Sees Dia Par Sirar Na Dia (Punjabi Article): Labh Singh Shergill
ਸੀਸ ਦੀਆ ਪਰ ਸਿਰਰੁ ਨਾ ਦੀਆ (ਲੇਖ) : ਲਾਭ ਸਿੰਘ ਸ਼ੇਰਗਿੱਲ
ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ ਜੋ ਅਜਿਹੀਆਂ ਅਦੁੱਤੀ ਸ਼ਹਾਦਤਾਂ ਦਾ ਖਜ਼ਾਨਾ ਹੈ ਜਿਸ ਨੂੰ ਪੜ੍ਹ-ਸੁਣ ਕੇ ਮਨੁੱਖ ਦੇ ਲੂ ਕੰਢੇ ਖੜ੍ਹੇ ਹੋ ਜਾਂਦੇ ਹਨ, ਸਿਜਦੇ 'ਚ ਸੀਸ ਆਪ ਮੁਹਾਰੇ ਝੁਕ ਜਾਂਦਾ ਹੈ। ਜੇ ਅਸੀਂ ਪਿੱਛੇ ਇਤਿਹਾਸ 'ਤੇ ਨਜ਼ਰ ਮਾਰਦੇ ਹਾਂ ਤਾਂ ਆਪਣੇ ਧਰਮ ਲਈ ਕੁਰਬਾਨ ਹੋਣ ਵਾਲ਼ੇ ਧਰਮੀਆਂ ਦੀਆਂ ਉਦਾਹਰਣਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਪਰ ਵਿਸ਼ਵ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਕੋਈ ਰਹਿਬਰ ਆਪਣੇ ਧਰਮ ਦੀ ਬਜਾਇ ਦੂਸਰੇ ਧਰਮ ਲਈ ਕੁਰਬਾਨ ਹੋਇਆ ਹੋਵੇ। ਇਹ ਸਿੱਖ ਇਤਿਹਾਸ ਜੋ ਸਿਰਫ਼ ਕੁੱਝ-ਕੁ ਸੌ ਸਾਲ ਪੁਰਾਣਾ ਹੈ, ਦੇ ਨੌਵੇਂ ਜਾਮੇ ਵਿੱਚ ਆਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਰਗੇ ਰੱਬੀ ਨੂਰ ਮਹਾਂਪੁਰਸ਼ ਨੇ ਕਰ ਵਿਖਾਇਆ। ਉਹ ਧਰਮਾਂ ਦੀ ਵੰਡ ਤੋਂ ਪਰ੍ਹੇ ਸਨ। ਉਹ ਮਨੁੱਖਤਾ ਨੂੰ ਹੀ ਸਭ ਤੋਂ ਵੱਡਾ ਧਰਮ ਮੰਨਦੇ ਸਨ ਉਨ੍ਹਾਂ ਨੇ ਕੁਰਬਾਨੀ ਦੇ ਕੇ ਪੂਰੇ ਹਿੰਦ ਦੀ ਰੱਖਿਆ ਕੀਤੀ ਤਾਂ ਹੀ ਤਾਂ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਅਸਲ ਵਿੱਚ ਉਨ੍ਹਾਂ ਦੀ ਚਾਦਰ ਦੇ ਘੇਰੇ ਨੇ ਸਿਰਫ਼ ਹਿੰਦ ਦੀ ਹੀ ਨਹੀਂ ਪੂਰੀ ਮਨੁੱਖਤਾ ਦੀ ਪੱਤ ਰੱਖੀ ਸੀ। ਉਨ੍ਹਾਂ ਨੇ ਜ਼ਾਲਮ ਦੇ ਜ਼ੁਲਮ ਦੀ ਪ੍ਰਵਾਹ ਨਾ ਕਰਦੇ ਹੋਏ ਆਪਣਾ ਸੀਸ ਕਟਵਾ ਦਿੱਤਾ ਪਰ ਧਰਮ ਨਹੀਂ ਛੱਡਿਆ:-
ਸੀਸ ਦੀਆ ਪਰ ਸਿਰਰੁ ਨਾ ਦੀਆ
ਉਨ੍ਹਾਂ ਸਾਨੂੰ ਇਸ ਅਦੁੱਤੀ ਸ਼ਹਾਦਤ ਰਾਹੀਂ ਇਹ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਸੱਚ ਦੀ ਤਾਕਤ ਨਾਲ਼ ਸਾਹਮਣਾ ਕਰਦੇ ਹੋਏ ਜ਼ਾਲਮ ਦੇ ਇਰਾਦਿਆਂ ਨੂੰ ਕਿਵੇਂ ਖ਼ਤਮ ਕਰਨਾ ਹੈ। ਉਨ੍ਹਾਂ ਦੀ ਸ਼ਹਾਦਤ ਨੇ ਉਸ ਸਮੇਂ ਅੱਗੇ ਅਜਿਹੇ ਬਹਾਦਰ ਯੋਧਿਆਂ ਨੂੰ ਜਨਮ ਦਿੱਤਾ ਜੋ ਜ਼ੁਲਮ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹਾਦਤਾਂ ਦੇ ਗਏ। ਗੁਰੂ ਤੇਗ ਬਹਾਦਰ ਜੀ ਜਿੱਥੇ ਸ਼ਹਾਦਤ ਦੇ ਪੁੰਜ ਸਨ ਉੱਥੇ ਲੋਕਾਈ ਨੂੰ ਸਿੱਧੇ ਰਸਤੇ ਤੋਰਨ ਵਾਲ਼ੇ ਤੇ ਉਸ ਪਰਮ ਸ਼ਕਤੀ ਨਾਲ਼ ਇੱਕਮਿਕ ਹੋਣ ਅਤੇ ਇਸ ਨਾਸ਼ਵਾਨ,ਪਦਾਰਥਵਾਦੀ ਦੁਨੀਆਂ ਤੋਂ ਜਿਉਂਦੇ ਜੀਅ ਨਿਰਲੇਪ ਹੋਣ ਦਾ ਉਪਦੇਸ਼ ਦੇਣ ਵਾਲ਼ੇ ਮਹਾਨ ਗੁਰੂ ਵੀ ਸਨ। ਜਿਨ੍ਹਾਂ ਨੇ ਰਚੀ ਆਪਣੀ ਬਾਣੀ ਰਾਹੀਂ ਪੂਰੀ ਸਚਾਈ ਸਪਸ਼ਟ ਰੂਪ ਵਿੱਚ ਇਸ ਨਾਸ਼ਵਾਨ ਪ੍ਰਾਣੀ ਨੂੰ ਸਮਝਾਉਂਦੇ ਹੋਏ ਉਸ ਨੂੰ ਵਾਸ਼ਨਾਵਾਂ ਦਾ ਤਿਆਗ ਕਰਨ,ਸੰਸਾਰਕ ਪ੍ਰਪੰਚ ਪ੍ਰਤੀ ਵੈਰਾਗ ਦੀ ਭਾਵਨਾ ਨੂੰ ਆਪਣੇ ਅੰਦਰ ਪੈਦਾ ਕਰਨ, ਲੋਭ ਨੂੰ ਤਿਆਗਣ, ਪਦਾਰਥਾਂ ਦੇ ਮੋਹ ਤੋਂ ਨਿਰਲੇਪ ਹੋਣ,ਮੌਤ ਨੂੰ ਹਮੇਸ਼ਾ ਯਾਦ ਰੱਖਣ ਤੇ ਇਕਾਗਰ ਚਿੱਤ ਹੋ ਕੇ ਨਾਮ-ਸਿਮਰਨ ਕਰਦੇ ਹੋਏ ਉਸ ਪਰਮ ਸ਼ਕਤੀ ਦੀ ਛੋਹ ਦੇ ਅਹਿਸਾਸ ਨੂੰ ਆਪਣੇ ਅੰਦਰ ਮਹਿਸੂਸ ਕਰਨ ਤੇ ਹੋਰ ਅਨੇਕਾਂ ਦ੍ਰਿਸਟਾਂਤਾਂ ਦੁਆਰਾ ਉਪਦੇਸ਼ ਦਿੱਤਾ ਜਿਨ੍ਹਾਂ ਨੂੰ ਮੰਨਣ ਵਿੱਚ ਹੀ ਜੀਵ ਦਾ ਭਲਾ ਹੈ।