Saukhian Nahin Milde Sahi Raah (Punjabi Article): Labh Singh Shergill

ਸੌਖਿਆਂ ਨਹੀਂ ਮਿਲਦੇ ਸਹੀ ਰਾਹ (ਲੇਖ) : ਲਾਭ ਸਿੰਘ ਸ਼ੇਰਗਿੱਲ

ਇਹ ਗੱਲ ਸਹੀ ਹੈ ਕਿ ਜਿੱਥੇ ਮਨੁੱਖ ਲਈ ਜ਼ਿੰਦਗੀ ਦੇ ਸਫ਼ਰ 'ਚ ਰੁਕਾਵਟਾਂ ਹਨ ਉੱਥੇ ਨਾਲ਼ ਹੀ ਪ੍ਰੇਰਨਾ ਦੇ ਸਰੋਤ ਵੀ ਮੌਜੂਦ ਹੁੰਦੇ ਹਨ। ਸੂਰਜ ਉੱਗਣ ਤੋਂ ਪਹਿਲਾਂ ਤੇ ਜਦੋਂ ਇਸਦੀ ਧਰਤੀ 'ਤੇ ਪਹਿਲੀ ਕਿਰਨ ਪੈਂਦੀ ਹੈ, ਉਸ ਦੇ ਨਾਲ਼ ਹੀ ਮਨੁੱਖ,ਪਸ਼ੂ-ਪੰਛੀ, ਜੀਵ-ਜੰਤੂ,ਬਨਸਪਤੀ ਆਦਿ ਦੀ ਜੀਵਨ ਲਈ ਜੱਦੋ-ਜਹਿਦ ਆਰੰਭ ਹੋ ਜਾਂਦੀ ਹੈ। ਦਿਨ ਭਰ ਇਸ ਸਫ਼ਰ ਦੀਆਂ ਹਰ ਪਾਸੇ ਅਨੇਕਾਂ ਵੰਨਗੀਆਂ ਦਿਖਾਈ ਦਿੰਦੀਆਂ ਹਨ ਜੋ ਆਪਣੇ ਨਿਰਬਾਹ ਤੇ ਸੁਖਾਲ਼ੇ ਜੀਵਨ ਲਈ ਨਿਰੰਤਰ ਸੰਘਰਸ਼ ਦੇ ਰਾਹ ਚਲਦੀਆਂ ਨਜ਼ਰੇ ਪੈਂਦੀਆਂ ਹਨ। ਜੱਦੋ-ਜਹਿਦ, ਘੋਲ਼ ਵਿੱਚੋਂ ਹੀ ਜ਼ਿੰਦਗੀ ਜਿਉਣ ਦੇ ਵਲ (ਢੰਗ) ਤੇ ਤਜ਼ਰਬੇ ਮਿਲਦੇ ਹਨ,ਇਸੇ ਨਾਲ਼ ਨਵੇਂ ਮਾਰਗ ਖੁੱਲ੍ਹਦੇ ਜਾਂਦੇ ਹਨ। ਇਹ ਚੱਲਣ ਵਾਲ਼ੇ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਰਸਤਾ ਚੁਣਦਾ ਹੈ ਕਿਉਂਕਿ ਜੀਵਨ ਵਿੱਚ ਬੜੀ ਵਿਸ਼ਾਲਤਾ ਤੇ ਵੰਨ-ਸੁਵੰਨਤਾ ਸਾਡੇ ਸਾਹਮਣੇ ਹੁੰਦੀ ਹੈ। ਇੱਥੇ ਬਹੁਤੀ ਵਾਰ ਮਨੁੱਖ ਸ਼ਸ਼ੋਪੰਜ 'ਚ ਪੈ ਜਾਂਦਾ ਹੈ, ਇੱਥੋਂ ਹੀ ਸਹੀ ਤੇ ਗਲਤ ਰਾਹ ਦੋਨੋਂ ਸਮਾਨਅੰਤਰ ਨਿਕਲਦੇ ਹਨ। ਸਹੀ ਅਰਥਾਂ ਵਿੱਚ ਇੱਥੇ ਹੀ ਆਦਮੀ ਦੀ ਜ਼ਿੰਦਗੀ ਦੀ ਪ੍ਰੀਖਿਆ ਦਾ ਸਮਾਂ ਹੁੰਦਾ ਹੈ। ਤਜ਼ਰਬਿਆਂ ਤੇ ਠੋਕਰਾਂ ਖਾ-ਖਾ ਕੇ ਹੰਢਿਆ ਇਨਸਾਨ ਸਹੀ ਡਗਰ (ਰਾਹ) ਵੱਲ ਆਪਣੇ ਕਦਮ ਮੋੜ ਲੈਂਦਾ ਹੈ। ਕਈ ਵਾਰ ਤੀਖਣ ਬੁੱਧੀ ਵਾਲ਼ਾ ਮਨੁੱਖ ਵੀ ਸਹੀ ਚੋਣ ਕਰਨ ਤੋਂ ਭਟਕ ਜਾਂਦਾ ਹੈ ਕਿਉਂਕਿ ਸੱਟਾਂ, ਔਕੜਾਂ, ਠੋਕਰਾਂ, ਅਸਫ਼ਲਤਾਵਾਂ ਹੀ ਆਦਮੀ ਨੂੰ ਰਸਤਾ ਦਿਖਾਉਂਦੀਆਂ ਹਨ। ਜ਼ਿੰਦਗੀ ਦੇ ਅਸਲ ਅਰਥਾਂ ਦਾ ਪਤਾ ਚਲਦਾ ਹੈ। ਬਿਨਾਂ ਸੰਘਰਸ਼ ਤੋਂ ,ਸੌਖਿਆਂ ਹੀ ਤੇ ਬਣੀ ਬਣਾਈ ਮਿਲੀ ਕੋਈ ਵੀ ਵਸਤੂ ਦੀ ਕੀਮਤ, ਹਾਸਲ ਕਰਨ ਵਾਲ਼ੇ ਨੂੰ, ਉਹ ਕਿਵੇਂ ਬਣੀ ਤੇ ਉਸ ਕੋਲ਼ ਕਿਵੇਂ ਪਹੁੰਚੀ,ਇਸ ਦਾ ਉਸ ਨੂੰ ਗਿਆਨ ਨਹੀਂ ਹੁੰਦਾ ਜਾਂ ਉਹ ਜਾਣਨਾ ਹੀ ਨਹੀਂ ਚਾਹੁੰਦਾ, ਬਹੁਤੀ ਵਾਰ ਇਹ ਹੀ ਗੱਲ ਉਸ ਨੂੰ ਕੁਰਾਹੇ ਪਾ ਦਿੰਦੀ ਹੈ, ਜ਼ਿੰਦਗੀ ਜਿਉਣ ਦਾ ਅਸਲ ਮਕਸਦ ਭੁੱਲ ਜਾਂਦਾ ਹੈ।

ਜੀਵਨ ਵਿੱਚ ਮੁਸ਼ਕਲਾਂ ਨਾਲ਼ ਦੋ-ਚਾਰ ਹੁੰਦੇ ਹੋਏ ਇਨਸਾਨਾਂ ਤੋਂ ਹੀ ਤਜ਼ਰਬਿਆਂ ਦਾ ਜਨਮ ਹੁੰਦਾ ਹੈ ਜਿਹੜੇ ਅਗਲੇਰੀ ਪੀੜ੍ਹੀ ਲਈ ਮਾਰਗ ਦਰਸ਼ਕ ਦਾ ਕੰਮ ਕਰਦੇ ਹਨ। ਜਿਨ੍ਹਾਂ ਤੋਂ ਗਿਆਨ ਲੈ ਕੇ ਆਪਣੇ ਲਈ ਸਹੀ ਰਾਹ ਦੀ ਚੋਣ ਕਰ ਸਕਣ ਵਿੱਚ ਸੋਖ ਹੋ ਜਾਂਦੀ ਹੈ ਪਰ ਇਨ੍ਹਾਂ ਤੋਂ ਲਾਹਾ ਲੈਣ ਵਾਸਤੇ ਵੀ ਆਦਮੀ ਵਿੱਚ ਸਬਰ,ਸਹਿਣਸ਼ੀਲਤਾ ਦਾ ਹੋਣਾ ਜ਼ਰੂਰੀ ਹੈ ਜਿਹੜੀ ਕਿ ਅੱਜਕੱਲ੍ਹ ਬਹੁਤ ਵਿਰਲਿਆਂ 'ਚ ਹੀ ਦੇਖਣ ਨੂੰ ਮਿਲਦੀ ਹੈ। ਅੱਜ ਤਾਂ ਕੋਈ ਚੰਗੀ ਤੇ ਸਹੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ,ਸਾਰੇ ਆਪੇ ਵਿੱਚ ਮਸਤ ਹੋਏ ਫਿਰ ਰਹੇ ਹਨ, ਸੇਧ ਦੇਣ ਵਾਲ਼ੇ ਨੂੰ ਕਈ ਵਾਰ ਤਾਂ ਮੂਰਖ ਹੀ ਸਮਝਿਆ ਜਾਂਦਾ ਹੈ ਪਰ ਸਮਾਂ ਬੀਤਣ 'ਤੇ ਉਹੀ ਗੱਲ ਦਾ ਸਹੀ ਸਾਬਤ ਹੋ ਜਾਣਾ, ਚੌਗਿਰਦੇ ਨੂੰ ਨਾ ਪੂਰਾ ਹੋਣ ਵਾਲ਼ਾ ਸਮਾਜਿਕ,ਆਰਥਿਕ ਤੇ ਨੈਤਿਕ ਘਾਟਾ ਹੀ ਸਾਬਤ ਹੁੰਦਾ ਹੈ। ਇਸ ਨਾਲ਼ ਸਮਾਜ ਵਿੱਚ ਅਜਿਹੇ ਲੋਕਾਂ ਦਾ ਬੋਲਬਾਲਾ ਹੋ ਜਾਂਦਾ ਹੈ ਜਿਹੜੇ ਆਪਣੇ ਮਕਸਦ ਲਈ ਸਮਾਜ ਵਿੱਚ ਲੜਾਈ-ਝਗੜੇ,ਨਫ਼ਰਤ, ਵੈਰ,ਠੱਗੀ-ਠੋਰੀ,ਭ੍ਰਿਸ਼ਟਾਚਾਰ,ਲੁੱਟ-ਮਾਰ ਆਦਿ ਭੈੜੀਆਂ ਅਲਾਮਤਾਂ ਨੂੰ ਉਭਾਰਦੇ ਹਨ। ਲੋਕਾਂ ਵਿੱਚ ਸੰਵੇਦਨਾ ਦੀ ਘਾਟ ਹੋਣ ਲੱਗਦੀ ਤੇ ਨਿਰਦੈਤਾ ਦਾ ਜਨਮ ਹੋਣ ਲੱਗਦਾ ਹੈ ਜਿਸ ਨਾਲ਼ ਸਮਾਜ ਹਰ ਪੱਖੋਂ ਗਿਰਾਵਟ ਵੱਲ ਹੋ ਤੁਰਦਾ ਹੈ ਜੋ ਕਿ ਮਨੁੱਖਤਾ ਦੇ ਭਲੇ ਵਿੱਚ ਨਹੀਂ ਹੈ।ਅੱਜ ਦੇ ਸਮੇਂ ਵਿੱਚ ਅਸਲ ਨਾਲ਼ੋਂ ਭੇਖਧਾਰੀ ਲੋਕ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਕਿਉਂਕਿ ਸਹੀ ਗੱਲ 'ਤੇ ਚੱਲਣਾ, ਸਹੀ ਗੱਲ 'ਤੇ ਪਹਿਰਾ ਦੇਣਾ ਹਿੰਮਤ ਦੀ ਮੰਗ ਕਰਦਾ ਹੈ। ਬਹੁਤ ਸਾਰੇ ਇਸ ਪੈਂਡੇ ਦੌਰਾਨ ਹੌਸਲਾ ਤੇ ਦ੍ਰਿੜਤਾ ਨਹੀਂ ਰੱਖ ਪਾਉਂਦੇ ਪਰ ਅਣਥੱਕ,ਸਿਰੜੀ ,ਸਬਰ ਦੇ ਧਨੀ, ਕੁਦਰਤ ਦੇ ਸਾਂਝੀ ਮਨੁੱਖ ਹੀ ਜ਼ਿੰਦਗੀ ਦੀ ਰਮਜ਼ ਨੂੰ ਸਮਝਦੇ ਹੋਏ ਆਪਣੇ ਲਈ ਸਹੀ ਰਾਹ ਦੀ ਚੋਣ ਕਰਦੇ ਹਨ ਅਤੇ ਹੋਰਨਾਂ ਲਈ ਪਥ ਪ੍ਰਦਰਸ਼ਕ ਬਣਦੇ ਹੋਏ ਸੱਚੇ ਪਾਂਧੀ ਹੋਣ ਦਾ ਸੱਚਾ-ਸੁੱਚਾ ਸਬੂਤ ਦੇ ਜਾਂਦੇ ਹਨ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ : ਲਾਭ ਸਿੰਘ ਸ਼ੇਰਗਿੱਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •