Saza (Punjabi Story) : Navtej Singh

ਸਜ਼ਾ (ਕਹਾਣੀ) : ਨਵਤੇਜ ਸਿੰਘ

ਰੱਮੀ ਨੇ ਕੁਝ ਚਿਰ ਪਹਿਲਾਂ ਕਿਹਾ ਸੀ, “ਜਿੰਨਾ ਚਿਰ ਰਾਜ ਤੂੰ ਮੈਨੂੰ ਦੱਸਦਾ ਨਹੀਂ—ਤੇਰਾ ਸ਼ੀਲਾ ਨਾਲ ਵਿਆਹ ਕਿਉਂ ਨਾ ਹੋਇਆ, ਮੈਂ ਨਹੀਂਓਂ ਸੌਣਾ!”

ਪਰ ਹੁਣ ਉਹ ਉੱਕਾ ਘੂਕ ਸੌਂ ਚੁਕੀ ਸੀ।

ਤੇ ਰਾਜ ਜਾਗਦਾ ਪਿਆ ਸੀ। ਰੱਮੀ ਜਦੋਂ ਦੀ ਆਈ ਸੀ, ਉਹ ਕਿੰਨੀ ਵਾਰ ਉਹਨੂੰ ਇਹੀ ਸਵਾਲ ਕਰ ਚੁਕੀ ਸੀ, ਤੇ ਰਾਜ ਸਾਰਾ ਦਿਨ ਟਾਲਦਾ ਰਿਹਾ ਸੀ। ਅਖ਼ੀਰ ਉਹਨੇ ਕਿਹਾ ਸੀ, “ਰਾਤ ਨੂੰ ਦੱਸਾਂਗਾ।”

ਰਾਤ ਪਈ। ਆਪੋ ਆਪਣੀਆਂ ਮੰਜੀਆਂ ਉੱਤੇ ਲੇਟੇ ਉਹ ਕਿੰਨੀਆਂ ਹੀ ਗੱਲਾਂ ਕਰਦੇ ਰਹੇ। ਉਹ ਦੋਵੇਂ ਚਾਰ ਦਿਨਾਂ ਪਿੱਛੋਂ ਵੀ ਮਿਲਦੇ ਹੁੰਦੇ ਸਨ, ਤਾਂ ਉਹਨਾਂ ਕੋਲ ਇਕ ਦੂਜੇ ਨੂੰ ਸੁਣਾਨ ਲਈ ਏਨਾ ਕੁਝ ਹੁੰਦਾ ਸੀ—ਤੇ ਹੁਣ ਤੇ ਉਹ ਚਾਰ ਵਰ੍ਹਿਆਂ ਪਿੱਛੋਂ ਮਿਲੇ ਸਨ!

ਏਨੇ ਵਰ੍ਹੇ ਰੱਮੀ ਵਲਾਇਤ ਰਹੀ ਸੀ। ਉਹ ਨਾਟਕ-ਕਲਾ ਦੀ ਉਚੇਰੀ ਸਿੱਖਿਆ ਲਈ ਵਜ਼ੀਫ਼ਾ ਲੈ ਕੇ ਵਲਾਇਤ ਗਈ ਸੀ, ਬੜਾ ਕੁਝ ਸਿੱਖ ਕੇ ਤੇ ਬੜਾ ਨਾਮਣਾ ਜਿੱਤ ਕੇ ਆਈ ਸੀ। ਆਪਣੇ ਵਤਨ ਵਿਚ ਰੰਗ-ਮੰਚ ਸੁਰਜੀਤ ਕਰਨ ਲਈ ਉਹਦੇ ਮਨ ਵਿਚ ਕਈ ਤਜਵੀਜ਼ਾਂ ਸਨ।

“ਕਦੇ ਕਦਾਈਂ ਕਿਸੇ ਦੇ ਜੀਵਨ-ਸੁਫ਼ਨੇ ਇੰਜ ਪੂਰੇ ਹੁੰਦੇ ਨੇ। ਤੂੰ ਰੱਮੀਏਂ ਬੜੀ ਖ਼ੁਸ਼-ਕਿਸਮਤ ਏਂ!”

“ਹੁਣ ਤੱਕੀਂ, ਰਾਜ, ਜਦੋਂ ਮੈਂ ਤੇਰਾ ਨਵਾਂ ਨਾਟਕ ਦਿੱਲੀ ਕਰਾਵਾਂਗੀ!”

ਉਹ ਕਾਲਿਜ ਛੇ ਵਰ੍ਹੇ ਇਕੱਠੇ ਪੜ੍ਹੇ ਸਨ। ਕਾਲਿਜ ਵੇਲੇ ਤੋਂ ਹੀ ਰਾਜ ਨਾਟਕ ਲਿਖਦਾ ਹੁੰਦਾ ਸੀ, ਤੇ ਰੱਮੀ ਨਾਟਕ ਖੇਡਦੀ ਹੁੰਦੀ ਸੀ; ਤੇ ਨਾਟਕ ਦੀ ਉਪਜਾਊ ਭੌਂ ਉੱਤੇ ਹੀ ਉਹਨਾਂ ਦੀ ਦੋਸਤੀ ਉੱਗੀ ਸੀ।

“ਹੁਣ ਮੇਰੇ ਨਾਟਕ ਤੈਨੂੰ ਕਿੱਥੇ ਪਸੰਦ ਆਉਣੇ ਨੇ, ਰੱਮੋ! ਵਧੀਆ ਤੋਂ ਵਧੀਆ ਨਾਟਕ ਖੇਡੇ ਜਾਂਦੇ ਤੂੰ ਵੇਖ ਆਈਂ ਏਂ। ਤੇਰੀ ਕਲਾ ਤੇ ਸੂਝ ਬਾਰੇ ਮੈਂ ਤੇਰੀਆਂ ਭੇਜੀਆਂ ਵਲਾਇਤੀ ਅਖ਼ਬਾਰਾਂ ਵਿਚ ਜੋ ਜੋ ਪੜ੍ਹਿਆ ਏ...”

ਤੇ ਰੱਮੀ ਨੇ ਰਾਜ ਨੂੰ ਚੁੱਪ ਕਰਾਣ ਲਈ ਉਹਦੇ ਬੁੱਲ੍ਹਾਂ ਉੱਤੇ ਆਪਣੀਆਂ ਉਂਗਲਾਂ ਰੱਖ ਦਿੱਤੀਆਂ ਤੇ ਜਾਪਦਾ ਸੀ ਰੱਮੀ ਦੀਆਂ ਉਂਗਲਾਂ ਵੀ ਪ੍ਰਸੰਸਾ ਕਾਰਨ ਨਿੱਘੀਆਂ ਹੋ ਗਈਆਂ ਸਨ।

ਤੇ ਹੁਣ ਸਫ਼ਰਾਂ ਦੀ ਥੱਕੀ ਰੱਮੀ ਘੂਕ ਸੌਂ ਚੁਕੀ ਸੀ।

‘ਤੇਰਾ ਸ਼ੀਲਾ ਨਾਲ ਵਿਆਹ ਕਿਉਂ ਨਾ ਹੋਇਆ?’ ਰੱਮੀ ਤੋਂ ਪਹਿਲਾਂ ਹੋਰ ਕਿੰਨੇ ਹੀ ਦੋਸਤ ਹੈਰਾਨ ਹੋ ਕੇ ਰਾਜ ਨੂੰ ਪੁੱਛ ਚੁੱਕੇ ਸਨ, ਪਰ ਉਹਨੇ ਕਦੇ ਕਿਸੇ ਨੂੰ ਨਹੀਂ ਸੀ ਦੱਸਿਆ। ਸ਼ੀਲਾ, ਰਾਜ ਨੂੰ ਬੜਾ ਪਿਆਰ ਕਰਦੀ ਸੀ। ਸ਼ੀਲਾ ਤੇ ਰਾਜ ਦੇ ਮਾਪੇ ਬੜੇ ਹੀ ਖੁੱਲ੍ਹੇ ਦਿਲ ਦੇ ਸਨ। ਵੱਧ ਤੋਂ ਵੱਧ ਆਜ਼ਾਦੀ ਦੋਵਾਂ ਪਾਸਿਓਂ ਦੋਵਾਂ ਨੂੰ ਸੀ। ਰਾਜ ਗਰਮੀਆਂ ਦੀਆਂ ਛੁੱਟੀਆਂ ਵਿਚ ਕਈ ਵਾਰੀ ਆਪਣੀਆਂ ਭੈਣਾਂ ਜਾਂ ਦੋਸਤਾਂ ਨਾਲ ਜਾ ਕੇ ਸ਼ੀਲਾ ਦੇ ਘਰ ਸ਼ਿਮਲੇ ਵੀ ਕੁਝ ਦਿਨ ਰਹਿ ਜਾਂਦਾ ਹੁੰਦਾ ਸੀ। ਇਕ ਵਾਰ ਰੱਮੀ ਵੀ ਉਹਦੇ ਨਾਲ ਸ਼ੀਲਾ ਦੇ ਘਰ ਰਹੀ ਸੀ।

ਹੁਣ ਤਕ ਰਾਜ ਦਾ ਦਿਲ ਸ਼ੀਲਾ ਨੇ ਹੀ ਮੱਲਿਆ ਹੋਇਆ ਸੀ। ਭਾਵੇਂ ਸ਼ੀਲਾ ਹਵਾਈ ਜਹਾਜ਼ਾਂ ਦੇ ਇਕ ਅਫ਼ਸਰ ਨਾਲ ਵਿਆਹੀ ਗਈ ਸੀ, ਤੇ ਸ਼ੀਲਾ ਦੇ ਦੋ ਬੱਚੇ ਹੋ ਚੁਕੇ ਸਨ—ਇਕ ਬੜਾ ਸੁਹਣਾ ਮੁੰਡਾ, ਤੇ ਇਕ ਕੁੜੀ ਜਿਹੜੀ ਸੁਹਣੀ ਨਹੀਂ ਸੀ। ਤੇ ਰਾਜ ਕਦੇ ਕਦੇ ਸੋਚਦਾ ਹੁੰਦਾ ਸੀ ਕਿ ਇਹ ਕੁੜੀ ਸੁਹਣੀ ਕਿਉਂ ਨਹੀਂ ਸੀ!

ਸ਼ੀਲਾ ਨਾਲ ਉਹਦਾ ਵਿਆਹ ਕਿਉਂ ਨਾ ਹੋਇਆ?

ਤੇ ਹੁਣ ਰੱਮੀ ਸੌਂ ਚੁਕੀ ਸੀ। ਚੰਨ ਉਹਦੇ ਮੁਖੜੇ ਉੱਤੇ ਚਮਕ ਰਿਹਾ ਸੀ। ਕਿੰਨਾ ਸ਼ਾਂਤ ਸੀ ਰੱਮੀ ਦਾ ਮੁਖੜਾ!

ਸ਼ਿਮਲੇ, ਉਸ ਰਾਤ ਰੱਮੀ ਦੇ ਮੂੰਹ ਉੱਤੇ ਚੰਨ ਇੰਜ ਹੀ ਚਮਕਦਾ ਰਿਹਾ ਸੀ—

ਪਰ ਰੱਮੀ ਦਾ ਮੁਖੜਾ ਉਦੋਂ ਉੱਕਾ ਸ਼ਾਂਤ ਨਹੀਂ ਸੀ।… …

ਚਾਰ ਵਰ੍ਹੇ ਹੋਏ, ਵਜ਼ੀਫ਼ੇ ਦੇ ਫ਼ੈਸਲੇ ਪਿੱਛੋਂ ਰੱਮੀ ਆਪਣਾ ਪਾਸਪੋਰਟ ਜਲਦੀ ਕਢਵਾਣ ਸ਼ਿਮਲੇ ਗਈ ਸੀ, ਨਾਲ ਰਾਜ ਨੂੰ ਲੈ ਗਈ ਸੀ। ਤੇ ਉਹ ਦੋਵੇਂ ਸ਼ੀਲਾ ਦੇ ਘਰ ਤਿੰਨ ਦਿਨ ਰਹੇ ਸਨ।

ਪਹਿਲੇ ਦੋ ਦਿਨ ਤਾਂ ਦਫ਼ਤਰਾਂ ਦੇ ਹੇਰਿਆਂ ਫੇਰਿਆਂ ਵਿਚ ਹੀ ਲੰਘ ਗਏ। ਤੀਜੇ ਦਿਨ ਰੱਮੀ ਨੂੰ ਪਾਸਪੋਰਟ ਮਿਲ ਗਿਆ, ਪਰ ਓਦਨ ਰੱਮੀ ਨੂੰ ਉਥੇ ਹੀ ਰੁਕਣਾ ਪਿਆ। ਇਕ ਤੇ ਗੱਡੀ ਲਈ ਵਕਤ ਥੋੜ੍ਹਾ ਰਹਿ ਗਿਆ ਸੀ, ਦੂਜਾ ਉਹਦੇ ਪ੍ਰਦੇਸ ਲਈ ਤੁਰਨ ਤੋਂ ਪਹਿਲਾਂ ਸ਼ੀਲਾ ਉਹਨੂੰ ਇਕ ਪਾਰਟੀ ਦੇਣਾ ਚਾਹੁੰਦੀ ਸੀ।

ਪਾਰਟੀ ਉੱਤੇ ਸ਼ੀਲਾ ਦੀਆਂ ਸਹੇਲੀਆਂ ਆਈਆਂ, ਤੇ ਕੁਝ ਦੋਸਤ। ਉਹਨਾਂ ਵਿਚੋਂ ਬਹੁਤੇ ਰਾਜ ਦੇ ਵਾਕਫ਼ ਸਨ; ਘੱਟੋ-ਘੱਟ ਉਹਦੇ ਨਾਟਕਾਂ ਦੀ ਚਰਚਾ ਸਭਨਾਂ ਨੇ ਸੁਣੀ ਹੋਈ ਸੀ, ਤੇ ਸ਼ੀਲਾ ਤੇ ਉਹਦੀ ਡੂੰਘੀ ਦੋਸਤੀ ਤੋਂ ਹਰ ਕੋਈ ਜਾਣੂ ਸੀ। ਮਿੱਠੇ-ਮਿੱਠੇ ਮਖ਼ੌਲ ਦੋਵਾਂ ਨੂੰ ਹੋਏ। ਪਾਰਟੀ ਬੜੀ ਮੱਘੀ। ਵੰਨ-ਸਵੰਨੀਆਂ ਖੇਡਾਂ ਖੇਡੀਆਂ ਗਈਆਂ।

ਇਕ ਖੇਡ ‘ਸਜ਼ਾ’ ਬੜੀ ਦਿਲਚਸਪ ਸੀ। ਦੋ ਤਾਸ਼ਾਂ ਲਈਆਂ ਗਈਆਂ। ਇਕ ਤਾਸ਼ ਵੰਡ ਦਿਤੀ ਗਈ, ਤੇ ਦੂਜੀ ਪੁੱਠੀ ਕਰ ਕੇ ਵਿਚਕਾਰ ਰੱਖ ਦਿਤੀ ਗਈ। ਇਕ ਜਣੇ ਨੇ ‘ਸਜ਼ਾ’ ਤਜਵੀਜ਼ ਕੀਤੀ, “ਜਿਸ ਕੋਲ ਇਹ ਪੱਤਾ ਨਿਕਲੇ ਜੇ ਉਹ ਮੁੰਡਾ ਹੋਏ ਤਾਂ ਪੰਜ ਮਿੰਟ ਕੁੜੀ ਬਣ ਕੇ ਵਿਖਾਏ, ਤੇ ਜੇ ਕੁੜੀ ਹੋਏ ਤੇ ਪੰਜ ਮਿੰਟ ਲਈ ਮੁੰਡਾ ਬਣੇ।” ਤੇ ਫੇਰ ਵਿਚਕਾਰ ਪਈ ਤਾਸ਼ ਦਾ ਉੱਪਰਲਾ ਪੱਤਾ ਸਿੱਧਾ ਕਰ ਦਿੱਤਾ ਗਿਆ। ਏਸ ਤਰ੍ਹਾਂ ਵਾਰੀ ਵਾਰੀ ਹਰ ਇਕ ਨੂੰ ਕੋਈ ਦਿਲਚਸਪ ‘ਸਜ਼ਾ’ ਮਿਲਦੀ।

ਰਾਜ ਕੋਲ ਜਦੋਂ ਪੱਤਾ ਨਿਕਲਿਆ ਤਾਂ ‘ਸਜ਼ਾ’ ਸੀ: ਜਿਹੜਾ ਏਥੇ ਤੁਹਾਨੂੰ ਸਭ ਤੋਂ ਸੁਹਣਾ ਲੱਗੇ, ਉਹਦੇ ਅੱਗੇ ਸਿਰ ਝੁਕਾਓ, ਜਿਹੜਾ ਸਭ ਤੋਂ ਸਿਆਣਾ ਲੱਗੇ ਉਹਦੇ ਨਾਲ ਹੱਥ ਮਿਲਾਓ, ਤੇ ਜਿਹੜਾ ਸਭ ਤੋਂ ਪਿਆਰਾ ਲੱਗੇ ਉਹਦਾ ਹੱਥ ਚੁੰਮੋਂ।

ਰਾਜ ਦੀਆਂ ਗੱਲ੍ਹਾਂ ਸੰਗ ਨਾਲ ਸੂਹੀਆਂ ਹੋ ਗਈਆਂ। ਜੇ ਏਥੇ ਜੁੜੇ ਲੋਕਾਂ ਵਿਚੋਂ ਕਿਸੇ ਨੂੰ ਉਹ ਉਚੇਚਾ ਪਿਆਰ ਨਾ ਕਰਦਾ ਹੁੰਦਾ ਤਾਂ ਉਹ ਐਵੇਂ ਕਿਸੇ ਦਾ ਹੱਥ ਚੁੰਮ ਕੇ ਖਹਿੜਾ ਛੁਡਾ ਲੈਂਦਾ, ਪਰ ਏਥੇ ਤਾਂ ਸ਼ੀਲਾ ਸੀ।

ਵਾਜਾਂ ਆਈਆਂ, “ਏਨੀ ਦੇਰ!—ਛੇਤੀ ਕਰੋ ਜੀ!—ਨਾਟਕ ਤੇ ਨਹੀਂ ਜਿਹੜਾ ਸੋਚਣ ਲੱਗ ਪਏ।”

ਅਖ਼ੀਰ ਰਾਜ ਨੇ ਕਿਸੇ ਅਨਜਾਣ ਕੁੜੀ ਸਾਹਮਣੇ ਸਿਰ ਝੁਕਾ ਦਿਤਾ, ਰੱਮੀ ਨਾਲ ਹੱਥ ਮਿਲਾ ਲਿਆ ਤੇ ਚੁੰਮਣ ਲਈ ਸ਼ੀਲਾ ਦਾ ਹੱਥ ਮੰਗਿਆ।

ਜਦੋਂ ਸ਼ੀਲਾ ਕੋਲ ਪੱਤਾ ਨਿਕਲਿਆ ਓਦੋਂ ਕਿਸੇ ‘ਸਜ਼ਾ’ ਬੜੀ ਅਜੀਬ ਰੱਖੀ ਸੀ: ‘ਜੇ ਕਿਸੇ ਕੁੜੀ ਕੋਲ ਇਹ ਪੱਤਾ ਨਿਕਲੇ ਤਾਂ ਉਹ ਪੰਜ ਮਿੰਟ ਲਈ ਬਜ਼ਾਰੀ ਔਰਤ ਦਾ ਪਾਰਟ ਕਰੇ, ਤੇ ਜੇ ਕਿਸੇ ਮੁੰਡੇ ਕੋਲ ਇਹ ਪੱਤਾ ਨਿਕਲੇ ਤਾਂ ਉਹ ਕਿਸੇ ਨੂੰ ਕਤਲ ਕਰਨ ਦਾ ਰੋਲ ਅਦਾ ਕਰੇ।’

ਸ਼ੀਲਾ ਬੜੇ ਜੱਕੋ ਤੱਕਿਆਂ ਵਿਚ ਪੈ ਗਈ। ਕਿਵੇਂ ਕਰੇ। ਉਹਨੇ ਕਦੇ ਕੋਈ ਬਜ਼ਾਰੀ ਔਰਤ ਨਹੀਂ ਸੀ ਵੇਖੀ। ਕਿਸੇ ਨਾਵਲ ਵਿਚੋਂ, ਕਿਸੇ ਫ਼ਿਲਮ ਵਿਚੋਂ—ਕਿੰਜ ਕਰੇ? ਤੇ ਉਹਦਾ ਸਾਰਾ ਸਰੀਰ ਗਰਮ ਹੋ ਗਿਆ। ਗਲਾ ਖ਼ੁਸ਼ਕ ਹੁੰਦਾ ਜਾ ਰਿਹਾ ਸੀ। ‘ਸਜ਼ਾ’ ਉਂਜ ਹੀ ਬੜੀ ਮੁਸ਼ਕਲ ਸੀ ਤੇ ਫੇਰ ਸ਼ੀਲਾ ਤਾਂ ਬੜੇ ਸੰਗਾਊ ਸੁਭਾ ਦੀ ਸੀ।

ਰਾਜ ਨੇ ਉਹਦੀ ਮਦਦ ਕਰਨੀ ਚਾਹੀ, “ਇਹ ‘ਸਜ਼ਾ’ ਕਿਤੇ ਰੱਮੀ ਨੂੰ ਆਂਦੀ, ਤਾਂ ਉਹ ਐਕਟਿੰਗ ਦਾ ਕਮਾਲ ਕਰ ਕੇ ਦੱਸਦੀ, ਪਰ ਆ ਗਈ ਏ ਸ਼ੀਲਾ ਵਰਗੀ ਭੋਲੀ..!”

ਰਾਜ ਨੂੰ ਦਿਸਿਆ—ਫੋਰ ਦੀ ਫੋਰ ਰੱਮੀ ਦੇ ਮੂੰਹ ਉੱਤੇ ਕਾਲਾ ਜਿਹਾ ਪਰਛਾਵਾਂ ਆਇਆ। ਕੀ ਹੋ ਗਿਆ ਸੀ ਰੱਮੀ ਨੂੰ!

ਇੰਜ ਸੀ ਜਿਵੇਂ ਰੱਮੀ ਦੇ ਅੰਦਰ ਕੁਝ ਟੁੱਟ ਗਿਆ ਹੋਵੇ।

ਰਾਜ ਨੇ ਚਾਹਿਆ ਸੀ ਰੱਮੀ ਦੀ ਐਕਟਿੰਗ ਦੀ ਉਹ ਤਾਰੀਫ਼ ਕਰ ਦਏਗਾ; ਇੰਜ ਪਾਰਟੀ ਵਿਚ ਜੁੜੇ ਮੁੰਡਿਆਂ ਕੁੜੀਆਂ ਅੰਦਰ ਨਾਟਕ-ਕਲਾ ਲਈ ਵਜ਼ੀਫ਼ਾ ਜਿੱਤ ਕੇ ਵਲਾਇਤ ਚੱਲੀ ਰੱਮੀ ਦੀ ਐਕਟਿੰਗ ਤਕਣ ਦੀ ਚਾਹ ਜਾਗ ਪਏਗੀ, ਤੇ ਸ਼ੀਲਾ ਦੀ ਵਾਰੀ ਰੱਮੀ ਕੋਲੋਂ ਪੁਗਾਣੀ ਸਾਰੇ ਮੰਨ ਜਾਣਗੇ—ਪਰ ਉਸ ਬਿੰਦ ਰੱਮੀ ਦਾ ਮੂੰਹ ਤਕ ਕੇ ਉਹਨੂੰ ਅੱਗੋਂ ਕੁਝ ਕਹਿਣ ਦਾ ਹੀਆ ਨਾ ਪਿਆ।

ਪਰ ਜਿਨ੍ਹੇਂ ਇਹ ਸਜ਼ਾ ਮਿੱਥੀ ਸੀ, ਉਹਨੇ ਸ਼ੀਲਾ ਦੇ ਦੇਰ ਲਾਣ ਤੋਂ ਅਖ਼ੀਰ ਤੰਗ ਆ ਕੇ ਕਹਿ ਦਿੱਤਾ, “ਚੰਗਾ, ਸ਼ੀਲਾ ਨੂੰ ਇੱਕ ਸ਼ਰਤ ਉੱਤੇ ਮੁਆਫ਼ੀ; ਰੱਮੀ ਜੀ ਉਹਦੀ ਵਾਰੀ ਨਿਭਾ ਦੇਣ, ਤੇ ਰੱਮੀ ਜੀ ਦੀ ਵਾਰੀ ਜੋ ਸਜ਼ਾ ਨਿਕਲੇ ਉਹ ਸ਼ੀਲਾ ਪੂਰੀ ਕਰੇ।”

ਸਾਰਿਆਂ ਨੇ ਹਾਮੀ ਭਰੀ।

ਸ਼ੀਲਾ ਨੇ ਸ਼ੁਕਰਾਨੇ ਭਰੀਆਂ ਅੱਖਾਂ ਨਾਲ ਰੱਮੀ ਵੱਲ ਤਕਿਆ।

ਰਾਜ ਨੇ ਮੂੰਹ ਉਤਾਂਹ ਚੁੱਕਿਆ। ਉਹਨੂੰ ਰੱਮੀ ਦੇ ਮੂੰਹ ਉੱਤੇ ਉਸ ਬਿੰਦ ਖਿੰਡਿਆ ਕਾਲਾ ਪਰਛਾਵਾਂ ਓਵੇਂ ਦਾ ਓਵੇਂ ਟਿਕਿਆ ਦਿਸਿਆ।

ਰੱਮੀ ਨੇ ਆਪਣੇ ਰੌਂਅ ਨੂੰ ਇਕਾਗਰ ਕਰ ਕੇ ਬਜ਼ਾਰੀ ਔਰਤ ਦਾ ਪਾਰਟ ਸ਼ੁਰੂ ਕੀਤਾ।

ਜਦੋਂ ਰਾਜ ਨੇ ਕਿਹਾ ਸੀ ‘ਜੇ ਕਿਤੇ ਇਹ ਸਜ਼ਾ ਰੱਮੀ ਨੂੰ ਆ ਜਾਂਦੀ,’ ਓਦੋਂ ਕਿਵੇਂ ਤਕਿਆ ਸੀ ਰੱਮੀ ਨੇ ਉਹਦੇ ਵੱਲ? ਗੁੱਸਾ...ਗੁੱਸਾ ਨਹੀਂ ਸੀ ਇਹ। ਬੱਸ ਅਚਾਨਕ ਰੱਮੀ ਦੇ ਅੰਦਰ ਜਿਵੇਂ ਕੁਝ ਕੁੜਕ ਗਿਆ ਸੀ, ਸੜ ਗਿਆ ਸੀ; ਤੇ ਕੁੜਕਣ ਦੀ ਕਸਕ ਸੀ ਜਿਹੜੀ ਰੱਮੀ ਦੇ ਮੂੰਹ ਉੱਤੇ ਤ੍ਰਭਕ ਆਈ ਸੀ, ਸੜਨ ਦਾ ਧੂੰਆਂ ਸੀ ਜਿਦ੍ਹੀ ਕਾਲੋਂ ਉਹਦੇ ਮੂੰਹ ਉੱਤੇ ਬਿੰਦ ਦੇ ਬਿੰਦ ਲਈ ਪਸਰ ਗਈ ਸੀ।

ਤੇ ਏਸ ਤੋਂ ਪਿੱਛੋਂ ਜਿੰਨਾ ਚਿਰ ਉਹ ਸਾਰੇ ਖੇਡਦੇ ਰਹੇ, ਰਾਜ ਲਈ ਇਹ ਖੇਡ, ਖੇਡ ਨਾ ਰਹੀ, ਇਕ ਸਜ਼ਾ ਬਣ ਗਈ।

ਤੇ ਏਸ ਤੋਂ ਪਿੱਛੋਂ ਜਦੋਂ ਵੀ ਰੱਮੀ ਉਥੇ ਪਾਰਟੀ ਵਿਚ ਹੱਸਦੀ, ਇੰਜ ਲਗਦਾ ਜਿਵੇਂ ਉਹ ਹੱਸ ਨਹੀਂ ਸੀ ਰਹੀ, ਹੱਸਣ ਦਾ ਗ਼ਲਤ ਪਾਰਟ ਕਰ ਰਹੀ ਸੀ।

ਜਦੋਂ ਸਾਰੇ ਪਰਾਹੁਣੇ ਚਲੇ ਗਏ, ਰੱਮੀ ਤੇ ਰਾਜ ਵਿਚਾਲੇ ਇਕ ਘੁਟਵੀਂ ਜਹੀ ਚੁੱਪ ਰਹਿ ਗਈ।

ਸ਼ੀਲਾ ਨੂੰ ਸਮਝ ਨਹੀਂ ਸੀ ਆ ਰਿਹਾ। ਉਹ ਅੱਗੇ ਨਾਲੋਂ ਵੀ ਵੱਧ ਉਚੇਚ ਨਾਲ ਰੱਮੀ ਦੀ ਖ਼ਾਤਰ ਕਰਦੀ ਰਹੀ। ਕੱਲ੍ਹ ਸਵੇਰੇ ਸਵੇਰੇ ਰੱਮੀ ਨੇ ਏਥੋਂ ਤੁਰ ਜਾਣਾ ਸੀ, ਫੇਰ ਆਪਣੇ ਘਰ ਅੰਬਾਲੇ ਇੱਕ ਦਿਨ ਠਹਿਰ ਕੇ ਵਲਾਇਤ ਲਈ ਜਹਾਜ਼ ਫੜਨ ਸਿੱਧਿਆਂ ਬੰਬਈ ਚਲੇ ਜਾਣਾ ਸੀ। ਉਹ ਚਾਰ ਵਰ੍ਹਿਆਂ ਲਈ ਵਲਾਇਤ ਜਾ ਰਹੀ ਸੀ।

ਸ਼ੀਲਾ ਜਾਣਦੀ ਸੀ, ਰੱਮੀ ਤੇ ਰਾਜ ਬੜੇ ਪੁਰਾਣੇ ਦੋਸਤ ਸਨ। ਨਾਟਕ-ਕਲਾ ਵਿਚ ਡੂੰਘੀ ਦਿਲਚਸਪੀ ਏਸ ਦੋਸਤੀ ਦੀ ਬੜੀ ਪੱਕੀ ਨੀਂਹ ਸੀ। ਪਰ ਸ਼ੀਲਾ ਨੂੰ ਸਮੁੱਚੇ ਤੌਰ ਉੱਤੇ ਰਾਜ ਉੱਤੇ ਆਪਣੇ ਬਹੁਤੇ ਹੱਕ ਦਾ ਯਕੀਨ ਸੀ, ਨਾਲੇ ਉਹਨਾਂ ਦੋਵਾਂ ਤਾਂ ਕੱਠਿਆਂ ਸ਼ਿਮਲੇ ਹੋਰ ਕਿੰਨੇ ਦਿਨ ਰਹਿਣਾ ਸੀ। ਤੇ ਸ਼ੀਲਾ ਨੇ ਹਰ ਢੰਗ ਨਾਲ ਜਤਨ ਕੀਤਾ ਕਿ ਰਾਜ ਤੇ ਰੱਮੀ ਵੱਧ ਤੋਂ ਵੱਧ ਵਕਤ ਇਕੱਲਿਆਂ ਬਿਤਾ ਸਕਣ, ਰੱਜ ਕੇ ਗੱਲਾਂ ਕਰ ਸਕਣ; ਪਰ ਰੱਮੀ ਤੇ ਰਾਜ ਸਨ—ਜਿਵੇਂ ਉਹਨਾਂ ਕਦੇ ਕੋਈ ਗੱਲ ਨਹੀਂ ਸੀ ਕੀਤੀ।

ਅਖੀਰ ਸੌਣ ਦਾ ਵੇਲਾ ਹੋ ਗਿਆ। ਨਾਲ ਲੱਗਦੇ ਦੋ ਕਮਰੇ ਸਨ, ਵਿਚਲਾ ਬੂਹਾ ਖੁੱਲ੍ਹਾ ਸੀ। ਅੰਦਰਲੇ ਕਮਰੇ ਵਿਚ ਸ਼ੀਲਾ ਤੇ ਉਹਦੇ ਮਾਤਾ ਜੀ, ਬਾਹਰ ਵੱਲ ਤੇ ਵਿਚ ਰੱਮੀ ਤੇ ਰਾਜ ਦੇ ਬਿਸਤਰੇ ਸਨ।

ਦੋਵਾਂ ਕਮਰਿਆਂ ਵਿਚ ਚੁੱਪ ਹੋ ਗਈ।

ਦੋਵਾਂ ਕਮਰਿਆਂ ਵਿਚ ਬੱਤੀਆਂ ਬੁਝ ਗਈਆਂ।

ਬਾਰੀ ਵਿਚੋਂ ਰੱਮੀ ਦੇ ਮੁਖੜੇ ਉੱਤੇ ਚੰਨ ਚਮਕਣ ਲੱਗ ਪਿਆ। ਚੰਨ-ਚਾਨਣੀ ਵਿਚ ਵੀ ਰੱਮੀ ਦੇ ਮੁਖੜੇ ਉੱਤੇ ਓਹੀ ਅੰਦਰੋਂ ਕੁਝ ਕੁੜਕ ਜਾਣ ਦੀ ਕਸਕ ਕੰਬ ਰਹੀ ਸੀ, ਓਹੀ ਅੰਦਰੋਂ ਕੁਝ ਸੜ ਜਾਣ ਦੇ ਧੂੰਏਂ ਦੀ ਕਾਲੋਂ ਪੱਸਰੀ ਪਈ ਸੀ।

ਰੱਮੀ...ਰੱਮੀ—ਵਾਜ ਏਨੀ ਹੌਲੀ ਕਿ ਜਿਵੇਂ ਚੰਨ ਦੀਆ ਰਿਸ਼ਮਾਂ ਨਿੰਮ੍ਹਾ-ਨਿੰਮ੍ਹਾ ਬੋਲ ਰਹੀਆਂ ਹੋਣ।

ਰੱਮੀ…ਤੈਨੂੰ ਇੰਜ ਕਿਉਂ ਲੱਗਾ? ਮੈਂ ਤੇ ਤੇਰੀ ਐਕਟਿੰਗ ਦੀ ਤਾਰੀਫ਼ ਕਰ ਰਿਹਾ ਸਾਂ। ਕੀ ਸਾਡੀ ਦੋਸਤੀ ਨੂੰ ਵੀ ਨਿੱਕੇ ਨਿੱਕੇ ਭੁਲੇਖੇ ਇੰਜ ਝੰਜੋੜ ਸਕਦੇ ਨੇ।

ਰੱਮੀ...ਬੋਲ, ਕਿ ਚਾਰ ਵਰ੍ਹੇ ਹੋਰ ਮੈਂ ਤੇਰੇ ਬੋਲਾਂ ਨੂੰ ਸਹਿਕਦਾ ਰਹਾਂਗਾ!

ਰਾਜ…ਤੂੰ ਮੇਰੇ ਨਾਲ ਹੱਥ ਮਿਲਾਇਆ, ਮੈਂ ਸਿਰਫ਼ ਸਿਆਣੀ ਸਾਂ, ਏਨੀ ਸਿਆਣੀ ਕਿ ਬਜ਼ਾਰੀ ਔਰਤ ਦਾ ਪਾਰਟ ਵੀ ਕਰ ਸਕਾਂ! ਭੋਲਾ ਕੋਈ ਹੋਰ ਸੀ, ਪਿਆਰਾ ਕੋਈ ਹੋਰ ਸੀ, ਸੁਹਣਾ ਕੋਈ ਹੋਰ ਸੀ!—ਵਾਜ ਜਿਵੇਂ ਕੋਈ ਬੋਲ ਨਹੀਂ ਸੀ ਰਿਹਾ, ਜਿਵੇਂ ਇਕੱਲ ਸਾਂ ਸਾਂ ਕਰ ਰਹੀ ਸੀ, ਦਿਲ ਦੀ ਧੜਕਣ ਵਿਚ ਵਲਗੀ ਹੋਈ ਇਕੱਲ।

ਤੇ ਫੇਰ ਜਿਵੇਂ ਇਹ ਇਕੱਲ ਸਿਸਕਣ ਲਗ ਪਈ।

ਰੱਮੀ...ਸਵੇਰੇ-ਸਵੇਰੇ ਤੂੰ ਚਲੇ ਜਾਣਾ ਏਂ। ਉਜਿਆਰੋ—ਮੈਂ ਤੈਨੂੰ ਆਪਣੇ ਨਾਟਕ ਦੀ ਨਾਇਕਾ ਦਾ ਨਾਂ ਦੇ ਲਵਾਂ?—ਸਵੇਰੇ-ਸਵੇਰੇ, ਤੇ ਫੇਰ ਨੀਲੇ ਫ਼ਾਸਲੇ, ਸੱਤ ਸਮੁੰਦਰ, ਤੇ ਪ੍ਰਦੇਸ। ਉਜਿਆਰੋ, ਮੈਨੂੰ ਗ਼ਲਤ ਨਾ ਸਮਝ, ਮੈਂ ਕਿਤਾਬਾਂ ਤੇ ਨਾਟਕਾਂ ਦੀ ਅਮੁੱਕ ਸ਼ਾਹਰਾਹ ਉੱਤੇ ਤੇਰਾ ਹਮਰਾਹੀ—ਵਾਜ, ਜਿਵੇਂ ਚਾਨਣੀ ਹਟਕੋਰੇ ਲੈ ਰਹੀ ਹੋਵੇ।

ਤੇ ਰਾਜ, ਰੱਮੀ ਦੇ ਕੋਲ ਚਲਾ ਗਿਆ।

ਰਾਜ, ਰੱਮੀ ਦੀ ਮੰਜੀ ਉੱਤੇ ਬਹਿ ਗਿਆ, ਬੈਠਾ ਰਿਹਾ।

ਚੰਨ ਡੁੱਬ ਗਿਆ, ਰਾਜ ਬੈਠਾ ਰਿਹਾ। ਰੱਮੀ…ਰੱਮੀ!

ਰੱਮੀ ਫਿਸ ਪਈ, ਰਾਜ ਦੇ ਗਲ ਲੱਗ ਗਈ। ਜੋ ਰੱਮੀ ਦੇ ਅੰਦਰੋਂ ਟੁੱਟਿਆ ਸੀ, ਉਹਦੀ ਕਸਕ ਰਾਜ ਦੇ ਸਾਰੇ ਸਰੀਰ ਨੂੰ ਕੰਬਾ ਗਈ। ਰਾਜ…ਰਾਜ!

ਚੁੱਪ ਸੀ। ਦੋਵਾਂ ਦੀਆਂ ਅੱਖਾਂ ਬੋਲ ਰਹੀਆਂ ਸਨ। ਹਨੇਰਾ ਸੀ। ਸਿੱਲ੍ਹੇ ਬੁੱਲ੍ਹ ਵੇਖ ਰਹੇ ਸਨ। ਰੱਮੀ ਤੇ ਰਾਜ—ਉਜਾਲੇ ਦੇ ਦੋ ਟਿਮਕਣੇ, ਦੋ ਟਿਮਕਣੇ...ਇਕ ਟਿਮਕਣਾ। ਮਹਿਕ ਖਿੰਡ ਰਹੀ ਸੀ। ਅੱਖੀਆਂ ਵਿਚੋਂ ਤ੍ਰੇਲ ਝਰ ਰਹੀ ਸੀ। ਦੋਸਤੀ ਦੀਆਂ ਝੌਂ ਗਈਆਂ ਪੱਤੀਆਂ ਮੌਲ ਰਹੀਆਂ ਸਨ। ਸੰਸਿਆਂ ਦੀ ਕਾਲੀ ਬੋਲੀ ਰਾਤ ਆਈ ਸੀ—ਪਰ ਹੁਣ ਫੇਰ ਓਹੀ ਦੋਸਤੀ ਦੀ ਪ੍ਰਭਾਤ ਚੜ੍ਹ ਰਹੀ ਸੀ। ਨੀਲੇ ਫ਼ਾਸਲੇ ਘੁਲਦੇ ਜਾ ਰਹੇ ਸਨ, ਸੱਤ ਸਮੁੰਦਰ ਸੁੱਕਦੇ ਜਾ ਰਹੇ ਸਨ, ਦੇਸਾਂ ਦੇ ਪੰਧ ਪੁਗਦੇ ਜਾ ਰਹੇ ਸਨ—ਰਾਜ...ਰੱਮੀ ...ਰਾਜੇ…ਉਜਿਆਰੋ… …

ਉਹਨਾਂ ਦੇ ਕਮਰੇ ਦੀ ਅਚਾਨਕ ਬੱਤੀ ਬਲੀ। ਸ਼ੀਲਾ ਦੇ ਮਾਤਾ ਜੀ ਸਨ; ਉਹਨਾਂ ਨੂੰ ਸਖ਼ਤ ਸਿਰ ਪੀੜ ਹੋ ਰਹੀ ਸੀ, ਦਵਾਈਆਂ ਵਾਲੀ ਅਲਮਾਰੀ ਏਸੇ ਕਮਰੇ ਵਿਚ ਸੀ। ਬੱਤੀ ਬਲੀ…ਬਿਜਲੀ ਕੜਕੀ…ਬੱਤੀ ਬੁਝ ਗਈ।

ਸ਼ੀਲਾ ਦਾ ਅਚਾਨਕ ਹਵਾਈ ਜਹਾਜ਼ਾਂ ਦੇ ਕਿਸੇ ਅਫ਼ਸਰ ਨਾਲ ਵਿਆਹ ਹੋ ਗਿਆ। ਫੇਰ ਇਕ ਦਿਨ ਸ਼ੀਲਾ ਦੀ ਚਿੱਠੀ ਰਾਜ ਨੂੰ ਆਈ:

“ਮੈਂ ਤੁਹਾਨੂੰ ਓਸੇ ਤਰ੍ਹਾਂ ਪਿਆਰ ਕਰਦੀ ਆਂ—ਤੇ ਮਜਬੂਰ ਤੁਹਾਡੇ ਕੋਲੋਂ ਵਿਛੜ ਰਹੀ ਆਂ। ਪਤਾ ਨਹੀਂ, ਮੇਰੇ ਮਾਤਾ ਜੀ ਤੇ ਪਿਤਾ ਜੀ ਨੂੰ ਇਹ ਕਿਵੇਂ ਪੱਕ ਹੋ ਗਿਆ ਏ ਕਿ ਤੁਹਾਡਾ ਅਸਲੀ ਪਿਆਰ ਰੱਮੀ ਨਾਲ ਏ। ਜਦੋਂ ਤੁਸੀਂ ਤੇ ਰੱਮੀ ਸਾਡੇ ਘਰ ਸ਼ਿਮਲੇ ਠਹਿਰੇ ਸੌ, ਉਦੋਂ ਤੋਂ ਉਹਨਾਂ ਦਾ ਇਹ ਨਿਸਚਾ ਬਣ ਚੁੱਕਿਆ ਏ।

ਉਹਨਾਂ ਅੰਦਰ ਤੁਹਾਡੇ ਲਈ ਸਤਿਕਾਰ ਉਸੇ ਤਰ੍ਹਾਂ ਕਾਇਮ ਏ। ਸਿਰਫ਼ ਉਹ ਇਹ ਕਹਿੰਦੇ ਨੇ: ਜੇ ਤੁਸੀਂ ਮੇਰੇ ਨਾਲ ਵਿਆਹ ਕਰਾਉਗੇ ਤਾਂ ਪੁਰਾਣੇ ਪਿਆਰ ਤੇ ਪੁਰਾਣੇ ਇਕਰਾਰਾਂ ਦੀ ਖ਼ਾਤਰ। ਉਹ ਕਹਿੰਦੇ ਨੇ: ਸਾਰੀ ਉਮਰ ਮੇਰੇ ਨਾਲ ਤੁਹਾਡੇ ਰਿਸ਼ਤੇ ਦੀ ਨੀਂਹ ਪਿਆਰ ਨਹੀਂ, ਇਕ ਫ਼ਰਜ਼ ਦੀ ਪੂਰਤੀ ਹੋਏਗੀ। ਤੇ ਉਹ ਮੈਨੂੰ ਸਮਝਾਂਦੇ ਨੇ: ਅਜਿਹੀ ਨੀਂਹ ਸਾਡੇ ਦੋਵਾਂ ਲਈ, ਖ਼ਾਸ ਕਰ ਤੁਹਾਡੀ ਖ਼ੁਸ਼ੀ ਤੇ ਨਾਟਕ-ਰਚਨਾ ਲਈ, ਬੜੀ ਬਾਧਕ ਹੋਏਗੀ। ਤੁਹਾਡੀ ਜ਼ਿੰਦਗੀ ਲਈ ਭਰਪੂਰ ਖ਼ੁਸ਼ੀਆਂ ਤੇ ਤੁਹਾਡੀ ਨਾਟਕ-ਰਚਨਾ ਲਈ ਉੱਚੀਆਂ ਤੋਂ ਉੱਚੀਆਂ ਕਾਮਯਾਬੀਆਂ ਦੀ ਇੱਛਾ ਨਾਲ,

“ਪਹਿਲੇ ਦਿਨਾਂ ਵਾਂਗ ਹੀ ਤੁਹਾਡੀ… …”

ਰਾਜ ਨੇ ਆਪਣੇ ਕਮਰੇ ਵਿੱਚੋਂ ਬਾਹਰ ਤਕਿਆ, ਲੋਅ ਲੱਗ ਰਹੀ ਸੀ।

ਰੱਮੀ ਨੇ ਪਾਸਾ ਪਰਤਿਆ, “ਉਫ਼, ਰਾਜ, ਮੈਂ ਤੇ ਸੌਂ ਹੀ ਗਈ! ਤੇ ਤੂੰ ਹਾਲੀ ਮੈਨੂੰ ਦੱਸਿਆ ਵੀ ਨਹੀਂ—ਤੇਰਾ ਸ਼ੀਲਾ ਨਾਲ ਵਿਆਹ ਕਿਉਂ ਨਾ ਹੋਇਆ?”

ਰਾਜ ਦੇ ਮੂੰਹੋਂ ਬੇ-ਵੱਸੇ ਨਿਕਲ ਗਿਆ, “ਸਜ਼ਾ...”

ਰੱਮੀ ਨੇ ਪੁੱਛਿਆ, “ਸਜ਼ਾ? ਕਿਹਾ ਨਾਟਕੀ ਵਾਰਤਾਲਾਪ ਏ?”

ਰਾਜ ਕੁਝ ਚਿਰ ਰੁਕਿਆ ਤੇ ਫੇਰ ਉਹਨੇ ਕਿਹਾ, “ਯਾਦ ਈ ਉਹ ‘ਸਜ਼ਾ’ ਖੇਡ? ਪਰ ਤੂੰ ਤੇ ਵਲਾਇਤੋਂ ਨਵੀਆਂ ਕਈ ਖੇਡਾਂ ਸਿੱਖ ਆਈ ਹੋਏਂਗੀ, ਮੈਨੂੰ ਵੀ ਦੱਸੀਂ। ਕਦੇ ਕਦੇ ਥੱਕ ਜਾਈਦਾ ਏ ਤੇ ਖੇਡਾਂ ਦਿਲ ਪਰਚਾ ਦੇਂਦੀਆਂ ਨੇ...”

[1959]

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਵਤੇਜ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •