Punjabi Stories/Kahanian
ਜਰਨੈਲ ਸਿੰਘ
Jarnail Singh
Punjabi Kavita
  

Sarkaan Jarnail Singh

ਸੜਕਾਂ ਜਰਨੈਲ ਸਿੰਘ

ਹਾਈਵੇ ਕਯੂ. ਈ. ਡਬਲਯੂ. ਵੈਸਟ ਉੱਤੇ, ਬਿਨਾਂ ਟਰੇਲਰ, ਟਰੱਕ ਲਈ ਜਾ ਰਿਹਾ ਅਜੀਤ ਸਿੰਘ ਮਿਸੀਸਾਗਾ ਲੰਘ ਚੁੱਕਾ ਸੀ।
ਬੇਸ਼ੁਮਾਰ ਵਾਹਨਾਂ ਦੇ ਸ਼ੋਰ ਵਿੱਚ ਉਸਨੂੰ ਆਪਣੀ ਘੁਟਣ ਵਧਦੀ ਪ੍ਰਤੀਤ ਹੋ ਰਹੀ ਸੀ। ਘੁਟਣ, ਜੋ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਲਗਾਤਾਰ ਉਸਦੇ ਤਨ-ਮਨ ਨੂੰ ਨਪੀੜਦੀ ਚਲੀ ਆ ਰਹੀ ਸੀ। ਕੱਲ੍ਹ ਦਾ ਤਾਂ ਇਸਨੇ ਅਜੀਤ ਸਿੰਘ ਨੂੰ ਜ਼ਿਆਦਾ ਹੀ ਵਿਆਕੁਲ ਕੀਤਾ ਹੋਇਆ ਸੀ... ਕੱਲ੍ਹ ਕਰਨ ਦਾ ਜਨਮ-ਦਿਨ ਸੀ, ਪੱਚੀਵਾਂ ਜਨਮ-ਦਿਨ। ਕਿੰਨੀ ਉਦਾਸ ਸੀ ਕੱਲ੍ਹ ਦੀ ਸਵੇਰ... ਗਮ-ਗੋਤੇ ਖਾਂਦਾ ਅਜੀਤ ਸਿੰਘ ਤਿਆਰ ਹੋ ਕੇ, ਨਿੱਤ ਵਾਂਗ, ਆਪਣੇ ਟਰੱਕ-ਦਫਤਰ ਨੂੰ ਤੁਰ ਗਿਆ ਸੀ। ਜੈਕ ਦੀ ਦੇਖ-ਰੇਖ ਹੇਠ ਕੰਮ ਠੀਕ-ਠਾਕ ਚੱਲ ਰਹੇ ਸਨ। ਮਕਾਨਕੀ ਜਿਹੇ ਰਉਂ 'ਚ ਉਸਨੇ ਆਪਣੇ ਟਰੱਕਾਂ ਦਾ ਰੋਜ਼ਾਨਾ ਜਾਇਜ਼ਾ ਲਿਆ, ਅਗਲੇ ਦਿਨ ਦੀ ਡਿਸਪੈਚ ਤਿਆਰ ਕੀਤੀ ਤੇ ਜੈਕ ਨੂੰ ਦੱਸ ਕੇ ਘਰ ਪਰਤ ਆਇਆ। ਪਤਨੀ ਨਾਲ਼ ਰੋਟੀ ਖਾਂਦਿਆਂ ਉਸਨੇ ਕਰਨ ਦੇ ਜਨਮ-ਦਿਨ ਬਾਰੇ ਕੋਈ ਗੱਲ ਨਾ ਕੀਤੀ। ਸੁਰਿੰਦਰ ਕੌਰ ਵੀ ਚੁੱਪ ਸੀ।
ਰੋਟੀ ਖਾ ਕੇ ਉਹ ਲਾਗਲੇ ਪਾਰਕ 'ਚ ਜਾ ਬੈਠੇ। ਤਾਜ਼ੀ ਹਵਾ ਤੇ ਹਰਿਆਵਲ ਵਿੱਚੋਂ ਕੁਝ ਚੈਨ ਮਿਲ਼ੀ। ਪਰ ਕੁਝ ਹੀ ਦੇਰ ਬਾਅਦ ਉਨ੍ਹਾਂ ਦੇ ਮਨਾਂ ਵਿੱਚ ਬੀਆਬਾਨ ਸ਼ੂਕਣ ਲੱਗ ਪਿਆ... ਪਤਾ ਨਹੀਂ ਕਿੰਨਾ ਚਿਰ ਉਹ ਅੰਦਰਲੀ ਤੋੜਾਖੋਹੀ 'ਚ ਚੁੱਪ-ਚਾਪ ਪਿੰਜ ਹੁੰਦੇ ਰਹੇ। ਤੇ ਫਿਰ ਚੁੱਪ ਜਿਵੇਂ ਅਸਹਿ ਹੋ ਗਈ... ਅਜੀਤ ਸਿੰਘ ਲਫਜ਼ਾਂ ਨੂੰ ਟੋਲ੍ਹਣ ਲੱਗਾ, ''ਸੁਰਿੰਦਰ!... ਕੋਈ ਗੱਲ ਕਰ।''
''ਕਿਹੜੀ ਗੱਲ ਕਰੀਏ?'' ਪਰ੍ਹਾਂ ਦਰੱਖਤਾਂ ਦੇ ਝੂਮ ਰਹੇ ਟਾਹਣਾਂ ਅਤੇ ਹੱਸ-ਖੇਡ ਰਹੇ ਗੱਭਰੂਆਂ ਵੱਲ ਦੇਖਦਿਆਂ ਸੁਰਿੰਦਰ ਕੌਰ ਦਾ ਗਮ ਜਿਵੇਂ ਹੋਰ ਗਹਿਰਾ ਹੋ ਗਿਆ ਹੋਵੇ, ''ਸਵੇਰ ਦਾ ਮਨ 'ਚ ਕਰਨ ਹੀ ਘੁੰਮੀ ਜਾਂਦੈ... ਪਿਛਲੇ ਸਾਲ ਉਹਦੇ ਜਨਮ-ਦਿਨ 'ਤੇ ਜਦੋਂ ਆਪਾਂ ਕਾਰਡ ਫੜਾ ਕੇ ਉਹਦਾ ਮੱਥਾ ਚੁੰਮਿਆਂ ਤਾਂ ਕਿੰਨਾ ਖੁਸ਼ ਹੋਇਆ ਸੀ ਉਹ। ਦੋ-ਤਿੰਨ ਵਾਰ ਕਿਹਾ ਹੋਣੈ- ਮੰਮੀ! ਡੈਡੀ! ਤੁਸੀਂ ਬਹੁਤ ਚੰਗੇ ਆਂ... ਆਈ ਲਵ ਯੂ ਬੋਥ। ਤੇ ਅੱਜ਼.. ।'' ਸੁਰਿੰਦਰ ਕੌਰ ਦੀ ਆਵਾਜ਼ ਭਰੜਾ ਗਈ। ਉਸਦੇ ਹੰਝੂ ਵੇਖ ਕੇ ਅਜੀਤ ਸਿੰਘ ਦੀਆਂ ਅੱਖਾਂ ਵੀ ਛਲਕ ਪਈਆਂ... ।
ਸ਼ਾਮੀਂ ਕਲੀਵਲੈਂਡ ਤੋਂ ਡਰਾਈਵਰ ਬਿੰਦਰ ਦਾ ਫੋਨ ਆ ਗਿਆ, ''ਅੰਕਲ! ਮੇਰਾ ਟਰੱਕ ਖਰਾਬ ਹੋ ਗਿਐ। ਰਿਪੇਅਰ ਹੋਣ ਨੂੰ ਤਿੰਨ-ਚਾਰ ਦਿਨ ਲੱਗ ਜਾਣੇ ਆਂ। ਫਰੂਟ ਦਾ ਲੋਡ ਐ... ਕੱਲ੍ਹ ਤੱਕ ਟਰਾਂਟੋ ਪਹੁੰਚਣਾ ਚਾਹੀਦੈ। ਕੋਈ ਬੰਦਾ ਟਰੱਕ ਦੇ ਕੇ ਭੇਜੋ।''
''ਬਿੰਦਰ! ਤੂੰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰੀਂ।'' ਫੋਨ ਰੱਖ ਕੇ ਅਜੀਤ ਸਿੰਘ ਸੋਚਣ ਲੱਗ ਪਿਆ... ਸਾਰੇ ਡਰਾਈਵਰ ਬਿਜ਼ੀ ਸਨ। ਉਸਦਾ ਹੱਥ ਜੈਕ ਦਾ ਫੋਨ-ਨੰਬਰ ਦਬਾਉਣ ਲਈ ਵਧਿਆ ਪਰ ਰੁਕ ਗਿਆ, 'ਜੈਕ 'ਕੱਲਾ ਕਿੱਧਰ-ਕਿੱਧਰ... ।' ਉਸਨੂੰ ਆਪਣੀ ਸਥਿਤੀ 'ਤੇ ਖਿਝ ਜਿਹੀ ਆ ਗਈ। ਉਸਦਾ ਦਿਲ ਕੀਤਾ ਕਿ ਬਿੰਦਰ ਨੂੰ ਕਹਿ ਦੇਵੇ, 'ਜੋ ਹੁੰਦਾ ਏ ਹੋਈ ਜਾਵੇ। ਟਰੱਕਾਂ ਅਤੇ ਲੋਡਾਂ ਦੇ ਇਸ ਖਲਜਗਣ 'ਚ ਮੈਂ ਬਹੁਤ ਥੱਕ ਗਿਆ ਹਾਂ।' ਪਰ ਜਦੋਂ ਦੁਬਾਰਾ ਬਿੰਦਰ ਦਾ ਫੋਨ ਆਇਆ ਤਾਂ ਉਸ ਅੰਦਰਲੇ ਪੇਸ਼ਾਵਰ ਟਰੱਕਰ ਕੋਲ਼ੋਂ ਇੰਜ ਕਹਿ ਨਾ ਹੋਇਆ। ਉਹ ਆਖ ਰਿਹਾ ਸੀ, ''ਬਈ! ਮੈਂ ਆਪ ਹੀ ਆਵਾਂਗਾ। ਸਵੇਰੇ ਸਾਝਰੇ ਇੱਧਰੋਂ ਚੱਲ ਪਊਂਗਾ।''
ਦੁੱਧ ਦਾ ਗਲਾਸ ਪੀ ਕੇ ਅਜੀਤ ਸਿੰਘ ਬੈੱਡ 'ਤੇ ਪੈ ਗਿਆ ਸੀ। ਇੱਕ-ਦੋ ਠੌਂਕਿਆਂ ਤੋਂ ਸਿਵਾਇ, ਨੀਂਦ ਉਸ ਤੋਂ ਪਰੇ-ਪਰੇ ਹੀ ਸਰਕਦੀ ਰਹੀ... ਉਸਦੀ ਸੋਚ ਵਿੱਚ ਮੁੜ-ਮੁੜ ਕਰਨ ਘੁੰਮਦਾ ਰਿਹਾ... ਉੱਚਾ-ਲੰਮਾ, ਕਣਕਵੰਨਾ, ਮੁਸਕਰਾ-ਮੁਸਕਰਾ ਕੇ ਗੱਲਾਂ ਕਰਨ ਵਾਲ਼ਾ ਕਰਨ... । ਬੈੱਡ ਕੋਲ਼ ਪਏ ਕਲਾਕ ਦੇ, ਹਨੇਰੇ 'ਚ ਚਮਕਦੇ, ਡਿਜੀਟਲ ਹਿੰਦਸੇ ਸਮੇਂ ਨੂੰ ਅਗਾਂਹ ਲਿਜਾ ਰਹੇ ਸਨ। ਪਰ ਅਜੀਤ ਸਿੰਘ ਦਾ ਮਨ ਪਿਛਾਂਹ ਨੂੰ ਉੱਡਦਾ ਜਾ ਰਿਹਾ ਸੀ... ਸਾਰੀ ਰਾਤ ਉਹ ਸੜਕਾਂ ਦੇ ਜੰਗਲ ਵਿੱਚ ਭਟਕਦਾ ਰਿਹਾ...।
ਅਜੀਤ ਸਿੰਘ ਦਾ ਸੜਕਾਂ ਨਾਲ਼ ਨਾਤਾ ਇੰਡੀਆ 'ਚ ਹੀ ਬਣ ਗਿਆ ਸੀ। ਪੜ੍ਹਾਈ 'ਚ ਖਾਸ ਦਿਲਚਸਪੀ ਨਾ ਹੋਣ ਕਾਰਨ ਉਹ ਕਾਲਜ ਛੱਡ ਕੇ ਟੈਕਸੀ ਚਲਾਉਣ ਲੱਗ ਪਿਆ ਸੀ। ਇਸੇ ਦੌਰਾਨ ਉਸਦੇ ਵੱਡੇ ਭਰਾ ਰਤਨ ਸਿੰਘ ਨੇ ਮੱਧ ਪ੍ਰਦੇਸ਼ 'ਚ ਟਰੱਕ-ਡਰਾਈਵਰੀ ਕਰਦਿਆਂ ਦੋ ਟਰੱਕ ਬਣਾ ਲਏ ਸਨ। ਉਸਨੇ ਅਜੀਤ ਨੂੰ ਆਪਣੇ ਨਾਲ਼ ਕੰਮ ਕਰਨ ਲਈ ਪੁੱਛਿਆ ਤਾਂ ਅਜੀਤ ਨੇ ਹਾਂ ਕਰ ਦਿੱਤੀ। ਭਰਾ ਦਾ ਕਾਰੋਬਾਰ ਵਧਾਉਣ ਲਈ ਉਸਨੇ ਦਿਨ-ਰਾਤ ਇੱਕ ਕਰ ਦਿੱਤਾ।... ਪੰਜ ਕੁ ਸਾਲਾਂ 'ਚ ਹੀ ਰਤਨ ਸਿੰਘ ਦੇ ਟਰੱਕਾਂ ਦੀ ਗਿਣਤੀ ਦੋ ਤੋਂ ਛੇ ਹੋ ਗਈ ਸੀ। ਅਜੀਤ ਨੂੰ ਆਸ ਸੀ ਕਿ 'ਹੁੰਦਲ ਟਰਾਂਸਪੋਰਟ ਕੰਪਨੀ' ਦੇ ਟਰੱਕਾਂ ਉੱਤੇ ਭਰਾ ਦੇ ਨਾਂ ਨਾਲ਼, ਇੱਕ ਦਿਨ ਉਸਦਾ ਨਾਂ ਵੀ ਹੋਵੇਗਾ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਤਿਉਂ-ਤਿਉਂ ਉਸਦੀ ਇਹ ਆਸ ਮੱਧਮ ਪੈਂਦੀ ਗਈ। ਉਸਨੇ ਭਰਾ ਨੂੰ ਕਈ ਵਾਰ ਕਿਹਾ ਕਿ ਕੰਪਨੀ ਵਿੱਚ ਉਹ ਉਸਦਾ ਜੇ ਬਹੁਤਾ ਨਹੀਂ ਤਾਂ ਥੋੜ੍ਹਾ ਕੁ ਹਿੱਸਾ ਹੀ ਰੱਖ ਲਵੇ। ਰਤਨ ਸਿੰਘ ''ਕੋਈ ਨਹੀਂ, ਦੇਖਦੇ ਆਂ।'' ਕਹਿ ਕੇ ਸਾਰ ਦਿੰਦਾ।
ਆਖਰ ਅਜੀਤ ਸਿੰਘ ਦਾ ਸਬਰ ਜਵਾਬ ਦੇ ਗਿਆ... ਭਰਾਵਾਂ ਵਿਚਕਾਰ ਖੂਨ-ਖਰਾਬਾ ਹੁੰਦਾ-ਹੁੰਦਾ ਬਚਿਆ। ਮਾਂ-ਪਿਉ ਵੀ ਟਰਾਂਸਪੋਰਟਰ ਪੁੱਤ ਦੀ ਹਾਂ ਵਿੱਚ ਹਾਂ ਮਿਲ਼ਾ ਰਹੇ ਸਨ। ਹਰਖੇ ਹੋਏ ਅਜੀਤ ਨੇ ਆਪਣੇ ਹਿੱਸੇ ਦੀ ਜ਼ਮੀਨ ਗਹਿਣੇ ਕੀਤੀ... ਤੇ ਕਨੇਡਾ ਪਹੁੰਚ ਗਿਆ।
ਸਾਲ ਕੁ ਬਾਅਦ ਹੀ ਕਨੇਡਾ ਸਰਕਾਰ ਨੇ ਲੁਕ-ਛਿਪ ਕੇ ਰਹਿੰਦੇ ਲੋਕਾਂ ਦੇ ਕੇਸ ਵਿਚਾਰਨ ਦਾ ਐਲਾਨ ਕਰ ਦਿੱਤਾ। ਅਜੀਤ ਸਿੰਘ ਦਾ ਕੰਮ ਵੀ ਬਣ ਗਿਆ। ਟੈਂਪਰੇਰੀ ਜਿਹੀ ਜੌਬ ਛੱਡ ਕੇ ਉਸਨੇ ਟਰੱਕ ਦਾ ਲਾਈਸੈੰਸ ਲਿਆ ਤੇ ਆਪਣੇ ਮਨਪਸੰਦ ਕਿੱਤੇ ਨਾਲ਼ ਜੁੜ ਗਿਆ।
ਅਜੀਤ ਸਿੰਘ ਤੋਂ ਡੇਢ ਕੁ ਸਾਲ ਬਾਅਦ ਸੁਰਿੰਦਰ ਕੌਰ ਤੇ ਨਿਆਣੇ ਵੀ ਪਹੁੰਚ ਗਏ। ਅਜੀਤ ਸਿੰਘ ਦਾ ਧਰਤੀ 'ਤੇ ਪੈਰ ਨਾ ਲਗਦਾ... ਉਸਨੇ ਸੁਰਿੰਦਰ ਨੂੰ ਇੱਕ ਫੈਕਟਰੀ ਦੀ ਜੌਬ ਲੱਭ ਦਿੱਤੀ ਤੇ ਨਿਆਣੇ ਪੜ੍ਹਨ ਲਾ ਦਿੱਤੇ- ਲੱਖੀ ਛੇਵੇਂ ਤੇ ਕਰਨ ਚੌਥੇ ਗਰੇਡ 'ਚ।
ਅਜੀਤ ਸਿੰਘ ਹੈਮਿਲਟਨ ਪਹੁੰਚ ਚੁੱਕਾ ਸੀ। ਉਸਨੇ ਇੱਕ ਗੈਸ-ਸਟੇਸ਼ਨ ਤੋਂ ਟਰੱਕ 'ਚ ਡੀਜ਼ਲ ਭਰਿਆ ਤੇ ਕੁਝ ਖਾਣ-ਪੀਣ ਲਈ ਵੀ ਲੈ ਲਿਆ। ਓਨਟੈਰੀਓ-ਝੀਲ ਵੱਲੋਂ ਆਉਂਦੀ ਤਾਜ਼ੀ ਠੰਢੀ ਹਵਾ 'ਚ ਗਰਮੀ ਤੋਂ ਰਾਹਤ ਮਹਿਸੂਸ ਕਰਦਿਆਂ ਉਹ, ਟਰੱਕ ਕੋਲ਼ ਖੜ੍ਹਾ, ਜੂਸ ਪੀ ਰਿਹਾ ਸੀ ਕਿ ਗੈਸ-ਸਟੇਸ਼ਨ ਕੋਲ਼ੋਂ ਲੰਘਦੀ ਸੜਕ ਉੱਤੇ ਲੱਗਾ ਸਾਈਨ-ਬੋਰਡ ਉਸਦੀ ਸੋਚ ਨੂੰ ਅਤੀਤ ਵੱਲ ਲੈ ਉੱਡਿਆ... ਨਵੇਂ-ਨਵੇਂ ਕਨੇਡਾ ਪਹੁੰਚੇ ਆਪਣੇ ਟੱਬਰ ਨੂੰ 'ਰੌਇਲ ਬੋਟੈਨੀਕਲ ਗਾਰਡਨ' ਦਿਖਾਉਣ ਲਈ ਉਦੋਂ ਉਹ ਹਾਈਵੇ 'ਚੋਂ ਨਿਕਲ਼ ਕੇ ਇਸੇ ਸੜਕ ਉੱਤੋਂ ਲੰਘਿਆ ਸੀ... ਆਪਣੇ ਬਰਾਬਰ ਤੁਰ-ਫਿਰ ਰਹੇ ਕਰਨ, ਲੱਖੀ ਤੇ ਸੁਰਿੰਦਰ ਕੌਰ ਦੇ ਸੰਗ-ਸਾਥ ਉਹ ਡਾਢਾ ਹੀ ਖੁਸ਼ ਸੀ। ਭਾਂਤ-ਸੁਭਾਂਤੇ ਰੰਗਾਂ-ਰੂਪਾਂ ਵਾਲ਼ੇ ਫੁੱਲ ਉਨ੍ਹਾਂ ਦੀ ਖੁਸ਼ੀ 'ਚ ਜਿਵੇਂ ਸੁਗੰਧੀਆਂ ਭਰ ਰਹੇ ਹੋਣ। ਸਪੰਜੀ ਘਾਹ 'ਤੇ ਬੈਠ ਸੁਆਦਲੀਆਂ ਸੈਂਡਵਿਚਾਂ ਖਾਂਦਿਆਂ ਅਜੀਤ ਸਿੰਘ ਨੇ ਟੱਬਰ ਨਾਲ਼ ਇੱਕ ਤਾਜ਼ੀ ਖੁਸ਼ੀ ਸਾਂਝੀ ਕੀਤੀ ਸੀ, ''ਕੱਲ੍ਹ ਜਦੋਂ ਜੈਕ ਨੇ ਮੇਰਾ ਰੋਡ-ਟੈਸਟ ਲਿਆ ਤਾਂ ਵੈਅਰੀ ਗੁੱਡ-ਵੈਅਰੀ ਗੁੱਡ ਕਰ ਉੱਠਿਆ... ਰੇਟ ਵੀ ਮਾਨ ਟਰੱਕਿੰਗ ਕੰਪਨੀ ਨਾਲ਼ੋਂ ਵੱਧ ਦਏਗਾ। ਆਪਣੇ ਬੰਦੇ ਕੰਮ ਬਹੁਤ ਜਿਆਦਾ ਲੈਂਦੇ ਆ ਪਰ ਤਨਖਾਹ ਪੱਖੋਂ ਪੂਰੇ ਲੀਚੜ ਆ... ।''
''ਕੀ ਏਥੋਂ ਦੇ ਟਰੱਕ-ਡਰਾਈਵਰਾਂ ਦਾ ਵੀ ਇੰਡੀਆ ਦੇ ਡਰਾਈਵਰਾਂ ਵਾਲ਼ਾ ਹਾਲ ਏ... ਨਸ਼ੇ-ਪੱਤੇ ਤੇ ਹੋਰ ਮਾੜੀਆਂ ਆਦਤਾਂ।'' ਸੁਰਿੰਦਰ ਨੇ ਪੁੱਛਿਆ ਸੀ।
''ਨਹੀਂ। ਵੈਸੇ ਡਰੱਗਾਂ ਦਾ ਐਬ ਏਥੇ ਵੀ ਬਥੇਰਾ ਏ ਪਰ ਇਹ ਕਿਸੇ ਇੱਕ ਕਿੱਤੇ ਨਾਲ਼ ਨਹੀਂ ਜੁੜਿਆ ਹੋਇਆ... ਆਮ ਲੋਕੀਂ ਸਿਆਣੇ ਨੇ, ਸ਼ਰਾਬ ਪੀ ਕੇ ਡਰਾਈਵ ਨਹੀਂ ਕਰਦੇ। ਕਾਨੂੰਨ ਵੀ ਸਖ਼ਤ ਨੇ... ਬਾਕੀ ਇਸ ਜੌਬ 'ਚ ਪੈਸੇ ਚੰਗੇ ਆ।'' ਅਜੀਤ ਨੇ ਦੱਸਿਆ ਸੀ।
ਲੱਖੀ ਤੇ ਕਰਨ ਮਸਤੀ ਜਿਹੀ ਵਿੱਚ ਘੁਲ਼ਣ ਲੱਗ ਪਏ। ਉਨ੍ਹਾਂ ਵੱਲ ਵੇਖਦਿਆਂ ਸੁਰਿੰਦਰ ਕੌਰ ਅੰਦਰ ਮੋਹ ਉਮਡ ਆਇਆ। ਬੁੱਲ੍ਹਾਂ 'ਤੇ ਮੁਸਕਰਾਹਟ ਫੈਲ ਗਈ। ਬੀਤੇ ਨੂੰ ਯਾਦ ਕਰਦੀ ਉਹ ਬੋਲੀ, ''ਤੁਹਾਡੇ ਏਧਰ ਆਉਣ ਬਾਅਦ ਲੱਖੀ ਨੇ ਤਾਂ ਖਾਸ ਨਹੀਂ ਪਰ ਕਰਨ ਨੇ ਤੁਹਾਨੂੰ ਬਹੁਤ ਮਿੱਸ ਕੀਤਾ। ਕਿਹਾ ਕਰੇ- ਚਲੋ ਡੈਡੀ ਕੋਲ਼ ਚੱਲੀਏ।''
ਗੈਸ-ਸਟੇਸ਼ਨ ਦੇ ਕਲਾਕ ਉੱਤੇ ਹਰ ਸੈਕਿੰਡ ਨਾਲ਼ ਬਦਲਦੇ ਵਕਤ ਵੱਲ ਤੱਕਦਿਆਂ ਅਜੀਤ ਸਿੰਘ ਦੀ ਸੋਚ 'ਬੋਟੈਨੀਕਲ ਗਾਰਡਨ' ਤੋਂ ਵਾਪਸ ਪਰਤ ਆਈ। ਵੈਰਾਗ 'ਚ ਉਹ ਬੁੜਬੜਾਇਆ, 'ਕਰਨ! ਉਦੋਂ ਦੇ ਵਿੱਛੜੇ ਤਾਂ ਆਪਾਂ ਮਿਲ਼ ਗਏ ਸੀ ਪਰ ਹੁਣ... । ਮੈਂ ਤਾਂ ਸਾਲਾਂ-ਬੱਧੀ ਤੇਰੇ ਰਾਹਾਂ 'ਚ ਖੜ੍ਹਾ ਰਹਿੰਦਾ ਪਰ ਤੂੰ ਮੁੜਨ ਵਾਲ਼ੇ ਰਾਹੀਂ ਨਹੀਂ ਗਿਆ... ।' ਅਗਲੇ ਪਲ ਅਜੀਤ ਸਿੰਘ ਦੀ ਨਜ਼ਰ ਹਾਈਵੇ ਵੱਲ ਚਲੀ ਗਈ। ਦੋਨਾਂ ਪਾਸਿਆਂ ਨੂੰ ਵਗਦੇ ਚਾਰ-ਚਾਰ ਲੇਨਾਂ ਉੱਪਰ ਲੋਕੀਂ, ਆਮ ਵਾਂਗ, ਵਾਹਨਾਂ ਦੁੜਾਈ ਲਿਜਾ ਰਹੇ ਸਨ... ਕਰਨ ਇਸ ਦੁਨੀਆਂ 'ਚ ਸੀ ਜਾਂ ਨਹੀਂ, ਕਿਸੇ ਨੂੰ ਇਸ ਨਾਲ਼ ਕੋਈ ਵਾਸਤਾ ਨਹੀਂ ਸੀ।
ਜਵਾਨ ਪੁੱਤ ਦੀ ਮੌਤ ਤੋਂ ਬਾਅਦ ਅਜੀਤ ਸਿੰਘ ਅੱਜ ਪਹਿਲੀ ਵਾਰ ਸਫ਼ਰ 'ਤੇ ਨਿਕਲ਼ਿਆ ਸੀ। ਅਨੇਕਾਂ ਲੌਗ-ਬੁੱਕਾਂ 'ਚ ਦਰਜ, ਕਰੋੜਾਂ ਕਿਲੋਮੀਟਰਾਂ ਦੇ ਸਫ਼ਰ ਦੌਰਾਨ ਅਜੀਤ ਸਿੰਘ ਨਿਰਾਸ਼ਤਾਵਾਂ ਵਿੱਚੀਂ ਵੀ ਗੁਜ਼ਰਿਆ ਸੀ। ਪਰ ਉਸਦੀ ਰੂਹ ਕਦੀ ਵੀ ਏਦਾਂ ਨਹੀਂ ਸੀ ਬੁਝੀ ਜਿਵੇਂ ਹੁਣ... । ਹਉਕਾ ਭਰਦਿਆਂ ਉਸਨੇ ਟਰੱਕ ਦਾ ਦਰਵਾਜ਼ਾ ਖੋਲ੍ਹਿਆ ਅਤੇ ਸਟੇਅਰਿੰਗ 'ਤੇ ਬੈਠ ਗਿਆ। ਟਰੱਕ ਨੂੰ ਹਾਈਵੇ 'ਤੇ ਪਾਉਂਦਿਆਂ ਉਸਨੂੰ ਚੇਤਾ ਆ ਰਿਹਾ ਸੀ... ਜਦੋਂ ਉਸਨੇ ਜੈਕ ਦੇ ਟਰੱਕ 'ਤੇ ਡਰਾਈਵਰੀ ਸ਼ੁਰੂ ਕੀਤੀ ਤਾਂ ਟੁਰਨ ਲੱਗਾ ਜੋਸ਼ 'ਚ ਟਰੱਕ ਨੂੰ ਚਟਕਾਰੀ ਜਿਹੀ ਮਾਰ ਕੇ ਕਹਿੰਦਾ ਹੁੰਦਾ ਸੀ, ''ਚੱਲ ਓਏ ਬੇਲੀਆ।''... ਉਹ ਟਰੱਕ ਨੂੰ ਅੰਦਰੋਂ-ਬਾਹਰੋਂ ਲਿਸ਼ਕਾ ਕੇ ਰੱਖਦਾ। ਸਮੇਂ ਸਿਰ ਲੋਡ ਚੁੱਕਦਾ, ਸਮੇਂ ਸਿਰ ਲਾਹੁੰਦਾ। ਉਸਦੀ ਲਗਨ ਵੇਖਦਿਆਂ ਇੱਕ ਵੇਰਾਂ ਜੈਕ ਨੇ ਕਿਹਾ ਸੀ, ''ਐਜੀਤ! ਮੈਨੂੰ ਤੇਰੇ 'ਚ ਅਮੈਰਿਕਨ-ਡਰੀਮ ਨਜ਼ਰ ਆਉਂਦੈ। ਅਮੈਰਿਕਨ-ਡਰੀਮ ਬਾਰੇ ਜਾਣਦਾ ਏਂ ਨਾ? ਯਾਅਨੀ ਕੋਈ ਵੀ ਬੰਦਾ ਅਮੀਰ ਬਣ ਸਕਦੈ, ਬਿਜ਼ਨਿਸ 'ਚ ਆਪਣੀ ਧਾਂਕ ਜਮਾ ਸਕਦੈ।... ਤੂੰ ਦੇਖਦਾ ਈ ਐਂ ਕਿੰਨੇ ਮੌਕੇ ਨੇ ਏਥੇ। ਪਰ ਏਥੇ ਸਾਰਾ ਕੁਝ ਬਦਲਦਾ ਵੀ ਬੜੀ ਤੇਜ਼ੀ ਨਾਲ਼ ਏ... ।''
''ਜੈਕ! ਮੈਨੂੰ ਖੁਸ਼ੀ ਏ ਕਿ ਮੇਰਾ ਤੇਰੇ ਨਾਲ਼ ਸੰਪਰਕ ਬਣਿਐਂ। ਮੈਂ ਤੈਥੋਂ ਕੁਝ ਸਿੱਖ ਸਕਾਂਗਾ।''
''ਸ਼ਾਇਦ ਮੈਂ ਵੀ ਤੈਥੋਂ ਕੁਝ ਸਿੱਖ ਸਕਾਂ।'' ਜੈਕ ਨੇ ਆਖਿਆ ਸੀ।
ਜੈਕ ਦੇ ਦੋਵੇਂ ਟਰੱਕ 'ਬਰਟਨ ਟਰੱਕਿੰਗ ਕੰਪਨੀ' ਨਾਲ਼ ਲੱਗੇ ਹੋਏ ਸਨ। ਅਜੀਤ ਸਿੰਘ ਉਸ ਕੰਪਨੀ ਦੇ ਡਰਾਈਵਰਾਂ ਤੇ ਹੋਰ ਕਾਮਿਆਂ ਨੂੰ ''ਹਾਓ ਯੂ ਡੂਇੰਗ?'' ਕਹਿ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦਾ। ਆਪਣਾ ਦੱਸਦਾ। ਜਿਹੜੇ ਆਪਣੀ ਗੋਰੀ ਚਮੜੀ ਕਰਕੇ ਆਕੜ ਜਿਹੀ 'ਚ ਰਹਿੰਦੇ, ਉਨ੍ਹਾਂ ਨੂੰ ਵੀ 'ਮੌਰਨਿੰਗ', 'ਈਵਨਿੰਗ' ਬੁਲਾ ਕੇ ਪੀਚਵੇਂ ਬੁੱਲ੍ਹਾਂ ਰਾਹੀਂ ਮੁਸਕਰਾ ਛੱਡਦਾ।
ਜੈਕ ਅਜੀਤ ਦਾ ਪੂਰਾ ਖਿਆਲ ਰੱਖਦਾ... ਅਜੀਤ ਹੁਰਾਂ ਕੋਲ਼ ਉਦੋਂ ਇੱਕ ਹੀ ਕਾਰ ਸੀ। ਲੋੜ ਪੈਣ 'ਤੇ ਜੈਕ ਉਸ ਲਈ ਰਾਈਡ ਦਾ ਬੰਦੋਬਸਤ ਕਰ ਦੇਂਦਾ। ਇਸ ਤਰ੍ਹਾਂ ਉਨ੍ਹਾਂ ਦਾ ਇੱਕ-ਦੂਜੇ ਦੇ ਘਰੀਂ ਵੀ ਆਉਣ-ਜਾਣ ਸ਼ੁਰੂ ਹੋ ਗਿਆ।
''ਜੈਕ! ਯੂ ਗੌਟ ਏ ਬਿਊਟੀਫੁਲ ਵਾਈਫ। ਲਗਦਾ ਹੀ ਨਹੀਂ ਕਿ ਉਹ ਦੋ ਬੱਚਿਆਂ ਦੀ ਮਾਂ ਏ।'' ਕੈਥੀ ਬਾਰੇ ਇਹ ਸ਼ਬਦ ਇੱਕ ਦਿਨ ਅਜੀਤ ਦੇ ਮੂੰਹੋਂ ਜਿਵੇਂ ਬਦੋਬਦੀ ਨਿਕਲ਼ ਗਏ।
''ਸੁਰੇਂਦਰ ਇਜ਼ ਆਲਸੋ ਬਿਊਟੀਫੁਲ।'' ਜੈਕ ਨੇ ਮੁਸਕਰਾ ਕੇ ਕਿਹਾ।
''ਰੀਅਲੀ?'' ਅਜੀਤ ਨੇ ਮਜ਼ਾਕ ਜਿਹੇ 'ਚ ਹੈਰਾਨੀ ਪ੍ਰਗਟਾਈ।
ਉਹ ਦੋਵੇਂ ਹੱਸ ਪਏ ਸਨ... ਅਜੀਤ ਦੇ ਮਨ ਵਿੱਚ ਸੁਰਿੰਦਰ ਦਾ ਰੰਗ-ਰੂਪ ਘੁੰਮ ਗਿਆ ਸੀ। ਉਸਨੂੰ ਗਿਲਾਨੀ ਜਿਹੀ ਮਹਿਸੂਸ ਹੋਈ ਕਿ ਉਹ ਸੁਰਿੰਦਰ ਨੂੰ ਬਣ-ਠਣ ਕੇ ਰਹਿਣ ਦੇ ਮੌਕੇ ਪ੍ਰਦਾਨ ਨਹੀਂ ਸੀ ਕਰ ਸਕਿਆ। ਹਮੇਸ਼ਾ ਕੰਮਾਂ ਹੇਠ ਹੀ ਦੱਬੀ ਰਹੀ ਸੀ ਉਹ, ਪਹਿਲਾਂ ਇੰਡੀਆ 'ਚ ਤੇ ਹੁਣ ਏਥੇ... ।
''ਸੁਰਿੰਦਰ! ਬੱਸ ਥੋੜ੍ਹਾ ਚਿਰ ਹੋਰ ਆ, ਆਪਣਾ ਟਰੱਕ ਲੈ ਕੇ ਤੇਰਾ ਓਵਰਟਾਈਮ ਛੁਡਾ ਦੇਣਾ ਆਂ।'' ਅਮਰੀਕਾ ਦੇ ਗੇੜਿਆਂ ਤੋਂ ਮੁੜ ਕੇ ਪਤਨੀ ਨੂੰ ਬਾਹਾਂ 'ਚ ਲੈਂਦਾ ਹੋਇਆ ਉਹ ਆਖਦਾ।
ਤੇ ਜਿਸ ਦਿਨ ਉਸਨੇ ਟਰੱਕ ਖਰੀਦਿਆ, ਉਨ੍ਹਾਂ ਦੇ ਘਰ ਦਾ ਕੋਨਾ-ਕੋਨਾ ਖਿੜ ਉੱਠਿਆ ਸੀ।
ਜੈਕ ਨਾਲ਼ ਸਲਾਹ ਕਰਕੇ ਅਜੀਤ ਨੇ ਟਰੱਕ 'ਬਰਟਨ ਟਰੱਕਿੰਗ ਕੰਪਨੀ' ਨਾਲ਼ ਹੀ ਲਾ ਲਿਆ। ਰੂਟ-ਏਰੀਏ ਵਿੱਚ ਕਨੇਡਾ-ਅਮਰੀਕਾ ਦੇ ਉਹ ਸਾਰੇ ਸ਼ਹਿਰ ਸਨ ਜੋ ਗਰੇਟਰ ਟਰਾਂਟੋ ਤੋਂ ਦੋ ਹਜ਼ਾਰ ਮੀਲ ਦੇ ਘੇਰੇ 'ਚ ਪੈਂਦੇ ਸਨ। ਅਜੀਤ ਨੇ ਆਪਣੇ ਨਾਲ਼ ਇੱਕ ਡਰਾਈਵਰ ਰੱਖ ਲਿਆ। ਹਾਈਵੇਆਂ ਉੱਤੇ ਗੀਤ ਜਿਹੇ ਗਾਉਂਦਾ, ਉਹ ਗੇੜੇ 'ਤੇ ਗੇੜਾ ਬੰਨ੍ਹੀ ਰੱਖਦਾ।
ਕੰਮ ਰੇੜ੍ਹੇ ਪੈ ਜਾਣ 'ਤੇ ਉਸਨੇ ਆਪਣੀ ਬੈਂਕ ਨਾਲ਼ ਗੱਲ ਕੀਤੀ ਤੇ ਇੱਕ ਟਰੱਕ ਹੋਰ ਲੈ ਲਿਆ। ਪਹਿਲੇ ਡਰਾਈਵਰ ਨਾਲ਼ ਇੱਕ ਹੋਰ ਡਰਾਈਵਰ ਰੱਖ ਕੇ ਉਨ੍ਹਾਂ ਨੂੰ ਕਨੇਡਾ-ਅਮਰੀਕਾ ਰੂਟ 'ਤੇ ਲਾ ਦਿੱਤਾ ਤੇ ਆਪ ਲੋਕਲ ਚਲਾਉਣ ਲੱਗ ਪਿਆ। ਸ਼ਾਮ ਨੂੰ ਉਹ ਟੱਬਰ 'ਚ ਬਹਿੰਦਾ। ਸੁਰਿੰਦਰ ਹੁਣ ਓਵਰਟਾਈਮ ਨਹੀਂ ਸੀ ਕਰਦੀ। ਵੀਕ-ਐੰਡਜ਼ 'ਤੇ ਉਹ ਘੁੰਮਣ-ਫਿਰਨ ਚਲੇ ਜਾਂਦੇ। ਖੁਬ ਹੱਸਦੇ-ਖੇਡਦੇ।
ਸੈੱਲ-ਫੋਨ ਦੀ ਘੰਟੀ ਨੇ ਅਜੀਤ ਨੂੰ ਸੋਚਾਂ ਵਿੱਚੋਂ ਬਾਹਰ ਖਿੱਚ ਲਿਆ। ਉਸਨੇ ਖੱਬੇ ਹੱਥ ਨਾਲ਼ ਸਟੇਅਰਿੰਗ ਸਾਂਭਿਆ ਤੇ ਸੱਜੇ ਨਾਲ਼ ਫੋਨ ਕੰਨ ਕੋਲ਼ ਲਿਆ ਕੇ 'ਹੈਲੋ' ਕਿਹਾ।
''ਹਾਇ ਐਜੀਤ! ਕਿੱਥੇ ਕੁ ਪਹੁੰਚ ਗਿਐਂ?'' ਜੈਕ ਬੋਲ ਰਿਹਾ ਸੀ, ਮਿਸੀਸਾਗਾ ਸਥਿਤ ਆਪਣੇ ਟਰੱਕ-ਦਫਤਰ ਤੋਂ।
''ਬਫਲੋ ਤੋਂ ਅੱਗੇ।'' ਅਜੀਤ ਨੇ ਦੱਸਿਆ।
''ਇਸ ਹਿਸਾਬ ਨਾਲ਼ ਤੂੰ ਗਿਆਰਾਂ ਵਜੇ ਕਲੀਵਲੈਂਡ ਪਹੁੰਚ ਜਾਏਂਗਾ।''
''ਓ ਯਾਹ, ਪਰ ਤੂੰ ਕਿਵੇਂ ਕਾਲ ਕੀਤੈ?'' ਅਜੀਤ ਨੇ ਪੁੱਛਿਆ।
''ਅੱਜ ਸ਼ਾਮ ਨੂੰ 'ਕਿੰਗਜ਼ਵੇਅ ਇੰਸ਼ੋਰੈਂਸ ਕੰਪਨੀ' ਵਾਲ਼ੇ ਆਪਾਂ ਨਾਲ਼ ਟਰੱਕਾਂ ਦੀ ਇੰਸ਼ੋਰੈਂਸ ਬਾਰੇ ਗੱਲ ਕਰਨੀ ਚਾਹੁੰਦੇ ਆ। ਉਨ੍ਹਾਂ ਦੇ ਨਵੇਂ ਰੇਟ ਬੜੇ ਵਾਜਬ ਲੱਗ ਰਹੇ ਨੇ।'' ਜੈਕ ਬੋਲਿਆ।
''ਕਿੰਨੇ ਵਜੇ ਦੀ ਐਪੁਆਇੰਟਮੈੰਟ ਏ?''
''ਛੇ ਵਜੇ ਬੁਲਾ ਰਹੇ ਆ ਆਪਾਂ ਨੂੰ।''
''ਠੀਕ ਐ। ਮੈਂ ਚਾਰ ਵਜੇ ਤਕ ਵਾਪਸ ਪਹੁੰਚ ਜਾਵਾਂਗਾ। ਤੂੰ ਦਫ਼ਤਰ 'ਚ ਹੀ ਰਹੀਂ। ਆਪਾਂ ਘਰੋਂ ਕੱਪੜੇ ਚੇਂਜ ਕਰਕੇ, ਉਨ੍ਹਾਂ ਵੱਲ ਚਲੇ ਚਲਾਂਗੇ।''
ਫੋਨ ਬੰਦ ਕਰਦਿਆਂ ਅਜੀਤ ਸਿੰਘ ਦਾ ਧਿਆਨ ਹਾਈਵੇ ਦੇ ਨਾਲ਼-ਨਾਲ਼ ਆ ਰਹੀ ਉਸ ਸੜਕ ਵੱਲ ਚਲਾ ਗਿਆ ਜੋ ਮੋੜ ਜਿਹਾ ਮੁੜਦੀ ਅਚਾਨਕ ਹੀ ਅਲੋਪ ਹੋ ਗਈ ਸੀ... ਪਰ ਫਿਰ ਉਸਨੂੰ ਲੱਗਾ ਕਿ ਉਹ ਸੜਕ ਨਹੀਂ ਸੀ... ਉਹ ਤਾਂ ਉਸਦਾ ਸਰੂ ਵਰਗਾ ਪੁੱਤਰ ਕਰਨ ਸੀ, ਹਾਈਵੇ ਤੋਂ ਪਰੇ ਮੇਪਲ ਦੇ ਦਰੱਖਤਾਂ ਹੇਠ ਖਲੋਤਾ... ਅਜੀਤ ਸਿੰਘ ਦੇ ਵਿਯੋਗੇ ਹੋਏ ਮਨ 'ਚ ਇੱਕ ਯਾਦ ਉੱਭਰ ਆਈ... ਕਰਨ ਘਰ ਦੇ ਬੈਕਯਾਰਡ 'ਚ ਮੇਪਲ ਦਾ ਬੂਟਾ ਗੱਡ ਰਿਹਾ ਸੀ।
''ਪੁੱਤ! ਮੈਂ ਤਾਂ ਤੈਨੂੰ ਅੰਗੂਰਾਂ ਦੀਆਂ ਵੇਲਾਂ ਲਾਉਣ ਨੂੰ ਕਿਹਾ ਸੀ।'' ਕੋਲ਼ ਨੂੰ ਹੁੰਦੀ ਸੁਰਿੰਦਰ ਕੌਰ ਨੇ ਆਖਿਆ ਸੀ।
''ਛੱਡੋ ਮੰਮੀ, ਕਿਧਰ ਛੱਤੇ ਬਣਾਉਂਦੇ ਫਿਰਾਂਗੇ। ਮੈਨੂੰ ਤਾਂ ਵੇਲਾਂ ਨਾਲ਼ੋਂ ਦਰੱਖਤ ਵਧੀਆ ਲਗਦੇ ਆ। ਕੋਈ ਸਪੋਰਟ ਨਹੀਂ ਮੰਗਦੇ। ਆਪਣੀਆਂ ਜੜ੍ਹਾਂ ਅਤੇ ਤਣੇ 'ਤੇ ਖੜ੍ਹਦੇ ਆ। ਸਟਰੌਂਗ ਤਣੇ ਵਾਲ਼ਾ ਇਹ ਮੇਪਲ ਦਾ ਦਰੱਖਤ ਨਾਲ਼ੇ ਦੇਖਣ ਨੂੰ ਸੁਹਣਾ ਤੇ ਨਾਲ਼ੇ ਕਨੇਡਾ ਦਾ ਨੈਸ਼ਨਲ ਟਰੀ।''
''ਪਰ ਫਲ਼ਦਾਰ ਬੂਟੇ ਦੀ ਆਪਣੀ ਇੰਪੌਰਟੈਂਸ ਹੁੰਦੀ ਏ।'' ਅਜੀਤ ਸਿੰਘ ਨੇ ਪਤਨੀ ਦੀ ਗੱਲ ਦੀ ਹਾਮੀ ਭਰੀ ਸੀ।
''ਡੈਡੀ! ਫਰੂਟ ਦਾ ਕੀ ਆ, ਸਟੋਰਾਂ 'ਚੋਂ ਜਿੰਨਾ ਮਰਜ਼ੀ ਖਰੀਦ ਲਓ। ਪਰ ਛਾਂ ਤਾਂ ਨਹੀਂ ਨਾ ਖਰੀਦੀ ਜਾ ਸਕਦੀ। ਇਹ ਤਾਂ ਸਾਨੂੰ ਆਪਣੇ ਹੀ ਬੂਟੇ ਤੋਂ ਮਿਲਣੀ ਆਂ।'' ਪਾਣੀ ਵਾਲ਼ੀ ਪਾਈਪ ਚੁੱਕਦਿਆਂ ਕਰਨ ਨੇ ਕਿਹਾ ਸੀ।
'ਕਰਨ! ਤੈਥੋਂ ਬਿਨਾਂ ਤੇਰੇ ਮੇਪਲ ਦੀ ਛਾਂ ਨੂੰ ਅਸੀਂ ਕੀ ਕਰੀਏ?' ਬੁੜਬੁੜਾਉਂਦੇ ਹੋਏ ਅਜੀਤ ਸਿੰਘ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਝੋਰੇ 'ਚ ਡੁੱਬਾ ਉਹ ਪਤਾ ਨਹੀਂ ਕਿੰਨਾ ਚਿਰ ਟਰੱਕ ਦੇ ਗੇਜਾਂ ਦੀਆਂ ਸੂਈਆਂ ਨਾਲ਼ ਵਿੰਨ੍ਹ ਹੁੰਦਾ ਰਿਹਾ।
... ਤੇ ਫਿਰ ਹਾਈਵੇ 'ਚ ਆ ਮਿਲ਼ੀ ਇੱਕ ਸੜਕ ਨੂੰ ਤੱਕਦਿਆਂ ਉਸਦੇ ਕੰਨਾਂ 'ਚ ਜੈਕ ਦੇ ਇਹ ਬੋਲ ਗੂੰਜ ਗਏ, ''ਐਜੀਤ! ਜਿਸ ਤਰ੍ਹਾਂ ਅਣਜਾਣੀਆਂ ਸੜਕਾਂ ਦੂਰ-ਦੁਰਾਡੇ ਕੋਨਿਆਂ ਤੋਂ ਸ਼ੁਰੂ ਹੋ ਕੇ ਇੱਕ-ਦੂਜੀ ਨੂੰ ਜਾ ਮਿਲ਼ਦੀਆਂ ਨੇ, ਇਸੇ ਤਰ੍ਹਾਂ ਬੰਦਿਆਂ ਦੇ ਵੀ ਮੇਲ਼ ਹੋ ਜਾਂਦੇ ਨੇ।''... ਜੈਕ ਸੰਬੰਧੀ ਸ਼ੁਰੂ-ਸ਼ੁਰੂ 'ਚ ਤਾਂ ਅਜੀਤ ਨੇ ਏਨਾ ਹੀ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਨੂੰ ਇੱਕ-ਦੂਜੇ ਨਾਲ਼ ਮਤਲਬ ਸੀ। ਜੈਕ ਨੂੰ ਇੱਕ ਭਰੋਸੇਯੋਗ ਡਰਾਈਵਰ ਮਿਲ਼ ਗਿਆ ਸੀ ਤੇ ਅਜੀਤ ਨੂੰ ਉਸਦੀ ਮਿਹਨਤ ਦਾ ਸਹੀ ਮੁੱਲ ਪਾਉਣ ਵਾਲ਼ਾ ਟਰੱਕ-ਮਾਲਕ।... ਤੇ ਫਿਰ ਉਨ੍ਹਾਂ ਦੇ ਵਿਹਾਰ ਵਿਚਲੀ ਸਫਾਈ ਉਨ੍ਹਾਂ ਨੂੰ ਇੱਕ-ਦੂਜੇ ਦੇ ਵਿਸ਼ਵਾਸ 'ਚ ਬੰਨ੍ਹਦੀ ਚਲੀ ਗਈ। ਇੱਕ-ਦੂਜੇ ਦੇ ਕੰਮ ਆਉਣਾ, ਇੱਕ-ਦੂਜੇ ਦੇ ਸੰਗ ਟੁਰਨਾ, ਉਨ੍ਹਾਂ ਨੂੰ ਚੰਗਾ ਲੱਗਣ ਲੱਗਾ... ਉਦੋਂ ਵੀ ਤਾਂ ਉਹ ਇੱਕ-ਦੂਜੇ ਦੇ ਸੰਗ ਹੋ ਟੁਰੇ ਸਨ, ਜਦੋਂ 'ਬਰਟਨ ਟਰੱਕਿੰਗ ਕੰਪਨੀ' ਨੇ ਟਰੱਕ-ਓਪਰੇਟਰਾਂ ਦੇ ਮਾਈਲੇਜ-ਰੇਟ ਘਟਾ ਦਿੱਤੇ ਸਨ... ਸਾਥੀ ਓਪਰੇਟਰਾਂ ਨਾਲ਼ ਵਿਚਾਰ-ਵਟਾਂਦਰਾ ਕਰਨ ਉਪਰੰਤ ਜੈਕ ਤੇ ਅਜੀਤ ਨੇ ਮੂਹਰੇ ਹੋ ਕੇ ਕੰਪਨੀ ਦੇ ਮਾਲਕ, ਮਿਸਟਰ ਬਰਟਨ ਨਾਲ਼ ਆਢਾ ਲਾ ਲਿਆ ਕਿ ਓਪਰੇਟਰਾਂ ਨੂੰ ਪੁੱਛੇ ਬਗੈਰ ਉਸਨੇ ਮਾਈਲੇਜ-ਰੇਟ ਕਿਵੇਂ ਘਟਾ ਦਿੱਤੇ ਸਨ... ਮਿਸਟਰ ਬਰਟਨ ਨੇ ਜ਼ਿਆਦਾ ਟਰੱਕਾਂ ਵਾਲ਼ੇ ਓਪਰੇਟਰਾਂ ਅੱਗੇ ਮਾਮੂਲੀ ਜਿਹੇ ਬੋਨਸ ਦਾ ਚੋਗਾ ਸੁੱਟ ਦਿੱਤਾ। ਬੰਦੇ ਕਿਰਨੇ ਸ਼ੁਰੂ ਹੋ ਗਏ... ਮਿਸਟਰ ਬਰਟਨ ਨੇ ਆਪਣੀ ਗੱਲ ਪੁਗਾ ਲਈ।
ਅਜੀਤ ਤੇ ਜੈਕ ਦੇ ਕਨੇਡਾ-ਅਮਰੀਕਾ ਦੇ ਦੁਰਾਡੇ ਸ਼ਹਿਰੀਂ ਜਾਂਦੇ ਟਰੱਕਾਂ ਨੂੰ ਸਮੇਂ ਸਿਰ ਲੋਡ ਮਿਲਣੋਂ ਹਟ ਗਿਆ। ਕੋਈ ਹੋਰ ਰਾਹ ਤਿਆਰ ਕਰਨ ਲਈ ਉਹ ਆਪੋ-ਆਪਣੀਆਂ ਵਿਉਂਤਾਂ ਨਾਲ਼ ਆਸੇ-ਪਾਸੇ ਦੇ ਜਾਵੀਏ ਨਾਪਣ ਲੱਗੇ... ਟਰੱਕਿੰਗ-ਇੰਡਸਟਰੀ ਵਿੱਚ ਜਿਸ ਤਰਾਂ ਅਜੀਤ ਸਿੰਘ ਦਾ ਕੁਝ ਪੰਜਾਬੀ ਟਰੱਕਾਂ ਵਾਲ਼ਿਆਂ ਨਾਲ਼ ਵਾਹਵਾ ਮੇਲ਼-ਜੋਲ ਸੀ, ਉਵੇਂ ਹੀ ਜੈਕ ਹੈਰੀਸਨ ਦਾ ਵੀ ਕੁਝ ਗੋਰੇ ਟਰੱਕਾਂ ਵਾਲ਼ਿਆਂ ਨਾਲ਼ ਚੰਗਾ ਉੱਠਣ-ਬੈਠਣ ਸੀ। ਉਹ ਦੋਵੇਂ ਦੂਜੀਆਂ ਕੰਪਨੀਆਂ ਵੱਲ ਵੀ ਵੇਖ ਰਹੇ ਸਨ ਤੇ ਇੱਕ-ਦੂਜੇ ਵੱਲ ਵੀ।... ਜੈਕ ਨੇ ਪਹਿਲ ਕੀਤੀ। ਖੁੱਲ੍ਹ ਕੇ ਗੱਲਾਂ ਹੋਈਆਂ... ਦੋਵੇਂ ਸਾਂਝ ਨਿਭਾਉਣ, ਸੰਘਰਸ਼ ਕਰਨ ਤੇ ਨਵੀਆਂ ਚੁਣੌਤੀਆਂ ਸਾਹਮਣੇ ਖਲੋਣ ਲਈ ਦ੍ਰਿੜ ਸਨ। ਹਰੇਕ ਪੱਖ ਨੂੰ ਬਾਰੀਕੀ ਨਾਲ਼ ਵਿਚਾਰ ਕੇ ਉਨ੍ਹਾਂ ਆਪਣੇ ਤਿੰਨ-ਤਿੰਨ ਟਰੱਕਾਂ ਨਾਲ਼ ਸਾਂਝੀ 'ਹੁੰਦਲ ਐਂਡ ਹੈਰੀਸਨ ਟਰੱਕਿੰਗ ਕੰਪਨੀ' ਖੋਲ੍ਹ ਲਈ। ਤੇ ਮਿਸਟਰ ਬਰਟਨ ਨੂੰ ਖਰੀਆਂ-ਖਰੀਆਂ ਸੁਣਾ ਕੇ 'ਦਾ ਹੈੱਲ ਵਿਦ ਯੂਅਰ ਕੰਪਨੀ' ਕਹਿ ਦਿੱਤਾ।
ਆਪਣੀ ਕੰਪਨੀ ਬਾਬਤ, ਉਨ੍ਹਾਂ ਨੇ ਲਿਖਤੀ ਤੌਰ 'ਤੇ ਨਿਯਮ ਬੰਨ੍ਹ ਲਏ ਕਿ ਉਹ ਆਪੋ-ਆਪਣੇ ਟਰੱਕਾਂ ਦੇ ਖਰਚੇ ਦੇ ਜ਼ਿੰਮੇਵਾਰ ਤੇ ਆਮਦਨ ਦੇ ਹੱਕਦਾਰ ਹੋਣਗੇ। ਸਾਂਝੇ ਖਰਚੇ ਟਰੱਕਾਂ ਦੀ ਕਮਾਈ ਦੇ ਅਨੁਪਾਤ ਅਨੁਸਾਰ ਵੰਡੇ ਜਾਣੇ ਸਨ।
ਟਰੱਕਾਂ ਦੀ ਡਿਸਪੈਚ ਤੇ ਮੇਨਟਨੰਸ ਦਾ ਕੰਮ ਅਜੀਤ ਦੇ ਜ਼ਿੰਮੇਂ ਸੀ ਤੇ ਰੂਟਾਂ ਉਤਲੇ ਪ੍ਰਮੁੱਖ ਵਪਾਰਕ ਅਦਾਰਿਆਂ ਅਤੇ ਲੋਡ-ਬਰੋਕਰਾਂ ਕੋਲ਼ੋਂ ਬਿਜ਼ਨਿਸ ਹਾਸਲ ਕਰਨ ਦਾ ਕੰਮ ਜੈਕ ਦੇ ਜ਼ਿੰਮੇਂ।
ਜੈਕ ਦਾ ਕੰਮ ਜ਼ਿਆਦਾਤਰ ਬਿਗਾਨੇ-ਵੱਸ ਵਾਲ਼ਾ ਸੀ। ਉਸ ਵੱਲੋਂ ਐਪੁਆਇੰਟਮੈੰਟ ਮੰਗਣ 'ਤੇ ਬਰੋਕਰਜ਼ ਅਤੇ ਵਪਾਰਕ ਅਦਾਰਿਆਂ ਦੇ ਸੰਬੰਧਿਤ ਅਧਿਕਾਰੀ ਜੈਕ ਦੀ ਨਹੀਂ, ਆਪਣੀ ਸੁਵਿਧਾ ਅਨੁਸਾਰ ਸਮਾਂ ਦੇਂਦੇ। ਪੈਂਡਾ ਨੇੜੇ ਦਾ ਹੁੰਦਾ ਜਾਂ ਦੂਰ ਦਾ, ਜੈਕ ਉਨ੍ਹਾਂ ਕੋਲ਼ ਸਮੇਂ ਸਿਰ ਪਹੁੰਚਦਾ। ਮੁਸਕਰਾ ਕੇ ਹਾਇ-ਹੈਲੋ ਕਹਿੰਦਾ। ਮਿਠਾਸ ਨਾਲ਼ ਗੱਲ ਸ਼ੁਰੂ ਕਰਦਾ। ਮੂਹਰਿਉਂ ਕਈ ਤਾਂ ਆਪਣੇ ਨਾਲ਼ ਜੁੜੀਆਂ ਵੱਡੀਆਂ-ਵੱਡੀਆਂ ਟਰੱਕਿੰਗ-ਕੰਪਨੀਆਂ ਵਿੱਚੀਂ ਜੈਕ ਹੁਰਾਂ ਦੀ ਛੋਟੀ ਜਿਹੀ ਕੰਪਨੀ ਨੂੰ ਤੋਲਦੇ ਹੋਏ ਨਾਂਹ ਦਾ ਇਸ਼ਾਰਾ ਦੇ ਦੇਂਦੇ। ਪਰ ਕੁਝ, ਜੈਕ ਵੱਲੋਂ ਔਫਰ ਕੀਤੇ ਜਾਂਦੇ ਘੱਟ ਰੇਟ ਦੇਖਦਿਆਂ ਵਿਸਥਾਰ 'ਚ ਗੱਲ ਕਰਨ ਲਈ ਤਿਆਰ ਹੋ ਜਾਂਦੇ, ਉਨ੍ਹਾਂ ਵਿੱਚੋਂ ਵੀ ਕੁਝ ਭਾਰ ਜਿਹਾ ਫੜਨ ਲੱਗ ਪੈਂਦੇ। ਉਨ੍ਹਾਂ ਨੂੰ ਜੈਕ ਲੰਚ ਜਾਂ ਡਿਨਰ ਲਈ ਚੰਗੇ-ਚੰਗੇ ਰੈਸਟੋਰੈਂਟਾਂ 'ਚ ਲੈ ਕੇ ਜਾਂਦਾ ਤੇ ਜਾਂ ਫਿਰ ਉਨ੍ਹਾਂ ਲਈ ਕੀਮਤੀ ਤੋਹਫ਼ਿਆਂ ਦਾ ਬੰਦੋਬਸਤ ਕਰਦਾ।... ਮਸਾਂ ਹੀ ਜਾ ਕੇ ਕੋਈ ਕਾਂਟਰੈਕਟ ਸਿਰੇ ਚੜ੍ਹਦਾ।
ਇਸ ਚੀੜ੍ਹੇ ਜਿਹੇ ਕੰਮ 'ਚ ਜੈਕ ਅਜਿਹਾ ਬਿਜ਼ੀ ਹੋਇਆ ਕਿ ਉਸ ਸਾਲ ਉਹ ਹੌਲੀਡੇਅਜ਼ 'ਤੇ ਵੀ ਨਾ ਜਾ ਸਕੇ। ਦਰਅਸਲ ਜੈਕ ਜਾਣਾ ਹੀ ਨਹੀਂ ਸੀ ਚਾਹੁੰਦਾ। ਉਸਦਾ ਰੁਖ-ਢੰਗ ਦੇਖ ਕੇ ਕੈਥੀ ਤੇ ਦੋਨੋਂ ਨਿਆਣੇ- ਕਿੱਟੀ ਤੇ ਡੇਵ, ਉਸ 'ਤੇ ਖਫ਼ਾ ਹੋ ਗਏ। ''ਜੈਕ! ਇਹ ਕੀ ਹੋ ਰਿਹੈ? ਪਹਿਲਾਂ ਤੂੰ ਸਾਡੇ ਕਈ ਵੀਕ-ਐੰਡਜ਼ ਬਰਬਾਦ ਕੀਤੇ ਤੇ ਹੁਣ ਹੌਲੀਡੇਅਜ਼ 'ਤੇ ਜਾਣ ਦਾ ਪਰੋਗਰਾਮ ਵੀ 'ਮੈੱਸਡ ਅਪ' ਕਰੀ ਜਾ ਰਿਹੈਂ।'' ਕੈਥੀ ਨੇ ਗੁੱਸਾ ਝਾੜਿਆ ਸੀ।
''ਦੇਖ ਕੈਥੀ! ਇਸ ਸਮੇਂ ਆਪਾਂ ਨੂੰ ਵੱਧ ਤੋਂ ਵੱਧ ਡਾਲਰਾਂ ਦੀ ਲੋੜ ਏ। ਸੋ ਖਰਚੇ ਘਟਾਓ... ਐਜੀਤ ਹੁਰਾਂ ਵੱਲ ਦੇਖੋ, ਉਹ ਸੋਚ-ਸਮਝ ਕੇ ਖਰਚੇ ਕਰਦੇ ਆ। ਐਜੀਤ ਕਹਿ ਰਿਹਾ ਸੀ ਕਿ ਉਹ ਬਾਕਾਇਦਾ ਤੌਰ 'ਤੇ ਹੌਲੀਡੇਅਜ਼ 'ਤੇ ਜਾਣਾ ਉਦੋਂ ਹੀ ਸ਼ੁਰੂ ਕਰਨਗੇ, ਜਦੋ ਬਿਜ਼ਨਿਸ 'ਚ ਪੂਰੀ ਤਰ੍ਹਾਂ ਸਥਾਪਤ ਹੋ ਗਏ।''
ਕੈਥੀ ਤੇ ਨਿਆਣਿਆਂ ਨੂੰ ਜੈਕ ਦੀਆਂ ਗੱਲਾਂ ਬੜੀਆਂ ਹੀ ਬੇਥਵ੍ਹੀਆਂ ਜਿਹੀਆਂ ਲੱਗੀਆਂ। ਉਨ੍ਹਾਂ ਨੂੰ ਤਾਂ ਹੌਲੀਡੇਅਜ਼ ਤੋਂ ਬਿਨਾਂ ਜ਼ਿੰਦਗੀ ਹੀ ਬੇਸੁਰੀ ਲੱਗ ਰਹੀ ਸੀ। ਬੇਤਾਬ ਹੋਏ ਉਹ ਮੇਲਿਆਂ-ਗੇਲਿਆਂ ਦੇ ਤਿਉਹਾਰ ਕਰਿਸਮੱਸ ਨੂੰ ਉਡੀਕਣ ਲੱਗੇ।
ਕਰਿਸਮੱਸ ਆਈ। ਜੈਕ ਨਵੇਂ-ਪੁਰਾਣੇ ਕਲਾਇੰਟਾਂ ਨੂੰ ਸੁਭ ਇੱਛਾਵਾਂ ਆਖਣ ਅਤੇ ਤੋਹਫ਼ੇ ਭੇਟ ਕਰਨ 'ਚ ਰੁੱਝ ਗਿਆ। ਉਸ ਲਈ, ਮਿਹਨਤ ਨਾਲ਼ ਹਾਸਲ ਕੀਤੇ ਕਾਂਟਰੈਕਟਾਂ ਨੂੰ ਸਥਾਈ ਬਣਾਉਣਾ ਅਤੀ ਜ਼ਰੂਰੀ ਸੀ। ਖਿਝ 'ਚ ਆਈ ਕੈਥੀ ਨਿਆਣਿਆਂ ਨੂੰ ਲੈ ਕੇ ਹੌਲੀਡੇਅਜ਼ ਕਰਨ ਲਈ ਫਲੋਰਿਡਾ ਚਲੀ ਗਈ।
ਓਥੇ ਇੱਕ ਦਿਨ ਉਹ ਬੀਚ 'ਤੇ ਸਨ ਕਿ ਚੌਦਾਂ ਸਾਲਾਂ ਦੀ ਅੱਲ੍ਹੜ ਕਿੱਟੀ ਅਚਾਨਕ ਹੀ ਗੁੰਮ ਹੋ ਗਈ। ਫੰਨ ਭਾਲਦੀ-ਭਾਲਦੀ ਉਹ ਇੱਕ ਗੁੰਡੇ ਦੇ ਚੁੰਗਲ 'ਚ ਫਸ ਗਈ ਸੀ। ਪੁਲਿਸ ਦੇ ਤੁਰੰਤ ਐਕਸ਼ਨ ਨੇ ਉਸਨੂੰ ਬਚਾ ਲਿਆ। ਪਰ ਪੁਲਿਸ ਵੱਲੋਂ ਕਿੱਟੀ ਦੀ ਭਾਲ਼ ਦੇ ਘੰਟਿਆਂ ਦੌਰਾਨ ਕੈਥੀ ਦਾ ਬੁਰਾ ਹਾਲ ਹੋ ਗਿਆ ਸੀ। ਕਿੰਨੇ ਹੀ ਮਾੜੇ ਖਿਆਲ ਉਸਦੀ ਸੋਚ ਵਿੱਚ ਘੁੰਮੇ ਸਨ... ਕਿੱਟੀ ਦਾ ਰੇਪ... ਕਿੱਟੀ ਦਾ ਕਤਲ਼.. ਕਿੱਟੀ ਦੀ ਬੇਪਛਾਣ ਲਾਸ਼।... ਦਹਿਸ਼ਤ ਨਾਲ਼ ਸੁੰਨ ਹੋਈ ਧੀ ਨੂੰ ਗਲ਼ੇ ਲਾਉਂਦਿਆਂ ਉਸ ਕੰਬਦੀ ਆਵਾਜ਼ 'ਚ ਆਖਿਆ ਸੀ, ''ਹਨੀ! ਥੈਂਕ ਗੌਡ, ਤੂੰ ਸਹੀ-ਸਲਾਮਤ ਏਂ। ਜੇ ਤੈਨੂੰ ਕੁਝ ਹੋ ਜਾਂਦਾ ਤਾਂ ਮੈਂ ਜੈਕ ਨੂੰ ਕੀ ਮੂੰਹ ਦਿਖਾਉਂਦੀ... ਸਾਰੀ ਉਮਰ ਮੈਂ ਗੁਨਾਹ ਦੇ ਅਹਿਸਾਸ ਤੋਂ ਮੁਕਤ ਨਹੀ ਸੀ ਹੋ ਸਕਣਾ... ।''
ਅਗਲੇ ਸਾਲ ਕੈਥੀ ਨੇ ਹੌਲੀਡੇਅਜ਼ 'ਤੇ ਜਾਣ ਦਾ ਨਾਂ ਵੀ ਨਾ ਲਿਆ। ਅਜੀਤ ਨੇ ਪੁੱਛਿਆ ਤਾਂ ਕਹਿਣ ਲੱਗੀ, ''ਹੌਲੀਡੇਅਜ਼ ਨਾਲ਼ੋਂ ਬਿਜ਼ਨਿਸ 'ਚ ਸਥਾਪਤ ਹੋਣਾ ਜ਼ਰੂਰੀ ਏ... ਤੇਰੀ ਤੇ ਜੈਕ ਦੀ ਮਿਹਨਤ ਨੂੰ ਫਲ਼ ਲੱਗ ਰਿਹਾ ਏ। ਟਰੱਕਾਂ ਦੀ ਗਿਣਤੀ ਵਧ ਰਹੀ ਏ... ਆਪਾਂ ਸਟਰੌਂਗ ਹੋ ਰਹੇ ਆਂ... ਸੁਰੇਂਦਰ ਦੱਸ ਰਹੀ ਸੀ ਕਿ ਉਸਨੇ ਜੌਬ ਛੱਡ ਦਿੱਤੀ ਏ। ਮੈਂ ਵੀ ਛੱਡ ਦੇਣੀ ਆਂ। ਮੈਂ ਤੇ ਜੈਕ ਨੇ ਸਲਾਹ ਕੀਤੀ ਏ... ਕਿੱਟੀ ਤੇ ਡੇਵ ਦੋਨੋਂ ਆਪਣੀ ਟੀਨ-ਏਜ਼ 'ਚ ਨੇ। ਸਾਡਾ ਉਨ੍ਹਾਂ ਵਿੱਚ ਬਹਿਣਾ ਬੜਾ ਜ਼ਰੂਰੀ ਏ। ਪਰ ਦੌੜ-ਭੱਜ ਏਨੀ ਆਂ ਕਿ ਸਮਾਂ ਹੀ ਨਹੀਂ ਮਿਲਦਾ।''
ਤੇ ਕੁਝ ਮਹੀਨਿਆਂ ਬਾਅਦ ਕੈਥੀ ਨੇ ਜੌਬ ਛੱਡ ਦਿੱਤੀ ਸੀ। ਉਹ ਵੱਧ ਤੋਂ ਵੱਧ ਸਮਾਂ ਨਿਆਣਿਆਂ ਨਾਲ਼ ਬਿਤਾਉਂਦੀ।
ਜਦੋਂ ਕਦੀ ਉਹ ਜ਼ਿਆਦਾ ਹੀ ਵਿਹਲੀ ਹੁੰਦੀ ਤਾਂ ਲੱਖੀ ਨਾਲ਼ ਟਰੱਕਾਂ ਦਾ ਦਫ਼ਤਰੀ ਕੰਮ ਕਰਵਾਉਣ ਚਲੀ ਜਾਂਦੀ। ਲੱਖੀ ਇਸ ਕੰਮ 'ਚ ਅਜੇ ਨਵਾਂ ਸੀ। ਅਜੀਤ ਸਿੰਘ ਤੇ ਸੁਰਿੰਦਰ ਕੌਰ ਲੱਖੀ ਨੂੰ ਪੜ੍ਹਾਉਣਾ ਚਾਹੁੰਦੇ ਸਨ। ਪਰ ਲੱਖੀ ਦੀ ਦਿਲਚਸਪੀ ਪੜ੍ਹਾਈ 'ਚ ਨਹੀਂ, ਘੁੰਮਣ-ਫਿਰਨ ਤੇ ਤਫਰੀਹਾਂ ਮਾਰਨ 'ਚ ਸੀ। ਯੂਨੀਵਰਸਿਟੀ 'ਚ ਉਹ ਤਿੰਨ ਵਾਰ ਮਜ਼ਮੂਨ ਬਦਲ ਚੁੱਕਾ ਸੀ... । ਅਜੀਤ ਨੇ ਜੈਕ ਨਾਲ਼ ਸਲਾਹ ਕੀਤੀ। ਪੁੱਤ ਨੂੰ ਟੱਬਰ 'ਚ ਬਿਠਾ ਕੇ ਸਮਝਾਇਆ ਤੇ ਟਰੱਕਾਂ ਦਾ ਪੇਪਰ-ਵਰਕ ਕਰਨ ਲਈ ਰਾਜ਼ੀ ਕਰ ਲਿਆ। ਪਰ ਲੱਖੀ ਦੋ ਕੁ ਸਾਲਾਂ 'ਚ ਹੀ ਇਸ ਕੰਮ ਤੋਂ ਅੱਕ ਗਿਆ ਤੇ ਡਰਾਈਵਰੀ 'ਚ ਪੈ ਗਿਆ।
ਕਰਨ ਦੀ ਦਿਲਚਸਪੀ ਵੀ ਆਟੋਮੁਬੀਲ 'ਚ ਸੀ... ਇੱਕ ਵੇਰਾਂ ਰੈਸਟੋਰੈਂਟ ਵਿੱਚ ਲੰਚ ਕਰ ਰਹੇ ਦੋਨਾਂ ਪਰਿਵਾਰਾਂ 'ਚ ਬੈਠਿਆਂ ਉਸ ਨੇ ਕਿਹਾ ਸੀ, ''ਜੈਕ ਅੰਕਲ! ਡੈਡੀ! ਤੁਸੀਂ ਦੇਖੋਗੇ, ਇੱਕ ਦਿਨ ਆਪਣੀ ਕੰਪਨੀ ਦੇ ਟਰੱਕ ਸੜਕਾਂ 'ਤੇ ਛਾ ਜਾਣਗੇ।''
ਤੇ ਜਦੋਂ ਕਰਨ ਨੇ ਆਟੋਮੁਬੀਲ ਇੰਜਨੀਅਰਿੰਗ 'ਚ ਦਾਖਲਾ ਲਿਆ ਤਾਂ ਅਜੀਤ ਸਿੰਘ ਨੂੰ ਲੱਗਾ ਕਿ ਉਸਦਾ, ਨਾਮਵਰ ਟਰੱਕਰ ਬਣਨ ਦਾ, ਸੁਪਨਾ ਹੁਣ ਬਹੁਤਾ ਦੂਰ ਨਹੀਂ ਸੀ। ਉਸਨੂੰ ਸੜਕਾਂ ਵੀ ਇਸ ਗੱਲ ਦੀ ਸ਼ਾਹਦੀ ਭਰਦੀਆਂ ਲਗਦੀਆਂ। ਹਰ ਸੜਕ ਜਿਵੇਂ ਕਹਿ ਰਹੀ ਹੋਵੇ, 'ਤੂੰ ਹਿੰਮਤ ਕਰ ਅਸੀਂ ਤੇਰੇ ਨਾਲ਼ ਹਾਂ।' ਪਰ ਇਸ ਸਮੇਂ ਹਾਈਵੇ ਦੇ ਐਕਸਪਰੈੱਸ-ਲੇਨ 'ਚ ਟਰੱਕ ਭਜਾਈ ਲਿਜਾਂਦਿਆਂ ਅਜੀਤ ਸਿੰਘ ਮਹਿਸੂਸ ਕਰ ਰਿਹਾ ਸੀ ਕਿ ਇਹ ਐਵੇਂ ਉਸਦਾ ਭੁਲੇਖਾ ਸੀ। ਸੜਕਾਂ ਦਾ ਕਿਸੇ ਨਾਲ਼ ਕੋਈ ਹਿਤ ਨਹੀਂ ਹੁੰਦਾ। ਇਨ੍ਹਾਂ ਦਾ ਆਪਣਾ ਮਕਸਦ ਹੁੰਦਾ ਏ। ਇਹ ਲੋਕਾਂ ਨੂੰ ਦੁੜਾਈ ਰੱਖਣਾ ਚਾਹੁੰਦੀਆਂ ਨੇ... ਇੱਕ-ਦੂਜੇ ਤੋਂ ਮੂਹਰੇ ਨਿਕਲ਼ ਜਾਣ ਨੂੰ ਹੀ ਜ਼ਿੰਦਗੀ ਦਾ ਮਨੋਰਥ ਬਣਾ ਦੇਂਦੀਆਂ ਨੇ... ਅਜੀਤ ਤੇ ਜੈਕ ਕੁਝ ਹੀ ਸਾਲਾਂ 'ਚ ਛੋਟੀਆਂ-ਛੋਟੀਆਂ ਕਈ ਟਰੱਕਿੰਗ-ਕੰਪਨੀਆਂ ਤੋਂ ਮੂਹਰੇ ਨਿਕਲ਼ ਗਏ ਸਨ। ਸੜਕਾਂ ਵੀ ਜਿਵੇਂ ਉਨ੍ਹਾਂ ਨੂੰ ਸਲਾਮਾਂ ਕਰਨ ਲੱਗ ਪਈਆਂ ਹੋਣ...। ਜਿਹੜੇ ਟਰੱਕਰਜ਼ ਕਦੀ ਉਨ੍ਹਾਂ ਦੀ ਦੋਸਤੀ ਦਾ ਪਟਾਕਾ ਪੈਣ ਦੀਆਂ ਖ਼ਬਰਾਂ ਉਡੀਕਿਆ ਕਰਦੇ ਸਨ, ਉਹੀ ਹੁਣ ਇਹ ਕਹਿੰਦੇ ਸੁਣੇ ਜਾਣ ਲੱਗੇ, ''ਬਈ! ਇਹ ਤਾਂ ਇੱਕ-ਦੂਜੇ ਲਈ ਬਾਹਲ਼ਾ ਈ ਫਿੱਟ ਬੈਠੇ ਆ... ਧੂੜਾਂ ਈ ਪੁੱਟੀ ਜਾਂਦੇ ਆ।''
ਪੰਜਾਬੀ ਟਰੱਕਰਜ਼ ਜਦੋਂ ਵੀ ਕਿਸੇ ਪਾਰਟੀ ਜਾਂ ਮੀਟਿੰਗ 'ਚ ਇਕੱਠੇ ਹੁੰਦੇ ਤਾਂ 'ਹੁੰਦਲ ਐਂਡ ਹੈਰੀਸਨ ਕੰਪਨੀ' ਦੀ ਗੱਲ ਜ਼ਰੂਰ ਛਿੜਦੀ। ਜੇ ਅਜੀਤ ਸਿੰਘ ਗੈਰਹਾਜ਼ਰ ਹੁੰਦਾ ਤਾਂ ਬੋਲ ਈਰਖਾਮਈ ਹੁੰਦੇ ਤੇ ਜੇ ਉਹ ਹਾਜ਼ਰ ਹੁੰਦਾ ਤਾਂ ਪ੍ਰਸ਼ੰਸਾਮਈ, ''ਬੱਲੇ ਹੁੰਦਲ ਸਾਹਬ! ਹੋਰ ਕੁਝ ਸਾਲਾਂ ਤਾਈਂ ਤੁਸੀਂ ਸਾਡੀ ਕਮਿਊਨਿਟੀ ਦੇ ਨੰਬਰ-ਵਨ ਟਰੱਕਰ ਹੋਵੋਗੇ।''
ਅਜਿਹੇ ਸ਼ਬਦ ਅਜੀਤ ਸਿੰਘ ਨੂੰ ਨਸ਼ਾ ਜਿਹਾ ਚੜ੍ਹਾ ਜਾਂਦੇ। ਲੋਕਾਂ 'ਚ ਬਹਿਣਾ-ਉੱਠਣਾ, ਉਨ੍ਹਾਂ ਸੰਗ ਖਾਣਾ-ਪੀਣਾ ਉਸਨੂੰ ਚੰਗਾ ਲਗਦਾ। ਆਪਣੀ ਕਮਿਊਨਿਟੀ ਵੱਲੋਂ ਮਿਲ਼ਦੇ ਆਦਰ-ਮਾਣ ਨਾਲ਼ ਉਸਨੂੰ ਖੁਸ਼ੀ ਹੁੰਦੀ... ਤੇ ਫਿਰ ਉਸਦੀ ਖੁਸ਼ੀ ਨੂੰ ਇੱਕ ਨਵਾਂ ਹੀ ਪਾਸਾਰ ਮਿਲ਼ ਗਿਆ। ਜੈਕ ਤੇ ਕੁਝ ਪੰਜਾਬੀ ਟਰੱਕਰਾਂ ਦੇ ਯਤਨਾਂ ਸਦਕਾ, ਉਸਨੂੰ 'ਮਿਸੀਸਾਗਾ ਟਰੱਕਰਜ਼ ਐਸੋਸੀਏਸ਼ਨ' ਦਾ ਮੀਤ ਪ੍ਰਧਾਨ ਚੁਣ ਲਿਆ ਗਿਆ।
ਉਨ੍ਹਾਂ ਹੀ ਦਿਨਾਂ ਵਿੱਚ ਅਜੀਤ ਸਿੰਘ ਦੇ ਇੱਕ ਵਾਕਫ਼ ਟਰੱਕਰ ਰਾਹੀਂ ਲੱਖੀ ਦੇ ਰਿਸ਼ਤੇ ਦੀ ਗੱਲ ਚੱਲ ਪਈ। ਕੁੜੀ-ਮੁੰਡੇ ਨੇ ਇੱਕ-ਦੂਜੇ ਨੂੰ ਦੇਖਿਆ, ਗੱਲਾਂ-ਬਾਤਾਂ ਕੀਤੀਆਂ ਤੇ 'ਹਾਂ' ਕਰ ਦਿੱਤੀ। ਮਾਪੇ ਤਾਂ ਪਹਿਲਾਂ ਹੀ ਸਹਿਮਤ ਸਨ... ਕੁੜੀ ਵਾਲ਼ੇ ਅਜੀਤ ਸਿੰਘ ਹੁਰਾਂ ਦੇ ਵਧ ਰਹੇ ਬਿਜ਼ਨਿਸ ਤੋਂ ਪ੍ਰਭਾਵਿਤ ਸਨ ਤੇ ਅਜੀਤ ਸਿੰਘ ਹੁਰੀਂ ਕੁੜੀ ਦੀ ਸ਼ਕਲ-ਸੂਰਤ ਅਤੇ ਉਸਦੀ ਚੰਗੇ ਪੈਸਿਆਂ ਵਾਲ਼ੀ ਸਰਕਾਰੀ ਜੌਬ ਤੋਂ। ਪੱਕ-ਠੱਕ ਹੋ ਗਿਆ। ਵਿਆਹ ਦੇ ਦਿਨ ਬੰਨ੍ਹ ਦਿੱਤੇ ਗਏ।
ਜੈਕ ਤੇ ਕੈਥੀ ਨੇ ਮਾਈਂਏਂ ਵਾਲ਼ੇ ਦਿਨ ਤੋਂ ਲੈ ਕੇ ਪਾਰਟੀ ਦੀ ਰਾਤ ਤੱਕ ਭਰਵੀਂ ਹਾਜ਼ਰੀ ਲੁਆਈ ਸੀ ਤੇ ਕੁਝ ਰਸਮਾਂ ਬਾਰੇ ਪ੍ਰਸ਼ਨ ਵੀ ਪੁੱਛੇ ਸਨ। ਅਨੰਦ-ਕਾਰਜ ਦੀ ਸਮਾਪਤੀ ਉਪਰੰਤ ਉਨ੍ਹਾਂ ਨੇ ਅਜੀਤ ਸਿੰਘ ਕੋਲ਼ੋਂ ਗੁਰਦਵਾਰਾ-ਹਾਲ ਦੀਆਂ ਦੀਵਾਰਾਂ 'ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਬਾਰੇ ਜਾਨਣ ਦੀ ਇੱਛਾ ਪ੍ਰਗਟਾਈ ਸੀ। ਅਜੀਤ ਸਿੰਘ ਨੇ ਜਦੋਂ 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ' ਦਾ ਅੰਗਰੇਜ਼ੀ ਅਨੁਵਾਦ ਕੀਤਾ ਤਾਂ ਉਹ ਬੋਲੇ, ''ਇਹ ਗੱਲ ਈਸਾਈ ਮਤ 'ਚ ਵੀ ਹੈਗੀ ਏ- ਲਵ ਇਜ਼ ਗੌਡ।''
'ਵੰਡ ਛਕੋ' ਦਾ ਅਨੁਵਾਦ ਸੁਣ ਕੇ ਉਨ੍ਹਾਂ ਆਖਿਆ ਸੀ, ''ਸਾਡੀਆਂ ਫੂਡ-ਬੈਂਕਾਂ ਦਾ ਮਨੋਰਥ ਵੀ ਇਹੀ ਏ।''
ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਸਿੱਖ ਧਰਮ 'ਚ ਸੇਵਾ ਤੇ ਈਸਾਈ ਧਰਮ 'ਚ ਚੈਰਿਟੀ ਦੇ ਸਿਧਾਂਤਾਂ ਵਿੱਚ ਵੀ ਸੁਮੇਲਤਾ ਨਜ਼ਰ ਆਈ ਸੀ।
ਤੇ ਫਿਰ ਗੱਲ ਚੱਲ ਪਈ ਸੀ ਅਜੋਕੇ ਨਿਘਾਰਾਂ ਦੀ... ਗਿਰਜਾਘਰਾਂ ਤੇ ਗੁਰਦਵਾਰਿਆਂ ਦੇ ਧੁਰ ਅੰਦਰ ਤੱਕ ਪਹੁੰਚ ਚੁੱਕੀਆਂ ਮੰਡੀ ਦੀਆਂ ਸੜਕਾਂ ਦੀ... ਰਾਜਨੀਤੀ ਦੀਆਂ ਸੜਕਾਂ ਦੀ... ।
ਰਾਤ ਨੂੰ ਪਾਰਟੀ-ਹਾਲ 'ਚ ਕਰਨ ਤੇ ਲੱਖੀ ਨੇ ਜੈਕ, ਕੈਥੀ, ਕਿੱਟੀ ਤੇ ਡੇਵ ਨੂੰ ਵੀ ਡਾਨਸ ਵਿੱਚ ਖਿੱਚ ਲਿਆ ਸੀ। ਮਿਊਜ਼ਿਕ ਦਾ ਉੱਚਾ ਵੌਲਯੂਮ ਜੈਕ ਹੁਰਾਂ ਨੂੰ ਹੋਰ ਤਰ੍ਹਾਂ ਦਾ ਲੱਗਾ ਸੀ। ਪਰ ਉਹ ਖੁਸ਼ ਸਨ। ਸਾਰੇ ਹੀ ਖੁਸ਼ ਸਨ। ਹਰ ਚਿਹਰਾ ਮੁਸਕਰਾ ਰਿਹਾ ਸੀ, ਹੱਸ ਰਿਹਾ ਸੀ।
'ਕਿਥੇ ਗੁਆਚ ਗਏ ਉਹ ਮੁਸਕਰਾਹਟਾਂ ਤੇ ਹਾਸੇ?' ਅਜੀਤ ਸਿੰਘ ਨੇ ਆਪਣੇ ਆਪ ਤੋਂ ਪੁੱਛਿਆ ਸੀ... ਜਾਂ ਸ਼ਾਇਦ ਸੜਕਾਂ ਕੋਲ਼ੋਂ... ਕਲੀਵਲੈਂਡ ਦੇ ਟਰੱਕ-ਸਟੌਪ 'ਚ ਪਹੁੰਚ ਕੇ ਉਸਨੇ ਟਰੱਕ ਖੜ੍ਹਾ ਕਰ ਦਿੱਤਾ। ਉਡੀਕ ਰਹੇ ਬਿੰਦਰ ਨੇ ਅਗਾਂਹ ਹੋ ਕੇ 'ਸਤਿ ਸ੍ਰੀ ਅਕਾਲ' ਬੁਲਾਈ। 'ਸਤਿ ਸ੍ਰੀ ਅਕਾਲ' ਕਹਿੰਦਿਆਂ ਅਜੀਤ ਸਿੰਘ ਨੇ ਬਿੰਦਰ ਦੀ ਪਿੱਠ ਥਾਪੜੀ। ਕੁਝ ਦੇਰ ਉਹ ਖਰਾਬ ਹੋਏ ਟਰੱਕ ਬਾਰੇ ਗੱਲਾਂ ਕਰਦੇ ਰਹੇ... ਤੇ ਫਿਰ ਅਜੀਤ ਸਿੰਘ ਨੇ ਪੁੱਛਿਆ, ''ਬਿੰਦਰ! ਲੰਚ ਏਥੇ ਹੀ ਕਰ ਲਈਏ ਜਾਂ ਰਾਹ 'ਚ ਕਰਨੈ?''
''ਅੰਕਲ! ਰਾਹ 'ਚ ਰੁਕਣ ਨਾਲ਼ੋਂ ਤਾਂ ਏਥੇ ਹੀ ਕਰ ਲੈਣਾ ਠੀਕ ਐ।'' ਬਿੰਦਰ ਨੇ ਸਲਾਹ ਦਿੱਤੀ।
ਤੇ ਉਹ ਟਰੱਕ-ਸਟੌਪ ਵਿਚਲੇ ਰੈਸਟਰੈਂਟ 'ਚ ਜਾ ਵੜੇ। ਅਜੀਤ ਸਿੰਘ ਨੂੰ ਪਲ ਦੀ ਪਲ ਇੰਜ ਲੱਗਾ ਜਿਵੇਂ ਟੇਬਲ 'ਤੇ ਉਸਦੇ ਸਾਹਮਣੇ ਬਿੰਦਰ ਨਹੀਂ ਕਰਨ ਬੈਠਾ ਹੋਵੇ। ਇਹ ਭੁਚੱਕਾ ਪਹਿਲਾਂ ਵੀ ਕੁਝ ਇੱਕ ਮੌਕਿਆਂ 'ਤੇ ਉਸਨੂੰ ਲੱਗਾ ਸੀ... ਬਿੰਦਰ ਦਾ ਕੱਦ-ਕਾਠ ਤੇ ਠਰ੍ਹੰਮੇ ਵਾਲ਼ਾ ਸੁਭਾਅ ਕਰਨ ਨਾਲ਼ ਮੇਲ਼ ਖਾਂਦੇ ਸਨ। ਉਂਜ ਵੀ ਬਿੰਦਰ ਦੀ, ਕਰਨ ਤੇ ਲੱਖੀ ਦੋਨਾਂ ਨਾਲ਼ ਚੰਗੀ ਬਣਦੀ ਸੀ। ਕਦੀ-ਕਦੀ ਜਦੋਂ ਉਹ ਤਿੰਨੇ ਜਣੇ ਕਿਤੇ ਜਾਣ ਲਈ ਤਿਆਰ ਹੋ ਰਹੇ ਹੁੰਦੇ ਤਾਂ ਅਜੀਤ ਸਿੰਘ ਮਖੌਲ 'ਚ ਆਖਦਾ, ''ਬਈ! ਬੜੇ ਪਰਫਿਊਮ ਮਹਿਕ ਰਹੇ ਆ। ਕਿੱਧਰ ਵਹੀਰਾਂ ਘੱਤੀਆਂ ਨੇ?''
''ਡੈਡੀ! ਮੈਕਡੋਨਲ ਜਾਂ ਕਿਸੇ ਚਾਈਨੀਜ਼ ਰੈਸਟੋਰੈਂਟ 'ਚ ਜਾ ਬੈਠਾਂਗੇ ਜਾਂ ਕੋਈ ਨਵੀਂ ਫਿਲਮ ਦੇਖ ਆਵਾਂਗੇ। ਹੋਰ ਕਿੱਥੇ ਜਾਣੈਂ ਅਸੀਂ।'' ਮੁਸਕਰਾਉਂਦਾ ਹੋਇਆ ਕਰਨ ਆਖਦਾ।
'ਪੁੱਤਰਾ! ਤੇਰੀ ਮੰਮੀ ਤਾਂ ਅਜੇ ਵੀ ਕਦੀ-ਕਦੀ ਕਹਿ ਦੇਂਦੀ ਏ- ਮੇਰਾ ਕਰਨ ਆਪਣੇ ਦੋਸਤਾਂ ਨਾਲ਼ ਘੁੰਮਣ-ਫਿਰਨ ਗਿਆ ਹੋਇਐ। ਲੇਟ ਰਾਤ ਤੱਕ ਮੁੜ ਆਏਗਾ। ਮੈਂ ਉਸਨੂੰ ਆਖਦਾ ਹਾਂ- ਭਲੀਏ ਲੋਕੇ! ਆਪਣੀ ਇਹ ਰਾਤ ਬਹੁਤ ਲੰਬੀ ਏ, ਉਮਰਾਂ ਜੇਡੀ ਲੰਬੀ... ਕਦੋਂ ਤੱਕ ਉਡੀਕਦੀ ਰਹੇਂਗੀ ਕਰਨ ਨੂੰ! ਪਰ ਉਹ ਕਮਲ਼ੀ ਮੰਨਦੀ ਹੀ ਨਹੀਂ। ਤੇਰੇ ਗਮ 'ਚ ਜਦੋਂ ਉਹ ਪਰਲ-ਪਰਲ ਹੰਝੂ ਵਹਾ ਰਹੀ ਹੁੰਦੀ ਏ ਤਾਂ ਮੈਥੋਂ ਦੇਖੀ ਨਹੀਂ ਜਾਂਦੀ। ਮੈਨੂੰ ਡਰ ਐ ਕਿ ਉਹ ਰੋ-ਰੋ ਕੇ ਕਿਤੇ ਅੰਨ੍ਹੀ ਹੀ ਨਾ ਹੋ ਜਾਏ... ।' ਰੂਹ ਨਪੀੜਵੇਂ ਇਨ੍ਹਾਂ ਅਹਿਸਾਸਾਂ ਨੂੰ ਅੰਦਰ ਹੀ ਅੰਦਰ ਪੀਂਦਿਆਂ ਅਜੀਤ ਸਿੰਘ ਨੇ ਮੂੰਹ ਪਰੇ ਕਰਕੇ ਆਪਣੇ ਹੰਝੂ ਲੁਕੋ ਲਏ।
ਖਾ-ਪੀ ਕੇ ਉਨ੍ਹਾਂ ਟਰੇਲਰ ਹੁਕ-ਅਪ ਕੀਤੀ ਤੇ ਟੁਰ ਪਏ। ਸਟੇਅਰਿੰਗ 'ਤੇ ਬਿੰਦਰ ਸੀ। ਨਾਲ਼ ਬੈਠਾ ਅਜੀਤ ਸਿੰਘ, ਕਲੀਵਲੈਂਡ ਨੂੰ ਛੁੰਹਦੀ ਇਰੀ ਝੀਲ ਦੀਆਂ ਛੱਲਾਂ 'ਚ ਗੁਆਚਿਆ ਪਤਾ ਨਹੀਂ ਕਿੱਧਰ-ਕਿੱਧਰ ਭਟਕਦਾ ਰਿਹਾ... ।
ਉਹ ਅਮਰੀਕਾ-ਕਨੇਡਾ ਬਾਰਡਰ ਲੰਘ ਆਏ। ਬਿੰਦਰ ਨੇ ਟਰੱਕ 'ਚ ਚਲਦਾ ਰੇਡੀਓ ਬੰਦ ਕਰਕੇ ਸਟੀਰੀਓ ਔਨ ਕਰ ਦਿੱਤਾ... ਇੱਕ ਗੀਤ ਦੇ ਇਹ ਬੋਲ, 'ਲੰਬੀ-ਲੰਬੀ ਉਮਰੀਆ ਛੋੜੋ, ਪਿਆਰ ਕੀ ਏਕ ਘੜੀ ਹੈ ਬੜੀ... ।' ਸੁਣ ਕੇ ਅਜੀਤ ਸਿੰਘ ਅੰਦਰੋਂ ਲੰਮਾ ਹਉਕਾ ਨਿਕਲ਼ ਗਿਆ... ।
ਓਧਰ ਗੀਤ ਦੇ ਬੋਲ ਸੁਣਦਿਆਂ ਬਿੰਦਰ ਦੀਆਂ ਅੱਖਾਂ ਮੂਹਰੇ ਵੀ ਅਚੇਤ ਹੀ ਕਰਨ ਘੁੰਮ ਗਿਆ ਸੀ... ਸਟੀਰੀਓ ਬੰਦ ਕਰਕੇ, ਉਦਾਸ ਹੋਇਆ, ਉਹ ਸੋਚੀਂ ਪੈ ਗਿਆ... ਤੇ ਫਿਰ ਬੋਝਲ ਹੁੰਦੀ ਜਾ ਰਹੀ ਚੁੱਪ ਨੂੰ ਤੋੜਦਿਆਂ ਬੋਲਿਆ, ''ਅੰਕਲ! ਪਰਸੋਂ ਲੱਖੀ ਮਿਲ਼ਿਆ ਸੀ... ਕਹਿ ਰਿਹਾ ਸੀ ਕਿ ਉਸਨੂੰ ਤੁਹਾਡਾ ਤੇ ਆਂਟੀ ਦਾ ਫਿਕਰ ਰਹਿੰਦਾ ਏ।''
ਅਜੀਤ ਸਿੰਘ ''ਹੂੰ'' ਕਹਿ ਕੇ ਚੁੱਪ ਹੋ ਗਿਆ।
ਬਿੰਦਰ ਨੇ, ਇਹ ਸੋਚ ਕੇ ਕਿ ਅੰਕਲ ਗੱਲ ਕਰਨ ਦੇ ਮੂਡ 'ਚ ਨਹੀਂ ਸੀ, ਗੱਲ ਉੱਥੇ ਹੀ ਛੱਡ ਦਿੱਤੀ।
ਪਰ ਅਜੀਤ ਸਿੰਘ ਅੰਦਰ ਗੱਲ ਤੁਰ ਰਹੀ ਸੀ।... ਹਾਈਵੇ 'ਚੋਂ ਪਾਟਦੀ ਇੱਕ ਸੜਕ ਵੱਲ ਦੇਖਦਿਆਂ ਉਸਨੂੰ ਯਾਦ ਆ ਰਿਹਾ ਸੀ... ਲੱਖੀ ਤੇ ਮੀਨੂੰ ਹਨੀਮੂਨ ਮਨਾਉਣ ਲਈ ਫਲੋਰਿਡਾ ਗਏ ਸਨ। ਸਾਰੇ ਪਰਿਵਾਰ ਨੇ ਖੁਸ਼ ਹੋ ਕੇ ਉਨ੍ਹਾਂ ਨੂੰ ਵਿਦਾ ਕੀਤਾ ਸੀ। ਪਰ ਜਦੋਂ ਉਨ੍ਹਾਂ ਸਾਲ ਦੇ ਵਿੱਚ-ਵਿੱਚ ਹੀ ਫਿਰ ਹੌਲੀਡੇਅਜ਼ 'ਤੇ ਜਾਣ ਦਾ ਮੂਡ ਬਣਾ ਲਿਆ ਤਾਂ ਅਜੀਤ ਸਿੰਘ ਨੂੰ ਗੁੱਸਾ ਚੜ੍ਹ ਗਿਆ, ''ਲੱਖੀ! ਏਨੀ ਅੰਨ੍ਹੀ ਕਮਾਈ ਹੈ ਨੀ ਕਿ ਹਰੇਕ ਸਾਲ ਕਦੀ ਫਲੋਰਿਡਾ, ਕਦੀ ਕਿਊਬਾ ਤੇ ਕਦੀ ਕਿਤੇ ਹੋਰ, ਹੌਲੀਡੇਅਜ਼ ਕਰਨ ਤੁਰੇ ਰਹੋ। ਡਹਿ ਕੇ ਕੰਮ ਕਰੋ। ਮੈਂ ਸਗੋਂ ਤੇਰੇ ਨਾਲ਼ ਮੀਨੂੰ ਬਾਰੇ ਵੀ ਗੱਲ ਕਰਨੀ ਸੀ। ਉਹ ਖਰਚ ਹੀ ਬੜਾ ਕਰਦੀ ਐ। ਜੇ ਸਾਰੀ ਤਨਖਾਹ ਨਵੀਆਂ-ਨਵੀਆਂ ਡਰੈੱਸਾਂ ਅਤੇ ਕਨੇਡੀਅਨ ਖਾਣਿਆਂ 'ਤੇ ਹੀ ਖਰਚ ਕਰੀ ਜਾਣੀ ਆਂ ਤਾਂ ਜੌਬ ਕਰਨ ਦਾ ਕੀ ਫਾਇਦਾ?''
ਲੱਖੀ ਨੇ ਤਾਂ ''ਠੀਕ ਐ ਡੈਡੀ।'' ਕਹਿ ਕੇ ਸੁਣ ਲਿਆ। ਪਰ ਮੀਨੂੰ ਨੇ ਮੂੰਹ ਵੱਟ ਲਿਆ।
ਅਜੀਤ ਸਿੰਘ ਦਾ ਗੁੱਸਾ ਵਧਣ ਲੱਗਾ।
''ਟਕਰਾਅ ਨਾ ਖੜ੍ਹਾ ਕਰੋ। ਸਮਝਾਉਣਾ ਚਾਹੀਦੈ।'' ਸੁਰਿੰਦਰ ਕੌਰ ਨੇ ਕਿਹਾ ਸੀ।
ਤੇ ਨੂੰਹ-ਪੁੱਤ ਨੂੰ ਸਮਝਾਉਂਦਿਆਂ ਉਨ੍ਹਾਂ ਕਿਹਾ ਸੀ, ''... ਚਲੋ ਹੁਣ ਤੁਹਾਡਾ ਮੂਡ ਬਣਿਆਂ ਆਂ, ਜਾ ਆਓ। ਪਰ ਅਗਾਂਹ ਖਿਆਲ ਰੱਖਿਓ।''
ਪਰੰਤੂ ਮੀਨੂੰ ਦੀਆਂ ਫਾਲਤੂ ਖਰਚ ਕਰਨ ਦੀਆਂ ਆਦਤਾਂ 'ਚ ਕੋਈ ਫਰਕ ਨਾ ਪਿਆ। ਅਜੀਤ ਸਿੰਘ ਤੇ ਸੁਰਿੰਦਰ ਕੌਰ ਟੋਕ-ਟਕਾਈ ਕਰਨ ਲੱਗ ਪਏ। ਮੀਨੂੰ ਸ਼ੁਰੂ-ਸ਼ੁਰੂ 'ਚ ਤਾਂ ਚੁੱਪ ਕਰਕੇ ਸੁਣਦੀ ਰਹੀ ਪਰ ਇੱਕ ਦਿਨ ਮੂਹਰੇ ਬੋਲ ਪਈ, ''ਤੁਹਾਡਾ ਲਾਈਫ-ਸਟਾਈਲ ਆਪਣਾ ਏ ਤੇ ਮੇਰਾ ਆਪਣਾ।''
''ਮੀਨੂੰ! ਤੂੰ ਸ਼ਾਇਦ ਬੇਹਿਸਾਬੇ ਖਰਚ ਨੂੰ ਹੀ ਲਾਈਫ-ਸਟਾਈਲ ਸਮਝ ਰਹੀ ਏਂ। ਲਾਈਫ-ਸਟਾਈਲ 'ਚ ਤਾਂ ਬੜਾ ਕੁਝ ਹੁੰਦਾ ਏ... ਇਸ ਵਿੱਚ ਬੰਦੇ ਦੇ ਆਪਣੇ ਤੇ ਪਰਿਵਾਰ ਦੇ ਗੋਲ਼ ਵੀ ਹੁੰਦੇ ਨੇ, ਜਿਨ੍ਹਾਂ ਨੂੰ ਅਚੀਵ ਕਰਨਾ ਹੁੰਦੈ।'' ਅਜੀਤ ਸਿੰਘ ਨੇ ਕਿਹਾ।
''ਮੈਂ ਤੁਹਾਡੇ ਗੋਲ਼ਾਂ ਨਾਲ਼ ਐਗਰੀ ਨਹੀਂ ਕਰਦੀ। ਜ਼ਿੰਦਗੀ ਦੀ ਕੁਐਲਿਟੀ ਵੀ ਕੋਈ ਚੀਜ਼ ਹੁੰਦੀ ਏ... ਫਾਰ ਯੂ ਦਾ ਲਾਈਫ ਇਜ਼ ਈਟ, ਸਲੀਪ ਐਂਡ ਗੋ ਟੂ ਵਰਕ। ਬਟ ਫਾਰ ਮੀ ਦੇਅਰ ਇਜ਼ ਮੋਰ ਟੂ ਲਾਈਫ।''
ਕਰਨ ਨੂੰ ਮੀਨੂੰ ਦੇ ਬੋਲਾਂ ਵਿਚਲਾ ਖਰ੍ਹਵਾਪਨ ਚੰਗਾ ਨਾ ਲੱਗਾ। ਉਹ ਬੋਲਿਆ, ''ਭਾਬੀ ਜੀ! ਆਪਾਂ ਨੂੰ ਪੌਲਾਈਟਲੀ ਗੱਲ ਕਰਨੀ ਚਾਹੀਦੀ ਆ... ਦੇਖੋ! ਮੰਮੀ-ਡੈਡੀ ਨੇ ਬੜੀ ਸਟਰਗਲ ਕਰਕੇ ਕੰਪਨੀ ਖੜ੍ਹੀ ਕੀਤੀ ਐ। ਹੁਣ ਜੇ ਇਹ ਆਪਾਂ ਨੂੰ ਬਜਟ ਨਾਲ਼ ਚੱਲਣ 'ਤੇ ਹੋਰ ਗਰੋਅ ਕਰਨ ਲਈ ਕਹਿ ਰਹੇ ਆ ਤਾਂ ਵ੍ਹਟ'ਸ ਬੈਡ ਇਨ ਇਟ?''
''ਕਰਨ ਠੀਕ ਕਹਿ ਰਿਹੈ'', ਕਰਨ ਦੇ ਬੋਲਾਂ ਤੋਂ ਉਤਸ਼ਾਹਿਤ ਹੋ ਕੇ ਅਜੀਤ ਸਿੰਘ ਬੋਲਿਆ, ''ਆਪਾਂ ਕਾਰੋਬਾਰ ਨੂੰ ਤਾਂ ਹੀ ਵਧਾ ਸਕਦੇ ਆਂ ਜੇ ਹਿਸਾਬ ਨਾਲ਼ ਚੱਲੀਏ... ਜੈਕ ਹੁਰੀਂ ਖਰਚੇ ਕੰਟਰੋਲ ਕੀਤੇ ਈ ਆ। ਪਹਿਲਾਂ ਉਹ ਹਰੇਕ ਸਾਲ ਹੌਲੀਡੇਅਜ਼ 'ਤੇ ਜਾਂਦੇ ਹੁੰਦੇ ਸੀ। ਹੁਣ ਤਿੰਨ ਸਾਲਾਂ ਬਾਅਦ ਜਾਂਦੇ ਆ।... ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਆਪਣੇ ਟਰੱਕਾਂ ਦੀਆਂ ਕਿਸ਼ਤਾਂ ਓਵਰਡਿਊ ਹੋਈਆਂ ਪਈਆਂ ਨੇ, ਜਿਸ ਕਰਕੇ ਵਿਆਜ ਬਹੁਤ ਜਿਆਦਾ ਦੇਣਾ ਪੈ ਰਿਹੈ... ਬਈ ਮੀਨੂੰ! ਤੂੰ ਤਕੜੀ ਤਨਖਾਹ ਲੈਂਦੀ ਏਂ, ਕੁਝ ਮੱਦਦ ਕਰ।''
''ਮੀਨੂੰ ਦੀਆਂ ਤਾਂ ਸਟੋਰਾਂ ਦੇ ਕਰੈਡਿਟ-ਕਾਰਡਾਂ ਦੀਆਂ ਪੇਮੈਂਟਾਂ ਹੀ ਨਹੀਂ ਮੁੱਕਦੀਆਂ।'' ਸੁਰਿੰਦਰ ਕੌਰ ਬੋਲੀ।
ਮੀਨੂੰ ਦੇ ਤੇਵਰ ਚੜ੍ਹ ਗਏ। ਸੱਸ-ਸਹੁਰੇ ਨੂੰ ਖਿਝੀਆਂ ਨਜ਼ਰਾਂ ਨਾਲ਼ ਤੱਕਦਿਆਂ ਉਹ ਬੋਲੀ, ''ਮੇਰਾ ਤੁਹਾਡੇ ਟਰੱਕਾਂ ਦੀਆਂ ਕਿਸ਼ਤਾਂ ਨਾਲ਼ ਕੋਈ ਵਾਸਤਾ ਨਹੀਂ। ਤੁਸੀਂ ਟਰੱਕ ਵੇਚ ਕੇ ਲੋਨ ਮੋੜ ਦਿਉ।''
''ਜੇ ਤੁਹਾਡੀ ਇਹੀ ਸੋਚ ਰਹੀ ਤਾਂ ਘਰ ਦਾ ਭੱਠਾ ਜਰੂਰ ਬਿਠਾਓਗੇ।'' ਲਾਲ-ਪੀਲ਼ਾ ਹੋਇਆ ਅਜੀਤ ਸਿੰਘ ਬੋਲਿਆ।
''ਡੈਡੀ! ਤੁਹਾਨੂੰ ਆਪਣੀ ਸੋਚ ਹੀ ਠੀਕ ਲਗਦੀ ਆ। ਦੂਜੇ ਨੂੰ ਤੁਸੀਂ ਲਿਸਨ ਹੀ ਨਹੀਂ ਕਰਦੇ। ਪਿਛਲੇ ਸਾਲ ਮੈਂ ਤੁਹਾਨੂੰ ਰੋਕਿਆ ਸੀ ਕਿ ਹੋਰ ਟਰੱਕ ਅਜੇ ਨਾ ਪਾਓ, ਪਹਿਲਾਂ ਪਿਛਲਾ ਲੋਨ ਲਾਗੇ ਕਰ ਦੇਂਦੇ ਆਂ। ਪਰ ਤੁਸੀਂ ਆਪਣੀ ਮਰਜੀ ਕੀਤੀ, ਨਵਾਂ ਟਰੱਕ ਹੋਰ ਪਾ ਲਿਆ।'' ਮੀਨੂੰ ਦੇ ਨਾਲ਼ ਸੋਫੇ 'ਤੇ ਬੈਠੇ ਲੱਖੀ ਨੇ ਤਲਖ਼ ਹੋ ਕੇ ਆਖਿਆ।
''ਲੱਖੀ! ਯੂ ਆਰ ਰਾਈਟ। ਡੈਡੀ ਨੂੰ ਤੇਰੀ ਗੱਲ ਮੰਨਣੀ ਚਾਹੀਦੀ ਸੀ। ਪਰ ਜਿਹੜੀ ਗੱਲ ਮੰਮੀ-ਡੈਡੀ ਕਹਿ ਰਹੇ ਆ, ਭਾਬੀ ਦੇ 'ਟੂ ਮੱਚ' ਖਰਚਾ ਕਰਨ ਦੀ, ਉਸਨੂੰ ਤੁਸੀਂ ਵੀ ਲਿਸਨ ਨਹੀਂ ਕਰ ਰਹੇ।''
ਕਰਨ ਦੀ ਗੱਲ ਸੁਣ ਕੇ ਲੱਖੀ ਕਰੋਧ 'ਚ ਮਚ ਉੱਠਿਆ। ਮੀਨੂੰ ਦਾ ਤਾਂ ਪਾਰਾ ਹੀ ਚੜ੍ਹ ਗਿਆ। ਉਹ ਭਬਕ ਪਈ, ''ਇਟ'ਸ ਹੌਰਿਬਲ। ਕੇਹੋ ਜੇਹੀ ਫੈਮਿਲੀ ਹੈ ਇਹ! ਮੇਰਾ ਤਾਂ ਇਸ ਘਰ 'ਚ ਦਮ ਘੁਟਦਾ ਜਾ ਰਿਹਾ ਏ।''
... ਮੀਨੂੰ ਵਾਂਗ ਲੱਖੀ ਵੀ ਘਰਦਿਆਂ ਨਾਲ਼ ਵੱਟਿਆ-ਵੱਟਿਆ ਰਹਿਣ ਲੱਗ ਪਿਆ। ਅਜੀਤ ਸਿੰਘ ਤੇ ਸੁਰਿੰਦਰ ਕੌਰ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਕੋਈ ਫਰਕ ਨਾ ਪਿਆ। ਉਨ੍ਹਾਂ ਜੈਕ ਨੂੰ ਆਖਿਆ।
ਜੈਕ ਵੱਲੋਂ ਗੱਲ ਕਰਨ 'ਤੇ ਲੱਖੀ ਨੇ ਕਿਹਾ ਸੀ, ''ਅੰਕਲ! ਮੀਨੂੰ ਤੇ ਮੇਰੇ ਪੇਅਰੈਂਟਸ ਦੇ ਵਿਚਾਰਾਂ 'ਚ ਏਨਾ ਜਿਆਦਾ ਫਰਕ ਐ ਕਿ ਇਨ੍ਹਾਂ ਦੀ ਕਦੀ ਵੀ ਸੁਰ ਨਹੀਂ ਰਲ਼ ਸਕਦੀ। ਸਾਡੇ ਲਈ ਅਲੱਗ ਹੋ ਜਾਣਾ ਹੀ ਬਿਹਤਰ ਏ।... ਮੈਨੂੰ ਪੇਅਰੈਂਟਸ ਨਾਲ਼ੋਂ ਆਪਣੀ ਵਾਈਫ ਜਿਆਦਾ ਇੰਪੌਰਟੈਂਟ ਏ।''
''ਲੈਖੀ! ਆਈ ਐਗਰੀ ਵਿਦ ਯੂ, ਯੂਅਰ ਵਾਈਫ ਇਜ਼ ਮੋਰ ਇੰਪੌਰਟੈਂਟ ਟੂ ਯੂ। ਪਰ ਕੀ ਏਦਾਂ ਨਹੀਂ ਹੋ ਸਕਦਾ ਕਿ ਰਹੋ ਤੁਸੀਂ ਅਲੱਗ ਤੇ ਕੰਮ 'ਕੱਠਾ ਕਰੋ?''
''ਨਹੀਂ ਅੰਕਲ! ਹੁਣ ਸਾਡੀ ਏਦਾਂ ਵੀ ਨਹੀਂ ਨਿਭਣੀ... ਬਾਅਦ 'ਚ ਐਵੇਂ ਕੋਈ ਹੋਰ ਝਗੜਾ ਖੜ੍ਹਾ ਹੋ ਜਾਊ।''
''ਓ.ਕੇ., ਜਿਵੇਂ ਤੇਰੀ ਮਰਜੀ।... ਜੇਕਰ ਕਦੀ ਮੇਰੀ ਲੋੜ ਪਈ ਤਾਂ ਜ਼ਰੂਰ ਦੱਸੀਂ।'' ਜੈਕ ਨੇ ਆਪਣੇਪਨ ਦੇ ਰਉਂ 'ਚ ਆਖਿਆ ਸੀ।
ਲੱਖੀ ਨਾਲ਼ ਹੋਈ ਗੱਲ-ਬਾਤ ਅਜੀਤ ਸਿੰਘ ਨੂੰ ਦੱਸਣ ਉਪਰੰਤ ਜੈਕ ਨੇ ਕਿਹਾ ਸੀ, ''ਐਜੀਤ! ਡੋਂਟ ਕਰੀਏਟ ਐਨੀ ਫੱਸ਼.. ਬਿਜ਼ਨਿਸ 'ਚੋਂ ਲੈਖੀ ਦਾ ਬਣਦਾ ਹਿੱਸਾ ਉਸਨੂੰ ਦੇ ਦੇ।''
ਪਰ ਅਜੀਤ ਸਿੰਘ ਦੇ ਟਰੱਕਰ ਦੋਸਤ ਗੁਰਨਾਮ ਵੜੈਚ ਨੇ ਆਪਣਾ ਵਿਚਾਰ ਇੰਜ ਦਿੱਤਾ ਸੀ, ''ਅਜੀਤ! ਤੂੰ ਅੜ ਜਾ... ਜੇ ਮੈਂ ਤੇਰੀ ਜਗ੍ਹਾ ਹੋਵਾਂ ਤਾਂ ਕੁਝ ਵੀ ਨਾ ਦਿਆਂ ਇਹੋ ਜਿਹੇ ਅੜੀਅਲ ਨੂੰਹ-ਪੁੱਤ ਨੂੰ।''
ਅਜੀਤ ਸਿੰਘ ਨੇ ਪਤਨੀ ਨਾਲ਼ ਸਲਾਹ ਕੀਤੀ। ਸੁਰਿੰਦਰ ਕੌਰ ਨੇ ਆਖਿਆ ਸੀ, ''... ਲੋਕਾਂ ਨੇ ਤਾਂ ਤਮਾਸ਼ਾ ਦੇਖਣਾ ਹੁੰਦਾ ਏ... ਜੈਕ ਦੀ ਗੱਲ ਠੀਕ ਏ... ਆਪਾਂ ਨੂੰਹ-ਪੁੱਤ ਨਾਲ਼ ਕੋਈ ਵਿਗਾੜ-ਬਖੇੜਾ ਨਹੀਂ ਪਾਉਣਾ।''
... ਤੇ ਅਜੀਤ ਸਿੰਘ ਨੇ ਟਰੱਕਾਂ 'ਤੇ ਖੜ੍ਹੇ ਬੈਂਕ-ਕਰਜ਼ੇ ਨੂੰ ਹਿਸਾਬ 'ਚ ਲੈਂਦਿਆਂ ਤਿੰਨ ਟਰੱਕ, ਨਵਿਆਂ ਵਰਗੇ, ਲੱਖੀ ਨੂੰ ਦੇ ਦਿੱਤੇ। ਹਿਸਾਬ-ਕਿਤਾਬ ਕਰਦਿਆਂ ਉਸਦੇ ਮਨ 'ਚ ਉਹ ਸਮਾਂ ਵੀ ਘੁੰਮਿਆਂ ਸੀ ਜਦੋਂ ਭਰਾ ਰਤਨ ਸਿੰਘ ਨੇ ਉਸਨੂੰ ਕੁਝ ਵੀ ਨਹੀਂ ਸੀ ਦਿੱਤਾ।
ਲੱਖੀ ਤੇ ਮੀਨੂੰ ਇੱਕ ਕਿਰਾਏ ਦੇ ਘਰ 'ਚ ਮੂਵ ਹੋ ਗਏ।
ਕੁਝ ਹਫਤਿਆਂ ਬਾਅਦ ਅਜੀਤ ਸਿੰਘ ਨੇ ਦੋ ਟਰੱਕ ਵੇਚ ਕੇ ਓਵਰਡਿਊ ਕਰਜ਼ੇ ਦੇ ਕੰਪਿਊਟਰੀ-ਖਾਤੇ ਪੱਧਰੇ ਕਰ ਦਿੱਤੇ।
ਜੈਕ ਨੇ ਦੋ ਹੋਰ ਪਾ ਲਏ। ਉਸਦੇ ਵੀਹ ਹੋ ਗਏ ਤੇ ਅਜੀਤ ਦੇ ਰਹਿ ਗਏ ਸਿਰਫ਼ ਤੇਰਾਂ।
ਅਜੀਤ ਸਿੰਘ ਆਪਣੇ ਆਪ ਨੂੰ ਸਾਵਾਂ ਰੱਖਣ ਦੀ ਬੜੀ ਕੋਸ਼ਿਸ਼ ਕਰਦਾ ਪਰ ਨਿਰਾਸ਼ਤਾ ਮਨ 'ਚ ਮੱਲੋਜ਼ੋਰੀ ਆਣ ਵੜਦੀ। ਉਹ ਕਦੀ ਨੂੰਹ-ਪੁੱਤ ਨੂੰ ਕੋਸਣ ਲੱਗ ਪੈਂਦਾ ਤੇ ਕਦੀ ਜੈਕ ਦੇ ਟਰੱਕਾਂ ਵੱਲ ਈਰਖਾ ਜਿਹੀ ਨਾਲ਼ ਤੱਕਣ ਲੱਗਦਾ। ਜੈਕ ਬਥੇਰਾ ਕਹਿੰਦਾ, ''ਐਜੀਤ! ਤੂੰ ਏਨੀ ਚਿੰਤਾ ਨਾ ਕਰ... ਸਭ ਠੀਕ ਹੋ ਜਾਏਗਾ।'' ਪਰ ਅਜੀਤ ਸਿੰਘ ਅੰਦਰਲੀ ਨਿਰਾਸ਼ਤਾ ਹੋਰ ਸੰਘਣੀ ਹੁੰਦੀ ਜਾ ਰਹੀ ਸੀ। ਉਸਨੂੰ ਇੰਜ ਲਗਦਾ ਜਿਵੇਂ ਉਸ ਵਾਲ਼ੇ ਟਰੱਕਾਂ-ਟਰੇਲਰਾਂ ਉੱਪਰ 'ਹੁੰਦਲ ਐਂਡ ਹੈਰੀਸਨ' ਦੀ ਪਿੱਠ-ਭੂਮੀ ਵਿੱਚ ਚਿੱਤਰਿਆ ਹੋਇਆ, ਲਹਿ-ਲਹਿ ਕਰਦਾ ਮੇਪਲ ਦਾ ਪੱਤਾ, ਪਤਝੜੀ ਰੰਗ 'ਚ ਤਬਦੀਲ ਹੋ ਗਿਆ ਹੋਵੇ।... ਉਸਦੇ ਦਿਲ ਨੂੰ ਹੌਲ ਜਿਹੇ ਪੈਣ ਲੱਗ ਪਏ। ਕਿੱਥੇ ਤਾਂ ਉਹ ਕਨੇਡਾ ਦਾ ਨਾਮਵਰ ਟਰੱਕਰ ਬਣਨ ਦੇ ਸੁਪਨੇ ਲੈ ਰਿਹਾ ਸੀ ਤੇ ਕਿੱਥੇ ਹੁਣ ਉਸਨੂੰ, ਖਾਰ ਖਾਣ ਵਾਲ਼ੇ ਬੰਦਿਆਂ ਦੀਆਂ, ''ਬਹਿ ਗਿਆ ਭੱਠਾ, ਵੱਡੇ ਟਰੱਕਰ ਦਾ,'' ਵਰਗੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਸਨ।... ਗਮ ਦਾ ਅਸਰ ਉਸਦੀ ਸਿਹਤ 'ਤੇ ਪੈਣ ਲੱਗਾ... ਚਿੰਤਤ ਹੋਏ ਕਰਨ ਤੇ ਸੁਰਿੰਦਰ ਕੌਰ ਨੇ ਸਲਾਹ ਕੀਤੀ... ਤੇ ਕਰਨ ਨੇ ਪੜ੍ਹਾਈ ਤੋਂ ਇੱਕ ਸਾਲ ਦੀ ਛੁੱਟੀ ਲੈ ਲਈ।
ਕਰਨ ਦੀ ਨਵੀਂ ਸਪਿਰਟ ਤੇ ਨਵੀਂ ਪਹੁੰਚ ਦੇਖਦਿਆਂ ਅਜੀਤ ਸਿੰਘ ਠੀਕ ਹੋਣ ਲੱਗ ਪਿਆ।
ਕਰਨ ਘੰਟਿਆਂ-ਬੱਧੀ ਕੰਪਿਊਟਰ 'ਤੇ ਬੈਠਾ ਰਹਿੰਦਾ। ਸਾਰੇ ਟਰੱਕ-ਟਰੇਲਰਾਂ ਦੀ ਜਨਰਲ ਹਾਲਤ, ਉਨ੍ਹਾਂ ਦੀਆਂ ਸਮੇਂ-ਸਮੇਂ ਹੋਣ ਵਾਲ਼ੀਆਂ ਸਰਵਿਸਾਂ ਤੇ ਰੋਜ਼ਾਨਾ ਕਾਰਗੁਜ਼ਾਰੀਆਂ ਸੰਬੰਧੀ ਵੇਰਵੇ ਉਸਨੇ ਕੰਪਿਊਟਰ 'ਚ ਪਾ ਦਿੱਤੇ।... ਟਰੱਕਾਂ ਦੇ ਲੋਡ ਸੰਬੰਧੀ ਹੁਣ ਸਾਰੀ ਸੂਚਨਾ ਇੰਟਰਨੈੱਟ 'ਤੇ ਆਉਣ ਲੱਗ ਪਈ ਸੀ। ਦੂਰ-ਨੇੜੇ ਗਏ ਟਰੱਕ-ਡਰਾਈਵਰਾਂ ਕੋਲ਼ ਜੇਕਰ ਕਾਂਟਰੈਕਟ-ਲੋਡ ਘੱਟ ਹੁੰਦਾ ਜਾਂ ਦੇਰੀ ਦਾ ਕੋਈ ਚੱਕਰ ਪੈ ਜਾਂਦਾ ਤਾਂ ਕਰਨ ਉਨ੍ਹਾਂ ਲਈ ਓਪਨ-ਮਾਰਕਿਟ ਵਿੱਚੋਂ ਲੋਡ ਲੱਭ ਲੈਂਦਾ।
ਕੰਪਨੀ ਦੀ ਕਾਰਗੁਜ਼ਾਰੀ 'ਚ ਦਿਨੋ-ਦਿਨ ਫਰਕ ਪੈਣ ਲੱਗ ਪਿਆ। ਅਜੀਤ ਸਿੰਘ ਨੇ ਇੱਕ ਟਰੱਕ ਹੋਰ ਵਧਾ ਲਿਆ।
ਕਰਨ ਤੇ ਜੈਕ ਨਵੀਆਂ-ਨਵੀਆਂ ਸਕੀਮਾਂ ਸੋਚਦੇ। ਉਨ੍ਹਾਂ ਹੀ ਦਿਨਾਂ 'ਚ ਅਮਰੀਕਾ ਦੇ 'ਡੌਲਰ ਐਂਡ ਡੌਲਰ' ਨਾਂ ਦੇ ਸਟੋਰਾਂ ਦੀ ਚੇਨ ਨੂੰ ਕਨੇਡਾ 'ਚ ਵੀ ਆਪਣੇ ਸਟੋਰ ਖੋਲ੍ਹਣ ਦੀ ਇਜਾਜ਼ਤ ਮਿਲ਼ ਗਈ। ਅਮਰੀਕਾ ਦੇ ਵੇਅਰਹਾਊਸਾਂ ਤੋਂ ਕਨੇਡਾ ਸਮਾਨ ਢੋਣ ਦੇ ਟੈਂਡਰ ਨਿਕਲ਼ੇ... ਟਰਾਂਟੋ ਤੇ ਆਸ-ਪਾਸ ਦੇ ਸਟੋਰਾਂ ਦਾ ਕਾਂਟਰੈਕਟ 'ਹੁੰਦਲ ਐਂਡ ਹੈਰੀਸਨ' ਨੂੰ ਮਿਲ਼ ਗਿਆ। ਕੰਪਨੀ ਲਈ ਇਹ ਮਾਣ-ਵਡਿਆਈ ਵਾਲ਼ੀ ਗੱਲ ਸੀ।
ਕਾਂਟਰੈਕਟ ਦੀਆਂ ਸ਼ਰਤਾਂ ਅਨੁਸਾਰ, ਢੋਅ-ਢੁਆਈ ਦਾ ਕੰਮ, ਕਰਿਸਮੱਸ ਤੋਂ ਤਿੰਨ ਹਫਤੇ ਪਹਿਲਾਂ ਮੁੱਕਣਾ ਚਾਹੀਦਾ ਸੀ। ਸਟੋਰ-ਮਾਲਕਾਂ ਦੀ ਨਿਗ੍ਹਾ ਕਰਿਸਮੱਸ ਦੇ ਦਿਨਾਂ 'ਚ ਹੋਣ ਵਾਲ਼ੀ ਗੱਫੇਦਾਰ ਕਮਾਈ 'ਤੇ ਲੱਗੀ ਹੋਈ ਸੀ। ਜੈਕ ਤੇ ਅਜੀਤ ਲਈ ਵੀ ਇਹ ਕਾਂਟਰੈਕਟ ਚੋਖੇ ਮੁਨਾਫੇ ਵਾਲ਼ਾ ਸੀ।... ਤੇ ਇਸ ਸਮੇਂ ਹਾਈਵੇ 'ਤੇ ਮਿਸੀਸਾਗਾ ਨੂੰ ਦੌੜੇ ਜਾ ਰਹੇ ਟਰੱਕ 'ਚ ਬੈਠੇ ਅਜੀਤ ਸਿੰਘ ਨੂੰ ਯਾਦ ਆ ਰਿਹਾ ਸੀ... ਉਨ੍ਹੀਂ ਦਿਨੀਂ ਉਸਦੇ ਮਨ 'ਚ ਇਹ ਖਿਆਲ, ਗੇਂਦ ਵਾਂਗ ਵਾਰ-ਵਾਰ ਉੱਭਰਿਆ ਸੀ ਕਿ ਜੇਕਰ 'ਡੌਲਰ ਐਂਡ ਡੌਲਰ' ਦਾ ਸਾਰਾ ਕਾਂਟਰੈਕਟ ਕਿਤੇ ਉਸਦਾ ਇਕੱਲੇ ਦਾ ਹੁੰਦਾ ਤਾਂ ਧੰਨ-ਧੰਨ ਹੋ ਜਾਣੀ ਸੀ।
ਤੇ ਫਿਰ ਇੱਕ ਦਿਨ ਉਹ, ਕੁਝ ਇਸ ਤਰ੍ਹਾਂ ਦੀ ਹੀ ਗੱਲ, ਜੈਕ ਦੇ ਮੂੰਹੋਂ ਸੁਣ ਰਿਹਾ ਸੀ, ''ਐਜੀਤ! ਮੈਂ ਸੋਚ ਰਿਹਾਂ ਕਿ... ਤੈਨੂੰ ਇੱਕ ਵੱਖਰਾ ਕਾਂਟਰੈਕਟ ਲੈ ਦੇਵਾਂ...।'' ਪਰ ਆਪਣੇ ਮਿੱਤਰ ਦੀਆਂ ਤਿੱਖੀਆਂ ਨਜ਼ਰਾਂ ਨੂੰ ਭਾਂਪਦਿਆਂ ਜੈਕ ਨੇ ਇੱਕਦਮ ਹੀ ਗੱਲ ਬਦਲ ਦਿੱਤੀ ਸੀ, ''ਫੌਰਗੈੱਟ ਅਬਾਊਟ ਇਟ, ਪਹਿਲਾਂ ਆਪਾਂ ਐਹ ਵਾਲ਼ਾ ਕਾਂਟਰੈਕਟ ਸਿਰੇ ਚਾੜ੍ਹ ਲਈਏ... ਫਿਰ ਦੇਖਾਂਗੇ।''
ਕਾਂਟਰੈਕਟ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਅਜੀਤ, ਜੈਕ, ਕਰਨ ਤੇ 'ਹੁੰਦਲ ਐਂਡ ਹੈਰੀਸਨ ਕੰਪਨੀ' ਦੇ ਸਾਰੇ ਕਰਮਚਾਰੀ ਪੱਬਾਂ ਭਾਰ ਹੋਏ ਪਏ ਸਨ। ਡਰਾਈਵਰ ਤੇ ਦਫਤਰੀ-ਸਟਾਫ, ਆਪਣੀ ਕੰਪਨੀ ਦੇ ਮਾਲਕਾਂ ਜੈਕ ਹੈਰੀਸਨ ਤੇ ਅਜੀਤ ਹੁੰਦਲ ਦੀ ਡਾਲਰ-ਕੁੱਟ ਬਿਰਤੀ ਨੂੰ ਨਿੰਦਦੇ ਹੋਏ ਥੱਕਣ-ਟੁੱਟਣ ਦੀਆਂ ਸ਼ਿਕਾਇਤਾਂ ਵੀ ਕਰੀ ਜਾਂਦੇ ਤੇ ਓਵਰਟਾਈਮ ਅਤੇ ਬੋਨਸ ਦੇ ਲਾਲਚ 'ਚ ਦਿਹਾੜੀਆਂ ਵੀ ਨਾ ਛੱਡਦੇ। ਪਰ ਜਦੋਂ ਉਨੀਂਦਰੇ ਕਾਰਨ ਕੁਝ ਡਰਾਈਵਰਾਂ ਦੀ ਬੇਬਸੀ ਹੋਣ ਲੱਗੀ ਤਾਂ ਉਨ੍ਹਾਂ ਨੂੰ ਰੈਸਟ ਦੇਣ ਲਈ ਅਜੀਤ, ਜੈਕ ਤੇ ਕਰਨ ਵੀ ਟਰੱਕਾਂ 'ਤੇ ਜਾਣ ਲੱਗੇ।
ਉਸ ਦਿਨ ਟੈਕਸਾਜ਼ ਦੇ ਵੇਅਰਹਾਊਸ ਵਿੱਚੋਂ ਤਿੰਨ ਟਰੱਕ ਇਕੱਠੇ ਹੀ ਚੱਲੇ। ਅਗਲੀ ਸਵੇਰ ਜਦ ਡੈਟਰੌਇਟ ਤੋਂ ਬਾਰਡਰ ਪਾਰ ਕਰਕੇ ਕਨੇਡਾ 'ਚ ਦਾਖਲ ਹੋਏ ਤਾਂ ਥੋੜ੍ਹੀ-ਥੋੜ੍ਹੀ ਫਰੀਜ਼ਿੰਗ-ਰੇਨ ਸ਼ੁਰੂ ਹੋ ਗਈ। ਲੰਡਨ ਪਹੁੰਚੇ ਤਾਂ ਵਧਣ ਲੱਗੀ। ਵਾਤਾਵਰਣ ਵੀ ਧੁੰਦਲ਼ਮਈ ਹੋ ਗਿਆ। ਉਨ੍ਹਾਂ ਹੌਲ਼ੀ-ਹੌਲ਼ੀ ਸਫ਼ਰ ਚਾਲੂ ਰੱਖਣ ਦਾ ਫੈਸਲਾ ਕੀਤਾ। ਮੌਸਮ ਦਾ ਤਾਂ ਆਉਣ ਵਾਲ਼ੇ ਦਿਨਾਂ ਵਿੱਚ ਏਹੀ ਹਾਲ ਰਹਿਣਾ ਸੀ। ਮਿਥੀ ਹੋਈ ਤਾਰੀਖ ਤੱਕ ਕੰਮ ਮੁਕਾਉਣਾ ਜ਼ਰੂਰੀ ਸੀ। ਨਾਲ਼ੇ ਬਾਕੀ ਟਰੈਫ਼ਿਕ ਵੀ ਤਾਂ ਚੱਲ ਹੀ ਰਿਹਾ ਸੀ।
ਕੈਂਬਰਿਜ ਲਾਗੇ ਕਰਨ ਨੂੰ, ਆਪਣੇ ਪਿੱਛੇ ਆ ਰਹੇ ਜੈਕ ਦੇ ਟਰੱਕ ਦਾ ਬਹੁਤ ਹੀ ਜ਼ੋਰਦਾਰ ਤੇ ਭਿਆਨਕ ਖੜਾਕ ਸੁਣਾਈ ਦਿੱਤਾ। ਸਾਈਡ-ਮਿਰਰ ਵਿੱਚੀਂ ਉਸਨੇ ਵੇਖਿਆ ਕਿ ਦੂਜੇ ਪਾਸਿਓਂ ਹੁਣੇ-ਹੁਣੇ ਲੰਘਿਆ ਇੱਕ ਟਰੱਕ ਫਰੀਜ਼ਿੰਗ-ਰੇਨ ਤੋਂ ਤਿਲ੍ਹਕ ਕੇ ਜੈਕ ਦੇ ਟਰੱਕ 'ਚ ਸਿੱਧਾ ਜਾ ਵੱਜਾ ਸੀ... ਬੜੀ ਹੀ ਇਹਤਿਆਤ ਨਾਲ਼ ਆਪਣਾ ਟਰੱਕ ਰੋਕ ਕੇ ਤਿਲ੍ਹਕਦਾ-ਸੰਭਲਦਾ ਕਰਨ ਜਦੋਂ ਸੀਨ 'ਤੇ ਪਹੁੰਚਾ ਤਾਂ ਵੇਖਿਆ ਕਿ ਇੰਜਣ ਦੇ ਵਿੱਚ ਨੂੰ ਧਸ ਜਾਣ ਕਾਰਨ ਜੈਕ ਤੇ ਉਸਦਾ ਡਰਾਈਵਰ ਗੈਰੀ ਸੀਟਾਂ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ। ਦੋਨਾਂ ਟਰੱਕਾਂ ਨੂੰ ਅੱਗ ਪੈ ਚੁੱਕੀ ਸੀ।
ਓਧਰ ਸਭ ਤੋਂ ਪਿੱਛੇ ਆ ਰਹੇ ਅਜੀਤ ਸਿੰਘ ਤੇ ਬਿੰਦਰ ਆਪਣਾ ਟਰੱਕ ਰੋਕ ਹੀ ਰਹੇ ਸਨ ਕਿ ਉਨ੍ਹਾਂ ਦੇ ਪਿੱਛੇ ਆ ਰਹੀ ਇੱਕ ਕਾਰ ਰੁਕਦੀ-ਰੁਕਦੀ ਉਨ੍ਹਾਂ ਦੀ ਟਰੇਲਰ 'ਚ ਵੱਜੀ ਤੇ ਉਸ ਤੋਂ ਪਿੱਛੇ ਆ ਰਹੀਆਂ ਤਿੰਨ ਕਾਰਾਂ ਬੇਕਾਬੂ ਹੋ ਕੇ ਆਪਸ 'ਚ ਭਿੜ ਗਈਆਂ। ਡਰਾਈਵ ਕਰ ਰਹੇ ਬਿੰਦਰ ਨੇ ਟਰੱਕ ਨੂੰ ਮਸਾਂ ਹੀ ਸਾਂਭਿਆ। ਥੱਲੇ ਉੱਤਰ ਕੇ ਉਸਦੇ ਕਾਹਲ਼ੇ ਕਦਮ ਪਿਛਾਂਹ ਕਾਰਾਂ ਵੱਲ ਨੂੰ ਉਠ ਗਏ ਤੇ ਅਜੀਤ ਸਿੰਘ ਸੈੱਲ-ਫੋਨ 'ਤੇ ਐਮਰਜੈਂਸੀ ਨੂੰ ਕਾਲ ਕਰਨ ਲੱਗ ਪਿਆ।
ਕਰਨ ਨੇ ਆਪਣੀਆਂ ਮਜ਼ਬੂਤ ਬਾਹਾਂ ਦੇ ਬਲ, ਕਰੋਅਬਾਰ ਨਾਲ਼ ਪਹਿਲਾਂ ਟਰੱਕ ਦਾ ਦਰਵਾਜ਼ਾ ਤੋੜਿਆ, ਫਿਰ ਅੰਦਰ ਪਹੁੰਚ ਕੇ ਸੀਟਾਂ ਦੀ ਧੂਹ-ਧੱਕ ਕੀਤੀ ਅਤੇ ਜੈਕ ਤੇ ਗੈਰੀ ਨੂੰ ਬਾਹਰ ਕੱਢ ਲਿਆ। ਵਿੰਡਸ਼ੀਲਡ ਦੇ ਸ਼ੀਸ਼ੇ ਵੱਜਣ ਨਾਲ਼ ਜੈਕ ਤੇ ਗੈਰੀ ਦੇ ਚਿਹਰੇ ਲਹੂ-ਲੁਹਾਣ ਹੋ ਚੁੱਕੇ ਸਨ। ਉਨ੍ਹਾਂ ਨੂੰ ਨਜ਼ਰਾਂ ਰਾਹੀਂ ਹੌਸਲਾ ਜਿਹਾ ਦੇਂਦਾ ਕਰਨ ਫੁਰਤੀ ਨਾਲ਼ ਉਸ ਟਰੱਕ 'ਤੇ ਜਾ ਚੜ੍ਹਿਆ, ਜਿਹੜਾ ਜੈਕ ਹੁਰਾਂ ਦੇ ਟਰੱਕ 'ਚ ਵੱਜਾ ਸੀ। ਅੰਦਰ ਵੜ ਕੇ ਉਸ ਨੇ ਵੇਖਿਆ ਕਿ ਅੱਗ ਦੀਆਂ ਲਪਟਾਂ ਤੋਂ ਭੈਭੀਤ ਹੋਇਆ ਡਰਾਈਵਰ ਬਾਹਰ ਨਿਕਲਣ ਲਈ ਤਰਲੇ ਮਾਰ ਰਿਹਾ ਸੀ ਪਰ ਪੈਰ ਬਰੇਕ-ਪੈਡਲ 'ਚ ਫਸਿਆ ਹੋਣ ਕਾਰਨ... ।
ਪਲ-ਪਲ ਵਧਦੀ ਜਾ ਰਹੀ ਅੱਗ ਵੱਲ ਦੇਖਦਿਆਂ ਚਿੰਤਤ ਹੋਏ ਅਜੀਤ ਸਿੰਘ ਦੇ ਉੱਚੀ-ਉਚੀ ਕਹੇ ਇਹ ਸ਼ਬਦ, ''ਕਰਨ! ਤੂੰ ਰਹਿਣ ਦੇ... ਰਹਿਣ ਦੇ, ਛੇਤੀ ਨਾਲ਼ ਬਾਹਰ ਆ ਜਾ'', ਕਰਨ ਨੇ ਜਿਵੇਂ ਅਣਸੁਣੇ ਕਰ ਦਿੱਤੇ ਹੋਣ। ਉਹ ਉਸ ਡਰਾਈਵਰ ਦਾ ਪੈਰ ਫਰੀ ਕਰਨ 'ਚ ਸਫਲ ਹੋ ਗਿਆ। ਉਦੋਂ ਤੱਕ ਅੱਗ ਚਾਰੇ ਪਾਸੇ ਫੈਲ ਚੁੱਕੀ ਸੀ... ਡਰਾਈਵਰ ਤਾਂ ਲਪਟਾਂ ਦੀ ਥੋੜ੍ਹੀ ਕੁ ਮਾਰ ਖਾ ਕੇ ਬਾਹਰ ਨਿਕਲ਼ ਆਇਆ ਪਰ ਕਰਨ ਦਾ, ਟੁੱਟ-ਮੁੱਚ ਚੁੱਕੇ ਦਰਵਾਜ਼ੇ ਵਿੱਚੋਂ ਪੈਰ ਉਖੜ ਗਿਆ ਤੇ ਉਹ ਅੱਗ ਦੀਆਂ ਲਪਟਾਂ ਦੇ ਵਿਚਕਾਰ ਡਿਗ ਪਿਆ।
ਮਿੰਟਾਂ 'ਚ ਹੀ ਆ ਪਹੁੰਚੀਆਂ ਅੱਗ ਬੁਝਾਉਣ ਵਾਲ਼ੀਆਂ ਗੱਡੀਆਂ ਤੇ ਐਂਬੂਲੈਂਸਾਂ ਦੇ ਕਾਮਿਆਂ ਨੇ ਕਰਨ ਨੂੰ ਅੱਗ ਦੀਆਂ ਲਪਟਾਂ ਚੋਂ ਕੱਢਿਆ ਤੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੈਲੀਕਾਪਟਰ ਰਾਹੀਂ ਹਸਪਤਾਲ 'ਚ ਜਾ ਪਹੁੰਚਾਇਆ। ਬਾਕੀ ਦੇ ਜ਼ਖਮੀ ਬੰਦਿਆਂ ਨੂੰ ਐਂਬੂਲੈਂਸਾਂ ਲੈ ਤੁਰੀਆਂ।
ਕਰਨ ਨੂੰ ਬਚਾਉਣ ਲਈ ਡਾਕਟਰਾਂ ਨੇ ਪੂਰੀ ਵਾਹ ਲਾਈ ਪਰ...।
ਅਜੀਤ ਸਿੰਘ ਦੇ ਘਰ ਹਾਹਾਕਾਰ ਮਚੀ ਹੋਈ ਸੀ। ''ਓ ਰੱਬਾ! ਇਹ ਤੂੰ ਕੀ ਕੀਤੈ... '' ਵਰਗੇ ਸ਼ਬਦਾਂ ਨਾਲ਼, ਆਹਾਂ ਭਰਦੇ ਲੋਕ ਦੌੜੇ ਚਲੇ ਆ ਰਹੇ ਸਨ।
ਹਨ੍ਹੇਰੇ ਤੇ ਹੰਝੂਆਂ ਨਾਲ਼ ਭਰੀਆਂ ਅੱਖਾਂ ਨੂੰ ਖਿਲਾਅ 'ਚ ਟਿਕਾਈ ਸੁਰਿੰਦਰ ਕੌਰ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਸੀ, ''ਕਰਨ, ਮੇਰੇ ਲਾਲ! ਕਿੱਧਰ ਚਲਾ ਗਿਐਂ ਤੂੰ... ਦੇਖ ਮੈਂ ਦਰਾਂ 'ਚ ਖੜ੍ਹੀ ਆਂ... ਤੇਰੇ ਸਿਰ ਤੋਂ ਪਾਣੀ ਵਾਰਨੈ... ।''
ਅਜੀਤ ਸਿੰਘ ਦੀਆਂ ਡੁਬਡੁਬਾਉਂਦੀਆਂ ਅੱਖਾਂ ਅੱਗੇ ਹਨ੍ਹੇਰਾ ਹੀ ਹਨ੍ਹੇਰਾ ਸੀ। ਦੁੱਖ 'ਚ ਤੜਪਦਾ-ਕਲਪਦਾ ਉਹ ਕਦੀ ਗੁੰਮ-ਸੁੰਮ ਹੋ ਜਾਂਦਾ ਤੇ ਕਦੀ ਬੇਸੁਰਤੀ ਜਿਹੀ 'ਚ ਬੁੜਬੁੜਾਉਣ ਲੱਗ ਪੈਂਦਾ, ''ਮੇਰੇ ਦੇਖਦਿਆਂ-ਦੇਖਦਿਆਂ ਹੀ ਸਭ ਕੁਝ ਵਾਪਰ ਗਿਐ... ਪੁੱਤਰਾ! ਤੇਰੀ ਮੰਮੀ ਮੈਨੂੰ ਮੁੜ-ਮੁੜ ਪੁੱਛ ਰਹੀ ਏ... ਮੇਰੇ ਕਰਨ ਨੂੰ ਕਿੱਥੇ ਛੱਡ ਆਇਐਂ? ... ਦੱਸ ਮੈਂ ਕੀ ਜਵਾਬ ਦਿਆਂ... ਕੋਈ ਭਲਾ ਏਨੀ ਛੇਤੀ ਵੀ ਜਾਂਦਾ ਹੁੰਦੈ... ।''
ਲੱਖੀ ਤੇ ਮੀਨੂੰ ਨੂੰ ਜਿਵੇਂ ਸਮਾਂ ਨਹੀਂ ਸੀ ਹੱਥ ਆ ਰਿਹਾ। ਹੰਝੂਆਂ-ਹਉਕਿਆਂ 'ਚ ਡੁੱਬੇ ਉਹ ਮੰਮੀ-ਡੈਡੀ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।
ਫੋਨ 'ਤੇ ਰਤਨ ਸਿੰਘ ਦੇ ਅਫਸੋਸ 'ਚ ਕਹੇ ਸ਼ਬਦ ਸੁਣਦਿਆਂ ਅਜੀਤ ਸਿੰਘ ਦੇ ਦਿਲ ਦੀ ਹੇਜਲੀ ਤਹਿ ਨਹੀਂ ਸੀ ਖੁੱਲ੍ਹੀ ਪਰ ਮਾਂ-ਪਿਉ ਦੇ ਕੰਬਦੇ ਬੋਲ ਤੇ ਸਿਸਕੀਆਂ ਸੁਣ ਕੇ ਉਸਦਾ ਦਿਲ ਕੁਰਲਾ ਉੱਠਿਆ ਸੀ।
ਦੂਰ-ਨੇੜੇ ਦੇ ਰਿਸ਼ਤੇਦਾਰ, ਦੋਸਤ-ਮਿੱਤਰ, ਟਰੱਕਰਜ਼ ਤੇ ਹੋਰ ਅਨੇਕਾਂ ਲੋਕ ਅਫਸੋਸ ਕਰਨ ਆਏ ਸਨ।
ਅਜੀਤ ਸਿੰਘ, ਸੁਰਿੰਦਰ ਕੌਰ, ਲੱਖੀ, ਮੀਨੂੰ, ਜੈਕ ਤੇ ਕੈਥੀ ਜਦੋਂ ਘਟਨਾ-ਸਥੱਲ 'ਤੇ ਫੁੱਲ ਰੱਖਣ ਗਏ ਤਾਂ ਦਿਲ-ਟੁੰਬਵੇਂ ਦ੍ਰਿਸ਼ ਨੂੰ ਵੇਖ ਕੇ ਉਨ੍ਹਾਂ ਦੇ ਹਿਰਦਿਆਂ 'ਚ ਉੱਛਲ਼ਿਆ ਮਾਣ ਅੱਖਾਂ ਰਾਹੀਂ ਵਹਿ ਤੁਰਿਆ- ਹਾਈਵੇ ਦੇ ਨਾਲ਼-ਨਾਲ਼, ਦੂਰ ਤੱਕ, ਅਨੇਕਾਂ ਲੋਕਾਂ ਵੱਲੋਂ ਸਜਾਏ ਢੇਰ ਸਾਰੇ ਫੁੱਲ ਅਤੇ ਫੁੱਲਾਂ ਨਾਲ਼ ਟੁੰਗੇ ਹੋਏ ਮੋਹ-ਭਰੇ ਸ਼ਬਦ, ਜਿੱਥੇ ਕਰਨ ਦੇ ਭਰ-ਜੁਆਨੀ 'ਚ ਟੁਰ ਜਾਣ ਦਾ ਸੋਗ ਮਨਾ ਰਹੇ ਸਨ, ਉੱਥੇ ਤਿੰਨ ਜਾਨਾਂ ਬਚਾਉਣ ਲਈ ਉਸਦੇ ਗੌਰਵਮਈ ਕਰਤਵ ਨੂੰ ਸਜਦੇ ਵੀ ਕਰ ਰਹੇ ਸਨ।
ਫਿਊਨਰਲ ਤੋਂ ਕੁਝ ਹਫਤੇ ਬਾਅਦ, ਇੱਕ ਦਿਨ ਟਰੱਕ-ਯਾਰਡ 'ਚ ਖਲੋਤਿਆਂ ਜੈਕ ਨੇ ਅਜੀਤ ਨਾਲ਼ ਗੱਲ ਛੇੜੀ ਸੀ, ''ਐਜੀਤ! ਲੈਖੀ ਤੇ ਮੀਨੂੰ ਤੁਹਾਡੇ ਵਿੱਚ ਪਰਤਣਾ ਚਾਹੁੰਦੇ ਨੇ।''
ਅਜੀਤ ਸਿੰਘ ਅੰਦਰ ਇੱਕਦਮ ਹੀ ਉਬਾਲ਼ ਉੱਠਿਆ ਸੀ... ਇੱਕੋ ਸਮੇਂ ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਉਬਾਲ਼, ਉਸਨੂੰ ਸਹਿਲਾਉਂਦਾ ਵੀ ਤੇ ਸਾੜਦਾ ਵੀ... ਲੱਖੀ ਦਾ ਕੋਈ ਮੁਹਾਂਦਰਾ ਉਸਦੇ ਕੋਲ਼ ਆ ਖਲੋਂਦਾ ਤੇ ਕੋਈ ਪਰ੍ਹਾਂ ਚਲੇ ਜਾਂਦਾ... ਲੱਖੀ ਦਾ ਬਚਪਨ, ਉਸਦੀ ਜਵਾਨੀ, ਉਸਦਾ ਕੰਮ 'ਚ ਜੁਟਣਾ, ਉਸ ਵੱਲੋਂ ਅਜੀਤ ਸਿੰਘ ਦੇ, ਸੁਪਨਿਆਂ ਵੱਲ ਵਧਦੇ, ਕਦਮਾਂ ਨੂੰ ਮਜ਼ਬੂਤ ਕਰਨਾ... ਤੇ ਫਿਰ ਵਿਆਹ ਤੋਂ ਬਾਅਦ ਉਸਦਾ ਰੰਗ-ਢੰਗ ਹੀ ਬਦਲ ਜਾਣਾ... । ਅਜੀਤ ਸਿੰਘ ਨੂੰ ਇੰਜ ਲੱਗਾ ਜਿਵੇਂ ਉਸ 'ਤੇ ਗੱਡੀਆਂ ਜੈਕ ਦੀਆਂ ਅੱਖਾਂ ਕਹਿ ਰਹੀਆਂ ਹੋਣ, 'ਹੇਅ ਮੈਨ! ਕੁਝ ਬੋਲੇਂਗਾ ਵੀ ਜਾਂ ਸੋਚੀ ਹੀ ਜਾਏਂਗਾ?'... ਤੇ ਅੰਦਰਲੀ ਉੱਥਲ-ਪੁੱਥਲ ਵਿੱਚੋਂ ਆਪਣੀ ਹੋਂਦ ਤੇ ਸਮਰੱਥਾ ਟੋਂਹਦਾ ਅਜੀਤ ਸਿੰਘ ਬੋਲਿਆ ਸੀ, ''ਜੈਕ! ਤੂੰ ਜਾਣਦਾ ਹੀ ਏਂ, ਸਾਡੇ ਤੇ ਉਨ੍ਹਾਂ ਦੇ ਲਾਈਫ-ਸਟਾਈਲ 'ਚ ਕਿੰਨਾ ਫਰਕ ਏ... ਚਲੋ ਉਹ ਆਪਣੀ ਥਾਂ ਖੁਸ਼ ਰਹਿਣ ਤੇ ਅਸੀਂ ਆਪਣੀ ਥਾਂ ਜਿਵੇਂ ਵੀ ਹਾਂ... ਠੀਕ ਹਾਂ।''
''ਔਲਰਾਈਟ ਐਜੀਤ! ਪਰ ਤੂੰ ਆਪਣੇ ਆਪ ਨੂੰ 'ਕੱਲਾ ਨਾ ਮਹਿਸੂਸ ਕਰੀਂ।'' ਅਗਲੇ ਪਲ ਜੈਕ ਦੇ ਹੱਥ ਅਗਾਂਹ ਵਧੇ, ''ਮੇਰੇ ਇਨ੍ਹਾਂ ਹੱਥਾਂ ਨੂੰ ਤੂੰ ਕਰਨ ਦੇ ਹੱਥ ਸਮਝੀਂ... ਆਪਾਂ ਕੰਪਨੀ ਚਲਦੀ ਰੱਖਾਂਗੇ।'' ਜੈਕ ਦੇ ਚਿਹਰੇ 'ਤੇ ਝਲਕਦੇ ਮੋਹ ਭਰੇ ਹਾਵ-ਭਾਵ ਅਤੇ ਅੱਖਾਂ ਵਿੱਚ ਛਲਕਦੇ ਅੱਥਰੂ ਵੇਖਦਿਆਂ ਅਜੀਤ ਦੇ ਨੈਣੀਂ ਵੀ ਨੀਰ ਭਰ ਆਇਆ। ਉਸਨੇ ਜੈਕ ਦੇ ਹੱਥ, ਆਪਣੇ ਹੱਥਾਂ 'ਚ ਲੈ ਕੇ ਛਾਤੀ ਨਾਲ਼ ਘੁੱਟ ਲਏ... ਹਿਰਦੇ ਅੰਦਰ ਠੰਢ ਜਿਹੀ ਮਹਿਸੂਸ ਕਰਦਿਆਂ ਉਸਦੀ ਨਿਗ੍ਹਾ ਯਾਰਡ 'ਚ ਘੁੰਮ ਗਈ... ਉਸਨੂੰ ਇੰਜ ਲੱਗਾ ਜਿਵੇਂ ਯਾਰਡ ਦੀ ਸੰਘਣੀ ਚੁੱਪ 'ਚ ਖਲੋਤੇ ਟਰੱਕ ਸੜਕਾਂ ਵੱਲ ਨੂੰ ਤਾਂਘ ਰਹੇ ਹੋਣ।
ਸੜਕਾਂ ਨਾਲ਼ ਗੁਫ਼ਤਗੂ ਕਰਦਾ, ਕਲੀਵਲੈਂਡ ਤੋਂ ਚੱਲਿਆ ਟਰੱਕ 'ਹੁੰਦਲ ਐਂਡ ਹੈਰੀਸਨ ਕੰਪਨੀ' ਦੇ ਟਰੱਕ-ਯਾਰਡ 'ਚ ਪਹੁੰਚ ਚੁੱਕਾ ਸੀ। ਅਜੀਤ ਸਿੰਘ ਨੇ ਥੱਲੇ ਉੱਤਰ ਕੇ ਬਿੰਦਰ ਨੂੰ ਲੋਡ ਲਾਹੁਣ ਤੋਰ ਦਿੱਤਾ ਤੇ ਆਪ ਨਾਲ਼ ਲਗਦੇ ਦਫ਼ਤਰ ਵੱਲ ਨੂੰ ਹੋ ਗਿਆ। ਜੈਕ ਤਿਆਰ ਬੈਠਾ ਸੀ। ਉਹ ਘਰ ਨੂੰ ਚੱਲ ਪਏ।
ਲਿਵਿੰਗ-ਰੂਮ 'ਚ ਬਹਿੰਦਿਆਂ ਅਜੀਤ ਸਿੰਘ ਨੇ ਸੁਰਿੰਦਰ ਕੌਰ ਨੂੰ ਚਾਹ ਬਨਾਉਣ ਲਈ ਕਿਹਾ ਤੇ ਆਪ ਕੌਫੀ-ਟੇਬਲ 'ਤੇ ਪਈ ਮੇਲ ਦੇਖਣ ਲੱਗ ਪਿਆ। ਸਭ ਤੋਂ ਉੱਪਰ, ਲਿਫਾਫੇ 'ਚੋਂ ਕੱਢੀ ਸਰਕਾਰੀ ਚਿੱਠੀ ਪਈ ਸੀ। ਪੜ੍ਹਦਿਆਂ ਸਾਰ ਹੀ ਅਜੀਤ ਸਿੰਘ ਦਾ ਚਿਹਰਾ ਲਿਸ਼ਕ ਪਿਆ... ਦਿਲ ਅੰਦਰ ਮਾਣ ਦੀਆਂ ਛੱਲਾਂ ਉੱਠ ਪਈਆਂ... ਬੇਮੁਹਾਰੇ ਵੇਗ ਵਿੱਚ ਉਸਦੇ ਮੂੰਹੋਂ, ''ਵਾਹ ਓਏ ਪੁੱਤਰਾ! ਵਾਹ ਓਏ ਪੁੱਤਰਾ... ।'' ਨਿਕਲ਼ ਗਿਆ।
ਸਾਹਮਣੇ ਬੈਠਾ, ਅਜੀਤ ਨੂੰ ਤੱਕ ਰਿਹਾ, ਜੈਕ ਡਾਢਾ ਹੀ ਉਤਸੁਕ ਹੋ ਰਿਹਾ ਸੀ। ਮੁਸਕਰਾਹਟ ਕੇਰਦੇ ਅਜੀਤ ਨੇ ਚਿੱਠੀ ਉਸ ਵੱਲ ਵਧਾ ਦਿੱਤੀ।
ਚਿੱਠੀ ਦੇ ਅੱਖਰਾਂ ਨੇ ਜੈਕ ਨੂੰ ਉਮਾਹ ਨਾਲ਼ ਭਰ ਦਿੱਤਾ... ਅਥਾਹ ਜੋਸ਼ ਵਿੱਚ ਬਾਹਾਂ ਉਲਾਰਦਾ ਉਹ ਸੋਫੇ ਤੋਂ ਉੱਠ ਖਲੋਇਆ ਤੇ ਬੋਲਿਆ, ''ਇਟ'ਸ ਗਰੇਟ... ਆਪਣੇ ਕਰਨ ਨੂੰ ਕਨੇਡਾ ਸਰਕਾਰ ਨੇ ਸਿਵਲੀਅਨ ਸਾਇਟੇਸ਼ਨ ਐਵਾਰਡ ਨਾਲ਼ ਸਨਮਾਨਿਆਂ ਏ।'' ਉਸਦੇ ਹੱਥ ਕੋਨੇ 'ਚ ਪਏ ਫੋਨ ਵੱਲ ਵਧੇ। ਪਹਿਲਾਂ ਲੱਖੀ ਤੇ ਫਿਰ ਕੈਥੀ ਨੂੰ ਦੱਸਣ ਉਪਰੰਤ ਉਸਨੇ ਖਾਸ-ਖਾਸ ਟਰੱਕਰ ਦੋਸਤਾਂ ਦੇ ਨੰਬਰ ਮਿਲਾਉਣੇ ਸ਼ੁਰੂ ਕਰ ਦਿੱਤੇ।
ਅਜੀਤ ਸਿੰਘ ਦੇ ਚਿਹਰੇ 'ਤੇ ਵੀ ਜੋਸ਼ ਠਾਠਾਂ ਮਾਰਨ ਲੱਗਾ। ਏਨੇ ਨੂੰ ਸੁਰਿੰਦਰ ਕੌਰ ਨੇ ਚਾਹ ਵਾਲ਼ੀ ਟਰੇਅ ਟੇਬਲ 'ਤੇ ਲਿਆ ਧਰੀ। ਪਤਨੀ ਵੱਲ ਮਾਣ ਨਾਲ਼ ਤੱਕਦਿਆਂ ਉਹ ਬੋਲਿਆ, ''ਸੁਰਿੰਦਰ! ਦੇਖ ਲੈ... ਕਰਨ ਸਾਡਾ ਹੀ ਨਹੀਂ, ਸਾਰੀ ਇੰਡੋ-ਕਨੇਡੀਅਨ ਕਮਿਊਨਿਟੀ ਦਾ ਸਿਰ ਉੱਚਾ ਕਰ ਗਿਐ... ਮੀਡੀਏ 'ਚ ਖ਼ਬਰ ਆਉਣ ਦੀ ਦੇਰ ਏ, ਸਾਡਾ ਸ਼ੇਰ ਪੁੱਤਰ ਹਰ ਕਨੇਡੀਅਨ ਦੇ ਮਨ 'ਤੇ ਛਾ ਜਾਏਗਾ,'' ਅਜੀਤ ਸਿੰਘ ਨੂੰ ਸੁਰਿੰਦਰ ਕੌਰ ਦਾ ਬੁਝਿਆ-ਬੁਝਿਆ ਚਿਹਰਾ ਹੋਰ ਹੀ ਤਰ੍ਹਾਂ ਦਾ ਲੱਗਾ। ਗਿਲੇ ਦੇ ਰਉਂ 'ਚ ਉਹ ਬੋਲਿਆ, ''ਏਡੀ ਸ਼ਾਨਦਾਰ ਖ਼ਬਰ ਏ ਤੇ ਤੂੰ... ਤੈਨੂੰ ਤਾਂ ਚਾਹੀਦਾ ਸੀ ਕਿ ਚਿੱਠੀ ਪੜ੍ਹ ਕੇ ਉਸੇ ਵੇਲੇ ਮੈਨੂੰ ਫੋਨ ਕਰਦੀ... ।''
''ਦਿਲ 'ਚ ਤਾਂ ਆਈ ਸੀ ਕਿ ਤੁਹਾਨੂੰ ਫੋਨ ਕਰਾਂ, ਜੈਕ ਅਤੇ ਹੋਰਨਾਂ ਨੂੰ ਵੀ ਦੱਸਾਂ... ਪਰ ਫਿਰ ਸੋਚਿਆ, ਜਦ ਸਾਡਾ ਸਰੂ ਵਰਗਾ ਜਵਾਨ ਪੁੱਤ ਹੀ ਨਹੀਂ ਰਿਹਾ ਤਾਂ ਕੀ ਕਰਨਾ ਇਸ ਐਵਾਰਡ ਨੂੰ। ਜੇ ਅੱਜ ਕਰਨ ਜਿਉਂਦਾ ਹੁੰਦਾ... ਆਪਣੇ ਹੱਥੀਂ ਇਨਾਮ ਲੈਂਦਾ... ਰੱਜ-ਰੱਜ ਖੁਸ਼ੀਆਂ ਮਾਣਦਾ... ਅਸੀਂ ਵੀ ਉਸ ਨਾਲ਼ ਉਡੇ ਫਿਰਦੇ... ।'' ਸੁਰਿੰਦਰ ਕੌਰ ਦਾ ਗਲ਼ਾ ਭਰ ਆਇਆ।
ਅਜੀਤ ਸਿੰਘ ਦਾ ਜੋਸ਼ ਵੀ ਧੂੰਏਂ ਜਿਹੇ 'ਚ ਬਦਲ ਗਿਆ... ਸੋਫੇ ਤੋਂ ਉੱਠ ਕੇ ਉਹ ਦੀਵਾਰ 'ਤੇ ਲੱਗੀ ਤਸਵੀਰ ਮੂਹਰੇ ਜਾ ਖਲੋਇਆ। ਉਸਦੇ ਦੋਵੇਂ ਹੱਥ ਇੰਜ ਵਧੇ ਜਿਵੇਂ ਉਹ ਤਸਵੀਰ 'ਚ ਮੁਸਕਰਾ ਰਹੇ ਕਰਨ ਨੂੰ ਬਾਹਾਂ 'ਚ ਲੈ ਕੇ ਉਸਦਾ ਮੱਥਾ ਚੁੰਮਣ ਜਾ ਰਿਹਾ ਹੋਵੇ... ਉਸਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਸਦੀਆਂ ਅੱਖਾਂ ਛਲਕ ਪਈਆਂ। ਉਸ ਵੱਲ ਵੇਖਦਿਆਂ ਸੁਰਿੰਦਰ ਕੌਰ ਦਾ ਵੀ ਰੋਣ ਨਿਕਲ਼ ਗਿਆ... ।
ਜੈਕ ਨੇ ਫੋਨ ਬੰਦ ਕਰ ਦਿੱਤਾ। ਆਪਣੇ ਹੱਥ ਅਜੀਤ ਸਿੰਘ ਤੇ ਸੁਰਿੰਦਰ ਕੌਰ ਦੇ ਮੋਢਿਆਂ 'ਤੇ ਧਰਦਾ ਉਹ ਬੋਲਿਆ, ''ਐਜੀਤ! ਸੁਰੇਂਦਰ! ਮੈਂ ਤੁਹਾਡੇ ਦਰਦ ਨੂੰ ਸਮਝਦਾ ਹਾਂ... ਪਰ ਆਪਾਂ ਨੂੰ ਮਾਣ ਹੈ ਕਿ ਆਪਣਾ ਕਰਨ ਅੱਜ ਕਨੇਡਾ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਚਲਾ ਗਿਐ।''
''ਪਰ ਸਾਡੇ ਇਤਿਹਾਸ 'ਚ ਤਾਂ ਹੁਣ ਹਨ੍ਹੇਰਾ ਹੀ ਹਨ੍ਹੇਰਾ ਏ।'' ਸੁਰਿੰਦਰ ਕੌਰ ਦੀ ਆਵਾਜ਼ ਦਰਦ ਨਾਲ਼ ਭਰੀ ਹੋਈ ਸੀ।
ਜੈਕ ਦੇ ਚਿਹਰੇ 'ਤੇ ਗੌਰਵ ਝਲਕ ਰਿਹਾ ਸੀ। ਉਮਾਹ ਭਰੀ ਆਵਾਜ਼ 'ਚ ਉਹ ਬੋਲਿਆ, ''ਹਨ੍ਹੇਰੇ ਵਿੱਚ ਵੀ ਲੋਅ ਹੁੰਦੀ ਏ... ਤਾਰਿਆਂ ਦੀ ਲੋਅ।''

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

ਪੰਜਾਬੀ ਕਹਾਣੀਆਂ (ਮੁੱਖ ਪੰਨਾ)