ਸਰਗਮ ਚੰਚਲ, ਖੁਸ਼ਮਿਜਾਜ਼ ਅਤੇ ਬਹੁਤ ਹੀ ਸਮਝਦਾਰ ਬੱਚੀ ਹੈ। ਉਹ ਜਦੋਂ ਹਸਦੀ ਹੈ ਤਾਂ ਇਉਂ ਲਗਦਾ ਹੈ ਜਿਵੇਂ ਚਮੇਲੀ ਦੀਆਂ ਕਲੀਆਂ ਖਿੜੀਆਂ ਹੋਣ । ਉਹਦਾ ਖਿੜਿਆ ਚਿਹਰਾ ਵੇਖ ਕੇ ਕਿਸੇ ਵੀ ਉਦਾਸ ਚਿਹਰੇ ‘ਤੇ ਖੁਸ਼ੀ ਦੀ ਨਵੀਂ ਕਿਰਨ ਖਿੜ ਪੈਂਦੀ ਹੈ। ਉਹ ਹਮੇਸ਼ਾਂ ਨਵੀਆਂ ਗੱਲਾਂ ਜਾਣਨ ਲਈ ਤਿਆਰ ਰਹਿੰਦੀ ਹੈ—ਕਦੇ ਕੀੜੀਆਂ ਦਾ ਘਰ ਵੇਖਦੀ ਹੈ, ਕਦੇ ਬੱਦਲਾਂ ਵਿੱਚ ਜਾਨਵਰਾਂ ਦੀਆਂ ਸ਼ਕਲਾਂ ਲੱਭਦੀ ਹੈ। ਉਸਨੂੰ ਆਪਣੀ ਕਲਾਸ ਦੇ ਸਾਰੇ ਬੱਚੇ ਪਿਆਰੇ ਹਨ, ਪਰ ਉਸਦੀ ਸਭ ਤੋਂ ਪਿਆਰੀ ਸਹੇਲੀ ਹੈ—ਕੰਵਲ।
ਕੰਵਲ ਬਹੁਤ ਸੁੰਦਰ, ਭੋਲ਼ੀ-ਭਾਲ਼ੀ ਅਤੇ ਸ਼ਾਂਤ ਸੁਭਾਅ ਵਾਲ਼ੀ ਬੱਚੀ ਹੈ। ਉਸਦੇ ਹਲਕੇ ਘੁੰਘਰਾਲ਼ੇ ਵਾਲ਼ ਅਤੇ ਵੱਡੀਆਂ-ਵੱਡੀਆਂ ਮਾਸੂਮ ਅੱਖਾਂ ਹਨ। ਪਰ ਇਕ ਗੱਲ ਸੀ ਜੋ ਕੰਵਲ ਨੂੰ ਹਮੇਸ਼ਾਂ ਪਰੇਸ਼ਾਨ ਕਰਦੀ ਰਹਿੰਦੀ—ਉਹ ਪੜ੍ਹਾਈ ਵਿੱਚ ਥੋੜ੍ਹੀ ਕਮਜ਼ੋਰ ਸੀ। ਉਸਨੂੰ ਪਹਾੜੇ ਯਾਦ ਨਹੀਂ ਰਹਿੰਦੇ ਸਨ, ਹਿਸਾਬ ਵਿੱਚ ਗੜਬੜ ਹੋ ਜਾਂਦੀ ਅਤੇ ਕਵਿਤਾ ਸੁਣਾਉਂਦਿਆਂ ਸ਼ਬਦ ਉਲਝ ਜਾਂਦੇ। ਪਰ ਸਰਗਮ ਉਸ ਲਈ ਹਮੇਸ਼ਾਂ ਇੱਕ ਛੋਟੀ ਅਧਿਆਪਕਾ ਬਣ ਜਾਂਦੀ।
ਕਦੇ ਸਰਗਮ ਉਸਨੂੰ ਪਹਾੜੇ ਗਾ ਕੇ ਸਿਖਾਉਂਦੀ—
“ਦੋ ਏਕਮ ਦੋ… ਦੋ ਦੂਣੀ ਚਾਰ… ਇੰਞ ਗੁਣਗੁਣਾਓ, ਆਪੇ ਹੀ ਯਾਦ ਹੋ ਜਾਵੇਗਾ!”
ਕਦੇ ਕਵਿਤਾ ਸੁਣਾਉਂਦੀ—
“ਵੇਖੋ, ਇੰਞ ਹੱਥਾਂ ਨਾਲ਼ ਭਾਵ ਬਣਾਓ, ਕਵਿਤਾ ਆਪੇ ਹੀ ਯਾਦ ਹੋ ਜਾਵੇਗੀ!”
ਹੌਲ਼ੀ-ਹੌਲ਼ੀ ਕੰਵਲ ਨੂੰ ਪੜ੍ਹਾਈ ਵਿੱਚ ਅਨੰਦ ਆਉਣ ਲੱਗ ਪਿਆ। ਦੋਹਾਂ ਦੀ ਦੋਸਤੀ ਹੋਰ ਵੀ ਪਕੇਰੀ ਹੁੰਦੀ ਗਈ।
ਇੱਕ ਦਿਨ ਸਕੂਲੋਂ ਵਾਪਸੀ ‘ਤੇ ਕੰਵਲ ਅਚਾਨਕ ਬੋਲੀ,
“ਸਰਗਮ, ਅੱਜ ਤੂੰ ਮੇਰੇ ਘਰ ਚੱਲੀਂ ? ਮੈਂ ਤੈਨੂੰ ਆਪਣੀ ਵੱਡੀ ਭੈਣ ਨਾਲ਼ ਮਿਲਾਵਾਂਗੀ। ਉਹ ਐਨੀਆਂ ਮਜ਼ੇਦਾਰ ਕਹਾਣੀਆਂ ਸੁਣਾਉਂਦੇ ਨੇ ਕਿ ਤੂੰ ਸੁਣ ਕੇ ਹੈਰਾਨ ਰਹਿ ਜਾਵੇਂਗੀ!”
ਸਰਗਮ ਕਹਾਣੀਆਂ ਸੁਣਨ ਦੀ ਬਹੁਤ ਸ਼ੌਕੀਨ ਹੈ। ਉਹ ਤੁਰੰਤ ਖੁਸ਼ ਹੋ ਕੇ ਬੋਲੀ,
“ਹਾਂ, ਕਿਉਂ ਨਹੀਂ! ਚੱਲ ਅੱਜ ਹੀ ਚੱਲੀਏ!”
ਦੋਵੇਂ ਹੱਸਦੀਆਂ-ਖੇਡਦੀਆਂ ਰਾਹ ‘ਤੇ ਨਚਦੀਆਂ-ਟੱਪਦੀਆਂ ਟੁਰ ਪਈਆਂ। ਰਾਹ ਵਿੱਚ ਦਰੱਖਤਾਂ ਦੀ ਛਾਂ ਸੀ, ਜਿਨ੍ਹਾਂ ਉੱਤੇ ਪੰਛੀ ਚਹਿਕ ਰਹੇ ਸਨ ਅਤੇ ਹਵਾ ਵਿੱਚ ਤਾਜ਼ੇ ਫੁੱਲਾਂ ਦੀ ਖੁਸ਼ਬੂ ਸੀ। ਸਰਗਮ ਬਹੁਤ ਖ਼ੁਸ਼ ਸੀ—ਨਵੀਂ ਥਾਂ, ਨਵੇਂ ਲੋਕ ਅਤੇ ਨਵੀਂ ਕਹਾਣੀ!
ਕੰਵਲ ਦਾ ਘਰ ਬਹੁਤ ਸੁੰਦਰ ਸੀ—ਫਰਸ਼ ਚਮਕਦਾਰ, ਦੀਵਾਰਾਂ ਹਲਕੇ ਗੁਲਾਬੀ ਰੰਗ ਦੀਆਂ ਅਤੇ ਕਮਰਿਆਂ ਵਿੱਚ ਫੁੱਲਾਂ ਦੀ ਨਿੰਮ੍ਹੀ-ਨਿੰਮ੍ਹੀ ਮਹਿਕ। ਸਰਗਮ ਨੇ ਸੋਚਿਆ, “ਕੰਵਲ ਦਾ ਘਰ ਕਿੰਨਾ ਪਿਆਰਾ ਹੈ!”
ਪਰ ਜਿਵੇਂ ਹੀ ਕੰਵਲ ਉਸਨੂੰ ਆਪਣੀ ਵੱਡੀ ਭੈਣ ਦੇ ਕਮਰੇ ਵਿੱਚ ਲੈ ਗਈ, ਸਰਗਮ ਠਠੰਬਰ ਗਈ।
ਕਮਰਾ ਅੱਧਾ ਹਨੇਰਾ ਸੀ। ਖਿੜਕੀਆਂ ਬੰਦ ਸਨ।
ਦੀਵਾਰਾਂ ‘ਤੇ ਅਜੀਬ-ਅਜੀਬ, ਡਰਾਉਣੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ—
ਲਾਲ ਅੱਖਾਂ ਵਾਲੇ ਭੂਤ…
ਲੰਮੇ ਦੰਦਾਂ ਵਾਲ਼ੇ ਪਿਸ਼ਾਚ…
ਕਾਲ਼ੇ ਕੱਪੜਿਆਂ ਵਾਲ਼ੀਆਂ ਚੁੜੇਲਾਂ…
ਅਤੇ ਡਰਾਉਣੇ ਪਰਛਾਵੇਂ।
ਕਮਰੇ ਵਿੱਚ ਧੁੱਪ ਦਾ ਨਾਂ-ਨਿਸ਼ਾਨ ਨਹੀਂ ਸੀ। ਮਾਹੌਲ ਇਵੇਂ ਦਾ ਸੀ ਜਿਵੇਂ ਕੋਈ ਭੇਤਭਰੀ ਕਹਾਣੀ ਹੁਣੇ-ਹੁਣੇ ਸ਼ੁਰੂ ਹੋਣ ਵਾਲ਼ੀ ਹੋਵੇ।
ਕੰਵਲ ਦੇ ਭੈਣ ਜੀ ਇਕ ਕੋਨੇ ਵਿੱਚ ਬੈਠੇ ਸਨ। ਸਰਗਮ ਨੂੰ ਵੇਖ ਕੇ ਬੋਲੇ,
“ਵਾਹ! ਅੱਜ ਸਰਗਮ ਵੀ ਆਈ ਏ। ਆਓ, ਅੱਜ ਮੈਂ ਤੁਹਾਨੂੰ ਐਨੀ ਡਰਾਉਣੀ ਕਹਾਣੀ ਸੁਣਾਵਾਂਗੀ ਕਿ ਰੂਹ ਕੰਬ ਜਾਵੇਗੀ!”
ਸਰਗਮ ਥੋੜ੍ਹੀ ਅਸਹਿਜ ਹੋਈ, ਪਰ ਬੈਠ ਗਈ।
ਭੈਣ ਜੀ ਨੇ ਡੂੰਘਾ ਸਾਹ ਲਿਆ ਅਤੇ ਕਹਾਣੀ ਸ਼ੁਰੂ ਕੀਤੀ—
“ਸੰਘਣੇ, ਕਾਲ਼ੇ ਜੰਗਲ਼ ਵਿੱਚ ਇਕ ਖਤਰਨਾਕ ਚੁੜੇਲ ਰਹਿੰਦੀ ਸੀ…
ਉਹ ਰਾਤ ਨੂੰ ਬਾਹਰ ਨਿਕਲ਼ਦੀ…
ਹਵਾ ਵਿੱਚ ਉੱਡਦੀ ਹੋਈ ਬੱਚਿਆਂ ਨੂੰ ਲੱਭਦੀ…
ਅਤੇ ਜੋ ਬੱਚਾ ਇਕੱਲਾ ਮਿਲਦਾ, ਉਸਨੂੰ ਆਪਣੀ ਝਾੜੂ ‘ਤੇ ਬਿਠਾ ਕੇ ਆਕਾਸ਼ ਵਿੱਚ ਲੈ ਜਾਂਦੀ!”
ਹਰ ਵਾਕ ਨਾਲ਼ ਭੈਣ ਜੀ ਦੀ ਆਵਾਜ਼ ਹੋਰ ਵੀ ਭਾਰੀ ਹੁੰਦੀ ਜਾ ਰਹੀ ਸੀ। ਕਮਰੇ ਦਾ ਹਨੇਰਾ ਹੋਰ ਵੀ ਗੂੜ੍ਹਾ ਹੁੰਦਾ ਜਾ ਰਿਹਾ ਸੀ।
ਅਚਾਨਕ ਭੈਣ ਜੀ ਜ਼ੋਰ ਨਾਲ਼ ਬੋਲੇ,
“ਅਤੇ ਫਿਰ—ਝਟਪਟ!”
ਉਹਨੇ ਹੱਥ ਝਟਕਦੇ ਹੋਏ ਕਿਹਾ,
“ਉਹ ਬੱਚੇ ਨੂੰ ਆਕਾਸ਼ ਤੋਂ ਹੇਠਾਂ ਸੁੱਟ ਦਿੰਦੀ ਸੀ!”
ਕੰਵਲ ਡਰੀ ਹੋਈ ਸਰਗਮ ਦਾ ਹੱਥ ਫੜ ਕੇ ਬੈਠੀ ਸੀ। ਪਰ ਇਸ ਵਾਰ ਤਾਂ ਸਰਗਮ ਵੀ ਕੰਬ ਰਹੀ ਸੀ।
ਕਹਾਣੀ ਐਨੀ ਡਰਾਉਣੀ ਸੀ ਕਿ ਹਰ ਸ਼ਬਦ ਮਨ ਨੂੰ ਚੀਰਦਾ ਜਾ ਰਿਹਾ ਸੀ।
ਰਾਤ ਨੂੰ ਘਰ ਆ ਕੇ ਸਰਗਮ ਨੇ ਖਾਣਾ ਤਾਂ ਖਾਧਾ, ਪਰ ਉਸਦਾ ਦਿਲ ਭਾਰਾ ਸੀ। ਜਦੋਂ ਉਹ ਸੌਣ ਲਈ ਬਿਸਤਰ ‘ਤੇ ਲੰਮੀ ਪਈ, ਕਹਾਣੀ ਦੇ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਪਏ—
ਕਾਲ਼ਾ ਜੰਗਲ਼…
ਸਿਸਕਦੀ ਹਵਾ…
ਹੱਸਦੀ ਚੁੜੇਲ…
ਅਤੇ ਡਿੱਗਦਾ ਹੋਇਆ ਬੱਚਾ…
ਉਹ ਪਾਸੇ ਮਾਰਦੀ ਰਹੀ।
ਖਿੜਕੀ ਬਾਹਰ ਪੱਤਿਆਂ ਦੀ ਖੜਖੜ ਹੋਈ।
ਸਰਗਮ ਨੂੰ ਲੱਗਿਆ—ਕੋਈ ਆ ਰਿਹਾ ਹੈ!
ਅਚਾਨਕ ਉਸਨੂੰ ਮਹਿਸੂਸ ਹੋਇਆ ਜਿਵੇਂ ਉਸਦੇ ਮੰਜੇ ਕੋਲ਼ ਕੋਈ ਪਰਛਾਂਵਾਂ ਖੜ੍ਹਾ ਹੈ।
ਉਹ ਘਬਰਾ ਗਈ ਅਤੇ ਉਸਨੇ ਜ਼ੋਰ ਦੀ ਚੀਕ ਮਾਰੀ—“ਮਾਂ!”
ਮਾਂ ਦੌੜ ਕੇ ਆਈ, ਪਿਤਾ ਜੀ ਵੀ ਆ ਗਏ। ਮਾਂ ਨੇ ਉਸਨੂੰ ਕਲ਼ਾਵੇ ਵਿੱਚ ਲੈ ਲਿਆ।
“ਡਰਨ ਦੀ ਕੀ ਗੱਲ ਹੈ? ਤੂੰ ਤਾਂ ਮੇਰੀ ਬਹਾਦੁਰ ਧੀ ਹੈਂ!”
ਪਰ ਸਰਗਮ ਸਾਰੀ ਰਾਤ ਚੰਗੀ ਤਰ੍ਹਾਂ ਸੌਂ ਨਾ ਸਕੀ।
ਅਗਲੇ ਦਿਨ ਸਕੂਲ ਵਿੱਚ ਸਰਗਮ ਆਮ ਵਾਂਗ ਮਹਿਸੂਸ ਨਹੀਂ ਕਰ ਰਹੀ ਸੀ। ਬੱਸਾਂ, ਬੱਚੇ, ਮੈਦਾਨ—ਸਭ ਕੁਝ ਉਸਨੂੰ ਧੁੰਦਲ਼ਾ ਤੇ ਅਜਨਬੀ ਲੱਗ ਰਿਹਾ ਸੀ।
ਕਲਾਸ ਵਿੱਚ ਗਈ ਤਾਂ ਦੀਵਾਰ ‘ਤੇ ਲੱਗੀ ਤਿਤਲੀ ਦੀ ਤਸਵੀਰ ਉਸਨੂੰ ਚਮਗਿੱਦੜ ਵਰਗੀ ਜਾਪੀ।
ਅਧਿਆਪਕਾ ਦੀ ਮੁਸਕਾਨ ਉਸਨੂੰ ਅਜੀਬ ਡਰਾਉਣੀ ਲੱਗ ਰਹੀ ਸੀ—
ਜਿਵੇਂ ਉਸਦਾ ਚਿਹਰਾ ਲੰਮਾ ਹੋ ਰਿਹਾ ਹੋਵੇ…
ਅੱਖਾਂ ਵੱਡੀਆਂ-ਵੱਡੀਆਂ ਹੋ ਰਹੀਆਂ ਹੋਣ…
ਉਸਦੇ ਦੋ ਸਹਿਪਾਠੀ ਹੱਸ ਕੇ ਗੱਲਾਂ ਕਰ ਰਹੇ ਸਨ, ਪਰ ਸਰਗਮ ਨੂੰ ਲੱਗਿਆ—ਉਹ ਉਸ ‘ਤੇ ਹੀ ਹੱਸ ਰਹੇ ਹਨ।
ਉਹ ਵਾਰ-ਵਾਰ ਪਿੱਛੇ ਮੁੜ ਕੇ ਵੇਖਦੀ—ਕਿਤੇ ਕੋਈ ਪਰਛਾਵਾਂ ਨਾ ਹੋਵੇ।
ਪੈਂਸਿਲ ਡਿੱਗਣ ਦੀ ਹੌਲ਼ੀ ਆਵਾਜ਼ ਵੀ ਉਸਨੂੰ ਕਿਸੇ ਦੇ ਕਦਮਾਂ ਵਰਗੀ ਲੱਗੀ।
ਅਧਿਆਪਿਕਾ ਨੇ ਪੁੱਛਿਆ,
“ਸਰਗਮ, ਤੂੰ ਇੰਨੀ ਘਬਰਾਈ ਹੋਈ ਕਿਉਂ ਹੈਂ? ਤੇਰੀ ਤਬੀਅਤ ਠੀਕ ਹੈ?”
ਸਰਗਮ ਨੇ ਹੌਲ਼ੀ ਆਵਾਜ਼ ਵਿੱਚ ਕਿਹਾ,
“ਮੈਨੂੰ ਜੀ… ਸਭ ਕੁਝ ਡਰਾਉਣਾ ਲੱਗ ਰਿਹਾ ਹੈ… ਪਰਛਾਵੇਂ ਮੇਰਾ ਪਿੱਛਾ ਕਰ ਰਹੇ ਨੇ…”
ਅਧਿਆਪਿਕਾ ਨੂੰ ਵੀ ਫਿਕਰ ਹੋ ਗਿਆ। ਉਹਨਾਂ ਨੇ ਉਸਨੂੰ ਪਾਣੀ ਪਿਲਾਇਆ, ਗੱਲਾਂ ਕੀਤੀਆਂ, ਪਰ ਸਰਗਮ ਦਾ ਮਨ ਸ਼ਾਂਤ ਨਾ ਹੋਇਆ।
ਉਹ ਸੋਚਣ ਲੱਗੀ—
ਕੀ ਸੱਚਮੁੱਚ ਕਹਾਣੀ ਵਾਲ਼ੀ ਚੁੜੇਲ ਮੇਰੇ ਕੋਲ਼ ਆ ਰਹੀ ਹੈ?
ਕੀ ਰਾਤ ਦਾ ਪਰਛਾਵਾਂ ਫਿਰ ਆਵੇਗਾ?
ਦੁਪਹਿਰ ਦੀ ਪ੍ਰਾਰਥਨਾ ਸਭਾ ਵਿੱਚ ਸਾਰੇ ਬੱਚੇ ਮੈਦਾਨ ਵਿੱਚ ਖੜ੍ਹੇ ਹੋ ਗਏ। ਨੀਲਾ ਆਕਾਸ਼ ਸਾਫ ਸੀ, ਪਰ ਸਰਗਮ ਦਾ ਮਨ ਭਾਰਾ ਸੀ।
ਉਹ ਸਿਰ ਝੁਕਾ ਕੇ ਖੜ੍ਹੀ ਸੀ।
ਉਸੇ ਵੇਲ਼ੇ—ਇਕ ਹੌਲ਼ੀ, ਸ਼ਾਂਤ, ਪਿਆਰੀ ਜਿਹੀ ਹਵਾ ਉਸਦੀਆਂ ਗੱਲ੍ਹਾਂ ਨੂੰ ਛੂਹ ਕੇ ਲੰਘ ਗਈ।
ਸਰਗਮ ਨੇ ਅੱਖਾਂ ਚੁੱਕੀਆਂ।
ਉਸਦੇ ਸਾਹਮਣੇ ਇਕ ਸੁੰਦਰ, ਪ੍ਰਕਾਸ਼ਵਾਨ ਆਕਿਰਤੀ ਖੜ੍ਹੀ ਸੀ—ਇਹ ਸੀ ‘ਪ੍ਰੇਰਣਾ ਦੀ ਪਰੀ’।
ਉਸਦੇ ਖੰਭ ਸੁਨਹਿਰੀ ਭਾ ਮਾਰ ਰਹੇ ਸਨ।
ਚਿਹਰਾ ਸ਼ਾਂਤ ਸੀ, ਅੱਖਾਂ ਦਿਆਲੂ।
ਉਸਦੇ ਆਉਣ ਨਾਲ਼ ਪੂਰਾ ਮੈਦਾਨ ਜਿਵੇਂ ਇਕ ਪਲ ਲਈ ਬਿਲਕੁਲ ਸ਼ਾਂਤ ਹੋ ਗਿਆ ਹੋਵੇ।
ਪਰੀ ਨੇ ਕੋਮਲ ਆਵਾਜ਼ ਵਿੱਚ ਪੁੱਛਿਆ,
“ਸਰਗਮ ਬੇਟਾ, ਤੂੰ ਇੰਨੀ ਘਬਰਾਈ ਕਿਉਂ ਹੈਂ?”
ਸਰਗਮ ਦੀਆਂ ਅੱਖਾਂ ਭਰ ਆਈਆਂ।
“ਮੈਨੂੰ ਡਰ ਲੱਗ ਰਿਹਾ ਹੈ। ਜੋ ਕਹਾਣੀ ਮੈਂ ਸੁਣੀ… ਉਹ ਮੇਰੇ ਦਿਮਾਗ ਵਿੱਚ ਘੁੰਮ ਰਹੀ ਹੈ। ਮੈਨੂੰ ਲੱਗਦਾ ਹੈ ਚੁੜੇਲ ਸੱਚਮੁੱਚ ਆ ਜਾਵੇਗੀ ਤੇ ਮੈਨੂੰ…” ਉਹ ਹੋਰ ਕੁਝ ਵੀ ਬੋਲ ਨਾ ਸਕੀ ਤੇ ਉਸਦਾ ਗਲ਼ਾ ਭਰ ਆਇਆ ।
ਪਰੀ ਮੁਸਕਰਾਈ—
“ਸਰਗਮ ਬੇਟਾ, ਡਰ ਕਹਾਣੀ ਵਿੱਚ ਸੀ, ਹਕੀਕਤ ਵਿੱਚ ਨਹੀਂ। ਜੇ ਮਨ ਡਰ ਦੇ ਰੰਗ ਵਿੱਚ ਰੰਗਿਆ ਜਾਵੇ, ਤਾਂ ਫੁੱਲ ਵੀ ਕੰਡੇ ਲੱਗਦੇ ਹਨ। ਅਤੇ ਜੇ ਮਨ ਹਿੰਮਤ ਨਾਲ਼ ਭਰਿਆ ਹੋਵੇ, ਤਾਂ ਜੰਗਲ਼ ਵੀ ਬਾਗ ਬਣ ਜਾਂਦਾ ਹੈ।”
ਸਰਗਮ ਧਿਆਨ ਨਾਲ਼ ਸੁਣ ਰਹੀ ਸੀ। ਪਰੀ ਦੀ ਆਵਾਜ਼ ਉਸਦੇ ਦਿਲ ਵਿੱਚ ਉਤਰ ਰਹੀ ਸੀ।
ਪਰੀ ਨੇ ਕਿਹਾ,
“ਜਦੋਂ ਮਨ ਡਰ ਜਾਵੇ, ਤਾਂ ਦੁਨੀਆ ਬਦਸੂਰਤ ਲੱਗਦੀ ਹੈ। ਜਿਵੇਂ ਧੂੰਏਂ ਨਾਲ਼ ਸ਼ੀਸ਼ਾ ਕਾਲ਼ਾ ਹੋ ਜਾਵੇ, ਤਾਂ ਉਸ ਵਿੱਚ ਚਿਹਰਾ ਵੀ ਅਜੀਬ ਦਿਖਾਈ ਦਿੰਦਾ ਹੈ। ਤੇਰਾ ਮਨ ਵੀ ਡਰ ਦੇ ਧੂੰਏਂ ਨਾਲ਼ ਭਰ ਗਿਆ ਹੈ।”
ਸਰਗਮ ਨੇ ਪੁੱਛਿਆ,
“ਫਿਰ ਮੈਂ ਕੀ ਕਰਾਂ?”
ਪਰੀ ਨੇ ਆਪਣਾ ਜਾਦੂ ਵਾਲ਼ਾ ਡੰਡਾ ਚੁੱਕਿਆ ਅਤੇ ਉਸਦੇ ਮੱਥੇ ਨਾਲ਼ ਹੌਲ਼ਾ ਜਿਹਾ ਛੁਹਾਇਆ । ਸਰਗਮ ਨੂੰ ਲੱਗਿਆ ਜਿਵੇਂ ਉਸਦੇ ਸਿਰ ਤੋਂ ਕੋਈ ਭਾਰ ਉਤਰ ਗਿਆ ਹੋਵੇ।
ਪਰੀ ਨੇ ਕਿਹਾ,
“ਹੁਣ ਯਾਦ ਰੱਖੀਂ—
ਜਦੋਂ ਵੀ ਤੈਨੂੰ ਡਰ ਲੱਗੇ, ਮਨ ਹੀ ਮਨ ਕਹਿਣਾ—
‘ਮੈਂ ਬਹਾਦੁਰ ਹਾਂ। ਇਹ ਸਿਰਫ ਮੇਰੀ ਕਲਪਨਾ ਹੈ।’
ਫਿਰ ਵੇਖੀਂ, ਡਰ ਇੰਞ ਭੱਜੇਗਾ ਜਿਵੇਂ ਰੌਸ਼ਨੀ ਤੋਂ ਹਨੇਰਾ ਭੱਜ ਜਾਂਦਾ ਹੈ।”
ਇਹ ਕਹਿ ਕੇ ਪ੍ਰੇਰਣਾ ਦੀ ਪਰੀ ਹੌਲ਼ੀ-ਹੌਲ਼ੀ ਸੁਨਹਿਰੀ ਕਿਰਨਾਂ ਵਿੱਚ ਬਦਲ ਗਈ ਅਤੇ ਗਾਇਬ ਹੋ ਗਈ।
ਪ੍ਰਾਰਥਨਾ ਸਭਾ ਖਤਮ ਹੋਈ।
ਸਰਗਮ ਨੇ ਆਲ਼ੇ-ਦੁਆਲ਼ੇ ਵੇਖਿਆ—ਹੁਣ ਦੀਵਾਰਾਂ ਆਮ ਸਨ। ਅਧਿਆਪਕ ਮੁਸਕਰਾ ਰਹੇ ਸਨ। ਬੱਚੇ ਹੱਸਦੇ, ਖੇਡਦੇ, ਇਕ-ਦੂਜੇ ਨਾਲ਼ ਗੱਲਾਂ ਕਰ ਰਹੇ ਸਨ। ਸਭ ਕੁਝ ਪਹਿਲਾਂ ਵਰਗਾ ਹੀ ਸੀ।
ਸਰਗਮ ਦੀਆਂ ਅੱਖਾਂ ਵਿੱਚ ਚਮਕ ਵਾਪਸ ਆ ਗਈ। ਉਸਨੂੰ ਮਹਿਸੂਸ ਹੋਇਆ—ਡਰ ਦਾ ਧੂੰਆਂ ਹਟਦੇ ਹੀ ਦੁਨੀਆ ਫਿਰ ਪਹਿਲਾਂ ਵਰਗੀ ਹੋ ਗਈ ਹੈ ।
ਘਰ ਆ ਕੇ ਉਸਨੇ ਮਾਂ ਨੂੰ ਕਿਹਾ,
“ਮਾਂ, ਕੁਝ ਕਹਾਣੀਆਂ ਸਿਰਫ ਮਨੋਰੰਜਨ ਲਈ ਹੁੰਦੀਆਂ ਨੇ। ਪਰ ਜੇ ਅਸੀਂ ਉਹਨਾਂ ਨੂੰ ਸੱਚ ਮੰਨ ਲਈਏ, ਤਾਂ ਉਹ ਸਾਨੂੰ ਡਰਾ ਸਕਦੀਆਂ ਨੇ। ਮੈਂ ਹੁਣ ਅਜਿਹੀਆਂ ਕਹਾਣੀਆਂ ਤੋਂ ਦੂਰ ਰਹਾਂਗੀ।”
ਮਾਂ ਨੇ ਪਿਆਰ ਨਾਲ਼ ਉਸਦੇ ਸਿਰ ‘ਤੇ ਹੱਥ ਫੇਰਿਆ,
“ਮੇਰੀ ਬੱਚੀ ਤਾਂ ਬਹੁਤ ਸਮਝਦਾਰ ਹੋ ਗਈ ਹੈ!”
ਅਗਲੇ ਦਿਨ ਸਰਗਮ ਫਿਰ ਕੰਵਲ ਦੇ ਘਰ ਗਈ। ਕੰਵਲ ਬਹੁਤ ਖੁਸ਼ ਸੀ ਕਿ ਸਰਗਮ ਆਈ ਹੈ।
ਕੰਵਲ ਦੇ ਭੈਣ ਜੀ ਆਪਣੇ ਕਮਰੇ ਵਿੱਚ ਬੈਠੇ ਸਨ।
ਸਰਗਮ ਨੇ ਹੌਲ਼ੀ ਜਿਹੀ ਆਵਾਜ਼ ਵਿੱਚ ਕਿਹਾ,
“ਭੈਣ ਜੀ, ਤੁਹਾਡੀ ਕਹਾਣੀ ਬਹੁਤ ਰੋਮਾਂਚਕ ਸੀ, ਪਰ ਛੋਟੀਆਂ ਬੱਚੀਆਂ ਨੂੰ ਡਰ ਵੀ ਲੱਗ ਸਕਦਾ ਹੈ। ਕੀ ਅਗਲੀ ਵਾਰ ਤੁਸੀਂ ਅਜਿਹੀਆਂ ਕਹਾਣੀਆਂ ਸੁਣਾਵੋਗੇ—ਜਿਨ੍ਹਾਂ ਵਿੱਚ ਬਹਾਦੁਰੀ ਹੋਵੇ, ਹਾਸਾ ਹੋਵੇ ਅਤੇ ਕੋਈ ਸਿੱਖਿਆ ਹੋਵੇ?”
ਭੈਣ ਜੀ ਹੱਸ ਪਏ।
“ਸਰਗਮ, ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਠੀਕ ਹੈ, ਅੱਜ ਤੋਂ ਮੈਂ ਅਜਿਹੀਆਂ ਕਹਾਣੀਆਂ ਸੁਣਾਵਾਂਗੀ—ਜੋ ਬੱਚਿਆਂ ਨੂੰ ਤਾਕਤ ਤੇ ਪ੍ਰੇਰਣਾ ਦੇਣ।”
ਕੰਵਲ ਖੁਸ਼ੀ ਨਾਲ਼ ਬੋਲੀ,
“ਹਾਂ ਭੈਣ ਜੀ! ਪਰੀਆਂ ਵਾਲ਼ੀਆਂ ਕਹਾਣੀਆਂ, ਜਾਦੂ, ਹਿੰਮਤ ਅਤੇ ਦੋਸਤੀ ਵਾਲ਼ੀਆਂ!”
ਸਰਗਮ ਮੁਸਕਰਾਈ।
ਉਸਦੇ ਅੰਦਰ ਹੁਣ ਕੋਈ ਡਰ ਨਹੀਂ ਸੀ।
ਸਿਰਫ ਆਤਮ-ਵਿਸ਼ਵਾਸ ਸੀ—ਸਾਫ਼, ਉਜਲਾ, ਚਮਕਦਾ ਹੋਇਆ।
ਉਸ ਰਾਤ ਹੌਲ਼ੀ ਹੌਲ਼ੀ ਹਵਾ ਵੱਗ ਰਹੀ ਸੀ। ਪੱਤਿਆਂ ਦੀ ਖੜਖੜ ਹੋਈ।
ਪਹਿਲਾਂ ਸਰਗਮ ਡਰ ਜਾਂਦੀ ਸੀ, ਪਰ ਹੁਣ ਉਹ ਮੁਸਕਰਾ ਕੇ ਬੋਲੀ,
“ਇਹ ਤਾਂ ਰੁੱਖ ਗੱਲਾਂ ਕਰ ਰਹੇ ਨੇ ।”
ਖਿਡੌਣੇ ਦੀ ਪਰਛਾਈਂ ਕੰਧ ‘ਤੇ ਪਈ। ਸਰਗਮ ਹੱਸ ਕੇ ਕਹਿਣ ਲੱਗੀ,
“ਓ! ਇਹ ਤਾਂ ਮੇਰੀ ਗੁੱਡੀ ਦਾ ਪਰਛਾਵਾਂ ਹੈ।”
ਅਤੇ ਜਦੋਂ ਉਸਨੂੰ ਕੋਈ ਡਰਾਉਣਾ ਖ਼ਿਆਲ ਆਉਂਦਾ, ਉਹ ਪਰੀ ਦੇ ਸ਼ਬਦ ਦੁਹਰਾਉਂਦੀ—
“ਮੈਂ ਬਹਾਦੁਰ ਹਾਂ। ਇਹ ਸਿਰਫ ਮੇਰੀ ਕਲਪਨਾ ਹੈ।”
ਬੱਸ—ਡਰ ਓਥੇ ਹੀ ਖ਼ਤਮ ਹੋ ਜਾਂਦਾ ।
ਸਿੱਖਿਆ : ਡਰ ਤੋਂ ਭੱਜਣ ਨਾਲ਼ ਨਹੀਂ, ਉਸਨੂੰ ਸਮਝਣ ਨਾਲ਼ ਜਿੱਤ ਮਿਲਦੀ ਹੈ।
ਕਲਪਨਾ ਜਦੋਂ ਡਰ ਬਣ ਜਾਵੇ, ਤਾਂ ਮਨ ਭਾਰਾ ਹੋ ਜਾਂਦਾ ਹੈ। ਪਰ ਜਦੋਂ ਕਲਪਨਾ ਹਿੰਮਤ ਦਾ ਰੂਪ ਧਾਰ ਲਵੇ, ਤਾਂ ਬੱਚਾ ਆਕਾਸ਼ ਛੂਹ ਸਕਦਾ ਹੈ।
ਸਰਗਮ ਨੇ ਸਿਰਫ ਪ੍ਰੇਰਣਾ ਦੀ ਪਰੀ ਹੀ ਨਹੀਂ ਵੇਖੀ—ਉਸਨੇ ਆਪਣੇ ਅੰਦਰ ਦੀ ਹਿੰਮਤ ਦੀ ਪਰੀ ਨੂੰ ਜਗਾਇਆ। ਅਤੇ ਉਦੋਂ ਤੋਂ ਉਸਦੀ ਦੁਨੀਆ ਪਹਿਲਾਂ ਤੋਂ ਵੀ ਵੱਧ ਸੋਹਣੀ ਅਤੇ ਜਾਦੂਮਈ ਹੋ ਗਈ।
('ਪਰੀਆਂ ਬਣੀਆਂ ਤਿਤਲੀਆਂ' - 'ਕਹਾਣੀ ਸੰਗ੍ਰਹਿ' ਵਿੱਚੋਂ)