏ ਸਨ। ਜਦੋਂ ਕਦੇ ਉਹ ਇਕੱਲੇ ਹੁੰਦੇ, ਤੇ ਉਹਨਾਂ ਦਾ ਜੀਅ ਨਾ ਲੱਗਦਾ, ਤਾਂ ਉਹ ਉਹਨੂੰ ਕਮਰਾ ਸਾਫ਼ ਕਰਨ ਲਈ ਬੁਲਾ ਲੈਂਦੇ। ਉਹਦੀਆਂ ਸ਼ੁਦਾਈਆਂ ਵਰਗੀਆਂ ਗੱਲਾਂ ’ਤੇ ਹੱਸਦੇ, ਉਹਦੇ ਕੋਲੋਂ ਉਹਦੀ ਭੈਣ ਬਾਰੇ ਪੁੱਛਦੇ, ਕਈ ਵਾਰੀ ਇਸ ਤਰ੍ਹਾਂ ਕਿ ਬੂਟੇ ਨੂੰ ਸਮਝ ਨਾ ਆਉਂਦੀ ਤੇ ਉਹ ਐਵੇਂ ਜੁਆਬ ਦੇ ਛੱਡਦਾ।

ਕਮਰੇ ਵਿਚੋਂ ਚੀਜ਼ਾਂ ਚੁਕਦਿਆਂ ਬੂਟੇ ਨੇ ਨਕਟਾਈ ਤੱਕੀ। “ਅਹਿ ਕੀ ਏ?”

“ਟਾਈ।”

“ਤਾਈ…ਇਹੋ ਜਿਹੀਆਂ ਛੌ ਛੁਟੀਆਂ ਨੇ ਨਾਲੀਆਂ ਵਿਚ, ਇਹ ਕੀ ਏ ਛਾਡੇ ਛਾਹਮਣੇ!” ਉਹਨੇ ਆਖਿਆ ਤੇ ਨਾਲ ਹੀ ਉਹ ਰੋਣ ਲੱਗ ਪਿਆ “ਊਂ—ਊਂ” ਜਿਵੇਂ ਝੂਠੀ ਮੂਠੀ ਮਾਂ ਸਾਹਮਣੇ ਕਈ ਵਾਰ ਬੱਚੇ ਲਾਡ ਨਾਲ ਕਰਨ ਲੱਗ ਪੈਂਦੇ ਹਨ। ਤੇ ਫੇਰ ਉਹ ਝੱਟ ਹੱਸ ਪਿਆ। ਇਹ ਧੁੱਪ ਛਾਂ—ਜਿਸ ਤਰ੍ਹਾਂ ਦੀ ਅਮੀਰ ਮਾਵਾਂ ਦੇ ਬੱਚੇ ਆਪਣੀਆਂ ਮਾਵਾਂ ਨਾਲ ਖੇਡਦੇ ਹਨ—ਬੂਟਾ ਇਨ੍ਹਾਂ ਸਰਦਾਰਾਂ ਨਾਲ ਖੇਡਦਾ ਹੁੰਦਾ ਸੀ। ਸ਼ਾਇਦ ਉਹਦੀ ਮਾਂ ਨੂੰ ਟੱਟੀ ਦੀਆਂ ਬਾਲਟੀਆਂ ਚੁੱਕਦਿਆਂ, ਲੋਕਾਂ ਦੇ ਵਿਹੜੇ ਹੂੰਝਦਿਆਂ, ਜਵਾਨੀ ਵਿਚ ਬਹੁਤੇ ਮਾਲਕਾਂ ਦੀਆਂ ਭੁੱਖੀਆਂ ਨਜ਼ਰਾਂ ਤੋਂ ਬਚਦਿਆਂ, ਤੇ ਬੂਟੇ ਦੇ ਪਿਓ ਲਈ ਬੂਟੇ, ਜੀਵਾਂ ਜੰਮਦਿਆਂ, ਤੇ ਉਨ੍ਹਾਂ ਲਈ ਇਕ ਜਾਂ ਕਦੇ ਦੋ ਵੇਲੇ ਖਾਣ ਲਈ ਬਣਾਂਦਿਆਂ ਆਪਣੇ ਪੁੱਤਰ ਨਾਲ ਲਾਡ ਕਰਨ ਦਾ ਵੇਲਾ ਨਹੀਂ ਸੀ ਮਿਲਿਆ। ਜਾਂ ਉਹ ਲਾਡ ਕਦੇ ਏਨਾ ਚਿਰ ਪਹਿਲਾਂ ਹੋਇਆ ਸੀ ਕਿ ਬੂਟੇ ਨੂੰ ਚੇਤੇ ਨਹੀਂ ਸੀ ਕਿ ਕਦੇ ਉਹ ਵੀ ਏਡਾ ਛੋਟਾ ਹੁੰਦਾ ਹੋਏ, ਜਦੋਂ ਉਹਨੂੰ ਲੋਕਾਂ ਦੀਆਂ ਟੱਟੀਆਂ ਨਾ ਹੂੰਝਣੀਆਂ ਪੈਂਦੀਆਂ ਹੋਣ ਜਾਂ ਹੂੰਝਣ ਵਿਚ ਕਦੇ ਮਾਂ, ਕਦੇ ਪਿਓ, ਕਦੇ ਭਰਾ, ਕਦੇ ਭੈਣ ਨੂੰ ਮਦਦ ਨਾ ਕਰਾਣੀ ਪੈਂਦੀ ਹੋਵੇ। ਉਹਦੀ ਯਾਦ ਦੇ ਪੈਰ ਏਨੇ ਕਮਜ਼ੋਰ ਸਨ, ਜਾਂ ਹੂੰਝਣ ਦੇ ਪਹਾੜ ਏਨੇ ਉੱਚੇ ਸਨ ਕਿ ਉਹ ਇਨ੍ਹਾਂ ਨੂੰ ਕਦੇ ਵੀ ਨਹੀਂ ਸੀ ਪਾਰ ਕਰ ਸਕਿਆ।

ਕਮਰੇ ਵਿਚ ਪਤਲੀ ਪਤਲੀ ਧੂੜ ਉੱਡ ਰਹੀ ਸੀ, ਕੁਝ ਉਹਦੇ ਕਾਲੇ ਮੂੰਹ ਤੇ ਉੱਘੜ ਪਈ ਸੀ, ਉਂਝ ਉਹਦੀਆਂ ਝਿੰਮਣੀਆਂ ਨੂੰ ਖ਼ਾਕੀ ਕਰ ਰਹੀ ਸੀ। ਉਹ ਉਹਨੂੰ ਏਨੀਆਂ ਚਾਅ-ਮਤੀਆਂ ਅੱਖਾਂ ਨਾਲ ਤੱਕ ਰਿਹਾ ਸੀ, ਜਿਵੇਂ ਕਿਸੇ ਸਾਫ਼ ਸੁਥਰੇ ਬਾਲ ਦੀਆਂ ਅੱਖਾਂ ਪਹਿਲੀ ਵਾਰ ਬਹੁ-ਰੰਗੀ ਉੱਡਦੀ ਤਿੱਤਲੀ ਨੂੰ ਤੱਕਦੀਆਂ ਹੁੰਦੀਆਂ ਹਨ। ਉਹਦਾ ਜੀਅ ਘੱਟੇ ਨਾਲ ਕਿਲਕਲੀ ਪਾਣ ਨੂੰ ਕਰਦਾ ਸੀ। ਉਹ ਗੌਣ ਲੱਗ ਪਿਆ, ਤੋਤਲੀ ਬੋਲੀ ਵਿਚ, ਜਿਹੜੀ ਉਹ ਕਦੇ ਖਾਸ ਖਾਸ ਮੌਕਿਆਂ ’ਤੇ ਵਰਤਦਾ ਹੁੰਦਾ ਸੀ :

“ਕੂਲਿਆ, ਕੂਲਿਆ ਬੈਥ ਜਾ,
ਕੂਲਿਆ, ਕੂਲਿਆ, ਬੈਥ ਜਾ।”

ਉਹ ਤਿਲਕਵੇਂ ਫ਼ਰਸ਼ ਉੱਤੇ ਪਤਲੀ ਪਤਲੀ ਖਿੱਲਰੀ ਧੂੜ ਵਿਚ ਉਂਗਲਾਂ ਨਾਲ ਤਸਵੀਰਾਂ ਵਾਹੁਣ ਲੱਗ ਪਿਆ, ਫੇਰ ਉਹ ਗੁਣਗੁਣਾਇਆ, “ਏਥੋਂ ਉੱਡ ਜਾ ਭੋਲਿਆ ਪੰਛੀਆ।” ਉਹ ਇਹ ਸਭ ਕੁਝ ਇੰਜ ਕਰ ਰਿਹਾ ਸੀ ਜਿਵੇਂ ਉਹ ਓਥੇ ਇਕੱਲਾ ਈ ਸੀ।

ਕੰਮ ਛੱਡ ਕੇ ਉਹ ਬਿਜਲੀ ਦੀ ਸਵਿੱਚ ਕੋਲ ਚਲਿਆ ਗਿਆ, ਤੇ ਉਹਨੂੰ ਦਬਾਣ ਲੱਗ ਪਿਆ। ਉਹਨੂੰ ਏਸ ਵਿਚ ਭੰਬੀਰੀ ਚੱਲਣ ਵਰਗਾ ਸਵਾਦ ਆਉਂਦਾ ਜਾਪਦਾ ਸੀ। ਉਹ ਕਦੀ ਬੁਝਾਂਦਾ, ਕਦੀ ਜਗਾਂਦਾ, “ਉਹ ਜਾਂਦੀ, ਉਹ ਜਾਂਦੀ, ਛਾਟ ਮਾਰਦੀ ਏ।” ਤੇ ਫ਼ੱਟ ਆਪਣੇ ਇਕ ਹੱਥ ਨੂੰ ਦੂਜੇ ਹੱਥ ਨਾਲ ਫੜ ਲੈਂਦਾ, ਉਂਗਲਾਂ ਮੂੰਹ ਵਿਚ ਪਾ ਲੈਂਦਾ। ਉਹਨੂੰ ਯਾਦ ਆ ਗਿਆ ਕਿ ਕੱਲ੍ਹ ਉਹ ਇਸ ਤਰ੍ਹਾਂ ਨਾਲ ਦੇ ਘਰ ਕਰ ਰਿਹਾ ਸੀ, ਤਾਂ ਉਹਨੂੰ ਮਾਲਕਣ ਨੇ ਕੁੱਟਿਆ ਸੀ। ਉਸ ਜ਼ਨਾਨੀ ਦੀ ਬਡਾਵੀ ਜਿਹੀ ਸ਼ਕਲ ਯਾਦ ਆਉਂਦਿਆਂ ਹੀ ਉਹ ਫੇਰ ਖਿੜ ਖਿੜਾ ਕੇ ਹੱਸ ਪਿਆ ਤੇ ਏਨਾ ਹੱਸਿਆ ਕਿ ਸਰਦਾਰ ਉਹਨੂੰ ਝਿੜਕਣ ਲੱਗ ਪਏ, “ਓਇ ਸਿੱਧੀ ਤਰ੍ਹਾਂ ਕੰਮ ਕਰ।”

“ਜੀਅ ਨਹੀਂ ਕਰਦਾ ਝਾੜਨ ਨੂੰ,” ਉਸ ਨੇ ਆਖਿਆ, ਪਰ ਉਹਨੂੰ ਆਪਣੀ ਬੇਵਕੂਫ਼ੀ ਦੀ ਝੱਟ ਸਮਝ ਆ ਗਈ। ਉਹਦਾ ਮੂੰਹ ਕੁਝ ਇਸ ਤਰ੍ਹਾਂ ਦਾ ਹੋ ਗਿਆ, ਜਿਵੇਂ ਇਹ ਕਹਿ ਕੇ ਉਹ ਸਰਦਾਰਾਂ ਦੀ ਕੋਈ ਕੀਮਤੀ ਚੀਜ਼ ਤੋੜ ਬੈਠਾ ਸੀ। ਫੇਰ ਕਮਰਾ ਸਾਫ਼ ਕਰ ਕੇ ਮੰਜਾ ਚੁੱਕਣ ਲੱਗਾ ਤਾਂ ਖੜੋ ਗਿਆ, ਤੇ ਆਖਣ ਲੱਗਾ, “ਮੈਂ ਮੰਜਾ ਚੱਕ ਲਜਾਊਂਗਾ, ਮੈਨੂੰ ਕੀ ਏ! ਪਰ ਪਹਿਲਾਂ ਮੈਨੂੰ ਕਮੀਜ਼ ਦਿਓ।”

ਉਹ ਮੰਜੇ ਨੂੰ ਵਿਚੇ ਛੱਡ, ਦੋਵਾਂ ਸਰਦਾਰਾਂ ਕੋਲ, ਜਿਹੜੇ ਸ਼ੀਸ਼ੇ ਸਾਹਮਣੇ ਪੱਗਾਂ ਸੁਆਰ ਰਹੇ ਸਨ, ਜਾ ਕੇ ਗੌਣ ਲੱਗ ਪਿਆ :

“ਕੱਲਾ ਕੱਲਾ ਕਮੀਜ ਦਿਓ,
ਦੋ ਕਮੀਜਾਂ ਹੋ ਜਾਣਗੀਆਂ,
ਪੰਜ ਕਮੀਜਾਂ ਰਹਿ ਜਾਣਗੀਆਂ,
ਛੱਤ ਕਮੀਜਾਂ ਕੱਟ ਜਾਣਗੀਆਂ,
ਅੱਠ ਕਮੀਜਾਂ ਟੁੱਟ ਜਾਣਗੀਆਂ,
ਦਿਓ ਕਮੀਜ—ਦਿਓ ਕਮੀਜ।”

“ਭੈਣ ਆਪਣੀ ਨੂੰ ਘੱਲ—ਤੈਨੂੰ ਦੇਨੇ ਆਂ ਕਮੀਜ਼”, ਭਾਰੇ ਜਿਹੇ ਸਰਦਾਰ ਨੇ ਆਪਣਾ ਪਿਲਪਿਲਾ ਪਿੰਡ ਹਿਲਾਂਦਿਆਂ ‘ਜ਼’ ਦੀ ਵਾਜ ਨੂੰ ਪੀਹ ਕੇ ਪਚਾਕਾ ਜਿਹਾ ਮਾਰਦਿਆਂ ਕਿਹਾ।

ਦੂਜੇ ਸਰਦਾਰ ਨੇ ਝਿੜਕ ਕੇ ਉਹਨੂੰ ਕਿਹਾ, “ਕਮਰਾ ਠੀਕ ਕਰ ਓਇ, ਬੂਟੇ ਦੇ ਬੱਚੇ, ਕਦ ਦਾ ਮੂੰਹ ਤੱਕੀ ਜਾਨੇ ਆਂ ਤੇਰਾ। ਸਹੁਰੀ ਦਾ, ਸਵੇਰ ਦਾ ਲੱਗਾ ਹੋਇਆ ਏ ਤੇ ਹਾਲੀ ਕੁਝ ਹੋਇਆ ਨਹੀਂ ਜਿੱਲ੍ਹੜ ਕੋਲੋਂ।”

ਬੂਟਾ ਸਹਿਮ ਕੇ ਕੰਮ ਉੱਤੇ ਲੱਗ ਪਿਆ।

ਸਰਦਾਰਾਂ ਨੇ ਆਪਣੇ ਰਸੋਈਏ ਨੂੰ ਕਈ ਵਾਜਾਂ ਦਿੱਤੀਆਂ, ਪਰ ਉਹ ਸ਼ਾਇਦ ਸਬਜ਼ੀ ਲੈਣ ਬਜ਼ਾਰ ਗਿਆ ਹੋਇਆ ਸੀ। ਭਾਰੇ ਜਿਹੇ ਸਰਦਾਰ ਨੇ ਬੂਟੇ ਨੂੰ ਬੁਲਾ ਕੇ ਕਿਹਾ, “ਜਾ ਓਇ, ਥੱਲਿਓਂ ਚੰਗੀ ਤਰ੍ਹਾਂ ਹੱਥ ਧੋ ਕੇ ਆ।”

ਜਦੋਂ ਉਹ ਉੱਤੇ ਆਇਆ, ਤਾਂ ਭਾਰੇ ਸਰਦਾਰ ਨੇ ਪੁੱਛਿਆ, “ਸਾਫ਼ ਕਰ ਲਏ ਨੀ?”

ਉਹਨੇ ਆਪਣੀ ਮੈਲੀ ਕਮੀਜ਼ ਨਾਲ ਹੱਥ ਫੇਰ ਪੂੰਝ ਕੇ ਵਿਖਾਂਦਿਆਂ ਕਿਹਾ,
“ਆਹੋ ਤੇ।”

“ਚੰਗਾ ਜਾ, ਮੋਤੀ ਹਲਵਾਈ ਦੀ ਹੱਟੀਓਂ ਇਕ ਰੁਪਏ ਦੇ ਸਮੋਸੇ ਲੈ ਆ।” ਸਰਦਾਰ ਨੇ ਬੂਟੇ ਨੂੰ ਰੁਪਿਆ ਫੜਾਇਆ।

ਬੂਟੇ ਰੁਪਈਆ ਤਾਂ ਫੜ ਲਿਆ ਪਰ ਇਸ ਤਰ੍ਹਾਂ ਖੜੋਤਾ ਰਿਹਾ ਜਿਵੇਂ ਸ਼ਾਇਦ ਉਹਨੂੰ ਪਤਾ ਹੀ ਨਹੀਂ ਸੀ ਸਮੋਸੇ ਕੀ ਹੁੰਦੇ ਹਨ।

ਭਾਰੇ ਸਰਦਾਰ ਨੇ ਆਖਿਆ, “ਤੂੰ ਹਲਵਾਈ ਨੂੰ ਬੱਸ ਏਨਾ ਆਖ ਦੇਈਂ, ਸਰਦਾਰਾਂ ਲਈ ਰੁਪਏ ਦੇ ਸਮੋਸੇ ਦੇ। ਨਾਲੇ ਰਾਹ ’ਚੋਂ ਆਪਣੀ ਭੈਣ ਨੂੰ ਕਮਰਾ ਸਾਫ਼ ਕਰਨ ਲਈ ਉੱਪਰ ਭੇਜੀ ਜਾ,” ਉਹਨੇ ਦੂਜੇ ਸਰਦਾਰ ਦੀ ਹਾਮੀ ਮੰਗਦਿਆਂ ਆਪਣਾ ਫ਼ਿਕਰਾ ਮੁਕਾਇਆ।

ਬੂਟਾ ਚਾਈਂ ਚਾਈਂ ਪੌੜੀਆਂ ਉਤਰ, ਵਿਹੜੇ ਵਿਚ ਆਪਣੀ ਭੈਣ ਜੀਵਾਂ ਨੂੰ ਸੁਨੇਹਾ ਦੇ ਕੇ ਮੋਤੀ ਹਲਵਾਈ ਦੀ ਦੁਕਾਨ ਵੱਲ ਤੁਰ ਪਿਆ। ਓਥੇ ਪੁਜ ਕੇ ਉਹ ਅੱਜ ਉਹਦੀਆਂ ਮਠਿਆਈਆਂ ਦੇ ਏਨਾ ਨੇੜੇ ਹੋ ਖਲੋਤਾ, ਜਿੰਨਾ ਅੱਗੇ ਕਦੇ ਵੀ ਨਹੀਂ ਸੋ ਹੋਇਆ।

ਹਲਵਾਈ ਨੇ ਉਹਨੂੰ ਝਿੜਕਿਆ, “ਦੂਰ ਹਟ ਓਇ! ਭੂਤਨੀ ਦੇ, ਆ ਜਾਂਦੇ ਨੇ ਮੂੰਹ ਟੱਡੀ।”

ਪਰ ਉਹ ਰਤਾ ਵੀ ਨਾ ਡਰਿਆ, ਸਗੋਂ ਰੋਹਬ ਨਾਲ ਰੁਪਿਆ ਫੜਾ ਕੇ ਆਖਣ ਲੱਗਾ, “ਛਮੋਛੇ ਲੈਣੇ ਨੇ! ਛਰਦਾਰਾਂ ਨਈ, ਇਕ ਰੁਪਏ ਦੇ ਛਮੋਛੇ!”

ਹਲਵਾਈ ਕੁਝ ਹੈਰਾਨ ਹੋ ਗਿਆ, ਚੂਹੜੇ ਹੱਥ ਸਮੋਸੇ ਪਰ ਉਹਨੇ ਉਹਨੂੰ ਸਮੋਸੇ ਦੇ ਦਿੱਤੇ।

ਹਲਵਾਈ ਤੋਂ ਮੁੜਦਿਆਂ ਉਹਦੀ ਚਾਲ ਵਿਚ ਇਕ ਅਜੀਬ ਹੈਂਕੜ ਸੀ। ਉਹ ਹੌਲੀ ਹੌਲੀ, ਸਾਂਭ ਸਾਂਭ ਕੇ ਕਦਮ ਧਰ ਰਿਹਾ ਸੀ। ਜਦੋਂ ਉਹ ਵਿਹੜੇ ਵਿਚ ਪੁੱਜਾ ਤਾਂ ਓਥੇ ਉਹਦੇ ਦੋ ਤਿੰਨ ਬੇਲੀ ਕੁਝ ਮੰਗੀ ਜੂਠ ਜੋੜ ਜਾੜ ਕੇ ਬੈਠੇ ਵੰਡੀਆਂ ਪਾ ਰਹੇ ਸਨ। ਬੂਟੇ ਦੇ ਬੇਲੀਆਂ ਨੇ ਉਹਦੇ ਵੱਲ ਤੱਕਿਆ—ਪਰ ਏਸ ਵੇਲੇ ਉਹਨੂੰ ਮੰਗੀ ਜੂਠ ਦੇ ਹਿੱਸੇ ਦਾ ਕੀ ਲਾਲਚ ਸੀ? ਉਹਦੇ ਹੱਥ ਵਿਚ ਸਰਦਾਰਾਂ ਲਈ ਸਮੋਸੇ ਸਨ। ਤੇ ਉਹ ਪਹਿਲੀ ਵਾਰ ਆਪਣੇ ਬੇਲੀਆਂ ਨੂੰ ਅਣਡਿੱਠ ਕਰਦਾ ਉਤਾਂਹ ਚੜ੍ਹ ਗਿਆ।

ਪੌੜੀਆਂ ਚੜ੍ਹ ਕੇ ਜਦੋਂ ਉਹ ਕੋਠੇ ਉੱਤੇ ਪੁੱਜਾ ਤਾਂ ਸਰਦਾਰਾਂ ਦੇ ਕਮਰੇ ਦਾ ਬੂਹਾ ਅੰਦਰੋਂ ਬੰਦ ਸੀ। ਬੂਹਿਓਂ ਬਾਹਰਲੇ ਪਾਏਦਾਨ ਕੋਲ ਉਹਦੀ ਭੈਣ ਦੀ ਜੁੱਤੀ ਪਈ ਹੋਈ ਸੀ।

ਬੂਟੇ ਦੀਆਂ ਨਾਸਾਂ ਨੂੰ ਥਿੰਦੇ, ਭੁਰਭੁਰੇ ਸਮੋਸਿਆਂ ਦੀ ਖੁਸ਼ਬੋ ਜਲੂਣ ਰਹੀ ਸੀ— ਤੇ ਉਹਦੀ ਮੁੱਠੀ ਵਿਚ ਸਮੋਸਿਆਂ ਨਾਲ ਮਿਲੇ ਛੋਲਿਆਂ ਦੇ ਦੋ ਤਿੰਨ ਨਿੱਘੇ ਨਰਮ ਨਰਮ ਦਾਣੇ ਡਿੱਗ ਪਏ ਸਨ...

[1944]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •