Saun Mahine... (Punjabi Story) : Navtej Singh
ਸੌਣ ਮਹੀਨੇ... (ਕਹਾਣੀ) : ਨਵਤੇਜ ਸਿੰਘ
ਠੂਠੀ-ਚੱਪਣੀ ਨਹੀਂ, ਵੱਟਾਂ ਤੋੜ ਮੀਂਹ ਵਰ੍ਹਿਆ ਸੀ। ਝੋਨਿਆਂ ਦੀਆਂ ਪੈਲੀਆਂ ਵਿਚ ਪਾਣੀ ਦੀ ਲਹਿਰ ਬਹਿਰ ਸੀ। ਅਗਲੇ ਵਰ੍ਹੇ ਤੇ ਨਵਾਂ ਸੂਆ ਉਨ੍ਹਾਂ ਦੇ ਪਿੰਡ ਅੱਪੜ ਜਾਣਾ ਸੀ—ਪਰ ਐਤਕੀ ਤਾਂ ਬੱਦਲਾਂ ਹੱਥ ਹੀ ਭਾਗਾਂ ਦੀ ਡੋਰ ਸੀ।
ਸੁਰੈਣ ਸਿੰਘ ਆਪਣੇ ਖੇਤ ਦਾ ਮੂੰਹਾਂ ਤਕੜਾ ਕਰ ਕੇ ਘਰ ਪਰਤ ਰਿਹਾ ਸੀ। ਭਾਵੇਂ ਇਹ ਸੂਆ ਤਾਂ ਚੋਣਾਂ ਤੋਂ ਪਹਿਲਾਂ ਦਾ ਹੀ ਪੁਟੀਣਾ ਸ਼ੁਰੂ ਹੋ ਗਿਆ ਸੀ, ਪਰ ਮਲਕ ਜਦੋਂ ਪਰਚੀਆਂ ਤੋਂ ਪਹਿਲਾਂ ਉਨ੍ਹਾਂ ਦੇ ਪਿੰਡ ਆਇਆ ਸੀ, ਤਾਂ ਆਖ ਗਿਆ ਸੀ, “ਮੈਂ ਤੁਹਾਡੇ ਪਿੰਡ ਨਹਿਰ ਦਾ ਪਾਣੀ ਜ਼ਰੂਰ ਲੈ ਆਵਾਂਗਾ, ਬਸ ਇਕ ਵਾਰ ਮੈਨੂੰ ਪਰਚੀਆਂ ਪੁਆ ਦਿਓ।” ਨਾਲੇ ਕਹਿੰਦਾ ਸੀ, “ਸਰਕਾਰੀ ਬਸ ਤੁਹਾਡੇ ਪਿੰਡ ਤੱਕ ਜ਼ਰੂਰ ਚਲਵਾ ਦਿਆਂਗਾ, ਇਕ ਵਾਰ ਮੈਨੂੰ ਪਰਚੀਆਂ ਪੁਆ ਦਿਓ! ਹਸਪਤਾਲ ਵੀ ਏਥੇ ਖੁਲ੍ਹਵਾ ਦਿਆਂਗਾ। ਤੁਹਾਨੂੰ ਦਵਾ ਦਰਮਲ ਲਈ ਬਹੁਤ ਦੂਰ ਜਾਣਾ ਪੈਂਦਾ ਏ, ਹੁਣ ਘਰ ਵਿਚ ਹੀ ਹਸਪਤਾਲ ਆ ਜਾਏਗਾ—ਪਰਚੀਆਂ ਮੈਨੂੰ ਪੁਆ ਦਿਓ।”
ਪਰਚੀਆਂ ਸਾਰੇ ਪਿੰਡ ਨੇ ਮਤਾ ਕਰ ਕੇ ਮਲਕ ਨੂੰ ਹੀ ਪੁਆਈਆਂ ਸਨ; ਤੇ ਮਲਕ ਦੀ ਮਿਹਰ ਹੋਈ ਸੀ, ਹਸਪਤਾਲ ਵੀ ਖੁੱਲ੍ਹ ਗਿਆ ਸੀ ਐਨ ਉਨ੍ਹਾਂ ਦੇ ਪਿੰਡ; ਬੱਸ ਵੀ ਚਲਣੀ ਸ਼ੁਰੂ ਹੋ ਗਈ ਸੀ, ਤੇ ਨਹਿਰ ਦਾ ਪਾਣੀ ਵੀ ਆ ਹੀ ਜਾਵੇਗਾ। ਮਲਕ ਉਨ੍ਹਾਂ ਭਾਣੇ ਫ਼ਰਹਾਦ ਸੀ!
ਕੱਲ੍ਹ ਜ਼ਿਲੇਦਾਰ ਕੋਲ ਵੱਡੇ ਸ਼ਹਿਰ ਉਨ੍ਹਾਂ ਦੇ ਪਿੰਡ ਦੇ ਲੋਕ ਗਏ ਸਨ। (ਗਏ ਤਾਂ ਪਹਿਲਾਂ ਵੀ ਬੜੀ ਵਾਰ ਸਨ, ਪਰ ਉਹ ਲੱਭਦਾ ਹੀ ਨਹੀਂ ਸੀ। ਸੁਣਿਐਂ ਜਿੱਥੇ ਸਰਕਾਰੀ ਅਫ਼ਸਰ ਦਾ ਦਫ਼ਤਰ ਹੋਵੇ, ਓਸ ਤੋਂ ਪੰਜ ਮੀਲ ਦੇ ਅੰਦਰ ਅੰਦਰ ਹੀ ਉਹਨੂੰ ਰਹਿਣ ਦਾ ਹੁਕਮ ਹੈ—ਪਰ ਉਹ ਤੇ ਪੰਦਰਾਂ ਕੋਹਾਂ ਦੀ ਵਾਟ ਤੇ ਵੱਡੇ ਸ਼ਹਿਰ ਹੀ ਰਹਿੰਦਾ ਹੈ। ਤੇ ਜਦੋਂ ਮਿਲਣ ਜਾਓ, ਓਥੇ ਲੱਭਦਾ ਨਹੀਂ, ਅਫ਼ਸਰ ਆਦਮੀ ਹੋਇਆ—ਨਾਲੇ ਕਹਿੰਦੇ ਨੇ ਉਹਦਾ ਬੜਾ ਰਸੂਖ਼ ਹੈ ਉੱਪਰ, ਟਹੁਰ ਨਾਲ ਨੌਕਰੀ ਕਰਦਾ ਏ। ਪਰ ਚੰਗੇ ਭਾਗਾਂ ਨੂੰ ਸਾਡੇ ਪਿੰਡ ਵਾਲਿਆਂ ਨਾਲ ਉਹਦਾ ਮੇਲ ਵੱਡੇ ਸ਼ਹਿਰ ਉਹਦੇ ਘਰ ਹੀ ਹੋ ਗਿਆ)। ਉਹ ਜ਼ਿਲੇਦਾਰ ਦੀ ਚੰਗੀ ਸੇਵਾ ਕਰ ਆਏ ਹਨ, ਸੱਤ ਵੀਹਾਂ ਤਾਂ ਉਹਦੇ ਹੱਥ ਫੜਾ ਆਏ ਸਨ, ਤੇ ਬਾਕੀ ਦਾ ਪਾਣੀ ਪੈਣ ਉੱਤੇ। ਜ਼ਿਲੇਦਾਰ ਨੇ ਪੱਕ ਕੀਤੀ ਹੈ, “ਫ਼ਿਕਰ ਨਾ ਕਰੋ, ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਪਾਣੀ ਤੁਹਾਡੇ ਪਿੰਡ ਨੂੰ ਹੀ ਮਿਲੇਗਾ। ਬਸ ਅਗਲੀ ਹਾੜੀ ਤੱਕ।”
ਅਗਲੀ ਹਾੜੀ …ਤੇ ਉਹਨੇ ਮਨ ਹੀ ਮਨ ਵਿਚ ਵੇਖਿਆ, ਉਨ੍ਹਾਂ ਦੇ ਪਿੰਡ ਦੀ ਸਦੀਆਂ ਤੋਂ ਤਹਿਰਾਈ ਭੋਂ ਨੂੰ ਨਹਿਰ ਨਸੀਬ ਹੋਵੇਗੀ, ਤੇ ਉਨ੍ਹਾਂ ਦੀ ਮਿਹਨਤ ਇਕ ਵਾਰੀ ਤਾਂ ਬਾਰ ਦੇ ਚੇਤੇ ਸਜਰੇ ਕਰਾ ਦਏਗੀ।
ਸੌਣ ਮਹੀਨੇ, ਮੀਂਹ ਰਿਮ ਝਿਮ ਕਣੀਆਂ,
ਬੋਹੜ ਉੱਤੇ ਪੀਂਘਾਂ ਪਿਆਰ ਦੀਆਂ ਤਣੀਆਂ।
ਸੋਮਾ ਪੀਂਘ ਝੂਟਣ ਗਈ ਹੋਣੀ ਏਂ, ਸਹੇਲੀਆਂ ਨਾਲ। ਉਹਦਾ ਬੜਾ ਗੱਜ ਵੱਜ ਕੇ ਵਿਆਹ ਕਰਾਂਗਾ। ਮੇਰੀ ਜਿੰਦੋ। ਐਤਕੀ ਝੋਨੇ ਬੜੇ ਫੱਬੇ ਨੇ, ਤੇ ਹਾੜੀ ਨੂੰ ਤਾਂ ਨਹਿਰ ਦਾ ਪਾਣੀ ਰੰਗ ਲਾ ਦਏਗਾ। ਮੁੰਡਾ ਤਾਂ ਆਪਣੀ ਸੋਮਾਂ ਲਈ ਮੈਂ ਬੜਾ ਫੰਨ੍ਹੇ ਲੱਭ ਲਿਆ ਏ।
ਉਹਦੇ ਘਰ ਵਲੋਂ ਇਹ ਬੇ-ਸ਼ਗਨੀਆਂ ਚੀਕਾਂ ਕਹੀਆਂ ਆ ਰਹੀਆਂ ਸਨ?
ਸੋਮਾ ਪੀਂਘ ਝੂਟਣ ਗਈ ਸੀ, ਤੇ ਉਹਨੂੰ ਓਥੇ ਕਿਤੇ ਕੱਖ ਲੱਗ ਗਿਆ ਸੀ।
ਹਾਏ, ਵਿਛੋੜੇ ਦੀ ਵਾਰ ਧੀਏ!
ਤੇਰੀ ਮੁੱਕੀ ਦੁੱਧ ਦੀ ਧਾਰ ਧੀਏ!
“ਢੇਰੀ ਨਾ ਢਾਹ, ਹੁਣ ਤੇ ਹਰ ਤਰ੍ਹਾਂ ਦੇ ਸੱਪ ਦਾ ਪੱਕਾ ਇਲਾਜ ਨਿਕਲ ਆਇਐ। ਇਸ ਬਾਰੇ ਪਿੰਡਾਂ ਦੇ ਹਸਪਤਾਲਾਂ ਵਿਚ ਵੀ ਵੱਡੇ ਵੱਡੇ ਚਾਰਟ ਲੱਗੇ ਹੋਏ ਨੇ। ਤੇ ਆਪਣੇ ਪਿੰਡ ਦਾ ਹੁਣ ਹਸਪਤਾਲ ਏ,” ਕਿਸੇ ਗੁਆਂਢੀ ਨੇ ਦਿਲਾਸਾ ਦਿੱਤਾ।
ਝੱਟ ਪੱਟ ਕੁੜੀ ਨੂੰ ਚੁੱਕ ਕੇ ਮੰਜੀ ਉੱਤੇ ਪਾ ਉਹਦਾ ਪਿਓ ਤੇ ਵੀਰ ਹਸਪਤਾਲ ਵੱਲ ਹੋਏ। ਗੁਆਂਢੀਆਂ ਨੇ ਹੱਥ ਪੁਆਇਆ।
ਮਾਂ ਝੱਲੀ ਹੋਈ ਪਈ ਸੀ...
ਤੈਨੂੰ ਮੌਤ ਪੁਛੇਂਦੀ ਆਈ, ਧੀਏ।
ਤੇਰਾ ਬੈਠੀ ਪਾਵਾ ਮੱਲ, ਧੀਏ।
ਬਹੁਤ ਚਿਰ ਹੋਇਆ, ਏਸ ਇਲਾਕੇ ਵਿਚ ਬੜਾ ਵੱਡਾ ਹੜ੍ਹ ਆਇਆ ਸੀ। ਹੜ ਕੀ, ਪਰਲੋ ਸੀ। ਕਿੰਨੇ ਕਿੰਨੇ ਦਿਨ ਲੋਕਾਂ ਨੇ ਬ੍ਰਿਛਾਂ ਉੱਤੇ ਚੜ੍ਹ ਕੇ ਬਿਤਾਏ ਸਨ। ਇਕ ਤੀਵੀਂ ਨੂੰ ਬ੍ਰਿਛ ਦੇ ਉੱਤੇ ਹੀ ਬਾਲ ਜੰਮਿਆ ਸੀ; ਤੇ ਕੋਲ ਉਹਦਾ ਪਿਓ ਏਸ ਬ੍ਰਿਛ-ਬਾਲੜੀ ਤੇ ਉਹਦੀ ਮਾਂ ਨੂੰ ਪਾਣੀ ਦੀ ਮਾਰ, ਤੇ ਬ੍ਰਿਛ ਦੇ ਤਣੇ ਦੁਆਲੇ ਵਲੇ ਸੱਪਾਂ ਤੋਂ ਬਚਾਂਦਾ ਰਿਹਾ ਸੀ। ਪਰ ਹੁਣ ਤੇ ਹੜ੍ਹ ਨਹੀਂ ਸੀ, ਹੁਣ ਤੇ ਉਨ੍ਹਾਂ ਦੇ ਪਿੰਡ ਵਿਚ ਹਸਪਤਾਲ ਸੀ, ਤੇ ਡਾਕਟਰੀ ਗਿਆਨ ਬੜੀ ਤਰੱਕੀ ਕਰ ਚੁਕਿਆ ਸੀ। ਸੋਮਾ ਬਚ ਜਾਏਗੀ।
ਹਸਪਤਾਲ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ, ਡਾਕਟਰ ਹਸਪਤਾਲ ਵਿਚ ਨਹੀਂ ਰਹਿੰਦਾ। ਓਥੇ ਸਿਰਫ਼ ਇਕ ਨਰਸ ਰਹਿੰਦੀ ਸੀ, ਤੇ ਹਸਪਤਾਲ ਦਾ ਕੰਪੌਂਡਰ। ਤੇ ਡਾਕਟਰ ਏਥੋਂ ਪੰਜ ਕੋਹ ਦੀ ਵਾਟ ਉੱਤੇ ਇਕ ਪੱਕੀਆਂ ਕੋਠੀਆਂ ਵਾਲੀ ਬਸਤੀ ਵਿਚ ਰਹਿੰਦਾ ਸੀ। ਏਸ ਵੇਲੇ ਸਿਰਫ਼ ਨਰਸ ਹੀ ਏਥੇ ਸੀ, ਤੇ ਕੰਪੌਂਡਰ ਵੀ ਅੱਜ ਕੱਲ੍ਹ ਡਾਕਟਰ ਦੇ ਕੋਲ ਹੀ ਚਲਿਆ ਗਿਆ ਸੀ। ਡਾਕਟਰ ਦੀ ਵਹੁਟੀ ਪੇਕੇ ਗਈ ਹੋਈ ਸੀ। ਸਾਵਣ ਮਾਂਹ ਜੁ ਹੋਇਆ; ਤੇ ਕੰਪੌਂਡਰ, ਡਾਕਟਰ ਦੀ ਰੋਟੀ ਟੁੱਕ ਦਾ ਆਹਰ ਪਾਹਰ ਕਰਦਾ ਸੀ।
“ਹਸਪਤਾਲ ਤੋਂ ਏਨੀ ਦੂਰ ਡਾਕਟਰ ਕਿਉਂ ਰਹਿੰਦਾ ਏ? ਡਾਕਟਰਾਂ ਨੂੰ ਤੇ ਹਸਪਤਾਲ ਦੇ ਕੋਲ ਹੀ ਰਹਿਣ ਦਾ ਆਡਰ ਏ।”
“ਜ਼ਿਲੇਦਾਰ ਨੂੰ ਵੀ ਤੇ ਅਜਿਹਾ ਹੀ ਆਡਰ ਏ, ਪਰ ਉਹ ਵੱਡੇ ਸ਼ਹਿਰ ਰਹਿੰਦਾ ਏ। ਸ਼ੁਕਰ ਕਰ ਡਾਕਟਰ ਉੱਥੇ ਤਾਂ ਨਹੀਂ ਰਹਿੰਦਾ!
“ਹਸਪਤਾਲ ਦਾ ਫੇਰ ਫ਼ਾਇਦਾ ਕੀ ਹੋਇਆ?”
“ਜਦੋਂ ਪਰਚੀਆਂ ਪਾਈਆਂ ਸਨ ਜੇ—ਇਹੀ ਬਚਨ ਹੋਇਆ ਸੀ ਕਿ ਉਹ ਹਸਪਤਾਲ ਏਥੇ ਖੁਲ੍ਹਵਾ ਦਏਗਾ। ਡਾਕਟਰ ਦੇ ਹਸਪਤਾਲ ਵਿਚ ਰਹਿਣ ਬਾਰੇ ਤਾਂ ਕੋਈ ਗੱਲ ਨਹੀਂ ਸੀ ਹੋਈ।”
“ਡਾਕਟਰ ਵੀ ਇੱਥੇ ਰਹੇ—ਇਹਦਾ ਅਗਲੀਆਂ ਪਰਚੀਆਂ ਤੇ ਬਚਨ ਲੈ ਲੈਣਾ।”
“ਤੁਸੀਂ ਰਾਤ ਵੇਲੇ ਦੀ ਕਹਿੰਦੇ ਓ, ਏਥੇ ਤਾਂ ਦਿਨੇ ਹਸਪਤਾਲ ਖੁੱਲ੍ਹੇ ਦੇ ਵੇਲੇ ਆਓ ਤਾਂ ਵੀ ਡਾਕਟਰ ਨਹੀਂ ਮਿਲਦਾ!”
“ਡਾਕਟਰ ਨੂੰ ਮਿਲਣਾ ਤਾਂ ਰੱਬ ਨੂੰ ਮਿਲਣ ਤੋਂ ਵੀ ਔਖਾ ਹੋ ਗਿਐ।”
“ਪਹਿਲਾਂ ਤੇ ਫੇਰ ਭੁੱਲ-ਭੁਲੇਖੇ ਮਿਲ ਪੈਂਦਾ ਸੀ, ਪਰ ਜਦੋਂ ਦੀ ਬੱਸ ਚੱਲਣ ਲੱਗ ਪਈ ਏ ਸਾਡੇ ਪਿੰਡ ਵੱਲ, ਉਹ ਪਹਿਲੀ ਬਸੇ ਆਉਂਦਾ ਏ, ਅੱਧਾ ਘੰਟਾ ਹਸਪਤਾਲ ਲਾ ਕੇ ਫੇਰ ਓਸੇ ਬੱਸ ਵਿਚ ਭੌਂ ਜਾਂਦਾ ਏ।”
“ਤੇ ਉਹਦਾ ਕੰਪੌਂਡਰ ਸੱਟ ਫੇਟ ਤੇ ਫ਼ੌਜਦਾਰੀ ਵਾਲੇ ਮਰੀਜ਼ ਉਹਦੇ ਕੋਲ ਪੱਕੀਆਂ ਕੋਠੀਆਂ ਵਾਲੀ ਬਸਤੀ ਵਿਚ ਲੈ ਜਾਂਦਾ ਏ।”
“ਦੋਵਾਂ ਦੀ ਮੁੱਠੀ ਚੰਗੀ ਗਰਮ ਹੁੰਦੀ ਰਹਿੰਦੀ ਏ। ਠਾਣੇ ਲਈ ਡਾਕਟਰੀ ਨਤੀਜਾ ਮਨ ਮਰਜ਼ੀ ਦਾ ਭਰ ਦੇਂਦਾ ਏ।”
ਸਾਵਣ ਮਾਂਹ ਦੀ ਰਾਤ…
ਪੰਜ ਕੋਹ ਉੱਤੇ ਪੱਕੀਆਂ ਕੋਠੀਆਂ ਵਾਲੀ ਬਸਤੀ...
ਪੱਕੀ ਕੋਠੀ ਵਿਚ ਡਾਕਟਰ ਤੇ ਉਹਦਾ ਕੰਪੇਂਡਰ...
ਸੋਮਾ ਨੂੰ ਮੰਜੀ ਉੱਤੇ ਪਾ ਕੇ ਉਹਦਾ ਬਾਬਲ ਤੇ ਵੀਰ ਤੁਰ ਗਏ।
ਕਿਹੋ ਜਿਹੀ ਡੋਲੀ ਸੀ ਸੋਮਾ ਦੀ!
ਲਾਲਟੈਣਾਂ ਫੜੀ, ਸੋਟੇ ਚੁੱਕੀ ਉਨਾਂ ਦੇ ਗੁਆਂਢੀ ਨਾਲ ਹੋ ਪਏ।
ਖੋਭਾ, ਨਵੀਂ ਚੱਲੀ ਬਸ ’ਤੇ ਚੜ੍ਹੇ, ਉੱਪਰ ਕਾਲੀਆਂ ਘਟਾਂ ਤੇ ਆਲੇ
ਦੁਆਲੇ ਕਾਲੇ ਹਨੇਰੇ ਦਾ ਸੰਘਣਾ ਚਿੱਕੜ!
ਪਾਵੋ ਵੇ ਮਲਾਹੋ ਬੇੜੀਆਂ, ਮੇਰਾ ਬਾਬਲ ਪਾਰ ਲੰਘਾਓ
ਏਥੇ ਤਾਂ ਬੇੜੀ ਵੀ ਨਹੀਂ ਸੀ ਪੈਂਦੀ...
* * * * *
ਅੱਜ ਤੋਂ ਦੋ ਮਹੀਨੇ ਪਹਿਲਾਂ ਪੱਕੀਆਂ ਕੋਠੀਆਂ ਵਾਲੀ ਬਸਤੀ ਵਿਚ ਕੋਈ ਕੋਠੀ ਖ਼ਾਲੀ ਨਹੀਂ ਸੀ। ਏਸ ਬਸਤੀ ਵਿਚ ਬੜੇ ਕੰਮੀਂ ਰੁੱਝੇ ਲੋਕ ਵਸਦੇ ਸਨ। ਲੇਖਕ ਰਹਿੰਦੇ ਸਨ, ਚਿਤ੍ਰਕਾਰ ਰਹਿੰਦੇ ਸਨ। ਇਕ ਕੋਆਪ੍ਰੇਟਿਵ ਛਾਪਾਖ਼ਾਨਾ ਸੀ, ਕਿਤਾਬਾਂ ਛਾਪਣ ਵਾਲੇ ਕਿਰਤੀ ਸਨ, ਕਿਤਾਬਾਂ ਜਿਲਦ ਕਰਨ ਵਾਲੇ, ਫੁੱਲ ਲਾਣ ਵਾਲੇ ਤੇ ਫਲ ਲਾਣ ਵਾਲੇ ਸਨ। ਦਿਨ ਰਾਤ ਇਸ ਬਸਤੀ ਵਿਚ ਉਸਾਰੂ ਕੰਮਾਂ ਦਾ ਤਾਣਾ ਲੱਗਾ ਰਹਿੰਦਾ ਸੀ।
ਏਸ ਬਸਤੀ ਦਾ ਇਕ ਪਾਸਾ ਫ਼ੌਜ ਦੇ ਕਬਜ਼ੇ ਵਿਚ ਸੀ। ਸਰਹੱਦ ਦੇ ਨੇੜੇ ਹੋਣ ਕਰਕੇ ਫ਼ੌਜ ਦੇ ਬੜੇ ਸਾਰੇ ਅਮਲੇ ਫੈਲੇ ਦਾ ਏਥੇ ਰਹਿਣਾ ਜ਼ਰੂਰੀ ਸੀ।
ਬੜੇ ਚਿਰ ਤੋਂ ਲੇਖਕ ਤੇ ਚਿਤ੍ਰਕਾਰ, ਛਾਪੇਖ਼ਾਨੇ ਦੇ ਕਿਰਤੀ ਤੇ ਹੋਰ ਸਾਰੇ ਕੰਮੀਂ ਰੁੱਝੇ ਏਸ ਬਸਤੀ ਦੇ ਵਾਸੀ ਆਪਣੀ ਸ਼ਾਮ ਰਲ ਕੇ ਬਿਤਾਣ ਲਈ, ਖੇਡਣ ਮੱਲਣ ਲਈ ਇਕ ਕਲੱਬ ਬਣਾਨਾ ਚਾਂਹਦੇ ਸਨ ਜਿਦ੍ਹੇ ਵਿਚ ਇਕ ਪੜ੍ਹਨ ਕਮਰਾ ਵੀ ਹੋਵੇ, ਵੰਨ ਸੁਵੰਨੇ ਰਿਸਾਲੇ, ਅਖ਼ਬਾਰਾਂ, ਕਿਤਾਬਾਂ ਹੋਣ; ਤੇ ਇਹ ਪੜ੍ਹਨ-ਕਮਰਾ ਆਲੇ ਦੁਆਲੇ ਦੇ ਇਲਾਕੇ ਦੇ ਸਭਨਾਂ ਲੋਕਾਂ ਲਈ ਖੁੱਲ੍ਹਾ ਹੋਵੇ। ਤਜਵੀਜ਼ ਮੁਕੰਮਲ ਸੀ, ਪਰ ਕੋਈ ਮਕਾਨ ਖ਼ਾਲੀ ਨਹੀਂ ਸੀ।
ਅਖ਼ੀਰ ਅਦਲਾ ਬਦਲੀ ਕਰ ਕੇ, ਸੁੰਗੜ ਸੁੰਗੇੜ ਕੇ ਇਕ ਕੋਠੀ ਏਸ ਸਾਂਝੇ ਕੰਮ ਲਈ ਖ਼ਾਲੀ ਕੀਤੀ ਗਈ। ਕਿਤਾਬਾਂ ਲਈ ਅਲਮਾਰੀਆਂ ’ਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਅਖ਼ਬਾਰਾਂ ਲਈ ਮੇਜ਼ ਬਣਵਾਨੇ ਦਿੱਤੇ, ਖੇਡਾਂ ਦਾ ਸਮਾਨ ਲਿਆਂਦਾ ਗਿਆ। ਏਸ ਬਸਤੀ ਦੇ ਵਾਸੀਆਂ ਦੀ ਕਲੱਬ, ਸਾਰੇ ਇਲਾਕੇ ਦੇ ਲੋਕਾਂ ਦਾ ਪੜ੍ਹਨ-ਕਮਰਾ, ਸਭ ਕੁਝ ਇਕ ਦੋ ਸਾਤਿਆਂ ਵਿਚ ਤਿਆਰ ਹੋ ਜਾਣਾ ਸੀ। ਉਦਘਾਟਨ ਦੇ ਦਿਨ ਲਈ ਨਾਚ ਤੇ ਗੀਤਾਂ ਦੇ ਪ੍ਰੋਗਰਾਮ ਤਿਆਰ ਹੋ ਰਹੇ ਸਨ, ਇਲਾਕੇ ਦੇ ਲੋਕਾਂ ਨੂੰ ਸੱਦੇ ਭੇਜੇ ਜਾ ਰਹੇ ਸਨ।
ਜਿਸ ਮਕਾਨ ਵਿਚ ਕਲੱਬ ਖੁੱਲ੍ਹਣਾ ਸੀ, ਉਸ ਮਕਾਨ ਦੇ ਮਾਲਕ ਕੋਲ ਇੱਕ ਦਿਨ ਇਕ ਆਦਮੀ ਆਇਆ।
“ਮੈਂ ਜੀ ਡਿਸਪੈਂਸਰੀ ਦਾ ਡਾਕਟਰ ਹਾਂ, ਗਵਰਨਮੈਂਟ ਆਫ਼ੀਸਰ। ਮੈਨੂੰ ਇਹ ਮਕਾਨ ਰਹਿਣ ਲਈ ਚਾਹੀਦਾ ਹੈ।”
“ਜਿੱਥੇ ਤੁਹਾਡਾ ਹਸਪਤਾਲ ਹੈ, ਉਹ ਤੇ ਏਥੋਂ ਪੰਜ ਮੀਲ ਦੂਰ ਥਾਂ ਹੈ। ਤੁਸੀਂ ਓਥੇ ਹੀ ਕਿਉਂ ਨਹੀਂ ਰਹਿੰਦੇ?”
“ਮੈਂ ਗੈਜ਼ਿਟਿਡ ਆਫ਼ੀਸਰ ਹਾਂ, ਓਥੇ ਮੇਰੀ ਸ਼ਾਨ ਦੇ ਸ਼ਾਇਆਂ ਕੋਈ ਮਕਾਨ ਨਹੀਂ।”
“ਪਰ ਇਹ ਮਕਾਨ ਤਾਂ ਸਾਰੇ ਨਗਰ ਨੇ ਰਲ ਮਿਲ ਕੇ ਸਾਂਝੇ ਕਲੱਬ ਲਈ ਮਸਾਂ ਖ਼ਾਲੀ ਕੀਤਾ ਹੈ, ਅਸੀਂ ਇਹਦੇ ਵਿਚ ਸਾਰੇ ਇਲਾਕੇ ਲਈ ਲਾਇਬਰੇਰੀ…”
“ਲਾਇਬਰੇਰੀ ਤੇ ਇਲਾਕਾ ਜਾਏ...” ਅਗਲਾ ਲਫ਼ਜ਼ ਡਾਕਟਰ ਸਾਹਿਬ ਦੇ ਮੂੰਹ ਵਿਚ ਰੁਕ ਗਿਆ, “ਇਸ ਵੇਲੇ ਤਾਂ ਇਹ ਮਕਾਨ ਖ਼ਾਲੀ ਹੈ, ਤੇ ਮੈਨੂੰ, ਇਕ ਗੈਜ਼ਿਟਿਡ ਆਫ਼ੀਸਰ ਨੂੰ, ਇਹ ਕੋਠੀ ਚਾਹੀਦੀ ਹੈ। ਤੁਹਾਨੂੰ ਦੇਣੀ ਪਏਗੀ।”
“ਜੇ ਮੈਂ ਨਾ ਦਿਆਂ?”
“ਜੇ ਸਿੱਧੀ ਤਰ੍ਹਾਂ ਨਹੀਂ ਦਿਓਗੇ, ਤਾਂ ਫੇਰ ਮੈਂ ਸਰਕਾਰੀ ਤੌਰ ’ਤੇ ਰੀਕਵੀਜ਼ੀਸ਼ਨ ਕਰਾ ਲਵਾਂਗਾ।”
“ਜੇ ਇਹ ਗੱਲ ਏ, ਤਾਂ ਫੇਰ ਮੈਨੂੰ ਕਿਉਂ ਪੁੱਛਦੇ ਹੋ?”
“ਸਾਰੇ ਮਾਲਕ-ਮਕਾਨ ਬੇਈਮਾਨ ਹੁੰਦੇ ਨੇ। ਕਲੱਬ ਦੇ ਇਲਾਕੇ ਲਈ ਲਾਇਬਰੇਰੀ ਬੜਾ ਓਰਿਜਿਨਲ ਬਹਾਨਾ ਹੈ। ...ਵੇਖੋ ਮੈਨੂੰ ਕਿਰਾਇਆ ਸਰਕਾਰ ਵਲੋਂ ਮਿਲਦਾ ਹੈ। ਵੀਹ ਰੁਪਏ ਮਕਾਨ ਦਾ ਕਿਰਾਇਆ ਹੈ, ਜੇ ਤੁਸੀਂ ਪੈਂਤੀ ਰੁਪਏ ਦੀ ਰਸੀਦ ਦੇ ਦਿਓਗੇ ਹਰ ਮਹੀਨੇ, ਤਾਂ ਮੈਂ ਤੁਹਾਨੂੰ ਪੰਝੀ ਵੀ ਦੇ ਦਿਆਂ ਕਰਾਂਗਾ।”
“ਮੇਰਾ ਖ਼ਿਆਲ ਸੀ ਸਾਰੇ ਡਾਕਟਰ ਈਮਾਨਦਾਰ ਹੁੰਦੇ ਨੇ।”
ਜਿਸ ਦਿਨ ਬਸਤੀ ਦੇ ਕਲੱਬ ਤੇ ਸਾਰੇ ਇਲਾਕੇ ਲਈ ਲਾਇਬਰੇਰੀ ਦਾ ਉਦਘਾਟਨ ਹੋਣਾ ਸੀ ਉਸ ਦਿਨ ਇਕ ਸਰਕਾਰੀ ਹੁਕਮ ਆ ਗਿਆ। ਜਿਸ ਮਕਾਨ ਵਿਚ ਕਲੱਬ ਤੇ ਲਾਇਬਰੇਰੀ ਖੁਲ੍ਹਣੀ ਸੀ, ਉਹਦੇ ਮਾਲਕ ਨੂੰ ਇਹ ਹੁਕਮ ਆਇਆ ਸੀ:
“...ਏਸ ਹੁਕਮ ਦੇ ਨਾਲ ਲੱਗੀ ਸ਼ੀਡਿਊਲ ਵਿਚ ਜਿਸ ਮਲਕੀਅਤ ਦਾ ਵੇਰਵਾ ਹੈ, ਉਸਦੀ ਗਵਰਨਮੈਂਟ ਆਫ਼ੀਸਰ ਦੀ ਰਿਹਾਇਸ਼ ਲਈ ਲੋੜ ਹੈ, ਤੇ ਇਹ ਸਰਕਾਰੀ ਮਕਸਦ ਹੈ, ਇਸ ਮਲਕੀਅਤ ਨੂੰ ਰੀਕਵੀਜ਼ੀਸ਼ਨ ਕੀਤਾ ਜਾਂਦਾ ਹੈ।”
ਦੂਜੇ ਦਿਨ ਉਸ ਮਕਾਨ ਵਿਚੋਂ ਕਿਤਾਬਾਂ ਦੀਆਂ ਅਲਮਾਰੀਆਂ ਤੇ ਅਖ਼ਬਾਰਾਂ ਵਾਲੇ ਮੇਜ਼ ਕੱਢ ਲਏ ਗਏ, ਬਾਲਾਂ ਤੇ ਵੱਡਿਆਂ ਦੀਆਂ ਸਾਂਝੀਆਂ ਖੇਡਾਂ ਦਾ ਸਮਾਨ ਕੱਢ ਲਿਆ ਗਿਆ। ਦਸ ਮੀਲ ਪਰ੍ਹਾਂ ਦੇ ਹਸਪਤਾਲ ਤੋਂ ਸਰਕਾਰੀ ਪਲੰਘ ਲਿਆ ਕੇ ਡਾਹੇ ਗਏ। ਮਰੀਜ਼ਾਂ ਲਈ ਜਿਹੜਾ ਬੰਚ ਓਥੇ ਹਸਪਤਾਲ ਵਿਚ ਸੀ, ਉਹ ਵੀ ਲੈ ਆਂਦਾ ਗਿਆ— ਡਾਕਟਰ ਸਾਹਿਬ ਦਾ ਆਇਆ ਗਿਆ ਬੈਠ ਜਾਏਗਾ। ਨੰਗੇ ਫ਼ਰਸ਼ ਉੱਤੇ ਪਾਇਆਂ ਡਾਕਟਰ ਸਾਹਿਬ ਦੀ ਦਰੀ ਖ਼ਰਾਬ ਨਾ ਹੋ ਜਾਏ, ਉਹਦੇ ਥੱਲੇ ਵਿਛਾਣ ਲਈ ਮੋਮਜਾਮਾਂ ਵੀ ਓਥੋਂ ਹਸਪਤਾਲ ਤੋਂ ਹੀ ਚੁੱਕ ਲਿਆਂਦਾ ਗਿਆ। ਤੇ ਏਸ ਤਰ੍ਹਾਂ ਕੁਝ ਦਿਨਾਂ ਦੇ ਬਾਅਦ ਗੈਜ਼ਿਟਿਡ ਅਫ਼ਸਰ ਦੀ ਸ਼ਾਨ ਦੇ ਸ਼ਾਇਆਂ ਮਕਾਨ ਦਾ ਪ੍ਰਬੰਧ ਹੋ ਗਿਆ।
“ਇਹ ਸਭ ਮਾਲਕ-ਮਕਾਨ ਬੇਈਮਾਨ ਹੁੰਦੇ ਨੇ। ਸਿੱਧੇ ਹੱਥੀਂ ਨਹੀਂ ਸੀ ਮੰਨਦਾ। ਜੇ ਪੈਂਤੀ ਦੀ ਰਸੀਦ ਦੇ ਦੇਂਦਾ ਤਾਂ ਵੀਹ ਦੀ ਥਾਂ ਮੈਂ ਪੰਝੀ ਵੀ ਕਰਾਇਆ ਦੇਣਾ ਮੰਨ ਗਿਆ ਸਾਂ—ਮੈਂ ਕਿਹੜਾ ਪੱਲਿਓਂ ਦੇਣਾ ਸੀ। ਸਰਕਾਰ ਤੋਂ ਹੀ ਡਰਾਅ ਕਰਨਾ ਸੀ। ਪਰ ਕਿੱਥੇ! ਹੁਣ ਪਤਾ ਲੱਗੇਗਾ ਜਦੋਂ ਸਰਕਾਰ ਆਪ ਕਰਾਇਆ ਮੁਕੱਰਰ ਕਰੇਗੀ।—ਕਲੱਬ ਤੇ ਲਾਇਬਰੇਰੀ ਇਲਾਕੇ ਲਈ…ਹੁਣ ਜਾਓ ਬਣਾਓ ਲਾਇਬ੍ਰੇਰੀ ਆਪਣੀ ਮਾਂ ਦੀ ਬੁੱਕਲ ਵਿਚ। ਇਨ੍ਹਾਂ ਲੋਕਾਂ ਨੂੰ ਲਾਇਬ੍ਰੇਰੀ ਚਾਹੀਦੀ ਏ! ਗੱਲੇ ਗੱਲੇ ਝੂਠ ਬਕਦੇ ਨੇ, ਡੰਗਰ ਚੋਰੀ ਕਰਦੇ ਨੇ, ਸ਼ਰਾਬ ਕੱਢਦੇ ਨੇ, ਝੂਠ ਤੇ ਚੋਰੀ ਤਾਂ ਇਨ੍ਹਾਂ ਨੂੰ ਗੁੜ੍ਹਤੀ ਵਿਚ ਮਿਲੀ ਏ।”
* * * * *
ਸਾਵਣ ਮਾਂਹ ਦੀ ਰਾਤ ਅੱਧੀ ਏਧਰ ਸੀ ਤੇ ਅੱਧੀ ਓਧਰ।
ਪੰਜ ਕੋਹ ਦਾ ਪੰਧ ਰੱਬ ਰੱਬ ਕਰ ਕੇ ਮੁੱਕਾ। ਪੱਕੀਆਂ ਕੋਠੀਆਂ ਵਾਲੀ ਬਸਤੀ ਆ ਗਈ। ਉਹ ਮਕਾਨ ਆ ਗਿਆ ਜਿਸ ਵਿਚ ਸੋਮਾਂ ਦੇ ਪਿੰਡ ਦੇ ਹਸਪਤਾਲ ਦਾ ਡਾਕਟਰ ਤੇ ਕੰਪੌਂਡਰ ਸੁੱਤੇ ਹੋਏ ਸਨ। ਸੋਮਾ ਦੇ ਬਾਬਲ ਨੇ ਬੂਹਾ ਖੜਕਾਇਆ।
ਅੰਦਰੋਂ ਵਾਜਾਂ—ਜਿਵੇਂ ਸ਼ਰਾਬੀ ਖ਼ਰਮਸਤੀਆਂ ਕਰ ਰਹੇ ਹੋਣ।
“ਜੀ, ਸਾਡੀ ਕਾਕੀ ਨੂੰ ਕੱਖ ਲੱਗ ਗਿਐ!”
“ਇਹ ਕਿਹੜਾ ਵੇਲਾ ਏ ਸੱਪ ਲੜਨ ਦਾ...”
ਕਾਫ਼ੀ ਦੇਰ ਪਿੱਛੋਂ ਕੰਪੌਂਡਰ ਬਾਹਰ ਨਿਕਲਿਆ। ਫੇਰ ਉਹ ਅੰਦਰ ਗਿਆ ਤੇ ਲੜਖੜਾਂਦੇ ਡਾਕਟਰ ਨੂੰ ਬਾਹਰ ਲਿਆਇਆ। ਡਾਕਟਰ ਨੇ ਸੋਮਾ ਦੀ ਨਬਜ਼ ਫੜੀ ਤੇ ਫੇਰ ਓਵੇਂ ਹੀ ਛੱਡ ਦਿਤੀ, “ਇਹ ਤਾਂ ਕਦੇ ਦੀ…।”
[1962]