Satte De Satte Ajoobe (Punjabi Story) : Navtej Singh
ਸੱਤੇ ਦੇ ਸੱਤੇ ਅਜੂਬੇ (ਕਹਾਣੀ) : ਨਵਤੇਜ ਸਿੰਘ
“ਕਾਲੀ ਸੜਕ ਤੋਂ ਦੂਰ,” ਰਾਜਿੰਦਰ ਨੇ ਆਪਣਾ ਮਨ-ਭਾਂਦਾ ਫ਼ਿਕਰਾ ਦੁਹਰਾਇਆ। ਬੜੀ ਸੁਹਣੀ ਥਾਂ ਸੀ, ਪੂਰੀ ਇਕਾਂਤ ਤੇ ਸਭਿਅਤਾ ਦੇ ਰੌਲੇ-ਗੌਲੇ ਤੋਂ ਪਰ੍ਹਾਂ— ਇਥੇ ਅਖ਼ਬਾਰ ਵੀ ਨਹੀਂ ਸੀ ਆਉਂਦੀ।
“ਨਾਸ਼ਤੇ ਵੇਲੇ ਹੁਣ ਅਸਾਂ ਸਿਰਫ਼ ਦੁੱਧ ਹੀ ਪੀਆਂਗੇ, ਤੇ ਕਾਲੀ ਅਖ਼ਬਾਰ ਨਹੀਂ ਪੀਆਂਗੇ—ਦੁੱਧ ਜਾਂ ਤੇਰੇ ਬੁੱਲ੍ਹਾਂ ਦਾ ਮਾਖਿਓਂ ਤੇ ਬਸ,” ਉਹਨੇ ਬੜੇ ਲਾਡ ਨਾਲ ਆਪਣੀ ਵਹੁਟੀ ਲੀਲਾ ਵੱਲ ਤਕਦਿਆਂ ਕਿਹਾ।
ਤੇ ਇਥੇ ਰੇਲ ਨਹੀਂ ਸੀ, ਟਰਾਮ ਨਹੀਂ ਸੀ, ਤੇ ਬਰਫ਼ ਦੁਕਾਨਾਂ ਉੱਤੇ ਨਹੀਂ ਸੀ ਵਿਕਦੀ, ਸਗੋਂ ਸਾਹਮਣੇ ਪਹਾੜਾਂ ਉੱਤੇ ਖਿੰਡੀ ਪਈ ਸੀ; ਤੇ ਸਿਆਸੀ ਨਾਅਰੇ ਨਹੀਂ ਸਨ, ਮਿਲਣ ਵਾਲਿਆਂ ਲਈ ਬਾਹਰ ਬੂਹੇ ਉੱਤੇ ਟੱਲੀ ਨਹੀਂ ਸੀ, ਤੇ ਕਾਤਲ ਦੀ ਜ਼ਮੀਰ ਵਾਂਗ ਪਲੇ ਪਲੇ ਟੈਲੀਫ਼ੋਨ ਟਰਾਂ ਟਰਾਂ ਨਹੀਂ ਸੀ ਕਰਦਾ; ਸਿਰਫ਼ ਇਕ ਪਹਾੜੀ ਨਾਲਾ ਨਿੰਮੇ-ਨਿੰਮੇ ਸਾਜ਼-ਸੰਗੀਤ ਨਾਲ ਵਹਿ ਰਿਹਾ ਸੀ, ਤੇ ਵਹੀ ਜਾ ਰਿਹਾ ਸੀ।
“ਬੀਐਤ੍ਰਿਸ”—ਰਾਜਿੰਦਰ ਨੇ ਅਨੋਖੀ ਲਟਕ ਨਾਲ ਕਿਹਾ। ਜਦੋਂ ਉਹਦੀ ਖੁਸ਼ੀ ਦਾ ਕੋਈ ਹੱਦ ਬੰਨਾ ਨਹੀਂ ਸੀ ਰਹਿੰਦਾ, ਤਾਂ ਉਹ ਆਪਣੀ ਵਹੁਟੀ ਲੀਲਾ ਨੂੰ ਇਸ ਅੰਦਾਜ਼ ਵਿਚ ਬੀਐਤ੍ਰਿਸ ਕਹਿੰਦਾ ਹੁੰਦਾ ਸੀ—ਬੀਐਤ੍ਰਿਸ, ਮਹਾਨ ਕਵੀ ਡਾਂਟੇ ਦੀ ਪ੍ਰੇਮਕਾ।
ਤੇ ਏਥੇ ਡਾਕਖਾਨਾ ਨਹੀਂ ਸੀ। ਖ਼ਤ ਨਹੀਂ ਆਉਣਗੇ, ਅਣਜੁਆਬੇ ਪਏ ਖ਼ਤਾਂ ਦੇ ਡਰਾਉਣੇ ਸੁਪਨੇ ਨਹੀਂ ਆਉਣਗੇ, ਫ਼ਿਲਮ ਕੰਪਨੀਆਂ ਤੇ ਪ੍ਰਕਾਸ਼ਕਾਂ ਕੋਲੋਂ ਉਹਦੀਆਂ ਕਵਿਤਾਵਾਂ ਲਈ ਚਿੱਠੀਆਂ ਨਹੀਂ ਆਉਣਗੀਆਂ, ਤੇ ਕੋਈ ਐਡੀਟਰ ਉਹਦੇ ਕੀਤੇ ਤੇ ਤੋੜੇ ਇਕਰਾਰਾਂ ਦਾ ਉਹਨੂੰ ਚੇਤਾ ਨਹੀਂ ਕਰਾਏਗਾ।
“ਬੀਐਤ੍ਰਿਸ—ਅਸੀਂ ਕੁਦਰਤ ਨੂੰ ਮਿਲਾਂਗੇ, …ਅਣਛੋਹੀ ਕੁਦਰਤ ਆਪਣੇ ਨੰਗੇ ਰੂਪ ਵਿਚ। ਉਨ੍ਹਾਂ ਪਹਾੜਾਂ ਉੱਤੇ ਹਿਰਨਾਂ ਵਾਂਗ ਚੁੰਗੀਆਂ ਭਰਾਂਗੇ। ਤੇ ਆਲੇ-ਦੁਆਲੇ ਮਹਿਕ ਦਾ ਇਕ ਹੜ੍ਹ ਹੋਏਗਾ! ਮਹਿਕ ਦੇ ਨਸ਼ੇ ਵਿਚ ਮਸਤ ਅਸੀਂ ਇਹਦਾ ਸੋਮਾਂ ਖੋਜਾਂਗੇ—ਇਸ ਗੱਲੋਂ ਅਣਭੋਲ ਕਿ ਇਹ ਮਹਿਕ ਤੇਰੇ ਅੰਦਰਲੀ ਕਸਤੂਰੀ ਦੀ ਹੀ ਏ!”
ਉਹਦੀ ਵਹੁਟੀ ਲੀਲਾ ਦੀਆਂ ਅੱਖਾਂ ਵਿਚ ਸਰੂਰ ਆ ਗਿਆ, ਪਰ ਰਾਜਿੰਦਰ ਨੇ ਉਹ ਅੱਖਾਂ ਨਾ ਤੱਕੀਆਂ; ਉਹਨੂੰ ਆਪਣੀ ਸਹਿਜ ਸੁਭਾਅ ਕਹੀਆਂ ਸਤਰਾਂ ਵਿਚ ਇਕ ਬੜੀ ਸੁਹਣੀ ਕਵਿਤਾ ਦੀ ਨੁਹਾਰ ਉਘੜਦੀ ਜਾਪੀ—ਕਵਿਤਾ ਜਿਹੜੀ ਕਈ ਥਾਈਂ ਅਨੁਵਾਦ ਹੋ ਕੇ ਵੀ ਛਪ ਸਕਦੀ ਸੀ। ਕਵਿਤਾ ਦੀ ਵੀ ਕਹੀ ਦਾਤ ਹੈ, ਉਹਨੇ ਮਾਣ ਤੇ ਤਸੱਲੀ ਨਾਲ ਸੋਚਿਆ। ਦੋ ਬੱਚਿਆਂ, ਉਨ੍ਹਾਂ ਦੀ ਆਇਆ, ਤੇ ਮੇਰੇ ਤੇ ਲੀਲਾ ਦੇ ਬੰਬਈ ਤੋਂ ਏਨੀ ਦੂਰ ਆਉਣ ਉੱਤੇ ਜਿੰਨਾ ਰੁਪਿਆ ਖਰਚ ਹੋਇਆ ਸੀ, ਉਹ ਸਿਰਫ਼ ਏਸ ਫੁਰਨੇ ਨੂੰ ਲਫ਼ਜ਼ਾਂ ਦੀ ਪੁਸ਼ਾਕ ਪੁਆ ਕੇ ਕਮਾਇਆ ਜਾ ਸਕਦਾ ਸੀ। ਤੇ ਇਹ ਕਵਿਤਾ ਥਾਂ-ਥਾਂ ਗੰਵੀਂ ਜਾਏਗੀ— ਫ਼ਿਲਮ, ਰੇਡੀਓ, ਰੀਕਾਰਡ,—ਤੇ ਰਾਜਿੰਦਰ ਕੁਝ ਗੁਣਗੁਣਾਨ ਲੱਗ ਪਿਆ।
“ਬੀਐਤ੍ਰਿਸ—ਅੱਜ ਤੂੰ ਉਹੀ ਪੁਸ਼ਾਕ ਪਾਈਂ ਜਿਹੜੀ ਡਾਂਟੇ–ਬੀਐਤ੍ਰਿਸ ਦੀ ਤਸਵੀਰ ਤੋਂ ਸਕੈਚ ਕਰਵਾ ਕੇ ਉਸ ਮੇਮ ਕੋਲੋਂ ਤੈਨੂੰ ਮੈਂ ਸਵਾ ਕੇ ਦਿੱਤੀ ਸੀ। ਛੋਟੀ ਬੇਬੀ ਤੇ ਸ਼ੈਲਾ ਆਇਆ ਦੇ ਹਵਾਲੇ ਕਰ ਦੇ, ਤੇ ਅਸੀਂ ਏਸ ਸੁੱਚੀ ਕੁਦਰਤ ਵਿਚ ਗੁਆਚ ਜਾਈਏ। ਆ, ਓਸ ਸਾਹਮਣੀ ਪਹਾੜੀ ਉੱਤੇ ਚੱਲੀਏ। ਕਿੰਨੀ ਸੁਥਰੀ, ਸੁਰ ਤੇ ਲੈਅ ਤਾਲ ਵਿਚ ਪੂਰੀ ਜਾਪਦੀ ਏ। ਸੱਜੇ ਪਾਸਿਓਂ ਕੁਝ ਤੋਲ ਘੱਟ ਸੀ—ਉਹ ਡੁੱਬਦੇ ਸੂਰਜ ਨੇ ਪੂਰਾ ਕਰ ਦਿੱਤਾ ਏ।...
“ਪਰ ਉਹ ਖੱਬੇ ਪਾਸੇ ਤਾਂ ਵੇਖ! ਇਕ ਨਿੱਕਾ ਜਿਹਾ ਜੰਗਲ। ਅੱਜ ਦੇ ਰੌਂ ਮੂਜਬ ਇਹ ਚੰਗਾ ਰਹੇਗਾ—ਖੁਲ੍ਹੀ ਕਵਿਤਾ ਵਰਗਾ ਏ। ਮੈਂ ਕਈ ਵਾਰ ਸੋਚਿਆ ਏ ਕਿ ਖੁਲ੍ਹੀ ਕਵਿਤਾ ਵਿਚ ਜੰਗਲ ਵਰਗੀ ਖੂਬਸੂਰਤੀ ਹੁੰਦੀ ਏ, ਤੇ ਛੰਦ-ਪੂਰਤ ਕਵਿਤਾ ਵਿਚ ਇਕ ਸੁਹਣੇ ਬਾਗ ਵਰਗੀ,” ਤੇ ਉਹਨੇ ਆਪਣੇ ਮਨ ਦੀ ਮਨ ਵਿਚ ਨੋਟ ਕੀਤਾ ਕਿ ਇਹ ਫ਼ਿਕਰੇ ਕਿਸੇ ਲੈਕਚਰ ਜਾਂ ‘ਮੈਂ ਕਵਿਤਾ ਕਿਵੇਂ ਲਿਖਦਾ ਹਾਂ’ ਬਾਰੇ ਲਿਖੇ ਲੇਖ ਵਿਚ ਚੰਗੀ ਤਰ੍ਹਾਂ ਵਰਤੇ ਜਾ ਸਕਦੇ ਸਨ।
“ਤੇ ਤੂੰ ਓਸ ਖੁਲ੍ਹੀ ਕਵਿਤਾ ਵਰਗੇ ਕੁਆਰੇ ਜੰਗਲ ਵਿਚ, ਬੀਐਤ੍ਰਿਸ ਦੇ ਰੂਪ ਵਿਚ, ਏਸ ਦੇਰ ਨਾਲ ਜਨਮੇ ਡਾਂਟੇ ਦੇ ਨਾਲ...” ਤੇ ਰਾਜਿੰਦਰ ਨੇ ਬੜੇ ਅੰਦਾਜ਼ ਨਾਲ ਲੀਲਾ ਨੂੰ ਆਪਣੀ ਜੱਫੀ ਵਿਚ ਲੈ ਲਿਆ, “ਮੈਂ ਬੜੀ ਦੁਨੀਆਂ ਗਾਹੀ ਏ। ਕਹਿੰਦੇ ਨੇ ਦੁਨੀਆਂ ਵਿਚ ਸੱਤ ਅਜੂਬੇ ਨੇ। ਇਨ੍ਹਾਂ ਵਿਚੋਂ ਕਈ ਮੈਂ ਤਕੇ ਵੀ ਨੇ—ਰੋਮ ਦਾ ਕੋਲੀਜ਼ੀਅਮ, ਪੀਸਾ ਦਾ ਉਲਾਰ ਮੀਨਾਰ, ਚੀਨ ਦੀ ਵੱਡੀ ਕੰਧ ਤੇ ਇਕ ਅੱਧ ਹੋਰ, ਪਰ ਏਥੇ ਤੇਰੇ ਨਾਲ ਆ ਕੇ ਇੰਜ ਜਾਪਦਾ ਏ—ਐਂਵੇਂ ਭਟਕਦਾ ਰਿਹਾ ਆਂ ਦੇਸ-ਪ੍ਰਦੇਸ। ਏਸ ਕੁਆਰੇ ਪਹਾੜੀ ਇਲਾਕੇ ਦੀ ਕੁਦਰਤ ਦੀ ਜੱਫੀ ਵਿਚ ਦੋ ਪਿਆਰੇ—ਡਾਂਟੇ ਤੇ ਬੀਐਤ੍ਰਿਸ; ਏਦੂੰ ਵੱਧ ਅਨੋਖੀ ਦੁਨੀਆਂ ਉੱਤੇ ਕੋਈ ਝਾਤੀ ਨਹੀਂ,” ਤੇ ਉਹਨੇ ਲੀਲਾ ਨੂੰ ਚੁੰਮਦਿਆਂ ਦੁਹਰਾਇਆ, “ਕੋਈ ਨਹੀਂ...”
ਬਾਰੀ ਖੁੱਲ੍ਹੀ ਸੀ। ਕੁਝ ਵਿੱਥ ਉੱਤੇ ਰਸੀਲੂ, ਉਹਦੀ ਵਹੁਟੀ ਚੰਬੇਲੀ, ਤੇ ਉਨ੍ਹਾਂ ਦੀ ਮੁੰਨੀ ਆਪਣੀ ਝੁੱਗੀ ਦੇ ਬਾਹਰਵਾਰ ਬੈਠੇ ਸਨ। ਉਹ ਤਿੰਨੋਂ ਉਨ੍ਹਾਂ ਨੂੰ ਵੇਖ ਸਕਦੇ ਸਨ। ਲੀਲਾ ਨੇ ਸੈਨਤ ਕੀਤੀ ਤੇ ਸ਼ਰਮ ਕੇ ਵੱਖ ਹੋਣਾ ਚਾਹਿਆ, ਪਰ ਰਾਜਿੰਦਰ ਨੇ ਓਸੇ ਤਰ੍ਹਾਂ ਉਹਨੂੰ ਘੁੱਟੀ ਰੱਖਿਆ, “ਇਹ ਤਾਂ ਕੁਦਰਤ ਦੇ ਬੇਟੇ ਨੇ, ਇਨ੍ਹਾਂ ਕੋਲੋਂ ਕਾਹਦੀ ਸੰਗ! ਕੀ ਤੂੰ ਜੰਗਲ ਵਿਚ ਬ੍ਰਿਛਾਂ, ਪੱਥਰਾਂ ਤੇ ਫੁੱਲਾਂ ਸਾਹਮਣੇ ਵੀ ਸ਼ਰਮਾਏਂਗੀ? ਇਨ੍ਹਾਂ ਲਈ ਕੁਝ ਅਜੀਬ ਨਹੀਂ, ਕੁਝ ਅਨੋਖਾ ਨਹੀਂ। ਜੇ ਕੋਈ ਦੁਨੀਆਂ ਦੇ ਸੱਤੇ ਦੇ ਸੱਤੇ ਅਜੂਬੇ ਵੀ ਇਥੇ ਆਣ ਖੜ੍ਹੇ ਕਰੇ, ਤਾਂ ਵੀ ਇਨ੍ਹਾਂ ਦੀ ਆਪ-ਮੁਹਾਰੀ ਵਹਿੰਦੀ ਜ਼ਿੰਦਗੀ ਵਿਚ ਕੋਈ ਜਵਾਰ-ਭਾਟਾ ਨਾ ਉੱਠੇ! ਕਿੰਨੀ ਕਾਬਲੇ–ਰਸ਼ਕ ਏ ਇਨ੍ਹਾਂ ਦੀ ਜ਼ਿੰਦਗੀ! ਅਸਲ ਵਿਚ ਇਹ ਨੇ ‘ਦੀ ਵੰਡਰ ਆਫ਼ ਆਲ ਵੰਡਰਜ਼’।”
ਬਾਰੀ ਨਾਲ ਕਿਸੇ ਪਹਾੜੀ ਗੋਰੀ ਦੇ ਪਿੰਡੇ ਦੇ ਰੰਗ ਦਾ ਇਕ ਫੁੱਲ ਪਲਮਿਆ ਹੋਇਆ ਸੀ। ਰਾਜਿੰਦਰ ਨੇ ਇਕ ਹੱਥ ਲੀਲਾ ਵਲੋਂ ਵਿਹਲਿਆਂ ਕਰ ਕੇ ਏਸ ਫੁਲ ਵਲ ਵਧਾਇਆ। ਪਹਿਲਾਂ ਉਹ ਇਹਨੂੰ ਤੋੜਨ ਲਗਾ, ਫੇਰ ਉੱਥੇ ਹੀ ਛੱਡ ਕੇ ਉਹਨੇ ਫੁਲ ਨੂੰ ਕਿਹਾ, “ਤੂੰ ਕਿਸੇ ਸੁਹਣੇ ਸਨੇਹੀ ਕੰਨ ਵਾਂਗ ਸਾਡੀਆਂ ਗੱਲਾਂ ਸੁਣ ਰਿਹਾ ਏਂ।” ਤੇ ਫੇਰ ਉਹ ਲੀਲਾ ਨੂੰ ਕਹਿੰਦਾ ਗਿਆ, “ਬੰਬਈ ਤੇ ਹੋਰਨਾਂ ਵੱਡੇ ਸ਼ਹਿਰਾਂ ਵਿਚ ਬੱਦਲ ਸਾਡੇ ਅਨੇਕ-ਮੰਜ਼ਲੇ ਮਕਾਨਾਂ ਤੋਂ ਦੂਰ-ਦੂਰ ਰਹਿੰਦੇ ਨੇ; ਪਰ ਇਥੇ ਬੱਦਲ ਇਨ੍ਹਾਂ ਰਸੀਲੂਆਂ ਚੰਬੇਲੀਆਂ ਦੀਆਂ ਮਧਰੀਆਂ ਨਿਮਾਣੀਆਂ ਝੁੱਗੀਆਂ ਵਿਚ ਘਰ ਦੇ ਨਿਆਣਿਆਂ ਵਾਂਗ ਆਉਂਦੇ ਜਾਂਦੇ ਨੇ। ਬੱਦਲਾਂ ਵਾਂਗ ਹੀ ਜ਼ਿੰਦਗੀ ਓਥੇ ਸਾਡੀ ਅਮੀਰੀ ਕੋਲੋਂ ਦੂਰ ਤ੍ਰਹਿੰਦੀ ਰਹਿੰਦੀ ਏ, ਤੇ ਇਥੇ ਇਨ੍ਹਾਂ ਦੀ ਗ਼ਰੀਬੀ, ਗ਼ਰੀਬੀ ਕਾਹਨੂੰ ਕਹੀਏ, ਇਨ੍ਹਾਂ ਦੀ ਸਾਦਗੀ ਤੇ ਕੁਦਰਤੀਪਣ ਨਾਲ ਰਲੀ-ਮਿਲੀ ਰਹਿੰਦੀ ਏ।” ਰਾਜਿੰਦਰ ਨੇ ਲੀਲਾ ਨੂੰ ਫੇਰ ਚੁੰਮਿਆ ਪਰ ਐਤਕੀ ਓਪਰਿਆਂ-ਓਪਰਿਆਂ, ਕਿਉਂਕਿ ਉਹਦਾ ਮਨ ਹੁਣੇ ਕਹੇ ਆਪਣੇ ਫ਼ਿਕਰਿਆਂ ਨਾਲ ਰੁਝ ਗਿਆ ਸੀ, ਤੇ ਉਹ ਸੋਚ ਰਿਹਾ ਸੀ, ਇਹ ਬੱਦਲਾਂ, ਉੱਚੀਆਂ ਮੰਜ਼ਲਾਂ ਤੇ ਮਧਰੀਆਂ ਝੁੱਗੀਆਂ ਵਾਲੀ ਗੱਲ ਖੂਬ ਸੀ— ਇਕ ਡੂੰਘੀ ਵਿਚਾਰ-ਪ੍ਰਸ਼ਨ ਪ੍ਰਧਾਨ ਕਵਿਤਾ ਏਸ ਚਿਤ੍ਰ ਦੁਆਲੇ ਲਿਖੀ ਜਾ ਸਕਦੀ ਸੀ।
ਲੀਲਾ ਨੇ ਬਾਰੀ ਬੰਦ ਕਰ ਦਿੱਤੀ, ਉਹਨੂੰ ਰਸੀਲੂ, ਚੰਬੇਲੀ ਤੇ ਉਨ੍ਹਾਂ ਦੀ ਮੁੰਨੀ ਸਾਹਮਣੇ ਇੰਜ ਖੜੋਤਿਆਂ ਸ਼ਰਮ ਜਿਹੀ ਆ ਰਹੀ ਸੀ।
ਬਾਰੀ ਤੋਂ ਕੁਝ ਵਿੱਥ ਉੱਤੇ ਆਪਣੀ ਝੁੱਗੀ ਦੇ ਬਾਹਰਵਾਰ ਰਸੀਲੂ, ਉਹਦੀ ਵਹੁਟੀ ਚੰਬੇਲੀ ਤੇ ਉਨ੍ਹਾਂ ਦੀ ਮੁੰਨੀ ਬੈਠੇ ਹੋਏ ਸਨ।
ਜੇ ਬਾਰੀ ਖੁੱਲ੍ਹੀ ਰਹਿੰਦੀ ਤਾਂ ਵੀ ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਣਾ, ਉਹ ਆਪੋ ਆਪਣੇ ਧਿਆਨ ਵਿਚ ਬੈਠੇ ਸਨ।
ਕੱਲ੍ਹ ਪਹਿਲੀ ਵਾਰ ਸੀ ਕਿ ਮੈਦਾਨਾਂ ਦੀ ਦੁਨੀਆਂ ਤੋਂ, ਸਾਗਰ ਕੰਢਿਓਂ ਕੁਝ ਪ੍ਰਦੇਸੀ ਉਨ੍ਹਾਂ ਦੇ ਪਿੰਡ ਆਏ ਸਨ। ਰਸੀਲੂ ਨੇ ਹੀ ਇਨ੍ਹਾਂ ਪ੍ਰਦੇਸੀਆਂ ਦਾ ਸਾਮਾਨ ਚੁੱਕਿਆ ਸੀ, ਤੇ ਇਹ ਘਰ—ਜਿਹੜਾ ਪਿੰਡ ਵਿਚ ਸਭ ਤੋਂ ਚੰਗਾ ਸੀ—ਉਹਨੇ ਹੀ ਇਨ੍ਹਾਂ ਨੂੰ ਲੈ ਕੇ ਦਿੱਤਾ ਸੀ। ਓਦਨ ਤੋਂ ਹੀ ਚੰਬੇਲੀ ਇਨ੍ਹਾਂ ਲਈ ਭਾਂਡੇ ਮਾਂਜਦੀ ਤੇ ਬਉਲੀ ਤੋਂ ਪਾਣੀ ਭਰ ਲਿਆਂਦੀ ਸੀ।
ਰਸੀਲੂ, ਚੰਬੇਲੀ ਤੇ ਮੁੰਨੀ—ਤਿੰਨੇ ਭਾਵੇਂ ਚੁੱਪ ਬੈਠੇ ਸਨ, ਪਰ ਉਨ੍ਹਾਂ ਦੇ ਚਿਹਰੇ ਉਸ ਕੰਢੇ ਵਰਗੇ ਹੋਏ ਹੋਏ ਸਨ ਜਿਥੇ ਬੜੇ ਜ਼ੋਰ ਦੀ ਜਵਾਰਭਾਟਾ ਉੱਠ ਰਿਹਾ ਹੋਵੇ।
ਰਸੀਲੂ ਨੂੰ ਉਸ ਭਾਰ ਦਾ ਖਿਆਲ ਆ ਰਿਹਾ ਸੀ, ਜਿਹੜਾ ਉਹਨੇ ਕੱਲ੍ਹ ਇਨ੍ਹਾਂ ਪ੍ਰਦੇਸੀਆਂ ਲਈ ਢੋਇਆ ਸੀ। ਪੰਦਰਾਂ ਦਿਨਾਂ ਲਈ ਏਨਾ ਸਾਮਾਨ! ਤੇ ਦੋ ਗੋਲ-ਗੋਲ ਖਾਕੀ ਰੰਗ ਦੇ ਬੁਚਕੇ ਸਨ ਓਸ ਵਿਚ—ਕਿੱਡੇ ਭਾਰੇ ਸਨ। ਤੇ ਉਹ ਅੰਗਦਾ ਰਿਹਾ ਸੀ ਕਿ ਆਹ ਕਾਹਦੇ ਬੋਝੇ ਹੋਣਗੇ? ਹੁਣ ਤੱਕ ਉਹਦੇ ਨਰੋਏ ਮੋਢਿਆਂ ਨੂੰ ਖੱਲੀਆਂ ਸਨ। ਤੇ ਅਖੀਰ ਜਦੋਂ ਉਨ੍ਹਾਂ ਦੀ ਗੋਲੀ ਕੋਲੋਂ ਉਹਨੂੰ ਪਤਾ ਲੱਗਾ ਕਿ ਇਨ੍ਹਾਂ ਦੋਵਾਂ ਬੁਗਚਿਆਂ ਵਿਚ ਦੋ ਵੱਡਿਆਂ ਤੇ ਦੋ ਬੱਚਿਆਂ ਦੇ ਬਿਸਤਰੇ ਸਨ; ਤੇ ਹੋਰ ਕੁਝ ਵੀ ਨਹੀਂ—ਤਾਂ ਉਹ ਬਹੁਤ ਹੈਰਾਨ ਹੋਇਆ ਸੀ। ਸਿਰਫ਼ ਬਿਸਤਰੇ—ਤੇ ਕਿਹੋ ਜਿਹੀ ਨੀਂਦਰ ਆਉਂਦੀ ਹੋਏਗੀ ਅਜਿਹਿਆਂ ਬਿਸਤਰਿਆਂ ਉੱਤੇ!
ਉਹ ਆਪ ਤੇ ਉਹਦਾ ਸਾਰਾ ਟੱਬਰ ਪਰਾਲੀ ਉੱਤੇ ਸੌਂਦਾ ਸੀ, ਤੇ ਉੱਤੇ ਸਾਰਿਆਂ ਲਈ ਸਾਂਝੀ ਇਕ ਫਟੀ ਪੁਰਾਣੀ ਜੁੱਲੀ ਹੁੰਦੀ ਸੀ, ਤੇ ਨਿੱਘ ਲਈ ਸਿਆਲੇ ਵਿਚ ਉਹ ਅੱਗ ਆਪਣੇ ਕਮਰੇ ਵਿਚ ਬਾਲ ਛੱਡਦੇ ਸਨ; ਤੇ ਧੂੰਏਂ ਦੀ ਇਕ ਚਾਦਰ ਚਾਰ-ਚੁਫੇਰਿਓਂ ਧਸਦੇ ਆਉਂਦੇ ਪਾਲੇ ਨਾਲ ਆਢਾ ਲਾਈ ਰੱਖਦੀ ਸੀ।
ਉਹਨੂੰ ਖੰਘ ਛਿੜ ਪਈ—ਉਹਨੂੰ ਜਾਪਿਆ ਉਹਦੇ ਅੰਦਰ ਸੈਆਂ ਰਾਤਾਂ ਦਾ ਧੂੰਆਂ ਰਚ ਚੁੱਕਿਆ ਸੀ। ਉਹ ਖੰਘੀ ਗਿਆ—ਪਰ ਉਹਦਾ ਮਨ ਉੱਡਦਾ ਰਿਹਾ, ਉਸ ਨੀਂਦਰ ਪਰੀ ਦੇ ਪਿੱਛੇ, ਜਿਹੜੀ ਓਹੋ ਜਿਹੇ ਬਿਸਤਰਿਆਂ ਉੱਤੇ ਲੋਰੀਆਂ ਦੇਂਦੀ ਹੋਵੇਗੀ, ਜਿਹੋ ਜਿਹੇ ਕੱਲ੍ਹ ਉਨ੍ਹਾਂ ਇਨ੍ਹਾਂ ਪ੍ਰਦੇਸੀਆਂ ਲਈ ਚੁੱਕੇ ਸਨ…
ਚੰਬੇਲੀ ਪ੍ਰਦੇਸੀ ਬੀਬੀ ਬਾਰੇ ਸੋਚ ਰਹੀ ਸੀ।
ਪ੍ਰਦੇਸੀ ਬੀਬੀ ਆਪਣੇ ਨਿੱਕੇ ਬਾਲ ਨੂੰ ਦੁੱਧ ਨਹੀਂ ਸੀ ਪਿਆਂਦੀ। ਦੋਵਾਂ ਬੱਚਿਆਂ ਦਾ ਖਿਆਲ ਰੱਖਣ ਲਈ ਇਕ ਗੋਲੀ ਨਾਲ ਸੀ, ਜਿਹੜੀ ਨਿੱਕੇ ਬਾਲ ਨੂੰ ਡੱਬਿਆਂ ਵਿਚੋਂ ਕੱਢ ਕੇ ਵੇਲੇ ਵੇਲੇ ਦੁੱਧ ਪਿਆਂਦੀ ਸੀ। ਤੇ ਬੀਬੀ ਰੋਟੀ ਟੁਕਰ ਵੀ ਆਪ ਨਹੀਂ ਸੀ ਕਰਦੀ। ਤੇ ਉਹਦੇ ਕੰਮ ਕਰਨ ਲਈ ਕੋਈ ਪੈਲੀ ਬੰਨਾ ਵੀ ਤਾਂ ਨਹੀਂ ਸੀ। ਤੇ ਫੇਰ ਇਹ ਪ੍ਰਦੇਸੀ ਬੀਬੀ ਕੀ ਕਰਦੀ ਹੋਏਗੀ ਸਾਰਾ ਦਿਨ!
ਪ੍ਰਦੇਸੀ ਬੀਬੀ ਸਜਰੇ ਟਹਿਕੇ ਫੁੱਲ ਵਰਗੀ ਸੀ—ਉਹਦੇ ਕੋਲੋਂ ਲੰਘਦਿਆਂ ਬੜੀ ਅਲੋਕਾਰ ਖੁਸ਼ਬੋ ਆਉਂਦੀ ਸੀ। ਕੀ ਉਹ ਪ੍ਰਦੇਸੀ ਬੀਬੀ ਸਿਰਫ਼ ਫੁੱਲਾਂ ਵਾਂਗ ਟਹਿਕਣ ਹੀ ਏਸ ਜਗ੍ਹਾ ਉੱਤੇ ਆਈ ਸੀ?
ਚੰਬੇਲੀ ਦਾ ਆਪਣਾ ਨਾਂ ਵੀ ਤਾਂ ਇਕ ਮਹਿਕਾਂ-ਮੱਤੇ ਫੁੱਲ ਦੇ ਨਾਂ ਤੋਂ ਰੱਖਿਆ ਗਿਆ ਸੀ; ਪਰ ਖੁਸ਼ਬੋ ਨਹੀਂ, ਚੰਬੇਲੀ ਕੋਲੋਂ ਤਾਂ ਪਰਾਏ ਡੰਗਰਾਂ ਦੇ ਗੋਹੇ ਦੀ, ਧਾਨ ਦੇ ਖੇਤਾਂ ਵਿਚ ਖੜੋਤੇ ਪਾਣੀਆਂ ਦੀ ਬੋ ਆਉਂਦੀ ਸੀ। ਕੰਮ ਏਨੇ ਸਨ, ਤੇ ਸਾਬਣ ਏਨਾ ਸਰਫ਼ੇ ਦਾ ਸੀ ਕਿ ਕਿੰਨਾ-ਕਿੰਨਾ ਚਿਰ ਉਹ ਆਪਣਾ ਕੁੜਤਾ ਵੀ ਚੰਗੀ ਤਰ੍ਹਾਂ ਨਹੀਂ ਸੀ ਧੋ ਸਕਦੀ, ਤੇ ਉਹਦੇ ਕੁੜਤੇ ਵਿਚੋਂ ਵੀ ਬੋ ਆਉਂਦੀ ਸੀ। ਉਹਦੀਆਂ ਅੱਖਾਂ ਵੀ ਹੁਣ ਧੂੰਏਂ ਕਰ ਕੇ ਮੁਰਝਾਏ ਫੁੱਲਾਂ ਵਰਗੀਆਂ ਹੋ ਗਈਆਂ ਸਨ।
ਉਹਨੂੰ ਆਪਣੀਆਂ ਸਜਰੀਆਂ ਫੁੱਲ-ਅੱਖਾਂ ਦਾ ਚੇਤਾ ਆਇਆ, ਤੇ ਓਦੋਂ ਦਾ ਚੇਤਾ ਆਇਆ ਜਦੋਂ ਜਵਾਨੀ ਵਿਚ ਹਾਲੀ ਉਹਨੇ ਪੈਰ ਹੀ ਪਾਇਆ ਸੀ, ਤੇ ਇਕ ਸਵੇਰੇ ਉਹ ਇਕੱਲੀ ਬਾਂਸਾਂ ਦੇ ਝੁੰਡ ਉਹਲੇ ਪਹਾੜੀ ਨਾਲੇ ਵਿਚ ਨਹਾ ਰਹੀ ਸੀ, ਤੇ ਉਹ ਆਪਣੇ ਨਿਸਰੇ ਪਿੰਡੇ ਨੂੰ ਤਕ ਰਹੀ ਸੀ, ਤੇ ਉੱਤੋਂ ਰਸੀਲੂ ਆ ਗਿਆ ਸੀ।
…ਜੇ ਕਦੇ ਉਹ ਪਲ, ਓਵੇਂ ਦਾ ਓਵੇਂ, ਉਹਨੂੰ ਕੋਈ ਮੋੜ ਸਕੇ, ਤੇ ਓਦੋਂ ਵਰਗੀ ਮਹਿਕ ਕੋਈ ਮੋੜ ਸਕੇ, ਓਦੋਂ ਵਰਗੀ ਜਦੋਂ ਉਹ ਸੱਚ-ਮੁੱਚ ਦੀ ਚੰਬੇਲੀ ਸੀ, ਤੇ ਉਹਦਾ ਪਿੰਡਾ ਪਹਾੜੀ ਨਾਲੇ ਦੇ ਥੱਲੇ ਪਏ ਪੱਥਰਾਂ ਵਾਂਗ ਕੂਲਾ ਤੇ ਲਿਸ਼ਕਦਾ ਹੁੰਦਾ ਸੀ, ਤੇ ਉਨ੍ਹਾਂ ਵਾਂਗ ਹੀ ਪੀਡਾ ਸੀ।...
ਤੇ ਕੋਈ ਏਨੀ ਦੇਰ ਤਾਂ ਨਹੀਂ ਸੀ ਹੋਈ! ਓਦੋਂ ਤੋਂ ਉਨ੍ਹਾਂ ਦੇ ਘਰ ਕੋਲ ਲੱਗੇ ਸਿਓ ਨੂੰ ਛੇ-ਸੱਤ ਵਾਰੀ ਬੂਰ ਪਿਆ ਸੀ, ਤੇ ਤਿੰਨ ਬਾਲ ਹੀ ਉਹਦੇ ਹੋਏ ਸਨ। ਦੋ ਦੇਵੀ ਮਾਂ ਨੇ ਮੋੜ ਲਏ ਸਨ; ਤੇ ਇਕ ਹੀ ਉਹਦੇ ਕੋਲ ਸੀ, ਉਹਦੀ ਪਲੇਠੀ ਦੀ ਮੁੰਨੀ...
ਤੇ ਮੁੰਨੀ ਉਨ੍ਹਾਂ ਦੋਵਾਂ ਤੋਂ ਵੱਧ ਹੈਰਾਨ ਬੈਠੀ ਸੀ। ਉਹਨੇ ਦੇਵੀ ਦਾ ਮੇਲਾ ਤਕਿਆ ਹੋਇਆ ਸੀ, ਮੇਲੇ ਵਿਚ ਜਾਦੂ ਦੇ ਜਾਪਦੇ ਪੰਘੂੜੇ ਝੂਟੇ ਸਨ, ਮਾਂ ਕੋਲੋਂ ਪਰੀਆਂ ਤੇ ਭੂਤਾਂ ਦੀਆਂ ਕਹਾਣੀਆਂ ਸੁਣੀਆਂ ਹੋਈਆਂ ਸਨ—ਪਰ ਜੋ ਅਜੂਬਾ ਉਹਨੇ ਅੱਜ ਤੱਕਿਆ ਸੀ, ਓਹੋ ਜਿਹਾ ਅੱਗੇ ਕਦੇ ਨਹੀਂ ਸੀ ਤਕਿਆ!
ਪ੍ਰਦੇਸੀਆਂ ਨਾਲ ਜਿਹੜੇ ਦੋ ਬੱਚੇ ਆਏ ਸਨ, ਉਨ੍ਹਾਂ ਵਿਚੋਂ ਜਿਹੜੀ ਵੱਡੀ ਸੀ, ਉਹ ਮੁੰਨੀ ਦੇ ਹਾਣ ਦੀ ਸੀ। ਉਹਦੀ ਗੋਲੀ ਉਹਨੂੰ ਅੱਜ ਦੁੱਧ ਦਾ ਗਿਲਾਸ ਪਿਆ ਰਹੀ ਸੀ—ਪਰ ਪ੍ਰਦੇਸੀ ਕੁੜੀ ਦੁੱਧ ਨਹੀਂ ਸੀ ਪੀਂਦੀ। ਤੇ ਉਹਦੀ ਗੋਲੀ ਉਹਦੇ ਤਰਲੇ ਕੱਢਦੀ ਸੀ, “ਤੂੰ ਇਕ ਗਲਾਸ ਪੀ ਲੈ, ਤੈਨੂੰ ਕੰਧਾੜੇ ਉੱਤੇ ਚੁੱਕ ਫਿਰਾਂਗੀ। …ਉਹ ਲਾਲ ਫੁੱਲ ਤੋੜ ਦਿਆਂਗੀ। …ਉਹ ਤਿਤਲੀ ਫੜ ਦਿਆਂਗੀ…” ਤੇ ਮਿੱਠੇ ਚਿੱਟੇ ਦੁੱਧ ਦਾ ਬਲੌਰੀ ਗਲਾਸ ਸਾਹਮਣੇ ਡਲ੍ਹਕਦਾ ਰਿਹਾ ਸੀ, ਪਰ ਪ੍ਰਦੇਸੀ ਕੁੜੀ ਨੇ ਦੁੱਧ ਨਹੀਂ ਸੀ ਪੀਤਾ। ਏਸ ਮੰਨ-ਮੰਨਾਈ ਵਿਚ ਮਿੱਠਾ ਚਿੱਟਾ ਦੁੱਧ ਭੁੰਜੇ ਡੁਲ੍ਹ ਗਿਆ ਸੀ, ਤੇ ਕੋਲ ਖਲੋਤਾ ਡੱਬੂ ਕੁੱਤਾ ਸੁੜਕ-ਸੁੜਕ ਕਰ ਕੇ ਦੁੱਧ ਪੀ ਗਿਆ ਸੀ। ਤੇ ਮੁੰਨੀ ਦੀ ਜੀਭ ਨੂੰ ਕੜਵੱਲ ਜਿਹੇ ਪੈਂਦੇ ਰਹੇ ਸਨ। ਪ੍ਰਦੇਸੀ ਕੁੜੀ ਦੁੱਧ ਨਾ ਪੀਣ ਲਈ ਇੰਜ ਖਹਿੜੇ ਪਈ ਸੀ ਜਿਵੇਂ ਇਕ ਵਾਰ ਮੁੰਨੀ ਆਪਣੀ ਮਾਂ ਨਾਲ ਦੁੱਧ ਪੀਣ ਲਈ ਖਹਿੜੇ ਪਈ ਸੀ। ਓਦੋਂ ਉਹਦਾ ਬਾਪੂ ਬੜੇ ਦਿਨਾਂ ਤੋਂ ਬੀਮਾਰ ਪਿਆ ਸੀ, ਤੇ ਚਿਰ ਮਗਰੋਂ ਉਨ੍ਹਾਂ ਦੇ ਘਰ ਉਹਦੇ ਲਈ ਦੁੱਧ ਆਇਆ ਸੀ। ਤੇ ਪ੍ਰਦੇਸੀ ਕੁੜੀ ਦੀ ਗੋਲੀ ਦੁੱਧ ਪਿਆਣ ਲਈ ਉਹਦੇ ਇੰਜ ਤਰਲੇ ਕੱਢਦੀ ਸੀ ਜਿਵੇਂ ਓਦੋਂ ਮੁੰਨੀ ਦੀ ਮਾਂ ਨੇ ਉਹਨੂੰ ਦੁੱਧ ਪੀਣੋਂ ਰੋਕਣ ਲਈ ਕੱਢੇ ਸਨ! ਓਦੋਂ ਮੁੰਨੀ ਦੀ ਮਾਂ ਦੀਆਂ ਅੱਖਾਂ ਗਿੱਲੀਆਂ ਸਨ, ਪਰ ਅੱਜ ਪ੍ਰਦੇਸੀ ਕੁੜੀ ਦੀ ਗੋਲੀ ਦੀਆਂ ਅੱਖਾਂ ਸੁੱਕਮ ਸੁੱਕੀਆਂ ਸਨ।
ਮੁੰਨੀ ਸੋਚ ਰਹੀ ਸੀ, ਕਿਵੇਂ ਦੁੱਧ ਦੇ ਗਲਾਸ ਲਈ ਕੋਈ ਨਾਂਹ ਕਰ ਸਕਦਾ ਹੈ? ਜੇ ਸਾਹਮਣੇ ਕੋਈ ਨਾ ਹੁੰਦਾ, ਤੇ ਡੱਬੂ ਕੁੱਤਾ ਆ ਕੇ ਡੁਲ੍ਹੇ ਦੁੱਧ ਨੂੰ ਚਟਮ ਨਾ ਕਰ ਜਾਂਦਾ, ਤਾਂ ਉਹਨੇ ਭੁੰਜੇ ਡੁਲ੍ਹਿਆ ਦੁੱਧ ਸੁੜਕ ਲੈਣਾ ਸੀ। ਕਿਵੇਂ ਦੁੱਧ ਦੇ ਗਲਾਸ ਲਈ ਕੋਈ ਨਾਂਹ ਕਰ ਸਕਦਾ ਹੈ?
ਤੇ ਮੁੰਨੀ ਦੀਆਂ ਬਾਲ-ਅੱਖਾਂ ਨੇ ਕਲਪਨਾ ਵਿਚ ਪ੍ਰਦੇਸੀ ਬੱਚੀ ਨੂੰ ਤੱਕਿਆ, ਦੁੱਧ ਦੇ ਗਲਾਸ ਲਈ ਨਾਂਹ ਕਰਦੀ ਬੱਚੀ ਨੂੰ—ਤੇ ਉਹਦੀਆਂ ਅੱਖਾਂ ਵਿਚ ਬੜੇ ਜ਼ੋਰ ਦੀ ਜਵਾਰ ਭਾਟਾ ਉੱਠਿਆ, ਜਿਵੇਂ ਕਿਸੇ ਨੂੰ ਰੋਮ ਦਾ ਕੋਲੀਜ਼ੀਅਮ, ਚੀਨ ਦੀ ਵੱਡੀ ਕੰਧ, ਪੀਸਾ ਦਾ ਉਲਾਰ ਮੀਨਾਰ ਤੇ ਮੱਧਕਾਲ ਵਿਚ ਉਸਾਰੇ ਸੱਤੇ ਦੇ ਸੱਤੇ ਅਜੂਬੇ ਇਕੋ ਵੇਲੇ ਦਿਸ ਪਏ ਹੋਣ…
[1956]