Satwant (Punjabi Story) : Navtej Singh
ਸਤਵੰਤ (ਕਹਾਣੀ) : ਨਵਤੇਜ ਸਿੰਘ
ਅੱਜ ਸਾਨੂੰ ਸਭਨਾਂ ਨੂੰ ਜੇਲ੍ਹ ਦੇ ਹਾਕਮਾਂ ਵਲੋਂ ਪੋਸਟ ਕਾਰਡ ਮਿਲੇ ਸਨ। ਸਤਵੰਤ ਆਪਣੇ ਵੰਡੇ ਦਾ ਕਾਰਡ ਲੈ ਕੇ ਮੇਰੇ ਕੋਲ ਆ ਗਿਆ।
“ਕਾਮਰੇਡ ਜੀ, ਮੈਨੂੰ ਚਿੱਠੀ ਲਿਖ ਦਿਓ।”
ਸਤਵੰਤ ਸੋਲ੍ਹਾਂ ਕੁ ਵਰ੍ਹਿਆਂ ਦਾ ਮਰੇੜਾ ਜਿਹਾ ਮੁੰਡਾ ਸੀ। ਉਹ ਵੀ ਹੜਤਾਲੀ ਕੱਪੜਾ-ਮਜ਼ਦੂਰਾਂ ਨਾਲ ਫੜਿਆ ਗਿਆ ਸੀ।
ਉਹਨੇ ਆਪਣੀ ਮਾਂ ਵਲ ਚਿੱਠੀ ਲਿਖਾਈ:
“ਪਿਆਰੇ ਮਾਤਾ ਜੀ,
ਫ਼ਿਕਰ ਨਾ ਕਰਨਾ ਮੈਂ ਆਪਣੇ ਕਾਰੀਗਰ ਭਰਾਵਾਂ ਨਾਲ ਇਥੇ ਗੁਮਟਾਲੇ ਵਾਲੀ ਜੇਲ੍ਹ ਵਿਚ ਹਾਂ।
ਮੈਂ ਜਦੋਂ ਸ਼ਹਿਰ ਬਰਫ਼ ਲੈਣ ਆਇਆ ਸਾਂ, ਤੇ ਪੰਜਾਬ ਮਿੱਲ ਸਾਹਮਣਿਓਂ ਲੰਘ ਰਿਹਾ ਸਾਂ, ਤਾਂ ਓਥੇ ਪੁਲਸੀਏ ਸਾਡੇ ਕੁਝ ਕਾਰੀਗਰ ਭਰਾਵਾਂ ਨੂੰ ਕੁੱਟਦੇ ਪਏ ਸਨ, ਤੇ ਆਲੇ-ਦੁਆਲੇ ਖੜੋਤੇ ਲੋਕੀਂ ਨਾਹਰੇ ਮਾਰੀ ਜਾਂਦੇ ਸਨ। ਮੇਰੇ ਕੋਲੋਂ ਵੀ ਨਾ ਰਿਹਾ ਗਿਆ, ਤੇ ਮੈਂ ਵੀ ਨਾਹਰੇ ਮਾਰੇ। ਤੇ ਪੁਲਸੀਆਂ ਨੇ ਮੈਨੂੰ ਵੀ ਹੋਰਨਾਂ ਨਾਲ ਫੜ ਲਿਆ।
ਸਾਈਕਲ ਮੈਂ ਬੂਟਾ ਸਿੰਘ ਹਲਵਾਈ ਕੋਲ ਰੱਖ ਆਇਆ ਸਾਂ। ਉਹਨੇ ਤੁਹਾਡੇ ਕੋਲ ਪੁਚਾ ਦਿੱਤਾ ਹੋਣਾ ਏਂ।
ਏਥੇ ਅਸੀਂ ਸਭ ਠੀਕ ਠਾਕ ਆਂ, ਕੋਈ ਫ਼ਿਕਰ ਨਾ ਕਰਨਾ। ਹਾਂ, ਚਾਹ ਦੀ ਤੰਗੀ ਏ, ਉਹ ਆਪਣੇ ਪੈਸਿਆਂ ਦੀ ਮਿਲਦੀ ਏ।
ਬਾਪੂ ਜੀ ਨੂੰ ਸਤਿ ਸ੍ਰੀ ਅਕਾਲ। ਸੁਣਦੇ ਪੜ੍ਹਦੇ ਸਭ ਨੂੰ ਸਤਿ ਸ੍ਰੀ ਅਕਾਲ।
ਤੁਹਾਡਾ ਪੁਤ੍ਰ—ਸਤਵੰਤ”
ਜਦੋਂ ਉਹਦਾ ਦੱਸਿਆ ਪਤਾ ਮੈਂ ਲਿਖ ਲਿਆ, ਤਾਂ ਉਹਨੇ ਸੋਚ ਸੋਚ ਕੇ ਮੈਨੂੰ ਕਿਹਾ, “ਕਾਮਰੇਡ ਜੀ, ਇਸ ਚਿੱਠੀ ਵਿਚੋਂ ਇਕ ਗੱਲ ਕੱਢ ਦਿਓ।”
ਮੈਂ ਪੁਛਿਆ, “ਕਿਹੜੀ?”
“ਓਹ ਚਾਹ ਦੀ ਤੰਗੀ ਵਾਲੀ, ਤੇ ਆਪਣੇ ਪੈਸਿਆਂ ਨਾਲ ਚਾਹ ਮਿਲਣ ਵਾਲੀ” ਮੈਂ ਉਹ ਸਤਰ ਕੱਟ ਦਿੱਤੀ।
“ਇਹਦੀ ਥਾਂ ਇਹ ਪਾ ਦਿਓ ਕਿ ਤੁਹਾਨੂੰ ਏਥੇ ਏਨੀ ਦੂਰ ਮੇਰੀ ਮੁਲਾਕਾਤ ਕਰਨ ਲਈ ਆਣ ਦੀ ਕੋਈ ਲੋੜ ਨਹੀਂ।”
ਮੈਂ ਇਹ ਸਤਰ ਲਿਖ ਦਿੱਤੀ।
“ਮਾਂ ਮੇਰੀ ਨੂੰ ਬੜਾ ਫ਼ਿਕਰ ਲਗਣਾ ਸੀ। ਮੈਨੂੰ ਚਾਹ ਦਾ ਬੜਾ ਸੜੱਕਾ ਏ। ਉਹਨੇ ਵਿਚਾਰੀ ਨੇ ਕਿਸੇ ਨਾ ਕਿਸੇ ਤਰ੍ਹਾਂ ਪੈਸੇ ਕਿਤੋਂ ਫੜਨੇ ਸਨ, ਤੇ ਇਥੇ ਏਨੀ ਦੂਰ ਮੇਰੇ ਕੋਲ ਦੇਣ ਆਉਣੇ ਸਨ। ਆਉਣ ਜਾਣ ਦਾ ਭਾੜਾ ਵਾਧੂ ਲੱਗ ਜਾਣਾ ਸੀ। ਘਰ ਪੈਸਾ ਤਾਂ ਇਕ ਵੀ ਨਹੀਂ। ਮਹੀਨੇ ਤੋਂ ਉਪਰ ਤਾਂ ਹੜਤਾਲ ਸਾਡੀ ਨੂੰ ਹੋ ਗਏ ਨੇ।”
ਤੇ ਉਹ ਆਪਣੀ ਚਿੱਠੀ ਆਪਣੇ ਕਮਰੇ ਦੇ ਲੀਡਰ ਨੂੰ ਦੇਣ ਚਲਾ ਗਿਆ।
ਸ਼ਾਮ ਦੀ ਰੋਟੀ ਵੇਲੇ ਸਤਵੰਤ ਮੇਰੇ ਕੋਲ ਆ ਬੈਠਾ।
ਮੈਂ ਸਤਵੰਤ ਨੂੰ ਕਿਹਾ, “ਤੂੰ ਅੱਜ ਮੇਰੇ ਕੋਲੋਂ ਚਿਠੀ ਲਿਖਵਾਣ ਆਇਆ ਸੈਂ— ਜੇ ਕਦੇ ਇੰਜ ਹੋਵੇ ਕਿ ਇਕ ਦਿਨ ਤੂੰ ਆਪ ਆਪਣੀ ਚਿੱਠੀ ਲਿਖ ਸਕੇ?”
“ਫੇਰ ਤਾਂ ਮੌਜਾਂ ਹੋ ਜਾਣ, ਭਾ ਜੀ।”
“ਇਥੇ ਤੇਰੇ ਕੋਲ ਕਾਫ਼ੀ ਵਕਤ ਵਿਹਲਾ ਹੁੰਦਾ ਏ। ਸਾਡੇ ਕਮਰੇ ਵਿਚ ਕਈ ਹੋਰ ਮਜ਼ਦੂਰ ਪੜ੍ਹਨਾ ਸਿੱਖ ਰਹੇ ਨੇ। ਤੂੰ ਵੀ ਦੁਪਹਿਰ ਵੇਲੇ ਆ ਜਾਇਆ ਕਰ।”
ਮੈਂ ਅਗਲੇ ਦਿਨ ਸਵੇਰੇ ਸਤਵੰਤ ਲਈ ਇਕ ਕਾਇਦਾ, ਸਲੇਟ ਤੇ ਸਲੇਟੀ ਜੇਲ੍ਹ ਦੇ ਲਾਇਬਰੇਰੀਅਨ ਕੋਲੋਂ ਲੈ ਲਈ, ਤੇ ਉਹਨੇ ਸਾਡੇ ਕਮਰੇ ਵਿਚ ਰੋਜ਼ ਆ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਸਤਵੰਤ ਨੂੰ ਅੱਖਰਾਂ ਦੀ ਪਛਾਣ ਬੜੀ ਛੇਤੀ ਹੀ ਆਉਣ ਲਗ ਪਈ, ਉਹਦੀ ਅਕਲ ਬੜੀ ਤਿੱਖੀ ਸੀ।
ਜਦੋਂ ਪੜ੍ਹਾਈ ਦਾ ਰੋਜ਼ਾਨਾ ਕੰਮ ਮੁਕ ਜਾਂਦਾ ਤਾਂ ਪਿਛੋਂ ਵੀ ਉਹ ਮੇਰੇ ਕੋਲ ਬੈਠਾ ਰਹਿੰਦਾ।
ਮੈਂ ਉਹਨੂੰ ਇਕ ਦਿਨ ਪੁੱਛਿਆ, “ਤੂੰ ਚਿੱਠੀ ਵਿਚ ਲਿਖਾਇਆ ਸੀ—ਮੈਂ ਜਦੋਂ ਸ਼ਹਿਰ ਬਰਫ਼ ਲੈਣ ਆਇਆ ਸਾਂ...”
“ਹਾਂ, ਭਾ ਜੀ—ਮੈਂ ਪਿੰਡ ਪਿੰਡ ਫਿਰ ਕੇ ਬਰਫ਼ ਦੇ ਗੋਲੇ ਵੇਚਦਾ ਹੁੰਦਾ ਸਾਂ। ਮੈਂ ਹੜਤਾਲ ’ਤੇ ਸਾਂ, ਪਰ ਘਰ ਦਾ ਸਾਰਾ ਗੁਜ਼ਾਰਾ ਤਾਂ ਕੱਲੀ ਮੇਰੀ ਹੀ ਕਮਾਈ ’ਤੇ ਚਲਦੈ।”
“ਤੂੰ ਕਾਰਖਾਨੇ ਵਿਚ ਕੀ ਕੰਮ ਕਰਦਾ ਏਂ?”
“ਨਲੀਆਂ ਵਟਣ ਦਾ।”
“ਤੈਨੂੰ ਕਿੰਨੇ ਪੈਸੇ ਮਿਲਦੇ ਨੇ?”
“ਹੁਣ ਪੰਜਾਹ ਰੁਪਏ ਮਿਲਦੇ ਨੇ, ਜਦੋਂ ਮੈਂ ਪਹਿਲਾਂ ਪਹਿਲ ਲੱਗਾ ਸਾਂ, ਓਦੋਂ ਤੀਹ ਮਿਲਦੇ ਸਨ।”
“ਤੂੰ ਕਦੋਂ ਦਾ ਓਥੇ ਕੰਮ ’ਤੇ ਲੱਗਾ ਏਂ?”
“ਚੌਥਾ ਵਰ੍ਹਾ ਹੋ ਚਲਿਆ ਏ।”
“ਏਨੀ ਛੋਟੀ ਉਮਰ ਵਿਚ ਤਾਂ ਕਾਰਖ਼ਾਨੇ ਵਿਚ ਕੰਮ ਉਤੇ ਲਾਣ ਦੀ ਇਜਾਜ਼ਤ ਨਹੀਂ ਮਿਲਦੀ।”
“ਭਾ ਜੀ, ਇਹ ਮਾਲਕ ਪੈਸੇ ਚਾੜ੍ਹ ਕੇ ਸਭ ਕੰਮ ਸਾਰ ਲੈਂਦੇ ਨੇ। ਪਹਿਲੋਂ ਇਨਸਪੈਟਰਾਂ ਨਾਲ ਇਹਨਾਂ ਗੰਢੀ ਹੁੰਦੀ ਏ; ਪਰ ਜੇ ਕਿਤੇ ਕੋਈ ਅਜਿਹਾ ਇਨਸਪੈਟਰ ਆ ਜਾਏ ਜਿਸ ਨਾਲ ਉਨ੍ਹਾਂ ਦੀ ਸੁਰ ਨਾ ਰਲੀ ਹੋਏ ਤਾਂ ਫੇਰ ਮਾਲਕ ਛੋਟੇ ਛੋਟੇ ਨਲੀਆਂ ਵਟਣ ਵਾਲੇ ਮੁੰਡਿਆਂ ਨੂੰ ਲੁਕੋ ਲੈਂਦੇ ਜਾਂ ਏਧਰ ਉਧਰ ਕਰ ਛੱਡਦੇ ਨੇ।”
“ਲੁਕੋ ਕਿਵੇਂ ਲੈਂਦੇ ਨੇ?”
“ਲਓ, ਦੋ ਵਾਰ ਦੀ ਤਾਂ ਮੈਂ ਆਪਣੇ ਨਾਲ ਬੀਤੀ ਹੀ ਤੁਹਾਨੂੰ ਦੱਸਦਾ ਹਾਂ। ਜਦੋਂ ਮੈਂ ਹਾਲੀ ਨਵਾਂ ਨਵਾਂ ਹੀ ਕੰਮ ’ਤੇ ਲੱਗਾ ਸਾਂ—ਤਾਂ ਇਕ ਵਾਰੀ ਚਾਨਚਕ ਇਕ ਇੰਸਪੈਟਰ ਕਾਰਖਾਨੇ ਵਿਚ ਆ ਗਿਆ। ਉਹਦੇ ਬਾਰੇ ਮਸ਼ਾਹੂਰ ਸੀ ਕਿ ਉਹ ਬੜਾ ਸਖ਼ਤ ਏ। ਮਾਲਕ ਨੇ ਝਟ ਪਟ ਮੇਰੇ ਵੱਲ ਮਿਸਤਰੀ ਭੇਜਿਆ ਤੇ ਮਿਸਤਰੀ ਨੇ ਮੈਨੂੰ ਇਕ ਵੱਡੇ ਸਾਰੇ ਬਕਸੇ ’ਚ ਬੰਦ ਕਰ ਦਿੱਤਾ।”
“ਬਕਸੇ ’ਚ ਬੰਦ ਕਰ ਦਿੱਤਾ!”
“ਆਹੋ ਬਕਸੇ ’ਚ ਸੂਤਰ ਸੀ, ਤੇ ਹੋਰ ਕਾਰਖਾਨੇ ’ਚ ਕੰਮ ਆਉਣ ਵਾਲਾ ਨਿੱਕਸੁਕ—ਤੇ ਇਕ ਖੂੰਜੇ ਮੈਂ ਲੇਟ ਗਿਆ। ਅੰਦਰ ਬੜਾ ਹਨੇਰਾ ਸੀ। ਪਾਲੇ ਦੇ ਦਿਨ ਸਨ, ਵੱਟ ਤਾਂ ਲੱਗਾ ਨਾ, ਇਨਬਿਨ ਓਵੇਂ ਜਿਵੇਂ ਭੂਤਾਂ ਚੁੜੇਲਾਂ ਦੀਆਂ ਬਾਤਾਂ ਸੁਣਦਿਆਂ ਲੱਗਦਾ ਏ। ਬਸ ਇਕ ਪਾਸੇ ਬਕਸੇ ਦੀ ਲੱਕੜ ਵਿਚ ਦੋ ਖੋੜਾਂ ਸਨ, ਤੇ ਉਨ੍ਹਾਂ ਵਿਚੋਂ ਰਤਾ ਕੁ ਚਾਨਣ ਆਉਂਦਾ ਸੀ। ਜਦੋਂ ਇੰਸਪੈਕਟਰ ਚਲਿਆ ਗਿਆ ਤਾਂ ਜਾ ਕੇ ਕਿਤੇ ਮਿਸਤਰੀ ਨੇ ਮੈਨੂੰ ਬਕਸੇ ਵਿਚੋਂ ਕੱਢਿਆ।”
“ਤੇ ਦੂਜੀ ਵਾਰ?”
“ਦੂਜੀ ਵਾਰ ਜਦੋਂ ਇੰਸਪੈਟਰ ਆਇਆ, ਤਾਂ ਉਹਦੀ ਨਜ਼ਰ ਮੇਰੇ ਉਤੇ ਪੈਣ ਤੋਂ ਪਹਿਲਾਂ ਹੀ ਕੜਕ ਕੇ ਮਾਲਕ ਨੇ ਮੈਨੂੰ ਕਿਹਾ, ‘ਓਏ ਤੂੰ ਇਧਰ ਕੀ ਲੈਣ ਆਇਆ ਏਂ? ਓਧਰ ਮੇਜ਼ ਉਤੇ ਭਾਂਡੇ ਭੈਣ ਭੈਣ ਪਏ ਕਰਦੇ ਨੇ। ਤੈਨੂੰ ਸੌ ਵਾਰ ਸਮਝਾਇਐ ਭਈ ਮਸ਼ੀਨਾਂ ਵੱਲ ਨਾ ਜਾਇਆ ਕਰ। ਕਿਤੇ ਪਟੇ ਵਿਚ ਆ ਗਿਆ ਤਾਂ ਹੋਰ ਵਖ਼ਤ ਪਾਏਂਗਾ। ਬਸ, ਜਦੋਂ ਚਾਹ ਲਿਆਂਦੀ, ਖਾਲੀ ਭਾਂਡੇ ਸਿਧਿਆਂ ਹੀ ਦਫ਼ਤਰੋਂ ਲੈ ਗਿਆ। ਅੱਜ ਮੈਂ ਹਲਵਾਈ ਨੂੰ ਕਹਾਂਗਾ, ਆਪਣੇ ਮੁੰਡੂ ਨੂੰ ਤਾੜ ਕੇ ਰੱਖ। ਇਹ ਸਾਡੀਆਂ ਮਸ਼ੀਨਾਂ ਵੱਲ ਫਿਰਦਾ ਰਹਿੰਦਾ ਏ।’ ਤੇ ਮੈਂ ਚਾਹ ਦੇ ਭਾਂਡੇ ਚੁੱਕ ਹਲਵਾਈ ਦੀ ਦੁਕਾਨ ਵੱਲ ਭੱਜ ਗਿਆ। ਜਿੰਨਾ ਚਿਰ ਇੰਸਪੈਟਰ ਕਾਰਖਾਨੇ ਅੰਦਰ ਰਿਹਾ, ਮੈਂ ਹਲਵਾਈ ਦੀ ਦੁਕਾਨ ’ਤੇ ਟੰਗਿਆ ਰਿਹਾ। ਸਬੱਬ ਨਾਲ ਉਸ ਵੇਲੇ ਹਲਵਾਈ ਦੇ ਦੋਵੇਂ ਮੁੰਡੂ ਗਾਹਕਾਂ ਨੂੰ ਸੌਦਾ ਦੇਣ ਨਾਲ ਦੇ ਕਾਰਖਾਨੇ ਗਏ ਹੋਏ ਸਨ, ਤੇ ਦੁਕਾਨ ’ਤੇ ਗਾਹਕਾਂ ਦੀ ਬੜੀ ਭੀੜ ਸੀ। ਹਲਵਾਈ ਨੇ ਮੈਨੂੰ ਗਲਾਸ ਧੋਣ ਤੇ ਬਾਟੀਆਂ ਮਾਂਜਣ ’ਤੇ ਲਾ ਲਿਆ। ਜਦੋਂ ਮਿਸਤਰੀ ਮੈਨੂੰ ਬੁਲਾਣ ਆਇਆ ਤਾਂ ਮੈਂ ਹਾਲੀ ਭਾਂਡਿਆਂ ਦਾ ਢੇਰ ਮਾਂਜ ਕੇ ਹਟਿਆ ਸਾਂ, ਤੇ ਚਾਹ ਦਾ ਗਿਲਾਸ ਮੈਨੂੰ ਹਲਵਾਈ ਨੇ ਆਪਣੇ ਵਲੋਂ ਫੜਾਇਆ ਹੀ ਸੀ। ਚਾਹ ਪੀਂਦਿਆਂ ਝਟ ਕੁ ਜਿਹੜਾ ਲੱਗਾ, ਮਿਸਤਰੀ ਨਾਰਾਜ਼ ਹੋ ਗਿਆ, ‘ਓਧਰ ਕੰਮ ਰੁਕਿਆ ਪਿਐ, ਤੇ ਇਹ ਇਧਰ ਚਾਹ ਦੀਆਂ ਚੁਸਕੀਆਂ ਪਿਆ ਲੈਂਦੈ!’ ਤੇ ਪੂਰਾ ਘੰਟਾ ਮੇਰੇ ਕੋਲੋਂ ਕੰਮ ਉਹਨੇ ਵੱਧ ਕਰਾ ਕੇ ਓਦਣ ਮੈਨੂੰ ਛੁੱਟੀ ਦਿੱਤੀ।”
“ਤੈਨੂੰ ਓਦੋਂ ਤੀਹ ਰੁਪਏ ਮਿਲਦੇ ਸਨ ਤੇ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਸੀ?”
“ਬਾਰਾਂ ਘੰਟੇ—ਤੇ ਜੇ ਕਦੇ ਅਗਲੀ ਸ਼ਿਫ਼ਟ ਦਾ ਨਲੀਆਂ ਵਟਣ ਵਾਲਾ ਮੁੰਡਾ ਨਾ ਆਉਂਦਾ, ਤਾਂ ਘੰਟਾ ਕੁ ਛੁਟੀ ਕਰਾ ਕੇ, ਚਾਹ ਦਾ ਲਾਲਚ ਦੇ ਕੇ ਅਗਲੇ ਬਾਰਾਂ ਘੰਟੇ ਹੋਰ ਕੰਮ ਵੀ ਮੈਥੋਂ ਉਹ ਕਰਾ ਲੈਂਦਾ ਸੀ। ਇੰਜ ਕਈ ਵਾਰ, ਵਿਚ ਇਕ ਦੋ ਘੰਟੇ ਛੁੱਟੀ ਕਰ ਕੇ, ਲਗਾਤਾਰ ਚਵ੍ਹੀ ਚਵ੍ਹੀ, ਤੀਹ ਤੀਹ ਘੰਟੇ ਕੰਮ ਕੀਤਾ ਏ।”
“ਤੇ ਨੀਂਦਰ?”
“ਨੀਂਦਰ ਮੇਰੀਆਂ ਅੱਖਾਂ ਵਿਚ ਹਰ ਵੇਲੇ ਰੜਕਦੀ ਰਹਿੰਦੀ ਸੀ। ਬਸ ਚਾਹ ਹੀ ਰਤਾ ਮਾਸਾ ਸੁਰਤੀ ਉਘੇੜਦੀ ਸੀ। ਇਸੇ ਕਰਕੇ ਮੈਨੂੰ ਇਸ ਚੰਦਰੀ ਦਾ ਸੜੱਕਾ ਪੈ ਗਿਆ ਏ। ਇਥੇ ਜੇਲ੍ਹ ਵਿਚ ਆ ਕੇ ਬੜੇ ਹੀ ਵਰ੍ਹਿਆਂ ਪਿਛੋਂ ਮਸਾਂ ਕਿਤੇ ਮੈਂ ਰੱਜ ਕੇ ਸੁੱਤਾ ਆਂ। ਜਾਂ ਬਹੁਤ ਛੋਟੇ ਹੁੰਦਿਆਂ ਕਦੇ ਸੌਂਦਾ ਹੁੰਦਾ ਸਾਂ, ਜਦੋਂ ਮੇਰਾ ਬਾਪੂ ਸ਼ਰਾਬ ਵਾਲੇ ਕਾਰਖ਼ਾਨੇ ਤਰਖਾਣ ਲੱਗਾ ਹੋਇਆ ਸੀ।
“ਭਾ ਜੀ, ਹੁਣ ਜਦੋਂ ਅਸੀਂ ਹੜਤਾਲ ਜਿੱਤ ਲਵਾਂਗੇ ਤਾਂ ਫੇਰ ‘ਅੱਠ ਘੰਟੇ’ ਕੰਮ ਦਾ ਕਾਨੂੰਨ ਚਾਲੂ ਹੋ ਜਾਏਗਾ ਨਾ?...ਫੇਰ ਮੈਂ ਰੱਜ ਕੇ ਸਵਾਂ ਕਰਾਂਗਾ। ਨਾਲੇ ਨੋਟੀਫ਼ਿਕੇਸ਼ਨ ਨਾਲ ਮੇਰੀ ਤਨਖ਼ਾਹ ਵੀ ਵਧ ਜਾਊ। ਮਾਂ ਦਾ ਹੱਥ ਪਹਿਲਾਂ ਤੋਂ ਕੁਝ ਸੌਖਾ ਹੋ ਜਾਊ।”
“ਤੇ ਅੱਜ ਕਲ ਤੇਰਾ ਬਾਪੂ ਕੀ ਕਰਦਾ ਏ?”
“ਅੱਜ ਕਲ ਕੁਝ ਨਹੀਂ ਕਰਦਾ। ਬਾਪੂ ਮੇਰਾ ਬੜਾ ਚੰਗਾ ਤਰਖਾਣ ਸੀ। ਉਹ ਸ਼ਰਾਬ ਵਾਲੇ ਕਾਰਖਾਨੇ ਵਿਚ ਕੰਮ ਕਰਦਾ ਹੁੰਦਾ ਸੀ। ਓਥੇ ਪਤਾ ਨਹੀਂ ਇਕ ਦਿਨ ਆਰੇ ਤੋਂ ਉਹਦੀਆਂ ਅੱਖਾਂ ਵਿਚ ਕਿੰਜ ਦਾ ਬੂਰਾ ਪੈ ਗਿਆ—ਉਹਨੂੰ ਕਾਲਾ ਮੋਤੀਆ ਉਤਰ ਆਇਆ। ਬੜੇ ਇਲਾਜ ਕਰਵਾਏ, ਪਰ ਅਖ਼ੀਰ ਮੇਰੇ ਬਾਪੂ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ। ਇਲਾਜ ’ਤੇ ਬੜਾ ਖ਼ਰਚ ਆਇਆ, ਨਾਲੇ ਏਨੀ ਦੇਰ ਘਰ ਕੋਈ ਤਨਖ਼ਾਹ ਨਾ ਆਈ। ਅਖੀਰ ਝਟ ਲੰਘਾਣਾ ਜਦੋਂ ਬਹੁਤ ਹੀ ਮੁਸ਼ਕਲ ਹੋ ਗਿਆ ਤਾਂ ਮੈਂ ਨਲੀਆਂ ਵਟਣ ਦੇ ਕੰਮ ਉਤੇ ਲਗ ਗਿਆ।”
“ਤੇਰਾ ਹੋਰ ਕੋਈ ਭਰਾ ਨਹੀਂ?”
“ਮੇਰਾ ਨਾ ਕੋਈ ਭਰਾ ਵੇ, ਤੇ ਨਾ ਕੋਈ ਭੈਣ। ਚਾਚਾ, ਤਾਇਆ ਵੀ ਕੋਈ ਨਹੀਂ—ਹਾਂ ਦੋ ਮਾਮੇ ਹੈਣ, ਪਰ ਉਨ੍ਹਾਂ ਦਾ ਸਾਡੇ ਨਾਲ ਕੂਣ ਸੈਣ ਨਹੀਂ।”
“ਉਹ ਕਿਉਂ?”
“ਉਹ ਭਾ ਜੀ, ਗੱਲ ਇੰਜ ਹੋਈ, ਜਦੋਂ ਮੇਰੇ ਬਾਪੂ ਦੀਆਂ ਅੱਖਾਂ ਜਵਾਬ ਦੇ ਗਈਆਂ ਤਾਂ ਮੇਰੇ ਮਾਮਿਆਂ ਨੇ ਬੜਾ ਜ਼ੋਰ ਲਾਇਆ ਕਿ ਮੇਰੀ ਮਾਂ ਹੋਰ ਕਿਸੇ ਦੇ ਘਰ ਬਹਿ ਜਾਏ। ਇਕ ਬੁੱਢੜ ਜਿਹੇ ਸ਼ਹਿਰੀ ਠੇਕੇਦਾਰ ਨਾਲ ਮੇਰੇ ਮਾਮਿਆਂ ਦਾ ਬੜਾ ਗੂਹੜ ਸੀ। ਉਹਦੀ ਵਹੁਟੀ ਮਿੱਟੀ ਦਾ ਤੇਲ ਪਾ ਕੇ ਕੁਝ ਵਰ੍ਹੇ ਪਹਿਲਾਂ ਸੜ ਮਰੀ ਸੀ। ਮੇਰੇ ਮਾਮੇ ਮੇਰੀ ਮਾਂ ਨੂੰ ਕਹਿੰਦੇ ਸਨ, ‘ਤੂੰ ਉਹਦੇ ਨਾਲ ਚਾਦਰ ਪਾ ਲੈ—ਰਾਜ ਭੋਗੇਂਗੀ’।
“ਮੇਰੀ ਮਾਂ ਨੂੰ ਬੜਾ ਰੋਹ ਚੜ੍ਹਿਆ। ਉਹਨੇ ਆਪਣੇ ਭਰਾਵਾਂ ਨੂੰ ਕਿਹਾ, ‘ਜੇ ਇਹੀ ਕਹਿਣ ਆਏ ਜੇ ਤਾਂ ਫੇਰ ਮੈਨੂੰ ਕਦੇ ਨਜ਼ਰ ਨਾ ਆਇਓ। ਆਪਣੀਆਂ ਧੀਆਂ ਨੂੰ ਭਾਵੇਂ ਦੋ ਦੋ ਖਸਮ ਕਰਾ ਲੈਣੇ, ਤੁਹਾਡੇ ਬਾਬਲ ਦੀ ਧੀ ਇੰਜ ਨਹੀਂ ਕਰਨ ਲੱਗੀ।’ ਬਸ ਓਦੋਂ ਦਾ ਸਾਡਾ ਕੂਣ ਸੈਣ ਹੈ ਨਹੀਂ। ਉਨ੍ਹਾਂ ਲਈ ਅਸੀਂ ਮਰ ਗਏ, ਤੇ ਸਾਡੇ ਲਈ ਉਹ।”
“ਤੇ ਹੁਣ ਜਦੋਂ ਤੂੰ ਹੜਤਾਲ ਉਤੇ ਸੈਂ, ਤੇ ਤੇਰੇ ਉਤੇ ਹੀ ਘਰ ਦਾ ਸਾਰਾ ਗੁਜ਼ਰ ਏ ਤੇਰੀ ਮਾਂ ਜਾਂ ਬਾਪੂ ਨੇ ਤੈਨੂੰ ਕਦੇ ਹੜਤਾਲ ਛੱਡ ਕੇ ਕੰਮ ਉਤੇ ਲਗ ਜਾਣ ਲਈ ਨਾ ਕਿਹਾ?”
“ਨਾ ਭਾ ਜੀ, ਇਕ ਵਾਰ ਵੀ ਨਹੀਂ। ਮੇਰਾ ਬਾਪੂ ਆਪ ਕਾਰਖ਼ਾਨੇ ਵਿਚ ਮਜੂਰ ਰਿਹਾ ਏ। ਪਚਵੰਜਾ ਦੀ ਹੜਤਾਲ ਵੇਲੇ ਉਹ ਹੜਤਾਲੀਆਂ ਦੀ ਮਦਦ ਲਈ ਆਲੇ-ਦੁਆਲੇ ਪਿੰਡਾਂ ਵਿਚੋਂ ਦਾਣੇ ਇਕੱਠੇ ਕਰਦਾ ਤੇ ਯੂਨੀਅਨ ਦੇ ਹੋਰ ਸੌ ਕੰਮ ਦਿਹਾੜੀ ਭੰਨ ਕੇ ਕਰਦਾ ਹੁੰਦਾ ਸੀ। ਓਦੋਂ ਉਹਦੀਆਂ ਅੱਖਾਂ ਨੌ ਬਰ ਨੌ ਸਨ।”
“ਤੇ ਤੇਰੀ ਮਾਂ?”
“ਲਓ ਮੇਰੀ ਮਾਂ ਦੀ ਵੀ ਸੁਣ ਲਓ। ਇਕ ਦਿਨ ਟਿੱਡਾ ਮਿਸਤਰੀ ਸਾਡੇ ਘਰ ਆ ਪੁੱਜਾ। ਹੜਤਾਲ ਦਾ ਦਸਵਾਂ ਦਿਨ ਸੀ। ਆ ਕੇ ਲਾਣ ਲਗਾ ਲੋਲੋ ਪੋਪੀਆਂ—ਅਖੇ ‘ਸਾਡੇ ਕਾਰਖ਼ਾਨੇ ਦੀ ਹੜਤਾਲ ਟੁੱਟ ਗਈ ਏ, ਮਾਈ ਤੇਰਾ ਮੁੰਡਾ ਹੀ ਕੱਲਾ ਨਹੀਂ ਪਰਤਿਆ। ਕਾਰਖ਼ਾਨੇ ਸਾਰੇ ਚਲ ਪਏ ਨੇ। ਜਿਹੜਾ ਵਿਰਲਾ ਟਾਵਾਂ ਨਹੀਂ ਚੱਲਿਆ, ਉਹ ਵੀ ਅੱਜ ਭਲਕ ਚੱਲਿਆ ਸਮਝ।’ ਟਿੱਡੇ ਮਿਸਤਰੀ ਨੇ ਮੇਰੀ ਮਾਂ ਨੂੰ ਕਿਹਾ, ‘ਜੇ ਸਤਵੰਤ ਕੰਮ ਤੇ ਚਲਿਆ ਜਾਵੇ ਤਾਂ ਉਹਦੀ ਤਨਖ਼ਾਹ ਵਿਚੋਂ ਪੰਝੀ ਰੁਪਏ ਪੇਸ਼ਗੀ ਮੈਂ ਹੁਣੇ ਤੈਨੂੰ ਦੇ ਦੇਂਦਾ ਹਾਂ।’ ਪਰ ਮੇਰੀ ਮਾਂ ਨੇ ਟਿੱਡੇ ਦੀ ਉਸੇ ਤਰ੍ਹਾਂ ਦੀ ਬਾਬ ਕੀਤੀ ਜਿਵੇਂ ਉਹਨੇ ਮੇਰੇ ਮਾਮਿਆਂ ਦੀ ਓਦੋਂ ਕੀਤੀ ਸੀ, ਜਦੋਂ ਉਹ ਉਹਨੂੰ ਹੋਰ ਕਿਸੇ ਨਾਲ ਚਾਦਰ ਪਾ ਲੈਣ ਲਈ ਆਖਣ ਲੱਗੇ ਸਨ।”
ਕੁਝ ਦੇਰ ਦੀ ਚੁੱਪ ਪਿਛੋਂ ਸਤਵੰਤ ਬੋਲਿਆ, “ਅੱਜਕਲ ਪਤਾ ਨਹੀਂ ਸਾਡੇ ਘਰ ਦਾ ਝਟ ਕਿਵੇਂ ਲੰਘਦਾ ਹੋਊ! ਜਿੰਨਾ ਚਿਰ ਮੈਂ ਫੜਿਆ ਨਹੀਂ ਸਾਂ ਗਿਆ, ਮੈਂ ਵਾਹਵਾ ਕੰਮ ਲੱਭ ਲਿਆ ਸੀ। ਅੱਜਕਲ ਪਿੰਡਾਂ ਵਿਚ ਨਵੇਂ ਦਾਣੇ ਨਿਕਲੇ ਹੁੰਦੇ ਨੇ। ਬਾਲਾਂ ਨੂੰ ਬਰਫ਼ ਦੇ ਗੋਲੇ ਵੇਚ ਕੇ ਦਿਹਾੜੀ ਵਾਹਵਾ ਬਣ ਜਾਂਦੀ ਏ। ਸਾਈਕਲ ਮੇਰੇ ਕੋਲ ਹੈ ਈ ਸੀ। ਕੁਝ ਰੁਪਏ ਖਰਚ ਕੇ ਮੈਂ ਬਰਫ਼ ਦੇ ਗੋਲੇ ਵੇਚਣ ਦਾ ਸਾਰਾ ਜੁਗਾੜ ਬਣਾ ਲਿਆ: ਇਕ ਖੋਖਾ, ਸ਼ਰਬਤ ਦੀਆਂ ਬੋਤਲਾਂ, ਤੇ ਇਕ ਰੰਦਾ। ਰੋਜ਼ ਸ਼ਹਿਰੋਂ ਬਰਫ਼ ਲੈ ਆਂਦਾ ਸਾਂ। ਨਾਲ ਦੇ ਦੋ ਚਾਰ ਪਿੰਡਾਂ ਵਿਚ ਹੜਤਾਲੀ ਮਜ਼ਦੂਰ ਬੜੇ ਸਨ। ਇਕ ਪਿੰਡ ਦੀ ਪੰਚਾਇਤ ਦਾ ਇਕ ਮਿੰਬਰ ਵੀ ਸਾਡੀ ਯੂਨੀਅਨ ਦਾ ਹੀ ਇਕ ਮਜ਼ਦੂਰ ਸੀ—ਉਹਦੇ ਰਸੂਖ਼ ਨਾਲ ਉਸ ਪਿੰਡ ਮੇਰੇ ਕੋਲੋਂ ਧੜਤ ਵੀ ਕੋਈ ਨਹੀਂ ਸੀ ਲੈਂਦਾ। ਮੈਂ ਦਬਾਦਬ ਬਰਫ਼ ਰੰਦ ਕੇ, ਉਤੇ ਕਿਸੇ ਨੂੰ ਪਾਨ ਦਾ, ਕਿਸੇ ਨੂੰ ਅੰਬ ਦਾ, ਕਿਸੇ ਚਿੜੀ ਦਾ ਤੇ ਕਿਸੇ ਨੂੰ ਛਤਰੀ ਦਾ ਠੱਪਾ ਲਾ ਕੇ ਹਰਾ, ਲਾਲ ਸ਼ਰਬਤ ਪਾ ਕੇ ਵੇਚਦਾ ਰਹਿੰਦਾ। ਮੇਰੀ ਵਿਕਰੀ ਹੋਰਨਾਂ ਸਭਨਾਂ ਗੋਲਿਆਂ ਵਾਲਿਆਂ ਨਾਲੋਂ ਵੱਧ ਹੋ ਜਾਂਦੀ। ਪਰ ਸਾਰਾ ਦਿਨ ਸਾਈਕਲ ਉਤੇ ਪਿੰਡ ਪਿੰਡ ਫਿਰਦਿਆਂ ਮੈਨੂੰ ਇਕ ਦਿਨ ਏਨੀ ਧੁੱਪ ਲਗ ਗਈ ਕਿ ਮੈਂ ਬੀਮਾਰ ਪੈ ਗਿਆ।
“ਦੋ ਤਿੰਨ ਦਿਨਾਂ ਦੀ ਬੀਮਾਰੀ ਪਿਛੋਂ ਮੈਂ ਹਾਲੀ ਪਹਿਲੇ ਦਿਨ ਮਸਾਂ ਉਠਿਆ ਹੀ ਸਾਂ ਕਿ ਮੈਂ ਸਾਈਕਲ ਫੜ ਲਈ। ਮਾਂ ਨੇ ਪੁੱਛਿਆ, ‘ਕਿਥੇ ਚਲਿਐਂ?’ ਮੈਂ ਕਿਹਾ, ‘ਸ਼ਹਿਰੋਂ ਬਰਫ਼ ਲੈਣ।’ ਮਾਂ ਨੇ ਕਿਹਾ, ‘ਨਾ ਪੁੱਤ, ਹਾਲੀ ਤੂੰ ਤਕੜਾ ਨਹੀਂ ਹੋਇਆ, ਦੋ ਦਿਨ ਹੋਰ ਰਮਾਨ ਕਰ ਲੈ। ਪਰ ਮੈਨੂੰ ਪਤਾ ਸੀ ਘਰ ਦਾ ਝਟ ਨਹੀਂ ਲੰਘਣਾ, ਸੋ ਮੈਂ ਮਾਂ ਦੇ ਵਰਜਦਿਆਂ ਵਰਜਦਿਆਂ ਸ਼ਹਿਰ ਬਰਫ਼ ਲੈਣ ਤੁਰ ਪਿਆ।
“ਸ਼ਹਿਰ ਮੈਂ ਪੰਜਾਬ ਮਿੱਲ ਸਾਹਮਣਿਓਂ ਲੰਘਣ ਹੀ ਲੱਗਾ ਸਾਂ ਕਿ ਓਥੇ ਮੈਨੂੰ ਦਿਸਿਆ ਗੇਟ ਮੂਹਰੇ ਪੁਲਸ ਸਾਡੇ ਕਾਰੀਗਰ ਭਰਾਵਾਂ ਨੂੰ ਕੁੱਟ ਰਹੀ ਸੀ, ਤੇ ਆਲੇ-ਦੁਆਲੇ ਲੋਕਾਂ ਦੀ ਭੀੜ ਨਾਹਰੇ ਲਾ ਰਹੀ ਸੀ। ਪੁਲਿਸ ਦਾ ਕੋਈ ਅੰਤ ਨਹੀਂ ਸੀ। ਘੋੜ-ਸਵਾਰ ਪੁਲਿਸ ਵੀ ਸੀ। ਮੇਰੇ ਕੋਲੋਂ ਰਿਹਾ ਨਾ ਗਿਆ, ਤੇ ਮੈਂ ਵੀ ਲੋਕਾਂ ਦੀ ਭੀੜ ਚੀਰ ਅੱਗੇ ਜਾ ਖੜੋਤਾ ਤੇ ਨਾਹਰੇ ਲਾਣ ਲੱਗਾ, ‘ਪੁਲਸ ਤਸ਼ੱਦਦ-ਮੁਰਦਾਬਾਦ’, ‘ਮਜ਼ਦੂਰ ਇਤਹਾਦ— ਜ਼ਿੰਦਾਬਾਦ’...”
ਸਾਡੀ ਜੇਲ੍ਹ-ਬਾਰਕ ਦੇ ਵਿਹੜੇ ਵਿਚੋਂ ਵੀ ਨਾਹਰਿਆਂ ਦੀ ਆਵਾਜ਼ ਆਉਣ ਲੱਗ ਪਈ ਸੀ। ਧੁੱਪ ਵਿਹੜੇ ਵਿਚੋਂ ਹਟ ਚੁਕੀ ਸੀ, ਤੇ ਬਾਰਕ ਦੇ ਸਾਰੇ ਸਾਥੀ ਸ਼ਾਮ ਦੀ ਮੀਟਿੰਗ ਲਈ ਜੁੜ ਰਹੇ ਸਨ।
ਸਤਵੰਤ ਤੇ ਮੈਂ ਵੀ ਉੱਧਰ ਚਲ ਪਏ। ਸਤਵੰਤ ਦੇ ਨਾਹਰਿਆਂ ਦੀ ’ਵਾਜ ਮੀਟਿੰਗ ਲਈ ਜੁੜ ਰਹੇ ਜੇਲ੍ਹਾਂ ਮਜ਼ਦੂਰਾਂ ਦੇ ਨਾਹਰਿਆਂ ਵਿਚ ਰਲ ਗਈ।
[1965]